.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਉਨ੍ਹੀਵੀਂ)

ਸਸਕਾਰ ਤੋਂ ਬਾਅਦ ਹੀ ਬਰਾਦਰੀ ਨੂੰ ਦਸ ਦਿੱਤਾ ਗਿਆ, ਕਿ ਉਸ ਤੋਂ ਤੀਸਰੇ ਦਿਨ ਭਾਵ ਵੀਰਵਾਰ ਨੂੰ ਸਵੇਰੇ ਅੱਠ ਵਜੇ ਅੰਗੀਠਾ ਸਮੇਟਿਆ ਅਤੇ ਜਲ ਪ੍ਰਵਾਹ ਕੀਤਾ ਜਾਵੇਗਾ ਅਤੇ ਫੇਰ ਉਸੇ ਦਿਨ ਦੋ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਗੁਰਦੁਆਰੇ ਅੰਤਿਮ ਅਰਦਾਸ ਦੇ ਗੁਰਮਤਿ ਸਮਾਗਮ ਹੋਣਗੇ। ਕਮਲਪ੍ਰੀਤ ਤੇ ਉਸ ਦਾ ਪਤੀ, ਬਲਦੇਵ ਸਿੰਘ ਦੇ ਬਰੇਲੀ ਵਾਲੇ ਮਾਮਿਆਂ ਦੇ ਪਰਵਾਰ ਅਤੇ ਕੁੱਝ ਹੋਰ ਨੇੜਲੇ ਰਿਸ਼ਤੇਦਾਰ ਤਾਂ ਉਥੇ ਕਾਨਪੁਰ ਹੀ ਰੁੱਕ ਗਏ।
ਚੌਧਰੀ ਹਰੀਸ਼ਰਨ ਅੰਗੀਠਾ ਸਮੇਟਣ ਲਈ ਜਾਣ ਦੇ ਸਮੇਂ ਤੋਂ ਪੰਦਰ੍ਹਾਂ ਮਿੰਟ ਪਹਿਲੇ ਹੀ ਪੁੱਜ ਗਿਆ। ਉਹ ਬੜਾ ਹੈਰਾਨ ਹੋ ਕੇ ਦੇਖਦਾ ਰਿਹਾ, ਬਲਦੇਵ ਸਿੰਘ ਨੇ ਅਰਦਾਸ ਕੀਤੀ, ਫਿਰ ਥੋੜ੍ਹਾ ਜਿਹਾ ਪਾਣੀ ਛਿੜਕਿਆ ਤੇ ਰਿਸ਼ਤੇਦਾਰਾਂ ਨੇ ਰੱਲ ਕੇ ਹੱਡ ਤੇ ਰਾਖ ਇਕੱਠੇ ਹੀ ਇੱਕ ਬੋਰੀ ਵਿੱਚ ਪਾ ਲਏ ਤੇ 10-15 ਮਿੰਟ ਵਿੱਚ ਹੀ ਸਾਰਾ ਕੰਮ ਨਿਬੜ ਗਿਆ, ਉਸ ਤੋਂ ਉਪਰੰਤ ਬਲਦੇਵ ਸਿੰਘ ਨੇ ਬਰਾਦਰੀ ਨੂੰ ਹੱਥ ਜੋੜ ਕੇ ਆਉਣ ਲਈ ਧੰਨਵਾਦ ਕੀਤਾ ਤੇ ਆਖਿਆ ਕਿ ਉਨ੍ਹਾਂ ਗੰਗਾ ਵਿੱਚ ਅੰਗੀਠਾ ਜਲ ਪ੍ਰਵਾਹ ਕਰਨ ਲਈ ਜਾਣਾ ਹੈ, ਜਿਨ੍ਹਾਂ ਕੋਲ ਸਮਾਂ ਹੋਵੇ ਉਹ ਨਾਲ ਆ ਸਕਦੇ ਹਨ। ਉਥੋਂ ਕਈ ਸੱਜਣ ਤਾਂ ਵਾਪਸ ਚਲੇ ਗਏ ਪਰ ਨੇੜਲੇ ਰਿਸ਼ਤੇਦਾਰ ਨਾਲ ਜਾਣ ਲਈ ਤਿਆਰ ਹੀ ਸਨ, ਚੌਧਰੀ ਹਰੀਸ਼ਰਨ ਵੀ ਰੁਕਿਆ ਰਿਹਾ। ਬਲਦੇਵ ਸਿੰਘ ਨੇ ਉਸ ਨੂੰ ਕਿਹਾ, “ਚੌਧਰੀ ਸਾਬ੍ਹ! ਬੇਸ਼ਕ ਆਪਣੀ ਗੱਡੀ ਵਾਪਸ ਭੇਜ ਦਿਓ, ਤੇ ਤੁਸੀਂ ਸਾਡੇ ਨਾਲ ਹੀ ਆ ਜਾਓ।”
“ਹਾਂ ਬਲਦੇਵ ਸਿੰਘ ਜੀ, ਹਮ ਤੋਂ ਆਪਕੇ ਸਾਥ ਹੀ ਬੈਠੇਂਗੇ ਲੇਕਿਨ ਗਾਡੀ ਭੀ ਆਨੇ ਦੀਜੀਏ, ਸਭ ਲੋਕ ਆਰਾਮ ਸੇ ਖੁਲ੍ਹੇ ਬੈਠ ਜਾਏਂਗੇ।” ਤੇ ਗੱਲ ਵੀ ਉਹੀ ਬਣੀ, ਕੁੱਝ ਲੋਕਾਂ ਨੂੰ ਚੌਧਰੀ ਦੀ ਗੱਡੀ ਵਿੱਚ ਵੀ ਬੈਠਣਾ ਪਿਆ। ਰਸਤੇ ਵਿੱਚ ਚੌਧਰੀ ਹਰੀਸ਼ਰਨ ਨੇ ਮਾਮਾ ਜੀ ਦੀ ਬਿਮਾਰੀ ਅਤੇ ਮੌਤ ਦੇ ਕਾਰਨ ਬਾਰੇ ਪੁੱਛਿਆ। ਬਲਦੇਵ ਸਿੰਘ ਨੇ ਸੰਖੇਪ ਵਿੱਚ ਸਾਰੇ ਹਾਲਾਤ ਦੱਸੇ ਪਰ ਨਾਲ ਇਹ ਵੀ ਵਿਸ਼ੇਸ਼ ਤੌਰ `ਤੇ ਕਿਹਾ ਕਿ ਮਾਮਾ ਜੀ ਦੀ ਹਾਲਤ ਅੰਮ੍ਰਿਤਸਰ ਦੇ ਹਾਲਾਤ ਜਾਨਣ ਤੋਂ ਬਾਅਦ ਹੀ ਵਧੇਰੇ ਵਿਗੜੀ ਹੈ। ਚੌਧਰੀ ਨੇ ਗੱਲ ਨੂੰ ਮੋੜਦੇ ਹੋਏ ਕਿਹਾ, “ਬਲਦੇਵ ਸਿੰਘ ਜੀ ਹਮ ਤੋ ਯੇਹ ਸਮਝਤੇ ਥੇ ਕਿ ਆਪ ਕੇ ਧਰਮ ਮੇਂ ਗੰਗਾ ਮੇਂ ਮ੍ਰਿਤਕ ਪ੍ਰਾਣੀ ਕੇ ਫੂਲ ਡਾਲਨੇ ਕੀ ਮਨਾਹੀ ਹੈ, ਆਪ ਤੋਂ ਪੰਜਾਬ ਮੇਂ ਕਹੀਂ ਲੇਕੇ ਜਾਤੇ ਹੈ ਨਾ?”
“ਨਹੀਂ ਚੌਧਰੀ ਸਾਬ੍ਹ, ਸਾਡੇ ਧਾਰਮਿਕ ਸਿਧਾਂਤਾਂ ਅਨੁਸਾਰ ਕਿਸੇ ਵੀ ਸਥਾਨ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ, ਸਾਡੇ ਵਾਸਤੇ ਤਾਂ ਇਹ ਸਿਰਫ ਮਿਰਤਕ ਦੇਹ ਨੂੰ ਸੰਭਾਲਣ ਦਾ ਤਰੀਕਾ ਹੈ, ਐਸੀ ਕੋਈ ਸੋਚ ਨਹੀਂ ਕਿ ਕਿਸੇ ਵਿਸ਼ੇਸ਼ ਸਥਾਨ `ਤੇ ਹੱਡ ਪਾਉਣ ਨਾਲ ਹੀ ਉਸ ਦੀ ਗਤੀ ਹੋਵੇਗੀ ਜਾਂ ਉਸ ਦੇ ਪਾਪ ਧੁਲ ਜਾਣਗੇ ਤੇ ਕੋਈ ਸੁਰਗ ਪ੍ਰਾਪਤ ਹੋਵੇਗਾ। ਸਾਡੇ ਸਤਿਗੁਰੂ ਨੇ ਤਾਂ ਸਪੱਸ਼ਟ ਸਮਝਾ ਦਿੱਤਾ ਹੈ ਕਿ ਜੀਵਨ ਕਾਲ ਵਿੱਚ ਜੈਸੇ ਕਰਮ ਕਰਾਂਗੇ, ਤੈਸਾ ਹੀ ਫਲ ਪ੍ਰਾਪਤ ਹੋਵੇਗਾ। ਇਸੇ ਵਾਸਤੇ ਅਸੀਂ ਹੱਡ (ਫੁਲ) ਅਲੱਗ ਵੀ ਨਹੀਂ ਕਰਦੇ ਅਤੇ ਰਾਖ ਸਮੇਤ ਸਾਰਾ ਅੰਗੀਠਾ ਇਕੱਠਾ ਕਰ ਕੇ ਨੇੜੇ ਵਗਦੇ ਪਾਣੀ ਵਿੱਚ ਪ੍ਰਵਾਹ ਕਰ ਦੇਂਦੇ ਹਾਂ। ਜੇ ਇਹ ਪਬੰਦੀ ਨਹੀਂ ਕਿ ਕਿਸੇ ਵਿਸ਼ੇਸ਼ ਨਦੀ ਜਾਂ ਸਥਾਨ `ਤੇ ਜਾਣਾ ਹੈ ਤਾਂ ਇਹ ਵੀ ਨਹੀਂ ਕਿ ਕਿਸੇ ਵਿਸ਼ੇਸ਼ `ਤੇ ਨਹੀਂ ਜਾਣਾ। ਗੱਲ ਬੜੀ ਸਿੱਧੀ ਜਿਹੀ ਹੈ, ਜਿਹੜਾ ਨੇੜੇ ਵਗਦਾ ਪਾਣੀ ਹੋਵੇ ਉਸ ਵਿੱਚ ਪ੍ਰਵਾਹ ਕਰ ਦੇਣਾ ਹੈ।” ਬਲਦੇਵ ਸਿੰਘ ਨੇ ਥੋੜ੍ਹਾ ਮੁਸਕਰਾ ਕੇ ਕਿਹਾ।
“ਪਰ ਹਮਨੇ ਤੋ ਦੇਖਾ ਹੈ ਕਿ ਕੁਛ ਲੋਗ, ਕੇਵਲ ਫੂਲ ਅਲੱਗ ਨਿਕਾਲ ਕੇ, ਵਿਸ਼ੇਸ਼ ਤੌਰ ਪੇ ਪੰਜਾਬ ਮੇਂ ਕਹੀਂ ਲੇ ਕੇ ਜਾਤੇ ਹੈਂ।”
“ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਈ ਲੋਕ ਤੁਹਾਡੇ ਵਾਂਗੂ ਅੰਗੀਠਾ ਫਰੋਲ ਕੇ ਹੱਡ ਵੀ ਅਲੱਗ ਕਰਦੇ ਹਨ ਅਤੇ ਉਨ੍ਹਾਂ ਨੂੰ ਕੀਰਤਪੁਰ ਲੈ ਕੇ ਜਾਂਦੇ ਹਨ, ਲੇਕਿਨ ਇਹ ਕੇਵਲ ਉਨ੍ਹਾਂ ਦੀ ਅਗਿਆਨਤਾ ਹੈ, ਸਾਡਾ ਸਿਧਾਂਤ ਨਹੀਂ”, ਬਲਦੇਵ ਸਿੰਘ ਨੇ ਬਹੁਤ ਸਹਜ ਨਾਲ ਜੁਆਬ ਦਿੱਤਾ। ਗੱਲਾਂ ਗੱਲਾਂ ਵਿੱਚ ਉਹ ਗੰਗਾ ਕਿਨਾਰੇ ਪਹੁੰਚ ਗਏ ਸਨ, ਸੋ ਗੱਡੀਆਂ ਪਾਸੇ ਰੋਕ ਕੇ ਸਾਰੇ ਉਤਰ ਗਏ ਤੇ ਬੋਰੀ ਚੁੱਕ ਕੇ ਪਾਣੀ ਦੀ ਧਾਰ ਵੱਲ ਹੋ ਤੁਰੇ।
ਗੰਗਾ ਤੋਂ ਵਾਪਸ ਮੁੜੇ ਤਾਂ ਚੌਧਰੀ ਦਰਵਾਜ਼ੇ ਅਗੋਂ ਹੀ ਕਹਿਣ ਲੱਗਾ, “ਅੱਛਾ ਬਲਦੇਵ ਸਿੰਘ ਜੀ ਹਮੇਂ ਆਗਿਆ ਦੀਜੀਏ, ਹਮ ਚਲਤੇ ਹੈਂ, ਫਿਰ ਗੁਰਦੁਆਰੇ ਮਿਲਤੇ ਹੈਂ।”
“ਨਹੀਂ ਚੌਧਰੀ ਸਾਬ੍ਹ, ਚਾਹ ਪੀ ਕੇ ਜਾਣਾ”, ਬਲਦੇਵ ਸਿੰਘ ਨੇ ਉਸ ਦਾ ਹੱਥ ਪਕੜਦੇ ਹੋਏ ਕਿਹਾ। ਚੌਧਰੀ ਨੇ ਵੀ ਬਹੁਤੀ ਜ਼ਿਦ ਨਹੀਂ ਕੀਤੀ ਤੇ ਨਾਲ ਅੰਦਰ ਆ ਗਿਆ। ਬਲਦੇਵ ਸਿੰਘ ਉਸ ਨੂੰ ਲੈਕੇ ਅਲੱਗ ਕਮਰੇ ਵਿੱਚ ਆ ਗਿਆ ਤੇ ਗੁਰਮੀਤ ਨੂੰ ਚਾਹ ਨਾਸ਼ਤਾ ਲਿਆਉਣ ਲਈ ਆਖਿਆ। ਬਲਦੇਵ ਸਿੰਘ ਨੂੰ ਆਪਣੇ ਅੰਦਰ ਅਹਿਸਾਸ ਹੋ ਰਿਹਾ ਸੀ ਕਿ ਪਿਛਲੇ ਕੁੱਝ ਸਮੇਂ ਤੋਂ ਉਸ ਦੇ ਰੁਖੇ ਵਿਹਾਰ ਦੇ ਬਾਵਜੂਦ ਚੌਧਰੀ ਨੇ ਇਸ ਸਮੇਂ ਪੁਰਾਣੇ ਸਬੰਧਾਂ ਮੁਤਾਬਕ ਭਰਾਵਾਂ ਵਾਲਾ ਰੋਲ ਨਿਭਾਇਆ ਸੀ। ਚੌਧਰੀ ਵੀ ਸ਼ਾਇਦ ਸਮੇਂ ਦੀ ਭਾਲ ਵਿੱਚ ਸੀ ਅਤੇ ਬਲਦੇਵ ਸਿੰਘ ਨਾਲ ਕੁੱਝ ਗੱਲ ਕਰਨਾ ਚਾਹੁੰਦਾ ਸੀ। ਇਕੱਲੇ ਵੇਖ ਕੇ ਕਹਿਣ ਲੱਗਾ, “ਬਲਦੇਵ ਸਿੰਘ ਜੀ ਹਮੇਂ ਆਪ ਸੇ ਗਿਲਾ ਹੈ, ਆਪ ਕੋ ਸਭ ਸੇ ਪਹਿਲੇ ਹਮੇਂ ਫੋਨ ਕਰਨਾ ਚਾਹੀਏ ਥਾ। ਸ਼ਾਇਦ ਆਪ ਹਮ ਸੇ ਅਭੀ ਭੀ ਨਾਰਾਜ਼ ਹੈ, ਹਾਲਾਂਕਿ ਇਸ ਮੇਂ ਹਮਾਰਾ ਕਿਆ ਰੋਲ ਹੈ?”
ਬਲਦੇਵ ਸਿੰਘ ਥੋੜ੍ਹੀ ਦੇਰ ਚੁੱਪ ਰਿਹਾ ਜਿਵੇਂ ਕੁੱਝ ਸੋਚ ਰਿਹਾ ਹੋਵੇ ਤੇ ਫੇਰ ਬੋਲਿਆ, “ਚੌਧਰੀ ਸਾਬ੍ਹ ਤੁਸੀਂ ਜਾਣਦੇ ਹੋ ਮੈਂ ਝੂਠ ਨਹੀਂ ਬੋਲਦਾ, ਇਸ ਲਈ ਕੋਈ ਪੜਦੇ ਪਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਬੇਸ਼ਕ ਮੈਨੂੰ ਨਰਾਜ਼ਗੀ ਹੈ, ਮੈਂ ਜਾਣਦਾ ਹਾਂ ਕਿ ਇਹ ਫ਼ੌਜੀ ਕਾਰਵਾਈ ਕਰਾਉਣ ਵਿੱਚ ਤੁਹਾਡਾ ਕੋਈ ਹੱਥ ਨਹੀਂ ਅਤੇ ਨਾ ਹੀ ਤੁਹਾਡੇ ਕੁੱਝ ਵੱਸ ਵਿੱਚ ਸੀ, ਪਰ ਜਿਵੇਂ ਸਾਡੇ ਦਰਬਾਰ ਸਾਹਿਬ `ਤੇ ਫ਼ੌਜੀ ਹਮਲੇ ਵੇਲੇ ਦੂਸਰਿਆਂ ਵਾਂਗ ਤੁਸੀਂ ਵੀ ਖੁਸ਼ੀਆਂ ਮਨਾਈਆਂ, ਮਿਠਾਈਆਂ ਵੰਡੀਆਂ, ਉਸ ਨੇ ਮੇਰੇ ਦਿਲ ਨੂੰ ਬਹੁਤ ਦੁੱਖ ਪਹੁੰਚਾਇਐ।”
“ਬਲਦੇਵ ਸਿੰਘ ਜੀ, ਹਮ ਨੇ ਦਰਬਾਰ ਸਾਹਿਬ ਪਰ ਹਮਲੇ ਕੀ ਨਹੀਂ, ਆਤੰਕਵਾਦੀਓਂ ਕੀ ਮੌਤ ਕੀ ਖੁਸ਼ੀਆਂ ਮਨਾਈ ਹੈ। ਦਰਬਾਰ ਸਾਹਿਬ ਕੋ ਜੋ ਨੁਕਸਾਨ ਪਹੁੰਚਾ ਹੈ, ਉਸ ਕਾ ਤੋ ਹਮੇਂ ਭੀ ਬਹੁਤ ਦੁੱਖ ਹੈ। ਦਰਬਾਰ ਸਾਹਿਬ ਕੀ ਤੋ ਹਮ ਭੀ ਪੂਜਾ ਕਰਤੇ ਹੈਂ। ਯੇਹ ਤੋ ਆਪ ਭੀ ਮਾਨਤੇ ਹੈਂ ਕਿ ਆਤੰਕਵਾਦੀ ਅੱਛੇ ਲੋਗ ਨਹੀਂ ਹੈਂ”, ਚੌਧਰੀ ਨੇ ਗੱਲ ਵਿੱਚੋਂ ਹੀ ਕਟਦੇ ਹੋਏ ਕਿਹਾ।
“ਚੌਧਰੀ ਸਾਬ੍ਹ, ਇਨ੍ਹਾਂ ਦੋਨਾਂ ਨੂੰ ਅਲੱਗ ਅਲੱਗ ਕਰ ਕੇ ਨਹੀਂ ਵੇਖਿਆ ਜਾ ਸਕਦਾ। ਫੇਰ ਵੀ ਜੇ ਤੁਸੀਂ ਇਹ ਕਹਿੰਦੇ ਹੋ ਤਾਂ ਮੈਂ ਅੱਜ ਵੀ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੇ ਸੁਆਲ ਕੇਵਲ ਕੁੱਝ ਖਾੜਕੂਆਂ ਨੂੰ ਫੜ੍ਹਨ ਦਾ ਹੁੰਦਾ ਤਾਂ ਉਨ੍ਹਾਂ ਨੂੰ ਕਿਸੇ ਵੇਲੇ ਵੀ ਘੇਰਾ ਪਾ ਕੇ ਫੜਿਆ ਜਾ ਸਕਦਾ ਸੀ। ਇਹ ਤਾਂ ਸਰਕਾਰ ਨੇ ਸਿਰਫ ਬਹਾਨਾ ਬਣਾਇਐ, ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ `ਤੇ ਹਮਲਾ ਕਰਨ ਦਾ, ਅਤੇ ਇਸ ਰਾਹੀਂ ਸਿੱਖ ਕੌਮ ਦੇ ਸਵੈਮਾਨ `ਤੇ ਚੋਟ ਮਾਰ ਕੇ ਉਸ ਨੂੰ ਜ਼ਲੀਲ ਕਰਨ ਦਾ। ਉਸ ਦਾ ਅਸਲੀ ਮਕਸਦ ਤਾਂ ਪਹਿਲਾਂ ਹਿੰਦੂ ਸਿੱਖ ਵਿੱਚ ਪਾੜ ਪਾਉਣੀ, ਤੇ ਇਸ ਕਾਰਵਾਈ ਨਾਲ ਹਿੰਦੂ ਕੌਮ ਨੂੰ ਖੁਸ਼ ਕਰਨਾ ਸੀ। ਇਹ ਤਾਂ ਸਾਰੀ ਵੋਟ ਰਾਜਨੀਤੀ ਹੋਈ ਹੈ। ਕੀ ਆਪਣੀਆਂ ਵੋਟਾਂ ਖਾਤਰ, ਰਾਜਗੱਦੀ ਦੀ ਪ੍ਰਾਪਤੀ ਖਾਤਰ, ਆਪਣੇ ਦੇਸ਼ ਦੇ ਲੋਕਾਂ ਵਿੱਚ ਆਪਸੀ ਨਫਰਤ ਪੈਦਾ ਕਰਨਾ, ਆਪਣੇ ਹੀ ਦੇਸ਼ ਦੀ ਇੱਕ ਅਣਖੀਲੀ ਕੌਮ, ਜਿਸ ਨੇ ਦੇਸ਼ ਦੀ ਅਜ਼ਾਦੀ ਵਿੱਚ ਇਤਨਾ ਵੱਡਾ ਹਿੱਸਾ ਪਾਇਆ ਹੋਵੇ, ਨੂੰ ਇੰਝ ਜ਼ਲੀਲ ਕਰਨਾ, ਕਿਸੇ ਤਰ੍ਹਾਂ ਵੀ ਜਾਇਜ਼ ਠਹਿਰਾਇਆ ਜਾ ਸਕਦਾ ਹੈ? …. ਚਲੋ ਜੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਵੀ ਜਾਵਾਂ, ਤਾਂ ਜਦੋਂ ਦਾ ਦੇਸ਼ ਅਜ਼ਾਦ ਹੋਇਐ, ਸਿੱਖ ਕੌਮ ਨਾਲ ਇਤਨੀਆਂ ਵਧੀਕੀਆਂ ਅਤੇ ਵਿਤਕਰੇ ਹੋ ਰਹੇ ਨੇ, ਜੇ ਉਸ ਦੇ ਰੋਸ ਦੇ ਵਜੋਂ ਕੁੱਝ ਨੌਜੁਆਨ ਜੋਸ਼ ਵਿੱਚ ਆ ਗਏ ਤਾਂ ਕਿਹੜੀ ਵੱਡੀ ਗੱਲ ਹੈ, ਉਨ੍ਹਾਂ ਨੂੰ ਆਪਣੇ ਬੱਚੇ ਸਮਝ ਕੇ, ਉਨ੍ਹਾਂ ਦੇ ਗਿੱਲੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਉਨ੍ਹਾਂ ਦੀਆਂ ਜਾਇਜ਼ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਸੀ। ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ, ਪੂਰੀ ਕੌਮ ਨੂੰ ਖਤਮ ਕਰ ਦਿੱਤਾ ਜਾਵੇ। ਸਾਡੇ ਸਿੱਖੀ ਦੇ ਕੇਂਦਰ ਨੂੰ ਹੀ ਢਹਿ ਢੇਰੀ ਕਰ ਦਿੱਤਾ ਜਾਵੇ, ਸਾਡੇ ਗੁਰਧਾਮਾਂ ਦਾ ਇਤਨਾ ਅਪਮਾਨ ਕੀਤਾ ਜਾਵੇ ਅਤੇ ਅਪਵਿਤ੍ਰ ਕੀਤੇ ਜਾਣ। ਆਪਣੇ ਹੀ ਦੇਸ਼ ਦੇ ਨਾਗਰਿਕਾਂ `ਤੇ ਆਪਣੇ ਹੀ ਦੇਸ਼ ਦੀ ਫ਼ੌਜ ਜ਼ੁਲਮ ਢਾਵੇ।” ਬਲਦੇਵ ਸਿੰਘ ਦੀਆਂ ਗੱਲਾਂ ਵਿੱਚ ਭਾਵੇਂ ਅਜੇ ਵੀ ਰੋਸ ਸੀ ਪਰ ਉਸ ਨੇ ਆਪਣੇ ਬੋਲਾਂ ਵਿੱਚ ਕਾਫੀ ਨਿਮਰਤਾ ਅਤੇ ਸਹਿਜ ਬਣਾ ਕੇ ਰੱਖਿਆ ਹੋਇਆ ਸੀ।
“ਅਰੇ ਕਿਆ ਬਾਤ ਕਰਤੇ ਹੈਂ ਬਲਦੇਵ ਸਿੰਘ ਜੀ, ਸਿੱਖ ਦੇਸ਼ ਮੇਂ ਸਭ ਸੇ ਧਨਵਾਨ ਹੈਂ, ਕੇਂਦਰ ਮੇਂ ਮੰਤਰੀ ਹੈਂ, ਦੇਸ਼ ਕੇ ਬੜੇ ਬੜੇ ਊਂਚੇ ਅਹੁਦੋਂ ਪਰ ਹੈਂ, ਯਹਾਂ ਤੱਕ ਕਿ ਦੇਸ਼ ਕਾ ਰਾਸ਼ਟਰਪਤੀ ਸਿੱਖ ਹੈ, ਆਪ ਕਿਸ ਭੇਦਭਾਵ ਔਰ ਜ਼ਿਆਦਤੀਓਂ ਕੀ ਬਾਤ ਕਰਤੇ ਹੈਂ?” ਚੌਧਰੀ ਬੜੇ ਤਪਾਕ ਨਾਲ ਬੋਲਿਆ।
“ਚੌਧਰੀ ਸਾਬ੍ਹ! ਪਹਿਲਾਂ ਤਾਂ ਸਿੱਖ ਜਿਤਨੇ ਅਮੀਰ ਨਜ਼ਰ ਆਉਂਦੇ ਹਨ ਉਤਨੇ ਅਸਲ ਵਿੱਚ ਹਨ ਨਹੀਂ। ਕਿਉਂਕਿ ਇਹ ਚੰਗਾ ਖਾਣ-ਪਾਣ ਔਰ ਰਹਿਣ ਵਿੱਚ ਵਿਸ਼ਵਾਸ ਕਰਦੇ ਹਨ, ਇਸ ਲਈ ਇਹ ਨਜ਼ਰ ਵਧੇਰੇ ਅਮੀਰ ਆਉਂਦੇ ਹਨ, ਉਂਝ ਵੀ ਅਗਰ ਅਮੀਰ ਹਨ ਵੀ, ਤਾਂ ਆਪਣੀ ਮਿਹਨਤ ਅਤੇ ਦਿਆਨਤਦਾਰੀ ਕਾਰਨ ਹਨ। ਦੂਸਰਾ ਮੁਗਲ ਰਾਜ ਸਮੇਂ ਇੱਕ ਹਿੰਦੂ ਰਾਜਪੂਤ ਰਾਜਾ ਮਾਨ ਸਿਹੁੰ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਸ ਆਪਣੀ ਵਫਾਦਾਰੀ ਸਾਬਤ ਕਰਨ ਲਈ ਆਪਣੀ ਭੈਣ ਵੀ ਮੁਗਲ ਰਾਜੇ ਨਾਲ ਵਿਆਹੀ ਹੋਈ ਸੀ ਪਰ ਹਿੰਦੂਆਂ `ਤੇ ਫਿਰ ਵੀ ਜ਼ੁਲਮ ਹੁੰਦਾ ਸੀ, ਉਨ੍ਹਾਂ ਤੋਂ ਹਿੰਦੂ ਹੋਣ ਕਾਰਨ ਧਾਰਮਿਕ ਟੈਕਸ ‘ਜਜ਼ੀਆ’ ਲਿਆ ਜਾਂਦਾ ਸੀ। ਇਹ ਜੋ ਸਿੱਖ ਇਨ੍ਹਾਂ ਉਚੇ ਅਹੁਦਿਆਂ `ਤੇ ਨਜ਼ਰ ਆਉਂਦੇ ਹਨ, ਇਹ ਉਸ ਰਾਜਾ ਮਾਨ ਸਿੰਘ ਦਾ ਰੋਲ ਅਦਾ ਕਰ ਰਹੇ ਹਨ। ਇਹ ਕੌਮੀ ਹਿੱਤਾਂ ਦੀ ਕੀਮਤ `ਤੇ ਆਪਣੇ ਅਹੁਦਿਆਂ ਅਤੇ ਐਯਾਸ਼ੀਆਂ ਦੇ ਸੌਦੇ ਕਰਦੇ ਹਨ। ਐਸੇ ਲੋਕ ਹਰ ਕੌਮ ਵਿੱਚ ਹੁੰਦੇ ਹਨ, ਅੰਗ੍ਰੇਜ਼ ਸਰਕਾਰ ਦੇ ਸਮੇਂ ਦੀ ਗੱਲ ਕਰ ਲਓ, ਭਾਰਤੀਆਂ `ਤੇ ਜ਼ੁਲਮ ਢਾਉਣ ਵਾਲੇ ਵਧੇਰੇ ਭਾਰਤੀ ਹੀ ਹੁੰਦੇ ਸਨ, ਜਿਸ ਦੇ ਬਦਲੇ ਉਹ ਗੁਲਾਮ ਰਾਜਸ਼ਾਹੀਆਂ, ਦੀਵਾਨੀਆਂ, ਹੋਰ ਉਚੇ ਅਹੁਦੇ ਪਦਵੀਆਂ ਅਤੇ ਜਗੀਰਾਂ ਆਦਿ ਪ੍ਰਾਪਤ ਕਰਦੇ ਸਨ। ਬੇਸ਼ਕ ਸਾਡੀ ਕੌਮ ਵਿੱਚ ਵੀ ਕੁੱਝ ਐਸੀਆਂ ਕਾਲੀਆਂ ਭੇਡਾਂ ਹਨ ਪਰ ਸਿੱਖ ਵਧੇਰੇ ਤੌਰ `ਤੇ ਜੁਝਾਰੂ ਹਨ ਜਿਵੇਂ ਕਿ ਮੁਗ਼ਲਾਂ ਦੇ ਸਮੇਂ ਤੁਹਾਡੀ ਕੌਮ ਵਿੱਚ ਵੀ ਰਾਜਾ ਰਾਣਾ ਪ੍ਰਤਾਪ ਹੋਇਆ ਹੈ। ਬਾਕੀ ਜਿਥੋਂ ਤੱਕ ਸੁਆਲ ਦੇਸ਼ ਦੇ ਰਾਸ਼ਟਰਪਤੀ ਦਾ ਹੈ, ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਜ਼ਲੀਲ ਕਰਨ ਦੀ ਸਕੀਮ ਪ੍ਰਧਾਨ ਮੰਤਰੀ ਦੇ ਮਨ ਵਿੱਚ ਬਹੁਤ ਪਹਿਲੇ ਤੋਂ ਸੀ, ਇਸੇ ਵਾਸਤੇ ਗਿਆਨੀ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਗਿਆ ਤਾਂ ਕਿ ਇਤਨਾ ਜ਼ੁਲਮ ਢਾਹ ਕੇ ਵੀ ਫਰੇਬ ਕੀਤਾ ਜਾ ਸਕੇ ਕਿ ‘ਦੇਖੋ ਜੀ! ਦੇਸ਼ ਦਾ ਰਾਸ਼ਟਰਪਤੀ ਤਾਂ ਸਿੱਖ ਹੈ, ਜੋ ਦੇਸ਼ ਦੀਆਂ ਫ਼ੌਜਾਂ ਦਾ ਸੁਪਰੀਮ ਕਮਾਂਡਰ ਹੈ। ਉਸੇ ਨੇ ਫ਼ੌਜ ਨੂੰ ਹੁਕਮ ਦਿੱਤਾ ਹੈ’ ਹਾਲਾਂਕਿ ਸਾਰਾ ਦੇਸ਼ ਜਾਣਦਾ ਹੈ ਕਿ ਉਸ ਦੇ ਹੱਥ ਵਸ ਕੀ ਹੈ?”
ਗੱਲਾਂ ਵਿੱਚ ਹੀ ਗੁਰਮੀਤ ਨਾਸ਼ਤਾ ਤੇ ਚਾਹ ਰੱਖ ਗਈ ਸੀ, ਜੋ ਹੁਣ ਮੁੱਕ ਚੁੱਕਾ ਸੀ। ਉਂਝ ਵੀ ਬਲਦੇਵ ਸਿੰਘ ਦੀਆਂ ਦਲੀਲਾਂ ਨੇ ਚੌਧਰੀ ਨੂੰ ਲਾਜੁਆਬ ਜਿਹਾ ਕਰ ਦਿੱਤਾ ਸੀ, ਉਹ ਉਠਦਾ ਹੋਇਆ ਬੋਲਿਆ, “ਅਜੀ ਸਿਆਸਤ ਤੋ ਹੈ ਹੀ ਗੰਦਾ ਖੇਲ। ਹਮ ਤੋਂ ਯੇਹ ਜਾਨਤੇ ਹੈਂ ਕਿ ਹਮਾਰਾ ਪਿਆਰ ਭਾਈਓਂ ਜੈਸਾ ਹੈ ਜੋ ਐਸੇ ਹੀ ਬਨਾ ਰਹਿਨਾ ਚਾਹੀਏ।”
“ਬੇਸ਼ਕ, ਬੇਸ਼ਕ।” ਬਲਦੇਵ ਸਿੰਘ ਨੇ ਵੀ ਉਠਦੇ ਹੋਏ ਕਿਹਾ ਤੇ ਦੋਹਾਂ ਨੇ ਜੱਫੀ ਪਾ ਲਈ ਤੇ ਫੇਰ ਦਰਵਾਜ਼ੇ ਵੱਲ ਤੁਰ ਪਏ। “ਹਮ ਆਤੇਂ ਹੈ ਗੁਰਦੁਆਰੇ, ਜ਼ਰਾ ਪਰੀਵਾਰ ਕੋ ਭੀ ਲੇ ਆਏਂ”, ਕਹਿੰਦਾ ਹੋਇਆ ਚੌਧਰੀ ਗੱਡੀ ਵਿੱਚ ਬੈਠ ਗਿਆ।
ਗੁਲਾਬ ਸਿੰਘ ਦੀ ਅੰਤਿਮ ਅਰਦਾਸ ਸੱਚਮੁੱਚ ਹੀ ਗੁਰਮਤਿ ਸਮਾਗਮ ਹੋ ਨਿਬੜਿਆ। ਬਲਦੇਵ ਸਿੰਘ ਨੇ ਬਹੁਤ ਕਾਬਲ ਗੁਰਮਤਿ ਦੇ ਜਾਣਕਾਰ ਵਿਦਵਾਨ ਬੁਲਾਏ ਹੋਏ ਸਨ, ਪਹਿਲਾਂ ਅੱਧਾ ਘੰਟਾ ਰਾਗੀਆਂ ਨੇ ਕੀਰਤਨ ਕੀਤਾ ਫੇਰ ਸ਼ਬਦ ਦੀ ਵਿਚਾਰ ਹੋਈ ਤੇ ਉਸ ਤੋਂ ਬਾਅਦ ਖੁਲ੍ਹੀਆਂ ਗੁਰਮਤਿ ਵਿਚਾਰਾਂ। ਸੰਗਤਾਂ ਵੀ ਸੁਣ ਸੁਣ ਕੇ ਹੈਰਾਨ ਹੋ ਰਹੀਆਂ ਸਨ ਕਿ ਗੁਰਮਤਿ ਸਾਨੂੰ ਕੀ ਸਿਖਾਉਂਦੀ ਹੈ ਅਤੇ ਅਸੀਂ ਆਮ ਤੌਰ `ਤੇ ਕੀ ਕਰਮ ਕਰ ਰਹੇ ਹਾਂ। ਅਰਦਾਸ ਬਲਦੇਵ ਸਿੰਘ ਨੇ ਆਪ ਕੀਤੀ। ਕਈ ਤਾਂ ਬੜੀ ਹੈਰਾਨਗੀ ਦਰਸਾ ਰਹੇ ਸਨ ਪਰ ਬਹੁਤੇ ਤਾਰੀਫ ਕਰ ਰਹੇ ਸਨ ਕਿ ਅਸਲ ਵਿੱਚ ਤਾਂ ਸਿੱਖਾਂ ਦੇ ਸੰਸਕਾਰ ਕੋਈ ਕਰਮਕਾਂਡ ਨਹੀਂ ਬਲਕਿ ਗੁਰਮਤਿ ਪ੍ਰਚਾਰ ਦਾ ਸਹੀ ਮੌਕਾ ਹਨ, ਜਿਸ ਵੇਲੇ ਅਮਲੀ ਤੇ ਲਫਜ਼ੀ ਦੋਵੇਂ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ। ਦੇਗ ਵਰਤਣ ਲੱਗੀ ਤਾਂ ਬਲਬੀਰ ਕੌਰ ਨੇ ਇਸ਼ਾਰੇ ਨਾਲ ਬਲਦੇਵ ਸਿੰਘ ਨੂੰ ਬੁਲਾਇਆ ਤੇ ਕਹਿਣ ਲੱਗੀ, “ਕਾਕਾ! ਬਾਅਦ ਵਿੱਚ ਕਈ ਲੋਕ ਗੱਲਾਂ ਕਰਨਗੇ ਤੇ ਕਈ, ਕਈ ਤਰ੍ਹਾਂ ਦੇ ਸੁਆਲ ਕਰਨਗੇ, ਚੰਗਾ ਹੈ ਤੂੰ ਆਪਣੇ ਮਾਮਾ ਜੀ ਦੀ ਚਿੱਠੀ ਪੜ੍ਹ ਕੇ ਸੰਗਤ ਵਿੱਚ ਸੁਣਾ ਦੇ, ਬਹੁਤਿਆਂ ਨੂੰ ਉਸੇ ਨਾਲ ਤਸੱਲੀ ਹੋ ਜਾਵੇਗੀ।” ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਮਾਈਕ ਅੱਗੇ ਜਾ ਖੱਲੋਤਾ। ਦੇਗ ਵਰਤਣੀ ਸ਼ੁਰੂ ਹੋ ਗਈ ਸੀ। ਬਲਦੇਵ ਸਿੰਘ ਬੋਲਿਆ, “ਸਤਿਕਾਰਯੋਗ ਸਾਧ ਸੰਗਤ ਜੀ! ਅਸੀਂ ਆਏ ਸਮੂਹ ਸੱਜਣਾਂ ਮਿੱਤਰਾਂ ਸਬੰਧੀਆਂ ਦੇ ਬਹੁਤ ਧੰਨਵਾਦੀ ਹਾਂ। ਸਾਡੇ ਸਤਿਕਾਰ ਯੋਗ ਮਾਮਾ ਜੀ ਆਪਣੇਂ ਹਥੀਂ ਆਪਣੇ ਸਸਕਾਰ ਅਤੇ ਅੰਤਿਮ ਅਰਦਾਸ ਬਾਰੇ ਅੰਤਿਮ ਇੱਛਾ ਲਿਖ ਗਏ ਸਨ, ਜਿਸ ਨੂੰ ਨਿਭਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਸਾਡੇ ਪਾਸੋਂ ਕੋਈ ਕਮੀਂ ਰਹਿ ਗਈ ਹੋਵੇ ਤਾਂ ਅਸੀਂ ਸਮੂਹ ਸੰਗਤ ਪਾਸੋਂ ਖਿਮਾਂ ਦੇ ਜਾਚਕ ਹਾਂ। ਸਤਿਕਾਰਯੋਗ ਮਾਮੀ ਜੀ ਦੀ ਇੱਛਾ ਹੈ ਕਿ ਮਾਮਾ ਜੀ ਦੀ ਉਹ ਆਖਰੀ ਇੱਛਾ ਸੰਗਤ ਨੂੰ ਪੜ੍ਹ ਕੇ ਸੁਣਾ ਦਿੱਤੀ ਜਾਵੇ।” ਜਿਹੜੇ ਦੇਗ ਲੈ ਕੇ ਉਠਣ ਲੱਗੇ ਸਨ, ਉਹ ਵੀ ਕੁੱਝ ਪਲਾਂ ਲਈ ਉਥੇ ਹੀ ਰੁਕ ਗਏ ਤੇ ਉਸ ਤੋਂ ਬਾਅਦ ਬਲਦੇਵ ਸਿੰਘ ਨੇ ਉਹ ਚਿੱਠੀ ਇੱਕ ਵਾਰੀ ਫੇਰ ਸੰਗਤ ਵਿੱਚ ਪੜ੍ਹ ਕੇ ਸੁਣਾਉਣੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਉਸ ਇਹ ਸੱਤਰਾਂ ਬੋਲੀਆਂ ਕਿ ‘ਹਰਭਜਨ ਨੂੰ ਮੇਰੀ ਮੌਤ ਦੀ ਖ਼ਬਰ ਨਾ ਦਿੱਤੀ ਜਾਵੇ, ਅਸੀਂ ਇੱਕ ਦੂਸਰੇ ਵਾਸਤੇ ਪਹਿਲਾਂ ਹੀ ਮਰ ਚੁੱਕੇ ਹਾਂ’ ਤਾਂ ਸੰਗਤ ਵਿੱਚ ਮਰਦਾਂ ਵਾਲੇ ਪਾਸਿਓਂ ਕਿਸੇ ਦੀ ਬੜੀ ਉਚੀ ਹੂਕ ਨਿਕਲੀ ਤੇ ਫੇਰ ਭੁੱਬਾਂ ਮਾਰ ਕੇ ਰੋਣ ਦੀ ਅਵਾਜ਼ ਆਈ। ਸਾਰੀ ਸੰਗਤ ਦਾ ਧਿਆਨ ਉਧਰ ਹੀ ਖਿਚਿਆ ਗਿਆ। ਬਲਦੇਵ ਸਿੰਘ ਨੇ ਵੀ ਉਧਰ ਵੇਖਿਆ, ਕੋਈ ਸਿੱਖ ਵੀਰ ਸਿਰ ਨੀਵਾਂ ਕਰ ਕੇ ਜ਼ਾਰ ਜ਼ਾਰ ਰੋ ਰਿਹਾ ਸੀ। ਨੇੜੇ ਬੈਠੇ, ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਬਲਦੇਵ ਸਿੰਘ ਉਥੋਂ ਦੂਰੋਂ ਪਹਿਚਾਣ ਨਾ ਸਕਿਆ, ਉਸ ਨੇ ਚਿੱਠੀ ਪੂਰੀ ਕੀਤੀ। ਦੇਗ ਵਰਤ ਗਈ ਸੀ, ਸੰਗਤਾਂ ਉਠ ਕੇ ਬਾਹਰ ਨੂੰ ਤੁਰ ਪਈਆਂ। ਕੁੱਝ ਰਿਸ਼ਤੇਦਾਰ ਉਸ ਵਿਰਲਾਪ ਕਰ ਰਹੇ ਵੀਰ ਦੇ ਕੋਲ ਇਕੱਠੇ ਹੋ ਗਏ ਸਨ, ਬਲਦੇਵ ਸਿੰਘ ਵੀ ਛੇਤੀ ਨਾਲ ਉਧਰ ਆਇਆ ਤੇ ਉਸ ਨੂੰ ਪਹਿਚਾਣਦੇ ਦੇਰ ਨਾ ਲੱਗੀ ਕਿ ਉਥੇ ਹਰਭਜਨ ਬੈਠਾ ਸੀ। ਹਰਭਜਨ ਉਠ ਕੇ ਬਲਦੇਵ ਸਿੰਘ ਦੇ ਗਲੇ ਲੱਗ ਗਿਆ ਤੇ ਦੋਹਾਂ ਨੇ ਘੁੱਟ ਕੇ ਇੱਕ ਦੂਜੇ ਨੂੰ ਗੱਲਵੱਕੜੀ ਪਾ ਲਈ। ਦੋਹਾਂ ਦੀਆਂ ਅੱਖਾਂ ਚੋਂ ਹੰਝੂ ਵੱਗ ਤੁਰੇ। ਪੱਲ ਲਈ ਤਾਂ ਬਲਦੇਵ ਸਿੰਘ ਭੁੱਲ ਗਿਆ ਕਿ ਪਰਿਵਾਰ ਨੇ ਹਰਭਜਨ ਨਾਲ ਮਿਲਾਪ ਬੰਦ ਕੀਤਾ ਹੋਇਆ ਹੈ। ਉਹ ਸੰਭਲਿਆ ਤੇ ਹਰਭਜਨ ਵੱਲ ਵੇਖਿਆ, ਹਰਭਜਨ ਨੇ ਪੱਗ ਵੀ ਬੰਨੀ ਹੋਈ ਸੀ ਅਤੇ ਮੂੰਹ `ਤੇ ਕਾਫੀ ਦਾੜ੍ਹੀ ਵੀ ਵਧੀ ਹੋਈ ਸੀ, ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਹਰਭਜਨ ਨੇ ਪਿਤਾ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਦਾੜ੍ਹੀ ਵਧਾ ਲਈ ਹੋਵੇ, ਪਰ ਫਿਰ ਇਕ-ਦਮ ਖਿਆਲ ਆਇਆ ਕਿ ਇਤਨੀ ਦਾੜ੍ਹੀ ਦੋ ਦਿਨਾਂ ਵਿੱਚ ਨਹੀਂ ਵੱਧ ਸਕਦੀ। ਉਸ ਨੇ ਹਰਭਜਨ ਨੂੰ ਨਾਲ ਲਿਆ ਤੇ ਬਲਬੀਰ ਕੌਰ ਕੋਲ ਆ ਗਿਆ। ਬਲਬੀਰ ਕੌਰ ਨੂੰ ਕਈ ਔਰਤਾਂ ਨੇ ਘੇਰਿਆ ਹੋਇਆ ਸੀ, ਬਲਦੇਵ ਸਿੰਘ ਨੇ ਉਸ ਦੇ ਨੇੜੇ ਹੋਕੇ ਕੰਨ ਵਿੱਚ ਹਰਭਜਨ ਦੇ ਆਉਣ ਬਾਰੇ ਦੱਸਿਆ। ਬਲਬੀਰ ਕੌਰ ਸੁਣ ਕੇ ਹੈਰਾਨ ਰਹਿ ਗਈ, ਉਸ ਦੀਆਂ ਅੱਖਾਂ ਚੋਂ ਕੁੱਝ ਅਥਰੂ ਕਿਰ ਕੇ ਗੱਲਾਂ `ਤੇ ਆ ਗਏ। ਇਤਨੇ ਨੁੰ ਹਰਭਜਨ ਵੀ ਅਗੇ ਆ ਗਿਆ ਤੇ ਮਾਂ ਨੂੰ ਗੱਲਵੱਕੜੀ ਪਾ ਲਈ। ਇੱਕ ਵਾਰੀ ਤਾਂ ਉਸ ਦਾ ਵੀ ਜੀਅ ਕੀਤਾ ਕਿ ਉਹ ਪੁੱਤਰ ਨੂੰ ਜੋਰ ਨਾਲ ਗੱਲਵੱਕੜੀ `ਚ ਘੁੱਟ ਲਵੇ ਪਰ ਬਲਬੀਰ ਕੌਰ ਨੇ ਆਪਣੇ ਆਪ ਨੂੰ ਕੁੱਝ ਸੰਭਾਲਿਆ ਤੇ ਫੇਰ ਹਰਭਜਨ ਨੂੰ ਪਰੇ ਧਕਦੀ ਹੋਈ, ਬਲਦੇਵ ਸਿੰਘ ਵੱਲ ਮੂੰਹ ਕਰਕੇ, ਥੋੜ੍ਹੀ ਤਿੱਖੀ ਹੋ ਕੇ ਬੋਲੀ, “ਕਾਕਾ ਤੂੰ ਆਪਣੇ ਮਾਮਾ ਜੀ ਦਾ ਹੁਕਮ ਭੁਲ ਗਿਐਂ ਕਿ ਇਸ ਨਾਲ ਕਿਸੇ ਨਹੀਂ ਵਰਤਣਾ?”
“ਨਹੀਂ ਮਾਮੀ ਜੀ, ਬਿਲਕੁਲ ਨਹੀਂ ਭੁਲਿਆ ਪਰ ਉਨ੍ਹਾਂ ਤਾਂ ਪਤਿਤ ਹਰਭਜਨ ਨਾਲ ਵਰਤਣ ਤੋਂ ਮਨ੍ਹਾਂ ਕੀਤਾ ਸੀ। ਜੇ ਅੱਜ ਹਰਭਜਨ ਵੀਰ ਆਪਣੀ ਭੁੱਲ ਸੁਧਾਰਨਾ ਚਾਹੁੰਦਾ ਹੈ ਤਾਂ ਸਾਨੂੰ ਦੁਤਕਾਰਨਾ ਨਹੀਂ ਚਾਹੀਦਾ ਬਲਕਿ ਮੌਕਾ ਦੇਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਜੇ ਅਜ ਮਾਮਾ ਜੀ ਹੁੰਦੇ ਤਾਂ ਉਹ ਵੀ ਇੰਝ ਹੀ ਕਰਦੇ”, ਬਲਦੇਵ ਨੇ ਬੜੇ ਸਹਿਜ ਨਾਲ ਮਾਮੀ ਨੂੰ ਸ਼ਾਂਤ ਕਰਨ ਦੇ ਲਹਿਜ਼ੇ ਵਿੱਚ ਕਿਹਾ।
ਬਲਬੀਰ ਕੌਰ ਨੇ ਹਰਭਜਨ ਵੱਲ ਵੇਖਿਆ, ਉਸ ਦੀ ਪੱਗ ਅਤੇ ਮੂੰਹ `ਤੇ ਦਾੜ੍ਹੀ ਵੇਖ ਕੇ ਉਹ ਵੀ ਕੁੱਝ ਹੈਰਾਨ ਹੋਈ ਪਰ ਫਿਰ ਵੀ ਬੇਵਿਸ਼ਵਾਸੀ ਵਿੱਚ ਬੋਲੀ, “ਬੱਲੂ ਇਸ ਨੇ ਇਥੇ ਆਉਣ ਵਾਸਤੇ ਹੀ ਇਹ ਭੇਖ ਰਚਿਆ ਹੋਣੈ?”
“ਮਾਮੀ ਜੀ! ਇਸ ਦੇ ਮਨ ਵਿੱਚ ਕੀ ਹੈ, ਇਹ ਤਾਂ ਨਹੀਂ ਪਤਾ, ਪਰ ਦੋ ਦਿਨਾਂ ਵਿੱਚ ਇਤਨੀ ਦਾੜ੍ਹੀ ਨਹੀਂ ਆ ਸਕਦੀ”, ਬਲਦੇਵ ਸਿੰਘ ਨੇ ਉਹੀ ਸਹਜ ਬਣਾਏ ਹੋਏ ਕਿਹਾ। ਕੋਲੋਂ ਇੱਕ ਦੋ ਹੋਰ ਰਿਸ਼ਤਿਦਾਰਾਂ ਨੇ ਵੀ ਬਲਦੇਵ ਸਿੰਘ ਦੀ ਗੱਲ ਦੀ ਪ੍ਰੋੜਤਾ ਕੀਤੀ ਤੇ ਆਖਿਆ ਕਿ ਘਰ ਚਲ ਕੇ ਅਗੋਂ ਗੱਲ ਕੀਤੀ ਜਾਵੇ। ਸੰਗਤਾਂ ਬਾਹਰ ਚਾਹ-ਪਾਣੀ ਛੱਕ ਰਹੀਆਂ ਸਨ ਪਰ ਨਾਲ ਹਰਭਜਨ ਦੀ ਚਰਚਾ ਚੱਲ ਰਹੀ ਸੀ, ਹਰ ਕੋਈ ਉਸੇ ਦੀ ਗੱਲ ਹੀ ਕਰ ਰਿਹਾ ਸੀ। ਕਈ ਉਸ ਨੂੰ ਉਚੇਚੇ ਮਿਲਣ ਵੀ ਆ ਰਹੇ ਸਨ।
ਘਰ ਪਹੁੰਚ ਕੇ ਸਾਰੇ ਇਕੱਠੇ ਬੈਠ ਗਏ। ਹਰ ਕਿਸੇ ਦਾ ਧਿਆਨ ਹਰਭਜਨ ਵੱਲ ਲਗਾ ਹੋਇਆ ਸੀ। ਗੱਲ ਬਲਦੇਵ ਸਿੰਘ ਨੇ ਸ਼ੁਰੂ ਕੀਤੀ, “ਹਰਭਜਨ ਵੀਰੇ! ਤੁਹਾਨੂੰ ਮਾਮਾ ਜੀ ਦੇ ਗੁਜ਼ਰਨ ਬਾਰੇ ਕਿਵੇਂ ਪਤਾ ਲੱਗਾ?” ਹਰਭਜਨ ਬਲਦੇਵ ਸਿੰਘ ਨਾਲੋਂ ਦੋ ਕੁ ਸਾਲ ਹੀ ਵੱਡਾ ਸੀ, ਬਚਪਨ ਵਿੱਚ ਦੋਵੇਂ ਇਕੱਠੇ ਖੇਡੇ ਸਨ ਅਤੇ ਇੱਕ ਦੂਸਰੇ ਨੂੰ ‘ਤੂੰ’ ਨਾਲ ਹੀ ਸੰਬੋਧਨ ਕਰਦੇ ਸਨ ਪਰ ਅੱਜ ਸੁਭਾਵਕ ਹੀ ਬਲਦੇਵ ਸਿੰਘ ਦੇ ਮੂੰਹੋਂ ਉਸ ਵਾਸਤੇ ਸਤਿਕਾਰ ਵਾਲਾ ਸੰਬੋਧਨ ਨਿਕਲ ਰਿਹਾ ਸੀ। ਸ਼ਾਇਦ ਲੰਮੇ ਸਮੇਂ ਦੇ ਵਿਛੋੜੇ ਅਤੇ ਦੂਰੀ ਨੇ ਇਹ ਭਾਵਨਾ ਪੈਦਾ ਕਰ ਦਿੱਤੀ ਸੀ।
“ਇਸੇ ਗਲੀ ਵਿੱਚ ਮੇਰਾ ਇੱਕ ਬਚਪਨ ਦਾ ਦੋਸਤ ਰਹਿੰਦਾ ਹੈ, ਕੁਲਵੰਤ। ਉਸ ਨਾਲ ਮੇਰਾ ਸਬੰਧ ਲਗਾਤਾਰ ਬਣਿਆ ਰਹਿੰਦਾ ਹੈ, ਉਸੇ ਨੇ ਪਰਸੋਂ ਸਵੇਰੇ ਹੀ ਟੈਲੀਫੋਨ `ਤੇ ਇਹ ਪਿਤਾ ਜੀ ਦੇ ਗੁਜ਼ਰਨ ਦੀ ਦੁਖਦਾਈ ਖ਼ਬਰ ਦੱਸੀ ਸੀ, ਮੈਂ ਉਸੇ ਵੇਲੇ ਟਿਕਟ ਵਾਸਤੇ ਨੱਸ ਭੱਜ ਸ਼ੁਰੂ ਕਰ ਦਿੱਤੀ ਸੀ, ਬੜੀ ਮੁਸ਼ਕਲ ਨਾਲ ਹੀ ਟਾਈਮ ਦੇ ਟਾਈਮ ਪਹੁੰਚਿਆ ਹਾਂ”, ਕਹਿੰਦੇ ਹੋਏ ਹਰਭਜਨ ਦਾ ਮਨ ਫਿਰ ਭਰ ਆਇਆ ਤੇ ਕੁੱਝ ਹੰਝੂ ਵੀ ਕਿਰ ਪਏ।
“ਹਾਂ! ਉਹ ਕੁਲਵੰਤ ਹੀ ਕਦੇ ਕਦੇ ਕਿਸੇ ਬਹਾਨੇ ਨਾਲ, ਸਾਨੂੰ ਵੀ ਇਸ ਬਾਰੇ ਦੱਸ ਜਾਂਦਾ ਸੀ”, ਬਲਬੀਰ ਕੌਰ ਨੇ ਉਸ ਦੀ ਗੱਲ ਦੀ ਪ੍ਰੋੜਤਾ ਕੀਤੀ।
“ਮੈਂ ਤਾਂ ਵੈਸੇ ਵੀ ਇਥੇ ਆਉਣ ਦੀ ਤਿਆਰੀ ਕਰ ਰਿਹਾ ਸੀ, ਬੜਾ ਮਨ ਸੀ ਕਿ ਆਪਣੀ ਭੁੱਲ ਸੁਧਾਰਨ ਦੀ ਖ਼ਬਰ ਛੇਤੀ ਤੁਹਾਨੂੰ ਦਿਆਂ। ਮੇਰਾ ਟੈਲੀਫੋਨ ਤਾਂ ਇਥੇ ਕੋਈ ਸੁਣਦਾ ਹੀ ਨਹੀਂ ਸੀ, ਮੇਰੀ ਅਵਾਜ਼ ਸੁਣ ਕੇ ਹੀ ਕੱਟ ਦੇਂਦੇ ਸਨ, ਨਾਲੇ ਬੜੀ ਇੱਛਾ ਸੀ ਆਪ ਆ ਕੇ ਪਿਤਾ ਜੀ ਤੇ ਬੀਜੀ ਨੂੰ ਮਿਲ ਵੀ ਜਾਵਾਂ ਤੇ ਆਪ ਹੀ ਇਹ ਖ਼ਬਰ ਸੁਣਾਵਾਂ। ਮਨ ਤਰਸ ਰਿਹਾ ਸੀ ਉਨ੍ਹਾਂ ਦੇ ਸੀਨੇ ਨਾਲ ਲਗਣ ਲਈ, ਬਸ ਇਸੇ ਇੰਤਜ਼ਾਰ ਵਿੱਚ ਸਾਂ ਕਿ ਕੇਸ ਕੁੱਝ ਹੋਰ ਵੱਧ ਜਾਣ, ਪਿਤਾ ਜੀ ਇਸ ਨੂੰ ਮੇਰਾ ਭੇਖ ਨਾ ਸਮਝ ਲੈਣ … …. . ਪਰ ਸ਼ਾਇਦ ਇਹ ਭਾਗਾਂ ਵਿੱਚ ਨਹੀਂ ਸੀ।” ਹਰਭਜਨ ਦੇ ਅਥਰੂ ਫੇਰ ਵੱਗ ਤੁਰੇ ਸਨ। ਬਲਬੀਰ ਕੌਰ ਦਾ ਮਨ ਕੀਤਾ ਪੁਤੱਰ ਨੂੰ ਬੁੱਕਲ ਵਿੱਚ ਲੈ ਲਵੇ ਤੇ ਆਪਣੇ ਪੱਲੂ ਨਾਲ ਉਸ ਦੇ ਅਥਰੂ ਪੂੰਝੇ ਪਰ ਉਸ ਨੇ ਅਜੇ ਆਪਣੇ `ਤੇ ਕਾਬੂ ਰੱਖਿਆ।
ਬਲਦੇਵ ਸਿੰਘ ਨੇ ਬਾਂਹ ਉਸ ਦੇ ਗੱਲੇ ਵਿੱਚ ਪਾ ਕੇ ਉਸ ਨੂੰ ਹੌਂਸਲਾ ਦਿੱਤਾ। ਜਿਸ ਵੇਲੇ ਹਰਭਜਨ ਦੇ ਅਥਰੂ ਕੁੱਝ ਰੁੱਕੇ, ਉਸ ਨੇ ਫੇਰ ਸੁਆਲ ਕੀਤਾ, “ਪਰ ਵੀਰੇ, ਇਤਨੇ ਸਾਲਾਂ ਬਾਅਦ ਇਹ ਤਬਦੀਲੀ ਅਚਾਨਕ ਆਈ ਕਿਸ ਤਰ੍ਹਾਂ?” ਅਸਲ ਵਿੱਚ ਬਲਬੀਰ ਕੌਰ ਸਮੇਤ ਸਾਰਿਆਂ ਨੂੰ ਇਹ ਜਾਨਣ ਦੀ ਤਾਂਘ ਲੱਗੀ ਹੋਈ ਸੀ।
“ਅਸਲ ਵਿੱਚ ਇਹ ਤਬਦੀਲੀ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ `ਤੇ ਫ਼ੌਜੀ ਹਮਲੇ, ਜਿਸ ਨੂੰ ਭਾਰਤੀ ਫ਼ੌਜ ਨੇ ਬੜਾ ਲੁਭਾਵਣਾ ਨਾਂ ‘ਅਪ੍ਰੇਸ਼ਨ ਬਲਿਊ ਸਟਾਰ’ ਦਿੱਤਾ ਹੈ, ਦੇ ਨਾਲ ਆਈ ਹੈ। ਅਸੀਂ ਤਾਂ ਇਹ ਸਾਕਾ ਬਹੁਤਾ ਆਪ ਟੀ. ਵੀ. `ਤੇ ਵੇਖਿਆ ਹੈ। ਅਸੀਂ ਟੈਂਕਾਂ ਤੋਪਾਂ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਚਲਦੇ ਵੇਖਿਆ ਹੈ, ਇੰਝ ਜਾਪਦਾ ਸੀ, ਜਿਵੇਂ ਉਹ ਸਾਡੀ ਹਿੱਕ `ਤੇ ਚੱਲ ਰਹੇ ਹੋਣ। ਕਿਹੜਾ ਸਿੱਖ ਹੈ ਜੋ ਤੜਫਿਆ ਨਹੀਂ ਹੋਵੇਗਾ, ਰੋਇਆ ਨਹੀਂ ਹੋਵੇਗਾ? ਕਿਸ ਸਿੱਖ ਦਾ ਮਨ ਕੁੱਝ ਕਰ ਗੁਜ਼ਰਨ ਨੂੰ ਉਤਾਵਲਾ ਨਹੀਂ ਹੋਇਆ ਹੋਵੇਗਾ? ਮੈਂ ਤਾਂ ਜਿਵੇਂ ਜਿਵੇਂ ਇਹ ਵੇਖਦਾ ਸੁਣਦਾ ਰਿਹਾ, ਮੈਨੂੰ ਇੰਝ ਜਾਪਦਾ ਸੀ, ਜਿਵੇਂ ਮੈਂ ਵੀ ਇਸ ਦੇ ਵਾਸਤੇ ਬਰਾਬਰ ਦਾ ਜ਼ਿੰਮੇਂਵਾਰ ਹੋਵਾਂ। ਜਿਸ ਵੇਲੇ ਕੌਮ ਦੇ ਆਪਣੇ ਬੱਚੇ ਹੀ ਉਸ ਤੋਂ ਬਾਗ਼ੀ ਹੋਣ ਲੱਗ ਪੈਣ, ਫੇਰ ਦੂਸਰਿਆਂ ਦਾ ਹੌਂਸਲਾ ਤਾਂ ਵਧੇਗਾ ਹੀ। ਆਪਣੇ ਗੁਣਹਗਾਰ ਹੋਣ ਦਾ ਬੋਝ ਤਾਂ ਆਤਮਾ ਤੇ ਪਹਿਲਾਂ ਹੀ ਢੋਈ ਫਿਰਦਾ ਸਾਂ, ਬਸ ਉਹ ਕੁੱਝ ਆਪਣੇ ਸਿਆਣੇ ਹੋਣ ਦੀ ਹਉਮੈ ਅਤੇ ਕੁੱਝ ਉਥੇ ਦੀ ਸਭਿਅਤਾ ਦੀ ਚਮਕ ਦਮਕ ਥਲੇ ਦਬਿਆ ਪਿਆ ਸੀ। ਇਸ ਹਮਲੇ ਨੇ ਉਹ ਸਾਰੇ ਪਰਦੇ ਢਾਅ ਦਿੱਤੇ। ਇਹ ਤਬਦੀਲੀ ਸਿਰਫ ਮੇਰੇ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵਸਦੇ ਬਹੁਤੇ ਸਿੱਖਾਂ ਵਿੱਚ ਆਈ ਹੈ। ਹੁਣ ਤਾਂ ਨੌਜੁਆਨਾਂ ਵਿੱਚ ਇੱਕ ਲਹਿਰ ਬਣ ਗਈ ਹੈ, ਬਹੁਤ ਨੌਜੁਆਨ ਕੇਸ ਰੱਖ ਕੇ ਸਿੰਘ ਸਜ ਰਹੇ ਹਨ … …. ।” ਹਰਭਜਨ ਸਿੰਘ ਬੋਲਦਾ ਹੋਇਆ ਬਾਰ ਬਾਰ ਦਿਲ ਭਰ ਲੈਂਦਾ ਤੇ ਉਸ ਦੇ ਕੁੱਝ ਅਥਰੂ ਡੱਲਕ ਪੈਂਦੇ।
ਉਸ ਦੀ ਗੱਲ ਅਜੇ ਮੁੱਕੀ ਵੀ ਨਹੀਂ ਸੀ ਕਿ ਬਲਬੀਰ ਕੌਰ ਵਿੱਚੋਂ ਹੀ ਬੋਲ ਪਈ, “ਵੇ ਪੁੱਤਰਾ ਬਹੁਤ ਦੇਰ ਕਰ ਦਿੱਤੀ ਆ। ਤੇਰੇ ਪਿਤਾ ਜੀ ਤਾਂ ਇਹੀ ਦੋ ਵੱਡੇ ਬੋਝ ਮਨ `ਤੇ ਲੈ ਕੇ ਸੰਸਾਰ ਤੋਂ ਚਲੇ ਗਏ ਨੇ। ਜੇ ਕੁੱਝ ਦਿਨ ਪਹਿਲੇ ਆ ਜਾਂਦੋਂ ਤਾਂ ਘੱਟੋ ਘੱਟ ਇੱਕ ਬੋਝ ਤਾਂ ਉਨ੍ਹਾਂ ਦੇ ਮਨ ਤੋਂ ਲਹਿ ਜਾਂਦਾ”, ਬਲਬੀਰ ਕੌਰ ਦੇ ਬੋਲਾਂ ਵਿੱਚੋਂ ਵਿਰਲਾਪ ਸਾਫ ਝਲਕਦਾ ਸੀ।
“ਬੀਜੀ! ਸ਼ਾਇਦ ਇਹ ਮੇਰੇ ਭਾਗਾਂ ਵਿੱਚ ਨਹੀਂ ਸੀ। ਮੇਰੇ ਕਰਮਾਂ ਦੀ ਮੈਨੂੰ ਇਹੀ ਸਜ਼ਾ ਮਿਲਣੀ ਸੀ … ਕਿ ਮੈਂ ਪਿਤਾ ਜੀ ਕੋਲੋਂ ਆਪਣੇ ਗਲਤ ਕਰਮਾਂ ਵਾਸਤੇ ਸੁਰਖਰੂ ਨਾ ਹੋ ਸਕਾਂ ਅਤੇ ਬਾਕੀ ਸਾਰੀ ਜ਼ਿੰਦਗੀ ਇਹ ਭਾਰ ਮਨ `ਤੇ ਲੈ ਕੇ ਜੀਵਾਂ”, ਕਹਿੰਦੇ ਕਹਿੰਦੇ ਇੱਕ ਵਾਰੀ ਫੇਰ ਹਰਭਜਨ ਦੀਆਂ ਭੁੱਬਾਂ ਨਿਕਲ ਗਈਆਂ। ਹੁਣ ਬਲਬੀਰ ਉਠੀ ਤੇ ਉਸ ਨੇ ਹਰਭਜਨ ਨੂੰ ਗੱਲਵੱਕੜੀ ਵਿੱਚ ਲੈ ਲਿਆ, ਤੇ ਹਰਭਜਨ ਵੀ ਜਿਵੇਂ ਮਾਂ ਦੀ ਗੋਦ ਵਾਸਤੇ ਤਰਸ ਰਿਹਾ ਸੀ। ਹਰਭਜਨ ਦਾ ਮਨ ਕਰ ਰਿਹਾ ਸੀ, ਉਹ ਉਸੇ ਤਰ੍ਹਾਂ ਮਾਂ ਦੀ ਗੋਦ ਵਿੱਚ ਸਮਾ ਜਾਵੇ ਜਿਵੇਂ ਬਚਪਨ ਵਿੱਚ ਸਾਰਾ ਹੀ ਗੋਦ ਵਿੱਚ ਸਮਾ ਜਾਂਦਾ ਸੀ। ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੀ ਜਨਮ ਜਨਮਾਂਤਰਾਂ ਦੀ ਪਿਆਸੀ ਰੂਹ ਤ੍ਰਿਪਤ ਹੋ ਗਈ ਹੋਵੇ, ਉਸ ਨੂੰ ਉਹ ਸੁੱਖ ਪ੍ਰਾਪਤ ਹੋ ਗਿਆ ਹੋਵੇ ਜਿਸ ਦੇ ਵਾਸਤੇ ਉਸ ਦੀ ਰੂਹ ਸ਼ਾਇਦ ਸਦੀਆਂ ਤੋਂ ਤਰਸ ਰਹੀ ਸੀ।
ਬਲਬੀਰ ਕੌਰ ਨੇ ਉਸ ਨੂੰ ਸੀਨੇ ਨਾਲ ਘੁੱਟ ਲਿਆ। ਉਹ ਮਮਤਾ ਜਿਸ ਨੂੰ ਉਸਨੇ ਪਿਛਲੇ ਦੋ ਦਹਾਕਿਆਂ ਤੋਂ ਅੰਦਰ ਹੀ ਦਫਨ ਕਰ ਲਿਆ ਸੀ, ਇੱਕ ਵਾਰੀ ਫੇਰ ਉੱਮੜ ਪਈ। ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਇੱਕ ਵਾਰ ਫੇਰ ਉਸ ਦੀ ਸੁੱਕੀ ਕੁੱਖ ਹਰੀ ਹੋ ਗਈ ਹੋਵੇ। ਦੋਹਾਂ ਦੇ ਅਥਰੂ ਜਾਰ ਜਾਰ ਵੱਗ ਰਹੇ ਸਨ। ਦੋ ਦਹਾਕਿਆਂ ਪਿੱਛੋਂ ਮਾਂ–ਪੁੱਤਰ ਦੇ ਇਸ ਮਿਲਾਪ ਨੇ ਸਾਰਿਆਂ ਦੇ ਮਨਾਂ ਨੂੰ ਪਸੀਜ ਦਿੱਤਾ।
ਭਾਵੇਂ ਬਹੁਤੇ ਸੋਗ ਵਾਲਾ ਮਹੌਲ ਤਾਂ ਪਹਿਲੇ ਵੀ ਨਹੀਂ ਸੀ ਪਰ ਵਿਯੋਗ ਵਾਲੇ ਉਸ ਮਾਹੌਲ ਵਿੱਚ ਹਰਭਜਨ ਦੀ ਆਮਦ ਨੇ ਇੱਕ ਨਵੀਂ ਜ਼ਿੰਦਗੀ ਦੀ ਰੌਅ ਲੈ ਆਂਦੀ। ਬਲਬੀਰ ਕੌਰ ਦੇ ਪਰ੍ਹੇ ਹੁੰਦਿਆਂ ਹੀ ਕਮਲਪ੍ਰੀਤ ਭਰਾ ਨਾਲ ਲਿਪਟ ਗਈ ਤੇ ਭੈਣ ਭਰਾ ਦੇ ਪਿਆਰ ਦੀ ਨਦੀ ਉਨ੍ਹਾਂ ਦੀਆਂ ਅੱਖਾਂ ਰਾਹੀਂ ਵੱਗ ਤੁਰੀ। ਉਸ ਤੋਂ ਬਾਅਦ ਹਰਭਜਨ ਆਪ ਉਠ ਕੇ ਘੁੱਟ ਕੇ ਜੱਫੀ ਪਾਕੇ ਆਪਣੇ ਜੀਜੇ ਤੇਜਿੰਦਰ ਸਿੰਘ ਨੂੰ ਮਿਲਿਆ ਤੇ ਫੇਰ ਬਾਕੀ ਰਿਸ਼ਤੇਦਾਰਾਂ ਨੂੰ।
ਆਏ ਰਿਸ਼ਤੇਦਾਰ ਚਲਣ ਦੀ ਤਿਆਰੀ ਵਿੱਚ ਸਨ, ਕਿ ਇੱਕ ਹੋਰ ਵਿਚਾਰ ਸ਼ੁਰੂ ਹੋ ਗਿਆ, ਅਗੋਂ ਬਲਬੀਰ ਕੌਰ ਦੇ ਰਹਿਣ ਬਾਰੇ। ਇਸ ਗੱਲ ਨਾਲ ਤਕਰੀਬਨ ਸਾਰੇ ਸਹਿਮਤ ਸਨ ਕਿ ਹੁਣ ਬਲਬੀਰ ਕੌਰ ਨੂੰ ਇਥੇ ਇਕੱਲੇ ਨਹੀਂ ਰਹਿਣਾ ਚਾਹੀਦਾ। ਬਲਦੇਵ ਸਿੰਘ ਨੇ ਇਹ ਕਹਿੰਦੇ ਹੋਏ ਪਹਿਲ ਕੀਤੀ, “ਮਾਮੀ ਜੀ ਦੇ ਇਕੱਲੇ ਰਹਿਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ, ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਸਾਂ ਕਿ ਮਾਮਾ ਜੀ ਤੇ ਮਾਮੀ ਜੀ ਸਾਡੇ ਕੋਲ ਰਹਿਣ ਪਰ ਮਾਮਾ ਜੀ ਨਹੀਂ ਸਨ ਮੰਨਦੇ ਪਰ ਹੁਣ ਮਾਮੀ ਜੀ ਦੇ ਇਕੱਲੇ ਰਹਿਣ ਦਾ ਤਾਂ ਮਤਲਬ ਹੀ ਨਹੀਂ ਹੈ, ਅਸੀ ਮਾਮੀ ਜੀ ਨੂੰ ਆਪਣੇ ਕੋਲ ਲੈ ਜਾਵਾਂਗੇ।”
“ਵੀਰ ਜੀ! ਅਸੀਂ ਤਾਂ ਕਾਨਪੁਰ ਆਉਂਦੇ ਵੀ ਰਸਤੇ ਵਿੱਚ ਇਹੀ ਗੱਲ ਕਰਦੇ ਆਏ ਸਾਂ ਕਿ ਹੁਣ ਬੀਜੀ ਨੂੰ ਮੈਂ ਆਪਣੇ ਕੋਲ ਦਿੱਲੀ ਲੈ ਜਾਣਾ ਹੈ”, ਕਮਲਪ੍ਰੀਤ ਨੇ ਬਲਦੇਵ ਸਿੰਘ ਦੀ ਗੱਲ ਕਟਦੇ ਹੋਏ ਕਿਹਾ।
“ਕਮਲ! ਪੁੱਤਰਾਂ ਦੇ ਬੈਠਿਆਂ, ਧੀ ਨੂੰ ਇਹ ਜੁਮੇਂਵਾਰੀ ਲੈਣ ਦੀ ਕੀ ਲੋੜ ਹੈ? …. ਅਸੀਂ ਬੈਠੇ ਹਾਂ ਨਾ”, ਬਲਦੇਵ ਸਿੰਘ ਨੇ ਫੇਰ ਜ਼ਿੱਦ ਕੀਤੀ।
“ਤੁਸੀਂ ਸਾਰੇ ਆਪਣੀ ਆਪਣੀ ਕਹੀ ਜਾਓਗੇ ਕਿ ਕੋਈ ਮੇਰੀ ਵੀ ਸੁਣੇਗਾ … … ਮੈਂ ਕਿਤੇ ਨਹੀਂ ਜਾਣਾ। ਜਿਸ ਘਰ ਵਿੱਚ ਮੈਂ ਇਨ੍ਹਾਂ ਦੇ ਨਾਲ ਜੀਵਨ ਦੇ ਇਤਨੇ ਸਾਲ ਬਿਤਾਏ ਨੇ, ਮੈਂ ਉਥੇ ਹੀ ਰਹਿਣਾ ਹੈ, ਕਿਤੇ ਨਹੀਂ ਜਾਣਾ …. ।”
“ਪਰ ਮਾਮੀ ਜੀ ਇਸ ਉਮਰ ਵਿੱਚ ਇਕੱਲੇ … ….”, ਕੋਲੋਂ ਗੁਰਮੀਤ ਕੌਰ ਬੋਲੀ। ਅਜੇ ਉਸ ਦੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਉਸ ਦੀ ਗੱਲ ਵੀ ਵਿੱਚੋਂ ਹੀ ਕਟਦੇ ਹੋਏ ਬਲਬੀਰ ਕੌਰ ਫੇਰ ਬੋਲ ਪਈ, “ਕਿਤੇ ਨਹੀਂ ਮੈਂ ਇਕੱਲੀ, ਤੁਹਾਡੇ ਮਾਮਾ ਜੀ ਦੀ ਯਾਦ ਹਰ ਵੇਲੇ ਮੇਰੇ ਨਾਲ ਹੈ, ਉਸੇ ਸਹਾਰੇ ਮੈਂ ਜ਼ਿੰਦਗੀ ਦੇ ਬਾਕੀ ਬਚੇ ਚਾਰ ਦਿਨ ਵੀ ਕੱਟ ਲੈਣੇ ਨੇ।”
“ਜਾਪਦੈ ਤੁਸੀਂ ਕਿਸੇ ਨੇ ਵੀ ਅਜੇ ਮੈਨੂੰ ਮੁਆਫ ਨਹੀਂ ਕੀਤਾ, ਨਹੀਂ ਤਾਂ ਮੇਰਾ ਇਹ ਹੱਕ ਖੋਹਣ ਦੀਆਂ ਗੱਲਾਂ ਕਿਉਂ ਕਰ ਰਹੇ ਹੋ? ਮੈਨੂੰ ਤਾਂ ਵੀਹ ਸਾਲ ਹੋ ਗਏ ਨੇ ਮਾਂ ਦੇ ਪਿਆਰ ਨੂੰ ਤਰਸਦੇ, ਹੁਣ ਤਾਂ ਮੈਨੂੰ ਕੁੱਝ ਦਿਨ ਇਹ ਸੁਖ ਮਾਣ ਲੈਣ ਦਿਓ”, ਹਰਭਜਨ ਬੜੀ ਹੀ ਦੁੱਖ ਭਰੀ ਅਵਾਜ਼ ਵਿੱਚ ਹੱਥ ਜੋੜਦੇ ਹੋਏ ਬੋਲਿਆ।
ਇਕ ਵਾਰੀ ਤਾਂ ਸਭ ਦੀ ਜ਼ੁਬਾਨ ਬੰਦ ਹੋ ਗਈ ਤੇ ਸਾਰੇ ਸੋਚੀਂ ਪੈ ਗਏ। ਹਰਭਜਨ ਦੀ ਗੱਲ ਤਾਂ ਬਿਲਕੁਲ ਸੱਚ ਅਤੇ ਠੀਕ ਸੀ। ਚੁੱਪ ਨੂੰ ਕੁੱਝ ਪਲਾਂ ਬਾਅਦ ਬਲਬੀਰ ਕੌਰ ਨੇ ਤੋੜਿਆ, “ਤੇਰੀ ਗੱਲ ਠੀਕ ਹੈ ਕਾਕਾ, ਤੂੰ ਵਾਪਸ ਰਸਤੇ `ਤੇ ਆ ਗਿਐਂ ਇਸ ਗੱਲ ਦੀ ਮੈਥੋਂ ਵੱਧ ਕਿਸ ਨੂੰ ਖੁਸ਼ੀ ਹੋਣੀ ਏ? ਤੈਨੂੰ ਕੀ ਪਤਾ ਪੁੱਤਰਾਂ ਦੇ ਵਿਛੋੜੇ ਦਾ ਸੱਲ ਸਹਿਣਾ ਕਿੱਡਾ ਔਖਾ ਹੁੰਦੈ? ਪਰ ਇੱਕ ਤਾਂ ਮੈਂ ਹੁਣ ਏਸ ਉਮਰੇ ਉਥੇ ਵੱਲੈਤ ਵਿੱਚ ਨਹੀਂ ਜਾਣਾ ਚਾਹੁੰਦੀ, ਦੂਸਰਾ ਉਸ ਤੋਂ ਵੱਡੀ ਗੱਲ ਤੂੰ ਸਿੱਖੀ ਵਿੱਚ ਵਾਪਸ ਆ ਗਿਐਂ, ਪਰ ਤੇਰਾ ਪਰਿਵਾਰ? ਕੀ ਤੇਰੀ ਮੇਮ ਪਤਨੀ ਤੇ ਬੱਚੇ ਵੀ ਸਿੱਖ ਸਜ ਗਏ ਨੇ? ਜੇ ਤੂੰ ਇੰਝ ਪਤਿਤ ਪ੍ਰਵਾਨ ਨਹੀਂ ਸੈਂ ਤਾਂ ਨੂੰਹ ਤੇ ਪੋਤੇ ਪੋਤੀਆਂ ਵੀ ਇੰਝ ਪ੍ਰਵਾਨ ਨਹੀਂ। ਮੈਂ ਉਨ੍ਹਾਂ ਕੋਲ ਨਹੀਂ ਰਹਿ ਸਕਦੀ, ਮੌਤ ਤੋਂ ਬਾਅਦ ਮੈਂ ਤੇਰੇ ਪਿਤਾ ਜੀ ਨੂੰ ਧੋਖਾ ਨਹੀਂ ਦੇ ਸਕਦੀ”, ਬਲਬੀਰ ਕੌਰ ਦੇ ਲਫਜ਼ਾਂ ਵਿੱਚ ਪੂਰੀ ਦ੍ਰਿੜਤਾ ਸੀ।
“ਬੀਜੀ! ਉਥੇ ਦੀਆਂ ਔਰਤਾਂ ਇਤਨੀਆਂ ਬੁਰੀਆਂ ਨਹੀਂ ਜਿਤਨੀਆਂ ਅਸੀਂ ਸਮਝਦੇ ਹਾਂ, ਠੀਕ ਹੈ ਉਨ੍ਹਾਂ ਦਾ ਸਭਿਆਚਾਰ ਅਤੇ ਖਾਣ-ਪਾਣ ਅਲੱਗ ਹੈ ਜੋ ਬਾਹਰੋਂ ਵੇਖਣ ਨੂੰ ਸਾਨੂੰ ਬਹੁਤ ਸੁਖਾਵਾਂ ਨਹੀਂ ਲਗਦਾ ਪਰ ਉਨ੍ਹਾਂ ਕਦੇ ਕਿਸੇ ਸਿੱਖ ਨੂੰ ਆਪਣਾ ਧਰਮ ਤਿਆਗਣ ਲਈ ਨਹੀਂ ਆਖਿਆ। ਇਹ ਗਿਰਾਵਟ ਤਾਂ ਸਾਡੇ ਆਪਣੇ ਅੰਦਰ ਹੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਜੇ ਉਸ ਨੇ ਸਾਨੂੰ ਸਿੱਖੀ ਸਰੂਪ ਵਿੱਚ ਪਸੰਦ ਕਰ ਲਿਆ ਹੈ ਤਾਂ ਉਸੇ ਰੂਪ ਵਿੱਚ ਸਾਡੇ ਨਾਲ ਜੀਵਨ ਬਿਤਾਉਣ ਵਿੱਚ ਕਿਉਂ ਇਨਕਾਰੀ ਹੋਵੇਗੀ? ਮੈਂ ਦੂਸਰਿਆਂ ਦੀ ਗੱਲ ਤਾਂ ਨਹੀਂ ਕਹਿੰਦਾ, ਆਪਣਾ ਦਸ ਸਕਦਾ ਹਾਂ ਕਿ ਅਸੀਂ ਤਾਂ ਬਸ ਬਹਾਨਾ ਢੂੰਡਦੇ ਹਾਂ, ਪਤਿਤ ਹੋਣ ਦਾ। ਆਹ ਹੁਣ ਮੇਰਾ ਹੀ ਵੇਖ ਲਓ, ਜੇ ਮੈਂ ਮੁੜ੍ਹ ਤੋਂ ਕੇਸ ਰਖਣ ਦਾ ਫੈਸਲਾ ਕੀਤੈ ਤਾਂ ਉਸ ਨੇ ਕੋਈ ਵਿਰੋਧ ਨਹੀਂ ਕੀਤਾ ਬਲਕਿ ਪੂਰਾ ਸਾਥ ਦਿੱਤੈ। ਸੱਚ ਜਾਣੋ ਮੈਂ ਉਸ ਨੂੰ ਕੇਸ ਰੱਖਣ ਵਾਸਤੇ ਨਹੀਂ ਆਖਿਆ ਪਰ ਜਿਸ ਦਿਨ ਤੋਂ ਮੈਂ ਵਾਲ ਮੁੰਨਣੇ ਬੰਦ ਕੀਤੇ ਨੇ, ਮੈਂ ਉਸ ਨੂੰ ਵੀ ਵਾਲ ਕਟਦੇ ਨਹੀਂ ਵੇਖਿਆ। ਉਹ ਤਾਂ ਇਥੇ ਨਾਲ ਆਉਣ ਲਈ ਵੀ ਤਿਆਰ ਸੀ, ਪਰ ਮੈਂ ਹੀ ਉਸ ਨੂੰ ਰੋਕਿਐ ਕਿਉਂ ਕਿ ਮੇਰੀ ਛੋਟੀ ਬੇਟੀ ਕੁੱਝ ਦਿਨਾਂ ਤੋਂ ਬਿਮਾਰ ਸੀ ਅਤੇ ਉਸ ਨੂੰ ਬਿਮਾਰੀ ਵਿੱਚ ਇਕੱਲੇ ਛੱਡ ਕੇ ਆਉਣਾ ਮੈਨੂੰ ਠੀਕ ਨਹੀਂ ਲੱਗਾ। ਬਾਕੀ ਰਹੀ ਗੱਲ ਬੱਚਿਆਂ ਦੀ, ਉਨ੍ਹਾਂ ਵਿਚਾਰਿਆਂ ਦਾ ਕੀ ਕਸੂਰ ਹੈ? ਜਿਹੋ ਜਿਹਾ ਅਸੀਂ ਉਨ੍ਹਾਂ ਨੂੰ ਬਣਾਇਐ ਉਹ ਬਣ ਗਏ ਨੇ ਪਰ ਮੈਨੂੰ ਯਕੀਨ ਹੈ ਕਿ ਜਦੋਂ ਮੈਂ ਅਤੇ ਤੁਹਾਡੀ ਨੂੰਹ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਉਹ ਵੀ ਮੰਨ ਜਾਣਗੇ, ਕਿਉਂਕਿ ਦਿਲੋਂ ਉਹ ਵੀ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਅਤੇ ਇਸ ਫ਼ੌਜੀ ਹਮਲੇ ਸਮੇਂ ਉਹ ਵੀ ਮੇਰੇ ਦੁੱਖ ਵਿੱਚ ਬਰਾਬਰ ਸ਼ਾਮਲ ਹੁੰਦੇ ਰਹੇ ਨੇ, ਕਈ ਵਾਰੀ ਤਾਂ ਇਸ ਦੁੱਖ ਵਿੱਚ, ਉਨ੍ਹਾਂ ਵੀ ਅੰਨ-ਪਾਣੀ ਨਹੀਂ ਛਕਿਆ ਬਗੈਰ ਮੇਰੇ ਕਹੇ ਦੇ। ਉਂਝ ਵੀ ਮੈਂ ਉਨ੍ਹਾਂ ਨੂੰ ਭਾਵੇ ਸਿੱਖੀ ਸਰੂਪ ਨਹੀਂ ਦਿੱਤਾ ਪਰ ਕਾਫੀ ਹੱਦ ਤੱਕ ਸਿੱਖੀ ਨਾਲ ਜੋੜੀ ਰਖਿਐ। ਤੁਸੀਂ ਹੈਰਾਨ ਹੋਵੋਗੇ ਕਿ ਮੇਰੀ ਪਤਨੀ ਸਮੇਤ ਸਾਰੇ ਬੱਚੇ ਪੰਜਾਬੀ ਪੜ੍ਹ ਲੈਂਦੇ ਨੇ ਤੇ ਨੇਮ ਨਾਲ ਪਾਠ ਵੀ ਕਰਦੇ ਨੇ। ਮੈਂ ਤੁਹਾਡੇ ਅਸੂਲ ਨਹੀਂ ਤੋੜਨਾ ਚਾਹੁੰਦਾ ਬਲਕਿ ਹੁਣ ਤਾਂ ਇਹ ਮੇਰੇ ਵੀ ਅਸੂਲ ਨੇ। … …. . ਮੈਨੂੰ ਥੋੜ੍ਹਾ ਜਿਹਾ ਸਮਾਂ ਦਿਓ, ਮੈਂ ਉਨ੍ਹਾਂ ਨੂੰ ਸਮਝਾ ਕੇ ਸਿੱਖੀ ਸਰੂਪ ਵਿੱਚ ਲੈ ਆਵਾਂ, ਫੇਰ ਮੈਂ ਤੁਹਾਨੂੰ ਲੈ ਜਾਵਾਂਗਾ, ਉਂਝ ਵੀ ਅਜੇ ਕਈ ਦਫਤਰੀ ਕਾਰਵਾਈਆਂ ਕਰਨੀਆਂ ਪੈਣੀਆਂ ਨੇ। ਵੈਸੇ ਵੀ ਮੈਨੂੰ ਯਕੀਨ ਹੈ ਕਿ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਸਿੱਖੀ ਸਰੂਪ ਵਿੱਚ ਆ ਜਾਣ ਨਾਲ ਤੁਸੀਂ ਸਾਡੇ ਕੋਲ ਆ ਜਾਓਗੇ, ਤਾਂ ਉਨ੍ਹਾਂ ਇਸੇ ਖੁਸ਼ੀ ਵਿੱਚ ਹੀ ਸਿੱਖੀ ਸਰੂਪ ਧਾਰਨ ਨੂੰ ਤਿਆਰ ਹੋ ਜਾਣੈ ਕਿਉਂਕਿ ਉਨ੍ਹਾਂ ਨੂੰ ਬੜਾ ਸ਼ੌਕ ਹੈ ਤੁਹਾਨੂੰ ਮਿਲਣ ਦਾ। ਉਹ ਅਕਸਰ ਮੇਰੇ ਕੋਲੋਂ ਪਿਤਾ ਜੀ ਅਤੇ ਤੁਹਾਡੇ ਬਾਰੇ ਪੁਛਦੇ ਰਹਿੰਦੇ ਹਨ। ਪਿਤਾ ਜੀ ਦੇ ਗੁਜ਼ਰ ਜਾਣ ਦੀ ਖ਼ਬਰ ਸੁਣ ਕੇ ਉਨ੍ਹਾਂ ਕਿਤਨਾ ਦੁੱਖ ਕੀਤਾ ਹੈ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਤੁਸੀਂ ਇੱਕ ਵਾਰੀ ਮੇਰੇ ਨਾਲ ਚਲੋ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਜੇ ਤੁਹਾਡਾ ਮਨ ਨਾ ਲੱਗਾ ਤਾਂ ਮੈਂ ਤੁਹਾਨੂੰ ਵਾਪਸ ਲੈ ਆਵਾਂਗਾ, ਭਾਵੇਂ ਮੈਨੂੰ ਸਭ ਕੁੱਝ ਛੱਡ ਛੱਡਾ ਕੇ ਪਰਿਵਾਰ ਸਮੇਤ ਇਥੇ ਵਾਪਸ ਆਉਣਾ ਪਵੇ, ਉਂਝ ਮੈਨੂੰ ਯਕੀਨ ਹੈ ਤੁਹਾਨੂੰ ਪੋਤੇ ਪੋਤੀਆਂ `ਚੋਂ ਹੀ ਵਿਹਲ ਨਹੀਂ ਮਿਲਣੀ।” ਹਰਭਜਨ ਨੇ ਸਾਰੀਆਂ ਗੱਲਾਂ ਸਪੱਸ਼ਟ ਕਰ ਦਿੱਤੀਆਂ ਤੇ ਕਿਸੇ ਕਿਉਂ ਕਿੰਤੂ ਦੀ ਕੋਈ ਗੁੰਜੈਸ਼ ਨਹੀਂ ਸੀ ਛੱਡੀ। ਉਧਰ ਬਲਬੀਰ ਕੌਰ ਦੇ ਅੰਦਰ ਵੀ ਸੁੱਤੀ ਮਮਤਾ ਇੱਕ ਫੇਰ ਜਾਗ ਚੁੱਕੀ ਸੀ ਅਤੇ ਉਸ ਦਾ ਮਨ ਵੀ ਪੋਤੇ ਪੋਤੀਆਂ ਨੂੰ ਵੇਖਣ ਲਈ ਤਰਸਣ ਲੱਗ ਪਿਆ ਸੀ।
ਉਹ ਬੜੇ ਸਹਿਜ ਵਿੱਚ ਬੋਲੀ, “ਠੀਕ ਏ ਪੁੱਤਰਾ! ਜੇ ਮੇਰੇ, ਤੇਰੇ ਨਾਲ ਜਾਣ ਨਾਲ ਮੇਰੇ ਕੁਲ ਵਿੱਚ ਸਿੱਖੀ ਵਾਪਸ ਆਉਂਦੀ ਹੈ ਤਾਂ ਮੈਂ ਉਸ ਵਾਸਤੇ ਕੁੱਝ ਵੀ ਕਰਨ ਨੂੰ ਤਿਆਰ ਹਾਂ, ਮੈਂ ਤਿਆਰ ਹਾਂ ਤੇਰੇ ਨਾਲ ਜਾਣ ਲਈ।” ਮਾਂ ਦੀ ਗੱਲ ਸੁਣ ਕੇ ਹਰਭਜਨ ਨੇ ਇੱਕ ਲੰਮਾ ਸਾਹ ਲਿਆ ਜਿਵੇਂ ਉਸ ਨੂੰ ਅਨਮੋਲ ਸੁੱਖ ਪ੍ਰਾਪਤ ਹੋ ਗਿਆ ਹੋਵੇ।
ਬਲਬੀਰ ਕੌਰ ਦੀ ਗੱਲ ਖਤਮ ਹੁੰਦੇ ਹੀ ਬਲਦੇਵ ਸਿੰਘ ਬੋਲਿਆ, “ਬਸ ਠੀਕ ਹੈ, ਜਿਤਨੀ ਦੇਰ ਹਰਭਜਨ ਆਪਣੇ ਪਰਿਵਾਰ ਦੇ ਸਿੱਖੀ ਸਰੂਪ ਵਿੱਚ ਪਰਤ ਆਉਣ ਦੀ ਖ਼ਬਰ ਨਹੀਂ ਦੇਂਦਾ ਅਤੇ ਸਰਕਾਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੁੰਦੀ, ਉਤਨੀ ਦੇਰ ਮਾਮੀ ਜੀ ਸਾਡੇ ਕੋਲ ਰਹਿਣਗੇ।” ਬਲਦੇਵ ਸਿੰਘ ਦੇ ਬੋਲ ਇੰਝ ਸਨ ਜਿਵੇਂ ਉਸ ਨੇ ਆਖਰੀ ਫੈਸਲਾ ਦੇ ਦਿੱਤਾ ਹੋਵੇ।
ਕਮਲਪ੍ਰੀਤ ਦਾ ਪਤੀ ਤੇਜਿੰਦਰ ਸਿੰਘ ਕੋਲ ਬੈਠਾ ਚੁੱਪ ਚਾਪ ਸਭ ਕੁੱਝ ਸੁਣ ਰਿਹਾ ਸੀ। ਉਹ ਸਹਿਜੇ ਜਿਹੇ ਬੋਲਿਆ, “ਮੈਨੂੰ ਵੀ ਕੁੱਝ ਕਹਿਣ ਦੀ ਆਗਿਆ ਹੈ?”
“ਹਾਂ, ਕਹੋ ਨਾ, ਜੀਜਾ ਜੀ! ਤੁਹਾਨੂੰ ਆਗਿਆ ਲੈਣ ਦੀ ਲੋੜ ਹੈ?” ਬਲਦੇਵ ਸਿੰਘ ਨੇ ਕਿਹਾ ਤੇ ਬਾਕੀ ਸਾਰੇ ਵੀ ਉਸ ਵੱਲ ਹੀ ਵੇਖਣ ਲੱਗ ਪਏ।
“ਉਂਝ ਤਾਂ ਅਸੀ ਰੋਜ਼ ਮਰਦ ਔਰਤ ਦੀ ਬਰਾਬਰੀ ਦੀਆਂ ਗੱਲ ਕਰਦੇ ਹਾਂ, ‘ਧੀਆਂ ਵੀ ਪੁੱਤਰਾਂ ਬਰਾਬਰ ਨੇ’, ਕਹਿੰਦੇ ਹਾਂ। ਇਹ ਵੀ ਆਖਦੇ ਹਾਂ ਕਿ ਪੁੱਤਰ `ਤੇ ਜਵਾਈ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਜਦੋਂ ਇਹੋ ਜਿਹਾ ਮੌਕਾ ਹੁੰਦੈ, ਉਸ ਦਾ ਹੱਕ ਇਹ ਕਹਿ ਕੇ ਖੋਹ ਲੈਂਦੇ ਹਾਂ ਕਿ ਧੀਆਂ `ਤੇ ਇਹ ਬੋਝ ਨਹੀਂ ਪਾਉਣਾ। ਜੇ ਤੁਸੀਂ ਮੈਨੂੰ ਸੱਚ ਮੁੱਚ ਪੁੱਤਰ ਸਮਝਦੇ ਹੋ ਅਤੇ ਧੀ-ਪੁੱਤਰ ਵਿੱਚ ਫਰਕ ਨਹੀਂ ਸਮਝਦੇ ਤਾਂ ਮੈਨੂੰ ਆਪਣਾ ਇਹ ਫਰਜ਼ ਨਿਭਾਉਣ ਦਾ ਮੌਕਾ ਦਿਓ, ਬੀਜੀ ਸਾਡੇ ਨਾਲ ਜਾਣਗੇ”, ਤੇਜਿੰਦਰ ਸਿੰਘ ਦੇ ਸ਼ਬਦ ਵੀ ਫੈਸਲਾ-ਕੁਨ ਸਨ। ਉਸ ਨੇ ਕਿਸੇ ਦੇ ਕੁੱਝ ਕਹਿਣ ਦੀ ਕਸਰ ਨਹੀਂ ਸੀ ਛੱਡੀ ਪਰ ਬਲਦੇਵ ਸਿੰਘ ਦਾ ਚਿਹਰਾ ਕੁੱਝ ਮੁਰਝਾ ਗਿਆ, ਉਹ ਤਾਂ ਸੋਚ ਰਿਹਾ ਸੀ ਉਸ ਨੂੰ ਕੁੱਝ ਦਿਨ ਹੋਰ ਮਾਂ ਦੇ ਪਿਆਰ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਵੇਗਾ।
ਬਲਬੀਰ ਕੌਰ ਨੇ ਉਸ ਦੇ ਚਿਹਰੇ ਵੱਲ ਵੇਖਿਆਂ ਤੇ ਉਸ ਦੇ ਭਾਵ ਸਮਝਦੀ ਹੋਈ ਬੋਲੀ, “ਠੀਕ ਹੈ, ਪਰ ਹਰਭਜਨ ਦੇ ਨਾਲ ਜਾਣ ਤੋਂ ਪਹਿਲਾਂ ਮੈ ਕੁੱਝ ਦਿਨ ਬੱਲੂ ਕੋਲ ਜ਼ਰੂਰ ਰਹਿ ਕੇ ਜਾਵਾਂਗੀ। ਨਾਲ ਮੈਂ ਮਰਨ ਵਾਸਤੇ ਤਾਂ ਵਾਪਸ ਇਥੇ ਆਪਣੇ ਪਤੀ ਦੇ ਘਰ ਹੀ ਆਉਣਾ ਹੈ, ਇਸ ਧਰਤੀ ਦੇ ਬਗੈਰ ਤਾਂ ਮੇਰੇ ਪ੍ਰਾਣ ਵੀ ਨਹੀਂ ਨਿਕਲਨੇ।
ਭਾਵੇਂ ਉਨ੍ਹਾਂ ਕੋਈ ਸੋਗ ਤਾਂ ਨਹੀਂ ਸੀ ਮਨਾਇਆ ਪਰ ਬਲਦੇਵ ਸਿੰਘ ਦੇ ਘਰ ਦਾ ਮਹੌਲ ਕੁੱਝ ਦਿਨ ਉਦਾਸ ਜਿਹਾ ਰਿਹਾ। ਉਨ੍ਹਾਂ ਨੂੰ ਤਾਂ ਦੋਹਰਾ ਵਿਛੋੜਾ ਝਲਣਾ ਪਿਆ ਸੀ, ਮਾਮਾ ਜੀ ਸਦੀਵੀ ਵਿਛੋੜਾ ਦੇ ਗਏ ਸਨ ਤਾਂ ਮਾਮੀ ਜੀ ਕਮਲਪ੍ਰੀਤ ਦੇ ਨਾਲ ਚਲੇ ਗਏ। ਉਨ੍ਹਾਂ ਦੇ ਹੁੰਦਿਆਂ ਕਈ ਕਈ ਦਿਨ ਬਗੈਰ ਮਿਲਿਆਂ ਜਾਂ ਗੱਲਬਾਤ ਕੀਤੇ ਲੰਘ ਜਾਂਦੇ ਸਨ ਪਰ ਹੁਣ ਬਾਰ ਬਾਰ ਉਨ੍ਹਾਂ ਦਾ ਧਿਆਨ ਆਉਂਦਾ। ਇਹ ਕੁਦਰਤ ਦਾ ਅਸੂਲ ਹੈ ਕਿ ਜਿਨ੍ਹਾਂ ਤੋਂ ਵਿਛੋੜਾ ਪੈ ਜਾਵੇ ਉਹ ਵਧੇਰੇ ਯਾਦ ਆਉਂਦੇ ਹਨ ਪਰ ਇਹ ਵੀ ਸੱਚ ਹੈ ਕਿ ਕੁੱਝ ਦਿਨਾਂ ਦੀ ਯਾਦ ਤੋਂ ਬਾਅਦ ਮਨੁੱਖ ਉਨ੍ਹਾਂ ਬਗੈਰ ਜੀਣਾ ਸਿੱਖ ਜਾਂਦਾ ਹੈ। ਸ਼ਾਇਦ ਤਾਂ ਹੀ ਜ਼ਿੰਦਗੀ ਚਲਦੀ ਰਹਿੰਦੀ ਹੈ, ਇਹੀ ਜ਼ਿੰਦਗੀ ਦਾ ਸੱਚ ਵੀ ਹੈ ਅਤੇ ਚਮਤਕਾਰ ਵੀ, ਯਾ ਸ਼ਾਇਦ ਅਕਾਲ ਪੁਰਖ ਦੀ ਬਖਸ਼ਿਸ਼। ਇੱਕ ਗੱਲ ਦੀ ਵੱਡੀ ਖੁਸ਼ੀ ਵੀ ਸੀ ਸਾਰੇ ਪਰਿਵਾਰ ਵਿੱਚ, ਹਰਭਜਨ ਦੇ ਵਾਪਸ ਸਿੱਖੀ ਵਿੱਚ ਮੁੜ ਆਉਣ ਦੀ। ਉਹ ਭਾਵੇਂ ਦੋ ਦਿਨਾਂ ਬਾਅਦ ਹੀ ਵਾਪਸ ਚਲਾ ਗਿਆ ਸੀ ਪਰ ਪਿੱਛੇ ਬੜੀਆਂ ਆਸਾਂ ਛੱਡ ਗਿਆ ਸੀ।
ਹੁਣ ਵੇਖਣ ਨੂੰ ਤਾਂ ਜ਼ਿੰਦਗੀ ਹਰ ਦਿਨ ਲੀਹਾਂ `ਤੇ ਆ ਰਹੀ ਸੀ ਪਰ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ `ਤੇ ਫ਼ੌਜੀ ਹਮਲੇ ਦਾ ਅਸਰ ਐਸਾ ਸੀ, ਜਿਵੇਂ ਉਸ ਦੀ ਛਾਪ ਹਰ ਸਿੱਖ ਦੇ ਹਿਰਦੇ `ਤੇ ਉਕਰ ਗਈ ਹੋਵੇ। ਅਜੇ ਵੀ ਜਿੱਥੇ ਦੋ ਸਿੱਖ ਇਕੱਠੇ ਹੁੰਦੇ, ਇਸ ਬਾਰੇ ਗੱਲ ਜ਼ਰੂਰ ਛਿੜ ਪੈਂਦੀ। ਅੱਜ ਵੀ ਬਲਦੇਵ ਸਿੰਘ ਗੁਰਦੁਆਰਿਓਂ ਬਾਹਰ ਨਿਕਲਿਆ ਤਾਂ ਦੋ ਪ੍ਰਬੰਧਕ ਮਿਲ ਪਏ ਤੇ ਕਹਿਣ ਲੱਗੇ ਕਿ ਜੇ ਘਰ ਜਾਣ ਦੀ ਜਲਦੀ ਨਹੀਂ ਤਾਂ ਥੋੜ੍ਹੀ ਦੇਰ ਦਫਤਰ ਵਿੱਚ ਬੈਠੀਏ। ਉਹ ਸਮਝ ਗਿਆ ਕਿ ਜ਼ਰੂਰ ਕੋਈ ਗੱਲ ਕਰਨਾ ਚਾਹੁੰਦੇ ਹਨ, ‘ਹਾਂ ਹਾਂ ਜ਼ਰੂਰ’ ਕਹਿ ਕੇ ਉਹ ਉਨ੍ਹਾਂ ਨਾਲ ਦਫਤਰ ਵਿੱਚ ਆ ਗਿਆ।
“ਆਹ ਸਰਕਾਰ ਦੇ ਵ੍ਹਾਈਟ ਪੇਪਰ ਨੇ ਤਾਂ ਸਾਰਾ ਕਸੂਰ ਸਾਡੀ ਕੌਮ ਦਾ ਹੀ ਕੱਢ ਦਿੱਤਾ ਹੈ”, ਕੁਰਸੀ ਤੇ ਬੈਠਦੇ ਹੋਏ, ਇੱਕ ਵੀਰ ਗੁਰਸ਼ਰਨ ਸਿੰਘ ਨੇ, ਦੋ ਦਿਨ ਪਹਿਲੇ 11 ਜੁਲਾਈ ਨੂੰ ਸਰਕਾਰ ਵਲੋਂ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਬਾਰੇ ਗੱਲ ਛੇੜਦਿਆਂ ਕਿਹਾ।
“ਗੁਰਸ਼ਰਨ ਸਿੰਘ ਜੀ! ਹੋਰ ਸਰਕਾਰ ਨੇ ਵ੍ਹਾਈਟ ਪੇਪਰ ਦੇ ਨਾਂ ਦਾ ਇਹ ਚਿੱਠਾ ਆਪਣੇ ਆਪ ਨੂੰ ਗੁਣਹਗਾਰ ਠਹਿਰਾਉਣ ਲਈ ਥੋੜ੍ਹੀ ਛਾਪਣਾ ਸੀ? ਇਹ ਤਾਂ ਪਤਾ ਹੀ ਸੀ ਕਿ ਇਹ ਝੂਠ ਦਾ ਪੁਲੰਦਾ ਹੀ ਹੋਣਾ ਹੈ। ਇਹ ਸਭ ਤਾਂ ਉਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ, ਆਪਣੀਆਂ ਕਾਲੀਆਂ ਕਰਤੂਤਾਂ ਨੂੰ ਲੁਕਾਉਣ ਅਤੇ ਸਾਨੂੰ ਬਦਨਾਮ ਕਰਨ ਲਈ ਹੀ ਕਰ ਰਹੇ ਹਨ”, ਬਲਦੇਵ ਸਿੰਘ ਨੇ ਸਹਿਜੇ ਜੁਆਬ ਦਿੱਤਾ।
“ਪਰ ਬਲਦੇਵ ਸਿੰਘ ਜੀ! ਜਿਹੜਾ ਸਰਕਾਰ ਨੇ ਇਹ ਆਖਿਆ ਹੈ ਕਿ ਅਕਾਲੀ ਆਗੂ ਆਖਰੀ ਸਮੇਂ ਤੱਕ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਹਨ, ਉਸ ਬਾਰੇ ਕੀ ਆਖੋਗੇ?” ਦੂਸਰੇ ਪਾਸੇ ਬੈਠੇ ਵੀਰ ਕਰਮਜੀਤ ਸਿੰਘ ਨੇ ਪੁੱਛਿਆ।
“ਵੀਰ ਜੀ! ਸਾਰਾ ਵ੍ਹਾਈਟ ਪੇਪਰ ਤਾਂ ਮੈਂ ਪੜ੍ਹਿਆ ਨਹੀਂ, ਉਤਨਾ ਹੀ ਪੜ੍ਹਿਆ ਹੈ ਜਿਤਨਾ ਕੁ ਅਖਬਾਰ ਵਿੱਚ ਛੱਪਿਆ ਹੈ, ਉਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਗੱਲਬਾਤ ਤਾਂ ਅਕਾਲੀ ਆਗੂ ਕਰਦੇ ਹੀ ਰਹੇ ਹਨ। … … ਪਰ ਮੈਂ ਨਹੀਂ ਸਮਝਦਾ ਕਿ ਗੱਲਬਾਤ ਕਰਨ ਵਿੱਚ ਕੋਈ ਹਰਜ਼ ਹੈ …. . ਕਿਉਂਕਿ ਦੁਨੀਆਂ ਦੇ ਸਾਰੇ ਮਸਲੇ ਗੱਲਬਾਤ ਨਾਲ ਹੀ ਹੱਲ ਹੁੰਦੇ ਹਨ। …. . ਲੇਕਿਨ ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਹੱਲ ਤਾਂ ਕੋਈ ਨਿਕਲਿਆ ਹੀ ਨਹੀਂ, ਸਗੋਂ ਬਰਬਾਦੀ ਹੋ ਗਈ …।”
ਅਜੇ ਬਲਦੇਵ ਸਿੰਘ ਦੀ ਗੱਲ ਮੁੱਕੀ ਵੀ ਨਹੀਂ ਸੀ ਕਿ ਵਿੱਚੋਂ ਹੀ ਗੁਰਸ਼ਰਨ ਸਿੰਘ ਬੋਲ ਪਿਆ, “ਮੈਨੂੰ ਤਾਂ ਲਗਦੈ ਕਿ ਸਰਕਾਰ ਨੇ ਅਕਾਲੀ ਆਗੂਆਂ ਨੂੰ ਗੱਲਬਾਤ ਵਿੱਚ ਉਲਝਾਈ ਰਖਿਐ ਤੇ ਅੰਦਰੋ ਅੰਦਰੀ ਆਪਣੀ ਤਿਆਰੀ ਕਰੀ ਗਏ ਨੇ, ਤੇ ਅੱਜ ਦੁਨੀਆਂ ਨੂੰ ਕਹਿਣ ਜੋਗੇ ਹੋ ਗਏ ਨੇ ਕਿ ਦੇਖੋ ਜੀ ਅਕਾਲੀਆਂ ਨੇ ਕੋਈ ਗੱਲ ਸਿਰੇ ਨਹੀਂ ਚਾੜ੍ਹੀ, ਇਸ ਵਾਸਤੇ ਸਾਨੂੰ ਇਹ ਕਾਰਵਾਈ ਕਰਨੀ ਪਈ ਏ। …. . ਪਰ ਮੈਂ ਹੈਰਾਨ ਹਾਂ ਕਿ ਅਕਾਲੀ ਆਗੂਆਂ ਨੂੰ ਕੁੱਝ ਪਤਾ ਨਹੀਂ ਲੱਗਾ ਕਿ ਸਰਕਾਰ ਸਾਡੇ ਨਾਲ ਖੇਡ ਖੇਡ ਰਹੀ ਹੈ?”
“ਗੁਰਸ਼ਰਨ ਸਿੰਘ ਜੀ! ਅਕਾਲੀ ਆਗੂ ਸਭ ਕੁੱਝ ਜਾਣਦੇ ਸਨ। ਅਸਲ ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਇਨ੍ਹਾਂ ਤੇ ਭਾਰੀ ਪੈ ਗਿਆ ਸੀ, ਇਨ੍ਹਾਂ ਨੂੰ ਆਪਣੀਆਂ ਲੀਡਰੀਆਂ ਜਾਂਦੀਆਂ ਨਜ਼ਰ ਆਉਣ ਲੱਗ ਪਈਆਂ ਸਨ, ਇਸ ਲਈ ਇਨ੍ਹਾਂ ਆਪ ਇਹ ਕਾਰਾ ਕਰਵਾਇਐ। ਇਹ ਸਰਕਾਰ ਨਾਲ ਇਹੀ ਵਿਉਂਤਾਂ ਗੁੰਦਣ ਜਾਂਦੇ ਰਹੇ ਹਨ”, ਕਰਮਜੀਤ ਸਿੰਘ ਕੁੱਝ ਤਿੱਖੀ ਅਵਾਜ਼ ਵਿੱਚ ਬੋਲਿਆ।
ਬਲਦੇਵ ਸਿੰਘ ਨੇ ਦੋਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ। ਉਹ ਜਾਣਦਾ ਸੀ ਕਿ ਕਰਮਜੀਤ ਸਿੰਘ ਦਾ ਝੁਕਾ ਖਾੜਕੂ ਪੱਖੀ ਹੈ ਪਰ ਸਿਰਫ ਇਸੇ ਕਰ ਕੇ ਉਸ ਦੀ ਗੱਲ ਨੂੰ ਅੱਖੋਂ ਪਰੋਖੇ ਨਹੀਂ ਸੀ ਕੀਤਾ ਜਾ ਸਕਦਾ। ਇਸ ਵੇਲੇ ਤਾਂ ਪੂਰੀ ਕੌਮ ਵਿੱਚ ਇਸ ਗੱਲ ਦੀ ਚਰਚਾ ਸੀ। ਬਲਦੇਵ ਸਿੰਘ ਕੁੱਝ ਸੋਚਦਾ ਹੋਇਆ ਬੋਲਿਆ, “ਦੇਖੋ! ਸਚਾਈ ਤਾਂ ਜਾਂ ਅਕਾਲ ਪੁਰਖ ਜਾਣਦਾ ਹੈ ਜਾਂ ਉਹ ਜਿਹੜੇ ਗੱਲਾਂ ਕਰਦੇ ਰਹੇ ਹਨ, ਵੀਰ ਕਰਮਜੀਤ ਸਿੰਘ ਜੀ ਤੁਹਾਡੀ ਗੱਲ ਸੱਚ ਵੀ ਹੋ ਸਕਦੀ ਹੈ, ਪਰ …. . ਇਹ ਵੀ ਹੋ ਸਕਦਾ ਹੈ ਕਿ ਸਰਕਾਰ ਜਾਣ ਕੇ ਐਸਾ ਪ੍ਰਭਾਵ ਦੇ ਰਹੀ ਹੋਵੇ ਅਤੇ ਪ੍ਰਚਾਰ ਕਰਾ ਰਹੀ ਹੋਵੇ, ਜਿਸ ਨਾਲ ਕੌਮ ਕੋਲ ਇਸ ਅਤਿ ਸੰਕਟ ਦੇ ਸਮੇਂ ਕੋਈ ਆਗੂ ਹੀ ਨਾ ਰਹੇ। , , , ਇੱਕ ਗੱਲ ਤਾਂ ਮੈਂ ਵੀ ਮਹਿਸੂਸ ਕਰਦਾ ਹਾਂ ਕਿ ਸਰਕਾਰ ਅਕਾਲੀ ਆਗੂਆਂ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ, ਜਿਵੇਂ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਵਿੱਚੋਂ ਵਰ੍ਹਦੀ ਅੱਗ `ਚੋਂ, ਮੱਖਣ `ਚੋਂ ਵਾਲ ਵਾਂਗੂੰ, ਸੁਰੱਖਿਅਤ ਕੱਢ ਕੇ ਆਪਣੀ ਹਿਫਾਜ਼ਤ ਵਿੱਚ ਲੈ ਗਈ ਹੈ, ਉਸ ਤੋਂ ਇਹ ਤਾਂ ਸਪੱਸ਼ਟ ਹੀ ਹੈ, … ਪਰ ਇਹ ਸਭ ਸਾਡੀਆਂ ਕਿਆਸਰਾਈਆਂ ਨੇ। … ਖੈਰ ਮੈਂ ਸਮਝਦਾ ਹਾਂ, ਸਚਾਈ ਸਮੇਂ ਨਾਲ ਸਾਹਮਣੇ ਆ ਹੀ ਜਾਵੇਗੀ ਪਰ ਇਸ ਵੇਲੇ ਕੌਮ ਨੂੰ ਬਹੁਤ ਸਮਝ ਕੇ ਚਲਣ ਦੀ ਲੋੜ ਹੈ, ਜੇ ਇਸ ਸਮੇਂ ਸਾਡੀ ਕੌਮ ਦੀ ਆਪਸੀ ਲੜਾਈ ਸ਼ੁਰੂ ਹੋ ਗਈ ਤਾਂ ਇਹ ਸਰਕਾਰ ਦੀ ਇੱਕ ਹੋਰ ਬਹੁਤ ਵੱਡੀ ਜਿਤ ਹੋਵੇਗੀ, ਸੋ ਚੰਗਾ ਹੈ ਇਸ ਸਮੇਂ ਇਨ੍ਹਾਂ ਗੱਲਾਂ ਨੂੰ ਨਾ ਛੇੜਿਆ ਜਾਵੇ।”
“ਬਿਲਕੁਲ ਠੀਕ ਗੱਲ ਕਹੀ ਹੈ ਤੁਸੀਂ ਵੀਰ ਜੀ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਇਸ ਵੇਲੇ ਤਾਂ ਸਾਡੀ ਪੂਰੀ ਏਕਤਾ ਹੀ ਨਜ਼ਰ ਆਉਣੀ ਚਾਹੀਦੀ ਹੈ”, ਗੁਰਸ਼ਰਨ ਸਿੰਘ ਨੇ ਉਸ ਦੀ ਗੱਲ ਦੀ ਪ੍ਰੋੜਤਾ ਕਰ ਦਿੱਤੀ। ਚਿਹਰੇ ਦੇ ਹਾਵ ਭਾਵ ਤੋਂ ਕਰਮਜੀਤ ਸਿੰਘ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਸੀ ਆਉਂਦਾ ਪਰ ਉਸ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ।
ਗੱਲ ਖਤਮ ਕਰ ਕੇ ਬਲਦੇਵ ਸਿੰਘ ਉਠ ਕੇ ਖੜਾ ਹੋ ਗਿਆ ਸੀ ਸੋ ਉਹ ਦੋਨੋਂ ਵੀ ਉਠ ਖੜੋਤੇ ਤੇ ਸਾਰੇ ਬਾਹਰ ਆ ਕੇ ਘਰਾਂ ਵੱਲ ਤੁਰ ਪਏ।
ਇਸ ਗੱਲ ਦਾ ਰੋਸ ਹਰ ਸਿੱਖ ਦੇ ਅੰਦਰ ਨਸੂਰ ਬਣਨਾ ਸ਼ੁਰੂ ਹੋ ਗਿਆ ਸੀ ਕਿ ਮਹੀਨੇ ਤੋਂ ਉਤੇ ਬੀਤਣ ਤੋਂ ਬਾਅਦ ਵੀ ਫ਼ੌਜ ਅਜੇ ਤੱਕ ਦਰਬਾਰ ਸਾਹਿਬ `ਤੇ ਕਬਜ਼ਾ ਜਮਾਈ ਬੈਠੀ ਹੈ। ਬਲਦੇਵ ਸਿੰਘ ਵੀ ਭਾਵੇਂ ਕਾਰੋਬਾਰ ਵਿੱਚ ਪੂਰੀ ਤਰ੍ਹਾਂ ਰੁਝ ਗਿਆ ਸੀ ਪਰ ਸਵੇਰੇ ਸ਼ਾਮ ਗੁਰਦੁਆਰੇ ਇਸ ਬਾਰੇ ਕਿਸੇ ਨਾ ਕਿਸੇ ਨਾਲ ਚਰਚਾ ਛਿੜ ਹੀ ਪੈਂਦੀ। ਉਸ ਤੋਂ ਵੀ ਵਧੇਰੇ ਕੌਮ ਵਿੱਚ ਇਸ ਗੱਲ ਦਾ ਰੋਸ ਵੱਧ ਰਿਹਾ ਸੀ ਕਿ ਪਹਿਲਾਂ ਆਪੇ ਬਰਬਾਦੀ ਕਰਕੇ, ਹੁਣ ਆਪ ਹੀ ਸਰਕਾਰ ਪੋਚਾ ਪਾਚੀ ਕਰਨ `ਤੇ ਲੱਗੀ ਹੋਈ ਹੈ। ਹੁਣ ਕੁੱਝ ਦਿਨਾਂ ਤੋਂ ਨਰਾਜ਼ਗੀ ਹੋਰ ਵਧ ਰਹੀ ਸੀ ਕਿਉਂਕਿ ਰੋਜ਼ ਖ਼ਬਰਾਂ ਆ ਰਹੀਆਂ ਸਨ ਕਿ ਸਰਕਾਰ ਅਕਾਲ ਤਖਤ ਸਾਹਿਬ ਦੀ ਮੁਰੰਮਤ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਤਾਂ ਸਿੱਖ ਸੰਗਤ ਚਾਹੁੰਦੀ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਕੁੱਝ ਸਮੇਂ ਲਈ ਇੰਝ ਹੀ ਰੱਖਿਆ ਜਾਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਆਪਣੀ ਅੱਖੀਂ ਵੇਖ ਸਕਣ ਕਿ ਭਾਰਤੀ ਫ਼ੌਜ ਨੇ ਸਿੱਖ ਕੌਮ `ਤੇ ਕੀ ਕਹਿਰ ਢਾਇਆ ਹੈ, ਬਲਕਿ ਬਹੁਤੇ ਸਿੱਖ ਤਾਂ ਚਾਹੁੰਦੇ ਸਨ ਕਿ ਅਕਾਲ ਤਖਤ ਦੇ ਢੱਠੇ ਸਰੂਪ ਦੀ ਇੰਝ ਹੀ ਸੰਭਾਲ ਕਰ ਲਈ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੱਚਾਈ ਦਾ ਪ੍ਰਤੱਖ ਪ੍ਰਮਾਣ ਮਿਲੇ ਤੇ ਇਸ ਦੇ ਨਾਲ ਅਕਾਲ ਤਖਤ ਸਾਹਿਬ ਦੀ ਹੋਰ ਇਮਾਰਤ ਉਸਾਰ ਲਈ ਜਾਵੇ। ਦੂਸਰਾ ਸਿੱਖ ਕੌਮ ਵਿੱਚ ਕਾਰ ਸੇਵਾ ਦੀ ਰਵਾਇਤ ਵੀ ਹੈ ਅਤੇ ਭਾਵਨਾ ਵੀ, ਇਸ ਲਈ ਕੋਈ ਸਿੱਖ ਨਹੀਂ ਸੀ ਚਾਹੁੰਦਾ ਕਿ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਮੁਰੰਮਤ ਕਰਾਵੇ ਅਤੇ ਇਹ ਸਾਰੇ ਕਾਰਜ ਕਾਰ ਸੇਵਾ ਰਾਹੀਂ ਕਰਨ ਲਈ ਉਡੀਕ ਹੋ ਰਹੀ ਸੀ।
ਬਲਦੇਵ ਸਿੰਘ ਨੇ ਗੁਰਦੁਆਰਿਓਂ ਆ ਕੇ ਅਖ਼ਬਾਰ ਫਰੋਲਣੀ ਸ਼ੁਰੂ ਕੀਤੀ ਤਾਂ ਇੱਕ ਖ਼ਬਰ ਸਿੱਖ ਕੌਮ ਵਾਸਤੇ ਬੜੀ ਖੁਸ਼ੀ ਵਾਲੀ ਜਾਪੀ ਕਿ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋ ਰਹੀ ਹੈ। ਖ਼ਬਰ ਸੀ ਕਿ ਨਿਹੰਗ ਸਿੰਘਾਂ ਦੇ ਮੁੱਖੀ ਬਾਬਾ ਸੰਤਾ ਸਿੰਘ ਅਤੇ ਉਸ ਦੇ ਨਾਲ ਨਰੈਣ ਸਿੰਘ ਕਲੇਰਾਂ ਦੇ ਡੇਰੇ ਵਾਲੇ ਨੂੰ ਕਾਰ ਸੇਵਾ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ। ਖ਼ਬਰ ਪੜ੍ਹ ਕੇ ਪਹਿਲਾਂ ਤਾਂ ਉਸ ਨੂੰ ਕੁੱਝ ਖੁਸ਼ੀ ਹੋਈ ਪਰ ਫੇਰ ਉਹ ਸੋਚੀਂ ਪੈ ਗਿਆ ਕਿ ‘ਅਜੇ ਤਾਂ ਫ਼ੌਜ ਨੇ ਦਰਬਾਰ ਸਾਹਿਬ ਤੋਂ ਆਪਣਾ ਕਬਜ਼ਾ ਨਹੀਂ ਚੁੱਕਿਆ, ਫੇਰ ਕਾਰ ਸੇਵਾ ਕਿਵੇਂ ਹੋਵੇਗੀ? ਕੀ ਸੰਗਤਾਂ ਫ਼ੌਜ ਦੇ ਘੇਰੇ ਵਿੱਚ ਰੋਜ਼ ਬਾਰ ਬਾਰ ਤਲਾਸ਼ੀਆਂ ਦੇ ਕੇ ਅਤੇ ਜ਼ਲੀਲ ਹੋ ਕੇ ਕਾਰ ਸੇਵਾ ਕਰਨ ਜਾਣਗੀਆਂ? ਨਾਲੇ ਸੰਤਾ ਸਿੰਘ ਨਿਹੰਗ ਤਾਂ ਕੋਈ ਕਾਰਸੇਵਾ ਵਾਲਾ ਬਾਬਾ ਨਹੀਂ, ਨਾ ਹੀ ਉਸ ਨੂੰ ਕਾਰ ਸੇਵਾ ਜਾਂ ਇਮਾਰਤਾਂ ਬਨਾਉਣ ਦਾ ਕੋਈ ਤਜਰਬਾ ਹੈ, ਫਿਰ ਇਹ ਸੇਵਾ ਉਸ ਨੂੰ ਕਿਉਂ ਦਿੱਤੀ ਗਈ?
ਬਲਦੇਵ ਸਿੰਘ ਦੇ ਚਿਹਰੇ `ਤੇ ਆਈ ਖੁਸ਼ੀ ਚੰਦ ਮਿੰਟਾਂ ਵਿੱਚ ਹੀ ਅਲੋਪ ਹੋ ਗਈ ਅਤੇ ਉਸ ਦੀ ਜਗ੍ਹਾ ਇੱਕ ਦੁਬਿਧਾ ਨੇ ਲੈ ਲਈ। ਉਸ ਨੇ ਉਠ ਕੇ ਤਿਆਰ ਹੋਣਾ ਸ਼ੁਰੂ ਕੀਤਾ ਪਰ ਧਿਆਨ ਉਸੇ ਖ਼ਬਰ ਵਿੱਚ ਹੀ ਅਟਕਿਆ ਹੋਇਆ ਸੀ। ਦੁਕਾਨ `ਤੇ ਗਿਆ ਤਾਂ ਕੰਮ ਵਿੱਚ ਰੁਝਣ ਨਾਲ ਧਿਆਨ ਕੁੱਝ ਪਲਟਿਆ ਪਰ ਜਦੋਂ ਥੋੜ੍ਹਾ ਵਿਹਲ ਮਿਲਦਾ, ਫੇਰ ਉਸੇ ਪਾਸੇ ਧਿਆਨ ਚਲਾ ਜਾਂਦਾ। ਸ਼ਾਮ ਨੂੰ ਦੁਕਾਨ ਬੰਦ ਕਰਕੇ ਗੁਰਦੁਆਰੇ ਗਿਆ ਤਾਂ ਉਥੇ ਵੀ ਇਹੀ ਚਰਚਾ ਸੀ। ਬਹੁਤੇ ਸਿੱਖ ਇਸ ਗੱਲੋਂ ਖੁਸ਼ ਸਨ ਕਿ ਚਲੋ ਕਾਰ ਸੇਵਾ ਹੋਣ ਲਗੀ ਹੈ, ਪਰ ਉਸ ਨੇ ਆਪਣੀ ਸ਼ੰਕਾ ਜ਼ਾਹਰ ਕੀਤੀ ਤਾਂ ਉਹ ਵੀ ਸੋਚੀਂ ਪੈ ਗਏ ਪਰ ਸ਼ਾਇਦ ਜੁਆਬ ਕਿਸੇ ਕੋਲ ਕੋਈ ਨਹੀਂ ਸੀ।
ਘਰ ਪਹੁੰਚ ਕੇ ਉਸ ਨੇ ਸ੍ਰ. ਚੇਤ ਸਿੰਘ ਹੋਰਾਂ ਦੇ ਘਰ ਦੇ ਨੰਬਰ `ਤੇ ਟੈਲੀਫੋਨ ਦੀ ਕਾਲ ਬੁੱਕ ਕਰਵਾਈ। ਜਿਸ ਵੇਲੇ ਕਾਲ ਲੱਗੀ, ਦੂਸਰੇ ਪਾਸਿਓਂ ਗੁਰਸੇਵਕ ਸਿੰਘ ਦੀ ਹੈਲੋ ਸੁਣਾਈ ਦਿੱਤੀ। “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਵੀਰੇ, ਕੀ ਹਾਲ ਹੈ?” ਬਲਦੇਵ ਸਿੰਘ ਨੇ ਅਵਾਜ਼ ਪਛਾਣ ਕੇ ਗੱਲ ਸ਼ੁਰੂ ਕੀਤੀ।
ਬਲਦੇਵ ਸਿੰਘ ਦੀ ਅਵਾਜ਼ ਸੁਣ ਕੇ ਗੁਰਸੇਵਕ ਨੂੰ ਵੀ ਜਿਵੇਂ ਕੋਈ ਚਾਅ ਚੜ੍ਹ ਗਿਆ। ਉਸ ਦੀ ਫਤਹਿ ਵਿੱਚ ਫਤਹਿ ਮਿਲਾਉਂਦੇ ਹੋਏ ਉਸ ਜੁਆਬ ਦਿੱਤਾ, “ਚੜ੍ਹਦੀਆਂ-ਕਲਾ ਹਨ ਭਰਾ ਜੀ, ਤੁਸੀ ਸੁਣਾਓ?” ਬਲਦੇਵ ਸਿੰਘ ਨੂੰ ਉਸ ਦਾ ਜੁਆਬ ਸੁਣ ਕੇ ਇਸ ਗੱਲ ਦੀ ਖੁਸ਼ੀ ਹੋਈ ਕਿ ਉਹ ਹੌਲੀ ਹੌਲੀ ਉਸ ਦੁਖ ਭਰੇ ਮਹੌਲ `ਚੋਂ ਉਭਰ ਰਹੇ ਸਨ। ਸਿੱਖ ਕੌਮ ਦੀ ਇਹ ਵਿਲੱਖਣਤਾ ਹੈ ਕਿ ਵੱਡੇ ਤੋਂ ਵੱਡਾ ਸੰਤਾਪ ਝਲ ਕੇ ਵੀ, ਕੁੱਝ ਦਿਨਾਂ ਵਿੱਚ ਹੀ ਸਿੱਖ ਫੇਰ ਚੜ੍ਹਦੀਆਂ-ਕਲਾ ਵਿੱਚ ਵਿਚਰਨ ਲੱਗ ਪੈਂਦੇ ਹਨ। ਸ਼ਾਇਦ ਇਹ ਗੁਣ ਸਿੱਖ ਦੇ ਅਕਾਲ ਪੁਰਖ ਉਤੇ ਪੂਰਨ ਵਿਸ਼ਵਾਸ ਦਾ ਪ੍ਰਤੀਕ ਹੈ। ਕੁੱਝ ਵੀ ਹੋਵੇ, ਇਹ ਸਿੱਖ ਉਤੇ ਗੁਰੂ ਦੀ ਅਨਮੋਲ ਬਖਸ਼ਿਸ਼ ਹੈ। ਚਾਚਾ ਜੀ ਅਤੇ ਪਰਿਵਾਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਬਲਦੇਵ ਸਿੰਘ ਅਸਲੀ ਵਿਸ਼ੇ `ਤੇ ਆਇਆ, “ਗੁਰਸੇਵਕ ਜੀ! ਖ਼ਬਰ ਪੜ੍ਹੀ ਸੀ ਕਿ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋ ਰਹੀ ਏ?”
“ਉਹ ਬਿਲਕੁਲ ਪਖੰਡ ਜੇ ਭਰਾ ਜੀ, ਇਹ ਕਾਰ ਸੇਵਾ ਨਹੀਂ ਸਰਕਾਰ ਸੇਵਾ ਹੋ ਰਹੀ ਏ। ਇਹ ਸਾਰਾ ਬੂਟਾ ਸਿੰਘ ਦਾ ਪ੍ਰਪੰਚ ਏ। ਉਹ ਕਈ ਦਿਨਾਂ ਤੋਂ ਜਥੇਦਾਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਫ਼ੌਜ ਦਾ ਕਬਜ਼ਾ ਖਤਮ ਕੀਤਾ ਜਾਵੇ। ਚਾਰ ਪੰਜ ਦਿਨ ਪਹਿਲੇ ਇਹ ਗੱਲਬਾਤ ਟੁੱਟ ਗਈ ਸੀ। ਉਸ ਨੇ ਹੁਣ ਸੰਤਾ ਸਿੰਘ ਨਿਹੰਗ ਨੂੰ ਕਾਬੂ ਕਰ ਲਿਐ। ਤੁਹਾਨੂੰ ਤਾਂ ਪਤਾ ਹੀ ਹੈ ਕਿ ਇਹ ਸੰਤਾ ਸਿੰਘ ਤਾਂ ਪਹਿਲਾਂ ਹੀ ਕਾਂਗਰਸ ਦਾ ਹੱਥ ਠੋਕਾ ਹੈ. . ਪਰ ਕਾਰ ਸੇਵਾ ਦਾ ਤਾਂ ਬਸ ਨਾਂ ਹੀ ਹੈ, ਸੰਤਾ ਸਿੰਘ ਦਾ ਨਾਂ ਵਰਤ ਕੇ ਸਾਰਾ ਕੰਮ ਸਰਕਾਰ ਆਪਣੇ ਕਾਰੀਗਰਾਂ ਕੋਲੋਂ ਕਰਾ ਰਹੀ ਹੈ। ਸਗੋਂ ਜਦੋਂ ਦਾ ਇਹ ਪਖੰਡ ਸ਼ੁਰੂ ਹੋਇਐ, ਪਹਿਲਾਂ ਤਾਂ ਦਰਬਾਰ ਸਾਹਿਬ ਦੇ ਆਸੇ ਪਾਸੇ ਦੇ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਐ ਅਤੇ ਸੰਗਤਾਂ ਦਾ ਦਾਖਲਾ ਦਰਬਾਰ ਸਾਹਿਬ ਵਿੱਚ ਫੇਰ ਬੰਦ ਕਰ ਦਿੱਤੈ। ਹੁਣ ਤੁਸੀਂ ਆਪੇ ਹੀ ਸੋਚ ਲਓ ਕਿ ਜਦ ਸੰਗਤਾਂ ਦਾ ਦਾਖਲਾ ਹੀ ਦਰਬਾਰ ਸਾਹਿਬ ਵਿੱਚ ਬੰਦ ਹੈ ਤਾਂ ਇਹ ਕਾਰ ਸੇਵਾ ਕਿਹੋ ਜਿਹੀ ਹੋਣੀ ਹੈ? ਸਾਨੂੰ ਤਾਂ ਇਹੀ ਪਤਾ ਲੱਗੈ ਕਿ ਸਰਕਾਰ ਕਿਸੇ ਬੜੀ ਵੱਡੀ ਕੰਪਨੀ ਕੋਲੋਂ ਇਹ ਮੁਰੰਮਤ ਕਰਵਾ ਰਹੀ ਹੈ” ਗੁਰਸੇਵਕ ਸਿੰਘ ਨੇ ਸਾਰੀ ਸਚਾਈ ਪ੍ਰਗਟ ਕੀਤੀ।
“ਤਾਂ ਹੀ ਮੈਂ ਆਖਾਂ ਕਿ ਫ਼ੌਜ ਦੇ ਘੇਰੇ ਵਿੱਚ ਕਾਰ ਸੇਵਾ ਕਿਵੇਂ ਹੋ ਸਕਦੀ ਏ, ਪਰ ਇਸ ਸੰਤਾ ਸਿੰਘ ਨੂੰ ਸ਼ਰਮ ਨਹੀਂ ਆਉਂਦੀ, ਉਸ ਨੇ ਕਿਉਂ ਹਾਂ ਕੀਤੀ ਏ?” ਬਲਦੇਵ ਸਿੰਘ ਦਾ ਸ਼ੱਕ ਸੱਚ ਹੀ ਨਿਕਲਿਆ ਸੀ, ਉਸ ਨੂੰ ਸੰਤਾ ਸਿੰਘ `ਤੇ ਬਹੁਤ ਗੁੱਸਾ ਆਇਆ।
“ਭਰਾ ਜੀ! ਤੁਹਾਨੂੰ ਪਤਾ ਹੀ ਹੈ, ਇਹ ਨਿਹੰਗ ਤਾਂ ਪਹਿਲਾਂ ਹੀ ਸਰਕਾਰ ਦੀ ਝੋਲੀ ਵਿੱਚ ਪਏ ਹੋਏ ਹਨ। ਨਾਲੇ ਸਿੱਖੀ ਦਾ ਤਾਂ ਇਨ੍ਹਾਂ ਬੱਸ ਭੇਖ ਹੀ ਬਣਾਇਆ ਹੋਇਐ, ਉਂਝ ਜਿਹੜੇ ਕਰਮ ਇਹ ਕਰਦੇ ਹਨ, ਉਹ ਤੁਸੀਂ ਜਾਣਦੇ ਹੀ ਹੋ। ਆਪਣੇ ਮੰਦ ਕਰਮਾਂ ਨੂੰ ਛੁਪਾਉਣ ਲਈ ਇਨ੍ਹਾਂ ਨੂੰ ਸਰਕਾਰ ਦੀ ਸ਼ਰਨ ਵਿੱਚ ਜਾਣਾ ਹੀ ਪੈਂਦੈ। ਜਿਥੇ ਨਿਹੰਗ ਸਿੰਘ ਦਾ ਧਿਆਨ ਆਉਣ ਨਾਲ ਹੀ ਮਨ ਵਿੱਚ ਇੱਕ ਸਤਿਕਾਰ ਅਤੇ ਜਜ਼ਬਾ ਪੈਦਾ ਹੁੰਦਾ ਸੀ, ਇਹ ਅੱਜ ਕੱਲ ਦੇ ਨਿਹੰਗ ਤਾਂ ਐਵੇਂ ਸਤਿਗੁਰੂ ਦੇ ਬਖਸ਼ੇ ਬਾਣੇ ਅਤੇ ਪੁਰਾਤਨ ਗੁਰਸਿੱਖਾਂ ਦੇ ਪਵਿੱਤਰ ਨਾਂ ਨੂੰ ਕਲੰਕਤ ਕਰ ਰਹੇ ਹਨ … …. . , ਪਰ ਤੁਸੀਂ ਫਿਕਰ ਨਾ ਕਰੋ, ਕੌਮ ਨੇ ਇਹ ਸਰਕਾਰੀ ਸੇਵਾ ਨਾਲ ਬਣੇ ਅਕਾਲ ਤਖ਼ਤ ਸਾਹਿਬ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਾ। ਹੁਣੇ ਹਰ ਸਿੱਖ ਵੱਲੋਂ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਜਾ ਰਿਹੈ।” ਗੁਰਸੇਵਕ ਸਿੰਘ ਨੇ ਗੱਲ ਦੇ ਅਖੀਰ ਵਿੱਚ ਕੁੱਝ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
“ਬਿਲਕੁਲ ਸਹੀ ਸਟੈਂਡ ਲਿਐ ਕੌਮ ਨੇ, ਇਹ ਪ੍ਰਵਾਨ ਕਰਨਾ ਵੀ ਨਹੀਂ ਚਾਹੀਦਾ। ਤੁਸੀਂ ਇਹ ਸਾਡੀਆਂ ਕਾਨਪੁਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵੀ ਕੌਮ ਦੇ ਆਗੂਆਂ ਤੱਕ ਪਹੁੰਚਾ ਦੇਣਾ। … …. . ਹੋਰ ਸੁਣਾਓ, ਕੰਮ ਕਾਰ ਕੁੱਝ ਲੀਹਾਂ `ਤੇ ਆ ਰਿਹੈ ਹੁਣ?”
“ਬੱਸ ਠੀਕ ਹੈ ਭਰਾ ਜੀ ਸ਼ੁਕਰ ਹੈ ਵਾਹਿਗੁਰੂ ਦਾ ….” ਗੁਰਸੇਵਕ ਦੀ ਗੱਲ ਦੇ ਵਿੱਚੋਂ ਹੀ ਟੈਲੀਫੋਨ ਆਪਰੇਟਰ ਦੀ ਅਵਾਜ਼ ਸੁਣਾਈ ਦਿੱਤੀ, “ਤੀਨ ਮਿੰਟ ਹੋ ਗਏ ਸਰ।” ਦੋਵਾਂ ਨੇ ਇੱਕ ਦੂਜੇ ਨੂੰ ਫਤਹਿ ਬੁਲਾਈ ਤੇ ਕਾਲ ਖਤਮ ਹੋ ਗਈ।
ਸਵੇਰੇ ਬਲਦੇਵ ਸਿੰਘ ਨੇ ਗੁਰਦੁਆਰੇ ਜਾ ਕੇ ਸੰਗਤਾਂ ਨੂੰ ਸਾਰੀ ਸਚਾਈ ਦੱਸੀ। ਹਰ ਸਿੱਖ ਦੇ ਮਨ ਵਿੱਚ ਹੋਰ ਰੋਸ ਭਰ ਗਿਆ। ਹਰ ਸਿੱਖ ਸਮਝਦਾ ਸੀ ਕਿ ਫ਼ੌਜ ਦੀ ਤਾਕਤ ਨਾਲ ਸਰਕਾਰ ਸਿੱਖ ਭਾਵਨਾਵਾਂ ਨਾਲ ਹਰ ਦਿਨ ਖਿਲਵਾੜ ਕਰ ਰਹੀ ਏ, ਹੁਣ ਸਿੱਖ ਕੌਮ ਦੇ ਹਰ ਅੰਦਰੂਨੀ ਅਤੇ ਧਾਰਮਿਕ ਮਾਮਲੇ ਵਿੱਚ ਦਖਲ ਦੇ ਰਹੀ ਏ। ਗੁੱਸਾ ਹਰ ਸਿੱਖ ਅੰਦਰ ਸੀ ਪਰ ਹਾਲਾਤ ਐਸੇ ਸਨ ਕਿ ਕੋਈ ਵੀ ਕੁੱਝ ਕਰ ਸਕਣ ਦੇ ਸਮਰੱਥ ਨਹੀਂ ਸੀ। ਅਜੀਬ ਜਿਹੀ ਹਾਲਤ `ਚੋਂ ਗੁਜ਼ਰ ਰਹੀ ਸੀ ਸਿੱਖ ਕੌਮ, ਉਹ ਆਪਸ ਵਿੱਚ ਇਕੱਠੇ ਹੁੰਦੇ, ਮਨ ਦੇ ਗੁਬਾਰ ਕੱਢਦੇ ਤੇ ਫੇਰ ਸਬਰ ਦਾ ਘੁੱਟ ਭਰ ਕੇ ਆਪਣੇ ਕੰਮਾਂ ਕਾਰਾਂ ਵਿੱਚ ਜਾ ਰੁਝਦੇ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.