.

ਨਿੰਦਕ ਕੌਣ? ਸੱਚ ਨੂੰ ਸੱਚ ਕਹਿਣ ਵਾਲੇ ਜਾਂ ਸੱਚ ਦਾ ਵਿਰੋਧ ਕਰਨ ਵਾਲੇ?

ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ 1469 ਨੂੰ ਰਾਇ ਭੋਇਂ ਦੀ ਤਲਵੰਡੀ (ਨਨਕਾਣਾਂ ਸਾਹਿਬ-ਨਾਨਕ ਆਣਾਂ) ਪਾਕਿਸਤਾਨ ਵਿਖੇ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਮਤਿ ਦਾ ਵੀ ਪ੍ਰਕਾਸ਼ ਹੋਇਆ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਨੂੰ ਇਓਂ ਕਲਮਬੰਦ ਕੀਤਾ ਹੈ-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ॥

ਲੋਕਾਂ ਵਿੱਚ ਬਣੀਂ ਹਰ ਪ੍ਰਕਾਰ ਦੀ ਧੁੰਧ, ਭਾਵੇਂ ਰਾਜਨੀਤਿਕ ਲੋਕਾਂ ਦੀ ਹੋਵੇ ਜਾਂ, ਫਿਰ ਧਰਮ ਦੇ ਆਧਾਰਿਤ ਵਹਿਮਾਂ ਭਰਮਾਂ ਕਰਮਕਾਂਡਾ ਦੀ ਹੋਵੇ, ਇਹ ਸਾਰੀ ਧੁੰਧ ਗੁਰੂ ਨਾਨਕ ਪਾਤਸ਼ਾਹ ਜੀ ਨੇਂ ਆਪਣੇਂ ਪਾਕ ਵਿਚਾਰਾਂ ਦੇ ਸਦਕਾ ਖਤਮ ਕਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਦਾ ਧੁਰਾ ਸੀ ਸੱਚ। ਇਹੋ ਕਾਰਨ ਗੁਰੂ ਨਾਨਕ ਪਾਤਸ਼ਾਹ ਕਦੇ ਵੀ ਸੱਚ ਕੇਂਦਰ ਤੋਂ ਪਾਸੇ ਨਹੀਂ ਸਨ ਜਾਂਦੇ। ਉਹਨਾਂ ਦਾ ਸਾਰਾ ਪਰਚਾਰ ਸੱਚ ਦੇ ਸਹਾਰੇ ਸੀ ਤੇ ਉਹ ਹਰ ਗੱਲ ਨੂੰ ਸੱਚ ਦੀ ਕਸਵੱਟੀ ਤੇ ਹੀ ਪਰਖਦੇ ਸਨ। ਆਉ ਗੁਰਬਾਣੀਂ ਅਤੇ ਇਤਿਹਾਸ ਵਿਚੋਂ ਇਸ ਪ੍ਰਥਾਏ ਕੁੱਝ ਉਦਾਹਰਨਾਂ ਲਈਏ। ਸਭ ਤੋਂ ਪਹਿਲੀ ਉਦਾਹਰਨ ਅਸੀਂ ਲਵਾਂਗੇ ਉਸ ਕਾਲਪਨਿਕ ਮਿਥ ਦੀ ਜਿਸਦੇ ਦੁਆਰਾ ਲੋਕਾਈ ਨੂੰ ਇਹ ਭਰਮ ਦਿੱਤਾ ਜਾ ਰਿਹਾ ਸੀ ਕਿ ਇਹ ਸਾਰੀ ਧਰਤੀ ਨੂੰ ਇੱਕ ਬੌਲਦ ਨੇਂ ਆਪਣੇਂ ਸਿੰਗਾਂ ਉਤੇ ਚੁੱਕਿਆ ਹੋਇਆ ਹੈ। ਜਦੋਂ ਵੀ ਬੌਲਦ ਆਪਣੇਂ ਸਿੰਗਾਂ ਦੇ ਪਾਸੇ ਬਦਲਦਾ ਹੈ ਤਾਂ ਉਦੋਂ ਭੂਚਾਲ ਆਉਂਦਾ ਹੈ। ਇਸ ਮਿਥ ਦਾ ਬਾਈਕਾਟ ਜਿਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇਂ ਕੀਤਾ ਪੜ੍ਹਕੇ ਮੱਤ ਹੈਰਾਨ ਹੋ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਹੇ ਪੰਡਿਤ ਜੀ, ਜਿਸ ਧਰਤੀ ਨੂੰ ਤੇਰੇ ਬਣਾਏ ਹੋਏ ਬੌਲਦ ਨੇਂ ਆਪਣੇਂ ਸਿੰਗਾਂ ਤੇ ਚੁੱਕਿਆ ਹੋਇਆ ਹੈ। ਉਸ ਬੌਲਦ ਨੂੰ ਵੀ ਤਾਂ ਖਲੋਣ ਵਾਸਤੇ ਕੋਈ ਧਰਤੀ ਚਾਹੀਦੀ ਹੀ ਹੈ, ਫਿਰ ਜਿਸ ਧਰਤੀ ਤੇ ਤੇਰਾ ਕਥਿਤ ਬੌਲਦ ਖੜ੍ਹਾ ਹੈ ਉਸ ਧਰਤੀ ਨੂੰ ਵੀ ਕਿਸੇ ਬੌਲ਼ਦ ਨੇਂ ਹੀ ਚੁੱਕਿਆ ਹੋਵੇਗਾ, ਨਹੀਂ ਤਾਂ ਉਹ ਵਿਚਾਰੀ ਧਰਤੀ ਤਾਂ ਡਿੱਗ ਸਕਦੀ ਸੀ। ਫਿਰ ਹੇਠਾਂ ਹੋਰ ਧਰਤੀ, ਫਿਰ ਬਲਦ, ਫਿਰ ਧਰਤੀ ਫਿਰ ਬਲਦ, ਫਿਰ ਧਰਤੀ। ਹੇ ਬ੍ਰਾਹਮਣ ਦੇਵਤਾ ਜੀ ਇਹ ਸਾਰਾ ਖੇਲ ਕਿਥੇ ਮੁਕੇਗਾ? ਤੇ ਜੋ ਆਖਰੀ ਧਰਤੀ ਹੈ ਉਸਦਾ ਸਹਾਰਾ ਕੀ ਹੋਵੇਗਾ? ਨਾਲੇ ਕਾਦਰ ਦੀ ਇਸ ਕੁਦਰਤ ਵਿੱਚ ਤਾਂ ਅਨੰਤ ਧਰਤੀਆਂ ਹਨ, ਜੇ ਇਸ ਧਰਤੀ ਦਾ ਆਸਰਾ ਬੌਲਦ ਹੈ ਤੇ ਬਾਕੀ ਧਰਤੀਆਂ ਦਾ ਸਹਾਰਾ ਕੌਣ ਹੈ? ਚੰਦਰਮਾਂ ਦੇ ਥੱਲੇ ਕੌਣ ਹੈ? ਸ਼ੁਕਰ, ਮੰਗਲ ਇਹ ਸਭ ਧਰਤੀਆਂ ਹਨ ਇਹਨਾਂ ਦੇ ਹੇਠਾਂ ਕਿਹੜ੍ਹਾ ਬਲਦ ਖੜ੍ਹਾ ਹੈ? ਅਨੰਤ ਗ੍ਰਹਿ ਨਛੱਤਰ ਤਾਰੇ ਸਭ ਧਰਤੀਆਂ ਇਹਨਾਂ ਦੇ ਹੇਠਾਂ ਕੌਣ ਖੜ੍ਹਾ ਹੈ? ਜਦੋਂ ਗੁਰੂ ਨਾਨਕ ਪਾਤਸ਼ਾਹ ਨੇਂ ਇਹ ਸਵਾਲ ਕੀਤਾ ਹੋਵੇਗਾ, ਹਜਾਰਾਂ ਸਾਲਾਂ ਤੋਂ ਬਣੀਂ ਹੋਈ ਬ੍ਰਾਹਮਣ ਦੀ ਕਾਲਪਨਿਕ ਇਮਾਰਤ ਦਾ ਖੁਰਾ ਖੋਜ ਮਿਟਾ ਦਿੱਤਾ ਹੋਵੇਗਾ। ਕੀ ਉਸ ਸਮੇਂ ਉਹਨਾਂ ਬ੍ਰਾਹਮਣਾਂ ਨੇਂ ਇਹ ਨਹੀਂ ਕਿਹਾ ਹੋਵੇਗਾ ਕਿ ਵੇਖੋ ਭਾਈ ਇਹ ਕਿਹੜ੍ਹਾ ਨਿੰਦਕ ਆ ਗਿਆ ਹੈ ਜੋ ਹਜਾਰਾਂ ਸਾਲਾਂ ਤੋਂ ਚਲੀ ਆ ਰਹੀ ਪ੍ਰੰਪਰਾ ਨੂੰ ਨਹੀਂ ਮੰਨਦਾ। ਜਰੂਰ ਉਹਨਾਂ ਨੇਂ ਜਗਤ ਗੁਰ ਬਾਬਾ ਦਾ ਸੱਚ ਸੁਣ ਸੜ੍ਹ ਬਲ੍ਹ ਕੇ ਬਾਬੇ ਨਾਨਕ ਨੂੰ ਨਿੰਦਕ ਕਿਹਾ ਹੋਵੇਗਾ। ਸਬੂਤ ਵਜੋਂ ਕੋਈ ਆਖੈ ਭੁਤਨਾ ਕੋ ਕਹੈ ਬੇਤਾਲਾ ਕੋਈ ਆਖੈ ਆਦਮੀ ਨਾਨਕ ਵੇਚਾਰਾ॥ ਸ਼ਬਦ ਵੀ ਅਸੀਂ ਲੈ ਸਕਦੇ ਹਾਂ। ਪਰ ਬਾਬਾ ਉਹਨਾਂ ਝੂਠਿਆਂ ਦੀ ਕਿਥੇ ਪ੍ਰਵਾਹ ਕਰਦਾ ਸੀ। ਜਨੇਊ ਪਉਣ ਤੋਂ ਇਨਕਾਰ ਕਰਨ ਸਮੇਂ ਜਦੋਂ ਬਾਬੇ ਨੇਂ ਉਸ ਜਨੇਊ ਦੀ ਮੰਗ ਕੀਤੀ ਸੀ ਜਿਹੜ੍ਹਾ ਸੜ੍ਹਦਾ ਨਾਂ ਹੋਵੇ, ਗਲਦਾ ਨਾਂ ਹੋਵੇ, ਟੁਟਦਾ ਨਾਂ ਹੋਵੇ, ਜਿਹੜ੍ਹਾ ਸਭ ਵਿਤਕਰੇ ਮੁਕਾ ਦੇਵੇ, ਊਚ ਨੀਚ ਤੋਂ ਇਨਸਾਨ ਨੂੰ ਕੋਹਾਂ ਦੂਰ ਲੈ ਜਾਵੇ, ਜਿਸਦੀ ਕਪਾਹ ਦਇਆ ਹੋਵੇ, ਜਿਸਦਾ ਸੂਤ ਸੰਤੋਖ ਹੋਵੇ, ਜਿਸਦੀਆਂ ਗੰਢਾਂ ਜਤ ਦੀਆਂ ਹੋਣ, ਜਿਸਦੇ ਵੱਟ ਸਤ ਦੇ ਹੋਣ। ਤੇ ਕਿਹਾ ਸੀ ਪੰਡਤ ਜੀ, ਜੇਕਰ ਕੋਈ ਐਸਾ ਜਨੇਊ ਤੇਰੇ ਕੋਲ ਹੈ ਤਾਂ ਮੈਨੂੰ ਪਾ ਦੇ। ਪਰ ਮੈਂ ਤੇਰਾ ਆਹ ਪੱਖ ਪਾਤੀ, ਵਿਤਕਰੇ ਪੈਦਾ ਕਰਨ ਵਾਲਾ ਜਨੇਊਂ ਕਿਉਂ ਪਾਵਾਂ?

ਜਦੋਂ ਬਾਬੇ ਨੇਂ ਉਹਨਾਂ ਸਭ ਪੰਡਿਤਾਂ ਦੇ ਕੰਨਾਂ ਦੇ ਪੜ੍ਹਦੇ ਇਹ ਗਲ ਕਹਿ ਕੇ ਪਾੜ੍ਹ ਦਿੱਤੇ ਹੋਣਗੇ। ਕੀ ਉਹਨਾਂ ਨੇ ਇਹ ਨਾਂ ਕਿਹਾ ਹੋਵੇਗਾ ਕਿ ਇਹ ਹਿੰਦੂ ਧਰਮ ਦਾ ਨਿੰਦਕ ਕਿਥੋਂ ਜੰਮ ਪਿਆ ਹੈ? ਹਰਦੁਆਰ ਬਾਬਾ ਨਾਨਕ ਨੇਂ ਜਦੋਂ ਪਿੱਤਰਾਂ ਨੂੰ ਪਾਣੀਂ ਦੇਣ ਦੀ ਕੁਰੀਤ ਬਾਰੇ ਦੱਸਿਆ ਸੀ ਤੇ ਕਿਹਾ ਸੀ ਭਲਿਉ ਤੁਹਾਡਾ ਦਿੱਤਾ ਸਾਰਾ ਅੰਨ ਪਾਣੀਂ ਤਾਂ ਆਹ ਪਾਂਡੇ ਡੱਕਾਰ ਜਾਂਦੇ ਨੇਂ, ਉਹ ਤੁਹਾਡੇ ਪਿਤਰਾਂ ਤੱਕ ਕਿਵੇਂ ਪਹੁੰਚ ਸਕਦਾ ਹੈ? ਤੁਸੀਂ ਇਹਨਾਂ ਲੋਟੂਆਂ ਕੋਲੋਂ ਬਚਣ ਦਾ ਉਪਰਾਲਾ ਕਰ ਲਉ ਨਹੀਂ ਤਾਂ ਇਹਨਾਂ ਨੇਂ ਤੁਹਾਡਾ ਘਰ ਘਾਟ ਖਾ ਕੇ ਵੀ ਡਕਾਰ ਨਹੀਂ ਮਾਰਨਾਂ। ਪਾਖੰਡ ਦੀਆਂ ਜੜ੍ਹਾਂ ਪੁਟਣ ਵਾਲੇ ਬਾਬੇ ਨਾਨਕ ਨੂੰ ਉਸ ਸਮੇਂ ਉਹਨਾਂ ਪੰਡਿਤਾਂ ਨੇਂ ਕੀ ਇਹ ਨਾਂ ਕਿਹਾ ਹੋਵੇਗਾ ਕਿ ਇਹ ਨਿੰਦਕ ਸਾਡਾ ਬੇੜ੍ਹਾ ਗਰਕ ਕਰਨ ਆ ਗਿਆ ਹੈ? ਬਾਬਾ ਕਬੀਰ ਸਾਹਿਬ ਜੀ ਨੇਂ ਜਦੋਂ ਪਾਂਡਿਆਂ ਦੀਆਂ ਕਰਤੂਤਾਂ ਦਾ ਪੋਲ ਖੋਲਣਾਂ ਸ਼ੁਰੂ ਕਰ ਦਿੱਤਾ ਸੀ ਤਾਂ ਉਹਨਾਂ ਨੇਂ ਵੀ ਲੋਕਾਂ ਵਿੱਚ ਬਾਬਾ ਕਬੀਰ ਸਾਹਿਬ ਜੀ ਦੇ ਬਾਰੇ ਇਹ ਪ੍ਰਚਾਰ ਕਰਨਾਂ ਸ਼ੁਰੂ ਕਰ ਦਿੱਤਾ ਸੀ ਕਿ ਇਹ ਕਬੀਰ ਨਿੰਦਕ ਹੈ ਜੋ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਜੋ ਹਿੰਦੂ ਧਰਮ ਦੀਆਂ ਰੀਤੀਆਂ ਦਾ ਪਾਲਣ ਨਹੀ ਕਰਦਾ ਜੋ ਬ੍ਰਹਮਾਂ ਦੇ ਮੁਖੋਂ ਨਿਕਲੇ ਬ੍ਰਹਮਣਾਂ ਨੂੰ ਮਾੜ੍ਹਾ ਕਹਿੰਦਾ ਹੈ। ਪਰ ਕੀ ਉਹਨਾਂ ਨੇਂ ਸਚ ਕਹਿਣਾਂ ਬੰਦ ਕਰ ਦਿੱਤਾ ਸੀ। ਕੀ ਉਹਨਾਂ ਨੇ ਆਪਣੀਂ ਜੁਬਾਨ ਜਾਂ ਆਪਣੀਂ ਕਲਮ ਬੰਦ ਕਰ ਲਈ ਸੀ। ਨਹੀਂ, ਸਗੋਂ ਉਹਨਾਂ ਨੇਂ ਸੱਚ ਦੇ ਪ੍ਰਚਾਰ ਵਾਸਤੇ ਹੋਰ ਯਤਨ ਕਰਨੇਂ ਸ਼ੁਰੂ ਕਰ ਦਿੱਤੇ ਸਨ। ਅੱਜ ਵੀ ਕੁੱਝ ਇਹੋ ਹੀ ਹਾਲ ਹੋ ਰਿਹਾ ਹੈ। ਸੱਚ ਬੋਲਣ ਤੇ ਲਿਖਣ ਵਾਲਿਆਂ ਨੂੰ ਡੇਰੇਦਾਰ ਤੇ ਸਾਡੇ ਮਹਾਨ ਜਥੇਦਾਰ ਨਿੰਦਕ ਕਹਿ ਰਹੇ ਹਨ, ਉਹ ਇਹ ਕਹਿ ਰਹੇ ਹਨ ਕਿ ਇਹ ਸਾਰੇ ਗੁਰੂ ਦੇ ਨਿੰਦਕ ਹਨ। ਜੇਕਰ ਸੱਚ ਬੋਲਣਾਂ ਨਿੰਦਾ ਹੈ ਤਾਂ ਫਿਰ ਇਹਨਾਂ ਲੋਕਾਂ ਦੀ ਨਿਗ੍ਹਾ ਵਿੱਚ ਬਾਬਾ ਨਾਨਕ ਵੀ ਸ਼ਾਇਦ ਨਿੰਦਕ ਹੋਵੇ। ਕਿਉਂਕਿ ਬਾਬੇ ਨੇਂ ਤਾਂ ਪੂਰੀ ਜਿੰਦਗੀ ਸੱਚ ਹੀ ਬੋਲਿਆ ਹੈ ਤੇ ਸੱਚ ਹੀ ਲਿਖਿਆ ਹੈ। ਆਉ ਗੁਰਬਾਣੀਂ ਦੀ ਰੌਸ਼ਨੀ ਵਿੱਚ ਨਿੰਦਾ, ਜਾਂ ਨਿੰਦਕ ਸ਼ਬਦ ਬਾਰੇ ਰੌਸ਼ਨੀਂ ਪ੍ਰਾਪਤ ਕਰੀਏ ਜੀ-

ਅਪਣੇ ਦਾਸ ਕਉ ਕੰਠਿ ਲਗਾਵੈ॥

ਨਿੰਦਕ ਕਉ ਅਗਨਿ ਮਹਿ ਪਾਵੈ॥

ਅਰਥ-ਪ੍ਰਮਾਤਮਾਂ ਸਦਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾਈ ਰੱਖਦਾ ਹੈ, ਤੇ ਆਪਣੇਂ ਸੇਵਕ ਦੇ ਦੋਖੀ ਨੂੰ ਈਰਖਾ ਦੀ ਅੰਦਰੇ ਅੰਦਰ ਧੁਖ ਰਹੀ ਅੱਗ ਵਿੱਚ ਪਾਈ ਰੱਖਦਾ ਹੈ।

ਜੋ ਇਨਸਾਨ ਸੱਚ, ਤੇ ਸੱਚ ਦੇ ਮੁਤਲਾਸ਼ੀਆਂ ਦਾ ਵਿਰੋਧ ਕਰਦਾ ਹੈ ਉਹ ਆਪਣੇ ਅੰਦਰ ਹੀ ਈਰਖਾ ਦਵੈਸ਼ ਦੀ ਅੱਗ ਵਿੱਚ ਸੜ੍ਹਦਾ ਰਹਿੰਦਾ ਹੈ, ਜਿਵੇਂ ਅਜੋਕਾ ਸਾਰਾ ਸਾਧ ਲਾਣਾਂ ਸੜ੍ਹ ਰਿਹਾ ਹੈ। ਅਗੇ ਹੋਰ ਦਰਸ਼ਨ ਕਰੋ-

ਅਰੜਾਵੈ ਬਿਲਲਾਵੈ ਨਿੰਦਕੁ॥

ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕ॥ (373)

ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇਂ ਇਓਂ ਕੀਤੇ ਹਨ-

ਹੇ ਭਾਈ ਭਗਤ ਜਨਾਂ ਦੀ ਨਿੰਦਾ ਕਰਨ ਵਾਲਾ ਆਪਣੇ ਅੰਦਰ ਬੜ੍ਹਾ ਦੁਖੀ ਹੁੰਦਾ ਰਹਿੰਦਾ ਹੈ ਤੇ ਬੜ੍ਹਾ ਵਿਲਕਦਾ ਹੈ। ਨਿੰਦਾ ਵਿੱਚ ਫਸੇ ਹੋਏ ਉਸ ਨੂੰ ਪ੍ਰਮਾਤਮਾਂ ਭੁਲਿਆ ਰਹਿੰਦਾ ਹੈ, ਇਸ ਕਰਕੇ ਨਿੰਦਾ ਕਰਨ ਵਾਲਾ ਮਨੁੱਖ ਗੁਰਮੁਖਾਂ ਦੀ ਕੀਤੀ ਨਿੰਦਾ ਦਾ ਦੁੱਖ ਰੂਪ ਫਲ ਭੋਗਦਾ ਰਹਿੰਦਾ ਹੈ।

ਗੱਲ ਸ਼ਪੱਸ਼ਟ ਹੈ ਕਿ ਜੋ ਇਨਸਾਨ ਸੱਚ ਦੀ ਕਦਰ ਨਹੀਂ ਕਰਦਾ ਤੇ ਸਗੋਂ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ (ਗੁਰਮੁਖਾਂ) ਦੀਆਂ ਬਦਖੋਹੀਆਂ ਕਰਦਾ ਹੈ ਉਹਨਾਂ ਦਾ ਸਾਥ ਦੇਣ ਦੀ ਬਜਾਏ, ਉਹਨਾਂ ਦੀ ਕਦਰ ਕਰਨ ਦੀ ਬਜਾਏ, ਉਹਨਾਂ ਦਾ ਹਰ ਪੱਖੋਂ ਵਿਰੋਧ ਕਰਦਾ ਹੈ, ਉਹ ਭਾਵੇਂ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਅਖੌਤੀ ਸਾਧ ਸੰਤ, ਬ੍ਰਹਮਗਿਆਨੀਂ ਹੋਵੇ, ਜਾਂ ਫਿਰ ਕੋਈ ਜਥੇਦਾਰ ਹੋਵੇ ਉਹ ਨਿੰਦਕ ਹੈ। ਜੋ ਗੁਰਮੁਖਾਂ ਭਾਵ ਸੱਚ ਦੇ ਮੁਤਲਾਸ਼ੀਆਂ ਦਾ ਵਿਰੋਧ ਕਰਦਾ ਹੈ ਉਹ ਹੀ ਅਸਲ ਨਿੰਦਕ ਹੈ। ਇਹਦਾ ਸ਼ਪੱਸ਼ਟ ਭਾਵ ਇਹ ਹੈ ਕਿ ਅਜੋਕਾ ਸਾਧ ਲਾਣਾਂ ਭਾਵੇ ਕੋਈ ਵੱਡਾ ਸਾਧ ਹੈ ਜਾਂ ਛੋਟਾ, ਸਾਰੇ ਦੇ ਸਾਰੇ ਨਿੰਦਕ ਹਨ, ਜੋ ਲਗਾਤਾਰ ਸੱਚ ਦਾ ਵਿਰੋਧ ਕਰ ਰਹੇ ਹਨ, ਇਹਨਾਂ ਦੇ ਮੂੰਹ ਤੇ ਨਿੱਤ ਸੁਆਹ ਪੈ ਰਹੀ ਹੈ, ਇਹਨਾਂ ਦਾ ਹੀ ਮੂੰਹ ਕਾਲਾ ਹੋ ਰਿਹਾ ਹੈ। ਭਾਵ ਅੰਦਰੋਂ ਇਹਨਾਂ ਨੂੰ ਪਤਾ ਹੈ ਕਿ ਅਸੀ ਗਲਤ ਕਰ ਰਹੇ ਹਾਂ ਬਸ ਵਿੱਕੇ ਹੋਣ ਕਾਰਨ ਕੁੱਝ ਬੋਲ ਨਹੀਂ ਸਕਦੇ, ਸੋ ਇਹਨਾਂ ਨੂੰ ਆਪਣੇ ਅੰਦਰੋਂ ਹੀ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ, ਅੰਦਰ ਲੱਗੀ ਅੱਗ ਦੇ ਧੂੰਏਂ ਕਾਰਨ ਇਹਨਾਂ ਦਾ ਮੂੰਹ ਕਾਲਾ ਹੋਇਆ ਰਹਿੰਦਾ ਹੈ। ਕਿਆ ਕਮਾਲ ਦੀ ਗੱਲ ਹੈ ਮੈਂਨੂੰ ਤਾਂ ਹਾਸਾ ਆਉਂਦਾ ਹੈ ਉਹਨਾਂ ਲੋਕਾਂ ਤੇ ਜੋ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੇ ਹਨ, ਤੇ ਇਹ ਕਹਿੰਦੇ ਹਨ ਕਿ ਇਹ ਗੁਰੂ ਦੇ ਦੋਖੀ ਨੇ। ਗੁਰੂ ਨੂੰ ਪੁਛੀਏ ਤਾਂ ਉਹ ਕਹਿੰਦੇ ਹਨ ਕਿ ਸੱਚ ਬੋਲਣ ਵਾਲੇ ਗੁਰਮੁਖ ਹਨ। ਹੁਣ ਜਰ੍ਹਾ ਇਹ ਸੋਚੋ ਕਿ ਸਿਆਣਾਂ ਕੌਣ ਹੈ, ਗੁਰੂ ਜਾਂ ਫਿਰ ਇਹ ਪਾਖੰਡੀ ਸਾਧ ਲਾਣਾਂ? ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਉੜ੍ਹੀ ਰਾਗ ਵਿੱਚ ਬਚਨ ਕਰਦੇ ਹਨ, ਐ ਮਨੁੱਖ ਪਰਾਏ ਰੂਪ ਨੂੰ ਦੇਖ ਦੇਖ ਤੇਰੀਆਂ ਅੱਖਾਂ ਸੁਤੀਆਂ ਰਹਿੰਦੀਆਂ ਹਨ, ਨਿੰਦਾ ਸੁਣ ਸੁਣ ਤੇਰੇ ਕੰਨ ਸੁੱਤੇ ਰਹਿੰਦੇ ਹਨ, ਰਸਨਾਂ ਖਾਣ ਪੀਣ ਦੇ ਸੁਆਦਾਂ ਵਿੱਚ ਸੁਤੀ ਰਹਿੰਦੀ ਹੈ। ਤੇ ਤੇਰਾ ਮਨ ਮਾਇਆ ਦੇ ਅਸਚਰਜ ਤਮਾਸ਼ਿਆਂ ਵਿੱਚ ਸੁੱਤਾ ਰਹਿੰਦਾ ਹੈ-

ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥

ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥

ਰਸਨਾ ਸੋਈ ਲੋਭਿ ਮੀਠੈ ਸਾਦਿ॥

ਮਨੁ ਸੋਇਆ ਮਾਇਆ ਬਿਸਮਾਦਿ॥ (182)

ਜਿਹੜ੍ਹੇ ਇਨਸਾਨ ਸੱਚ ਸੁਣਨਾਂ ਪਸੰਦ ਨਹੀਂ ਕਰਦੇ ਤੇ ਸੱਚ ਦੀ ਨਿੰਦਾ ਕਰਦੇ ਹਨ, ਤੇ ਸੱਚ ਦੀ ਨਿੰਦਾ ਹੀ ਸੁਣਦੇ ਹਨ ਉਹਨਾਂ ਮਨੁੱਖਾਂ ਦੇ ਕੰਨ ਸੱਚ ਵੱਲੋਂ ਸਦਾ ਹੀ ਸੁੱਤੇ ਰਹਿੰਦੇ ਹਨ, ਉਹ ਸੱਚ ਵੱਲੋਂ ਬੋਲੇ ਹੋਏ ਰਹਿੰਦੇ ਹਨ। ਸਿੱਖੀ ਸਮਾਜ ਦਾ ਦਿਨ ਪ੍ਰਤੀ ਦਿਨ ਦੇਹਧਾਰੀ ਗੁਰੂ ਜਾਂ ਸਾਧ ਬਾਬੇ ਨੁਕਸਾਨ ਕਰ ਰਹੇ ਹਨ। ਆਰ ਐਸ ਐਸ ਸਿੱਖੀ ਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਤਤਪਰ ਹੈ। ਨਿੱਤ ਗੁਰੂ ਘਰਾਂ ਦੀਆਂ ਸ਼ਟੇਜਾਂ ਉਤੋਂ ਕੁਫਰ ਤੋਲਿਆ ਜਾ ਰਿਹਾ ਹੈ। ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਂ ਦਿਤਾ ਗਿਆ ਹੈ। ਪਰ ਸਾਡੀ ਕੌਮ ਦੇ ਆਗੂਆਂ ਨੂੰ ਇਹ ਸਭ ਨਾਂ ਨਜਰ ਹੀ ਆ ਰਿਹਾ ਹੈ ਤੇ ਨਾਂ ਹੀ ਇਹ ਸਭ ਕੂੜ੍ਹ ਪ੍ਰਚਾਰ ਸੁਣਾਈ ਹੀ ਦੇ ਰਿਹਾ ਹੈ। ਪਰ ਜਦੋਂ ਵੀ ਕੋਈ ਸੱਚ ਦਾ ਢੰਡੋਰਚੀ ਸੱਚ ਦੀ ਆਵਾਜ ਬੁਲੰਦ ਕਰਦਾ ਹੈ, ਤਾਂ ਜਥੇਦਾਰ ਸਾਹਿਬ ਨੂੰ ਤਰੁੰਤ ਸੁਣਾਈਂ ਦੇ ਜਾਂਦਾ ਹੈ। ਫਿਰ ਉਹਦੇ ਖਿਲਾਫ ਆਪਣੇਂ ਨਿੱਜੀ ਚੈਨਣਾਂ ਰਾਹੀਂ ਨਾਹਰੇ ਲਾਏ ਜਾਂਦੇ ਹਨ। ਹਰਮੰਦਰ ਸਾਹਿਬ ਵਿੱਚ ਹੁੰਦੀ ਬੇਰੀਆਂ ਦੀ ਪੂਜਾ ਵੱਲ ਤਾਂ ਕਦੇ ਸਾਡੇ ਮਹਾਨ ਜਥੇਦਾਰਾਂ ਦਾ ਖਿਆਲ ਨਹੀਂ ਗਿਆ। ਸਾਧਾਂ ਦੁਆਰਾ ਨਿੱਤ ਕੀਤੀਆਂ ਜਾਦੀਆਂ ਮਾੜ੍ਹੀਆਂ ਕਰਤੂਤਾਂ ਵੱਲ, ਤਾਂ ਕਦੇ ਵੀ ਇਹਨਾਂ ਦਾ ਖਿਆਲ ਨਹੀਂ ਗਿਆ। ਹਜਾਰਾਂ ਅਖੰਡ ਪਾਠਾਂ ਦੀਆਂ ਲੜ੍ਹੀਆਂ ਚਲਾ ਚਲਾ ਕੇ ਸਾਧ ਲਾਣਾਂ ਪੈਸੇ ਬਟੋਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰ ਰਿਹਾ ਹੈ। ਉਹਨਾਂ ਵੱਲ ਤਾਂ ਕਦੇ ਇਹਨਾਂ ਦਾ ਖਿਆਲ ਨਹੀਂ ਗਿਆ। ਫਿਰ ਇਹ ਕਾਹਦੇ ਆਗੂ ਹੋਏ? ਆਗੂ ਉਹ ਹੁੰਦਾ ਹੈ ਜੋ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਫੈਸਲੇ ਸੁਣਾਵੇ। ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੇ। ਪਰ ਇਹ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਨਹੀਂ ਜੁਟਾ ਸਕੇ, ਲੇਕਿਨ ਸੱਚ ਨੂੰ ਝੂਠ ਕਹਿਣ ਵਾਸਤੇ ਨਿੱਤ ਛੜ੍ਹੀਆਂ ਮਾਰਦੇ ਰਹਿੰਦੇ ਹਨ।

ਜੇ ਸੱਚ ਦਾ ਪ੍ਰਚਾਰ ਕਰਨਾਂ ਕੋਈ ਨਿੰਦਾ ਹੈ ਤਾਂ ਫਿਰ ਇਹ ਲੋਕ ਬਹੁਤ ਛੇਤੀ ਹੀ ਗੁਰੂ ਨਾਨਕ ਸਾਹਿਬ ਬਾਰੇ ਵੀ ਇਹ ਕਹਿਣਾਂ ਸ਼ੁਰੂ ਕਰ ਦੇਣਗੇ। ਵੈਸੇ ਵੀ ਸਚਾਈ ਤਾਂ ਇਹ ਹੈ ਕਿ ਇਹ ਲੋਕ ਬਾਬੇ ਨਾਨਕ ਦੇ ਨਾਮ ਤੇ ਰੋਟੀਆਂ ਤਾਂ ਬਟੋਰਦੇ ਹਨ, ਪਰ ਬਾਬੇ ਨਾਨਕ ਦੀ ਕੋਈ ਵੀ ਗੱਲ ਨੂੰ ਇਹ ਮੰਨਣ ਵਾਸੇ ਤਿਆਰ ਨਹੀਂ। ਤੇ ਨਾਂ ਹੀ ਇਹ ਆਪਣੇਂ ਅੰਦਰੋਂ ਬਾਬੇ ਨਾਨਕ ਦਾ ਕੋਈ ਸਤਿਕਾਰ ਹੀ ਕਰਦੇ ਹਨ। ਮੈਂ ਇਹ ਕਹਿਣ ਵਿੱਚ ਰਤਾ ਭਰ ਵੀ ਸੰਕੋਚ ਨਹੀਂ ਕਰਾਂਗਾ ਕਿ ਅੱਜ ਵੀ ਬਾਬੇ ਨਾਨਕ ਨੂੰ ਇਹਨਾਂ ਸੱਚ ਦੇ ਨਿੰਦਕਾਂ ਨੇਂ ਦੂਜੇ ਨੰਬਰ ਤੇ ਹੀ ਰੱਖਿਆ ਹੋਇਆ ਹੈ। ਧਰਮ ਦੇ ਆਪੂੰ ਬਣੇ ਆਗੂਆਂ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਫੈਸਲਾ ਵੀ ਸਾਨੂੰ ਵਿਾਚਾਰਨਾਂ ਚਾਹੀਦਾ ਹੈ-

ਕਾਦੀ ਕੂੜੁ ਬੋਲਿ ਮਲੁ ਖਾਇ॥

ਬ੍ਰਾਹਮਣ ਵਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥

ਤੀਨੇ ਓਜਾੜੇ ਕਾ ਬੰਧੁ॥ (662)

ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਕਾਜੀ ਝੂਠ ਬੋਲਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ ਹੈ ਤਾਂ ਜੀਵਾਂ ਦਾ ਘਾਤਕ, ਜੋ ਕਰੋੜ੍ਹਾਂ ਗਰੀਬਾਂ ਨੂੰ ਸ਼ੂਦਰ-ਸ਼ੂਦਰ ਕਹਿਕੇ ਮਾਰਦਾ ਹੈ, ਪਰ ਪਾਖੰਡੀ ਤੀਰਥ ਇਸ਼ਨਾਨ ਕਰਕੇ ਆਪ ਨੂੰ ਵੱਡਾ ਮਹਾਤਮਾਂ ਅਖਵਾਉਂਦਾ ਹੈ। ਜੋਗੀ ਭੀ ਅੰਨਾਂ ਹੈ ਜੋ ਜੀਵਨ ਦੀ ਕੋਈ ਜੁਗਤ ਨਹੀਂ ਜਾਣਦਾ। ਇਹ ਤਿੰਨੇਂ ਕਹਿਣ ਨੂੰ ਤਾਂ ਧਾਰਮਿਕ ਆਗੂ ਹਨ, ਪਰ ਸਚਾਈ ਇਹ ਹੈ ਕੇ ਇਹ ਖੁਦ ਹੀ ਆਤਮਿਕ ਜੀਵਨ ਵੱਲੋਂ ਉਜੜ੍ਹੇ ਪਏ ਹਨ। ਭਾਵ ਗਰਕ ਚੁੱਕੇ ਹਨ। ਸਦਕੇ ਜਾਈਏ ਐ ਬਾਬਾ ਨਾਨਕਾ ਤੈਥੋਂ ਜੋ ਇਹਨਾਂ ਪਾਖੰਡੀ ਆਗੂਆਂ ਦਾ ਪੜ੍ਹਦਾ ਫਾਸ਼ ਕਰ ਗਿਆ ਹੈਂ।

ਬਾਬੇ ਨਾਨਕ ਦੀ ਇਹ ਗੱਲ ਸੁਣਕੇ ਕਾਜੀ ਬ੍ਰਾਹਮਣ ਤੇ ਜੋਗੀ ਵੀ ਕਾਫੀ ਤੜ੍ਹਫੇ ਹੋਣਗੇ ਤੇ ਉਹਨਾਂ ਨੇਂ ਵੀ ਗੁਰੂ ਨਾਨਕ ਪਾਤਸਾਹ ਨੂੰ ਨਿੰਦਾ ਕਰਨ ਵਾਲਾ ਕਿਹਾ ਹੋਵੇਗਾ। ਜਿਵੇਂ ਇਹ ਅੱਜ ਸਾਡੇ ਪਾਖੰਡੀ ਤੜ੍ਹਫ ਰਹੇ ਹਨ। ਪਰ ਮੈਂ ਕਹਿੰਦਾ ਹਾਂ ਸੱਚ ਬੋਲੀ ਜਾਉ ਸੱਚ ਲਿਖੀ ਜਾਉ, ਇਹਨਾਂ ਨੂੰ ਸੜ੍ਹਨ ਦਿਉ ਝੂਠ ਦੀ ਅੱਗ ਵਿੱਚ, ਇੱਕ ਦਿਨ ਆਵੇਗਾ ਜਦ ਇਹਨਾਂ ਨੂੰ ਕਿਸੇ ਨੇਂ ਨਹੀਂ ਪੁਛਣਾਂ। ਭਗਤ ਕਬੀਰ ਸਾਹਿਬ ਨੇਂ ਤਾਂ ਸ਼ਪੱਸ਼ਟ ਤੌਰ ਤੇ ਹੀ ਇਹ ਕਹਿ ਦਿਤਾ ਸੀ ਕਿ ਸੱਚ ਮੈਂ ਬੋਲਣਾਂ ਨਹੀਂ ਛੱਡਣਾਂ, ਤੁਸੀਂ ਜੋ ਕਰਨਾਂ ਹੈ ਉਹ ਕਰ ਲਵੋ, ਉਹਨਾਂ ਕਹਿ ਦਿੱਤਾ ਸੀ ਨਿੰਦਕ ਮੈਂ ਨਹੀਂ ਨਿੰਦਕ ਤੁਸੀਂ ਲੋਕ ਹੋ। ਸੋ ਕਰੀ ਜਾਉ ਮੇਰੀ ਨਿੰਦਾ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ, ਮੈਂ ਆਪਣੀਂ ਚਾਲੇ ਚੱਲਦਾ ਹੀ ਜਾਣਾਂ ਹੈ,

ਨਿੰਦਉ ਨਿੰਦਉ ਮੋਕਉ ਲੋਗੁ ਨਿੰਦਉ॥

ਨਿੰਦਾ ਜਨ ਕਉ ਖਰੀ ਪਿਆਰੀ॥

ਨਿੰਦਾ ਬਾਪੁ ਨਿੰਦਾ ਮਹਤਾਰੀ॥ (329)

ਗੁਰੂ ਨਾਨਕ ਸਾਹਿਬ ਜੀ ਰਾਗ ਸਿਰੀਰਾਗ ਵਿੱਚ ਬਖਸ਼ਸ਼ ਕਰਦੇ ਹਨ ਜਿਹੜ੍ਹਾਂ ਮਨੁੱਖ ਆਪਣੇਂ ਲੋਭੀ ਮਨ ਦੇ ਪਿਛੇ ਤੁਰਦਾ ਹੈ, ਉਹ ਮਨੁੱਖ ਕੁਤਿਆਂ ਵਾਂਗ ਬੁਰਕੀ-ਬੁਰਕੀ ਵਾਸਤੇ ਦਰ ਦਰ ਤੇ ਖੁਆਰ ਹੁੰਦਾ ਹੈ। ਉਹ ਸਦਾ ਮਾਇਆ ਦੀ ਦੌੜ੍ਹ ਭੱਜ ਵਾਸਤੇ ਲੱਗਾ ਰਹਿੰਦਾ ਹੈ, ਉਹ ਇਥੋਂ ਤੱਕ ਗਰਕ ਜਾਂਦਾ ਹੈ ਕਿ ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਹੀ ਖੁਵਾਰ ਹੁੰਦਾ ਹੈ। (ਗੁਰੂ ਦੀ ਨਿੰਦਿਆ ਦਾ ਭਾਵ ਹੈ, ਗੁਰੂ ਨੂੰ ਲੁਕਾ ਕੇ ਰੱਖਣਾਂ, ਗੁਰੂ ਦੀ ਗੱਲ ਹੀ ਨਾਂ ਕਰਨੀਂ ਤੇ ਸਦਾ ਪੈਸੇ ਦੀ ਖਾਤਰ ਝੂਠ ਦਾ ਸਹਾਰਾ ਲੈਣਾਂ। ਜਿਵੇਂ ਸਾਡੇ ਆਗੂ ਅੱਜ ਆਪਣੀਆਂ ਕੁਰਸੀਆਂ ਦੀ ਖਾਤਰ ਕਰ ਰਹੇ ਹਨ, ਗੁਰੂ ਦੀ ਗੱਲ ਨੂੰ ਦਬਾਕੇ ਰੱਖ ਰਹੇ ਹਨ। ਸੱਚ ਦਾ ਇਹ ਲਗਾਤਾਰ ਵਿਰੋਧ ਕਰ ਰਹੇ ਹਨ, ਤੇ ਝੂਠਿਆਂ ਦਾ ਸਾਥ ਦੇਕੇ ਕੁਤਿਆਂ ਦੀ ਤਰ੍ਹਾਂ ਹੀ ਬੁਰਕੀ ਬੁਰਕੀ ਵਾਸਤੇ ਤੜ੍ਹਪ ਰਹੇ ਹਨ)

ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ॥ (19)

ਇੱਕ ਜਗ੍ਹਾ ਹੋਰ ਸਾਹਿਬਾਂ ਦਾ ਪਾਵਨ ਬਚਨ ਪੜ੍ਹੋ-

ਜਿੰਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥

ਹਰ ਜੀਉ ਤਿਨ ਕਾ ਦਰਸਨੁ ਨਾ ਕਰੋ ਪਾਪਸਿਟ ਹਤਿਆਰੀ॥ (651)

ਜੋ ਮਨੁੱਖ ਆਪਣੇਂ ਗੁਰੂ ਦੀ ਨਿੰਦਾ ਕਰਦੇ ਹਨ (ਲੁਕਾ ਕੇ ਰੱਖਦੇ ਹਨ, ਤੇ ਝੂਠ ਬੋਲਦੇ ਹਨ) ਉਹ ਬਹੁਤ ਭੈੜ੍ਹੇ ਹਨ। ਰੱਬ ਮਿਹਰ ਹੀ ਕਰੇ ਹੇ ਭਾਈ-ਉਹਨਾਂ ਦਾ ਦਰਸ਼ਨ ਨਾਂ ਕਰੋ ਉਹ ਬੜ੍ਹੇ ਪਾਪੀ ਤੇ ਹਤਿਆਰੇ ਹਨ।

ਸਤਿਗੁਰੂ ਪਾਤਸ਼ਾਹ ਦੀ ਨਿਗ੍ਹਾ ਵਿੱਚ ਉਹ ਮਨੁੱਖ ਹਤਿਆਰਾ ਹੈ, ਪਾਪੀ ਹੈ ਜੋ ਆਪਣੇ ਸਤਿਗੁਰੂ ਦੀ ਗਲ ਤੇ ਪੜ੍ਹਦਾ ਪਾਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਕੋਈ ਜਥੇਦਾਰ ਜਾਂ ਕੋਈ ਸਾਧ ਬਾਬਾ ਮੇਰਾ ਇਹ ਲੇਖ ਪੜ੍ਹ ਰਿਹਾ ਹੈ ਤਾਂ ਮੈਂ ਜਰੂਰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਨਹੀਂ ਚਾਹੁੰਦੇ ਤੁਸੀਂ ਸੱਚ ਨੂੰ ਦਬਾਕੇ ਗੁਰੂ ਨਾਨਕ ਸਾਹਿਬ ਦੀ ਨਜਰ ਵਿੱਚ ਹਤਿਆਰੇ ਤੇ ਪਾਪੀ ਬਣੋਂ। ਤੁਸੀਂ ਸੱਚ ਦਾ ਸਾਥ ਦਿਉ ਤੇ ਸੱਚ ਦਾ ਹੀ ਪ੍ਰਚਾਰ ਕਰੋ। ਇਹਦੇ ਵਿੱਚ ਤੁਹਾਡਾ ਵੀ ਭਲਾ ਹੈ ਤੇ ਸਾਡੀ ਕੌਮ ਦਾ ਵੀ ਭਲਾ ਹੈ।

ਕਈ ਵੀਰ ਗੁਰਬਾਣੀਂ ਦੀਆਂ ਕੁੱਝ ਪੰਕਤੀਆਂ ਲੈਕੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ, ਕਿ ਸਾਨੂੰ ਕਿਸੇ ਨੂੰ ਵੀ ਮਾੜ੍ਹਾ ਨਹੀਂ ਕਹਿਣਾਂ ਚਾਹੀਦਾ ਕਿਉਂਕਿ ਗੁਰਬਾਣੀ ਸਾਨੂੰ ਇਹ ਇਜਾਜਤ ਨਹੀਂ ਦਿੰਦੀ ਹੈ। ਉਹਨਾਂ ਵੀਰਾਂ ਵੱਲੋਂ ਆਮ ਕਰਕੇ ਇਸ ਸ਼ਬਦ ਦਾ ਸਹਾਰਾ ਲਿਆ ਜਾਂਦਾ ਹੈ-

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥ (755)

ਅਰਥ-ਕਿਸੇ ਦੀ ਬੀ ਨਿੰਦਾ ਕਰਨੀਂ ਚੰਗਾ ਕੰਮ ਨਹੀਂ ਹੈ। ਆਪਣੇਂ ਮਨ ਦੇ ਪਿਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਦੇ ਹਨ। (ਲੋਕ ਪ੍ਰਲੋਕ ਵਿੱਚ) ਉਹੀ ਬਦਨਾਮੀਂ ਖੱਟਦੇ ਹਨ। ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ। ਇਹ ਸ਼ਬਦ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੂਹੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਸ਼ਬਦ ਕਾਫੀ ਲੰਮੇਰਾ ਹੋਣ ਕਰਕੇ ਸੰਪੂਰਨ ਤੌਰ ਤੇ ਅਸੀਂ ਇਸਦੀ ਵੀਚਾਰ ਨਹੀਂ ਦੇ ਸਕਦੇ। ਪਰ ਰਹਾਉ ਵਾਲੀ ਪੰਕਤੀ ਤੋਂ ਇਹ ਸਮਝ ਸਕਦੇ ਹਾਂ ਕਿ ਸਾਹਿਬਾਂ ਦਾ ਇਹ ਕਹਿਣ ਦਾ ਅਸਲ ਮਕਸਦ ਕੀ ਹੈ। ਰਹਾਉ ਦੀ ਪੰਕਤੀ ਹੈ- ਵਾਹੁ ਮੇਰੇ ਸਾਹਿਬਾ ਵਾਹੁ॥

ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ॥ 1॥ ਰਹਾਉ॥

ਅਰਥ-ਹੇ ਮੇਰੇ ਮਾਲਕ ਤੂੰ ਧੰਨ ਹੈਂ ਤੂੰਹੀਂ ਸਾਲਾਹੁਣ ਯੋਗ ਹੈਂ। ਹੇ ਭਾਈ ਗੁਰੂ ਦੀ ਸ਼ਰਨ ਵਿੱਚ ਪੈਕੇ ਉਸ ਪ੍ਰਮਾਤਮਾਂ ਦੀ ਸਿਫਤ ਸਲਾਹ ਕਰਨੀਂ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸਨੂੰ ਕਿਸੇ ਦੀ ਮੁਥਾਜੀ ਨਹੀਂ। ਰਹਾਉ॥ ਸਾਰਾ ਸ਼ਬਦ ਇਸੇ ਵੀਚਾਰ ਦੇ ਅਧੀਨ ਘੁੰਮਦਾ ਹੈ। ਸੋ ਰਹਾਉ ਦੇ ਇਸ ਬੰਦ ਮੁਤਾਬਿਕ ਉਪਰਲੀ ਪੰਕਤੀ ਦਾ ਮਤਲਬ ਹੈ ਜੋ ਇਨਸਾਨ ਆਪਣੇਂ ਮਨ ਦੀ ਮੰਨਦਾ ਹੈ ਉਹ ਮੂਰਖ ਹੈ, ਅਤੇ ਜੀਵਨ ਦੇ ਅਸਲ ਨਿਸ਼ਾਨੇਂ ਤੋਂ ਖੁੰਝਿਆ ਹੋਇਆ ਹੈ। ਉਸਨੂੰ ਸੱਚ ਤੇ ਝੂਠ ਦੀ ਪਹਿਚਾਨ ਨਹੀਂ ਰਹੀ। ਇਸ ਕਰਕੇ ਉਹ ਸੱਚ ਨੂੰ ਝੂਠ ਕਹਿੰਦਾ ਹੈ ਤੇ ਝੂਠ ਨੂੰ ਸੱਚ ਜਾਣ ਕੇ ਵਡਿਆਉਂਦਾ ਹੈ। ਜੈਸੇ ਇਹ ਫੁਰਮਾਨ ਹੈ-

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥

ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥

ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥

ਆਵਤ ਕਉ ਜਾਤਾ ਕਹੈ ਜਾਤੇ ਨਹੀ ਆਇਆ॥

ਪਰ ਕੀ ਕਉ ਅਪਨੀ ਕਹੈ ਅਪਨੋ ਨਹੀ ਭਾਇਆ॥

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ (229)

ਸੋ ਕੰਡੇ ਨੂੰ ਕੰਡਾ ਕਹਿਣਾਂ, ਤੇ ਫੁੱਲ ਨੂੰ ਫੁੱਲ ਕਹਿਣਾਂ ਹੀ ਇਨਸਾਨੀਅਤ ਹੈ। ਜੋ ਲੋਕ ਕਿਸੇ ਦੀ ਖੁਸ਼ਾਮਦੀ ਵਾਸਤੇ ਉਸਦੇ ਐਬਾਂ ਤੇ ਪੜ੍ਹਦਾ ਪਾਕੇ ਰੱਖਦੇ ਹਨ, ਤੇ ਉਸਨੂੰ ਵੱਡਾ ਧਰਮਾਤਮਾਂ ਦੱਸਦੇ ਹਨ। ਐਸੇ ਇਨਸਾਨ ਸੱਚ ਦੇ ਨਿੰਦਕ ਹਨ। ਉਦਾਹਰਨ ਵਜੋਂ ਮਲਕ ਭਾਗੋ ਵਾਲੀ ਸਾਖੀ ਨੂੰ ਲਿਆ ਜਾ ਸਕਦਾ ਹੈ। ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇਂ ਉਸਦੇ ਕੁਕਰਮਾਂ ਤੋਂ ਪੜ੍ਹਦਾ ਲਾਹਕੇ ਉਸਨੂੰ ਸਮਾਜ ਦੇ ਸਾਹਮਣੇਂ ਨੰਗਿਆਂ ਕਰਕੇ ਰੱਖ ਦਿੱਤਾ ਸੀ। ਬਾਬੇ ਨਾਨਕ ਦੇ ਘਰ ਦਾ ਸਿਧਾਂਤ ਹੀ ਸੱਚ ਬੋਲਣਾਂ ਹੈ, ਸਚ ਸੁਣਾਇਸੀ ਸਚ ਕੀ ਬੇਲਾ॥ ਪਰ ਅਫ਼ਸੋਸ ਹੈ ਕਿ ਅੱਜ ਬਾਬੇ ਨਾਨਕ ਦੇ ਘਰ ਵਿੱਚ ਉਹ ਲੋਕ ਕਾਬਜ ਹੋ ਗਏ ਹਨ, ਜੋ ਨਾਂ ਸਚ ਬੋਲਦੇ ਹਨ। ਨਾਂ ਸੱਚ ਸੁਣਦੇ ਹਨ, ਨਾਂ ਸੱਚਿਆਂ ਨੂੰ ਵੇਖ ਹੀ ਸਕਦੇ ਹਨ। ਜਿਆਦਾ ਸਾਡਾ ਬੇੜ੍ਹਾ ਗਰਕ ਸਾਧਾਂ ਨੇਂ ਕੀਤਾ ਹੈ ਜਿੰਨ੍ਹਾਂ ਨੇਂ ਪੂਰੀ ਸਿੱਖ ਕੌਮ ਨੂੰ ਹਿਦੂੰਆਂ ਦੇ ਖਾਤੇ ਵਿੱਚ ਸੁੱਟ ਦਿੱਤਾ ਹੈ। ਉਹਨਾਂ ਦੇ ਸ਼ਰਧਾਲੂ ਇਹ ਕਹਿੰਦੇ ਹਨ ਕਿ ਸੰਤਾਂ ਦੀ ਨਿੰਦਾ ਨਹੀਂ ਕਰਨੀਂ ਚਾਹੀਦੀ, ਕਿਉਂਕਿ ਸੰਤ ਤਾਂ ਵਾਹਿਗੁਰੂ ਦਾ ਰੂਪ ਹੁੰਦੇ ਹਨ, ਫਿਰ ਉਹ ਇਹ ਪੰਕਤੀ ਸੁਣਾਉਂਦੇ ਹਨ-ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ+॥ ਇਹ ਪੰਕਤੀ ਸੁਣਾਂ ਕੇ ਇਹ ਭੁਖੇਲਾ ਦਿੱਤਾ ਜਾਂਦਾ ਹੈ ਕਿ ਰਾਮ ਤੇ ਸੰਤ ਇੱਕ ਰੂਪ ਹਨ ਸਾਨੂੰ ਇਹਨਾਂ ਦੀ ਨਿੰਦਾ ਨਹੀਂ ਕਰਨੀਂ ਚਾਹੀਦੀ। ਪਰ ਉਹ ਇਹ ਨਹੀਂ ਜਾਣਦੇ ਕਿ ਏਥੇ ਤਾਂ ਬਾਬਾ ਕਬੀਰ ਸਾਹਿਬ ਜੀ ਸੰਤ ਗੁਰੂ ਨੂੰ ਕਹਿ ਰਹੇ ਹਨ, ਇਸਤੋਂ ਅਗਲੀ ਪੰਕਤੀ ਪੜੋ-ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ (793)

ਕਬੀਰ ਜੀ ਕਹਿੰਦੇ ਹਨ ਮੈਨੂੰ ਉਹ ਗੁਰੂ ਸੰਤ ਮਿਲ ਪਿਆ ਹੈ ਜੋ ਪੂਰਨ ਗਿਆਨਵਾਨ ਹੈ। ਅਜੋਕੇ ਪਾਖੰਡੀ ਸਾਧਾਂ ਦੀ ਗੱਲ ਕਰੀਏ ਤਾਂ ਗਿਆਨ ਤਾਂ ਉਹਨਾਂ ਦੇ ਕੋਲੋਂ ਵੀ ਨਹੀਂ ਲੰਘਿਆ। ਫਿਰ ਉਹ ਗਿਆਨਵਾਨ ਕਿਵੇਂ ਬਣ ਗਏ? ਨਾਲੇ ਸੰਤਾਂ ਦੇ ਚੇਲੇ ਮੈਨੂੰ ਇਹ ਵੀ ਦੱਸਣ ਦੀ ਕਿਰਪਾ ਕਰਨ ਕਿ ਬਾਬਾ ਕਬੀਰ ਸਾਹਿਬ ਜੀ ਦੇ ਸਮੇਂ ਕਿਹੜ੍ਹੇ ਸੰਤ ਸਨ ਜਿਨ੍ਹਾਂ ਬਾਬਤ ਬਾਬਾ ਜੀ ਨੇਂ ਇਹ ਗੱਲ ਕਹੀ ਹੈ? ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਝੂਠ, ਤੇ ਝੂਠਿਆਂ ਦਾ ਪੜ੍ਹਦਾ ਫਾਸ਼ ਕਰਨਾਂ ਨਿੰਦਾ ਨਹੀਂ ਹੈ। ਪਾਪੀ ਨੂੰ ਪਾਪੀ ਕਹਿਣਾਂ ਨਿੰਦਾ ਨਹੀਂ ਹੈ। ਗੰਦਗੀ ਦੇ ਢੇਰਾਂ ਨੂੰ ਗੰਦਗੀ ਕਹਿਣਾਂ ਕੋਈ ਨਿੰਦਾ ਨਹੀਂ ਹੈ। ਪਾਖੰਡੀ ਨੂੰ ਪਾਖੰਡੀ ਕਹਿਣਾਂ ਕੋਈ ਨਿੰਦਾ ਨਹੀਂ ਹੈ ਔਰ ਇਹ ਨੁਕਤਾ ਸਾਨੂੰ ਸਾਡੇ ਬਾਬੇ ਨਾਨਕ ਸਾਹਿਬ ਜੀ ਨੇਂ ਸਮਝਾ ਦਿੱਤਾ ਹੈ। ਅਸੀ ਉਹਨਾਂ ਹੀ ਲੀਹਾਂ ਤੇ ਚੱਲਾਂਗੇ ਜਿੰਨ੍ਹਾਂ ਲੀਹਾਂ ਤੇ ਸਾਡਾ ਬਾਬਾ ਚੱਲਿਆ ਤੇ ਸਾਨੂੰ ਚਲਾ ਗਿਆ ਹੈ। ਨਿੰਦਕ ਸੱਚ ਦਾ ਪ੍ਰਚਾਰ ਕਰਨ ਵਾਲੇ ਨਹੀਂ ਸਗੋਂ ਸੱਚ ਦਾ ਵਿਰੋਧ ਕਰਨ ਵਾਲੇ ਹਨ। ਨਿੰਦਕ ਬ੍ਰਾਹਮਣਵਾਦ ਦਾ ਗੰਦ ਸਿਖੀ ਵਿੱਚੋਂ ਕੱਢਣ ਵਾਲੇ ਨਹੀਂ ਸਗੋਂ ਬ੍ਰਾਹਮਣਵਾਦ ਦੀ ਸਪੋਟ ਕਰਨ ਵਾਲੇ ਹਨ। ਨਿੰਦਕ ਕਰਮਕਾਂਡਾ ਦਾ ਸਫਾਇਆ ਕਰਨ ਵਾਲੇ ਨਹੀਂ, ਸਗੋਂ ਕਰਮਕਾਂਡਾਂ ਨੂੰ ਸਿੱਖੀ ਦਾ ਅੰਗ ਦੱਸਣ ਵਾਲੇ ਹਨ। ਨਿੰਦਕ ਗੁਰੂ ਘਰਾਂ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਉਣ ਵਾਲੇ ਨਹੀਂ, ਸਗੋਂ ਨਿੰਦਕ ਗੁਰੂ ਘਰਾਂ ਨੂੰ ਰਾਜਨੀਤੀ ਦੇ ਅੱਡੇ ਤੇ ਆਪਣੀ ਨਿੱਜੀ ਪ੍ਰਾਪਟੀ ਮੰਨਕੇ ਮੰਦਰਾਂ ਦੀ ਸ਼ਕਲ ਦੇਣ ਵਾਲੇ ਹਨ। ਐਸੇ ਸੱਚ ਦੇ ਨਿੰਦਕਾਂ ਬਾਰੇ ਹੀ ਬਾਬਾ ਕਬੀਰ ਜੀ ਨੇਂ ਇਹ ਕਿਹਾ ਸੀ-ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਹਿ ਗੰਗਾ ਆਨੀ॥ 9ਕਬੀਰ-332)

ਇਹ ਲੋਕ ਆਪ ਤਾਂ ਏਨੀਂ ਹਿੰਮਤ ਨਹੀਂ ਰੱਖਦੇ ਕਿ ਸੱਚ ਬੋਲ ਸਕਣ ਪਰ ਸੱਚ ਬੋਲਣ ਵਾਲਿਆਂ ਦਾ ਵਿਰੋਧ ਹੀ ਕਰਦੇ ਰਹਿੰਦੇ ਹਨ। ਵਾਹਿਗੁਰੂ ਜੀ ਇਹਨਾਂ ਨੂੰ ਸੁਮੱਤ ਬਖਸ਼ ਕੇ ਸਿੱਧੇ ਮਾਰਗ ਪਾਉਣ। ਤੇ ਸਾਨੂੰ ਸਾਰਿਆਂ ਨੂੰ ਸਦੀਵ ਕਾਲ ਸੱਚ ਦਾ ਹੋਕਾ ਲਾਉਣ ਦਾ ਉਦਮ ਤੇ ਬਲ ਬਖਸ਼ਣ। ਤਾਂ ਜੋ ਅਸੀਂ ਸਾਰੇ ਰਲ ਮਿਲਕੇ ਆਪਣੀਂ ਕੌਮ ਦੀ ਰਖਵਾਲੀ ਕਰ ਸਕੀਏ ਜੀ। ਪਿਛਲੇ ਦਿਨੀਂ ਸਿੱਖ ਮਾਰਗ ਤੇ ਛਪੇ ਗਿਆਨੀਂ ਜਗਤਾਰ ਸਿੰਘ ਜਾਚਕ ਜੀ ਦੇ ਲੇਖ ਵਿੱਚ ਉਹਨਾਂ ਨੇਂ ਬਹੁਤ ਸੋਹਣਾਂ ਲਿਖਿਆ ਸੀ ਕਿ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਕੇ ਚੱਲਣ ਦੀ ਜਰੂਰਤ ਹੈ ਤਦ ਹੀ ਅਸੀਂ ਆਪਣੀਂ ਕੌਮ ਦੀ ਡੁਬਦੀ ਨਈਆ ਨੂੰ ਬਚਾ ਕੇ ਰੱਖ ਸਕਦੇ ਹਾਂ। ਉਹਨਾਂ ਦੀ ਇਹ ਗੱਲ ਵਿਚਾਰਨਯੋਗ ਹੈ ਜੇ ਵਿਚਾਰ ਲਈਏ ਤਾਂ ਸਾਡਾ ਬਹੁਤ ਵੱਡਾ ਭਲਾ ਹੋ ਸਕਦਾ ਹੈ। ਭੁੱਲ ਚੁੱਕ ਦੀ ਖਿਮਾਂ ਜੀ। ਵੀਚਾਰ ਦੇਣ ਲਈ ਆਪ ਈ-ਮੇਲ lakhwindersinghgambhir@yahoo.com ਇਸਤਿਮਾਲ ਕਰ ਸਕਦੇ ਹੋ ਜੀ।

ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 095921-96002

098721-18848
.