.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੬)

Gurmat and science in present scenario (Part-6)

ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ ਹੈ

Akal Purkh is His own creater

ਸਾਇੰਸ ਇਹ ਨਹੀਂ ਦੱਸ ਸਕਦੀ ਕਿ ਅੰਡਾ ਕਿਦਾਂ ਬਣਿਆ ਤੇ ਮੁਰਗੀ ਕਿੰਦਾਂ। ਕੌਣ ਸਾਹ ਲੈਂਣ ਦੀ ਸ਼ਕਤੀ ਦਿੰਦਾਂ ਹੈ, ਜੀਵ ਕਿਸ ਤਰ੍ਹਾਂ ਪੈਦਾ ਹੁੰਦਾ ਹੈ, ਕਿਸ ਤਰ੍ਹਾਂ ਤੇ ਕਿਉਂ ਖਾਂਦਾ ਹੈ ਤੇ ਵੱਡਾ ਹੁੰਦਾ ਹੈ। ਗੁਰਮਤਿ ਅਨੁਸਾਰ ਸੱਭ ਕੁੱਝ ਅਕਾਲ ਪੁਰਖੁ ਤੋਂ ਆਰੰਭ ਹੁੰਦਾ ਹੈ, ਤੇ ਉਸ ਦੇ ਬਣਾਏ ਹੋਏ ਹੁਕਮੁ ਅਨੁਸਾਰ ਹੁੰਦਾ ਹੈ।

ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ ਤੇ ਉਸ ਵਿੱਚ ਆਸਣ ਜਮਾ ਕੇ, ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਇਨ੍ਹਾਂ ਨੂੰ ਸਾਜਣ ਵਾਲਾ ਹੈ। ਆਪ ਹੀ ਤ੍ਰੁੱਠ ਕੇ ਜੀਵਾਂ ਨੂੰ ਦਿੰਦਾ ਹੈ ਤੇ ਬਖ਼ਸ਼ਸ਼ ਕਰਦਾ ਹੈ। ਉਹ ਸਭਨਾਂ ਜੀਆਂ ਦਾ ਜਾਣਨਹਾਰ ਹੈ। ਜਿੰਦ ਅਤੇ ਸਰੀਰ ਦੇ ਕੇ ਆਪ ਹੀ ਲੈ ਲੈਂਦਾ ਹੈ, ਭਾਵ, ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈਂ, ਆਪ ਹੀ ਮੁੜ ਵਾਪਸ ਲੈ ਲੈਂਦਾ ਹੈ। ਅਕਾਲ ਪੁਰਖ ਆਪਣੀ ਬਣਾਈ ਹੋਈ ਕੁਦਰਤ ਵਿੱਚ ਆਪਣਾ ਆਸਣ ਜਮਾ ਕੇ ਇਹ ਸਾਰਾ ਜਗਤ ਤਮਾਸ਼ਾ ਵੇਖ ਰਿਹਾ ਹੈ।

ਪਉੜੀ॥ ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ ੧॥ (੪੬੩)

ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪੈਦਾ ਕਰ ਕੇ, ਮਾਇਆ ਦੇ ਮੋਹ ਤੋਂ ਨਿਰਲੇਪ ਵੀ ਰਹਿੰਦਾ ਹੈ। ਹਵਾ, ਪਾਣੀ, ਅੱਗ, ਆਦਿ ਤੱਤਾਂ ਦਾ ਮੇਲ ਕਰ ਕੇ, ਅਕਾਲ ਪੁਰਖੁ ਇਹ ਸਰੀਰ ਰੂਪੀ ਕਿਲ੍ਹਾ ਰਚਦਾ ਹੈ ਤੇ ਉਹ ਸਦਾ ਥਿਰ ਰਹਿਣ ਵਾਲਾ ਦਇਆਲ ਅਕਾਲ ਪੁਰਖੁ, ਇਸ ਸਰੀਰ ਨੂੰ ਆਪਣੇ ਰਹਿਣ ਲਈ ਥਾਂ ਬਣਾਂਦਾ ਹੈ। ਬਣਾਣ ਦੀ ਤਾਕਤ ਰੱਖਣ ਵਾਲੇ ਅਕਾਲ ਪੁਰਖੁ ਨੇ ਇਸ ਸਰੀਰ ਦੇ ਨੌ ਘਰ (ਇੰਦ੍ਰੇ) ਬਣਾਏ ਹਨ। ਦਸਵੇਂ ਦੁਆਰ ਵਿੱਚ ਉਸ ਅਦ੍ਰਿਸ਼ਟ ਤੇ ਬੇਅੰਤ ਅਕਾਲ ਪੁਰਖੁ ਆਪ ਰਹਿੰਦਾ ਹੈ। ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਦੇ ਪੰਜੇ ਗਿਆਨ ਇੰਦ੍ਰੇ, ਉਸ ਦਾ ਮਨ ਤੇ ਬੁੱਧੀ, ਇਹ ਸੱਤੇ (੫+੨=੭) ਹੀ ਸਰੋਵਰ ਅਕਾਲ ਪੁਰਖੁ ਦੇ ਨਾਮੁ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਲਈ ਗੁਰਮੁਖ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਅਕਾਲ ਪੁਰਖੁ ਆਪ ਹੀ ਸੂਰਜ ਤੇ ਚੰਦ੍ਰਮਾ ਜਗਤ ਦੇ ਦੀਵੇ ਬਣਾ ਕੇ, ਆਪਣੀ ਵਡਿਆਈ ਵੇਖਦਾ ਹੈ, ਇਨ੍ਹਾਂ ਸੂਰਜ, ਚੰਦ੍ਰਮਾ ਆਦਿ ਦੀਵਿਆਂ ਵਿਚ, ਸਾਰੀ ਸ੍ਰਿਸ਼ਟੀ ਵਿਚ, ਉਸ ਦੀ ਆਪਣੀ ਜੋਤਿ ਚਾਨਣ ਕਰ ਰਹੀ ਹੈ। ਉਹ ਅਕਾਲ ਪੁਰਖੁ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਜਿਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਸੋਭਾ ਦਿੰਦਾ ਹੈ। ਅਕਾਲ ਪੁਰਖੁ ਆਪਣੇ ਹੁਕਮੁ ਵਿੱਚ ਹੀ ਜਗਤ ਦੇ ਸਾਰੇ ਕੌਤਕ ਵਰਤਾ ਰਿਹਾ ਹੈ। ਅਕਾਲ ਪੁਰਖੁ ਆਪਣੇ ਹੁਕਮੁ ਅਨੁਸਾਰ ਹੀ ਜੀਵਾਂ ਨੂੰ ਸਾਹ ਦਿੰਦਾ ਹੈ ਤੇ ਸਦਾ ਰਿਜ਼ਕ ਦਿੰਦਾ ਹੈ, ਤੇ ਸੰਭਾਲ ਕਰਦਾ ਹੈ।

ਮਾਰੂ ਮਹਲਾ ੧॥ ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥ ੧॥ ਨਉ ਘਰੁ ਥਾਪੇ ਥਾਪਣਹਾਰੈ॥ ਦਸਵੈ ਵਾਸਾ ਅਲਖ ਅਪਾਰੈ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ॥ ੨॥ ਰਵਿ ਸਸਿ ਦੀਪਕ ਜੋਤਿ ਸਬਾਈ॥ ਆਪੇ ਕਰਿ ਵੇਖੈ ਵਡਿਆਈ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ॥ ੩॥ (੧੦੩੬)

ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ, ਉਹ ਜਾਣਦਾ ਹੈ, ਕਿ ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਅਕਾਲ ਪੁਰਖੁ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ, ਤੇ ਉਹ ਅਕਾਲ ਪੁਰਖੁ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇੱਕ ਅਕਾਲ ਪੁਰਖੁ ਨੂੰ ਹਰ ਥਾਂ ਵੱਸਦਾ ਜਾਣ ਲਿਆ, ਉਹ ਸਮਝ ਲੈਂਦਾ ਹੈ, ਕਿ ਜਿਸ ਅਕਾਲ ਪੁਰਖੁ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿੱਚ ਲਾਉਂਦਾ ਹੈ, ਤੇ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਉਹ ਜਾਣਦਾ ਹੈ, ਕਿ ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ, ਇਥੇ ਮਾਇਆ ਦਾ ਮੋਹ ਪ੍ਰਬਲ ਹੈ, ਜਿਸ ਦੇ ਕਾਰਨ ਜੀਵ ਵਿਕਾਰ ਚਿਤਵਦਾ ਰਹਿੰਦਾ ਹੈ। ਇਥੇ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਹੀ ਸਦਾ ਸਾਲਾਹਣ ਜੋਗ ਹੈ। ਕਈ ਜੀਵ ਐਸੇ ਹਨ, ਜੋ ਜਗਤ ਦੇ ਰਚਨਹਾਰ ਅਕਾਲ ਪੁਰਖੁ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਤੇ ਫਿਰ ਉਹ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿੱਚ ਲੱਗੇ ਰਹਿੰਦੇ ਹਨ, ਉਹ ਆਪਣਾ ਜੀਵਨ ਗਵਾ ਲੈਂਦੇ ਹਨ। ਆਤਮਕ ਜੀਵਨ ਦੇਣ ਵਾਲੇ ਫਲ ਉਨ੍ਹਾਂ ਨੂੰ ਹੀ ਲੱਗਦੇ ਹਨ, ਜਿਹੜੇ ਆਤਮਕ ਜੀਵਨ ਦੇਣ ਵਾਲੇ ਸਿਫ਼ਤਿ ਸਾਲਾਹ ਦੇ ਬੋਲ ਬੋਲਦੇ ਹਨ।

ਮਾਰੂ ਮਹਲਾ ੩॥ ਆਪੇ ਆਪੁ ਉਪਾਇ ਉਪੰਨਾ॥ ਸਭ ਮਹਿ ਵਰਤੈ ਏਕੁ ਪਰਛੰਨਾ॥ ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ॥ ੧॥ ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸਿਰਿ ਸਿਰਿ ਧੰਧੈ ਆਪੇ ਲਾਏ॥ ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ॥ ੨॥ ਆਵਾ ਗਉਣੁ ਹੈ ਸੰਸਾਰਾ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ॥ ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ॥ ੩॥ ਇਕਿ ਮੂਲਿ ਲਗੇ ਓਨੀ ਸੁਖੁ ਪਾਇਆ॥ ਡਾਲੀ ਲਾਗੇ ਤਿਨੀ ਜਨਮੁ ਗਵਾਇਆ॥ ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ॥ ੪॥ (੧੦੫੧)

ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ, ਆਪਣਾ ਅਸਲਾ ਸਮਝਿਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ ਵਖ ਕਰ ਕੇ ਬਣਾਇਆ ਹੈ, ਤੇ ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ ਚੰਦੋਆ ਤਾਣਿਆ ਹੋਇਆ ਹੈ। ਸਾਰੇ ਜਗਤ ਰੂਪੀ ਦਰਬਾਰ ਉੱਤੇ ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ, ਆਪਣੇ ਹੁਕਮੁ ਅਨੁਸਾਰ ਬਣਾਇਆ ਹੈ, ਆਪਣੀ ਜੋਤਿ ਟਿਕਾਈ ਹੈ, ਤੇ ਜੀਵਾਂ ਦੇ ਕਾਰ ਵਿਹਾਰ ਲਈ ਰਾਤ ਤੇ ਦਿਨ ਰੂਪੀ ਅਚਰਜ ਤਮਾਸ਼ੇ ਬਣਾ ਦਿੱਤੇ ਹਨ।

ਪਉੜੀ॥ ਆਪੀਨੈੑ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ (੧੨੭੯)

ਅਕਾਲ ਪੁਰਖੁ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿੱਚ ਲਾਈ ਰੱਖਦਾ ਹੈ, ਅਕਾਲ ਪੁਰਖੁ ਆਪ ਹੀ ਜੀਵਾਂ ਦੀ ਬਣਤਰ ਬਣਾਂਦਾ ਹੈ, ਤੇ ਆਪ ਹੀ ਜੀਵ ਨੂੰ ਮਾਰਦਾ ਹੈ। ਅਕਾਲ ਪੁਰਖੁ ਆਪ ਹੀ ਇਹ ਸੰਸਾਰ ਰੂਪੀ ਨਦੀ ਉਤੇ ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ ਜੀਵਾਂ ਨੂੰ ਪਾਰ ਲੰਘਾਂਦਾ ਹੈ। ਅਕਾਲ ਪੁਰਖੁ ਆਪ ਹੀ ਸੰਸਾਰ ਰੂਪੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਅਕਾਲ ਪੁਰਖੁ ਆਪ ਹੀ ਜਹਾਜ਼ ਵਿੱਚ ਚੜ੍ਹ ਕੇ ਪਾਰ ਲੰਘਦਾ ਹੈ। ਅਕਾਲ ਪੁਰਖੁ ਆਪ ਹੀ ਸਦਾ ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਲਈ ਆਪਣੇ ਜੀਵਨ ਨੂੰ ਸਫਲ ਕਰਨ ਲਈ ਸਦਾ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਗੁਰੂ ਦੀ ਮਿਹਰ ਨਾਲ ਹੀ ਉਹ ਪਿਆਰਾ ਅਕਾਲ ਪੁਰਖੁ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ।

ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ॥ ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ॥ ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ॥ ੩॥ (੬੦੪)

ਅਕਾਲ ਪੁਰਖੁ ਨੇ ਆਪ ਹੀ ਸਾਰੇ ਜੀਵ ਪੈਦਾ ਕੀਤੇ ਹਨ, ਉਹ ਆਪ ਹੀ ਇਨ੍ਹਾਂ ਦੀ ਕਦਰ ਜਾਣਦਾ ਹੈ, ਉਸ ਅਕਾਲ ਪੁਰਖੁ ਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਵ, ਉਸ ਦੀ ਇਹ ਸੰਸਾਰ ਦੀ ਖੇਡ ਦੀ ਸਮਝੀ ਨਹੀਂ ਜਾ ਸਕਦੀ, ਗੁਰੂ ਦੇ ਸਬਦ ਦੀ ਰਾਹੀਂ ਅਕਾਲ ਪੁਰਖੁ ਸਮਝ ਦੀ ਬਖ਼ਸ਼ਸ ਆਪ ਹੀ ਕਰਦਾ ਹੈ। ਮਾਇਆ ਦੇ ਘੁੱਪ ਹਨੇਰੇ ਵਿੱਚ ਜੀਵ ਜ਼ਿੰਦਗੀ ਦਾ ਅਸਲੀ ਰਾਹ ਭੁੱਲ ਜਾਂਦਾ ਹੈ ਤੇ ਹੋਰ ਪਾਸੇ ਭਟਕਣ ਲੱਗ ਪੈਂਦਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਜ਼ਿੰਦਗੀ ਦੇ ਸਫ਼ਰ ਦੀ ਅਸਲ ਮੰਜ਼ਲ ਨਹੀਂ ਲੱਭਦੀ, ਮਨਮੁਖ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। ਉਸ ਅਕਾਲ ਪੁਰਖੁ ਨੂੰ ਜੋ ਕੁੱਝ ਭਾਉਂਦਾ ਹੈ, ਉਹੀ ਹੁੰਦਾ ਹੈ, ਤੇ ਇਹ ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿੱਚ ਚਲ ਰਹੀ ਹੈ।

ਪਉੜੀ॥ ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ॥ ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ॥ (੭੮੬)

ਗੁਰੂ ਸਾਹਿਬ ਨੇ ਲੋਕਾਂ ਨੂੰ ਕਰਮ ਕਾਂਡਾਂ, ਭਰਮਾਂ ਤੇ ਵਹਿਮਾਂ ਵਿਚੋਂ ਕੱਢਣ ਲਈ ਵੀ ਸਮਝਾ ਦਿੱਤਾ, ਕਿ ਇਸ ਜਗਤ ਦੀ ਰਚਨਾ ਤੋਂ ਪਹਿਲਾਂ ਨਾ ਕਿਤੇ ਜਪ ਹੋ ਰਹੇ ਸਨ, ਨਾ ਤਪ ਹੋ ਰਹੇ ਸਨ, ਨਾ ਕਿਤੇ ਸੰਜਮ ਸਾਧੇ ਜਾ ਰਹੇ ਸਨ, ਨਾ ਵਰਤ ਰੱਖੇ ਜਾ ਰਹੇ ਸਨ, ਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ। ਕੋਈ ਐਸਾ ਜੀਵ ਨਹੀਂ ਸੀ, ਜੋ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ। ਅਕਾਲ ਪੁਰਖੁ ਆਪ ਹੀ ਆਪਣੇ ਆਪ ਵਿੱਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਉਂਦਾ ਸੀ।

ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬॥ (੧੦੩੫)

ਜਦੋਂ ਅਕਾਲ ਪੁਰਖੁ ਨੇ ਆਪਣੇ ਆਪ ਨੂੰ, ਆਪ ਹੀ ਪੈਦਾ ਕੀਤਾ ਸੀ, ਤਦੋਂ ਕੋਈ ਹੋਰ ਦੂਜਾ ਨਹੀਂ ਸੀ। ਉਸ ਨੂੰ ਸਲਾਹ ਮਸ਼ਵਰਾ ਦੇਣ ਵਾਲਾ ਕੋਈ ਹੋਰ ਨਹੀਂ ਸੀ, ਉਹ ਆਪ ਹੀ ਸਭ ਕੁੱਝ ਕਰਦਾ ਸੀ, ਤੇ ਜੋ ਉਹ ਕਰਦਾ ਸੀ, ਉਹੀ ਕੁੱਝ ਹੁੰਦਾ ਸੀ। ਉਸ ਵੇਲੇ ਨਾ ਆਕਾਸ਼ ਸੀ, ਨਾ ਪਾਤਾਲ ਸੀ ਤੇ ਨਾ ਇਹ ਤੀਨ ਲੋਕ ਸਨ, ਕੋਈ ਉਤਪਤੀ ਅਜੇ ਨਹੀਂ ਸੀ ਹੋਈ, ਆਕਾਰ ਰਹਿਤ ਅਕਾਲ ਪੁਰਖੁ ਅਜੇ ਆਪ ਹੀ ਆਪ ਸੀ। ਜੋ ਅਕਾਲ ਪੁਰਖੁ ਨੂੰ ਭਾਉਂਦਾ ਹੈ, ਉਹੀ ਕਰਦਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।

ਪਉੜੀ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥ ੧॥ (੫੦੯)

ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ, ਕਿਉਂਕਿ ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ, ਨਾ ਹੀ ਸਾਡਾ ਬਣਾਇਆ ਬਣਦਾ ਹੈ, ਉਹ ਸਭ ਥਾਈਂ ਵਿਆਪਕ ਹੈ। ਅਕਾਲ ਪੁਰਖ ਦੇ ਹੁਕਮੁ ਦਾ ਕਥਨ ਨਹੀਂ ਕੀਤਾ ਜਾ ਸਕਦਾ। ਗੁਰੂ ਹੀ ਇਹ ਦ੍ਰਿੜ ਕਰਾਉਂਦਾ ਹੈ ਕਿ ਅਕਾਲ ਪੁਰਖ ਹਰ ਥਾਂ ਵੱਸ ਰਿਹਾ ਹੈ। ਕੋਈ ਦੂਸਰਾ ਅਕਾਲ ਪੁਰਖੁ ਨੂੰ ਪੈਦਾ ਨਹੀਂ ਕਰ ਸਕਦਾ ਹੈ, ਤੇ ਨਾ ਹੀ ਉਹ ਕਿਤੇ ਟਿਕਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਜਾਂ ਬੁੱਤ ਪੂਜਾ ਦੀ ਕੋਈ ਥਾ ਨਹੀਂ ਹੈ।

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (੨)

ਸਬਦ ਰੋਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਜੀਵਨ ਵਿੱਚ ਚਲਣ ਲਈ ਸੋਝੀ ਪ੍ਰਾਪਤ ਹੁੰਦੀ ਹੈ। ਸਬਦ ਸੁਣ ਸਕਦੇ ਹਾਂ, ਪਰ ਵੇਖ ਨਹੀਂ ਸਕਦੇ, ਇਸੇ ਲਈ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਕੋਈ ਮਹੱਤਵ ਨਹੀਂ ਹੈ। ਗੁਰੂ ਸਾਹਿਬ ਨੇ ਸਾਰਿਆਂ ਦਾ ਮੁੱਖ ਧਰਮ, ਉਸ ਅਕਾਲ ਪੁਰਖੁ ਨੂੰ ਹਰੇਕ ਜੀਵ ਵਿੱਚ ਵਸਦਾ ਵੇਖਣਾ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਣਾਂ ਤੇ ਗੁਰਬਾਣੀ ਦੁਆਰਾ ਉਸ ਦੇ ਗੁਣ ਗਾਇਨ ਕਰਨਾ ਦੱਸਿਆ ਹੈ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਰੂਪ ਹੈ। ਗੁਰੂ ਸਾਹਿਬਾਂ ਨੇ ਸਮੁੱਚੀ ਮਨੁੱਖਤਾ ਲਈ ਇਕੋ ਧਰਮ ਹੀ ਮੰਨਿਆ ਹੈ, ਉਹ ਹੈ ‘ਸਬਦ”। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਸਬਦ ਦਾ ਭੇਦ ਹੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਅਸਲੀਅਤ ਨੂੰ ਸਮਝ ਸਕੀਏ।

ਮਃ ੨॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ ੪॥ (੪੬੯)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਸੱਭ ਕੁੱਝ ਅਕਾਲ ਪੁਰਖੁ ਤੋਂ ਆਰੰਭ ਹੁੰਦਾ ਹੈ, ਤੇ ਉਸ ਦੇ ਬਣਾਏ ਹੋਏ ਹੁਕਮੁ ਅਨੁਸਾਰ ਹੁੰਦਾ ਹੈ। ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਕੁਦਰਤ ਰਚੀ ਅਤੇ ਉਸ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਬਖ਼ਸ਼ਸ ਕਰਦਾ ਹੈ, ਜੀਆਂ ਦਾ ਜਾਣਨਹਾਰ ਹੈ, ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈਂ, ਆਪ ਹੀ ਮੁੜ ਵਾਪਸ ਲੈ ਲੈਂਦਾ ਹੈ। ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪੈਦਾ ਕਰ ਕੇ, ਮਾਇਆ ਦੇ ਮੋਹ ਤੋਂ ਨਿਰਲੇਪ ਵੀ ਰਹਿੰਦਾ ਹੈ। ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਅਕਾਲ ਪੁਰਖੁ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੀ ਇਹ ਸੰਸਾਰ ਦੀ ਖੇਡ ਸਮਝੀ ਨਹੀਂ ਜਾ ਸਕਦੀ, ਗੁਰੂ ਦੇ ਸਬਦ ਰਾਹੀਂ ਅਕਾਲ ਪੁਰਖੁ ਸਮਝ ਦੀ ਬਖ਼ਸ਼ਸ ਆਪ ਹੀ ਕਰਦਾ ਹੈ। ਉਸ ਅਕਾਲ ਪੁਰਖੁ ਨੂੰ ਜੋ ਕੁੱਝ ਭਾਉਂਦਾ ਹੈ, ਉਹੀ ਹੁੰਦਾ ਹੈ, ਤੇ ਇਹ ਸਾਰੀ ਸ੍ਰਿਸ਼ਟੀ, ਉਸ ਦੀ ਰਜ਼ਾ ਵਿੱਚ ਚਲ ਰਹੀ ਹੈ। ਗੁਰੂ ਸਾਹਿਬ ਨੇ ਲੋਕਾਂ ਨੂੰ ਕਰਮ ਕਾਂਡਾਂ, ਭਰਮਾਂ ਤੇ ਵਹਿਮਾਂ ਵਿਚੋਂ ਕੱਢਣ ਲਈ ਸਮਝਾ ਦਿੱਤਾ, ਕਿ ਇਸ ਜਗਤ ਦੀ ਰਚਨਾ ਤੋਂ ਪਹਿਲਾਂ ਨਾ ਕਿਤੇ ਜਪ ਹੋ ਰਹੇ ਸਨ, ਨਾ ਤਪ, ਨਾ ਸੰਜਮ, ਨਾ ਵਰਤ, ਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ। ਅਕਾਲ ਪੁਰਖੁ ਆਪ ਹੀ ਆਪਣੇ ਆਪ ਵਿੱਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਉਂਦਾ ਸੀ। ਅਕਾਲ ਪੁਰਖੁ ਨੂੰ ਸਲਾਹ ਮਸ਼ਵਰਾ ਦੇਣ ਕੋਈ ਹੋਰ ਨਹੀਂ ਸੀ, ਉਹ ਆਪ ਹੀ ਸਭ ਕੁੱਝ ਕਰਦਾ ਸੀ, ਤੇ ਜੋ ਉਹ ਕਰਦਾ ਸੀ, ਉਹੀ ਕੁੱਝ ਹੁੰਦਾ ਸੀ। ਅਕਾਲ ਪੁਰਖ ਸਭ ਥਾਈਂ ਵਿਆਪਕ ਹੈ, ਤੇ ਉਸ ਦਾ ਹੁਕਮੁ ਕਥਨ ਨਹੀਂ ਕੀਤਾ ਜਾ ਸਕਦਾ। ਕੋਈ ਦੂਸਰਾ ਅਕਾਲ ਪੁਰਖੁ ਨੂੰ ਪੈਦਾ ਨਹੀਂ ਕਰ ਸਕਦਾ ਹੈ, ਤੇ ਨਾ ਹੀ ਉਹ ਕਿਤੇ ਟਿਕਾਇਆ ਜਾ ਸਕਦਾ ਹੈ। ਸਬਦ ਰੋਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਜੀਵਨ ਵਿੱਚ ਚਲਣ ਲਈ ਸੋਝੀ ਪ੍ਰਾਪਤ ਹੁੰਦੀ ਹੈ। ਸਬਦ ਸੁਣ ਸਕਦੇ ਹਾਂ, ਪਰ ਵੇਖ ਨਹੀਂ ਸਕਦੇ, ਇਸੇ ਲਈ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਕੋਈ ਮਹੱਤਵ ਨਹੀਂ ਹੈ। ਗੁਰੂ ਸਾਹਿਬ ਨੇ ਸਾਰਿਆਂ ਦਾ ਮੁੱਖ ਧਰਮ, ਉਸ ਅਕਾਲ ਪੁਰਖੁ ਨੂੰ ਹਰੇਕ ਜੀਵ ਵਿੱਚ ਵਸਦਾ ਵੇਖਣਾ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਣਾਂ ਤੇ ਗੁਰਬਾਣੀ ਦੁਆਰਾ ਉਸ ਦੇ ਗੁਣ ਗਾਇਨ ਕਰਨਾ ਦੱਸਿਆ ਹੈ। ਇਸ ਲਈ ਆਓ ਸਾਰੇ ਜਾਣੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਅਸਲੀਅਤ ਨੂੰ ਸਮਝੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi Mumbai - 400703.
http://www.sikhmarg.com/article-dr-sarbjit.html




.