.

ਸਿੱਖ ਹੀ ਸਿੱਖੀ ਦੇ ਦੁਸ਼ਮਨ (ਭਾਗ-5)

(ਲੜ੍ਹੀ ਜੋੜ੍ਹਨ ਲਈ ਪਿਛਲਾ 4 ਭਾਗ ਪੜ੍ਹੋ)

ਆਓ ਸਭ ਤੋਂ ਪਹਿਲਾਂ ਜਰ੍ਹਾ ਇਹ ਜਾਣੀਏ ਕਿ ਗੁਰਬਾਣੀਂ ਗਿਣਤੀਆਂ ਮਿਣਤੀਆਂ ਬਾਰੇ ਕੀ ਉਪਦੇਸ਼ ਪ੍ਰਦਾਨ ਕਰਦੀ ਹੈ,

ਘਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ॥

ਅਗਿਆਨੀ ਮਤਿਹੀਨੁ ਹੈ ਗੁਰਿ ਬਿਨੁ ਗਿਆਨੁ ਨ ਹੋਇ॥ (934)

ਅਰਥ- (ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ, (ਉਹ) ਅਗਿਆਨੀ ਹੈ ਮਤਿ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ)।

ਭਾਵ ਕਿ ਅਕਾਲ ਪੁਰਖ ਨੂੰ ਯਾਦ ਕਰਨ ਲੱਗਿਆਂ ਇਹ ਨਹੀਂ ਸੋਚਣਾਂ ਚਾਹੀਦਾ ਕਿ ਜੇ ਮੈਂ 1100 ਵਾਰ, 11 ਵਾਰ, 21 ਵਾਰ ਜਾਂ 41 ਵਾਰ ਚਾਲੀਹੇਂ ਕੱਟਾਂ ਤਾਂ ਹੀ ਮੇਰੀ ਗੱਲ ਰੱਬ ਸੁਣੇਂਗਾ। ਗੁਰਬਾਣੀ ਇਹਨਾਂ ਗਿਣਤੀਆਂ ਮਿਣਤੀਆਂ ਦਾ ਸਖਤ ਵਿਰੋਧ ਕਰਦੀ ਹੈ, ਪਰ ਸਾਡੇ ਅ---ਖੋਤੀ ਮਹਾਂਪੁਰਖ ਤੇ ਇਸੇ ਕੈਟਾਗਿਰੀ ਵਿੱਚ ਆਉਂਦੇ ਕਈ ਰਾਗੀ ਕਥਾਵਾਚਕ ਸਾਹਿਬਾਂ ਦੇ ਕੋਲ ਬੈਠ ਕੇ ਹੀ ਗੁਰਬਾਣੀਂ ਦਾ ਖੰਡਨ ਪਏ ਕਰਦੇ ਦਿਸ ਆਉਂਦੇ ਹਨ, ਔਰ ਸਿੱਖ ਸੰਗਤਾਂ ਨੂੰ ਗੁਰਬਾਣੀਂ ਦੀ ਵਿਚਾਰ ਦੇਣ ਦੀ ਬਜਾਏ ਉਹਨਾਂ ਨੂੰ ਚਾਲੀਹੇਂ ਕੱਟਣ ਦਾ ਮਹਾਂ-ਉਪਦੇਸ਼ ਦੇਕੇ ਬੇੜ੍ਹਾ ਗਰਕ ਪਏ ਕਰਦੇ ਹਨ। ਇਸ ਕੰਮ ਵਿੱਚ ਸੋਨ ਤਗਲਾਂ ਮਾਤਾ ਕੌਲਾਂ ਵਾਲੇ ਪੰਡਤ ਲੈ ਗਏ ਹਨ। ਆਓ ਜਰ੍ਹਾ ਹੋਰ ਗੁਰੂ ਬਚਨਾਂ ਦੀ ਰੌਸ਼ਨੀ ਲਈਏ ਜੀ, ,

ਪੀਤ ਪੀਤੰਬਰ ਤ੍ਰਿਭਵਣ ਧਣੀ॥ ਜਗੰਨਾਥੁ ਗੋਪਾਲੁ ਮੁਖਿ ਭਣੀ॥ ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ॥ (1082) ਅਰਥ-ਹੇ ਪੀਲੇ ਬਸਤ੍ਰਾਂ ਵਾਲੇ ! ਹੇ ਤਿੰਨਾਂ ਭਵਨਾਂ ਦੇ ਮਾਲਕ ! ਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ । ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ । ਹੇ ਧਨੁਖ-ਧਾਰੀ ! ਹੇ ਭਗਵਾਨ ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ । 11.

ਜੇਕਰ ਰੱਬ ਜੀ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ ਤਾਂ ਫਿਰ ਉਸਨੂੰ ਗਿਣਤੀ ਆਦਿਕ ਦੇ ਭਰਮਾਂ ਵਿੱਚ ਪੈਕੇ ਧਿਆਉਣ ਨਾਲ ਕਿਵੇਂ ਉਸਦੀ ਪ੍ਰਾਪਤੀ ਹੋ ਜਾਵੇਗੀ, ਹੁਣ ਸਾਨੂੰ ਇਹ ਫੈਂਸਲਾ ਲੈਣਾਂ ਹੀ ਪਵੇਗਾ। ਜੇਕਰ ਗੁਰਬਾਣੀ ਜੁਗੋ-ਜੁਗ ਅਟੱਲ ਸੱਚ ਹੈ ਤਾਂ ਫਿਰ ਅਜੋਕੇ ਸਾਧ ਸੰਤ ਰਾਗੀ ਤੇ ਹੋਰ ਜੋ ਵੀ ਸਾਨੂੰ ਸਿੱਖਾ ਨੂੰ ਗੁਰਬਾਣੀਂ ਦੇ ਚਾਲੀਹੇਂ ਕੱਟਣ ਦਾ ਹੁਕਮ ਦੇਕੇ ਗੁਰੂ ਗਿਆਨ ਤੋਂ ਕੋਹਾਂ ਦੂਰ ਰੱਖ ਰਹੇ ਨੇਂ, ਉਹ ਸਾਰੇ ਹੀ ਬਿਪਰ ਹਨ, ਪਾਖੰਡੀ ਹਨ, ਉਹ ਭਾਵੇਂ ਕੋਈ ਵੀ ਹੋਵੇ ਉਹ ਗੁਰੂ ਘਰ ਦਾ ਦੋਖੀ ਹੈ ਤੇ ਐਸੇ ਦੋਖੀਆਂ ਨੂੰ ਬਖਸ਼ਣਾਂ ਨਹੀਂ ਚਾਹੀਦੀ ਹੈ। ਜੋ ਗੁਰਬਾਣੀ ਦਾ ਨਹੀਂ ਉਹ ਸਾਡਾ ਨਹੀ, ਪਰ ਕਿਨੇ ਕਮਾਲ ਦੀ ਗੱਲ ਹੈ ਕਿ ਜੋ ਸਾਨੂੰ ਸੱਚ ਨਹੀਂ ਦੱਸ ਰਹੇ, ਉਹ ਸਾਨੂੰ ਜਾਨੋਂ ਵੱਧ ਪਿਆਰੇ ਨੇਂ ਤੇ ਜੋ ਸਾਨੂੰ ਸੱਚ ਦੇ ਲੜ੍ਹ ਲਾ ਰਹੇ ਆ ਉਹਨਾਂ ਨੂੰ ਅਸੀ ਦੇਖਣਾਂ ਵੀ ਪਸੰਦ ਨਹੀਂ ਕਰਦੇ। ਇਹ ਤਾਂ ਸ਼ਪੱਸ਼ਟ ਹੋ ਗਿਆ ਕਿ ਗੁਰਬਾਣੀਂ ਸਾਨੂੰ ਬਿਪਰਵਾਦੀ ਸੋਚ ਮੰਤਰ ਰਟਨ ਚਾਲੀਹੇਂ ਕੱਟਣ ਆਦਿਕ ਤੋਂ ਕੂਹਾਂ ਦੂਰ ਹੀ ਰੱਖਦੀ ਹੈ, ਤੇ ਜੇਕਰ ਆਪ ਜੀ ਨੂੰ ਕੋਈ ਸਿੱਖੀ ਰੂਪ ਵਿੱਚ ਬਿਪਰ ਇਹੋ ਜਿਹੀਆਂ ਊਲ ਜਲੂਲ ਵਾਲੀਆਂ ਗੱਲਾਂ ਨਾਲ ਜੋੜ੍ਹੇ ਤਾਂ ਕ੍ਰਿਪਾ ਕਰਕੇ ਆਪ ਜੀ ਉਸਨੂੰ ਪੁਛੋ ਕਿ ਕਿਹੜ੍ਹੇ ਗੁਰੂ ਪਾਤਸ਼ਾਹ ਨੇਂ ਚਾਲੀਹੇਂ ਕੱਟੇ ਸੀ, ਕਿਹੜ੍ਹੇ ਗੁਰੂ ਸਾਹਿਬ ਨੇਂ ਕਿਹਾ ਹੈ ਕਿ ਤੁਸੀ ਗੁਰਬਾਣੀ ਦਾ ਮੰਤਰ ਰਟਨ ਕਰੋ, ਉਹਨਾਂ ਕੋਲ ਇਹਨਾਂ ਸਵਾਲਾਂ ਦਾ ਕੋਈ ਵੀ ਜੁਵਾਬ ਨਹੀਂ ਹੋਵੇਗਾ, ਇਸ ਗ੍ਰੰਥ ਸ਼ਰਧਾ ਪੂਰਨ ਵਿੱਚ ਬਹੁਤ ਜਗ੍ਹਾ ਤੇ ਇਹ ਕਿਹਾ ਗਿਆ ਹੈ ਕਿ ਆਹ ਸ਼ਬਦ ਦੀ ਆਰਾਧਨਾਂ ਕਰਨ ਨਾਲ ਤੀਰਥ ਇਸ਼ਨਾਨਾਂ ਦਾ ਫਲ ਮਿਲਦਾ ਹੈ ਆਓ ਹੁਣ ਜਰ੍ਹਾ ਇਹ ਵਿਚਾਰ ਕਰੀਏ ਕਿ ਗੁਰਬਾਣੀਂ ਤੀਰਥ ਕਿਸਨੂੰ ਮੰਨਦੀ ਹੈ ਤੇ ਗੁਰਮਤਿ ਮੁਤਾਬਕ ਤੀਰਥ ਕੀ ਹੈ,

ਗੁਰ ਕੇ ਚਰਨ ਸਰੇਵਣੇ ਤੀਰਥ ਹਰਿ ਕਾ ਨਾਉ॥

ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ॥ (100)

ਅਠਸਠਿ ਤੀਰਥਿ ਨਾਮ ਪ੍ਰਭ ਨਾਨਕ ਜਿਸ ਮਸਤਕਿ ਭਾਗ॥ (990)

ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ॥ (1009)

ਇਹਨਾਂ ਗੁਰ ਸ਼ਬਦਾਂ ਤੋ ਇਹ ਸ਼ਪੱਸ਼ਟ ਹੋ ਗਿਆ ਹੈ ਕਿ ਗੁਰਬਾਣੀਂ ਬ੍ਰਹਮਣੀਂ ਸੋਚ ਦੇ ਬਣੇਂ ਅਠਾਹਠ ਤੀਰਥਾਂ ਦੀ ਕਿਸੇ ਪ੍ਰਕਾਰ ਦੀ ਹੋਂਦ ਜਾਂ ਉਹਨਾਂ ਦੀ ਕੋਈ ਮਹਾਨਤਾਂ ਨੂੰ ਸਵੀਕਾਰ ਨਹੀਂ ਕਰਦੀ। ਹੁਣ ਆਓ ਇਹ ਵਿਚਾਰੀਏ ਕਿ ਗੁਰਮਤਿ ਮੁਤਾਬਿਕ ਤੀਰਥ ਇਸ਼ਨਾਨ ਕੀ ਹੈ,

ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ॥

ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ॥

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687)

ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ॥

ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ॥ (1286)

ਇਹਨਾਂ ਗੁਰੂ ਬਚਨਾਂ ਵਿੱਚ ਕੀ ਕਿਹਾ ਜਾ ਰਿਹਾ ਹੈ ਇਹ ਸਮਝਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਤਨੇਂ ਸਰਲ ਸ਼ਬਦਾਂ ਵਿੱਚ ਸਾਹਿਬ ਜੀ ਸਮਝਾ ਰਹੇ ਹਨ ਕਿ ਕੋਈ ਵੀ ਇਹਨਾਂ ਦੀ ਵੀਚਾਰ ਨੂੰ ਸਮਝ ਸਕਦਾ ਹੈ। ਜਦ ਸਤਿਗੁਰੂ ਮਹਾਰਾਜ ਤੀਰਥ ਵੀ ਪ੍ਰਮਾਤਮਾਂ ਦੇ ਨਾਮ ਤੇ ਇਸ਼ਨਾਨ ਵੀ ਉਸਦੇ ਵਿੱਚ ਲੀਨ ਹੋ ਜਾਣ ਨੂੰ ਮੰਨ ਰਹੇ ਹਨ ਤਾਂ ਫਿਰ ਲੇਖਕ ਕਿਓ ਸੰਗਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਥੋ ਪਤਾ ਲੱਗਦਾ ਹੈ ਕਿ ਲੇਖਕ ਖੁਦ ਹੀ ਗੁਰਬਾਣੀ ਗਿਆਨ ਪੱਖੋ ਹੀਣਾਂ ਹੈ ਤੇ ਉਸਨੂੰ ਗੁਰਮਤਿ ਸਿਧਾਂਤਾਂ ਦੀ ਕੋਈ ਵੀ ਸੂਝ ਨਹੀਂ ਹੈ। ਫਿਰ ਇਹ ਗੱਲ ਕਿ ਫਲਾਣਾਂ ਪਾਠ ਜੇਕਰ ਚਾਨਣੇਂ ਪੱਖ ਨੂੰ ਸੁਰੂ ਕਰਕੇ ਇਕਾਦਸ਼ੀ ਨੂੰ ਸਮਾਪਤ ਕਰੋਗੇ ਤਾਂ ਜਿਆਦਾ ਫਲ ਮਿਲੇਗਾ, ਇਹ ਇਕਾਦਸ਼ੀ ਕੀ ਬਲਾ ਹੈ, ਇਸ ਪ੍ਰਥਾਏ ਡਾ: ਗੁਰਚਰਨ ਸਿੰਘ ਜੀ ਗੁਰੂ ਗ੍ਰੰਥ ਕੋਸ਼ ਵਿੱਚ ਲਿਖਦੇ ਹਨ, ਚੰਦਰਮਾਸ ਦੀ ਹਨੇਰੇ ਤੇ ਚਾਨਣ ਪੱਖ ਦੀ ਦਸ ਤੇ ਇੱਕ ਅਰਥਾਤ 11 ਤਿਥਿ। ਪ੍ਰੋ: ਸਾਹਿਬ ਸਿੰਘ ਜੀ ਦਾ ਇਸ ਪ੍ਰਥਾਏ ਕਥਨ, (ਇੱਕ ਤੇ ਦਸ) ਗਿਆਰਵੀਂ ਥਿਤਿ (ਇਸ ਤਿਥਿ ਤੇ ਅਨੇਕਾਂ ਹਿੰਦੂ ਔਰਤਾਂ ਤੇ ਮਰਦ ਵਰਤ ਰੱਖਦੇ ਹਨ ਤੇ ਸਾਰਾ ਦਿਨ ਭੁੱਖੇ ਰਹਿੰਦੇ ਹਨ) ਹੁਣ ਕੋਈ ਇਸ ਪਾਖੰਡੀ ਸ਼ਰਧਾ ਪੂਰਨ ਗ੍ਰੰਥ ਦੇ ਸੰਪਾਦਕ ਨੂੰ ਪੁਛਣ ਵਾਲਾ ਹੋਵੇ ਕਿ ਤੂੰ ਜਿਸ ਗ੍ਰੰਥ ਦਾ ਕਰਤਾ ਭਾਈ ਮਨੀ ਸਿੰਘ ਵਰਗਾ ਗੁਰਸਿੱਖ ਦੱਸ ਰਿਹਾ ਹੈਂ ਤੇ ਇਹ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੇਂ ਇਸ ਦੀ ਰਚਨਾਂ ਦਸਮੇਂ ਪਾਤਸ਼ਾਹ ਜੀ ਦੇ ਕਹਿਣ ਤੇ ਕੀਤੀ ਸੀ ਕੀ ਹੁਣ ਸਾਨੂੰ ਇਹ ਕਹਿਣਾਂ ਪਵੇਗਾ ਕਿ ਗੁਰੂ ਪਾਤਸ਼ਾਹ ਜੀ ਨੂੰ ਗੁਰਬਾਣੀਂ ਦਾ ਗਿਆਨ ਨਹੀਂ ਸੀ? ਜਾਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਨਹੀ ਸਨ? ਤੇ ਜਾਂ ਫਿਰ ਉਹ ਜਾਣ ਬੁਝ ਕੇ ਐਸਾ ਕਰ ਰਹੇ ਸਨ? ਪਰ ਐਸਾ ਅਸੀਂ ਭੁਲਕੇ ਵੀ ਨਹੀਂ ਸੋਚ ਸਕਦੇ। ਇਹ ਸਾਰਾ ਕੂੜ੍ਹ ਕਬਾੜ੍ਹ ਜੋ ਭਾਈ ਮਨੀਂ ਸਿੰਘ ਤੇ ਦਸਵੇਂ ਪਾਤਸ਼ਾਹ ਜੀ ਦੇ ਮੱਥੇ ਤੇ ਮੜ੍ਹਿਆ ਜਾ ਰਿਹਾ ਹੈ ਉਸਦਾ ਕਾਰਨ ਕੇਵਲ ਤੇ ਕੇਵਲ ਇਤਨਾਂ ਹੀ ਹੈ ਕਿ ਹਰ ਆਮ ਸਿੱਖ ਜਿਸਦੀ ਆਪਣੇਂ ਪਾਤਸ਼ਾਹ ਤੇ ਅਪਾਰ ਸ਼ਰਧਾ ਹੈ ਉਹਨੂੰ ਇਹ ਭੁਲੇਖਾ ਦਿੱਤਾ ਜਾ ਸਕੇ ਕਿ ਇਹ ਸਭ ਤੇਰੇ ਗੁਰੂ ਦੀ ਹੀ ਸਿੱਖਿਆ ਹੈ, ਤੇ ਜੇ ਤੂੰ ਮੰਨੇਂਗਾ ਤਾਂ ਹੀ ਤੇਰਾ ਭਲਾ ਹੋਵੇਗਾ ਨਹੀਂ ਤਾਂ ਤੂੰ ਬਰਬਾਦ ਹੋ ਜਾਵੇਂਗਾ। ਇਹ ਸਭ ਡਰ ਪਾਕੇ ਬਿਪਰਵਾਦ ਨੂੰ ਸਾਡੇ ਵਿੱਚ ਘੁਸੇੜ੍ਹਿਆ ਜਾ ਰਿਹਾ ਹੈ, ਨਹੀਂ ਤਾਂ ਸਿੱਖ ਧਰਮ ਵਿੱਚ ਇਹਨਾਂ ਗੱਪਾਂ ਦੀ ਕੋਈ ਵੀ ਜਗ੍ਹਾ ਨਹੀਂ ਹੈ, ਇਹ ਸਭ ਚਲਾਕ ਬਿਪਰ ਦੀਆਂ ਚਾਲਾਂ ਹਨ ਸਿੱਖੀ ਨੂੰ ਬ੍ਰਾਹਮਣੀਂ ਰੰਗ ਚੜ੍ਹਾਉਣ ਦੀਆਂ ਪਰ ਕਾਸ਼ ਸਿੱਖ ਖੁਦ ਇਤਨਾਂ ਸਿਆਣਾਂ ਹੁੰਦਾ ਕਿ ਇਸ ਬਿਪਰ ਨੂੰ ਜੁਤੀਆਂ ਮਾਰ ਮਾਰ ਕੇ ਆਪਣੇਂ ਘਰੋਂ ਬਾਹਰ ਕੱਡ ਸਕਦਾ। ਮਗਰ ਅਜੋਕਾ ਸਿੱਖ ਬਿਪਰ ਨੂੰ ਤਾਂ ਆਪਣੇਂ ਘਰ ਵਿੱਚ ਬੜ੍ਹੇ ਮਾਣ ਨਾਲ ਬੈਠਾਈ ਬੈਠਾ ਹੈ, ਤੇ ਆਪਣੇਂ ਗੁਰੂ ਨੂੰ ਬੜ੍ਹੇ ਚਿਰ ਦਾ ਹੀ ਘਰੋਂ ਬਾਹਰ ਕੱਡੀ ਬੈਠਾ ਹੈ। ਆਓ ਜਰਾ ਗੁਰਬਾਣੀਂ ਤੋਂ ਸੇਧ ਲੈਕੇ ਇਹ ਦੇਖੀਏ ਕਿ ਇਕਾਦਸ਼ੀ ਕੀ ਹੈ,

ਪਉੜੀ।। ਏਕਾਦਸੀ ਨਿਕਟਿ ਪੇਖਹੁ ਹਰਿਰਾਮੁ।। ਇੰਦ੍ਰੀ ਬਸਿ ਕਰਿ ਸੁਣਹੁ ਹਰਿਨਾਮੁ।। ਮਨਿ ਸੰਤੋਖੁ ਸਰਬ ਜੀਅ ਦਇਆ।। ਇਨ ਬਿਧਿ ਬਰਤੁ ਸੰਪੂਰਨ ਭਇਆ।। ਧਾਵਤ ਮਨੁ ਰਾਖੈ ਇੱਕ ਠਾਇ।। ਮਨੁ ਤਨੁ ਸੁਧੁ ਜਪਤੁ ਹਰਿ ਨਾਇ।। ਸਭ ਮਹਿ ਪੂਰਿ ਰਹੇ ਪਾਰਬ੍ਰਹਮ।। ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ।। ੧੧।। {ਪੰਨਾ ੨੯੯}

ਪਉੜੀ : — (ਹੇ ਭਾਈ !) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ, ਆਪਣੇ ਇੰਦ੍ਰਿਆਂ ਨੂੰ ਕਾਬੂ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ—ਇਹੀ ਹੈ ਇਕਾਦਸ਼ੀ (ਦਾ ਵਰਤ)। (ਜੇਹੜਾ ਮਨੁੱਖ ਆਪਣੇ) ਮਨ ਵਿੱਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)। (ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇੱਕ ਟਿਕਾਣੇ ਤੇ ਟਿਕਾ ਰੱਖਦਾ ਹੈ, ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿੱਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ। ਹੇ ਨਾਨਕ ! ਜੇਹੜਾ ਪ੍ਰਭੂ ਸਾਰੇ ਜਗਤ ਵਿੱਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ॥

ਇਸ ਬਾਰੇ ਹੋਰ ਵੀ ਗੁਰੂ ਬਚਨ ਵਿਚਾਰੇ ਜਾ ਸਕਦੇ ਹਨ,

ਏਕਾਦਸੀ ਏਕ ਦਿਸ ਧਾਵੈ॥ ਤਉ ਜੋਨੀ ਸੰਕਟ ਬਹੁਰਿ ਨ ਆਵੈ॥ (344)

ਭਾਵ-ਜਦੋਂ ਇਨਸਾਨ ਦਾ ਮਨ ਵਿਕਾਰਾਂ ਵਲੋਂ ਹਟ ਕੇ ਪ੍ਰਮਾਤਮਾਂ ਵੱਲ ਦੌੜ੍ਹਦਾ ਹੈ, ਤਦੋ ਉਹ ਮੁੜ੍ਹ ਜਨਮ ਮਰਨ ਦੇ ਸੰਕਟ ਵਿੱਚ ਨਹੀ ਆਉਂਦਾ। ਗੁਰਸਿੱਖ ਵਾਸਤੇ ਇਕਾਦਸ਼ੀ ਕੁਈ ਅਹਿਮੀਅਤ ਨਹੀਂ ਰੱਖਦੀ, ਪ੍ਰਮਾਤਮਾਂ ਨਾਲ ਜੁੜ੍ਹਨਾਂ ਹੀ ਅਸਲ ਇਕਾਦਸ਼ੀ ਹੈ, ਪਰ ਬਦਕਿਸਮਤੀ ਹੈ ਕਿ ਬਹੁਤ ਜਿਆਦਾ ਸਿੱਖਾਂ ਦੀ ਗਿਣਤੀ ਅੱਜ ਬਿਪਰਵਾਦ ਦੀਆਂ ਡੂਘੀਆਂ ਖੱਡਾਂ ਵਿੱਚ ਜਾ ਡਿੱਗੀ ਹੈ, ਇਕਾਦਸ਼ੀ ਦਾ ਵਰਤ ਰੱਖਣਾਂ ਤੇ ਮੰਦਰਾਂ ਵਿੱਚ ਜਾਣਾਂ ਇਹ ਨੇਮ ਬਣ ਚੁੱਕਾ ਹੈ।

ਭਗਤ ਨਾਮਦੇਵ ਜੀ ਤਾਂ ਇਥੋ ਤੱਕ ਕਹਿੰਦੇ ਨੇਂ ਹੁਣ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਬਿਪਰਵਾਦ ਦੀ ਉਪਜ ਏਕਾਦਸ਼ੀ ਦੇ ਵਰਤ ਰੱਖਣ ਦਾ ਜਾਂ ਤੀਰਥਾਂ ਤੇ ਜਾਣ ਦਾ ਕੋਈ ਵੀ ਲਾਭ ਨਹੀਂ ਹੈ, ਕਿਓਕਿ ਇਹ ਸਭ ਬਿਪਰ ਦੀ ਲੁੱਟ ਦਾ ਹੀ ਸਮਾਨ ਹੈ, ਇਹਨਾਂ ਕਰਮਕਾਂਡਾਂ ਦਾ ਆਤਮਿਕ ਜੀਵਨ ਨੂੰ ਕੋਈ ਵੀ ਲਾਭ ਨਹੀ ਹੈ,

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ।। ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾੲØੀ।। ੧।। (੭੧੮)

ਭਗਤ ਨਾਮਦੇਵ ਜੀ ਨੂੰ ਤਾਂ ਵਾਹਿਗੁਰੂ ਤੇ ਵਿਸ਼ਵਾਸ਼ ਹੋ ਗਿਆ ਸੀ ਤੇ ਉਹਨਾਂ ਨੇਂ ਬ੍ਰਹਾਮਣ ਦੇ ਪਾਖੰਡ ਦਾ ਭਾਂਡਾ ਭੰਨ ਦਿੱਤਾ, ਪਰ ਸਾਨੂੰ ਤਾਂ ਅਜੇ ਤੱਕ ਆਪਣੇਂ ਗੁਰੂ ਤੇ ਵਿਸ਼ਵਾਸ਼ ਹੀ ਨਹੀਂ ਹੋ ਸਕਿਆ ਹੈ ਇਹੋ ਕਾਰਨ ਅਸੀਂ ਸੱਚ ਤੋਂ ਕੋਹਾਂ ਦੂਰ ਹੋਕੇ ਜੀਅ ਰਹੇ ਹਾਂ। ਗੁਰਬਾਣੀਂ ਨੂੰ ਆਪਣੇਂ ਜੀਵਨ ਵਿੱਚ ਧਾਰਨ ਦੀ ਬਜਾਏ ਗੁਰਬਾਣੀਂ ਨੂੰ ਅਸੀਂ ਕੋਈ ਮਹਾਨ ਕਰਾਮਾਤੀ ਸ਼ਕਤੀ ਮੰਨ ਕੇ ਬੈਠ ਗਏ ਹਾਂ। ਇਹੋ ਕਾਰਨ ਹੈ ਕਿ ਅੱਜ ਲੋਕਾਂ ਤੱਕ ਸੱਚ ਅਸੀਂ ਨਹੀ ਪਹੁਚਾ ਸਕੇ ਜਿਸ ਕਾਰਨ ਲੱਖਾਂ ਲੋਕਾਂ ਦੇ ਮਨ ਅੰਦਰ ਗੁਰਬਾਣੀਂ ਦੇ ਪ੍ਰਤੀ ਸੰਦੇਹ ਪੈਦਾ ਹੋ ਚੁੱਕਾ ਹੈ, ਕਿਉਂਕਿ ਅਸੀਂ ਸਿੱਖ ਹੀ ਖੁਦ ਗੁਰਬਾਣੀਂ ਨੂੰ ਇੱਕ ਦੈਵੀ ਸ਼ਕਤੀ ਮੰਨਦੇ ਹਾਂ ਜੋ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ, ਪਰ ਜਦੋਂ ਕਿਸੇ ਦੀ ਕਾਮਨਾਂ ਪੂਰੀ ਨਹੀਂ ਹੁੰਦੀ ਹੈ ਤਾਂ ਉਹ ਇਸ ਤੋਂ ਇਨਕਾਰੀ ਹੋ ਜਾਂਦਾ ਹੈ। ਗੁਰਬਾਣੀਂ ਨਾਂ ਤਾਂ ਕੋਈ ਕਰਾਮਾਤ ਹੈ ਤੇ ਨਾਂ ਹੀ ਕੋਈ ਦੈਵੀ ਸ਼ਕਤੀ। ਗੁਰਬਾਣੀਂ ਜੀਵਨ ਨੂੰ ਸਫਲ ਬਣਾਉਣ ਦੇ ਮਹਾਨ ਨੁਕਤਿਆਂ ਦਾ ਮਹਾਨ ਖਜਾਨਾਂ ਹੈ। ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਹੀ ਸਮਝਣੀਂ ਪਵੇਗੀ ਤਾਂ ਹੀ ਅਸੀਂ ਇਹ ਗੱਲ ਸੰਸਾਰ ਦੇ ਕੋਨੇਂ ਕੋਨੇਂ ਵਿੱਚ ਪਹੁੰਚਾ ਸਕਦੇ ਹਾਂ। ਗੁਰਬਾਣੀਂ ਦੇ ਅੰਦਰ ਦਿੱਤੇ ਗਏ ਮਹਾਨ ਸੰਦੇਸ਼ ਨੂੰ ਜਦੋਂ ਅਸੀਂ ਆਪਣੇਂ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਸਾਡਾ ਸਾਰਾ ਜੀਵਨ ਹੀ ਇੱਕ ਦੈਵੀ ਸ਼ਕਤੀ ਤੇ ਕਰਾਮਾਤ ਬਣ ਜਾਵੇਗਾ, ਭਾਵ ਕਿ ਜੀਵਨ ਸੁੰਦਰ ਬਣ ਜਾਵੇਗਾ। ਹੈ, ਮੇਰਾ ਇੱਕ ਸਵਾਲ ਹੈ ਉਹਨਾਂ ਵੀਰਾਂ ਨੂੰ ਜੋ ਇਹ ਕਹਿੰਦੇ ਹਨ ਕਿ ਗੁਰਬਾਣੀਂ ਇੱਕ ਦੈਵੀ ਸ਼ਕਤੀ ਹੈ। ਜੇਕਰ ਇਹ ਸੱਚ ਹੈ ਤਾਂ ਫਿਰ ਅੱਜ ਤੱਕ ਗੁਰਬਾਣੀਂ ਦਾ ਨਿਰਾਦਰ ਕਰਨ ਵਾਲੇ ਦੁਸ਼ਟ ਸਰਸੇ ਵਾਲਾ, ਰਾਧਾਸੁਆਮੀ, ਨਿਰੰਕਾਰੀ, ਨਾਮਧਾਰੀ, ਜਾਂ ਹੋਰ ਬੇਅੰਤ ਜੋ ਨਿੱਤ ਗੁਰਬਾਣੀਂ ਦੇ ਖਿਲਾਫ ਬੋਲ ਰਹੇ ਹਨ ਜਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਹੇ ਹਨ, ਜੋ ਗੁਰੂ ਕੋਲ ਬੈਠਕੇ ਵੀ ਗਾਲਾਂ ਕੱਢਦੇ ਹਨ, ਗੋਲਕਾਂ ਦੀ ਚੋਰੀ ਕਰਦੇ ਹਨ, ਗੁਰੂ ਘਰਾਂ ਵਿੱਚ ਹੀ ਕੁਕਰਮ ਕਰਦੇ ਹਨ, ਉੇਹ ਸਾਰੇ ਕਿਓ ਖੁਲਮ ਖੁਲਾ ਫਿਰ ਰਹੇ ਹਨ। ਕਿਓ ਨਹੀਂ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜਾ ਉਸੇ ਵੇਲੇ ਗੁਰਬਾਣੀਂ ਦਿੰਦੀ?

ਮੇਰੀ ਇਸ ਗੱਲ ਦਾ ਮਤਲਬ ਉਲਟਾ ਨਾਂ ਲੈਣਾਂ ਮੈਂ ਉਹਨਾਂ ਵੀਰਾਂ ਤੋਂ ਕਈ ਗੁਣਾਂ ਵੱਧ ਗੁਰਬਾਣੀ ਦਾ ਸਤਿਕਾਰ ਕਰਦਾ ਹਾਂ, ਜੋ ਗੁਰਬਾਣੀਂ ਨੂੰ ਕੇਵਲ ਇੱਛਾਵਾਂ ਪੂਰੀਆਂ ਕਰਨ ਵਾਲੀ ਕਾਮਧੇਨ ਗਊ ਸਮਝਦੇ ਹਨ। ਫਰਕ ਕੇਵਲ ਇਤਨਾਂ ਹੈ ਕਿ ਮੈਂ ਗੁਰਬਾਣੀਂ ਨੂੰ ਕੋਈ ਕਰਾਮਾਤੀ ਤਾਕਤ ਨਹੀਂ ਮੰਨਦਾ। ਮੈਂ ਇਹ ਸਮਝਦਾ ਹਾਂ ਕਿ ਗੁਰਬਾਣੀਂ ਜੀਵਨ ਜਾਂਚ ਦਾ ਖਜਾਨਾਂ ਹੈ। ਆਉ ਅਸੀਂ ਅਗਾਂਹ ਵਿਚਾਰ ਕਰੀਏ ਕਿ ਇਸ ਅਖੋਤੀ ਗ੍ਰੰਥ ਸ਼ਰਧਾ ਪੂਰਨ ਜੋ ਭਾਈ ਮਨੀ ਸਿੰਘ ਜੀ ਦੇ ਸਿਰ ਮੜ੍ਹਿਆ ਗਿਆ ਹੈ ਵਿੱਚ ਹੋਰ ਕੀ ਕੁੱਝ ਕੂੜ੍ਹ ਕਭਾੜ੍ਹ ਲਿਖਿਆ ਗਿਆ ਹੈ। ਜਪੁ ਜੀ ਦੀ ਪਉੜ੍ਹੀ ਅਠਾਰਵੀਂ ਅਸੰਖ ਮੂਰਖ ਅੰਧ ਘੌਰ॥

ਦਾ ਮਹਾਤਮ ਇਹ ਲਿਖਿਆ ਗਿਆ ਹੈ ਕਿ ਜੇਕਰ ਇਸ ਪਉੜ੍ਹੀ ਦੇ ਨੌ-ਚੰਦੇ ਐਤਵਾਰ ਨੂੰ ਇਕੱਤੀ ਪਾਠ ਰੋਜਾਨਾਂ ਸ਼ੁਰੂ ਕਰਕੇ 41 ਦਿਨ ਕਰੇ, ਤਾਂ ਹਰ ਪ੍ਰਕਾਰ ਦੇ ਭੁਤ ਪ੍ਰੇਤ ਦਾ ਡਰ ਤੇ ਛਾਇਆ ਖਤਮ ਹੁੰਦੀ ਹੈ। ਮੈਨੂੰ ਇਹ ਨਹੀਂ ਸਮਝ ਆਉਦੀਂ ਕਿ ਇਸ ਬ੍ਰਾਹਮਣ ਅ-ਖੋਤੀ ਲੇਖਕ ਨੂੰ ਕਿਹੜ੍ਹੀ ਅਕਾਸ਼ਵਾਣੀਂ ਹੋਈ ਸੀ ਜੋ ਇਹ ਸਿੱਖ ਕੌਮ ਨੂੰ ਸ਼ਬਦਾਂ ਦੇ ਮਹਾਤਮ ਦਾ ਹੁਕਮ ਕਰ ਰਿਹਾ ਹੈ। ਮੈਂਨੂੰ ਲੱਗਦਾ ਇਹਨੇਂ ਵੀ ਵਿਚਾਰੇ ਨੇਂ ਕਿਤੇ ਮਾਤਾ ਕੌਲਾਂ ਵਾਲਿਆਂ ਦੀ ਸੰਗਤ ਕਰ ਲਈ ਹੋਣੀ ਆ। ਲੇਖਕ ਵਲੋਂ ਜੋ ਨੌ-ਚੰਦੇ ਐਤਵਾਰ ਦਾ ਭੁਲੇਖਾ ਪਾਇਆ ਗਿਆ ਹੈ ਇਹ ਸਾਨੂੰ ਸਭਨਾਂ ਨੂੰ ਜਾਣਕਾਰੀ ਹੋਣੀਂ ਚਾਹੀਦੀ ਹੈ ਕਿ ਗੁਰਮਤਿ ਕਿਸੇ ਵੀ ਦਿਨ ਵਾਰ ਨੂੰ ਚੰਗਾ ਮਾੜ੍ਹਾ ਨਹੀਂ ਸਮਝਦੀ ਫਿਰ ਇਹ ਭੁਲੇਖਾ ਪਾਕੇ ਲੇਖਕ ਕੀ ਸਿੱਧ ਕਰਨਾਂ ਚਾਹੁੰਦਾ ਹੈ, ਇਹ ਤਾਂ ਲੇਖਕ ਹੀ ਜਾਣਦਾ ਹੈ ਪਰ ਸਾਨੂੰ ਇਹ ਉਪਦੇਸ਼ ਹੈ, ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕ੍ਰਿਪਾ ਕਰਹੁ ਹਰੇ॥ (136) ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਿਗ੍ਹਾ ਕਰਦਾ ਹੈ ਉਹਨਾਂ ਵਾਸਤੇ ਸਾਰੇ ਮਹੀਨੇਂ, ਸਾਰੇ ਦਿਨ, ਸਾਰੇ ਮਹੂਰਤ ਭਲੇ ਹਨ। ਉਹ ਫਿਰ ਕਿਸੇ ਮਹੀਨੇਂ ਜਾਂ ਦਿਨ ਵਾਰ ਦੀ ਵੀਚਾਰ ਨਹੀਂ ਕਰਦੇ। ਇਹ ਦਿਨ ਵਾਰ ਦੀ ਵੀਚਾਰ ਦਾ ਭਰਮ ਵੀ ਸਾਡੇ ਦੇਸ਼ ਦੀ ਮੂਰਖ ਹਸਤੀ ਬ੍ਰਹਮਣ ਦੀ ਹੀ ਕ੍ਰਿਪਾ ਹੈ। ਪਰ ਗੁਰਮਤਿ ਦਾ ਇਸਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਦੂਜੀ ਗੱਲ ਚਾਲੀਹੇਂ ਕੱਟਣ ਦਾ ਵੀ ਸਾਡਾ ਰਿਵਾਜ ਨਹੀ ਹੈ ਇਹ ਵੀ ਹਿਦੂਆਂ ਦੀ ਹੀ ਪ੍ਰਨਾਲੀ ਦਾ ਹੀ ਇੱਕ ਅੰਗ ਹੈ, ਪਰ ਹੁਣ ਅਖੌਤੀ ਸਾਧਾਂ ਤੇ ਅਖੋਤੀ ਪ੍ਰਚਾਰਕਾਂ ਦੀ ਬਦੌਲਤ ਇਹ ਸਾਡਾ ਵੀ ਅੰਗ ਬਣਦਾ ਜਾ ਰਿਹਾ ਹੈ। ਆਮ ਤੌਰ ਤੇ ਗੁਰਬਾਣੀਂ ਪਾਠਾਂ ਦੇ ਚਾਲੀਹੇਂ ਕੱਟੇ ਜਾ ਰਹੇ ਹਨ ਜੋ ਕਿ ਸਰ੍ਹਾ ਸਰ ਗੁਰਮਤਿ ਦੇ ਵਿਰੁੱਧ ਹਨ। ਬਿਪਰ ਦੁਆਰਾ ਕਾਇਮ ਕੀਤੀ ਗਈ ਕੋਈ ਵੀ ਰੀਤ ਰਿਵਾਜ ਦਾ ਗੁਰਬਾਣੀਂ ਨਾਲ ਦੂਰ ਦਾ ਵੀ ਸੰਬੰਦ ਨਹੀ ਹੈ। ਪਰ ਹੁਣ ਕੌਣ ਇਹਨਾਂ ਨੂੰ ਸਮਝਾਵੇ ਕਿ ਤੁਸੀ ਜੋ ਕਰ ਰਹੇ ਹੋ ਉਹਦਾ ਵਿਰੋਧ ਗੁਰਬਾਣੀਂ ਵਿੱਚ ਕੀਤਾ ਗਿਆ ਹੈ। ਲੇਖਕ ਨੇਂ ਪਤਾ ਨਹੀਂ ਇਸ ਪਉੜ੍ਹੀ ਤੋਂ ਕਿਹੜ੍ਹਾ ਅਸਰ ਲੈ ਲਿਆ ਹੈ ਜੋ ਇਹ ਕਹਿ ਰਿਹਾ ਹੈ ਕਿ ਇਸਦਾ ਪਾਠ ਕਰਨ ਨਾਲ਼ ਭੂਤ ਪ੍ਰੇਤ ਦਾ ਡਰ ਖਤਮ ਹੁੰਦਾ ਹੈ, ਜਿਸਦੀ ਹੋਂਦ ਨੂੰ ਹੀ ਗੁਰਬਾਣੀਂ ਨੇਂ ਸਵੀਕਾਰ ਨਹੀਂ ਕੀਤਾ ਫਿਰ ਉਸਾਦਾ ਡਰ ਕਿਥੋਂ ਆ ਗਿਆ। ਇਹ ਲੇਖਕ ਖੁਦ ਹੀ ਕੋਈ ਬਿਪਰਵਾਦੀ ਭੂਤ ਹੈ ਜੋ ਗੁਰਬਾਣੀਂ ਦੀ ਵੀਚਾਰ ਤੋਂ ਕੋਰਾ ਤੇ ਗੁਰਮਤਿ ਸਿਧਾਂਤ ਤੋਂ ਸੱਖਣਾਂ ਹੈ। ਸਾਡੇ ਕੌਮ ਵਿੱਚ ਬਹੁਤ ਧੜ੍ਹੇ ਹਨ ਤੇ ਇਸ ਬਾਰੇ ਸਭਨਾਂ ਦੇ ਆਪੋ ਆਪੋ ਆਪਣੇ ਵੀਚਾਰ ਹਨ ਪਰ ਅਸੀਂ ਆਪਣੇਂ ਵੀਚਾਰ ਨਹੀਂ ਗੁਰੂ ਮਹਾਰਾਜ ਦੇ ਵੀਚਾਰ ਸਾਹਮਣੇ ਰੱਖਕੇ ਇਹ ਵੀਚਾਰ ਕਰਨੀ ਹੈ ਕਿ ਭੂਤ ਪ੍ਰੇਤ ਕੀ ਹਨ, ਤੇ ਇਹਨਾਂ ਦੀ ਹੋਂਦ ਬਾਰੇ ਗੁਰਬਾਣੀਂ ਦਾ ਕੀ ਫੈਂਸਲਾ ਹੈ। ਇਸ ਤੋਂ ਪਹਿਲਾਂ ਦਾਸ ਬੇਨਤੀ ਕਰ ਚੁੱਕਾ ਹੈ ਕਿ ਗੁਰਮਤਿ ਨੇਂ ਉਸ ਕਿਸੇ ਵੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈ ਜੋ ਬਿਪਰ ਦੇ ਸ਼ੈਤਾਨੀਂ ਦਿਮਾਗ ਦੀ ਕਾਢ ਹੈ ਔਰ ਅਸੀਂ ਵੀ ਆਪਣੀਂ ਸਾਰੀ ਵੀਚਾਰ ਦਾ ਨਿਸ਼ਾਨਾ ਇਹਨੂੰ ਹੀ ਬਣਾਂ ਕੇ ਚੱਲਣਾਂ ਹੈ। ਇਸ ਪਥਾਏ ਗਰਬਾਣੀਂ ਦਾ ਕੀ ਫੈਂਸਲਾ ਹੈ ਆਓ ਜਾਣੀਏਂ,

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ (1374) ਭਾਵ-ਜਿੰਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪ੍ਰਮਾਤਮਾਂ ਦੀ ਭਗਤੀ ਨਹੀਂ ਹੁੰਦੀ ਉਹ ਘਰ ਭਾਵੇਂ ਕਿਤਨੇਂ ਹੀ ਸਾਫ ਸੁਧਰੇ ਰੱਖੇ ਜਾਂਦੇ ਹੋਣ ਪਰ ਉਹ ਘਰ ਸਮਸ਼ਾਨ ਘਾਟ ਵਰਗੇ ਹਨ, ਤੇ ਉਥੇ ਰਹਿਣ ਵਾਲੇ ਮਨੁੱਖ ਨਹੀਂ ਭੂਤਨੇਂ ਹਨ। ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮਹੰਸ ਬੀਚਾਰੀ॥ (1131) ਭਾਵ-ਕਲਿਜੁਗ ਵਿੱਚ ਭੂਤਨੇਂ ਕੇਵਲ ਉਹੀ ਮਨੁੱਖ ਹਨ, ਜਿੰਨ੍ਹਾਂ ਨੇਂ ਆਪਣੇਂ ਅੰਦਰ ਵੱਸਦੇ ਪ੍ਰਮਾਤਮਾਂ ਨੂੰ ਨਹੀਂ ਪਛਾਣਿਆਂ, ਸਤਿਜੁਗ ਵਿੱਚ ਸਭ ਤੋਂ ਉਚੇ ਜੀਵਨ ਵਾਲੇ ਉਹੀ ਮਨੁਖ ਹਨ, ਜਿਹੜ੍ਹੇ ਆਤਮਿਕ ਜੀਵਨ ਦੀ ਸੂਝ ਵਾਲੇ ਹੋ ਗਏ।

ਇਥੇ ਵਰਤੇ ਸ਼ਬਦ ਕਲਿਯੁਗ ਜਾਂ ਸਤਿਯੁਗ ਕਿਸੇ ਖਾਸ ਸਮੇਂ ਲਈ ਨਹੀਂ ਹਨ, ਸਗੋਂ ਇਹਨਾਂ ਦੀ ਖੰਡਨਾਂ ਕੀਤੀ ਗਈ ਹੈ, ਸਤਿਯੁਗ ਜਾਂ ਕਲਯੁਗ ਆਤਮਿਕ ਅਵਸਥਾਵਾਂ ਹਨ। ਬਿਪਰ ਦੇ ਘੜ੍ਹੇ ਗਏ ਜੁੱਗਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੇਂ ਕਦੇ ਵੀ ਸਵੀਕਾਰ ਨਹੀਂ ਕੀਤਾ ਜੋ ਸਾਡਾ ਸਾਧ ਲਾਣਾਂ ਅੱਜ ਇਹ ਕਹਿ ਰਿਹਾ ਹੈ ਕਿ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨ ਮਾਤਰ ਹੀ ਮਨੁਖ ਨੂੰ ਚਾਰ ਜੁਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਨੇਂ ਸ਼ਾਇਦ ਅਜੇ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਨਹੀਂ ਸਮਝਿਆ ਹੈ, ਉਹ ਅਜੇ ਵੀ ਬਿਪਰ ਦੀ ਬਣਾਈਂ ਗਈ ਚਾਰ ਦੀਵਾਰੀ ਅੰਦਰ ਹੀ ਕੈਦ ਹਨ। ਆਓ ਹੋਰ ਗੁਰੂ ਬਚਨਾਂ ਦੀ ਸਾਂਝ ਪਾਕੇ ਸਮਝਣ ਦੀ ਕੋਸ਼ਿਸ ਕਰੀਏ ਜੀ

ਕੀ ਅੰਦਰਿ ਨਾਨਕਾ ਜਿਨਾਂ ਦਾ ਅਉਤਾਰ॥ ਪੁਤੁ ਜਿਨੂਰਾ ਧੀਅ ਜਿਨੂਰੀ ਜੋਰੂ ਜਿਨਾਂ ਦਾ ਸਿਕਦਾਰੁ॥ (556)

ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ॥ ਹਰਿ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥ (706)

ਐਸੇ ਅਨੇਕਾਂ ਹੋਰ ਵੀ ਗੁਰੂ ਫੁਰਮਾਨ ਹਨ, ਜਿਨ੍ਹਾਂ ਤੋਂ ਇਹ ਸੇਧ ਲਈ ਜਾ ਸਕਦੀ ਹੈ ਕਿ ਗੁਰਬਾਣੀ ਵਿੱਚ ਬਿਪਰ ਦੇ ਘੜ੍ਹੇ ਭੂਤਾਂ ਦਾ ਕੋਈ ਜਿਕਰ ਨਹੀਂ ਹੈ ਸਗੋਂ ਸਤਿਗੁਰੂ ਮਹਾਰਾਜ ਤਾਂ ਪ੍ਰੇਤਾਂ ਤੋਂ ਦੇਵਤਾ ਬਣਾਉਣ ਆਏ ਸਨ, ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ॥ ਸਭੇ ਸਿਖ ਉਬਾਰਿਅਨੁ ਪ੍ਰਭ ਕਾਜ ਸਵਾਰੇ॥ (323) ਇਸ ਤੋਂ ਇਲਾਵਾ ਗੁਰਬਾਣੀ ਅੰਦਰ ਭੂਤ ਸ਼ਬਦ ਵਿਕਾਰਾਂ ਪ੍ਰਤੀ, ਜੀਵਾਂ ਪ੍ਰਤੀ, ਪਦਾਰਥਾਂ ਪ੍ਰਤੀ, ਸ੍ਰਿਸਟੀ ਪ੍ਰਤੀ, ਵਿਕਾਰਾਂ ਅੰਦਰ ਮਸਤ ਹੋਏ ਜੀਵਾਂ ਪ੍ਰਤੀ ਵਰਤਿਆ ਗਿਆ ਹੈ। ਸੋ ਇਹ ਸ਼ਪੱਸ਼ਟ ਹੋਇਆ ਕਿ ਗੁਰਬਾਣੀ ਕਿਸੇ ਭੂਤ ਪ੍ਰੇਤ ਜੂਨ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੀ। (ਚਲਦਾ)

ਲੇਖਕ-ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 098721-18848

095921-96002
.