.

ਬਾਣੀ ਭੱਟਾਂ ਦੇ ਸਵਈਏ

ਲੇਖਕ:- ਸੁਰਜਨ ਸਿੰਘ, Mobile:-+919041409041

ਸਾਡੇ ਵਿੱਚੋਂ ਹੀ ਸਾਡੇ ਕੁੱਝ ਵੀਰ ਭੱਟਾਂ ਦੇ ਸਵਈਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਮੰਨਦੇ। ਇਹ ਦਲੀਲ ਦੇਂਦੇ ਹਨ ਕਿ ਭੱਟਾਂ ਦੇ ਸਵਈਏ ਗੁਰੂ ਦੀ ਉਸਤੱਤ ਵਿੱਚ ਉੱਚਾਰੇ ਗਏ ਹਨ, ਉਸਤੱਤ ਕਰਨਾ ਗੁਰਮਤਿ ਵਿੱਚ ਵਿਵਰਜਤ ਹੈ, ਇਹਨਾਂ ਵੀਰਾਂ ਮੁਤਾਬਿਕ ਇਹਨਾਂ ਸਵਈਆਂ ਵਿੱਚ ਬ੍ਰਾਹਮਣਵਾਦ ਅਤੇ ਮਿਥਿਹਾਸ ਦੀ ਝਲਕ ਪੈਂਦੀ ਹੈ; ਇਸ ਲਈ ਪੰਚਮ ਪਾਤਿਸ਼ਾਹ ਇਹੋ ਜਿਹੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਤਰ੍ਹਾਂ ਦਰਜ ਕਰ ਸਕਦੇ ਸੀ? ਇਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਨੇ ਇਹ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਚੜ੍ਹਾ ਦਿੱਤੇ ਹਨ। ਸੱਚਾਈ ਕੀ ਹੈ, ਇਹ ਮੈਂ ਇਸ ਲੇਖ ਰਾਹੀਂ ਗੁਰ ਸਿੱਖਾਂ ਦੀ ਖ਼ਿਦਮਤ ਵਿੱਚ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ।

ਇਹ ਗੱਲ ਗੁੱਝੀ ਛਿਪੀ ਨਹੀਂ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਬਾਣੀ ਆਪਣੇ ਸਾਹਮਣੇ ਭਾਈ ਗੁਰਦਾਸ ਜੀ ਤੋਂ ਦਰਜ ਕਰਵਾਈ। ਹਰ ਗੁਰੂ-ਵਿਅਕਤੀ ਦੀ ਉੱਚਾਰੀ ਬਾਣੀ ਦੇ ਅੰਤ ਤੇ ਉੱਚਾਰਣ ਵਾਲੇ ਦਾ ਨਾਮ “ਨਾਨਕ” ਹੀ ਹੈ। ਇਹ ਦੱਸਣ ਵਾਸਤੇ ਕਿ ਇਹ ਬਾਣੀ ਕਿਸ “ਨਾਨਕ” ਦੀ ਜੋਤਿ ਦੀ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਤੋਂ ਪਹਿਲਾਂ ਇੱਕ ਸਿਰਲੇਖ ਲਿਖ ਦਿੱਤਾ ਹੈ ਜਿਸ ਦਾ ਵੇਰਵਾ ਹੇਠਾਂ ਦਿੱਤਾ ਹੈ। ਹਰ ਗੁਰੂ-ਵਿਅਕਤੀ ਲਈ ਲਫ਼ਜ਼ “ਮਹਲਾ” ਵਰਤਿਆ ਹੈ। ਰਾਗਾਂ ਵਿੱਚ ਉੱਚਾਰੀ ਬਾਣੀ ਦਾ ਸਿਰਲੇਖ ਇਸ ਤਰ੍ਹਾਂ ਹੈ:-

ਸਿਰੀ ਰਾਗੁ ਮਹਲਾ ੧ (ਸ੍ਰੀ ਗੁਰੂ ਨਾਨਕ ਜੀ ਦੀ ਸਿਰੀ ਰਾਗੁ ਵਿੱਚ ਉੱਚਾਰੀ ਬਾਣੀ) ਵਡਹੰਸੁ ਮਹਲਾ ੩ (ਸ੍ਰੀ ਗੁਰੂ ਅਰਮਦਾਸ ਜੀ ਦੀ ਵਡਹੰਸੁ ਰਾਗੁ ਵਿੱਚ ਉੱਚਾਰੀ ਬਾਣੀ) ਇੱਤਿਆਦਿਕ। ਰਾਗਾਂ ਤੋਂ ਬਾਅਦ ਜੋ ਬਾਣੀ ਦਰਜ ਹੈ ਉਸ ਦਾ ਸਿਰਲੇਖ ਇਸ ਤਰ੍ਹਾਂ ਹੈ:-

ਸਲੋਕ ਸਹਸਕ੍ਰਿਤੀ ਮਹਲਾ ੧ (ਸ੍ਰੀ ਗੁਰੂ ਨਾਨਕ ਜੀ ਦੇ ਸਹਸਕ੍ਰਿਤੀ ਸਲੋਕ) ਫੁਨਹੇ ਮਹਲਾ ਪ (ਸ੍ਰੀ ਗੁਰੂ ਅਰਜਨ ਜੀ ਦੇ ਉੱਚਾਰੇ ਫੁਨਹੇ) ਇੱਤਿਆਦਿਕ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੇ ਇਹ ਸਿਰਲੇਖ ਨ ਦਿੱਤੇ ਹੁੰਦੇ ਤਾਂ ਇਹ ਪਛਾਣਨਾ ਅਸੰਭਵ ਸੀ ਕਿ ਕਿਹੜੀ ਬਾਣੀ ਕਿਸ ਗੁਰੂ ਵਿਅਕਤੀ ਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਆਪਣੇ ਸਵਈਏ ਵੀ ਦਰਜ ਹਨ। ਇਨ੍ਹਾਂ ਦਾ ਸਿਰਲੇਖ ਪੰਜਵੇਂ ਪਾਤਿਸ਼ਾਹ ਨੇ ਇਸ ਤਰ੍ਹਾਂ ਦਿੱਤਾ ਹੈ:-

ਸਵਯੇ ਸ੍ਰੀਮੁਖਬਾਕ੍ਹ ਮਹਲਾ ਪ। ਗੁਰੂ ਸਾਹਿਬਾਨ ਦੀਆਂ ਉੱਚਾਰੀਆਂ ਬਾਣੀਆਂ ਵਿੱਚ ਗੁਰੂ-ਵਿਅਕਤੀ ਲਈ ਪੰਜਵੇ ਪਾਤਿਸ਼ਾਹ ਨੇ “ਮਹਲਾ” ਲਫ਼ਜ਼ ਹੀ ਵਰਤਿਆ ਹੈ। ਪਰ ਇਥੇ “ਮਹਲੇ” ਤੋਂ ਪਹਿਲਾਂ “ਸ੍ਰੀਮੁਖਬਾਕ੍ਹ” ਕਿਉਂ? ਇਹ ਸਮਝਣ ਵਾਸਤੇ ਭੱਟਾਂ ਦੇ ਸਵਈਆਂ ਦਾ ਸਿਰਲੇਖ ਵਿਚਾਰ ਗੋਚਰੇ ਕਰਨ ਦੀ ਲੋੜ ਹੈ ਜੋ ਕਿ ਇਸ ਤਰ੍ਹਾਂ ਹੈ:- ਸਵਈਏ ਮਹਲੇ ਪਹਿਲੇ ਕੇ ੧, ਸਵਈਏ ਮਹਲੇ ਦੂਜੇ ਕੇ ੨, ਸਵਈਏ ਮਹਲੇ ਤੀਜੇ ਕੇ ੩, ਸਵਈਏ ਮਹਲੇ ਚਉਥੇ ਕੇ ੪, ਸਵਈਏ ਮਹਲੇ ਪੰਜਵੇਂ ਕੇ ਪ, ਗੁਰੂ ਸਾਹਿਬ ਨੇ ਭੱਟਾਂ ਦੇ ਸਵਈਏ ਦੇ ਸਿਰਲੇਖ ਦੇ ਅੰਕ ੧, ੨, ੩, ੪, ਪ ਨੂੰ ਉੱਚਾਰਨਾ ਦਾ ਤਰੀਕਾ ਲਫ਼ਜ਼ਾਂ ਵਿੱਚ ਲਿਖ ਕੇ ਦੱਸ ਦਿੱਤਾ ਹੈ। “ਇੱਕ”, “ਦੋ” , “ਤਿੰਨ”, ਦੀ ਥਾਂ “ਪਹਿਲਾ” “ਦੂਜਾ” ਆਦਿਕ ਆਖਣਾ ਹੈ, ਜਿਵੇਂ ਕਿ ਸਤਿਗੁਰੂ ਜੀ ਨੇ ਗੁਰੂ ਸਾਹਿਬਾਨ ਦੀ ਉੱਚਾਰੀ ਬਾਣੀ ਵਿੱਚ ਵੀ ‘ਇੱਕ’, ‘ਦੋ’, ‘ਤਿੰਨ’ ਦੀ ਥਾਂ ‘ਪਹਿਲਾ’ ‘ਦੂਜਾ’ ਆਦਿਕ ਉਚਾਰਨ ਦੀ ਸੂਚਨਾ ਦਿੱਤੀ ਹੋਈ ਹੈ (ਮਿਸਾਲ:- ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧- ਪੰਨਾ ੧੪- ਅਤੇ ਸਿਰੀ ਰਾਗੁ ਮਹਲਾ ੧ ਘਰੁ ਦੂਜਾ ੨-ਪੰਨਾ ੨੩)।

1. ਭੱਟਾਂ ਦੇ ਸਵਈਆਂ ਦੇ ਸਿਰਲੇਖਾਂ ਦੀ ਇਹ “ਸੂਚਨਾ” ਸਿਧ ਕਰਦੀ ਹੈ ਕਿ ਇਹ “ਸੂਚਨਾ” ਦੇਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪ ਹੀ ਹਨ।

2. ਗੁਰੂ ਸਾਹਿਬ ਦੇ ਸਵਈਆਂ ਦੇ ਸਿਰਲੇਖ ਵਿੱਚੋਂ ਜੇ “ਸ੍ਰੀਮੁਖਬਾਕ੍ਹ” ਕੱਢ ਦਿੱਤਾ ਜਾਵੇ ਤਾਂ ਇਹ ਬਣਦਾ ਹੈ ‘ਸਵਯੇ ਮਹਲਾ ਪ’। ਭੱਟਾਂ ਦੇ ਸਵਈਆਂ ਦਾ ਆਖਰੀ ਸਿਰਲੇਖ ਵੀ ‘ਸਵਈਏ ਮਹਲੇ ਪੰਜਵੇ ਕੇ ਪ’ ਹੈ। ਇਨ੍ਹਾਂ ਦੋਹਾਂ ਸਿਰਲੇਖਾਂ ਦਾ ਮਤਲਬ ਇਕੋ ਹੀ ਨਿਕਲਦਾ ਹੈ, ਭਾਵ ਦੂਹਾਂ ਸਿਰਲੇਖਾਂ ਦੇ ਸਵਈਏ ਪੰਜਵੇਂ ਪਾਤਿਸ਼ਾਹ ਦੇ ਹੀ ਲਗਦੇ ਹਨ। ਕੋਈ ਭੁਲੇਖਾ ਨ ਪਵੇ ਇਸ ਲਈ ਗੁਰੂ ਸਾਹਿਬ ਨੇ ਆਪਣੇ ਉੱਚਾਰੇ ਸਵਈਆਂ ਦੇ ਸਿਰਲੇਖ ਵਿੱਚ ‘ਸ੍ਰੀਮੁਖਬਾਕ੍ਹ’ ਉਚੇਚੇ ਤੌਰ ਤੇ ਲਿੱਖ ਦਿੱਤਾ ਹੈ। ਜੇ ਹਜ਼ੂਰ ਨੇ ਕੇਵਲ ਆਪਣੇ ਹੀ ਮੁਖਾਰਬਿੰਦ ਤੋਂ ਉੱਚਾਰੇ ਹੋਏ ਸਵਈਏ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹੁੰਦੇ ਤਾਂ ਇਸ ਉਚੇਚੇ ਪਦ ਸ੍ਰੀਮੁਖਬਾਕ੍ਹ ਦੀ ਲੋੜ ਨਹੀਂ ਸੀ। ਕਿਉਂਕਿ ਭੱਟਾਂ ਦੇ ਸਵਈਏ ਵੀ ਸਤਿਗੁਰ ਜੀ ਨੇ ਆਪ ਹੀ ਬੀੜ ਵਿੱਚ ਦਰਜ ਕਰਵਾਏ ਇਸ ਲਈ ਆਪਣੇ ਸਵਈਆਂ ਦਾ ਭੱਟਾਂ ਦੇ ਸਵਈਆਂ ਨਾਲੋਂ ਫ਼ਰਕ ਦੱਸਣ ਵਾਸਤੇ ਆਪਣੇ ਮੁਖਾਰਬਿੰਦ ਦੀ ਬਾਣੀ ਵਿੱਚ ਪਦ “ਸ੍ਰੀਮੁਖਬਾਕ੍ਹ” ਲਿਖ ਦਿੱਤਾ ਹੈ। ਇਸ ਤੋਂ ਇਹ ਸਾਫ ਸਿੱਧ ਹੈ ਕਿ ਭੱਟਾਂ ਦੇ ਸਵਈਏ ਪੰਚਮ ਪਾਤਿਸ਼ਾਹ ਨੇ ਹੀ ਸ੍ਰੀ ਗੁਰੂ} ਗ੍ਰੰਥ ਸਾਹਿਬ ਦੀ ਬੀੜ ਵਿੱਚ ਦਰਜ ਕਰਵਾਏ ਹਨ। ਕਵਿਤਾ ਵਿੱਚ ਛੰਦ ਦੀ ਚਾਲ ਠੀਕ ਰੱਖਣ ਵਾਸਤੇ ਕਈ ਵਾਰੀ ਲਘੂ ਮਾਤ੍ਰਾ ਨੂੰ ਗੁਰੂ ਅਤੇ ਗੁਰੂ ਨੂੰ ਲਘੂ ਕਰਨਾ ਪੈਂਦਾ ਹੈ। ਸੰਗੀਤ ਪ੍ਰੇਮੀ ਇਹ ਚੰਗੀ ਤਰ੍ਹਾਂ ਸਮਝਦੇ ਹਨ। “ (ੁ) ਔਂਕੜ ਅੰਤ” ਅੱਖਰ ਇੱਕ ਮਾਤ੍ਰਾ ਵਾਲਾ ਹੈ, ਜਦੋਂ ਇਸ ਨੂੰ ਦੋ ਮਾਤ੍ਰਿਕ ਕਰਨ ਦੀ ਲੋੜ ਪਏ ਤਾਂ (ੁ) ਔਂਕੜ ਦੀ ਥਾਂ (ੋ) ਹੋੜਾ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਦੋ ਮਾਤ੍ਰਿਕ ਤੋਂ ਇੱਕ ਮਾਤ੍ਰਿਕ ਕਰਨ ਲਈ (ੋ) ਹੋੜੇ ਦੀ ਥਾਂ (ੁ) ਔਂਕੜ ਵਰਤਿਆ ਜਾਂਦਾ ਹੈ। ਪਰ ਲਫ਼ਜ਼ ਦੀ ਅਸਲ ਸ਼ਕਲ ਕਾਇਮ ਰੱਖਣ ਲਈ ਗੁਰਬਾਣੀ ਵਿੱਚ ਇੱਕ ਹੀ ਅੱਖਰ ਨਾਲ ਦੋ ਮਾਤ੍ਰ ਚਿੰਨ੍ਹ (ੁ) ਔਂਕੜ ਅਤੇ (ੋ) ਹੋੜਾ ਵਰਤੇ ਹਨ। ਪ੍ਰਮਾਣ ਹੇਠਾਂ ਦਿੱਤੇ ਹਨ:-

1. ਗੁਰ ਪਰਸਾਦਿ ਪਰਮ ਪਦੁ ਪਾਇਆ।। ਗੁਣ ਗਪਾਲ ਦਿਨੁ ਰੈਨਿ ਧਿਆਇਆ।। (ਭੈਰਉ ਮਹਲਾ ਪ) ਇਥੇ ਅਸਲੀ ਲਫ਼ਜ਼ “ਗੋਪਾਲ” ਹੈ, ਪਰ ਇਸ ਦਾ ਪਾਠ “ਗੁਪਾਲ” ਕਰਨਾ ਹੈ।

2. ਮੂਲ ਮੋਹੁ ਕਰਿ ਕਰਤੈ ਜਗਤੁ ਉਪਾਇਆ।। ਮਮਤਾ ਲਾਇ ਭਰਮਿ ਭਲਾਇਆ।। (ਭੈਰੳ ਮਹਲਾ ੩) ਇਥੇ ਅਸਲੀ ਲਫ਼ਜ਼ “ਭੁਲਾਇਆ” ਹੈ, ਪਰ ਪਾਠ “ਭੋਲਾਇਆ” ਕਰਨਾ ਹੈ”। ਹੋਰ ਕਿਸੇ ਬੋਲੀ ਵਿੱਚ ਦੋਹਰੀ “ਲਗ” ਦੀ ਰੀਤ ਨਹੀਂ ਮਿਲਦੀ। ਇਹ ਰੀਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਜਾਰੀ ਕੀਤੀ ਹੋਈ ਹੈ। ਭੱਟਾਂ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਗੁਰੂ ਮਹਿਮਾ ਉੱਚਾਰ ਕੇ ਸੁਣਾਈ। ਉੱਚਾਰਣ ਸਮੇਂ ਉਹ ਕਿਸੇ ਲੋੜੀਂਦੇ ਥਾਂ ਤੇ ਇਹ ਦੋਵੇਂ ਲਗਾਂ ਇਕੱਠੀਆਂ ਨਹੀਂ ਵਰਤ ਸਕਦੇ ਸਨ। ਦੋ ਲਗਾਂ ਕੇਵਲ ਲਿਖਣ ਵਿੱਚ ਹੀ ਆ ਸਕਦੀਆਂ ਹਨ। ‘ਸਵਈਏ ਮਹਲੇ ਤੀਜੇ ਕੇ ੩’ ਵਿੱਚ ਅਖੀਰਲਾ ਸਵਈਆ ਹੇਠ ਲਿਖੇ ਤਰੀਕੇ ਨਾਲ ਬੀੜ ਵਿੱਚ ਦਰਜ ਹੈ:-

ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਹ ਉਨਹ ਜ ਗਾਵੈ। ਇਥੇ ਅਸਲੀ ਲਫ਼ਜ਼ ਜੋ ਹੈ ਪਰ ਪਾਠ ਜੁ ਕਰਨਾ ਹੈ। ਇਹ ਦੋਹਰੀ ਲਗ ਦੀ ਵਰਤੋਂ ਵੀ ਇਹੋ ਸਾਬਤ ਕਰਦੀ ਹੈ ਕਿ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਦਰਜ ਕਰਨ ਵਾਲੇ ਉਹੀ ਹਨ ਜਿਨ੍ਹਾਂ ਦੀ ਇਹ ਕਾਢ ਹੈ। ਇਹ ਕਾਢ ਹੈ ਸ੍ਰੀ ਗੁਰੁ ਅਰਜਨ ਦੇਵ ਜੀ ਦੀ। ਜਦ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਰਾਜਮਾਨ ਹੋਏ ਤਦ ਸੰਗਤਾਂ ਦੇ ਨਾਲ ਭੱਟ ਵੀ ਗੋਇੰਦਵਾਲ ਸਾਹਿਬ ਗੁਰੂ ਦਰਸ਼ਨ ਲਈ ਆਏ। ਗੁਰੂ ਜੀ ਦੇ ਦੀਦਾਰ ਕਰਕੇ ਉਨ੍ਹਾਂ ਦੇ ਕਪਾਟ ਖੁਲ ਗਏ। ਉਨ੍ਹਾਂ ਦਾ ਚਿੱਤ ਉਮਾਹਾ ਵਿੱਚ ਆਇਆ ਅਤੇ ਉਨ੍ਹਾਂ ਗੁਰੂ ਦੀ ਮਹਿਮਾ ਵਿੱਚ ਸਵਈਏ ਉੱਚਾਰੇ। ਗੁਰੂ ਨਾਨਕ ਜੀ ਦੀ ਉਸਤੱਤ ਵਿੱਚ ਉੱਚਾਰੇ ਸਵਈਏ “ਸਵਈਏ ਮਹਲੇ ਪਹਿਲੇ ਕੇ ੧” ਦੇ ਸਿਰਲੇਖ ਹੇਠ ਦਰਜ ਹਨ। ਇਸੇਤਰ੍ਹਾਂ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਗੁਰੂ ਜੀ ਦੀ ਮਹਿਮਾ ਵਿੱਚ ਉੱਚਾਰੇ ਸਵਈਏ “ਸਵਈਏ ਮਹਲੇ ਦੂਜੇ ਕੇ ੨, ਤੀਜੇ ਕੇ ੩, ਚੌਥੇ ਕੇ ੪, ਅਤੇ ਪੰਜਵੇਂ ਕੇ ਪ” ਸਿਰਲੇਖ ਹੇਠ ਦਰਜ ਹਨ। ਗੁਰੂ ਦੀ ਵਡਿਆਈ ਕੇਵਲ ਭੱਟਾਂ ਦੇ ਸਵਈਆਂ ਵਿੱਚ ਹੀ ਨਹੀਂ ਗੁਰਬਾਣੀ ਵਿੱਚ ਵੀ ਕਈ ਜਗ੍ਹਾ ਮਿਲਦੀ ਹੈ। ਪ੍ਰਮਾਣ ਹੇਠ ਲਿਖੇ ਹਨ:-

1. ਸਤਿਗੁਰੁ ਮੇਰਾ ਬੇਮੁਹਤਾਜੁ।। ਸਤਿਗੁਰ ਮੇਰੇ ਸਚਾ ਸਾਜੁ।। ਸਤਿਗੁਰੁ ਮੇਰਾ ਸਭਸ ਕਾ ਦਾਤਾ।। ਸਤਿਗੁਰੁ ਮੇਰਾ ਪੁਰਖੁ ਬਿਧਾਤਾ।। ੧।। ਗੁਰੁ ਜੈਸਾ ਨਾਹੀ ਕੋ ਦੇਵ।। ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ।। ੧।। ਰਹਾਉ।। /////////////////////////////////////////////

ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ।। ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ।। ਨਾਨਕ ਸੋਧੇ ਸਿੰਮ੍ਰਿਤ ਬੇਦ।। ਪਾਰਬ੍ਰਹਮ ਗੁਰ ਨਾਹੀ ਭੇਦ।। (ਭੈਰਉ ਮਹਲਾ ਪ) ਭਾਵ:- ਪਾਰਬ੍ਰਹਮ ਅਤੇ ਗੁਰੂ ਵਿੱਚ ਭੇਦ ਨਹੀਂ ਹੈ।

2. ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।। (ਸੋਰਠਿ ਮਹਲਾ ਪ) ਭਾਵ:- ਜਿਨ੍ਹਾਂ ਨੇ ਗੁਰੂ ਨਾਨਕ ਦਾ (ਉਪਦੇਸ਼) ਸੁਣਿਆ ਜਾਂ ਦਰਸ਼ਨ ਕੀਤਾ ਉਹ ਮੁੜ ਜਨਮ ਮਰਣ ਦੇ ਗੇੜ ਵਿੱਚ ਨਹੀਂ ਪੈਂਦੇ।

3. ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ।। (ਸਿਰੀ ਰਾਗੁ ਮਹਲਾ ੪) ਭਾਵ:- ਗੁਰੂ ਦੀਆਂ ਵਡਿਆਈਆਂ ਕਰ ਕਰ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ- ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨੂੰ “ਸਮਰਥੁ” “ਪਰਮੇਸਰੁ” “ਪਾਰਬ੍ਰਹਮ” ਆਖਣ ਵਾਲੇ ਸੈਂਕੜੇ ਸ਼ਬਦ ਮਿਲਦੇ ਹਨ। “ਨਾਨਕ” ਕਹਿ ਕੇ ਵੀ ਗੁਰੂ ਦੀ ਉਸਤੱਤ ਕੀਤੀ ਹੈ ਗੁਰਬਾਣੀ ਵਿੱਚ ਜਿਸ ਤਰ੍ਹਾਂ ਉਪਰ ਦੱਸਿਆ ਹੈ (ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ)। ਜੇ ਸਤਿਗੁਰੂ ਦੇ ਆਪਣੇ ਮੁਖਾਰਬਿੰਦ ਤੋਂ ਉੱਚਾਰੇ ਸ਼ਬਦਾਂ ਵਿੱਚ ਗੁਰੂ ਨੂੰ ਇਹ ਪਦਵੀ ਮਿਲ ਸਕਦੀ ਹੈ ਤੇ ਗੁਰਮਤਿ ਦੇ ਅਨੁਸਾਰ ਹੈ ਤਾਂ ਭੱਟਾਂ ਦਾ ਸਤਿਗੁਰੂ ਨੂੰ ਇਹ ਪਦਵੀ ਦੇਣਾ ਗੁਰਮਤਿ ਦੇ ਵਿਰੁੱਧ ਨਹੀਂ ਹੋ ਸਕਦਾ। ਭੱਟਾਂ ਦੇ ਸਵਈਆਂ ਵਿੱਚ ਸ਼ਬਦ ਕ੍ਰਿਸ਼ਨ ਮੁਰਾਰੀ ਗੁਰੂ ਲਈ ਵਰਤਿਆ ਗਿਆ ਹੈ। ਭੱਟਾਂ ਦਾ ਦ੍ਰਿਸ਼ਟੀ-ਕੋਣ ਇਹ ਹੈ ਕਿ ਸਾਡੇ ਵਾਸਤੇ ਤਾਂ ਗੁਰੂ ਨਾਨਕ ਪਾਤਿਸ਼ਾਹ ਹੀ ਉਹ ਸ੍ਰੀ ਰਾਮ ਹੈ, ਉਹ ਸ੍ਰੀ ਕ੍ਰਿਸ਼ਨ ਹੈ ਜਿਨ੍ਹਾਂ ਨੂੰ ਆਪੋ ਆਪਣੇ ਜੁਗ ਦਾ ਸ਼ਿਰੋਮਣੀ ਮੰਨਿਆ ਜਾਂਦਾ ਹੈ। ਸਾਡੇ ਵਾਸਤੇ ਤਾਂ ਗੁਰੂ ਨਾਨਕ ਪਾਤਿਸ਼ਾਹ ਪਾਰਬ੍ਰਹਮ ਰੂਪ ਹੈ, ਉਹ ਪਾਰਬ੍ਰਹਮ ਜਿਸ ਦੇ ਗੁਣ ਸਭ ਰਿਸ਼ੀ ਮੁਨੀ, ਭਗਤ ਅਤੇ ਅਨ੍ਯ ਧਰਮਾਂ ਦੇ ਸ਼੍ਰੋਮਣੀ ਜਨ ਅਤੇ ਦੇਵੀ ਦੇਵਤੇ ਗਾਉਂਦੇ ਹਨ। ਗੁਰੂ ਨਾਨਕ ਦੀ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਜੋਤਿ ਲਈ ਵੀ ਭੱਟਾਂ ਦਾ ਇਹੋ ਦ੍ਰਿਸ਼ਟੀ-ਕੋਣ ਹੈ। ਇਹ ਦ੍ਰਿਸ਼ਟੀ-ਕੋਣ ਕਿਸੇ ਤਰ੍ਹਾਂ ਵੀ ਬ੍ਰਾਹਮਣਵਾਦ ਜਾਂ ਮਿਥਿਹਾਸ ਨਹੀਂ ਹੈ। ਉਪਰਲੀ ਵਿਚਾਰ ਦਾ ਸਿੱਟਾ:-

1. ਭੱਟਾਂ ਦੇ ਸਵਈਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖ਼ੁਦਿ ਹੀ ਸ੍ਰੀ ਗੁਰੂ ਗ੍ਹੰਥ ਸਾਹਿਬ ਦੀ ਬੀੜ ਵਿੱਚ ਦਰਜ ਕਰਵਾਏ ਹਨ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹਨ।

2. ਭੱਟਾਂ ਦੇ ਸਵਈਆਂ ਵਿੱਚ ਕੁੱਝ ਵੀ ਗੁਰਮਤਿ ਦੇ ਵਿਰੁੱਧ ਨਹੀਂ ਹੈ। ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਵੀਰਾਂ ਅੱਗੇ ਮੇਰੀ ਬੇਨਤੀ ਹੈ ਕਿ ਉਹ ਗੁਰੇਜ਼ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨੁਕਤਾਚੀਨੀ ਕਰਨ ਤੋਂ ਤਾਕਿ ਉਨ੍ਹਾਂ ਤੇ ਗੁਰੂ ਦੀ ਸਵੱਲੀ ਨਦਰਿ ਬਣੀ ਰਹੇ। “ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।। ਦਰਿ ਮੰਗਨਿ ਭਿਖ ਨ ਪਾਇਦਾ।” (ਪੰਨਾ ੪੭੨)।

(ਨੋਟ:- ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਵਿਸ਼ੇ ਨਾਲ ਸੰਬੰਧਿਤ ਲੇਖ ਜੋ ਕਿ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਨੇ ਜਨਵਰੀ 2006 ਵਿੱਚ ਲਿਖਿਆ ਸੀ ਉਹ ਵੀ ਪੜ੍ਹ ਲੈਣ। ਉਹ ਯੂਨੀਕੋਡ ਵਿੱਚ ਨਹੀਂ ਹੈ ਇਸ ਲਈ ਉਸ ਨੂੰ ਪੜ੍ਹਨ ਲਈ ਸਿਰਫ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ, ਹੋਰ ਕਿਸੇ ਵੈੱਬ ਬਰਾਉਸਰ ਦੀ ਨਹੀਂ। ਇਹ ਲੇਖ, ਲੇਖ ਲੜੀ ਪਹਿਲੀ ਵਿੱਚ ਹੈ-ਸੰਪਾਦਕ)
.