.

ਸਿੱਖ ਹੀ ਸਿੱਖੀ ਦੇ ਦੁਸ਼ਮਨ (ਭਾਗ-੮)

(ਲੜ੍ਹੀ ਜੋੜ੍ਹਨ ਲਈ ਪਿਛਲਾ ਅੰਕ ਪੜ੍ਹੋ ਜੀ)

ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਇਸ ਭਾਗ (ਭਾਗ ੬) ਦੇ ਵਿੱਚ ਇਸ ਤਰ੍ਹਾਂ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਫਲਾਣਾਂ ਸ਼ਬਦ ਪੜੋ ਤਾਂ ਨਿੰਦਕ ਦਾ ਮੂੰਹ ਕਾਲਾ ਹੁੰਦਾ ਹੈ, ਆਹ ਸ਼ਬਦ ਪੜ੍ਹੋ ਤਾਂ ਨਿੰਦਕ ਨੂੰ ਵਾਹਿਗੁਰੂ ਅੱਗ ਵਿੱਚ ਸਾੜ੍ਹ ਦਿੰਦਾ ਹੈ, ਗੁਰਬਾਣੀਂ ਤਾਂ ਮਨੁਖ ਦੇ ਵਿਚਾਰਾਂ ਉਪਰ ਅਸਰ ਕਰਦੀ ਹੈ ਤੇ ਇਨਸਾਨ ਦਾ ਜੀਵਨ ਸੋਹਣਾਂ ਬਨਾਉਂਦੀ ਜਾਂਦਾ ਹੈ। ਜੇ ਕਿਧਰੇ ਗੁਰਬਾਣੀਂ ਕਿਸੇ ਨੂੰ ਸੁਧਾਰਨ ਦੀ ਬਜਾਏ ਜਾਨੋਂ ਮਾਰਨਾਂ ਸ਼ੁਰੂ ਕਰ ਦੇਵੇ ਤਾਂ ਫਿਰ ਕੋਈ ਵੀ ਗੁਰਬਾਣੀਂ ਦੇ ਨੇੜ੍ਹੇ ਨਾਂ ਜਾਵੇ। ਨਾਂ ਹੀ ਇਹ ਸੱਚ ਹੈ ਕਿ ਜਾਪ ਕੋਈ ਕਰੇ ਤੇ ਅਸਰ ਕਿਸੇ ਹੋਰ ਨੂੰ ਹੋਵੇ। ਜਿਵੇਂ ਬਾਹਰੀ ਤੌਰ ਤੇ ਜੋ ਪਾਣੀਂ ਪੀਂਦਾ ਹੈ ਪਿਆਸ ਉਸਦੀ ਖਤਮ ਹੁੰਦੀ ਹੈ, ਜੋ ਭੋਜਨ ਛਕਦਾ ਹੈ ਭੁੱਖ ਉਸਦੀ ਮਿਟਦੀ ਹੈ। ਤਿਵੇਂ ਹੀ ਸਾਡੇ ਦੁਆਰਾ ਪੜ੍ਹੀ ਬਾਣੀਂ ਜਾਂ ਕੀਤੇ ਅਖੰਡ ਜਾਪਾਂ ਦਾ ਕਿਸੇ ਦੂਜੇ ਤੇ ਕੋਈ ਅਸਰ ਨਹੀਂ ਹੋ ਸਕਦਾ। ਜੇਕਰ ਅਸੀਂ ਗੁਰਬਾਣੀਂ ਨੂੰ ਪੜ੍ਹ ਰਹੇ ਹਾਂ ਤਾਂ ਉਸਦਾ ਅਸਰ ਵੀ ਸਾਡੇ ਹੀ ਜੀਵਨ ਤੇ ਪਵੇਗਾ ਕਿਸੇ ਹੋਰ ਤੇ ਨਹੀਂ। ਇਸੇ ਕਾਰਨ ਹੀ ਗੁਰੂ ਨਾਨਕ ਸਾਹਿਬ ਜੀ ਨੇਂ ਬ੍ਰਾਹਮਣਾਂ ਦੁਆਰਾ ਕੀਤੇ ਜਾਣ ਵਾਲੇ ਅਨੇਕਾਂ ਅਖੰਡ ਜਾਪਾਂ ਤੇ ਪਾਠਾਂ ਦਾ ਵਿਰੋਧ ਕੀਤਾ ਸੀ। ਇਸ ਪ੍ਰਥਾਏ ਗੁਰਬਾਣੀਂ ਦੇ ਬੇਅੰਤ ਫੁਰਮਾਣ ਹਨ, ਜਿੰਨ੍ਹਾਂ ਵਿੱਚੋਂ ਕੁੱਝ ਕੇ ਹਾਜਰ ਹਨ ਜੀ-

ਅਨਿਕ ਬਰਖ ਕੀਏ ਜਪ ਤਾਪਾ।।

ਗਵਨ ਕੀਆ ਧਰਤੀ ਭਰਮਾਤਾ।।

ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ

ਬਹੁੜਿ ਬਹੁੜਿ ਉਠਿ ਧਾਵੈ ਜੀਉ।। (ਮਾਝ-੯੮)

ਪੜ ਪੜ ਪੋਥੀ ਸਿਮ੍ਰਤਿ ਪਾਠਾ।।

ਬੇਦ ਪੁਰਾਨ ਪੜੈ ਸੁਣਿ ਥਾਟਾ।।

ਬਿਨੁ ਰਸ ਰਾਤੇ ਮਨੁ ਬਹੁ ਨਾਟਾ।। (ਗਉੜ੍ਹੀ-੨੨੬)

ਪੜ੍ਹਿ ਪੜ੍ਹਿ ਪੰਡਿਤ ਮ+ਨੀ ਥਕੇ

ਦੇਸੰਤਰਿ ਭਵ ਥਕੇ ਭੇਖਧਾਰੀ।।

ਦੂਜੈ ਭਾਇ ਨਾਉ ਕਦੇ ਨ ਪਾਇਨਿ

ਦੁਖੁ ਲਾਗਾ ਅਤਿ ਭਾਰੀ।।

ਮੂਰਖ ਅੰਧੇ ਤ੍ਰੈ ਗੁਣ ਸੇਵਹਿ

ਮਾਇਆ ਕੈ ਬਿਉਹਾਰੀ।।

ਅੰਦਰਿ ਕਪਟੁ ਉਦਰੁ ਭਰਣਿ ਕੈ ਤਾਈ

ਪਾਠ ਪੜਹਿ ਗਾਵਾਰੀ।। (ਸਾਰੰਗ ਕੀ ਵਾਰ ੧੨੪੬)

ਐਸੇ ਹੋਰ ਵੀ ਬਹੁਤ ਗੁਰ ਫੁਰਮਾਨ ਹਨ ਜਿੰਨ੍ਹਾਂ ਵਿੱਚ ਬਿਪਰਵਾਦ ਦੀਆਂ ਜੜ੍ਹਾਂ ਉਖੇੜ੍ਹੀਆਂ ਗਈਆਂ ਹਨ। ਭਾਵੇਂ ਕਿ ਇਥੇ ਸ਼ਪੱਸ਼ਟ ਤੌਰ ਤੇ ਬ੍ਰਾਹਮਣ ਨੂੰ ਇਹ ਕਿਹਾ ਗਿਆ ਹੈ ਕਿ ਤੇਰੇ ਅੰਦਰ ਕਪਟ ਹੈ ਤੇ ਤੂੰ ਕੇਵਲ ਆਪਣਾਂ ਪੇਟ ਭਰਨ ਦੇ ਲਈ ਹੀ ਇਹ ਪਾਠ ਆਦਿਕ ਕਰ ਰਿਹਾ ਹੈ। ਪਰ ਆਤਮਿਕ ਜੀਵਨ ਵਿੱਚ ਇਹ ਕੋਈ ਸਹਾਈ ਨਹੀਂ ਹੋਣਗੇ। ਤੇ ਹੁਣ ਸਾਨੂੰ ਕਹਿਣਾਂ ਪਵੇਗਾ ਉਹਨਾਂ ਪਾਖੰਡੀਆਂ ਨੂੰ ਜੋ ਅਖੰਡ ਪਾਠਾਂ ਦੀਆਂ ਲੜ੍ਹੀਆਂ ਚਲਾ ਚਲਾ ਕੇ ਕੌਮ ਨੂੰ ਗੁਰਮਤਿ ਤੋਂ ਸੱਖਣਾਂ ਕਰ ਰਹੇ ਹਨ। ਖੁਦ ਵਿਕੇ ਹਨ ਤੇ ਸਿੱਖੀ ਸੋਚ ਨੂੰ ਬ੍ਰਾਹਮਣ ਦੇ ਭਾਂਡੇ ਵਿੱਚ ਪਾਈ ਜਾ ਰਹੇ ਹਨ। ਇਹਨਾਂ ਅਖੰਡ ਪਾਠਾਂ ਨੇਂ ਨਾਂ ਅੱਜ ਤੱਕ ਸਾਡਾ ਕੁੱਝ ਸਵਾਰਿਆ ਹੈ ਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਹੀ ਕੁੱਝ ਸਵਾਰ ਸਕਣਗੇ। ਹਾਂ ਇਤਨਾਂ ਜਰੂਰ ਹੈ ਕਿ ਅਖੰਡ ਜਾਪਾਂ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਰੂਰ ਘੱਟ ਗਿਆ ਹੈ। ਇਹ ਵੇਖਣਾਂ ਹੋਵੇ ਤਾਂ ਕਿਸੇ ਘਰ ਰੱਖੇ ਗਏ ਅਖੰਡ ਪਾਠ ਸਮੇਂ ਵੇਖਿਆ ਜਾ ਸਕਦਾ ਹੈ ਕਿ ਲੋਕ ਕਿੰਨ੍ਹਾਂ ਕੁ ਸਤਿਕਾਰ ਕਰਦੇ ਹਨ, ਜਾਂ ਪਾਠ ਕਰਨ ਵਾਲੇ ਪਾਠੀ ਕਿੰਨ੍ਹਾਂ ਕੁ ਸਤਿਕਾਰ ਨਾਲ ਪਾਠ ਕਰਦੇ ਹਨ। ਗੱਲ ਖੋਲ਼ ਕੇ ਮੈਂ ਲਿਖਣੀਂ ਜਰੂਰੀ ਨਹੀਂ ਸਮਝਦਾ ਇਹ ਸਭ ਨਿਤ ਸਾਡੇ ਸਾਹਮਣੇਂ ਹੀ ਹੋ ਰਿਹਾ ਹੈ, ਪਰ ਫਿਰ ਵੀ ਨਾਂ ਅਸੀਂ ਹੀ ਜਾਗ ਰਹੇ ਹਾਂ ਤੇ ਨਾਂ ਸਾਡੀ ਕੌਮ ਦੇ ਆਗੂ ਹੀ ਆਪਣੀਆਂ ਅੱਖਾਂ ਖੋਲ ਰਹੇ ਨੇ। ਅਗਾਂਹ ਇਸੇ ਗ੍ਰੰਥ (ਸ਼ਰਧਾ ਪੂਰਨ) ਦਾ ਕਰਤਾ ਲਿਖਦਾ ਹੈ-

ਅਪਣੇ ਦਾਸ ਕਉ ਕੰਠਿ ਲਗਾਵੈ।।

ਨਿੰਦਕ ਕਉ ਅਗਨਿ ਮਹਿ ਪਾਵੈ।।

ਸਵਾ ਮਹੀਨਾਂ ਇਸ ਸ਼ਬਦ ਦਾ ਪਾਠ ਕਰਨ ਨਾਲ ਪ੍ਰਮੇਸ਼ਰ ਦਾਸ ਨੂੰ ਗਲ ਨਾਲ ਲਾ ਲੈਂਦਾ ਹੈ ਤੇ ਨਿੰਦਕ ਨੂੰ ਅੱਗ ਵਿੱਚ ਸਾੜ੍ਹ ਦਿੰਦਾ ਹੈ।

ਕਮਾਲ ਦੀ ਗੱਲ ਹੈ? ਬੱਸ ਸਵਾ ਮਹੀਨਾਂ ਇਸ ਸ਼ਬਦ ਦਾ ਪਾਠ ਕੀਤਾ ਤੇ ਰੱਬ ਦਾ ਦਾਸ ਬਣ ਗਿਆ? ਤੇ ਫਿਰ ਰੱਬ ਨੇਂ ਉਸਦੀ ਇਸ ਅਖੌਤੀ ਪੂਜਾ ਪਾਠ ਦੇ ਬਦਲੇ ਉਸਦੇ ਦੁਸ਼ਮਨ ਨੂੰ ਅੱਗ ਵਿੱਚ ਪਾਕੇ ਵੀ ਸਾੜ੍ਹ ਦਿੱਤਾ? ਜੇਕਰ ਗੁਰਬਾਣੀਂ ਦੇ ਇਸ ਤਰ੍ਹਾਂ ਉਪਰੋਂ ਉਪਰੋਂ ਅਰਥ ਕਰਨ ਲੱਗੇ, ਫਿਰ ਤਾਂ ਸਰ ਗਿਆ ਹੈ ਸਿੱਖਾਂ ਦਾ। ਆਉ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥਾਂ ਤੋਂ ਸੇਧ ਲਈਏ,

ਅਰਥ-ਪ੍ਰਮਾਤਮਾਂ ਸਦਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾਈ ਰੱਖਦਾ ਹੈ, ਤੇ ਆਪਣੇਂ ਸੇਵਕ ਦੇ ਦੋਖੀ ਨੂੰ ਈਰਖਾ ਦੀ ਅੰਦਰੇ ਅੰਦਰ ਧੁਖ ਰਹੀ ਅੱਗ ਵਿੱਚ ਪਾਈ ਰੱਖਦਾ ਹੈ।

ਜੋ ਇਨਸਾਨ ਸੱਚ, ਤੇ ਸੱਚ ਦੇ ਮੁਤਲਾਸ਼ੀਆਂ ਦਾ ਵਿਰੋਧ ਕਰਦਾ ਹੈ ਉਹ ਆਪਣੇ ਅੰਦਰ ਹੀ ਈਰਖਾ ਦਵੈਸ਼ ਦੀ ਅੱਗ ਵਿੱਚ ਸੜ੍ਹਦਾ ਰਹਿੰਦਾ ਹੈ, ਜਿਵੇਂ ਅਜੋਕਾ ਸਾਰਾ ਸਾਧ ਲਾਣਾਂ ਸੜ੍ਹ ਰਿਹਾ ਹੈ। ਅਗੇ ਹੋਰ ਦਰਸ਼ਨ ਕਰੋ-

ਅਰੜਾਵੈ ਬਿਲਲਾਵੈ ਨਿੰਦਕੁ।।

ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕ।। (੩੭੩)

ਕਿ ਜੇਕਰ ਇਸ ਸ਼ਬਦ ਦਾ ਜਾਪ ੪੧ ਦਿਨ ਰੋਜ ੧੦੮ ਵਾਰ ਕੀਤਾ ਜਾਵੇ ਤਾਂ ਨਿੰਦਕ ਦਾ ਮੂੰਹ ਕਾਲਾ ਹੁੰਦਾ ਹੈ।

ਵਾਹ ਵਾਹ ਸਦਕੇ ਜਾਈਏ ਐਸੇ ਰੱਬ ਦੇ ਜੋ ਕਿਸੇ ਨੂੰ ਸੁਧਾਰਨ ਦੀ ਬਜਾਏ ਸਗੋਂ ਉਹਦਾ ਮੂੰਹ ਹੀ ਕਾਲਾ ਕਰ ਦਿੰਦਾ ਹੈ। ਇਹ ਤਾਂ ਫਿਰ ਬਾਬੇ ਨਾਨਕ ਦਾ ਰੱਬ ਨਹੀਂ ਲੱਗਦਾ ਕਿਉਂਕਿ ਬਾਬੇ ਨਾਨਕ ਦਾ ਰੱਬ ਤਾਂ ਮਿਹਰਵਾਨ ਹੈ। ਜੋ ਕਿਸੇ ਦਾ ਵੀ ਬੁਰਾ ਨਹੀਂ ਚਿਤਵਦਾ, ਤੇ ਦੋਖੀਆਂ ਦਾ ਵੀ ਭਲਾ ਹੀ ਕਰਦਾ ਹੈ। ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇਂ ਇਓਂ ਕੀਤੇ ਹਨ-

ਹੇ ਭਾਈ ਭਗਤ ਜਨਾਂ ਦੀ ਨਿੰਦਾ ਕਰਨ ਵਾਲਾ ਆਪਣੇ ਅੰਦਰ ਬੜ੍ਹਾ ਦੁਖੀ ਹੁੰਦਾ ਰਹਿੰਦਾ ਹੈ ਤੇ ਬੜ੍ਹਾ ਵਿਲਕਦਾ ਹੈ। ਨਿੰਦਾ ਵਿੱਚ ਫਸੇ ਹੋਏ ਉਸ ਨੂੰ ਪ੍ਰਮਾਤਮਾਂ ਭੁਲਿਆ ਰਹਿੰਦਾ ਹੈ, ਇਸ ਕਰਕੇ ਨਿੰਦਾ ਕਰਨ ਵਾਲਾ ਮਨੁੱਖ ਗੁਰਮੁਖਾਂ ਦੀ ਕੀਤੀ ਨਿੰਦਾ ਦਾ ਦੁੱਖ ਰੂਪ ਫਲ ਭੋਗਦਾ ਰਹਿੰਦਾ ਹੈ।

ਗੱਲ ਸ਼ਪੱਸ਼ਟ ਹੈ ਕਿ ਜੋ ਇਨਸਾਨ ਸੱਚ ਦੀ ਕਦਰ ਨਹੀਂ ਕਰਦਾ ਤੇ ਸਗੋਂ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ (ਗੁਰਮੁਖਾਂ) ਦੀਆਂ ਬਦਖੋਹੀਆਂ ਕਰਦਾ ਹੈ ਉਹਨਾਂ ਦਾ ਸਾਥ ਦੇਣ ਦੀ ਬਜਾਏ, ਉਹਨਾਂ ਦੀ ਕਦਰ ਕਰਨ ਦੀ ਬਜਾਏ, ਉਹਨਾਂ ਦਾ ਹਰ ਪੱਖੋਂ ਵਿਰੋਧ ਕਰਦਾ ਹੈ, ਉਹ ਭਾਵੇਂ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਅਖੌਤੀ ਸਾਧ ਸੰਤ, ਬ੍ਰਹਮਗਿਆਨੀਂ ਹੋਵੇ, ਜਾਂ ਤਖਤਾਂ ਤੇ ਬੈਠਾ ਜਥੇਦਾਰ ਹੋਵੇ (ਇਹ ਕੋਈ ਪੱਕਾ ਨਹੀਂ ਹੈ ਕਿ ਜੋ ਹੁਕਮ ਸਾਨੂੰ ਤਖਤ ਤੇ ਬੈਠਾ ਬੰਦਾ ਦੇਵੇਗਾ ਉਹ ਦਰਗਾਹੀ ਫੁਰਮਾਨ ਹੈ, ਜੇਕਰ ਉਹ ਗੱਲ ਗੁਰਮਤਿ ਅਨੁਸਾਰ ਸਹੀ ਹੈ ਤਾਂ ਮੰਨੋ ਪਰ ਜੇਕਰ ਗੁਰੂ ਦੀ ਸੋਚ ਮੁਤਾਬਿਕ ਗਲਤ ਹੈ ਤਾਂ ਦਾਸ ਦਾ ਇਹ ਵਿਚਾਰ ਹੈ ਕਿ ਉਹਦਾ ਡੱਟਕੇ ਵਿਰੋਧ ਕਰੋ ਕਿਉਂਕਿ ਕੋਈ ਵੀ ਜਥੇਦਾਰ ਸਾਡਾ ਗੁਰੂ ਨਹੀਂ ਹੈ।) ਉਹ ਨਿੰਦਕ ਹੈ। ਜੋ ਗੁਰਮੁਖਾਂ ਭਾਵ ਸੱਚ ਦੇ ਮੁਤਲਾਸ਼ੀਆਂ ਦਾ ਵਿਰੋਧ ਕਰਦਾ ਹੈ ਉਹ ਹੀ ਅਸਲ ਨਿੰਦਕ ਹੈ। ਇਹਦਾ ਸ਼ਪੱਸ਼ਟ ਭਾਵ ਇਹ ਹੈ ਕਿ ਅਜੋਕਾ ਸਾਧ ਲਾਣਾਂ ਭਾਵੇ ਕੋਈ ਵੱਡਾ ਸਾਧ ਹੈ ਜਾਂ ਛੋਟਾ ਸਾਰੇ ਦੇ ਸਾਰੇ ਨਿੰਦਕ ਹਨ, ਜੋ ਲਗਾਤਾਰ ਸੱਚ ਦਾ ਵਿਰੋਧ ਕਰ ਰਹੇ ਹਨ, ਇਹਨਾਂ ਦੇ ਮੂਹ ਤੇ ਨਿੱਤ ਸੁਆਹ ਪੈ ਰਹੀ ਹੈ, ਇਹਨਾਂ ਦਾ ਹੀ ਮੂੰਹ ਕਾਲਾ ਹੋ ਰਿਹਾ ਹੈ। ਭਾਵ ਅੰਦਰੋਂ ਇਹਨਾਂ ਨੂੰ ਪਤਾ ਹੈ ਕਿ ਅਸੀ ਗਲਤ ਕਰ ਰਹੇ ਹਾਂ ਬਸ ਵਿੱਕੇ ਹੋਣ ਕਾਰਨ ਕੁੱਝ ਬੋਲ ਨਹੀਂ ਸਕਦੇ, ਸੋ ਇਹਨਾਂ ਨੂੰ ਆਪਣੇ ਅੰਦਰੋਂ ਹੀ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ, ਅੰਦਰ ਲੱਗੀ ਅੱਗ ਦੇ ਧੂੰਏਂ ਕਾਰਨ ਇਹਨਾਂ ਦਾ ਮੂੰਹ ਕਾਲਾ ਹੋਇਆ ਰਹਿੰਦਾ ਹੈ (ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤੇ ਸਾਧਾਂ ਦਾ ਲੋਕਾਂ ਨੇਂ ਵੀ ਮੂੰਹ ਕਾਲਾ ਕੀਤਾ ਹੈ ਤੇ ਸ਼ਿੱਤਰ ਪਰੇਟ ਵੀ ਕੀਤੀ ਹੈ) ਕਿਆ ਕਮਾਲ ਦੀ ਗੱਲ ਹੈ ਮੈਂਨੂੰ ਤਾਂ ਹਾਸਾ ਆਉਂਦਾ ਹੈ ਉਹਨਾਂ ਲੋਕਾਂ ਤੇ ਜੋ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੇ ਹਨ, ਤੇ ਇਹ ਕਹਿੰਦੇ ਹਨ ਕਿ ਇਹ ਗੁਰੂ ਦੋਖੀ ਨੇ। ਗੁਰੂ ਨੂੰ ਪੁਛੀਏ ਤਾਂ ਉਹ ਕਹਿੰਦੇ ਹਨ ਕਿ ਸੱਚ ਬੋਲਣ ਵਾਲੇ ਗੁਰਮੁਖ ਹਨ। ਹੁਣ ਜਰ੍ਹਾ ਇਹ ਸੋਚੋ ਕਿ ਸਿਆਣਾਂ ਕੌਣ ਹੈ ਗੁਰੂ ਜਾਂ ਫਿਰ ਇਹ ਸਾਧ ਲਾਣਾਂ? ਖੈਰ ਆਉ ਆਪਾਂ ਇਸ ਗ੍ਰੰਥ ਬਾਰੇ ਅੱਗੇ ਵਿਚਾਰ ਕਰੀਏ ਜੀ ਇਸ ਗ੍ਰੰਥ ਭਾਵ ਸ਼ਰਧਾ ਪੂਰਨ ਦੇ ਸਤਵੇਂ ਭਾਗ ਦੇ ਵਿੱਚ ਲਿਖਾਰੀ ਨੇਂ ਆਪਣੇ ਮਨ ਪਸੰਦ ਦੇ ੧੮ ਗੁਰ ਸ਼ਬਦਾਂ ਦੀ ਚੋਣ ਕੀਤੀ ਹੈ ਜਿੰਨਾਂ ਵਿਚੋਂ ਅਸੀਂ ਕੇਵਲ ਤਿੰਨ ਸ਼ਬਦਾਂ ਦਾ ਇਥੇ ਹਵਾਲਾ ਦੇਂਦੇ ਹਾਂ-

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ।।

ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸ਼ਬਦੁ ਕਥਿ।। (ਸਿਰੀਰਾਗ-੪੪)

ਇਸ ਸ਼ਬਦ ਦਾ ਪਾਠ ਕਰਨ ਨਾਲ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ।

ਲੇਖਕ ਨੇਂ ਇਹ ਤਾਂ ਲਿਖ ਦਿੱਤਾ ਹੈ ਕਿ ਇਸ ਸ਼ਬਦ ਦਾ ਪਾਠ ਕਰਨ ਨਾਲ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਪਰ ਹੁਣ ਵਿਚਾਰ ਕਰੀਏ ਕਿ ਕਾਰੋਬਾਰ ਤਾਂ ਬਹੁਤ ਤਰ੍ਹਾਂ ਦੇ ਨੇਂ, ਚੋਰਾਂ ਦਾ ਕਾਰੋਬਾਰ ਚੋਰੀ ਕਰਨਾਂ ਹੈ, ਹੁਣ ਜੇ ਉਹ ਇਸ ਸ਼ਬਦ ਦਾ ਪਾਠ ਕਰਨਗੇ ਤਾਂ ਕੀ ਉਹਨਾਂ ਦੇ ਚੋਰੀ ਦੇ ਕਾਰੋਬਾਰ ਵਿੱਚ ਵਾਧਾ ਪਵੇਗਾ? ਸਮੱਗਲਰਾਂ ਦਾ ਕਾਰੋਬਾਰ ਸਮੱਗਲਿੰਗ ਕਰਨਾਂ ਹੈ, ਉਹ ਭਾਵੇਂ ਨਸ਼ੇ ਦੀ ਹੋਵੇ ਜਾਂ ਫਿਰ ਜਿਸਮ ਦੀ। ਉਹਨਾਂ ਦਾ ਤਾਂ ਇਹ ਕਾਰੋਬਾਰ ਹੈ ਜਿਸ ਤੋਂ ਉਹ ਰੋਟੀ ਖਾਂਦੇ ਹਨ, ਤੇ ਦੁਨੀਆਂ ਦਾ ਹਰ ਬੰਦਾ ਜੋ ਵੀ ਕਾਰੋਬਾਰ ਕਰਦਾ ਹੈ ਉਹ ਭਾਂਵੇ ਚੰਗਾ ਹੋਵੇ ਜਾਂ ਮੰਦਾ ਆਪਣੇਂ ਧੰਦੇ ਦੀ ਸਫਲਤਾ ਦੀ ਰੋਜ ਅਰਦਾਸ ਕਰਦਾ ਹੈ। ਸ਼ਰਾਬਾਂ ਕੱਢਣ ਵਾਲੇ, ਡਰੱਗ ਵੇਚਣ ਵਾਲੇ, ਚੋਰੀ ਕਰਨ ਵਾਲੇ, ਰਿਸ਼ਵਤ ਖਾਣ ਵਾਲੇ, ਜਿਸਮਫਰੋਸ਼ੀ ਕਰਨ ਵਾਲੇ, ਆਦਿਕ ਜੇ ਇਹ ਸ਼ਬਦ ਪੜ੍ਹਨਗੇ ਤਾਂ ਉਹਨਾਂ ਦਾ ਕਾਰੋਬਾਰ ਵਧੀਆ ਚੱਲੇਗਾ। ਵਾਹ ਵਾਹ। ਅੱਗੇ ਪੜ੍ਹੋ-

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ।।

ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ।।

ਗੁਰ ਕਾ ਬਚਨੁ ਬਸੈ ਜੀਅ ਨਾਲੇ।। ਜਲਿ ਨਹੀ ਡੂਬੈ ਤਸਕਰੁ ਨਹੀ

ਲੇਵੈ ਭਾਹਿ ਨ ਸਾਕੈ ਜਾਲੇ।। (ਧਨਾਸਰੀ-੬੭੯)

ਇਸ ਸ਼ਬਦ ਦੇ ਪਾਠ ਕਰਨ ਨਾਲ ਪਾਣੀਂ, ਅੱਗ, ਤੇ ਚੋਰਾਂ ਤੋਂ ਰੱਖਿਆ ਹੁੰਦੀ ਹੈ।

ਮੂਰਖਤਾ ਦੀ ਹੱਦ ਹੈ ਇਹ ਤਾਂ। ਮੇਰਾ ਸੁਆਲ ਹੈ ਉਹਨਾਂ ਵੀਰਾਂ ਭੈਣਾਂ ਨੂੰ ਜੋ ਐਸਾ ਵਿਸ਼ਵਾਸ਼ ਰੱਖਦੇ ਹਨ। ਮੈਂਨੂੰ ਕ੍ਰਿਪਾ ਕਰਕੇ ਉਹ ਇਹ ਦੱਸਣ ਕਿ ਗੁਰ ਦੁਆਰਿਆਂ ਵਿੱਚ ਆਮ ਹੀ ਗੋਲਕਾਂ ਦੀ ਚੋਰੀ ਹੁੰਦੀ ਰਹਿੰਦੀ ਹੈ, ਕੀ ਉਥੇ ਬਾਣੀਂ ਦਾ ਪਾਠ ਘੱਟ ਹੁੰਦਾ ਹੈ? ਦਾਸ ਨੇਂ ਖੁਦ ਬਹੁਤ ਵਾਰ ਦੇਖਿਆ ਹੈ ਕਿ ਬਰਸਾਤਾਂ ਵਿੱਚ ਹੜ੍ਹ ਆ ਜਾਣ ਕਰਕੇ ਕਈ ਵਾਰੀ ਗੁਰਦੁਆਰਿਆਂ ਵਿੱਚ ਵੀ ਬਹੁਤ ਪਾਣੀਂ ਆ ਜਾਂਦਾ ਹੈ ਜਿਸ ਕਾਰਨ ਕਈ ਕਈ ਦਿਨ ਗੁਰਦੁਆਰੇ ਹੀ ਬੰਦ ਹੋ ਜਾਂਦੇ ਹਨ ਕੀ ਉਥੇ ਗੁਰਬਾਣੀਂ ਨਹੀਂ ਪੜ੍ਹੀ ਜਾਂਦੀ? ਫਿਰ ਜੇਕਰ ਅੱਗ ਲੱਗਣ ਦੀ ਗੱਲ ਕਰੀਏ ਤਾਂ ੧੯੮੪ ਵਿੱਚ ਕਿੰਨੇਂ ਗੁਰੂ ਘਰਾਂ ਨੂੰ ਅੱਗ ਲਾਕੇ ਸਾੜ੍ਹ ਦਿੱਤਾ ਗਿਆ ਸੀ ਇਹ ਸਭ ਨੂੰ ਪਤਾ ਹੈ ਇਹ ਸਭ ਫਿਰ ਕਿਉਂ ਹੋਇਆ? ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਸੇਵਾਦਾਰਾਂ ਦੀ ਅਣਗਹਿਲੀ ਕਾਰਨ ਬਹੁਤ ਵਾਰ ਗੁਰੂ ਸਾਹਿਬ ਦੇ ਸਰੂਪ ਅਗਨ ਭੇਂਟ ਹੋ ਜਾਂਦੇ ਹਨ, ਫਿਰ ਲੇਖਕ ਇਥੇ ਕੀ ਕਹੇਗਾ?

ਦਰਅਸਲ ਲੇਖਕ ਨੇਂ ਇਸ ਸ਼ਬਦ ਦੀ ਆਹ ਪੰਕਤੀ, ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ।। ਲੈਕੇ ਇਹ ਕਹਿ ਦਿੱਤਾ ਹੈ ਕਿ ਇਸ ਸ਼ਬਦ ਦਾ ਪਾਠ ਕਰੋ, ਕੋਈ ਚੋਰ ਤੁਹਾਡੇ ਘਰ ਚੋਰੀ ਨਹੀਂ ਕਰੇਗਾ, ਹੜ੍ਹ ਆ ਗਏ ਤਾਂ ਤੁਹਾਡੇ ਘਰ ਪਾਣੀਂ ਨਹੀਂ ਆਵੇਗਾ, ਅੱਗ ਤੁਹਾਨੂੰ ਜਾਂ ਤੁਹਾਡੇ ਘਰ ਨੂੰ ਸਾੜ੍ਹ ਨਹੀਂ ਸਕੇਗੀ। ਪਰ ਇਸ ਸ਼ਬਦ ਦਾ ਅਸਲ ਮਕਸਦ ਕੀ ਹੈ ਉਹ ਇਹ ਨਹੀਂ ਸਮਝ ਪਾਇਆ, ਆਉ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਜੀ-

ਹੇ ਭਾਈ ਪ੍ਰਮਾਤਮਾਂ ਦੀ ਸਿਫਤ ਸਲਾਹ ਨਾਲ ਭਰਪੂਰ ਗੁਰੂ ਦਾ ਸ਼ਬਦ ਮੇਰੀ ਜਿੰਦ ਨਾਲ ਵੱਸਦਾ ਹੈ। ਪ੍ਰਮਾਤਮਾਂ ਦਾ ਨਾਮ ਇੱਕ ਐਸਾ ਧਨ ਹੈ ਜੋ ਪਾਣੀਂ ਵਿੱਚ ਡੁਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ੍ਹ ਨਹੀਂ ਸਕਦੀ।

ਸਾਰੀ ਗੱਲ ਸਮਝ ਵਿੱਚ ਆ ਗਈ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਣਾਂ ਚਾਹੁੰਦੇ ਹਨ। ਅਗਲਾ ਸਬਦ ਹੈ-

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ।।

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ।। (ਸੁਖਮਨੀ ਸਾਹਿਬ)

ਇਸ ਪਉੜ੍ਹੀ ਦਾ ਪਾਠ ਕਰਨ ਨਾਲ ਮਨੁਖ ਨੂੰ ਨੌਂ-ਨਿਧਾਂ ਦੀ ਪ੍ਰਾਪਤੀ ਹੁੰਦੀ ਹੈ।

ਆਉ ਪਹਿਲਾਂ ਅਸੀਂ ਇਹਦਾ ਅਰਥ ਸਮਝੀਏ ਕਿ ਸਤਿਗੁਰੂ ਜੀ ਕਿਹੜ੍ਹੀਆਂ ਨੌਂ-ਨਿਧਾਂ ਦੀ ਗੱਲ ਕਰਦੇ ਹਨ। ਰਿਧ-ਸਿਧ ਦਾ ਅਰਥ ਹੈ ਮਾਨਸਿਕ ਤਾਕਤਾਂ, ਤੇ ਨਉਂ ਨਿਧ ਦਾ ਅੱਖਰੀ ਅਰਥ ਹੈ ਕੁਬੇਰ ਦੇਵਤੇ ਦੇ ਨੌਂ ਖਜਾਨੇਂ। ਸਮੁਚਾ ਭਾਵ ਇਹ ਹੈ-ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿਧੀਆਂ ਸਿਧੀਆਂ ਤੇ ਨੌਂ ਖਜਾਨੇਂ ਹਨ। ਪ੍ਰਭੂ ਦੇ ਸਿਮਰਨ ਵਿੱਚ ਹੀ ਗਿਆਨ, ਸੁਰਤ ਦਾ ਟਿਕਾਉ, ਤੇ ਜਗਤ ਦੇ ਮੂਲ਼ ਹਰੀ ਦੀ ਸਮਝ ਵਾਲੀ ਬੁਧੀ ਹੈ। ਭਾਵ ਸਿੱਖ ਰਿਧੀਆਂ ਸਿਧੀਆਂ ਤੇ ਅਖੌਤੀ ਦੇਵਤੇ ਦੇ ਨੌਂ ਖਜਾਨਿਆਂ ਦੇ ਪਿਛੇ ਨਹੀਂ ਭੱਜਦਾ, ਉਸਨੂੰ ਕੇਵਲ ਪ੍ਰਮਾਤਮਾਂ ਦੇ ਚਰਨਾਂ ਦੀ ਹੀ ਖਿੱਚ ਰਹਿੰਦੀ ਹੈ।

ਵਿਚਾਰਾ ਲੇਖਕ ਹੁਣ ਕਿਥੋਂ ਲੋਕਾਂ ਨੂੰ ਨੌਂ ਖਜਾਨੇਂ ਲਿਆ ਕੇ ਦਵੇਗਾ। ਇਹ ਬੜ੍ਹੀ ਵੱਡੀ ਚਾਲ ਹੈ ਸਾਨੂੰ ਦੇਵੀ ਦੇਵਤਿਆਂ ਨਾਲ ਜੋੜ੍ਹਨ ਦੀ। ਪਰ ਸਾਨੂੰ ਹਰ ਹਾਲ ਵਿੱਚ ਗੁਰਬਾਣੀਂ ਦਾ ਸਹਾਰਾ ਲੈਕੇ ਚੱਲਣ ਦੀ ਜਰੂਰਤ ਹੈ।

ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਇਸ ਗ੍ਰੰਥ ਦਾ ਭਾਗ ਅੱਠਵਾਂ ਜੋ ਆਖਰੀ ਹੈ। ਉਸ ਵਿੱਚ ਲੇਖਕ ਨੇਂ ੫੭ਗੁਰ ਸ਼ਬਦਾਂ ਦਾ ਸਹਾਰਾ ਲਿਆ ਹੈ। ਉਸ ਵਿਚੋਂ ਵੀ ਆਪ ਜੀ ਤਿੰਨ ਉਦਾਹਰਨਾਂ ਦੇਖੋ ਜੀ-

ਗੋਪਾਲ ਤੇਰਾ ਆਰਤਾ।।

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ।। (ਧੰਨਾ-੬੯੫)

ਇਸ ਸ਼ਬਦ ਦੇ ਰੋਜਾਨਾਂ ੧੦੧ਪਾਠ ੪੧ ਦਿਨ ਕਰਨ ਨਾਲ ਨੇਕ ਇਸਤਰੀ ਤੇ ਘਰੇਲੂ ਵਸਤਾਂ ਦੀ ਪ੍ਰਾਪਤੀ ਹੁੰਦੀ ਹੈ।

ਲੇਖਕ ਨੂੰ ਔਰਤ ਵਿੱਚ ਤੇ ਘਰ ਦੀਆਂ ਚੀਜਾਂ ਵਿੱਚ ਕੋਈ ਫਰਕ ਨਜਰ ਨਹੀਂ ਆਇਆ। ਉਹ ਔਰਤ ਨੂੰ ਹੋਰ ਵਸਤਾਂ ਨਾਲ ਹੀ ਤੁਲਨਾਂ ਦਿੰਦਾ ਹੈ।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ।।

ਏ ਤ੍ਰੈ ਭੈਣੇ ਵੇਸ ਕਰ ਤਾਂ ਵਸਿ ਆਵੀ ਕੰਤ।। (ਸਲੋਕ ਫਰੀਦ ਜੀ ੧੩੮੪)

ਇਸ ਸ਼ਬਦ ਦੇ ਰੋਜਾਨਾਂ ਪਾਠ ਕਰਨ ਨਾਲ ਪਤੀ ਹਮੇਸ਼ਾਂ ਵੱਸ ਵਿੱਚ ਰਹਿੰਦਾ ਹੈ।

ਲੇਖਕ ਨੂੰ ਚਾਹੀਦਾ ਸੀ ਕਿ ਨਾਲ ਹੀ ਕੋਈ ਹੋਰ ਸ਼ਬਦ ਵੀ ਲਿਖ ਦਿੰਦਾ ਜਿਸਤੋਂ ਪਤਨੀਂ ਵੱਸ ਵਿੱਚ ਆ ਜਾਂਦੀ ਸਿੱਧ ਹੁੰਦਾ। ਇਥੇ ਅਰਥ ਕੀ ਹੈ ਉਹਦੇ ਨੇੜ੍ਹੇ ਤੇੜ੍ਹੇ ਵੀ ਇਹ ਅਖੌਤੀ ਲੇਖਕ ਨਹੀਂ ਗਿਆ। ਤੇ ਐਵੇਂ ਜਿੱਦਾਂ ਦਿਲ ਕੀਤਾ ਬਸ ਜਬਲੀਆਂ ਮਾਰੀ ਗਿਆ ਹੈ। ਧੰਨ ਹੈ ਉਹ ਪ੍ਰੈਸ ਜਿੰਨੇਂ ਇਹ ਕਿਤਾਬ ਨੂੰ ਛਾਪਣ ਦੀ ਕਿਰਪਾ ਕੀਤੀ। ਆਉ ਇਸਦੇ ਅਰਥਾਂ ਨਾਲ ਸਾਂਝ ਪਾਈਏ ਜੀ, ਇਸ ਸਲੋਕ ਤੋਂ ਪਹਿਲਾ ਸਲੋਕ ਜਾਣਨਾਂ ਵੀ ਬੜ੍ਹਾ ਜਰੂਰੀ ਹੈ ਉਹ ਸਲੋਕ ਹੈ-

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ।।

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ।। (ਫਰੀਦ-੧੩੮੪)

ਹੇ ਭੈਣ ਉਹ ਕਿਹੜਾ ਅੱਖਰ ਹੈ, ਉਹ ਕਿਹੜ੍ਹਾ ਗੁਣ ਹੈ, ਉਹ ਕਿਹੜ੍ਹਾ ਸ਼੍ਰੋਮਣੀਂ ਮੰਤ੍ਰ ਹੈ, ਉਹ ਕਿਹੜ੍ਹਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ (ਪ੍ਰਮਾਤਮਾਂ) ਮੇਰੇ ਵੱਸ ਵਿੱਚ ਆ ਜਾਵੇ।

ਅਗਲੇ ਸਲੋਕ ਵਿੱਚ ਇਸਦਾ ਜੁਵਾਬ ਹੈ-

ਨਿਵਣੁ ਸੁ ਅਖਰੁ----ਭਾਵ-ਹੇ ਭੈਣ ਨਿਉਣਾਂ ਅੱਖਰ ਹੈ, ਸਹਾਰਨਾਂ ਗੁਣ ਹੈ, ਮਿੱਠਾ ਬੋਲਣਾਂ ਸ਼੍ਰੋਮਣੀਂ ਮੰਤ੍ਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ ਮੇਰਾ ਖਸਮ ਤੇਰੇ ਵੱਸ ਵਿੱਚ ਆ ਜਾਏਗਾ।

ਕਮਾਲ ਦੀ ਗੱਲ ਹੈ, ਕਿਧਰ ਦੀ ਗੱਲ ਕਿਧਰ ਇਹ ਲੇਖਕ ਲਈ ਜਾਂਦਾ ਹੈ। ਗੱਲ ਹੈ ਪ੍ਰਮਾਤਮਾਂ ਰੂਪ ਪਤੀ ਨੂੰ ਪਉਣ ਦੀ, ਤੇ ਲੇਖਕ ਪਤਨੀਆਂ ਨੂੰ ਇਹ ਸਿਖਿਆ ਦੇ ਰਿਹਾ ਹੈ ਕਿ ਤੁਸੀ ਆਹ ਸ਼ਬਦ ਦਾ ਜਾਪ ਕਰੋ ਪਤੀ ਹਮੇਸ਼ਾ ਤੁਹਾਡੇ ਵੱਸ ਵਿੱਚ ਹੀ ਰਹੇਗਾ। ਜੇ ਕੋਈ ਮੇਰੇ ਵਰਗਾ ਇਹ ਪੁੱਛ ਲਵੇ ਕਿ ਭਰਾਵਾ ਪਤਨੀ ਨੂੰ ਵੱਸ ਵਿੱਚ ਕਰਨ ਦਾ ਵੀ ਕੋਈ ਮੰਤ੍ਰ ਸਾਨੂੰ ਦੇਦੇ ਤਾਂ ਸ਼ਾਇਦ ਵਿਚਾਰੇ ਲੇਖਕ ਨੂੰ ਭੱਜਣ ਨੂੰ ਕੋਈ ਰਾਹ ਹੀ ਨਾਂ ਮਿਲੇ ਕਿਉਂਕਿ ਝੂਠ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਗੁਰਬਾਣੀਂ ਦਾ ਇਸਤਿਮਾਲ ਅਸੀਂ ਕਿਸੇ ਨੂੰ ਵੱਸ ਵਿੱਚ ਕਰਨ ਲਈ ਨਹੀਂ ਕਰਨਾਂ ਸਗੋਂ ਆਪਣੇਂ ਮਨ ਨੂੰ ਵਸ ਵਿੱਚ ਕਰਨ ਲਈ ਤੇ ਸੱਚ ਦਾ ਰੂਪ ਹੋ ਜਾਣ ਲਈ ਕਰਨਾਂ ਹੈ। ਇੱਕ ਜਗ੍ਹਾ ਹੋਰ ਦੇਖੋ-

ਸੂਕੇ ਹਰੇ ਕੀਏ ਖਿਨ ਮਾਹੇ।।

ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ।। (੧੯੧)

ਇਸ ਸ਼ਬਦ ਦੇ ਸਵਾ ਮਹੀਨਾਂ ਪਾਠ ਕਰਨ ਨਾਲ ਸੁੱਕੇ ਬੱਚੇ ਅਰੋਗ ਹੋ ਜਾਂਦੇ ਹਨ। ਦੁਖਭੰਜਨੀਂ ਸਾਹਿਬ (ਭਾਵ ਦੁਖਭੰਜਨੀਂ ਬੇਰੀ) ਤੋਂ ਲੈਕੇ ਜਲ ਦੇ ਛਿਟੇ ਮਾਰੋ, ਗੁਰੂ ਦੀ ਕ੍ਰਿਪਾ ਨਾਲ ਕਸ਼ਟ ਕੱਟੇ ਜਾਂਦੇ ਹਨ।

ਇਸ ਸ਼ਬਦ ਦਾ ਅਰਥ ਹੈ ਗੁਰੂ ਇੱਕ ਖਿਨ ਵਿੱਚ ਆਤਮਿਕ ਜੀਵਨ ਦੇ ਰਸ ਤੋਂ ਸੁੱਕ ਚੁੱਕੇ (ਜਿੰਨ੍ਹਾਂ ਅੰਦਰ ਆਤਮਿਕ ਰਸ ਨਹੀਂ ਰਿਹਾ) ਮਨੁੱਖਾਂ ਨੂੰ ਹਰੇ ਬਣਾਂ ਦਿੰਦਾ ਹੈ (ਭਾਵ ਆਤਮਿਕ ਜੀਵਨ ਵਾਲੇ ਬਣਾਂ ਦਿੰਦਾ ਹੈ) ਗੁਰੂ ਨਾਮ ਜਲ ਸਿੰਜ ਕੇ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲੀ ਨਿਗਾਹ ਕਰਕੇ ਆਤਮਿਕ ਜੀਵਨ ਬਖਸ਼ਦਾ ਹੈ।

ਇੱਕ ਤਾਂ ਸਾਡੀ ਕੌਮ ਵਿੱਚ ਅਗਿਆਨਤਾ ਇੰਨੀਂ ਜਿਆਦਾ ਹੈ ਕਿ ਜੋ ਵੀ ਕੋਈ ਕਹਿੰਦਾ ਹੈ ਤੁਰੰਤ ਉਸਦੇ ਮਗਰ ਲੱਗ ਜਾਂਦੇ ਹਨ। ਜਿਵੇਂ ਆਹ ਦਰਬਾਰ ਸਾਹਿਬ ਵਿੱਚ ਲੱਗੀ ਕਥਿਤ ਦੁਖ ਭੰਜਨੀਂ ਬੇਰੀ ਦਾ ਰੌਲਾ ਹੈ। ਜੇਕਰ ਸਾਰੇ ਦੁਖ ਇਸ ਬੇਰੀ ਨੇਂ ਹੀ ਦੂਰ ਕਰ ਦੇਣੇ ਹਨ ਤਾਂ ਫਿਰ ਰੱਬ ਨੂੰ ਪੂਜਣ ਦੀ ਕੀ ਲੋੜ੍ਹ ਹੈ। ਕਿੰਨੀਂ ਹੈਰਾਨੀਂ ਦੀ ਗੱਲ ਹੈ ਕਿ ਸੱਚ ਘਰ ਵਿੱਚ ਅੱਜ ਸਿੱਖ ਅਗਿਆਨਤਾ ਵੱਸ ਝੂਠ ਦੀ ਪੂਜਾ ਕਰ, ਤੇ ਕਰਵਾ ਰਹੇ ਹਨ। ਕਿਥੇ ਇਹ ਸਾਡੇ ਆਗੂ ਤੇ ਅਸੀਂ ਲੇਖਾ ਦੇਵਾਂਗੇ ਜੋ ਇਤਨਾਂ ਧ੍ਰੋਹ ਅਸੀਂ ਗੁਰੂ ਮਹਾਰਾਜ ਦੀ ਸੋਚ ਨਾਲ ਕਮਾ ਰਹੇ ਹਾਂ। ਸਤਿਗੁਰੂ ਕਿਰਪਾ ਕਰੇ ਸਿੱਖਾਂ ਨੂੰ ਸੱਚ ਦੀ ਸਮਝ ਆਵੇ ਤੇ ਸੱਚੇ ਦਿਲੋ ਅਸੀਂ ਗੁਰਬਾਣੀਂ ਦੇ ਨਾਲ ਜੁੜ੍ਹ ਸਕੀਏ। ਸ਼ਰਧਾ ਪੂਰਨ ਜੋ ਕਿ ਇੱਕ ਕਿਸੇ ਬ੍ਰਾਹਮਣੀਂ ਸੋਚ ਦੇ ਅਧੀਨ ਲੇਖਕ ਦਾ ਲਿਖਿਆ ਹੋਇਆ ਗ੍ਰੰਥ ਹੈ, ਇਸਦੀ ਵਿਚਾਰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ। ਦਾਸ ਦਾ ਖਿਆਲ ਹੈ ਜਿੰਨਾਂ ਨੇਂ ਵੀ ਇਹ ਚੱਲ ਰਹੇ ਲੇਖਾਂ ਦੀ ਵਿਚਾਰ ਨੂੰ ਕਿਸੇ ਪੱਖ ਪਾਤ ਤੋਂ ਉਚਾ ਉਠਕੇ ਪੜ੍ਹਿਆ ਹੋਵੇਗਾ ਉਹ ਕਦੇ ਵੀ ਐਸੀਆਂ ਮਨਘੜ੍ਹਤ ਤੇ ਬਕਵਾਸ ਗੱਲਾਂ ਪਿਛੇ ਨਹੀਂ ਲੱਗੇਗਾ। ਗੁਰੂ ਕਿਰਪਾ ਕਰੇ ਅਸੀਂ ਮਾਇਆ ਮੋਹ ਤੇ ਬ੍ਰਾਹਮਣਵਾਦ ਦੀ ਨੀਂਦ ਵਿੱਚੋਂ ਜਾਗ ਸਕੀਏ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

095921-96002

098721-18848




.