.

ਸਿੱਖ ਇੱਕ ਵੱਖਰੀ ਕੌਮ ਹੈ
ਰਾਮ ਸਿੰਘ, ਗ੍ਰੇਵਜ਼ੈਂਡ

ਹਿੰਦੂ ਭਾਈਚਾਰੇ ਦਾ ਬਹੁ-ਗਿਣਤੀ ਵਿੱਚ ਹੋਣ ਕਰਕੇ ਇਨ੍ਹਾਂ ਵਿੱਚੋਂ ਕੁੱਛ ਕੱਟੜ-ਪੰਥੀ, ਰਾਜ-ਮੱਦ ਵਿੱਚ ਹੁੰਦੇ ਹੋਏ, ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਦੀ ਥਾਂ, ਸਿੱਖਾਂ ਨੂੰ ਕਦੇ ਕੇਸਾਧਾਰੀ ਹਿੰਦੂ, ਕਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਲਾ ਕੇ ਡਰਾਉਣਾ ਚਾਹੁੰਦੇ ਹਨ। ਅਸਲ ਵਿੱਚ ਇਨ੍ਹਾਂ ਨੂੰ “ਕੌਮ” ਦੀ ਪ੍ਰੀਭਾਸ਼ਾ ਤੋਂ ਅਨਜਾਣ ਹੀ ਕਿਹਾ ਜਾ ਸਕਦਾ ਹੈ। ਤਾਹੀਉਂ ਤਾਂ ਇਹ ਚਾਹੁੰਦੇ ਹਨ ਕਿ ਜੀਊਂਦੀ ਜਾਗਦੀ ਸਿੱਖ ਕੌਮ ਨੂੰ ਲੜਖੜਾਕੇ ਜੀ ਰਹੇ ਪੱਥਰ ਪੂਜ ਪੱਥਰਦਿਲ, ਵਹਿਮਾਂ, ਭਰਮਾਂ, ਕਪਟ ਅਤੇ ਮਿਲਗੋਭੇ ਭਰੇ ਸਿਧਾਂਤ ਅਧੀਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕੀਤਾ ਜਾਵੇ, ਜੋ ਸ਼ਾਇਦ ਇਹ ਲੋਕ ਇਹ ਭੀ ਨਹੀਂ ਜਾਣਦੇ ਕਿ ਇਹ ਬਹੁਤ ਬੜਾ ਪਾਪ ਹੈ। ਇਹ ਐਸੇ ਨਾਹਰੇ ਹੀ ਨਹੀਂ ਮਾਰਦੇ ਆਪਣੀ ਭੜਾਸ ਕਈ ਕਈ ਤਰ੍ਹਾਂ ਦੇ ਪਰਚੇ ਵੰਡ ਕੇ ਵੀ ਕੱਢਦੇ ਰਹਿੰਦੇ ਹਨ, ਜਿਨ੍ਹਾਂ ਦਾ ਜਵਾਬ ਅੰਤ ਵਿੱਚ ਦਿੱਤਾ ਜਾਵੇਗਾ। ਪ੍ਰਸਿੱਧ ਅਤੇ ਪ੍ਰਮਾਣਿਤ ਰਾਜਨੀਤੀ ਵਿਗਿਆਨੀਆਂ ਦੁਆਰਾ ਕੌਮ ਬਾਰੇ ਪ੍ਰੀਭਾਸ਼ਾ ਦੇਣ ਤੋਂ ਪਹਿਲਾਂ ਦੋ ਜਹਾਨ ਦੇ ਵਾਲੀ ਸਤਿਗੁਰਾਂ ਵਲੋਂ “ਸਿੱਖ ਇੱਕ ਵੱਖਰਾ ਪੰਥ, ਭਾਵ ਕੌਮ” ਹੋਣ ਦੀ, ਸਿੱਖ ਮਨਾਂ ਵਿੱਚ ਵਸਾਈ ਸਦੀਵੀ ਸੋਚ ਦਾ ਜ਼ਿਕਰ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਪੰਥ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, “ਸ਼ਬਦ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ” (1-13)। ਨਿਰਾਲਾ ਵੀ ਕੈਸਾ, “ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ” (13-7)। ਗੁਰੂ ਅੰਗਦ ਦੇਵ ਜੀ ਨੇ ਗੁਰੂ ਜੋਤਿ ਗੁਰੂ ਅਮਰ ਦਾਸ ਵਿੱਚ ਟਿਕਾਉਣ ਸਮੇਂ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ ਭੇਜਣ ਸਮੇਂ ਕਿਹਾ ਸੀ, “ਸਿੱਖ ਪੰਥ ਪਾਰਬ੍ਰਹਮ ਦਾ ਪੰਥ ਹੈ, ਇਸ ਦੀ ਇਸ ਪੱਖੋਂ ਦੇਖਭਾਲ ਕਰਨੀ ਹੈ”। ਇਹ ਉਨ੍ਹਾਂ ਨੇ ਪ੍ਰਚਾਰ ਵਾਸਤੇ ਬਾਈ ਮੰਜੀਆਂ ਕਾਇਮ ਕਰਕੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪ੍ਰਵਾਨ ਚੜ੍ਹਾ ਦਿੱਤਾ। ਗੁਰੂ ਰਾਮਦਾਸ ਜੀ ਨੇ ਸਿੱਖ ਮਨਾਂ ਵਿੱਚ ਇਹ ਸਦਾ ਲਈ ਪੱਕਾ ਕਰ ਦਿੱਤਾ ਕਿ ਸਬਰ, ਸੰਤੋਖ ਅਤੇ ਸਿਦਕ ਯਤੀਮ ਹੁੰਦਿਆਂ ਨੂੰ ਭੀ ਸ਼ਾਹਾਂ ਦੇ ਸ਼ਾਹ ਬਣਾ ਦਿੰਦਾ ਹੈ, ਜਿੱਸ ਪ੍ਰਵਾਰ (ਭਾਵ ਸੋਢੀ ਪਰਵਾਰ) ਨੇ ਅੰਤ ਵਿੱਚ ਆਪਣਾ ਸੱਭ ਕੁੱਛ ਵਾਰ ਕੇ ਖਾਲਸਾ ਪੰਥ (ਕੌਮ) ਨੂੰ ਆਪਣੇ ਪੁੱਤਰ ਹੀ ਨਹੀਂ ਆਪਣਾ ਗੁਰੂ ਭੀ ਬਣਾ ਲਿਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਕਹੇ ਪਵਿੱਤਰ ਸ਼ਬਦਾਂ, “ਨਾ ਹਮ ਹਿੰਦੂ ਨ ਮੁਸਲਮਾਨ” ਨੂੰ ਗੁਰਬਾਣੀ ਵਿੱਚ ਅੰਗ 1136 ਤੇ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਲਿਖ ਕੇ ਸਾਫ ਕਰ ਦਿੱਤਾ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ, ਅਸੀਂ ਸੱਭ ਤੋਂ ਨਿਆਰੇ ਹਾਂ। ਇਸ ਪੰਥ ਨੂੰ ਹੋਰ ਵੀ ਤਕੜੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿੱਚ ਵਰਤੋਂ ਕੀਤੀ, ਜਿੱਸ ਨੂੰ ਜਿੱਸ ਤਰ੍ਹਾਂ ਦਸਮ ਪਿਤਾ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ। ਸਿੱਖ ਪੰਥ ਨੂੰ “ਖਾਲਸਾ ਮੇਰੋ ਰੂਪ ਹੈ ਖਾਸ” ਅਤੇ “ਖਾਲਸਾ ਪ੍ਰਮਾਤਮਾ ਕੀ ਫੌਜ॥ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ॥” ਕਹਿਕੇ ਪੱਕੇ ਪੈਰਾਂ ਤੇ ਖੜ੍ਹੇ ਕਰਕੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਵਧਾਨ ਭੀ ਕਰ ਦਿੱਤਾ, “ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਕੀ ਇਹ ਸੱਭ ਕੁੱਛ, ਹਿੰਦੂ ਅਤੇ ਮੁਸਲਮਾਨਾਂ ਵਾਂਗ, ਸਿੱਖਾਂ ਨੂੰ ਵੱਖਰੇ ਅਤੇ ਨਿਆਰੇ ਨਹੀਂ ਦੱਸਦਾ?
ਸਿੱਖ ਪੰਥ ਦੇ ਮਹਾਨ ਵਿਦਵਾਨ ਸੁਵਰਗਵਾਸੀ ਸ. ਦੇਵਿੰਦਰ ਸਿੰਘ ਜੀ ਦੁੱਗਲ “ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ” ਵਿੱਚ ਰਾਜਨੀਤੀ ਵਿਗਿਆਨੀਆਂ ਅਤੇ ਪ੍ਰਸਿੱਧ ਵਿਦਵਾਨਾਂ, ਜਿਨ੍ਹਾਂ ਵਿੱਚ ਸਰਬ ਸ੍ਰੀ ਬ੍ਰਗਸ, ਪ੍ਰੇਡੀਅਰ, ਲੀਕਾਕ, ਬ੍ਰਾਈਸ, ਬਲੰਤਸ਼ੀ, ਰੈਮਜ਼ੇ ਮੀਯੂਰ, ਹੇਜ਼ ਕਾਰਲੀਟਨ, ਆਰਨਲਡ ਟਾਈਨਬੀ, ਜੇ. ਐਸ. ਮਿਲ, ਸਟਾਲਿਨ, ਸਿਜਵਿਕ, ਸਪਿੰਗਲਰ, ਰੀਨਾਨ, ਅੰਬੇਦਕਰ, ਗਾਰਨਰ ਆਦਿ ਸ਼ਾਮਲ ਹਨ, ਵਲੋਂ ਕੌਮ ਦੀ ਪ੍ਰੀਭਾਸ਼ਾ ਬੜੇ ਵਿਸਥਾਰ ਨਾਲ ਦਿੰਦੇ ਹਨ। ਇੱਥੇ ਉਨ੍ਹਾਂ ਦੇ ਵਿਚਾਰ ਸੰਖੇਪ ਵਿੱਚ ਕਿਸੀ ਫਿਰਕੇ ਵਲੋਂ ਕੌਮੀ ਹੈਸੀਅਤ ਦਾ ਧਾਰਨੀ ਹੋਣ ਬਾਰੇ ਉਲੀਕੇ ਗਏ ਇਸ ਪ੍ਰਕਾਰ ਹਨ:-
1. ਮਜ਼ਹਬੀ ਏਕਤਾ ਅਤੇ ਸੁਤੰਤਰਤਾ। 2. ਸਮਾਜੀ ਅਭਿੰਨਤਾ ਅਤੇਇਸ ਦੀ ਚੇਤਿੰਤਾ। 3. ਭਾਸ਼ਾਈ ਏਕਤਾ। 4.ਬਹੁਤ ਵੱਡੀ ਗਿਣਤੀ ਦਾ ਕਿਸੀ ਖਾਸ ਖੇਤਰ ਵਿੱਚ ਇਕੱਠੇ ਰਹਿਣਾ। 5.ਸਾਂਝਾ ਗੌਰਵਮਈ ਪਿਛੋਕੜ ਜਿੱਸ ਦਾ ਅਧਾਰ ਉਹ ਸਾਂਝੇ ਨਿਸ਼ਾਨੇ ਹਨ ਜਿਨ੍ਹਾਂ ਦੀ ਪੂਰਤੀ ਲਈ ਇੱਕ ਲੰਬੇ ਅਰਸੇ ਤੱਕ ਇਸ ਫਿਰਕੇ ਦੇ ਮੈਂਬਰਾਂ ਨੇ ਘਾਲਣਾਂ ਘਾਲੀਆਂ ਹੋਣ, ਕੁਰਬਾਨੀਆਂ ਦਿੱਤੀਆਂ ਹੋਣ, ਦੁੱਖ-ਸੁੱਖ ਸਾਂਝੇ ਕੀਤੇ ਹੋਣ, ਇਤਿਹਾਸਿਕ ਪ੍ਰਾਪਤੀਆਂ ਹਾਸਲ ਹੋਣ ਅਤੇ ਜਿਨ੍ਹਾਂ ਦੀ ਯਾਦ ਇੱਕ ਗੌਰਵਮਈ ਵਿਰਸੇ ਦੀ ਸੂਰਤ ਅਖਤਿਆਰ ਕਰ ਚੁੱਕੀ ਹੋਵੇ। 6. ਇਸ ਸਾਂਝੇ ਵਿਰਸੇ ਦੀ ਰੱਖਿਆ ਅਤੇ ਵਿਕਸਤਤਾ ਲਈ ਇਸ ਫਿਰਕੇ ਦਾ ਹਰ ਮੈਂਬਰ ਹਰ ਸਮੇਂ ਹਰ ਹਾਲਤ ਵਿੱਚ ਸਦਾ ਤਿਆਰ-ਬਰ-ਤਿਆਰ ਰਹੇ ਅਤੇ ਲੋੜ ਪੈਣ ਤੇ ਇਸ ਮਕਸਦ ਲਈ ਹੋਰ ਸਾਰੇ ਪ੍ਰਕਾਰ ਦੇ ਸੰਬੰਧ ਅਤੇ ਰਿਸ਼ਤੇ ਨਾਤੇ ਕੁਰਬਾਨ ਕਰਨ ਦਾ ਇਰਾਦਾ ਰੱਖਦਾ ਹੋਵੇ। 7. ਕਿਸੇ ਖਾਸ ਸਮੇਂ ਆਪਸੀ ਛੋਟੇ ਮੋਟੇ ਮੱਤ-ਭੇਦਾਂ ਦੇ ਬਾਵਜੂਦ ਉਪ੍ਰੋਕਤ ਤੱਥਾਂ ਦੇ ਅਧਾਰ ਤੇ ਉਸ ਫਿਰਕੇ ਦੀ ਆਪਸੀ ਏਕਤਾ, ਜਾਗਤ ਜੋਤਿ ਦੀ ਸੂਰਤ ਹਮੇਸ਼ਾ ਲਟ-ਲਟ ਕਰ ਰਹੀ ਹੋਵੇ ਅਤੇ ਕਿਸੇ ਸਾਂਝੇ ਸੰਕਟ ਦੀ ਸੂਰਤ ਵਿੱਚ ਆਪਸੀ ਮੱਤ-ਭੇਦ ਭੁਲਾ ਕੇ ਹਰ ਮੈਂਬਰ ਕੌਮੀ ਵਿਰਸੇ ਦੀ ਰਾਖੀ ਹਿੱਤ ਤੱਤਪਰ ਹੋ ਜਾਵੇ। 8. ਭਵਿੱਖ ਵਿੱਚ ਕਿਸੀ ਸਾਂਝੇ ਨਿਸ਼ਾਨੇ ਦਾ ਹੋਣਾ ਅਤੇ ਉਸ ਨੂੰ ਹਾਸਲ ਕਰਨ ਦੀ ਤੀਬਰ ਇੱਛਾ ਹੋਣੀ। 9.ਆਪਣੀ ਕੌਮ ਦਾ ਕਿਸੀ ਨਾ ਕਿਸੀ ਸੂਰਤ ਵਿੱਚ ਸੁਤੰਤਰ ਸਰੂਪ ਸਦਾ ਕਾਇਮ ਰੱਖਣ ਦਾ ਇਰਾਦਾ ਹੋਣਾ।
ਸੋ, ਉਪ੍ਰੋਕਤ ਤਥਾਂ ਦੀ ਰੌਸ਼ਨੀ ਵਿੱਚ ਇਹ ਠੀਕ ਸਿੱਧ ਹੋ ਜਾਂਦਾ ਹੈ ਕਿ ਰਾਜਨੀਤਕ ਵਿਗਿਆਨੀਆਂ ਅਤੇ ਦਿਵਾਨਾਂ ਵਲੋਂ ਕੌਮ ਸੰਬੰਧੀ ਮਿਥੇ ਗਏ ਮੂਲ ਆਧਾਰ ਸਿੱਖ ਕੌਮ ਤੇ ਪੂਰੀ ਤਰਾਂ ਠੀਕ ਉਤਰਦੇ ਹਨ। ਕਈ ਕੌਮਾਂ ਤਾਂ ਇਨ੍ਹਾਂ ਆਧਾਰਾਂ ਤੇ ਪੂਰੀਆਂ ਭੀ ਨਹੀਂ ਉਤਰਦੀਆਂ। ਉਹ ਅੱਗੇ ਲਿਖਦੇ ਹਨ ਕਿ “ਸਿੱਖ ਕੌਮ ਵਿੱਚ ਸਗੋਂ ਕੁੱਛ ਐਸੇ ਵਿਸ਼ੇਸ਼ ਗੁਣ ਹਨ ਜੋ ਸਿੱਖ ਕੌਮ ਦੇ ਸਰੂਪ ਨੂੰ ਦੁਨੀਆਂ ਦੀਆਂ ਹੋਰ ਸਾਰੀਆਂ ਕੌਮਾਂ ਨਾਲੋਂ ਨਿਖਾਰ ਕੇ ਪੇਸ਼ ਕਰਦੇ ਹਨ। “ਸਿੰਘ ਅਤੇ ਕੌਰ” ਨਾਲ ਲਿਖੇ ਜਾਂਦੇ ਸਾਂਝੇ ਨਾਂ, ਪਗੜੀ ਦਾ ਸਾਂਝਾ ਪਹਿਰਾਵਾ, ਸਾਂਝੀ ਅਰਦਾਸ ਦੁਆਰਾ ਹਰ ਰੋਜ਼ ਆਪਣੇ ਸਾਂਝੇ ਸ਼ਹੀਦਾਂ ਅਤੇ ਸਾਂਝੀਆਂ ਪ੍ਰਾਪਤੀਆਂ ਨੂੰ ਯਾਦ ਕਰਨਾ ਅਤੇ ਉਸ ਮਗਰੋਂ ਪੜ੍ਹੇ ਜਾਂਦੇ ਦੋਹਰੇ “ਰਾਜ ਕਰੇਗਾ ਖਾਲਸਾ” ਦੁਆਰਾ ਆਪਣੇ ਕੌਮੀ ਨਿਸ਼ਾਨੇ ਲਈ ਨਿੱਤ ਦ੍ਰਿੜ੍ਹ ਸੰਕਲਪ ਹੋਣਾ, “ਜਹਾਂ ਜਹਾਂ ਖਾਲਸਾ ਤਹਾਂ ਤਹਾਂ ਰੱਛਾ ਰਿਆਇਤ” ਦੁਆਰਾ ਆਪਣੀ ਕੌਮੀ ਏਕਤਾ ਦੀ ਹਰ ਰੋਜ਼ ਅਰਦਾਸ ਕਰਨੀ, ਇਹ ਗੁਣ ਕੇਵਲ ਸਿੱਖ ਕੌਮ ਦੇ ਹਿੱਸੇ ਹੀ ਆਏ ਹਨ। ਦੁਨੀਆਂ ਦੀ ਕਿਸੀ ਹੋਰ ਕੌਮ ਦੇ ਮੈਂਬਰਾਂ ਦੀ ਸ਼ਨਾਖਤ ਇਤਨੀ ਆਸਾਨੀ ਨਾਲ ਨਹੀਂ ਹੋ ਸਕਦੀ, ਜਿੱਸ ਤਰ੍ਹਾਂ ਸਿੱਖ ਕੌਮ ਦੇ ਮੈਂਬਰਾਂ ਦੀ ਹੋ ਜਾਂਦੀ ਹੈ। ਇਨ੍ਹਾਂ ਵਿਸ਼ੇਸ਼ ਗੁਣਾਂ ਕਾਰਨ ਹੀ ਨਿਰਾਦ ਚੌਧਰੀ ਸਿੱਖ ਕੌਮ ਨੂੰ ਭਾਰਤੀ ਉਪ-ਮਹਾਂਦੀਪ ਦੀਆਂ ਹਰੋ ਸਾਰੀਆਂ ਕੌਮਾਂ ਤੋਂ ਉਤਮ ਗਿਣਦਾ ਹੈ। ਇਹ ਸੱਭ ਕੁੱਛ ਕਿਵੇਂ ਹੋ ਸਕਿਆ? ਸ. ਸੁਖਦਿਆਲ ਸਿੰਘ ਜੀ ਅਨੁਸਾਰ, “ਗੁਰੂ ਸਾਹਿਬਾਨ ਜੀ ਵਲੋਂ ਸਭਿਆਚਾਰਕ ਇਨਕਲਾਬ ਦੁਆਰਾ, ਲੋਕਾਂ ਦੀ ਮਾਨਸਿਕ ਅਵਸਥਾ ਨੂੰ ਬਦਲ ਕੇ, ਤੇ ਉਨ੍ਹਾਂ ਦੇ ਖਿਆਲਾਂ ਤੇ ਇਰਾਦਿਆਂ ਵਿੱਚ ਇਨਕਲਾਬ ਲਿਆ ਕੇ”। ਜਿਨ੍ਹਾਂ ਲੋਕਾਂ ਨੇ ਇਸ ਇਨਕਲਾਬ ਵਿੱਚ ਹਿੱਸਾ ਲਿਆ ੳਨ੍ਹਾਂ ਨੇ ਇੱਕ ਨਵੀਂ ਕੌਮ ਦੀ ਨੀਂਹ ਰੱਖ ਕੇ ਇਸ ਨੂੰ ਪੱਕੇ ਪੈਰਾਂ ਤੇ ਖੜ੍ਹਾ ਕਰਨ ਲਈ ਜੋ ਕੀਤਾ, ਸੰਖੇਪ ਵਿੱਚ, ਸਿੱਖਾਂ ਵਲੋਂ ਗੁਰੂ ਨੂੰ ਅਧਿਆਤਮਕ ਗੁਰੂ ਹੀ ਨਹੀਂ ਸਗੋਂ ਸੰਸਾਰਕ ਸ਼ਾਸਕ ਵੀ ਸਮਝਣਾ, ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਵਲੋਂ ਕੁੱਛ ਸਮੇਂ ਲਈ ਪਹਿਲਾ ਸਿੱਖ ਰਾਜ ਕਾਇਮ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਗੁਰੂ ਜੀ ਦੇ ਨਾਮ ਦੇ ਸਿੱਕੇ ਚਲਾ ਕੇ ਰਾਜ ਕਾਇਮ ਕਰਨਾ, “ਜੋ ਅਨਿਆਇ ਦੇ ਰਾਜ ਦੀ ਕਾਲੀ ਬੋਲੀ ਰਾਤ ਵਿੱਚ ਇਹ ਚਿਰਾਂ ਤੋਂ ਉਡੀਕਦਾ ਪ੍ਰਕਾਸ਼ ਸੀ, ਜੋ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ”। ਸਿਰਾਂ ਦੇ ਮੁੱਲ ਸਿੱਖਾਂ ਦੇ, ਨਾ ਕਿ ਹੋਰ ਕਿਸੇ ਦੇ। ਨਵੰਬਰ 1984 ਵਿੱਚ ਸਿੱਖਾਂ ਨੂੰ ਵੱਖਰੀ ਕੌਮ ਸਮਝ ਕੇ ਹੀ ਆਜ਼ਾਦ ਦੇਸ਼ ਵਿੱਚ ਕੀ ਇਹ ਵਹਿਸ਼ੀਆਨਾ ਕਤਲ ਨਹੀਂ ਕੀਤੇ ਗਏ? ਮਿਸਲਾਂ ਵਲੋਂ ਆਪਣੇ ਆਪਣੇ ਰਾਜ ਕਾਇਮ ਕਰਨੇ, ਉਸੇ ਦੌਰਾਨ ਜ਼ਕਰੀਆ ਖਾਨ ਵਲੋਂ ਨਵਾਬੀ ਕਿਸੇ ਵਿਅਕਤੀ ਲਈ ਸ੍ਰਕਾਰ ਵਲੋਂ ਨਹੀਂ ਸੀ ਦਿੱਤੀ ਗਈ, ਬਲਕਿ “ਖਾਲਸੇ” ਭਾਵ “ਸਿੱਖ ਕੌਮ” ਨੂੰ ਦਿੱਤੀ ਗਈ ਸੀ। ਫਿਰ ਮਾਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਜੋ ਕਾਬਲ ਤੋਂ ਲੈ ਕੇ ਜਮਨਾ ਤੱਕ ਅਤੇ ਤਿੱਬਤ ਤੌਂ ਲੈ ਕੇ ਸਿੰਧ ਤੱਕ ਫੈਲਿਆ ਹੋਇਆ ਸੀ ਅਤੇ ਜਿੱਸ ਦੀਆਂ ਇੰਗਲੈਂਡ, ਰੂਸ, ਫਰਾਂਸ, ਇਟਲੀ, ਅਫਗਾਨਿਸਤਾਨ, ਨਿਪਾਲ, ਚੀਨ ਆਦਿ ਦੇਸ਼ਾਂ ਨਾਲ ਰਾਜਸੀ ਸੰਧੀਆਂ ਸਨ। 1947 ਤੋਂ ਪਹਿਲਾਂ ਅੰਗ੍ਰੇਜ਼ ਭਾਰਤ ਵਿੱਚ ਕੇਵਲ ਤਿੰਨ ਕੌਮਾਂ ਨੂੰ ਹੀ ਮਾਨਤਾ ਦਿੰਦਾ ਸੀ, ਭਾਵ ਹਿੰਦੂ, ਮੁਸਲਮਾਨ ਅਤੇ ਸਿੱਖ। ਦੇਸ ਦੀ ਵੰਡ ਤੋਂ ਪਹਿਲਾਂ ਸਿੱਖਾਂ ਨੂੰ ਆਪਣੇ ਨਾਲ ਰੱਖਣ ਲਈ ਹਿੰਦੂ ਲੀਡਰਾਂ ਨੇ ਵੀ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮੰਨ ਕੇ ਖਾਸ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਕੀਤੀ ਗਏ, ਜਿਨ੍ਹਾਂ ਨੂੰ ਮੁੜ ਮੁੜ ਕੇ ਦੁਹਰਾਉਣ ਦੀ ਲੋੜ ਨਹੀਂ, ਗੱਲ ਤਾਂ ਇਨ੍ਹਾਂ ਵਲੋਂ ਸਿੱਖਾਂ ਨੂੰ ਕੌਮ ਵਜੋਂ ਮੰਨਣ ਦੀ ਹੈ।
ਹੁਣ ਦੇਖਣਾਂ ਹੈ ਕਿ ਸੰਸਾਰ ਦੇ ਪ੍ਰਸਿੱਧ ਰਾਜਨੀਤਕ ਅਤੇ ਵਿਦਵਾਨ, ਸਿੱਖਾਂ ਨੂੰ ਕਿੱਸ ਕਿੱਸ ਨਜ਼ਰੀਏ ਨਾਲ ਇੱਕ ਕੌਮ ਮੰਨਦੇ ਹਨ? ਡਾਕਟਰ ਗੋਕਲ ਚੰਦ ਨਾਰੰਗ ਅਨੁਸਾਰ “ਸਮਾਜ-ਸੁਧਾਰ ਦੇ ਜਿਨ੍ਹਾਂ ਅਸੂਲਾਂ ਦੀ ਅਧਾਰ-ਸ਼ਿਲਾ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉੱਪਰ ਹੀ ਇੱਕ ਨਵੀਂ ਕੌਮ ਦੀ ਉਸਾਰੀ ਕਰਕੇ ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ”। ਸ੍ਰੀ ਹਰੀ ਰਾਮ ਗੁਪਤਾ ਜੀ ਲਿਖਦੇ ਹਨ, “ਸਿੱਖ ਗੁਰੂ ਸਾਹਿਬਾਨ ਦੇ ਸੰਘਰਸ਼ ਦਾ ਉਦੇਸ਼ ਨਵੀਆਂ ਚਨੌਤੀਆਂ ਦੇ ਮੁਕਾਬਲੇ ਲਈ ਦਲਿਤ ਅਤੇ ਮਜ਼ਲੂਮ ਲੋਕਾਂ ਵਿੱਚੋਂ ਇੱਕ ਸਵੈ-ਭਰੋਸੇ (ਹਾਂ ਜੀ ਸਵੈ ਭਰੋਸੇ) ਵਾਲੀ ਇੱਕ ਨਵੀਂ ਕੌਮ ਦੀ ਉਸਾਰੀ ਸੀ।
ਫਰਾਸਟਰ ਲਿਖਦਾ ਹੈ, “ਸਿੱਖ ਕੌਮ ਇੱਕ ਨਿਹਾਇਤ ਹੀ ਸਵੈ-ਅਭਿਮਾਨੀਆਂ ਦੀ ਕੌਮ ਹੈ। ਇਹ ਜਦ ਕਦੇ ਕਿਸੇ ਸਾਂਝੇ ਨਿਸ਼ਾਨੇ ਲਈ ਡਟ ਜਾਂਦੇ ਹਨ ਤਾਂ ਫਿਰ ਇਤਨੇ ਦ੍ਰਿੜ ਸੰਕਲਪ ਹੋ ਜਾਂਦੇ ਹਨ ਕਿ ਕੋਈ ਇਨ੍ਹਾਂ ਨੂੰ ਹਰਾ ਨਹੀਂ ਸਕਦਾ”। ਮੈਲਕਮ ਅਨੁਸਾਰ, “ਆਪਣੇ ਆਰੰਭਕ ਇਤਿਹਾਸ ਤੋਂ ਹੀ ਸਿੱਖ ਕੌਮ ਇੱਕ ਐਸੇ ਸ਼ੋਅਲੇ ਵਾਂਗ ਵਿਚਰਦੀ ਰਹੀ ਜਿਸ ਨੂੰ ਦਬਾਣ ਦੀ ਜਿਤਨੀ ਵੀ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਉਤਨਾ ਹੀ ਰੋਸ਼ਨ ਹੋ ਕੇ ਇਹ ਉਤਾਂਹ ਉਠਦਾ ਰਿਹਾ”। ਗਾਰਡਨ ਲਿਖਦਾ ਹੈ, “ਗੁਰੂ ਗੋਬਿੰਦ ਸਿੰਘ ਦੀ ਮਜ਼ਬੂਤ ਅਗਵਾਈ ਵਿੱਚ ਸਿੱਖ ਉਨ੍ਹਾਂ ਲੋਕਾਂ ਵਿੱਚੋਂ ਇੱਕ ਕੌਮ ਬਣ ਕੇ ਉਭਰੇ, ਜੋ ਕੌਮੀਅਤ ਤੋਂ ਬਿਲਕੁਲ ਸੱਖਣੇ ਸਨ”।
ਡਾਕਟਰ ਹਿਊਮ ਆਪਣੀ ਕਿਤਾਬ “ਵਰਲਡਜ਼ ਲਿਵਿੰਗ ਰਿਲਿਜਨਜ਼” ਪੰਨਾ 43 ਤੇ ਲਿਖਦਾ ਹੈ, “ਰਾਜਸੀ ਪੱਖੋਂ ਯਹੂਦੀਆਂ ਤੋਂ ਇਲਾਵਾ ਸਿੱਖ ਮੱਤ ਹੀ ਦੁਨੀਆਂ ਵਿੱਚ ਇੱਕ ਐਸਾ ਮਜ਼ਹਬ ਹੈ ਜਿਸ ਨੇ ਇੱਕ ਨਵੀਂ ਕੌਮ ਨੂੰ ਜਨਮ ਦਿੱਤਾ ਹੈ”। ਸਟਾਲਿਨ ਵਲੋਂ ਪਰਾਵਦਾ ਅਖਬਾਰ ਵਿੱਚ ਸਿੱਖਾਂ ਸੰਬੰਧੀ ਛਪੇ ਲੇਖ ਵਿੱਚ ਕਿਆ ਖੂਬ ਸ਼ਬਦ ਹਨ, “ਸਾਰੀ ਦੁਨੀਆਂ ਵਿੱਚ ਕੇਵਲ ਦੋ ਹੀ ਐਸੀਆਂ ਕੌਮਾਂ ਹਨ ਜਿਨ੍ਹਾਂ ਵਿੱਚ ਕੌਮ ਹੋਣ ਦੇ ਸਾਰੇ ਗੁਣ ਮੌਜੂਦ ਹਨ ਪ੍ਰੰਤੂ ਉਨ੍ਹਾਂ ਕੋਲ ਆਪਣਾ ਵੱਖਰਾ ਮੁਲਕ ਨਹੀਂ ਸੀ, ਇੱਕ ਸਿੱਖ ਅਤੇ ਦੂਜੇ ਯਹੂਦੀ। ਹੁਣ ਯਹੂਦੀਆਂ ਨੂੰ ਆਪਣਾ ਵੱਖਰਾ ਮੁਲਕ ਮਿਲ ਗਿਆ ਹੈ, ਪ੍ਰੰਤੂ ਸਿੱਖ ਅੱਜ ਤੱਕ ਇਸ ਤੋਂ ਵਾਂਝੇ ਹਨ”। (ਹਵਾਲਾ ਮਾਸਟਰ ਤਾਰਾ ਸਿੰਘ ਦੀ ਸਵੈ-ਜੀਵਨੀ, ਪੰ 197 ) ਸਰ ਚਾਰਲਿਸ ਈਲੀਅਟ, ਆਪਣੀ ਪੁਸਤਕ ਹਿੰਦੂਇਜ਼ਮ ਐਂਡ ਬੁਧਇਜ਼ਮ, p.272 ਤੇ ਲਿਖਦਾ ਹੈ, “ਗੁਰੂ ਗੋਬਿੰਦ ਸਿੰਘ ਵਲੋਂ ਉਠਾਏ ਗਏ ਕਦਮ ਇੱਕ ਨਵੀਂ ਕੌਮ ਦੀ ਉਸਾਰੀ ਵਿੱਚ ਸਫਲ ਹੋਏ”। ਐਨ. ਕੇ. ਸਿਨਹਾ ਅਨੁਸਾਰ, “ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਇੱਕ ਮਾਰਸ਼ਲ ਕੌਮ ਬਣਾਇਆ”। ਨਿਰਾਦ ਚੌਧਰੀ ਲਿਖਦਾ ਹੈ, “ਸਿੱਖ ਹੀ ਇੱਕ ਐਸੀ ਕੌਮ ਹੈ ਜੋ ਆਪਣੇ ਬਾਹਰੀ ਸਰੂਪ ਕਾਰਨ ਸਹਿਜੇ ਹੀ ਪਹਿਚਾਣੀ ਜਾ ਸਕਦੀ ਹੈ”। ਸ. ਖੁਸ਼ਵੰਤ ਸਿੰਘ ਅਨੁਸਾਰ, “ਦਸਮ ਪਾਤਸ਼ਾਹ ਵਿੱਚ ਉਹ ਸ਼ਕਤੀ ਸੀ ਜਿੱਸ ਨੇ ਚੂਹਿਆਂ ਤੋਂ ਬੰਦੇ ਅਤੇ ਫਿਰ ਉਨ੍ਹਾਂ ਬੰਦਿਆਂ ਤੋਂ ਇੱਕ ਨਵੀਂ ਕੌਮ ਬਣਾਈ, ਜਿੱਸ ਦੀ ਪ੍ਰੇਰਨਾ ਦਾ ਸੋਮਾ ਹਮੇਸ਼ਾ ਖਾਲਸਾ ਪੰਥ ਹੀ ਹੈ”।
ਲਤੀਫ ਲਿਖਦਾ ਹੈ, “ਗੁਰੂ ਗੋਬਿੰਦ ਸਿੰਘ ਨੇ ਉਸ ਨਿਜ਼ਾਮ ਦੀ ਬੁਨਿਆਦ ਆਪ ਹੀ ਰੱਖ ਦਿੱਤੀ ਸੀ, ਛੇਤੀ ਹੀ ਮਗਰੋਂ ਜਿੱਸ ਦੀ ਸਰਦਾਰੀ ਸਿੱਖ ਕੌਮ ਨੇ ਪੰਜਾਬ ਵਿੱਚ ਇਸਲਾਮ ਦੇ ਖੰਡਰਾਂ ਤੇ ਕਾਇਮ ਕਰ ਲਈ ਸੀ ਅਤੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਕੌਮ ਨੂੰ ਵਿਦੇਸ਼ੀ ਹਕੂਮਤ ਦੀ ਗੁਲਾਮੀ ਅਤੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ”। ਮਿਸਟਰ ਮਿਲਟਨ ਫਰਾਈਡਮੈਨ ਅਨੁਸਾਰ, “ਸਿੱਖ ਜੋ ਭਾਰਤ ਦੀ ਭੁਖ ਮਿਟਾਉਂਦੇ ਹਨ ਅਤੇ ਰਾਖੀ ਭੀ ਕਰਦੇ ਹਨ, ਜੇ ਭਾਰਤ ਨੂੰ ਸਿੰਘਾਂ ਦੀ ਸਰਬਰਾਹੀ ਸੌਂਪ ਦਿੱਤੀ ਜਾਵੇ ਤਾਂ ਫਿਰ ਨਾ ਤਾਂ ਵਿਕਾਸ ਦੀ ਕੋਈ ਸਮੱਸਿਆ ਰਹੇਗੀ ਤੇ ਨਾ ਹੀ ਗਰੀਬੀ ਦੀ। ਇੱਥੋਂ ਤੱਕ ਕਿ ਹਰ ਪ੍ਰਕਾਰ ਦੇ ਬਾਹਰੀ ਹਮਲੇ ਦੀ ਭੀ ਚਿੰਤਾ ਮੁੱਕ ਜਾਵੇਗੀ”। ਡਾ. ਨੋਇਲ ਕਿੰਗ ਦੇ ਕਿੰਨੇ ਸ਼ੁੱਭ ਵਿਚਾਰ ਹਨ, “ਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇੱਕ ਅਤਿਅੰਤ ਉੱਤਮ ਖਜ਼ਾਨਾ ਹੈ ਜਿਹੜਾ ਕਹਾਣੀਆਂ, ਲੰਮੇ-ਲੰਮੇ ਬਿਰਤਾਂਤਾਂ, ਤੰਤਰਾਂ, ਮੰਤਰਾਂ, ਜੰਤਰਾਂ ਤੋਂ ਮੁਕਤ ਹੈ, ਜਿੱਸ ਕਰਕੇ ਇਹ ਵੇਦਾਂ, ਸ਼ਾਸਤਰਾਂ, ਪੁਰਾਣ ਅਤੇ ਕੁਰਾਨ ਸ਼ਰੀਫ ਆਦਿ ਨਾਲੋਂ ਭਿੰਨ ਹੈ। ਇਸ ਵਿੱਚ ਧੁਰੋਂ ਆਈ ਸਚਾਈ ਦਰਜ ਹੈ”। ਜਗਤ ਪ੍ਰਸਿੱਧ ਭਾਰਤੀ ਇਤਿਹਾਸਕਾਰ ਡ. ਮੌਜਮਦਾਰ ਦਾ ਕਥਨ ਹੈ, “ਗੁਰੂ ਨਾਨਕ ਜੀ ਨੇਪ੍ਰਚੱਲਤ ਸੰਪ੍ਰਦਾਇਕ ਧਰਮਾਂ ਨਾਲੋਂ ਸਮੁੱਚਾ ਸੰਪਰਕ ਤੋੜ ਕੇ ਆਪਣਾ ਪੱਲਾ ਉਨ੍ਹਾਂ ਤੋਂ ਛੁਡਾ ਲਿਆ”। ਮਹਾਨ ਵਿਦਵਾਨਾਂ ਦੇ ਸਿੱਖ ਇੱਕ ਵੱਖਰੀ ਕੌਮ ਹੋਣ ਸੰਬੰਧੀ ਇਹ ਵਿਚਾਰ ਕਾਫੀ ਹਨ।
ਇਨ੍ਹਾਂ ਕੱਟੜ-ਪੰਥੀਆਂ ਵਲੋਂ ਦਿੱਤੀਆਂ ਜਾਂਦੀਆਂ ਬੇਬੁਨਿਆਦ ਦਲੀਲਾਂ, ਕਿ ਸਿੱਖ ਹਿੰਦੂ ਹੀ ਹਨ, ਦਾ ਜਵਾਬ ਤਾਂ ਇਨ੍ਹਾਂ ਨੂੰ ਉਪ੍ਰੋਕਤ ਹਵਾਲਿਆਂ ਤੋਂ ਮਿਲ ਗਿਆ ਹੋਣਾ ਚਾਹੀਦਾ ਹੈ, ਪਰ ਕੈਪਟਨ ਸਵਰਨ ਸਿੰਘ ਜੀ ਆਪਣੇ ਲੇਖ “ਇਕ ਸੰਪੂਰਨ ਕੌਮ ਦਾ ਇਤਿਹਾਸ” ਵਿੱਚ ਲਿਖਦੇ ਹਨ, “ਸਵਾਮੀ ਦਯਾਨੰਦ (ਜਿਸ ਨੂੰ ਗਿਆਨੀ ਦਿੱਤ ਸਿੰਘ ਜੀ ਨੇ ਪ੍ਰਮਾਰਥ ਸੰਬੰਧੀ ਵਾਦ ਵਿਵਾਦ ਵਿੱਚ ਤਿੰਨ ਵਾਰ ਹਰਾਇਆ) ਆਪਣੇ ਪਿੱਛੇ ਆਰੀਆ ਸਮਾਜ ਦੀ ਸ਼ਕਲ ਵਿੱਚ ਇੱਕ ਇਹੋ ਜਿਹੀ ਜਮਾਤ ਛੱਡ ਗਿਆ ਹੈ ਜੋ ਸਿੱਖੀ ਵਿਰੁੱਧ ਉਧਾਰ ਖਾਈ ਬੈਠੀ ਹੈ ਤੇ ਇਸ ਕੰਮ ਲਈ ਜ਼ਲੀਲ ਤੋਂ ਜ਼ਲੀਲ ਤੇ ਗੰਦੀ ਤੋਂ ਗੰਦੀ ਹਰਕਤ ਲਈ ਹਰ ਸਮੇਂ ਤਿਆਰ ਰਹਿੰਦੀ ਹੈ”। ਚਾਹੀਦਾ ਤਾਂ ਇਹ ਹੈ ਕਿ ਦੇਸ ਨੂੰ ਇਕ-ਮੁੱਠ ਅਤੇ ਮਜ਼ਬੂਤ ਰੱਖਣ ਅਤੇ ਦੇਸ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਣ ਦੇਣ ਦੀ ਹੀ ਸੋਚੀ ਜਾਵੇ। ਸੋ ਇਨ੍ਹਾਂ ਦੀਆਂ ਬੇਬੁਨਿਆਦ ਦਲੀਲਾਂ (ਕੁੱਛ ਸਮਾਂ ਪਹਿਲਾਂ ਵੰਡੇ ਇੱਕ ਪਰਚੇ ਵਿੱਚ ਦਿੱਤੀਆਂ ਦਲੀਲਾਂ ਕਿ “ਸਿੱਖ ਇੱਕ ਵੱਖਰੀ ਕੌਮ ਨਹੀਂ, ਇਹ ਹਿੰਦੂ ਸਮਾਜ ਦਾ ਹੀ ਅੰਗ ਹਨ” ) ਦਾ ਢੁੱਕਵਾਂ ਜਵਾਬ ਦੇਣਾਂ ਵੀ ਜ਼ਰੂਰੀ ਹੈ।
ਇਨ੍ਹਾਂ ਦੀ ਪਹਿਲੀ ਦਲੀਲ, ਕਿ ਸਿੱਖ ਹਿੰਦੂਆਂ ਵਿੱਚੋਂ ਬਣੇ ਹਨ, ਇਸ ਲਈ ਹਿੰਦੂ ਹੀ ਹਨ, ਦੇ ਜਵਾਬ ਵਿੱਚ ਡਾ. ਐਡਵਿਨ ਬਿਟਨ ਕਾਂਟ ਦੇ ਵਿਚਾਰਾਂ ਅਨੁਸਾਰ ਇਤਨਾ ਕਹਿਣਾ ਹੀ ਕਾਫੀ ਹੈ ਕਿ ਈਸਾਈ ਜੋ ਯਹੂਦੀਆਂ ਵਿੱਚੋਂ ਨਿਕਲੇ, ਕੀ ਉਹ ਯਹੂਦੀ ਹੀ ਹਨ? ਇਸੇ ਤਰ੍ਹਾਂ ਮੁਸਲਮਾਨ ਕੁਰੇਸ਼ੀ ਈਸਾਈਆਂ ਤੇ ਯਹੂਦੀਆਂ ਵਿੱਚੋਂ ਨਿਕਲੇ, ਕੀ ਉਨ੍ਹਾਂ ਨੂੰ ਅੱਜ ਕੁਰੇਸ਼ੀ ਈਸਾਈ ਜਾਂ ਯਹੂਦੀ ਕਿਹਾ ਜਾ ਸਕਦਾ ਹੈ? ਭਾਰਤ ਵਿੱਚ ਵੀ ਬਹੁਤ ਸਾਰੇ ਹਿੰਦੂ ਮੁਸਲਮਾਨ ਅਤੇ ਈਸਾਈ ਬਣੇ, ਕੀ ਉਨ੍ਹਾਂ ਨੂੰ ਹਿੰਦੂ ਕਿਹਾ ਜਾ ਸਕਦਾ ਹੈ? ਇਸ ਲਈ ਜੇ ਜੀਸਸ ਕਰਾਈਸਟ ਯਹੂਦੀ ਧਰਮ ਨੂੰ ਮੰਨਣ ਤੋਂ ਨਾਂਹ ਕਰਕੇ ਪਹਿਲੇ ਈਸਾਈ ਬਣੇ ਐਨ੍ਹ ਉਸੇ ਤਰ੍ਹਾਂ ਗੁਰੂ ਨਾਨਕ ਸਹਿਬ ਹਿੰਦੂ ਧਰਮ ਨੂੰ ਮੰਨਣ ਤੋਂ ਨਾਂਹ ਕਰਕੇ, ਨਿਰਾਲੇ ਪੰਥ ਦੀ ਨੀਂਹ ਰੱਖਕੇ ਪਹਿਲੇ, ਸਿੱਖ ਬਣੇ। ਇਸ ਦੇ ਨਾਲ ਨਿਰਪੱਖ ਸਿਆਣੇ ਵਿਦਵਾਨਾਂ ਦੇ ਵਿਚਾਰ ਦੇਣੇ ਵੀ ਲਾਭਦਾਇਕ ਹੋਣਗੇ। ਕਾਜ਼ੀ ਨੂਰ ਮੁਹੰਮਦ, ਜੋ ਅਹਿਮਦ ਸ਼ਾਹ ਅਬਦਾਲੀ ਨਾਲ ਹਿੰਦੋਸਤਾਨ ਦੇ ਸੱਤਵੇਂ ਹਮਲੇ ਵੇਲੇ ਆਇਆ ਸੀ, ਆਪਣੀ ਪੁਸਤਕ “ਜੰਗ ਨਾਮਾ” ਵਿੱਚ ਲਿਖਦਾ ਹੈ, “ਗੁਰੂ ਨਾਨਕ (ਸਾਹਿਬ) ਨੇ ਸਿੱਖਾਂ ਨੂੰ ਨਿਰਾਲਾ ਪੰਥ ਦਿੱਤਾ ਹੈ। ਇਹ ਹਿੰਦੂਆਂ ਵਿੱਚੋਂ ਨਹੀਂ, ਇਨ੍ਹਾਂ ਦਾ ਪੰਥ ਵੱਖਰਾ ਹੈ”। ਖਲਾਸਤੁਤ ਤਵਾਰੀਖ ਦਾ ਕਰਤਾ ਵੀ ਆਪਣੀ ਪੁਸਤਕ ਵਿੱਚ ਲਿਖਦਾ ਹੈ, “ਸਿੱਖ ਹਿੰਦੂ ਰਹੁ-ਰੀਤਾਂ ਵਿੱਚ ਯਕੀਨ ਨਹੀਂ ਰੱਖਦੇ ਅਤੇ ਨਾ ਹੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ”। ਮੈਕਾਲਫ, ਗਾਰਡਨਰ, ਕਨਿੰਘਮ, ਲਤੀਫ ਆਦਿ ਨਿਰਪੱਖ ਇਤਿਹਾਸਕਾਰ ਸਿੱਖ ਮੱਤ ਦੇ ਸੁਤੰਤਰ ਸਰੂਪ ਦੀ ਪ੍ਰੋੜਤਾ ਕਰਦੇ ਹਨ। ਪ੍ਰਸਿੱਧ ਧਰਮ ਖੋਜੀ ਡਾ. ਡੰਕਨ ਗ੍ਰੀਨਲੀਜ਼ ਆਪਣੀ ਪੁਸਤਕ
The Gospel of the Guru Granth Sahib , P. 216 ਤੇ ਲਿਖਦਾ ਹੈ, “ਸਿੱਖ ਨਾ ਹਿੰਦੂ ਤੇ ਨਾ ਹੀ ਮੁਸਲਮਾਨ ਹਨ। ਸਿੱਖ ਮੱਤ ਹਿੰਦੂ ਮੱਤ ਦਾ ਕੋਈ ਭੇਸ-ਵੱਟਵਾਂ ਰੂਪ ਨਹੀਂ, ਸਗੋਂ ਦੁਨੀਆਂ ਦੇ ਦੂਜੇ ਮਹਾਨ ਮੱਤਾਂ ਵਾਂਗ ਇੱਕ ਨਿਆਰਾ ਤੇ ਨਵੇਕਲਾ ਧਰਮ ਹੈ”। ਸ. ਭਗਤ ਸਿੰਘ ਹੀਰਾ ਜੀ ਆਪਣੇ ਲੇਖ “ਸਿੱਖ ਇੱਕ ਵਿਲੱਖਣ ਕੌਮ ਹੈ” ਵਿੱਚ ਖਾਸ ਵਿਚਾਰ ਪੇਸ਼ ਕਰਦੇ ਹਨ, “ਸਿੱਖ ਧਰਮ ਮਿਸ, ਖਿਚੜੀ, ਜਾਂ ਮਿਲਗੋਭਾ ਨਹੀਂ ਸਗੋਂ ਅਸਲੋਂ ਨਵੇਕਲਾ, ਨਰੋਆ ਅਤੇ ਸੁਤੇ ਪ੍ਰਕਾਸ਼ੀ ਧਰਮ ਹੈ, ਜਿੱਸ ਨੂੰ ਸਰਬ-ਹਿਤੈਸ਼ੀ ਹੋਣ ਤੇ ਦੂਜਿਆਂ ਲਈ ਮਰ ਮਿਟਣ ਦਾ ਫਖਰ ਹਾਸਲ ਹੈ”। ਪਰ ਇਹ ਲੋਕ ਇਨ੍ਹਾਂ ਲਈ ਮਰ ਮਿਟਣ ਵਾਲਿਆਂ ਦਾ ਘਾਣ ਕਰਕੇ ਭੰਗੜੇ ਭੀ ਪਾ ਸਕਦੇ ਹਨ। ਇਸ ਤਰ੍ਹਾਂ ਦੇ ਇਹ ਪੱਥਰ ਪੂਜ ਪੱਥਰ ਦਿਲ ਲੋਕ ਸਿੱਖਾਂ ਨੂੰ ਐਸੀ ਜ਼ਾਲਮ ਜ਼ਾਤੀ ਦਾ ਅੰਗ ਬਣਿਆ ਰਹਿਣਾ ਚਾਹੁੰਦੇ ਹਨ, ਜਦਕਿ ਸਿੱਖ ਆਪਣੇ ਨਾਲ ਕੀਤੇ ਵਾਅਦਿਆਂ ਨੂੰ ਮਨਵਾਉਣ ਲਈ ਸੰਘਰਸ਼ ਜਾ ਮੁਜ਼ਾਹਰਾ ਕਰਨ ਵੇਲੇ ਵੀ ਇਨ੍ਹਾਂ ਵਾਂਗ ਕਿਸੇ ਤਰ੍ਹਾਂ ਦੀ ਤੋੜ ਫੋੜ, ਜਾਨੀ ਮਾਲੀ ਨੁਕਸਾਨ ਕਰਨ ਜਾ ਸਾੜ ਫੂਕ ਕਰਨਾ ਤਾਂ ਇੱਕ ਪਾਸੇ, ਸੋਚਦੇ ਤੱਕ ਵੀ ਨਹੀਂ। ਪਰ ਸਿੱਖ ਫਿਰ ਵੀ ਕਿਸੇ ਤਰ੍ਹਾਂ ਦਾ ਇੰਸਾਫ ਮਿਲਣ ਦੀ ਥਾਂ ਬਦਨਾਮ! ਇਹ ਗੱਲ ਵੀ ਸਾਬਤ ਕਰਦੀ ਹੈ ਕਿ ਸਿੱਖ ਹਿੰਦੂ ਨਹੀਂ ਅਤੇ ਇਹ ਲੋਕ ਭੀ ਦਿਲੋਂ ਸਿੱਖਾਂ ਨੂੰ ਆਪਣੇ ਨਾਲੋਂ ਵੱਖਰੀ ਕੌਮ ਸਮਝ ਕੇ ਸਿੱਖਾਂ ਨਾਲ ਐਸਾ ਸਲੂਕ ਕਰਦੇ ਹਨ। ਭਾਰਤੀ ਹੁਕਮਰਾਨਾਂ ਨੇ ਵੀ ਸਿੱਖਾਂ ਨੂੰ ਦੂਸਰੇ ਤੋਂ ਵੀ ਤੀਸਰੇ ਦਰਜੇ ਦੇ ਸ਼ਹਿਰੀ ਸਮਝਿਆ ਹੋਇਆ ਹੈ, ਜਿੱਸ ਨੇ ਕਿ ਸਿੱਖ ਮਾਨਸਕਤਾ ਨੂੰ ਦੇਸ ਨੂੰ ਆਜ਼ਾਦ ਕਰਵਾਉਣ ਲਈ ਵੱਧ ਤੋਂ ਵੱਧ ਕੁਰਬਾਨੀਆਂ ਦੇਣ ਬਾਅਦ ਬਰਾਬਰਤਾ ਦਾ ਸਲੂਕ ਮਿਲਣ ਦੀ ਥਾਂ ਹਰ ਪੱਖੋਂ ਵਿਸਾਹ-ਘਾਤ ਕੀਤੇ ਜਾਣ ਤੇ ਜੁਦੇ ਹੋਣ ਦੇ ਰਾਹ ਤੋਰ ਦਿਤਾ ਹੈ, ਜਿੱਸ ਵਾਸਤੇ ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਸੀ।
ਅਗਲੀਆਂ ਦਲੀਲਾਂ ਵਿੱਚ ਗੁਰੂ ਸਾਹਿਬਾਨ ਦਾ ਵਿਆਹ ਵੇਦੀ ਪ੍ਰੰਪਰਾ ਨਾਲ ਹੋਣ, ਹਰਿਮੰਦਰ ਸਾਹਿਬ ਵਿੱਚ ਮੰਦਰ ਸ਼ਬਦ ਦੀ ਵਰਤੋਂ ਇਸ ਦੇ ਹਿੰਦੂ ਪ੍ਰੰਪਰਾ ਨਾਲ ਸੰਬੰਧਤ ਹੋਣ ਦਾ ਸਬੂਤ ਹੈ ਅਤੇ ਇਸ ਦੀ ਉਸਾਰੀ ਵਿੱਚ ਹਿੰਦੂ ਸਮਾਜ ਨੇ ਤਨ ਮਨ ਧੰਨ ਨਾਲ ਸਹਿਯੋਗ ਦਿੱਤਾ, ਗੁਦੁਆਰਾ ਬੰਗਲਾ ਸਾਹਿਬ ਦੀ ਥਾਂ ਇੱਕ ਉੱਘੇ ਹਿੰਦੂ ਦੀ ਕੋਠੀ ਸੀ, ਮਤੀ ਦਾਸ ਅਤੇ ਸਤੀ ਦਾਸ ਬ੍ਰਾਹਮਣ ਸਨ, ਸਿੱਖਾਂ ਦੇ ਕਾਂਸ਼ੀ ਵਿੱਚ ਸੰਸਕ੍ਰਿਤ ਸਿੱਖਣ ਜਾਣ ਅਤੇ ਬ੍ਰਿਜ ਭਾਸ਼ਾ ਵਿੱਚ ਲਿਖਣ ਆਦਿ ਨੂੰ ਹਿੰਦੂਪੁਣਾ ਦੱਸਦੇ ਹਨ, ਪੰਜ ਪਿਆਰੇ ਹਿੰਦੂਆਂ ਵਿੱਚੋਂ ਸਜੇ ਦੱਸਦੇ ਹਨ, ਸਿੱਖ ਹਿੰਦੂਆਂ ਦਾ ਬਿਕ੍ਰਮੀ ਕੈਲੰਡਰ ਵਰਤਦੇ ਹਨ ਤੇ ਹਿੰਦੂ ਹਨ, ਵਿਸਾਖੀ, ਲੋਹੜੀ, ਹੋਲੀ ਆਦਿ ਮਨਾਉਂਦੇ ਹਨ, ਸਤਿ ਸ੍ਰੀ ਅਕਾਲ ਵਿੱਚ ਸ੍ਰੀ, 1 ਉਂਕਾਰ ਵਿੱਚ ਓਂ ਅੰਮ੍ਰਿਤਸਰ, ਹਰਿਮੰਦਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼ਬਦ ਸੰਸਕ੍ਰਿਤ ਦੇ ਹੋਣ ਕਰਕੇ ਸਿੱਖਾਂ ਰਾਹੀਂ ਵਰਤੇ ਜਾਣ ਕਰਕੇ ਸਿੱਖ ਹਿੰਦੂ ਹਨ ਆਦਿ ਕਈ ਹੋਰ ਊਲ ਜਲੂਲ ਦਲੀਲਾਂ ਹਨ। ਇਨ੍ਹਾਂ ਦੇ ਜਵਾਬ ਵਿੱਚ, ਜਿੱਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਨਾਂਹ ਕਰ ਦਿੱਤੀ, ਜਿੱਸ ਦੇ ਪਹਿਨਣ ਨਾਲ ਬੰਦਾ ਹਿੰਦੂ ਬਣਦਾ ਹੈ, ਉਸ ਸਮੇਂ ਤੋਂ ਹੀ ਹਵਨ, ਤਿਲਕ ਆਦਿ ਨੂੰ ਵੀ ਤਲਾਂਜਲੀ ਦੇ ਦਿੱਤੀ। ਗੁਰੂ ਸਾਹਿਬ ਜੀ ਨੇ ਆਪਣੀਆਂ ਲਾਵਾਂ ਮੂਲ ਮੰਤਰ ਦੀ ਪ੍ਰਕਰਮਾਂ ਕਰਕੇ ਲਈਆਂ ਤੇ ਵੇਦੀ ਤੇ ਹਵਨ ਦੇ ਧੂੰਏਂ ਤੋਂ ਆਪ ਅਤੇ ਆਪਣੇ ਸਿੱਖਾਂ ਨੂੰ ਸਦਾ ਲਈ ਬਚਾ ਲਿਆ। ਚੌਥੀ ਪਾਤਸ਼ਾਹੀ, ਸ੍ਰੀ ਗੁਰੂ ਰਾਮ ਦਾਸ ਜੀ ਨੇ ਲਾਵਾਂ ਦੇ ਸ਼ਬਦ ਨਾਲ ਵਿਆਹ ਨੂੰ ਹੋਰ ਵੀ ਸੌਖਾ ਬਣਾ ਦਿੱਤਾ, ਜਿਸ ਨਾਲ ਕਈ ਹਿੰਦੂ ਪ੍ਰਵਾਰ ਵੀ ਆਪਣੇ ਵਿਆਹ ਕਰਨ ਲੱਗ ਪਏ ਸਨ। ਨਾਲ ਹੀ ਸ਼ਰਾਧਾਂ, ਵਰਤ, ਤਿਲਕ, ਦੇਵੀ ਦੇਵਤਿਆਂ ਦੀ ਪੂਜਾ ਆਦਿ ਤੋਂ ਭੀ ਛੁਟਕਾਰਾ ਦਵਾ ਦਿੱਤਾ, ਜਿਵੇਂ, “ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਅੰਧੇ ਗੂੰਗੇ ਅੰਧ ਅੰਧਾਰੁ॥ ਪਾਥਰ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾਂ ਆਪਿ ਡੁਬੇ ਤੁਮ ਕਹਾ ਤਰਨਹਾਰੁ॥” (ਅੰਗ 556)
ਹੋ ਸਕਦਾ ਹੈ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਵਿੱਚ ਹਿੰਦੂਆਂ ਨੇ ਵੀ ਸਹਿਜੋਗ ਦਿੱਤਾ ਹੋਵੇ, ਇਹ ਉਨ੍ਹਾਂ ਦੇ ਧੰਨਭਾਗ। ਉੱਥੇ ਸੇਵਾ ਕਰਨ ਵਾਲਾ ਕਿਸੇ ਤੇ ਅਹਿਸਾਨ ਨਹੀਂ ਕਰਦਾ, ਉਹ ਸਿਰਫ ਆਪਣਾ ਅੱਗਾ ਸਵਾਰਨ ਜਾਂ ਕੁੱਛ ਆਸਾਂ ਮੁਰਾਦਾਂ ਪੂਰੀਆਂ ਹੋਣ ਲਈ ਅਰਦਾਸ ਵਜੋਂ ਕਰਦਾ ਹੈ। ਉਹ ਸਤਿਕਾਰਯੋਗ ਬੰਦੇ ਉਨ੍ਹਾਂ ਮੰਦਭਾਗੇ ਬੰਦਿਆਂ ਨਾਲੋਂ ਵੱਡਭਾਗੇ ਸਨ ਤੇ ਹਨ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਅਤੇ ਹਮਲਾ ਕਰਨ ਲਈ ਉਕਸਾਇਆ। ਪਰ ਹਿੰਦੂ ਸੰਸਕ੍ਰਿਤੀ ਨੂੰ ਬਚਾਉਣ ਲਈ ਜੋ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਆਪਣੀਆਂ ਜਾਨਾਂ ਹੂਲ ਕੇ ਕੀਤਾ ਹਿੰਦੂਆਂ ਵਲੋਂ ਕੀਤਾ ਸੱਭ ਕੁੱਛ ਪਾਂ ਪਾਸਿਕ ਵੀ ਨਹੀਂ। ਹਰਿਮੰਦਰ ਸਾਹਿਬ ਵਿੱਚ ਮੰਦਰ ਸ਼ਬਦ ਦੀ ਵਰਤੋਂ ਨੂੰ ਹਿੰਦੂ ਪਰੰਪਰਾ ਨਾਲ ਸੰਬੰਧਤ ਹੋਣਾ ਦੱਸਦੇ ਹਨ। ਦਿੱਲੀ ਵਾਲੇ
(India Gate) ਦੇ ਦੋਨੋਂ ਸ਼ਬਦ ਅੰਗ੍ਰੇਜ਼ੀ ਦੇ ਹਨ, ਕੀ ਉਹ ਅੰਗ੍ਰੇਜ਼ਾਂ ਦਾ ਬਣ ਗਿਆ? ਕਾਂਸ਼ੀ ਵਿਖੇ ਸੰਸਕ੍ਰਿਤ ਸਿੱਖਣ ਜਾਣ, ਗੁਰੂ ਸਾਹਿਬ ਜੀ ਦਾ ਬ੍ਰਿਜ ਭਾਸ਼ਾ ਲਿਖਣ ਆਦਿ ਨੂੰ ਹਿੰਦੂਪੁਣਾਂ ਦੱਸਦੇ ਹਨ। ਤਾਂ ਤੇ ਜੋ ਹਿੰਦੂ ਲੋਕ ਇੰਗਲੈਂਡ ਜਾਂ ਅਮਰੀਕਾ ਅੰਗ੍ਰੇਜ਼ੀ ਆਦਿ ਪੜ੍ਹਨ ਜਾਂਦੇ ਹਨ ਅਤੇ ਅੰਗ੍ਰੇਜ਼ੀ ਵਿੱਚ ਪੁਸਤਕਾਂ ਲਿਖਦੇ ਹਨ, ਉਹ ਸੱਭ ਈਸਾਈ ਸਮਝੇ ਜਾਣੇ ਚਾਹੀਦੇ ਹਨ। ਕਿੰਨੀਆਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹਨ ਇਹ ਲੋਕ? ਜ਼ਬਾਨਾਂ ਤਾਂ ਜਿੰਨੀਆਂ ਵੱਧ ਤੋਂ ਵੱਧ ਇੱਕ ਬੰਦਾ ਸਿੱਖ ਸਕਦਾ ਹੋਵੇ ਸਿੱਖਣੀਆਂ ਚਾਹੀਦੀਆਂ ਹਨ, ਪਰ ਇੰਨੇ ਨਾਲ ਕਿਸੇ ਦਾ ਮਜ਼ਹਬ ਨਹੀਂ ਬਦਲ ਜਾਂਦਾ। ਕੀ ਇਹ ਦੱਸ ਸਕਦੇ ਹਨ ਕਿ ਕੋਈ ਐਸੀ ਬੋਲੀ ਹੈ, ਖਾਸ ਕਰਕੇ ਅੱਜਕਲ, ਜਿੱਸ ਵਿੱਚ ਹੋਰ ਕਿਸੇ ਬੋਲੀ ਦਾ ਸ਼ਬਦ ਨਾ ਹੋਵੇ। ਨਾਲੇ ਸੰਸਕ੍ਰਿਤ ਤਾਂ ਇਨ੍ਹਾਂ ਦੀ ਬੋਲੀ ਹੀ ਨਹੀਂ, ਉਹ ਤਾਂ ਸਿੱਖਾਂ ਦੀ ਬੋਲੀ ਹੈ ਜੋ ਪੰਜਾਬ ਵਿੱਚ ਜੰਮੀ ਪਲੀ ਅਤੇ ਉਨ੍ਹਾਂ ਜਟਾ ਜੂਟ ਰਿਸ਼ੀਆਂ ਮੁਨੀਆਂ ਰਾਹੀਂ ਪ੍ਰਫੁੱਲਤ ਹੋਈ ਜਿਨ੍ਹਾਂ ਦੇ ਪੂਰਨਿਆਂ ਤੇ ਸਿੱਖ ਚਲਦੇ ਹਨ ਅਤੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਉਸੇ ਸਿੱਖ ਸਰੂਪ ਵਿੱਚ ਕਾਇਮ ਰੱਖਿਆ ਹੈ। ਤੁਸੀਂ ਤਾਂ ਉਨ੍ਹਾਂ ਦੇ ਪੂਰਨਿਆਂ ਤੇ ਚਲਣਾਂ ਤਾਂ ਇੱਕ ਪਾਸੇ, ਉਨ੍ਹਾਂ ਦੀ ਅਣਖ ਨੂੰ ਪਹਿਲਾਂ ਆਪ ਧੱਬਾ ਲਾਇਆ ਅਤੇ ਹੁਣ ਉਨ੍ਹਾਂ ਦਾ ਹੀ ਸਰੂਪ ਸਿੱਖਾਂ ਨੂੰ ਵੀ ਖਤਮ ਕਰਨ ਤੇ ਤੁਲੇ ਹੋਏ ਹੋ। ਸੋ ਤੁਹਾਡਾ ਤਾਂ ਵਿਰਸਾ ਹੈ ਹੀ ਕੋਈ ਨਹੀਂ, ਮਹਾਨ ਰਿਸ਼ੀ ਵੀ ਅਤੇ ਸੰਸਕ੍ਰਿਥ ਜ਼ਬਾਨ ਵੀ ਸਿੱਖਾਂ ਦੇ, ਜਿੱਸ ਨੂੰ ਲੋੜ ਪੈਣ ਤੇ ਸਿੱਖ ਜਿਵੇਂ ਮਰਜ਼ੀ ਵਰਤਣ। ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਹੈ, ਜਿਵੇਂ ਪ੍ਰਭੂ, ਪ੍ਰੀਤਮ, ਸੁਆਮੀ, ਰਾਮ, ਰਹੀਮ, ਅਲਾਹ, ਵਾਹਿਗੁਰੂ, , ਬੀਠਲ, ਰਘੂਨਾਥ ਆਦਿ, ਪਰ ਇਸ ਨਾਲ ਕਿਸੇ ਹਿੰਦੂ, ਮੁਸਲਮਾਨ ਆਦਿ ਅਵਤਾਰ ਦੀ ਪ੍ਰਸੰਸਾ ਨਹੀਂ ਕੀਤੀ। ਬਾਕੀ ਨਿਘਰੇ ਜਾਂਦੇ ਹਿੰਦੂ ਸਮਾਜ ਦੀ ਰੱਖਿਆ ਜ਼ਰੂਰ ਆਪਣਾ ਸੱਭ ਕੁੱਛ ਵਾਰ ਕੇ ਵੀ ਕੀਤੀ। ਕੀ ਇਸ ਨਾਲ ਭਾਵ ਕਿਸੇ ਦੀ ਰੱਖਿਆ ਕਰਨ ਨਾਲ ਸਿੱਖ ਹਿੰਦੂ ਬਣ ਗਏ?
ਵੈਸੇ ਤਾਂ ਸਿੱਖ ਕੈਲੰਡਰ ਜੁਦਾ ਬਣ ਗਿਆ ਹੈ, ਪਰ ਕਿਸੇ ਦਾ ਕੈਲੰਡਰ ਵਰਤਣ ਨਾਲ ਧਰਮ ਨਹੀਂ ਬਦਲ ਜਾਂਦਾ, ਜੇ ਬਦਲ ਜਾਂਦਾ ਹੈ ਤਾਂ ਕੀ ਭਾਰਤ ਦੇ ਅਸਲੀ ਰੂਪ ਵਿੱਚ ਈਸਵੀ ਕੈਲੰਡਰ ਵਰਤਣ ਕਰਕੇ ਹਿੰਦੂ ਹਿੰਦੂ ਰਹਿ ਗਏ, ਈਸਾਈ ਨਾ ਬਣੇ? ਲੋਹੜੀ, ਹੋਲੀ ਆਦਿ ਵਿੱਚ ਸਿੱਖਾਂ ਦਾ ਕੋਈ ਵਿਸ਼ਵਾਸ ਨਹੀਂ, ਹੋਲੀ ਦੀ ਥਾਂ ਸਿੱਖਾਂ ਦਾ ਹੋਲਾ ਹੈ। ਸਿੱਖਾਂ ਦੀ ਵੈਸਾਖੀ ਬਾਰੇ ਸਾਰੀ ਦੁਨੀਆਂ ਜਾਣਦੀ ਹੈ, ਜਿੱਸ ਬਾਰੇ ਬਹੁਤ ਲਿਖਣ ਦੀ ਲੋੜ ਨਹੀਂ। ਸਿੱਖਾਂ ਦੀ ਦੀਵਾਲੀ ਰਾਮ ਚੰਦਰ ਜੀ ਵਾਲੀ ਨਹੀਂ, ਇਹ ਬੰਦੀ-ਛੋੜ ਦਿਵਸ ਹੈ ਜਿੱਸ ਦਿਨ ਨੂੰ ਸਗੋਂ ਹਿੰਦੂ ਸਮਾਜ ਨੂੰ ਅੱਗੇ ਹੋ ਕੇ ਮਨਾਉਣਾ ਚਾਹੀਦਾ ਹੈ ਜਦ ਕਿ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਿਰਾਂ ਤੋਂ ਕੈਦ ਕੀਤੇ ਹੋਏ ਹਿੰਦੂ ਰਾਜਿਆਂ ਨੂੰ ਆਪਣੇ ਨਾਲੋਂ ਵੀ ਪਹਿਲਾਂ ਬਾਹਰ ਕੱਢਣ ਦਾ ਪਰਉਪਕਾਰ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਨੂੰ ਉੱਘੇ ਹਿੰਦੂ ਦੀ ਕੋਠੀ ਦੱਸਦੇ ਹਨ, ਪਰ ਇਹ ਲੋਕ ਪਿਆਰ ਦੀ ਖੇਡ ਨੂੰ ਕੀ ਜਾਨਣ? ਰਾਜਾ ਜੈ ਸਿੰਘ, ਔਰੰਗਜ਼ੇਬ ਦਾ ਦਰਬਾਰੀ, ਬਾਲਾ ਗੁਰੂ, ਗੁਰੂ ਹਰਿ ਕ੍ਰਿਸ਼ਨ ਜੀ ਦੀ ਬਜ਼ੁਰਗੀ ਅਤੇ ਸ਼ਕਤੀ ਤੋਂ ਏਨਾਂ ਕੀਲਿਆ ਗਿਆ ਕਿ ਗੁਰੂ ਜੀ ਤੋਂ ਬਹੁਤ ਕੁੱਛ ਨਿਛਾਵਰ ਕਰ ਸਕਦਾ ਸੀ। ਗੁਰੂ ਜੀ ਨੇ ਵੀ ਉਸ ਅਸਥਾਨ ਨੂੰ ਲੋਕਾਂ ਦੇ ਦੁੱਖ ਦੂਰ ਕਰਨ ਤੇ ਡਿਗਿਆਂ ਢਿੱਠਿਆਂ ਲਈ ਸਹਾਰਾ ਬਨਾਉਣਾ ਸੀ, ਤੇ ਬਣਾਇਆਂ। ਅੱਗੇ ਇਨ੍ਹਾਂ ਦੇ ਕਹਿਣ ਅਨੁਸਾਰ ਮਤੀ ਦਾਸ ਤੇ ਸਤੀ ਦਾਸ ਬ੍ਰਾਹਮਣ ਨਹੀਂ ਸਨ ਅਤੇ ਨਾ ਹੀ ਪੰਜ ਪਿਆਰੇ ਹਿੰਦੂਆਂ ਵਿਚੋਂ ਸਜੇ ਸਨ। ਅਸਲੀਅਤ ਇਹ ਹੈ ਕਿ ਮਤੀ ਦਾਸ ਤੇ ਸਤੀ ਦਾਸ ਦੇ ਪਿਤਾ ਭਾਈ ਪਰਾਗਾ ਜੀ ਨੇ ਸ੍ਰੀ ਗੁਰੂ ਹਰਿ ਗੋਬਿੰਦ ਜੀ ਪਾਸੋਂ ਸਿੱਖੀ ਧਾਰ ਲਈ ਸੀ ਅਤੇ ਉਹ ਸਿੱਖ ਦੇ ਪੁੱਤਰ ਸਨ ਅਤੇ ਬਹੁਤ ਪੱਕੇ ਸਿੱਖ ਸਨ, ਜਿਨ੍ਹਾਂ ਨੇ ਸਿੱਖੀ ਸਰੂਪ ਵਿੱਚ ਸ਼ਹੀਦੀ ਦਿੱਤੀ। ਪੰਜ ਪਿਆਰੇ ਇਹ ਹਿੰਦੂਆਂ ਵਿੱਚੋਂ ਸਜੇ ਦੱਸਦੇ ਹਨ। ਦੁਨੀਆਂ ਜਾਣਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚੋਂ ਸਿੱਖ ਬਣਨੇ ਸ਼ੁਰੂ ਹੋ ਗਏ ਸਨ। ਜਿਹੜਾ ਇੱਕ ਵਾਰ ਸਿੱਖ ਬਣ ਜਾਂਦਾ ਸੀ ਉਹ ਹਿੰਦੂ ਜਾ ਮੁਸਲਮਾਨ ਨਹੀਂ ਰਹਿ ਜਾਂਦਾ ਸੀ। ਇਸ ਲਈ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਉਹ ਸਿੱਖਾਂ ਵਿੱਚੋਂ ਸਾਜਿਆ, ਉਨ੍ਹਾਂ ਵਿੱਚ ਕੋਈ ਘੋਨ ਮੋਨ ਨਹੀਂ ਸੀ, ਸਾਰੇ ਸਿੱਖ ਸਰੂਪ ਵਿੱਚ ਸਨ, ਅਤੇ ਉਸ ਦਿਨ ਤੋਂ ਹੀ ਨਾਮ ਦੇ ਨਾਲ ਦਾਸ ਆਦਿ ਦੀ ਥਾਂ “ਸਿੰਘ” ਲੱਗਣਾਂ ਸ਼ੁਰੂ ਹੋਇਆ। ਐਸੇ ਸਾਬਤ ਸੂਰਤ ਖਾਲਸੇ ਨੂੰ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰਿਆਈ ਬਖਸ਼ ਦਿੱਤੀ। ਇਹ ਹਿੰਦੂ ਘਰਾਣੇ ਵਿੱਚ ਪਹਿਲੇ ਪੁੱਤਰ ਦਾ ਸਿੱਖ ਬਣਨਾ ਵੀ ਕਹਿੰਦੇ ਹਨ। ਕਿੰਨੀਂ ਚੰਗੀ ਗੱਲ ਸੀ ਇਹ! ਪਰ ਗੁਰੂ ਜੀ ਅਤੇ ਗੁਰੂ ਕੇ ਸਿੱਖਾਂ ਵਲੋਂ ਇਨ੍ਹਾਂ ਅਤੇ ਭਾਰਤ ਦੇਸ ਲਈ ਕੀਤੀਆਂ ਕੁਰਬਾਨੀਆਂ ਦੇ ਅਹਿਸਾਨ ਵਿੱਚ ਤਾਂ ਚਾਹੀਦਾ ਸੀ ਕਿ ਸਾਰਾ ਹਿੰਦੋਸਤਾਨ ਸਿੱਖ ਬਣ ਜਾਂਦਾ, ਕਿਉਂਕਿ ਜੇ ਖਾਲਸਾ ਪੰਜਾਬ ਦੀ ਧਰਤੀ ਤੇ ਨਾ ਹੁੰਦਾ ਤਾਂ, ਬੜੇ ਬੜੇ ਵਿਦਵਾਨਾਂ ਦੇ ਕਥਨ ਅਨੁਸਾਰ, ਸਾਰਾ ਭਾਰਤ ਮੁਸਲਮਾਨ ਬਣ ਜਾਣਾ ਸੀ। ਇਨ੍ਹਾਂ ਦੀਆਂ ਹੋਰ ਨਿਕੱਮੀਆਂ ਦਲੀਲਾਂ ਤੀਰਥ ਇਸ਼ਨਾਨ, ਕਿਰਿਆ ਕਰਮ ਆਦਿ ਨਾਲ ਵੀ ਸਿੱਖ ਮਰਯਿਾਦਾ ਦਾ ਕੋਈ ਸੰਬੰਧ ਨਹੀਂ।
ਸੋ ਇਨ੍ਹਾਂ ਦੀਆਂ ਸਾਰੀਆਂ ਦਲੀਲਾਂ ਦੇ ਉੱਤਰ ਸਾਬਤ ਕਰਦੇ ਹਨ ਕਿ ਸਿੱਖ ਹਿੰਦੂਆਂ ਦੀ ਕਿਸੇ ਗੱਲ, ਰੀਤੀ, ਮਰਿਯਾਦਾ, ਇਸ਼ਟ, ਪੁਸ਼ਾਕ ਆਦਿ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ ਰੱਖਦੇ ਅਤੇ ਆਪਣੀ ਵੈਸਾਖੀ ਵਾਲੇ ਦਿਨ ਸਜੀ ਕੌਮ ਦੀ ਆਨ ਸ਼ਾਨ ਤੇ ਮਾਣ ਨੂੰ ਕਾਇਮ ਰੱਖਦੇ ਹੋਏ, ਹਿੰਦੂਆਂ ਤੇ ਮੁਸਲਮਾਨਾਂ ਦੇ ਨਾਲ ਨਾਲ ਇੱਕ ਮਹਾਨ ਤੇ ਵੱਖਰੀ ਤੀਸਰੀ ਕੌਮ ਹਨ। ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕਰਕੇ ਵੀ, ਗੁਰੂ ਸਾਹਿਬਾਨ ਦੇ ਬਖਸ਼ੇ ਸਾਂਝੀਵਾਲਤਾ ਦੇ ਉਪਦੇਸ਼ ਤੇ ਫੁੱਲ ਚੜ੍ਹਾ ਕੇ ਪੰਜਾਬ ਦੇ ਹਰ ਧਰਮ ਦੇ ਲੋਕਾਂ ਦਾ ਕਦੇ ਮਨ ਜਿੱਤਿਆ ਸੀ, ਪਰ ਤੰਗ ਦਿਲ ਹਿੰਦੂਆਂ ਨੂੰ ਉਹ ਰਾਜ ਵੀ ਨਾ ਭਾਇਆ ਅਤੇ ਉਹ ਹਲੇਮੀ ਰਾਜ, ਰਾਮ ਰਾਜ, ਖਤਮ ਕਰਕੇ ਹੀ ਸਾਹ ਆਇਆ ਸੀ। ਇਸ ਤਰ੍ਹਾਂ ਦੀ ਅਕ੍ਰਿਤਘਣਤਾ ਚਲੀ ਹੀ ਆ ਰਹੀ ਹੈ, ਜੋ ਵਤੀਰਾ ਸਾਰਿਆਂ ਲਈ ਤੇ ਖਾਸ ਕਰਕੇ ਦੇਸ ਲਈ ਬਹੁਤ ਹਾਨੀਕਾਰਕ ਚਲਿਆ ਆ ਰਿਹਾ ਹੈ। ਇਨ੍ਹਾਂ ਦੀ ਅਕ੍ਰਿਤਘਣਤਾ ਇਨ੍ਹਾਂ ਦੇ ਕੁਦਰਤੀ ਤੰਗਦਿਲ ਤੇ ਪੱਥਰਦਿਲ ਹੋਣ ਤੋਂ ਨਿਕਲਦੀ ਹੈ, ਜਿਹੜੇ ਕਿਸੇ ਦਾ ਘਾਣ ਕਰਕੇ ਭੰਗੜੇ ਭੀ ਪਾ ਸਕਦੇ ਹਨ, ਜੋ 1947 ਤੋਂ ਬਾਅਦ ਸਿੱਖਾਂ ਨਾਲ ਕਈ ਵਾਰ ਕੀਤਾ ਗਿਆ ਹੈ।
ਹੋਰ ਬਹੁਤ ਨਾਂ ਲਿਖਦੇ ਹੋਏ ਲੇਖ ਦਾ ਅੰਤ ਦੋ ਮਹਾਨ ਵਿਅਕਤੀਆਂ, ਇੱਕ ਧਾਰਮਿਕ ਅਤੇ ਦੂਜਾ ਸਿਆਸੀ, ਦੇ ਮਹੱਤਵਪੂਰਨ ਵਿਚਾਰਾਂ ਨਾਲ ਕਰਨਾ ਉਚਿੱਤ ਹੋਵੇਗਾ। ਸਵਾਮੀ ਰਾਮ ਤੀਰਥ ਜੀ, ਦੰਡੀ ਸਨਿਆਸੀ ਵੇਦਾਚਾਰੀਆ ਜੀ ਆਪਣੇ ਕਿਤਾਬਚੇ “ਸਰਬੋਤਮ ਧਰਮ-ਖਾਲਸਾ ਪੰਥ” ਵਿੱਚ ਕਹਿੰਦੇ ਹਨ, “ਜੇਕਰ ਗੁਰੂ ਜੀ ਹਿੰਦੂ ਰਹਿਣਾ ਪਸੰਦ ਕਰਦੇ ਤਾਂ ਉਹ “ਹਿੰਦੂ ਤੁਰਕ ਤੋਂ ਰਹੈ ਨਿਆਰਾ”, ਹਿੰਦੂ ਅਤੇ ਮੁਸਲਮਾਨ ਤੋਂ ਵੱਖਰਾ ਕਰਨ ਵਾਲਾ ਉਪਦੇਸ਼ ਆਪਣੇ ਸਿੱਖਾਂ ਨੂੰ ਨਾ ਦਿੰਦੇ। ਜੇਕਰ ਹਿੰਦੂ ਰਹਿੰਦੇ ਹੋਏ ਭੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ ਹਿੰਦੂ ਅਤੇ ਮੁਸਲਮਾਨਾਂ ਤੋਂ ਵੱਖਰੇ ਤੀਸਰੇ ਸਿੱਖ ਪੰਥ ਵਾਲੇ ਪੰਥ ਦਾ ਨਿਰਮਾਣ ਨਾ ਕਰਦੇ। ਇਸ ਲਈ ਹਿੰਦੂ ਧਰਮ ਤੋਂ ਵੱਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾਂ ਮੂਰਖਤਾ ਹੈ”।
ਦੂਸਰੇ ਸਾਥੀ ਪਾਲ ਸਿੰਘ, ਆਪਣੇ ਲੇਖ, “ਸਿੱਖ ਨਿਰਸੰਦੇਹ ਹੀ ਇੱਕ ਕੌਮ ਹਨ” ਵਿੱਚ ਕਹਿੰਦੇ ਹਨ “ਜਿਵੇਂ ਅੰਗ੍ਰੇਜ਼ ਆਪਣੇ ਹਿੱਤਾਂ ਵਾਸਤੇ ਹਿੰਦੂਆਂ ਦੀਆਂ ਗੈਰ ਵਿਗਿਆਨਕ ਰੀਤਾਂ ਅਤੇ ਪੁਰਾਣੇ ਭਰਮ ਭੁਲੇਖਿਆਂ ਭਰੇ ਸਭਿਆਚਾਰ ਨੂੰ ਲੋਕਾਂ ਵਿੱਚ ਕਾਇਮ ਰੱਖਣਾ ਚਾਹੁੰਦਾ ਸੀ, ਜਿੱਸ ਸਭਿਆਚਾਰ ਵਿੱਚੋਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕੱਢਿਆ, ਉਸੇ ਗੈਰ ਵਿਗਿਆਨਕ ਸਭਿਆਚਾਰ ਵਿੱਚ ਇਹ ਲੋਕ ਸਿੱਖਾਂ ਨੂੰ ਘਸੀਟਣਾ ਚਾਹੁੰਦੇ ਹਨ, ਜੋ ਠੀਕ ਨਹੀਂ”। ਉਹ ਗੁਰੂ ਸਾਹਿਬਾਨ ਵਲੋਂ ਲਿਆਂਦੇ ਮਨੋਵਿਗਿਆਨਕ ਵਿਚਾਰਧਾਰਾ, ਸਭਿਆਚਾਰਕ, ਆਰਥਿਕ, ਸਮਾਜਿਕ ਅਤੇ ਸਿਆਸੀ ਇਨਕਲਾਬ ਦੀਆਂ ਮਿਸਾਲਾਂ ਦੇ ਕੇ, ਕਿੱਦਾਂ ਸਿੱਖ ਕੌਮ ਹੋਂਦ ਵਿੱਚ ਆਈ, ਅੰਤ ਵਿੱਚ ਕਹਿੰਦੇ ਹਨ ਕਿ “ਸਿੱਖ ਇੱਕ ਵੱਖਰੀ ਕੌਮ ਹਨ”। ਆਸ ਹੈ ਕਿ ਇਨ੍ਹਾਂ ਸਿਰ ਫਿਰਿਆਂ ਦੀ ਨਿਸ਼ਾ ਹੋ ਗਈ ਹੋਵੇਗੀ ਕਿ ਸਿੱਖ ਇੱਕ ਵੱਖਰੀ ਕੌਮ ਹਨ, ਹਿੰਦੂ ਸਮਾਜ ਦਾ ਅੰਗ ਨਹੀਂ। ਸਗੋਂ ਇਨ੍ਹਾਂ ਨੂੰ ਸੰਕੀਰਨਤਾ ਭਰੀ ਸੋਚ ਨੂੰ ਛੱਡ ਕੇ ਦੇਸ ਵਾਸਤੇ ਅਸਲੀ ਦੇਸਭਗਤ ਸਿੱਖਾਂ ਨੂੰ ਮਿਸਟਰ ਮਿਲਟਨ ਫਰਾਈਡਮੈਨ ਦੇ ਕਥਨ ਅਨੁਸਾਰ, “ਭਾਰਤ ਨੂੰ ਸਿੰਘਾਂ ਦੀ ਸਰਬਰਾਹੀ ਸੌਂਪ ਦੇਣੀ ਚਾਹੀਦੀ ਹੈ, ਜੋ ਭਾਰਤ ਦੀ ਭੁੱਖ ਵੀ ਮਿਟਾਉਂਦੇ ਹਨ ਅਤੇ ਰਾਖੀ ਭੀ ਕਰਦੇ ਹਨ”। ਕਿਹੜੇ ਸਿੰਘਾਂ ਦੀ? ਅੱਜਕਲ ਦੇ ਸ੍ਰਦਾਰੀਆਂ ਕਰਨ ਵਾਲੇ ਬਕਾਊ ਸਿੱਖਾਂ ਕੋਲ ਨਹੀਂ, ਜੋ ਸਿਰਫ ਆਪਣੀ ਕੁਰਸੀ ਬਾਰੇ ਹੀ ਸੋਚਦੇ ਹਨ, ਉਨ੍ਹਾਂ ਕੋਲ ਜਿਹੜੇ ਸਿੱਖ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤੇ ਸਰਬੱਤ ਦਾ ਭਲਾ ਲੋੜਦੇ ਹੋਏ ਜਾਂ ਤਾਂ ਜੇਲ੍ਹਾਂ ਵਿੱਚ ਬੰਦ ਹਨ ਜਾਂ ਬਾਹਰ ਦੇ ਮੁਲਕਾਂ ਵਿੱਚ ਰੁਲ ਰਹੇ ਹਨ। ਉਨ੍ਹਾਂ ਦੀ ਸ੍ਰਬਰਾਹੀ ਥੱਲੇ ਤਾਂ ਮਿਸਟਰ ਫਰਾਈਡਮੈਨ ਅਨੁਸਾਰ, “ਫਿਰ ਨਾ ਤਾਂ ਵਿਕਾਸ ਦੀ ਕੋਈ ਸਮੱਸਿਆ ਰਹੇਗੀ ਤੇ ਨਾ ਹੀ ਗਰੀਬੀ ਦੀ। ਇੱਥੋਂ ਤੱਕ ਕਿ ਹਰ ਪ੍ਰਕਾਰ ਦੇ ਬਾਹਰੀ ਹਮਲੇ ਦੀ ਵੀ ਚਿੰਤਾ ਮੁੱਕ ਜਾਵੇਗੀ”। ਇਹ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਵਾਲੇ ਸਿੰਘਾਂ ਤੇ ਬਿਲਕੁਲ ਠੀਕ ਹੈ, ਕਿਉਂਕਿ ਐਸੇ ਸਿੰਘਾਂ ਦੀ ਕਰਨੀ ਤੋਂ ਪ੍ਰਭਾਵਤ ਹੋ ਕੇ ਦੋ ਉੱਘੇ ਅੰਗ੍ਰੇਜ਼ਾਂ, ਜਨਰਲ ਬਾਰਵੁੱਡ ਅਤੇ ਦੂਸਰੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਗਵਰਨਰ ਪੰਜਾਬ ਨਾਲ ਲੱਗੇ ਵਿਸ਼ੇਸ਼ ਉੱਚ-ਅਧਿਕਾਰੀ ਵਿਲੀਅਮ ਵਾਰਬਰਟ, ਨੇ ਇਥੋਂ ਤੱਕ ਕਹਿ ਦਿੱਤਾ, (ਇੱਥੇ ਮੈਂਨੂੰ ਮੈਂਨੂੰ ਦੀ ਥਾਂ ਸਾਨੂੰ ਲਿਖਿਆ ਜਾਂਦਾ ਹੈ) “ਸਾਨੂੰ ਆਪਣੀਆਂ ਬੀਵੀਆਂ ਅਤੇ ਨੌਜਵਾਨ ਪੁਤਰੀਆਂ ਸਿੱਖਾਂ ਦੀ ਹਫਾਜ਼ਤ ਵਿੱਚ ਰੱਖਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਚਾਹਟ ਨਹੀਂ ਹੋਵੇਗੀ ਕਿਉਂਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ”। (ਹਵਾਲਾ “ਸਿੱਖ ਸਿਧਾਂਤ” ਇਕਬਾਲ ਸਿੰਘ (ਬਾਬਾ) -ਪੰਨਾ 248-251) ਇਸ ਲਈ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ!
.