.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਸੋਲ੍ਹਵੀਂ)

ਅੰਮ੍ਰਿਤਸਰ ਪਹੁੰਚ ਕੇ ਚੇਤ ਸਿੰਘ ਹੋਰਾਂ ਦੇ ਨਵੇਂ ਘਰ ਵੜਦੇ ਹੀ ਬਲਦੇਵ ਸਿੰਘ ਹੱਕਾ ਬੱਕਾ ਰਹਿ ਗਿਆ। ਕਿੱਥੇ ਉਹ ਭਰਿਆ ਭਰਾਇਆ ਘਰ, ਜਿਥੇ ਉਹ ਪਹਿਲਾਂ ਆਉਂਦਾ ਸੀ ਤੇ ਕਿੱਥੇ ਇਹ ਬਾਂ ਬਾਂ ਕਰਦਾ ਘਰ। ਜੀਵਨ ਦੀ ਸੁਖ ਸੁਵਿਧਾ ਦੀ ਉਹ ਕਿਹੜੀ ਚੀਜ਼ ਸੀ ਜੋ ਉਨ੍ਹਾਂ ਦੇ ਘਰ ਨਹੀਂ ਸੀ ਹੁੰਦੀ ਤੇ ਇਹ ਘਰ ਜਿਵੇਂ ਖਾਲੀ ਪਿਆ ਜਾਪਦਾ ਸੀ। ਜੋ ਕੁੱਝ ਸਮਾਨ ਸੀ, ਸਭ ਨਵਾਂ ਹੀ ਨਜ਼ਰ ਆ ਰਿਹਾ ਸੀ। ਨਵੇਂ ਭਾਂਡੇ, ਨਵੇਂ ਮੰਜੇ ਤੇ ਉਤੇ ਨਵੇਂ ਬਿਸਤਰੇ। ਬਸ ਬਹੁਤੀ ਲੋੜ ਦੀਆਂ ਚੀਜ਼ਾਂ ਹੀ ਸਨ। ਗੁਰਸੇਵਕ ਸਾਹਮਣੇ ਹੀ ਬੈਠਾ ਸੀ ਸ਼ਾਇਦ ਉਨ੍ਹਾਂ ਦਾ ਇੰਤਜ਼ਾਰ ਹੀ ਕਰ ਰਿਹਾ ਸੀ। ਬਲਦੇਵ ਸਿੰਘ ਹੋਰਾਂ ਨੂੰ ਵੇਖ ਕੇ ਉਸ ਕੁਰਸੀ ਤੋਂ ਉਠਦੇ ਹੋਏ ਕਿਹਾ, “ਆਓ ਭਰਾ ਜੀ! ਆਓ, ਮੈਂ ਇਹੀ ਸੋਚ ਰਿਹਾ ਸਾਂ ਕਿ ਘਰ ਲੱਭਣ ਵਿੱਚ ਮੁਸ਼ਕਿਲ ਨਾ ਹੋ ਰਹੀ ਹੋਵੇ।” ਗੱਲ ਕਰਦੇ ਕਰਦੇ ਦੋਹਾਂ ਨੇ ਜੱਫੀ ਪਾ ਲਈ ਤੇ ਨਾਲ ਬਲਦੇਵ ਸਿੰਘ ਬੋਲਿਆ, “ਨਹੀ ਕੋਈ ਮੁਸ਼ਕਿਲ ਨਹੀਂ ਹੋਈ, ਰਿਕਸ਼ੇ ਵਾਲਾ ਕਾਫੀ ਸਿਆਣਾ ਸੀ, ਬਸ ਘਰ ਦਾ ਨੰਬਰ ਲੱਭਣ ਵਿੱਚ ਹੀ ਜਿਹੜੇ ਪੰਜ ਚਾਰ ਮਿੰਟ ਲਗੇ ਨੇ।” ਅਵਾਜ਼ ਸੁਣ ਕੇ ਗੁਰਚਰਨ ਸਿੰਘ ਤੇ ਦੋਵੇਂ ਭਰਜਾਈਆਂ ਵੀ ਬਾਹਰ ਬੈਠਕ ਵਿੱਚ ਆ ਗਈਆਂ, ਬੱਚੇ ਸ਼ਾਇਦ ਅਜੇ ਸੁੱਤੇ ਪਏ ਸਨ, ਸਾਰੇ ਆਪਸ ਵਿੱਚ ਬੜੇ ਨਿੱਘ ਨਾਲ ਮਿਲੇ ਪਰ ਪਹਿਲਾਂ ਜਦੋਂ ਮਿਲਦੇ ਸਨ, ਸਾਰਿਆਂ ਦੇ ਮਨਾਂ ਅਤੇ ਚਿਹਰਿਆਂ `ਤੇ ਖੁਸ਼ੀ ਦੀਆਂ ਲਹਿਰਾਂ ਝਲਕਦੀਆਂ ਸਨ। ਅੱਜ ਵੀ ਪਿਆਰ ਦਾ ਨਿੱਘ ਤਾਂ ਭਾਵੇਂ ਉਹੀ ਸੀ, ਪਰ ਚਾਹ ਕੇ ਵੀ ਕਿਸੇ ਦੇ ਚਿਹਰੇ `ਤੇ ਖੁਸ਼ੀ ਨਾ ਆ ਸਕੀ। ਅੱਜ ਤਾਂ ਇੰਝ ਸੀ ਜਿਵੇਂ ਕਿਸੇ ਮਾਤਮ ਦੇ ਮੌਕੇ ਮਿਲੀ ਦਾ ਹੈ। “ਬੈਠੋ … “ ਗੁਰਚਰਨ ਨੇ ਕੁਰਸੀਆਂ ਵੱਲ ਇਸ਼ਾਰਾ ਕੀਤਾ, ਚਾਰ ਕੁਰਸੀਆਂ ਹੀ ਸਨ ਜਿਨ੍ਹਾਂ `ਤੇ ਬਲਦੇਵ ਸਿੰਘ, ਹਰਮੀਤ, ਗੁਰਚਰਨ ਸਿੰਘ ਤੇ ਗੁਰਸੇਵਕ ਸਿੰਘ ਬੈਠ ਗਏ। ਉਨ੍ਹਾਂ ਦੋਹਾਂ ਦੀਆਂ ਪਤਨੀਆਂ ਵਾਪਸ ਅੰਦਰ ਚਲੀਆਂ ਗਈਆਂ ਤੇ ਫੇਰ ਗੁਰਸੇਵਕ ਦੀ ਪਤਨੀ ਸੁਰਜੀਤ ਕੌਰ ਪਾਣੀ ਲੈ ਕੇ ਆ ਗਈ।
“ਚਾਚਾ ਜੀ ਦਾ ਕੀ ਹਾਲ ਹੈ?” ਬਲਦੇਵ ਸਿੰਘ ਨੇ ਪਾਣੀ ਦਾ ਗੱਲਾਸ ਰਖਦੇ ਹੋਏ ਕਿਹਾ।
“ਕਾਫੀ ਠੀਕ ਨੇ ਹੁਣ, ਬਲਕਿ ਤੁਸੀਂ ਪਹਿਲਾਂ ਉਨ੍ਹਾਂ ਨੂੰ ਹੀ ਮਿਲ ਲਓ, ਤੁਹਾਡਾ ਇੰਤਜ਼ਾਰ ਹੀ ਕਰਦੇ ਪਏ ਨੇ, ਦੋ ਵਾਰੀ ਪੁੱਛ ਬੈਠੇ ਨੇ”, ਗੁਰਸੇਵਕ ਨੇ ਕੁਰਸੀ ਤੋਂ ਉਠਦੇ ਹੋਏ ਕਿਹਾ ਤੇ ਨਾਲ ਹੀ ਸਾਰੇ ਉਠ ਖੜੋਤੇ। ਗੁਰਸੇਵਕ ਉਨ੍ਹਾਂ ਨੂੰ ਨਾਲ ਲੈਕੇ ਸ੍ਰ. ਚੇਤ ਸਿੰਘ ਦੇ ਕਮਰੇ ਵਿੱਚ ਆ ਗਿਆ, ਗੁਰਚਰਨ ਸ਼ਾਇਦ ਆਪਣੇ ਕਮਰੇ ਵੱਲ ਲੰਘ ਗਿਆ ਸੀ। ਸ੍ਰ. ਚੇਤ ਸਿੰਘ ਪਲੰਘ `ਤੇ ਲੇਟੇ ਹੋਏ ਸਨ, ਉਨ੍ਹਾਂ ਨੂੰ ਵੇਖਦੇ ਹੀ ਉਠ ਕੇ ਬੈਠਦੇ ਹੋਏ ਬੋਲੇ, “ਓਏ ਆਓ ਪੁੱਤਰੋ! ਆ ਜਾਓ।” ਬਲਦੇਵ ਸਿੰਘ ਕਹਿੰਦਾ ਰਹਿ ਗਿਆ ਕਿ ਚਾਚਾ ਜੀ ਤੁਸੀਂ ਲੇਟੇ ਰਹੋ, ਪਰ ਉਨ੍ਹਾਂ ਪ੍ਰਵਾਹ ਨਹੀਂ ਕੀਤੀ ਤੇ ਉਠ ਕੇ ਬੈਠ ਗਏ। ਹਰਮੀਤ ਅੱਗੇ ਹੋ ਕੇ ਪੈਰੀ ਹੱਥ ਲਾਉਣ ਲਈ ਝੁਕਿਆ ਤੇ ਨਾਲ ਹੀ ਦੋਹਾਂ ਨੇ ਫਤਹਿ ਬੁਲਾਈ। ਸ੍ਰ. ਚੇਤ ਸਿੰਘ ਨੇ ਫਤਹਿ ਦਾ ਜੁਆਬ ਫਤਹਿ ਵਿੱਚ ਦੇਂਦੇ ਹੋਏ, ਹਰਮੀਤ ਨੂੰ ਪੈਰੀ ਹੱਥ ਲਾਉਣ ਤੋਂ ਪਹਿਲਾਂ ਹੀ ਗੱਲਵੱਕੜੀ ਵਿੱਚ ਲੈ ਲਿਆ ਤੇ ਪਿਠ `ਤੇ ਪਿਆਰ ਦਿੱਤਾ। ਉਸ ਤੋਂ ਬਾਅਦ ਬਲਦੇਵ ਸਿੰਘ ਅੱਗੇ ਹੋਇਆ ਤੇ ਦੋਹਾਂ ਨੇ ਘੁੱਟ ਕੇ ਜੱਫੀ ਪਾ ਲਈ। ਨਾਲ ਹੀ ਚੇਤ ਸਿੰਘ ਦਾ ਮਨ ਭਰ ਆਇਆ ਤੇ ਭੁੱਬ ਨਿਕਲ ਗਈ। “ਹੌਂਸਲਾ ਕਰੋ ਚਾਚਾ ਜੀ, ਹੌਂਸਲਾ ਕਰੋ, ਵਾਹਿਗੁਰੂ ਆਖੋ।” ਬਲਦੇਵ ਸਿੰਘ ਨੇ ਜੱਫੀ ਕੁੱਝ ਹੋਰ ਘੁਟਦੇ ਹੋਏ ਆਖਿਆ, ਹਾਲਾਂਕਿ ਉਸ ਦਾ ਆਪਣਾ ਮਨ ਵੀ ਭਰ ਆਇਆ ਸੀ ਜੋ ਅੱਖਾਂ ਰਾਹੀਂ ਫੁੱਟ ਕੇ ਵੱਗ ਰਿਹਾ ਸੀ। ਬੜੀ ਅਜੀਬ ਜਿਹੀ ਹਾਲਤ ਸੀ, ਦੋਹਾਂ ਪਰਿਵਾਰਾਂ ਵਿੱਚ ਸਾਰੇ ਜੀਅ ਠੀਕ ਠਾਕ ਸਨ, ਪਰ ਫਿਰ ਵੀ ਸੋਗ ਵਾਲਾ ਮਹੌਲ ਸੀ। ਇਸ ਵੱਡੇ ਕੌਮੀ ਸੰਤਾਪ ਕਾਰਨ ਹਰ ਸਿੱਖ ਦੇ ਘਰ ਵਿੱਚ ਮਾਤਮ ਵਾਲਾ ਮਹੌਲ ਬਣਿਆ ਹੋਇਆ ਸੀ। ਗੁਰਸੇਵਕ ਨੇ ਬੈਠਕ ਵਿੱਚੋਂ ਦੋ ਕੁਰਸੀਆਂ ਖਿੱਚ ਕੇ ਕਮਰੇ ਵਿੱਚ ਲੈ ਆਂਦੀਆਂ ਅਤੇ ਉਨ੍ਹਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ। ਬਲਦੇਵ ਸਿੰਘ ਤਾਂ ਉਥੇ ਪਲੰਘ ਦੇ ਕਿਨਾਰੇ ਸ੍ਰ. ਚੇਤ ਸਿੰਘ ਕੋਲ ਹੀ ਬੈਠ ਗਿਆ ਤੇ ਹਰਮੀਤ ਤੇ ਗੁਰਸੇਵਕ ਕੁਰਸੀਆਂ `ਤੇ ਬੈਠ ਗਏ।
“ਹੋਰ, ਕੀ ਹਾਲ ਹੈ ਚਾਚਾ ਜੀ? ਬਲਦੇਵ ਸਿੰਘ ਨੇ ਮੂੰਹ ਪੂੰਝਦੇ ਹੋਏ ਅਤੇ ਆਪਣੇ ਆਪ ਨੂੰ ਕਾਫੀ ਸੰਭਾਲਦੇ ਹੋਏ, ਮਹੌਲ ਨੂੰ ਕੁੱਝ ਸੁਖਾਵਾਂ ਬਨਾਉਣ ਦੇ ਤਰੀਕੇ ਨਾਲ ਕਿਹਾ। ਉਹ ਸਮਝਦਾ ਸੀ ਕਿ ਦਿਲ ਦੇ ਰੋਗੀ ਨੂੰ ਜਿਥੋਂ ਤੱਕ ਹੋ ਸਕੇ ਸੁਖਾਵੇਂ ਮਹੌਲ ਵਿੱਚ ਰਖਣਾ ਚਾਹੀਦਾ ਹੈ। ਪਰ ਸ਼ਾਇਦ ਚੇਤ ਸਿੰਘ ਦੇ ਮਨ ਦੇ ਜ਼ਖਮ ਇਤਨੇ ਗਹਿਰੇ ਸਨ ਕਿ ਬਲਦੇਵ ਸਿੰਘ ਦੀ ਨਕਲੀ ਮੁਸਕਾਨ ਉਨ੍ਹਾਂ `ਤੇ ਮਾਮੂਲੀ ਪ੍ਰਭਾਵ ਵੀ ਨਾ ਪਾ ਸਕੀ ਤੇ ਉਸਨੇ ਉਸੇ ਤਰ੍ਹਾਂ ਗੰਭੀਰ ਮੁਦ੍ਰਾ ਵਿੱਚ ਜੁਆਬ ਦਿੱਤਾ, “ਵੇਖ ਲੈ ਕਾਕਾ ਹਾਲ … …. ਆਪਣੇ ਨਗਰ ਵਿੱਚ ਪ੍ਰਦੇਸੀ ਹੋਏ ਪਏ ਹਾਂ, ਬਲਕਿ ਸ਼ਰਨਾਰਥੀ ਬਣੇ ਹੋਏ ਹਾਂ।”
“ਚਾਚਾ ਜੀ ਇਹ ਤਾਂ ਹੱਦ ਹੋ ਗਈ ਹੈ, ਇਸ ਤੋਂ ਪਹਿਲਾਂ ਕਦੇ ਪੜ੍ਹਿਆ ਯਾ ਸੁਣਿਐ, ਕਿ ਕਿਸੇ ਦੇਸ਼ ਦੀਆਂ ਫ਼ੌਜਾਂ ਨੇ, ਕਦੇ ਆਪਣੇ ਦੇਸ਼ ਦੇ ਲੋਕਾਂ `ਤੇ ਅਜਿਹਾ ਜ਼ੁਲਮ ਕੀਤਾ ਹੋਵੇ? ਜਾਂ ਆਪਣੇ ਦੇਸ਼ ਦੇ ਧਰਮ ਸਥਾਨਾਂ `ਤੇ ਹਮਲੇ ਕਰਕੇ ਉਨ੍ਹਾਂ ਨੂੰ ਇੰਝ ਅਪਵਿੱਤਰ ਕੀਤਾ ਹੋਵੇ?” ਬਲਦੇਵ ਸਿੰਘ ਨੇ ਉਨ੍ਹਾਂ ਦੇ ਦੁੱਖ ਵਿੱਚ ਭਾਈਵਾਲ ਬਣਦੇ ਹੋਏ ਕਿਹਾ।
“ਪੁੱਤਰਾ! ਇਹ ਤਾਂ ਸਾਡਾ ਭਰਮ-ਭੁਲੇਖਾ ਹੈ ਕਿ ਇਹ ਸਾਡਾ ਦੇਸ਼ ਹੈ ਨਹੀਂ ਤਾਂ ਭਾਰਤ ਵਿੱਚ ਸਿੱਖਾਂ ਨੂੰ ਆਪਣਾ ਸਮਝਿਆ ਹੀ ਕਦੋਂ ਗਿਆ ਹੈ? ਅਸੀਂ ਤਾਂ ਉਨਾ ਚਿਰ ਆਪਣੇ ਸਾਂ ਜਿਨਾ ਚਿਰ ਦੇਸ਼ ਅਜ਼ਾਦ ਕਰਾਉਣ ਲਈ ਸਾਡੀਆਂ ਕੁਰਬਾਨੀਆਂ ਦੀ ਲੋੜ ਸੀ। ਅਜੇ ਤਾਂ ਦੇਸ਼ ਅਜ਼ਾਦ ਹੋਏ ਨੂੰ ਮਹੀਨਾ ਵੀ ਨਹੀਂ ਸੀ ਹੋਇਆ, ਦੇਸ਼ ਦੀ ਵੰਡ ਨਾਲ ਸਿੱਖ ਕੌਮ ਉਤੇ ਝੁਲ ਰਹੀ ਜ਼ੁਲਮ ਦੀ ਹਨੇਰੀ ਵੀ ਨਹੀਂ ਸੀ ਰੁਕੀ, ਜਦੋਂ ਅਜ਼ਾਦ ਭਾਰਤ ਵਿੱਚ ਸਾਨੂੰ ਇੱਕ ਜ਼ਰਾਇਮ ਪੇਸ਼ਾ ਕੌਮ ਹੋਣ ਦਾ ਤਗਮਾ ਲਾ ਦਿੱਤਾ ਗਿਆ … … ।”
“ਪਰ ਚਾਚਾ ਜੀ … … …. . ਕਿਤੇ ਆਪਣੇ ਕੋਲੋਂ ਵੀ ਕੁੱਝ ਵੱਡੀ ਗੱਲਤੀ ਤਾਂ ਨਹੀਂ ਹੋ ਗਈ? … … ਖਾੜਕੂਆਂ ਵੱਲੋਂ ਵੀ ਤਾਂ ਵੱਡੀਆਂ ਵਧੀਕੀਆਂ ਹੋਈਆਂ ਨੇ, ਫੇਰ ਉਨ੍ਹਾਂ ਦਰਬਾਰ ਸਾਹਿਬ ਅੰਦਰ ਹੀ ਮੋਰਚੇ ਬਣਾ ਲਏ ਤਾਂ ਫ਼ੌਜ ਕੋਲ ਹੋਰ ਰਾਹ ਵੀ ਕੀ ਸੀ?” ਬਲਦੇਵ ਸਿੰਘ ਨੇ ਉਸ ਦੀ ਗੱਲ ਵਿੱਚੋਂ ਹੀ ਕੱਟ ਕੇ ਕਿਹਾ। ਸ਼ਾਇਦ ਉਸ ਦੇ ਮਨ ਦੇ ਕਿਸੇ ਕੋਨੇ ਵਿੱਚ ਅਜੇ ਵੀ ਕੁੱਝ ਸ਼ੰਕਾ ਬਾਕੀ ਸੀ ਅਤੇ ਉਹ ਉਸ ਨੂੰ ਸਪੱਸ਼ਟ ਕਰਨਾ ਚਾਹੁੰਦਾ ਸੀ।
“ਓਏ ਕਾਕਾ! ਅਸੀਂ ਵੀ ਬਹੁਤ ਇਸ ਭੁਲੇਖੇ ਵਿੱਚ ਰਹੇ ਹਾਂ, … … ਨਾਲੇ ਕੀ ਪਤਾ ਖਾੜਕੂਆਂ ਦੇ ਨਾਂ `ਤੇ ਕੌਣ ਇਹ ਗੱਲਤ ਕਰਮ ਕਰਦਾ ਰਿਹੈ, ਕਿਹੜੀਆਂ ਏਜੰਸੀਆਂ ਇਹ ਡਰਾਮਾ ਖੇਡਦੀਆਂ ਰਹੀਆਂ ਨੇ ਤਾਕਿ ਇਸ ਹਮਲੇ ਵਾਸਤੇ ਮਹੌਲ ਤਿਆਰ ਕੀਤਾ ਜਾ ਸਕੇ? ਜੇ ਗੱਲ ਸਿਰਫ ਡੇਢ ਦੋ ਸੌ ਖਾੜਕੂਆਂ ਨੂੰ ਫੜ੍ਹਨ ਦੀ ਹੁੰਦੀ ਤਾਂ ਕੀ ਦਰਬਾਰ ਸਾਹਿਬ ਤੇ ਹੋਰ 37 ਗੁਰਧਾਮਾਂ `ਤੇ ਐਡੀ ਵੱਡੀ ਫ਼ੌਜੀ ਕਾਰਵਾਈ ਦੀ ਲੋੜ ਸੀ? ਉਨ੍ਹਾਂ ਨੂੰ ਤਾਂ ਕਿਸੇ ਤਰ੍ਹਾਂ ਵੀ ਘੇਰ ਕੇ ਫੜ੍ਹਿਆ ਜਾ ਸਕਦਾ ਸੀ। ਫੇਰ ਜਦੋਂ ਖਾੜਕੂ ਮੁੱਕ ਗਏ ਤਾਂ ਉਸ ਤੋਂ ਬਾਅਦ ਫ਼ੌਜ ਨੇ ਇਤਨੀਆਂ ਵਧੀਕੀਆਂ ਕਿਉਂ ਕੀਤੀਆਂ? ਖਾੜਕੂਆਂ ਦਾ ਟਕਰਾ ਮੁਕਣ ਤੋਂ ਬਾਅਦ, ਸਿੱਖ ਰੈਫਰੈਂਸ ਲਾਇਬਰੇਰੀ ਅਤੇ ਤੋਸ਼ੇ ਖਾਨੇ ਦੇ ਅਨਮੋਲ ਖਜਾਨੇ ਨੂੰ ਲੁੱਟਿਆ ਗਿਆ ਤੇ ਫੇਰ ਅੱਗ ਲਗਾ ਦਿਤੀ ਗਈ। ਤੇਜਾ ਸਿੰਘ ਸਮੁੰਦਰੀ ਹਾਲ ਤੇ ਸਰਾਵਾਂ ਆਦਿ ਬਾਅਦ ਵਿੱਚ ਸਾੜੇ ਗਏ। ਇਥੋਂ ਤੱਕ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਗਲੀਆਂ ਮੁਹੱਲੇ, ਲੁੱਟੇ ਤੇ ਸਾੜੇ ਗਏ। ਦਰਬਾਰ ਸਾਹਿਬ ਦੇ ਨੇੜੇ ਤੇੜੇ ਜਿਥੇ ਕੋਈ ਨੀਲੇ ਜਾਂ ਪੀਲੇ ਪਟਕੇ ਜਾਂ ਦਸਤਾਰ ਵਾਲਾ ਸਿੱਖ ਨਜ਼ਰ ਆਇਆ ਉਸ ਨੂੰ ਗੋਲੀ ਮਾਰ ਦਿੱਤੀ ਗਈ। ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ `ਤੇ, ਉਹ ਹਰ ਨੀਚ ਕਰਮ ਕੀਤੇ ਹਨ, ਜਿਨ੍ਹਾਂ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ ਅਤੇ ਜਿਸ ਦੇ ਬਾਰੇ ਸੋਚ ਕੇ ਵੀ ਹਰ ਸਾਦਕ ਹਿਰਦਾ ਤੜਫ ਉਠਦਾ ਹੈ। … …. . ਇਹ ਅਸੀਂ ਇਥੇ ਕਿਉਂ ਰੁਲਦੇ ਫਿਰਦੇ ਹਾਂ? …. ਅਸੀਂ ਵੀ ਤਾਂ ਇਸੇ ਆਪਣੀ ਭਾਰਤੀ ਫ਼ੌਜ ਦੇ ਜ਼ੁਲਮ ਦਾ ਸ਼ਿਕਾਰ ਹੋਏ ਹਾਂ।” ਚੇਤ ਸਿੰਘ ਅੰਦਰੋਂ ਭਰਿਆ ਪਿਆ ਸੀ, ਸ਼ਾਇਦ ਉਸ ਨੂੰ ਚਿਰ ਬਾਅਦ ਭੜਾਸ ਕੱਢਣ ਦਾ ਮੌਕਾ ਮਿਲਿਆ ਸੀ। ਬਿਮਾਰੀ ਕਾਰਨ ਬੱਚੇ ਨਾ ਤਾਂ ਆਪ ਉਸ ਨਾਲ ਬਹੁਤੀ ਗੱਲ ਕਰਦੇ ਸਨ ਤੇ ਨਾ ਉਸ ਨੂੰ ਲੋੜੋਂ ਵੱਧ ਬੋਲਣ ਦੇਂਦੇ ਸਨ। ਹੁਣ ਵੀ ਉਹ ਗੱਲ ਕਰਦਾ ਕਾਫੀ ਭਾਵੁਕ ਹੋ ਗਿਆ ਸੀ, ਜਿਸ ਨਾਲ ਗੁਰਸੇਵਕ ਸਿੰਘ ਨੂੰ ਕੁੱਝ ਚਿੰਤਾ ਹੋਣ ਲੱਗੀ। ਉਸ ਛੇਤੀ ਨਾਲ ਗੱਲ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, “ਪਿਤਾ ਜੀ! ਭਰਾ ਜੀ ਸਾਰੀ ਰਾਤ ਦਾ ਸਫਰ ਕਰ ਕੇ ਥੱਕੇ ਆਏ ਹਨ, ਥੋੜ੍ਹਾ ਅਰਾਮ ਕਰ ਲੈਣ। ਅਜੇ ਇਥੇ ਹੀ ਨੇ ਫੇਰ ਅਰਾਮ ਨਾਲ ਬੈਠ ਕੇ ਗੱਲਬਾਤ ਕਰਨਾ”, ਤੇ ਫੇਰ ਪਿਤਾ ਦੇ ਜੁਆਬ ਦੀ ਇੰਤਜ਼ਾਰ ਕੀਤੇ ਬਗੈਰ ਬਲਦੇਵ ਸਿੰਘ ਵੱਲ ਮੁੜ ਕੇ ਬੋਲਿਆ, “ਭਰਾ ਜੀ! ਆਓ, ਤੁਸੀਂ ਥੋੜ੍ਹਾ ਅਰਾਮ ਕਰ ਲਓ।” ਉਨ੍ਹਾਂ ਦੀ ਗੱਲਬਾਤ ਦੇ ਦੌਰਾਨ ਹੀ ਸੁਰਜੀਤ ਕੌਰ ਚਾਹ ਤੇ ਨਾਲ ਕੁੱਝ ਬਿਸਕੁਟ ਆਦਿ ਰੱਖ ਗਈ ਸੀ ਤੇ ਸਾਰਿਆਂ ਨੇ ਨਾਲ ਚਾਹ ਪੀਣੀ ਸ਼ੁਰੂ ਕੀਤੀ ਹੋਈ ਸੀ। ਬਲਦੇਵ ਸਿੰਘ ਨੇ ਚਾਹ ਦਾ ਖਾਲੀ ਕੱਪ ਰਖਦੇ ਹੋਏ ਕਿਹਾ, “ਨਹੀਂ ਵੀਰੇ! ਅਰਾਮ ਦੀ ਲੋੜ ਨਹੀਂ ਅਸੀਂ ਹੁਣ ਇਸ਼ਨਾਨ ਆਦਿ ਕਰਾਂਗੇ। ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਕਾਹਲ ਹੈ।” ਕਹਿੰਦੇ ਹੋਏ ਉਹ ਉਠ ਖੜੋਤਾ ਤੇ ਨਾਲ ਹੀ ਚੇਤ ਸਿੰਘ ਤੋਂ ਇਲਾਵਾ ਬਾਕੀ ਸਾਰੇ ਵੀ ਉਠ ਖੜੋਤੇ। ਵੈਸੇ ਵੀ ਉਹ ਗੁਰਸੇਵਕ ਵੱਲੋਂ ਚੇਤ ਸਿੰਘ ਨਾਲ ਬਹੁਤੀਆਂ ਭਾਵੁਕ ਗੱਲਾਂ ਨਾ ਕਰਨ ਦੇ ਇਸ਼ਾਰੇ ਨੂੰ ਸਮਝ ਚੁੱਕਾ ਸੀ।
“ਜੇ ਤੁਸੀਂ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਤਾਂ ਛੇਤੀ ਛੇਤੀ ਤਿਆਰ ਹੋਣਾ ਪਵੇਗਾ ਕਿਉਂਕਿ ਅਜੇ ਤਾਂ ਸਿਰਫ ਦੋ ਘੰਟੇ ਸਵੇਰੇ ਤੇ, ਦੋ ਘੰਟੇ ਸ਼ਾਮ ਹੀ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦਿੱਤੀ ਜਾਂਦੀ ਹੈ”, ਗੁਰਸੇਵਕ ਸਿੰਘ ਨੇ ਬਾਹਰ ਨਿਕਲਦੇ ਹੋਏ ਕਿਹਾ।
“ਠੀਕ ਹੈ ਵੀਰੇ, ਅਸੀਂ ਹੁਣੇ ਤਿਆਰ ਹੋ ਜਾਂਦੇ ਹਾਂ”, ਬਲਦੇਵ ਸਿੰਘ ਨੇ ਜੁਆਬ ਦਿੱਤਾ ਤੇ ਨਾਲ ਹਰਮੀਤ ਵੱਲ ਇੰਝ ਵੇਖਿਆ ਜਿਵੇਂ ਉਸ ਨੂੰ ਵੀ ਛੇਤੀ ਤਿਆਰ ਹੋਣ ਲਈ ਕਹਿ ਰਿਹਾ ਹੋਵੇ। ਗੁਰਸੇਵਕ ਸਿੰਘ ਨੇ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਲਿਆ ਕੇ ਬਾਥਰੂਮ ਵੱਲ ਇਸ਼ਾਰਾ ਕੀਤਾ ਹਰਮੀਤ ਬਾਹਰੋਂ ਬੈਗ ਚੁੱਕ ਲਿਆਇਆ ਤੇ ਉਹ ਦੋਵੇਂ ਤਿਆਰ ਹੋਣਾ ਸ਼ੁਰੂ ਹੋ ਗਏ।
ਫਟਾ ਫਟ ਨਾਸ਼ਤਾ ਕੀਤਾ ਤੇ ਬਾਹਰ ਨਿਕਲਦੇ ਹੋਏ ਗੁਰਸੇਵਕ ਨੇ ਗੁਰਚਰਨ ਨੂੰ ਕਿਹਾ, “ਮੈਂ ਭਰਾ ਜੀ ਨੂੰ ਦਰਬਾਰ ਸਾਹਿਬ ਦਰਸ਼ਨ ਕਰਾਉਣ ਲਈ ਲੈ ਕੇ ਜਾ ਰਿਹਾਂ, ਤੂੰ ਚਲ ਕੇ ਦੁਕਾਨ ਖੋਲ੍ਹ ਲਵੀਂ”, ਤੇ ਉਸ ਦਾ ਜੁਆਬ ਉਡੀਕੇ ਬਗੈਰ ਤਿੰਨੇ ਬਾਹਰ ਆ ਗਏ।
“ਇਹ ਗੱਡੀ ਬਚ ਗਈ ਵੀਰੇ?” ਬਲਦੇਵ ਸਿੰਘ ਨੇ ਕਾਰ ਵਿੱਚ ਬੈਠਦੇ ਹੋਏ ਕਿਹਾ। ਉਹ ਘਰ ਦੇ ਹਾਲਾਤ ਤੋਂ ਅੰਦਾਜ਼ਾ ਲਾ ਬੈਠਾ ਸੀ ਕਿ ਹੋਰ ਕੋਈ ਘਰ ਦਾ ਪੁਰਾਣਾ ਸਮਾਨ ਬਚਿਆਂ ਨਹੀਂ ਜਾਪਦਾ।
“ਭਾਗਾਂ ਨੂੰ ਬਚ ਗਈ ਭਰਾ ਜੀ, ਕਿਉਂਕਿ ਤੁਹਾਨੂੰ ਪਤਾ ਹੈ ਜਿਥੇ ਆਪਣਾ ਘਰ ਹੈ ਉਹ ਬਜ਼ਾਰ ਤਾਂ ਬਹੁਤ ਭੀੜਾ ਹੈ, ਉਥੇ ਤਾਂ ਰੋਜ਼ ਦਿਹਾੜੀ ਗੱਡੀ ਫਸਾਉਣ ਵਾਲੀ ਗੱਲ ਸੀ, ਇਸ ਵਾਸਤੇ ਮਲਕਾਂ ਦੇ ਬੁੱਤ ਕੋਲ ਬਜ਼ਾਰ ਵਿੱਚ ਇੱਕ ਗੈਰਜ ਕਿਰਾਏ `ਤੇ ਲਿਆ ਹੋਇਆ ਸੀ ਉਥੇ ਖੜ੍ਹੀ ਕਰੀ ਦੀ ਸੀ।”
“ਹੁਣ ਤਾਂ ਘਰ ਵੱਲ ਜਾਣ ਦੇਂਦੇ ਹੋਣਗੇ, ਕੀ ਹਾਲ ਹੈ ਘਰ ਦਾ, ਨਾਲੇ ਘਰ ਦਾ ਸਾਰਾ ਸਮਾਨ?” ਬਲਦੇਵ ਸਿੰਘ ਨੇ ਉਤਸੁਕਤਾ ਦਿਖਾਉਂਦੇ ਹੋਏ ਪੁੱਛਿਆ।
“ਖੁਲ੍ਹੇ ਆਮ ਤਾਂ ਅਜੇ ਵੀ ਉਧਰ ਨਹੀਂ ਜਾਣ ਦੇਂਦੇ ਪਰ ਆਪਣੇ ਘਰ ਦਾ ਦਸ ਕੇ ਇਜਾਜ਼ਤ ਲੈ ਕੇ ਗਏ ਸਾਂ ਤਿੰਨ ਚਾਰ ਦਿਨ ਪਹਿਲਾਂ, … …. ਕਾਹਦਾ ਘਰ ਭਰਾ ਜੀ? …. ਉਪਰਲਾ ਹਿੱਸਾ ਤਾਂ ਖੰਡਰ ਬਣਿਆ ਪਿਐ …. . ਤੋਪਾਂ ਦੇ ਗੋਲਿਆਂ ਨਾਲ, …. ਥਲੇ ਦਾ ਠੀਕ ਹੈ ਪਰ ਹਿੱਲ ਤਾਂ ਸਾਰਾ ਹੀ ਗਿਐ …. . ਦਸ ਰਹੇ ਨੇ ਉਹ ਸਾਰੇ ਬਜ਼ਾਰ ਹੀ ਢਾਹ ਦੇਣੇ ਨੇ। ਵੇਖੋ ਕੀ ਬਣਦੈ। … … … ਘਰ ਦਾ ਸਮਾਨ ਤਾਂ ਸਾਰਾ ਫ਼ੌਜੀਆਂ ਨੇ ਲੁੱਟ ਲਿਐ, ਕੀ ਘਰ ਦੀਆਂ ਆਮ ਰੋਜ਼ ਲੋੜ ਦੀਆਂ ਚੀਜ਼ਾਂ, ਰਸੋਈ ਆਦਿ ਦਾ ਸਮਾਨ ਤੇ ਕੀ ਕੀਮਤੀ ਚੀਜ਼ਾਂ, ਕੋਈ ਵੀ ਨਹੀਂ ਬਚੀ, ਜਿਹੜਾ ਉਨ੍ਹਾਂ ਦੇ ਮਤਲਬ ਦਾ ਨਹੀਂ ਸੀ ਰਿਹਾ, ਇੰਜ ਇਕੱਠਾ ਕੀਤਾ ਪਿਆ ਸੀ ਜਿਵੇਂ ਗੰਦ ਦਾ ਢੇਰ ਹੋਵੇ, ਜਿਹੜਾ ਕੋਈ ਭਾਰੀ ਸੀ ਉਹ ਤੋੜਿਆ ਭੰਨਿਆਂ ਪਿਐ, ਕੁੱਝ ਗੋਲੀਆਂ ਨਾਲ ਵਿਨ੍ਹਿਆ ਪਿਐ …. ਕੰਮ ਦਾ ਤਾਂ ਕੁੱਝ ਵੀ ਨਹੀਂ ਰਿਹਾ”, ਗੁਰਸੇਵਕ ਦੇ ਬੋਲਾਂ `ਚੋਂ ਭਾਰੀ ਦੁਖ ਝਲਕ ਰਿਹਾ ਸੀ, ਉਹ ਬੜੇ ਸਹਿਜੇ ਸਹਿਜੇ ਗੱਲ ਕਰ ਰਿਹਾ ਸੀ, ਥੋੜ੍ਹਾ ਜਿਹਾ ਰੁੱਕ ਕੇ ਉਹ ਫਿਰ ਵਿਅੰਗ ਕਸਦਾ ਹੋਇਆ ਬੋਲਿਆ, “ਅਸੀਂ ਸੋਚ ਰਹੇ ਸਾਂ, ਉਥੇ ਤਾਂ ਸਾਰਾ ਫ਼ੌਜ ਦਾ ਕਬਜ਼ਾ ਹੈ, ਕਿਸੇ ਦੀ ਚੀਜ਼ ਨੂੰ ਕੋਈ ਹੱਥ ਵੀ ਨਹੀਂ ਲਗਾ ਸਕਦਾ, ਇਥੇ ਜਿਨ੍ਹਾਂ ਨੇ ਰੱਖਿਆ ਕਰਨੀ ਸੀ, ਆਪਣੀ ਉਸ ਫ਼ੌਜ ਨੇ ਹੀ ਸਭ ਕੁੱਝ ਲੁੱਟ ਲਿਐ …।”
“ਤੇ ਹੁਣ ਸਰਕਾਰ ਕੀ ਆਖ ਰਹੀ ਏ, ਜੋ ਲੋਕਾਂ ਦਾ ਇਤਨਾ ਨੁਕਸਾਨ ਹੋਇਐ ਤੇ ਜੋ ਘਰੋਂ ਨਿਘਰ ਹੋ ਗਏ ਨੇ?”
“ਕੀ ਆਖਣੈ ਜੀ ਸਰਕਾਰ ਨੇ, ਜੇ ਸਰਕਾਰ ਨੂੰ ਲੋਕਾਂ ਦੀ ਇਤਨੀ ਚਿੰਤਾ ਹੁੰਦੀ ਤਾਂ ਇਹ ਸਭ ਕੁੱਝ ਵਾਪਰਦਾ ਹੀ ਕਿਉਂ? …. . ਵੈਸੇ ਤਾਂ ਕਲੇਮ ਮੰਗਿਆ ਸਾਨੇ, ਪਰਸੋਂ ਆਖਰੀ ਤਰੀਕ ਸੀ, ਫਾਰਮ ਤਾਂ ਅਸੀਂ ਵੀ ਭਰ ਦਿੱਤੈ, ਪਰ ਕੱਲ ਸੁਣਿਐ, ਕਿਸੇ ਵੱਡੇ ਅਫਸਰ ਨੇ ਆਖਿਐ ਕਿ ਸਾਰੇ ਸਿੱਖ ਆਤੰਕਵਾਦੀ ਨੇ, ਇਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ।”
“ਪਰ ਵੀਰੇ ਤੁਹਾਡਾ ਤਾਂ ਗੁਦਾਮ ਵੀ ਉਥੇ ਘਰ ਦੇ ਥਲੇ ਹੀ ਸੀ, ਉਸ ਮਾਲ ਦਾ ਕੀ ਬਣਿਐ?” ਬਲਦੇਵ ਸਿੰਘ ਦੀ ਚਿੰਤਾ ਉਸ ਦੀ ਜ਼ੁਬਾਨ `ਤੇ ਆ ਗਈ।
“ਜੋ ਬਾਕੀ ਘਰ ਦੇ ਸਮਾਨ ਦਾ ਬਣਿਐ, … …. ਉਹੀ ਉਸ ਦਾ ਬਣਿਐ ਭਰਾ ਜੀ! ਮਾਲ ਦੀਆਂ ਕੁੱਝ ਅੱਧ ਸੜੀਆਂ ਗੱਠਾਂ ਤਾਂ ਉਥੇ ਰੁਲ ਰਹੀਆਂ ਸਨ, ਬਾਕੀ ਸਭ ਲੁੱਟਿਆ ਗਿਐ … …. । ਅਸੀਂ ਨਿਕਲਣ ਲਗੇ ਸਾਰੇ ਘਰ ਨੂੰ ਤਾਲੇ ਲਗਾ ਕੇ ਨਿਕਲੇ ਸਾਂ, ਇਥੇ ਤਾਲੇ ਤਾਂ ਦੂਰ ਕੁੰਡੇ ਆਦਿ ਵੀ ਟੁੱਟੇ ਹੋਏ ਨੇ। ਸਾਨੂੰ ਤਾਂ ਕਿਸੇ ਚੀਜ਼ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ, ਸਿਰਫ ਵੇਖਣ ਦੀ ਇਜਾਜ਼ਤ ਮਿਲੀ ਸੀ”, ਦਸਦੇ ਹੋਏ ਗੁਰਸੇਵਕ ਸਿੰਘ ਦਾ ਚਿਹਰਾ ਪੂਰੀ ਤਰ੍ਹਾਂ ਉਤਰ ਗਿਆ ਸੀ।
“ਉਹੋ! ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਐ। ਮੈਨੂੰ ਵੀ ਕਈ ਦਿਨਾਂ ਤੋਂ ਇਹੀ ਚਿੰਤਾ ਖਾਈ ਜਾਂਦੀ ਸੀ”, ਬਲਦੇਵ ਸਿੰਘ ਨੇ ਉਸ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਹੋਏ ਕਿਹਾ।
“ਭਰਾ ਜੀ! ਸ਼ੁਕਰ ਹੈ ਉਸ ਵਾਹਿਗੁਰੂ ਦਾ ਕਿ ਘਰ ਦੇ ਸਭ ਜੀਅ ਠੀਕ ਠਾਕ ਨੇ। ਜਿਹੜੀ ਜ਼ੁਲਮ ਦੀ ਹਨੇਰੀ ਇਥੇ ਵੱਗੀ ਹੈ, ਉਸ ਵਿੱਚ ਜੋ ਵੀ ਹੋ ਜਾਂਦਾ ਥੋੜ੍ਹਾ ਸੀ। ਕੋਈ ਗਿਣਤੀ ਹੈ, ਕਿਤਨੇ ਸਿੱਖ ਇਸ ਜ਼ੁਲਮ ਦੀ ਭੇਟ ਚੱੜ੍ਹ ਗਏ ਨੇ, ਕਿੰਨੇ ਪਰਿਵਾਰਾਂ ਵਿੱਚ ਮੌਤ ਦਾ ਮਾਤਮ ਛਾ ਗਿਐ? ਘਰ-ਬਾਰ, ਧਨ ਦੌਲਤ ਵੀ ਗਏ ਤੇ ਘਰ ਦੇ ਜੀਅ ਵੀ … …. । ਜਿਹੜੀ ਆਪ ਹੱਥ ਦੇ ਕੇ ਸਾਰੇ ਪਰਿਵਾਰ ਦੀ ਰੱਖਿਆ ਕੀਤੀ ਸੁ, ਉਸ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਇਸ ਹੱਥਾਂ ਦੀ ਮੈਲ ਵਾਸਤੇ ਗਿੱਲਾ ਕਰੀਏ? … … … ਉਸ ਰਾਤ, ਜਿਸ ਹਾਲਾਤ ਵਿੱਚ ਅਸੀਂ ਘਰੋਂ ਨਿਕਲੇ ਸਾਂ, ਉਸ ਦਾ ਖਿਆਲ ਕਰਕੇ ਅਜੇ ਵੀ ਦਿਲ ਕੰਬ ਜਾਂਦਾ ਹੈ”, ਬੋਲਦਿਆਂ ਗੁਰਸੇਵਕ ਸਿੰਘ ਦੇ ਚਿਹਰੇ ਦੇ ਭਾਵ ਇੰਝ ਹੋ ਗਏ ਸਨ, ਜਿਵੇਂ ਅਜੇ ਵੀ ਉਸ ਦਹਿਸ਼ਤ ਦਾ ਪ੍ਰਭਾਵ ਉਸ ਦੇ ਮਨ `ਤੇ ਹੋਵੇ।
“ਵੀਰੇ! ਹੁਣ ਤੁਸੀਂ ਇਹ ਘਰ ਬਹੁਤ ਦੂਰ ਲਿਐ?” ਬਲਦੇਵ ਸਿੰਘ ਨੂੰ ਜਿਵੇਂ ਕੁੱਝ ਧਿਆਨ ਆਇਆ ਤੇ ਉਸ ਨੇ ਗੱਲ ਮੋੜਦੇ ਹੋਏ ਕਿਹਾ।
“ਭਰਾ ਜੀ! ਇਹ ਨਵੀਂ ਅਬਾਦੀ ਵੱਸੀ ਏ, ਤੁਸੀਂ ਵੇਖਿਆ ਹੀ ਹੋਣੈ ਉਥੇ ਨਵੀਆਂ ਕੋਠੀਆਂ ਬਣ ਰਹੀਆਂ ਨੇ। ਅਸੀਂ ਵੀ ਉਥੇ ਦੋ ਪਲਾਟ ਲਏ ਹੋਏ ਸਨ, ਸੋਚਿਆ ਸੀ ਦੋਹਾਂ ਭਰਾਵਾਂ ਦੀਆਂ ਕੋਠੀਆਂ ਬਣਾਵਾਂਗੇ। ਹੁਣ ਜਿਹੜੇ ਹਾਲਾਤ ਬਣ ਗਏ ਨੇ ਇੱਕ ਪਲਾਟ ਤਾਂ ਫੌਰੀ ਤੌਰ ਤੇ ਵੇਚਣਾ ਪੈਣੈ, ਤਾਂ ਹੀ ਕੰਮ ਸੰਭਾਲਿਆ ਜਾ ਸਕੇਗਾ। ਪਹਿਲਾ ਘਰ ਜੇ ਬੱਚ ਵੀ ਗਿਆ ਤਾਂ ਹੁਣ ਉਹ ਰਹਿਣ ਦੇ ਕਾਬਲ ਤਾਂ ਰਿਹਾ ਨਹੀਂ, ਕੋਈ ਕਰਜ਼ਾ ਵਗੈਰਾ ਲੈਕੇ ਦੂਸਰਾ ਆਪਣੇ ਰਹਿਣ ਲਈ ਬਣਾਵਾਂਗੇ, ਇਸੇ ਵਾਸਤੇ ਇਹ ਘਰ ਕਰਾਏ ਤੇ ਨੇੜੇ ਲਿਐ”, ਗੁਰਸੇਵਕ ਸਿੰਘ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ।
“ਤੁਹਾਡੇ ਵਾਸਤੇ ਤਾਂ ਬਹੁਤ ਮੁਸ਼ਕਿਲ ਦਾ ਸਮਾਂ ਆ ਗਿਐ”, ਬਲਦੇਵ ਸਿੰਘ ਨੇ ਫਿਰ ਦੁੱਖ ਜ਼ਾਹਿਰ ਕੀਤਾ।
“ਭਰਾ ਜੀ! ਸਾਡੇ ਕੋਲ ਤਾਂ ਹੈ ਸੀ ਤਾਂ ਇਤਨਾ ਕੁ ਜੁਗਾੜ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਰਾ ਉਨ੍ਹਾਂ ਵਿਚਾਰਿਆਂ ਦਾ ਸੋਚੋ, ਜਿਨ੍ਹਾਂ ਦਾ ਸਿਰਫ ਰੋਟੀ ਦਾ ਗੁਜ਼ਾਰਾ ਚਲਦਾ ਸੀ, ਉਨ੍ਹਾਂ ਦੀ ਕੀ ਹਾਲਤ ਹੋਵੇਗੀ, ਕਿਥੇ ਰੁਲ ਰਹੇ ਹੋਣਗੇ?” ਬਲਦੇਵ ਸਿੰਘ ਨੇ ਗੱਡੀ ਟਾਊਨ ਹਾਲ ਦੇ ਪਿਛਲੇ ਪਾਸੇ ਹਾਲ ਬਜ਼ਾਰ ਵਿੱਚ ਰੋਕਦੇ ਹੋਏ ਕਿਹਾ ਤੇ ਗੱਡੀ `ਚੋਂ ਉਤਰਦਾ ਹੋਇਆ ਬੋਲਿਆ, “ਆ ਜਾਓ ਭਰਾ ਜੀ, ਗੱਡੀ ਇਸ ਤੋਂ ਅਗੇ ਨਹੀਂ ਜਾਣ ਦੇਣੀ।”
ਵੈਸੇ ਤਾਂ ਸਾਰੇ ਸ਼ਹਿਰ ਵਿੱਚ ਫ਼ੌਜੀ ਤੇ ਅਰਧ ਨੀਮ ਫ਼ੌਜੀ ਦਸਤੇ ਤਾਇਨਾਤ ਨਜ਼ਰ ਆਉਂਦੇ ਸਨ, ਉਨ੍ਹਾਂ ਦੀਆਂ ਗੱਡੀਆਂ ਵੀ ਭਜੀਆਂ ਫਿਰਦੀਆਂ ਸਨ ਪਰ ਹਾਲ ਗੇਟ ਦੇ ਨੇੜੇ ਪਹੁੰਚ ਕੇ ਤਾਂ ਉਨ੍ਹਾਂ ਦੀ ਗਿਣਤੀ ਕਿਤੇ ਵੱਧ ਗਈ। ਗੱਡੀ `ਚੋਂ ਉਤਰ ਕੇ ਜ਼ਰਾ ਅਗੇ ਹੋਏ ਤਾਂ ਅੱਗੇ ਜਿਵੇਂ ਫ਼ੌਜ ਦਾ ਹੀ ਘੇਰਾ ਸੀ। ਕੋਤਵਾਲੀ ਅੱਗੇ ਰੋਕ ਕੇ ਫ਼ੌਜੀਆਂ ਨੇ ਪੁੱਛਿਆ, “ਕਿਧਰ ਜਾਣਾ ਹੈ?” ਉਨ੍ਹਾਂ ਦਾ ਲਹਿਜਾ ਬਹੁਤ ਹੀ ਕਰੜਾ ਸੀ। ਸਲੂਕ ਬਿਲਕੁਲ ਉਵੇਂ ਸੀ ਜਿਵੇਂ ਗੁਲਾਮਾਂ ਨਾਲ ਕਰੀਦੈ।
“ਦਰਬਾਰ ਸਾਹਿਬ ਦਰਸ਼ਨ ਕਰਨ ਜਾਣੈ।” ਗੁਰਸੇਵਕ ਸਿੰਘ ਨੇ ਸਹਿਜ ਨਾਲ ਕਿਹਾ। ਫ਼ੌਜੀ ਨੇ ਬੰਦੂਕ ਦੀ ਨੋਕ ਨਾਲ ਇੱਕ ਪਾਸੇ ਜਾਣ ਲਈ ਇਸ਼ਾਰਾ ਕੀਤਾ। ਉਧਰ ਹੋਰ ਵੀ ਬਹੁਤ ਸੰਗਤਾਂ ਖੜ੍ਹੀਆਂ ਸਨ। ਇਹ ਵੀ ਜਾਕੇ ਕੋਲ ਖਲੋ ਗਏ। ਬਲਦੇਵ ਸਿੰਘ ਨੇ ਫਿਰ ਕੁੱਝ ਗੱਲ ਕਰਨੀ ਚਾਹੀ ਤਾਂ ਗੁਰਸੇਵਕ ਸਿੰਘ ਨੇ ਇਸ਼ਾਰੇ ਨਾਲ ਰੋਕ ਦਿੱਤਾ। ਉਹ ਸਮਝ ਗਿਆ ਕਿ ਸਾਰੇ ਪਾਸੇ ਸੂਹੀਆਂ ਦਾ ਜਾਲ ਵਿਛਿਆ ਹੋਣੈ। ਇਕੱਤਰ ਹੋਈਆਂ ਸੰਗਤਾਂ ਨੂੰ ਫ਼ੌਜੀ ਅਤੇ ਨੀਮ ਫ਼ੌਜੀ ਦਸਤਿਆਂ ਦੇ ਪਹਿਰੇ ਵਿੱਚ ਸੰਗੀਨਾਂ ਦੀ ਛਾਂ ਥਲੇ ਕਤਾਰਾਂ ਵਿੱਚ ਜਲ੍ਹਿਆਂ ਵਾਲੇ ਬਾਗ ਤੱਕ ਲਿਜਾਇਆ ਗਿਆ, ਜਿਥੇ ਕੰਡਿਆਂ ਵਾਲੀ ਤਾਰ ਦੀ ਵਾੜ ਲੱਗੀ ਹੋਈ ਸੀ। ਸਾਰੀਆਂ ਸੰਗਤਾਂ ਦੇ ਚਿਹਰੇ `ਤੇ ਇਤਨੇ ਦਿਨਾਂ ਬਾਅਦ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਇੱਕ ਉਤਸ਼ਾਹ ਅਤੇ ਖੁਸ਼ੀ ਸੀ, ਅਤੇ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਇਥੇ ਤਲਾਸ਼ੀ ਲੈ ਕੇ ਇਕੱਲੇ ਇਕੱਲੇ ਨੂੰ ਅੱਗੇ ਜਾਣ ਦਿੱਤਾ ਗਿਆ। ਉਥੋਂ ਜਿਵੇਂ ਹੀ ਘੰਟਾ ਘਰ ਵਾਲੇ ਪਾਸੇ ਦਾ ਮੁੱਖ ਦਰਵਾਜ਼ੇ ਵਾਲਾ ਪਾਸਾ ਨਜ਼ਰ ਆਇਆ ਸਾਰੀਆਂ ਸੰਗਤਾਂ ਦਾ ਚਾਅ ਅਤੇ ਉਤਸ਼ਾਹ ਅਲੋਪ ਹੋ ਗਿਆ। ਸਾਫ ਪਤਾ ਲੱਗ ਰਿਹਾ ਸੀ ਕਿ ਸਾਹਮਣੀ ਦੀਵਾਰ `ਤੇ ਗੋਲੀਆਂ ਅਤੇ ਗੋਲਿਆਂ ਦੀ ਬੋਛਾੜ ਹੋਈ ਹੈ, ਹਾਲਾਂਕਿ ਇਹ ਵੀ ਸਾਫ ਪਤਾ ਲੱਗ ਰਿਹਾ ਸੀ ਕਿ ਇਸ ਸਭ ਨੂੰ ਲੁਕਾਉਣ ਲਈ ਕਾਫੀ ਪੋਚਾ-ਪਾਚੀ ਕੀਤੀ ਗਈ ਹੈ, ਗੁੰਬਦ ਅਜੇ ਵੀ ਛਲਣੀ ਛਲਣੀ ਹੋਏ ਹੋਏ ਸਨ, ਵੱਡੇ ਗੁੰਬਦ `ਤੇ ਲਗੀਆਂ ਵੱਡੀਆਂ ਘੜੀਆਂ ਦੇ ਡਾਇਲ ਅਤੇ ਸੂਈਆਂ ਨਸ਼ਟ ਹੋ ਚੁੱਕੀਆਂ ਸਨ, ਸਾਰੀਆਂ ਸੰਗਤਾਂ ਦੇ ਚਿਹਰੇ `ਤੇ ਉਦਾਸੀ ਛਾ ਗਈ, ਬਲਦੇਵ ਸਿੰਘ ਨੇ ਹੌਲੀ ਜਿਹੀ ਗੁਰਸੇਵਕ ਨੂੰ ਕਿਹਾ, “ਇਹ ਕੀ ਬਣਿਆਂ ਪਿਐ ਵੀਰੇ?”
“ਇਹ ਤਾਂ ਅਜੇ ਬਥੇਰੀ ਪੋਚਾ ਪਾਚੀ ਹੋ ਗਈ ਏ, ਨਾਲੇ ਅਜੇ ਅੰਦਰ ਤਾਂ ਚੱਲੋ”, ਗੁਰਸੇਵਕ ਨੇ ਵੀ ਹੌਲੀ ਜਿਹੀ ਜੁਆਬ ਦਿੱਤਾ। ਹਰਮੀਤ ਉਨ੍ਹਾਂ ਦੇ ਪਿੱਛੇ ਸੀ, ਪਤਾ ਨਹੀਂ ਉਹ ਉਨ੍ਹਾਂ ਦੀ ਗੱਲਬਾਤ ਸੁਣ ਸਕਿਆ ਕਿ ਨਹੀਂ, ਪਰ ਉਸ ਦਾ ਚਿਹਰਾ ਲਾਲ ਹੋ ਗਿਆ ਸੀ ਜਿਵੇਂ ਅੰਦਰ ਰੋਸ ਨਾਲ ਭਰ ਗਿਆ ਹੋਵੇ।
ਅਗੋਂ ਫਿਰ ਕਟੜਾ ਆਹਲੂਵਾਲੀਆ ਦੇ ਸਾਹਮਣੇ, ਜਿਥੇ ਸ਼੍ਰੋਮਣੀ ਕਮੇਟੀ ਦਾ ਸਾਈਕੱਲ ਸਟੈਂਡ ਹੈ, ਕੰਡੇਦਾਰ ਤਾਰ ਲੱਗੀ ਹੋਈ ਸੀ। ਇਥੋਂ ਅੰਦਰ ਕਤਾਰਾਂ ਵਿੱਚ ਜਾਣ ਦਿੱਤਾ ਗਿਆ। ਇਥੋਂ ਸੰਗਤਾਂ ਦੌੜ ਦੌੜ ਕੇ ਮੁੱਖ ਦੁਆਰ ਤੱਕ ਪਹੁੰਚੀਆਂ। ਹਰ ਕਿਸੇ ਨੂੰ ਛੇਤੀ ਅੰਦਰ ਪਹੁੰਚਣ ਦਾ ਚਾਅ ਸੀ। ਮੁੱਖ ਦੁਆਰ `ਤੇ ਫੇਰ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਗਿਆ। ਕਿਸੇ ਨੂੰ ਕੈਮਰਾ ਆਦਿ ਅੰਦਰ ਲੈ ਜਾਣ ਦੀ ਆਗਿਆ ਨਹੀਂ ਸੀ। ਸੰਗਤਾਂ ਵਿੱਚ ਭਾਰੀ ਗਿਣਤੀ ਵਿੱਚ ਹਿੰਦੂ ਵੀਰ ਤੇ ਬੀਬੀਆਂ ਵੀ ਸਨ।
ਪਰਕਰਮਾਂ ਅੰਦਰ ਪ੍ਰਵੇਸ਼ ਕਰਦਿਆਂ ਹੀ ਤਬਾਹੀ ਵੇਖ ਕੇ ਸੰਗਤਾਂ ਦੇ ਕਲੇਜੇ ਧੂਹੇ ਗਏ। ਬਲਦੇਵ ਸਿੰਘ ਦੇ ਮੂੰਹੋਂ ਇਕ-ਦਮ ਨਿਕਲਿਆ, “ਵਾਹਿਗੁਰੂ, ਵਾਹਿਗੁਰੂ … ….” ਅਤੇ ਉਸ ਦੀਆਂ ਅੱਖਾਂ ਭਰ ਆਈਆਂ। ਹਰਮੀਤ ਬੋਲਿਆ ਤਾਂ ਕੁੱਝ ਨਾ ਪਰ ਉਸ ਦੇ ਚਿਹਰੇ `ਤੇ ਰੋਹ ਹੋਰ ਚੜ੍ਹ ਆਇਆ ਸੀ। ਉਸ ਦਾ ਚਿਹਰਾ ਵੇਖ ਕੇ ਗੁਰਸੇਵਕ ਕੁੱਝ ਚਿੰਤਤ ਹੋ ਗਿਆ, ਉਸਨੇ ਹਰਮੀਤ ਦੇ ਨੇੜੇ ਹੁੰਦੇ ਹੋਏ ਉਸ ਦਾ ਹੱਥ ਫੜ੍ਹ ਕੇ ਹੋਲੀ ਜਿਹੀ ਆਖਿਆ, “ਬੇਟਾ ਜ਼ਰਾ ਆਪਣੀਆਂ ਭਾਵਨਾਵਾਂ `ਤੇ ਕਾਬੂ ਰਖਣ ਦੀ ਲੋੜ ਹੈ, ਇਥੇ ਕਦਮ ਕਦਮ `ਤੇ ਸੂਹੀਏ ਫਿਰਦੇ ਨੇ।” ਹਰਮੀਤ ਮੂੰਹੋਂ ਤਾਂ ਕੁੱਝ ਨਾ ਬੋਲਿਆ ਪਰ ਉਸਨੇ ‘ਹਾਂ’ ਵਿੱਚ ਸਿਰ ਹਿਲਾਇਆ।
ਭਾਵੇਂ ਪਿਛਲੇ ਕੁੱਝ ਦਿਨਾਂ ਵਿੱਚ, ਦਿਨ ਰਾਤ ਇੱਕ ਕਰਕੇ ਮਿਲਟਰੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਰਾਜ ਮਿਸਤਰੀ, ਮਜ਼ਦੂਰ, ਪੇਂਟਰ ਆਦਿ ਲਗਾ ਕੇ ਗੋਲੀਆਂ ਦੇ ਨਿਸ਼ਾਨ ਪੈਚ ਵਰਕ ਕਰਕੇ, ਉਪਰ ਰੰਗ ਕਰ ਦਿੱਤਾ ਗਿਆ ਸੀ, ਫਿਰ ਵੀ ਫ਼ੌਜ ਨੇ ਜੋ ਕੁੱਝ ਕੀਤਾ ਸੀ ਉਹ ਆਪਣੇ ਮੂੰਹੋਂ ਆਪ ਬੋਲ ਰਿਹਾ ਸੀ। ਪਰਕਰਮਾ ਦੇ ਆਸੇ ਪਾਸੇ ਕਮਰਿਆਂ ਵਿੱਚੋਂ ਨਿਕਲੀ ਅੱਗ, ਸੜੇ ਹੋਏ ਦਰਵਾਜ਼ੇ ਬਾਰੀਆਂ, ਬੁੰਗਾ ਰਾਮਗੜੀਆ ਉੱਤੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਅਤੇ ਹੇਠਲੇ ਕਮਰਿਆਂ `ਚੋਂ ਆ ਰਹੀ ਸੜਿਆਂਦ, ਟੈਂਕਾਂ ਨਾਲ ਸੰਗਮਰਮਰ ਦੇ ਫਰਸ਼ ਦੀ ਤਬਾਹੀ ਸਰਕਾਰ ਛੁਪਾ ਨਹੀਂ ਸੀ ਸਕੀ। ਜਿਸ ਵੇਲੇ ਦੁਖਭੰਜਨੀ ਬੇਰ ਦੇ ਕੋਲ ਪਹੁੰਚੇ, ਉਥੇ ਪ੍ਰਕਰਮਾਂ ਦਾ ਮਾਰਬਲ ਟੈਂਕਾਂ ਕਾਰਨ ਟੁੱਟਾ ਤੇ ਥਲੇ ਧੱਸਿਆ ਹੋਇਆ ਸੀ। ਉਸ ਤੋਂ ਥੋੜ੍ਹਾ ਅੱਗੇ ਲੰਘੇ ਜਿਥੋਂ ਰਸਤਾ ਗੁਰੂ ਰਾਮਦਾਸ ਪਾਤਿਸ਼ਾਹ ਦੇ ਲੰਗਰ ਨੂੰ ਜਾਂਦਾ ਹੈ, ਪਰਕਰਮਾਂ ਤੋਂ ਲੰਗਰ, ਸਰਾਂ ਜਾਂ ਮੰਜੀ ਸਾਹਿਬ ਵੱਲ ਜਾਣ ਦੀ ਆਗਿਆ ਨਹੀਂ ਸੀ, ਕਈ ਲੋਕ ਬੜੀ ਉਤਸੁਕਤਾ ਨਾਲ ਇਸ ਪਾਸੇ ਲੱਗੀ ਜਾਲੀ ਵਿੱਚੋਂ ਜਾਂ ਉਪਰੋਂ ਇਸ ਪਾਸੇ ਵੇਖ ਰਹੇ ਸਨ ਜਿਧਰ ਪਹਿਲਾਂ ਲੰਗਰ ਹੁੰਦਾ ਸੀ। ਗੁਰਸੇਵਕ ਨੇ ਇਸ਼ਾਰਾ ਕੀਤਾ ਤੇ ਉਹ ਤਿੰਨੇ ਵੀ ਉਧਰ ਵੇਖਣ ਲਈ ਰੁਕ ਗਏ। ਉਥੇ ਹਾਲੇ ਤੱਕ ਕਈ ਇਨਸਾਨੀ ਪਿੰਜਰ, ਹੱਡੀਆਂ, ਲਹੂ-ਭਿਜੇ ਕਪੜੇ, ਦਸਤਾਰਾਂ, ਕ੍ਰਿਪਾਨਾਂ ਆਦਿ ਪਏ ਸਨ ਪਰ ਇਧਰ ਅੱਗੇ ਭਾਰੀ ਗਿਣਤੀ ਵਿੱਚ ਫ਼ੌਜੀ ਜਵਾਨ ਰਾਈਫਲਾਂ ਤਾਣ ਕੇ ਖੜ੍ਹੇ ਸਨ ਤਾਂ ਜੋ ਕੋਈ ਇਸ ਪਾਸੇ ਵੱਲ ਨਾ ਆਵੇ। ਸਰਾਵਾਂ ਦੇ ਸਾਹਮਣੇ ਵਾਲੀ ਸੜਕ `ਤੇ ਅਨੇਕਾਂ ਹੀ ਫ਼ੌਜੀ ਗੱਡੀਆਂ ਖੜ੍ਹੀਆਂ ਸਨ। ਕਈ ਫ਼ੌਜੀਆਂ ਨੇ ਵਾਇਰਲੈਸ ਸੈਟ ਫੜੇ ਹੋਏ ਸਨ। ਸਾਹਮਣੇ ਨਜ਼ਰ ਆਉਂਦੀਆਂ ਸਾਰੀਆਂ ਇਮਾਰਤਾਂ ਸਾੜੀਆਂ ਹੋਈਆਂ ਸਾਫ ਪਤਾ ਲੱਗ ਰਹੀਆਂ ਸਨ।
ਇਹ ਵੇਖ ਕੇ ਬਲਦੇਵ ਸਿੰਘ ਨੂੰ ਇਕ-ਦਮ ਖਿਆਲ ਆਇਆ ਕਿ ਜੇ ਇਤਨੇ ਦਿਨ ਬਾਅਦ ਇਹ ਹਾਲਤ ਹੈ ਤਾਂ ਉਦੋਂ ਇਥੇ ਕੀ ਹਾਲਤ ਹੋਵੇਗੀ, ਜਦੋਂ ਫ਼ੌਜੀ ਕਾਰਵਾਈ ਹੋ ਰਹੀ ਸੀ? ਉਸ ਦੀਆਂ ਅੱਖਾਂ ਅਗੇ ਉਹ ਨਜ਼ਾਰਾ ਫਿਰ ਗਿਆ ਕਿ ਪ੍ਰਕਰਮਾਂ ਵਿੱਚ ਧਾਂਹ ਧਾਂਹ ਗੋਲੇ ਡਿੱਗ ਰਹੇ ਨੇ, ਤੋਪਾਂ, ਬਖਤਰਬੰਦ ਗੱਡੀਆਂ ਤੇ ਟੈਂਕ ਅੱਗ ਉਗੱਲ ਰਹੇ ਨੇ, ਕਈ ਪਾਸਿਓ ਅੱਗ ਦੇ ਭਾਂਬੜ ਉਠ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, ਹਰ ਪਾਸੇ ਚੀਖ ਚਿਹਾੜਾ ਹੈ ਪਰ ਉਹ ਸਭ ਤੋਪਾਂ ਦੇ ਗੋਲਿਆਂ ਦੀ ਅਵਾਜ਼ ਵਿੱਚ ਦੱਬ ਰਿਹਾ ਹੈ, ਪਰਕਰਮਾਂ ਵਿੱਚ ਜਿਵੇਂ ਖੂਨ ਦੀ ਨਦੀ ਵੱਗ ਰਹੀ ਹੈ … … ਅਤੇ ਉਸ ਵਿੱਚ ਕਈ ਸੰਗਤਾਂ, ਬੱਚੇ ਤੇ ਔਰਤਾਂ ਬੁਰੀ ਤਰ੍ਹਾਂ ਤੜਫ ਅਤੇ ਕਰਾਹ ਰਹੇ ਨੇ … …. । ਉਸ ਦੀਆਂ ਅੱਖਾਂ ਅਗੇ ਇਕ-ਦਮ ਹਨੇਰਾ ਜਿਹਾ ਛਾ ਗਿਆ ਤੇ ਜਾਪਿਆ ਕਿ ਉਹ ਚੱਕਰ ਖਾ ਕੇ ਡਿੱਗ ਪਵੇਗਾ। ਉਸ ਨੇ ਸੰਭਲਣ ਲਈ ਹੱਥ ਅੱਗੇ ਵਧਾਇਆ ਕਿ ਕਿਸੇ ਚੀਜ਼ ਦਾ ਸਹਾਰਾ ਲੈ ਲਵੇ। ਹਰਮੀਤ ਉਸ ਦੇ ਮਗਰ ਹੀ ਸੀ, ਉਸ ਦਾ ਧਿਆਨ ਪਿਤਾ ਵੱਲ ਗਿਆ, ਪਿਤਾ ਦੀ ਹਾਲਤ ਵੇਖ ਕੇ ਉਹ ਵੀ ਘਬਰਾ ਗਿਆ ਤੇ ਪਿਤਾ ਨੂੰ ਜੱਫੀ ਪਾ ਕੇ ਸੰਭਾਲ ਲਿਆ। ਨਾਲ ਹੀ ਉਸ ਦੇ ਮੁੰਹੋਂ ਚੀਖ ਵਰਗੀ ਅਵਾਜ਼ ਨਿਕਲੀ, `ਚਾਚਾ ਜੀ’। ਕੁੱਝ ਸੰਗਤਾਂ ਨੇ ਵੀ ਪਿੱਛੇ ਮੁੜ ਕੇ ਵੇਖਿਆ ਤੇ ਗੁਰਸੇਵਕ ਸਿੰਘ ਵੀ ਛੇਤੀ ਨਾਲ ਆਇਆ ਤੇ ਬਲਦੇਵ ਸਿੰਘ ਨੂੰ ਨਾਲ ਸਹਾਰਾ ਦੇਂਦਾ ਹੋਇਆ ਬੋਲਿਆ, “ਸੰਭਾਲੋ ਆਪਣੇ ਆਪ ਨੂੰ ਭਰਾ ਜੀ! ਕੀ ਹੋ ਗਿਐ?” ਕੁੱਝ ਹੋਰ ਸੰਗਤਾਂ ਵੀ ਸਹਾਰਾ ਦੇਣ ਲਈ ਆ ਗਈਆਂ ਸਨ।
“ਕੁਝ ਨਹੀਂ, ਬਸ ਚੱਕਰ ਜਿਹਾ ਆ ਗਿਆ ਸੀ, ਛੱਡ ਦਿਓ, ਹੁਣ ਠੀਕ ਹਾਂ”, ਕਹਿਕੇ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਸਿਧਾ ਖੜੋ ਗਿਆ, ਪਰ ਹਰਮੀਤ ਅਤੇ ਗੁਰਸੇਵਕ ਨੇ ਉਸ ਨੂੰ ਸਹਾਰਾ ਦੇਈ ਰੱਖਿਆ। ਉਨ੍ਹਾਂ ਵੇਖਿਆ, ਸਾਹਮਣੇ ਖੜੇ ਦੋ ਫ਼ੌਜੀ, ਜਿਨ੍ਹਾਂ ਦਾ ਧਿਆਨ ਇਧਰ ਹੀ ਸੀ, ਬੁਲ੍ਹਾਂ ਵਿੱਚ ਮੁਸਕਰਾ ਰਹੇ ਸਨ। ਉਨ੍ਹਾਂ ਦੀ ਮੁਸਕਰਾਹਟ ਵੇਖ ਕੇ ਹਰਮੀਤ ਦੇ ਅੰਦਰ ਜਿਵੇਂ ਕੋਈ ਅੱਗ ਬਲ ਪਈ ਹੋਵੇ ਪਰ ਹਾਲਾਤ ਵੇਖਦੇ ਹੋਏ ਉਸ ਨੇ ਆਪਣੇ `ਤੇ ਕਾਬੂ ਰੱਖਿਆ, ਇਸ ਵੇਲੇ ਉਸ ਨੂੰ ਪਿਤਾ ਦੀ ਚਿੰਤਾ ਵਧੇਰੇ ਸੀ। ਬਲਦੇਵ ਸਿੰਘ ਦੀ ਹਾਲਤ ਵੇਖ ਕੇ ਗੁਰਸੇਵਕ ਬੋਲਿਆ, “ਭਰਾ ਜੀ, ਜੇ ਤਬੀਅਤ ਠੀਕ ਨਹੀਂ ਤਾਂ ਵਾਪਸ ਚਲਦੇ ਹਾਂ, ਸ਼ਾਮ ਨੂੰ ਫੇਰ ਆ ਜਾਵਾਂਗੇ।”
“ਨਹੀਂ ਐਸੀ ਕੋਈ ਗੱਲ ਨਹੀਂ, ਮੈਂ ਹੁਣ ਬਿਲਕੁਲ ਠੀਕ ਹਾਂ।” ਬਲਦੇਵ ਸਿੰਘ ਨੇ ਅੱਗੇ ਵੱਲ ਵਧਦੇ ਹੋਏ ਕਿਹਾ, ਉਸ ਨੂੰ ਆਪਣੇ ਆਪ `ਤੇ ਹੈਰਾਨਗੀ ਹੋ ਰਹੀ ਸੀ, ਹਾਲਾਂਕਿ ਉਸ ਨੇ ਕਈ ਬੜੇ ਔਖੇ ਅਤੇ ਦੁਖ ਵਾਲੇ ਸਮੇਂ ਵੇਖੇ ਸਨ ਪਰ ਉਹ ਕਦੀਂ ਘਬਰਾਇਆ ਨਹੀਂ ਸੀ ਬਲਕਿ ਉਹ ਬੜੇ ਦ੍ਰਿੜ ਇਰਾਦੇ ਵਾਲਾ ਸਮਝਿਆ ਜਾਂਦਾ ਸੀ, ਪਰ ਸ਼ਾਇਦ ਉਸ ਦੇ ਵੇਖੇ ਅਤੇ ਝੱਲੇ ਨਿਜੀ ਦੁੱਖਾਂ ਨਾਲੋਂ ਇਹ ਕੌਮੀ ਸੰਤਾਪ ਬਹੁਤ ਵੱਡਾ ਸੀ।
ਇਥੋਂ ਲੈਕੇ ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰੇ ਤੱਕ ਪ੍ਰਕਰਮਾਂ ਦਾ ਮਾਰਬਲ ਕਈ ਥਾਵਾਂ ਤੋਂ ਟੁੱਟਾ ਅਤੇ ਦੱਬਿਆ ਹੋਇਆ ਸੀ, ਜਿਸ ਤੋਂ ਪਤਾ ਲਗਦਾ ਸੀ ਕਿ ਇਥੇ ਟੈਂਕਾਂ ਤੇ ਬਖਤਰਬੰਦ ਗੱਡੀਆਂ ਦੀ ਵਧੇਰੇ ਆਵਾਜਾਈ ਰਹੀ ਹੈ, ਪਤਾ ਲੱਗਾ ਕਿ ਇਥੋਂ ਹੀ ਅਕਾਲ ਤਖਤ ਸਾਹਿਬ ਵੱਲ ਗੋਲਾਬਾਰੀ ਕਰਦੇ ਰਹੇ ਸਨ। ਸਾਹਮਣੇ ਦਰਸ਼ਨੀ ਡਿਊੜੀ ਵਿੱਚ ਵੱਡੇ ਵੱਡੇ ਮਘੋਰੇ ਹੋਏ ਸਨ। ਇਤਨੀ ਵੱਡੀ ਬਰਬਾਦੀ ਵੇਖ ਕੇ ਹਰ ਸਿੱਖ ਦੇ ਹਿਰਦੇ `ਚੋਂ ਚੀਸ ਉਠਦੀ ਸੀ, ਕਈ ਸੰਗਤਾਂ ਰੋ ਰਹੀਆਂ ਸਨ, ਕਈ ਬੀਬੀਆਂ ਤਾਂ ਧਾਹਾਂ ਮਾਰ ਰਹੀਆਂ ਸਨ, ਜਿਵੇਂ ਕੋਈ ਨਜ਼ਦੀਕੀ ਅਤਿ ਪਿਆਰਾ ਮਰ ਗਿਆ ਹੋਵੇ। ਉਹ ਤਿੰਨੋਂ ਆਪ ਪਤਾ ਨਹੀਂ ਕਿਤਨੀ ਵਾਰੀ ਰੋਏ। ਹਰਮੀਤ ਨੇ ਮਹਿਸੂਸ ਕੀਤਾ ਜਿਵੇਂ ਕੁੱਝ ਲੋਕ ਸੰਗਤਾਂ ਦੀਆਂ ਸਭ ਗੱਲਾਂ ਅਤੇ ਹਰਕਤਾਂ ਨੂੰ ਬੜੇ ਗਹੁ ਨਾਲ ਘੋਖ ਰਹੇ ਹਨ। ਉਸ ਦਾ ਧਿਆਨ ਗਿਆ ਕਿ ਇੱਕ ਬੰਦਾ ਪਹਿਲਾਂ ਬੜੇ ਧਿਆਨ ਨਾਲ ਕੁੱਝ ਸੰਗਤਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਫੇਰ ਇੱਕ ਪਾਸੇ ਹੋਕੇ ਛੋਟੀ ਜਿਹੀ ਡਾਇਰੀ ਵਿੱਚ ਕੁੱਝ ਲਿਖਣ ਲੱਗ ਪਿਆ। ਉਸ ਨੇ ਗੁਰਸੇਵਕ ਨੂੰ ਉਸ ਪਾਸੇ ਇਸ਼ਾਰਾ ਕੀਤਾ। ਗੁਰਸੇਵਕ ਨੇ ਦੋਹਾਂ ਨੂੰ ਇੱਕ ਪਾਸੇ ਕਰ ਕੇ ਖੁਸਰ-ਪੁਸਰ ਕਰਨ ਦੇ ਲਹਿਜੇ ਵਿੱਚ ਕਿਹਾ, “ਇਥੇ ਕਈ ਸਰਕਾਰੀ ਏਜੰਸੀਆਂ ਦੇ ਦਰਜਨਾਂ ਬੰਦੇ ਸੰਗਤਾਂ ਵਿੱਚ ਫਿਰਦੇ ਨੇ, ਉਹ ਸੰਗਤਾਂ ਦੇ ਫ਼ੌਜੀ ਹਮਲੇ ਬਾਰੇ ਪ੍ਰਭਾਵ, ਸੰਗਤਾਂ ਦੀਆਂ ਆਪਸ ਵਿੱਚ ਗੱਲਾਂ ਬੜੇ ਧਿਆਨ ਨਾਲ ਸੁਣਦੇ ਰਹਿੰਦੇ ਨੇ ਤਾਂ ਜੋ ਆਪਣੇ ਅਫਸਰਾਂ ਨੂੰ ਦੱਸ ਸਕਣ, ਇਸ ਤੋਂ ਇਲਾਵਾ ਜਦੋਂ ਵੀ ਕੋਈ ਇਮਾਰਤ ਬਾਰੇ ਆਖਦਾ ਹੈ ਕਿ ਇਥੇ ਇਹ ਜਾਂ ਇੰਝ ਸੀ ਤਾਂ ਉਹ ਫੌਰਨ ਨੋਟ ਕਰ ਲੈਂਦੇ ਨੇ ਤੇ ਸੰਗਤਾਂ ਦੇ ਜਾਣ ਤੋਂ ਬਾਅਦ ਫੌਰਨ ਉਹੀ ਕੁੱਝ ਬਨਾਉਣਾ ਸ਼ੁਰੂ ਹੋ ਜਾਂਦਾ ਹੈ, ਹਮਲੇ ਦਾ ਹਰ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਹੋ ਰਹੀ ਏ।” ਗੱਲਾਂ ਕਰਦੇ ਤੁਰੇ ਜਾਂਦੇ ਵੀ ਉਨ੍ਹਾਂ ਦਾ ਧਿਆਨ ਪ੍ਰਕਰਮਾਂ ਵਿੱਚ ਹੋਈ ਤਬਾਹੀ ਵੱਲ ਹੀ ਸੀ, ਜਿਥੇ ਤਕਰੀਬਨ ਹਰ ਕਮਰਾ ਬੰਬਾਂ ਦੀ ਮਾਰ ਨਾਲ ਸੜ ਚੁੱਕਾ ਸੀ। ਵਿੱਚ ਕਈ ਕਹਿ ਰਹੇ ਸਨ ਕਿ ਇਸ ਕਮਰੇ ਵਿੱਚ ਫਲਾਣਾ ਰਹਿੰਦਾ ਸੀ ਤੇ ਇਸ ਵਿੱਚ ਫਲਾਣਾ, ਹੁਣ ਉਨ੍ਹਾਂ ਕਮਰਿਆ ਵਿੱਚ ਕੇਵਲ ਅੱਗ ਦੀ ਗਹਿਰੀ ਕਾਲਖ ਤੇ ਸੜੇ ਹੋਏ ਦਰਵਾਜ਼ੇ ਖਿੜਕੀਆਂ ਬਚੇ ਸਨ।
ਜਿਵੇਂ ਹੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੁੱਜੇ, ਸਾਰੀਆਂ ਸੰਗਤਾਂ ਦੇ ਹਿਰਦੇ `ਚੋਂ ਇੱਕ ਆਹ ਨਿਕਲੀ। ਅਕਾਲ ਤਖਤ ਸਾਹਿਬ ਪੂਰੀਂ ਤਰ੍ਹਾਂ ਬਰਬਾਦ ਹੋ ਚੁੱਕਾ ਸੀ, ਖੰਡਰ ਬਣ ਚੁੱਕਾ ਸੀ। ਹਾਲਾਂਕਿ ਉਸ ਦੇ ਅਗੇ ਇੱਕ ਵੱਡੀ ਕਨਾਤ ਤਾਣ ਕੇ, ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜੋ ਕੁੱਝ ਨਜ਼ਰ ਆ ਰਿਹਾ ਸੀ ਉਹ ਬਰਬਾਦੀ ਦੀ ਦਾਸਤਾਂ ਚੰਗੀ ਤਰ੍ਹਾਂ ਬਿਆਨ ਕਰ ਰਿਹਾ ਸੀ, ਪਤਾ ਨਹੀਂ ਕਿਤਨੀਆਂ ਸੰਗਤਾਂ ਦੀਆਂ ਚੀਸਾਂ ਨਿਕਲੀਆਂ, ਕਿਤਨੀ ਕੁਰਲਾਈਆਂ, ਜਿਵੇਂ ਹਰ ਹਿਰਦਾ ਤੜਫ ਉਠਿਆ ਸੀ। ਸਿੱਖ ਕੌਮ ਦੀ ਆਨ ਬਾਨ ਸ਼ਾਨ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਆਲੀਸ਼ਾਨ ਇਮਾਰਤ ਭਾਰਤੀ ਫ਼ੌਜ ਵੱਲੋਂ ਬੰਬ-ਬਾਰੀ ਕਰਕੇ ਖੰਡਰ ਬਣਾ ਦਿੱਤੀ ਗਈ ਸੀ। ਹਰਮੀਤ ਦੇ ਚਿਹਰੇ ਦਾ ਰੋਹ ਹੋਰ ਭਰ ਆਇਆ ਤੇ ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ, “ਲਾਹਨਤ ਹੈ ਸਾਡੇ ਜੀਣ `ਤੇ … …. ।” ਤੇ ਨਾਲ ਹੀ ਉਸ ਦਾ ਰੋਸ ਉਸ ਦੀਆਂ ਅੱਖਾਂ ਰਾਹੀਂ ਵਗਣਾ ਸ਼ੁਰੂ ਹੋ ਗਿਆ। ਬਲਦੇਵ ਸਿੰਘ ਜੋ ਆਪ ਜ਼ਾਰ ਜ਼ਾਰ ਰੋ ਰਿਹਾ ਸੀ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, “ਹਰਮੀਤ ਹੋਸ਼ ਕਰ, ਸੰਭਾਲ ਆਪਣੇ ਆਪ ਨੂੰ …. ।”
“ਕੀ ਸੰਭਾਲਾਂ? ਕੀ ਕਰ ਲੈਣਗੇ, … … ਵੱਧ ਤੋਂ ਵੱਧ ਮਾਰ ਹੀ ਦੇਣਗੇ?” ਹਰਮੀਤ ਦੇ ਬੋਲ ਜਿਵੇਂ ਚੀਖ ਵਿੱਚ ਤਬਦੀਲ ਹੋ ਗਏ ਸਨ। ਗੁਰਸੇਵਕ ਵੀ ਛੇਤੀ ਨਾਲ ਆਇਆ ਤੇ ਹਰਮੀਤ ਨੂੰ ਜੱਫੀ ਵਿੱਚ ਲੈਂਦੇ ਹੋਏ, ਉਸ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, “ਬੇਟਾ! ਇਹ ਤਾਂ ਐਵੇਂ ਆਤਮਹੱਤਿਆ ਕਰਨ ਵਾਲੀ ਗੱਲ ਹੈ, ਸਤਿਗੁਰੂ ਵੀ ਸਮਝਾਉਂਦੇ ਹਨ, ‘ਵਖਤੁ ਵਿਚਾਰੈ ਸੋ ਬੰਦਾ ਹੋਈ’ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਜ਼ਰੂਰੀ ਹੈ। ਇਹ ਤਾਂ ਸਿੱਖ ਨੌਜੁਆਨਾਂ ਦਾ ਸ਼ਿਕਾਰ ਕਰਨ ਲਈ ਉਨ੍ਹਾਂ ਨੂੰ ਲਭਦੇ ਫਿਰਦੇ ਨੇ, ਇਨ੍ਹਾਂ ਨੂੰ ਤਾਂ ਬਸ ਬਹਾਨਾ ਚਾਹੀਦੈ, ਕਿਸੇ ਨੂੰ ਵੀ ਆਤੰਕਵਾਦੀ ਕਹਿਕੇ ਗੋਲੀ ਮਾਰ ਦੇਣ, ਫੇਰ ਕੋਈ ਪੁੱਛ ਪ੍ਰਤੀਤ ਨਹੀਂ।” ਸ਼ਾਇਦ ਗੁਰਸੇਵਕ ਸਿੰਘ ਦੇ ਲਫਜ਼ ਕੁੱਝ ਅਸਰ ਵਿਖਾ ਗਏ ਸਨ, ਹਰਮੀਤ ਬੋਲਣੋ ਚੁੱਪ ਕਰ ਗਿਆ ਪਰ ਪਿਤਾ ਦੇ ਗੱਲ ਲੱਗ ਕੇ ਰੋਣ ਲਗਾ। ਬਲਦੇਵ ਸਿੰਘ ਨੇ ਉਸ ਨੂੰ ਪੁਚਕਾਰਿਆ, ਪਿੱਠ `ਤੇ ਹੱਥ ਫੇਰ ਕੇ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਆਪਣੇ ਅਥਰੂਆਂ `ਤੇ ਕਾਬੂ ਨਹੀਂ ਸੀ ਹੋ ਰਿਹਾ। ਸ਼ਾਇਦ ਇਹ ਸਭ ਫ਼ੌਜੀਆਂ ਦੇ ਧਿਆਨ ਵਿੱਚ ਨਹੀਂ ਆਇਆ, ਕਿਉਂਕਿ ਇਥੇ ਉਹ ਵਧੇਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਘੇਰਾ ਪਾ ਕੇ ਖੜ੍ਹੇ ਸਨ ਤਾਂਕਿ ਕੋਈ ਉਧਰ ਨਾ ਜਾਵੇ। ਬਲਦੇਵ ਸਿੰਘ ਤੇ ਗੁਰਸੇਵਕ ਸਿੰਘ ਨੇ ਵਾਹਿਗੁਰੂ ਦਾ ਸ਼ੁਕਰ ਮਨਾਇਆ। ਸੰਗਤਾਂ ਦੇ ਹੌਕਿਆਂ ਨਾਲ ਸਾਰਾ ਮਹੌਲ ਹੀ ਅਤਿ ਗ਼ਮਗੀਨ ਸੀ। ਅਕਾਲ ਤਖਤ ਸਾਹਿਬ ਦੇ ਪਿਛੇ ਅਤੇ ਆਸੇ ਪਾਸੇ ਵੀ ਜਿਥੋਂ ਤੱਕ ਨਜ਼ਰ ਜਾਂਦੀ ਸੀ, ਬਰਬਾਦੀ ਹੀ ਬਰਬਾਦੀ ਨਜ਼ਰ ਆ ਰਹੀ ਸੀ।
ਉਨ੍ਹਾਂ ਮਹਿਸੂਸ ਕੀਤਾ ਕਿ ਬਹੁਤੇ ਹਿੰਦੂ ਵੀਰ ਤਾਂ ਤਮਾਸ਼ਾ ਵੇਖਣ ਹੀ ਆਏ ਹੋਏ ਸਨ ਪਰ ਕਈ ਸੱਚਮੁੱਚ ਬੜੀ ਭਾਵਨਾ ਵਾਲੇ ਸਨ ਤੇ ਉਹ ਸਿੱਖਾਂ ਵਾਂਗੂੰ ਹੀ ਦਰਦ ਮਹਿਸੂਸ ਕਰ ਰਹੇ ਸਨ। ਜਿਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਲੱਗੇ, ਉਨ੍ਹਾਂ ਵੇਖਿਆਂ ਕਿ ਇੱਕ ਬਜ਼ੁਰਗ ਹਿੰਦੂ ਵੀਰ ਦਹਿਲੀਜ਼ ਉਤੇ ਮੱਥਾ ਰੱਖ ਕੇ ਬੱਚਿਆਂ ਵਾਂਗੂ ਰੋ ਰਿਹਾ ਸੀ, ਉਸ ਦੀਆਂ ਅੱਖਾਂ ਹੰਝੂਆਂ ਦੀ ਬਰਖਾ ਕਰ ਰਹੀਆਂ ਸਨ। ਸ਼ਰਧਾ ਉਸ ਦੇ ਅੰਦਰੋਂ ਫੁੱਟ-ਫੁੱਟ ਪੈ ਰਹੀ ਸੀ। ਹਰਮੀਤ ਅਤੇ ਬਲਦੇਵ ਸਿੰਘ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗੇ, ਕੋਲੋਂ ਗੁਰਸੇਵਕ ਸਿੰਘ ਨੇ ਦੱਸਿਆ, “ਇਨ੍ਹਾਂ ਦਾ ਨਾਂ ਗੁਰਦਿਆਲ ਚੰਦ ਹੈ, ਸਤਿਕਾਰ ਨਾਲ ਸਾਰੇ ਇਨ੍ਹਾਂ ਨੂੰ ਭਗਤ ਜੀ ਕਹਿੰਦੇ ਹਨ। ਪਿਤਾ ਜੀ ਦੀ ਤਰ੍ਹਾਂ ਇਹ ਵੀ ਰੋਜ਼ ਨੇਮ ਨਾਲ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲਿਆਂ `ਚੋਂ ਹਨ, ਬੜੀ ਸ਼ਰਧਾ ਨਾਲ ਗੁਰਬਾਣੀ ਸੁਣਦੇ ਹਨ, ਇਨ੍ਹਾਂ ਨੂੰ ਆਪ ਵੀ ਬਹੁਤ ਗੁਰਬਾਣੀ ਕੰਠ ਹੈ।”
ਦਰਬਾਰ ਸਾਹਿਬ ਦੀ ਹਾਲਤ ਸਰਕਾਰ ਦੇ ਇਸ ਦਾਅਵੇ ਕਿ ‘ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ’ ਦੀ ਖਿੱਲੀ ਉਡਾ ਰਹੀ ਸੀ। ਦਰਬਾਰ ਸਾਹਿਬ ਦੀ ਪਾਵਨ ਇਮਾਰਤ `ਤੇ ਗੋਲੀਆਂ ਦੇ ਸੈਂਕੜੇ ਨਿਸ਼ਾਨ ਲੱਗੇ ਸਨ। ਇਹ ਨਿਸ਼ਾਨ ਸੁਨਹਿਰੀ ਪਤਰੇ, ਸੰਗਮਰਮਰ, ਅਤੇ ਨਿਕਾਸ਼ੀ `ਤੇ ਵੀ ਲੱਗੇ ਸਨ। ਕਈ ਲੋਕ ਇਨ੍ਹਾਂ ਨੂੰ ਗਿਣ ਰਹੇ ਸਨ। ਹਰ ਕੋਈ ਫ਼ੌਜ ਨੂੰ ਬੁਰਾ ਭਲਾ ਕਹਿ ਰਿਹਾ ਸੀ, ਕਈ ਇੰਦਰਾ ਗਾਂਧੀ ਨੂੰ ਕੋਸ ਰਹੇ ਸਨ। ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਇਥੇ ਪ੍ਰਕਾਸ਼ ਸੀ, ਉਸ ਵਿੱਚ ਵੀ ਗੋਲੀ ਲੱਗੀ ਹੈ। “ਪਰ ਅਸੀਂ ਤਾਂ ਸੁਣਿਆ ਹੈ ਕਿ ਜੋ ਸਰੂਪ ਉਪਰ ਹਰ ਕੀ ਪਉੜੀ ਦੇ ੳਪਰ ਸੀ, ਉਸ ਵਿੱਚ ਗੋਲੀ ਲੱਗੀ ਹੈ?” ਬਲਦੇਵ ਸਿੰਘ ਨੇ ਸੁਆਲ ਕੀਤਾ।
“ਨਹੀਂ ਭਰਾ ਜੀ! ਉਥੇਂ ਤਾਂ ਅਖੰਡ ਪਾਠ ਚੱਲ ਰਿਹਾ ਸੀ। ਗੋਲੀ ਲੱਗਣ ਨਾਲ ਉਸ ਦੇ ਨੇੜੇ ਦਾ ਸ਼ੀਸ਼ਾ ਟੁੱਟ ਗਿਆ ਅਤੇ ਪਾਠ ਕਰ ਰਹੇ ਪਾਠੀ ਦੇ ਹੱਥ `ਤੇ ਲੱਗ ਗਿਆ। ਜਿਸ ਨਾਲ ਉਸ ਦਾ ਹੱਥ ਜ਼ਖਮੀਂ ਹੋ ਗਿਆ ਤੇ ਖੂਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ `ਤੇ ਲੱਗ ਗਿਆ।”
“ਇਹ ਕਿਸ ਦਿਨ ਦੀ ਗੱਲ ਹੈ?” ਬਲਦੇਵ ਸਿੰਘ ਨੇ ਜਗਿਆਸਾ ਨਾਲ ਪੁੱਛਿਆ।
“ਸ਼ਾਇਦ 6 ਜੂਨ ਸਵੇਰ ਦੀ”, ਗੁਰਸੇਵਕ ਸਿੰਘ ਨੇ ਜੁਆਬ ਦਿੱਤਾ।
“ਪਰ ਚਾਚਾ ਜੀ! ਇਤਨੀ ਗੋਲੀਬਾਰੀ ਦੇ ਬਾਵਜੂਦ ਉਸ ਦਿਨ ਤੱਕ ਇਥੇ ਪਾਠ ਚੱਲ ਰਿਹਾ ਸੀ?” ਹਰਮੀਤ ਨੇ ਬੜੀ ਹੈਰਾਨਗੀ ਨਾਲ ਪੁੱਛਿਆ।
“ਹਾਂ ਬੇਟਾ! ਬਾਕੀ ਸਾਰੇ ਅਖੰਡ ਪਾਠਾਂ ਦੇ ਭੋਗ ਤਾਂ ਚਾਰ ਤਾਰੀਖ ਨੂੰ ਪਾ ਦਿੱਤੇ ਗਏ ਸਨ ਅਤੇ ਨਵੇਂ ਪਾਠ ਨਹੀਂ ਸਨ ਸ਼ੁਰੂ ਕੀਤੇ ਗਏ ਪਰ ਇਥੇ ਛੇ ਤਾਰੀਖ ਦੀ ਸਵੇਰ ਨੂੰ ਭੋਗ ਪਾਇਆ ਗਿਆ। ਕਈ ਪਾਠੀਆਂ ਨੂੰ ਅੱਠ-ਅੱਠ, ਦਸ-ਦਸ ਘੰਟੇ ਡਿਊਟੀ ਦੇਣੀ ਪਈ ਪਰ ਉਨ੍ਹਾਂ ਮਰਿਯਾਦਾ ਚਲਾਈ ਰੱਖੀ। ਇਹ ਠੀਕ ਹੈ ਕਿ ਖਾੜਕੂਆਂ ਨੇ ਜੋ ਬਹਾਦਰੀ ਵਿਖਾਈ ਹੈ ਉਹ ਲਾਸਾਨੀ ਹੈ ਪਰ ਬਾਕੀਆਂ ਨੇ ਵੀ ਆਪਣਾ ਫਰਜ਼ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਤਨੀ ਵਰਦੀ ਅੱਗ ਵਿੱਚ ਵੀ ਇੱਕ ਰਾਗੀ ਭਾਈ ਅਮਰੀਕ ਸਿੰਘ ਜੋ ਅੱਖਾਂ ਤੋਂ ਸੂਰਮੇ ਸਨ ਦਾ ਜਥਾ 6 ਜੂਨ ਨੂੰ ਅੰਮ੍ਰਿਤ-ਵੇਲੇ ਇਥੇ ਕੀਰਤਨ ਦੀ ਡਿਊਟੀ ਨਿਭਾਉਣ ਲਈ ਆ ਰਿਹਾ ਸੀ, ਉਨ੍ਹਾਂ ਦੇ ਜਥੇ ਦੇ ਸਿੰਘਾਂ ਨੂੰ ਲਾਚੀ ਬੇਰ ਲਾਗੇ ਗੋਲੀਆਂ ਨਾਲ ਉਡਾ ਦਿੱਤਾ ਗਿਆ ਅਤੇ ਉਹ ਉਥੇ ਹੀ ਸ਼ਹੀਦ ਹੋ ਗਏ।” ਗੁਰਸੇਵਕ ਸਿੰਘ ਨੇ ਵਿਸਤਾਰ ਵਿੱਚ ਦੱਸਿਆ। ਸੁਣ ਕੇ ਬਲਦੇਵ ਸਿੰਘ ਦਾ ਮਨ ਹੋਰ ਦੁੱਖ ਨਾਲ ਭਰ ਗਿਆ ਅਤੇ ਕੋਲੋਂ ਹਰਮੀਤ ਬੜੇ ਰੋਸ ਨਾਲ ਬੋਲਿਆ, “ਅਜੇ ਸਰਕਾਰ ਆਖਦੀ ਹੈ, ਦਰਬਾਰ ਸਾਹਿਬ ਵੱਲ ਕੋਈ ਗੋਲੀ ਨਹੀਂ ਚਲਾਈ ਗਈ ਅਤੇ ਸਤਿਕਾਰ ਦਾ ਪੂਰਾ ਖਿਆਲ ਰੱਖਿਆ ਗਿਐ।”
“ਬੇਟਾ! ਉਹ ਤਾਂ ਤੂੰ ਆਪ ਵੇਖ ਹੀ ਰਿਹੈਂ ਕਿਵੇਂ ਸਾਰਾ ਦਰਬਾਰ ਸਾਹਿਬ ਗੋਲੀਆਂ ਨਾਲ ਵਿੰਨਿਆਂ ਪਿਐ।” ਗੁਰਸੇਵਕ ਸਿੰਘ ਨੇ ਛੋਟਾ ਜਿਹਾ ਜੁਆਬ ਦਿੱਤਾ।
ਅੰਦਰ ਰਾਗੀਆਂ ਨੂੰ ਕੀਰਤਨ ਕਰਦਾ ਵੇਖ ਕੇ ਬਲਦੇਵ ਸਿੰਘ ਨੂੰ ਜਿਵੇਂ ਇੱਕ ਦਮ ਕੋਈ ਖਿਆਲ ਆਇਆ, “ਵੀਰੇ! ਅੱਜ ਕੱਲ ਕੋਈ ਰਾਗੀ ਇਥੋਂ ਮੌਕੇ ਮੁਤਾਬਿਕ ਬੜੇ ਢੁਕਵੇਂ ਸ਼ਬਦਾਂ ਦਾ ਕੀਰਤਨ ਕਰ ਰਿਹੈ ਜਿਵੇਂ, ‘ਰਾਜੇ ਸ਼ੀਹ ਮੁਕਦਮ ਕੁਤੇ’, ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ’ ਤੇ ਭਾਈ ਗੁਰਦਾਸ ਜੀ ਦੀ ਵਾਰ, ‘ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ’ ਆਦਿ, ਉਹ ਕੌਣ ਹੈ ਐਸਾ ਜੁਰਅਤ ਵਾਲਾ ਰਾਗੀ? ਅਕਸਰ ਅਕਾਸ਼ਵਾਣੀ ਤੋਂ ਜੋ ਕੀਰਤਨ ਰਿਲੇਅ ਹੁੰਦਾ ਹੈ, ਉਸ ਵਿੱਚ ਸੁਣੀਦਾ ਹੈ।”
“ਭਰਾ ਜੀ! ਉਹ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲੇ ਦਾ ਜੱਥਾ ਹੈ। ਵਾਕਿਆ ਹੀ ਉਸ ਬੜੀ ਜੁਰਅਤ ਵਿਖਾਈ ਹੈ, ਇਥੋਂ ਤੱਕ ਕਿ ਜਦੋਂ ਅੱਠ ਜੂਨ ਨੂੰ ਗਿਆਨੀ ਜ਼ੈਲ ਸਿੰਘ ਦਰਬਾਰ ਸਾਹਿਬ ਆਇਆ ਸੀ ਤਾਂ ਉਸ ਨੇ ਇਹੀ, ਭਾਈ ਗੁਰਦਾਸ ਜੀ ਦੀ ਵਾਰ, ‘ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ’ ਸ਼ਬਦ ਲਾਇਆ ਸੀ, ਸਗੋਂ ਉਸ ਦੀ ਵੇਖਾ-ਵੇਖੀ ਹੋਰ ਰਾਗੀ ਸਿੰਘ ਵੀ ਹੁਣ ਜੁਰਅਤ ਵਿਖਾਉਣ ਲੱਗ ਪਏ ਹਨ”, ਗੁਰਸੇਵਕ ਨੇ ਬੜੀ ਵਡਿਆਈ ਕਰਦੇ ਹੋਏ ਦੱਸਿਆ। ਉਸ ਦੇ ਚਿਹਰੇ ਤੋਂ ਵੀ ਉਸ ਪ੍ਰਤੀ ਸਤਿਕਾਰ ਝੱਲਕ ਰਿਹਾ ਸੀ।
“ਚਾਚਾ ਜੀ! ਵੈਸੇ ਪ੍ਰੋ. ਦਰਸ਼ਨ ਸਿੰਘ ਰਾਗੀ ਨੇ ਵੀ ਕਮਾਲ ਕੀਤੀ ਪਈ ਏ। ਉਹ ਵੀ ਸਾਰੇ ਦੇਸ਼ ਵਿੱਚ ਥਾਂ-ਥਾਂ ਫਿਰ ਕੇ ਕਮਾਲ ਦਾ ਕੀਰਤਨ ਕਰ ਰਹੇ ਹਨ। ਉਨ੍ਹਾਂ ਆਪਣੀ ਜਗ੍ਹਾ ਤੇ ਇੱਕ ਨਵਾਂ ਇਨਕਲਾਬ ਖੜਾ ਕਰ ਦਿੱਤੈ, ਸ਼ਬਦਾਂ ਦੀ ਵਿਆਖਿਆਂ ਦੁਆਰਾ ਹੀ ਕੌਮ ਅੰਦਰ ਨਵਾਂ ਰੋਸ ਅਤੇ ਜੋਸ਼ ਭਰ ਦਿੱਤੈ, ਨਹੀਂ ਤੇ ਇਸ ਕਾਰਵਾਈ ਤੋਂ ਬਾਅਦ ਤਾਂ ਕੌਮ ਬਿਲਕੁਲ ਸਾਹਸੱਤ ਹੀਣ ਹੋਈ ਪਈ ਸੀ, ਪ੍ਰੋ ਦਰਸ਼ਨ ਸਿੰਘ ਸਾਹਸੱਤ ਹੀਣ ਹੋਈ ਕੌਮ ਅੰਦਰ ਨਵੀਂ ਜ਼ਿੰਦਗੀ ਫੂਕਣ ਦੀ ਕੋਸ਼ਿਸ਼ ਕਰ ਰਹੇ ਨੇ”, ਕੋਲੋਂ ਹਰਮੀਤ ਬੋਲਿਆ।
“ਬਲਿਹਾਰ ਹਾਂ ਐਸੇ ਰਾਗੀਆਂ ਦੇ ਜੋ ਕੌਮ ਤੇ ਇਸ ਭੀੜ ਵੇਲੇ, ਇਤਨੀ ਜੁਰਅਤ ਨਾਲ ਇਸ ਜ਼ੁਲਮ ਖਿੱਲਾਫ ਗੁਰਬਾਣੀ ਰਾਹੀਂ ਵੀ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਸਾਡੇ ਇਨ੍ਹਾਂ ਅਖੌਤੀ ਜਥੇਦਾਰਾਂ ਤੇ ਮੁੱਖ ਗਰੰਥੀਆਂ ਨਾਲੋਂ ਤਾਂ ਬਹੁਤ ਚੰਗੇ ਹਨ, ਘਟੋ ਘੱਟ ਉਨ੍ਹਾਂ ਵਾਂਗੂੰ ਉਲਟੇ ਸਿੱਧੇ ਬਿਆਨ ਦੇ ਕੇ ਕੌਮ ਨੂੰ ਗੁੰਮਰਾਹ ਤਾਂ ਨਹੀਂ ਕਰ ਰਹੇ।” ਬਲਦੇਵ ਸਿੰਘ ਨੇ ਜਿਥੇ ਉਨ੍ਹਾਂ ਰਾਗੀਆਂ ਦੀ ਤਾਰੀਫ ਕੀਤੀ ਨਾਲ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਲੋਂ ਟੀ. ਵੀ. `ਚ ਦਿੱਤੇ ਬਿਆਨਾਂ ਪ੍ਰਤੀ ਆਪਣਾ ਰੋਸ ਵੀ ਜ਼ਾਹਿਰ ਕਰ ਦਿੱਤਾ। ਗੁਰਸੇਵਕ ਸਿੰਘ ਨੇ ਸੁਣਿਆਂ ਪਰ ਅੱਗੋਂ ਕੋਈ ਜੁਆਬ ਨਹੀਂ ਦਿੱਤਾ।
ਦਰਬਾਰ ਸਾਹਿਬ ਤੋਂ ਬਾਹਰ ਫਿਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਹੁੰਚੇ ਤਾਂ ਉਥੇ ਗੁਰਸੇਵਕ ਸਿੰਘ ਨੂੰ ਕੁੱਝ ਜਾਨਣ ਵਾਲੇ ਮਿਲ ਗਏ। ਉਨ੍ਹਾਂ ਦੇ ਘਰ ਵੀ ਗੁਰਸੇਵਕ ਸਿੰਘ ਹੋਰਾਂ ਦੇ ਨਾਲ ਦੇ ਗੱਲੀ ਮੁਹੱਲਿਆਂ ਵਿੱਚ ਸਨ। ਸਾਰੇ ਰੋਣਹਾਕੇ ਹੋ ਕੇ ਇੱਕ ਦੂਜੇ ਦਾ ਹਾਲ ਪੁੱਛਣ ਲਗੇ ਤੇ ਫੇਰ ਰਲਕੇ ਆਪਸ ਵਿੱਚ ਦੁੱਖ ਸਾਂਝੇ ਕਰਨ ਲਗੇ। ਹਰ ਕਿਸੇ ਦਾ ਹਜ਼ਾਰਾਂ ਲੱਖਾਂ ਦਾ ਨੁਕਸਾਨ ਹੋ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਭਿੰਡਰਾਂਵਾਲੇ ਦੀ ਨੁਕਤਾਚੀਨੀ ਕਰਨ ਲਗਾ ਕਿ ‘ਖਾਲਿਸਤਾਨ ਬਣਾਉਦੇ ਬਣਾਉਦੇ ਨੇ ਸਾਰੀ ਕੌਮ ਦਾ ਸਤਿਆਨਾਸ ਕਰ ਕੇ ਰੱਖ ਦਿੱਤਾ ਹੈ। ਇਹ ਹਮਲਾ ਉਨ੍ਹਾਂ ਕਾਰਨ ਹੋਇਆ ਹੈ ਨਹੀਂ ਤਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਕੀ ਖਤਰਾ ਸੀ। ਪਹਿਲਾਂ ਕਿਉਂ ਨਾ ਹੋਇਆ? ਭਿੰਡਰਾਂਵਾਲੇ ਨੂੰ ਅਕਾਲ ਤਖਤ ਸਾਹਿਬ ਵਿੱਖੇ ਰਹਿਣ, ਕੰਪਲੈਕਸ ਵਿੱਚ ਮੋਰਚੇ ਬਨਾਉਣ ਅਤੇ ਹਥਿਆਰ ਇਕੱਠੇ ਕਰਨ ਦਾ ਕੀ ਹੱਕ ਸੀ, ਜੇ ਸਰਕਾਰ ਨਾਲ ਲੜਨਾ ਹੀ ਸੀ ਤਾਂ ਬਾਹਰ ਆ ਕੇ ਮੈਦਾਨ ਵਿੱਚ ਲੜਦੇ?’ ਉਸ ਦੇ ਰੋਸ ਤੋਂ ਸਪੱਸ਼ਟ ਸੀ ਕਿ ਉਹ ਇਸ ਪਾਵਨ ਸਥਾਨ ਦੀ ਬੇਅਦਬੀ ਅਤੇ ਬਰਬਾਦੀ ਵਾਸਤੇ ਉਨ੍ਹਾਂ ਨੂੰ ਹੀ ਜ਼ੁਮੇਂਵਾਰ ਸਮਝਦਾ ਹੈ।
ਉਸ ਦੇ ਨਾਲ ਦੂਸਰਾ ਵੀਰ ਕਹਿਣ ਲੱਗਾ, “ਇਹ ਤਾਂ ਸਰਕਾਰ ਦੀ ਗਿਣੀ ਮਿੱਥੀ ਸਾਜਿਸ਼ ਨਾਲ ਹਮਲਾ ਕੀਤਾ ਗਿਐ ਤਾਂ ਜੋ ਦੇਸ਼ ਦੀ ਬਹੁਗਿਣਤੀ ਨੂੰ ਖੁਸ਼ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਜਾਵੇ। ਸਰਕਾਰ ਨੇ ਜੇ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹੀ ਪਕੜਨਾ ਹੁੰਦਾ, ਉਹ ਤਾਂ ਦਿਨ ਵੇਲੇ ਸਾਰਾ ਸਮਾਂ ਲੰਗਰ ਦੀ ਇਮਾਰਤ `ਤੇ ਰਹਿੰਦੇ ਸਨ। ਕਰਫਿਉ ਤਾਂ ਅੰਮ੍ਰਿਤਸਰ ਲੱਗਾ ਹੀ ਰਹਿੰਦਾ ਸੀ, ਕਿਸੇ ਵੇਲੇ ਵੀ ਅਚਾਨਕ ਘੇਰਾ ਪਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਜੇ ਦੋਨੋਂ ਪਾਸਿਓ ਗੋਲੀ ਵੀ ਚਲਦੀ ਤਾਂ ਇਤਨੇ ਨਿਰਦੋਸ਼ ਲੋਕ ਤਾਂ ਨਾ ਮਾਰੇ ਜਾਂਦੇ ਤੇ ਨਾ ਹੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਦਾ।” ਗੁਰਸੇਵਕ ਸਿੰਘ ਨੇ ਹੱਥ ਨਾਲ ਦੋਹਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਸਮਝਦਾ ਸੀ ਇਸ ਵੇਲੇ ਸਿੱਖਾਂ ਨੂੰ ਇਸ ਜਗ੍ਹਾ `ਤੇ ਆਪਸ ਵਿੱਚ ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਉਸ ਨੇ ਵੇਖਿਆ ਹੋਰ ਵੀ ਬਹੁਤ ਸੰਗਤਾਂ ਆਪਸ ਵਿੱਚ ਐਸੀਆਂ ਹੀ ਗੱਲਾਂ ਕਰ ਰਹੀਆਂ ਸਨ। ਉਹ ਥੋੜ੍ਹਾ ਅੱਗੇ ਤੁਰੇ ਤਾਂ ਨੇੜੇ ਹੁੰਦੇ ਹੋਏ ਗੁਰਸੇਵਕ ਨੇ ਬਲਦੇਵ ਸਿੰਘ ਨੂੰ ਕਿਹਾ, “ਇਹ ਵੀ ਕਮਾਲ ਹੈ, ਜਿਹੜੇ ਪਹਿਲਾਂ ਭਿੰਡਰਾਂਵਾਲੇ ਦੇ ਪ੍ਰਸ਼ੰਸਕ ਸਨ, ਉਨ੍ਹਾਂ `ਚੋਂ ਬਹੁਤ ਵਿਰੋਧੀ ਹੋ ਗਏ ਨੇ ਤੇ ਜਿਹੜੇ ਵਿਰੋਧੀ ਸਨ, ਉਨ੍ਹਾਂ `ਚੋਂ ਬਹੁਤ ਪ੍ਰਸ਼ੰਸਕ ਹੋ ਗਏ ਨੇ। ਕਿਤਨੀ ਅਜੀਬ ਗੱਲ ਹੈ, ਸਮੇਂ ਨਾਲ ਬੰਦਾ ਕਿਤਨਾ ਬਦਲ ਜਾਂਦਾ ਹੈ?” ਬਲਦੇਵ ਸਿੰਘ ਨੇ ਜੁਆਬ ਤਾਂ ਕੋਈ ਨਾ ਦਿੱਤਾ ਪਰ ਉਹ ਸੋਚਣ ਲੱਗਾ ਕਿ ਉਸ ਦੀ ਆਪਣੀ ਵੀ ਤਾਂ ਤਕਰੀਬਨ ਇਹੀ ਹਾਲਤ ਹੈ।
ਥੋੜ੍ਹਾ ਹੋਰ ਅਗੇ ਹੋਏ ਤਾਂ ਗੁਰਸੇਵਕ ਸਿੰਘ ਨੂੰ ਇੱਕ ਹੋਰ ਜਾਣਕਾਰ ਮਿਲ ਗਿਆ, ਉਹ ਬਲਦੇਵ ਸਿੰਘ ਨਾਲ ਮਿਲਾਉਂਦਾ ਹੋਇਆ ਕਹਿਣ ਲੱਗਾ, “ਭਰਾ ਜੀ! ਇਨ੍ਹਾਂ ਦਾ ਨਾਂ ਮਨੋਹਰ ਸਿੰਘ ਹੈ, ਇਹ ਵੀ ਇਥੇ ਨੇੜੇ ਹੀ ਇੱਕ ਮਹੱਲੇ ਵਿੱਚ ਰਹਿੰਦੇ ਹਨ।” ਆਪਸ ਵਿੱਚ ਕੁੱਝ ਦੁੱਖ ਫਰੋਲਣ ਤੋਂ ਬਾਅਦ ਮਨੋਹਰ ਸਿੰਘ ਕਹਿਣ ਲੱਗਾ, “ਜਿਸ ਦਿਨ ਤੋਂ ਇਹ ਐਕਸ਼ਨ ਹੋਇਆ ਹੈ, ਰਾਤ ਨੂੰ ਅੱਧੀ ਰਾਤ ਤੱਕ ਅਸਮਾਨ ਇਸ ਤਰ੍ਹਾਂ ਲਾਲ ਰਹਿੰਦਾ ਹੈ, ਜਿਵੇਂ ਸੂਰਜ ਛਿਪਣ ਸਮੇਂ ਲਾਲੀ ਰਹਿੰਦੀ ਹੈ।” ਉਹ ਸਮਝ ਗਏ ਕਿ ਮਨੋਹਰ ਸਿੰਘ ਇਹ ਕਹਿਣਾ ਚਾਹੁੰਦਾ ਹੈ ਕਿ ਇਤਨੇ ਜ਼ੁਲਮ ਵੇਖ ਕੇ ਅਸਮਾਨ ਵੀ ਖੂਨ ਦੇ ਹੰਝੂ ਵਹਾ ਰਿਹਾ ਹੈ। ਕੋਲੋਂ ਹੀ ਗੁਰਸੇਵਕ ਸਿੰਘ ਬੋਲ ਪਿਆ, “ਆਹ ਨਹੀਂ ਵੇਖਦੇ, ਇਥੇ ਸਦੀਆਂ ਤੋਂ ਸੈਂਕੜੇ ਨਹੀਂ ਹਜ਼ਾਰਾਂ ਹੀ ਕਬੂਤਰ ਘੁਟਕੂੰ-ਗੂੰ, ਘੁਟਕੂੰ-ਗੂੰ, ਕਰਦੇ ਰਹਿੰਦੇ ਸਨ, ਅੱਜ ਕਿਤੇ ਕੋਈ ਕਬੂਤਰ ਦਿਖਾਈ ਨਹੀਂ ਦਿੱਤਾ। ਫ਼ੌਜ ਦੇ ਜ਼ੁਲਮਾਂ ਅਤੇ ਦਹਿਸ਼ਤ ਨਾਲ ਆਮ ਲੋਕ ਹੀ ਦਹਿਸ਼ਤਜ਼ਦਾ ਨਹੀਂ ਹੋਏ, ਸਗੋਂ ਕਬੂਤਰ ਤੱਕ ਵੀ ਇਥੋਂ ਉੱਡ ਗਏ ਹਨ, ਜੋ ਅੱਜ ਤੱਕ ਵਾਪਸ ਨਹੀਂ ਪਰਤੇ।”
ਪਤਾ ਹੀ ਨਹੀਂ ਲੱਗਾ, ਕਿਸ ਵੇਲੇ ਦੋ ਘੰਟੇ ਬੀਤ ਗਏ ਤੇ ਫ਼ੌਜੀਆਂ ਨੇ ਸਾਰਿਆਂ ਨੂੰ ਬੰਦੂਕ ਦੀਆਂ ਨੋਕਾਂ ਨਾਲ ਬਾਹਰ ਜਾਣ ਲਈ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.