.

ਜਸਬੀਰ ਸਿੰਘ ਵੈਨਕੂਵਰ

ਪੂਰਬ ਜਨਮ ਹਉ ਤਪ ਕਾ ਹੀਨਾ

ਗਉੜੀ ਕਬੀਰ ਜੀ ਪੰਚਪਦੇ॥
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ॥ ਪੂਰਬ ਜਨਮ ਹਉ ਤਪ ਕਾ ਹੀਨਾ॥ 1॥ ਅਬ ਕਹੁ ਰਾਮ ਕਵਨ ਗਤਿ ਮੋਰੀ॥ ਤਜੀ ਲੇ ਬਨਾਰਸ ਮਤਿ ਭਈ ਥੋਰੀ॥ 1॥ ਰਹਾਉ॥ ਸਗਲ ਜਨਮੁ ਸਿਵ ਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ॥ 2॥ ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥ 3॥ ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ॥ 4॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ॥ ਮੁਆ ਕਬੀਰੁ ਰਮਤ ਸ੍ਰੀ ਰਾਮੈ॥ 5॥ (ਪੰਨਾ 326)

ਇਸ ਸ਼ਬਦ ਦਾ ਸਿਰਲੇਖ ਹੈ ‘ਗਉੜੀ ਕਬੀਰ ਜੀ ਪੰਚਪਦੇ’॥’ ਗਉੜੀ’ ਤੋਂ ਭਾਵ ‘ਗਉੜੀ ਰਾਗ’ ਤੋਂ ਹੈ, ‘ਕਬੀਰ ਜੀ’ ਤੋਂ ਭਾਵ ਕਬੀਰ ਸਾਹਿਬ ਤੋਂ ਹੈ; ਚੂੰਕਿ ਇਹ ਸ਼ਬਦ ਕਬੀਰ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ, ਇਸ ਲਈ ‘ਗਉੜੀ’ ਤੋਂ ਬਾਅਦ ਸ਼ਬਦ ਦੇ ਰਚੇਤੇ ਦਾ ਨਾਮ ਆਇਆ ਹੈ ‘ਪੰਚਪਦੇ’ ਤੋਂ ਭਾਵ ਹੈ ਪੰਜ ਪਦੇ’ ; ਭਾਵ, ਇਸ ਸ਼ਬਦ ਦੇ ਪੰਜ ਪਦੇ ਹਨ। ਕਬੀਰ ਸਾਹਿਬ ਦੇ ਇੱਥੇ ਇੱਕ ਤੋਂ ਵਧੀਕ ‘ਪੰਚਪਦੇ’ ਵਾਲੇ ਸ਼ਬਦ ਹਨ ਇਸ ਲਈ ‘ਪੰਚਪਦਾ’ ਸ਼ਬਦ ਦੀ ਥਾਂ ‘ਪੰਚਪਦੇ’ ਸ਼ਬਦ ਆਇਆ ਹੈ। (ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਤੋਂ ਛੁੱਟ ਕਿਸੇ ਵੀ ਹੋਰ ਗੁਰੂ ਸਾਹਿਬਾਨ ਨੇ ਆਪਣੇ ਨਾਮ ਦੇ ਛਾਪ ਦੀ ਵਰਤੋਂ ਨਹੀਂ ਕੀਤੀ ਹੈ; ਸਾਰੇ ਗੁਰੂ ਸਾਹਿਬਾਨ ਨੇ ‘ਨਾਨਕ’ ਨਾਮ ਦੀ ਹੀ ਵਰਤੋਂ ਕੀਤੀ ਹੈ। ਗੁਰੂ ਸਾਹਿਬਾਨ ਤੋਂ ਬਿਨਾਂ ਜਿਨ੍ਹਾਂ ਹੋਰ ਬਾਣੀਕਾਰਾਂ ਦੀ ਬਾਣੀ ਦਰਜ ਹੈ, ਉਹਨਾਂ ਵਲੋਂ ਉਚਾਰਣ ਕੀਤੀ ਹੋਈ ਬਾਣੀ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਛਾਪ ਦੀ ਵਰਤੋ ਕੀਤੀ ਹੋਈ ਹੈ। ਆਮ ਤੌਰ `ਤੇ ਜਦੋਂ ਕਿਸੇ ਭਗਤ ਸਾਹਿਬਾਨ ਆਦਿ ਦੀ ਬਾਣੀ ਦਰਜ ਹੈ, ਉਸ ਸ਼ਬਦ ਜਾਂ ਸ਼ਬਦਾਂ ਦੇ ਸਿਰਲੇਖ ਵਿੱਚ ਵੀ ਇਸ ਗੱਲ ਦੀ ਸੂਚਨਾ ਦਿੱਤੀ ਹੋਈ ਹੈ ਕਿ ਇਹ ਸ਼ਬਦ ਕਿਹੜੇ ਭਗਤ ਸਾਹਿਬਾਨ ਦਾ ਹੈ। ਗੁਰੂ ਸਾਹਿਬਾਨ ਦੀ ਬਾਣੀ ਵਿੱਚ ਸਿਰਲੇਖ ਵਿੱਚ ‘ਮਹਲਾ’ ਸ਼ਬਦ ਦੇ ਨਾਲ ਜੋ 1, 2, 3, 4, 5, 9, ਅੰਕ ਹਨ ਇਹਨਾਂ ਤੋਂ ਪਤਾ ਚਲਦਾ ਹੈ ਕਿ ਅਮਕੇ ਗੁਰੂ ਸਾਹਿਬ ਦਾ ਉਚਾਰਣ ਕੀਤਾ ਹੋਇਆ ਸ਼ਬਦ ਹੈ।)
ਇਸ ਸ਼ਬਦ ਵਿੱਚ ਕਬੀਰ ਸਾਹਿਬ ਨੇ ਪ੍ਰੋਹਤ ਜਮਾਤ ਅਤੇ ਇਹਨਾਂ ਦੀ ਪਾਠਸ਼ਾਲਾ `ਚੋਂ ਵਿਦਿਆ ਹਾਸਲ ਕਰਕੇ ਇਹਨਾਂ ਵਰਗੀ ਹੀ ਸੋਚ ਰੱਖਣ ਵਾਲਿਆਂ ਦੀ ਧਾਰਨਾ ਦਾ ਖੰਡਨ ਕੀਤਾ ਹੈ। ਉਹ ਧਾਰਨਾ ਜਿਸ ਅਨੁਸਾਰ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਸ਼ੀ ਵਿੱਚ ਮਰਨ ਵਾਲੇ ਨੂੰ ਸ਼ਿਵਪੁਰੀ ਵਿੱਚ ਨਿਵਾਸ ਮਿਲੇਗਾ ਅਤੇ ਮਗਹਰ ਦੀ ਧਰਤੀ `ਤੇ ਪ੍ਰਾਣ ਤਿਆਗਣ ਵਾਲਾ ਖੋਤੇ ਦੀ ਜੂਨ ਵਿੱਚ ਪਵੇਗਾ। (ਨੋਟ: ਮਗਹਰ- ਯੂ. ਪੀ. ਵਿੱਚ ਬਸਤੀ ਜ਼ਿਲੇ ਦੀ ਖ਼ਲੀਲਾਬਾਦ ਤਸੀਲ ਦਾ ਇੱਕ ਨਗਰ ਅਤੇ ਉਸ ਦੇ ਆਸਪਾਸ ਦੀ ਜਮੀਨ, ਜੋ ਗੰਗਾ ਤੋਂ ਪਾਰ ਅਯੋਧਯਾ ਤੋਂ ਪਚਾਸੀ ਮੀਲ ਪੂਰਵ ਹੈ। (ਮਹਾਨ ਕੋਸ਼)
ਕਬੀਰ ਸਾਹਿਬ ਦਾ ਜਨਮ ਕਾਂਸ਼ੀ ਵਿੱਚ ਹੋਇਆ ਸੀ ਅਤੇ ਆਪ ਜੀ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਕਾਂਸ਼ੀ ਵਿੱਚ ਹੀ ਬਿਤਾਇਆ ਸੀ। ਆਪ ਜੀ ਅਖ਼ੀਰਲੀ ਉਮਰੇ ਕਾਂਸ਼ੀ ਛੱਡ ਕੇ ਮਗਹਰ ਵਿੱਚ ਆ ਕੇ ਰਹਿਣ ਲੱਗ ਪਏ ਸਨ। ਜਨ-ਸਾਧਾਰਨ ਨੂੰ ਇਸ ਵਹਿਮ ਭਰਮ ਵਿੱਚੋਂ ਬਾਹਰ ਕਢਣ ਲਈ ਹੀ ਕਬੀਰ ਸਾਹਿਬ ਕਾਂਸ਼ੀ ਦਾ ਤਿਆਗ ਕਰਕੇ ਮਗਹਰ ਵਿਖੇ ਆ ਕੇ ਰਹਿਣ ਲੱਗੇ ਸਨ। ਇੱਥੇ ਹੀ (ਭਾਵ ਮਗਹਰ) ਆਪ ਜੀ ਨੇ ਅੰਤਮ ਸਵਾਸ ਲਿਆ ਸੀ। ਕਬੀਰ ਸਾਹਿਬ ਵਲੋਂ ਅਜਿਹਾ ਕਦਮ ਉਠਾਉਣ `ਤੇ ਸੁਭਾਵਿਕ ਸੀ ਕਾਂਸ਼ੀ ਅਤੇ ਮਗਹਰ ਬਾਰੇ ਇਹੋ-ਜਿਹੀ ਧਾਰਨਾ ਰੱਖਣ ਵਾਲਿਆਂ ਵਲੋਂ ਆਪ ਜੀ ਨੂੰ ਕਾਂਸ਼ੀ ਵਿਖੇ ਹੀ ਰਹਿਣ ਦੀ ਸਾਲਾਹ ਦਿੱਤੀ ਗਈ। ਆਪ ਜੀ ਨੂੰ ਰੋਕਣ ਵਾਲਿਆਂ ਵਿੱਚ ਕੁੱਝ ਤਾਂ ਹਮ ਦੇ ਹਮਦਰਦ ਸਨ। ਜਿਨ੍ਹਾਂ ਹਮਦਰਦਾਂ ਨੂੰ ਇਹ ਡਰ ਸੀ ਕਿ ਮਗਹਰ ਵਿਖੇ ਪ੍ਰਾਣ ਤਿਆਗਣ ਕਾਰਨ ਕਬੀਰ ਸਾਹਿਬ ਨੂੰ ਖੋਤੇ ਦੀ ਜੂਨ ਨਸੀਬ ਹੋਵੇਗੀ। ਇਸ ਲਈ ਉਹ ਇੱਕ ਸ਼ੁਭਚਿੰਤਕ ਦੀ ਹੈਸੀਅਤ ਵਿੱਚ ਆਪ ਜੀ ਨੂੰ ਵਰਜ ਰਹੇ ਸਨ। ਕੁੱਝ ਉਹ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਆਮ ਲੋਕੀਂ ਇਸ ਭਰਮ ਤੋ ਮੁਕਤ ਨਾ ਹੋ ਜਾਣ; ਕਿਧਰੇ ਜਨ-ਸਾਧਾਰਨ ਜਾਗਰੂਕ ਹੋ ਕੇ ਇਸ ਭਰਮ ਦੇ ਜਾਲ `ਚੋਂ ਬਾਹਰ ਨਾ ਨਿਕਲ ਜਾਵੇ। ਆਪ ਜੀ ਦੇ ਕਾਂਸ਼ੀ ਛੱਡ ਕੇ ਮਗਹਰ ਵਿਖੇ ਰਹਿਣ ਸੰਬੰਧੀ ਲਏ ਗਏ ਫ਼ੈਸਲੇ ਦੇ ਪ੍ਰਤਿਕਰਮ ਵਿੱਚ ਅਜਿਹੀ ਸੋਚ ਦੇ ਧਾਰਨੀਆਂ ਨੇ ਕਿਹਾ, ਉਸ ਦਾ ਆਪ ਜੀ ਨੇ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ।
ਇਸ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ: ਅਬ ਕਹੁ ਰਾਮ ਕਵਨ ਗਤਿ ਮੋਰੀ॥ ਤਜੀ ਲੇ ਬਨਾਰਸ ਮਤਿ ਭਈ ਥੋਰੀ॥ 1॥ ਰਹਾਉ॥ ਅਰਥ: ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ? ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? । 1. ਰਹਾਉ।
ਕਬੀਰ ਸਾਹਿਬ ਨੂੰ ਕਾਂਸ਼ੀ ਛੱਡ ਕੇ ਮਗਹਰ ਦੀ ਕਲਰਾਠੀ ਧਰਤੀ ਆ ਕੇ ਵੱਸਣ ਦਾ ਕੋਈ ਪਛਤਾਵਾ ਨਹੀਂ ਹੈ। ਚੂੰਕਿ ਆਪ ਜੀ ਦਾ ਇਹ ਮੰਨਣਾ ਨਹੀਂ ਹੈ ਕਿ ਕਾਂਸ਼ੀ ਵਿਖੇ ਪ੍ਰਾਣ ਤਿਆਗਣ ਵਾਲੇ ਮਨੁੱਖ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਵਿੱਚ ਪ੍ਰਾਣ ਤਿਆਗਣ ਵਾਲੇ ਨੂੰ ਖੋਤੇ ਦੀ ਜੂਨ ਮਿਲਦੀ ਹੈ। ਇਸ ਲਈ ਆਪ ਜੀ ਇਹਨਾਂ ਪੰਗਤੀਆਂ ਵਿੱਚ ਆਪਣੀ ਧਾਰਨਾ ਦਾ ਨਹੀਂ ਬਲਕਿ ਲੋਕਾਂ ਦੀ ਧਾਰਨਾ ਦਾ ਵਰਣਨ ਕਰ ਰਹੇ ਹਨ। ਭਰਮੀ (ਧਰਮ ਦੇ ਨਾਮ `ਤੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੀ ਸ਼੍ਰੇਣੀ ਅਤੇ ਇਹਨਾਂ ਦੇ ਪਿਛਲੱਗ) ਲੋਕ ਸਮਝਦੇ ਸਨ ਕਿ ਕਬੀਰ ਸਾਹਿਬ ਆਪਣੇ ਹੋਸ਼-ਹਵਾਸ ਗਵਾ ਬੈਠੇ ਹਨ, ਜਿਸ ਕਰਕੇ ਆਪ ਜੀ ਨੇ ਕਾਂਸੀ ਛੱਡ ਕੇ ਮਗਹਰ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਕਬੀਰ ਸਾਹਿਬ ਨੂੰ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਹੈ; ਇਸ ਲਈ ਆਪ ਲੋਕਾਂ ਦੀ ਇਸ ਮਨੌਤ ਦਾ ਵਰਣਨ ਕਰਦਿਆਂ ਹੋਇਆਂ ਫਿਰ ਇਸ ਉੱਤੇ ਪ੍ਰਸ਼ਨ ਚਿੰਨ ਲਾਉਂਦੇ ਹਨ।
ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਹਨ: ਜਿਉ ਜਲ ਛੋਡਿ ਬਾਹਰਿ ਭਇਓ ਮੀਨਾ॥ ਪੂਰਬ ਜਨਮ ਹਉ ਤਪ ਕਾ ਹੀਨਾ॥ 1॥ ਅਰਥ: (ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ; ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿੱਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ)। 1.
‘ਪੂਰਬ ਜਨਮ ਹਉ ਤਪ ਕਾ ਹੀਨਾ’ ਦੁਆਰਾ ਕਬੀਰ ਸਾਹਿਬ ਜਨ-ਸਾਧਾਰਨ ਅਰਥਾਤ ਕਾਂਸ਼ੀ ਅਤੇ ਮਗਹਰ ਬਾਰੇ ਇਹੋ ਜਿਹੀ ਧਾਰਨਾ ਰੱਖਣ ਵਾਲਿਆਂ ਦੀ ਮਨੌਤ ਦਾ ਵਰਣਨ ਕਰ ਰਹੇ ਹਨ। ਆਪ ਜੀ ਨੂੰ ਇਸ ਸੰਬੰਧੀ ਕਿਸੇ ਤਰ੍ਹਾਂ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੈ। ਸ਼ਬਦ ਦੀਆਂ ਅਗਲੀਆਂ ਪੰਗਤੀਆਂ ਵਿੱਚ ਆਪ ਫ਼ਰਮਾਂਦੇ ਹਨ:
ਸਗਲ ਜਨਮੁ ਸਿਵ ਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ॥ 2॥ ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥ 3॥ ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ॥ 4॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ॥ ਮੁਆ ਕਬੀਰੁ ਰਮਤ ਸ੍ਰੀ ਰਾਮੈ॥ 5॥ (ਪੰਨਾ 326)
ਅਰਥ: (ਹੇ ਰਾਮ! ਮੈਨੂੰ ਲੋਕ ਆਖਦੇ ਹਨ—) ਤੂੰ ਸਾਰੀ ਉਮਰ ਕਾਂਸ਼ੀ ਵਿੱਚ ਵਿਅਰਥ ਗੁਜ਼ਾਰ ਦਿੱਤੀ (ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ। 2.
(ਹੇ ਪ੍ਰਭੂ! ਲੋਕ ਕਹਿੰਦੇ ਹਨ—) ਤੂੰ ਕਾਂਸ਼ੀ ਵਿੱਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?) ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ। 3.
(ਹੇ ਰਾਮ! ਲੋਕ ਬੋਲੀ ਮਾਰਦੇ ਹਨ—) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ, ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? । 4.
(ਨੋਟ: ‘ਓਛੀ ਭਗਤਿ ਕੈਸੇ ਉਤਰਸਿ ਪਾਰੀ’ ਪੰਗਤੀ ਵਿੱਚ ‘ਉਤਰਸਿ ਪਾਰੀ’ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ‘ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ?’ ਕਰਦੇ ਹਨ ਪਰ ਜਨ-ਸਾਧਾਰਨ ਦੀ ਮੁਕਤੀ ਸੰਬੰਧੀ ਇਹ ਧਾਰਨਾ ਸੀ ਕਿ ਇਹ ਮਰਨ ਮਗਰੋਂ ਮਿਲਦੀ ਹੈ। ਇਸ ਲਈ ‘ਕੈਸੇ ਉਤਰਸਿ ਪਾਰੀ’ ਦਾ ਭਾਵ ਭਰਮੀਆਂ ਦੀ ਮੁਕਤੀ ਤੋਂ ਹੈ। ਇਸ ਲਈ ‘ਉਤਰਸਿ ਪਾਰੀ’ ਦਾ ਅਰਥ ‘ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ’ ਦੀ ਥਾਂ ‘ਮੁਕਤੀ ਹਾਸਲ ਕਿਵੇਂ ਕਰੇਗਾ’ ਵਧੇਰੇ ਢੁਕਵਾਂ ਹੈ।)
(ਹੇ ਕਬੀਰ!) ਆਖ—ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ); ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ)। 5.
ਕਬੀਰ ਸਾਹਿਬ ਇਸ ਪੰਗਤੀ ਵਿੱਚ ਵੀ ਇਸ ਧਾਰਨਾ ਦਾ ਖੰਡਨ ਕਰ ਰਹੇ ਹਨ ਕਿ ਨਾ ਤਾਂ ਕਾਂਸ਼ੀ ਵਿੱਚ ਪ੍ਰਾਣ ਤਿਆਗਣ ਨਾਲ ਹੀ ਕਿਸੇ ਨੂੰ ਮੁਕਤੀ ਮਿਲਦੀ ਅਤੇ ਨਾ ਹੀ ਮਗਹਰ ਦੀ ਧਰਤੀ `ਤੇ ਮਰਨ ਵਾਲੇ ਨੂੰ ਖੋਤੇ ਦੀ ਜੂਨ ਮਿਲਦੀ ਹੈ।
‘ਕਹੁ ਗੁਰ ਗਜ ਸਿਵ ਸਭੁ ਕੋ ਜਾਨੈ’ ਇਸ ਤੁਕ ਵਿੱਚ ‘ਸਭੁ ਕੋ ਜਾਨੈ’ ਦਾ ਭਾਵਾਰਥ ਸਾਰੀ ਲੋਕਾਈ ਅਥਵਾ ਸਮੂਹ ਮਨੁੱਖਾਂ ਤੋਂ ਨਹੀਂ ਹੈ। ਹਰੇਕ ਪ੍ਰਾਣੀ ਤੋਂ ਇੱਥੇ ਭਾਵ ਉਹਨਾਂ ਮਨੁੱਖਾਂ ਤੋਂ ਹੀ ਹੈ ਜਿਹੜੇ ਸ਼ਿਵ ਅਤੇ ਗਣੇਸ਼ ਦੇ ਪੁਜਾਰੀ ਸਨ। ਜਿਨ੍ਹਾਂ ਦਾ ਇਹ ਮੰਨਣਾ ਸੀ ਕਿ ਕਾਂਸ਼ੀ `ਚ ਪ੍ਰਾਣ ਤਿਆਗਣ ਵਾਲੇ ਨੂੰ ਮੁਕਤੀ ਮਿਲੇਗੀ ਅਤੇ ਮਗਹਰ ਵਿੱਚ ਮਰਨ ਵਾਲਾ ਖੋਤੇ ਦੀ ਜੂਨ ਵਿੱਚ ਪਵੇਗਾ। ਇਸ ਤਰ੍ਹਾਂ ਦੀ ਧਾਰਨਾ ਹਰੇਕ ਧਰਮ ਦੇ ਪੈਰੋਕਾਰ ਦੀ ਨਹੀਂ ਸੀ। ਇਸ ਲਈ ‘ਸਭੁ ਕੋ’ ਤੋਂ ਭਾਵ ਕਾਂਸ਼ੀ ਅਤੇ ਮਗਹਰ ਬਾਰੇ ਇਸ ਤਰ੍ਹਾਂ ਦੀ ਸੋਚ ਦੇ ਧਾਰਨੀਆਂ ਤੋਂ ਹੀ ਹੈ। ਪਰ ਹਾਂ, ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ’ ਦੇ ਗੁਰਵਾਕ ਅਨੁਸਾਰ ਜੋ ਵੀ ਇਸ ਤਰ੍ਹਾਂ ਦੀ ਸੋਚ ਦਾ ਧਾਰਨੀ ਹੈ, ਉਹ ‘ਸਭੁ ਕੋ’ ਦੇ ਘੇਰੇ ਵਿੱਚ ਹੀ ਆਉਂਦਾ ਹੈ।
ਕਬੀਰ ਸਾਹਿਬ ਅਜਿਹੀ ਧਾਰਨਾ ਨੂੰ ਮੁੱਢੋਂ ਹੀ ਰਦ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਉਹਨਾਂ ਨੂੰ ਮੁਕਤੀ ਆਦਿ ਬਾਰੇ ਇਹੋ ਜਿਹੀਆਂ ਧਾਰਨਾਵਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਆਪ ਸਮਝਦੇ ਹਨ ਕਿ ਇਹੋ ਜਿਹੀਆਂ ਧਾਰਨਾਵਾਂ ਵਿੱਚ ਰੰਚ-ਮਾਤਰ ਵੀ ਸਚਾਈ ਨਹੀਂ ਹੈ। ਇਸ ਲਈ ਆਪ ਕਹਿੰਦੇ ਹਨ ਕਿ ਉਹਨਾਂ ਨੇ ਤਾਂ ਪ੍ਰਭੂ ਵਿੱਚ ਆਪਣਾ ਆਪ ਲੀਨ ਕਰ ਲਿਆ ਹੋਇਆ ਹੈ। ‘ਮੁਆ ਕਬੀਰ ਰਮਤ ਸ੍ਰੀ ਰਾਮਾ’ ਵਿੱਚ ‘ਮੁਆ’ ਤੋਂ ਭਾਵ ਸਰੀਰਕ ਤੌਰ `ਤੇ ਮਰਨ ਦੀ ਗੱਲ ਨਹੀਂ ਹੈ। ਇੱਥੇ ‘ਮੁਆ’ ਤੋਂ ਭਾਵ ਆਪਣੇ ਆਪ ਨੂੰ ਮਿਟਾਉਣ ਤੋਂ ਹੈ। ਇਸ ਤਰ੍ਹਾਂ ਦੇ ਭਾਵ ਦਾ ਹੀ ਆਪ ਜੀ ਨੇ ਨਿਮਨ ਲਿਖਤ ਸ਼ਬਦ ਵਿੱਚ ਪ੍ਰਗਟਾਵਾ ਕੀਤਾ ਹੈ:
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ॥ 1॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ॥ 1॥ ਰਹਾਉ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ॥ 2॥ (ਪੰਨਾ 692)
ਅਰਥ: ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿੱਚ ਮਿਲ ਗਿਆ ਹੈ। ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ-ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। 1.
ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿੱਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿੱਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿੱਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਕਰਨ ਦਾ ਕੀਹ ਲਾਭ? 1. ਰਹਾਉ।
ਕਬੀਰ ਸਾਹਿਬ ਪ੍ਰੋਹਤ ਦੀ ਸੋਚ ਉੱਤੇ ਕਰਾਰੀ ਚੋਟ ਮਾਰਦਿਆਂ ਆਖ ਰਹੇ ਹਨ ਕਿ ਜੇਕਰ ਕਿਸੇ ਥਾਂ `ਤੇ ਸਰੀਰ ਤਿਆਗਣ ਨਾਲ ਹੀ ਮੁਕਤੀ ਮਿਲ ਜਾਣੀ ਹੈ ਤਾਂ ਮਨੁੱਖ ਨੂੰ ਸੱਚਾ-ਸੁੱਚਾ ਜੀਵਨ ਦੀ ਕੀ ਲੋੜ?
(ਪਰ) ਕਬੀਰ ਆਖਦਾ ਹੈ- ਹੇ ਲੋਕੋ! ਸੁਣੋ! ਕੋਈ ਮਨੁੱਖ ਕਿਸੇ ਭੁਲੇਖੇ ਵਿੱਚ ਨਾਹ ਪੈ ਜਾਏ (ਕਿ ਕਾਂਸ਼ੀ ਵਿੱਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿੱਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿੱਚ ਹੋਵੇ ਤਾਂ ਕਾਂਸੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ। 2.
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ॥ (ਪੰਨਾ 484) ਅਰਥ: ਜੇ ਮਨੁੱਖ ਕਾਂਸ਼ੀ ਵਿੱਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿੱਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਵਰ ਅਤੇ ਸ੍ਰਾਪ ਦੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਲਈ ਕਿਸੇ ਦੇ ਵਰ ਜਾਂ ਸ੍ਰਾਪ ਨਾਲ ਨਾ ਤਾਂ ਕਿਸੇ ਨਗਰ ਵਿੱਚ ਪ੍ਰਾਣ ਤਿਆਗਣ ਨਾਲ ਕਿਸੇ ਨੂੰ ਮੁਕਤੀ ਮਿਲਦੀ ਹੈ ਅਤੇ ਨਾ ਹੀ ਕਿਸੇ ਨੂੰ ਖੋਤੇ ਦੀ ਜੂਨ। ਕਿਸੇ ਵੀ ਮਨੁੱਖ ਦੀ ਗਤਿ ਅਵਗਤਿ ਦਾ ਆਧਾਰ ਮਨੁੱਖ ਦੀ ਸੱਚੀ-ਸੁੱਚੀ ਜ਼ਿੰਦਗੀ ਨੂੰ ਮੰਨਿਆ ਗਿਆ ਹੈ। ਇਹ ਗਤਿ ਅਵਗਤਿ ਮਰਨ ਮਗਰੋਂ ਨਹੀਂ ਸਗੋਂ ਇਸੇ ਜਨਮ ਵਿੱਚ ਪ੍ਰਾਪਤ ਹੁੰਦੀ ਹੈ। ਜੀਵਨ-ਮੁਕਤ ਪ੍ਰਾਣੀ ਹੀ ਮੁਕਤ ਇਨਸਾਨ ਹੈ।
‘ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ’ ਵਿੱਚ ਕਬੀਰ ਸਾਹਿਬ ਨੇ ਇਹ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਬੇਈਮਾਨ ਮਨੁੱਖ ਕਿਸੇ ਤੀਰਥ ਆਦਿ `ਤੇ ਪ੍ਰਾਣ ਤਿਆਗਣ ਨਾਲ ਨਰਕ ਤੋਂ ਨਹੀਂ ਬਚ ਸਕਦਾ। ਇਸ ਦਾ ਇਹ ਭਾਵ ਨਹੀਂ ਕਿ ਕਬੀਰ ਸਾਹਿਬ ਪ੍ਰੋਹਤ ਜਮਾਤ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਮਰਨ ਮਗਰੋਂ ਪਾਪਾਤਮਾ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ ਅਤੇ ਪੁੰਨਾਤਮਾ ਨੂੰ ਸੁਰਗ ਨਸੀਬ ਹੁੰਦਾ ਹੈ। ਸੁਰਗ ਬਾਰੇ ਆਪ ਜੀ ਦਾ ਹੀ ਇਹ ਫ਼ਰਮਾਨ ਹੈ: ‘ਕਹੁ ਕਬੀਰ ਇਹ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੈ ਆਹਿ॥’
‘ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ’ ਦਾ ਇਹ ਭਾਵ ਨਹੀਂ ਹੈ ਕਿ ਕਿਸੇ ਪ੍ਰਭੂ ਪਿਆਰ ਵਿੱਚ ਭਿੱਜੇ ਪ੍ਰਾਣੀ ਦੇ ਕਿਸੇ ਥਾਂ `ਤੇ ਪ੍ਰਾਣ ਤਿਆਗਣ ਨਾਲ ਉੱਥੋਂ ਦੇ ਸਮੂਹ ਵਸਨੀਕਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਚੂੰਕਿ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ‘ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥’ ਦਾ ਸੰਕਲਪ ਹੈ। ਇਸ ਲਈ ਹੀ ਹਰੇਕ ਮਨੁੱਖ ਨੂੰ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਦਾ ਸੁਨਹਿਰੀ ਅਸੂਲ ਦ੍ਰਿੜ ਕਰਵਾਇਆ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ‘ਜੀਵਨ-ਮੁਕਤ’ ਦਾ ਸੰਕਲਪ ਹੈ ‘ਮਰਨ ਮੁਕਤ’ ਦਾ ਨਹੀਂ। ਇਸ ਲਈ ‘ਸਗਲੀ ਸੈਨ ਤਰਾਈ’ ਦਾ ਭਾਵ ਹੈ ਜੋ ਵੀ ਮਾਈ-ਭਾਈ ‘ਹਰਿ ਕੇ ਸੰਤੁ’ ਦੀ ਸੰਗਤ ਅਥਵਾ ਉਹਨਾਂ ਦੀ ਪਾਏ ਹੋਏ ਪੂਰਨਿਆਂ `ਤੇ ਚਲਦੇ ਹਨ ਉਹ ਵੀ ਜੀਵਨ-ਮੁਕਤ ਹੋ ਕੇ ਪਵਿੱਤ੍ਰਤਾ ਦੀ ਜ਼ਿੰਦਗੀ ਜਿਊਂਣ ਲੱਗ ਪੈਂਦੇ ਹਨ। ਕਬੀਰ ਸਾਹਿਬ ਨੇ ਇਸ ਫ਼ਰਮਾਨ ਵਿੱਚ ਇਸ ਧਾਰਨਾ ਦਾ ਹੀ ਕਿ “ਕਾਂਸ਼ੀ ਵਿੱਚ ਪ੍ਰਾਣ ਤਿਆਗਣ ਨਾਲ ਹੀ ਕੋਈ ਮਨੁੱਖ ਜੀਵਨ ਦੇ ਉੱਚ ਅਦਰਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ” ਦਾ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕੀਤਾ ਹੈ। ਜੀਵਨ ਦੇ ਉੱਚ ਅਦਰਸ਼ ਦੀ ਪ੍ਰਾਪਤੀ ਕਿਸੇ ਸਥਾਨ ਦੇ ਵਸਨੀਕ ਬਣਨ ਨਾਲ ਨਹੀਂ ਸਗੋਂ ਰੱਬੀ ਗੁਣਾਂ ਨੂੰ ਧਾਰਨ ਕਰਨ ਨਾਲ ਹੁੰਦੀ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਵੀ ਇਸ ਹੀ ਹਕੀਕਤ ਦਾ ਪ੍ਰਗਟਾਵਾ ਕੀਤਾ ਹੋਇਆ ਹੈ:
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ॥ ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ॥ (ਪੰਨਾ 1367) ਅਰਥ: ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ, ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ( ‘ਲਾਖ ਅਹੇਰੀ’ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ।
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਤੀਰਥਾਂ ਉੱਤੇ ਸਰੀਰ ਤਿਆਗਣ ਦੀ ਭਾਵਨਾ ਵਾਲੇ ਵੀ ਵਿਕਾਰਾਂ ਤੋਂ ਰਹਿਤ ਹੋ ਕੇ ਪਵਿਤ੍ਰਤਾ ਦੀ ਜ਼ਿੰਦਗੀ ਜਿਊਂਣੋ ਅਸਮਰਥ ਹਨ:
ਮਨ ਕਾਮਨਾ ਤੀਰਥ ਦੇਹ ਛੁਟੈ॥ ਗਰਬੁ ਗੁਮਾਨੁ ਨ ਮਨ ਤੇ ਹੁਟੈ॥ (ਪੰਨਾ 265) ਅਰਥ: (ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
ਕਬੀਰ ਸਾਹਿਬ ਇਸ ਫ਼ਰਮਾਨ ਦੁਆਰਾ ਪ੍ਰਚਲਤ ਧਾਰਨਾ ਦਾ ਖੰਡਨ ਕਰ ਰਹੇ ਹਨ ਜਿਸ ਵਿੱਚ ਇਹੋ ਜਿਹੀ ਸਿਖਿਆ ਦ੍ਰਿੜ ਕਰਵਾਈ ਜਾ ਰਹੀ ਸੀ। ਆਪ ਜੀ ਨੇ ਇਹ ਦਰਸਾਇਆ ਹੈ ਕਿ ਭੈੜੇ ਮਨੁੱਖ ਕਿਤੇ ਵੀ ਹੋਣ ਉਹ ਭੈੜੇ ਹੀ ਹਨ ਪਰ ਦੂਜੇ ਪਾਸੇ ਚੰਗੇ ਇਨਸਾਨ ਹਰ ਪਾਸੇ ਚੰਗੇ ਹੀ ਹਨ। ਭੈੜੇ ਇਨਸਾਨ ਸੁਰਗ ਨੂੰ ਵੀ ਨਰਕ ਵਿੱਚ ਬਦਲ ਦੇਂਦੇ ਹਨ ਜਦਕਿ ਚੰਗੇ ਇਨਸਾਨ ਨਰਕ ਨੂੰ ਵੀ ਸੁਰਗ ਵਿੱਚ ਤਬਦੀਲ ਕਰ ਦੇਂਦੇ ਹਨ। ਕਾਂਸ਼ੀ ਮਤ ਦੇ ਪੈਰੋਕਾਰਾਂ ਦੇ ਪਦ-ਚਿੰਨ੍ਹਾਂ `ਤੇ ਚਲਦਿਆਂ ਹੋਇਆਂ ਹੀ ‘ਗੁਰ ਬਿਲਾਸ ਪਾਤਸ਼ਾਹੀ 6’ ਦਾ ਕਰਤਾ ਗੁਰੂ ਹਰਿਗੋਬਿੰਦ ਜੀ ਦੇ ਪਾਵਨ ਮੁਖ਼ਾਰਬਿੰਦ ਵਿੱਚੋਂ ਪਾਤਾਲ ਪੁਰੀ ਬਾਰੇ ਨਿਮਨ ਲਿਖਤ ਸ਼ਬਦ ਕਢਵਾਉਂਦਾ ਹੋਇਆ ਲਿਖਦਾ ਹੈ:
ਇਹ ਠਾਂ ਦਾਹ ਜਿਸੇ ਨਰ ਹੋਈ। ਗੁਰੂ ਧਾਮ ਜਾਏ ਹੈ ਸੋਈ। (ਗੁਰ ਬਿਲਾਸ ਪਾਤਸ਼ਾਹੀ 6)
ਕਾਂਸ਼ੀ ਮਤ ਵਾਲੇ ਤਾਂ ਕੇਵਲ ਕਾਂਸ਼ੀ ਵਿੱਚ ਰਹਿਣ ਵਾਲੇ ਨੂੰ ਹੀ ਮੁਕਤੀ ਮਿਲਣ ਦੀ ਗੱਲ ਕਰ ਰਹੇ ਸਨ। ਮੁਕਤੀ ਹਾਸਲ ਕਰਨ ਦੇ ਚਾਹਵਾਨਾਂ ਲਈ ਮਰਨ ਤੋਂ ਪਹਿਲਾਂ ਕਾਂਸ਼ੀ ਦਾ ਵਾਸੀ ਬਣਨਾ ਜ਼ਰੂਰੀ ਸੀ। ਪਰ ‘ਗੁਰ ਬਿਲਾਸ ਪਾਤਸ਼ਾਹੀ 6’ ਦੇ ਕਰਤੇ ਨੇ ਤਾਂ ਦੁਨੀਆਂ ਦੇ ਕਿਸੇ ਵੀ ਭਾਗ ਵਿੱਚ ਪ੍ਰਾਣ ਤਿਆਗਣ ਵਾਲੇ ਦਾ ਪਾਤਾਲ ਪੁਰੀ ਵਿੱਚ ਸਸਕਾਰ ਕਰਨ ਨਾਲ ਹੀ ਗੁਰੂ ਧਾਮ ਦੇ ਨਿਵਾਸ ਦੀ ਗੱਲ ਕੀਤੀ ਹੈ। ਇਹਨਾਂ ਲਿਖਤਾਂ ਦਾ ਹੀ ਸਿੱਖ ਜਗਤ ਵਿੱਚ ਵਿਆਪਕ ਪ੍ਰਭਾਵ ਹੋਣ ਕਾਰਨ ਭਾਰਤ ਵਾਸੀ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚੋਂ ਵੀ (ਕਈ) ਸਿੱਖ ਸੰਗਤਾਂ ਅਕਾਲ ਚਲਾਣਾ ਕਰ ਚੁਕੇ ਪ੍ਰਾਣੀਆਂ ਦੀ ਅਸਤੀਆਂ ਕੀਰਤਪੁਰ ਜਾ ਕੇ ਪਾਉਂਦੀਆਂ ਹਨ।
ਸੋ, ਇਸ ਸ਼ਬਦ ਵਿੱਚ ਕਬੀਰ ਸਾਹਿਬ ਕਾਂਸ਼ੀ ਅਤੇ ਮਗਹਰ ਬਾਰੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਇਆਂ ਵਲੋਂ ਕਹੀਆਂ ਹੋਈਆਂ ਗੱਲਾਂ ਦਾ ਵਰਣਨ ਕਰ ਕੇ ਫਿਰ ਆਪਣੇ ਦ੍ਰਿਸ਼ਟੀਕੋਣ ਦਾ ਵਰਣਨ ਕਰ ਰਹੇ ਹਨ। ਆਪ ਆਪਣੇ ਦ੍ਰਿਸ਼ਟੀਕੋਣ ਨੂੰ ਬੜੇ ਹੀ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਪ੍ਰਗਟ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਕਾਂਸ਼ੀ ਅਤੇ ਮਗਰਹ ਸੰਬੰਧੀ ਇਸ ਤਰ੍ਹਾਂ ਦੇ ਕਥਨਾਂ ਵਿੱਚ ਰੰਚ-ਮਾਤਰ ਵੀ ਸਚਾਈ ਨਹੀਂ ਹੈ। ਇਸ ਦੇ ਨਾਲ ਹੀ ਆਪ ਇਹ ਵੀ ਸਪਸ਼ਟ ਕਰਦੇ ਹਨ ਕਿ ਮਨੁੱਖ ਨੂੰ ਜੀਵਨ-ਮੁਕਤ ਹੋਣ ਦੀ ਲੋੜ ਹੈ; ਇਹ ਮੁਕਤੀ ਹੀ ਜੀਵਨ ਦਾ ਅਦਰਸ਼ ਹੈ। ਇਹ ਮੁਕਤੀ ਸਚਿਆਰ ਜੀਵਨ ਜੀਵਿਆਂ ਮਿਲਦੀ ਹੈ ਨਾ ਕਿ ਕਿਸੇ ਵਿਸ਼ੇਸ਼ ਨਗਰ ਦੇ ਵਸਨੀਕ ਬਣਿਆਂ।
ਨੋਟ: ਚਾਰ ਪ੍ਰਕਾਰ ਦੀਆਂ ਮੁਕਤੀਆਂ ਵਿੱਚੋਂ ਇੱਕ ਮੁਕਤੀ। ਚਾਰ ਪ੍ਰਕਾਰ ਦੀਆਂ ਮੁਕਤੀਆਂ ਇਹ ਹਨ: 1, ਸਾਲੋਕਯ:- ਆਪਣੇ ਇਸ਼ਟ ਦੇ ਲੋਕ ਵਿੱਚ ਨਿਵਾਸ ਕਰਨਾ। 2. ਸਾਮੀਪਯ: ਇਸ਼ਟ ਦੇ ਨਿਕਟਵਰਤੀ ਹੋਣਾ। 3. ਸਾਰੂਪਯ: ਇਸ਼ਟ ਦੇ ਤੁਲਯ ਸ਼ਕਲ ਹੋਣਾ। 4. ਸਾਯੁਜਯ: ਉਪਾਸਯ ਨਾਲ ਉਪਾਸਕ ਦਾ ਜੁੜ ਜਾਣਾ।
ਨੋਟ: ਕਾਂਸ਼ੀ ਅਤੇ ਮਗਹਰ ਬਾਰੇ ਇੱਕ ਕਹਾਣੀ ਪ੍ਰਚਲਤ ਹੈ ਜੋ ਇਸ ਤਰ੍ਹਾਂ ਹੈ: “ਜਿਸ ਵੇਲੇ ਬਿਆਸ ਭਗਵਾਨ ਜੀ ਨੇ ਸੁਣਿਆ ਕਿ ਕਾਂਸ਼ੀ ਪੁਰੀ ਭੋਗ ਮੋਖ ਦੀ ਦਾਤਾ ਹੈ, ਤਾਂ ਉਹ ਆਪਣੇ ਨਾਲ 60000 (ਸੱਠ ਹਜ਼ਾਰ) ਵਿਦਿਆਰਥੀਆਂ (ਕਈਆਂ ਅਨੁਸਾਰ ਇੱਕ ਲੱਖ ਵਿਦਿਆਰਥੀ) ਨੂੰ ਲੈ ਕੇ ਕਾਸ਼ੀ ਵਿੱਚ ਆ ਪਹੁੰਚੇ। ਇੱਕ ਦੋ ਦਿਨ ਤਾਂ ਸਭਨਾਂ ਸ਼ਾਹੂਕਾਰਾਂ ਨੇ ਮਿਲ ਕੇ ਰੋਟੀ ਖੁਆ ਦਿਤੀ, ਹੁਣ ਸੱਠ ਹਜ਼ਾਰ ਨੂੰ ਰੋਜ਼ ਕੌਣ ਖੁਆਏ। ਜਦ ਐਡੇ ਵੱਡੇ ਸ਼ਹਿਰ ਵਿੱਚੋਂ ਰੋਟੀ ਨਾ ਮਿਲੀ ਤਾਂ ਕਈ ਵਿਦਿਆਰਥੀ ਭੁਖ ਦੇ ਦੁਖੋਂ ਮਰਨ ਲਗ ਪਏ ਤਾਂ ਬਿਆਸ ਭਗਵਾਨ ਨੇ ਆਖਿਆ, ਇਹ ਕਾਂਸ਼ੀ ਪੁਰੀ ਭੋਗ ਦੀ ਦਾਤਾ ਨਹੀਂ, ਇਹ ਤਾਂ ਭੁਖ ਦੀ ਦਾਤਾ ਹੈ। ਵਿਦਿਆਰਥੀਆਂ ਨੂੰ ਕਿਹਾ ਚਲੋ ਹੁਣ ਅਸੀਂ ਆਪਣੀ ਵੱਖਰੀ ਪੁਰੀ ਰਚਦੇ ਹਾਂ।
ਉਸੀ ਵੇਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਹੜੰਬੇ ਧਰਤੀ ਆ ਵਸੇ ਤੇ ਖੂਬ ਪਕਵਾਨ ਪੱਕਣ ਲਗ ਪਏ। ਫਿਰ ਬਿਆਸ ਜੀ ਨੇ ਕਿਹਾ-ਕਾਂਸ਼ੀ ਪੁਰੀ ਵਿੱਚ ਤਾਂ ਮਰ ਕੇ ਸਾਲੋਕ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਇਥੋਂ ਜਿਹੜਾ ਪੰਛੀ ਵੀ ਉਡਦਾ ਲੰਘ ਜਾਏਗਾ ਉਹ ਵੀ ਮੋਖਸ਼ ਹੋ ਜਾਏਗਾ। ਇਹ ਬਚਨ ਸੁਣ ਕੇ ਆਮ ਲੋਕ ਓਥੇ ਆ ਕੇ ਵੱਸਣ ਲੱਗ ਪਏ। ਕਾਂਸ਼ੀ ਪੁਰੀ ਉਜੜਨ ਲੱਗ ਪਈ। ਜਦ ਕਾਂਸ਼ੀ ਪੁਰੀ ਉਜੜਨ ਲੱਗੀ ਤਾਂ ਸ਼ਿਵਾਂ ਨੂੰ ਬੜਾ ਫਿਕਰ ਹੋ ਗਿਆ ਕਿ ਮੇਰੀ ਵਸਾਈ ਹੋਈ ਨਗਰੀ ਹੁਣ ਤਬਾਹ ਹੋਣ ਲੱਗੀ ਹੈ। ਇਹ ਚੰਗੀ ਗੱਲ ਨਹੀਂ। ਸੋਚਾਂ ਸੋਚਦੇ ਹੋਏ ਬੜੇ ਵਹਿਣ ਵਿੱਚ ਪੈ ਗਏ। ਇਤਨੇ ਨੂੰ ਗਣੇਸ਼ ਜੀ ਆ ਗਏ। ਪਿਤਾ ਜੀ ਨੂੰ ਉਦਾਸੀ ਦਾ ਕਾਰਨ ਪੁਛਿਆ। ਪਹਿਲੇ ਤਾਂ ਸ਼ਿਵ ਜੀ ਚੁਪ ਰਹੇ, ਗਣੇਸ਼ ਜੀ ਦੇ ਦੋ ਤਿੰਨ ਵਾਰ ਪੁਛਣ ਤੇ ਸ਼ਿਵਾਂ ਨੇ ਆਪਣੀ ਕਾਂਸ਼ੀ ਪੁਰੀ ਦੇ ਉਜੜਨ ਦੀ ਕਹਾਣੀ ਸੁਣਾਈ। ਤਦ ਗਣੇਸ਼ ਜੀ ਨੇ ਕਿਹਾ ਪਿਤਾ ਜੀ! ਇਹ ਤਾਂ ਮਾਮੂਲੀ ਗੱਲ ਹੈ ਆਪ ਕੋਈ ਫਿਕਰ ਨਾ ਕਰੋ, ਮੈਂ ਸਾਰਾ ਬੰਦੋਬਸਤ ਕਰ ਆਉਂਦਾ ਹਾਂ। ਉਸੀ ਵੇਲੇ ਗਣੇਸ਼ ਜੀ ਆਪਣੇ ਵਿਦਿਆ ਦਾਤੇ ਬਿਆਸ ਜੀ ਪਾਸੋਂ ਆ ਕੇ ਪੁਛਦੇ ਹਨ, ਗੁਰੁ ਜੀ! ਇਸ ਧਰਤੀ ਨੂੰ ਆਪ ਜੀ ਨੇ ਕੀ ਵਰ ਦਿੱਤਾ ਹੈ? ਬਿਆਸ ਜੀ ਨੇ ਕਿਹਾ, ਜੋ ਪੰਛੀ ਭੀ ਉਡਦਾ ਲੰਘੇਗਾ ਉਹ ਮੁਕਤ ਹੋ ਜਾਏਗਾ। ਗਣੇਸ਼ ਜੀ ਨੇ ਫਿਰ ਆਖਿਆ ਕੀ ਕਿਹਾ ਜੇ? ਤਦ ਵੀ ਬਿਆਸ ਜੀ ਨੇ ਓਹੀ ਉੱਤਰ ਦਿਤਾ। ਗਣੇਸ਼ ਜੀ ਨੇ ਫਿਰ ਕਿਹਾ, ਜੀ ਮੈਂ ਸੁਣਿਆ ਨਹੀਂ। ਜਦ ਇਸ ਤਰ੍ਹਾਂ ਚਾਰ ਪੰਜ ਵਾਰੀ ਪੁਛਿਆ ਤਾਂ ਬਿਆਸ ਜੀ ਨੇ ਗੁੱਸੇ ਵਿੱਚ ਕਿਹਾ ਹੱਛਾ! ਜੇ ਮੁਕਤ ਨਾ ਹੋਏਗਾ ਤਾਂ ਖੋਤਾ ਬਣੇਗਾ। ਗਣੇਸ਼ ਜੀ ਨੇ ਕਿਹਾ ਤਥਾ ਅਸਤੂ, ਆਪ ਜੀ ਦਾ ਇਹ ਬਚਨ ਅਟੱਲ ਰਹੇ। ਜੋ ਇਥੇ ਆ ਕੇ ਵਸੇ ਜਾਂ ਮਰੇ ਉਹ ਖੋਤੇ ਜੂਨ ਨੂੰ ਪ੍ਰਾਪਤ ਹੋਵੇ।” (ਸੰਪ੍ਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਸੰਤ ਕਿਰਪਾਲ ਸਿੰਘ ਜੀ-ਵਿੱਚੋਂ)




.