.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੨੬)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੨੦ ਦਾ ਮੂਲ ਪਾਠ, ਸਲੋਕਾਂ ਸਮੇਤ).

ਸਲੋਕ ਮਃ ੧॥ ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥ ੧ 

ਮਃ ੧॥ ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ॥ ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ॥ ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ॥ ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ॥ ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ ੨ 

ਪਉੜੀ॥ ਜੀਵਦਿਆ ਮਰੁ ਮਾਰਿ ਨ ਪਛੋਤਾਈਐ॥ ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ॥ ਸਚਿ ਨ ਧਰੇ ਪਿਆਰੁ ਧੰਧੈ ਧਾਈਐ॥ ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ॥ ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥ ਆਪੇ ਦੇਇ ਪਿਆਰੁ ਮੰਨਿ ਵਸਾਈਐ॥ ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ॥ ਗੁਰ ਪਰਸਾਦੀ ਬੁਝਿ ਸਚਿ ਸਮਾਈਐ॥ ੨੦ 

(ਸਟੀਕ ਪਉ: ੨੦-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮ: ੧॥ ਨਾਨਕ ਗੁਰੁ ਸੰਤੋਖੁ ਰੁਖੁ, ਧਰਮੁ ਫੁਲੁ, ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ, ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ, ਦਾਨਾ ਕੈ ਸਿਰਿ ਦਾਨੁ॥ ੧॥ {ਪੰਨਾ ੧੪੭}

ਪਦ ਅਰਥ: ਗੁਰੁ ਸੰਤੋਖੁ—ਸੰਤੋਖ-ਸਰੂਪ ਗੁਰੂ। ਗੁਰੁ ਸੰਤੋਖੁ ਰੁਖ…. ਗੁਰੂ, ਮਾਨੋ ਸੰਤੋਖ ਦਾ ਬਿਰਖ ਹੈ। ਰਸਿ—ਰਸ ਨਾਲ, ਪ੍ਰਭੂ ਪਿਆਰ ਦੇ ਰਸ ਨਾਲ। ਰਸਿਆ—ਪੂਰਨ ਤੌਰ `ਤੇ ਪ੍ਰਭੂ ਪਿਆਰ ਵਾਲੇ ਰਸ ਨਾਲ ਭਰਿਆ ਹੋਇਆ। ਪਕੈ—ਪੱਕਦਾ ਹੈ, ਗਿਆਨ ਰੂਪੀ ਫਲ ਪੱਕਦਾ ਹੈ। ਕਰਮਿ—ਪ੍ਰਭੂ ਦੀ ਬਖ਼ਸ਼ਸ਼। ਧਿਆਨਿ—ਧਿਆਨ ਦੀ ਰਾਹੀਂ, ਧਿਆਨ ਜੋੜਿਆਂ। ਖਾਦਾ—ਖਾਣ ਵਾਲਾ, ਗਿਆਨ-ਫਲ ਨੂੰ ਖਾਣ ਵਾਲਾ। ਲਹੈ— ਲੈਂਦਾ ਹੈ, ਮਾਣਦਾ ਹੈ, ਲਾਹਾ ਲੈਂਦਾ ਹੈ, ਲਾਭ ਲੈਂਦਾ ਹੈ, ਅਨੰਦ ਮਾਣਦਾ ਹੈ। ਪਤਿ ਕੇ ਸਾਦ ਲਹੈ—ਪ੍ਰਭੂ ਪਤੀ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਦਾਨਾ ਕੈ ਸਿਰਿ ਦਾਨੁ —ਸਭ ਤੋਂ ਸ੍ਰੇਸ਼ਟ ਦਾਨੁ, ਕਰਤੇ ਪ੍ਰਭੂ ਦੀ ਬਖ਼ਸ਼ਿਸ਼।

ਵਿਸ਼ੇਸ਼ ਨੋਟ- ਧਿਆਨ ਰਹੇ! ਗੁਰਬਾਣੀ `ਚ ਜਦੋਂ ਤੇ ਜਿੱਥੇ ਵੀ ਮਨੁੱਖ ਮਾਤ੍ਰ ਦੇ ਗੁਰੂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਜ਼ਿਕਰ ਕਦੇ ਵੀ ਕਿਸੇ ਸਰੀਰ ਗੁਰੂ ਲਈ ਨਹੀਂ ਹੁੰਦਾ। ਬਲਕਿ ਉਹ ਕੇਵਲ ਤੇ ਕੇਵਲ ਸ਼ਬਦ ਅਥਵਾ ਆਤਮਕ ਗੁਰੂ ਸਬੰਧੀ ਹੀ ਹੁੰਦਾ ਹੈ। ਉਸ ਸ਼ਬਦ ਗੁਰੂ ਸਬੰਧੀ ਜਿਹੜਾ ਕਿ ਕਰਤੇ ਅਕਾਲ ਪੁਰਖ ਤੋਂ ਭਿੰਨ ਨਹੀਂ। ਉਹ ਕਰਤੇ ਪ੍ਰਭੂ ਦਾ ਹੀ ਇਕੋ ਇੱਕ ਤੇ ਨਿਜ ਗੁਣ ਹੁੰਦਾ ਹੈ। ਅਜਿਹਾ ਨਿਜ ਗੁਣ ਜਿਸ ਤੋਂ ਬਿਨਾ ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਹੀ ਸੰਭਵ ਨਹੀਂ। ਦੂਜਾ, ਇਹ ਆਤਮ ਗਿਆਨ, ਨਿਰਾ ਪੁਰਾ ਇਲਾਹੀ ਤੇ ਕਰਤੇ ਪ੍ਰਭੂ ਦਾ ਹੀ ਮਿਲਾਵਾ ਨਹੀਂ ਬਲਕਿ ਜੀਵ ਨੂੰ ਕਰਤੇ ਦੀ ਬਖ਼ਸ਼ਿਸ਼ ਵੀ ਇਸੇ ਤੋਂ ਹੀ ਪ੍ਰਾਪਤ ਹੁੰਦੀ ਹੈ। ਤੀਜਾ, ਦਸ ਪਾਤਸ਼ਾਹੀਆਂ ਉਪ੍ਰੰਤ ਅਜੋਕੇ ਸਮੇਂ ਜੁਗੋ ਜੁਗ ਅਟਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸੇ ਅਕਾਲ ਪੁਰਖੀ ਨਿਜ ਗੁਣ ਦਾ ਹੀ ਸਰੀਰਕ ਤੇ ਅਖਰ ਰੂਪ ਪ੍ਰਗਟਾਵਾ ਹਨ। ਦਰਅਸਲ ਇਸ ਸਲੋਕ ਤੇ ਪਉੜੀ ਅੰਦਰ ਵੀ ਉਸੇ ਇਕੋ ਇੱਕ ਤੇ ਸਦੀਵੀ ਗੁਰੂ ਸਬੰਧੀ ਹੀ ਗੱਲ ਹੋ ਰਹੀ ਹੈ, ਨਾ ਕਿ ਕਿਸੇ ਸੰਸਾਰਕ ਜਾਂ ਸਰੀਰਕ ਗੁਰੂ ਸਬੰਧੀ।

ਅਰਥ: “ਨਾਨਕ ਗੁਰੁ ਸੰਤੋਖੁ ਰੁਖੁ” ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਜੇਕਰ ਉਸ ਸ਼ਬਦ ਗੁਰੂ ਨੂੰ ਹੀ ਪੂਰਨ ਸੰਤੋਖ ਦਾ ਬਿਰਖ ਮੰਨ ਲਿਆ ਜਾਵੇ ਤਾਂ

“ਧਰਮੁ ਫੁਲੁ, ਫਲ ਗਿਆਨੁ” ਸੰਤੋਖ ਦਾ ਪ੍ਰਗਟਾਵਾ ਉਸ ਗੁਰੂ ਸਰੂਪ ਬਿਰਖ ਨੂੰ ਜਿਹੜੇ ਫੁਲ ਲਗਣ ਗੇ ਉਹ ਵੀ ਸੱਚ ਧਰਮ ਦੇ ਹੀ ਲਗਣਗੇ।

ਇਸ ਤਰ੍ਹਾਂ ਅਜਿਹੇ ਫੁਲ ਜਦੋਂ ਫਲਾਂ ਦਾ ਰੂਪ ਧਾਰਨ ਕਰਣ ਗੇ ਤਾਂ ਉਹ ਇਲਾਹੀ ਗਿਆਨ ਵਾਲਾ ਫਲ ਹੀ ਹੋਵੇਗਾ।

“ਰਸਿ ਰਸਿਆ ਹਰਿਆ ਸਦਾ” ਇਸ ਤਰ੍ਹਾਂ ਗੁਰੂ ਸਰੂਪ ਇਹ ਰੁਖ ਹਰ ਸਮੇਂ ਪ੍ਰੇਮ ਰਸ ਨਾਲ ਹੀ ਭਰਿਆ ਰਹਿੰਦਾ ਹੈ ਅਤੇ ਇਸੇ ਕਾਰਨ ਇਹ ਸਦਾ ਹੀ ਭਾਵ ਬਾਰਾਂ ਮਹੀਨੇ ਹਰਾ ਭਰਾ ਰਹਿੰਦਾ ਹੈ।

ਪਕੈ ਕਰਮਿ ਧਿਆਨਿ” ਇਸ ਤਰ੍ਹਾਂ ਇਸ ਗੁਰੂ ਸਰੂਪ ਰੁਖ ਦੀ ਰਸੀਲੀ ਹਰਿਆਵਲ ਸਦਕਾ ਹੀ ਇਸ ਬਿਰਖ ਦੇ ਨੇੜੇ ਆਉਣ ਵਾਲੇ ਹਰੇਕ ਜਗਿਆਸੂ ਦਾ, ਕਰਤੇ ਦੀ ਹੀ ਬਖ਼ਸ਼ਿਸ਼ ਨਾਲ ਧਿਆਨ ਵੀ ਪ੍ਰਭੂ ਚਰਨਾਂ `ਚ ਜੁੜਣ ਲੱਗ ਜਾਂਦਾ ਹੈ ਭਾਵ ਉਸ ਦੇ ਮਨ ਦੀ ਚੰਚਲਤਾ ਵੀ ਮੁੱਕਣੀ ਸ਼ੁਰੂ ਹੋ ਜਾਂਦੀ ਹੈ।

“ਪਤਿ ਕੇ ਸਾਦ ਖਾਦਾ ਲਹੈ” ਉਪ੍ਰੰਤ ਇਸ ਗਿਆਨ-ਫਲ ਨੂੰ ਖਾਣ ਤੇ ਇਸ ਦੇ ਰਸ ਨੂੰ ਮਾਨਣ ਵਾਲਾ ਜਗਿਆਸੂ, ਪ੍ਰਭੂ ਬਖ਼ਸ਼ਿਸ਼ ਦਾ ਪਾਤ੍ਰ ਹੋ ਕੇ, ਪ੍ਰਭੂ ਮਿਲਾਪ ਵਾਲਾ ਲਾਹਾ ਵੀ ਲੈਂਦਾ ਹੈ।

“ਦਾਨਾ ਕੈ ਸਿਰਿ ਦਾਨੁ” ਦਰਅਸਲ ਮਨੁੱਖ ਲਈ ਪ੍ਰਭੂ-ਦਰ ਤੋਂ ਇਹੀ ਸਭ ਤੋਂ ਵੱਡੀ ਬਖ਼ਸ਼ਿਸ਼ ਹੁੰਦੀ ਹੈ। ੧।

ਗੁਰਮੱਤ ਵਿਚਾਰ ਦਰਸ਼ਨ-੧. ਸਲੋਕ `ਚ ਗੁਰਦੇਵ ਸਪਸ਼ਟ ਕਰਦੇ ਹਨ, ਜਿਉਂ ਜਿਉਂ ਮਨੁੱਖ ਦਾ ਜੀਵਨ ਗੁਰੂ ਗਿਆਨ ਦੇ ਨੇੜੇ ਆਉਂਦਾ ਹੈ। ਜਗਿਆਸੂ ਦੇ ਜੀਵਨ ਅੰਦਰ ਗੁਰੂ ਗਿਆਨ ਦੀ ਕਮਾਈ ਹੁੰਦੀ ਜਾਂਦੀ ਹੈ ਤੇ ਜੀਵਨ ਹਉਮੈ ਆਦਿ ਵਿਕਾਰਾਂ, ਸੰਸਾਰਕ ਰਸਾਂ ਕਸਾਂ ਤੇ ਮਨ `ਚ ਚੰਚਲਤਾ ਦੇ ਬਦਲੇ ਟਿਕਾਅ ਆਉਣ ਲੱਗਦਾ ਹੈ। ਜੀਵਨ `ਚੋਂ ਤ੍ਰਿਸ਼ਨਾ ਵਾਲੀ ਭੁਖ ਮਰਦੀ ਜਾਂਦੀ ਹੈ ਤੇ ਸੰਤੋਖ ਆਉਂਦਾ ਜਾਂਦਾ ਹੈ।

ਅਜਿਹੇ ਸੰਤੋਖ ਦਾ ਹੀ ਨਤੀਜਾ ਹੁੰਦਾ ਹੈ ਕਿ ਗੁਰੂ ਦੀ ਬਖ਼ਸ਼ਿਸ਼ ਸਦਕਾ ਜੀਵਨ `ਚ ਸੱਚ ਗਿਆਨ ਵਾਲਾ ਰਸ ਪੈਦਾ ਹੁੰਦਾ ਹੈ। ਜੀਵਨ ਅੰਦਰ ਪ੍ਰਗਟ ਹੋਏ ਇਸੇ ਰੱਬੀ ਗਿਆਨ ਤੋਂ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜੀਵਨ ਅੰਦਰ ਕਰਤੇ ਦੀ ਬਖ਼ਸ਼ਿਸ਼ ਦਾ ਅਨੰਦ ਪ੍ਰਾਪਤ ਹੋ ਰਿਹਾ ਹੈ। ਦਰਅਸਲ ਪ੍ਰਭੂ ਦੀ ਬਖ਼ਸ਼ਿਸ ਵਾਲੀ ਜੀਵਨ ਦੀ ਇਹੀ ਅਵਸਥਾ ਹੀ ਹੈ ਜਿਸ ਦੀ ਪ੍ਰਾਪਤੀ ਲਈ ਮਨੁੱਖਾ ਜਨਮ ਮਿਲਦਾ ਹੈ।

੨.”ਰਸਿ ਰਸਿਆ ਹਰਿਆ ਸਦਾ” ਸੰਸਾਰ ਤਲ `ਤੇ ਅਜੇ ਤੱਕ ਕੋਈ ਅਜਿਹੀ ਖੇਤੀ ਤੇ ਉਪਜ ਨਹੀਂ ਜਿਹੜੀ ਸਾਲ ਭਰ ਇਕੋ ਜਿਹਾ ਰਸ ਦੇਵੇ ਤੇ ਜਿਸ ਦੀ ਸਾਲ ਭਰ ਇਕੋ ਜਿਹੀ ਪੈਦਾਵਾਰ ਹੋਵੇ। ਤਾਂ ਤੇ ਦੇਖਣ ਦੀ ਗੱਲ ਹੈ ਕਿ ਪ੍ਰਭੂ ਰਸ ਦੀ ਵਿਸ਼ੇਸ਼ਤਾ ਬਿਆਣ ਕਰਦੇ ਹੋਏ ਗੁਰਦੇਵ ਫ਼ੁਰਮਾਅ ਰਹੇ ਹਨ ਕਿ ਸੰਸਾਰ ਤਲ `ਤੇ ਕੇਵਲ ਸ਼ਬਦ ਗੁਰੂ ਇਕੋ ਇੱਕ ਅਜਿਹੀ ਹਸਤੀ ਹੈ ਜਿਹੜਾ ਖ਼ੁਦ ਵੀ ਸਦਾ ਅਤੇ ਸਾਲ ਭਰ ਪਭੂ ਰਸ ਨਾਲ ਭਰਿਆ ਰਵੇ ਤੇ ਜਿਸ ਤੋਂ ਜਗਿਆਸੂ ਨੂੰ ਵੀ ਸਦਾ ਹੀ ਪ੍ਰਭੂ ਰਸ ਪ੍ਰਾਪਤ ਹੁੰਦਾ ਰਵੇ। ਇਸ ਲਈ ਸਲੋਕ ਵਿਚਲੀ “ਰਸਿ ਰਸਿਆ ਹਰਿਆ ਸਦਾ” ਵਾਲੀ ਪੰਕਤੀ ਵਿਸ਼ੇਸ਼ ਧਿਆਨ ਮੰਗਦੀ ਹੈ।

ਮ: ੧॥ ਸੁਇਨੇ ਕਾ ਬਿਰਖੁ, ਪਤ ਪਰਵਾਲਾ, ਫੁਲ ਜਵੇਹਰ ਲਾਲ॥ ਤਿਤੁ, ਫਲ ਰਤਨ ਲਗਹਿ ਮੁਖਿ ਭਾਖਿਤ, ਹਿਰਦੈ ਰਿਦੈ ਨਿਹਾਲੁ॥ ਨਾਨਕ ਕਰਮੁ ਹੋਵੈ ਮੁਖਿ ਮਸਤਕਿ, ਲਿਖਿਆ ਹੋਵੈ ਲੇਖੁ॥ ਅਠਸਠਿ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖੁ॥ ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ ਨਾਨਕਾ, ਤਰੀਐ ਕਰਮੀ ਲਗਿ॥ ੧॥ {ਪੰਨਾ ੧੪੭}

ਪਦ ਅਰਥ: ਬਿਰਖੁ—ਰੁੱਖ। ਪਤ—ਪੱਤਰ। ਪਰਵਾਲਾ—ਮੂੰਗਾ, ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼। ਤਿਤੁ—ਉਸ ਨੂੰ, ਗੁਰੂ-ਰੂਪ ਰੁੱਖ ਨੂੰ। ਮੁਖਿ ਭਾਖਿਤ—ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ—ਪ੍ਰਸੰਨ। ਕਰਮੁ—ਬਖ਼ਸ਼ਸ਼। ਮੁਖਿ—ਮੂੰਹ ਤੇ। ਮਸਤਕਿ—ਮੱਥੇ `ਤੇ। ਅਠਸਠਿ—ਅਠਾਹਠ। ਵਿਸੇਖੁ—ਵਿਸ਼ੇਸ਼, ਵਧੀਆ, ਸੋਝੀਵਾਣ। ਹੰਸੁ—ਨਿਰਦਇਤਾ। ਹੇਤੁ—ਮੋਹੁ। ਕੋਪੁ—ਗੁੱਸਾ। ਦਝਹਿ—ਸੜਦੇ ਹਨ। ਕਰਮੀ—ਬਖ਼ਸ਼ਸ਼ ਦੁਆਰਾ। ਲਗਿ—ਚਰਨੀਂ ਲੱਗ ਕੇ।

ਵਿਸ਼ੇਸ਼ ਨੋਟ-ਦੇਖਿਆ ਜਾਵੇ ਤਾਂ ਕਰਤੇ ਦੀ ਰਚਨਾ `ਚ ਸੋਨਾ ਤੇ ਚਾਂਦੀ ਦੋ ਅਜਿਹੀਆਂ ਧਾਤੂਆਂ ਹਨ, ਜਦੋਂ ਚਾਹੋ ਇਨ੍ਹਾਂ ਨੂੰ ਬਿਨਾ ਖੋਟ ਤੇ ਇਨ੍ਹਾਂ ਦੇ ਅਸਲ ਰੂਪ `ਚ ਪ੍ਰਗਟ ਕੀਤਾ ਜਾ ਸਕਦਾ ਹੈ, ਉਦੋਂ ਇਨ੍ਹਾਂ `ਚ ਰੱਤੀ ਭਰ ਵੀ ਮਿਲਾਵਟ ਬਾਕੀ ਨਹੀਂ ਰਹਿੰਦੀ। ਇਸੇ ਤਰ੍ਹਾਂ ਸਲੋਕ `ਚ ਗੁਰਦੇਵ, ਗੁਰੂ ਨੂੰ ਸੋਨੇ ਦਾ ਬਿਰਖ ਦੱਸ ਰਹੇ ਹਨ। ਫ਼ਿਰ ਸੋਨੇ ਦਾ ਵੀ ਅਜਿਹਾ ਬਿਰਖ ਜਿਸ `ਚ ਰੱਤੀ ਭਰ ਵੀ ਖੋਟ ਨਹੀਂ ਤੇ ਕਿਉਂਕਿ ਉਸਦਾ ਬਾਕੀ ਵਿਸਤਾਰ ਵੀ ਮੂੰਗੇ, ਹੀਰੇ, ਮੂੰਗੇ, ਲਾਲਾਂ ਜਵਾਹਰਾਂ ਵਾਲਾ ਹੀ ਬਿਆਣਿਆ ਹੈ। ਇਸ ਤਰ੍ਹਾਂ ਉਸ ਬਿਰਖ ਦੇ ਵਿਸਤਾਰ ਸਬੰਧੀ ਜਿਹੜੀ ਮੂੰਗੇ, ਹੀਰੇ, ਲਾਲਾਂ, ਜਵਾਹਰਾਂ ਆਦਿ ਦੀ ਗੱਲ ਕੀਤੀ ਹੈ, ਉਹ ਵੀ ਸੰਸਾਰ ਤਲ `ਤੇ ਅਤੇ ਸਦਾ ਤੋਂ ਅਜਿਹੀਆਂ ਕੀਮਤੀ ਵਸਤਾਂ ਹਨ ਜਿਨ੍ਹਾਂ ਦੀ ਨਕਲ ਤਾਂ ਹੁੰਦੀ ਹੈ ਪਰ ਇਨ੍ਹਾਂ `ਚ ਮਿਲਾਵਟ ਨਹੀਂ ਕੀਤੀ ਜਾ ਸਕਦੀ। ਬਾਕੀ ਇਸ ਸਲੋਕ ਨਾਲ ਸਬੰਧਤ “ਗੁਰਮੱਤ ਵਿਚਾਰ ਦਰਸ਼ਨ” `ਚ ਜਾ ਕੇ ਦੇਖਾਂਗੇ ਕਿ ਗੁਰਦੇਵ ਰਾਹੀਂ ਸਲੋਕ `ਚ ਸ਼ਬਦ ‘ਗੁਰੂ ਗੁਰਬਾਣੀ’ ਨਾਲ ਅਜਿਹੀ ਸੰਸਾਰਕ ਵਸਤਾਂ ਦੀ ਸਮਾਨਤਾ ਕਿਸ ਪੱਖ ਤੋਂ ਕੀਤੀ ਸਾਬਤ ਹੁੰਦੀ ਹੈ?

ਅਰਥ: “ਸੁਇਨੇ ਕਾ ਬਿਰਖੁ, ਪਤ ਪਰਵਾਲਾ, ਫੁਲ ਜਵੇਹਰ ਲਾਲ” ਗੁਰੂ, ਮਾਨੋ, ਸੋਨੇ ਦਾ ਰੁੱਖ ਹੈ ਅਤੇ ਉਸ ਦੇ ਉਪਦੇਸ਼ (ਮੂੰਗਾ, ਸ੍ਰੇਸ਼ਟ ਬਚਨ) ਉਸ ਬਿਰਖ ਦੇ ਪੱਤੇ ਹਨ। ਉਪ੍ਰੰਤ ਇਸ ਬਿਰਖ ਨੂੰ ਜਿਹੜੇ ਫੁਲ ਪੈਂਦੇ ਹਨ ਤਾਂ ਉਹ ਫੁਲ ਵੀ ਅਸਲ `ਚ ਲਾਲ ਜਵਾਹਰ ਹੀ ਹਨ।

“ਤਿਤੁ, ਫਲ ਰਤਨ ਲਗਹਿ ਮੁਖਿ ਭਾਖਿਤ, ਹਿਰਦੈ ਰਿਦੈ ਨਿਹਾਲੁ” ਇਸ ਤਰ੍ਹਾਂ ਉਸ ਗੁਰੂ ਦੇ ਉਪਦੇਸ਼ ਜਦੋਂ ਗੁਰੂ ਦੇ ਮੁਖਾਰਬੰਦ ਤੋਂ ਨਿਕਲਦੇ ਹਨ ਉਹ ਵੀ ਕੀਮਤੀ ਮੂੰਗੇ ਤੇ ਰਤਨ ਹੀ ਹੁੰਦੇ ਹਨ॥ ਅਜਿਹੇ ਗੁਰੂ ਦੇ ਜੀਵਨ ਅਥਵਾ ਹਿਰਦੇ ਅੰਦਰ ਕਦੇ ਨਿਰਾਸ਼ਾ ਨਹੀਂ ਹੁੰਦੀ ਤੇ ਸਦਾ ਖਿੜਿਆ ਰਹਿੰਦਾ ਹੈ।

“ਨਾਨਕ ਕਰਮੁ ਹੋਵੈ ਮੁਖਿ ਮਸਤਕਿ, ਲਿਖਿਆ ਹੋਵੈ ਲੇਖੁ” ਤਾਂ ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਜਿਸ ਮਨੁੱਖ `ਤੇ ਪ੍ਰਭੂ ਦੀ ਮਿਹਰ ਹੋ ਜਾਵੇ ਭਾਵ ਜਿਹੜਾ ਜੀਵਨ ਕਰਤੇ ਦੇ ਦਰ `ਤੇ ਕਬੂਲ ਹੋ ਜਾਵੇ ਤਾਂ…

“ਅਠਸਠਿ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖੁ” ਫ਼ਿਰ ਅਜਿਹਾ ਮਨੁੱਖ, ਅਜਿਹੇ ਵਰਣਤ ਗੁਰੂ ਦੇ ਚਰਨਾਂ ਨੂੰ ਅਠਾਹਠ ਤੀਰਥਾਂ ਤੋਂ ਵੀ ਸ਼੍ਰੇਸ਼ਠ ਜਾਣ ਕੇ ਪੂਜਦਾ ਹੈ। ਸਪਸ਼ਟ ਹੈ ਕਿ ਉਹ ਕੇਵਲ ਤੇ ਕੇਵਲ ਗੁਰ ਉਪਦੇਸ਼ਾਂ ਦੀ ਕਮਾਈ ਹੀ ਕਰਦਾ ਹੈ ਅਤੇ ਇਧਰ ਉਧਰ ਹੋਰ ਕਿਸੇ ਪਾਸੇ ਨਹੀਂ ਭਟਕਦਾ।

“ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ. .” ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਨਿਰਦਇਤਾ, ਮੋਹ, ਲੋਭ ਤੇ ਕ੍ਰੋਧ—ਇਹ ਚਾਰੇ ਅੱਗ ਦੀਆਂ ਨਦੀਆਂ ਹਨ ਜਿਹੜੀਆਂ ਸੰਸਾਰ `ਚ ਹਰ ਸਮੇਂ ਚੱਲਦੀਆਂ ਹਨ।

“ਨਾਨਕਾ, ਤਰੀਐ ਕਰਮੀ ਲਗਿ” ਫ਼ਿਰ ਵੀ ਪ੍ਰਭੂ ਦੀ ਮਿਹਰ ਨਾਲ ਜਿਹੜੇ ਅਜਿਹੇ ਪ੍ਰਤਖ ਗੁਰੂ ਦੇ ਚਰਨੀਂ ਲੱਗ ਜਾਂਦੇ ਹਨ ਉਹ ਇਨ੍ਹਾਂ ਨਦੀਆਂ ਨੂੰ ਵੀ ਪਾਰ ਕਰ ਲੈਂਦੇ ਹਨ। ੨।

ਗੁਰਮੱਤ ਵਿਚਾਰ ਦਰਸ਼ਨ- ਨੁਕਤਾ-੧ ਸਲੋਕ ਵਿਚਲੇ ਮੂਲ ਵਿਸ਼ੇ ਨੂੰ ਸਮਝਣ ਲਈ, ਇਸਦੇ ਅਰਥਾਂ ਨੂੰ ਓਪਰੀ ਨਜ਼ਰ ਨਾਲ ਨਹੀਂ ਬਲਕਿ ਸਬੰਧਤ ਗੁਰਮੱਤ ਸਿਧਾਂਤ ਦੀ ਗਹਿਰਾਈ ਤੋਂ ਲੈਣਾ ਹੋਵੇਗਾ। ਇਥੇ ਵੀ ਵਿਸ਼ਾ ਠੀਕ ਉਨ੍ਹਾਂ ਹੀ ਲੀਹਾਂ `ਤੇ ਹੈ ਜਿਵੇਂ ਬਾਣੀ ਜਪੁ `ਚ ਗੁਰਦੇਵ ਫ਼ੁਰਮਾਉਂਦੇ ਹਨ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ”। ਵਿਚਾਰਣ ਦਾ ਵਿਸ਼ਾ ਹੈ ਕਿ ਗੁਰਦੇਵ ਇਥੇ ਜਿਨ੍ਹਾਂ “ਰਤਨ ਜਵਾਹਰ ਮਾਣਿਕਾਂ” ਦੀ ਗੱਲ ਕਰ ਰਹੇ ਹਨ ਉਹ ਸੰਸਾਰਕ ਵਸਤਾਂ ਨਹੀਂ, ਬਲਕਿ ਇਲਾਹੀ ਗੁਣ ਹਨ ਜਿਨ੍ਹਾਂ ਨੂੰ ਸੰਸਾਰਕ ਵਸਤਾਂ ਦੇ ਵੱਟੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਵੀ ਕਿ ਅਜਿਹੇ “ਰਤਨ ਜਵਾਹਰ ਮਾਣਿਕ” ਮਨੁੱਖ ਦੀ ਮੱਤ `ਚ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਗੁਰੂ ਦੀ ਸਿੱਖਿਆ `ਤੇ ਚੱਲ ਕੇ ਹੋ ਸਕਦੀ ਹੈ, ਉਸ ਤੋਂ ਬਿਨਾ ਨਹੀਂ। ਠੀਕ ਇਥੇ ਵੀ ਸੋਨਾ, ਹੀਰੇ ਆਦਿ ਸੰਸਾਰਕ ਵਸਤਾਂ ਨਹੀਂ ਹਨ।

ਨੁੱਕਤਾ-੨ ਦੇਖਿਆ ਜਾਏ ਤਾਂ ਸੰਸਾਰ ਤਲ `ਤੇ ਸਭ ਤੋਂ ਕੀਮਤੀ ਤੇ ਮੰਹਿਗੇ ਪਦਾਰਥ ਸੋਨਾ, ਮੂੰਗੇ, ਹੀਰੇ, ਲਾਲ, ਜਵਾਹਰ ਆਦਿ ਹੀ ਹੁੰਦੇ ਹਨ। ਜਦਕਿ ਦੂਜੇ ਪਾਸੇ ਗੁਰਬਾਣੀ ਅਨੁਸਾਰ ਕਰਤੇ ਦੀ ਬੇਅੰਤ ਰਚਨਾ `ਚ ਉਸ ਦੀਆਂ ਅਰਬਾਂ ਖਰਬਾਂ ਜੂਨਾਂ `ਚੋਂ, ਪ੍ਰਭੂ ਮਿਲਾਪ ਤੇ ਜਨਮ ਮਰਨ ਦੇ ਚੱਲ ਰਹੇ ਗੇੜ `ਚੋਂ ਨਿਕਲਣ ਲਈ, ਇਕੋ ਇੱਕ ਮਨੁੱਖਾ ਜੂਨ ਹੀ ਵਿਸ਼ੇਸ਼ ਤੇ ਕੀਮਤੀ ਜੂਨ ਹੁੰਦੀ ਹੈ। ਜੇਕਰ ਇਹ ਅਵਸਰ ਵੀ ਅਜ਼ਾਈਂ ਚਲਾ ਜਾਏ ਤਾਂ ਕਰਤਾ ਹੀ ਜਾਣਦਾ ਹੈ ਕਿ ਮਨੁੱਖਾ ਜੂਨ ਵਾਲਾ ਅਵਸਰ ਫ਼ਿਰ ਕਦੋਂ ਪ੍ਰਾਪਤ ਹੋਵੇ।

ਨੁੱਕਤਾ-੩ ਤਾਂ ਤੇ ਇਸ ਜਨਮ ਨੂੰ ਗੁਰੂ ਗਿਆਨ ਦੀ ਕਮਾਈ ਰਾਹੀਂ ਕਰਤੇ ਦੀ ਸਿਫ਼ਤ ਸਲਾਹ ਨਾਲ ਜੋੜਣਾ ਅਤੇ ਪ੍ਰਾਪਤ ਜਨਮ ਨੂੰ ਸਫ਼ਲ ਕਰਣਾ ਹੁੰਦਾ ਹੈ। ਇਹ ਵੀ ਕਿ ਸੰਸਾਰਕ ਤਲ ਦੇ ਕੀਮਤੀ ਤੋਂ ਕੀਮਤੀ ਪਦਾਰਥ ਵੀ ਮਨੁੱਖਾ ਜਨਮ ਦੇ ਇਸ ਇਕੋ ਇੱਕ ਮਕਸਦ ਦੀ ਪ੍ਰਾਪਤੀ ਲਈ ਕੰਮ ਨਹੀਂ ਆਉਂਦੇ।

ਨੁੱਕਤਾ-੪ ਗਹੁ ਨਾਲ ਵਿਚਾਰਿਆਂ, ਸਲੋਕ `ਚ ਜੋ, ਸੋਨਾ, ਹੀਰੇ, ਲਾਲ, ਜਵਾਹਰਤ ਆਦਿ ਸੰਸਾਰ ਤਲ ਦੇ ਮੰਹਿਗੇ ਪਦਾਰਥਾਂ ਨਾਮ ਆਏ ਹਨ ਉਹ ਕੇਵਲ ਤੇ ਕੇਵਲ ਉਸ ਗੁਰੂ ਦੇ ਇਲਾਹੀ ਗੁਣਾਂ ਲਈ ਵਰਤੇ ਹਨ। ਉਹ ਗੁਰੂ, ਜਿਸ ਲਈ ਫ਼ੁਰਮਾਇਆ ਹੈ “ਨਾਨਕਾ, ਤਰੀਐ ਕਰਮੀ ਲਗਿ”। ਕਿਉਂਕਿ ਸੰਸਾਰ `ਚ ਜੋ “ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ” ਜੋ ਹਰ ਸਮੇਂ ਅੱਗ ਦੀਆਂ ਨਦੀਆਂ ਚੱਲ ਰਹੀਆਂ ਹਨ ਤੇ ਲੋਕਾਈ ਜਿਨ੍ਹਾਂ `ਚ ਡੁੱਬ ਕੇ ਮਨੁੱਖਾ ਜਨਮ ਨੂੰ ਬਿਰਥਾ ਕਰ ਰਹੀ ਹੈ, ਉਨ੍ਹਾਂ ਨੂੰ ਉਸ ਗੁਰੂ ਦੇ ਚਰਨਾਂ ਨਾਲ ਜੁੜੇ ਤੇ ਪ੍ਰਭੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣੇ ਬਿਨਾ, ਪਾਰ ਕਰਣਾ ਹੀ ਸੰਭਵ ਨਹੀਂ।

ਨੁੱਕਤਾ-੫ ਇਹ ਵੀ ਕਿ ਪਹਿਲੀਆਂ ਪੰਕਤੀਆਂ `ਚ ਸੋਨਾ, ਮੂੰਗੇ, ਹੀਰੇ, ਲਾਲ, ਜਵਾਹਰਤ ਆਦਿ ਸ਼ਬਦਾਵਲੀ ਵਰਤੀ ਹੈ ਉਹ ਸੰਸਾਰਕ ਪਦਾਰਥਾਂ ਲਈ ਨਹੀਂ। ਇਹ ਵੀ ਜੇਕਰ ਸੰਸਾਰ ਤਲ ਦੇ ਸੋਨਾ, ਹੀਰੇ, ਮੂੰਗੇ, ਲਾਲਾਂ, ਜਵਾਹਰਤਾਂ ਨਾਲ “ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ” ਨਦੀਆਂ ਨੂੰ ਤਰਿਆ ਜਾ ਸਕਦਾ ਹੁੰਦਾ। ਤਾਂ ਤੇ ਉਹ ਸਾਰੇ ਪਦਾਰਥ, ਸੰਸਾਰ `ਚ ਮੌਜੂਦ ਹੁੰਦੇ ਹਨ ਤੇ ਕੋਈ ਵੀ ਧਨਾਢ ਵਿਅਕਤੀ ਸਹਿਜੇ ਹੀ ਉਨ੍ਹਾਂ ਪਦਾਰਥਾਂ ਦੀ ਵਰਤੋਂ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ। ਬਲਕਿ “ਨਾਨਕਾ, ਤਰੀਐ ਕਰਮੀ ਲਗਿ” ਸਪਸ਼ਟ ਹੈ ਕਿ ਤਾਂ ਤੇ ਉਸ ਨੂੰ ਪ੍ਰਭੂ ਦੀ ਬਖ਼ਸ਼ਿਸ਼ ਤੇ ਗੁਰੂ ਦੇ ਚਰਨਾਂ ਦੀ ਲੋੜ ਹੀ ਨਾ ਪੈਂਦੀ।

ਨੁੱਕਤਾ-੬ ਇਸ ਲਈ ਸਲੋਕ `ਚ ਸਮਝਣ ਵਾਲਾ ਮੂਲ ਵਿਸ਼ਾ ਇਹ ਹੈ ਕਿ ਮਨੁੱਖਾ ਜਨਮ ਦੇ ਮਕਸਦ ਦੀ ਸਫ਼ਲਤਾ ਲਈ ਜਿਹੜੇ ਗੁਣਾਂ ਵਾਲੇ ਗੁਰੂ ਦੀ ਲੋੜ ਹੈ। ਦਰਅਸਲ ਸਲੋਕ ਦੀਆਂ ਪਹਿਲੀਆਂ ਪੰਕਤੀਆਂ `ਚ ਉਨ੍ਹਾਂ ਇਲਾਹੀ ਗੁਣਾਂ ਲਈ ਹੀ ਸੋਨਾ, ਹੀਰੇ, ਮੂੰਗਾ, ਲਾਲ, ਜਵਾਹਰ ਆਦਿ ਸ਼ਬਦਾਵਲੀ ਵਰਤੀ ਹੈ ਨਾ ਕਿ ਸੰਸਾਰਕ ਹੀਰੇ ਜਵਾਹਰਾਤਾਂ ਆਦਿ ਲਈ। ਇਹ ਵੀ ਕਿ ਸ਼ਬਦ ਗੁਰੂ ਤੇ ਦਸ ਪਾਤਸ਼ਾਹੀਆਂ ਤੇ ਉਨ੍ਹਾਂ ਦੀ ਜਾਗਦੀ ਜੋਤ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਬਾਹਿਰ ਅਜਿਹੇ ਇਲਾਹੀ ਗੁਣ ਹੋਰ ਕਿਸੇ ਵੀ ਗੁਰੂ `ਚ ਹੋਣੇ ਸੰਭਵ ਨਹੀਂ।

ਪਉੜੀ॥ ਜੀਵਦਿਆ ਮਰੁ, ਮਾਰਿ ਨ ਪਛੋਤਾਈਐ॥ ਝੂਠਾ ਇਹੁ ਸੰਸਾਰੁ, ਕਿਨਿ ਸਮਝਾਈਐ॥ ਸਚਿ ਨ ਧਰੇ ਪਿਆਰੁ, ਧੰਧੈ ਧਾਈਐ॥ ਕਾਲੁ ਬੁਰਾ ਖੈ ਕਾਲੁ, ਸਿਰਿ ਦੁਨੀਆਈਐ॥ ਹੁਕਮੀ ਸਿਰਿ ਜੰਦਾਰੁ, ਮਾਰੇ ਦਾਈਐ॥ ਆਪਿ ਦੇਇ ਪਿਆਰੁ, ਮੰਨਿ ਵਸਾਈਐ॥ ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ॥ ਗੁਰ ਪਰਸਾਦੀ ਬੁਝਿ, ਸਚਿ ਸਮਾਈਐ॥ ੨੦॥ {ਪੰਨਾ ੧੪੭}

ਪਦ ਅਰਥ: ਮਾਰਿ—ਮਾਰ ਕੇ, ਤ੍ਰਿਸ਼ਨਾ ਨੂੰ ਮਾਰ ਕੇ, ਮਾਇਕ ਖਿੱਚਾਂ ਵੱਲੋਂ ਮਨ ਨੂੰ ਮਾਰ ਕੇ। ਮਾਰਿ ਨ ਪਛੋਤਾਈਐਮਨ ਅੰਦਰੋਂ ਮੋਹ ਮਾਇਆ ਤੇ ਤ੍ਰਿਸ਼ਨਾ ਨੂੰ ਮਾਰਨ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਜੀਵਨ ਦਾ ਅਸਲ ਰਸ ਕੀ ਹੈ? ਇਸ ਤਰ੍ਹਾਂ ਅਜਿਹਾ ਕਰਕੇ ਮਨੁੱਖ ਨੂੰ ਪਛਤਾਣਾ ਨਹੀਂ ਪੈਂਦਾ। ਝੂਠਾ ਇਹੁ ਸੰਸਾਰ … ਬਿਨਸਨਹਾਰ, ਨਾਸ਼ਵਾਨ। ਕਿਨਿ—ਕਿਸ ਨੇ ? ਕਿਸੇ ਵਿਰਲੇ ਨੇ ਹੀ। ਧਾਈਐ—ਧਾਉਂਦਾ ਹੈ, ਭਟਕਦਾ ਹੈ। ਬੁਰਾ—ਭੈੜਾ। ਖੈ—ਨਾਸ ਕਰਨ ਵਾਲਾ। ਜੰਦਾਰੁ—ਜੰਦਾਲ, ਗਵਾਰ, ਅਵੈੜਾ, ਜਿਸ ਦਾ ਕੋਈ ਸਮਾਂ ਨਹੀਂ, ਮੌਤ ਦਾ ਸੱਦਾ, ਜਮ ਭਾਵ ਮੌਤ। ਦਾਈਐ—ਦਾਉ ਲਗਾ ਕੇ। ਮੰਨਿ—ਮਨ `ਚ। ਮੁਹਤੁ—ਮੁਹੂਰਤ (ਬ੍ਰਾਹਮਣੀ ਵਿਸ਼ਵਾਸ, ਜਿਸ ਅਨੁਸਾਰ, ਮਿੱਥੇ ਸਮੇਂ `ਚ ਪਲ ਭਰ ਦਾ ਸਮਾਂ ਵੀ ਅੱਗੇ ਪਿਛੇ ਨਹੀਂ ਹੋ ਸਕਦਾ)। ਚਸਾ—ਨਿਮਖ-ਮਾਤ੍ਰ, ਅੱਖ ਦੇ ਫਲਕਾਰੇ ਜਿੰਨਾਂ ਵੀ, ਮਾਮੂਲੀ ਜਿਹਾ ਵੀ। ਵਿਲੰਮੁ—ਢਿੱਲ। ਭਰੀਐ ਪਾਈਐ—ਜਦੋਂ ਪਾਈ ਭਰ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ।

ਅਰਥ: “ਜੀਵਦਿਆ ਮਰੁ, ਮਾਰਿ ਨ ਪਛੋਤਾਈਐ” ਐ ਇਨਸਾਨ! ਤੂੰ ਆਪਣੇ ਮਨ ਅੰਦਰੋਂ ਤ੍ਰਿਸ਼ਨਾ ਅਗਣ ਨੂੰ ਜੀਊਂਦਿਆਂ ਹੀ ਮਾਰ ਲੈ, ਇਸ ਤਰ੍ਹਾਂ ਅਜਿਹਾ ਕਰਕੇ ਤੈਨੂੰ ਪਛਤਾਉਣਾ ਨਹੀਂ ਪਵੇਗਾ।

“ਝੂਠਾ ਇਹੁ ਸੰਸਾਰੁ, ਕਿਨਿ ਸਮਝਾਈਐ” ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ, ਕਿ ਇਹ ਸੰਸਾਰ ਬਿਨਸਨਹਾਰ ਹੈ ਭਾਵ ਇਥੇ ਸਦਾ ਲਈ ਕੋਈ ਵੀ ਮਨੁੱਖ ਅਥਵਾ ਵਸਤ ਨਹੀਂ ਤੇ ਸਭ ਦਾ ਅੰਤ ਹੈ।

“ਸਚਿ ਨ ਧਰੇ ਪਿਆਰੁ, ਧੰਧੈ ਧਾਈਐ” ਇਸ ਦੇ ਬਾਵਜੂਦ ਬਹੁਤਾ ਕਰਕੇ ਮਨੁੱਖ ਤ੍ਰਿਸ਼ਨਾ ਅਧੀਨ ਹੋ ਕੇ ਸੰਸਾਰਕ ਧੰਧਿਆਂ `ਚ ਹੀ ਭਟਕਦਾ ਰਹਿੰਦਾ ਹੈ ਅਤੇ ਜੀਵਨ ਦੇ ਸੱਚ ਨਾਲ ਪਿਆਰ ਨਹੀਂ ਪਾਂਦਾ।

“ਕਾਲੁ ਬੁਰਾ ਖੈ ਕਾਲੁ, ਸਿਰਿ ਦੁਨੀਆਈਐ” ਹਰ ਸਮੇਂ ਮਾਇਕ ਧੰਧਿਆਂ ਦੀ ਭਟਕਣਾ `ਚ ਫ਼ਸਿਆ ਮਨੁੱਖ, ਚੇਤੇ ਹੀ ਨਹੀਂ ਕਰਦਾ ਕਿ, ਇਸ ਸਾਰੇ ਦਾ ਨਾਸ ਕਰਨ ਵਾਲਾ ਭੈੜਾ ਕਾਲ ਤਾਂ ਦੁਨੀਆ ਦੇ ਸਿਰ `ਤੇ ਹਰ ਵੇਲੇ ਖੜਾ ਰਹਿੰਦਾ ਹੈ।

“ਹੁਕਮੀ ਸਿਰਿ ਜੰਦਾਰੁ, ਮਾਰੇ ਦਾਈਐ” ਇਹ ਜਮ ਭਾਵ ਜੀਵ ਲਈ ਪ੍ਰਭੂ ਵੱਲੌਂ ਮੌਤ ਦਾ ਸੱਦਾ ਤਾਂ ਹਰੇਕ ਦੇ ਸਿਰ `ਤੇ ਹਰ ਸਮੇਂ ਮੌਜੂਦ ਰਹਿੰਦਾ ਅਤੇ ਇਹ ਮਾਨੋ ਇਉਂ ਹੈ ਜਿਵੇਂ ਦਾਉ ਲਾ ਕੇ ਇਹ ਆਪਣਾ ਕੰਮ ਪੂਰਾ ਕਰ ਜਾਂਦਾ ਹੈ; ਮਨੁੱਖ `ਤੇ ਇਸਦਾ ਹਮਲਾ ਅਚਣਚੇਤ ਤੇ ਸੁਤੇਸਿਧ ਹੀ ਹੋ ਜਾਂਦਾ ਹੈ।

“ਆਪਿ ਦੇਇ ਪਿਆਰੁ, ਮੰਨਿ ਵਸਾਈਐ” ਤਾਂ ਤੇ ਕਰਤਾ ਪ੍ਰਭੂ ਆਪ ਬਖ਼ਸ਼ਿਸ਼ ਕਰਕੇ ਜੀਵ ਦੇ ਮਨ `ਚ ਆਪਣਾ ਪਿਆਰ ਪੈਦਾ ਕਰਦਾ ਹੈ ਭਾਵ ਹਉਮੈ ਕਾਰਨ ਅਜਿਹਾ ਹੋਣਾ ਜੀਵ ਦੇ ਵੱਸ ਦੀ ਗੱਲ ਨਹੀਂ।

“ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” ਇਹ ਵੀ ਕਿ ਜਦੋਂ ਮਨੁੱਖ ਦੇ ਸੁਆਸ ਪੂਰੇ ਹੋ ਜਾਂਦੇ ਹਨ ਤਾਂ ਇਸ ਦੀ ਮੌਤ ਹੋਣ `ਚ ਰੱਤਾ ਤੇ ਪਲਕ-ਮਾਤ੍ਰ ਵੀ ਢਿੱਲ ਨਹੀਂ ਪੈਂਦੀ, ਸਮਾਂ ਨਹੀਂ ਲਗਦਾ।

“ਗੁਰ ਪਰਸਾਦੀ ਬੁਝਿ, ਸਚਿ ਸਮਾਈਐ” ਜਦਕਿ ਮੱਨੁਖਾ ਜਨਮ ਦੀ ਇਸ ਅਟੱਲ ਸਚਾਈ ਦੀ ਪਹਿਚਾਣ ਵੀ ਸਤਿਗੁਰੂ ਦੀ ਮਿਹਰ ਭਾਵ ਗੁਰੂ ਆਦੇਸ਼ਾਂ ਦੀ ਕਮਾਈ ਰਾਹੀਂ ਵਿਰਲੇ ਹੀ ਕਰਦੇ ਅਤੇ ਕਰਤੇ ਪ੍ਰਭੂ `ਚ ਸਮਾਉਂਦੇ ਹਨ ਭਾਵ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਜਾਂਦੇ ਹਨ।

ਸਪਸ਼ਟ ਹੈ, ਬਹੁਤੇ ਜੀਵਨ ਦੀ ਇਸ ਸਚਾਈ ਵੱਲੋਂ ਲਾਪਰਵਾਹ ਅਤੇ ਬਿਨਸਨਹਾਰ ਸੰਸਾਰਕ ਰੁਝੇਵਿਆਂ `ਚ ਹੀ ਗ਼ਲਤਾਨ ਰਹਿੰਦੇ ਹੋਏ, ਇਸ ਅੱਮੁਲੇ ਜਨਮ ਨੂੰ ਬਿਰਥਾ ਕਰਕੇ ਹੀਜਾਂਦੇ ਹਨ। ੨੦।

ਗੁਰਮੱਤ ਵਿਚਾਰ ਦਰਸ਼ਨ-੧. ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਦੁਸ਼ਮਣ ਕੇਵਲ ਤੇ ਕੇਵਲ ਤ੍ਰਿਸ਼ਨਾ ਰੋਗ ਹੁੰਦਾ ਹੈ। ਜਦਕਿ ਇਸੇ ਇੱਕ ਰੋਗ ਕਾਰਨ ਹੀ ਹਉਮੈ ਤੋਂ ਅਰੰਭ ਹੋ ਕੇ ਸਾਰੇ ਵਿਕਾਰ, ਭਟਕਣਾ, ਚਿੰਤਾਂਵਾਂ ਬਲਕਿ ਕਈ ਵਾਰ ਤਾਂ ਵੱਡੇ ਵੱਡੇ ਜੁਰਮ ਵੀ ਇਸ ਜੀਵਨ ਅੰਦਰ ਪ੍ਰਵੇਸ਼ ਕਰਕੇ ਇਸ ਨੂੰ ਗੁਣਾਹਾਂ ਦੀ ਖਾਣ ਤੱਕ ਬਣਾ ਦਿੰਦੇ ਹਨ।

ਇਸ ਦੇ ਉਲਟ ਜਿਹੜੇ, ਸਤਿਗਰੂ ਦੀ ਸ਼ਰਨ `ਚ ਆ ਕੇ ਇਸ ਤ੍ਰਿਸ਼ਨਾ ਰੋਗ ਤੋਂ ਛੁਟਕਾਰਾ ਪਾ ਲੈਂਦੇ ਹਨ ਫ਼ਿਰ ਉਨ੍ਹਾਂ ਦੇ ਜੀਵਨ ਅੰਦਰ ਟਿਕਾਅ ਆ ਜਾਂਦਾ ਹੈ। ਉਨ੍ਹਾਂ ਦੇ ਜੀਵਨ `ਚ ਕਿਸੇ ਵੀ ਤਰ੍ਹਾਂ ਦਾ ਉਖਾੜ ਨਹੀਂ ਰਹਿੰਦਾ ਤੇ ਵਿਕਾਰ ਵੀ ਹਾਵੀ ਨਹੀਂ ਹੋ ਸਕਦੇ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖ ਸਮੇਤ ਇਸ ਸੰਸਾਰ `ਚ ਕੁੱਝ ਵੀ ਰਹਿਣ ਵਾਲਾ ਨਹੀਂ। ਇਹ ਵੀ ਕਿ ਸੁਆਸਾਂ ਦੀ ਪੂੰਜੀ ਮੁਕਦੇ ਸਾਰ, ਮਨੁੱਖਾ ਸਰੀਰ ਪਲ ਭਰ ਲਈ ਵੀ ਜ਼ਿੰਦਾ ਨਹੀਂ ਰਹਿੰਦਾ। ਇਸ ਲਈ ਉਹ ਆਪਣੇ ਸੁਆਸਾਂ ਨੂੰ ਕਦੇ ਬਿਰਥਾ ਨਹੀਂ ਕਰਦੇ।

ਦਰਅਸ਼ਲ ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਜੂਨ ਨਿਵੇਕਲੀ ਤੇ ਕਰਤੇ `ਚ ਜੀਉਂਦੇ ਜੀਅ ਅਭੇਦ ਹੋਣ ਲਈ ਇਕੋ ਇੱਕ ਵਿਸ਼ੇਸ਼ ਅਵਸਰ ਹੈ ਤਾ ਕਿ ਜੀਵ ਨੂੰ ਮੁੜ ਜੂਨਾਂ-ਗਰਭਾਂ `ਚ ਨਾ ਭਟਕਣਾ ਪਵੇ। ਇਸ ਲਈ ਉਹ ਸੰਸਾਰ `ਚ ਵਿਚਰਦੇ ਹੋਏ ਵੀ ਇਸ ਦੀ ਅਸਲੀਅਤ ਨਾਲ ਜੁੜੇ ਰਹਿੰਦੇ ਹਨ। ਉਹ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਬਤੀਤ ਕਰਦੇ ਅਤੇ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਜਾਂਦੇ ਹਨ। ਜੀਵਨ ਨੂੰ ਵੀ ਅਨੰਦ ਮਈ ਤੇ ਵਿਕਾਰ ਰਹਿਤ ਬਣਾ ਕੇ ਬਤੀਤ ਕਰਦੇ ਹਨ ਤੇ ਮੌਤ ਤੋਂ ਬਾਅਦ ਵੀ ਜਨਮ ਮਰਨ `ਚ ਨਹੀਂ ਆਉਂਦੇ, ਅਸਲੇ ਭਾਵ ਕਰਤੇ ਪ੍ਰਭੂ `ਚ ਹੀ ਸਮਾ ਜਾਂਦੇ ਹਨ।

ਇਹੀ ਨਹੀਂ ਗੁਰਬਾਣੀ ਮੁਤਾਬਕ ਇਹ ਵੀ ਸੱਚ ਹੈ ਕਿ ਇਸ ਦੁਰਲਭ ਮਨੱਖਾ ਜਨਮ ਦੀ ਸਚਾਈ ਨੂੰ ਬੁਝਣ ਤੇ ਇਸ ਦੀ ਪਹਿਚਾਣ ਕਰਣ ਅਤੇ ਕਰਤੇ `ਚ ਸਮਾਉਣ ਵਾਲੇ ਵੀ ਵਿਰਲੇ ਹੀ ਹੁੰਦੇ ਹਨ। ਜਦਕਿ ਬਹੁਤੇ ਤਾਂ ਇਹੀ ਭੁੱਲੇ ਰਹਿੰਦੇ ਹਨ ਕਿ ਉਹ ਸੰਸਾਰ `ਚ ਉਹ ਸਦਾ ਲਈ ਰਹਿਣ ਨਹੀਂ ਆਏ। ਇਹ ਵੀ ਕਿ ਮੌਤ ਨੇ ਤਾਂ ਉਨ੍ਹਾਂ ਤੇ ਅਚਣਚੇਤ ਹਮਲਾ ਕਰ ਦੇਣਾ ਹੈ ਤੇ ਉਸ ਸਮੇਂ ਉਨ੍ਹਾਂ ਨੂੰ ਪਲ ਭਰ ਦੀ ਮੁਹਲਤ ਵੀ ਨਹੀਂ ਮਿਲਣੀ। ਫ਼ਿਰ ਵੀ ਉਹ ਸੰਸਾਰਕ ਰਸਾਂ ਕਸਾਂ, ਮੋਹ ਮਾਇਆ ਤੇ ਤ੍ਰਿਸ਼ਨਾ ਵਿਕਾਰਾਂ ਦਾ ਇਨ੍ਹਾਂ ਵਧ ਗ਼ਲਤਾਨ ਰਹਿੰਦੇ ਹਨ ਕਿ ਇਸੇ ਤੋਂ ਉਨ੍ਹਾਂ ਦਾ ਜੀਵਨ ਵੀ ਉਖਾੜਾਂ ਤੇ ਪ੍ਰੇਸ਼ਾਨੀਆਂ ਨਾਲ ਹੀ ਭਰਿਆ ਰਹਿੰਦਾ ਹੈ। ਉਹ ਮਨੁੱਖਾ ਜਨਮ ਪਾ ਕੇ ਵੀ ਇਸ ਦਾ ਲਾਭ ਨਹੀਂ ਲੈ ਸਕਦੇ। ਇਸ ਨੂੰ ਬਿਰਥਾ ਕਰਕੇ ਹੀ ਜਾਂਦੇ ਅਤੇ ਮੁੜ ਜੂਨਾਂ ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ।

੨.”ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” - ਉਂਝ ਇਹ ਸ਼ਬਦਾਵਲੀ ਵਾਰ ਆਸਾ ਪਉੜੀ ਨੰ: ੫ `ਚ ਵੀ ਇਸ ਤਰ੍ਹਾਂ ਆਈ ਹੈ ਜਿਵੇਂ “ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ॥ ਕੋ ਰਹੈ ਨ ਭਰੀਐ ਪਾਈਐ” (ਪੰ: ੪੬੫) ਸਮਝਣ ਦਾ ਵਿਸ਼ਾ ਹੈ ਕਿ ਜਿਵੇਂ ਅੱਜ ਕਿਲੋ, ਲਿਟਰ ਆਦਿ ਵਾਲੇ ਨਾਪ ਤੋਲ ਹਨ। ਇਸੇ ਤਰ੍ਹਾਂ ਪਹਿਲੇ ਸਮੇਂ `ਚ ਵਸਤਾਂ ਦੇ ਤੋਲ, ਨਾਪ ਦਾ ਸਾਧਨ ਪੜੌਪੀ, ਕੁੱਪਾ, ਪਾਈ ਹੁੰਦੇ ਸਨ। ਇੱਕ ਪੜੋਪੀ ਲਗਭਗ ਅਜੋਕੇ ੪੫੦ ਗ੍ਰਾਮ, ਉਪ੍ਰੰਤ ਚਾਰ ਪੜੋਪੀਆਂ ਬਰਾਬਰ ਇੱਕ ਕੁੱਪਾ ਤੇ ਚਾਰ ਕੁੱਪੇ ਬਰਾਬਰ ਇੱਕ ‘ਪਾਈ’ ਹੁੰਦੇ ਸਨ। ਇਹ ਵੀ ਕਿ ਸਭ ਤੋਂ ਵੱਡਾ ਵਜ਼ਨ ਪਾਈ ਹੀ ਹੁੰਦਾ ਸੀ। ਫ਼ਰਕ ਸੀ ਕਿ ਤਰਲ ਵਸਤਾਂ ਦੇ ਨਾਪ ਲਈ ਬਣੇ ਬਰਤਨਾਂ ਹੇਠ ਸੁਰਾਖ ਹੁੰਦਾ ਸੀ ਅਤੇ ਅੰਨ ਆਦਿ ਲਈ ਬਿਨਾ ਸੁਰਾਖ।

ਜਿਵੇਂ ਅੱਜ ਤੱਕੜੀ `ਚ ਤੋਲੀ ਜਾ ਚੁੱਕੀ ਵਸਤ, ਤੱਕੜੀ ਦੇ ਪੱਲੇ `ਚ ਪਈ ਰਹਿਣ ਲਈ ਨਹੀਂ ਹੁੰਦੀ। ਉਸਨੇ ਪਲੜੇ ਚੋਂ ਨਿਕਲਣਾ ਹੀ ਹੁੰਦਾ ਹੈ। ਇਸੇ ਤਰ੍ਹਾਂ ਪਾਈ `ਚ ਭਰੀ-ਨਾਪੀ ਵਸਤ ਨੂੰ ਵੀ ਪਾਈ `ਚੋਂ ਉਲਟਾਣਾ ਤੇ ਉਸ ਨੂੰ ਖਾਲੀ ਕਰਣਾ ਹੁੰਦਾ ਸੀ। ਠੀਕ ਇਸੇ ਤਰ੍ਹਾਂ, ਪ੍ਰਭੂ ਬਖ਼ਸ਼ੀ ਸੁਆਸਾਂ ਵਾਲੀ ਪੂੰਜੀ ਮੁੱਕ ਜਾਣ `ਤੇ ਭਾਵ ਸੁਆਸਾਂ ਵਾਲੀ ਪਾਈ ਭਰ ਜਾਵੇ ਤਾਂ “ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” ਅਥਵਾ “ਕੋ ਰਹੈ ਨ ਭਰੀਐ ਪਾਈਐ” ਅਨੁਸਾਰ ਹਰੇਕ ਜੀਵ ਦੀ ਬਿਨਾ ਢਿੱਲ ਉਸੇ ਸਮੇਂ ਮੌਤ ਹੋ ਜਾਣੀ ਅਵੱਸ਼ ਹੈ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਪਉੜੀ `ਚ ਸਪਸ਼ਟ ਕੀਤਾ ਹੋਇਆ ਹੈ ਕਿ ਮਨੁੱਖਾ ਜਨਮ ਪਾ ਕੇ ਵੀ ਇਸ ਜਨਮ ਦੀ ਵਿਸ਼ੇਸ਼ਤਾ ਤੇ ਅਮੁੱਲਤਾ ਦੀ ਪਹਿਚਾਣ ਕਰਣ ਵਾਲੇ ਵਿਰਲੇ ਹੀ ਹੁੰਦੇ ਹਨ। ਉਪ੍ਰੰਤ ਉਸ ਦਾ ਇਕੋ ਇੱਕ ਰਾਹ ਹੈ ਕਿ ਮਨੁੱਖਾ ਜਨਮ ਪਾ ਕੇ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜਣਾ। ਸ਼ਬਦ ਗੁਰੂ ਦੀ ਕਮਾਈ ਕਰਣੀ ਤੇ ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਣਾ। ਇਸ ਤਰ੍ਹਾਂ ਇਹ ਲੋਕ ਵੀ ਸੁਹਾਵਣਾ ਬਨਾਉਣਾ ਤੇ ਪ੍ਰਲੋਕ ਵੀ।

ਤਾਂ ਹੀ ਪਤਾ ਲਗੇ ਗਾ ਕਿ ਮਨੁੱਖਾ ਜਨਮ ਦੀ ਅਸਲੀਅਤ ਕੀ ਹੈ? ਇਸ ਜਨਮ ਦਾ ਅਸਲ ਰਸ ਤੇ ਸੁਆਦ ਕੀ ਹੈ? ਇਸ ਜਨਮ ਨੂੰ ਜੀਊਣ ਦਾ ਸਲੀਕਾ ਕੀ ਹੈ? ਸੰਸਾਰ, ਜਿਸ `ਚ ਅਸੀਂ ਰਹਿ ਰਹੇ ਹਾਂ, ਇਸ ਦੀ ਅਸਲੀਅਤ ਕੀ ਹੈ? ਮਨੁੱਖਾ ਜਨਮ ਦੀ ਕਮਾਈ ਕੀ ਹੈ? ਉਪ੍ਰੰਤ ਇਸ ਜਨਮ ਦਾ ਅਜ਼ਾਈ ਹੋਣਾ ਕੀ ਹੈ? ਆਦਿ ਬਹੁਤੇਰੇ ਵਿਸ਼ੇ ਹਨ ਜਿਨ੍ਹਾਂ ਦੀ ਗੁਰੂ ਚਰਨਾਂ ਦੀ ਕਮਾਈ ਤੋਂ ਬਿਨਾ ਸਮਝ ਆਉਣੀ ਹੀ ਸੰਭਵ ਨਹੀਂ।

ਇਹ ਵੀ ਕਿ ਮਨੁੱਖਾ ਜਨਮ ਪਾ ਕੇ ਵੀ ਜਿਹੜੇ ਸਤਿਗੁਰੂ ਦੀ ਸ਼ਰਨ `ਚ ਨਹੀ ਅਉਂਦੇ, ਉਹ ਤ੍ਰਿਸ਼ਨਾ ਰੋਗ ਦਾ ਹੀ ਸ਼ਿਕਾਰ ਰਹਿੰਦੇ ਹਨ। ਉਹ ਸੰਸਾਰਕ ਰਸਾਂ ਕਸਾਂ `ਚ ਇਤਨੇ ਗ਼ਲਤਾਨ ਰਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਕਿਸ ਵੇਲੇ ਉਨ੍ਹਾਂ ਨੂੰ ਮੌਤ ਵੀ ਆ ਘੇਰਦੀ ਹੈ। ਇਸ ਤਰ੍ਹਾਂ ਉਹ ਦੁਰਲਭ ਜਨਮ ਨੂੰ ਬਿਰਥਾ ਕਰਕੇ ਜਾਂਦੇ ਤੇ ਫ਼ਿਰ ਤੋਂ ਜੂਨਾਂ-ਜਨਮਾਂ-ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ।

ਹੁਣ ਦੇਖਣਾ ਹੈ ਕਿ ਦੂਜੇ ਸਲੋਕ `ਚ ਵੀ ਮੂਲ ਵਿਸ਼ਾ ਇਹੀ ਹੈ ਕਿ ਮਨੁੱਖਾ ਜਨਮ ਪਾ ਕੇ ਗੁਰੂ ਗਿਆਨ ਦੀ ਕਮਾਈ, ਜੀਵਨ ਦੀ ਸੰਭਾਲ ਤੇ ਕਰਤੇ `ਚ ਅਭੇਦ ਹੋਣਾ ਹੀ ਮਨੁੱਖਾ ਜ਼ਿੰਦਗੀ ਲਈ ਅਸਲ ਸੋਨਾ, ਹੀਰੇ, ਮੂੰਗਾ, ਲਾਲ, ਜਵਹਰਾਤ ਹਨ। ਜਦਕਿ ਇਸ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਲਈ ਸੰਸਾਰਕ ਸੋਨਾ, ਹੀਰੇ, ਮੂੰਗਾ, ਲਾਲ, ਜਵਹਰਾਤ, ਸੰਸਾਰ ਤਲ `ਤੇ ਇਤਨੇ ਕੀਮਤੀ ਹੋਣ ਦੇ ਬਾਵਜੂਦ ਕੋਈ ਕੀਮਤ ਨਹੀਂ ਰਖਦੇ। ਬਲਕਿ ਮਨੁੱਖਾ ਜਨਮ ਪਾ ਕੇ ਵੀ ਇਨ੍ਹਾਂ ਨਿਗੁਣਿਆਂ ਵਸਤਾਂ ਪਿਛੇ ਟੁਰਣ ਵਾਲਾ, ਮਨੁੱਖਾ ਜਨਮ ਵੀ ਬਿਰਥਾ ਕਰਕੇ ਹੀ ਜਾਂਦਾ ਤੇ ਜੀਵਨ ਭਰ ਵੀ ਖੁਆਰ ਹੀ ਹੁੰਦਾ ਹੈ।

ਜਦਕਿ ਪਹਿਲੇ ਸਲੋਕ `ਚ ਵੀ ਗੁਰਦੇਵ ਨੇ ਇਹੀ ਦ੍ਰਿੜ ਕਰਵਾਇਆ ਹੈ ਕਿ ਐ ਇਨਸਾਨ! ਜੇਕਰ ਇਸ ਮਨੁੱਖਾ ਜਨਮ ਦੀ ਅਮੁੱਲਤਾ ਨੂੰ ਪਹਿਚਾਣ ਕੇ ਤੂੰ ਸ਼ਬਦ ਗਰੂ ਦੀ ਕਮਾਈ ਕਰੇਂਗਾ ਤਾਂ ਕਰਤੇ ਦੀ ਸਿਫ਼ਤ ਸਲਾਹ ਹੀ ਤੇਰਾ ਜੀਵਨ ਹੋਵੇਗੀ। ਤੇਰੇ ਜੀਵਨ ਅੰਦਰ ਟਿਕਾਅ ਤੇ ਸੰਤੋਖ ਆਵੇਗਾ, ਤੇਰੇ ਜੀਵਨ ਅੰਦਰੋਂ ਅਗਿਆਨਤਾ ਦਾ ਨਾਸ ਹੋਵੇਗਾ। ਤੇਰੀ ਜ਼ਿੰਦਗੀ ਅੰਦਰ ਹਰ ਸਮੇਂ ਪ੍ਰਭੂ ਰਸ ਰਸ ਭਰਿਆ ਰਵੇਗਾ ਤੇ ਉਖਾੜ ਭਟਕਣਾ ਆਦਿ ਨਹੀਂ ਰਹਿਣਗੀਆਂ। ਤੂੰ ਜੀਉਂਦੇ ਜੀਅ ਪਤੀ ਪ੍ਰਮੇਸ਼ਵਰ ਦੇ ਮਿਲਾਪ ਵਾਲਾ ਅਨੰਦ ਮਾਨੇਂਗਾ ਤੇ ਸਰੀਰਕ ਮੋਤ ਬਾਅਦ ਵੀ ਤੁੰ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਵੇਂਗਾ।

(ਚਲਦਾ) #26 MkV.GVDs26.20.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat 6Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.