.

ਸਿੱਖ ਹੀ ਸਿੱਖੀ ਦੇ ਦੁਸ਼ਮਨ (ਭਾਗ-6)

(ਲੜ੍ਹੀ ਜੋੜ੍ਹਨ ਲਈ ਪਿਛਲਾ ਅੰਕ ਪੜ੍ਹੋ ਜੀ)

ਅਸੀ ਪਿਛਲੇ ਭਾਗ ਦੀ ਵੀਚਾਰ ਇਥੇ ਛੱਡੀ ਸੀ ਕਿ ਗੁਰਬਾਣੀਂ ਭੁਤਨਾਂ ਉਸ ਮਨੁੱਖ ਨੂੰ ਮੰਨਦੀ ਹੈ ਜਿਸਨੇ ਪ੍ਰਮਾਤਮਾਂ ਨੂੰ ਵਿਸਾਰ ਦਿੱਤਾ ਹੋਵੇ। ਜਿਸਦੀ ਜਿੰਦਗੀ ਕਿਸੇ ਸੁਰ ਤਾਲ ਵਿੱਚ ਨਾਂ ਹੋਵੇ ਉਹੀ ਮਨੁਖ ਭੂਤਨਾਂ ਹੈ ਬੇਤਾਲਾ ਹੈ। ਜਿਸ ਗ੍ਰੰਥ ਦੀ ਵੀਚਾਰ ਦਾਸ ਆਪ ਜੀ ਦੇ ਨਾਲ ਰੱਖ ਰਿਹਾ ਹੈ, ਉਹ ਸ਼ਰਧਾ ਪੂਰਨ ਗ੍ਰੰਥ ਜਿਹੜ੍ਹਾ ਭਾਈ ਮਨੀ ਸਿੰਘ ਜੀ ਦੀ ਰਚਨਾਂ ਕਿਹਾ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ। ਇਹ ਗ੍ਰੰਥ ਕਿਸੇ ਗੁਰੂ ਦੋਖੀ ਦੀ ਰਚਨਾਂ ਹੈ ਜੋ ਮਨੁਖਤਾ ਨੂੰ ਗੁਰਬਾਣੀਂ ਗਿਆਨ ਤੋਂ ਵਾਂਝਾ ਰੱਖਣਾਂ ਚਾਹੁੰਦਾ ਹੈ ਤੇ ਇਹ ਕਹਿੰਦਾ ਹੈ ਕਿ ਕੇਵਲ ਗੁਰਬਾਣੀਂ ਨੂੰ ਮੰਤ੍ਰਾਂ ਵਾਂਗ ਰਟਣ ਕਰੋ ਤੁਹਾਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਵੇਗੀ। ਇਸੇ ਤਹਿਤ ਲੇਖਕ ਜਪੁ ਜੀ ਸਾਹਿਬ ਦੀ 21ਵੀਂ ਪਉੜ੍ਹੀ. . ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥ ਬਾਰੇ ਲਿਖਦਾ ਹੈ ਕਿ ਇਸ ਪਉੜ੍ਹੀ ਦੇ ਗਿਆਰਾਂ ਸ਼ਨੀਵਾਰ ਲਗਾਤਾਰ ਇਕੱਤੀ ਪਾਠ ਰੋਜਾਨਾਂ ਕਰਨ ਨਾਲ ਦੁਸ਼ਮਨ ਤੋਂ ਰੱਖਿਆ ਹੁੰਦੀ ਹੈ ਤੇ ਉਹ ਦੁਸ਼ਮਨੀਂ ਕਰਨੋਂ ਹਟ ਜਾਂਦਾ ਹੈ।

ਵੀਚਾਰ-ਪਹਿਲੀ ਗੱਲ ਗਿਣਤੀਆਂ ਮਿਣਤੀਆਂ ਨੂੰ ਗੁਰਬਾਣੀਂ ਖੁਦ ਹੀ ਸਵੀਕਾਰ ਨਹੀਂ ਕਰਦੀ ਜਿਸਦੀ ਵੀਚਾਰ ਪੰਜਵੇਂ ਭਾਗ ਵਿੱਚ ਖੁਲ ਕੇ ਹੋ ਚੁੱਕੀ ਹੈ। ਦੂਜੀ ਰਹਿਗੀ ਗੱਲ ਗਿਆਰਾਂ ਸ਼ਨੀਵਾਰਾਂ ਦੀ, ਕੀ ਗਿਆਰਾਂ ਸ਼ਨੀਵਾਰ ਇਸਦਾ ਪਾਠ ਕਰਨ ਤੋਂ ਬਾਅਦ ਬਾਣੀਂ ਪੜ੍ਹਨ ਦੀ ਕੋਈ ਜਰੂਰਤ ਨਹੀਂ ਹੈ? ਮਨੁਖ ਤਾਂ ਸੰਸਾਰ ਵਿੱਚ ਰਹਿੰਦਿਆਂ ਰੋਜਾਨਾਂ ਹੀ ਦੁਸ਼ਮਨੀਆਂ ਪਾਲਦਾ ਰਹਿੰਦਾ ਹੈ, ਕੀ ਹੁਣ ਸਾਰਿਆਂ ਵਾਸਤੇ ਹੀ ਉਸਨੂੰ ਇਸ ਚੱਕਰ ਵਿੱਚੋਂ ਗੁਜਰਨਾਂ ਪਵੇਗਾ। ਕਿਉਂਕਿ ਲੇਖਕ ਨੇਂ ਸ਼ਬਦ ਦੁਸ਼ਮਨ ਵਰਤਿਆ ਹੈ ਜੋ ਕਿ ਇੱਕ ਵਚਨ ਹੈ। ਇੱਕ ਦੁਸ਼ਮਨ ਤੋਂ ਤਾਂ ਬਚਾਅ ਹੋ ਗਿਆ ਹੁਣ ਬਾਕੀਆਂ ਦਾ ਕੀ ਕਰੋਗੇ। ਆਉ ਸਭ ਤੋਂ ਪਹਿਲਾਂ ਇਹ ਵੀਚਾਰ ਕਰੀਏ ਕਿ ਸ਼ਨੀਵਾਰ ਜਿਸਨੂੰ ਹਿੰਦੂ ਵੀਰ ਸ਼ਨੀ ਦੇਵਤੇ ਦਾ ਦਿਨ ਕਹਿੰਦੇ ਹਨ ਤੇ ਉਸਦੀ ਪੂਜਾ ਕਰਦੇ ਹਨ, ਗੁਰਬਾਣੀ ਦਾ ਕੀ ਫੁਰਮਾਨ ਹੈ ਸ਼ਨੀਵਾਰ ਬਾਰੇ,

ਛਨਿਚਰਵਾਰਿ ਸਉਣ ਸਾਸਤ ਬੀਚਾਰੁ॥

ਹਉਮੈ ਮੇਰਾ ਭਰਮੈ ਸੰਸਾਰ॥ ਮਨਮੁਖੁ ਅੰਧਾ ਦੂਜੈ ਭਾਇ॥

ਜਮ ਦਰ ਬਾਧਾ ਚੋਟਾ ਖਾਇ॥ (841)

ਭਾਵ-ਜੋ ਮਨੁਖ ਪ੍ਰਮਾਤਮਾਂ ਦੀ ਬੰਦਗੀ ਕਰਨ ਦੀ ਬਜਾਏ ਸ਼ੋਨਕ ਰਿਸ਼ੀ ਦਾ ਜੋਤਿਸ਼ ਸ਼ਾਸਤਰ ਵਿਚਾਰਦੇ ਰਹਿੰਦੇ ਹਨ, ਭਾਵ ਵਹਿਮਾਂ ਦਾ ਸ਼ਿਕਾਰ ਹੋਕੇ ਸ਼ਨੀਵਾਰ ਦੇ ਦਿਨ ਅਖੌਤੀ ਬਿਪਰ ਦੇ ਬਣਾਏ ਹੋਏ ਸ਼ਨੀ ਦੇਵਤੇ ਦੇ ਡਰ ਵਿੱਚ ਉਸਦੀ ਪੂਜਾ ਕਰਦੇ ਰਹਿੰਦੇ ਹਨ, ਉਹ ਮਮਤਾ ਤੇ ਵਹਿਮਾਂ ਰੂਪ ਭਟਕਣਾਂ ਵਿੱਚ ਹੀ ਪਏ ਰਹਿੰਦੇ ਹਨ, ਇਸ ਤਰ੍ਹਾਂ ਆਪਣੇ ਮਨ ਦੇ ਪਿਛੇ ਲੱਗ ਕੇ ਮਨੁੱਖ ਗਿਆਨ ਹੀਨ ਤੇ ਅੰਨ੍ਹਾਂ ਬਣਿਆਂ ਰਹਿੰਦਾ ਹੈ, ਤੇ ਭਟਕਦਾ ਰਹਿੰਦਾ ਹੈ। ਤੇ ਸਦਾ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।

ਇਹ ਸ਼ਪੱਸ਼ਟ ਹੈ ਕਿ ਗੁਰਬਾਣੀਂ ਕਿਸੇ ਵੀ ਵਹਿਮ ਭਰਮ ਵਿੱਚ ਮਨੁਖ ਨੂੰ ਨਹੀਂ ਪਾਉਣਾਂ ਚਾਹੁੰਦੀ ਪਰ ਸਾਡੇ ਅਖੌਤੀ ਲੇਖਕ ਹੀ ਸੰਗਤਾਂ ਨੂੰ ਸੱਚ ਤੋਂ ਕੋਹਾਂ ਦੂਰ ਰਹਿਣ ਦੀ ਪ੍ਰੇਰਨਾਂ ਦੇ ਰਹੇ ਹਨ। ਲੇਖਕ ਆਪ ਤਾਂ ਸ਼ਨੀ ਦਾ ਪੁਜਾਰੀ ਲੱਗਦਾ ਹੀ ਹੈ ਤੇ ਦੂਜਿਆਂ ਨੂੰ ਵੀ ਉਸਦੀ ਪ੍ਰੇਰਨਾਂ ਦੇ ਰਿਹਾ ਹੈ। ਇਸ ਪਉੜੀ ਦਾ ਸ਼ਨੀਵਾਰ ਨਾਲ ਕੀ ਸੰਬੰਧ ਹੈ ਇਹ ਵਿਚਾਰਾ ਲੇਖਕ ਨਹੀਂ ਲਿਖ ਸਕਿਆ। ਦੂਜੀ ਗੱਲ ਜੋ ਲੇਖਕ ਨੇਂ ਲਿਖੀ ਹੈ ਕਿ ਇਸ ਦਾ ਪਾਠ ਕਰਨ ਨਾਲ ਦੁਸ਼ਮਨ ਤੋਂ ਰੱਖਿਆ ਹੁੰਦੀ ਹੈ। ਹੁਣ ਵਿਚਾਰਨਾਂ ਇਹ ਹੈ ਕਿ ਕੀ ਗੁਰਬਾਣੀਂ ਵੀ ਕਿਸੇ ਨੂੰ ਦੁਸ਼ਮਨ ਮੰਨਦੀ ਹੈ? ਆਉ ਵੀਚਾਰ ਕਰੀਏ ਜੀ,

ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ॥ (400)

ਭਾਵ-ਜਿਸਨੇ ਪ੍ਰਮਾਤਮਾਂ ਨਾਲ ਪਿਆਰ ਪਾ ਲਿਆ ਉਸ ਨੂੰ ਨਾਂ ਹੀ ਕੋਈ ਆਪਣਾਂ ਦੁਸ਼ਮਨ ਦਿਸਦਾ ਹੈ, ਨਾਂ ਦੋਖੀ ਤੇ ਨਾਂ ਹੀ ਹੁਣ ਕੋਈ ਮਾੜ੍ਹਾ ਹੀ ਨਜਰ ਆਉਂਦਾ ਹੈ।

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥

ਬ੍ਰਹਮੁ ਪਸਾਰੁ ਪਸਾਰਿਉ ਭੀਤਰਿ ਸਤਿਗੁਰ ਤੇ ਸੋਝੀ ਪਾਈ॥ (671)

ਜਦੋਂ ਗੁਰੁ ਦੀ ਕਿਰਪਾ ਸਦਕਾ ਇਹ ਸੋਝੀ ਹੋ ਗਈ ਕਿ ਇਹ ਸਾਰਾ ਪਸਾਰਾ ਪ੍ਰਮਾਤਮਾਂ ਦਾ ਹੀ ਹੈ ਤਾਂ ਫਿਰ ਨਾਂ ਕੋਈ ਮੇਰਾ ਹੀ ਦੁਸ਼ਮਨ ਰਹਿ ਗਿਆ ਤੇ ਨਾਂ ਮੈਂ ਕਿਸੇ ਦਾ ਦੁਸ਼ਮਨ ਰਹਿ ਗਿਆ। ਐਸੇ ਬਹੁਤ ਹੋਰ ਵੀ ਗੁਰ ਫੁਰਮਾਨ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਾਡਾ ਕੋਈ ਇਨਸਾਨ ਦੁਸ਼ਮਨ ਨਹੀਂ ਹੈ, ਸਗੋਂ ਅਸਲ ਦੁਸ਼ਮਨ ਮਾੜ੍ਹੇ ਵੀਚਾਰ ਹਨ, ਜਿੰਨ੍ਹਾਂ ਦਾ ਅਸੀਂ ਖਹਿੜ੍ਹਾ ਛੱਡਣਾਂ ਹੈ। ਗੁਰਮਤਿ ਦਾ ਸਿਧਾਂਤ ਏਹੀ ਹੈ। ਇਸੇ ਤਰ੍ਹਾਂ ਜਪੁਜੀ ਦੀ ਪਉੜ੍ਹੀ 23ਵੀਂ ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥

ਬਾਰੇ ਇਹ ਲਿਖਿਆ ਹੈ ਕਿ ਜੇਕਰ ਸਵਾ ਮਹੀਨਾਂ ਭਾਵ 41 ਦਿਨ ਇਸ ਦਾ ਜਾਪ ਕੀਤਾ ਜਾਵੇ ਤਾਂ ਧਨ ਦੀ ਪ੍ਰਾਪਤੀ ਹੁੰਦੀ। ਔਰ ਇਹ ਹਦਾਇਤ ਕੀਤੀ ਹੈ ਕਿ ਇਹ ਪਾਠ ਕੇਵਲ ਸੋਮਵਾਰ ਤੋਂ ਹੀ ਸ਼ੁਰੂ ਕਰਨੇਂ ਹਨ, ਸੋਮਵਾਰ ਦੀ ਹੀ ਕਿਉਂ ਹਦਾਇਤ ਕੀਤੀ ਗਈ ਹੈ, ਇਹ ਤਾਂ ਲੇਖਕ ਹੀ ਜਾਂਣਦਾ ਹੈ, ਹਾਂ ਹੋ ਸਕਦਾ ਹੈ ਉਸਦੀ ਕਿਤੇ ਲਾਟਰੀ ਨਿਕਲੀ ਹੋਵੇ ਸੋਮਵਾਰ ਨੂੰ, ਤਾਂ ਸ਼ਾਇਦ ਸੋਮਵਾਰ ਉਹਦੇ ਲਈ ਲੱਕੀ ਹੋਵੇ, ਪਰ ਗੁਰਮਤਿ ਕੋਈ ਐਸੀਆਂ ਬੰਧਸ਼ਾਂ ਨਾਲ ਸਹਿਮਤ ਨਹੀਂ ਹੈ। ਇਸ ਪਉੜ੍ਹੀ ਵਿੱਚ ਆਏ ਸ਼ਬਦ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ ਤੋਂ ਸ਼ਾਇਦ ਲ਼ਿਖਾਰੀ ਧੋਖਾ ਖਾ ਗਿਆ ਹੈ। ਪਰ ਇਹਦਾ ਅਰਥ ਕੀ ਹੈ ਉਸਤੋਂ ਉਕ ਗਿਆ ਹੈ। ਸੰਖੇਪ ਅਰਥ ਇਸਦਾ ਇਹ ਹੈ ਕਿ ਪ੍ਰਮਾਤਮਾਂ ਦੀ ਵਡਿਆਈ ਕਰਕੇ ਵੀ ਕੋਈ ਉਸਦੀ ਥਾਹ ਨਹੀਂ ਪਾ ਸਕਦਾ, ਜਿਵੇਂ ਸਾਰੇ ਨਦੀਆਂ ਨਾਲੇ ਸਮੁੰਦਰ ਵਿੱਚ ਪੈਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਹਨ, ਤਿਵੇਂ ਨਾਮ ਜਪਣ ਵਾਲੇ ਨਾਮੀਂ ਦਾ ਹੀ ਰੂਪ ਹੋ ਜਾਂਦੇ ਹਨ। ਵੱਡੇ ਵੱਡੇ ਧਨਵਾਨ ਜਿਨ੍ਹਾਂ ਕੋਲ ਮਾਇਆ ਢੇਰਾਂ ਦੇ ਢੇਰ ਹੋਵੇ, ਪਰ ਭਗਤ ਦੀ ਨਿਗ੍ਹਾ ਵਿੱਚ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਭਾਵ ਕਿ ਭਗਤ ਦਾ ਹਿਰਦਾ ਜੋ ਪ੍ਰਮਾਤਮਾਂ ਦੇ ਨਾਮ ਨਾਲ ਪਤੀਜ ਗਿਆ ਹੈ ਉਹਨੂੰ ਮਾਇਆ ਦੀ ਕੋਈ ਖਿੱਚ ਨਹੀਂ ਹੁੰਦੀ।

ਪਰ ਲੇਖਕ ਨੇਂ ਇਸ ਦਾ ਜਾਪ ਕਰਨ ਦੀ ਤਾਕੀਦ ਕਰਕੇ ਇਹ ਕਿਹਾ ਹੈ ਕਿ ਇਸਦੇ ਜਾਪ ਤੋਂ ਮਾਇਆ ਦੇ ਗੱਫੇ ਮਿਲਦੇ ਹਨ। ਜੇਕਰ ਇਸ ਦੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਫਿਰ ਬਾਬੇ ਨਾਨਕ ਦਾ ਕਿਰਤ ਕਰੋ ਸਿਧਾਂਤ ਛੱਡਣਾਂ ਪਵੇਗਾ, ਕਿਉਕਿ ਜਦੋਂ ਘਰ ਬੈਠਿਆਂ ਹੀ ਸਾਰਾ ਕੁੱਝ ਮਿਲ ਜਾਣਾਂ ਹੈ ਤਾਂ ਫਿਰ ਹੱਥੀਂ ਕਿਰਤ ਕਰਨ ਦੀ ਕੀ ਲੋੜ੍ਹ ਹੈ। ਗੁਰਬਾਣੀਂ ਸਾਨੂੰ ਉਦਮ ਕਰਕੇ ਖਾਣ ਦੀ ਤਾਕੀਦ ਕਰਦੀ ਹੈ, ਨਾਂ ਕਿ ਵਿਹਲੜ੍ਹ ਬਣਕੇ ਖਾਣ ਦਾ। ਸ਼ਾਇਦ ਲ਼ਿਖਾਰੀ ਨੂੰ ਇਹ ਪਤਾ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਖੁਦ ਵੀ ਖੇਤੀ ਬਾੜ੍ਹੀ ਦੀ ਕਿਰਤ ਕਰਤਾਰਪੁਰ ਕਰਦੇ ਰਹੇ ਹਨ, ਉਹਨਾਂ ਨੇਂ ਆਪਣੀਂ ਬਾਣੀਂ ਅੰਦਰ ਕਿਸੇ ਵੀ ਥਾਂ ਤੇ ਐਸਾ ਜਿਕਰ ਨਹੀਂ ਕੀਤਾ ਕਿ ਮੰਤ੍ਰ ਜਾਪ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ, ਜੇਕਰ ਇਸ ਲੇਖਕ ਦੀ ਗੱਲ ਨੂੰ ਮੰਨ ਲਿਆ ਜਾਵੇ ਤਾਂ ਸਾਰੀ ਦੁਨੀਆਂ ਹੀ ਵਿਹਲੜ੍ਹ ਹੋ ਜਾਵੇਗੀ, ਤੇ ਵਿਹਲੜ੍ਹਾਂ ਨੂੰ ਬਾਬਾ ਨਾਨਕ ਮਖੱਟੂ ਆਖਦਾ ਹੈ। ਅਗਾਂਹ ਲੇਖਕ ਇੱਕ ਜਗ੍ਹਾ ਤੇ ਸ਼ਬਦ ਰਖੇ ਰਖਣਹਾਰਿ ਆਪਿ ਉਬਾਰਿਅਨੁ॥ ਦਾ ਮਹਾਤਮ ਦੱਸਦਾ ਹੈ ਕਿ ਸਲੋਕ ਦੇ 101 ਪਾਠ ਰੋਜ ਕਰਨ ਨਾਲ ਹਰ ਪ੍ਰਕਾਰ ਦੇ ਦੁਖ ਕਲੇਸ਼ ਕੱਟੇ ਜਾਂਦੇ ਹਨ ਤੇ ਦੁਸ਼ਟਾਂ ਨਿੰਦਕਾਂ ਦਾ ਖਿਨ ਵਿੱਚ ਨਾਸ਼ ਹੋ ਜਾਂਦਾ ਹੈ ਇਹ ਪਾਠ ਬੁਧਵਾਰ ਤੋਂ ਸ਼ੁਰੂ ਕਰਨੇ ਹਨ।

ਵੀਚਾਰ-ਗੁਰਬਾਣੀਂ ਪੜ੍ਹਨ ਨਾਲ ਸਾਡਾ ਆਤਮਕ ਜੀਵਨ ਸੁਖੀ ਹੋਣਾਂ ਹੈ, ਜੀਵਨ ਜੀਉਣ ਦੀ ਜਾਚ ਮਿਲਣੀ ਹੈ, ਆਪਣੇ ਵੀਚਾਰ ਬਦਲਣੇਂ ਹਨ, ਨਾਂ ਕਿ ਬਾਣੀਂ ਇਸ ਕਰਕੇ ਪੜ੍ਹਨੀਂ ਹੈ ਕਿ ਸਾਡਾ ਦੁਖ ਦੂਰ ਹੋਵੇ, ਜੇਕਰ ਇਸ ਗੱਲ ਨੂੰ ਮੰਨਿਆਂ ਜਾਵੇ ਤਾਂ ਫਿਰ ਬਾਣੀਂ ਰਚਨਹਾਰ ਗੁਰੂ ਸਾਹਿਬਾਨਾਂ ਨੂੰ ਕਿਉਂ ਐਨੀਆਂ ਵੱਡੀਆਂ ਤਕਲੀਫਾਂ ਦਾ ਸਾਹਮਣਾਂ ਕਰਨਾਂ ਪਿਆ? ਇਸ ਗੱਲ ਦਾ ਜੁਵਾਬ ਫਿਰ ਸਾਨੂੰ ਕੋਈ ਨਹੀਂ ਮਿਲਦਾ। ਦੂਜੀ ਗੱਲ ਇਸ ਸਬਦ ਵਿੱਚ ਆਏ ਸਬਦ ਨਿੰਦਕ, ਦੁਸਟ, ਜਾਂ ਸਾਕਤ ਕਿਸੇ ਇਨਸਾਨ ਪ੍ਰਤੀ ਨਹੀਂ ਸਗੋਂ ਇਹਨਾਂ ਦਾ ਭਾਵ ਸਾਨੂੰ ਵਿਚਾਰ ਲੈਣਾਂ ਚਾਹੀਦਾ ਹੈ, ਸਾਕਤ ਇੱਕ ਬਿਰਤੀ ਹੈ ਨਿੰਦਕ ਇੱਕ ਬਿਰਤੀ ਹੈ ਦੁਸਟ ਇੱਕ ਬਿਰਤੀ ਹੈ ਜੋ ਗੁਰੂ ਮੁਤਾਬਿਕ ਜੀਵਨ ਢਾਲਣ ਸਦਕਾ ਦੂਰ ਹੋ ਜਾਂਦੀ ਹੈ। ਗੁਰਬਾਣੀ ਹਰ ਮਨੁਖ ਨੂੰ ਰੱਬੀ ਜੋਤ ਦਾ ਘਰ ਸਵੀਕਾਰ ਕਰਦੀ ਹੈ ਕਿਸੇ ਇਨਸਾਨ ਨੂੰ ਦੁਸਟ, ਸਾਕਤ ਜਾਂ ਨਿੰਦਕ ਨਹੀਂ ਆਖਦੀ। ਇੱਕ ਪਾਸੇ ਤਾਂ ਹਰ ਗੁਰਸਿੱਖ ਸਰਬੱਤ ਦੇ ਭਲੇ ਦੀ ਨਿੱਤ ਅਰਦਾਸ ਕਰਦਾ ਹੈ, ਤੇ ਦੂਜੇ ਪਾਸੇ ਕਿਸੇ ਨੂੰ ਮਾਰਨ ਵਾਸਤੇ ਗੁਰਬਾਣੀਂ ਦੇ ਚਾਲੀਹੇਂ ਕੱਟਦਾ ਫਿਰੇ ਕੀ ਉਹ ਕਦੇ ਬਾਬਾ ਨਾਨਕ ਦੀ ਨਿਗ੍ਹਾ ਵਿੱਚ ਕਬੂਲ ਹੋ ਸਕਦਾ ਹੈ? ਲੇਖਕ ਜਿਥੇ ਆਪ ਖੁਦ ਖੁਦੀ ਬਖੀਲੀ ਭਾਵਨਾਂ ਦਾ ਸ਼ਿਕਾਰ ਹੈ ਉਥੇ ਉਹ ਗੁਰਬਾਣੀਂ ਦਾ ਵੀ ਗਲਤ ਅਰਥ ਲੈ ਰਿਹਾ ਹੈ। ਜੇਕਰ ਇਸ ਗੱਲ ਨੂੰ ਮੰਨਿਆਂ ਜਾਵੇ ਤਾਂ ਫਿਰ ਦਸਮ ਪਾਤਸ਼ਾਹ ਨੇਂ ਪਹਾੜੀ ਰਾਜਿਆਂ, ਵਜੀਰ ਖਾਨ, ਜਾਂ ਔਰੰਗਜੇਬ ਨੂੰ ਮਾਰਨ ਵਾਸਤੇ ਕਿਉਂ ਨਾਂ ਕੋਈ ਐਸਾ ਸ਼ਬਦ ਦਾ ਜਾਪ ਕੀਤਾ ਜਿਥੋਂ ਉਹ ਘਰ ਬੈਠੇ ਹੀ ਮਰ ਜਾਂਦੇ ਤੇ ਕੋਈ ਉਪੱਦਰ ਨਾਂ ਹੁੰਦਾ? ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ 7-8 ਮਹੀਨੇਂ ਭੁਖੇ ਭਾਣੇਂ ਅੱਤ ਦੀਆਂ ਤਕਲੀਫਾਂ ਵਿੱਚ ਦਿਨ ਕੱਟਦੇ ਰਹੇ, ਤੇ ਆਖਰ ਬੜ੍ਹੀ ਭਿਆਨਕ ਮੌਤੇ ਮਾਰ ਦਿੱਤੇ ਗਏ, ਕੀ ਉਹਨਾਂ ਨੂੰ ਇਸ ਸ਼ਬਦ ਦੇ ਮਹਾਤਮ ਦਾ ਪਤਾ ਨਹੀਂ ਸੀ? ਉਹਨਾਂ ਕਿਉਂ ਏਨੇਂ ਦੁਖ ਝੱਲੇ ਉਹ ਵੀ ਇਹ ਸ਼ਬਦ ਪੜ੍ਹਦੇ ਤੇ ਵੈਰੀਆਂ ਦਾ ਨਾਸ਼ ਹੋ ਜਾਂਦਾ।

ਐਸੇ ਹਜਾਰਾਂ ਸੁਆਲ ਮਨ ਵਿੱਚ ਖੜ੍ਹੇ ਹੋ ਜਾਂਦੇ ਨੇਂ ਜਿਨ੍ਹਾਂ ਦਾ ਕੋਈ ਜੁਵਾਬ ਨਹੀਂ ਮਿਲਦਾ। ਗੁਰਬਾਣੀਂ ਸਰਬੱਤ ਦਾ ਭਲਾ ਮੰਗਣਾਂ ਸਿਖਾਉਂਦੀ ਹੈ ਕਿਸੇ ਦਾ ਬੁਰਾ ਚਿਤਵਨ ਦੀ ਸਿੱਖਿਆ ਨਹੀਂ ਦਿੰਦੀ। ਇਸੇ ਤਰ੍ਹਾਂ ਇਸ ਪੁਸਤਕ ਦੇ ਚੌਥੇ ਭਾਗ ਵਿੱਚ 16 ਸ਼ਬਦਾਂ ਦਾ ਮਹਾਤਮ ਦੱਸਿਆ ਗਿਆ ਹੈ ਜਿਨ੍ਹਾਂ ਦਾ ਸੰਬੰਧ ਗਰਭਵਤੀ ਔਰਤ ਤੇ ਉਸਦੇ ਬੱਚੇ ਨਾਲ ਜੋੜ੍ਹਿਆ ਗਿਆ ਹੈ, ਕੁੱਝ ਵੰਨਗੀਆਂ ਹਾਜਰ ਹਨ-

ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ॥ (706) ਦਾ ਪਾਠ ਕਰਨ ਨਾਲ ਗਰਭ ਵਿੱਚ ਬੱਚੇ ਦੀ ਰੱਖਿਆ ਹੁੰਦੀ ਹੈ। ਸੁਆਲ-ਕੀ ਬਾਕੀ ਬਾਣੀ ਪੜ੍ਹਨ ਨਾਲ ਬੱਚੇ ਦਾ ਨੁਕਸਾਨ ਹੁੰਦਾ ਹੈ? ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥ (706) ਦਾ ਪਾਠ ਕਰਨ ਸਦਕਾ ਬਾਲਕ ਸੁੰਦਰ, ਨਰੋਆ ਪੈਦਾ ਹੁੰਦਾ ਹੈ। ਸੁਆਲ-ਕੀ ਜੋ ਗਰਭਵਤੀ ਬੀਬੀਆਂ ਬਾਣੀਂ ਨਹੀਂ ਪੜ੍ਹਦੀਆਂ ਉਹਨਾਂ ਦੇ ਬੱਚੇ ਸੁੰਦਰ ਤੇ ਅਰੋਗ ਪੈਦਾ ਨਹੀਂ ਹੁੰਦੇ? ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਣਹਾਰੇ॥ (613-14) ਦਾ ਪਾਠ ਕਰਨ ਨਾਲ ਬਾਲਕ ਦੀ ਉਮਰ ਲੰਮੀਂ ਹੁੰਦੀ ਹੈ ਤੇ ਉਹ ਬੁਧੀਵਾਨ ਪੈਦਾ ਹੁੰਦਾ ਹੈ। ਸੁਆਲ-ਇਸ ਦੀ ਕੀ ਗਾਰੰਟੀ ਹੈ, ਕਿ ਉਹਦੀ ਉਮਰ ਲੰਮੀਂ ਹੋਵੇਗੀ, ਤੇ ਉਹ ਸਿਆਣਾਂ ਹੋਵੇਗਾ? ਹਜਾਰਾਂ ਐਸੀਆਂ ਬੀਬੀਆਂ ਹਨ ਜੋ ਰਾਤ ਦਿਨ ਬਾਣੀਂ ਪੜ੍ਹਦੀਆਂ ਰਹਿੰਦੀਆਂ ਹਨ, ਤੇ ਜਿੰਨ੍ਹਾਂ ਦੇ ਬੱਚੇ ਜੰਮਦੇ ਹੀ ਮਰ ਜਾਂਦੇ ਹਨ, ਜਾਂ ਬੁਧੀਹੀਨ ਪੈਦਾ ਹੁੰਦੇ ਹਨ, ਉਹਨਾਂ ਦੁਆਰਾ ਪੜ੍ਹੀ ਬਾਣੀਂ ਗਰਭ ਵਿੱਚ ਬੱਚੇ ਤੇ ਅਸਰ ਕਿਉਂ ਨਹੀਂ ਕਰਦੀ?

ਸ਼ਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ (396) ਦਾ ਪਾਠ ਕਰਨ ਨਾਲ ਬੱਚਾ ਉਤਮ ਭਾਗਾਂ ਵਾਲਾ, ਪ੍ਰਮੇਸ਼ਰ ਦਾ ਭਗਤ, ਤੇ ਆਗਿਆਕਾਰੀ ਪੈਦਾ ਹੁੰਦਾ ਹੈ। ਸੁਆਲ-ਸ੍ਰੀ ਚੰਦ, ਲਖਮੀਂ ਦਾਸ, ਪ੍ਰਿਥੀ ਚੰਦ, ਮਹਾਂਦੇਵ, ਧੀਰਮਲ, ਦਾਤੂ, ਦਾਸੂ ਆਦਿਕ ਤਾਂ ਗੁਰੂ ਘਰਾਂ ਵਿੱਚ ਪੈਦਾ ਹੋਏ ਸਨ ਕੀ ਉਹਨਾਂ ਦੀਆਂ ਮਾਵਾਂ ਬਾਣੀਂ ਨਹੀਂ ਪੜ੍ਹਦੀਆਂ ਸਨ? ਐਸੀਆਂ ਮਨਘੜ੍ਹਤ ਗੱਲਾਂ ਨਾਲ ਸਾਰਾ ਗ੍ਰੰਥ ਭਰਿਆ ਪਿਆ ਹੈ ਕੀ ਇਹੋ ਜਿਹੀਆਂ ਬਿਨ੍ਹਾਂ ਸਿਰ ਪੈਰ ਦੇ ਗੱਲਾਂ ਭਾਈ ਮਨੀਂ ਸਿੰਘ ਜੀ ਲਿਖ ਸਕਦੇ ਸਨ? ਜੇਕਰ ਅਸੀਂ ਇਹ ਕਹੀਏ ਕਿ ਉਹਨਾਂ ਦੀ ਹੀ ਇਹ ਲਿਖਤ ਹੈ ਤਾਂ ਫਿਰ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕੀ ਭਾਈ ਸਾਹਿਬ ਜੀ ਨੂੰ ਗੁਰਬਾਣੀਂ ਸਿਧਾਂਤ ਦਾ ਗਿਆਨ ਨਹੀਂ ਸੀ? ਜਦੋਂ ਇਸ ਗ੍ਰੰਥ ਦਾ ਪੰਜਵਾਂ ਭਾਗ ਦੇਖਿਆ ਤਾਂ ਪਤਾ ਲੱਗਾ ਕਿ ਵਾਕਿਆ ਹੀ ਲੇਖਕ ਕੋਈ ਬਹੁਤ ਚਲਾਕ ਤੇ ਮੀਸਣਾਂ ਹੈ ਜੋ ਸਿੱਖਾਂ ਨੂੰ ਅਸਲੀਅਤ ਤੋਂ ਦੂਰ ਰੱਖਣਾਂ ਚਾਹੁੰਦਾ ਹੈ। 5ਵੇਂ ਭਾਗ ਦਾ ਵਿਸ਼ਾ ਹੈ ਦੁਸ਼ਮਨ ਦੂਰ ਹੋਣ ਇਸ ਭਾਗ ਵਿੱਚ 29 ਸ਼ਬਦ ਲਏ ਗਏ ਹਨ। ਜਿਨ੍ਹਾਂ ਦੀ ਵੀਚਾਰ ਅਸੀਂ ਅਗਲੇ ਭਾਗ ਵਿੱਚ ਕਰਾਂਗੇ ਜੀ।

ਲੇਖਕ-ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 095921-96002

098721-18848
.