.

‘ਅਭੁਲ ਗੁਰੂ ਕਰਤਾਰੁ’

ਹਰਦੇਵ ਸਿੰਘ, ਜੰਮੂ

ਦੱਸ ਗੁਰੂ ਸਾਹਿਬਾਨ ਤੇ ਨਿਸ਼ਚਾ ਸਿੱਖੀ ਦੇ ਮੁੱਢਲੇ ਅਸੂਲਾਂ ਵਿਚੋਂ ਇੱਕ ਹੈ। ਕਿਸੇ ਸੱਜਣ ਦੇ ਨਾਲ ਗਲਬਾਤ ਦੌਰਾਨ ਇੱਕ ਵਚਿੱਤਰ ਖਿਆਲ ਦੇ ਦਰਪੇਸ਼ ਹੋਇਆ ਤਾਂ ਪਤਾ ਚਲਿਆ ਕਿ ਉਹ ਸੱਜਣ ਇਹ ਵਿਚਾਰ ਰੱਖਦੇ ਹਨ ਕਿ ਦੱਸ ਪਾਤਿਸ਼ਾਹ ਤਾਂ ਇਨਸਾਨ ਹੀ ਸਨ ਇਸ ਲਈ ਕਈਂ ਜਗ੍ਹਾ ਗਲਤ ਵੀ ਹੋ ਸਕਦੇ ਹਨ। ਮਸਲਨ ਰਸਤਾ ਇੱਧਰ ਨੂੰ ਜਾਂਦਾ ਹੋਏ ਤਾਂ ਉਹ ਕਦੇ ਕਿਸੇ ਹੋਰ ਪਾਸੇ ਤੁਰ ਪਏ ਹੋਂਣ ਜਾਂ ਫਿਰ ਜੰਗਾ-ਜੁੱਧਾਂ ਵਿੱਚ ਵੀ ਗਲਤੀਆਂ ਕਰ ਗਏ ਹੋਂਣ। ਗੁਰੂਆਂ ਪ੍ਰਤੀ ਕਿਸੇ ਵਲੋਂ ਐਸਾ ਤਰਕ ਵਚਿੱਤਰ ਕਿਸਮ ਦੀ ਸੋਚ ਹੀ ਕਿਹਾ ਜਾ ਸਕਦਾ ਹੈ। ਜਦ ਕਿ ਗੁਰੂਆਂ ਦੀ ਮਹਾਨ ਸਥਿਤੀ ਨੂੰ ਐਸੇ ਹਲਕੇ ਅਤੇ ਸਤਰਹੀਣ ਤਰਕਾਂ/ਖਿਆਲਾਂ ਰਾਹੀਂ ਪਰਖਿਆ ਨਹੀਂ ਜਾਣਾ ਚਾਹੀਦਾ। ਐਸੀ ‘ਸੋਚ’ ਗੁਰੂ ਨੂੰ ਸਿਰਫ਼ ਨੈਤਿਕਤਾ ਪ੍ਰਤੀ ਆਪਣੀ ਸਤਹੀ ਸਮਝ ਦੇ ਅਧਾਰ ਦੇ ਪਰਖਦੀ ਹੈ ਕਿਉਂਕਿ ਗੁਰੂ ਦੇ ਅਧਿਆਤਮਕ ਪੱਖ ਬਾਰੇ ਉਸ ਸੋਚ ਵਿੱਚ ਵਿਸ਼ਵਾਸ, ਵਿਚਾਰ ਸ਼ਕਤੀ ਅਤੇ ਸੰਵਾਦ ਦੀ ਘਾਟ ਹੈ।

ਉਹ ਸੱਜਣ ‘ਅਭੁਲ ਗੁਰੂ ਕਰਤਾਰੁ’ ਬਾਣੀ ਬਚਨਾਂ ਨੂੰ ਉਹ ਆਪਣੇ ਇਸ ਤਰਕ ਨੂੰ ਤੌਰਨ ਲਈ ਪੇਸ਼ ਕਰਦੇ ਰਹੇ ਹਨ ਕਿ ਗੁਰੂ ਤਾਂ ਇਨਸਾਨ ਸਨ ਇਸ ਲਈ ਅਭੁੱਲ ਨਹੀਂ ਹੋ ਸਕਦੇ। ਚੁੱਕਿ ਉਹ ਅਭੁੱਲ ਨਹੀਂ ਇਸ ਲਈ ਉਹ ਗੁਰੂ ਨਹੀਂ ਹੋ ਸਕਦੇ! ਆਪਣੇ ਇਸ ਵਿਚਾਰ ਦੀ ਪ੍ਰੌਢਤਾ ਵਾਸਤੇ ਉਹ ਕੁੱਝ ਬਾਣੀ ਦੇ ਹਵਾਲੇ ਵੀ ਇਸਤੇਮਾਲ ਕਰਦੇ ਰਹੇ ਹਨ। ਉਸ ਬਾਣੀ ਦੇ ਜੋ ਗੁਰੂ ਹੈ। ਉਸ ਬਾਣੀ ਦੇ ਜੋ ਗੁਰੂਆਂ ਨੇ ਹੀ ਉਚਾਰੀ ਜਾਂ ਪਰਵਾਣ ਕੀਤੀ ਹੈ। ਉਨ੍ਹਾਂ ਗੁਰੂਆਂ ਨੇ ਹੀ ਜਿਨ੍ਹਾਂ ਨੂੰ ਉਹ ਸੱਜਣ ਭੁੱਲਣਹਾਰ ਕਹਿੰਦੇ ਹਨ ਅਤੇ ਸ਼ਬਦ ਨੂੰ ‘ਗੁਰੂ’ ਕਹਿੰਦੇ ਹਨ ਜਿਸ ਵਿੱਚ ਕੋਈ ਭੁੱਲ ਨਹੀਂ। ਹਾਂ ਉਹ ਪਰਮਾਤਮਾ ਨੂੰ ਵੀ ਗੁਰੂ ਮੰਨਦੇ ਹਨ। ਜ਼ਿਆਦਾ ਗੁਰੂ ਹੋਂਣ ਦੀ ਗਲ ਤੋਂ ਮੁਨਕਰ ਹਨ ਪਰ ਆਪ ਦੋ ਗੁਰੂ ਮੰਨਦੇ ਹਨ। ਇੱਕ ਸ਼ਬਦ ਗੁਰੂ ਅਤੇ ਦੂਜਾ ਅਕਾਲ ਪੁਰਖ

ਸਬਦ ਗੁਰੂ ਸੁਰਤਿ ਧੁਨਿ ਚੇਲਾ (ਗੁਰੂ ਗ੍ਰੰਥ ਸਾਹਿਬ ਪੰਨਾ 943)

ਅਤੇ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ, 759)

ਖੈਰ! ਜਿਸ ਵੇਲੇ ਮੈਂ ਇਹ ਪੁੱਛਿਆ ਕਿ ਭੁੱਲਣਹਾਰ ਗੁਰੂ ਅਭੁੱਲ ਬਾਣੀ ਕਿਵੇਂ ਉਚਾਰ ਲਿਖ ਗਏ? ਤਾਂ ਉਹ ਨਿਰੁੱਤਰ ਰਹੇ। ਅੱਜ ਤਕ ਜਵਾਬ ਨਹੀਂ ਦਿੱਤਾ। ਮੈਂ ਇਹ ਵੀ ਪੁੱਛਿਆ ਕਿ ਜੇ ਕਰ ਉਨ੍ਹਾਂ ਮੁਤਾਬਕ ਦੱਸ ਗੁਰੂ ਸਾਹਿਬਾਨ ਭੁੱਲ ਕਰਨ ਵਾਲਿਆਂ ਵਿਚੋਂ ਹੋਂਣ ਕਾਰਨ ਗੁਰੂ ਨਹੀਂ ਕਹੇ ਜਾ ਸਕਦੇ ਤਾਂ ਕੀ ਉਨ੍ਹਾਂ ਗੁਰੂਆਂ ਦੀ ਬਾਣੀ ਵਿਚਲੇ ਉਨ੍ਹਾਂ ਦੇ ਵਿਚਾਰਾਂ ਵਿੱਚ ਗਲਤੀ ਨਹੀਂ ਹੋ ਸਕਦੀ? ਉਹ ਤਾਂ ਵੀ ਨਿਰੁੱਤਰ ਰਹੇ।

ਆਖ਼ਰ ਮੈਂ ਪੁੱਛਿਆ ਕਿ ਜੇ ਕਰ ਤੁਹਾਡੇ ਮੁਤਾਬਕ ਗੁਰੂ ਰਾਹ (ਸੜਕ) ਚਲਣ ਵਿੱਚ ਭੁੱਲ ਕਰ ਸਕਦੇ ਸਨ ਅਤੇ ਜੰਗਾਂ-ਜੁੱਧਾਂ ਵਿੱਚ ਗਲਤ ਫ਼ੈਸਲੇ ਲੇ ਸਕਦੇ ਸਨ ਤਾਂ ਕੀ ਕਾਰਨ ਹੈ ਕਿ ਉਨ੍ਹਾਂ ਵਲੋਂ ਪ੍ਰਗਟਾਏ ਸੱਚ ਦੇ ਗਿਆਨ (ਸ਼ਬਦ ਗੁਰੂ) ਵਿੱਚ ਕੋਈ ਗਲਤ ਵਿਚਾਰ ਨਾ ਪੇਸ਼ ਕਰ ਦਿੱਤਾ ਗਿਆ ਹੋਵੇ? ਉਹ ਸੱਜਣ ਤਾਂ ਵੀ ਨਿਰੁੱਤਰ ਰਹੇ!

ਗੁਰੂਬਾਣੀ ਦੇ ਹਵਾਲਿਆਂ ਦਾ ਗ਼ੈਰ ਪ੍ਰਸੰਗਕ ਇਸਤੇਮਾਲ ਅਕਸਰ ਵਚਿੱਤਰ ਸੋਚ ਅਤੇ ਵੱਲ ਲੇ ਤੁਰਦਾ ਹੈ ਜਿਸ ਵਿੱਚ ਮਨਮਤਿ ਦਾ ਭਾਵ ਪ੍ਰਧਾਨ ਰਹਿੰਦਾ ਹੈ ਅਤੇ ਸੱਚ ਸੋਚ ਤੋਂ ਛਿੱਟਕ ਕੇ ਦੂਰ ਜਾ ਖੜਾ ਰਹਿੰਦਾ ਹੈ। ਕੂੜ ਦੇ ਵਿੱਚ ਸੱਚ ਨਹੀਂ ਰੱਲਦਾ!

ਹਰਦੇਵ ਸਿੰਘ, ਜੰਮੂ 14. 10. 2012




.