.

ਅਸਲ ਭੂਤਨੇਂ ਕੌਣ?

ਗੁਰਬਾਣੀ ਮੁਤਾਬਿਕ ਜੀਵਨ ਢਾਲ ਲੈਣ ਵਾਲੇ ਮਨੁੱਖ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮੁਖ ਕਿਹਾ ਹੈ। ਤੇ ਗੁਰਮੁਖ ਦਾ ਮਤਲਬ ਹੈ ਜਿਸਨੇਂ ਆਪਣੀਂ ਜੀਵਨ ਧਾਰਾ ਦਾ ਰੁਖ ਗੁਰੂ ਵੱਲ ਕਰ ਲਿਆ ਹੈ। ਜਿਸਦੀ ਜਿੰਦਗੀ ਦਾ ਹਰ ਕਾਰਜ ਗੁਰੂ ਦੀ ਸੋਚ ਅਨੁਸਾਰ ਹੁੰਦਾ ਹੈ। ਜੋ ਸੌਂਦਾ ਜਾਗਦਾ ਖਾਂਦਾ ਪਹਿਨਦਾ ਤੇ ਸਮਾਜ ਵਿੱਚ ਵਿਚਰਦਾ ਆਪਣੇ ਮੁਰਸ਼ਦ ਦੇ ਵਿਚਾਰਾਂ ਨੂੰ ਕਦੀ ਵੀ ਪਿੱਠ ਨਹੀ ਕਰਦਾ। ਜਿਸਦੇ ਵਾਸਤੇ ਉਸਦਾ ਗੁਰੂ ਹੀ ਸਭ ਕੁੱਝ ਹੈ। ਜੋ ਆਪਣੇ ਸਮਾਜ ਵਾਸਤੇ ਜਾਂ ਆਪਣੇਂ ਪ੍ਰਵਾਰ ਵਾਸਤੇ ਗੁਰੂ ਨੂੰ ਕੁਰਬਾਨ ਨਹੀਂ ਕਰਦਾ, ਸਗੋਂ ਆਪਣਾਂ ਸਾਰਾ ਕੁੱਝ ਆਪਣੇਂ ਗੁਰੂ ਦੇ ਸਿਧਾਤਾਂ ਤੋਂ ਨਿਛਾਵਰ ਕਰ ਦਿੰਦਾ ਹੈ। ਗੁਰਮੁਖ ਅਖਵਾ ਲੈਣਾਂ ਸੌਖਾ ਹੈ, ਪਰ ਗੁਰਮੁਖ ਬਣ ਜਾਣਾਂ ਬਹੁਤ ਔਖਾ ਹੈ। ਉਹ ਗੁਰਮੁਖ ਸਨ ਜਿੰਨ੍ਹਾਂ ਨੇਂ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ ਵੀ ਆਪਣੇਂ ਗੁਰੂ ਦੇ ਦਿੱਤੇ ਸਿਧਾਤਾਂ ਤੇ ਪਹਿਰਾ ਦਿੱਤਾ। ਆਰਾ ਭਾਵੇਂ ਚੀਰ ਗਿਆ, ਬੰਦ ਬੰਦ ਭਾਵੇਂ ਕੱਟੇ ਗਏ, ਸੂਲੀਆਂ ਤੇ ਭਾਵੇਂ ਟੰਗੇ ਗਏ, ਦੇਗਾਂ ਵਿੱਚ ਭਾਵੇਂ ਉਬਾਲੇ ਖਾ ਲਏ, ਜੰਬੂਰਾਂ ਨਾਲ ਮਾਸ ਭਾਵੇਂ ਨੋਚਿਆ ਗਿਆ, ਨੀਹਾਂ ਵਿੱਚ ਭਾਵੇਂ ਚਿਣ ਦਿੱਤੇ ਗਏ, ਜਿਊਦਿਆਂ ਜੀਅ ਖੱਲਾਂ ਤਾਂ ਲੁਹਾ ਲਈਆਂ ਪਰ ਕਦੇ ਵੀ ਆਪਣੀਂ ਜੀਵਨ ਧਾਰਾ ਦਾ ਰੁੱਖ ਆਪਣੇਂ ਗੁਰੂ ਤੋਂ ਨਾਂ ਮੋੜ੍ਹਿਆ। ਸਦਕੇ ਐਸੇ ਗੁਰਸਿੱਖਾਂ ਦੇ ਐਸੇ ਗੁਰਮੁਖਾਂ ਦੇ ਜੋ ਹਰ ਹਾਲ ਵਿੱਚ ਆਪਣੀਂ ਜਮੀਰ ਦਾ ਬਚਾਉ ਕਰਦਿਆਂ ਆਪਣੇ ਗੁਰੂ ਦੇ ਨਾਲ ਨਾਲ ਚੱਲਦੇ ਰਹੇ। ਐਸੇ ਜੀਵਨ ਵਾਲੇ ਪਿਆਰਿਆਂ ਨੂੰ ਭਾਈ ਗੁਰਦਾਸ ਜੀ ਗੁਰਮੁਖ ਕਹਿ ਰਹੇ ਹਨ।

ਗੁਰਮੁਖਿ ਸੁਖ ਫਲੁ ਜਨਮੁ ਸਤਿਗੁਰੁ ਪਾਇਆ॥

ਗੁਰਮੁਖਿ ਪੂਰ ਕਰੰਮੁ ਸਰਣੀ ਆਇਆ॥

ਸਤਿਗੁਰ ਪੈਰੀ ਪਾਇ ਨਾਉ ਦਿੜਾਇਆ॥

ਘਰ ਹੀ ਵਿਚਿ ਉਦਾਸੁ ਨ ਵਿਆਪੈ ਮਾਇਆ॥

ਗੁਰ ਉਪਦੇਸੁ ਕਮਾਇ ਅਲਖੁ ਲਖਾਇਆ॥

ਗੁਰਮੁਖਿ ਜੀਵਨ ਮੁਕਤੁ ਆਪੁ ਗਵਾਇਆ॥ (ਵਾ-20-ਪਉ-3)

ਭਾਵ-ਜਿੰਨ੍ਹਾਂ ਮਨੁੱਖਾਂ ਨੇ ਆਪਣਾਂ ਮੁੱਖ ਗੁਰੂ ਵੱਲ ਮੋੜ੍ਹ ਲਿਆ ਹੈ ਉਹਨਾਂ ਨੇਂ ਆਪਣਾਂ ਜੀਵਨ ਸਫਲ ਕਰ ਲਿਆ ਹੈ। ਐਸੇ ਗੁਰਮੁਖਾਂ ਨੇ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਪੈਕੇ ਪ੍ਰਮਾਤਮਾਂ ਦਾ ਨਾਮ ਆਪਣੇਂ ਅੰਦਰ ਦ੍ਰਿੜ੍ਹ ਕਰ ਲਿਆ ਹੈ। ਜਿਸਦੀ ਬਰਕਤ ਸਦਕਾ ਉਹ ਗੁਰਮੁਖ ਹੁਣ ਗ੍ਰਿਹਸਤ ਵਿੱਚ ਰਹਿਕੇ ਵੀ ਆਪਣੇਂ ਮਨ ਨੂੰ ਮਾਇਆ ਮੋਹ ਰੂਪ ਵਿਚਾਰਾਂ ਤੋਂ ਬਚਾਈ ਰੱਖਦੇ ਹਨ, ਤੇ ਆਪਣੇਂ ਮੁਰਸ਼ਦ ਦੇ ਦੱਸੇ ਮਾਰਗ ਤੇ ਚੱਲਕੇ ਆਪਣੇਂ ਅੰਦਰੋਂ ਹੀ ਵਾਹਿਗੁਰੂ ਜੀ ਦਾ ਦੀਦਾਰ ਕਰ ਲੈਂਦੇ ਹਨ, ਭਾਵ ਉਹਨਾਂ ਨੂੰ ਰੱਬ ਜੀ ਦੀ ਪ੍ਰਾਪਤੀ ਦੀ ਖਾਤਰ ਕਿਸੇ ਬਿਪਰਵਾਦੀ ਸੋਚ ਦੇ ਘੜ੍ਹੇ ਹੋਏ ਪਾਖੰਡ ਕਰਨ ਦੀ ਜਰੂਰਤ ਨਹੀਂ ਰਹਿੰਦੀ, ਨਾਂ ਜਪਾਂ ਦੀ ਲੋੜ੍ਹ ਭਾਸਦੀ ਹੈ ਨਾਂ ਤਪਾਂ ਦੀ ਤੇ ਨਾਂ ਹੀ ਦਾਨ ਪੁੰਨਾਂ ਦੇ ਚੱਕਰ ਵਿੱਚ ਹੀ ਫਸਣਾਂ ਪੈਂਦਾ ਹੈ। ਇਵੇਂ ਉਹ ਗੁਰਮੁਖ ਸਹਿਜ ਸੁਭਾ ਹੀ ਆਪਾ ਭਾਵ ਮਿਟਾ ਕੇ ਜੀਵਨ ਮੁਕਤ ਹੋ ਜਾਂਦੇ ਹਨ। ਭਾਵ ਜੀਉਦਿਆਂ ਜੀਅ ਹੀ ਵਿਕਾਰਾਂ ਦਾ ਪ੍ਰਭਾਉ ਖਤਮ ਕਰ ਲੈਂਦੇ ਹਨ।

ਭਾਈ ਗੁਰਦਾਸ ਜੀ ਨੇਂ ਆਪਣੀਂ ਰਚਨਾਂ ਵਿੱਚ ਗੁਰਮੁਖਿ ਸ਼ਬਦ ਗੁਰੂ ਸਾਹਿਬਾਨ ਵਾਸਤੇ ਵੀ ਵਰਤਿਆ ਹੈ ਜਿਵੇ ਗੁਰੂ ਨਾਨਕ ਸਾਹਿਬ ਜੀ ਬਾਰੇ ਉਹਨਾਂ ਦੇ ਇਹ ਬਚਨ ਹਨ-

ਗੁਰਮੁਖਿ ਕਲਿ ਵਿੱਚ ਪਰਗਟੁ ਹੋਆ॥ (ਵਾਰ 1, ਪਉ: 27)

ਗੁਰੂ ਅੰਗਦ ਦੇਵ ਜੀ ਪ੍ਰਥਾਏ-

ਸਬਦੁ ਗੁਰੂ ਗੁਰੁ ਵਾਹੁ ਗੁਰਮੁਖਿ ਪਾਇਆ॥ (ਵ: 3, ਪ: 4)

ਗੁਰੂ ਅਮਰਦਾਸ ਜੀ ਬਾਰੇ-

ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਤਿ ਇਲਾਹੀ॥ (ਵ: 1, ਪ: 46)

ਇਸ ਤੋਂ ਇਹ ਸ਼ਪੱਸ਼ਟ ਹੋਇਆ ਹੈ ਕਿ ਜੋ ਮਨੁੱਖ ਗੁਰੂ ਦੁਅਰਾ ਦੱਸੀ ਗਈ ਵਿਚਾਰਧਾਰਾ ਨੂੰ ਆਪਣੇਂ ਜੀਵਨ ਵਿੱਚ ਅਪਣਾਂ ਲੈਂਦਾ ਹੈ ਉਹਦੇ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਰਹਿੰਦਾ। ਭਾਵ ਉਹਦੇ ਹਰ ਪ੍ਰਕਾਰ ਦੇ ਭੇਦ ਭਾਵ ਖਤਮ ਹੋ ਜਾਂਦੇ ਹਨ। ਤੇ ਉਹ ਗੁਰੂ ਵਰਗਾ ਹੀ ਆਤਮ-ਦਰਸ਼ੀ, ਗਿਆਨਵਾਨ, ਨਿਮਰਤਾਵਾਨ, ਹੋ ਜਾਂਦਾ ਹੈ। ਹੁਣ ਵਿਚਾਰ ਕਰੀਏ ਉਸ ਮਨੁੱਖ ਪ੍ਰਥਾਏ ਜਿਸਦੀ ਜਿੰਦਗੀ ਗੁਰ ਸਿਧਾਤਾਂ ਮੂਜਬ ਨਹੀਂ ਹੈ ਜੋ ਵਾਹਿਗੁਰੂ ਜੀ ਦੀ ਭੈ ਭਾਵਨੀਂ ਤੋ ਦੂਰ ਰਹਿੰਦਾ ਹੈ, ਉਸ ਪ੍ਰਥਾਏ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ। ਭਾਈ ਸਾਹਿਬ ਜੀ ਵਾਰ 34 ਦੀ ਪਉੜ੍ਹੀ ਨੰ: 20 ਵਿੱਚ ਬੜ੍ਹੀਆਂ ਕਮਾਲ ਦੀਆਂ ਉਦਾਹਰਨਾਂ ਦੇਕੇ ਉਸ ਮਨੁੱਖ ਦਾ ਚਿਤਰਨ ਕਰਦੇ ਹਨ ਜੋ ਆਪਣੇ ਗੁਰੂ ਦੀ ਵਿਚਾਰ ਤੋਂ ਸੱਖਣਾਂ ਹੈ ਭਾਵ ਬੇਮੁੱਖ ਹੈ। ਭਾਈ ਸਾਹਿਬ ਜੀ ਕਹਿੰਦੇ ਹਨ ਜਿਵੇਂ ਕੋਈ ਮਨੁੱਖ ਊਠ ਨੂੰ ਛਾਨਣੀ ਵਜਾਕੇ ਸੁਣਾਵੇ ਕਿ ਊਠ ਉਠ ਖਲੋਵੇ, ਕੀ ਇਹ ਹੋ ਸਕਦਾ ਹੈ। ਮਸਤ ਹਾਥੀ ਨੂੰ ਕੋਈ ਤਾੜ੍ਹੀ ਮਾਰਕੇ ਡਰਾਵੇ ਤਾਂ ਕੀ ਹਾਥੀ ਡਰ ਜਾਂਦਾ ਹੈ, ਭਾਵ ਨਹੀਂ। ਸ਼ੇਸ਼ਨਾਗ ਮੂਹਰੇ ਦੀਵਾ ਬਾਲਕੇ ਉਸਨੂੰ ਕੋਈ ਡਰਾਉਣ ਦਾ ਯਤਨ ਕਰੇ ਤਾਂ ਕੀ ਉਹ ਡਰ ਜਾਵੇਗਾ, ਸਗੋਂ ਫ਼ੁੰਕਾਰੇ ਮਾਰ ਮਾਰ ਕੇ ਉਸਦੇ ਦੀਵੇ ਨੂੰ ਹੀ ਬੁਝਾ ਦੇਵੇਗਾ। ਕੀ ਕੋਈ ਸਹਿਆ ਸ਼ੇਰ ਨੂੰ ਅੱਖਾਂ ਲਾਲ ਕਰਕੇ ਡਰਾਉਣ ਦਾ ਯਤਨ ਕਰੇ ਤਾਂ ਕੀ ਸ਼ੇਰ ਡਰ ਜਾਂਦਾ ਹੈ। ਕੀ ਕਦੇ ਪਰਨਾਲਿਆਂ ਦਾ ਪਾਣੀਂ ਸਾਗਰ ਦੀਆਂ ਲਹਿਰਾਂ ਦੀ ਬਰਾਬਰੀ ਕਰ ਸਕਦਾ ਹੈ, ਭਾਵ ਨਹੀਂ ਕਰ ਸਕਦਾ, ਸਾਗਰ ਦੇ ਸਾਹਮਣੇ ਉਹਨਾਂ ਦੀ ਕੋਈ ਪਾਇਆਂ ਨਹੀਂ ਹੈ। ਤਿਵੇਂ ਹੀ ਬੇਮੁੱਖ ਮਨੁੱਖ ਭਾਵ ਜਿੰਨ੍ਹਾਂ ਦੀ ਸੁਰਤ ਦਾ ਕੋਈ ਕੇਂਦਰ ਨਹੀਂ ਹੈ, ਅਣਹੋਂਦਾ ਹੀ ਹੰਕਾਰ ਕਰੀ ਫਿਰਦੇ ਹਨ, ਐਸੇ ਮਨੁੱਖ ਅਸਲ ਭੂਤਨੇਂ ਹਨ। ਜਿਨ੍ਹਾਂ ਨੇਂ ਆਪਣਾਂ ਮੁੱਖ ਆਪਣੇਂ ਗੁਰੂ ਤੋਂ ਵੱਟ ਲਿਆ ਹੈ। ਜਿਨ੍ਹਾਂ ਦੇ ਪੱਲੇ ਤਾਂ ਕੱਖ ਵੀ ਨਹੀਂ ਹੈ ਪਰ ਫਿਰ ਵੀ ਹੰਕਰ ਨਾਲ ਭਰੇ ਪਏ ਹਨ, ਤੇ ਸੱਚ ਮਾਰਗ ਤੇ ਚੱਲਣ ਵਾਲਿਆਂ ਨੂੰ ਗਿੱਦੜ੍ਹ ਭਬਕੀਆਂ ਦਿੰਦੇ ਹਨ, ਭਾਵ ਡਰਾ ਧਮਕਾ ਕੇ ਬੈਠਾ ਦੇਣਾਂ ਚਾਹੁੰਦੇ ਹਨ, ਐਸੇ ਮਨੁੱਖਾਂ ਦਾ ਯਤਨ ਇਵੇਂ ਹੀ ਹੈ ਜਿਵੇਂ-ਊਠ ਦੇ ਮੂਹਰੇ ਛਾਨਣੀ ਦੀ ਆਵਾਜ, ਮਸਤ ਹਾਥੀ ਦੇ ਮੂਹਰੇ ਤਾੜ੍ਹੀ, ਨਾਗ ਨੂੰ ਦੀਵਾ, ਸ਼ੇਰ ਨੂੰ ਸਹੇ ਦੀਆਂ ਅੱਖਾਂ, ਤੇ ਜਿਵੇਂ ਸਮੁੰਦਰ ਨੂੰ ਪਰਨਾਲਾ ਵੰਗਾਰੇ, ਭਾਵ ਸਭ ਵਿਅਰਥ ਹੈ।

ਵਾਇ ਸੁਣਾਏ ਛਾਣਨੀ ਤਿਸੁ ਉਠ ਉਠਾਲੇ॥

ਤਾੜੀ ਮਾਰਿ ਡਰਾਇਂਦਾ ਮੈਂਗਲ ਮਤਵਾਲੇ॥

ਬਾਸਕਿ ਨਾਗੈ ਸਾਮ੍ਹਣਾ ਜਿਉਂ ਦੀਵਾ ਬਾਲੇ॥

ਸੀਹੁੰ ਸਰਜੈ ਸਹਾ ਜਿਉਂ ਅਖੀਂ ਵੇਖਾਲੇ॥

ਸਾਇਰ ਲਹਰਿ ਨ ਪੁਜਨੀ ਪਾਣੀ ਪਰਨਾਲੇ॥

ਅਣਹੋਂਦਾ ਆਪੁ ਗਣਾਇਂਦੇ ਬੇਮੁਖ ਬੇਤਾਲੇ॥ (ਵਾਰ 34 ਪਉ: 20)

ਭਾਈ ਗੁਰਦਾਸ ਜੀ ਬੇਮੁੱਖ ਮਨੁੱਖ ਨੂੰ ਹੀ ਅਸਲ ਭੂਤਨਾਂ ਮੰਨਦੇ ਹਨ। ਜਿਸਦੀ ਜੀਵਨ ਧਾਰਾ ਵਿੱਚ ਅਜੇ ਕੋਈ ਗੁਰੂ ਦੀ ਮੱਤ ਦਾ ਰੰਗ ਨਹੀਂ ਘੁਲਿਆ ਹੈ। ਜੋ ਆਪ ਨੂੰ ਤਾਂ ਸਰਵ ਸ਼੍ਰੇਸ਼ਟ ਮੰਨਦਾ ਹੈ ਪਰ ਗੁਰੂ ਦੁਆਰਾ ਦਿੱਤੀ ਜਾਣ ਵਾਲੀ ਕਿਸੇ ਨੂੰ ਸਿੱਖਿਆ ਦਾ ਕੋਈ ਮੁੱਲ ਨਹੀਂ ਪਾਉਂਦਾ। ਆਉ ਜਰ੍ਹਾ ਅਸੀਂ ਵੀ ਆਪੋ ਆਪਣੇ ਅੰਦਰ ਝਾਤ ਮਾਰਕੇ ਦੇਖੀਏ ਕਿ ਅਸੀ ਤਾਂ ਅਸਲ ਭੂਤਨੇਂ ਨਹੀਂ ਜੋ ਖੁਦ ਨੂੰ ਬੜ੍ਹੇ ਚੰਗੇ ਮੰਨ ਕੇ ਚੱਲ ਰਹੇ ਹਾਂ ਪਰ ਬਾਬਾ ਨਾਨਕ ਸਾਹਿਬ ਜੀ ਦੀਆਂ ਦੱਸੀਆਂ ਸਾਰੀਆਂ ਬਾਤਾਂ ਹੀ ਵਿਸਾਰ ਚੁੱਕੇ ਹਾਂ। ਪੰਜਾਬ ਦੀ ਧਰਤੀ ਤੇ ਆਏ ਦਿਨ ਭੂਤ ਪ੍ਰੇਤ ਕੱਢਣ ਦੇ ਨਾਂ ਤੇ ਕਿਸੇ ਨਾਂ ਕਿਸੇ ਮਾਸੂਮ ਦੀ ਜਾਨ ਲੈ ਲਈ ਜਾਂਦੀ ਹੈ। ਤਕਰੀਬਨ ਪੰਜਾਬ ਦਾ ਹਰ ਪਿੰਡ ਇਸ ਅੰਧ ਵਿਸ਼ਵਾਸ਼ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ। ਇੱਕ ਘਰ ਦੂਜੇ ਘਰ ਨਾਲੋਂ ਨਫਰਤ ਕਰਦਾ ਹੈ। ਇੱਕ ਕਹਿੰਦਾ ਹੈ ਮੈਨੂੰ ਇਸਨੇਂ ਕੁੱਝ ਕਰ ਦਿੱਤਾ ਹੈ ਦੂਜਾ ਕਹਿੰਦਾ ਹੈ ਮੈਂਨੂੰ ਇਸਨੇ ਕੁੱਝ ਕਰ ਦਿੱਤਾ ਹੈ। ਫਿਰ ਭੂਤਾਂ ਪ੍ਰੇਤਾਂ ਦਾ ਡਰ ਪਾਕੇ ਕੁੱਝ ਚਲਾਕ ਲੋਕ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦਾ ਕਾਰਨ ਬਣ ਜਾਂਦੇ ਹਨ। ਚੱਲੋ ਅਸੀਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਨੂੰ ਕੋਈ ਗਿਆਨ ਨਹੀ ਹੈ। ਮਗਰ ਹੈਰਾਨੀਂ ਉਦੋਂ ਹੁੰਦੀ ਹੈ ਜਦੋਂ ਗੁਰਬਾਣੀਂ ਪੜ੍ਹਨ ਵਾਲੇ ਕਥਾ ਕਰਨ ਵਾਲੇ (ਸੰਤ ਸਿੰਘ ਮਸਕੀਨ) ਵੀ ਇਹ ਗੱਲਾਂ ਕਹਿ ਜਾਂਦੇ ਹਨ ਕਿ ਭੂਤ ਪ੍ਰੇਤ ਹੁੰਦੇ ਹਨ। ਮੈਂ ਤਾਂ ਇਥੋਂ ਤੱਕ ਇੱਕ ਵੀਰ ਕੋਲੋਂ ਸੁਣਿਆਂ ਹੈ ਕਿ ਹਜੂਰ ਸਾਹਿਬ ਅੱਧੀ ਰਾਤ ਨੂੰ ਇੱਕ ਗੁਰਸਿੱਖ ਦੀ ਆਤਮਾਂ ਜਿਸਦੀ ਮੁਕਤੀ ਨਹੀ ਸੀ ਹੋਈ ਉਹ ਆਕੇ ਨਗਾਰਾ ਵਜਾਇਆ ਕਰਦੀ ਸੀ, ਉਹ ਕਿਸੇ ਨੂੰ ਦਿਖਾਈ ਤਾਂ ਨਹੀਂ ਸੀ ਦਿੰਦੀ ਪਰ ਨਗਾਰਾ ਆਪਣੇ ਆਪ ਹੀ ਵੱਜਦਾ ਰਹਿੰਦਾ ਹੁੰਦਾ ਸੀ। ਮੈਂ ਉਹਨੂੰ ਪੁਛਿਆ ਕਿ ਤੁਸੀਂ ਇਹ ਗੱਲ ਕਿਥੋਂ ਸੁਣੀ। ਤਾਂ ਉਸਦਾ ਜੁਵਾਬ ਸੀ, ਮੈਂ ਇਹ ਗੱਲ ਮਸਕੀਨ ਜੀ ਦੀ ਕਥਾ ਵਿੱਚ ਸੁਣੀਂ ਸੀ। ਜਦ ਸਾਡੇ ਉੱਚ ਕੋਟੀ ਦੇ ਵਿਦਵਾਨ ਸੱਜਣ ਹੀ ਐਸੀਆਂ ਮਨਘੜ੍ਹਤ ਗੱਲਾਂ ਕਰ ਜਾਣ ਤਾਂ ਫਿਰ ਪਿਛੇ ਕੀ ਬਚਦਾ ਹੈ। ਜਦਕਿ ਗੁਰਬਾਣੀਂ ਵਿੱਚ ਕਿਤੇ ਵੀ ਕਿਸੇ ਅਖੌਤੀ ਭੂਤ ਪ੍ਰੇਤ ਦਾ ਜਿਕਰ ਨਹੀ ਕੀਤਾ ਗਿਆ। ਕਿਤੇ ਵੀ ਐਸਾ ਜਿਕਰ ਨਹੀਂ ਮਿਲਦਾ ਜਿਥੋਂ ਬ੍ਰਾਹਮਣੀਂ ਸੋਚ ਦੇ ਬਣਾਏ ਹੋਏ ਕਿਸੇ ਭੂਤ ਪ੍ਰੇਤ ਦੀ ਕੋਈ ਝਲਕ ਮਿਲਦੀ ਹੋਵੇ। ਹਾਂ ਇਹ ਜਰੂਰ ਹੈ ਕਿ ਗੁਰਬਾਣੀਂ ਵਿੱਚ ਭੂਤ-ਪ੍ਰੇਤ ਸ਼ਬਦ ਵਰਤਿਆ ਜਰੂਰ ਹੈ, ਪਰ ਉਸਦੇ ਅਰਥ ਬ੍ਰਾਹਮਣੀਂ ਸੋਚ ਵਾਲੇ ਨਹੀਂ ਸਗੋਂ ਬਿਲਕੁਲ ਨਵੀਨ ਹਨ। ਆਉ ਗੁਰਬਾਣੀਂ ਗੁਰੂ ਤੋਂ ਪੁੱਛ ਕਰੀਏ ਕਿ ਅਸਲੀ ਭੂਤਨੇਂ ਕੌਣ ਹਨ-ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰ ਕੀ ਸੇਵਾ ਨਾਹਿ॥

ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ (ਕਬੀਰ-1374)

ਅਰਥ-ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਤੇ ਪ੍ਰਮਾਤਮਾਂ ਦੀ ਭਗਤੀ ਨਹੀਂ ਹੁੰਦੀ, ਉਹ ਘਰ ਭਾਵੇਂ ਕਿਤਨੇਂ ਹੀ ਸਾਫ਼ ਤੇ ਸੁੱਚੇ ਰੱਖੇ ਜਾਣ ਉਹ ਮਸਾਣਾਂ ਵਰਗੇ ਹੀ ਹਨ, ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਭੂਤਨੇ ਵੱਸਦੇ ਹਨ।

ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ (1131)

ਅਰਥ-ਕਲਜੁਗ ਵਿੱਚ ਪ੍ਰੇਤ ਸਿਰਫ ਉਹੀ ਹਨ ਜਿਨ੍ਹਾਂ ਨੇ ਪ੍ਰਮਾਤਮਾਂ ਨੂੰ ਆਪਣੇ ਹਿਰਦੇ ਘਰ ਵਿੱਚ ਵਸਦਾ ਨਹੀ ਪਛਾਣਿਆਂ। ਸਤਿਜੁਗ ਵਿੱਚ ਸਭ ਤੋ ਉਚੇ ਜੀਵਨ ਵਾਲੇ ਹਨ ਜਿਹੜ੍ਹੇ ਆਤਮਿਕ ਜੀਵਨ ਦੀ ਸੂਝ ਵਾਲੇ ਹੋ ਗਏ। (ਸਿਰਫ਼ ਕਿਸੇ ਖਾਸ ਸਮੇਂ ਵਿੱਚ ਪੈਦਾ ਹੋਣ ਕਰਕੇ ਲੋਕ ਪਰਮਹੰਸ ਨਹੀ ਬਣ ਜਾਂਦੇ)

ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਨਰਕਿ ਪਚਹਿ ਅਗਿਆਨ ਅੰਧੇਰੇ॥

ਧਰਮਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ॥ (1029)

ਅਰਥ-ਜਿਹੜ੍ਹੇ ਮਨੁੱਖ ਪ੍ਰਮਾਤਮਾਂ ਦਾ ਨਾਮ ਨਹੀ ਸਿਮਰਦੇ ਉਹ ਮਾਨੋ ਪ੍ਰੇਤ ਜੂਨ ਹਨ, ਉਹਨਾਂ ਦੇ ਇਹ ਮਨੁੱਖਾ ਸ਼ਰੀਰ ਵੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹਨ। ਕਾਮ ਕ੍ਰੋਧ ਆਦਿਕ ਪੰਜ ਭੂਤ ਪ੍ਰੇਤਾਂ ਦੇ ਵਾਸੇ ਵਾਲੇ, ਇਨ੍ਹਾ ਪ੍ਰੇਤ ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ। ਅਗਿਆਨਤਾ ਦੇ ਹਨੇਰੇ ਵਿੱਚ ਪੈਕੇ ਉਹ ਆਤਮਿਕ ਮੌਤ ਦੇ ਨਰਕ ਵਿੱਚ ਖੁਆਰ ਹੁੰਦੇ ਹਨ। ਜਿਸ ਮਨੁੱਖ ਨੇ ਪ੍ਰਮਾਤਮਾਂ ਦਾ ਨਾਮ ਭੁਲਾ ਦਿੱਤਾ ਹੈ। ਉਸਦੇ ਸਿਰ ਤੇ ਵਿਕਾਰਾਂ ਦਾ ਕਰਜਾ ਚੜ੍ਹਦਾ ਜਾਂਦਾ ਹੈ। ਉਹ ਮਨੁੱਖ ਮਾਨੋ ਧਰਮਰਾਜ ਦਾ ਕਰਜਾਈ ਹੋ ਜਾਂਦਾ ਹੈ। ਉਸ ਪਾਸੋਂ ਧਰਮਰਾਜ ਦੇ ਇਸ ਕਰਜੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ। ਭਾਵ ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਦੇ ਹਨ।

ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ॥

ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਚੁ ਵੇਰਾਈਅਨਿ ਮਨਮੁਖ ਬੇਤਾਲੇ॥ (305)

ਅਰਥ-ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਜੀ ਦੇ ਬਚਨ ਚੰਗੇ ਨਹੀ ਲੱਗਦੇ ਉਨ੍ਹਾ ਦੇ ਮੂੰਹ ਭਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵੱਲੋ ਫਿਟਕਾਰੇ ਹੋਏ ਫਿਰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀ, ਉਹਨਾਂ ਭੂਤਨਿਆਂ ਨੂੰ ਕਦ ਤਾਂਈ ਧੀਰਜ ਦਿੱਤੀ ਜਾ ਸਕਦੀ ਹੈ।

ਸਤਿਗੁਰੂ ਜੀ ਸ਼ਪੱਸ਼ਟ ਹੀ ਕਹਿ ਰਹੇ ਹਨ ਕਿ ਅਸਲ ਭੂਤਨੇ ਉਹ ਮਨੁੱਖ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਨਹੀ ਹੈ ਤੇ ਨਾਂ ਹੀ ਜਿਨ੍ਹਾਂ ਨੂੰ ਆਪਣੇ ਗੁਰੂ ਜੀ ਦੇ ਕਹੇ ਹੋਏ ਬਚਨ ਹੀ ਚੰਗੇ ਲੱਗਦੇ ਹਨ।

ਸ੍ਰ: ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾਂ ਇਸ ਪ੍ਰਥਾਏ ਲਿਖਦੇ ਹਨ, ਜਿਸ ਤਰ੍ਹਾਂ ਦੇ ਭੂਤਾਂ-ਪ੍ਰੇਤਾਂ ਦਾ ਭਰਮ ਮਨੁੱਖ ਦੇ ਮਨ ਵਿੱਚ ਪਿਆ ਹੋਇਆ ਹੈ, ਉਸ ਨੂੰ ਗੁਰਬਾਣੀ ਨੇ ਕਿਤੇ ਵੀ ਮਾਨਤਾ ਨਹੀ ਦਿੱਤੀ। ਪ੍ਰੇਤ ਜੂਨ ਦਾ ਜਿਕਰ ਜੋ ਗੁਰਬਾਣੀਂ ਵਿੱਚ ਆਇਆ ਹੈ, ਇਹ ਉਸੇ ਪ੍ਰੇਤ ਜੂਨ ਵੱਲ ਇਸ਼ਾਰਾ ਹੈ, ਜਿਹੜ੍ਹੀ ਗੁਰਦੇਵ ਜੀ ਨੇ ਕਈ-ਕਈ ਗੁਰਬਾਣੀਂ ਸ਼ਬਦਾਂ ਦੁਆਰਾ ਸ਼ਪੱਸਟ ਕੀਤੀ ਹੈ। ਅਰਥਾਤ ਪਰਮਾਤਮਾਂ ਤੋਂ ਟੁੱਟ ਕੇ ਵਿਕਾਰੀ ਬਣਿਆਂ ਮਨੁੱਖ ਹੀ ਅਸਲ ਭੂਤ ਹੈ ਤੇ ਗੁਰਮਤਿ ਨੇ ਉਸਨੂੰ ਹੀ ਪ੍ਰੇਤ ਮੰਨਿਆਂ ਹੈ। ਜਿਸਦੇ ਅੰਦਰ ਇਨਸਾਨੀਅਤ ਵਾਲੇ ਉਚੇ ਗੁਣਾਂ ਦੀ ਅਣਹੋਂਦ ਹੈ, ਸਤਿਗੁਰਾਂ ਲਈ ਉਹ ਬੇਤਾਲਾ ਹੈ। ਜਿਸ ਨੂੰ ਸਾਰੀ ਸ਼੍ਰਿਸ਼ਟੀ ਪ੍ਰਭੂ ਦਾ ਨਿਜ ਰੂਪ ਹੋਕੇ ਨਹੀ ਦਿੱਸਦੀ ਉਹੀ ਹੈ ਅਸਲੀ ਭੂਤ ਪ੍ਰੇਤ ਤੇ ਬੇਤਾਲਾ। ਪ੍ਰਭੂ ਨੂੰ ਵਿਸਾਰੀ ਫਿਰਦੇ ਨੂੰ ਇਹ ਸਮਝ ਨਹੀ ਆਉਦੀ ਕਿ ਮਨੁੱਖਾ ਸ਼ਰੀਰ ਪ੍ਰਭੂ ਦਾ ਘਰ ਹੈ, ਅਤੇ ਅੰਦਰ ਵੱਸਦੇ ਪ੍ਰਭੂ ਨਾਲ ਸਾਂਝ ਬਣਾਂਕੇ ਜਨਮ ਮਰਨ ਸੁਆਰ ਲੈਣ ਵਾਸਤੇ ਹੀ ਮਨੁੱਖਾਂ ਦੇਹ ਮਿਲੀ ਹੈ, , ।

ਗੁਰਬਾਣੀਂ ਵਿੱਚ ਭੂਤ ਸ਼ਬਦ ਵਿਕਾਰਾਂ ਦੇ ਪ੍ਰਤੀ ਵੀ ਉਚਾਰਨ ਕੀਤਾ ਗਿਆ ਹੈ। ਪਦਾਰਥਾਂ ਦੇ ਪ੍ਰਤੀ ਵੀ ਉਚਾਰਿਆ ਗਿਆ ਹੈ ਆਦਿ।

ਪਰ ਇਹ ਗੱਲ ਇਸ ਲੇਖ ਦੇ ਸ਼ੁਰੂ ਵਿੱਚ ਹੀ ਭਾਈ ਗੁਰਦਾਸ ਜੀ ਦੀ ਰਚਨਾਂ ਤੋਂ ਸ਼ਪੱਸ਼ਟ ਹੋ ਗਈ ਸੀ ਕਿ ਜੋ ਮਨੁੱਖ ਗੁਰੂ ਤੋਂ ਬੇਮੁੱਖ ਹਨ, ਉਹ ਹੀ ਅਸਲ ਭੂਤਨੇਂ ਹਨ। ਹੁਣ ਜਰ੍ਹਾ ਅਸੀਂ ਆਪਣੇ ਧੁਰ ਅੰਦਰ ਝਾਤ ਮਾਰਕੇ ਦੇਖੀਏ ਕੀ ਅਸੀ ਵੀ ਤਾਂ ਗੁਰੂ ਦੀ ਨਿਗ੍ਹਾ ਵਿੱਚ ਭੂਤਨੇਂ ਨਹੀ ਹਾਂ? ਅੱਜ ਦਾ ਸਿੱਖ ਅਪਣੀ ਖੁੱਦ ਗਰਜ ਸੋਚ ਦਾ ਧਾਰਨੀ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਕਿਨਾਰਾ ਕਰਦਾ ਜਾ ਰਿਹਾ ਹੈ, ਗੁਰਮਤਿ ਤੱਤ ਗਿਆਨ ਨੂੰ ਸਮਝ ਕੇ ਉਸਦੇ ਮੁਤਾਬਿਕ ਚੱਲਣ ਦੀ ਬਜਾਏ, ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬਣਦਾ ਜਾ ਰਿਹਾ ਹੈ, ਗੁਰੂ ਘਰਾਂ ਦਾ ਮਾਹੌਲ ਵਿਗਾੜ੍ਹ ਦਿੱਤਾ ਗਿਆ ਹੈ, ਸੱਚ ਬੋਲਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਖ ਸਿੱਖੀ ਤਿਉਹਾਰਾਂ ਤੇ ਗੁਰਪੁਰਬਾਂ ਦਾ ਤਾਂ ਚੇਤਾ ਨਹੀਂ ਰੱਖਦਾ, ਪਰ ਸੰਗਰਾਦਾਂ ਦਾ ਮੱਸਿਆ ਤੇ ਪੂਰਨਮਾਸੀਆਂ ਦਾ ਚੇਤਾ ਕਦੇ ਨਹੀਂ ਭੁੱਲਦਾ। ਕੀ ਅੱਜ ਦਾ ਅਖੌਤੀ ਸਿੱਖ ਗੁਰੂ ਨਾਨਕ ਸਾਹਿਬ ਦੀ ਨਿਗ੍ਹਾ ਵਿੱਚ ਭੂਤਨਾਂ ਨਹੀਂ ਹੈ? ਰਾਜਨੀਤੀ ਦੇ ਦਾਉ ਪੇਚ ਖੇਲ਼ਦਾ ਖੇਲਦਾ ਅਜੋਕਾ ਸਿੱਖ ਆਪਣੇ ਗੁਰੂਆਂ ਦੁਆਰਾ ਦਿੱਤੇ ਗਏ ਅਨਮੋਲ ਖਜਾਨੇ ਨੂੰ ਬਹੁਤ ਪਿਛਾਂਹ ਛੱਡ ਗਿਆ ਹੈ, ਤਾਂ ਕੀ ਉਹ ਭੂਤਨਾਂ ਨਹੀ ਹੈ ਜਿਸਨੂੰ ਆਪਣੀ ਕੌਮ ਦਾ ਹੋ ਰਿਹਾ ਬੇੜ੍ਹਾ ਗਰਕ ਨਜਰ ਨਹੀ ਆ ਰਿਹਾ? ਕੀ ਉਹ ਅਖੌਤੀ ਸਿੱਖ ਗੁਰੂ ਦੀ ਨਿਗ੍ਹਾ ਵਿੱਚ ਭੂਤਨਾਂ ਨਹੀ ਹੈ ਜਿਸਨੂੰ ਕੇਵਲ ਆਪਣੀਂ ਕੁਰਸੀ ਹੀ ਦਿਖਾਈ ਦੇ ਰਹੀ ਹੈ, ਤੇ ਕੌਮ ਦਾ ਰੁਲਦਾ ਤਾਜੋ ਤਖਤ ਦਿਖਾਈ ਨਹੀ ਦੇ ਰਿਹਾ? ਕਿਥੇ ਪਹਿਲਾਂ ਦਾ ਸਿੱਖ ਆਪਣੇ ਗੁਰੂ ਦੇ ਮੂਹਰੇ ਨਗਾਰਾ ਵਜਾਇਆ ਕਰਦਾ ਸੀ, ਤੇ ਹੁਣ ਕੜ੍ਹਿਆਲ ਤੇ ਆ ਗਿਆ ਹੈ ਕੀ ਸਾਡੀ ਕੌਮ ਦੀ ਇਹ ਤਰੱਕੀ ਹੈ ਜਾਂ ਫਿਰ ਕੁੱਝ ਹੋਰ ਸ਼ਬਦ ਵਰਤੀਏ? ਕਲਗੀਧਰ ਸੱਚੇ ਪਾਤਸ਼ਾਹ ਤਾਂ ਸਾਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ੍ਹਕੇ ਗਏ ਸਨ, ਪਰ ਅਸੀਂ ਆਪਣੇ ਗੁਰੂ ਤੋ ਵੀ ਵੱਡੀ ਛੱਲਾਂਗ ਮਾਰਕੇ ਇੱਕ ਹੋਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾਂ ਦਿੱਤਾ। ਦਮਦਮੀਂ ਟਕਸਾਲ, ਹਜੂਰ ਸਾਹਿਬ, ਜਾਂ ਪਟਨਾਂ ਸਾਹਿਬ ਤੇ ਹੋਰ ਨਿਹੰਗ ਜਥੇਬੰਦੀਆਂ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲੋ ਵੀ ਆਪਣੇ ਆਪ ਨੂੰ ਵੱਧ ਸਿਆਣਾਂ ਜਾਣਕੇ ਦਸਮ ਗ੍ਰੰਥ ਦਾ ਪ੍ਰਕਾਸ਼ ਨਾਲ ਕਰ ਦਿੱਤਾ ਤੇ ਸੰਗਤਾਂ ਪਾਸੋ ਮੱਥੇ ਟਿਕਵਾਣੇ ਸ਼ੁਰੂ ਕਰ ਦਿੱਤੇ ਹੁਣ ਦੱਸੋ ਮੈ ਇਹਨਾਂ ਵਾਸਤੇ ਕਿਹੜ੍ਹੇ ਸ਼ਬਦਾਂ ਦਾ ਪ੍ਰਯੋਗ ਕਰਾਂ? ਖੈਰ ਛੱਡੋ ਇਹ ਢੀਠ ਨੇ ਇਹਨਾਂ ਤਾਂ ਕਦੇ ਵੀ ਨਹੀ ਸਮਝਣਾਂ। ਪਰ ਮੈਂ ਇਤਨਾਂ ਜਰੂਰ ਕਹਾਂਗਾ ਕਿ ਉਹ ਹਰ ਸਿੱਖ ਆਪਣੇ ਗੁਰੂ ਦੀ ਨਿਗ੍ਹਾ ਵਿੱਚ ਭੂਤਨਾਂ ਹੈ ਜੋ ਗੁਰੂ ਦੀ ਸੋਚ ਦੇ ਉਲਟ ਕੰਮ ਕਰ ਰਿਹਾ ਹੈ। ਮੈਂ ਇਸ ਲੇਖ ਨੂੰ ਇਥੇ ਹੀ ਖਤਮ ਕਰਦਾ ਹੋਇਆ ਇਹ ਜਰੂਰ ਕਹਾਂਗਾ ਕਿ ਆਉ ਅਸੀ ਸਾਰੇ ਆਪੋ ਆਪਣੇ ਅੰਦਰੀਂ ਝਾਤ ਮਾਰਕੇ ਦੇਖੀਏ ਕਿ ਅਸੀ ਕਿੰਨ੍ਹਾ ਕੁ ਸਿੱਖੀ ਨੂੰ ਕਮਾਇਆ ਹੈ, ਕਿੰਨ੍ਹਾ ਕੁ ਅਸੀ ਗੁਰੂ ਦੀ ਸੋਚ ਨੂੰ ਧਾਰਨ ਕੀਤਾ ਹੈ। ਫਿਰ ਆਪਣੇ ਆਪ ਹੀ ਇਹ ਸਮਝ ਲੱਗ ਜਾਵੇਗੀ ਕਿ ਅਸੀ ਸਿੱਖ ਹਾਂ ਜਾਂ ਅਸਲ ਭੂਤਨੇ?

ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ॥

ਸਭੇ ਸਿਖ ਉਬਾਰਿਆਨੁ ਪ੍ਰਭਿ ਕਾਜ ਸਵਾਰੇ॥ (323)

ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 095921-96002

098721-18848




.