ਪਾਤਿਸ਼ਾਹਾਂ ਦੀ ਚਿੰਤਾ
ਹਰਦੇਵ ਸਿੰਘ, ਜੰਮੂ
ਸੰਸਾਰ ਨੇ ਆਪਣੇ ਇਤਿਹਾਸਕ ਦੌਰਾਂ ਵਿੱਚ ਅਨੇਕਾਂ ਰਾਜਿਆਂ ਦੇ ਰਾਜ ਨੂੰ
ਦੇਖਿਆ ਹੈ। ਰਾਜਨੀਤੀ ਦੇ ਇਨ੍ਹਾਂ ਪਾਤਿਸ਼ਾਹਾਂ ਦੀਆਂ ਰਾਜਨੀਤਕ ਦਾਸਤਾਨਾਂ ਨਾਲ ਇਤਹਾਸ ਦੇ ਪੰਨੇ
ਰੰਗੇ ਹੋਏ ਮਿਲਦੇ ਹਨ। ਰਾਜਨੀਤੀ ਦੇ ਕਹੇ ਜਾਣ ਵਾਲੇ ਇਨ੍ਹਾਂ ਮਹਾਨ ਜਾਂ ਬਦਨਾਮ ਪਾਤਿਸ਼ਾਹਾਂ ਦੀ
ਸੂਚੀ ਲੰਭੀ ਹੈ। ਐਸੇ ਕੁੱਝ ਪਾਤਿਸ਼ਾਹਾਂ ਨੇ ਸੰਸਾਰ ਵਿੱਚ ਮਕਬੂਲਿਅਤ ਵੀ ਹਾਸਿਲ ਕੀਤੀ ਜਦਕਿ
ਸੈਂਕੜੇ ਹੋਰ ਪਾਤਿਸ਼ਾਹ ਐਸਾ ਨਾ ਕਰ ਸਕੇ। ਲੇਕਿਨ ਇੱਕ ਗਲ ਜਿਹੜੀ ਕਿ ਇਨ੍ਹਾਂ ਪਾਤਿਸ਼ਾਹਾਂ ਵਿੱਚ
ਲਗਭਗ ਇਕੋ ਜਿਹੀ ਮਿਲਦੀ ਹੈ ਉਹ ਇਹ ਹੈ ਕਿ ਆਪਣੇ-ਆਪਣੇ ਰਾਜ ਕਾਲ ਵਿੱਚ ਇਹ ਆਪਣੇ ਰਾਜ ਦੀ ਸਲਾਮਤੀ
ਨੂੰ ਲੈ ਕੇ ਚਿੰਤਿਤ ਰਹਿੰਦੇ ਸਨ। ਇਥੋਂ ਤਕ ਕਿ ਪਰਜਾ ਦੀ ਭਲਾਈ ਲਈ ਚੁਕੇ ਗਏ ਉਨ੍ਹਾਂ ਦੇ ਕਦਮ ਵੀ
ਰਾਜ ਸੱਤਾ ਦੀ ਪਕੜ ਨੂੰ ਮਜਬੂਤ ਬਣਾਈ ਰਖਣ ਦੀ ਮੂਲ ਭਾਵਨਾ ਨਾਲ ਹੀ ਪ੍ਰੇਰਿਤ ਹੁੰਦੇ ਸਨ।
ਐਸੇ ਕੁੱਝ ਪਾਤਿਸ਼ਾਹਾਂ ਦੇ ਰਹਸਮਈ ਜ਼ਮੀਨ-ਦੋਜ਼ ਮਕਬਰੇ ਅਤੇ ਕਈਂ ਮਕਬਰਿਆਂ
ਵਿੱਚ ਉਨ੍ਹਾਂ ਦੇ ਨਾਲ ਦਫ਼ਨ ਮਿੱਟੀ ਦੇ ਪੁਤਲਿਆਂ ਦੀਆਂ ਫੌਜਾਂ, ਆਪਣੀ ਰਾਜ ਸਤਾ ਦੀ ਸਲਾਮਤੀ ਪ੍ਰਤੀ
ਰਾਜਨੀਤਿਕ ਪਾਤਿਸ਼ਾਹਾਂ ਦੀ ਚਿੰਤਾ ਦੇ ਅਤਿਅੰਤ ਦਿਲਚਸਪ ਅਤੇ ਅਨੋਖੇ ਨਮੂਨੇ ਹਨ। ਇਹ ਮਕਬਰੇ ਮੌਤ ਦੇ
ਬਾਦ ਵੀ ਅਗਲੀ ਦੁਨੀਆ ਵਿੱਚ ਆਪਣੀ ਸਤਾ ਨੂੰ ਬਣਾਈ ਰਖਣ ਦੀਆਂ ਐਸੀਆਂ ਖ਼ਵਾਬਗਾਹਾਂ ਹਨ ਜੋ ਸੱਤਾ
ਪ੍ਰਤੀ ਪਾਤਿਸ਼ਾਹਾਂ ਦੀ ਚਿੰਤਾ ਨੂੰ ਦਰਸਾਉਂਦੀਆਂ ਹਨ।
ਲੇਕਿਨ ਇਸ ਲੇਖ ਵਿੱਚ ਅਸੀਂ ਐਸੇ ਪਾਤਿਸ਼ਾਹਾਂ ਦੀ ਚਿੰਤਾ ਦੀ ਗਲ ਕਰਾਂਗੇ ਜੋ
ਰਾਜਨੀਤੀ ਤੋਂ ਦੂਰ ਈਸ਼ਵਰੀ ਸੱਤਾ ਦੇ ਸੱਚ ਨਾਲ ਜੁੜੇ ਹੋਏ ਪਾਤਿਸ਼ਾਹ ਸਨ। ਹਾਲਾਂਕਿ ਸਿੱਖੀ ਪਰੰਪਰਾਂ
ਵਿੱਚ ਇਨ੍ਹਾਂ ਦੀ ਗਿਣਤੀ ਦਸ (੧੦) ਸੀ ਪਰ ਇਥੇ ਇਸ ਲੇਖ ਵਿੱਚ ਅਸੀਂ ਕੇਵਲ ਪਹਿਲੇ ਪਾਤਿਸ਼ਾਹ ਗੁਰੂ
ਨਾਨਕ ਜੀ ਦੀ ਗਲ ਕਰਾਂਗੇ। ਗੁਰੂ ਨਾਨਕ ਸਹਿਜ ਦੀ ਅਵਸਥਾ ਵਿੱਚ ਉਤਰੇ ਅਧਿਆਤਮਕ ਗੁਰੂ ਸਨ। ਉਨ੍ਹਾਂ
ਦੀ ਇਸ ਸਹਿਜ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਰੰਤੂ ਇਹ ਅਨੁਭਵ ਦੀ ਅਵਸਥਾ ਮੰਨੀ
ਜਾਂਦੀ ਹੈ। ਇੱਕ ਐਸਾ ਅਨੁਭਵ ਜਿਸ ਨੂੰ ਅਨੁਭਵ ਤੋਂ ਬਾਹਰ ਰਹਿ ਕੇ ਅਨੁਭਵ ਨਹੀ ਕੀਤਾ ਜਾ ਸਕਦਾ।
ਅਸੀਂ ਕੇਵਲ ਇਸ ਵਿਸ਼ੇ ਦੇ ਸੰਧਰਭ ਵਿੱਚ ਥੋੜੀ ਜਿਹੀ ਵਿਚਾਰ ਚਰਚਾ ਹੀ ਕਰ ਸਕਦੇ ਹਾਂ ਕਿਉਂਕਿ ਅਸੀਂ
ਤਾਂ ਬਾਹਰੀ
(Outsiders)
ਹੀ ਹਾਂ। ਫਿਰ ਵੀ ਸਿੱਖ ਹੋਣ ਨਾਤੇ ਗੁਰੂ ਦੇ ਗਿਆਨ ਰਾਹੀਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ
ਹੈ।
ਸਹਿਜ ਦੀ ਅਵਸਥਾ ਚਿੰਤਾਵਾਂ ਤੋਂ ਮੁਕਤ ਆਨੰਦਤ ਚੇਤਨ ਅਵਸਥਾ ਹੈ।
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥
(ਗੁਰੂ ਗ੍ਰੰਥ ਸਾਹਿਬ,
ਪੰਨਾ ੧੩੦੨)
ਅਰਥ:- ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ,
ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ,
ਪ੍ਰੰਤੂ ਗੁਰੂ ਤਾਂ ਚਿੰਤਿਤ ਵੀ ਦਿਖਾਈ ਦਿੰਦੇ ਹਨ! ਉਨ੍ਹਾਂ ਦੀਆਂ ਲੰਮੀਆਂ
ਪ੍ਰਚਾਰ ਯਾਤਰਾਵਾਂ (ਉਦਾਸੀਆਂ) ਤੇ ਉਨ੍ਹਾਂ ਦੇ ਸ਼ਬਦ ਗਿਆਨ ਵਿੱਚ ਝਲਕਦੇ ਹੋਏ ਉਨ੍ਹਾਂ ਦੇ
ਮਨੋਭਾਵਾਂ ਦੇ ਅਰਥ ਸਰਬਤ ਦੇ ਭਲੇ ਪ੍ਰਤੀ ਉਨ੍ਹਾਂ ਦੀ ਚਿੰਤਾ ਦਾ ਅਕਸ ਦਿਖਾਈ ਦਿੰਦੇ ਹਨ।
ਸਹਿਜ ਦੀ ਅਵਸਥਾ ਵਿੱਚ ਚਿੰਤਾ ਇੱਕ ਵਿਰੋਧਾਭਾਸ ਜਿਹੀ ਗਲ ਪ੍ਰਤੀਤ ਹੁੰਦੀ
ਹੈ। ਪਰ ਇਥੇ ਇਸੀ ਨੁਕਤੇ ਤੋਂ ਅਸੀਂ ਸਹਿਜ ਅਵਸਥਾ ਦੇ ਪ੍ਰਤੀ ਆਪਣੀ ਅਗਿਆਨਤਾ ਦਾ ਅਨੁਭਵ ਕਰ ਸਕਦੇ
ਹਾਂ। ਪੜ੍ਹ ਲੈਣ, ਸੁਣ ਲੈਣ, ਸਮਝਕ ਲੈਣ ਅਤੇ ‘ਕਰ ਲੈਣ` ਦੇ ਵਿੱਚ ਦਾ ਅੰਤਰ ਹੀ ਸਹਿਜ ਅਵਸਥਾ ਦੇ
ਅਨੁਭਵ ਪ੍ਰਤੀ ਸਾਡੀ ਅਗਿਆਨਤਾ ਹੈ। ਪੂਰਨ ਆਨੰਦ ਦਾ ਅਨੁਭਵ ਕੇਵਲ ਪੂਰਨ ਆਨੰਦ ਦਾ ਅਨੁਭਵ ਕਰ ਲੈਣ
ਨਾਲ ਹੀ ਜੁੜਿਆ ਹੈ। ਆਨੰਦ ਦੀ ਚਰਮ ਅਵਸਥਾ ਨੂੰ ੳਪਲੱਭਦ ਮਨ ਦੀ ਇਸ ਅਭਿਵਯੱਕਤੀ ਨੂੰ ਡੁੰਗੇ
ਵਿਚਾਰਨ ਦੀ ਲੋੜ ਹੈ:-
ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ
॥
(ਗੁਰੂ ਗ੍ਰੰਥ ਸਾਹਿਬ,
ਪੰਨਾ ੭੯੩)
ਅਸੀਂ ਸਹਿਜ ਅਵਸਥਾ ਦੇ ਅਨੁਭਵ ਬਾਰੇ ਪੜ੍ਹਿਆ ਹੈ, ਸੁਣਿਆ ਹੈ ਪਰ ਕੀਤਾ
ਨਹੀਂ ਕਿਉਂਕਿ ਜਿਸ ਸਹਿਜ ਅਵਸਥਾ ਦੇ ਰਸ ਨੂੰ ਗੁਰੂ ਨਾਨਕ ਜੀ ਨੇ ਪ੍ਰਾਪਤ ਕੀਤਾ ਉਸ ਰਸ ਲਈ ਸਾਡੇ
ਬਰਤਨ (ਮਾਨਸਿਕਤਾ) ਬਹੁਤ ਹੀ ਛੋਟੇ ਹਨ। ਅਤੇ ਬੇਸ਼ਕ ਨਿਸੰਦੇਹ ਨਾਨਕ ਸਾਡੇ ਇਨ੍ਹਾਂ ਬਹੁਤ ਹੀ ਛੋਟੇ
ਬਰਤਨਾਂ ਨਾਲੋਂ ਚੰਗੀ ਤਰ੍ਹਾਂ ਜਾਂਣੂ ਸਨ। ਉਨ੍ਹਾਂ ਦੀ ਪਕੜ ਵਿੱਚ ਸੀ ਸਮਾਜ ਦੀ ਨਬਜ਼। ਉਨ੍ਹਾਂ ਨੂੰ
ਸਾਡੇ ਹਾਜ਼ਮੇ ਦਾ ਗਿਆਨ ਸੀ। ਉਹ ਜਾਣਦੇ ਸਨ ਸਾਡੀ ਸਮਝ
(Mental
Capacity)
ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨ ਸਹਿਜ ਅਵਸਥਾ ਦੇ ਸੰਧਰਭ ਵਿੱਚ ਮਨੁਖੀ ਪ੍ਰਾਪਤੀ ਨੂੰ
ਕੁੱਝ ਇੰਝ ਬਿਆਨ ਦਰਦੇ ਹਨ:-
ਕਹਨ ਕਹਾਵਨ ਕਉ ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ
ਬੇਤੈ ॥੧॥ ਰਹਾਉ
॥
(ਗੁਰੂ ਗ੍ਰੰਥ, ਪੰਨਾ
੧੩੦੨)
ਅਰਥ:-
ਹੇ ਭਾਈ! ਅਜਿਹਾ
ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ
ਮਾਣਦਾ ਹੈ। ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ। ੧। ਰਹਾਉ।
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥ ਪਰਮ ਪਦਾਰਥੁ ਪਾਵੈ ਸੋਈ ॥ਪਰਮ ਪਦਾਰਥੁ
ਪਾਵੈ ਸੋਈ ॥ ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥ ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥
(ਗੁਰੂ ਗ੍ਰੰਥ, ਪੰਨਾ
੨੩੨)
ਅਰਥ:-
(ਹੇ ਭਾਈ!) ਕੋਈ
ਵਿਰਲਾ ਮਨੁੱਖ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਭੀ ਮਾਇਆ ਦੇ
ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਉਹੀ ਮਨੁੱਖ ਸਾਰੇ ਪਦਾਰਥਾਂ ਤੋਂ ਸ੍ਰੇਸ਼ਟ ਨਾਮ-ਪਦਾਰਥ ਹਾਸਲ ਕਰਦਾ
ਹੈ, ਉਹ ਮਨੁੱਖ (ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ ਤੇ
ਪਵਿਤ੍ਰ-ਆਤਮਾ ਬਣ ਜਾਂਦਾ ਹੈ। ਆਤਮਕ ਅਡੋਲਤਾ ਵਿੱਚ ਸਦਾ-ਥਿਰ ਪ੍ਰਭੂ ਦੇ ਨਾਮ ਵਿੱਚ ਜੁੜੇ ਰਹਿਣ
ਕਰਕੇ ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ। ੩।
ਇਥੇ ਤਾਂ ਇੱਕ ਗਲ ਸਪਸ਼ਟ ਕਰ ਦਿਤੀ ਗਈ ਹੈ ਕਿ ‘ਸਹਿਜ ਅਵਸਥਾ` ਨੂੰ ਪ੍ਰਾਪਤ
ਕਰਨਾ ਕਿਸੇ ਵਿਰਲੇ ਦਾ ਹੀ ਕੰਮ ਹੈ। ਹੁਣ ਜੇਕਰ ਗੁਰੂ ਨਾਨਕ ਜੀ ਇਸ ਤੱਥ ਨੂੰ ਚੰਗੀ ਤਰ੍ਹਾਂ ਜਾਣਦੇ
ਸਨ ਤਾਂ ਫਿਰ ਕੀ ਉਨ੍ਹਾਂ ਦੇ ਸਾਰੇ ਪ੍ਰਚਾਰ ਦਾ ਮਕਸਦ ਕੇਵਲ ਉਨ੍ਹਾਂ ਕੁੱਝ ਵਿਰਲਿਆ ਨੂੰ ਹੀ
ਤਲਾਸ਼ਣਾ ਸੀ? ਜੇਕਰ ਮਕਸਦ ਕੇਵਲ ਵਿਰਲਿਆਂ ਤਕ ਹੀ ਸੀਮਿਤ ਸੀ ਤਾਂ ਸਾਨੂੰ ਇਹ ਵਿਚਾਰਨਾ ਪਵੇਗਾ ਕਿ
ਬਾਕੀ ਮਨੁਖਤਾ (ਵਿਰਲਿਆਂ ਤੋਂ ਇਲਾਵਾ) ਨਾਲ ਗੁਰੂ ਨਾਨਕ ਜੀ ਨੂੰ ਕੀ ਸਾਰੋਕਾਰ ਸੀ?
ਹੁਣ ਜੇਕਰ ਅਸੀਂ ਗੁਰੂ ਨਾਨਕ ਦੇ ਸਿੱਧਾਂ ਜਾਂ ਜੋਗੀਆਂ ਨਾਲ ਹੋਏ ਵਾਰਤਾਲਾਪ
ਦੇ ਪਸਮੰਜ਼ਰ ਵਿੱਚ ਇਹ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਕੀ ਇਸ ਤਰ੍ਹਾਂ ਦੇ ਸੰਵਾਦਾਂ ਦਾ ਮਕਸਦ ਮਾਤਰ
ਸਿੱਧਾਂ ਅਤੇ ਜੋਗੀਆਂ ਨੂੰ ਸਹਿਜ ਦੀ ਅਵਸਥਾ ਵਿੱਚ ਲੈ ਜਾਣਾ ਸੀ? ਤਾਂ ਨਿਰਸੰਦੇਹ ਕੇਵਲ ਐਸਾ ਨਹੀਂ
ਸੀ।
ਸਮਾਜ ਆਪਸੀ ਨਫਰਤ ਅਤੇ ਸੋਸ਼ਨਪੁਰਨ ਕਰਮਕਾਂਡੀ ਆਡੰਬਰਾਂ ਦੇ ਬੋਝ ਥੱਲੇ
ਸੋਸ਼ਿਤ (ਦੱਬੀ ਕੁਚਲੀ) ਅਵਸਥਾ ਵਿੱਚ ਸੀ ਅਤੇ ਰਹਿੰਦਾ ਹੈ। ਗੁਰੂ ਨਾਨਕ ਦਾ ਅਸਲ ਮਕਸਦ ਐਸੀ ਨਫਰਤ
ਅਤੇ ਐਸੇ ਆਡੰਬਰਾਂ ਅਤੇ ਕਰਮਕਾਂਡਾਂ ਦੇ ਮਜਬੂਤ ‘ਪੰਜਿਆਂ` ਦੀ ਪਕੜ ਨੂੰ ਢਿੱਲਾ ਕਰਨਾ ਸੀ ਤਾਂ ਕਿ
ਇਨ੍ਹਾਂ ਪੰਜਿਆਂ ਵਿੱਚ ਜਕੜੇ ਲੋਕ ਇਨ੍ਹਾਂ ਦੀ ਪਕੜ ਤੋਂ ਬਾਹਰ ਨਿਕਲ ਸਕਣ। ਇਸੇ ਵਾਸਤੇ ਇਨ੍ਹਾਂ
ਗੋਸ਼ਟੀਆਂ ਅਤੇ ਵਿਚਾਰਾਂ ਨੂੰ ਗੁਰੂ ਨਾਨਕ ਜੀ ਨੇ ਕਲਮ-ਬੱਧ ਕਰਕੇ ਲੋਕਾਈ ਨੂੰ ਪੜਾਇਆ, ਸੁਣਾਇਆ ਅਤੇ
ਆਪਣੇ ਜੀਵਨ ਰਾਹੀਂ ਸਮਝਾਇਆ ਤਾਂ ਕਿ ਬਹੂ-ਸੰਖਿਅਕ ਲੋਕ (ਜਿਨ੍ਹਾਂ ਵਿੱਚ ਵਿਰਲਿਆ ਦੀ ਸੰਖਿਆ ਨਾ ਦੇ
ਬਰਾਬਰ ਹੁੰਦੀ ਹੈ) ਇੱਕ ਅੱਛਾ ਜੀਵਨ ਜੀਣ ਦੀ ਕਲਾ ਸਿੱਖ ਸਕਣ।
ਗੁਰੂ ਨਾਨਕ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਬਹੂ-ਸੰਖਿਆਂ ਵਿੱਚ ਤਾਂ
ਵਿਰਲੇ ਨਾ ਬਰਾਬਰ ਹੀ ਹੁੰਦੇ ਹਨ। ਇਸ ਲਈ ਜੇਕਰ ਮਕਸਦ ਵਿਰਲਿਆਂ ਤਾਈਂ ਹੀ ਸੀਮਿਤ ਕਰਾਰ ਦਿੱਤਾ
ਜਾਵੇ ਤਾਂ ਗੁਰੂ ਨਾਨਕ ਜੀ ਦਾ ਮਾਰਗ ਆਮ ਬਹੁਸੰਖਿਆ ਲਈ ਤਾਂ ਕਿਹਾ ਹੀ ਨਹੀਂ ਜਾ ਸਕਦਾ। ਬੇਸ਼ਕ ਇਸ
ਸਮਾਜਕ ਤੱਥ ਦੇ ਅਧਾਰ ਤੇ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਜੀ ਦਾ ਮਕਸਦ ਉਸ ਬਹੁਸੰਖਿਆ ਦਾ
ਭਲਾ ਕਰਨਾ ਸੀ ਜੋ ਸੰਖਿਆ ਸਹਿਜ ਅਵਸਥਾ ਤੇ ਪਹੁੰਚਣ ਦੀ ਸਮਰਥਾ ਨਹੀਂ ਰੱਖਦੇ। ਇਸ ਬਹੁਸੰਖਿਆ ਨੂੰ
ਤਾਂ ਕੇਵਲ ਸ਼ੌਸਨਪੁਰਨ ਕਰਮਕਾਂਡੀ ਅਡੰਬਰੀ ਅਤੇ ਵਹਿਮਾਂ ਭਰਮਾਂ ਤੋਂ ਮੁਕਤੀ ਦੀ ਲੋੜ ਸੀ ਤਾਂ ਕਿ
ਲੋਕ ਜੀਵਨ ਨਾਲ ਜੁੜੀਆਂ ਸਚਾਇਆਂ ਨੂੰ ਸਮਝਦੇ ਹੋਏ ਇੱਕ ਸਾਫ ਸੁੱਥਰੇ ਅਤੇ ਆਪਸੀ ਰੰਜਿਸ਼ ਰਹਿਤ ਸਮਾਜ
ਦੇ ਨਿਰਮਾਣ ਵਿੱਚ ਆਪਣਾ ਹਿੱਸਾ ਪਾਉਂਣ। ਪਰ ਧਿਆਨ ਰਹੇ ਕਿ ਗੁਰੂ ਨਾਨਕ ਜੀ ਨੇ ਭੋਤਿਕਤਾ ਵਿਚੋਂ
ਪਰਾਭੋਤਿਕਤਾ ਨੂੰ ਕੱਧੇ ਵੱਖਰਾ ਕਰਕੇ ਨਹੀਂ ਸਮਝਾਇਆ।
ਨਿਰਸੰਦੇਹ ਸਿੱਖੀ ਦੇ ਦਰਸ਼ਨ ਨੇ ਜੀਵਨ ਮੁੱਕਤ ਵਿਰਲਿਆਂ ਨੂੰ ਪ੍ਰਗਟ ਕੀਤਾ
ਹੈ ਪਰ ਗੁਰੂ ਨਾਨਕ ਜੀ ਕੇਵਲ ਵਿਰਲਿਆਂ ਨੂੰ ਨਹੀਂ ਬਲਕਿ ਬਹੁਸੰਖਿਆ ਨੂੰ ਧਾਰਮਕ ਹਉਮੈ, ਨਫਰਤ,
ਝਗੜਿਆਂ ਅਤੇ ਸੋਸ਼ਣ ਤੋਂ ਕੱਢਣਾ ਚਾਹੁੰਦੇ ਸੀ। ਗੁਰੂ ਨਾਨਕ ਜੀ ਆਪਣੇ ਅਧਿਆਤਮਕ ਗਿਆਨ ਰਾਹੀਂ
ਬਹੁਸੰਖਿਆ ਨੂੰ ਆਪਣੇ ਵਰਤਮਾਨ (ਜੀਵਨ ਸਮਾਂ) ਬੇਹਤਰ ਬਨਾਉਣ ਦੀ ਪ੍ਰੇਰਣਾ ਦਿਤੀ ਅਤੇ ਇਸ ਦੇ ਨਾਲ
ਹੀ ਈਸ਼ਵਰੀ ਸ਼ਬਦ ਗਿਆਨ ਨੂੰ ਕਲਮ-ਬੱਧ ਕਰਦੇ ਹੋਏ ਉਸ ਨੂੰ ਭਵਿੱਖ ਦੀਆਂ ਪੀੜੀਆਂ ਵਾਸਤੇ ਵੀ ਸੁਰਖਿਅਤ
ਕਰ ਦਿਤਾ।
ਤਾਂ ਇਸ ਤਰ੍ਹਾਂ ਅਸੀਂ ਵਿਚਾਰ ਸਕਦੇ ਹਾਂ ਕਿ ਗੁਰੁ ਨਾਨਕ ਦੀ ਮੁਖ ਚਿੰਤਾ
ਕਬੀਰ, ਰਵਿਦਾਸ, ਸ਼ੇਖ ਫਰੀਦ ਜੈਸੇ ਵਿਰਲੇ ਨਹੀਂ ਸਨ ਬਲਕਿ ਉਹ ਬਹੁਸੰਖਿਅਕ (ਕਿਸੇ ਵੀ ਧਰਮ ਦੇ ਲੋਕ)
ਲੋਕ ਸਨ ਜੋ ਕਿ ਅਗਿਆਨਤਾ ਦੀ ਚੱਕੀ ਵਿੱਚ ਪੀਸੇ ਜਾ ਰਹੇ ਸਨ ਜਾਂ ਫਿਰ ਪੀਸ ਰਹੇ ਸਨ। ਮਨ ਦੀ ਸਹਿਜ,
ਅਡੋਲ ਅਤੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਗੁਰੂ ਨਾਨਕ ਜਿਹੇ ਪਾਤਿਸ਼ਾਹ ਮਾਨਵਤਾ ਪ੍ਰਤੀ ਚਿੰਤਤ
ਸਨ। ਜਿਵੇਂ ਕਿ ਵਿਚਾਰ ਆਏ ਹਾਂ ਕਿ ਮੰਨਿਆ ਜਾਂਦਾ ਹੈ ਮਨ ਦੀ ਐਸੀ ਉੱਚ ਅਵਸਥਾ ਵਿੱਚ ਚਿੰਤਾ ਜਿਹੀ
ਚੀਜ਼ ਦਾ ਕੋਈ ਸਥਾਨ ਨਹੀਂ ਹੁੰਦਾ। ਇਹ ਤਾਂ ਇੱਕ ਪੂਰਨ ਆਨੰਦ ਦੀ ਅਵਸਥਾ ਹੁੰਦੀ ਹੈ। ਪਰ ਪੂਰਨ ਆਨੰਦ
ਦੀ ਅਵਸਥਾ ਅਤੇ ਨਾਨਕ ਦੇ ਹਿਰਦੇ ਵਿੱਚ ਸਰਬਤ ਪ੍ਰਤੀ ਚਿੰਤਾ ਦੇ ਇਸ ਗਠਜੋੜ ਨੂੰ ਕੇਵਲ ਆਪ ਪਾਤਿਸ਼ਾਹ
ਹੀ ਜਾਣ ਸਕਦੇ ਹੋਣਗੇ। ਅਸੀਂ ਬਹੁਸੰਖਿਅਕ (ਕਿਸੇ ਵੀ ਧਰਮ ਦੇ ਲੋਕ) ਤਾਂ ਇਸ ਪਰਮ ਅਨੁਭਵ ਤੋਂ ਦੂਰ
ਖੜੇ ਲੋਕ ਹਾਂ। ਅਸੀਂ ਦਸਾਂ ਪਾਤਿਸ਼ਾਹਾਂ ਦੇ ਅਨੁਭਵ ਪ੍ਰਕਾਸ਼ (ਬਾਣੀ) ਦੀ ਰੋਸ਼ਨੀ ਵਿੱਚ ਸਰਬਤ ਨੂੰ
ਪਿਆਰ ਕਰਦੇ ਆਪਣੇ ਜੀਵਨ ਦੇ ਸਹੀ ਰਸਤੇ ਨੂੰ ਜ਼ਿਆਦਾ ਤੋਂ ਜ਼ਿਆਦਾ ਬੇਹਤਰ ਦੇਖ ਸਕੀਏ ਤਾਂ ਸਾਡੇ ਲਈ
ਇਹੀ ਬਹੁਤ ਵੱਡੀ ਗਲ ਹੋਵੇਗੀ। ਇਸ ਤੋਂ ਜ਼ਿਆਦਾ ਕੁੱਝ ਸਮਝਣ ਦੀ ਸਮਰਥਾ ਸਾਡੇ ਵਰਗੇ ਬਹੂਸੰਖਿਯਕਾਂ
ਵਿੱਚ ਹੈ ਵੀ ਨਹੀਂ।
ਹਰਦੇਵ ਸਿੰਘ, ਜੰਮੂ