.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੫)

Gurmat and science in present scenario (Part-5)

ਸਰੀਰਕ ਜੀਵਨ ਦਾ ਆਧਾਰ ਪਾਣੀ ਅਤੇ ਹਵਾ ਹਨ ਤੇ ਆਤਮਿਕ ਜੀਵਨ ਦਾ ਆਧਾਰ ਗੁਰੂ ਹੈ

Water and air are required for physical existence and Guru is essential for spiritual life

ਇਸ ਧਰਤੀ ਤੇ ਪੈਦਾ ਹੋਣ ਵਾਲੇ ਅਨੇਕਾਂ ਜੀਵਾਂ ਬਾਰੇ ਅੱਜਕਲ ਸਾਇੰਸ ਦੇ ਆਧਾਰ ਤੇ ਕਈ ਤਰ੍ਹਾਂ ਦੀਆਂ ਥਿਊਰੀਆਂ ਦਿਤੀਆਂ ਜਾ ਰਹੀਆਂ ਹਨ। ਪਰੰਤੂ ਪੂਰਨ ਕੋਈ ਵੀ ਨਹੀਂ। ਬਿਗ ਬੈਂਗ ਥਿਊਰੀ (Big band theory) ਦੇ ਮੁਤਾਬਕ ਬਹੁਤ ਸਾਰੀ ਹਾਈਡਰੋਜ਼ਨ ਨਿਕਲੀ ਜਿਸ ਤੋਂ ਹੋਰ ਪਦਾਰਥ ਬਣੇ। ਗੁਰੂ ਨਾਨਕ ਸਾਹਿਬ ਦੀ ੫੦੦ ਸਾਲ ਪਹਿਲਾਂ ਦਿਤੀ ਗਈ ਸੇਧ ਨੂੰ ਕਿਸੇ ਵਿਰਲੇ ਨੇ ਹੀ ਵਿਚਾਰਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਇਸ ਪਵਨ ਨੂੰ ਪੈਦਾ ਕਰਨ ਵਾਲਾ, ਉਹ ਅਕਾਲ ਪੁਰਖੁ ਤੇ ਉਸ ਦਾ ਧਰਮ ਜਾਂ ਅਸੂਲ ਹੀ ਹੈ। ਇਸ ਪਵਨ (ਹਾਈਡਰੋਜ਼ਨ + ਔਕਸੀਜ਼ਨ) ਤੋਂ ਹੀ ਪਾਣੀ ਬਣਿਆ ਹੈ। ਇਸ ਜਲ ਤੋਂ ਸਾਰੇ ਜੀਵ ਜੰਤੂ ਪੈਦਾ ਹੋਏ ਹਨ। ਅੱਜ ਦੀ ਸਾਇੰਸ ਵੀ ਇਹੀ ਕਹਿੰਦੀ ਹੈ ਕਿ ਜੀਵਨ ਪਾਣੀ ਤੋਂ ਆਰੰਭ ਹੋਇਆ। ਇਸੇ ਕਰਕੇ ਮੰਗਲ ਅਤੇ ਚੰਦਰਮਾਂ ਉੱਪਰ ਪਾਣੀ ਦੀ ਸੰਭਾਵਨਾਂ ਬਾਰੇ ਖੋਜ਼ਾਂ ਹੋ ਰਹੀਆਂ ਹਨ।

ਅਕਾਲ ਪੁਰਖੁ ਤੋਂ ਸੂਖਮ ਤੱਤ ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, ਤੇ, ਇਸ ਰਚੇ ਸੰਸਾਰ ਦੇ ਹਰੇਕ ਹਿਰਦੇ ਵਿੱਚ ਅਕਾਲ ਪੁਰਖੁ ਦੀ ਜੋਤਿ ਸਮਾਈ ਹੋਈ ਹੈ। ਪਰੰਤੂ ਅਕਾਲ ਪੁਰਖੁ ਅਤੇ ਉਸ ਦੇ ਹੁਕਮੁ ਬਾਰੇ ਸੋਝੀ ਸਬਦ ਗੁਰੂ ਤੋਂ ਹੀ ਮਿਲ ਸਕਦੀ ਹੈ, ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ, ਉਹ ਹਿਰਦਾ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ॥ ੩॥ (੧੯, ੨੦)

ਅਕਾਲ ਪੁਰਖੁ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ, ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ ਦੀ ਰਚਨਾ ਕੀਤੀ। ਹਾਈਡਰੋਜਨ ਧਮਾਕੇ ਨਾਲ ਬਲਦੀ ਹੈ, ਔਕਸੀਜ਼ਨ ਬਲਣ ਵਿੱਚ ਸਹਾਇਤਾ ਕਰਦੀ ਹੈ, ਪਰ ਦੋਹਾਂ ਦੇ ਮੇਲ ਨਾਲ ਬਣਿਆ ਪਾਣੀ ਅੱਗ ਨੂੰ ਬੁਝਾਉਂਦਾ ਹੈ। ਪਾਣੀ, ਮਿਟੀ ਤੇ ਟਾਪੂ ਇੱਕ ਦੂਜੇ ਦੇ ਨਾਲ ਨਾਲ ਬਣੇ ਹੋਏ ਹਨ, ਪਰ ਪਾਣੀ ਮਿਟੀ ਤੇ ਟਾਪੂ ਨੂੰ ਰੋੜ ਵੀ ਦਿੰਦਾ ਹੈ। ਰਚਨਹਾਰ ਅਕਾਲ ਪੁਰਖੁ ਦੀ ਇਹ ਇੱਕ ਅਸਚਰਜ ਲੀਲਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਅਤੁਲ ਵਡਿਆਈ ਭੁਲਾ ਕੇ ਨਿਰਾ ਰਾਵਣ ਦੇ ਮਾਰਨ ਵਿੱਚ ਹੀ ਉਸ ਦੀ ਵਡਿਆਈ ਸੀਮਿਤ ਕਰਨੀ ਬਹੁਤ ਵੱਡੀ ਭੁੱਲ ਹੈ। ਅਕਾਲ ਪੁਰਖੁ ਨਿਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? ਨਿਰੇ ੧੪ ਰਤਨ ਵੰਡਣ ਨਾਲ ਅਕਾਲ ਪੁਰਖੁ ਦੀ ਵਡਿਆਈ ਨਹੀਂ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤ ਵਿਚੋਂ ਹਰੇਕ ਥਾਂ ਤੇ ਦਿੱਸ ਰਹੀ ਹੈ। ਅਕਾਲ ਪੁਰਖੁ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਸਭ ਜੀਵਾਂ ਵਿੱਚ ਵਿਆਪਕ ਹੈ, ਮੌਜੂਦ ਹੈ। ਅਕਾਲ ਪੁਰਖ ਨੇ ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਨੂੰ ਆਪਣੇ ਹੁਕਮੁ ਵਿੱਚ ਰੱਖਿਆ ਹੋਇਆ ਹੈ।

ਆਸਾ ਮਹਲਾ ੧॥ ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥ ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥ ੧॥ ਕਿਆ ਉਪਮਾ ਤੇਰੀ ਆਖੀ ਜਾਇ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥ ੧॥ ਰਹਾਉ॥ (੩੫੦)

ਗੁਰੂ ਸਾਹਿਬ ਨੇ ਕਈ ਸਾਲ ਪਹਿਲਾਂ ਦੱਸ ਦਿਤਾ ਸੀ ਕਿ ਸਰੀਰਕ ਜੀਵਨ ਦਾ ਆਧਾਰ ਹਵਾ ਹੈ ਅਤੇ ਆਤਮਿਕ ਜੀਵਨ ਦਾ ਆਧਾਰ ਗੁਰੂ ਹੈ। ਜੀਵਨ ਚਲਦਾ ਰਹਿਣ ਲਈ ਪਾਣੀ (ਪਿਤਾ) ਦੀ ਜਰੂਰਤ ਹੈ। ਜੀਵ ਦੇ ਪਾਲਣ ਪੋਸਣ ਲਈ ਧਰਤੀ (ਮਾਤਾ) ਦੀ ਜਰੂਰਤ ਹੈ। ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਤੇ ਦਿਨੇ ਆਪਣੇ ਕਾਰ ਵਿਹਾਰ ਵਿੱਚ ਲੱਗੇ ਰਹਿੰਦੇ ਹਨ। ਅਕਾਲ ਪੁਰਖ ਜੀਵਾਂ ਦੇ ਚੰਗੇ ਤੇ ਮੰਦੇ ਕੰਮ ਨੂੰ ਵੇਖ ਰਿਹਾ ਹੈ। ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਜਾਂ ਕਈ ਦੂਰ ਹੋ ਜਾਂਦੇ ਹਨ। ਇਹ ਸਿਧਾਤ ਬਿਲਕੁਲ ਨਿਊਟਨ ਦੇ ਤੀਸਰੇ ਨਿਯਮ ਵਰਗਾ ਹੈ। ਜਿਸ ਅਨੁਸਾਰ ਕਿਰਿਆ ਤੇ ਉਸ ਦੀ ਪ੍ਰਤੀ ਕਿਰਿਆ ਇੱਕ ਦੂਜੇ ਦੇ ਬਰਾਬਰ ਤੇ ਉਲਟ ਹੁੰਦੇ ਹਨ। (Action and reaction are equal and opposite.) ਹੁਣ ਇਸੇ ਨੂੰ ਅਸੀਂ ਆਪਣੀਆਂ ਕਿਰਿਆਵਾਂ ਜੋ ਕਿ ਅਸੀਂ ਸਰੀਰਕ ਤੇ ਮਾਨਸਕ ਤਲ ਤੇ ਕਰਦੇ ਹਾਂ, ਉਪਰ ਲਗਾਈਏ, ਤਾਂ ਸਰੀਰਕ ਕਿਰਿਆਵਾਂ ਦੇ ਨਤੀਜੇ ਬਾਰੇ ਤਾਂ ਕੁੱਝ ਹੱਦ ਤਕ ਨਿਊਟਨ ਦੇ ਤੀਸਰੇ ਨਿਯਮ ਅਨੁਸਾਰ ਸਮਝ ਸਕਦੇ ਹਾਂ, ਪਰੰਤੂ ਮਾਨਸਕ ਤਲ ਤੇ ਕੀਤੀਆਂ ਕਿਰਿਆਵਾਂ ਦੇ ਨਤੀਜੇ ਬਾਰੇ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ। ਜਿਨ੍ਹਾਂ ਨੇ ਸਿਰਫ ਮਾਇਆ ਦੀ ਖੇਡ ਹੀ ਖੇਡੀ, ਉਨ੍ਹਾਂ ਨੇ ਅਕਾਲ ਪੁਰਖ ਤੋਂ ਵਿੱਥ ਪਾ ਲਈ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮੁ ਆਪਣੇ ਚਿੱਤ ਵਿੱਚ ਰੱਖਿਆ, ਉਹ ਆਪਣੀ ਮਿਹਨਤ ਸਫਲ ਕਰ ਗਏ, ਅਕਾਲ ਪੁਰਖ ਦੇ ਦਰ ਤੇ ਉਹ ਉੱਜਲ ਮੁੱਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਨ੍ਹਾਂ ਦੀ ਸੰਗਤਿ ਕਰ ਕੇ “ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ।

ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ੧॥ (੮)

ਭਗਤ ਨਾਮਦੇਵ ਜੀ ਕਰਮ ਕਾਂਡਾਂ ਨੂੰ ਖੰਡਦੇ ਹੋਏ, ਇਹ ਸਮਝਾ ਰਹੇ ਹਨ ਕਿ ਤੁਸੀ ਕਿਹੜੀ ਸੁੱਚਮਤਾ ਤੇ ਜੂਠ ਦੀ ਗੱਲ ਕਰਦੇ ਹੋ। ਜਿਸ ਸੁੱਚੇ ਪਾਣੀ ਨਾਲ ਇਸ਼ਨਾਨ ਕਰਾਵਾਉਂਣ ਦਾ ਕਹਿੰਦੇ ਹੋ, ਉਹ ਪਾਣੀ ਤਾਂ ਜੂਠਾ ਹੈ, ਕਿਉਂਕਿ ਪਾਣੀ ਵਿੱਚ ਬਤਾਲੀ ਲੱਖ ਜੂਨਾਂ, ਭਾਵ ਅਣਗਿਣਤ ਜੀਵ ਰਹਿੰਦੇ ਹਨ। ਸੱਭ ਜੀਵਾਂ ਵਿੱਚ ਅਕਾਲ ਪੁਰਖੁ ਵਿਆਪਕ ਹੋ ਕੇ ਵਿਚਰ ਰਿਹਾ ਹੈ। ਹਰ ਥਾਂ ਤੇ ਨਿਰਲੇਪ ਅਕਾਲ ਪੁਰਖੁ ਮੌਜੂਦ ਹੈ। ਭਗਤ ਨਾਮਦੇਵ ਜੀ ਨੇ ਮੂਰਤੀ ਪੂਜਾ ਦਾ ਖੰਡਨ ਤੇ ਸਰਬ ਵਿਆਪਕ ਅਕਾਲ ਪੁਰਖੁ ਦੀ ਭਗਤੀ ਦਾ ਉਪਦੇਸ਼ ਦਿਤਾ ਹੈ।

ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ ੧॥ ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥ ੧॥ ਰਹਾਉ॥ (੪੮੫)

ਗੁਰੂ ਸਾਹਿਬ ਨੇ ਜਿਥੇ ਸੂਤਕੁ ਦਾ ਭਰਮ ਦੂਰ ਕੀਤਾ, ਉਥੇ ਇਹ ਵੀ ਸਮਝਾ ਦਿਤਾ ਹੈ ਕਿ ਸੂਤਕੁ ਸਭ ਥਾਈਂ ਹੁੰਦਾ ਹੈ। ਭਾਵ ਹਰੇਕ ਗੋਹੇ ਤੇ ਲਕੜੀ ਦੇ ਅੰਦਰ ਵੀ ਕੀੜੇ ਹੁੰਦੇ ਹਨ, ਜਿਹੜੇ ਜੰਮਦੇ ਤੇ ਮਰਦੇ ਰਹਿੰਦੇ ਹਨ। ਜਿਤਨੇ ਵੀ ਅੰਨ ਦੇ ਦਾਣੇ ਹਨ, ਉਨ੍ਹਾਂ ਅੰਦਰ ਜੀਵ ਜੰਤੂ ਰਹਿੰਦੇ ਹਨ। ਜੀਵਨ ਦਾ ਆਧਾਰ ਪਾਣੀ ਹੈ, ਜਿਸ ਸਦਕਾ ਸਾਰੇ ਜੀਵ ਜੰਤੂ ਤੇ ਹਰਿਆਵਲ ਕਾਇਮ ਹੈ। ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬਹੁਤ ਮੁਸ਼ਕਲ ਹੈ, ਕਿਉਂਕਿ ਸੂਤਕ ਤਾਂ ਹਰ ਵੇਲੇ ਹੀ ਰਸੋਈ ਵਿੱਚ ਪਿਆ ਰਹਿੰਦਾ ਹੈ, ਜਿਥੇ ਕਿ ਹਮੇਸ਼ਾਂ ਅੰਨ ਤੇ ਪਾਣੀ ਰੱਖੇ ਰਹਿੰਦੇ ਹਨ। ਇਸ ਤਰ੍ਹਾਂ ਭਰਮਾਂ ਵਿੱਚ ਪਿਆਂ ਸੂਤਕ ਦਾ ਵਹਿਮ ਮਨ ਵਿਚੋ ਨਹੀਂ ਨਿਕਲ ਸਕਦਾ, ਇਸ ਨੂੰ ਗੁਰਬਾਣੀ ਦਾ ਗਿਆਨ ਦੁਆਰਾ ਹੀ ਧੋ ਕੇ ਲਾਹਿਆ ਜਾ ਸਕਦਾ ਹੈ। ਇਸ ਸਬਦ ਵਿੱਚ ਗੁਰੂ ਸਾਹਿਬ ਨੇ ਸਾਇੰਸ ਦੀ ਇਹ ਅਸਲੀਅਤ ਵੀ ਸਮਝਾ ਦਿਤੀ ਕਿ ਪਾਣੀ, ਲੱਕੜੀ ਤੇ ਅੰਨ ਦੇ ਹਰੇਕ ਦਾਣੇ ਵਿੱਚ ਅੰਦਰ ਜੀਵ ਜੰਤੂ ਰਹਿੰਦੇ ਹਨ।

ਸਲੋਕੁ ਮਃ ੧॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ ੧॥ (੪੭੨-੪੭੩)

ਜੀਵ ਦੀ ਪੈਦਾਇਸ਼ ਮਨੁੱਖ ਜਾਂ ਸਾਡੀ ਸਾਇੰਸ ਨਹੀਂ ਕਰ ਸਕਦੀ ਹੈ। ਜੀਵ ਆਤਮਾ ਅਤੇ ਮਨ ਦੇ ਤਲ ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, ਉਹ ਵਰਤਮਾਨ ਸਾਇੰਸ ਦੀ ਸਮਰੱਥਾ ਤੋਂ ਬਾਹਰ ਹਨ। ਇਸ ਸ਼ਬਦ ਵਿੱਚ ਵੀ ਗੁਰੂ ਸਾਹਿਬ ਨੇ ਇਹੀ ਸਪੱਸ਼ਟ ਕੀਤਾ ਹੈ, ਕਿ ਜੀਵਨ ਲਈ ਜਲ ਜਰੂਰੀ ਹੈ। ਨਾਲ ਹੀ ਕੁੱਝ ਬੁਝਣ ਦੀ ਗੱਲ ਸਮਝਾਈ ਹੈ, ਭਾਵ ਗੁਰੂ ਦੀ ਮਤ ਰਾਹੀਂ ਜੀਵਨ ਦੀ ਅਸਲੀਅਤ ਨੂੰ ਸਮਝਣਾਂ ਹੈ। ਅਸਲ ਵਿੱਚ ਇਹ ਜਗਤ ਅਕਾਲ ਪੁਰਖੁ ਦਾ ਰੂਪ ਹੈ, ਕਿਉਂਕਿ ਹਰੇਕ ਜੀਵ ਅਕਾਲ ਪੁਰਖੁ ਤੋਂ ਹੀ ਪੈਦਾ ਹੁੰਦਾ ਹੈ, ਪਰ ਕੋਈ ਵਿਰਲਾ ਬੰਦਾ ਇਹ ਗੱਲ ਗੁਰੂ ਦੀ ਮਿਹਰ ਨਾਲ ਸਮਝਦਾ ਹੈ, ਤੇ ਜੋ ਸਮਝ ਲੈਂਦਾ ਹੈ ਉਸ ਮਨੁੱਖ ਦੇ ਅੰਦਰੋਂ ਹਉਮੈਂ ਦੂਰ ਹੋ ਜਾਂਦਾ ਹੈ ਤੇ ਉਸ ਦਾ ਜੀਵਨ ਵਿਕਾਰ ਰਹਿਤ ਹੋ ਜਾਂਦਾ ਹੈ।

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ॥ ੨॥ (੧੨੮੩)

ਇਸ ਸਬਦ ਵਿੱਚ ਗੁਰੂ ਸਾਹਿਬ ਉਦਾਹਰਣ ਤਾਂ ਪਪੀਹੇ ਤੇ ਪਾਣੀ ਦੀ ਆਮ ਜੀਵਨ ਬਾਰੇ ਦੇ ਰਹੇ ਹਨ, ਪਰ ਸਮਝਾ ਇਸ ਮਨ ਨੂੰ ਰਹੇ ਹਨ। ਆਮ ਪਾਣੀ ਨਾਲ ਸਾਰੀ ਸ੍ਰਿਸ਼ਟੀ ਵਿੱਚ ਉਤਪਤੀ ਹੋ ਰਹੀ ਹੈ। ਪਰੰਤੂ ਪਾਣੀ ਤੋਂ ਬਿਨਾ ਪਿਆਸ ਨਹੀਂ ਬੁਝ ਸਕਦੀ, ਜਦੋਂ ਤੱਕ ਪਾਣੀ ਦੀ ਬੂੰਦ ਮਨੁੱਖ ਦੇ ਮੂੰਹ ਵਿੱਚ ਨਹੀਂ ਪੈਂਦੀ। ਇਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ, ਜਦੋਂ ਤੱਕ, ਗੁਰੂ ਦੇ ਸ਼ਬਦ ਦੁਆਰਾ ਅੰਮ੍ਰਿਤ ਨਾਮੁ ਦੀ ਬੂੰਦ ਉਸ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦੀ। ਇਸ ਲਈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰੋ, ਅਕਾਲ ਪੁਰਖੁ ਦੇ ਹੁਕਮੁ ਨੂੰ ਭਲਾ ਜਾਣ ਕੇ ਮੰਨਿਆ ਕਰੋ।

ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ॥ ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ॥ ੫੫॥ (ਪੰਨਾ ੧੪੧੯, ੧੪੨੦)

ਪੰਜ ਤੱਤਾ ਵਿਚੋ ਹਵਾ ਜੀਵਨ ਦਾ ਆਧਾਰ ਹੈ, ਸਾਡਾ ਸਰੀਰ ਸਵਾਸਾਂ ਦੇ ਆਸਰੇ ਚਲ ਰਿਹਾ ਹੈ। ਅਸੀਂ ਸਾਹ ਰਾਹੀਂ ਔਕਸੀਜਨ ਲੈਂਦੇ ਹਾਂ, ਜਿਸ ਨਾਲ ਸਾਡੇ ਖਾਣੇ ਤੋਂ ਬਣੇ ਹੋਏ ਗੁਲੂਕੋਜ਼ ਦੇ ਬਲਣ ਨਾਲ ਊਰਜਾ ਪੈਦਾ ਹੁੰਦੀ ਹੈ, ਜਿਸ ਨਾਲ ਸਾਨੂੰ ਤਾਕਤ ਮਿਲਦੀ ਹੈ ਤੇ ਸਾਡਾ ਸਰੀਰ ਚਲਦਾ ਰਹਿੰਦਾ ਹੈ। ਜਗਤ ਵਿੱਚ ਅਕਾਲ ਪੁਰਖੁ ਦੀ ਰਚੀ ਰਚਨਾ ਦਾ ਨਾਚ ਹੋ ਰਿਹਾ ਹੈ। ਇਸ ਨਾਚ ਨੂੰ ਵੇਖਣ ਦੀ ਸਮਰਥਾ ਵਾਲਾ ਦਇਆਵਾਨ ਅਕਾਲ ਪੁਰਖੁ ਨਾਚ ਦੇ ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ। ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼ ਚੰਦੋਏ ਦੀ ਤਰ੍ਹਾਂ ਤਣਿਆ ਹੋਇਆ ਹੈ। ਜਿਹੜਾ ਸਰੀਰ ਪਾਣੀ ਤੋਂ ਪੈਦਾ ਹੁੰਦਾ ਹੈ, ਉਸ ਦਾ ਤੇ ਜਿੰਦ ਦਾ ਮਿਲਾਪ ਕਰਾਈ ਰੱਖਣ ਵਾਲਾ, ਹਰੇਕ ਜੀਵ ਦੇ ਅੰਦਰ ਚੱਲ ਰਿਹਾ, ਹਰੇਕ ਸੁਆਸ ਹੀ ਹੈ। ਪੰਜ ਤੱਤਾਂ ਨੂੰ ਮਿਲਾ ਕੇ ਅਕਾਲ ਪੁਰਖੁ ਨੇ ਹਰੇਕ ਜੀਵ ਦਾ ਸਰੀਰ ਬਣਾਇਆ ਹੋਇਆ ਹੈ। ਜੀਵ ਦੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ। ਇਸ ਧਰਤ ਅਖਾੜੇ ਵਿੱਚ ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਜੋ ਕਿ ਚਾਰੇ ਪਾਸੇ ਚਾਨਣ ਦੇਣ ਲਈ ਟਿਕਾਏ ਹੋਏ ਹਨ। ਹਰੇਕ ਜੀਵ ਦੇ ਦਸ ਇੰਦ੍ਰੇ ਤੇ ਪੰਜ ਕਾਮਾਦਿਕ ਡੂੰਮ ਇਕੋ ਸਰੀਰ ਵਿੱਚ ਹੀ ਇਕੱਠੇ ਹਨ। ਇਹ ਸਾਰੇ ਵੱਖ ਵੱਖ ਹੋ ਕੇ ਵੀ ਆਪੋ ਆਪਣੇ ਕਲੋਲ ਵਿਖਾ ਰਹੇ ਹਨ, ਇਨ੍ਹਾਂ ਪੰਜਾਂ ਕਰਕੇ ਸਭਨਾਂ ਵਿੱਚ ਵੱਖਰੀ ਵੱਖਰੀ ਪ੍ਰੇਰਨਾ ਤੇ ਕਾਮਨਾ ਹੈ। ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ ਅਤੇ ਅਨੇਕਾਂ ਜੀਵ ਇਨ੍ਹਾਂ ਦੇ ਕਰਕੇ ਖ਼ੁਆਰ ਹੋ ਰਹੇ। ਪਰੰਤੂ ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਮਾਇਆ ਦੇ ਹੱਥਾਂ ਤੇ ਮੁੜ ਮੁੜ ਨਹੀਂ ਨੱਚਦਾ।

ਰਾਮ ਕੋ ਨਿਰਤਿਕਾਰੀ॥ ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ॥ ੧॥ ਰਹਾਉ॥ ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥ ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ॥ ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ॥ ੨॥ (੮੮੪, ੮੮੫)

ਗੁਣਹੀਨ ਸਾਕਤ ਮਨੁੱਖ ਆਪਣੇ ਸਰੀਰ ਦਾ ਮਾਣ ਕਰਦਾ ਹੈ, ਆਪਣੀ ਅਸਲੀਅਤ ਨੂੰ ਨਹੀਂ ਪਹਿਚਾਣਦਾ ਹੈ। ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਆਖ਼ਰ ਇੱਕ ਦਿਨ ਇਸ ਨੇ ਅੱਗ ਵਿੱਚ ਪੈ ਜਾਣਾ ਹੈ। ਹਰੇਕ ਜੀਵ ਦੇ ਮੱਥੇ ਉੱਤੇ ਅਕਾਲ ਪੁਰਖੁ ਦਾ ਇਹ ਅਟੱਲ ਹੁਕਮੁ ਹੈ। ਇਹ ਸਰੀਰ ਸੁਆਸਾਂ ਦੇ ਅਧੀਨ ਹੈ, ਹਰੇਕ ਦੇ ਗਿਣੇ ਮਿਥੇ ਸੁਆਸ ਹਨ। ਜਿਵੇਂ ਬਾਲਕ ਦੀ ਪੇਟ ਦੀ ਭੁੱਖ, ਮਾਂ ਦੇ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਉਦੋਂ ਬੁੱਝਦੀ ਹੈ ਜਦੋਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਜਲ ਇਸ ਉੱਤੇ ਪਾਈਏ। ਇਹ ਸਰੀਰ ਜਿਸ ਦਾ ਅਸੀਂ ਮਾਣ ਕਰਦੇ ਹਾਂ, ਤੇ ਇਹ ਧਨ ਜੋ ਮਨੁੱਖ ਇਕੱਠਾ ਕਰਦਾ ਰਹਿੰਦਾ ਹੈ, ਮਰਨ ਵੇਲੇ ਨਾਲ ਨਹੀਂ ਜਾਂਦਾ। ਅਕਾਲ ਪੁਰਖੁ ਦਾ ਨਾਮੁ ਐਸਾ ਪਵਿਤ੍ਰ ਧਨ ਹੈ, ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ, ਜਿਸ ਨੂੰ ਗੁਰੂ ਦਿੰਦਾ ਹੈ, ਜਿਸ ਉਤੇ ਉਹ ਅਕਾਲ ਪੁਰਖੁ ਬਖਸ਼ਦਾ ਹੈ।

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥ ੫॥ (੬੩)

ਗੁਰੂ ਨਾਨਕ ਸਾਹਿਬ ਨੇ ਸਿਧਾਂ ਦੇ ਉੱਤਰ ਦੇਂਦੇ ਸਮੇਂ ਸਮਝਾਇਆ ਕਿ, ਪ੍ਰਾਣ ਹੀ ਮਨੁੱਖਾ ਦੀ ਹਸਤੀ ਦਾ ਮੁੱਢ ਹਨ, ਜਿਹੜੇ ਕਿ ਹਵਾ ਰਾਹੀਂ ਸਾਹ ਲੈਂਣ ਨਾਲ ਕਾਇਮ ਹਨ। ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਓ, ਉਸ ਗੁਰੂ ਦਾ ਸਿੱਖ ਹੈ। ਇਹ ਸਬਦ ਸਾਬਤ ਕਰਦਾ ਹੈ ਕਿ ਨਾ ਤਾਂ ਸਰੀਰ ਗੁਰੂ ਹੋ ਸਕਦਾ ਹੈ ਤੇ ਨਾ ਹੀ ਚੇਲਾ ਸਰੀਰ ਹੋ ਸਕਦਾ ਹੈ। ਸਾਡਾ ਸਿੱਖ ਕਹਿਲਾਉਂਣਾਂ ਇਸ ਤੇ ਨਿਰਭਰ ਕਰਦਾ ਹੈ ਕਿ ਸਾਡੀ ਸੁਰਤ ਕਿੰਨੀ ਕੁ ਸਬਦ ਨਾਲ ਜੁੜੀ ਹੋਈ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਅਕੱਥ ਅਕਾਲ ਪੁਰਖੁ ਦੀਆਂ ਗੱਲਾਂ ਕਰ ਕੇ ਭਾਵ, ਉਸ ਕਰਤੇ ਦੇ ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਉਹ ਅਕਾਲ ਪੁਰਖੁ ਹਰੇਕ ਜੁਗ ਵਿੱਚ ਮੌਜੂਦ ਸੀ ਤੇ ਹੁਣ ਵੀ ਹੈ। ਕੇਵਲ ਗੁਰ-ਸ਼ਬਦ ਹੀ ਹੈ, ਜਿਸ ਦੁਆਰਾ ਅਕਾਲ ਪੁਰਖੁ ਦੇ ਗੁਣ ਵਿਚਾਰੇ ਜਾ ਸਕਦੇ ਹਨ, ਇਸ ਸ਼ਬਦ ਰਾਹੀਂ ਗੁਰਮੁੱਖ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਦੀ ਅੱਗ ਦੂਰ ਕਰਦਾ ਹੈ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (੯੪੨, ੯੪੩)

ਸ੍ਰਿਸ਼ਟੀ ਦੀ ਰਚਨਾ ਕਰ ਕੇ ਅਕਾਲ ਪੁਰਖੁ ਨੇ ਮਾਨੋ, ਇੱਕ ਖੇਡ ਬਣਾ ਦਿੱਤੀ ਹੈ। ਹਵਾ ਪਾਣੀ ਅੱਗ ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ, ਉਸ ਵਿੱਚ ਜਿੰਦ ਟਿਕਾ ਦਿੱਤੀ ਹੈ। ਇਸ ਸਰੀਰ ਰੂਪੀ ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਅੱਖਾਂ, ਨੰਕ, ਕੰਨ, ਮੂੰਹ, ਮਲ ਤਿਆਗ ਦੇ ਦੋ ਰਸਤੇ) ਤਾਂ ਪਰਗਟ ਤੌਰ ਤੇ ਲਾ ਦਿੱਤੇ ਹਨ, ਜਿਨ੍ਹਾਂ ਸਦਕਾ ਮਨੁੱਖ ਦਾ ਇਹ ਸਰੀਰ ਚਲਦਾ ਰਹਿੰਦਾ ਹੈ। ਪ੍ਰੰਤੂ ਸੋਝੀ ਦਾ ਉਹ ਦਸਵਾਂ ਦਰਵਾਜ਼ਾ, ਜਿਸ ਦਰਵਾਜ਼ੇ ਰਾਹੀਂ, ਉਸ ਕਰਤੇ ਦੇ ਘਰ ਵਿੱਚ ਪਹੁੰਚ ਸਕਦੇ ਹਾਂ, ਉਹ ਦਸਵਾਂ ਦਰਵਾਜ਼ਾ ਉਸ ਨੇ ਗੁਪਤ ਰੱਖਿਆ ਹੋਇਆ ਹੈ। ਉਹ ਦਰਵਾਜ਼ਾ ਸਿਰਫ ਗੁਰ-ਸ਼ਬਦ ਦੁਆਰਾ ਤੇ ਉਸ ਦੀ ਮਿਹਰ ਨਾਲ ਹੀ ਖੁੱਲਦਾ ਹੈ।

ਜਗਤੁ ਉਪਾਇ ਖੇਲੁ ਰਚਾਇਆ॥ ਪਵਣੈ ਪਾਣੀ ਅਗਨੀ ਜੀਉ ਪਾਇਆ॥ ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ॥ ੪॥ (੧੦੩੧)

ਇਸ ਸਰੀਰ ਵਿੱਚ ਉਸ ਨੇ ਹਵਾ, ਪਾਣੀ, ਅੱਗ ਆਦਿਕ ਤੱਤਾਂ ਨੂੰ ਇਕੱਠੇ ਕਰਕੇ ਵਸਾ ਦਿੱਤਾ ਹੈ। ਸ੍ਰਿਸ਼ਟੀ ਦੀ ਰਚਨਾ ਦਾ ਖੇਲ ਤੇ ਤਮਾਸ਼ਾ, ਉਸ ਨੇ ਆਪ ਹੀ ਰਚਿਆ ਹੋਇਆ ਹੈ। ਜਿਹੜੀ ਬਲਦੀ ਹੋਈ ਅੱਗ ਉਸ ਦੀ ਕਿਰਪਾ ਰਾਹੀਂ, ਪਾਣੀ ਪਾਉਂਣ ਨਾਲ ਬੁੱਝ ਜਾਂਦੀ ਹੈ, ਉਹੀ ਅਗਨੀ ਉਸ ਨੇ ਸਮੁੰਦਰ ਵਿੱਚ ਟਿਕਾ ਰੱਖੀ ਹੈ। ਇਸ ਤੋਂ ਇਹੀ ਇਸ਼ਾਰਾ ਮਿਲਦਾ ਹੈ ਕਿ ਸਮੁੰਦਰ ਅਗਨੀ ਦਾ ਸੋਮਾਂ ਹੈ, ਬਹੁਤ ਸਾਰੀ ਊਰਜਾ, ਉਸ ਵਿੱਚ ਸਮਾਈ ਹੋਈ ਹੈ। ਅੱਜਕਲ ਅਸੀਂ ਪਾਣੀ ਦੇ ਦਰਿਆਵਾਂ ਤੋਂ ਊਰਜਾ ਲੈ ਰਹੇ ਹਾਂ, ਪਾਣੀ ਦੀ ਭਾਫ ਨਾਲ ਜੈਂਨਰੇਟਰ ਚਲਾ ਕੇ ਬਿਜਲੀ ਪੈਦਾ ਕਰ ਰਹੇ ਹਾਂ।

ਧਰਤੀ ਪੈਦਾ ਕਰ ਕੇ ਅਕਾਲ ਪੁਰਖੁ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ। ਜਗਤ ਦੀ ਉੱਤਪਤੀ ਤੇ ਪਰਲੋ ਕਰਨ ਵਾਲਾ ਉਹ ਆਪ ਹੀ ਹੈ, ਪਰ ਆਪ ਇਸ ਉੱਤਪਤੀ ਤੇ ਪਰਲੋ ਤੋਂ ਨਿਰਲੇਪ ਰਹਿੰਦਾ ਹੈ। ਹਰ ਥਾਂ ਤੇ ਭਾਵ, ਸਭ ਜੀਵਾਂ ਵਿੱਚ ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ, ਇਨ੍ਹਾਂ ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ, ਆਪ ਹੀ ਇਨ੍ਹਾਂ ਸੁਆਸਾਂ ਦੀ ਤਾਕਤ ਖਿੱਚ ਕੇ ਸਰੀਰਾਂ ਨੂੰ ਢਹਿ ਢੇਰੀ ਕਰ ਦਿੰਦਾ ਹੈ। ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ ਤੇਰੀ ਮਾਲਣ ਹੈ। ਜਿਹੜੀ ਹਵਾ ਫੇਰੀਆਂ ਲੈਂਦੀ ਹੈ, ਭਾਵ, ਹਰ ਪਾਸੇ ਚੱਲਦੀ ਹੈ, ਉਸ ਹਵਾ ਮਾਨੋ ਤੇਰੇ ਉੱਪਰ ਚਉਰ ਝੁਲਾ ਰਹੀ ਹੈ। ਆਪਣੇ ਇਸ ਜਗਤ ਵਿੱਚ ਤੂੰ ਆਪ ਹੀ ਚੰਦ ਤੇ ਸੂਰਜ ਮਾਨੋ ਦੋ ਦੀਵੇ ਜਗਾ ਰੱਖੇ ਹਨ, ਚੰਦ੍ਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ, ਭਾਵ, ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿੱਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ। ਇਹ ਇਸ਼ਾਰਾ ਇਹੀ ਸਮਝਾ ਰਿਹਾ ਹੈ ਕਿ ਚੰਦ੍ਰਮੇ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੈ ਤੇ ਚੰਦ੍ਰਮੇ ਤੋਂ ਆ ਰਹੀ ਰੌਸ਼ਨੀ ਸੂਰਜ ਕਰਕੇ ਹੀ ਹੈ। ਚੰਦ੍ਰਮਾ ਸੂਰਜ ਦੀਆਂ ਕੁੱਝ ਕਿਰਨਾਂ ਆਪਣੇ ਵਿੱਚ ਸਮੇਟ ਲੈਂਦਾ ਹੈ ਤੇ ਬਾਕੀ ਦੀਆਂ ਰਿਫਲੈਕਟ ਕਰਕੇ ਧਰਤੀ ਵੱਲ ਭੇਜ ਦਿੰਦਾ ਹੈ।

ਪਉਣ ਪਾਣੀ ਅਗਨੀ ਇੱਕ ਵਾਸਾ॥ ਆਪੇ ਕੀਤੋ ਖੇਲੁ ਤਮਾਸਾ॥ ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ॥ ੪॥ ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥ ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ॥ ੫॥ ਭਾਰ ਅਠਾਰਹ ਮਾਲਣਿ ਤੇਰੀ॥ ਚਉਰੁ ਢੁਲੈ ਪਵਣੈ ਲੈ ਫੇਰੀ॥ ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ॥ ੬॥ (੧੦੩੩, ੧੦੩੪)

ਅਕਾਲ ਪੁਰਖੁ ਦੇ ਹੁਕਮੁ ਵਿੱਚ ਹੀ ਧਰਤੀ, ਹਵਾ, ਪਾਣੀ, ਆਦਿਕ ਤੱਤ ਬਣੇ ਤੇ ਆਕਾਸ਼ ਬਣਿਆ। ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੀ ਆਤਮਾ ਕਰਕੇ ਮਨੁੱਖਾ ਜੀਵਨ ਮਿਲਿਆ ਤੇ ਮਨੁੱਖ ਮਾਇਆ ਦੀ ਲਪੇਟ ਵਿੱਚ ਆ ਗਿਆ। ਅਕਾਲ ਪੁਰਖੁ ਆਪਣੇ ਹੁਕਮੁ ਵਿੱਚ ਹੀ ਜਗਤ ਦੇ ਸਾਰੇ ਕੌਤਕ ਵਰਤਾ ਰਿਹਾ ਹੈ। ਅਕਾਲ ਪੁਰਖੁ ਦੇ ਹੁਕਮੁ ਵਿੱਚ ਹੀ ਆਕਾਸ਼ ਤਣੇ ਗਏ, ਹੁਕਮੁ ਵਿੱਚ ਹੀ ਪਾਣੀ, ਧਰਤੀ, ਤੇ ਤਿੰਨੇ ਭਵਨ ਬਣੇ, ਜਿਨ੍ਹਾਂ ਵਿੱਚ ਉਹ ਆਪ ਹੀ ਵਿਆਪਕ ਹੈ। ਅਕਾਲ ਪੁਰਖੁ ਆਪਣੇ ਹੁਕਮੁ ਅਨੁਸਾਰ ਹੀ ਜੀਵਾਂ ਨੂੰ ਸਾਹ ਦਿੰਦਾ ਹੈ ਤੇ ਸਦਾ ਰਿਜ਼ਕ ਦਿੰਦਾ ਹੈ। ਅਕਾਲ ਪੁਰਖੁ ਆਪਣੀ ਰਜ਼ਾ ਵਿੱਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦਿੰਦਾ ਹੈ। ਇਹ ਸਾਰੀਆਂ ਕਿਰਿਆਵਾਂ ਜੋ ਸਾਡੇ ਆਸ ਪਾਸ ਹੋ ਰਹੀਆਂ ਹਨ, ਉਹ ਸੱਭ ਅਕਾਲ ਪੁਰਖੁ ਦੇ ਹੁਕਮੁ ਤੇ ਬਣਾਏ ਗਏ ਨਿਯਮਾਂ ਅਨੁਸਾਰ ਹੋ ਰਹੀਆਂ ਹਨ।

ਹੁਕਮੇ ਧਰਤੀ ਧਉਲ ਸਿਰਿ ਭਾਰੰ॥ ਹੁਕਮੇ ਪਉਣ ਪਾਣੀ ਗੈਣਾਰੰ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ॥ ੧੧॥ ਹੁਕਮੇ ਆਡਾਣੇ ਆਗਾਸੀ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ॥ ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ॥ ੧੨॥ (੧੦੩੬-੧੦੩੭)

ਗੁਰੂ ਸਾਹਿਬ ਨੇ ਸਾਨੂੰ ਸਚਾਈ ਤੇ ਚਲਣ ਲਈ ਪ੍ਰੇਰਿਆ ਹੈ ਤਾਂ ਜੋ ਅਸੀਂ ਭਰਮਾਂ ਵਹਿਮਾਂ ਦੇ ਜਾਲ ਵਿਚੋਂ ਬਾਹਰ ਨਿਕਲ ਸਕੀਏ। ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ, ਪਾਣੀ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਤੇ ਮਰਦੇ ਹਨ। ਹੁਣ ਜਰਾ ਕੁ ਵਿਚਾਰੋ ਕਿ ਇੱਕ ਪਾਸੇ ਤਾਂ ਇਹ ਲੋਕ ਸੂਤਕ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਪਾਸੇ ਇਹ ਲੋਕ ਪਾਣੀ ਦੀ ਚੁਲੀਆਂ ਨਾਲ ਆਪਣੇ ਆਪ ਨੂੰ ਪਵਿਤ੍ਰ ਕਰ ਰਹੇ ਹਨ। ਹੁਣ ਇਹ ਦੋਵੇਂ ਪਾਸਿਉ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ, ਇੱਕ ਪਾਸੇ ਤਾਂ ਜੀਵਾਂ ਦੇ ਜੰਮਣ ਮਰਨ ਕਰਕੇ ਸੂਤਕ, ਭਾਵ ਅਪਵਿਤ੍ਰਤਾ ਕਹਿੰਦੇ ਹਨ ਤੇ ਦੁਸਰੇ ਪਾਸੇ ਪਾਣੀ ਨਾਲ ਪਵਿਤ੍ਰਤਾ ਲਿਆਉਦੇ ਹਨ। ਮੂੰਹ ਨਾਲ ਪਾਣੀ ਪੀਤਿਆਂ ਤ੍ਰੇਹ ਜਰੂਰ ਮਿਟ ਸਕਦੀ ਹੈ, ਪਰ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼ ਨਿਭਾਇਆ ਜਾਵੇ। ਇਸ ਸਬਦ ਵਿੱਚ ਮਨ ਦੀ ਸਫਾਈ ਤੇ ਸਰੀਰ ਦੀ ਸਫਾਈ ਦੇ ਫਰਕ ਨੂੰ ਵਿਗਿਆਨਿਕ ਢੰਗ ਨਾਲ ਸਮਝਾਇਆ ਹੈ।

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ ੨॥ (੧੨੪੦)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੁ ਸਾਹਿਬਾਂ ਨੇ ਕਈ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਇਸ ਪਵਨ ਨੂੰ ਪੈਦਾ ਕਰਨ ਵਾਲਾ, ਉਹ ਅਕਾਲ ਪੁਰਖੁ ਤੇ ਉਸ ਦਾ ਧਰਮ ਜਾਂ ਅਸੂਲ ਹੀ ਹੈ। ਪਵਨ ਤੋਂ ਹੀ ਪਾਣੀ ਬਣਿਆ ਹੈ, ਤੇ ਸਾਰੇ ਜੀਵ ਜੰਤੂ ਪੈਦਾ ਹੋਏ ਹਨ। ਅੱਜ ਦੀ ਸਇੰਸ ਵੀ ਇਹੀ ਕਹਿੰਦੀ ਹੈ ਕਿ ਜੀਵਨ ਪਾਣੀ ਤੋਂ ਆਰੰਭ ਹੋਇਆ। ਸਰੀਰਕ ਜੀਵਨ ਦਾ ਆਧਾਰ ਹਵਾ ਹੈ, ਤੇ ਆਤਮਿਕ ਜੀਵਨ ਦਾ ਆਧਾਰ ਗੁਰੂ ਹੈ। ਜਿਤਨੇ ਵੀ ਅੰਨ ਦੇ ਦਾਣੇ ਹਨ, ਉਨ੍ਹਾਂ ਅੰਦਰ ਜੀਵ ਜੰਤੂ ਰਹਿੰਦੇ ਹਨ। ਪਾਣੀ ਤੋਂ ਬਿਨਾ ਪਿਆਸ ਨਹੀਂ ਬੁਝ ਸਕਦੀ, ਜਦੋਂ ਤੱਕ ਪਾਣੀ ਦੀ ਬੂੰਦ ਮਨੁੱਖ ਦੇ ਮੂੰਹ ਵਿੱਚ ਨਹੀਂ ਪੈਂਦੀ ਹੈ। ਇਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਜਦੋਂ ਤੱਕ, ਗੁਰੂ ਦੇ ਸ਼ਬਦ ਦੁਆਰਾ ਅੰਮ੍ਰਿਤ ਬਾਣੀ ਦੀ ਬੂੰਦ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦੀ। ਕੇਵਲ ਗੁਰੂ ਦਾ ਸ਼ਬਦ ਹੀ ਹੈ ਜਿਸ ਰਾਹੀਂ ਅਕਾਲ ਪੁਰਖੁ ਦੇ ਗੁਣ ਵਿਚਾਰੇ ਜਾ ਸਕਦੇ ਹਨ, ਸ਼ਬਦ ਰਾਹੀਂ ਹੀ ਮਨੁੱਖ ਆਪਣੇ ਅੰਦਰੋਂ ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਸਕਦਾ ਹੈ। ਇਹ ਸਾਰੀਆਂ ਕਿਰਿਆਵਾਂ ਜੋ ਸਾਡੇ ਆਸ ਪਾਸ ਹੋ ਰਹੀਆਂ ਹਨ, ਉਹ ਸੱਭ ਅਕਾਲ ਪੁਰਖੁ ਦੇ ਹੁਕਮੁ ਤੇ ਬਣਾਏ ਗਏ ਨਿਯਮਾਂ ਅਨੁਸਾਰ ਹੋ ਰਹੀਆਂ ਹਨ। ਗੁਰੂ ਸਾਹਿਬ ਨੇ ਸਾਨੂੰ ਸਚਾਈ ਤੇ ਚਲਣ ਲਈ ਪ੍ਰੇਰਿਆ ਹੈ ਤਾਂ ਜੋ ਅਸੀਂ ਭਰਮਾਂ ਵਹਿਮਾਂ ਦੇ ਜਾਲ ਵਿਚੋਂ ਬਾਹਰ ਨਿਕਲ ਸਕੀਏ। ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ, ਪਾਣੀ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਤੇ ਮਰਦੇ ਹਨ। ਮੂੰਹ ਨਾਲ ਪਾਣੀ ਪੀਤਿਆਂ ਤ੍ਰੇਹ ਜਰੂਰ ਮਿਟ ਸਕਦੀ ਹੈ, ਪਰ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼ ਨਿਭਾਇਆ ਜਾਵੇ। ਅਕਾਲ ਪੁਰਖ ਦਾ ਹੁਕਮੁ ਸਮਝਣ ਲਈ ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨੇ ਜਰੂਰੀ ਹਨ। ਇਸ ਲਈ ਆਓ ਸਾਰੇ ਜਾਣੇ ਸਬਦ ਗੁਰੂ ਦੁਆਰਾ ਆਪਣੇ ਅੰਦਰ ਗਿਆਨ ਦਾ ਚਾਨਣ ਪੈਦਾ ਕਰੀਏ ਅਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ ਉਪਰਾਲਾ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
http://sarbjitsingh.bravehost.com,
http://www.sikhmarg.com/article-dr-sarbjit.html




.