.

ਸਿੱਖ ਹੀ ਸਿੱਖੀ ਦੇ ਦੁਸ਼ਮਨ (ਭਾਗ-7)

(ਲੜ੍ਹੀ ਜੋੜ੍ਹਨ ਲਈ ਪਿਛਲਾ ਅੰਕ ਪੜ੍ਹੋ ਜੀ)

ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਪੰਜਵੇਂ ਭਾਗ ਦੀ ਸ਼ੁਰੂਆਤ ਅਉਖੀ ਘੜ੍ਹੀ ਨ ਦੇਖਣ ਦੇਈ॥ ਲਿਖਕੇ ਕੀਤੀ ਗਈ ਹੈ। ਇਸ ਭਾਗ ਵਿੱਚ ਅਖੌਤੀ ਲੇਖਕ ਨੇਂ ਗੁਰਬਾਣੀਂ ਵਿਚੋਂ 29 ਗੁਰ-ਸ਼ਬਦ ਚੁਣੇਂ ਹਨ। ਜਿਹਨਾਂ ਦਾ ਇਸ਼ਤਿਮਾਲ ਲੇਖਕ ਨੇ ਉਸੇ ਹੀ ਬ੍ਰਾਹਮਣੀਂ ਢੰਗ ਤਰੀਕੇ ਨਾਲ ਹੀ ਕੀਤਾ ਹੈ, ਅਸੀਂ ਸਾਰੇ ਸ਼ਬਦਾਂ ਦੀ ਵਿਚਾਰ ਤਾਂ ਆਪ ਜੀ ਦੇ ਮੂਹਰੇ ਨਹੀਂ ਰੱਖ ਸਕਦੇ ਕੁੱਝ ਕੁ ਸ਼ਬਦਾਂ ਦੀ ਵੀਚਾਰ ਹਾਜਰ ਹੈ-

ਰਾਖਿ ਲੀਆ ਗੁਰਿ ਪੂਰੈ ਆਪਿ॥

ਮਨਮੁਖ ਕਉ ਲਾਗੋ ਸੰਤਾਪੁ॥ (190)

ਮਹਾਤਮ ਤੇ ਵਿਧੀ-ਇਸ ਸ਼ਬਦ ਦੇ 108 ਵਾਰ ਰੋਜਾਨਾਂ 41 ਦਿਨ ਜਪਣ ਨਾਲ ਨਿੰਦਕ, ਦੁਸ਼ਮਣ ਦੂਰ ਹੋਣ, ਹਰ ਪ੍ਰਕਾਰ ਦੀ ਰੱਖਿਆ ਹੋਵੇ।

ਗੁਰਮਤਿ ਅਨੁਸਾਰ ਵੀਚਾਰ-ਇਹ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਗਉੜ੍ਹੀ ਰਾਗ ਵਿੱਚ ਸੁਸ਼ੋਭਿਤ ਹੈ। ਇਸ ਸ਼ਬਦ ਦਾ ਮੁਢਲਾ ਅਰਥ ਹੈ, ਹੇ ਮੇਰੇ ਮਿੱਤਰੋ ਸਦਾ ਆਪਣੇ ਗੁਰੂ ਨੂੰ ਚੇਤੇ ਰੱਖੋ, ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ ਤੁਹਾਡੇ ਮੂੰਹ ਪ੍ਰਮਾਤਮਾਂ ਦੀ ਹਜੂਰੀ ਵਿੱਚ ਰੌਸ਼ਨ ਹੋਣਗੇ। ਇਸ ਸਾਰੇ ਸ਼ਬਦ ਵਿੱਚ ਕਾਮਾਦਿਕ ਵਿਕਾਰਾਂ ਤੋਂ ਗੁਰੂ ਦੀ ਸਿੱਖਿਆ ਬਚਾ ਸਕਦੀ ਹੈ ਇਹ ਹੀ ਵਿਚਾਰ ਕੀਤੀ ਗਈ ਹੈ। ਵਿਕਾਰਾਂ ਨੂੰ ਹੀ ਦੁਸ਼ਮਨ ਕਿਹਾ ਗਿਆ ਹੈ। ਜੋ ਇੱਕ ਸ਼ਬਦ ਲੈਕੇ ਅਖੌਤੀ ਲਿਖਾਰੀ ਜੀ ਨੇਂ ਇਹਦਾ ਮਹਾਤਮ ਲਿਖ ਮਾਰਿਆ ਹੈ। ਪਿਛੇ ਅਸੀਂ ਇਹ ਵਿਚਾਰ ਕਰ ਆਏ ਹਾਂ ਕਿ ਗੁਰਬਾਣੀਂ ਨੇਂ ਦੁਸ਼ਮਨ ਕਿਸੇ ਮਨੁਖ ਨੂੰ ਨਹੀਂ ਕਿਹਾ ਮਨੁਖ ਦੀ ਭੈੜ੍ਹੀ ਸੋਚ ਹੀ ਉਹਦੇ ਆਪਣੇਂ ਦੁਸ਼ਮਨ ਹਨ। ਕੇਵਲ ਇਸ ਸ਼ਬਦ ਨੂੰ ਜਪਣ ਨਾਲ ਹੀ ਕੁੱਝ ਨਹੀਂ ਹੋਵੇਗਾ ਜਦੋਂ ਤੱਕ ਇਸ ਵਿੱਚ ਦੱਸੇ ਗਏ ਫਾਰਮੂਲੇ ਨੂੰ ਮਨੁੱਖ ਧਾਰਨ ਨਹੀਂ ਕਰਦਾ। ਸਿੱਖ ਦਾ ਨਾਂ ਤਾਂ ਕੋਈ ਨਿੰਦਕ ਹੀ ਹੈ ਤੇ ਨਾਂ ਹੀ ਸਿੱਖ ਦਾ ਕੋਈ ਦੁਸ਼ਮਨ ਹੈ, ਸਿੱਖ ਦੀ ਰੱਖਿਆ ਉਹਦੇ ਗੁਰੂ ਦੁਆਰਾ ਦਿੱਤੀ ਗਈ ਸੋਚ ਕਰਦੀ ਹੈ ਜੋ ਸਿੱਖ ਆਪਣੇਂ ਮਨ ਵਿੱਚ ਧਾਰਨ ਕਰਦਾ ਹੈ, ਲੇਖਕ ਨੇਂ ਜੋ ਸ਼ਬਦ, ਹਰ ਪ੍ਰਕਾਰ ਦੀ ਰੱਖਿਆ ਲਿਖਿਆ ਹੈ, ਉਹਦਾ ਮਤਲਬ ਕੀ ਹੈ ਇਹ ਨਹੀਂ ਦੱਸ ਪਾਇਆ। ਹਾਂ ਇਹ ਜਰੂਰ ਖੁਲ ਦੇ ਦਿੱਤੀ ਹੈ ਕਿ ਕੰਮ ਭਾਵੇਂ ਕੋਈ ਵੀ ਕਰੋ ਭਾਵੇਂ ਚੰਗਾ ਹੋਵੇ ਜਾਂ ਮਾੜ੍ਹਾ ਬੱਸ ਕੁਤੇ ਤੋਂ ਕੁਤਾ ਕੰਮ ਕਰਨ ਤੇ ਵੀ ਇਹ ਸ਼ਬਦ ਤੁਹਾਡੀ ਰੱਖਿਆ ਕਰੇਗਾ। ਜਿਵੇਂ ਬਿਪਰ ਨੇਂ ਇਹ ਪ੍ਰਚਾਰ ਕਰ ਦਿੱਤਾ ਸੀ ਕਿ ਗੰਗਾ ਦਾ ਇਸ਼ਨਾਨ ਮਨੁਖ ਦੇ ਸਾਰੇ ਪਾਪ ਲਾਹ ਦੇਂਦਾ ਹੈ, ਬੱਸ ਸਾਲ ਵਿੱਚ ਇੱਕ ਵਾਰੀ ਆਕੇ ਇਸ਼ਨਾਨ ਕਰ ਲਉ ਬੱਸ ਫਿਰ ਸਾਰੇ ਪਾਪ ਲਹਿ ਜਾਣਗੇ। ਭਾਵ ਸਾਲ ਭਰ ਚੰਗੀ ਤਰ੍ਹਾਂ ਪਾਪ ਕਰੋ, ਦੁਸ਼ਕਰਮ ਕਰੋ, ਇੱਕ ਦਿਨ ਆਕੇ ਗੰਗਾ ਨਹਾ ਲਉ ਪਾਪ ਖਤਮ। ਇਸ ਵਿਚਾਰ ਨੇਂ ਜੀਵਾਂ ਨੂੰ ਧਰਮੀਂ ਤਾਂ ਨਾਂ ਬਣਾਇਆਂ ਪਰ ਕੁਕਰਮੀ ਜਰੂਰ ਬਣਾਂ ਦਿੱਤਾ। ਕਿਉਕਿ ਖੁਲ ਮਿਲ ਗਈ ਕਿ ਜਿੰਨੇਂ ਮਰਜੀ ਪਾਪ ਕਰ ਲਉ ਬਸ ਗੰਗਾ ਨਹਾਉਣ ਨਾਲ ਸਭ ਖਤਮ ਹੋ ਜਾਂਦੇ ਹਨ, ਸ਼ਾਇਦ ਇਸੇ ਕਾਰਨ ਹਿੰਦੂ ਵੀਰ ਮਰਨ ਕਿਨਾਰੇ ਬੈਠੇ ਪ੍ਰਾਨੀਂ ਦੇ ਮੂੰਹ ਵਿੱਚ ਗੰਗਾ ਜਲ ਪਾਉਂਦੇ ਹਨ। ਇਸ ਪ੍ਰਥਾਏ ਸਾਹਿਬਾਂ ਦਾ ਮਹਾਨ ਬਚਨ ਹੈ-

ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ (1348)

ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ।

ਸੋ ਐਸੇ ਬੇਅੰਤ ਵਿਸ਼ਵਾਸ਼ਾਂ ਨੂੰ ਗੁਰਮਤਿ ਨੇਂ ਚਕਣਾਂ ਚੂਰ ਕੀਤਾ ਹੈ। ਦੂਰ ਕੀ ਜਾਣਾਂ ਸਾਡੇ ਆਪਣੇਂ ਘਰਾਂ ਵਿੱਚ ਹੀ ਹੁਣ ਇਹ ਸਭ ਕੁੱਝ ਹੋਣਾਂ ਸ਼ੁਰੂ ਹੋ ਗਿਆ ਹੈ। ਸਰੋਵਰਾਂ ਦੇ ਮਹਾਤਮ ਲਿਖੇ ਹੋਏ ਹਨ, ਦੁਖ ਭੰਜਨੀਂ ਬੇਰੀ ਦਾ ਮਹਾਤਮ ਦੱਸਿਆ ਜਾਂਦਾ ਹੈ। ਸੋ ਅਸੀਂ ਆਪਣੀਂ ਮੇਨ ਵਿਚਾਰ ਵੱਲ ਆਉਂਦੇ ਹਾਂ ਕਿ ਗੁਰੂ ਵੀ ਤਾਂ ਹੀ ਸਹਾਇਤਾ ਕਰਦਾ ਹੈ ਜੇ ਸਾਡਾ ਜੀਵਨ ਚੰਗਾ ਹੋਵੇਗਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਬਣੇਂ ਹੋਏ ਐਸੇ ਭਰਮਗੜ੍ਹ ਨੂੰ ਤੋੜ੍ਹਦਿਆਂ ਇਹ ਫੁਰਮਾਨ ਕੀਤਾ ਸੀ-

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ॥ (141)

ਗੱਲ ਸ਼ਪੱਸ਼ਟ ਹੈ ਜੇਕਰ ਸਮਝ ਵਿੱਚ ਆ ਜਾਵੇ ਤਾਂ। ਇਸੇ ਗੱਲ ਨਾਲ ਇੱਕ ਹੋਰ ਵੀਚਾਰ ਦੇਣੀਂ ਚਾਹਾਂਗਾ। ਕਈ ਸਾਡੇ ਅਖੌਤੀ ਮਹਾਂਪੁਰਖ ਇਹ ਫੁਰਮਾਨ ਕਰ ਗਏ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇਂ ਇਹ ਕਿਹਾ ਸੀ ਕਿ ਜੋ ਵੀ ਸਿੱਖ ਅੰਮ੍ਰਿਤਧਾਰੀ ਹੋਵੇਗਾ ਉਹਨੂੰ ਮੈਂ ਕਦੇ ਵੀ ਨਰਕਾਂ ਵਿੱਚ ਨਹੀਂ ਪੈਣ ਦਿਆਂਗਾ। ਭਾਵੇਂ ਕਿ ਉਹਨੇਂ ਕਿੰਨੇਂ ਵੀ ਪਾਪ ਕਿਉਂ ਨਾਂ ਕੀਤੇ ਹੋਣ। ਐਸੀਆਂ ਮਨਘੜ੍ਹਤ ਗੱਲਾਂ ਜੁਲਮ ਨੂੰ ਬੜ੍ਹਾਵਾ ਦੇਂਦੀਆਂ ਹਨ। ਮਨੁਖ ਦਾ ਜੀਵਨ ਤਬਾਹ ਕਰ ਦਿੰਦੀਆਂ ਹਨ। ਅਗਾਂਹ ਲਿਖਾਰੀ ਇਹ ਸ਼ਬਦ ਲੈਕੇ-

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥

ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥ (819)

ਕਹਿੰਦਾ ਹੈ ਕਿ ਇਸ ਸ਼ਬਦ ਦੇ ਰਾਤ ਨੂੰ ਸੌਣ ਸਮੇਂ 108 ਪਾਠ ਰੋਜਾਨਾਂ ਕਰਨ ਨਾਲ ਸ਼ਰੀਰ ਦੀ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਹੈ, ਤੇ ਭੈੜ੍ਹੇ ਸੁਪਨੇਂ ਤੇ ਕਿਸੇ ਦਾ ਡਰ-ਭਉ ਨਹੀਂ ਆਉਂਦਾ।

ਵੀਚਾਰ-ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਵੀ ਗੁਰੂ ਬਾਣੀਂ ਦੇ ਅੰਦਰ ਇਹ ਜਰੂਰੀ ਨਹੀਂ ਕੀਤਾ ਗਿਆ ਕਿ ਕਿਹੜ੍ਹੀ ਬਾਣੀਂ ਦਾ ਪਾਠ ਕਦੋਂ ਕਰਨਾਂ ਹੈ। ਜਿਵੇਂ ਜਦੋਂ ਪਿਆਸ ਲਗੇ ਪਾਣੀਂ ਪੀਕੇ ਆਪਣੀਂ ਪਿਆਸ ਬੁਝਾ ਲਈਦੀ ਹੈ। ਪਿਆਸ ਭਾਵੇਂ ਰਾਤ ਨੂੰ ਲਗੇ ਜਾਂ ਦਿਨੇਂ, ਉਸਦਾ ਕੋਈ ਖਾਸ ਸਮਾਂ ਨੀਅਤ ਨਹੀਂ ਹੈ। ਤਿਵੇਂ ਹੀ ਜਦੋਂ ਵੀ ਮਨ ਕਰੇ ਬਾਣੀਂ ਪੜ੍ਹਨ ਨੂੰ ਪੜ੍ਹ ਲੈਣੀਂ ਚਾਹੀਦੀ ਹੈ

ਪਰ ਸਮੇਂ ਦੀ ਵੰਡ ਨਾਲ ਬਾਣੀਆਂ ਦੀ ਵੰਡ ਕਰਨੀਂ ਇਹ ਗੱਲ ਕੋਈ ਜਚਦੀ ਨਹੀਂ ਹੈ। ਜਿਵੇਂ ਪਾਵਨ ਬਾਣੀਂ ਦਾ ਵੀ ਫੁਰਮਾਨ ਹੈ-

ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥

ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ (35)

ਭਾਵ-ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਵਖਤ ਵੀਚਾਰਦੇ ਰਹੀਏ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਹਰ ਵਖਤ ਹੀ ਪ੍ਰਮਾਤਮਾਂ ਦੀ ਭਗਤੀ ਕਰਦੇ ਰਹਿਣਾਂ ਚਾਹੀਦਾ ਹੈ, ਇਸ ਤਰ੍ਹਾਂ ਮਨੁਖ ਪ੍ਰਮਾਤਮਾਂ ਦਾ ਹੀ ਰੂਪ ਹੋ ਜਾਂਦਾ ਹੈ ਤੇ ਸਚੀ ਸ਼ੋਭਾ ਪਾ ਲੈਂਦਾ ਹੈ।

ਲੇਖਕ ਕਹਿੰਦਾ ਹੈ ਕਿ ਰਾਤ ਨੂੰ ਹੀ ਇਹਦਾ ਪਾਠ ਕਰਕੇ ਸੌਣਾਂ ਹੈ, ਉਹ ਕਿਉਂ?

ਕੀ ਜੇ ਦਿਨੇਂ ਇਹਦਾ ਪਾਠ ਕਰ ਲਵਾਂਗੇ ਤਾਂ ਕੀ ਕੋਈ ਭੂਚਾਲ ਆ ਜਾਵੇਗਾ?

ਫਿਰ ਲੇਖਕ ਕਹਿੰਦਾ ਹੈ ਕਿ ਜੇ ਇਸਦਾ ਪਾਠ ਕਰੋਗੇ ਤਾਂ ਭੈੜ੍ਹੇ ਸੁਪਨੇਂ ਨਹੀਂ ਆਉਣਗੇ, ਫਿਰ ਕਿਹੜ੍ਹੇ ਸੁਪਨੇਂ ਆਉਣਗੇ ਇਹ ਵੀ ਦੱਸ ਜਾਂਦੇ? ਜੇਕਰ ਸਾਰਾ ਦਿਨ ਭੈੜ੍ਹੇ ਵੀਚਾਰਾਂ ਦੀ ਦਲਦਲ ਵਿੱਚ ਹੀ ਸਾਡਾ ਮਨ ਫਸਿਆ ਰਹੇਗਾ, ਤਾਂ ਰਾਤ ਨੂੰ ਉਹੀ ਵੀਚਾਰ ਸਾਡੇ ਦਿਮਾਗ ਵਿੱਚ ਵੀ ਘੁੰਮਦੇ ਰਹਿਣਗੇ, ਇਹ ਕੋਈ ਜਰੂਰੀ ਨਹੀਂ ਹੈ ਕਿ ਇਸ ਸ਼ਬਦ ਦਾ ਜਾਪ ਕਰਨ ਮਾਤ੍ਰ ਹੀ ਭੈੜ੍ਹੇ ਸੁਪਨੇ ਬੰਦ ਹੋ ਜਾਣਗੇ। ਗੁਰਬਾਣੀਂ ਵਿੱਚ ਵੀ ਬਹੁਤ ਵਾਰ ਸੁਪਨਾਂ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ, ਪਰ ਉਥੇ ਕਿਤੇ ਵੀ ਚੰਗੇ ਮਾੜ੍ਹੇ ਸੁਪਨਿਆਂ ਦੀ ਗੱਲ ਨਹੀਂ ਕੀਤੀ ਗਈ। ਹੋਰਨਾਂ ਮੱਤਾਂ ਵਿੱਚ ਚੰਗੇ ਜਾਂ ਮਾੜ੍ਹੇ ਸੁਪਨਿਆਂ ਦੇ ਕਈ ਫਲ ਲਿਖੇ ਹਨ ਪਰ ਗੁਰਮਤਿ ਵਿੱਚ ਐਸੀ ਕੋਈ ਗੱਲ ਨਹੀਂ ਮੰਨੀ ਗਈ। ਰਹਿ ਗਈ ਗੱਲ ਡਰ ਭਉ ਦੀ ਤਾਂ ਉਹਦੇ ਵਾਸਤੇ ਇਤਨਾਂ ਕਹਿਣਾਂ ਹੀ ਕਾਫੀ ਹੈ ਕਿ ਸਿੱਖ ਨਿਰਭਉ ਦੀ ਆਰਾਧਨਾਂ ਕਰਦਾ ਹੈ ਇਸ ਲਈ ਉਹਨੂੰ ਨਾਂ ਮੌਤ ਦਾ ਡਰ ਹੈ, ਤੇ ਨਾਂ ਕਿਸੇ ਹੋਰ ਦਾ, ਸਿੱਖ ਕੇਵਲ ਆਪਣੇਂ ਗੁਰੂ ਤੇ ਪ੍ਰਮਾਤਮਾਂ ਦੇ ਨਿਰਮਲ ਭਉ ਵਿੱਚ ਹੀ ਰਹਿੰਦਾ ਹੈ। ਇਸੇ ਤਰ੍ਹਾਂ ਅਗਾਂਹ ਵੀ ਕਾਫੀ ਜਬਲੀਆਂ ਮਾਰੀਆਂ ਗਈਆਂ ਹਨ ਜਿੰਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ, ਸੰਖੇਪ ਰੂਪ ਵਿੱਚ ਕੁੱਝ ਹਾਜਰ ਹਨ ਜੀ-

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ॥ (70)

ਇਹ ਸ਼ਬਦ ਦਾ ਜਾਪ ਕਰਨ ਨਾਲ ਸ਼ਰੀਰਕ ਦੁਖ ਨਾਸ਼ ਹੁੰਦੇ ਹਨ।

ਸੁਆਲ-ਫਿਰ ਤਾਂ ਕਿਸੇ ਵੀ ਹਸਪਤਾਲ ਦੀ ਕੋਈ ਜਰੂਰਤ ਨਹੀਂ ਹੈ, ਲੇਖਕ ਨੂੰ ਚਾਹੀਦਾ ਹੈ ਕਿ ਸਾਰੇ ਹਸਪਤਾਲ ਬੰਦ ਕਰਵਾ ਦੇਵੇ।

ਗੁਰਿ ਪੂਰੈ ਮੇਰੀ ਰਾਖਿ ਲਈ॥ (823-24)

ਪੜ੍ਹਨ ਨਾਲ ਦੁਸ਼ਮਨ ਵੈਰ ਕਰਨੋਂ ਹਟ ਜਾਂਦੇ ਹਨ ਤੇ ਮੁਕੱਦਮੇਂ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ।

ਸੁਆਲ-ਕੀ ਗੁਰੂ ਵੀ ਪੱਖਪਾਤੀ ਹੈ ਕਿ ਇੱਕ ਨੂੰ ਹਰਾ ਦੇਂਦਾ ਹੈ, ਤੇ ਦੂਜੇ ਨੂੰ ਜਿਤਾ ਦੇਂਦਾ ਹੈ? ਕੀ ਗੁਰੂ ਸਾਹਿਬ ਹੁਣ ਸਾਡੇ ਮੁਕੱਦਮੇ ਜਿਤਾਉਣ ਜੋਗੇ ਹੀ ਰਹਿ ਗਏ ਹਨ? ਮੁਕੱਦਮੇਂ ਤਾਂ ਕਈ ਪ੍ਰਕਾਰ ਦੇ ਹੁੰਦੇ ਹਨ, ਕਿਹੜ੍ਹੇ ਮੁਕੱਦਮੇਂ ਦੀ ਲੇਖਕ ਗੱਲ ਕਰ ਰਿਹਾ ਹੈ ਇਹ ਨਹੀ ਦੱਸ ਪਾਇਆ।

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ (1096)

ਇਹ ਸ਼ਬਦ ਪੜ੍ਹਨ ਨਾਲ ਧਨ ਦੀ ਕਦੇ ਵੀ ਤੋਟ ਨਹੀ ਆਉਦੀ।

ਸੁਆਲ-ਸ਼ਬਦ ਰਚਨਹਾਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਪਣੇਂ ਜੀਵਨ ਦੀ ਹੀ ਇਹ ਸਾਖੀ ਆਉਂਦੀ ਹੈ ਕਿ ਇੱਕ ਵਾਰ ਮਾਇਆ ਦੀ ਐਨੀ ਤੋਟ ਆ ਗਈ ਸੀ ਕਿ ਕਈ ਦਿਨ ਭੁਖੇ ਰਹਿਣਾਂ ਪਿਆ ਸੀ, ਤੇ ਲੰਗਰ ਵੀ ਬੰਦ ਹੋ ਗਿਆ ਸੀ।

ਕੀ ਉਸ ਸਮੇਂ ਇਸ ਸਬਦ ਦੀ ਤਾਕਤ ਦਾ ਗੁਰੂ ਮਹਾਰਾਜ ਨੂੰ ਪਤਾ ਨਹੀ ਸੀ?

ਗਈ ਬਹੋੜੁ ਬੰਦੀ ਛੋੜ੍ਹ ਨਿਰੰਕਾਰੁ ਦੁਖਦਾਰੀ॥ (624)

ਪੜ੍ਹਨ ਨਾਲ ਪੂਰਬਲੇ ਜਨਮਾਂ ਦੇ ਪਾਪ ਬਖਸ਼ੇ ਜਾਂਦੇ ਹਨ।

ਵੀਚਾਰ-ਗੁਰਮਤਿ ਕਿਸੇ ਪੂਰਬਲੇ ਅਖੌਤੀ ਕਰਮਾਂ ਨੂੰ ਸਵੀਕਾਰ ਹੀ ਨਹੀਂ ਕਰਦੀ, ਇਹ ਸਾਰਾ ਪਸਾਰਾ ਬਿਪਰ ਦਾ ਖਿਲਾਰਿਆ ਹੋਇਆ ਹੈ, ਇਸਦਾ ਗੁਰਮਤਿ ਨਾਲ ਕੋਈ ਵੀ ਸੰਬੰਧ ਨਹੀਂ ਹੈ।

ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ॥ (302)

ਇਸ ਸ਼ਬਦ ਨੂੰ ਪੰਜ ਪੰਚਮੀਆਂ ਨੂੰ 11000 ਵਾਰ ਪਾਠ ਕਰਨ ਨਾਲ ਸੰਕਟ ਦੂਰ ਹੁੰਦਾ ਹੈ।

ਸੁਆਲ-ਕੀ ਪੰਚਮੀਆਂ ਸਾਡਾ ਕੋਈ ਗੁਰਪੁਰਬ ਹੈ? ਇਹ ਤਾਂ ਸਾਰਾ ਬਿਪਰ ਦਾ ਪਾਖੰਡ ਹੈ ਜੋ ਗੁਰੂਬਾਣੀਂ ਸਵੀਕਾਰ ਨਹੀਂ ਕਰਦੀ ਫਿਰ ਕਾਹਦੇ ਵਾਸਤੇ ਪੰਚਮੀਆਂ ਵਿੱਚ ਸਾਨੂੰ ਘਸੀੜ੍ਹਿਆ ਜਾ ਰਿਹਾ ਹੈ?

ਜਬ ਲਉ ਨਹੀ ਭਾਗ ਲਿਲਾਰ ਉਦੈ… (1409)

ਇਹ ਸਵੱਈਆ ਪੜ੍ਹਨ ਨਾਲ ਗੁਰੂ ਅਰਜਨ ਦੇਵ ਜੀ ਦੀ ਕ੍ਰਿਪਾ ਹੁੰਦੀ ਹੈ।

ਸੁਆਲ-ਕੀ ਹੋਰ ਕਿਸੇ ਦੀ ਨਹੀ ਹੁੰਦੀ ਹੈ?

ਅਮਿਅ ਦਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ॥ (1392)

ਪੜ੍ਹਨ ਨਾਲ ਗੁਰੂ ਅੰਗਦ ਸਾਹਿਬ ਦੀ ਕ੍ਰਿਪਾ ਹੁੰਦੀ ਹੈ।

ਸੁਆਲ-ਕੀ ਬਾਕੀ ਗੁਰੂ ਨਾਰਾਜ ਹੋ ਜਾਂਦੇ ਹਨ ਕਿ ਸਾਡੇ ਨਾਂ ਦਾ ਪਾਠ ਨਹੀ ਕੀਤਾ?

ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ॥ (1429)

ਪੜ੍ਹਨ ਨਾਲ ਗੁਰੂ ਤੇਗ ਬਹਾਦਰ ਦੀ ਕ੍ਰਿਪਾ ਹੁੰਦੀ ਹੈ।

ਸੁਆਲ-ਕੀ ਸਾਰੇ ਗੁਰੂ ਸਾਹਿਬ ਇੱਕ ਜੋਤ ਨਹੀ ਹਨ ਜੋ ਸਾਨੂੰ ਸਾਰਿਆਂ ਦੀ ਵੱਖ ਵੱਖ ਆਰਾਧਨਾਂ ਕਰਨੀਂ ਪਵੇਗੀ?

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥ (966)

ਇਸ ਵਾਰ ਦਾ ਪਾਠ ਕਰਨ ਨਾਲ ਕੋਹੜ੍ਹ ਰੋਗ ਤੋਂ ਛੁਟਕਾਰਾ ਮਿਲਦਾ ਹੈ।

ਵੀਚਾਰ-ਇਹ ਵਾਰ ਰਬਾਬੀ ਸੱਤਾ ਬਲਵੰਡ ਜੀ ਦੀ ਹੈ ਜਿਨ੍ਹਾਂ ਦੇ ਬਾਬਤ ਇਹ ਮਨਘੜ੍ਹਤ ਸਾਖੀ ਪ੍ਰਚਲਤ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਗੁਰੂ ਸਾਹਿਬ ਦੇ ਸਰਾਪ ਨਾਲ ਕੋਹੜ੍ਹ ਹੋ ਗਿਆ ਸੀ। ਇਹ ਗੱਲ ਬਿਲਕੁਲ ਹੀ ਝੂਠ ਹੈ ਕਿਉਕਿ ਵਰ ਜਾਂ ਸਾਰਾਪ, ਇਹਨਾਂ ਸ਼ਬਦਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਕੋਈ ਵੀ ਜਗ੍ਹਾ ਨਹੀਂ ਹੈ। ਤੇ ਨਾਂ ਹੀ ਕੋਈ ਉਹਨਾਂ ਨੂੰ ਕੋਹੜ੍ਹ ਹੀ ਹੋਇਆ ਸੀ, ਇਹ ਐਵੇਂ ਹੀ ਮਨਘੜ੍ਹਤ ਸਾਖੀਆਂ ਹਨ। ਜਿੰਨ੍ਹਾਂ ਤੋਂ ਪ੍ਰਭਾਵ ਲੈਕੇ ਇਹ ਲੇਖਕ ਕਹਿ ਰਿਹਾ ਹੈ ਕਿ ਇਸ ਵਾਰ ਦਾ ਪਾਠ ਕਰਨ ਨਾਲ ਕੋਹੜ੍ਹ ਦਾ ਰੋਗ ਦੂਰ ਹੋ ਜਾਂਦਾ ਹੈ। ਫਿਰ ਤਾਂ ਸਾਰੇ ਕੋਹੜ੍ਹਖਾਨੇਂ ਜਿਥੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਉਹ ਬੰਦ ਹੀ ਕਰ ਦੇਣੇਂ ਚਾਹੀਦੇ ਹਨ। ਮੇਰਾ ਸੁਆਲ ਹੈ ਐਸੀ ਸੋਚ ਰੱਖਣ ਵਾਲੇ ਵੀਰਾਂ ਨੂੰ ਕਿ ਗੁਰੂ ਅਰਜਨ ਸਾਹਿਬ ਜੀ ਨੇਂ ਵੀ ਤਰਨ ਤਾਰਨ ਕੋਹੜ੍ਹਖਾਨੇਂ ਬਣਾਇਆਂ ਸੀ ਉਥੇ ਕੀ ਇਸ ਵਾਰ ਦਾ ਪਾਠ ਕਰਕੇ ਰੋਗੀ ਠੀਕ ਹੁੰਦੇ ਸਨ ਜਾਂ ਫਿਰ ਕੋਈ ਦਵਾਈ ਦਾਰੂ ਕੀਤਾ ਜਾਂਦਾ ਸੀ?

ਸੰਖੇਪ ਰੂਪ ਵਿੱਚ ਦਾਸ ਨੇਂ ਇਹ ਵੀਚਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਸਾਨੂੰ ਸੱਚ ਦੀ ਸਮਝ ਆ ਜਾਵੇ ਤੇ ਅਸੀ ਗੁਰਬਾਣੀਂ ਨੂੰ ਕਾਮਧੇਨੂ ਗਉਂ ਸਮਝਣ ਦੀ ਬਜਾਏ ਜੀਵਨ ਜਾਂਚ ਦਾ ਖਜ਼ਾਨਾਂ ਸਮਝ ਸਕੀਏ। ਇਸੇ ਤਰ੍ਹਾਂ ਹੀ ਇਸ ਗ੍ਰੰਥ ਦੇ ਤਿੰਨ ਭਾਗ ਹੋਰ ਰਹਿੰਦੇ ਹਨ, 6-7-8, ਜਿੰਨ੍ਹਾਂ ਦੀ ਵੀਚਾਰ ਲਈ ਅਸੀਂ ਹਰ ਭਾਗ ਵਿਚੋਂ ਕੇਵਲ ਤਿੰਨ-ਤਿੰਨ ਸ਼ਬਦ ਲਵਾਂਗੇ ਤੇ ਵੀਚਾਰ ਕਰਾਂਗੇ।

ਭਾਗ ਛੇਵਾਂ ਦਾ ਵਿਸ਼ਾ ਨਿੰਦਕਾਂ ਦਾ ਲਿਆ ਗਿਆ ਹੈ। ਇਸਦਾ ਪਹਿਲਾ ਸਬਦ ਹੈ-ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥ (201)

ਜੇ ਇਸ ਸ਼ਬਦ ਦਾ ਪਾਠ ਕੀਤਾ ਜਾਵੇ ਤਾਂ ਦੁਸਟਾਂ, ਨਿੰਦਕਾਂ, ਦਾ ਨਾਸ਼ ਹੁੰਦਾ ਹੈ।

ਭਾਵ ਸ਼ਾਇਦ ਲੇਖਕ ਦੇ ਕਹਿਣ ਦਾ ਇਹ ਹੈ ਕਿ ਇਹ ਸ਼ਬਦ ਬੱਸ ਇੰਨਾਂ ਕੁ ਹੀ ਕੰਮ ਕਰਦਾ ਹੈ ਹੋਰ ਕੋਈ ਨਹੀਂ, ਜਦੋਂ ਵੀ ਤੁਸੀਂ ਆਪਣੇਂ ਕਿਸੇ ਦੁਸ਼ਮਨ ਨੂੰ ਮਾਰਨਾਂ ਹੋਵੇ, ਬੱਸ ਆਹ ਸ਼ਬਦ ਪੜ੍ਹ ਲਿਉ ਐਟਮ ਬੰਬ ਦਾ ਕੰਮ ਕਰੇਗਾ। ਕੀ ਗੁਰੂਬਾਣੀਂ ਜੀਵਨ ਦਾਨ ਕਰਦੀ ਹੈ ਕਿ ਜਾਂ ਮੌਤ ਦਾ ਸਮਾਨ ਵੰਡਦੀ ਹੈ? ਇੱਕ ਪਾਸੇ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ ਤੇ ਦੂਜੇ ਪਾਸੇ ਉਹ ਇਹ ਸ਼ਬਦ ਪੜ੍ਹਕੇ ਇਹ ਮੰਗ ਕਰ ਰਿਹਾ ਹੈ ਕਿ ਮੇਰੇ ਸਾਰੇ ਦੁਸ਼ਮਨਾਂ ਦਾ ਨਾਸ਼ ਹੋ ਜਾਵੇ। ਦੁਸਟ ਜਾਂ ਦੂਤ ਤਾਂ ਬੰਦੇ ਦੇ ਵਿਚਾਰ ਹਨ ਜੋ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਖਤਮ ਹੋ ਜਾਂਦੇ ਹਨ। ਰਹਿਗੀ ਗੱਲ ਨਿੰਦਕ ਦੀ ਤਾਂ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਨਿੰਦਾ ਦਾ ਅਰਥ ਕੀ ਹੁੰਦਾ ਹੈ ਫਿਰ ਆਪਣੇਂ ਆਪ ਹੀ ਨਿੰਦਕ ਦੀ ਵੀ ਸਮਝ ਆ ਜਾਵੇਗੀ। ਭਾਈ ਕਾਨ੍ਹ ਸਿੰਘ ਜੀ ਨਾਭਾ ਮੁਤਾਬਿਕ ਗੁਣਾਂ ਨੂੰ ਦੋਸ਼ ਕਹਿਣ ਦੀ ਪ੍ਰਕਿਰਿਆ ਹੀ ਨਿੰਦਾ ਹੈ, ਔਰ ਜੋ ਇਹ ਪ੍ਰਕਿਰਿਆ ਕਰਦਾ ਹੈ ਉਹ ਨਿੰਦਕ ਹੈ। ਭਾਵ-ਗੁਣਾਂ ਨੂੰ ਅਵਗਣ ਕਹਿਣਾਂ ਫੁਲ ਨੂੰ ਕੰਡਾ ਕਹਿਣਾਂ, ਚੰਗੇ ਨੂੰ ਮਾੜ੍ਹਾ ਕਹਿਣਾਂ ਹੀ ਨਿੰਦਾ ਹੈ। ਕਈ ਵਾਰ ਅਸੀਂ ਇਹ ਕਹਿ ਦੇਨੇਂ ਆ ਕਿ ਕੋਈ ਜੋ ਕਰਦਾ ਕਰੀ ਜਾਵੇ ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਮਾੜ੍ਹੇ ਨੂੰ ਮਾੜ੍ਹਾ ਕਹਿਣਾਂ ਨਿੰਦਾ ਨਹੀਂ ਹੁੰਦੀ ਸਗੋਂ ਇਹਦੇ ਵਿੱਚ ਸਮਾਜ ਦਾ ਭਲਾ ਹੁੰਦਾ ਹੈ, ਜੇਕਰ ਬਾਬਾ ਨਾਨਕ ਸਾਡੇ ਵਰਗੀ ਸੋਚ ਰੱਖਦੇ ਤਾਂ ਉਗ ਕਦੇ ਵੀ ਬਾਬਰ ਨੂੰ ਜਾਬਰ ਨਾਂ ਕਹਿ ਪਾਉਂਦੇ, ਕਾਜੀਆਂ, ਬ੍ਰਾਹਮਣਾਂ, ਜੋਗੀਆਂ, ਜਾਂ ਉਸ ਸਮੇਂ ਦੇ ਆਗੂਆਂ ਦਾ ਪਾਜ ਨਾਂ ਉਘੇੜ੍ਹ ਪਾਉਂਦੇ। ਮਾੜ੍ਹੇ ਨੂੰ ਮਾੜ੍ਹਾ ਕਹਿਣਾਂ ਕੋਈ ਮਾੜ੍ਹੀ ਗੱਲ ਨਹੀਂ ਹੁੰਦੀ। ਇਹਦੇ ਵਿੱਚ ਉਹਦਾ ਵੀ ਭਲਾ ਹੁੰਦਾ ਹੈ, ਕਿਉਂਕਿ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਂ ਕਿੰਨੀਆਂ ਕੁ ਕਰਤੂਤਾਂ ਦਾ ਮਾਲਕ ਹਾਂ, ਤੇ ਸਮਾਜ ਦਾ ਵੀ ਭਲਾ ਹੁੰਦਾ ਹੈ ਕਿਉਂ ਲੋਕ ਐਸੇ ਲੋਕਾਂ ਤੋਂ ਜਾਣੂੰ ਹੋ ਜਾਂਦੇ ਹਨ। ਪਰ ਜਦੋਂ ਐਸਾ ਮਨੁਖ ਗੁਰੂ ਦੀ ਮੱਤ ਲੈਕੇ ਚਲਦਾ ਹੈ ਤਾਂ ਉਸਦੇ ਅੰਦਰੋਂ ਚੰਗਿਆਂ ਨੂੰ ਮਾੜ੍ਹਾ ਕਹਿਣ ਵਾਲੀ, ਗੁਣਾਂ ਨੂੰ ਵੀ ਅਵਗੁਣ ਸਿੱਧ ਕਰਨ ਵਾਲੀ ਪਹਿਲੀ ਮੱਤ ਦੂਰ ਹੋ ਜਾਂਦੀ ਹੈ, ਗੁਰੂ ਕਿਸੇ ਨੂੰ ਜਾਨੋਂ ਨਹੀਂ ਮਾਰਦੇ ਸਗੋਂ ਉਹਦਾ ਜੀਵਨ ਹੀ ਬਦਲ ਦਿੰਦੇ ਹਨ, ਸਾਹਿਬਾਂ ਦਾ ਫੁਰਮਾਨ ਹੈ-

ਨਿੰਦਕੁ ਗੁਰ ਕਿਰਪਾ ਤੇ ਹਾਟਿਓ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ॥ 1॥ ਰਹਾਉ॥ (714)

ਅਰਥ : —ਹੇ ਭਾਈ ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)। 1. ਰਹਾਉ॥ ਗੱਲ ਬੱਸ ਇਹੋ ਹੀ ਸਮਝਣ ਵਾਲੀ ਹੈ ਕਿ ਗੁਰੂ ਦੀ ਮੱਤ ਸਦਕਾ ਪਹਿਲਾਂ ਵਾਲੀ ਮੱਤ ਦੂਰ ਹੋ ਜਾਂਦੀ ਹੈ। (ਚਲਦਾ)

ਭਾਈ ਲ਼ਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 095921-96002, 098721-18848
.