.

ਉਜਲੁ ਕੈਹਾ ਚਿਲਕਣਾ……

ਅੰਗਰੇਜ਼ੀ ਦੀ ਇੱਕ ਕਹਾਵਤ ਹੈ, “Appearances are often deceptive!” {ਸੂਰਤਾਂ (ਬਾਹਰੀ ਦਿੱਖ) ਅਕਸਰ ਛਲ-ਪੂਰਨ ਹੁੰਦੀਆਂ ਹਨ।} ਮਨੁੱਖਾ ਸਮਾਜ ਵਿੱਚ ਛਲ, ਕਪਟ ਤੇ ਧੋਖਾ ਹਮੇਸ਼ਾ ਤੋਂ ਵਿਆਪਕ ਹੈ। ਰੱਬ ਦੀ ਮਿਹਰ ਸਦਕਾ, ਕਿਰਤੀ ਲੋਕ ਇਨ੍ਹਾਂ ਪਾਪਾਂ ਤੋਂ, ਆਮ ਤੌਰ `ਤੇ, ਮੁਕਤ ਹੀ ਹੁੰਦੇ ਹਨ। ਛਲ, ਫ਼ਰੇਬ ਤੇ ਦਗ਼ੇ ਜਿਹੇ ਪਾਪਾਂ ਦੀ 90% ਮਾਲਿਕੀ ਧਰਮ ਦੇ ਠੇਕੇਦਾਰਾਂ, ਨੇਤਾਵਾਂ ਤੇ ਵਾਪਾਰੀਆਂ ਆਦਿ ਦੀ ਰਾਖਵੀਂ ਹੈ। ਇਹ ਲੋਕ ਮਾਈ ਮਾਇਆ ਦੇ ਮੁਰੀਦ ਹੋਣ ਕਰਕੇ ਅਜਿਹੇ ਅਮਾਨਵੀ ਕਰਮ ਕਰਦੇ ਹਨ ਜਿਨ੍ਹਾਂ ਨਾਲ, ਬਿਨਾਂ ਹੱਡ ਹਿਲਾਏ, ਵੱਧ ਤੋਂ ਵੱਧ ਮਾਇਆ ਹਾਸਿਲ ਹੋ ਸਕੇ। ਅਸੀਂ ਹਥਲੇ ਲੇਖ ਵਿੱਚ ਕੇਵਲ ਧਰਮ-ਸਥਾਨਾਂ ਦੇ ਮਾਇਆ-ਧਾਰੀ ਮਾਲਿਕਾਂ ਅਤੇ ਗੁਰਮਤਿ ਦੇ ਪਾਖੰਡੀ ਵਿਚੋਲਿਆਂ ਬਾਰੇ ਹੀ ਵਿਚਾਰ ਕਰਨੀ ਹੈ।

ਧਰਮ ਦੇ ਭੇਖੀ ਰਖਵਾਲੇ ਵਿਕਾਰਾਂ ਨਾਲ ਲਥ-ਪਥ ਆਪਣੀ ਸੀਰਤ ਦੀ ਪਤਿਤਤਾ ਨੂੰ ਛੁਪਾਉਣ ਵਾਸਤੇ, ਪੂਜਾ ਦਾ ਧਾਨ ਖਾ ਖਾ ਕੇ ਪਾਲੇ ਆਪਣੇ ਸਰੀਰ ਉੱਤੇ ਝੂਠ ਦਾ ਚਮਕ-ਦਮਕ ਵਾਲਾ ਭਰਮਾਊ ਮੁਲੰਮਾ ਚੜ੍ਹਾ ਰੱਖਦੇ ਹਨ; ਅਤੇ ਇਸ ਮੁਲੰਮੇ ਦੀ ਆੜ ਵਿੱਚ ਕਪਟ ਦੀ ਕੈਂਚੀ ਨਾਲ ਰੱਬ ਦੀ ਅਗਿਆਨ ਰਿਆਇਆ ਨੂੰ ਭੇਡਾਂ ਵਾਂਙ ਮੁੰਨਦੇ ਰਹਿੰਦੇ ਹਨ। ਇਹ ਵਿਹੱਲੜ ਪਾਜੀ ਆਪਣੇ ਪਾਪ-ਯੁਕਤ ਕੋਝੇ ਸਰੀਰ ਤੇ ਮਨ ਦੀ ਮੈਲ ਨੂੰ ਕੱਜਣ ਵਾਸਤੇ ਖ਼ਾਸ ਕਿਸਮ ਦੇ ਭੇਖ ਤੇ ਚਿੰਨ੍ਹ ਨਿਰਧਾਰਤ ਕਰਕੇ ਉਨ੍ਹਾਂ ਨੂੰ ਸਿਰੜਤਾ ਨਾਲ ਧਾਰਨ ਕਰ ਲੈਂਦੇ ਹਨ। ਕਿਰਤ ਕਰਨ ਵਾਲਾ ਜਨਸਾਧਾਰਨ ਅਜਿਹੇ ਬਾਹਰੀ ਆਡੰਬਰ ਧਾਰਨ ਨਹੀਂ ਕਰ ਸਕਦਾ, ਇਸ ਲਈ ਆਪਣੇ ਆਪ ਨੂੰ ਇਨ੍ਹਾਂ ਭੇਖਧਾਰੀਆਂ ਤੋਂ ਨੀਵਾਂ ਸਮਝ ਕੇ ਇਨ੍ਹਾਂ ਦੀ ਅਧੀਨਗੀ ਕਬੂਲ ਕਰ ਲੈਂਦਾ ਹੈ। ਇਨ੍ਹਾਂ ਹੱਡ-ਰੱਖ ਫ਼ਰੇਬੀਆਂ ਦਾ ਦੂਜਾ ਫ਼ਰੇਬ ਬਗੁਲ-ਸਮਾਧੀ ਅਤੇ ਮੂੰਹ ਦੀ ਮਿਠਾਸ ਹੈ, ਜਿਸ ਦੇ ਸਹਾਰੇ ਇਹ ਜਨਤਾ ਨੂੰ ਦਗ਼ਾ ਦੇਣ ਵਿੱਚ ਸਫ਼ਲ ਰਹਿੰਦੇ ਹਨ। ਤੀਸਰਾ, ਇਹ ਗੁਣ-ਹੀਣ ਤਿਕੜਮਬਾਜ਼ ਆਪਣੇ ਨਾਂਵਾਂ ਨਾਲ ਅਜਿਹੇ ਗੁਣ-ਵਾਚਕ ਲਕਬ ਜੋੜ ਲੈਂਦੇ ਹਨ ਜਿਨ੍ਹਾਂ ਨਾਲ ਇਹ ਆਪਣੇ ਆਪ ਨੂੰ ਸਰਵ-ਸ੍ਰੇਸ਼ਠ ਅਤੇ ਦੂਸਰਿਆਂ ਨੂੰ ਨੀਵਾਂ ਸਿੱਧ ਕਰ ਸਕਣ! ਬਾਹਰੀ ਆਡੰਬਰਾਂ ਨਾਲ ਸਜਾਈ ਗੁਣ-ਹੀਣ ਮੂਰਤ ਤੇ ਫ਼ਰੇਬੀ ਪੈਤ੍ਰਿਆਂ ਦੇ ਸਹਾਰੇ ਇਹ ਛਲੀਏ, ਭੋਲੇ-ਭਾਲੇ ਲੋਕਾਂ ਵਿੱਚ ਮਕਬੂਲ ਹੋ ਕੇ ਉਨ੍ਹਾਂ ਦੇ ਵਿਸ਼ਵਾਸ ਦੇ ਪਾਤ੍ਰ ਬਣ ਜਾਂਦੇ ਹਨ। ਫਲਸ੍ਵਰੂਪ, ਸਾਡੀ ਅੰਧਵਿਸ਼ਵਾਸੀਆਂ ਦੇ ਜੀਵਨ ਦੀ ਬਾਜ਼ੀ ਇਨ੍ਹਾਂ ਨਿਰਦਈ ਵਿਸ਼ਵਾਸ-ਘਾਤੀਆਂ ਦੇ ਹੱਥ `ਚ ਆ ਜਾਂਦੀ ਹੈ! ਅਸੀਂ ਅਗਿਆਨ-ਵਸ ਸਾਰਾ ਜੀਵਨ ਇਨ੍ਹਾਂ ਦੇ ਨਚਾਏ ਨੱਚਦੇ ਹਾਂ ਅਤੇ ਆਪਣੀ ਧਰਮ ਦੀ ਕਮਾਈ ਇਨ੍ਹਾਂ ਅਧਰਮੀਆਂ ਕੋਲ ਲੁਟਾਈ ਜਾਂਦੇ ਹਾਂ।

ਬਾਣੀਕਾਰਾਂ ਨੇ ਇਨ੍ਹਾਂ ਜ਼ਾਲਿਮ ਪਾਖੰਡੀਆਂ ਤੋਂ ਸਾਨੂੰ ਸੁਚੇਤ ਕੀਤਾ ਹੈ। ਗੁਰੁ-ਹੁਕਮ ਹੈ: ਸੂਰਤਿ ਦੇਖਿ ਨ ਭੂਲੁ ਗਵਾਰਾ॥ ਮਾਰੂ ਸੋ: ਮ: ੫। ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਇਨ੍ਹਾਂ ਭੇਖਧਾਰੀ ਸੂਰਤਾਂ ਦੇ ਚਕਮੇ `ਚ ਆਕੇ, ਇਨ੍ਹਾਂ ਦੇ ਮਗਰ ਲੱਗਿ, ਉਹੀ ਕੁੱਝ ਕਰੀ ਜਾ ਰਹੇ ਹਾਂ ਜਿਸ ਤੋਂ ਬਾਣੀ ਸਾਨੂੰ ਵਰਜਦੀ ਹੈ।

ਰੱਬ ਦੀ ਅਗਿਆਨ ਜਨਤਾ ਨੂੰ ਸੁਚੇਤ ਕਰਨ ਤੋਂ ਬਿਨਾਂ, ਬਾਣੀ-ਰਚਯਤਿਆਂ ਨੇ ਖੋਟੇ ਮਨ ਵਾਲੇ ਇਨ੍ਹਾਂ ਭੇਖੀ ਠੱਗਾਂ ਨੂੰ, ਲਾਅਨਤਾਂ ਪਾਉਂਦਿਆਂ, ਪਾਪਾਂ ਦੇ ਕੁਰਾਹੇ ਨੂੰ ਤਿਆਗ ਕੇ ਨਾਮ-ਸਿਮਰਨ ਦੇ ਪੁਰਸ਼ਾਰਥ ਤੇ ਪਰਮਾਰਥ ਦੇ ਗਾਡੀ ਰਾਹ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ ਹੈ। ਇਸ ਸੰਬੰਧੀ ਗੁਰਬਾਣੀ ਵਿੱਚ ਕਈ ਸ਼ਬਦ ਅਤੇ ਤੁਕਾਂ ਮਿਲਦੀਆਂ ਹਨ; ਪਰੰਤੂ ਇੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਨਿਮਨ ਲਿਖੇ ਇੱਕ ਸ਼ਬਦ `ਤੇ ਹੀ ਵਿਚਾਰ ਕਰਾਂਗੇ।

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ ੧॥

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲਨਿੑ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਸੰਨਿ॥ ੧॥ ਰਹਾਉ॥

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥

ਢਠੀਆ ਕੰਮਿ ਨ ਆਵਨੀੑ ਵਿਚਹੁ ਸਖਣੀਆਹਾ॥ ੨॥

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥ ੩॥

ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ॥

ਸੇ ਫਲ ਕੰਮਿ ਨ ਆਵਨੀੑ ਤੇ ਗੁਣ ਮੈ ਤਨਿ ਹੰਨਿੑ॥ ੪॥

ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥

ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥ ੫॥

ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥

ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥ ੬॥ ਸੂਹੀ ਮਹਲਾ ੧

ਸ਼ਬਦ ਅਰਥ:- ਉਜਲੁ: ਉੱਜਵਲ, ਸਾਫ਼, ਨਿਰਮਲ। ਕੈਹਾ: ਕੈਂਹਾਂ, ਕਾਂਸੀ, ਇੱਕ ਚਮਕਦਾਰ ਧਾਤ ਜਿਸ ਦੇ ਬਰਤਨ ਵੀ ਹੁੰਦੇ ਹਨ। ਘੋਟਿਮ: ਘੋਟਣਾ=ਰਗੜਣਾ, ਘਸਾਉਣਾ; ਮੈਂ ਰਗੜਿਆ, ਘਸਾਇਆ। ਕਾਲੜੀ: ਕਾਲੀ, ਸਿਆਹ। ਮਸੁ: ਸਿਆਹੀ, ਕਾਲਖ। ਸਉ: ਸੌ ਵਾਰੀ ਅਰਥਾਤ ਕਈ ਵਾਰ। ਸੇਈ: ਓਹੀ। ਨਾਲਿ ਮੈ: ਮੇਰੇ ਨਾਲ। ਚਲਦਿਆ ਨਾਲਿ ਚਲਨਿੑ: ਲੋਕ-ਪਰਲੋਕ ਵਿੱਚ ਸਦੀਵੀ ਸਾਥ ਨਿਭਾਉਣ।

ਲੇਖਾ ਮੰਗੀਐ: (ਕੀਤੇ ਕਰਮਾਂ ਦਾ, ਸਵਾਸਾਂ ਦਾ) ਹਿਸਾਬ ਪੁੱਛਿਆ ਜਾਵੇ। ਤਿਥੈ: ਉੱਥੇ ਹੀ। ਖੜੇ ਦਸੰਨਿ: ਵਜ਼ਨਦਾਰ ਸੱਚਾ ਜਵਾਬ ਦੇ ਸਕਣ। ਮੰਡਪ: ਇਸ਼ਟ-ਮੰਦਿਰ (ਮੰਦਿਰ, ਮਸਜਿਦ, ਗੁਰੂਦਵਾਰੇ ਆਦਿ), ਮਹਲ। ਮਾੜੀਆ: ਹਵੇਲੀਆਂ। ਪਾਸਹੁ: ਆਲੇ-ਦੁਆਲਿਓਂ, ਬਾਹਰੋਂ। ਚਿਤਵੀਆਹਾ: ਚਿੱਤਰਾਂ ਨਾਲ ਸਜਾਈਆਂ ਹੋਈਆਂ।

ਵਿਚਹੁ ਸਖਣੀਆਹਾ: ਅੰਦਰੋਂ ਖ਼ਾਲੀ, ਸਦਗੁਣਾਂ ਤੋਂ ਸੱਖਣੇ ਭੇਖੀ ਢਾਂਚੇ। ਬਗਾ: ਬਗੁਲਾ ਜੋ ਸਫ਼ੇਦ ਹੁੰਦਾ ਹੈ, ਭੇਖੀ। ਬਗੇ ਕਪੜੇ: ਚਿਟਕਪੜੀਏ ਪਾਜੀ ਪੁਜਾਰੀ। ਮੰਝਿ: ਵਿਚ, ਧਰਮ-ਸਥਾਨਾਂ ਵਿੱਚ ਰਹਿਣ ਵਾਲੇ। ਘੁਟਿ ਘੁਟਿ: ਘੁੱਟ ਕੇ, ਕੋਹ ਕੋਹ ਕੇ।

ਬਗੇ: ਬਗੁਲੇ ਦਾ ਬਹੁਵਚਨ। ਬਗੇ ਨਾ ਕਹੀਅਨਿੑ: ਧਰਮ-ਸਥਾਨਾਂ ਉੱਤੇ ਰਹਿੰਦੇ ਪਾਪ ਕਮਾਉਣ ਵਾਲੇ ਚਿਟਕਪੜੀਆਂ ਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ। ਸਰੀਰੁ ਮੈ: (ਚਿੱਟੇ ਭੇਖ ਨਾਲ ਕੱਜਿਆ) ਮੇਰਾ ਸਰੀਰ। ਮੈਜਨ: ਤੋਤੇ, ਨਾਮ-ਫ਼ਲ ਦੀ ਤਾਲਾਸ਼ `ਚ ਭਟਕਦੇ ਅਭਿਲਾਸ਼ੀ। ਭੁਲੰਨਿੑ: ਭੁਲੇਖਾ/ਧੋਖਾ ਖਾ ਜਾਂਦੇ ਹਨ।

ਅੰਧੁਲੈ: ਹਉਮੈ ਆਦਿ ਵਿਕਾਰਾਂ ਵਿੱਚ ਅੰਨ੍ਹੇ, ਅਗਿਆਨੀ। ਭਾਰੁ: ਆਪੂੰ ਕਮਾਏ ਪਾਪਾਂ ਦੀ ਪੰਡ ਦਾ ਭਾਰ। ਡੂਗਰ ਵਾਟ: ਡੂਗਰ=ਪਹਾੜੀ+ਵਾਟ=ਰਸਤਾ; ਪਹਾੜੀ ਰਸਤੇ ਦੀ ਤਰ੍ਹਾਂ ਔਖਾ ਤੇ ਬਿਖੜਾ ਪੈਂਡਾ।

ਲੋੜੀ: ਦੇਖਣਾ/ਲੱਭਣਾ ਚਾਹਵਾਂ ਵੀ ਤਾਂ। ਨਾ ਲਹਾ: ਦੇਖ ਨਹੀਂ ਸਕਦਾ। ਕਿਤੁ: ਕਿਸੇ ਅਰਥ ਨਹੀਂ।

ਚਾਕਰੀਅ: ਦਿਖਾਵੇ ਦੀ ਸੰਸਾਰਕ ਸੇਵਾ। ਚੰਗਿਆਈਆ: ਦਿਖਾਵੇ ਵਾਸਤੇ ਕੀਤੇ ਭਲੇ ਕਰਮ। ਅਵਰ: (ਨਾਮ ਤੋਂ ਬਿਨਾਂ) ਹੋਰ, ਤੁੱਛ ਤੇ ਝੂਠੀਆਂ। ਕਿਤੁ: ਕਿਸੇ ਅਰਥ ਨਹੀਂ।

ਬਧਾ: ਵਿਕਾਰਾਂ ਵਿੱਚ ਬੰਨ੍ਹਿਆ ਹੋਇਆ। ਜਿਤੁ: ਜਿਸ ਸਦਕਾ।

ਭਾਵ ਅਰਥ:- ਚਮਕੀਲਾ ਕੈਂਹਾਂ ਵੇਖਣ ਨੂੰ ਨਿਰਮੈਲ ਲੱਗਦਾ ਹੈ; (ਪਰੰਤੂ ਜਦੋਂ) ਮੈਂ ਉਸ ਨੂੰ ਰਗੜਿਆ ਤਾਂ ਵਿੱਚੋਂ ਉਸ ਦੀ ਗੁੱਝੀ ਕਾਲਖ ਉਘੜ ਆਈ! ਕਾਂਸੀ ਦੇ ਭਾਂਡੇ ਨੂੰ ਬਾਹਰੋਂ ਭਾਵੇਂ ਸੈਂਕੜੇ ਵਾਰੀ ਮਾਂਜ-ਧੋ ਲਵੋ, ਉਸ ਦੀ ਅੰਦਰਲੀ ਕਾਲਖ ਨਹੀਂ ਜਾ ਸਕਦੀ। ੧।

ਸਾਡੇ ਸੱਚੇ ਸੰਗੀ-ਸਾਥੀ (ਸਦਗੁਣ, ਨੇਕ ਅਮਲ) ਉਹੀ ਹਨ ਜੋ ਲੋਕ ਪਰਲੋਕ ਵਿੱਚ ਸਾਡਾ ਸਦੀਵੀ ਸਾਥ ਦੇਣ। ਜਿੱਥੇ ਵੀ ਸਵਾਸਾਂ ਦੀ ਪੂੰਜੀ ਦਾ ਹਿਸਾਬ ਮੰਗਿਆ ਜਾਵੇ, ਉੱਥੇ ਸਹਾਈ ਹੋਣ ਤੇ ਸਾਡੇ ਹੱਕ ਵਿੱਚ ਗਵਾਹੀ ਦੇਣ ਦੇ ਸਮਰੱਥ ਵੀ ਹੋਣ। ੧। ਰਹਾਉ। ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥ ਫ਼ਰੀਦ ਜੀ

(ਆਲੀਸ਼ਾਨ) ਕੋਠੇ, ਧਰਮ-ਮੰਦਿਰ, ਹਵੇਲੀਆਂ ਆਦਿ ਬਾਹਰੋਂ ਚਿਤ੍ਰਕਾਰੀ ਨਾਲ ਸਜਾਏ ਹੋਏ ਸੋਹਣੇ ਲੱਗਦੇ ਹਨ; (ਪਰੰਤੂ ਅੰਦਰੋਂ ਰੱਬ, ਰੱਬੀ ਗਿਆਨ ਅਤੇ ਰਹਿਮਤਾਂ ਆਦਿ ਤੋਂ ਖ਼ਾਲੀ ਹੋਣ ਕਾਰਣ) ਢੱਠਣ ਉਪਰਾਂਤ ਉਹ ਕਿਸੇ ਵੀ ਕੰਮ ਨਹੀਂ ਆਉਂਦੇ। ੨।

ਬਗੁਲੇ ਸਫ਼ੇਦ ਹੁੰਦੇ ਹਨ ਅਤੇ ਉਨ੍ਹਾਂ ਦੇ ਖੰਭਾਂ ਦਾ ਰੰਗ ਵੀ ਚਿੱਟਾ ਹੀ ਹੁੰਦਾ ਹੈ। ਉਹ ਤੀਰਥਾਂ (ਪਾਣੀਆਂ) ਵਿੱਚ ਰਹਿੰਦੇ ਹਨ। ਪਰੰਤੂ (ਸਫ਼ੇਦ ਰੰਗ ਤੇ ਤੀਰਥ-ਵਾਸ ਸਦਕਾ) ਉਨ੍ਹਾਂ ਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ; ਕਿਉਂਕਿ ਉਨ੍ਹਾਂ ਦਾ ਆਹਾਰ ਕੋਹ ਕੋਹ ਕੇ ਮਾਰੇ ਹੋਏ ਜੀਵ ਹੁੰਦਾ ਹੈ। ੩॥

ਮੇਰਾ (ਪਾਜੀ) ਦਾ ਸਰੀਰ (ਪੰਛੀਆਂ ਨੂੰ ਭੁਲੇਖਾ ਪਾਉਣ ਵਾਲੇ) ਸਿੰਬਲ ਦੇ ਰੁੱਖ (ਜਿਸ ਦੇ ਫਲ ਅਤੇ ਫੁੱਲ ਪੰਛੀਆਂ ਦੇ ਕੰਮ ਨਹੀਂ ਆਉਂਦੇ) ਵਾਂਙ ਹੈ। ਸਿੰਬਲ ਦੇ ਰੁੱਖ ਦੀ ਦਿਖਦੀ ਵਿਸ਼ਾਲਤਾ ਤੇ ਸੁੰਦਰਤਾ ਤੋਂ ਤੋਤੇ ਭੁਲੇਖਾ ਖਾ ਕੇ ਆਪਣੀ ਭੁੱਖ ਦੂਰ ਕਰਨ ਦੀ ਉਮੀਦ ਨਾਲ ਉਸ ਵੱਲ ਆਕ੍ਰਸ਼ਿਤ ਹੁੰਦੇ ਹਨ, ਪਰ ਉਨ੍ਹਾਂ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪੈਂਦਾ ਹੈ। ਮੇਰਾ ਭੇਖ ਤੇ ਚਿੰਨ੍ਹਾਂ ਨਾਲ ਸਜਾਇਆ ਸਰੀਰ ਵੀ ਸਿੰਬਲ-ਰੁੱਖ ਵਰਗਾ ਹੀ ਹੈ, ਜੋ ਭੋਲੇ ਲੋਕਾਂ ਨੂੰ ਮੇਰੇ ਮਹਾਨ ਆਤਮਾ ਤੇ ਗਿਆਨਵਾਨ ਹੋਣ ਦੇ ਭਰਮ ਵਿੱਚ ਪਾਉਂਦਾ ਹੈ। ੪।

ਮੈਂ ਹਉਮੈ ਆਦਿ ਵਿਕਾਰਾਂ ਵਿੱਚ ਅੰਨ੍ਹੇ ਨੇ ਆਪਣੇ ਸਿਰ `ਤੇ ਆਪਣੇ ਕਮਾਏ ਪਾਪਾਂ ਦੀ ਪੰਡ ਚੁੱਕੀ ਹੋਈ ਹੈ। ਅਤੇ ਅਗਾਂਹਾਂ ਪਰਲੋਕ ਦਾ ਲੰਬਾ ਤੇ ਬਿਖੜਾ ਪੈਂਡਾ ਹੈ। (ਗਿਆਨ ਦਾ ਅੰਨ੍ਹਾਂ ਹੋਣ ਕਾਰਣ) ਮੈਂ ਚਾਹੁੰਦਾ ਹੋਇਆ ਵੀ ਸਹੀ ਰਾਹ ਲੱਭਣ ਤੋਂ ਅਸਮਰੱਥ ਹਾਂ। (ਅਗਿਆਨਤਾ ਦੀ ਇਸ ਹਾਲਤ ਵਿਚ) ਮੈਂ ਇਹ ਬਿਖੜਾ ਪੈਂਡਾ ਕਿਵੇਂ ਪਾਰ ਕਰਾਂ? ੫।

ਹੇ ਨਾਨਕ! (ਜੀਵਨ-ਮਨੋਰਥ ਦੀ ਪੂਰਤੀ ਵਾਸਤੇ) ਦਿਖਾਵੇ ਦੀ ਸੇਵਾ, (ਸੰਸਾਰਕ ਸ਼ੋਭਾ ਵਾਸਤੇ ਕੀਤੇ) ਭਲੇ ਕਰਮ ਅਤੇ (ਨਾਮ-ਸਿਮਰਨ ਤੋਂ ਬਿਨਾਂ) ਹੋਰ ਝੂਠੀਆਂ ਤੇ ਤੁੱਛ ਸਿਆਣਪਾਂ ਕਿਸੇ ਅਰਥ ਨਹੀਂ। ਜੇ ਤੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣਾ ਲੋਚਦਾ ਹੈਂ ਤਾਂ ਨਾਮ-ਸਿਮਰਨ ਦਾ ਸਹਾਰਾ ਲੈ। ੬।

ਅੰਤ੍ਰੀਵ ਭਾਵ:- ਨਿਰਮਲ ਆਤਮਾ ਨੂੰ ਬਾਣਿਆਂ ਤੇ ਚਿੰਨ੍ਹਾਂ ਦੇ ਮੁਲੱਮੇ ਦੀ ਲੋੜ ਨਹੀਂ ਹੁੰਦੀ! ਪਰੰਤੂ ਰੱਬ ਤੋਂ ਬੇ-ਮੁਖ ਮੈਲੇ ਮਨ ਵਾਲੇ ਅਧਰਮੀ ਲੋਕ ਭੇਖ ਤੇ ਚਿੰਨ੍ਹਾਂ ਦੇ ਪਾਜ ਹੇਠ ਧਰਮੀ ਹੋਣ ਦਾ ਭੁਲੇਖਾ ਪਾਉਂਦੇ ਹਨ। ਧਰਮ ਦੇ ਨਾਂ `ਤੇ ਅਪਣਾਏ ਭੇਖ ਤੇ ਚਿੰਨ੍ਹ ਮਰਨ ਉਪਰੰਤ ਸਹਾਈ ਨਹੀਂ ਹੁੰਦੇ, ਕਿਉਂਕਿ ਲੋਕ-ਪਰਲੋਕ ਵਿੱਚ ਸਾਥ ਨਿਭਾਉਣ ਵਾਲੇ ਸਦਗੁਣਾਂ ਨਾਲ ਇਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਹੁੰਦਾ। ਭੇਖ ਤੇ ਚਿੰਨ੍ਹ, ਜੜ ਹੋਣ ਕਰਕੇ, ਅੰਤ ਸਮੇਂ ਸੂਖਮ ਆਤਮਾ ਦਾ ਸਾਥ ਨਹੀਂ ਨਿਭਾ ਸਕਦੇ। ਜੀਵਨ `ਚ ਵਿਚਰਦਿਆਂ ਕੀਤੇ ਸ਼ੁਭ ਕਰਮ ਹੀ ਜੀਵ-ਆਤਮਾ ਦੇ ਸੱਚੇ ਸੰਗੀ ਬਣਦੇ ਹਨ। (ਮੰਦਿਰ, ਮਸਜਿਦ, ਗੁਰੂਦਵਾਰੇ ਤੇ ਡੇਰੇ ਆਦਿਕ) ਧਰਮ-ਸਥਾਨਾਂ `ਤੇ ਰਹਿਣ ਵਾਲੇ ਮਨ ਦੇ ਖੋਟੇ ਸਫ਼ੈਦਪੋਸ਼ ਵਿਚੋਲਿਆਂ ਨੂੰ ਧਰਮੀ ਪੁਰਖ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਨ੍ਹਾਂ ਦਾ ਅਸਲੀ ਧਰਮ ਤਾਂ, ਕਈ ਖੇਖਣ ਕਰਕੇ, ਸ਼੍ਰੱਧਾਲੂਆਂ ਨੂੰ ਨਿਰਦਯਤਾ ਨਾਲ ਮੁਛਣਾ ਹੀ ਹੁੰਦਾ ਹੈ। ਪੂਜਾ ਦਾ ਧਾਨ ਖਾ ਖਾ ਕੇ ਪਲਿਆ ਤੇ ਰੰਗ-ਬਿਰੰਗੇ ਬਾਣਿਆਂ ਤੇ ਨਿਸ਼ਾਨਾਂ ਨਾਲ ਸ਼ਿੰਗਾਰਿਆ ਇਨ੍ਹਾਂ ਪਾਜੀਆਂ ਦਾ ਆਪਾ ਇਨ੍ਹਾਂ ਦੇ ਮਗਰ ਲੱਗੇ ਅੰਧਵਿਸ਼ਵਾਸੀਆਂ ਵਾਸਤੇ ਘੋਰ ਨਿਰਾਸ਼ਾ ਦਾ ਕਾਰਣ ਬਣਦਾ ਹੈ। ਭੇਖ ਦੇ ਪਾਖੰਡ ਨਾਲ ਲੋਕਾਂ ਵਿੱਚ ਪ੍ਰਵਾਨ ਚੜ੍ਹਣ ਵਾਲਾ ਛਲੀਆ ਗਿਆਨ-ਹੀਣ ਹੋਣ ਕਾਰਣ ਜੀਵਨ-ਮਨੋਰਥ ਦੀ ਮੰਜ਼ਿਲ ਤੀਕ ਪਹੁੰਚਣ ਤੋਂ ਅਸਮਰੱਥ ਰਹਿੰਦਾ ਹੈ ਅਤੇ ਉਸ ਦੇ ਮਗਰ ਲੱਗੇ ਚੇਲਿਆਂ ਨੂੰ ਵੀ ਜੀਵਨ-ਪੂੰਜੀ ਵਿਅਰਥ ਗਵਾ ਕੇ ਅਤਿਅੰਤ ਨਿਰਾਸ਼ਾ ਹੁੰਦੀ ਹੈ। ਦਿਖਾਵੇ ਦੇ ਧਰਮ-ਕਰਮ ਤੇ ਦੁਨਿਆਵੀ ਸ਼ੁਹਰਤ ਖ਼ਾਤਿਰ ਕੀਤੀਆਂ ਕਪਟ-ਕਰਤੂਤਾਂ ਵਗੈਰਾ ਕਿਸੇ ਅਰਥ ਨਹੀਂ। ਹਰਿ-ਨਾਮ-ਸਿਮਰਨ ਹੀ ਇਕੋ ਇੱਕ ਸਹੀ ਵਸੀਲਾ ਹੈ ਜਿਸ ਨਾਲ ਪ੍ਰਾਪਤ ਦੈਵੀ ਗਿਆਨ ਰਾਹੀਂ ਅਸੀਂ ਵਿਕਾਰਾਂ ਦੇ ਬੰਧਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ।

ਉਪਰੋਕਤ ਗੁਰੁ-ਸ਼ਬਦ ਨੂੰ ਵਿਚਾਰਦਿਆਂ ਇੱਕ ਹੋਰ ਪੁਰਸ਼ਾਰਥੀ ਤੱਥ ਸਾਹਮਣੇ ਆਇਆ ਹੈ। ਉਹ ਇਹ ਕਿ ਰੂਹਾਨੀ ਰਾਹਨੁਮਾ ਕਦੇ ਨਸੀਹਤ ਨਹੀਂ ਦਿੰਦੇ ਸਗੋਂ ਹਰ ਖ਼ਾਮੀ ਨੂੰ ਆਪਣੇ ਕਿਰਦਾਰ ਵਿੱਚ ਦੇਖ ਕੇ ਦੂਸਰਿਆਂ ਨੂੰ ਸਿੱਧਾ ਰਾਹ ਸੁਝਾਉਂਦੇ ਹਨ ਅਤੇ ਇਸ ਉੱਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਪਾਜੀ ਪਾਖੰਡੀਆਂ ਨੂੰ ਕੁੱਝ ਕਹਿਣ ਦੀ ਬਜਾਏ ਆਪਣੇ ਆਪੇ ਦੀ ਤੁਲਣਾ ਸਿੰਬਲ ਰੁੱਖ ਨਾਲ ਕਰਦੇ ਹਨ ਅਤੇ ਆਪਣੇ ਆਪ ਨੂੰ ਪਾਪਾਂ ਦੀ ਪੰਡ ਦਾ ਪਾਂਡੀ ਕਹਿ ਕੇ ਨਿੱਜੀ ਆਤਮਿਕ ਊਣਤਾਈ ਦਾ ਪ੍ਰਗਟਾਵਾ ਕਰਦੇ ਹਨ। ਕਿਸੇ ਵੀ ਬਾਣੀਕਾਰ ਨੇ ਆਪਣੇ ਆਪ ਨੂੰ ਸ੍ਰੇਸ਼ਠ ਨਹੀਂ ਕਿਹਾ ਤੇ ਨਾ ਹੀ ਆਪਣੇ ਨਾਮ ਨਾਲ ਕੋਈ ਸਿਫ਼ਾਤੀ ਨਾਮ ਜਾਂ ਤਖ਼ੱਲਸ ਹੀ ਲਾਇਆ ਹੈ! ਬਾਣੀਕਾਰ ਤਾਂ ਨਿਰ-ਹੰਕਾਰ ਸ੍ਵੀਕਾਰ ਕਰਦੇ ਹਨ ਕਿ: ਹਮ ਨਹੀ ਚੰਗੇ ਬੁਰਾ ਨਹੀ ਕੋਇ॥

ਪਾਠਕ ਸਜਨੋਂ! ਇਹ ਅਤਿਅੰਤ ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਦੇ ਮਤਿ ਦਾ ਪ੍ਰਚਾਰ ਕਰਨ ਦਾ ਢੌਂਗ ਕਰਨ ਵਾਲੇ ਹਉਮੈ-ਮਾਰੇ ਕਾਂਸੀ ਨੁਮਾ ਖੋਟੇ ਲੋਕ, ਆਪਣੇ ਆਪ ਨੂੰ ਸਰਵ-ਉੱਚ ਤੇ ਸਰਵਗੁਣ-ਸੰਪੰਨ ਕਹਿੰਦੇ/ਕਹਾਉਂਦੇ ਹਨ ਅਤੇ ਦੋਸ਼-ਦਰਸਾਊ ਉਂਗਲ ਦੂਜਿਆਂ ਵੱਲ ਹੀ ਕਰੀ ਰੱਖਦੇ ਹਨ। ਗਿਆਨ ਜਾਂ ਨੇਕ ਕਰਮਾਂ ਦੀ ਗੱਲ ਉੱਤਮ ਪੁਰਖ (ਮੈਂ) (first person/I ) `ਚ ਕਰਕੇ ਗਿਆਨ ਤੇ ਨੇਕੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਵਾਲੇ ਦਰਅਸਲ ਘੋਰ ਨੀਚ ਹੁੰਦੇ ਹਨ; ਅਤੇ ਅਗਿਆਨਤਾ ਜਾਂ ਭੁੱਲਾਂ ਦੇ ਪ੍ਰਸੰਗ ਵਿੱਚ ਮੱਧਮ ਜਾਂ ਅੰਨਯ ਪੁਰਖ (ਤੂੰ, ਤੁਸੀਂ ਜਾਂ ਉਹ) (second or third person: you or he/they) ਵੱਲ ਉਂਗਲ ਕਰਨ ਵਾਲੇ ਹਉਮੈ-ਮਾਰੇ ਪਾਖੰਡੀ ਪ੍ਰਚਾਰਕ ਹੋਛੀ ਤੇ ਨੀਚ ਖ਼ਸਲਤ ਦੇ ਮਾਲਿਕ ਹੁੰਦੇ ਹਨ। ਨਖ਼ਾਲਸ ਬੰਦੇ ਬਾਣੇ ਦੇ ਬਹਾਨੇ ਆਪਣੇ ਨਾਮ ਨਾਲ ਖ਼ਾਲਸਾ ਉਪਾਧੀ ਲਾਈ ਫਿਰਦੇ ਹਨ ਅਤੇ ਪੰਥ ਨੂੰ ਡੋਬਣ ਵਾਲੇ, ‘ਪੰਥ-ਦਰਦੀ’ ਹੋਣ ਦਾ ਜਾਅਲੀ ਬਿੱਲਾ ਲਟਕਾਈ ਫਿਰਦੇ ਹਨ! ! ਪਾਠਕ ਸਜਨੋਂ! ਸਾਨੂੰ ਗੁਰਬਾਣੀ ਤੋਂ ਪ੍ਰਾਪਤ ਗਿਆਨ ਦੀ ਰੌਸ਼ਣੀ ਵਿੱਚ ਇਨ੍ਹਾਂ ਅਸਲੀ ‘ਸਿੰਮਲ ਰੁੱਖਾਂ’ ਤੋਂ ਸਾਵਧਾਨ ਹੋਣ ਦੀ ਲੋੜ ਹੈ!

ਗੁਰਇੰਦਰ ਸਿੰਘ ਪਾਲ

ਅਕਤੂਬਰ 07, 2012.




.