.

ਪੋਥੀ ਸਾਹਿਬ ਬਾਰੇ ਕੁੱਝ ਵਿਚਾਰ

ਹਾਕਮ ਸਿੰਘ

ਗੁਰੂ ਨਾਨਕ ਸਾਹਿਬ ਨੇ ਮਾਨਵਤਾ ਦੇ ਕਲਯਾਨ ਹਿੱਤ ਗੁਰਬਾਣੀ ਰਚ ਕੇ ਗੁਰਬਾਣੀ ਉਪਦੇਸ਼ ਦੇ ਸੰਚਾਰ ਲਈ ਦੋ ਸੰਸਥਾਵਾਂ (institutions) ਦਾ ਨਿਰਮਾਣ ਕੀਤਾ ਸੀ: (1) ਗੁਰ ਗੱਦੀ; ਅਤੇ (2) ਗੁਰਬਾਣੀ ਪੋਥੀ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਬਖ਼ਸ਼ਿਸ਼ ਕਰਨ ਸਮੇਂ ਆਪਣੀ ਗੁਰਬਾਣੀ ਪੋਥੀ ਦੀ ਵੀ ਬਖ਼ਸ਼ਿਸ਼ ਕੀਤੀ ਸੀ। ਉਸ ਪੋਥੀ ਵਿਚ ਅੰਕਿਤ ਗੁਰਬਾਣੀ ਅਧਿਆਤਮਿਕ ਗਿਆਨ ਗੁਰੂ ਸਨ। ਗੁਰੂ ਨਾਨਕ ਸਾਹਿਬ ਨੇ ਗੁਰੂ ਪਦਵੀ ਅਤੇ ਗੁਰਬਾਣੀ ਪੋਥੀ ਇਕ ਗੁਰੂ ਵਿਅਕਤੀ ਨੂੰ ਬਖ਼ਸ਼ਿਸ਼ ਕਰਨ ਦੀ ਪਰੰਪਰਾ ਕਾਇਮ ਕੀਤੀ ਸੀ। ਗੁਰਬਾਣੀ ਗੁਰੂ ਦਾ ਉਪਦੇਸ਼ ਸੁਨਣ ਲਈ ਸੰਗਤ ਜੁੜਦੀ ਸੀ। ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਸਮੇਂ ਪ੍ਰਾਪਤ ਹੋਈ, ਆਪਣੀ ਰਚੀ ਅਤੇ ਕੁੱਝ ਭਗਤਾਂ ਪਰੇਮੀਆਂ ਦੀ ਬਾਣੀ ਦੀ ਸੰਭਾਲ ਅਤੇ ਸੰਚਾਰ ਲਈ ਉਸ ਬਾਣੀ ਨੂੰ ਸੰਕਲਿਤ ਕਰਨ ਦਾ ਪਰੋਗਰਾਮ ਉਲੀਕਿਆ ਅਤੇ ਉਸ ਦੀ ਲਿਖਾਈ ਦੀ ਜਿੱਮੇਵਾਰੀ ਭਾਈ ਗੁਰਦਾਸ ਜੀ ਨੂੰ ਸੌਂਪੀ। ਗੁਰੂ ਅਰਜਨ ਸਾਹਿਬ ਦੇ ਸੰਕਲਿਤ ਕੀਤੇ ਅਤੇ ਭਾਈ ਗੁਰਦਾਸ ਜੀ ਦੇ ਲਿਖੇ ਗੁਰਬਾਣੀ ਗ੍ਰੰਥ ਨੂੰ ਪੋਥੀ ਸਾਹਿਬ ਆਖਿਆ ਜਾਂਦਾ ਹੈ। ਇਸ ਨੂੰ ਆਦਿ ਗ੍ਰੰਥ ਵੀ ਆਖ ਦਿੱਤਾ ਜਾਂਦਾ ਹੈ। ਇਸੇ ਪੋਥੀ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੇ ਅਗਸਤ 1604 ਵਿਚ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਪ੍ਰਕਾਸ਼ ਕਰ ਕੇ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਪਰਥਾ ਕਾਇਮ ਕੀਤੀ ਸੀ। ਪੋਥੀ ਸਾਹਿਬ ਅਧਿਆਤਮਿਕ ਗੁਰਿਆਈ ਦਾ ਪਦਾਰਥਕ ਚਿੰਨ੍ਹ ਸਨ ਅਤੇ ਗੁਰਗੱਦੀ ਗੁਰਿਆਈ ਦਾ ਸਮਾਜਕ ਚਿੰਨ੍ਹ। ਪਦਾਰਥ ਅਤੇ ਸਮਾਜ ਵਿਚ ਮਾਇਆ ਅਤੇ ਹਉਮੈ ਦਾ ਵਰਤਾਰਾ ਹੈ। ਮਾਇਆ ਦੇ ਪਰਭਾਵ ਅਧੀਨ ਗੁਰ ਪਰਵਾਰਾਂ ਦੇ ਸਵਾਰਥੀ ਅਤੇ ਲੋਭੀ ਸਦੱਸਾਂ ਨੇ ਗੁਰਬਾਣੀ ਪੋਥੀ ਨੂੰ ਆਪਣੀਆਂ ਗੁਰਤਾ ਗੱਦੀ ਪਰਾਪਤੀ ਦੀਆਂ ਸਾਜ਼ਸ਼ਾਂ ਵਿਚ ਮੋਹਰੇ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਪੋਥੀ ਅਤੇ ਗੁਰੂ ਪਦਵੀ ਦੀ ਪਰਾਪਤੀ ਦੀ ਪਰਵਾਰਿਕ ਖਿਚੋਤਾਣ ਹੀ ਕਾਫੀ ਹੱਦ ਤੱਕ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਵੱਡਾ ਕਾਰਨ ਵੀ ਪਰਵਾਰਿਕ ਈਰਖਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਜਗਤ ਦੇ ਉਧਾਰ ਲਈ ਪੋਥੀ ਸਾਹਿਬ ਵਿਚ ਅੰਕਿਤ ਬਾਣੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸੰਕਲਨ ਕਰ ਕੇ ਇਕ ਨਵੇਂ ਸੰਪੂਰਨ ਗ੍ਰੰਥ ਦਾ ਨਿਰਮਾਣ ਕੀਤਾ ਜੋ ਸ੍ਰੀ ਦਮਦਮੀ ਬੀੜ ਦੇ ਨਾਂ ਨਾਲ ਪ੍ਰਸਿੱਧ ਹੋਇਆ ਅਤੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ ਵਿਅਕਤੀ ਗੁਰੂ ਦੀ ਪਰੰਪਰਾ ਸਮਾਪਤ ਕਰ ਰਸਮੀ ਤੌਰ ਤੇ ਗੁਰਗੱਦੀ ਦਾ ਵਾਰਸ ਥਾਪ ਕੇ ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰਿ” (ਪੰ: 646) ਦੇ ਗੁਰ ਵਾਕ ਨੂੰ ਸਾਕਾਰ ਕਰਦੇ ਹੋਏ ਬਹੁਤ ਦੇਰ ਤੋਂ ਚਲੇ ਆ ਰਹੇ ਪਰਵਾਰਿਕ ਝਗੜਿਆਂ ਦੇ ਮੂਲ ਆਧਾਰ ਨੂੰ ਜੜੋਂ ਪੁੱਟਣ ਦਾ ਜਤਨ ਕੀਤਾ।

ਗੁਰਮਤਿ ਵਿਚ ਗ੍ਰੰਥ ਸਾਹਿਬ ਬਾਣੀ ਰੂਪੀ ਗੁਰੂ ਦੇ ਪਵਿਤਰ ਨਿਵਾਸ ਸਥਾਨ ਮੰਨੇ ਜਾਂਦੇ ਹਨ। ਗੁਰਬਾਣੀ ਦੇ ਫੁਰਮਾਨ ਹਨ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ” (ਪੰ: 982); “ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗੁ ਬਉਰਾਨੰ॥ ( ਪੰ: 635); “ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ” (ਪੰ: 1310) ਅਤੇ ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥” (ਪੰ: 1226) ਗ੍ਰੰਥ ਸਾਹਿਬ ਬਾਣੀ-ਗੁਰੂ ਦੇ ਗਿਆਨ ਸੰਚਾਰ ਦਾ ਪੁਸਤਕ ਰੂਪ ਮਾਧਿਅਮ ਹਨ। ਇਹ ਧੁਰ ਕੀ ਬਾਣੀ ਦਾ ਲਿਖਤੀ ਰੂਪ ਹਨ ਅਤੇ ਸਿੱਖ ਸ਼ਰਧਾਲੂਆਂ ਲਈ ਸਤਿਕਾਰ ਯੋਗ ਸੰਚਾਰ ਸਾਧਨ ਹਨ। ਧੁਰ ਕੀ ਬਾਣੀ ਵਿਚ ਕੋਈ ਹੋਰ ਲਿਖਤ, ਰਚਨਾ ਜਾਂ ਕੱਚੀ ਬਾਣੀ ਸ਼ਾਮਲ ਕਰਨਾ ਗੁਰੂ ਦਾ ਨਿਰਾਦਰ ਕਰਨਾ ਹੈ। ਗੁਰੂ ਸਾਹਿਬਾਨ ਨੇ ਐਸੇ ਕਚੀ ਬਾਣੀ ਵਾਲੇ ਗ੍ਰੰਥਾਂ ਨੂੰ ਪਰਵਾਨ ਨਹੀਂ ਕੀਤਾ ਹੈ। ਸ਼ਰਧਾਲੂਆਂ ਵਿਚ ਗੁਰਬਾਣੀ ਦੇ ਸਤਿਕਾਰ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਪਵਿਤਰ ਸਰੂਪ ਨੂੰ ਮੱਥਾ ਟੇਕ ਕੇ ਪਰਨਾਮ ਕਰਨ ਦੀ ਪਰੱਥਾ ਹੈ ਅਤੇ ਜਿਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੁੰਦਾ ਹੈ ਓਥੇ ਹੀ ਸੰਗਤ ਜੁੜਦੀ ਹੈ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗਿਆਨ ਦੇ ਸੋਮੇ ਹਨ। ਗੁਰਮਤਿ ਵਿਰੋਧੀਆਂ ਨੇ ਗੁਰਗੱਦੀ ਪਰਾਪਤੀ ਦੇ ਲਾਲਸਾ ਵਿਚ ਪੋਥੀ ਸਾਹਿਬ ਤੇ ਕਬਜ਼ਾ ਕਰ ਕੇ ਸ਼ਰਧਾਲੂਆਂ ਨੂੰ ਗੁਰਬਾਣੀ ਦੇ ਇਸ ਸੋਮੇ ਤੋਂ ਵਾਂਝੇ ਕਰ ਦਿੱਤਾ ਸੀ ਪਰ ਦਮਦਮੀ ਬੀੜ ਦੇ ਸੰਕਲਨ ਨਾਲ ਸਿੱਖ ਸ਼ਰਧਾਲੂਆਂ ਦੀ ਪੋਥੀ ਸਾਹਿਬ ਬਾਰੇ ਨਿਰਾਸਤਾ ਅਤੇ ਚਿੰਤਾ ਸਮਾਪਤ ਹੋ ਗਈ। ਪੋਥੀ ਸਾਹਿਬ ਦੀ ਸਿੱਖ ਜਗਤ ਵਿਚ ਵਰਤੋਂ ਅਤੇ ਉਪ ਯੋਗਤਾ ਸਮਾਪਤ ਹੋਣ ਨਾਲ ਇਹ ਪੋਥੀ ਇਕ ਇਤਿਹਾਸਕ ਵਿਸ਼ਾ ਬਣ ਕੇ ਰਹਿ ਗਈ।

ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਰਸਮੀ ਤੌਰ ਤੇ ਗੁਰੂ ਪਦਵੀ ਬਖ਼ਸ਼ਣ ਨਾਲ ਗੁਰ ਪਰਵਾਰਾਂ ਦੇ ਸਵਾਰਥੀ ਅਨਸਰਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਸੀ। ਪਰ ਉਹ ਵਿਰਾਸਤ ਵਿਚ ਮਿਲਣ ਵਾਲੀ ਐਡੀ ਵੱਡੀ ਪਦਵੀ ਦਾ ਘਾਟਾ ਚੁੱਪ ਚੁਪੀਤੇ ਸੈਹਣ ਵਾਲੇ ਨਹੀਂ ਸਨ। ਉਹਨਾਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਗੁਰਬਾਣੀ ਬਾਰੇ ਸ਼ਰਧਾਲੂਆਂ ਨੂੰ ਗੁਮਰਾਹ ਕਰਨ ਅਤੇ ਆਪਣੇ ਪਿੱਛੇ ਲਾਉਣ ਲਈ ਹੋਰ ਨਵੀਆਂ ਅਤੇ ਕੋਝੀਆਂ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਸਾਜ਼ਸ਼ਾਂ ਵਿਚ ਨਿਮਨ-ਲਿਖਤ ਕਾਰਵਾਈਆਂ ਵਰਣਨਯੋਗ ਹਨ:

1. ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ੇ ਅਤੇ ਲਾਭ ਪਰਾਪਤੀ ਲਈ ਉਹਨਾਂ ਵਿਚ ਕਰਮ ਕਾਂਡੀ ਵਿਹਾਰ ਅਪਨਾਉਣੇ;

2. ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਨੂੰ ਦਾਗੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਘਟਾਉਣ ਲਈ ਅਖੌਤੀ ਦਸਮ ਗ੍ਰੰਥ ਦੀ ਰਚਨਾ ਅਤੇ ਗੁਰਦੁਆਰਿਆਂ ਵਿਚ ਸਥਾਪਨਾ;

3. ਗੁਰੂ ਸਾਹਿਬਾਨ ਦੀਆਂ ਜੀਵਨੀਆਂ ਬਾਰੇ ਅਨਾਦਰ ਭਰੀਆਂ ਮਨ ਘੜਤ ਜਨਮ ਸਾਖੀਆਂ, ਗੁਰਬਿਲਾਸ ਨਾਮੀ ਜੀਵਨੀਆਂ ਅਤੇ ਹੋਰ ਗੁਰਮਤਿ ਵਿਰੋਧੀ ਮਿਥਿਹਾਸ ਦੀ ਰਚਨਾ; ਅਤੇ,

4. ਗੁਰਗੱਦੀ ਦੀ ਵਿਰਾਸਤ ਤੇ ਹੱਕ ਜਮਾਉਣ ਲਈ ਕਰਤਾਰਪੁਰ ਵਿਚ ਉਪਲੱਬਧ ਇਕ ਪੁਰਾਤਨ ਗੁਰਬਾਣੀ ਦੀ ਬੀੜ ਵਿਚ ਧੀਰ ਮੱਲ ਦੇ ਪੜੋਤੇ, ਨਿਰੰਜਨ ਰਾਏ ਦੀ ਗੁਰਗੱਦੀ ਵਸੀਅਤ ਅਤੇ ਜਹਾਂਗੀਰ ਬਾਦਸ਼ਾਹ ਵੱਲੋਂ ਜਗੀਰ ਦੇਣ ਦੇ ਇੰਦਰਾਜ, ਅਤੇ ਗੁਰਬਾਣੀ ਵਿਚ ਰਲਾ ਕਰਨ ਲਈ ਆਲਮ ਕਵੀ ਦੀ ਰਾਗਮਾਲਾ ਅਤੇ ਹੋਰ ਵਾਧੂ ਲਿਖਤਾਂ ਸ਼ਾਮਲ ਕਰ ਕੇ ਉਸ ਪੋਥੀ ਨੂੰ ਗੁਰੂ ਅਰਜਨ ਸਾਹਿਬ ਵੱਲੋਂ ਸੰਕਲਿਤ ਮੌਲਿਕ ਪਵਿਤਰ ਪੋਥੀ ਸਾਹਿਬ ਪਰਚਾਰਨਾ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਪੋਥੀ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਇਸ ਬਾਰੇ ਜੋ ਵੀ ਥੋੜੀ ਬਹੁਤ ਜਾਣਕਾਰੀ ਉਪਲੱਬਧ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਪੋਥੀ ਸਾਹਿਬ ਜੈਸੇ ਮਹਾਨ ਪਵਿਤਰ ਗ੍ਰੰਥ ਦਾ ਨਿਰਾਦਰ ਕੀਤਾ ਗਿਆ ਸੀ। ਇਹ ਨਿਰਾਦਰ ਕਿਸੇ ਗ਼ੈਰ ਨੇ ਨਹੀਂ ਸੀ ਕੀਤਾ ਬਲਕਿ ਗੁਰ ਪਰਵਾਰਾਂ ਵਿਚ ਗੁਰਗੱਦੀ ਦੇ ਲਾਲਚੀ ਅਭਲਾਸ਼ੀਆਂ ਨੇ ਕੀਤਾ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਦੀ ਬਖ਼ਸ਼ਿਸ਼਼ ਆਪਣੇ ਪੋਤਰੇ, ਹਰਿਰਾਇ ਸਾਹਿਬ ਨੂੰ ਕੀਤੀ ਸੀ ਤਾਂ ਹਰਿਰਾਇ ਸਾਹਿਬ ਦੇ ਵੱਡੇ ਭਰਾ, ਬਾਬਾ ਧੀਰਮੱਲ ਗੁਰਗੱਦੀ ਨਾ ਮਿਲਣ ਤੇ ਬਹੁਤ ਨਾਰਾਜ਼ ਹੋਏ ਸਨ ਅਤੇ ਉਹਨਾਂ ਗੁਰਗੱਦੀ ਪਰ ਹੱਕ ਜਮਾਉਣ ਲਈ ਪੋਥੀ ਸਾਹਿਬ ਨੂੰ ਚੋਰੀ ਕਰ ਕੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਭਾਈ ਜੋਧ ਸਿੰਘ ਜੀ ਲਿਖਦੇ ਹਨ ਕਿ ਬਾਬਾ ਧੀਰਮੱਲ ਨੇ ਪੋਥੀ ਸਾਹਿਬ ਚੋਰੀ ਨਹੀਂ ਸੀ ਕੀਤੀ ਬਲਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ਵਿਰੁਧ ਭਾਈ ਬਿਧੀ ਚੰਦ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਚੋਰੀ ਜਾਂ ਧੱਕੇਸ਼ਾਹੀ ਨਾਲ ਕਬਜ਼ੇ ਕੀਤੀ ਪੋਥੀ ਸਾਹਿਬ ਨੂੰ ਲੈ ਕੇ ਹੀ ਧੀਰਮੱਲ ਨੇ ਬਾਬੇ ਬਕਾਲੇ ਆਪਣੇ ਗੁਰੂ ਹੋਣ ਦਾ ਦਾਅਵਾ ਕੀਤਾ ਸੀ। ਪਰ ਸਿੱਖ ਸ਼ਰਧਾਲੂਆਂ ਨੇ ਉਸ ਨੂੰ ਗੁਰੂ ਪਰਵਾਨ ਨਾ ਕੀਤਾ। ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਧੀਰਮੱਲ ਦੇ ਮਸੰਦ ਸ਼ੀਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਜਾਨ-ਲੇਵਾ ਹਮਲਾ ਕੀਤਾ ਸੀ। ਜਦੋਂ ਸਿੱਖ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਉਹਨਾਂ ਹਮਲਾਵਰਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਧੀਰਮੱਲ ਦੇ ਘਰੋਂ ਜ਼ਬਰਦਸਤੀ ਕੁੱਝ ਸਾਮਾਨ ਅਤੇ ਪੋਥੀ ਸਾਹਿਬ ਲੈ ਆਏ। ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੇਵਕਾਂ ਨੂੰ ਪੋਥੀ ਸਾਹਿਬ ਧੀਰਮੱਲ ਨੂੰ ਵਾਪਸ ਕਰਨ ਦੇ ਆਦੇਸ਼਼ ਦਿੱਤੇ ਸਨ, ਪਰ ਸੇਵਕਾਂ ਨੇ ਪੋਥੀ ਸਾਹਿਬ ਧੀਰਮੱਲ ਨੂੰ ਵਾਪਸ ਕਰਨ ਦੀ ਬਜਾਇ ਉਸ ਨੂੰ ਬਿਆਸ ਦਰਿਆ ਦੀ ਰੇਤ ਵਿਚ ਦੱਬ ਦਿੱਤਾ ਅਤੇ ਧੀਰਮੱਲ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਪੋਥੀ ਸਾਹਿਬ ਦਰਿਆ ਵਿਚੋਂ ਕੱਢ ਕੇ ਲੈ ਜਾਵੇ। ਪੋਥੀ ਸਾਹਿਬ ਦੀ ਦਰਿਆ ਵਿਚ ਨਸ਼ਟ ਹੋਣ ਦੀ ਬਹੁਤ ਸੰਭਾਵਨਾ ਬਣਦੀ ਹੈ ਪਰ ਧੀਰਮੱਲ ਦਾ ਕਹਿਣਾ ਹੈ ਕਿ ਉਸ ਨੂੰ ਪੋਥੀ ਸਾਹਿਬ ਦਰਿਆ ਵਿਚੋਂ ਲੱਭ ਗਈ ਸੀ। ਇਸ ਪਰਕਾਰ ਦੀ ਰਵਾਇਤ ਸਿੱਖ ਜਗਤ ਵਿਚ ਪਰਚਲਤ ਹੈ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਆਪਣਾ ਰਾਜ ਕਾਇਮ ਕਰ ਲਿਆ ਤਾਂ ਉਸ ਨੇ ਪੋਥੀ ਸਾਹਿਬ ਆਖੀ ਜਾਂਦੀ ਬੀੜ ਲਾਹੌਰ ਲੈ ਆਂਦੀ। ਕਰਤਾਰਪੁਰੀ ਬੀੜ ਵਿਚ ਲਿਖਿਆ ਹੋਇਆ ਹੈ, “1888 ਫਾਗਨ ਮੇਂ ਰਣਜੀਤ ਸਿੰਘ ਕਰਤਾਰ ਪੁਰ ਆਇਆ।“ 1849 ਵਿਚ ਪੰਜਾਬ ਤੇ ਅੰਗਰੇਜਾਂ ਦਾ ਕਬਜ਼ਾ ਹੋ ਜਾਣ ਨਾਲ ਇਹੋ ਪੋਥੀ ਸਾਹਿਬ ਆਖੀ ਜਾਂਦੀ ਬੀੜ ਅਤੇ ਇਸ ਲਈ ਬਣਵਾਇਆ ਸੁਨਹਿਰੀ ਸਟੈਂਡ (stand) ਅੰਗ੍ਰੇਜ਼ੀ ਸਰਕਾਰ ਦੇ ਕਾਰਕੁਨਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। 1850 ਵਿਚ ਸੋਢੀ ਸਾਧੂ ਸਿੰਘ ਨੇ ਅੰਗ੍ਰੇਜ਼ੀ ਸਰਕਾਰ ਨੂੰ ਇਹੋ ਬੀੜ ਉਸ ਨੂੰ ਦੇਣ ਲਈ ਬੇਨਤੀ ਕੀਤੀ ਸੀ ਅਤੇ ਅੰਗ੍ਰੇਜ਼ੀ ਸਰਕਾਰ ਨੇ ਉਹ ਪੋਥੀ ਸੋਢੀ ਸਾਧੂ ਸਿੰਘ ਨੂੰ ਸੌਂਪ ਦਿੱਤੀ ਸੀ। ਸਰਕਾਰੀ ਤੋਸ਼ੇ ਖ਼ਾਨਿਆਂ ਅਤੇ ਰਿਕਾਰਡ ਦਫਤਰਾਂ ਵਿਚੋਂ ਹੁੰਦੀ ਹੋਈ ਇਹ ਬੀੜ ਫਿਰ ਕਰਤਾਰਪੁਰ ਧੀਰਮੱਲ ਦੇ ਵੰਸ਼ਜਾਂ ਕੋਲ ਆ ਪਹੁੰਚੀ ਸੀ। 1946 ਵਿਚ ਇਸ ਬੀੜ ਬਾਰੇ ਕੋਰਟ ਵਿਚ ਮੁਕੱਦਮਾ ਚਲਦਾ ਰਿਹਾ ਜਿਸ ਵਿਚ ਧੀਰਮੱਲ ਦੇ ਵੰਸ਼ਜਾਂ ਨੇ ਇਹ ਬਿਆਨ ਦਿੱਤਾ ਦੱਸਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਧੀਰਮੱਲ ਨੂੰ ਉਹਨਾਂ ਤੇ ਜਾਨ ਲੇਵਾ ਹਮਲਾ ਕਰਵਾਉਣ ਦੇ ਅਪਰਾਧ ਤੋਂ ਬਖ਼ਸ਼਼ ਦਿੱਤਾ ਸੀ।

ਕੁੱਝ ਵਿਦਵਾਨ ਕਰਤਾਰਪੁਰੀ ਬੀੜ ਨੂੰ ਪਵਿਤਰ ਮੌਲਿਕ ਪੋਥੀ ਸਾਹਿਬ ਆਖਦੇ ਹਨ, ਪਰ ਆਪਣਾ ਕਥਨ ਸਿੱਧ ਕਰਨ ਲਈ ਮਲਕੀਅਤ ਤੋਂ ਵੱਧ ਕੋਈ ਹੋਰ ਮੰਨਣਯੋਗ ਸਬੂਤ ਪੇਸ਼ ਨਹੀਂ ਕਰਦੇ। ਇਹ ਮੰਨਿਆ ਜਾਂਦਾ ਹੈ ਕਿ ਪੋਥੀ ਸਾਹਿਬ 1665 ਵਿਚ ਨਸ਼ਟ ਹੋ ਗਈ ਸੀ, ਅਤੇ ਜਿਸ ਪੋਥੀ ਨੂੰ ਹੁਣ ਮੌਲਿਕ ਪੋਥੀ ਸਾਹਿਬ ਸਿੱਧ ਕਰਨ ਦਾ ਜਤਨ ਕੀਤਾ ਜਾਂਦਾ ਹੈ ਉਹ 1750 ਵਿਚ ਤਿਆਰ ਕੀਤੀ ਦੱਸੀ ਜਾਂਦੀ ਹੈ। ਬੀੜ ਨੂੰ ਮੌਲਕ ਪੋਥੀ ਸਾਹਿਬ ਸਿੱਧ ਕਰਨ ਲਈ ਤਿੰਨ ਸਬੂਤ ਮੰਨਣਯੋਗ ਆਖੇ ਜਾ ਸਕਦੇ ਹਨ: (1) ਇਸ ਦੀ ਲਿਖਤ ਨੂੰ ਭਾਈ ਗੁਰਦਾਸ ਜੀ ਦੀਆਂ ਹੋਰ ਮੌਲਕ ਪੋਥੀਆਂ ਦੀਆਂ ਲਿਖਤਾਂ ਨਾਲ ਮਿਲਾ ਕੇ ਲਿਖਾਰੀ ਦਾ ਨਿਰਣਾ ਕੀਤਾ ਗਿਆ ਹੋਵੇ; (2) ਇਸ ਦੀ ਲਿਖਤ ਨੂੰ ਪੁਰਾਤਨ ਲਿਖਤਾਂ ਅਤੇ ਸ਼ੈਲੀ ਦੇ ਵਿਸ਼ੇਸ਼ਗਾਂ ਤੋਂ ਜਾਂਚ ਕਰਵਾ ਕੇ ਇਸ ਦਾ ਲਿਖਣ ਸਮਾਂ ਨਿਰਧਾਰਤ ਕੀਤਾ ਗਿਆ ਹੋਵੇ ; ਅਤੇ (3) ਵਿਸ਼ੇਸ਼ਗਾਂ ਦੁਆਰਾ ਵਿਗਿਆਨਕੀ ਢੰਗਾਂ ਰਾਹੀਂ ਇਸ ਦੇ ਕਾਗਜ਼ ਦੀ ਪਰਾਚੀਨਤਾ ਦੇ ਸਮੇਂ ਦਾ ਨਿਰਣਾ ਕੀਤਾ ਗਿਆ ਹੋਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧੀਨ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ 1945 ਵਿਚ ਕਰਤਾਰਪੁਰੀ ਬੀੜ ਵਿਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਸੀ ਕਿ ਗੁਰਦੁਆਰਿਆਂ ਦੇ ਮਨੋਰਥ ਦੀ ਪੂਰਤੀ ਲਈ ਉਹ ਆਪਣੇ ਅਧੀਨ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਵਿਚ ਗੁਰਬਾਣੀ ਦੇ ਸਹੀ, ਸੁੱਧ ਅਤੇ ਯੋਗ ਸੰਚਾਰ ਦੀ ਸੰਤੋਖ ਜਨਕ ਵਿਵਸਥਾ ਕਰਦੀ। ਪਰ ਕਿਉਂਕਿ ਗੁਰਬਾਣੀ ਸੰਚਾਰ ਨਿਸ਼ਕਾਮ ਸੇਵਾ ਹੈ, ਇਹ ਸੇਵਾ ਲੋਕਾਂ ਵੱਲੋਂ ਚੁਣੇ ਸਿਆਸੀ ਨੁਮਾਇੰਦਿਆਂ ਨੂੰ ਰਾਸ ਨਹੀਂ ਆਉਂਦੀ। ਗੁਰਬਾਣੀ ਮਨੁੱਖੀ ਏਕਤਾ ਅਤੇ ਬਰਾਬਰਤਾ ਦਾ ਹੋਕਾ ਦਿੰਦੀ ਹੈ ਪਰ ਅਜੋਕੀ ਸਿਆਸਤ ਮਨੁੱਖਤਾ ਵਿਚ ਵੰਡੀਆਂ ਅਤੇ ਝਗੜੇ ਪਾਉਣ ਵਿਚ ਵਿਸ਼ਵਾਸ ਰੱਖਦੀ ਹੈ। ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਗੁਰਬਾਣੀ ਸੰਚਾਰ ਦੀ ਸੇਵਾ ਨੂੰ ਆਪਣੀ ਯੋਗਤਾ ਅਤੇ ਪਦਵੀ ਦੇ ਯੋਗ ਨਹੀਂ ਸਮਝਦੇ ਅਤੇ ਧਰਮ ਤੇ ਆਧਾਰਤ ਸਿਆਸਤ ਵਿਚ ਭਾਗ ਲੈਣ ਨੂੰ ਬਹੁਤ ਵੱਡੀ ਪਰਾਪਤੀ ਸਮਝਦੇ ਹਨ। ਸਿਆਸਤ ਦਾ ਵੀ ਅਸਲੀ ਉਦੇਸ਼਼ ਤੇ ਸਮਾਜ ਦੀ ਸੰਗਠਿਤ ਸ਼ਕਤੀ ਨੂੰ ਲੋਕਾਂ ਦੀ ਭਲਾਈ ਲਈ ਵਰਤਣਾ ਹੁੰਦਾ ਹੈ ਪਰ ਸਿਆਸਤ ਦੀ ਐਸੀ ਪਰਿਭਾਸ਼ਾ ਨੂੰ ਅੱਜ ਦੇ ਸਿਆਸਤਦਾਨ ਨਾ ਕਾਬਲੇ ਅਮਲ, ਕਿਤਾਬੀ ਅਤੇ ਨਖਿੱਧ ਆਖ ਕੇ ਨਕਾਰ ਦਿੰਦੇ ਹਨ। ਉਹ ਤੇ ਲੋਕਾਂ ਦਾ ਸ਼ੋਸ਼ਣ ਕਰਨ ਅਤੇ ਆਪਣੀ ਪ੍ਰਸਿੱਧੀ ਬਨਾਉਣ ਲਈ ਲੋਕਾਂ ਵਿਚ ਵੰਡੀਆਂ ਪਾ ਕੇ ਝਗੜੇ ਖੜ੍ਹੇ ਕਰਨ ਅਤੇ ਸਰਕਾਰੀ ਗਰਾਟਾਂ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਹੀ ਅਸਲੀ ਸਿਆਸਤ ਸਮਝਦੇ ਹਨ। ਐਸੀ ਹੀ ਸਿਆਸੀ ਪਰੰਪਰਾ ਅਪਣਾ ਕੇ ਸ਼੍ਰੋਮਣੀ ਕਮੇਟੀ ਨੇ 1945 ਵਿਚ ਦੋ ਵਿਵਾਦ ਖੜ੍ਹੇ ਕਰ ਦਿੱਤੇ ਸਨ: (1) 1932 ਵਿਚ ਬਣੀ ਰਹਿਤ ਮਰਯਾਦਾ ਨੂੰ 1945 ਵਿਚ ਪਰਵਾਨ ਕਰਨ ਸਮੇਂ ਅਖੌਤੀ ਦਸਮ ਗ੍ਰੰਥ ਦੀਆਂ ਵਿਵਾਦਿਤ ਰਚਨਾਵਾਂ ਨੂੰ ਨਿਤਨੇਮ ਦੀਆਂ ਬਾਣੀਆਂ ਅਤੇ ਅੰਮ੍ਰਿਤ ਸੰਸਕਾਰ (ਪਾਹੁਲ) ਦੀ ਪਰਕਿਰਿਆ ਵਿਚ ਸ਼ਾਮਲ ਕਰ ਦਿੱਤਾ ਸੀ; ਅਤੇ (2) ਵਿਵਾਦਿਤ ਰਾਗਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਪਰਕਾਸ਼ਨ ਤੇ ਰੋਕ ਲਾ ਦਿੱਤੀ ਸੀ ਅਤੇ ਨਕਲੀ ਮੰਨੀ ਜਾਂਦੀ ਕਰਤਾਰਪੁਰੀ ਬੀੜ ਦੀ ਜਾਂਚ ਪੜਤਾਲ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਸੀ। ਗੁਰਮਤਿ ਅਨੁਸਾਰ ਤੇ ਇਹ ਨਿਰਨਾ ਲੈਣਾ ਬਣਦਾ ਸੀ ਕਿ ਬਚਿਤ੍ਰ ਨਾਟਕ ਵਿਚ ਨਾਨਕ ਸਰੂਪ ਦੀ ਰਚਨਾ ਹੋਣ ਦਾ ਕੋਈ ਪਰਮਾਣ ਨਹੀਂ ਮਿਲਦਾ ਇਸ ਲਈ ਇਸ ਪੁਸਤਕ ਦੀਆਂ ਰਚਨਾਵਾਂ ਗੁਰੂ ਕਿਰਤ ਮੰਨਣਾ ਯੋਗ ਨਹੀਂ ਹਨ। ਦੂਜੇ, ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਵੇਰਵਾ ਨਹੀਂ ਹੈ ਅਤੇ ਰਾਗਮਾਲਾ ਦਾ ਕਰਤਵ ਤਤਕਰੇ ਵਾਲਾ ਹੁੰਦਾ ਹੈ ਇਸ ਲਈ ਰਾਗਮਾਲਾ ਨੂੰ ਗੁਰਬਾਣੀ ਦਾ ਭਾਗ ਸਵੀਕਾਰ ਨਹੀਂ ਕੀਤਾ ਜਾ ਸਕਦਾ, ਅਤੇ ਕਿਉਂਕਿ ਕਰਤਾਰਪੁਰੀ ਬੀੜ ਵਿਚ ਰਾਗਮਾਲਾ ਦਰਜ ਹੈ, ਇਸ ਲਈ ਇਸ ਬੀੜ ਨੂੰ ਮੌਲਕ ਪੋਥੀ ਸਾਹਿਬ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿਚਾਰਾਂ ਨਾਲ ਤਕਰੀਬਨ ਸਾਰੇ ਪ੍ਰਸਿੱਧ ਵਿਦਵਾਨ ਸਹਿਮਤ ਸਨ। ਪਰ ਗੁਰਮਤਿ ਅਨੁਸਾਰ ਨਿਰਨਾ ਲੈਣ ਨਾਲ ਸ਼੍ਰੋਮਣੀ ਕਮੇਟੀ ਦੀ ਸਿਆਸੀ ਧਾਕ ਨਹੀਂ ਸੀ ਜੰਮਦੀ

ਸ਼੍ਰੋਮਣੀ ਕਮੇਟੀ ਦੀ ਗੁਰਮਤਿ ਪ੍ਰਤੀ ਉਦਾਸੀਨਤਾ ਨੇ ਕਮੇਟੀ ਅਧੀਨ ਗੁਰਦੁਆਰਿਆਂ ਦੀ ਹਾਲਤ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਮਹੰਤਾਂ ਦੇ ਸਮੇਂ ਵਾਲੀ ਕਰ ਦਿੱਤੀ ਹੈ। ਸਿੱਖ ਧਰਮ ਦੇ ਕੇਂਦਰੀ ਪਵਿਤਰ ਸਥਾਨ, ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਥਾਂ ਹੁਣ ਨਵੀਆਂ ਪੂਜਣ ਯੋਗ ਵਸਤੂਆਂ ਨੇ ਲੈ ਲਈ ਹੈ। ਸਰੋਵਰ, ਪਾਣੀ, ਬਿਰਛ ਅਤੇ ਨਿਸ਼ਾਨ ਸਾਹਿਬ ਪੂਜਣ ਯੋਗ ਵਸਤੂਆਂ ਬਣ ਗਈਆਂ ਹਨ। ਅਖੰਡ ਪਾਠਾਂ ਅਤੇ ਸਰੋਪਿਆਂ ਦਾ ਵਪਾਰ ਪਰਫੁੱਲਤ ਹੋ ਰਿਹਾ ਹੈ। ਰੁਮਾਲਿਆਂ ਦੇ ਢੇਰ ਲੱਗੇ ਪਏ ਹਨ। ਯਾਤਰੂਆਂ ਦੀ ਭੀੜ ਵਿਚ ਗੁਰਬਾਣੀ ਕੀਰਤਨ ਦਾ ਅਨੰਦ ਮਾਨਣਾ ਔਖਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਸਿਆਸੀ ਸੋਚ ਅਤੇ ਵਿਹਾਰ ਨੇ ਗੁਰਮਤਿ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਦੀਵੇ, ਮੋਮ ਬੱਤੀਆਂ, ਰੌਸ਼ਨੀ, ਆਤਿਸ਼਼ ਬਾਜ਼ੀ, ਜਲਸੇ ਜਲੂਸ ਅਤੇ ਖੇਡ ਤਮਾਸ਼ੇ ਸਿੱਖ ਧਰਮ ਦੀ ਮੁੱਖ ਧਾਰਾ ਬਣਾ ਛੱਡੇ ਹਨ। ਬਹੁਤੇ ਅਜੋਕੇ ਵਿਦਵਾਨ ਅਤੇ ਧਰਮ ਸ਼ਾਸਤਰੀ ਗੁਰਬਾਣੀ ਨੂੰ ਸਮਝਣ ਅਤੇ ਵਿਚਾਰਨ ਦੀ ਥਾਂ ਹੁਣ ਕਰਮ-ਕਾਂਡੀ ਮਿਥਹਾਸਕ ਪਰੰਪਰਾਵਾਂ ਵਿਚੋਂ ਗੁਰਮਤਿ ਵਿਚਾਰਧਾਰਾ ਦੇ ਅੰਸ਼ ਲੱਭਣ ਦਾ ਜਤਨ ਕਰ ਰਹੇ ਹਨ। ਕਰਮ-ਕਾਂਡੀ ਅਤੇ ਹਿੰਸਕ ਸਿੱਖ ਮਿਥਿਹਾਸ ਦੇ ਢੇਰ ਵਿਚੋਂ ਗੁਰਮਤਿ ਵਿਚਾਰ ਦੇ ਤਿਣਕੇ ਲੱਭਣੇ ਹੀ ਵਿਦਵਤਾ ਬਣਦੀ ਜਾਂਦੀ ਹੈ। ਗੁਰਬਾਣੀ ਤੇ ਸੰਸਾਰਕ ਜੀਵਨ ਵਿਚ ਗੁਰਮਤਿ ਦਾ ਧਾਰਨੀ ਬਨਣ ਲਈ ਮਨ ਨੂੰ ਸਾਧ ਕੇ ਆਪਾ ਗੁਆਉਣ ਦੇ ਰਾਹ ਤੇ ਚਲਣ ਦਾ ਉਪਦੇਸ਼ ਕਰਦੀ ਹੈ ਪਰ ਇਸ ਰਾਹ ਦੀ ਸੂਝ ਅਤੇ ਇਸ ਨੂੰ ਅਪਨਾਉਣ ਦੀ ਸਲਾਹ ਕੋਈ ਵਿਰਲਾ ਵਿਦਵਾਨ ਹੀ ਦਿੰਦਾ ਹੈ।

ਕਰਤਾਰਪੁਰੀ ਬੀੜ ਬਾਰੇ ਬਹੁਤੇ ਵਿਦਵਾਨਾਂ ਦੀ ਇਹ ਰਾਏ ਹੈ ਕਿ ਇਹ ਬੀੜ ਪਵਿਤਰ ਮੌਲਕ ਪੋਥੀ ਸਾਹਿਬ ਨਹੀਂ ਹੈ ਅਤੇ ਰਾਗਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ 1918 ਵਿਚ ਲਿਖ ਦਿੱਤਾ ਸੀ ਕਿ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਸਵਾਲ ਇਹ ਉਠਦਾ ਹੈ ਕਿ 27 ਸਾਲ ਮਗਰੋਂ 1945 ਵਿਚ ਐਸੀ ਕਿਹੜੀ ਮਜ਼ਬੂਰੀ ਆ ਬਣੀ ਸੀ ਜੋ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕਰਤਾਰਪੁਰੀ ਬੀੜ ਦੀ ਪੜਤਾਲ ਕਰਨ ਲਈ ਇਕ ਵਿਸ਼ੇਸ਼਼ ਕਮੇਟੀ ਦਾ ਗਠਨ ਕਰਨਾ ਪਿਆ, ਅਤੇ ਉਹ ਵੀ ਐਸੀ ਕਮੇਟੀ ਦਾ ਜਿਸ ਦੇ ਮੈਂਬਰਾਂ ਦੀ ਇਸ ਕਾਰਜ ਬਾਰੇ ਯੋਗਤਾ ਅਤੇ ਨਿਰਪਖਤਾ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਸੀ। ਮੂਲ ਪ੍ਰਸ਼ਨ ਇਹ ਵੀ ਹੈ ਕਿ ਜਿਸ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਯਾਦਾ ਤਨਖਾਹੀਏ ਕਰਾਰ ਦੇ ਚੁੱਕੀ ਹੈ ਉਸ ਨੂੰ ਹੀ ਸ਼੍ਰੋਮਣੀ ਕਮੇਟੀ ਆਪ ਬੇਨਤੀ ਕਰ ਰਹੀ ਹੈ ਕਿ ਉਹ ਉਸ ਦੇ ਨੁਮਾਇੰਦਿਆਂ ਨੂੰ ਕਰਤਾਰਪੁਰੀ ਬੀੜ ਦੀ ਜਾਂਚ ਪੜਤਾਲ ਕਰਨ ਦੀ ਆਗਿਆ ਦੇ ਦੇਣ। ਇਸ ਵਿਹਾਰ ਨੂੰ ਕਿਹੜੀ ਨੈਤਿਕ ਮਰਯਾਦਾ ਪੱਧਤੀ ਵਿਚ ਯੋਗ ਮੰਨਿਆ ਜਾ ਸਕਦਾ ਹੈ? ਸ਼੍ਰੋਮਣੀ ਕਮੇਟੀ ਨੂੰ ਇਹ ਵੀ ਪਤਾ ਸੀ ਕਿ ਕਰਤਾਰਪੁਰੀ ਬੀੜ ਦੀ ਪਰਦਰਸ਼ਨੀ ਕਰ ਕੇ ਪੂਜਾ ਦਾ ਧਨ ਇਕੱਤਰ ਕੀਤਾ ਜਾਂਦਾ ਹੈ ਜੋ ਗੁਰਮਤਿ ਅਨੁਕੂਲ ਨਹੀਂ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀਆਂ ਵੱਲੋਂ ਕਰਤਾਰਪੁਰੀ ਬੀੜ ਦੀ ਜਾਂਚ ਪੜਤਾਲ ਕਰ ਕੇ ਦਿੱਤੀ ਰਿਪੋਰਟ ਨੇ ਤਿੰਨ ਵਿਵਾਦ ਖੜ੍ਹੇ ਕਰ ਦਿੱਤੇ: (1) ਕਰਤਾਰਪੁਰੀ ਬੀੜ ਅਸਲੀ ਪੋਥੀ ਸਾਹਿਬ ਹੈ ਜਾਂ ਨਕਲੀ ਬੀੜ ਹੈ; (2) ਰਾਗਮਾਲਾ ਗੁਰਬਾਣੀ ਦਾ ਭਾਗ ਹੈ ਜਾਂ ਨਹੀਂ; ਅਤੇ (3) ਰਹਿਤ ਮਰਯਾਦਾ ਅਨੁਸਾਰ ਧਰਮਲੀਨ ਤਨਖਾਹੀਏ ਹਨ ਜਾਂ ਵਡਮੁੱਲੇ ਪੁਰਾਤਨ ਗ੍ਰੰਥ ਦੇ ਮਾਲਕ ਹੋਣ ਕਾਰਨ ਸਿੱਖ ਜਗਤ ਵਿਚ ਸਨਮਾਨ ਦੇ ਅਧਿਕਾਰੀ ਹਨ? ਇਹ ਤਿੰਨੋਂ ਵਿਵਾਦ ਬਣਾਉਟੀ ਅਤੇ ਕਾਲਪਨਿਕ ਸਨ। ਇਹਨਾਂ ਵਿਵਾਦਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਕੋਈ ਸਰੋਕਾਰ ਨਹੀਂ ਸੀ। ਸੰਭਵ ਹੈ ਕਿ ਕਰਤਾਰਪੁਰੀ ਬੀੜ ਦੀ ਜਾਂਚ ਪੜਤਾਲ ਦਾ ਸਾਰਾ ਅਡੰਬਰ ਸ਼੍ਰੋਮਣੀ ਕਮੇਟੀ ਨੇ ਕਰਤਾਰਪੁਰ ਐਸਟੇਟ ਦੇ ਪ੍ਰਬੰਧਕਾਂ ਦੀ ਮਿਲੀ ਭੁਗਤ ਨਾਲ ਹੀ ਰਚਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਅਰਥਹੀਣ ਵਿਵਾਦ ਖੜ੍ਹੇ ਕਰ ਕੇ ਆਪਣੀ ਸਿਆਸੀ ਧਾਕ ਜਮਾਉਣਾ ਚਾਹੁੰਦੀ ਹੋਵੇ ਅਤੇ ਕਰਤਾਰਪੁਰ ਐਸਟੇਟ ਦੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਜਗਤ ਵਿਚ ਵਿਸ਼ੇਸ਼਼ ਸਨਮਾਨ ਪ੍ਰਾਪਤ ਕਰਨ ਦੇ ਇੱਛਕ ਹੋਣ। ਕੁੱਝ ਵੀ ਹੋਵੇ ਕਰਤਾਰਪੁਰੀ ਬੀੜ ਦੇ ਅਸਲੀ-ਨਕਲੀ ਹੋਣ ਦਾ ਡਰਾਮਾ ਅਸਲ ਵਿਚ ਸ਼ਰਧਾਲੂਆਂ ਦੀ ਤਵੱਜੇ ਪੋਥੀ ਸਾਹਿਬ ਦੇ ਨਿਰਾਦਰ ਦੀਆਂ ਵਾਰਦਾਤਾਂ ਤੋਂ ਹਟਾਉਣਾ ਸੀ। ਇਹਨਾਂ ਵਿਵਾਦਾਂ ਨੇ ਵਿਦਵਾਨਾਂ ਨੂੰ ਕਰਤਾਰ ਪੁਰ ਐਸਟੇਟ ਦੇ ਪ੍ਰਬੰਧਕਾਂ ਨੂੰ ਬੀੜ ਦੇ ਦਰਸ਼ਨ ਕਰਨ ਜਾਂ ਫੋਟ ਕਾਪੀ ਕਰਨ ਲਈ ਬੇਨਤੀਆਂ ਕਰਨ ਲਾ ਦਿੱਤਾ ਜਿਸ ਨਾਲ ਸਿੱਖ ਵਿਦਵਾਨਾਂ ਵਿਚ ਐਸਟੇਟ ਪ੍ਰਬੰਧਕਾਂ ਦੇ ਅਧਿਕਾਰ ਅਤੇ ਹੈਸੀਅਤ ਦਾ ਐਹਸਾਸ ਪੈਦਾ ਹੋਣ ਲੱਗ ਪਿਆ। ਅਸਲ ਮਸਲਾ ਕਰਤਾਰਪੁਰੀ ਬੀੜ ਦੇ ਅਸਲੀ ਜਾਂ ਨਕਲੀ ਹੋਣ ਦਾ ਨਹੀਂ ਹੈ ਬਲਕਿ ਪੋਥੀ ਸਾਹਿਬ ਨਾਲ ਹੋਏ ਵਿਹਾਰ ਦਾ ਹੈ ਜਿਸ ਨੂੰ ਅੱਖੋਂ ਪਰੋਖੇ ਕਰਨ ਲਈ ਇਹ ਸਾਰਾ ਅਡੰਬਰ ਰਚਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਆਪਣੇ 27 ਮਈ 1945 ਦੇ ਮਤੇ ਵਿਚ ਕਰਤਾਰਪੁਰੀ ਬੀੜ ਦੀ ਪੜਤਾਲ ਕਰ ਕੇ ਰਿਪੋਰਟ ਦੇਣ ਲਈ ਇਕ ਚਾਰ ਮੈਂਬਰੀ ਕਮੇਟੀ ਨਿਯੁਕਤ ਕੀਤੀ ਸੀ। ਮਤੇ ਵਿਚ ਕਮੇਟੀ ਨੂੰ ਲੋੜੀਂਦੇ ਵਿਸ਼ੇਸ਼ਗ ਸ਼ਾਮਲ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਸਨ। ਕਮੇਟੀ ਦੇ ਚਾਰ ਮੈਂਬਰਾਂ ਵਿਚੋਂ ਕੇਵਲ ਤਿੰਨ ਮੈਂਬਰ ਹੀ ਕਰਤਾਰਪੁਰ ਗਏ ਸੀ। ਉਹ ਸਨ: ਭਾਈ ਜੋਧ ਸਿੰਘ, ਪ੍ਰੋ. ਤੇਜਾ ਸਿੰਘ ਅਤੇ ਪ੍ਰਿ. ਗੰਗਾ ਸਿੰਘ। ਕਮੇਟੀ ਨਾਲ ਕੋਈ ਵਿਸ਼ੇਸ਼ਗ ਨਹੀਂ ਗਿਆ ਸੀ। ਅੱਜ ਤੱਕ ਕੋਈ ਵੀ ਪੁਰਾਤਨ ਹੱਥ ਲਿਖਤਾਂ ਦਾ ਵਿਸ਼ੇਸ਼ਗ ਕਰਤਾਰਪੁਰੀ ਬੀੜ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰ ਸਕਿਆ ਹੈ ਅਤੇ ਨਾ ਹੀ ਇਸ ਬੀੜ ਨੂੰ ਫੋਟ ਕਾਪੀ ਕਰਨ ਦੀ ਆਗਿਆ ਹੈ।

ਕਰਤਾਰਪੁਰੀ ਬੀੜ ਨੂੰ ਮੌਲਕ ਪੋਥੀ ਸਾਹਿਬ ਆਖਣ ਵਾਲੇ ਇਸ ਬੀੜ ਨੂੰ ਗੁਰਗੱਦੀ ਦੇ ਵਾਰਸ ਸਿੱਧ ਕਰਨ, ਬੀੜ ਨਾਲ ਜੁੜੀ ਆਖੀ ਜਾਂਦੀ ਜਗੀਰ ਪਰ ਹੱਕ ਜਮਾਉਣ, ਪੂਜਾ ਦਾ ਚੜ੍ਹਾਵਾ ਅਤੇ ਸਿੱਖ ਜਗਤ ਵਿਚ ਵਿਸ਼ੇਸ਼਼ ਅਧਿਕਾਰ ਪ੍ਰਾਪਤ ਕਰਨ ਲਈ ਵਰਤਦੇ ਹਨ। ਇਹ ਬੀੜ ਉਹਨਾਂ ਲਈ ਅਧਿਆਤਮਿਕ ਗਿਆਨ ਦਾ ਸੋਮਾ ਨਹੀਂ ਹੈ ਅਤੇ ਨਾ ਹੀ ਉਹਨਾਂ ਵੱਲੋਂ ਇਸ ਗ੍ਰੰਥ ਨੂੰ ਪਵਿਤਰ ਅਤੇ ਸਤਿਕਾਰਤ ਪੋਥੀ ਸਾਹਿਬ ਮੰਨਣ ਦਾ ਕੋਈ ਪਰਮਾਣ ਮਿਲਦਾ ਹੈ। ਉਹ ਤੇ ਇਸ ਗ੍ਰੰਥ ਨੂੰ ਦੁਨਿਆਵੀ ਲਾਭ ਪਰਾਪਤੀ ਦੇ ਸਾਧਨ ਵਜੋਂ ਵਰਤਦੇ ਹੀ ਨਜ਼ਰ ਆਉਂਦੇ ਹਨ। ਉਹ ਆਪਣੇ ਵਿਰਸੇ ਦਾ ਲਾਭ ਲੈਣ ਦੇ ਅਭਲਾਸ਼ੀ ਹਨ ਪਰ ਸਿੱਖ ਧਰਮ ਵਿਰੋਧੀ ਕਾਰਵਾਈਆਂ ਦੇ ਜੋ ਇਲਜ਼ਾਮ ਉਹਨਾਂ ਦੇ ਬਜ਼ੁਰਗਾਂ ਤੇ ਲਗੇ ਹੋਏ ਹਨ ਉਹਨਾਂ ਬਾਰੇ ਉਹਨਾਂ ਨੇ ਚੁੱਪ ਸਾਧੀ ਹੋਈ ਹੈ।

ਭਾਈ ਜੋਧ ਸਿੰਘ ਨੇ 1990 ਵਿਚ ਪ੍ਰਕਾਸ਼ਿਤ ਆਪਣੀ ਪੁਸਤਕ ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਵਿਚ ਲਿਖਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਇਕ ਚਿੱਠੀ 23 ਜਨਵਰੀ 1918 ਦੇ ਪੰਥ ਸੇਵਕਵਿਚ ਛਪਵਾਈ। ਜਿਸ ਵਿਚ ਉਹਨਾਂ ਲਿਖਿਆ ਸੀ, “ਆਪ ਦੇ 12 ਦਸੰਬਰ ਦੇ ਪਰਚੇ ਵਿਚ ਭਾਈ ਕਾਨ੍ਹ ਸਿੰਘ ਜੀ ਦੀ ਗੁਪਤ ਚਿੱਠੀ ਨਾਮਕ ਸਿਰਨਾਵੇਂ ਹੇਠ ਲਿਖੀ ਮੈਂ ਆਪਣੀ ਰਾਏ ਗੁਰਮਤ ਸੁਧਾਕਰਦੇ ਵਿਰੁਧ ਕਿਉਂ ਬਦਲੀ ਹੈ। ਜਿਸ ਚਿੱਠੀ ਦਾ ਜ਼ਿਕਰ ਖਾਲਸਾ ਸਮਾਚਾਰਵਿਚ ਹੈ, ਉਹ ਮੈਂ ਚੀਫ ਖਾਲਸਾ ਦੀਵਾਨ ਦੇ ਪ੍ਰਸ਼ਨਾਂ ਦੇ ਉੱਤਰ ਵਿਚ ਲਿਖੀ ਸੀ। ਜਿਸ ਦਾ ਭਾਵ ਇਹ ਸੀ ਕਿ ਮੈਂ ਇਹ ਸੁਣ ਕੇ ਹੈਰਾਨ ਹੋਇਆ ਹਾਂ ਕਿ ਬਾਬੂ ਤੇਜਾ ਸਿੰਘ ਜੀ ਨੇ ਰਾਗਮਾਲਾਕੱਢ ਦਿੱਤੀ ਹੈ, ਕਿਉਂਕਿ ਰਾਗਮਾਲਾ ਤਾਂ ਚਿਰ ਤੋਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢੀ ਜਾ ਚੁਕੀ ਹੈ। ਅਨੇਕ ਪੁਰਾਣੇ ਲਿਖੇ ਹੋਏ ਗਰੰਥ ਸਾਹਿਬਾਨ ਬਿਨਾ ਰਾਗਮਾਲਾ ਮੌਜੂਦ ਹਨ।“ (ਮੁਖਬੰਧ ਪੰ: ੳ-ਅ)। ਕਰਤਾਰਪੁਰੀ ਬੀੜ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਵਿਚ ਲਿਖਿਆ ਹੈ, “ਸੰਮਤ 1661 ਮਿਤੀ ਭਾਦੋਂ ਵਦੀ 1 ਪੋਥੀ ਲਿਖਿ ਪਹੁੰਚੇ। ਸਾਰੇ ਪਤਰੇ ਗੁਰੁ ਬਾਬੇ ਦੇ 974” “ਕਰਤਾਰਪੁਰ ਵਾਲੇ ਗੁਰੁ ਗ੍ਰੰਥ ਸਾਹਿਬ ਦੇ 973ਵੇਂ ਪਤਰੇ ਪਰਮੁੰਦਾਵਣੀਹੈ ਅਤੇ 974ਵਾਂ ਪਤਰਾ (ਜਿਸ ਪਰ ਅੰਗ 974 ਮੌਜੂਦ ਹੈ) ਕੋਰਾ ਪਿਆ ਹੈ। ਇਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਗੁਰੁ ਬਾਬੇ ਦੇ ਸਾਰੇ ਪਤਰੇ 974 ਦੀ ਗਿਣਤੀ ਤੋਂ ਬਾਹਰ ਜੋ ਕੁੱਛ ਹੈ ਉਹ ਗੁਰੁ ਬਾਬੇ ਦਾ ਅੰਗ ਨਹੀਂ ਹੈ।

ਆਦਿ ਅੰਤ ਦੇ ਵਾਧੂ ਪਤ੍ਰਿਆਂ ਪਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਰਾਗਮਾਲਾ ਹੀ ਨਹੀਂ ਕਿੰਤੂ ਰਤਨਮਾਲਾ, ਰਾਹ ਮੁਕਾਮ ਕੀ ਸਾਖੀ ਹੈ। ਅਰ ਐਸੇ ਲੇਖ ਭੀ ਹਨ- ਸੰਮਤ 1655 ਜਹਾਂਗੀਰ ਪਾਤਸਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਦਿਤਾ ਧਰਮਸਾਲ ਨੂੰ 8964 ਘੁਮਾਂ ਕਨਾਲ 7 ਮਰਲੇ 15’, ਅਤੇ ਚਲਿਤ੍ਰ ਜੋਤੀ ਜੋਤ ਸਮਾਉਣ ਇਊਂ ਹੈ:-

ਸਤਿਗੁਰ ਪ੍ਰਸਾਦਿ

ਸੰਮਤ 1566 ਵਦੀ 10 ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ।

ਸੰਮਤ 1606 ਚੇਤ ਸੁਦੀ 4, ਸ੍ਰੀ ਸਤਿਗੁਰ ਅੰਗਦ ਜੀ ਸਮਾਣੇ।

ਸੰਮਤ 1631 ਭਾਦਉਂ ਸੁਦੀ 3, ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ।

ਸੰਮਤ 1638 ਭਾਦਉਂ ਸੁਦੀ 3, ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ।

ਸੰਮਤ 1663 ਜੇਠ ਸੁਦੀ 4, ਸੁਕਰਵਾਰ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਸਮਾਣੇ।

ਸੰਮਤ 1665 ਚੇਤ ਸੁਦੀ 10 ਸਤਿਗੁਰੂ ਬਾਬਾ ਜੀ ਸਮਾਣੇ ਕੀਰਤਪੁਰ। (ਭਾਵ ਬਾਬ ਗੁਰਦਿੱਤਾ ਜੀ)

ਸੰਮਤ 1701 ਚੇਤ ਸੁਦੀ 5 ਐਤਵਾਰ ਨਉ ਘੜੀਆਂ ਰਾਤ ਜਾਂਦੀ ਨੂੰ ਸਤਿਗੁਰੂ ਕਰਣ ਕਾਰਣ ਸਮਰਥ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਸ੍ਰੀ ਹਰਗੋਬਿੰਦ ਜੀ ਸਮਾਣੇ ਕੀਰਤ ਪੁਰ।

ਇਨ੍ਹਾਂ ਵਾਧੂ ਪਤਰਿਆਂ ਵਿਚ ਨਿਰੰਜਨ ਰਾਇ ਜੀ ਦੀ, ਜੋ ਧੀਰਮੱਲ ਜੀ ਦੇ ਪੜੋਤੇ ਸੀ, ਬਹੁਤ ਮਹਿਮਾ ਗਾਈ ਹੈ, ਜਿਸ ਵਿਚ ਲਿਖਿਆ ਹੈ ਕਿ …… “ਕਰਤਾਰ ਪੁਰ, ਹਰਗੋਬਿੰਦਪੁਰਾ, ਸੰਗਤ ਸਾਹਿਬ, ਨਿਰੰਜਨ ਰਾਇ ਨੂੰ ਸਭ ਕੁਝ ਦਿਤਾ, ਇਸ ਦਾ ਸਰੀਕ ਕੋਈ ਨਹੀਂ: ਮੇਰਾ ਵਰ।ਏਸ ਤੋਂ ਛੁਟ ਅਨੇਕਾਂ ਤਾਰੀਖੀ ਬਾਤਾਂ ਵੀ ਹਨ, ਜਿਨ੍ਹਾਂ ਵਿਚ ਇਹ ਵੀ ਹੈ ਕਿ:-

“1814 - ਕਰਤਾਰ ਪੁਰ ਮੇਂ ਆਗ ਲਗੀ

“1888 - ਫਾਗਨ ਮੇਂ ਰਣਜੀਤ ਸਿੰਘ ਕਰਤਾਰ ਪੁਰ ਆਇਆਇਤਿ ਆਦਿ ਅਨੇਕ ਪਰਕਰਣ ਹਨ ਜਿਨ੍ਹਾਂ ਦੀ ਇਥੇ ਲਿਖਣ ਦੀ ਲੋੜ ਨਹੀਂ” (ਮੁਖਬੰਧ ਪੰ: ਅ)।

ਭਾਈ ਕਾਨ੍ਹ ਸਿੰਘ ਦੀ ਉਪਰ ਦਿੱਤੀ ਲੰਬੀ ਚਿੱਠੀ ਵਿਚ ਦਿੱਤੇ ਤੱਥਾਂ ਦਾ ਖੰਡਨ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਭਾਈ ਜੋਧ ਸਿੰਘ 1990 ਵਿਚ ਪ੍ਰਕਾਸ਼ਿਤ ਆਪਣੀ ਪੁਸਤਕ ਵਿਚ ਲਿਖਦੇ ਹਨ, “ਸਭ ਤੋਂ ਜ਼ਰੂਰੀ ਨੋਟ ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿਚ ਰਾਗਮਾਲਾ ਅਤੇ ਉਹ ਉਨ੍ਹਾਂ ਹੀ ਦਸਖ਼ਤਾਂ ਤੇ ਉਸੇ ਲਿਖਤ ਵਿਚ ਹੈ ਜਿਸ ਨਾਲ ਰਾਗਮਾਲਾ ਤੋਂ ਪਹਿਲਾਂ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ। ਮੁੰਦਾਵਣੀ ਅਤੇ ਸਲੋਕ ਮਹਲਾ 5, 973 ਸਫ਼ੇ ਦੇ ਅਰੰਭ ਵਿਚ ਹਨ ਬਾਕੀ ਸਾਰਾ ਸਫ਼ਾ ਖਾਲੀ ਪਿਆ ਹੈ। ਇਸ ਸਫ਼ੇ ਦੇ ਸਾਹਮਣੇ ਵਾਲਾ ਸਫ਼ਾ ਭੀ ਖਾਲੀ ਹੈ। ਜਿਸ ਉਤੇ ਅੰਕ 974 ਲੱਗਾ ਹੋਇਆ ਹੈ। ਉਹ ਸਫ਼ਾ ਵੀ ਸਾਰਾ ਖਾਲੀ ਹੈ। ਉਸਦੇ ਸਾਹਮਣੇ ਵਾਲੇ ਸਫ਼ੇ ਉਤੇ ਰਾਗਮਾਲਾਹੈ। ਇਸ ਤੋਂ ਉਪਰੰਤ ਦੂਜੇ ਪਾਸੇ ਕੋਈ ਅੰਕ ਨਹੀਂ ਤੇ ਨਾ ਕੋਈ ਹੋਰ ਲਿਖਤ ਹੈ, ਜਿਹਾ ਕਿ ਤਤਕਰੇ ਵਿਚ ਆਉਂਦਾ ਹੈ ਰਾਗਮਾਲਾ ਤਥਾ ਸਿੰਘਲ ਦੀਪ ਕੀ ਰਾਜੇ ਸ਼ਿਵਨਾਭ ਕੀ ਬਿਧਿ

ਇਸ ਬੀੜ ਵਿਚ ਕਿਧਰੇ ਵੀ ਹੇਠ ਲਿਖਿਆਂ ਗਲਾਂ ਨਹੀਂ ਆਈਆਂ:-

1.ਗੁਰੁ ਬਾਬੇ ਦੇ ਕੁਲ ਪਤਰੇ 974, 2. ਸਿਆਹੀ ਦੀ ਬਿਧਿ, 3. ਹਕੀਕਤ ਰਾਹ ਮੁਕਾਮ, 4.ਰਤਨ ਮਾਲਾ 5. ਸਲੋਕ ਬਾਇ ਆਤਿਸ਼ ਆਬ, 6. ਜਿਤ ਦਰ ਲਖ ਮੁਹੰਮਦਾ“ (ਮੁਖਬੰਧ ਪੰ: ੲ)।

ਉਪਰ ਦਿੱਤੇ ਹਵਾਲਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਲਿਖਤਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਕਰਤਾਰਪੁਰੀ ਬੀੜ ਵਿਚ ਦੇਖੀਆਂ ਅਤੇ 1918 ਵਿਚ ਬਿਆਨ ਕੀਤੀਆਂ ਉਹਨਾਂ ਵਿਚੋਂ ਕਈ ਲਿਖਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1945 ਵਿਚ ਬਣਾਈ ਕਮੇਟੀ ਦੇ ਮੈਂਬਰਾਂ ਨੂੰ ਬੀੜ ਵਿਚ ਨਹੀਂ ਮਿਲੀਆਂ। ਇਸ ਦਾ ਅਰਥ ਤੇ ਇਹ ਹੋਇਆ ਕਿ ਦੋਨਾਂ ਵਿਚੋਂ ਇਕ ਝੂਠ ਲਿਖ ਰਿਹਾ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਜੈਸੇ ਪੰਥ ਸਨਮਾਨਤ ਵਿਦਵਾਨ ਨੂੰ ਝੂਠ ਬੋਲਣ ਦੀ ਕੀ ਲੋੜ ਸੀ? ਭਾਈ ਜੋਧ ਸਿੰਘ ਅਤੇ ਉਹਨਾਂ ਦੀ ਕਮੇਟੀ ਦੇ ਦੋ ਹੋਰ ਮੈਂਬਰ ਸਾਹਿਬਾਨ ਨੂੰ ਵੀ ਝੂਠੇ ਮੰਨਣਾ ਸੰਭਵ ਨਹੀਂ। ਫਿਰ ਤੇ ਇਹੋ ਜਾਪਦਾ ਹੈ ਕਿ ਜੋ ਬੀੜ ਭਾਈ ਕਾਨ੍ਹ ਸਿੰਘ ਨਾਭਾ ਨੇ ਦੇਖੀ ਸੀ ਉਹ ਬੀੜ ਭਾਈ ਜੋਧ ਸਿੰਘ ਦੀ ਜਾਂਚ ਪੜਤਾਲ ਕਮੇਟੀ ਨੂੰ ਨਹੀਂ ਦਿਖਾਈ ਗਈ ਹੋਵੇਗੀ। ਭਾਈ ਜੋਧ ਸਿੰਘ ਦੀ ਕਮੇਟੀ ਨੇ ਕਿਸੇ ਹੋਰ ਬੀੜ ਨੂੰ ਪੜਤਾਲਿਆ ਹੋਵੇਗਾ ਨਾ ਕਿ ਉਸ ਬੀੜ ਨੂੰ ਜਿਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਆਪਣੀ 1918 ਵਿਚ ਲਿਖੀ ਚਿੱਠੀ ਵਿਚ ਕਰਦੇ ਹਨ। ਜਿਵੇਂ ਭਾਈ ਜੋਧ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਕਰਤਾਰਪੁਰ ਐਸਟੇਟ ਦੇ ਪ੍ਰਬੰਧਕ ਨੂੰ ਬੇਨਤੀ ਕੀਤੀ ਸੀ,”ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ।ਕਿਹੜੀ ਬੀੜ ਨੂੰ ਅਸਲੀ ਦੱਸਣਾ ਹੈ ਅਤੇ ਕਿਹੜੀ ਬੀੜ ਕਿਸ ਨੂੰ ਦਿਖਾਉਣੀ ਹੈ ਇਸ ਦਾ ਨਿਰਣਾ ਕਰਤਾਰਪੁਰ ਐਸਟੇਟ ਦੇ ਪ੍ਰਬੰਧਕ ਆਪ ਹੀ ਕਰਦੇ ਹਨ, ਅਤੇ ਉਹਨਾਂ ਦਾ ਕਿਹਾ ਅਧਿਕਾਰ ਸਮਝਿਆ ਜਾਂਦਾ ਰਿਹਾ ਹੈ।

ਡਾ. ਸੀ. ਐਚ. ਲ਼ੋਇਲਿਨ (Dr. C.H. Loelhin) ਲਿਖਦੇ ਹਨ ਕਿ 1946 ਵਿਚ ਜਦੋਂ ਕਰਤਾਰਪੁਰੀ ਬੀੜ ਬਾਰੇ ਕੋਰਟ ਵਿਚ ਕੇਸ ਚਲਦਾ ਸੀ, ਉਹਨਾਂ ਨੇ ਡਾ. ਜੇ. ਸੀ. ਆਰਚਰ (Dr, J,C, Archer) ਨਾਲ ਕਰਤਾਰਪੁਰੀ ਬੀੜ ਦੀ ਜਾਂਚ ਕੀਤੀ ਸੀ। ਉਹਨਾਂ ਮੁਤਾਬਿਕ ਬੀੜ ਦੇ ਪਤਰੇ 12X 8 ਇੰਚ ਪੀਲੇ ਕਸ਼ਮੀਰੀ ਨਰਮ ਕਾਗਜ਼ ਦੇ ਹਨ ਜਿਹਨਾਂ ਨੂੰ ਨਵੇਂ ਹਾਸ਼ੀਆਂ ਤੇ ਜੜ ਕੇ 15 X 12 ਇੰਚ ਨਾਪ ਦੇ ਬਣਾਇਆ ਗਿਆ ਹੈ। ਕਰਤਾਰਪੁਰੀ ਬੀੜ ਵਿਚ ਬਹੁਤ ਸਾਰੇ ਪਤਰੇ ਖਾਲੀ ਪਏ ਹਨ ਅਤੇ ਗੁਰਬਾਣੀ ਵਿਚ ਵੀ ਬਹੁਤ ਥਾਂਵਾਂ ਤੇ ਹੜਤਾਲ ਫੇਰੀ ਹੋਈ ਹੈ ਅਤੇ ਬਾਣੀ ਕਟੀ ਹੋਈ ਹੈ। ਬੀੜ ਦੇ ਮੁਢਲੇ ਅਤੇ ਅੰਤਲੇ ਪੱਤਰਿਆਂ ਉਪਰ ਬਹੁਤ ਕੁੱਝ ਲਿਖਿਆ ਮਿਲਦਾ ਹੈ। ਉਹਨਾਂ ਵਿਚੋਂ ਕੁੱਝ ਲਿਖਤਾਂ ਦਾ ਵੇਰਵਾ ਭਾਈ ਕਾਨ੍ਹ ਸਿੰਘ ਨੇ ਆਪਣੇ ਲੇਖ ਵਿਚ ਕੀਤਾ ਹੈ, ਜਿਸ ਦਾ ਉਤਾਰਾ ਉਪਰ ਦਿੱਤਾ ਗਿਆ ਹੈ। ਸ. ਦਲਜੀਤ ਸਿੰਘ ਅਤੇ ਭਾਈ ਜੋਧ ਸਿੰਘ ਅਨੁਸਾਰ ਬੀੜ ਦੇ ਖਾਲੀ ਪਤਰੇ ਅਤੇ ਸਿਆਹੀ ਨਾਲ ਕੀਤੀ ਸੁਧਾਈ ਬੀੜ ਦੀ ਮੌਲਿਕਤਾ ਦੇ ਸਬੂਤ ਹਨ, ਕਿਉਂਕਿ ਹੋਰ ਕਿਸੇ ਬੀੜ ਵਿਚ ਖਾਲੀ ਪਤਰੇ ਨਹੀਂ ਹਨ ਅਤੇ ਨਾ ਹੀ ਕੱਟ ਕੇ ਸਿਆਹੀ ਨਾਲ ਅਜਿਹੀਆਂ ਸੋਧਾਂ ਕੀਤੀਆਂ ਹੋਈਆਂ ਹਨ। ਸਾਰੇ ਵਿਦਵਾਨ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਐਸੀ ਵਿਉਂਤ ਨਾਲ ਬਾਣੀ ਸੰਕਲਿਤ ਕੀਤੀ ਸੀ ਕਿ ਇਸ ਵਿਚ ਰਲਾ ਕਰਨਾ ਸੰਭਵ ਨਾ ਹੋ ਸਕੇ ਅਤੇ ਪੋਥੀ ਸਾਹਿਬ ਨੂੰ ਐਸੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਸੀ ਤਾਂ ਜੋ ਉਹ ਇਕ ਆਦਰਸ਼ਕ ਪਵਿਤਰ ਗ੍ਰੰਥ ਵਜੋਂ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕਰਨ ਦੇ ਯੋਗ ਹੋਵੇ। ਇਸ ਤੋਂ ਤੇ ਇਹੋ ਨਿਸ਼ਚਾ ਬੱਝਦਾ ਹੈ ਕਿ ਪੋਥੀ ਸਾਹਿਬ ਦਾ ਸਰੂਪ ਅਤੇ ਦਿੱਖ ਵਿਸ਼ੇਸ਼਼ ਸਤਿਕਾਰਤ ਧਾਰਮਕ ਗ੍ਰੰਥਾਂ ਵਾਂਗ ਸਾਫ ਸੁਥਰੀ ਅਤੇ ਪਰਮਾਣਿਕ ਹੋਵੇਗੀ। ਕਰਤਾਰਪੁਰੀ ਬੀੜ ਦੀ ਜੋ ਹਾਲਤ ਭਾਈ ਜੋਧ ਸਿੰਘ, ਸ. ਦਲਜੀਤ ਸਿੰਘ, ਡਾ. ਲੋਇਲਿਨ ਅਤੇ ਡਾ. ਆਰਚਰ ਨੇ ਬਿਆਨ ਕੀਤੀ ਹੈ ਉਹ ਤੇ ਇਕ ਮੁਕੱਦਸ ਧਾਰਮਕ ਗ੍ਰੰਥ ਦੇ ਅਪਮਾਨ ਦਾ ਪਰਤੀਕ ਹੈ। ਖਾਲੀ ਪਤਰੇ, ਹੜਤਾਲਾਂ ਜਾਂ ਸਿਆਹੀ ਨਾਲ ਲਿਖਤਾਂ ਮਿਟਾਉਣਾ, ਉਪਰ ਤੋਂ ਉਪਰ ਲਿਖਣਾ, ਨਿਸ਼ਾਨ ਚੇਪਣੇ, ਹਾਸ਼ੀਏ ਚੇਪਣੇ, ਇਤਿਹਾਸਕ ਘਟਨਾਵਾਂ ਅਤੇ ਵਸੀਅਤ ਦੇ ਨੋਟ ਲਿਖਣੇ, ਆਦਿ ਕਰਤਾਰਪੁਰੀ ਬੀੜ ਨੂੰ ਹਾਸੋਹੀਣਾ ਗ੍ਰੰਥ ਬਨਾਉਣ ਦੀਆਂ ਕਾਰਵਾਈਆਂ ਹੀ ਆਖੀਆਂ ਜਾ ਸਕਦੀਆਂ ਹਨ। ਕਿਸੇ ਵੀ ਸਾਧਾਰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਤੋਂ ਵਾਧੂ ਲਿਖਤਾਂ ਪਾਉਣਾ ਗ੍ਰੰਥ ਸਾਹਿਬ ਦਾ ਅਪਮਾਨ ਸਮਝਿਆ ਜਾਂਦਾ ਹੈ ਜਿਸ ਨੂੰ ਸ਼ਰਧਾਲੂ ਬਰਦਾਸ਼ਤ ਨਹੀਂ ਕਰਦੇ। ਸ. ਦਲਜੀਤ ਸਿੰਘ ਅਤੇ ਭਾਈ ਜੋਧ ਸਿੰਘ ਇਹਨਾਂ ਤਰੁੱਟੀਆਂ ਨੂੰ ਬੀੜ ਦੀ ਮੌਲਿਕਤਾ ਦੇ ਚਿੰਨ੍ਹ ਆਖਦੇ ਹਨ। ਉਹਨਾਂ ਅਨੁਸਾਰ ਗੁਰੂ ਅਰਜਨ ਸਾਹਿਬ ਵੱਲੋਂ ਤਿਆਰ ਕੀਤੀ ਪੋਥੀ ਸਾਹਿਬ ਵਿਚ ਤਰੁੱਟੀਆਂ ਦਾ ਹੋਣਾ ਹੀ ਉਸ ਦੀ ਮੌਲਿਕਤਾ ਦਾ ਸਬੂਤ ਹੈ!

ਕਰਤਾਰਪੁਰੀ ਬੀੜ ਅਤੇ ਕਰਤਾਰ ਪੁਰ ਵਿਚ ਉਪਲੱਬਧ ਹੋਰ ਪੁਰਾਤਨ ਹੱਥ-ਲਿਖਤ ਬੀੜਾਂ ਗੁਰਬਾਣੀ ਦਾ ਪਾਠ, ਵਿਆਖਿਆ ਜਾਂ ਵਿਚਾਰ ਕਰਨ ਲਈ ਨਹੀਂ ਵਰਤੀਆਂ ਜਾਂਦੀਆਂ ਹਨ। ਕਰਤਾਰਪੁਰੀ ਆਖੀ ਜਾਂਦੀ ਬੀੜ ਦੀ ਵਿਸ਼ੇਸ਼਼ ਸਮਿਆਂ ਤੇ ਪਰਦਰਸ਼ਨੀ ਕੀਤੀ ਜਾਂਦੀ ਹੈ ਤਾਂ ਜੋ ਸ਼ਰਧਾਲੂ ਇਸ ਪੋਥੀ ਦੇ ਦਰਸ਼ਨ ਕਰ ਸਕਣ ਅਤੇ ਆਪਣੀ ਸ਼ਰਧਾ ਅਨੁਸਾਰ ਜਾਂ ਆਪਣੀਆਂ ਸੁੱਖਾਂ ਦੀ ਪੂਰਤੀ ਲਈ ਪੂਜਾ ਦਾਨ ਦੇ ਸਕਣ। ਇਹ ਪੋਥੀ ਹੁਣ ਪੂਜਾ ਦੀ ਵਸਤੂ ਬਣੀ ਹੋਈ ਹੈ। ਇਸ ਨੂੰ ਅਧਿਆਤਮਿਕ ਗਿਆਨ ਦੇ ਸੋਮੇ ਵਜੋਂ ਨਹੀਂ ਵਰਤਿਆ ਜਾਂਦਾ। ਬਿਰਧ ਹੋਣ ਕਰ ਕੇ ਵੀ ਇਸ ਦੀ ਵਰਤੋਂ ਕਰਨੀ ਸੰਭਵ ਨਹੀਂ ਹੈ।

ਜੋ ਵਿਦਵਾਨ ਕਰਤਾਰਪੁਰੀ ਬੀੜ ਨੂੰ ਮੌਲਕ ਪੋਥੀ ਸਾਹਿਬ ਕਰਾਰ ਦਿੰਦੇ ਹਨ, ਉਹਨਾਂ ਵੱਲੋਂ ਜੋ ਕਥਨ ਅਤੇ ਤਰਕ ਪੇਸ਼ ਕੀਤਾ ਜਾਂਦਾ ਹੈ ਉਹ ਇਸ ਪਰਕਾਰ ਹੈ:

ਭਾਈ ਜੋਧ ਸਿੰਘ ਜੀ ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਵਿਚ ਲਿਖਦੇ ਹਨ, “ਅਸੀਂ 7 ਅਕਤੂਬਰ 1945 ਨੂੰ 12 ਬਜੇ ਤੋਂ ਪੌਣੇ 6 ਬਜੇ ਸ਼ਾਮ ਤਕ ਬੀੜ ਦੇ ਦਰਸ਼ਨ ਕਰਦੇ ਰਹੇ। ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ। ਉਹਨਾਂ ਨੇ ਕਿਹਾ ਕਿ ਜੋ ਬੀੜ ਇਥੇ ਪ੍ਰਕਾਸ਼਼ ਕੀਤੀ ਹੋਈ ਹੈ ਇਹ ਪੁਰਾਤਨ ਬੀੜ ਪ੍ਰਸਿੱਧ ਹੈ, ਇਸ ਦੇ ਨਾਲ ਜਗੀਰਾਂ ਹਨ, ਦਰਸ਼ਨ ਲੋਕੀ ਦੁਰੋਂ ਦੂਰੋਂ ਆ ਕੇ ਕਰਦੇ ਹਨ।ਉਹ ਅੱਗੇ ਲਿਖਦੇ ਹਨ, “ਸਭ ਤੋਂ ਜ਼ਰੂਰੀ ਨੋਟ ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿਚ ਰਾਗਮਾਲਾ ਹੈ ਅਤੇ ਇਹ ਉਨ੍ਹਾਂ ਹੀ ਦਸਖ਼ਤਾਂ ਤੇ ਉਸੇ ਲਿਖਤ ਵਿਚ ਹੈ ਜਿਸ ਨਾਲ ਰਾਗਮਾਲਾ ਤੋਂ ਪਹਿਲਾਂ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ।“ (ਮੁਖਬੰਧ ਪੰ: ੲ)

ਕਰਤਾਰਪੁਰੀ ਬੀੜ ਦੇ ਮੌਲਕ ਪੋਥੀ ਸਾਹਿਬ ਹੋਣ ਬਾਰੇ ਜੋ ਬਿਆਨ ਕਰਤਾਰਪੁਰ ਐਸਟੇਟ ਦੇ ਪ੍ਰਬੰਧਕਾਂ ਨੇ ਦਿੱਤਾ ਹੈ, ਉਹ ਹੈ (1) “ਜੋ ਬੀੜ ਪ੍ਰਕਾਸ਼਼ ਕੀਤੀ ਹੋਈ ਹੈ ਉਹ ਪੁਰਾਤਨ ਬੀੜ ਪ੍ਰਸਿੱਧ ਹੈ”, (2) “ਇਸ ਦੇ ਨਾਲ ਜਗੀਰਾਂ ਹਨ”, ਅਤੇ (3) ਦਰਸ਼ਨ ਦੁਰੋਂ-ਦੁਰੋਂ ਆ ਕੇ ਲੋਕ ਕਰਦੇ ਹਨਉਹਨਾਂ ਇਹ ਨਹੀਂ ਕਿਹਾ ਕਿ ਇਹ ਬੀੜ ਗੁਰੂ ਅਰਜਨ ਸਾਹਿਬ ਦੀ ਸੰਕਲਿਤ ਕੀਤੀ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਪੋਥੀ ਸਾਹਿਬ ਹੈ, ਅਤੇ ਨਾ ਹੀ ਉਹਨਾਂ ਇਸ ਦੇ ਪੋਥੀ ਸਾਹਿਬ ਹੋਣ ਦਾ ਕੋਈ ਸਬੂਤ ਜਾਂ ਪਿਛੋਕੜ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਉਸ ਬੀੜ ਵਿਚ ਵਾਧੂ ਲਿਖਤਾਂ ਦਰਜ ਹੋਣ ਬਾਰੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਪਰ ਭਾਈ ਜੋਧ ਸਿੰਘ ਨੇ ਉਹਨਾਂ ਵੱਲੋਂ ਦਿੱਤੀ ਇਸ ਸਰਸਰੀ ਜਾਣਕਾਰੀ ਦੇ ਆਧਾਰ ਤੇ ਮਨ ਬਣਾ ਲਿਆ ਕਿ ਇਹੋ ਅਸਲੀ ਭਾਈ ਗੁਰਦਾਸ ਜੀ ਦੀ ਲਿਖੀ ਪਵਿਤਰ ਪੋਥੀ ਸਾਹਿਬ ਹੈ।

ਭਾਈ ਜੋਧ ਸਿੰਘ ਨੇ ਇਸ ਗ੍ਰੰਥ ਦੇ ਮੌਲਕ ਪੋਥੀ ਸਾਹਿਬ ਅਤੇ ਰਾਗਮਾਲਾ ਦੇ ਗੁਰਬਾਣੀ ਹੋਣ ਦੇ ਜੋ ਤਰਕ ਪੇਸ਼਼ ਕੀਤੇ ਹਨ ਉਹ ਮੰਨਣਯੋਗ ਨਹੀਂ ਹਨ। ਉਹ ਲਿਖਦੇ ਹਨ ਕਿ ਕਿਉਂਕਿ ਰਾਗਮਾਲਾ ਅਤੇ ਉਸ ਤੋਂ ਪਹਿਲਾਂ ਆਉਣ ਵਾਲੇ ਕਈ ਸਫ਼ੇਇਕੋ ਹੀ ਦਸਖ਼ਤਾਂ ਅਤੇ ਕਲਮ ਦੇ ਹਨ, ਇਸ ਲਈ ਰਾਗਮਾਲਾ ਗੁਰਬਾਣੀ ਹੈ। ਉਹ ਪੋਥੀ ਵਿਚ ਖਾਲੀ ਪਰਤਿਆਂ ਅਤੇ ਬਾਣੀ ਵਿਚ ਕੱਟ ਕੇ ਕੀਤੀਆਂ ਸੋਧਾਂ ਨੂੰ ਬੀੜ ਦੀ ਮੌਲਿਕਤਾ ਦਾ ਸਬੂਤ ਕਰਾਰ ਦਿੰਦੇ ਹਨ।

ਕਰਤਾਰ ਪੁਰ ਐਸਟੇਟ ਦੇ ਪ੍ਰਬੰਧਕਾਂ ਨੇ ਗਿਆਨੀ ਜ਼ੈਲ ਸਿੰਘ ਨੂੰ, ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ, ਪੰਜਾਬੀ ਯੂਨੀਵਰਸਿਟੀ ਵੱਲੋਂ ਕਰਤਾਰਪੁਰੀ ਬੀੜ ਦੀ ਫੋਟੋਕਾਪੀ ਕਰਨ ਦੀ ਅਨੁਮਤੀ ਦਿੱਤੀ ਸੀ। ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਦੇ ਮੁੱਖੀ ਅਤੇ ਯੂਨੀਵਰਸਿਟੀ ਫੋਟੋਗਰਾਫਰ ਬੀੜ ਦੀ ਫ਼ੋਟੋ ਕਾਪੀ ਕਰਨ ਕਰਤਾਰ ਪੁਰ ਗਏ ਸੀ। ਉਹਨਾਂ ਨੇ ਇਕ ਪਰਕਾਸ਼ ਕੀਤੀ ਹੋਈ ਗੁਰਬਾਣੀ ਪੋਥੀ ਦੇ ਪਹਿਲੇ ਦਸ ਅੰਕਾਂ ਅਤੇ ਪਿਛਲੇ ਕੁੱਝ ਅੰਕਾਂ ਦੀਆਂ ਫੋਟੋਆਂ ਵੀ ਲਈਆਂ ਸਨ। ਉਹਨਾਂ ਨੂੰ ਦੂਜੇ ਦਿਨ ਆ ਕੇ ਬਾਕੀ ਫੋਟੋਕਾਪੀਆਂ ਲੈਣ ਲਈ ਕਿਹਾ ਗਿਆ ਸੀ। ਪਰ ਦੂਜੇ ਦਿਨ ਉਹਨਾਂ ਨੂੰ ਅਹਾਤੇ ਵਿਚ ਵੜਨ ਦੀ ਆਗਿਆ ਨਾ ਦਿੱਤੀ ਗਈ। ਉਹ ਪੰਜ ਦਿਨ ਉਡੀਕ ਕੇ ਬੀੜ ਦੇ ਬਾਕੀ ਸਫਿਆਂ ਦੀ ਫੋਟੋਕਾਪੀ ਕੀਤੇ ਬਿਨਾ ਹੀ ਯੂਨੀਵਰਸਿਟੀ ਪਰਤ ਗਏ। ਇਹ ਤੇ ਪਤਾ ਨਹੀਂ ਕਿ ਐਸਟੇਟ ਪ੍ਰਬੰਧਕਾਂ ਦਾ ਮੁੱਖ ਮੰਤਰੀ ਨਾਲ ਕੀ ਸਮਝੌਤਾ ਹੋਇਆ ਸੀ ਪਰ ਬੀੜ ਦੀ ਫੋਟੋਕਾਪੀ ਨਾ ਹੋ ਸਕੀ। ਦੱਸਿਆ ਜਾਂਦਾ ਹੈ ਕਿ ਪਹਿਲੋਂ ਵੀ ਇਕ ਟੀਮ ਬੀੜ ਦੀ ਫੋਟੋਕਾਪੀ ਕਰਨ ਆਈ ਸੀ ਅਤੇ ਉਹਨਾਂ ਨੂੰ ਨਿਹੰਗ ਸਿੰਘਾਂ ਵੱਲੋਂ ਆਖੀ ਜਾਂਦੀ ਇਹ ਧਮਕੀ ਕਿ ਤੁਸੀਂ ਸਾਡੇ ਗੁਰੂ ਦੇ ਨੰਗੇ ਸਰੀਰ ਦੀ ਫ਼ੋਟੋ ਸਾਡੀਆਂ ਲਾਸ਼ਾਂ ਉਪਰ ਵਲੋਗੇਦਾ ਹਵਾਲਾ ਦੇ ਕੇ ਫੋਟੋਕਾਪੀ ਕਰਨ ਤੋਂ ਵਰਜ ਦਿੱਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੇ ਫੋਟੋਗਰਾਫਰ ਨੂੰ ਐਸੀ ਕੋਈ ਧਮਕੀ ਨਹੀਂ ਦਿੱਤੀ ਗਈ ਸੀ। ਪਤਾ ਨਹੀਂ ਬੀੜ ਦੀ ਫੋਟੋਕਾਪੀ ਕਰਨ ਨਾਲ ਇਸ ਬੀੜ ਨੂੰ ਕਿਹੋ ਜਿਹੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ? ਇਸ ਪੋਥੀ ਵਿਚ ਅੰਕਿਤ ਗੁਰਬਾਣੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਸਾਰੇ ਸੰਸਾਰ ਵਿਚ ਉਪਲੱਬਧ ਹੈ ਅਤੇ ਪੁਰਾਤਨ ਬੀੜਾਂ ਦੀ ਵੀ ਕੋਈ ਘਾਟ ਨਹੀਂ ਹੈ। ਫਿਰ ਕਰਤਾਰਪੁਰੀ ਬੀੜ ਵਿਚ ਐਸਾ ਕੀ ਹੈ ਜਿਸ ਨੂੰ ਕਰਤਾਰਪੁਰੀ ਐਸਟੇਟ ਦੇ ਪ੍ਰਬੰਧਕ ਛੁਪਾਉਣ ਦਾ ਜਤਨ ਕਰਦੇ ਹਨ?

ਗੁਰੂ ਅਰਜਨ ਸਾਹਿਬ ਵੱਲੋਂ ਭਾਈ ਗੁਰਦਾਸ ਜੀ ਤੋਂ ਲਿਖਵਾਈ ਗੁਰਬਾਣੀ ਪੋਥੀ ਸਾਹਿਬ ਦੀ ਇਹ ਮਹੱਤਤਾ ਹੈ ਕਿ ਇਸ ਵਿਚ ਕੱਚੀ ਬਾਣੀ ਦਰਜ ਨਹੀਂ ਹੈ। ਇਸ ਵਿਚ ਕੇਵਲ ਧੁਰ ਕੀ ਬਾਣੀ ਹੀ ਦਰਜ ਹੈ। ਜਿਸ ਪੋਥੀ ਵਿਚ ਗੁਰਬਾਣੀ ਤੋਂ ਇਲਾਵਾ ਹੋਰ ਬਹੁਤ ਕੁੱਝ ਲਿਖਿਆ, ਕੱਟਿਆ ਅਤੇ ਕੱਟ ਕੇ ਲਿਖਿਆ ਹੋਇਆ ਹੈ ਉਸ ਨੂੰ ਮੌਲਕ ਪੋਥੀ ਸਾਹਿਬ ਕਹਿਣਾ ਉਚਿਤ ਨਹੀਂ ਹੈ। ਵਿਦਵਾਨਾਂ ਦੀ ਬਹੁਗਿਣਤੀ ਮੰਨਦੀ ਹੈ ਕਿ ਕਰਤਾਰਪੁਰੀ ਬੀੜ ਗੁਰੂ ਅਰਜਨ ਸਾਹਿਬ ਦੀ ਸੰਕਲਿਤ ਕੀਤੀ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਪੋਥੀ ਸਾਹਿਬ ਨਹੀਂ ਹੈ। ਅਤੇ ਜਿਸ ਸਮੇਂ ਦਮਦਮੀ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੰਕਲਿਤ ਕਰ ਕੇ ਰਸਮੀ ਗੁਰਿਆਈ ਨਾਲ ਨਿਵਾਜਿਆ ਸੀ ਓਦੋਂ ਪੋਥੀ ਸਾਹਿਬ ਦਸਮ ਪਾਤਸ਼ਾਹ ਨੂੰ ਉਪਲੱਬਧ ਨਹੀ ਸੀ। ਪੋਥੀ ਸਾਹਿਬ ਤੋਂ ਬਿਨਾ ਦਮਦਮੀ ਬੀੜ ਦੇ ਤਿਆਰ ਹੋਣ ਨਾਲ ਪੋਥੀ ਸਾਹਿਬ ਦੀ ਕੇਵਲ ਇਤਿਹਾਸਕ ਮਹੱਤਤਾ ਹੀ ਰਹਿ ਗਈ ਸੀ। ਪੂਰਨ ਗੁਰਬਾਣੀ ਗ੍ਰੰਥ ਅਤੇ ਸਿੱਖ ਜਗਤ ਦਾ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੋ ਗਏ ਸਨ। ਪੋਥੀ ਸਾਹਿਬ ਦੀ ਮੌਲਿਕਤਾ ਦਾ ਪ੍ਰਸ਼ਨ ਹੁਣ ਇਕ ਅਕਾਦਮਿਕ ਵਿਸ਼ੇ ਤੋਂ ਵੱਧ ਕੁੱਝ ਵੀ ਨਹੀਂ ਹੈ। ਅਤੇ ਜਿਸ ਬੀੜ ਨੂੰ ਮੌਲਕ ਪੋਥੀ ਸਾਹਿਬ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਹ ਇਕ ਬਿਰਧ ਬੀੜ ਹੈ ਜਿਸ ਨੂੰ ਦੇਖਣ, ਵਰਤਣ, ਜਾਂਚਣ ਅਤੇ ਫੋਟੋਕਾਪੀ ਕਰਨ ਦੀ ਮਨਾਹੀ ਹੈ। ਅਜਿਹੇ ਗੁਪਤ ਰੱਖੇ ਗਏ ਅਸਤਿਤਵ ਬਾਰੇ ਨਿਸਚੇ ਨਾਲ ਕੋਈ ਕਿਵੇਂ ਕੁੱਝ ਕਹਿ ਸਕਦਾ ਹੈ? ਕਰਤਾਰਪੁਰ ਐਸਟੇਟ ਦੇ ਪ੍ਰਬੰਧਕ ਜ਼ਰੂਰ ਇਹ ਚਾਹੁੰਦੇ ਹਨ ਕਿ ਬਿਨਾ ਦੇਖੇ ਸਾਰਾ ਸਿੱਖ ਜਗਤ ਮੰਨ ਲਵੇ ਕਿ ਮੌਲਕ ਪੋਥੀ ਸਾਹਿਬ ਉਹਨਾਂ ਕੋਲ ਹੈ।

ਆਧੁਨਿਕ ਪਦਾਰਥਵਾਦੀ ਦ੍ਰਿਸ਼ਟੀਕੋਣ ਤੋਂ ਮੌਲਕ ਪਰਚਾਰੀ ਜਾਂਦੀ ਪੋਥੀ ਪ੍ਰਾਚੀਨ ਗ੍ਰੰਥਾਂ ਦੇ ਪਰੇਮੀਆਂ ਲਈ ਬਹੁਤ ਹੀ ਵਡਮੁੱਲੀ ਅਤੇ ਦੁਰਲਭ ਵਸਤੂ ਹੋ ਸਕਦੀ ਹੈ। ਅਤੇ, ਸਨਾਤਨੀ ਦ੍ਰਿਸ਼ਟੀਕੋਣ ਤੋਂ ਐਸੀ ਪੋਥੀ ਇਕ ਅਦੁੱਤੀ ਪਵਿਤਰ ਗ੍ਰੰਥ ਵੀ ਮੰਨੀ ਜਾ ਸਕਦੀ ਹੈ ਜਿਸ ਦੇ ਦਰਸ਼ਨ ਦੁਰਲਭ ਆਖੇ ਜਾ ਸਕਦੇ ਹਨ। ਤ੍ਰੈ-ਗੁਣੀ ਸੰਸਾਰ ਵਿਚ ਪੁਰਾਤਨਤਾ, ਮਲਕੀਅਤ ਅਤੇ ਸ਼ਰਧਾ ਦੇ ਆਧਾਰ ਤੇ ਵਸਤੂਆਂ ਨੂੰ ਵਡਮੁੱਲੀਆਂ ਕਰਾਰ ਦੇਣ ਦੀ ਰੀਤ ਹੈ। ਪਰ ਗੁਰਮਤਿ ਵਿਚ ਇਹਨਾਂ ਤ੍ਰੈਗੁਣਆਤਮਕ ਮਾਇਆ ਦੇ ਸੰਸਾਰਕ ਗੁਣਾਂ ਦੀ ਕੋਈ ਮਹੱਤਤਾ ਨਹੀਂ ਹੈ। ਗੁਰਬਾਣੀ ਦਾ ਤੇ ਇਹ ਵੀ ਫੁਰਮਾਨ ਹੈ: ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲ ਨ ਚੁਕਈ ਨਾਮਿ ਨ ਲਗੈ ਪਿਆਰੁ॥ (ਪੰ: 594)ਗੁਰਮਤਿ ਦੇ ਨਜ਼ਰੀਏ ਤੋਂ ਤੇ ਸ਼ਬਦ ਦੀ ਵਿਚਾਰ ਹੀ ਕਰਨੇ ਜੋਗ ਕੰਮ ਹੈ। ਬਿਨਸਣ ਹਾਰ ਵਸਤੂਆਂ ਦੀ ਪੁਰਾਤਨਤਾ, ਮਲਕੀਅਤ ਅਤੇ ਸ਼ਰਧਾ ਭਾਵਨਾ ਦਾ ਗੁਰਮਤਿ ਵਿਚ ਕੋਈ ਮਹੱਤਵ ਨਹੀਂ ਹੈ। ਪੁਰਾਣੇ ਸ਼ਸਤਰਾਂ, ਵਸਤਰਾਂ ਅਤੇ ਗ੍ਰੰਥਾਂ ਨੂੰ ਪੂਜਣਾ ਗੁਰਮਤਿ ਨਹੀਂ ਮਨਮੱਤ ਹੈ। ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਕਰਤਾਰਪੁਰੀ ਬੀੜ ਦੇ ਅਸਲ-ਨਕਲ ਦਾ ਵਿਵਾਦ ਵੀ ਬੇਅਰਥ ਹੈ। ਬਾਣੀ ਗੁਰੂ ਹੈ ਅਤੇ ਪੋਥੀ ਗੁਰਬਾਣੀ ਗੁਰੂ ਦਾ ਨਿਵਾਸ ਸਥਾਨ ਹੈ। ਪਦਾਰਥ ਹੋਣ ਕਰ ਕੇ ਪੋਥੀ ਕਾਲ ਅਤੇ ਵਿਨਾਸ਼ ਦੇ ਕੁਦਰਤੀ ਨੇਮਾਂ ਦੇ ਪਰਭਾਵ ਤੋਂ ਮੁਕਤ ਨਹੀਂ ਹੈ। ਪੋਥੀ ਵਿਚ ਅੰਕਿਤ ਗੁਰਬਾਣੀ ਹੀ ਪਰਮ ਸਤਿ, ਸਦੀਵੀ ਕਾਇਮ ਰਹਿਣ ਵਾਲਾ ਅਧਿਆਤਮਿਕ ਗਿਆਨ ਹੈ ਜਿਸ ਨੂੰ ਗੁਰੂ ਪਦਵੀ ਪ੍ਰਾਪਤ ਹੈ। ਕਰਤਾਰਪੁਰੀ ਬੀੜ ਦੀ ਅਸਲੀਅਤ ਦਾ ਵਿਵਾਦ ਹੁਣ ਪਾਣੀ ਰਿੜਕਣ ਤੁਲ ਬਣ ਗਿਆ ਹੈ। ਇਸ ਵੇਲੇ ਬਹੁਤੀ ਲੋੜ ਗੁਰਬਾਣੀ ਵਿਚੋਂ ਕਾਤਬਾਂ, ਨਕਲਨਵੀਸਾਂ ਅਤੇ ਕੰਪੋਜ਼ੀਟਰਾਂ ਵਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ, ਕਰਤਾਰਪੁਰੀ ਬੀੜ ਵਿਚੋਂ ਲਏ ਅਧੂਰੇ ਸ਼ਬਦਾਂ ਨੂੰ ਸੋਧਣ ਅਤੇ ਰਾਗਮਾਲਾ ਨੂੰ ਗੁਰਬਾਣੀ ਵਿਚੋਂ ਕੱਢਣ ਦੀ ਹੈ। ਸਵਾਲ ਇਹ ਉਠਦਾ ਹੈ ਕਿ ਕੌਣ ਇਸ ਕੰਮ ਨੂੰ ਕਰਨ ਯੋਗ ਹੈ? ਸ਼੍ਰੋਮਣੀ ਕਮੇਟੀ ਤੇ ਹੁਣ ਤਕ ਇਹ ਕਾਰਜ ਨੇਪਰੇ ਚਾੜ੍ਹਨ ਲਈ ਹਿੰਮਤ ਨਹੀਂ ਜੁਟਾ ਪਾਈ ਹੈ ਕਿਉਂਕਿ ਇਸ ਵਿਚ ਉਸ ਨੂੰ ਕੋਈ ਸਿਆਸੀ ਲਾਭ ਨਜ਼ਰ ਨਹੀਂ ਆਇਆ। ਵੈਸੇ ਵੀ ਗੁਰਬਾਣੀ ਦੀ ਸ਼ੁਧਤਾ ਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਨਹੀਂ ਹੈ, ਕਿਉਂਕਿ ਗੁਰਮਤਿ ਪ੍ਰਬੰਧ ਦੇ ਕਾਰਜ ਖੇਤਰ ਵਿਚ ਨਹੀਂ ਆਉਂਦੀ। ਗੁਰਮਤਿ ਅਧਿਆਤਮਿਕ ਗਿਆਨ ਹੈ ਜਦੋਂ ਕਿ ਪ੍ਰਬੰਧ ਇਕ ਸਮਾਜਕ ਪ੍ਰਣਾਲੀ ਹੈ। ਗੁਰਮਤਿ ਦੀ ਸ਼ੁਧਤਾ, ਪਰਚਾਰ ਅਤੇ ਸੰਚਾਰ ਦੀ ਜਿੰਮੇਵਾਰੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਜੈਸੀ ਸਮਾਜਕ ਸੰਸਥਾ ਦੀ ਨਹੀਂ ਬਲਕਿ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਦੀ ਹੈ। ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਸੰਗਠਨ ਅਤੇ ਸਾਧਨ ਹਨ ਪਰ ਸ਼ੁੱਧ ਗੁਰਮਤਿ ਸੰਚਾਰ ਵਿਚ ਕੋਈ ਦਿਲਚਸਪੀ ਨਹੀਂ ਹੈ, ਅਤੇ ਵਿਦਵਾਨਾਂ ਕੋਲ ਗੁਰਮਤਿ ਨੂੰ ਅਰਪਿਤ ਮਨ ਅਤੇ ਮਨਸ਼ਾ ਹੈ ਪਰ ਸੰਗਠਨ ਅਤੇ ਸਾਧਨਾਂ ਦੀ ਘਾਟ ਹੈ। ਇਹ ਹੁਣ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਨੇ ਦੇਖਣਾ ਹੈ ਕਿ ਉਹ ਗੁਰਮਤਿ ਦੀ ਸ਼ੁਧਤਾ ਕਾਇਮ ਰੱਖਣ ਅਤੇ ਇਸ ਦੇ ਸ਼ੁੱਧ ਪਰਚਾਰ ਅਤੇ ਸੰਚਾਰ ਲਈ ਅੰਤਰਾਸ਼ਟਰੀ ਪੱਧਰ ਤੇ ਸਵੈਧੀਨ ਸੰਗਠਨ ਬਨਾਉਣ ਜਾਂ ਹੋਰ ਕੀ ਕਰਨ ਦੇ ਸਮਰਥ ਹਨ?
.