.

ਰੱਬ ਕਿਸੇ ਤੋਂ ਵੱਖ ਨਹੀ

ਪਰਮਾਤਮਾ (ਜੇ ਹੈ ਤਾਂ) ਕਿੱਥੇ ਹੈ, ਉਸ ਦਾ ਪ੍ਰਤੱਖ ਪ੍ਰਮਾਣ ਕੀ ਹੈ ਤੇ ਉਸ ਨਾਲ ਮਿਲਾਪ ਕਿਵੇਂ ਹੋਵੇ? ਇਹ ਸਵਾਲ ਸਦੀਆਂ ਪੁਰਾਣਾ ਵੀ ਹੈ ਤੇ ਨਵਾਂ ਵੀ ਕਿਉਂਕਿ ਸਵਾਲ ਉਦੋਂ ਤਾਈਂ ਸਵਾਲ ਹੀ ਰਹਿੰਦਾ ਹੈ ਜਦੋਂ ਤਕ ਉਸਦਾ ਹੱਲ ਨਾ ਲੱਭ ਜਾਏ। ਇਸ ਸਵਾਲ ਦੇ ਹੱਲ ਦੀ ਵੱਡੀ ਮੁਸ਼ਕਿਲ ਇਹੋ ਰਹੀ ਹੈ ਕਿ ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਹੀ ਹੈ। ਜਿਨੇ ਪ੍ਰਮਾਣ ਉਸ ਦੀ ਹੋਂਦ ਦੇ ਹੱਕ ਵਿੱਚ ਦਿੱਤੇ ਜਾ ਸਕਦੇ ਹਨ ਉਨੇ ਹੀ ਵਿਰੋਧ ਵਿੱਚ ਦਿੱਤੇ ਜਾ ਸਕਦੇ ਹਨ। ਉਸਨੂੰ ਅੱਖਾਂ ਨਾਲ ਨਾ ਵੇਖਿਆ ਤੇ ਨਾ ਵਖਾਲਿਆ ਜਾ ਸਕਦਾ ਹੈ ਕਿਉਂਕਿ ਅੱਖਾਂ ਨਾਲ ਵੇਖਣ ਲਈ ਉਸਦਾ ਕੋਈ ਆਕਾਰ ਹੋਣਾ ਜ਼ਰੂਰੀ ਹੈ ਤੇ ਆਕਾਰ ਦੀ ਕੋਈ ਨ ਕੋਈ ਸੀਮਾ ਹੋਵੇਗੀ। ਆਕਾਰ ਨਾਸਵੰਤ ਵੀ ਹੋਵੇਗਾ (ਦ੍ਰਿਸਟਿਮਾਨ ਹੈ ਸਗਲੁ ਬਿਨਾਸੀ॥ 1204) ਤੇ ਆਕਾਰ ਵਾਲਾ ਸਰਬ ਵਿਆਪੀ ਵੀ ਨਹੀ ਹੋ ਸਕਦਾ। ਜੋ ਸੀਮਾ ਵਿੱਚ ਆ ਜਾਵੇ ਉਹ ਬੇਅੰਤ ਤੇ ਅਸੀਮ ਰੱਬ ਨਹੀ ਹੋ ਸਕਦਾ। ਮਨੁੱਖ ਦੀਆਂ ਇੰਦ੍ਰੀਆਂ ਦੀ ਆਪਣੀ ਸੀਮਾ ਹੈ ਇਸ ਲਈ ਉਹਨਾ ਦੁਆਰਾ ਅਸੀਮ ਨੂੰ ਵੇਖਣ ਸੁਣਨ ਜਾਂ (ਪੂਰਨ ਤੌਰ ਤੇ) ਸਮਝਣ ਦੀ ਕੋਸ਼ਿਸ਼ ਸਦਾ ਨਿਸਫਲ ਹੀ ਰਹੇਗੀ ਕਿਉਂਕਿ ਜੋ ਮਨੁੱਖ ਦੀ ਪਕੜ ਵਿੱਚ ਆ ਗਿਆ ਉਹ ਅਸੀਮ ਰੱਬ ਨਹੀ ਹੋ ਸਕਦਾ ਤੇ ਇਹੀ ਕਾਰਨ ਹੈ ਕਿ ਉਸ ਦਾ ਪ੍ਰਤੱਖ ਪ੍ਰਮਾਣ ਅਸੰਭਵ ਹੈ ਤੇ ਇਹ ਸਦੀਆਂ ਪੁਰਾਣਾ ਸਵਾਲ “ਕੁਕੜੀ ਪਹਿਲਾਂ ਜਾਂ ਅੰਡਾ ਪਹਿਲਾਂ” ਵਾਂਗ ਸਦਾ ਸਵਾਲ ਹੀ ਰਹੇਗਾ। ਮੱਛੀ ਸਾਗਰ ਬਾਰੇ ਪੁੱਛੇ ਕਿ ਉਹ ਕੀ ਹੈ, ਤੇ ਕਿੱਥੇ ਹੈ? ਉਸ ਦਾ ਪ੍ਰਤੱਖ ਪ੍ਰਮਾਣ ਦਿਉ, ਤਾਂ ਉਸ ਨੂੰ ਕੀ ਕਿਹਾ ਜਾਵੇ? ਤੂੰ ਉਸ ਅਥਾਹ ਸਾਗਰ ਵਿੱਚ ਹੈਂ ਤੇ ਉਹ ਸਾਗਰ ਤੇਰੇ ਵਿੱਚ ਹੈ, ਉਹੀ ਤੇਰਾ ਜੀਵਨ ਹੈ ਪਰ ਤੂੰ ਛੋਟੀ ਜਿਹੀ ਉਸ ਅਥਾਹ ਨੂੰ ਪ੍ਰਤੱਖ ਪ੍ਰਮਾਣ ਵਜੋਂ ਨਹੀ ਵੇਖ ਸਕਦੀ। ਫਿਰ ਉਸ ਦਾ ਵੀ ਜਵਾਬ ਇਹੀ ਹੋਵੇਗਾ ਜੋ ਅੱਜ ਵਿਗਿਆਨੀਆਂ ਦਾ ਹੈ, ਕਿ ਜੇ ਪ੍ਰਤੱਖ ਪ੍ਰਮਾਣ ਨਹੀ ਤਾਂ ਉਹ ਹੈ ਹੀ ਨਹੀ। ਵਿਗਿਆਨ ਦੇ ਇੱਕ ਅਸੂਲ (law of thermodynamic) ਮੁਤਾਬਿਕ ਵਿਸ਼ਵ ਸੁੰਘੜ ਰਿਹਾ ਹੈ ਤੇ ਦੂਜੇ (theory of evolution) ਮੁਤਾਬਿਕ ਫੈਲ ਰਿਹਾ ਹੈ ਪਰ ਦੋਨੋ ਸੱਚ ਨਹੀ ਹੋ ਸਕਦੇ ਪਰ ਇਸ ਨੂੰ ਕਿਹੜੀ ਸ਼ਕਤੀ ਸੰਗੋੜ ਜਾਂ ਫੈਲਾ ਰਹੀ ਹੈ ਉਸ ਬਾਰੇ ਚੁੱਪ ਹੈ। ਵਿਗਿਆਨ ਦਾ ਪਹਿਲਾ ਅਸੂਲ (law of thermodynamic) ਵਿਸ਼ਵ ਦੀ ਬਨਤਰ ਲਈ ਮਾਦੇ ਤੇ ਸ਼ਕਤੀ ਦੀ ਹੋਂਦ ਨੂੰ ਮੰਨਦਾ ਹੈ ਪਰ ਉਸ ਦੇ ਕਰਤੇ ਬਾਰੇ ਚੁੱਪ ਹੈ। ਵਿਗਿਆਨ ਮੰਨਦਾ ਹੈ ਕਿ ਜੀਵਨ, ਜੀਵਨ ਤੋਂ ਹੀ ਪੈਦਾ ਹੁੰਦਾ ਹੈ ਪਰ ਪਹਿਲੇ ਜੀਵਨ ਦੇ ਕਰਤਾ ਬਾਰੇ ਚੁੱਪ ਹੈ। DNA ਦੇ ਇੱਕ ਕੋਸ਼ਾਣੂ (ਸੈੱਲ) ਵਿੱਚ ਇੱਕ ਟ੍ਰਿਲੀਅਨ (trillion) ਟੁਕੜੇ ਆਪਣੇ ਆਪ ਨਹੀ ਪੈ ਸਕਦੇ। ਇਹ ਕਿਸ ਨੇ ਪਾਏ ਉਸ ਬਾਰੇ ਚੁੱਪ ਹੈ … …. . ਤੇ ਇਸ ਤਰਾਂ ਇਹ ਵਿਚਾਰ ਚਰਚਾ ਦਾ ਕੋਈ ਅੰਤ ਨਹੀ ਹੈ। ਹੁਣ ਇਸ ਵਿਸ਼ੇ ਨੂੰ ਗੁਰ ਆਸ਼ੇ ਅਨੁਸਾਰ ਉਸ ਦੀ ਹੋਂਦ ਤੇ ਪ੍ਰਤੱਖ ਪ੍ਰਮਾਣ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ:

ਸੰਸਾਰ ਵਿੱਚ ਐਸੇ ਸਾਧ, ਸੰਤ, ਪੀਰ, ਫਕੀਰ ਤੇ ਭਗਤ ਵੀ ਹੋਏ ਹਨ ਜਿਨਾ ਨੇ ਪਰਮਾਤਮਾ ਨੂੰ ਹਰ ਪਾਸੇ ਤੇ ਹਰ ਵਕਤ ਅਨੁਭਵ ਤਾਂ ਕੀਤਾ ਪਰ ਉਸ ਅਦ੍ਰਿਸਟ ਨੂੰ ਅੱਖਾਂ ਨਾਲ, ਨਾ ਆਪ ਵੇਖਿਆ ਤੇ ਨਾ ਕਿਸੇ ਨੂੰ ਵਖਾਲਿਆ ਕਿਉਂਕਿ ਪਰਮਾਤਮਾ ਵੇਖਣ ਦਾ ਵਿਸ਼ਾ ਹੀ ਨਹੀ। ਜਿਵੇਂ ਭੁਖ, ਪਿਆਸ, ਪੀੜਾ ਜਾਂ ਪਿਆਰ ਨੁੰ ਵੇਖਿਆ ਨਹੀ ਜਾ ਸਕਦਾ ਪਰ ਅਨੁਭਵ ਕੀਤਾ ਜਾ ਸਕਦਾ ਹੈ ਤਿਵੇਂ ਪਰਮਾਤਮਾ ਨੂੰ ਵੀ ਵੇਖਿਆ ਨਹੀ ਬਲਿਕੇ ਅਨੁਭਵ ਕੀਤਾ ਜਾ ਸਕਦਾ ਹੈ। ਅਨੁਭਵਤਾ, ਮਨ (ਧਿਆਨ) ਦੀ ਅੰਦਰੂਨੀ ਕਿਰਿਆ ਹੈ। ਧਿਆਨ ਤੋਂ ਬਿਨਾ ਬਾਹਰਲੀਆਂ ਇੰਦਰੀਆਂ ਵੀ ਵਿਅਰਥ ਹੋ ਜਾਂਦੀਆਂ ਹਨ ਤੇ ਅੰਦਰੂਨੀ ਅਨੁਭਵਤਾ ਵੀ। ਧਿਆਨ ਹੀ ਉਹ ਅੱਖ ਹੈ ਜੋ ਪਰਮਾਤਮਾ ਨੂੰ ਵੇਖ ਸਕਦੀ ਹੈ। ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ॥ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ਮ: 5 … 577)। ਭਾਵ: ਮੈ ਆਪਣੀਆਂ ਅੱਖਾਂ ਨਾਲ ਜਗਤ ਨੂੰ ਡਿਠਾ ਹੈ ਤੇ ਅਜੇ ਵੀ ਦੇਖਣ ਦੀ ਪਿਆਸ ਨਹੀ ਬੁਝਦੀ। ਹੇ ਨਾਨਕ, ਜਿਨਾ ਅੱਖਾਂ ਨੇ ਮੇਰੇ ਪਿਅਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾ ਨੂੰ ਦੁਨੀਆਂ ਦੇ ਪਦਾਰਥ ਵੇਖਣ ਦੀ ਲਾਲਸਾ ਨਹੀ ਹੁੰਦੀ)। ਇਹ (ਧਿਆਨ) ਦੀ ਅੱਖ ਬਨਾਉਣੀ ਪੈਂਦੀ ਹੈ ਜੋ ਉਨੀ ਦੇਰ ਨਹੀ ਬਣ ਸਕਦੀ ਜਿਨੀ ਦੇਰ ਧਿਆਨ ਵਿੱਚ ਦੁਨਿਆਵੀ ਪਦਾਰਥਾਂ ਦੀ ਲਾਲਸਾ ਹੈ। ਧਿਆਨ (ਦੀ ਅੱਖ) ਨੁੰ ਦੁਨਿਆਵੀ ਪਦਾਰਥਾਂ ਦੇ ਰਸਾਂ (ਲਾਲਸਾ) ਵਲੋਂ ਪੁਟਣ ਦੀ ਹੀ ਦੇਰ ਹੈ ਕਿ ਪਰਮਾਤਮਾ ਦਿਸ (ਅਨਭਵ ਹੋ) ਆਵੇਗਾ। ਜਿਵੇਂ ਗੁਰ ਫੁਰਮਾਨ ਹੈ:

ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ॥ ਤਿਸ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ॥ (ਮ: 3 … 644) ਭਾਵ: ਹੇ ਭਾਈ, ਦਸੋ ਉਹ ਜੋ ਹਰੀ ਅਗੰਮ ਪੁਰਖ ਹੈ, ਕਿਸਤਰਾਂ ਮਿਲ ਸਕਦਾ ਹੈ। ਉਸਦੀ ਕੋਈ ਰੂਪ ਰੇਖਾ ਨਹੀ ਤੇ ਨਾ ਹੀ ਉਹ ਦਿਸਦਾ ਹੈ, ਉਸਨੂੰ ਕਿਵੇਂ ਸਿਮਰੀਏ (ਜਾਣੀਏ)। ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ ਕੀ ਆਖ ਕੇ ਉਸਨੂੰ ਸਾਲਾਹੀਏ (ਜਾਣੀਏ) ? ਏਸੇ ਭਾਵ ਨੂੰ ਫਿਰ ਖੋਲਦੇ ਹਨ: ਹਰਿ ਸੰਤ ਸੁਣਹੁ ਜਨ ਭਾਈ, ਹਰਿ ਸਤਿਗੁਰ ਕੀ ਇੱਕ ਸਾਖੀ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕ ਤਿਨਿ ਜਨਿ ਲੈ ਹਿਰਦੈ ਰਾਖੀ॥ ਹਰਿ ਅੰਮ੍ਰਿਤ ਕਥਾ ਸਰੇਸਟ ਉਤਮ ਗੁਰ ਬਚਨੀ ਸਹਜੇ ਚਾਖੀ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜੁ ਰੈਣਿ ਕਿਰਾਖੀ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਗੁਰਮੁਖਿ ਦੇਖਿਆ ਆਖੀ॥ (ਮ: 4 … 87)। ਭਾਵ: ਹੇ ਹਰੀ ਦੇ ਪਿਆਰਿਉ, ਸਤਿਗੁਰ ਦੀ ਸਿਖਿਆ ਸੁਣੋ (ਭਾਵ ਸਿਖਿਆ ਤੇ ਤੁਰੋ)। ਕਿਸੇ ਭਾਗਾਂ ਵਾਲੇ ਨੇ ਇਸ ਸਿਖਿਆ ਨੂੰ ਹਿਰਦੇ ਵਿੱਚ ਪਰੋ ਰਖਿਆ ਹੈ। ਗੁਰੂ ਦੀ ਸਿਖਿਆ ਦੁਆਰਾ ਹੀ ਅਡੋਲ ਅਵਸਥਾ ਵਿੱਚ ਪਹੁੰਚਿਆ ਜਾ ਸਕਦਾ ਹੈ। ਇਸੇ ਦੁਆਰਾ ਹੀ ਆਤਮਕ ਜੀਵਨ (ਗਿਆਨ) ਦਾ ਚਾਨਣ ਹੁੰਦਾ ਹੈ ਤੇ ਮਾਇਆ ਦਾ ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਖਿਚ ਲੈਂਦਾ ਹੈ। ਜੋ ਪ੍ਰਭੂ ਇਹਨਾ ਅਖਾਂ ਨਾਲ ਨਹੀ ਦਿਸਦਾ, ਇੰਦ੍ਰੀਆਂ ਦੇ ਵਿਸ਼ੇ ਤੋਂ ਪਰੇ ਹੈ, ਅਲੱਖ ਹੈ, ਉਹ ਸਤਿਗੁਰੂ ਦੀ ਸਿਖਿਆ ਦੁਆਰਾ ਅੱਖੀਂ (ਧਿਆਨ ਦੀ ਅੱਖ ਨਾਲ) ਦਿਸ ਪੈਂਦਾ (ਅਨਭਵ ਹੋ ਜਾਂਦਾ) ਹੈ।

ਗੁਰਬਾਣੀ (ਆਤਮਕ ਗਿਆਨ) ਨੂੰ ਧਿਆਨ ਨਾਲ ਪੜ੍ਹ ਸੁਣ ਤੇ ਵਿਚਾਰ ਕੇ ਉਸ ਉਤੇ ਤੁਰਨ ਨਾਲ ਉਸ ਅਦ੍ਰਿਸਟ, ਅਗੰਮ, ਅਗੋਚਰ ਤੇ ਅਲੱਖ ਨਾਲ ਸਾਂਝ ਪੈ ਸਕਦੀ ਹੈ। ਸਾਂਝ ਪੈਣੀ ਹੀ ਉਸਦਾ ਅਨਭਵ ਹੈ ਤੇ ਉਸਨੂੰ ਅੱਖੀਂ ਵੇਖਣਾ ਹੈ। ਜਿਨਾਂ ਨੇ ਉਸ ਨਾਲ ਸਾਂਝ ਪਾਈ ਉਹਨਾਂ ਨੇ ਉਸਨੂੰ ਬੇਅੰਤ, ਅਸੀਮ ਤੇ ਸਰਬ-ਵਿਆਪੀ ਹੀ ਅਨੁਭਵ ਕੀਤਾ:

1. ਨਾਨਕ ਅੰਤ ਨ ਜਾਪਨੀ ਹਰਿ ਤਾ ਕੇ ਪਾਰਾਵਾਰ॥ (ਮ: 1 … 475)। ਭਾਵ: ਉਸਦਾ ਕੋਈ ਅੰਤ ਜਾਂ ਬੰਨਾ ਨਹੀ ਦਿਸਦਾ। ਨਾ ਹੀ ਉਸਦਾ ਕੋਈ ਉਰਲਾ ਬੰਨਾ ਹੈ ਤੇ ਨਾ ਪਰਲਾ। ਉਹ ਬੇਅੰਤ ਤੇ ਅਸੀਮ ਹੈ। ਫਿਰ ਅਜੇਹੇ ਪਾਰਾਵਾਰ, ਬੇਅੰਤ ਤੇ ਅਸੀਮ ਦਾ ਪ੍ਰਤੱਖ ਪ੍ਰਮਾਣ ਕਿਵੇਂ ਦਿੱਤਾ ਜਾਵੇ?

2. ਗੋਵਿੰਦ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ॥ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਧੁ ਆਖਿ ਵਖਾਣੈ॥ (ਮ: 4 … 448)। ਭਾਵ: ਪਰਮਾਤਮਾ ਅਲੱਖ (ਜੋ ਲਖਿਆ ਨਾ ਜਾਏ, ਵੇਖਿਆ ਨਾ ਜਾਏ) ਹੈ, ਅਪਾਰ (ਕਿਸੇ ਕਿਨਾਰੇ ਤੋਂ ਬਿਨਾ) ਹੈ, ਅਪਰੰਪਰ (ਕਿਸੇ ਦੇ ਸਹਾਰੇ ਤੋਂ ਬਿਨਾ) ਹੈ, ਤੇ ਇਸ ਲਈ ਇਹ ਜੀਵ ਵਿਚਾਰਾ ਐਸੇ ਪਰਮਾਤਮਾ ਬਾਰੇ ਕੀ ਕਹਿ ਸਕਦਾ ਹੈ? ਤਾਂ ਫਿਰ ਐਸੇ ਅਲੱਖ ਅਪਾਰ ਤੇ ਅਪਰੰਪਰ ਦਾ ਪ੍ਰਤੱਖ ਪ੍ਰਮਾਣ ਕਿਵੇਂ ਦਿੱਤਾ ਜਾਵੇ?

3. ਅਲਖ ਅਪਾਰੁ ਅਗਮ ਅਗੋਚਰ ਨਾ ਤਿਸ ਕਾਲ ਨ ਕਰਮਾ॥ (ਮ: 1 … 597) ਭਾਵ: ਪਰਮਾਤਮਾ ਅਲੱਖ ਹੈ, ਅਪਾਰ ਹੈ, ਅਗਮ (ਅਡੋਲ) ਤੇ ਅਗੋਚਰ ਹੈ, ਉਹ ਅਬਿਨਾਸੀ ਹੈ (ਨਾਸਵੰਤ ਨਹੀ) ਤੇ ਕਿਸੇ ਕਰਮ ਬੰਧਨਾ ਵਿੱਚ ਨਹੀ। ਫਿਰ ਉਸ ਅਸੀਮ ਨੂੰ ਸੀਮਾ ਵਿੱਚ ਕਿਵੇਂ ਲਿਆਂਦਾ ਜਾਵੇ?

ਜਿਥੇ ਉਹ ਛੋਟੇ ਤੋਂ ਛੋਟਾ (ਅਸੀਮ) ਹੈ ਉਥੇ ਉਹ ਵਡ੍ਹੇ ਤੋਂ ਵੱਡ੍ਹਾ, ਅਸੀਮ ਤੇ ਬੇਅੰਤ ਵੀ ਹੈ, ਉਸ ਅਪਰ ਅਪਾਰ ਦਾ ਕਿਸੇ ਪਾਸੇ ਕੋਈ ਕਿਨਾਰਾ ਨਹੀ। (ਆਪੇ ਸੂਖਮ ਭਾਲੀਐ ਆਪੇ ਪਾਸਾਰ॥ ਮ: 3 … 556)। ਜਿਥੇ ਹਰ ਆਕਾਰ ਤਾਂ ਉਸਦਾ ਹੈ ਪਰ ਕੋਈ ਖਾਸ ਇੱਕ ਆਕਾਰ ਉਸਦਾ ਨਹੀ, ਉਹ ਆਕਾਰਾਂ ਵਿੱਚ ਵੀ ਹੈ ਤੇ ਨਿਰ-ਆਕਾਰ ਵੀ ਹੈ। (ਆਪ ਆਕਾਰ ਆਪੇ ਨਿਰੰਕਾਰ॥ ਮ: 5 … 863)। ਜਿਥੇ ਉਹ ਸਰਬ ਵਿਆਪੀ ਹੈ ਉਥੇ ਕਿਸੇ ਇੱਕ ਥਾਂ ਤੇ ਉਸਦਾ ਬਸੇਰਾ ਨਹੀ। (ਅਕਾਸੀ ਪਾਤਾਲ ਤੂੰ ਤ੍ਰਿਭਵਣ ਰਹਿਆ ਸਮਾਇ॥ (ਮ: 1 … 61)। ਜਿਥੇ ਹਰ ਬੋਲੀ ਤਾਂ ਉਸਦੀ ਹੈ ਪਰ ਕੋਈ ਖਾਸ ਇੱਕ ਬੋਲੀ ਉਸਦੀ ਨਹੀ। (ਸਭੈ ਘਟਿ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ॥ (ਨਾਮਦੇਵ … 988)। ਜਿਥੇ ਹਰ ਦਿਸਦਾ ਰੂਪ ਉਸਦਾ ਹੀ ਰੂਪ ਹੈ ਉਥੇ ਕੋਈ ਖਾਸ ਇੱਕ ਰੂਪ ਉਸਦਾ ਨਹੀ। (ਜੋ ਦੀਸੈ ਸੋ ਤੇਰਾ ਰੂਪ॥ ਮ: 5 … 723)।

ਤਾਂ ਫਿਰ ਐਸੇ ਬੇਅੰਤ, ਅਸੀਮ, ਸਰਬ ਵਿਆਪੀ ਤੇ ਅਪਰ ਅਪਾਰ ਪਰਮਾਤਮਾ ਨੂੰ ਕਿਸੇ ਇੱਕ ਰੂਪ ਵਿੱਚ ਵੇਖਣ ਦੀ ਆਸ ਉਸਦੀ ਘਟਿਆਈ ਤਾਂ ਹੋ ਸਕਦੀ ਹੈ ਪਰ ਵਡਿਆਈ ਨਹੀ। ਸੁਲਤਾਨ ਨੂੰ ਮੀਆ ਕਹਿਣ ਵਾਲੀ ਗਲ ਹੋਵੇਗੀ, ਸਮੁੰਦਰ ਨੂੰ ਕੁੱਜੇ ਵਿੱਚ ਕਿਵੇਂ ਬੰਦ ਕੀਤਾ ਜਾ ਸਕਦਾ ਹੈ? ਪ੍ਰਤੱਖ ਪ੍ਰਮਾਣ ਮੰਗਣਾ ਹੀ ਉਸ ਅਥਾਹ ਨੂੰ ਕੁੱਜੇ ਵਿੱਚ ਬੰਦ ਕਰਨਾ ਹੈ ਜੋ ਅਸੰਭਵ ਵੀ ਹੈ ਤੇ ਉਸ ਪੁਛੇ ਸਵਾਲ ਦੇ ਹਲ ਦੀ ਮੁਸ਼ਕਿਲ ਵੀ ਹੈ। ਜੋ ਅੱਖਾਂ ਨਾਲ ਵੇਖਿਆ ਜਾ ਸਕਦਾ ਹੋਵੇ, ਜੋ ਦ੍ਰਿਸ਼ਟ ਹੋਵੇ, ਉਸ ਬਾਰੇ ਤਾਂ ਕੁੱਝ ਕਹਿਆ ਜਾ ਸਕਦਾ ਹੈ ਪਰ ਜੋ ਅਥਾਹ, ਅਸੀਮ, ਬੇਅੰਤ ਤੇ ਅਦ੍ਰਿਸ਼ਟ ਹੈ ਉਸ ਬਾਰੇ ਕਹਿਣ ਦਾ ਯਤਨ ਤਾਂ ਫਜ਼ੂਲ ਤੇ ਵਿਅਰਥ ਹੀ ਹੋਵੇਗਾ। (ਅਦ੍ਰਿਸਟ ਦਿਸੈ ਤਾਂ ਕਹਿਆ ਜਾਈ॥ ਬਿਨ ਦੇਖੇ ਕਹਿਣਾ ਬਿਰਥਾ ਜਾਈ॥ ਮ: 1 … 223)। ਦੂਜੇ ਪਖੋਂ ਜੇ ਵੇਖਿਆ ਜਾਵੇ ਕਿ ਭਾਲ, ਖੋਜ ਜਾਂ ਮਿਲਾਪ ਦੀ ਤਾਂਘ ਤਾਂ ਉਸ ਲਈ ਹੁੰਦੀ ਹੈ ਜੋ ਆਪੇ ਤੋਂ ਅਲੱਗ, ਦੂਰ ਜਾਂ ਵਿਛੜਿਆ ਹੋਵੇ ਪਰ ਜੋ ਅਲੱਗ, ਦੂਰ ਜਾਂ ਵਿਛੜ ਹੀ ਨਹੀ ਸਕਦਾ, ਉਸਦੀ ਭਾਲ ਕੀ ਵਿਅਰਥ ਨਹੀ? ਗੁਰਬਾਣੀ ਗਵਾਹ ਹੈ ਕਿ ਉਸ ਤੋਂ ਬਿਨਾ ਕੁਛ ਹੋ ਨਹੀ ਸਕਦਾ:-

1. ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦੁ ਬਿਨ ਨਹੀ ਕੋਈ॥ (ਨਾਮਦੇਵ. . 485) ਭਾਵ: ਸਭ ਪਾਸੇ ਤੇ ਸਭ ਕੁਛ ਪਰਮਾਤਮਾ ਹੀ ਪਰਮਾਤਮਾ ਹੈ, ਉਸ ਬਿਨਾ ਕੁਛ ਵੀ ਨਹੀ ਹੋ ਸਕਦਾ।

2. ਜੋ ਦੀਸੈ ਸੋ ਏਕੈ ਤੂੰ ਹੈ॥ (ਮ: 5 … 1076) ਭਾਵ: ਜੋ ਵੀ ਦਿਸਦਾ ਹੈ ਉਹ ਕੇਵਲ ਤੂੰ ਹੀ ਤੂੰ ਹੈਂ।

3. ਜੋ ਪੇਖਾ ਸੋ ਸਭੁ ਕਿਛੁ ਸੁਆਮੀ॥ (ਮ: 5 … 1080)। ਭਾਵ: ਜੋ ਮੈਨੂੰ ਦਿਸ ਰਿਹਾ ਹੈ ਉਹ ਸਭ ਪਰਮਾਤਮਾ ਹੀ ਪਰਮਾਤਮਾ ਹੈ।

ਵਿਚਾਰਨਯੋਗ ਗਲ ਹੈ ਕਿ ਜੇ ਪਰਮਾਤਮਾ, ਤੇ ਪਰਮਾਤਮਾ ਨੂੰ ਖੋਜਣ, ਭਾਲਣ, ਲੋਚਣ ਜਾਂ ਮਿਲਣ ਵਾਲਾ ਇਕੋ ਹੀ ਹਨ (ਵਖਰੇ ਹੋ ਹੀ ਨਹੀ ਸਕਦੇ) ਤਾਂ ਕੌਣ ਕਿਸਨੂੰ ਖੋਜ ਰਿਹਾ ਹੈ? ਕੁਛ ਵਖਰਾ ਜਾਂ ਅਲੱਗ ਹੋਵੇ ਤਾਂ ਭਾਲ ਹੋ ਸਕਦੀ ਹੈ ਪਰ ਜੇ ਅਲੱਗ ਹੀ ਨਹੀ ਤਾਂ ਭਾਲ ਕੈਸੀ? ਕੌਣ ਕਿਸਦਾ ਪ੍ਰਤੱਖ ਪ੍ਰਮਾਣ ਮੰਗ ਰਿਹਾ ਹੈ? ਕੀ ਰੱਬ ਨੂੰ ਪਰਤੱਖ ਵੇਖਣ ਦਾ ਸਵਾਲ ਵਿਅਰਥ ਨਹੀ ਜਾਪਦਾ? ਇਹ ਇੱਕ ਹਕੀਕਤ ਹੈ ਕਿ ਜੋ ਬੰਦਾ ਆਪਣੇ ਆਪ ਦੀ ਪਹਿਚਾਨ ਨਹੀ ਰਖਦਾ ਉਸਨੂੰ ਦੁਨੀਆ ਵਾਲੇ ਪਾਗਲ ਕਹਿਕੇ ਪਾਗਲ ਖਾਨੇ ਭਰਤੀ ਕਰਿ ਦਿੰਦੇ ਹਨ ਤੇ ਇਹੀ ਅਸੂਲ ਧਰਮ ਦੀ ਦੁਨੀਆ ਦਾ ਹੈ। ਜੋ ਆਪਣਾ ਮੂਲ ਨਹੀ ਪਛਾਣਦਾ (ਆਪਾ ਨਹੀ ਪਹਿਚਾਨਦਾ) ਉਹ ਰੱਬ ਨੂੰ ਕਿਵੇਂ ਪਹਿਚਾਨੇਗਾ? ਆਪਾ ਪਛਾਨਣਾ ਹੀ ਤਾਂ ਰੱਬ ਨੂੰ ਬੁਝਣਾ ਜਾਂ ਜਾਨਣਾ ਹੈ 1) ਆਪੁ ਪਛਾਨੈ ਤ ਏਕੈ ਜਾਨੈ॥ (ਕਬੀਰ … 855)। ਭਾਵ: ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹ ਉਸ ਇੱਕ ਪਰਮਾਤਮਾ ਨੂੰ ਜਾਣ ਲੈਂਦਾ ਹੈ।

2) ਆਪੁ ਪਛਾਨੈ ਤ ਬੂਝੈ ਸੋਇ॥ ਮ: 1 … 25. ਭਾਵ: ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹ ਪਰਮਾਤਮਾ ਨੂੰ ਬੁਝ ਲੈਂਦਾ ਹੈ।

3) ਆਪੁ ਪਛਾਣ ਮਿਲੈ ਪ੍ਰਭ ਸੋਇ॥ (ਮ: 3 … 364)। ਭਾਵ: ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹ ਪਰਮਾਤਮਾ ਨਾਲ ਮਿਲਾਪ ਹਾਸਲ ਕਰਿ ਲੈਂਦਾ ਹੈ।

ਪਰਮਾਤਮਾ ਦਾ ਪਰਤੱਖ ਪਰਮਾਣ ਮੰਗਣ ਵਾਲਾ ਆਪ ਹੀ ਪਰਮਾਤਮਾ ਤੋਂ ਵੱਖ ਨਹੀ ਤਾਂ (ਉਸ ਮੱਛੀ ਵਾਂਗ) ਉਸ ਨੂੰ ਕਿਵੇਂ ਜਣਾਇਆ ਜਾਵੇ ਤੇ ਕਿਵੇਂ ਪ੍ਰਤੱਖ ਪ੍ਰਮਾਣ ਦਿੱਤਾ ਜਾਵੇ? ਆਪਣੇ ਆਪ ਨੂੰ ਜਾਣੇ ਬਿਨਾ ਜੇ ਉਹ ਰੱਬ ਦਾ ਪ੍ਰਤੱਖ ਪ੍ਰਮਾਣ ਮੰਗੇ ਤਾਂ ਫਿਰ ਉਸਨੂੰ ਪਾਗਲ ਨਹੀ ਤਾਂ ਕੀ ਆਖਿਆ ਜਾਏ? ਸੋ ਇਹ ਪਰਮਾਤਮਾ ਦੀ ਹੋਂਦ ਦਾ ਸਵਾਲ ਤੇ ਉਸ ਦਾ ਪ੍ਰਤੱਖ ਪ੍ਰਮਾਣ ਮੰਗਣਾ ਹੀ ਪਾਗਲਪਨ ਹੈ।

ਪਰਮਾਤਮਾ ਨਾਲੋਂ ਅਲੱਗ ਹਸਤੀ ਹੋਣ ਦਾ ਭਰਮ (ਭੁਲੇਖਾ) ਹਉਮੈ (ਹੰਕਾਰ) ਤੋਂ ਹੀ ਪੈਦਾ ਹੁੰਦਾ ਹੈ। ਜਨਮ ਤੋਂ ਹੀ ਇਹ ਭਰਮ ਪਾ ਦਿਤਾ ਜਾਂਦਾ ਹੈ ਜੋ ਅੰਤ ਤਾਈਂ ਦੂਰ ਨਹੀ ਹੁੰਦਾ ਤੇ ਮਨੁਖ ਏਸੇ ਕਾਰਨ ਜਨਮ ਮਰਨ (ਸੁਖ ਦੁਖ) ਦੇ ਗੇੜ ਵਿੱਚ ਪਿਆ ਰਹਿੰਦਾ ਹੈ।

1. ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ॥ ਹਉਮੈ ਵਡਾ ਗੁਬਾਰੁ ਹੈ ਹਉਮੈ ਵਿੱਚ ਬੁਝਿ ਨ ਸਕੈ ਕੋਇ॥ ਮ: 3 … 560. ਭਾਵ: ਸਰੀਰ ਧਾਰਨ ਦਾ ਸਾਰਾ ਸਿਲਸਿਲਾ ਹੀ ਹਉਮੈ ਦੇ ਕਾਰਨ ਹੈ ਤੇ ਏਸੇ ਕਾਰਨ ਹੀ ਜਨਮ ਮਰਨ (ਸੁਖ ਦੁਖ) ਦਾ ਗੇੜ ਬਣਿਆ ਰਹਿੰਦਾ ਹੈ। ਮਨੁਖ ਦੇ ਆਤਮਕ ਜੀਵਨ ਦੇ ਰਾਹ ਵਿੱਚ ਹਉਮੈ ਇੱਕ ਘੁਪ ਹਨੇਰਾ ਹੈ ਜੋ ਰਸਤਾ ਨਜ਼ਰ ਨਹੀ ਆਉਣ ਦਿੰਦਾ।

2. ਅੰਤਰਿ ਅਲਖ ਨ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ॥ (ਮ: 5. . 204) ਭਾਵ: ਅੰਦਰ ਬੈਠਾ ਪਰਮਾਤਮਾ ਜਾਣਿਆ ਨਹੀ ਜਾਂਦਾ (ਅਨੁਭਵ ਨਹੀ ਹੁੰਦਾ) ਕਿਉਂਕਿ ਵਿਚਕਾਰ ਹਉਮੈ ਦਾ ਪੜਦਾ ਹੈ ਜੋ ਜਾਨਣ ਨਹੀ ਦਿੰਦਾ। ਜਦੋਂ ਕੋਈ ਵਿਰਲਾ ਸੂਰਮਾ ਇਸ ਹਉਮੈ ਦੀ ਕੰਧ ਨੂੰ ਢਾ ਸੁਟਦਾ ਹੈ ਤਾਂ ਫਿਰ ੳੇਸਨੂੰ ਅੰਦਰ ਬੈਠੇ ਪਰਮਾਤਮਾ ਦਾ ਅਨੁਭਵ ਹੋ ਜਾਂਦਾ ਹੈ। (ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ॥ ਕਬੀਰ … 1375)।

3. ਹਉਮੈ ਵਿੱਚ ਪ੍ਰਭ ਕੋਇ ਨ ਪਾਇ॥ ਮੂਲਹੁ ਭੁਲਾ ਜਨਮ ਗਵਾਇ॥ (ਮ: 3. . 664) ਭਾਵ: ਜਿਨੀ ਦੇਰ ਹਉਮੈ ਦਾ ਪੜਦਾ ਹੈ ਉਨੀ ਦੇਰ ਪਰਮਾਤਮਾ ਨਾਲ ਮੇਲ ਨਹੀ ਹੋ ਸਕਦਾ, ਉਸਦਾ ਅਨੁਭਵ ਨਹੀ ਹੋ ਸਕਦਾ। ਮੁਢੋਂ (ਜਨਮ ਤੋਂ) ਹੀ (ਇਹ ਵਖਰੀ ਹਸਤੀ ਦਾ ਭਰਮ) ਹਉਮੈ ਪਿਛਾ ਨਹੀ ਛਡਦੀ ਤੇ ਪਰਮਾਤਮਾ ਦੀ ਹੋਂਦ ਦਾ ਅਨੁਭਵ ਨਹੀ ਹੋਣ ਦਿੰਦੀ, ਜਿਸ ਕਾਰਨ ਜਨਮ ਵਿਅਰਥ ਚਲਿਆ ਜਾਂਦਾ ਹੈ ਜਦੋਂ ਇਹ ਹਉਮੈ (ਵਖਰੀ ਹਸਤੀ ਹੋਣ ਦਾ ਭਰਮ) ਦਾ ਪੜਦਾ ਉਠਦਾ ਹੈ, ਉਦੋਂ ਪ੍ਰਭੂ ਅਨੁਭਵ ਹੁੰਦਾ ਹੈ। ਇਹ ਹਉਮੈ ਦਾ ਪੜਦਾ ਆਪਾ ਪਛਾਨਣ ਨਾਲ ਹੀ ਦੂਰ ਹੁੰਦਾ ਹੈ ਜਿਵੇਂ ਗੁਰ ਫੁਰਮਾਨ ਹੈ:-

4. ਹਰਿ ਸੇਤੀ ਸਚਾ ਮਿਲਿ ਰਹੇ ਜਿਨੀ ਆਪ ਪਛਾਨਾ॥ (ਮ: 3 … 1089) ਭਾਵ: ਜਿਨਾ ਨੇ ਹਉਮੈ ਦੇ ਪੜਦੇ ਨੂੰ ਚੁਕ ਕੇ ਆਪਾ ਪਛਾਣ ਲਿਆ, ਉਹ ਫਿਰ ਅਪਣੇ ਆਪ ਤੇ ਹਸਣੋਂ ਨਾ ਰਹਿ ਸਕੇ। ਕਿਡਾ ਪਾਗਲਪਨ ਹੈ ਕਿ ਜੋ ਕਦੇ ਅਲੱਗ ਹੀ ਨਹੀ ਹੋਇਆ, ਸਦਾ ਹੀ ਮਿਲਿਆ ਹੋਇਆ ਹੈ, ਓਸੇ ਨੂੰ ਹੀ ਲਭਿਆ ਜਾ ਰਿਹਾ ਹੈ। ਅਗਰ ਉਸ ਤੋਂ ਬਿਨਾ ਕੋਈ ਹੋਰ ਹੈ ਹੀ ਨਹੀ, ਤਾਂ ਕੌਣ ਕਿਸਨੂੰ ਪਰਤੱਖ ਵੇਖਣ ਦਾ ਪਰਮਾਣ ਮੰਗ ਰਿਹਾ ਹੈ? ਇਹ ਪਾਗਲਪਨ ਨਹੀ ਤਾਂ ਕੀ ਹੈ?

5. ਆਪ ਪਛਾਣੈ ਹਰਿ ਮਿਲੈ ਬਹੁੜ ਨਾ ਮਰਨਾ ਹੋਇ॥ (ਮ: 1 … 1410) ਭਾਵ: ਜੋ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਸਨੂੰ ਪਰਮਾਤਮਾ ਦਾ ਅਨੁਭਵ ਹੋ ਜਾਂਦਾ ਹੈ ਤੇ ਉਹ ਆਤਮਕ ਮੌਤ (ਸੁਖ ਦੁਖ) ਤੋਂ ਰਹਿਤ ਹੋ ਜਾਂਦਾ ਹੈ।

ਉਸਨੂੰ ਇਹ ਸੂਝ ਹੋ ਜਾਂਦੀ ਹੈ ਕਿ ਉਹ ਪਰਮਾਤਮਾ ਤੋਂ ਅਲੱਗ ਹਸਤੀ ਨਹੀ। ਫਿਰ ਉਸਨੂੰ ਪਰਮਾਤਮਾ ਦੇ ਪਰਤੱਖ ਪਰਮਾਣ ਦਾ ਸਵਾਲ ਬੇਅਰਥ ਤੇ ਬੇਬੁਨਿਆਦ ਲਗੇਗਾ। ਜੋ ਆਪਣੇ ਆਪ ਨੂੰ ਨਹੀ ਪਛਾਣਦਾ, ਉਸਨੂੰ ਰੱਬ ਦੀ ਪਛਾਣ ਕਿਵੇਂ ਆਵੇਗੀ? ਜੋ ਇਹਨਾ ਅੱਖਾਂ ਨਾਲ ਵੇਖਣ ਦਾ ਵਿਸ਼ਾ ਹੀ ਨਹੀ, ਉਸਨੂੰ ਕਿਵੇਂ ਵਖਾਲਿਆ ਜਾਵੇ? ਜਿਸਦੀ ਕੋਈ ਸੀਮਾ ਜਾਂ ਹੱਦਬੰਧੀ ਹੀ ਨਹੀ ਉਸਨੂੰ ਹੱਦਬੰਧੀ ਵਿੱਚ ਕਿਵੇਂ ਲਿਆਂਦਾ ਜਾਵੇ? ਜੋ ਵੀ ਆਪੇ ਦੀ ਖੋਜ ਕਰੇਗਾ ਉਹੀ ਪਰਮਾਤਮਾ ਨੂੰ ਜਾਣੇਗਾ, ਉਸ ਨਾਲ ਸਾਂਝ ਪਾ ਸਕੇਗਾ, ਉਸਨੂੰ ਅਨੁਭਵ ਕਰਿ ਸਕੇਗਾ। (ਭਭਾ ਭਾਲਹਿ ਸੇ ਫਲੁ ਪਾਵਹਿ॥) ਜੋ ਭਾਲੇਗਾ, ਉਹ ਲਭ ਲਵੇਗਾ। ਜੋ ਅੰਦਰੋਂ ਖੋਜੇਗਾ ਉਹ ਪਾਵੇਗਾ। ਜੋ ਉਹਦੇ ਦਰ ਦਾ ਕੁੰਡਾ ਖੜਕਾਏਗਾ ਉਸ ਲਈ ਦਰ ਖੁਲ ਜਾਵੇਗਾ। ਜੋ ਉਸ ਤੋਂ ਉਸ ਨੂੰ ਹੀ ਮੰਗੇਗਾ ਉਸਦੇ ਕਾਸੇ ਖੈਰ ਪੈ ਜਾਵੇਗੀ। ਕਥਨੀ ਬਦਨੀ ਨਾਲ, ਨਾ ਤਾਂ ਉਸਨੂੰ ਜਾਣਿਆ ਜਾ ਸਕਦਾ ਹੈ ਤੇ ਨਾ ਹੀ ਜਣਾਇਆ ਜਾ ਸਕਦਾ ਹੈ। ਇਹ ਨਕਦ ਸੌਦਾ ਹੈ ਜਿਸਨੂੰ ਕੋਈ ਵਿਰਲਾ ਹੀ ਕਰ ਪਾਉਂਦਾ ਹੈ। ਕੇਵਲ ਗੁਰੂ ਦੇ ਗਿਆਨ ਦੁਆਰਾ ਇਹ ਆਤਮਕ ਸੂਝ ਪ੍ਰਾਪਤ ਹੁੰਦੀ ਹੈ ਕਿ “ਰੱਬ ਕਿਸੇ ਤੋਂ ਵੱਖ ਨਹੀ ਪਰ ਵੇਖਣ ਵਾਲੀ ਅੱਖ ਨਹੀ”। ਜਦੋਂ ਗੁਰੂ ਦੇ ਗਿਆਨ ਨਾਲ ਇਹ ਅੱਖ ਬਣਦੀ ਹੈ ਤਾਂ ਪਰਮਾਤਮਾ ਦੀ ਹੋਂਦ ਦੇ ਪਰਤੱਖ ਪਰਮਾਣ ਦਾ ਸਵਾਲ ਬੜਾ ਬੇਬੁਨਿਆਦ ਜਾਪਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ ਯੂ. ਕੇ.
.