ਕੀ ਸਿੱਖਾਂ ਦਾ ‘ਗੁਰੂ’ ਸੱਚ ਦਾ ਗਿਆਨ ਹੈ?
ਹਰਦੇਵ ਸਿੰਘ, ਜੰਮੂ
ਇਸ ਚਰਚਾ ਦੇ ਆਰੰਭ ਲਈ ਦੋ ਸਵਾਲ ਧਿਆਨ ਵਿੱਚ ਰੱਖਣੇ ਜ਼ਰੁਰੀ ਹਨ (੧)
ਗੁਰੂ ਕੋਂਣ ਹੈ? (੨)
ਗੁਰੂ ਕੀ ਹੁੰਦਾ ਹੈ? ਦੂਜੇ ਸਵਾਲ ਦਾ ਭਾਵ
‘ਗੁਰਤਾ ਕੀ ਹੁੰਦੀ` ਹੈ ਜੈਸਾ ਹੈ ਜੋ ਕਿ ਇੱਕ ਵਿਸਤ੍ਰਤ ਵਿਚਾਰ ਦੀ ਮੰਗ ਕਰਦਾ ਹੈ!
‘ਗੁਰੂ ਕੋਂਣ ਹੈ`?
ਇਸ
ਸਵਾਲ ਦਾ ਜਵਾਬ ਦੇਂਣ ਮਤਾਰ ਨਾਲ
‘ਗੁਰੂ ਕੀ ਹੁੰਦਾ ਹੈ`
ਵਰਗੇ ਸਵਾਲ ਦਾ ਜਵਾਬ ਨਹੀਂ ਮਿਲ ਜਾਂਦਾ। ‘ਗੁਰੂ ਕੀ
ਹੁੰਦਾ ਹੈ` ਇਹ ਤਾਂ ‘ਗੁਰੂ ਕੋਂਣ ਹੈ` ਵਰਗੇ ਸਵਾਲ ਨਾਲੋਂ ਬਹੁਤ ਗਹਿਰਾ ਸਵਾਲ ਹੈ। ਗੁਰੂ ਨੂੰ ਸੱਚ
ਦਾ ਗਿਆਨ ਮਤਾਰ ਕਹਿਣ ਵਾਲੇ ਤੋਂ ਇਹ ਜਵਾਬ ਨਹੀਂ ਮਿਲਦਾ ਕਿ ‘ਗੁਰੂ ਕੀ ਹੁੰਦਾ` ਹੈ? ਗੁਰੂ ਕੋਂਣ
ਹੈ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਗੁਰੂ ਕੀ ਹੁੰਦਾ ਹੈ ਇਹ ਸਾਡੇ ਵਿਚੋਂ ਕੋਂਣ-ਕੋਂਣ ਜਾਣਦਾ
ਹੈ? ? ? ਹਾਂ ਇਸ ਸਵਾਲ ਦਾ ਕੁੱਝ ਜਵਾਬ ਚੋਹਾਂ ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ ਚ੍ਹਾਲੀਆਂ
ਮੁਕਤਿਆਂ ਪਾਸ ਸੀ ਜਾਂ ਫਿਰ ਉਨ੍ਹਾਂ ਪਾਸ ਜਿਨ੍ਹਾਂ ਵੰਡ ਛੱਕਿਆ, ਤੇਗ ਵਾਹੀ, ਦੇਖ ਕੇ ਅਣਢਿੱਠ
ਕੀਤਾ, ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਆਰਿਆਂ ਨਾਲ ਚਿਰਾਏ ਗਏ ਖੋਪਰੀਆਂ ਲੁਹਾਈਆਂ ਚਰਖੜੀਆਂ
ਤੇ ਚੜੇ ਆਦਿ।
ਕਿਸੇ ਦੀ ਮਾਂ ਕੋਂਣ ਹੈ? ਇਸਦਾ ਜਵਾਬ ਤਾਂ ਹਰ ਕੋਈ ਦੇ ਸਕਦਾ ਹੈ ਪਰ
ਮਾਤ੍ਰਤਵ ਜਾਂ ਮਮਤਾ ਕੀ ਹੁੰਦੀ ਹੈ ਇਹ ਮਾਂ ਨਾਲ ਜੁੜੀਆ ਦਾਰਸ਼ਨਕ ਪ੍ਰਸ਼ਨ ਹੈ ਜਿਸ ਦਾ ਜਵਾਬ ‘ਮਾਂ`
ਦਾ ਅਰਥ ‘ਜਨਮ ਦੇਂਣ ਵਾਲੀ` ਮਾਤਰ ਕਰਕੇ ਕੇ ਨਹੀਂ ਦਿੱਤਾ ਜਾ ਸਕਦਾ। ਸਿੱਖ ਲਈ ਗੁਰੂ ਗਿਆਨ ਦੇਂਣ
ਵਾਲੇ ਤੋਂ ਵੱਧ ਹੋਰ ਵੀ ਬਹੁਤ ਕੁੱਝ ਹੁੰਦਾ ਹੈ। ਗੁਰੂ ਨਾਨਕ ਜੀ ਨੇ ਗੁਰੂ ਦੀ ਹੈਸੀਅਤ ਅਤੇ ਉਸਦੀ
ਸਿੱਖਿਆ ਵਿਚਲੇ ਸਬੰਧ ਨੂੰ ਇੰਝ ਵੀ ਬਿਆਨ ਕੀਤਾ ਹੈ:-
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
(ਗੁਰੂ ਗ੍ਰੰਥ ਸਾਹਿਬ ਪੰਨਾ
੧੪੯-੫੦)
ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ
ਜਿਸ ਵਿੱਚ ਇਸ਼ਨਾਨ ਭਾਵ ਸਿੱਖਿਆਵਾਂ ਨੂੰ ਗ੍ਰਹਿਣ ਕੀਤੇ ਵਡਿਆਈ ਪ੍ਰਾਪਤ ਹੁੰਦੀ ਹੈ।
ਗੁਰੂ ਸਮੰਦਰ ਹੁੰਦਾ ਹੈ ਜਿਸ ਅੰਦਰ ਗਿਆਨ ਦੀਆਂ ਕਈ ਨਦੀਆਂ ਵੱਗਦੀਆਂ ਹਨ।
ਇਸੇ ਹੈਸਿਅਤ ਦੇ ਖੁਲਾਸੇ ਲਈ ਗੁਰੂ ਅਰਜਨਦੇਵ ਜੀ ਨੇ ਭੱਟਾਂ ਦੀ ਬਾਣੀ ਸਵੀਕਾਰ ਕਰਦੇ ਉਸ ਨੂੰ
ਗੁਰਬਾਣੀ ਦਾ ਦਰਜਾ ਦਿੱਤਾ ਅਤੇ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੂੰ ਪਰਵਾਨ
ਕੀਤਾ ਗਿਆ। ਭੱਟ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਵੀ ਜਾਣਦੇ ਸਨ ਕੀ ਗੁਰੂ ਕੀ ਹੁੰਦਾ ਹੈ ਜਾਂ
ਗੁਰਤਾ ਕੀ ਹੁੰਦੀ ਹੈ।
ਖ਼ੈਰ ਇਨ੍ਹਾਂ ਨੁੱਕਤਿਆਂ ਨੂੰ ਜ਼ਹਿਨ ਵਿੱਚ ਰੱਖਦੇ ਲੇਖ ਦੇ ਮੁੱਖ ਸਵਾਲ ਬਾਰੇ
ਗੁਰੂ ਦੀ ਬਾਣੀ ਤੋਂ ਸੇਧ ਲੇਂਣ ਦਾ ਜਤਨ ਕਰੀਏ।
ਮਃ ੧ ॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ
ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
{ਪੰਨਾ 469}
ਪਦਅਰਥ:-
ਕੁੰਭ—ਘੜਾ।
ਕੁੰਭੇ—ਘੜੇ ਵਿੱਚ ਹੀ। ਬਧਾ—ਬੱਝਾ ਹੋਇਆ ਹੈ। ਰਹੈ—ਰਹਿੰਦਾ ਹੈ, ਟਿਕ ਸਕਦਾ ਹੈ। ਕੁੰਭੁ ਨ ਹੋਇ—ਘੜਾ
ਨਹੀਂ ਹੁੰਦਾ, ਘੜਾ ਨਹੀਂ ਬਣ ਸਕਦਾ। ਮਨੁ ਰਹੈ—ਮਨ ਟਿਕਦਾ ਹੈ। ੪।
ਅਰਥ:- (
ਜਿਵੇਂ)
ਪਾਣੀ ਘੜੇ (ਆਦਿਕ ਭਾਂਡੇ) ਵਿੱਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇੱਕ ਥਾਂ) ਟਿਕਿਆ ਰਹਿ ਸਕਦਾ
ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ
ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ)। (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ
(ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ। ੪।
ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਬਚਨਾਂ ਰਾਹੀ ਸਪਸ਼ਟ ਰੂਪ ਵਿੱਚ ਗੁਰੂ
ਨੂੰ ਗਿਆਨ ਦੇਂਣ ਵਾਲ ਦਰਸਾਇਆ ਹੈ ਨਾ ਕਿ ਗਿਆਨ ਨੂੰ ਗੁਰੂ ਕਿਹਾ ਹੈ। ਸਿੱਖਾਂ ਲਈ ਗੁਰੂ ਗ੍ਰੰਥ
ਸਾਹਿਬ ਗਿਆਨ ਨੂੰ ਦੇਂਣ ਵਾਲਾ ਹੈ ਨਾ ਕਿ ਗਿਆਨ ਗੁਰੂ ਨੂੰ ਦੇਂਣ ਵਾਲਾ।
ਇਕ ਹੋਰ ਮਹੱਤਵਪੁਰਨ ਹਵਾਲਾ ਵਿਚਾਰ ਲਈਏ! ਗੁਰੂ ਨਾਨਕ ਸਾਹਿਬ ਜੀ ਦਾ
ਫੁਰਮਾਨ ਹੈ:-
ਗੁਰ ਬਿਨੁ ਗਿਆਨੁ ਨ ਪਾਈਐ
(ਗੁਰੂ ਗ੍ਰੰਥ ਸਾਹਿਬ
ਪੰਨਾ ੬੧)
ਇਸ ਪੰਗਤੀ ਵਿੱਚ ਵੀ ਗਿਆਨ ਅਤੇ ਗੁਰੂ ਦੀ ਸਥਿਤੀ ਨੂੰ ਸਪਸ਼ਟ ਕੀਤਾ ਗਿਆ ਹੈ।
ਭਾਵ ਗੁਰੂ ਦੇ ਬਿਨ੍ਹਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਥੇ ਜਿਸ
ਗਿਆਨ ਦੀ ਪ੍ਰਾਪਤੀ ਦਾ ਜ਼ਿਕਰ ਹੈ ਉਹ ਗਿਆਨ ਹੈ ਸੱਚ ਦਾ ਗਿਆਨ ਅਤੇ ਇਸ ਲਈ ਇਸ ਪੰਗਤੀ ਦਾ ਇਹ ਅਰਥ
ਕਦਾਚਿਤ ਨਹੀਂ ਨਿਕਲ ਸਕਦਾ ਕਿ ‘ਬਿਨ੍ਹਾਂ ਸੱਚ ਦੇ ਗਿਆਨ` ਦੇ ਸੱਚ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ
ਸਕਦੀ। ਇਥੇ ਅਰਥ ਇਹੀ ਹੈ ਕਿ ਬਿਨ੍ਹਾਂ ਗੁਰੂ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਗੁਰੂ
ਨੂੰ ਸੱਚ ਦਾ ਗਿਆਨ ਕਰਕੇ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕਰ ਗੁਰੂ ਦੇ ਅਰਥ ‘ਸੱਚ ਦਾ ਗਿਆਨ ਕਰ
ਲਈਏ ਤਾਂ ਬੜਾ ਵਚਿੱਤਰ ਜਿਹਾ ਅਰਥ ਬਣੇਗਾ ਕਿ ਸੱਚ ਦੇ ਗਿਆਨ ਤੋਂ ਬਿਨਾ ਸੱਚ ਦੇ ਗਿਆਨ ਦੀ ਪ੍ਰਾਪਤੀ
ਨਹੀਂ ਹੋ ਸਕਦੀ। ਗੁਰੂ ਅਤੇ ਗਿਆਨ ਦੋ ਸਬੰਧਤ ਗਲਾਂ ਹਨ ਪਰ ਇੱਕ ਨਹੀਂ। ਗੁਰੂ ਅੰਦਰ ਗਿਆਨ ਹੈ ਗਿਆਨ
ਦੇ ਅੰਦਰ ਗੁਰੂ ਨਹੀਂ। ਇਸੇ ਲਈ ਗੁਰੂ ਗ੍ਰੰਥ ਸਾਹਿਬ ਗੁਰੂ ਅਤੇ ਗੁਰਤਾ ਦਾ ਪ੍ਰਗਟਾਵਾ ਹੈ। ਇਹੀ
ਦਸ਼ਮੇਸ਼ ਜੀ ਦਾ ਹੁਕਮ ਸੀ।
ਬਾਣੀ ਹਵਾਲਿਆਂ ਰਾਹੀਂ ਸਪਸ਼ਟ ਹੈ ਕਿ ਗੁਰੂ ਦੇ ਬਿਨਾ ਸੱਚ ਦੇ ਗਿਆਨ ਜਾਂ
ਸੱਚ ਬਾਰੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਪਰੋਕਤ ਬਾਣੀ ਦੇ ਹਵਾਲੇ ਅਤੇ ਸੰਖੇਪ ਅਰਥਾਂ ਨੂੰ
ਥੋੜਾ ਹੋਰ ਵਿਸਤਾਰ ਨਾਲ ਵਿਚਾਰੀਏ ਤਾਂ ਇਸ ਵਿਚਲੇ ਮਹੱਤਵਪੁਰਨ ਨੁਕਤੇ ਵਧੇਰੇ ਸਪਸ਼ਟ ਹੁੰਦੇ ਜਾਂਦੇ
ਹਨ।
ਕਈਂ ਸੱਜਣ ਇਸ ਮੁਗ਼ਾਲਤੇ ਵਿੱਚ ਰਹਿੰਦੇ ਹਨ ਕਿ ਸਿੱਖਾਂ ਦਾ ‘ਗੁਰੂ` ਸੱਚ ਦਾ
ਗਿਆਨ ਹੈ। ਐਸੇ ਸੱਜਣਾਂ ਵਿੱਚ ਕੁੱਝ ਨੁਕਤਿਆਂ ਤੇ ਵਿਚਾਰ ਦੀ ਘਾਟ ਅਤੇ ਜ਼ਹਿਨੀ ਅਪਰਿਪੱਕਵਤਾ
(Immaturity)
ਹੈ। ਗੁਰੂ ਦੀ ਗਲ ਕਰਦੇ ਉਹ ਗੁਰੂ ਦੇ ਸਥਾਨ ਤੋਂ ਹੀ ਅਣਜਾਣ ਹਨ ਅਤੇ ਇਸੇ ਲਈ ਗੁਰੂ ਨੂੰ ਸੱਚ ਦਾ
ਗਿਆਨ ਕਹਿ ਕੇ ਗੁਰਮਤਿ ਦੀ ਗਲ ਕਰਨ ਦਾ ਦਾਵਾ ਪੇਸ਼ ਕਰਦੇ ਹਨ। ਜਦ ਕਿ ਗੁਰੂਮਤਿ ਸਪਸ਼ਟ ਰੂਪ ਵਿੱਚ
ਗਿਆਨ ਨੂੰ ਗੁਰੂ ਦੇ ਅੰਦਰ ਬਿਆਨ ਕਰਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ
ਅਤੇ ਉਸ ਵਲੋਂ ਦਿੱਤਾ ਜਾਂਦਾ ਗਿਆਨ ਬਹੁਤ ਗਹਿਰੇ ਸਬੰਧਤ ਹਨ ਜਿਸ ਵਿੱਚ ਪਾੜ ਪਾਉਂਣਾ ਸਿਆਣਪ ਨਹੀਂ
ਪਰ ਗੁਰੂ ਦੀ ਪਦਵੀ ਅਤੇ ਉਸਦੀ ਸਥਿਤੀ ‘ਗੁਰੂ` ਦਾ ਅਰਥ ‘ਸੱਚ ਦਾ ਗਿਆਨ` ਮਤਾਰ ਕਰਕੇ ਬਿਆਨ ਨਹੀਂ
ਹੋ ਸਕਦੀ। ਇਹ ਗੁਰੂ ਦੀ ਪਦਵੀ ਨੂੰ ਨਫ਼ੀ ਕਰਨ
ਵਰਗਾ ਵਿਚਾਰ ਹੈ ਜਿਵੇਂ ਕਿ ‘ਸੱਚ ਦਾ ਗਿਆਨ` ਸ਼ਬਦ ਵਰਤ ਕੇ ਗੁਰੂ ਸ਼ਬਦ ਨੂੰ ਬਾਹਰ ਦਾ ਰਸਤਾ ਵਖਾਇਆ
ਜਾ ਰਿਹਾ ਹੋਵੇ। ਵਾਸਤਵਿਕਤਾ ਇਹ ਹੈ ਕਿ ਗੁਰਸਿੱਖਾਂ ਲਈ ਬਿਨ੍ਹਾ ਗੁਰੂ ਦੇ ਗੁਰਬਾਣੀ ਨਹੀਂ ਸੀ ਹੋ
ਸਕਦੀ। ਗੁਰੂ ਕੇਵਲ ਸੱਚ ਨਹੀਂ ਬਲਕਿ ਸੱਚਿਆਰਾ ਵੀ ਹੈ। ਉਹ ਮਾਤਰ ਇੱਕ ਫ਼ੈਕਟ (ਸੱਚ) ਨਹੀਂ ਬਲਕਿ ਉਹ
ਆਪ ਵਰਤਦਾ ਵੀ ਹੈ। ਇਕੱਲੇ ਸੱਚ ਖੜੋਤ ਹੈ। ਗੁਰੂਤਾ ਤਾਂ ਕ੍ਰਿਆਸ਼ੀਲਤਾ ਹੈ ਸਚਿਆਰਾਪਨ ਹੈ!
ਗਿਆਨ ਤੋਂ ਗੁਰੂ ਦੀ ਨਹੀਂ ਬਲਕਿ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਗਿਆਨ ਤੋਂ ਗੁਰੂ ਨਹੀਂ ਉਪਜਦਾ ਬਲਕਿ ਗੁਰੂ ਗਿਆਨ ਦੇਂਣ ਵਾਲਾ ਹੈ। ਗਿਆਨ ਤੋਂ ਗੁਰੂ ਨਹੀਂ ਪ੍ਰਗਟ
ਹੁੰਦਾ ਬਲਕਿ ਗੁਰੂ ਗਿਆਨ ਨੂੰ ਪ੍ਰਗਟਾਉਂਣ ਵਾਲਾ ਹੈ। ਇਸ ਲਈ ਗੁਰੂ ਦਾ ਸਥਾਨ ਸੱਚ ਨਾਲੋਂ ਉੱਪਰ
ਹੈ। ਸੱਚ ਦੇ ਗਿਆਨ ਮਾਤਰ ਨੂੰ ਗੁਰੂ ਕਹਿਣਾ ਗੁਰੂ ਦੀ ਵਾਸਤਵਕ ਸਥਿਤੀ ਤੋਂ ਅਣਜਾਣ ਅਤੇ ਗੁਮਰਾਹ
ਹੋਂਣਾ ਹੈ।
ਮਿਸਾਲ ਦੇ ਤੌਰ ਤੇ ਜੇ ਕਰ ਗੁਲਾਬ ਖ਼ੁਬਸੂਰਤ ਹੈ ਤਾਂ ਵਿਚਾਰ ਦੀ ਲੋੜ ਹੈ ਕਿ
ਖ਼ੂਬਸੂਰਤੀ ਨੇ ਗੁਲਾਬ ਨੂੰ ਰਚਿੱਆ ਹੈ ਜਾ ਫਿਰ ਗੁਲਾਬ ਤੋਂ ਸੁੰਦਰਤਾ ਪ੍ਰਗਟ ਹੁੰਦੀ ਹੈ?
ਨਿਰਸੰਦੇਹ: ਸੁੰਦਰਤਾ ਗੁਲਾਬ ਤੋਂ ਪ੍ਰਗਟ ਹੁੰਦੀ ਹੈ ਜਿਸ ਨੂੰ ਸਮਝਣ ਲਈ ਗੁਲਾਬ ਦੇ ਮੂਲ ਨੂੰ
ਸਮਝਣਾ ਪਵੇਗਾ ਜਿਸ ਰਾਹੀਂ ਗੁਲਾਬ ਦੀ ਸੁੰਦਰਤਾ ਦਾ ਪ੍ਰਗਟਾਵਾ ਪਰਵਾਣ ਚੜਦਾ ਹੈ।
ਹੁਣ ਗੁਰੂ ਦੇ ਅਰਥ ‘ਸੱਚ ਦਾ ਗਿਆਨ` ਕਰਕੇ ਕਰਨ ਵਾਲਾ ਕੋਈ ਸੱਜਣ ਤਰਕ ਦੇ
ਸਕਦਾ ਹੈ ਕਿ ‘
ਬਿਨੁ ਗੁਰ
ਗਿਆਨੁ ਨਾ ਹੋਇ।। ਦਾ ਅਰਥ ਹੈ; ਬਿਨਾ ਸੱਚ
ਦੇ ਗਿਆਨ ਦੇ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਉਹ ਕਹਿ ਸਕਦਾ ਹੈ ਕਿ ਜ਼ਰੁਰੀ ਨਹੀਂ ਇਸ ਪੰਗਤੀ ਵਿੱਚ
‘ਗਿਆਨ` ਦਾ ਅਰਥ ‘ਸੱਚ ਦਾ ਗਿਆਨ` ਕੀਤਾ ਜਾਏ। ਪਰ ਗੁਰੂ ਤੋਂ ਤਾਂ ਸੱਚ ਦੇ ਗਿਆਨ ਦੀ ਪ੍ਰਾਪਤੀ ਹੀ
ਹੋ ਸਕਦੀ ਹੈ ਇਸ ਲਈ ‘ਗਿਆਨ` ਦਾ ਅਰਥ ਵੀ ਸੱਚ ਦਾ ਗਿਆਨ ਹੀ ਕਰਨਾ ਪਵੇਗਾ। ਖੈਰ! ਆਉ ਜ਼ਰਾ ਇਸ ਤਰਕ
ਨੂੰ ਵੀ ਗੁਰਬਾਣੀ ਦੀ ਕਸਵਟੀ ਤੇ ਪਰਖ ਲਈਏ।
ਗਿਆਨ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ ਪਰ ਗਲ ਨਹੀਂ ਬਣਦੀ ਕਿਉਂਕਿ ਗੁਰੂ
ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ:-
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
(ਗੁਰੂ ਨਾਨਕ ਜੀ ਜਪੁ)
ਅਰਥਾਰਥ ਮਨੁੱਖ ਕਿਤਨਾ ਵੀ ਗਿਆਨਵਾਨ ਕਿਉਂ ਨਾ ਹੋ ਜਾਏ ਪਰ ਪਰਮਾਤਮਾ ਦੇ
ਨਾਲ ਸਾਂਝ ਦੇ ਅਨੁਭਵ ਦੇ ਮਾਰਗ ਤੇ ਮਾਤਰ ਗਿਆਨ ਜਾਣ ਕੇ ਹੀ ਨਹੀਂ ਤੁਰੀਆ ਜਾਂਦਾ।
ਹੁਣ ਇੱਥੇ ਵੀ ਤਰਕ ਦਿੱਤਾ ਜਾ ਸਕਦਾ ਹੈ ਕਿ ਗੁਰੂ ਨਾਨਕ ਜੀ ਨੇ ਇਸ ਪੰਗਤੀ
ਵਿੱਚ ‘ਗਿਆਨ` ਦੀ ਗਲ ਕੀਤੀ ਹੈ ‘ਸੱਚ ਦੇ ਗਿਆਨ` ਦੀ ਨਹੀਂ। ਇਸ ਲਈ ਸਾਨੂੰ ਕੁੱਝ ਹੋਰ ਵਿਸਥਾਰ
ਵਿੱਚ ਜਾਣਾ ਪਵੇਗਾ।
ਗੁਰੂ ਸਾਹਿਬ ਇੱਕ ਥਾਂ ਹੋਰ ਫੁਰਮਾਉਂਦੇ ਹਨ:-
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ
ਆਚਾਰੁ ॥੫॥
ਪ੍ਰਾਣੀ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਫੱਸਿਆ ਰਹਿੰਦਾ ਹੈ ਅਤੇ ਗੁਰੂ ਦੇ
ਮਨਮੁੱਖ ਹੋ ਕੇ ਹੀ ਉਸ ਨੂੰ ਐਸੇ ਬੰਧਨਾਂ ਤੋਂ ਮੁੱਕਤੀ ਪ੍ਰਾਪਤ ਹੁੰਦੀ ਹੈ। ਸੱਚ ਉੱਚਾ ਤਾਂ ਹੁੰਦਾ
ਹੈ ਪਰ ਸੱਚ ਤੇ ਤੁਰਨਾ ਸੱਚ ਤੋਂ ਉੱਪਰ ਹੁੰਦਾ ਹੈ। ਇਸੇ ਕਰਕੇ ਗੁਰੂ ਸਾਹਿਬਾਨ ਸੱਚ ਦੇ ਗਿਆਨੀ
ਹੋਂਣ ਦੇ ਨਾਲ-ਨਾਲ ਸੱਚ ਦੇ ਅਚਾਰੀ ਸਨ। ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗਿਆਨ ਅਤੇ ਅਚਾਰ ਦਾ
ਪ੍ਰਗਟਾਵਾ ਹੈ। ਉਸ ਅਚਾਰ ਦਾ ਜਿਸਦੀ ਗਵਾਹੀ ਸਾਨੂੰ ਇਤਹਾਸ ਤੋਂ ਪ੍ਰਾਪਤ ਹੁੰਦੀ ਹੈ।
ਬਾਣੀ ਦੇ ਇਨ੍ਹਾਂ ਬਚਨਾਂ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਸੱਚ ਦੇ ਗਿਆਨ
ਨੂੰ ਸੱਚ ਦੇ ਵਿਵਹਾਰ ਨਾਲੋਂ ਹੇਠਲੀ ਅਵਸਥਾ ਵਿੱਚ ਦਰਸਾਇਆ ਹੈ। ਜੇ ਕਰ ‘ਸੱਚ ਦਾ ਗਿਆਨ` ਹੀ ਗੁਰੂ
ਹੈ ਤਾਂ ਇਸ ਪੰਗਤੀ ਵਿੱਚ ਗੁਰੂ ਨਾਨਕ ਜੀ ਨੇ ਉਸ ਨੂੰ ਦੂਜੇ ਦਰਜੇ ਤੇ ਕਿਵੇਂ ਖੜਾ ਕਰਕੇ ਬਿਆਨ
ਕੀਤਾ ਹੈ? ਇਹ ਸਵਾਲ ਵਿਚਾਰ ਮੰਗਦਾ ਹੈ।
ਜਪੁ ਦੀ ਪਹਿਲੀ ਪਉੜੀ ਵਿੱਚ ਗੁਰੂ ਨਾਨਕ ਨੇ ਸੱਚ ਦੇ ਗਿਆਨ ਨੂੰ ਪ੍ਰਾਪਤ
ਕਰਨ ਮਤਾਰ ਨੂੰ ਸੱਚਿਆਰਾ ਹੋ ਜਾਂਣ ਦੀ ਸ਼ਰਤ ਸਥਾਪਤ ਨਹੀਂ ਕੀਤਾ। ਗੁਰੂ ਸੱਚ ਦਾ ਗਿਆਨ ਨਹੀਂ ਬਲਕਿ
ਸੱਚ ਦਾ ਗਿਆਨ ਗੁਰੂ ਦੀ ਇੱਕ ਅਲਾਮਤ ਹੈ। ਸੱਚ ਦਾ ਗਿਆਨ ਗੁਰੂ ਅਤੇ ਉਸਦੀ ਗੁਰਤਾ ਦੇ ਮਾਰਫ਼ਤ ਵਰਤਦਾ
ਹੈ। ਗੁਰੂ ਸੱਚ ਦੇ ਗਿਆਨ ਦੀ ਕਸਵਟੀ ਹੈ ਉਸਦੀ ਸ਼ਿਨਾਖਤ ਹੈ। ਇਸੇ ਲਈ ਜੋ ਗੁਰੂਆਂ ਨੇ
ਉਚਾਰਿਆ-ਸਵੀਕਾਰਿਆ ਉਹੀ ਉਨ੍ਹਾਂ ਉਪਰੰਤ ਗੁਰਤਾ ਦੀ ਪਦਵੀ ਤੇ ਵਿਰਾਜਮਾਨ ਹੋ ਗਿਆ। ਉਸ ਤੋਂ ਬਾਹਰ
ਸੱਚੇ ਗਿਆਨ ਨੂੰ ਅਸੀਂ ਵਰਤਦੇ ਤਾਂ ਹਾਂ ਗੁਰੂ ਸਵੀਕਾਰ ਨਹੀਂ ਕਰਦੇ। ਉਸ ਨੂੰ ਅਸੀਂ ਗੁਰਤਾ ਤੇ
ਵਿਰਾਜਮਾਨ ਨਹੀਂ ਸਮਝਦੇ।
ਸੱਚ ਦਾ ਗਿਆਨ ਤਾਂ ਭੋਤਕੀ, ਕੈਮਿਸਟਰੀ, ਬਾਯੋਲਜੀ, ਹਿਸਾਬ ਆਦਿ ਵਿਸ਼ੇ
ਪੁਸਤਕਾਂ ਵਿੱਚ ਵੀ ਹੈ ਤਾਂ ਉਹ ਪੁਸਤਕਾਂ ਸਿੱਖਾਂ ਦਾ ਗੁਰੂ ਕਿਵੇਂ ਨਾ ਹੋ ਗਇਆਂ? ਜਾਂ ਉਨ੍ਹਾਂ
ਪੁਸਤਕਾਂ ਵਿੱਚ ਲਿਖਿਆ ਸੱਚ ਦਾ ਗਿਆਨ ਗੁਰੂਬਾਣੀ ਕਿਵੇਂ ਨਾ ਹੋ ਗਿਆ? ਇਹ ਸਵਾਲ ਉਨ੍ਹਾਂ ਸੱਜਣਾ ਦੇ
ਵਿਚਾਰਨ ਲਈ ਹਨ ਜਿਨ੍ਹਾਂ ਦੀ ਗੁਰੂ ਅਤੇ ਗੁਰਤਾ ਬਾਰੇ ਕੱਚੀ-ਪਿੱਲੀ ਸਮਝ ਗੁਰੂ ਦਾ ਅਰਥ ਸੱਚ ਦਾ
ਗਿਆਨ ਮਤਾਰ ਕਰਕੇ ਗੁਰਮਤਿ ਦਾ ਝੰਡਾਬਰਦਾਰ ਹੋਂਣ ਦਾ ਦਾਵਾ ਕਰਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਅਤੇ ਉਸਦੀ ਗੁਰਤਾ ਨੂੰ ਨੀਵੀਂ ਪੱਧਰ
ਦੀਆਂ ਅਧੂਰੀਆਂ ਪਰਿਭਾਸਾਵਾਂ ਰਾਹੀਂ ਪਰਿਭਾਸ਼ਤ ਕਰਨਾ ਕੁੱਝ ਕੁ ਸੱਜਣਾਂ ਦੇ ਚਿੰਤਨ ਦੀ ਤ੍ਰਾਸਦੀ
ਹੈ। ਸਿੱਖਾਂ ਦਾ ਗੁਰੂ ਸੱਚ ਦਾ ਗਿਆਨ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੇ ਅਧਾਰ
ਤੇ ਅਸੀਂ ਆਪਣੇ ਜੀਵਨ ਅਤੇ ਉਸਦੇ ਵਾਤਾਵਰਨ ਵਿੱਚ ਜੁੜੇ-ਬਿਖਰੇ ਸੱਚ ਅਤੇ ਕੂੜ ਨੂੰ
ਪਰਖਣ/ਅਪਨਾਉਂਣ/ਤਿਆਗਣ ਦਾ ਜਤਨ ਕਰਦੇ ਹਾਂ।
ਆਧੁਨਿਕ ਯੁਗ ਦੇ ਇਲੇਕਟਰਾਨਿਕ ਸਾਧਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ
ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਆਏ ਹਨ ਨਾ ਕਿ ਆਧੁਨਿਕ ਯੁਗ ਦੇ ਸਾਧਨਾਂ ਤੋਂ ਗੁਰੂ ਗ੍ਰੰਥ
ਸਾਹਿਬ ਗੁਰੂ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਹੀ ਬਾਣੀ ਦੀ ਹਰ ਪੰਗਤੀ ਦਾ ਪ੍ਰਮਾਣਿਕ ਸਰੋਤ ਹਨ।
ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਅਤੇ ਪੰਥਕ ਸਥਿਤੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,
ਕੁੱਝ ਸੱਜਣਾਂ ਦੀ ਕੱਚੀ-ਪਿੱਲੀ ਸਮਝ ਦੇ ਬਸ ਤੋਂ ਬਾਰਹ ਹਨ।
ਉਹ ਸਮਝ ਗੁਰੂਆਂ ਦੇ ਨਾਲ-ਨਾਲ ਗੁਰੂ
ਗ੍ਰੰਥ ਸਾਹਿਬ ਜੀ ਦੀ ਪਦਵੀ ਉਤੇ ਸਿੱਖ ਦੇ ਨਿਸ਼ਚੇ ਨੂੰ ਵਰਗਲਾਉਂਣਾ ਚਾਹੁੰਦੀ ਹੈ। ਇਸ ਵਿੱਚ ਹੁਉਮੇ
ਭਾਰੀ ਹੈ ਜੋ ਕਿ ਇੱਕ ਵੱਡਾ ਰੋਗ ਹੈ। ਇਹ ਵਿਵੇਕ ਦੀ ਜਾਨ ਲੇ ਲੇਂਦਾ ਹੈ।
ਇਨ੍ਹਾਂ ਸੱਜਣਾਂ ਨੇ ‘ਗੁਰੂ` ਉਸਦੀ ‘ਗੁਰਤਾ` ਅਤੇ ‘ਸਿੱਖੀ ਵਿਰਸੇ` ਨੂੰ
ਨਹੀਂ ਸਮਝਿਆ ਬਲਕਿ ਅੱਜ ਦੀਆਂ ਕੁੱਝ ਨਾਸਮਝ ਲਿਖਤਾਂ ਦੀ ਨਕਲ ਇੱਕਠੀ ਕਰ ਲਈ ਹੈ।
ਜਿਸ ਗੁਰੂ ਦੀ ਬਾਣੀ ਅਥਾਹ ਹੈ ਉਸਦੀ ਸਮੁੱਚੀ ਹੈਸੀਅਤ ਨੂੰ
ਸੱਚ ਦਾ ਗਿਆਨ ਮਾਤਰ ਕਹਿ ਕੇ ਨਹੀਂ ਬੰਨਿਆ ਜਾ ਸਕਦਾ। ਜੋ ਗੁਰੂ ਦੀ ਗੁਰਤਾ ਨੂੰ ਨਹੀਂ ਸਮਝਦੇ ਉਹ
ਜਾਣੇ-ਅਣਜਾਣੇ ਨਾਸਮਝ ਹਨ।
ਹਰਦੇਵ ਸਿੰਘ, ਜੰਮੂ-21. 10. 12