.

ਦਸਮ ਗ੍ਰੰਥ: ਅਰਥਾਂ ਦਾ ਇੱਕ ਅਧਿਐਨ

- ਅਮਰੀਕ ਸਿੰਘ ‘ਧੌਲ’

ਦਸਮ ਗ੍ਰੰਥ ਦੇ ਖ਼ਾਲਸਈ ਅਰਥ ਖ਼ਾਲਸਾ ਪੰਥ ਨੂੰ ਚਿਰੋਕੇ ਹੀ ਨਿਰਧਾਰਤ ਕਰ ਦਿਤੇ ਜਾਣੇ ਚਾਹੀਦੇ ਸਨ। ਪਰ ਨਾ ਤਾਂ ਪੰਥ, ਨਾ ਪੰਥਕ ਜਥੇਬੰਦੀਆਂ (ਜਿਵੇਂ ਧਰਮ ਪ੍ਰਚਾਰ ਕਮੇਟੀ), ਸਿੱਖ ਅਖਵਾਉਂਦੇ ਸਾਧਾਂ ਸੰਤਾਂ ਦੇ ਕਰੋੜਾਂਪਤੀ ਡੇਰੇ, ਤੁਰਦੀਆਂ ਫਿਰਦੀਆਂ ਯੂਨਵਿਰਸਿਟੀਆਂ ਦਾ ਭੁਲੇਖਾ ਦੇਣ ਵਾਲੀਆਂ ਵੇਦਾਂਤ ਨਾਲ ਗ੍ਰਹਿਣੀਆਂ ਟਕਸਾਲ਼ਾਂ 1, ਅਖੌਤੀ ਯੂਨੀਵਿਰਸਿਟੀਆਂ (ਕੋਈ ‘ਪੰਜਾਬ’, ਕੋਈ ‘ਪੰਜਾਬੀ’, ਤੇ ਕੋਈ ‘ਗੁਰੂ ਨਾਨਕ’ ਦੇ ਪਵਿੱਤ੍ਰ ਨਾਮ ਨੂੰ ਬਦਨਾਮ ਕਰਨ ਵਾਲੀਆਂ), ਭਾਸ਼ਾ ਵਿਭਾਗ, ਚੀਫ ਖ਼ਾਲਸਾ ਦੀਵਾਨ ਅਤੇ ਹੋਰ ਅਨੇਕਾਂ ਬਰਸਾਤੀ ਖੁੰਬਾਂ ਵਾਂਗ ਨਿੱਤ ਨਵੇਂ ਸੂਰਜ ਉਗੇ ਅਦਾਰੇ, ਫੇਰ ਇਨ੍ਹਾਂ ਦੇ ਮਹਿਕਮੇ (ਤੇ ਚੇਅਰਾਂ ਜਾਂ ਪ੍ਰੋਫੈੱਸਰੀਆਂ), ਜਿਨ੍ਹਾਂ ਤੋਂ ਆਸ ਰਖੀ ਜਾ ਸਕਦੀ ਸੀ, ਨੇ ਇਹ ਨਿਹਾਇਤ ਜ਼ਰੂਰੀ ਕੰਮ ਕਿਸੇ ਬੰਨੇ ਨਹੀਂ ਲਾਇਆ। ਹਾਲਾਂਕਿ ਅਕਾਲ ਤਖਤ ਉਪਰ 14/05/2000 ਨੂੰ ਹੋਈ ਧਾਰਮਿਕ ਇਕੱਤ੍ਰਤਾ ਵਿੱਚ ਲਏ ਫੈਸਲੇ ਮੁਤਾਬਿਕ ‘ਦਸਮ ਗ੍ਰੰਥ’ ਵਿਚਲੀ ਕੱਚੀ ਤੇ ਸੱਚੀ ਬਾਣੀ ਦਾ ਨਿਰਨਾ ਲੈਣ ਵਾਰੇ ਧਾਰਮਿਕ ਸਲਾਹਕਾਰ ਬੋਰਡ ਵਿਚਾਰ ਗੋਸ਼ਟੀਆਂ ਕਰਵਾ ਕੇ ਪੰਥ ਨੂੰ ਕੋਈ ਸਾਰਥਿਕ ਸੇਧ ਦੇਣ ਦੇ ਦਾਅਵੇ ਗ਼ੈਰ-ਜ਼ੁਮੇਵਾਰ ਲੀਡਰਾਂ ਅਕਸਰ ਲਏ ਹੋਏ ਸਨ 2. ਉਦੋਂ ਤੋਂ ਅੱਜ ਤੱਕ ਕਈ ਸਾਲ ਗੁਜ਼ਰ ਜਾਣ ਤੋਂ ਬਾਦ ਵੀ ਅੱਜੇ ਤਾਈਂ ਕੋਈ ਅਜਿਹਾ ਬੋਰਡ ਹੋਂਦ ਚ ਨਹੀਂ ਆਇਆ। ਖ਼ਾਲਸਾ ਕੌਮ ਦੀ ਪਾਰਲੀਮੈਂਟ (?) ਦੀ ਇਸ ਘੋਰ ਅਣਗਹਿਲੀ ਕਾਰਨ ਇਕੱਲੇ ਵਿਦਿਆਰਥੀਆਂ ਨੂੰ ਹੀ ਦੁਸ਼ਵਾਰੀਆਂ ਨਹੀਂ ਦਰ ਪੇਸ਼ ਹੋਈਆਂ ਸਗੋਂ ਕਿਸੇ ਸਾਧਾਰਨ ਸਿੱਖ ਮਾਈ ਭਾਈ ਨੂੰ ਵੀ ਅਸਲ ਅਰਥ ਹੱਥ ਨਾ ਆਉਂਦੇ ਹੋਣ ਕਰਕੇ ਬੜੇ ਤਰਲੇ ਕਰਨੇ ਪੈ ਰਹੇ ਸਨ। ਭਾਵੇਂ ਅਸਲ ਅਰਥਾਂ ਨੂੰ ਸਥਾਪਤ ਕਰਨ ਲਈ ਇਸ ਅਣਗਹਿਲੀ ਪਿਛੇ ਲੁਕੀ ਸਾਜਿਸ਼ ਨੂੰ ਨੰਗਾ ਕਰਨ ਲਈ ਕਈ ਵਾਰ ਪਹਿਲਾਂ ਵੀ ਤੇ ਹੁਣ ਵੀ ਬਹੁਤ ਯਤਨ ਹੋਏ ਸਨ 3. ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਜਗਤ ਪ੍ਰਸਿੱਧ ਪੁਸਤਕ: ‘ਸਹਿਜੇ ਰਚਿਓ ਖ਼ਾਲਸਾ’ ਦੀ ਛੇਵੀਂ ਕਿਤਾਬ (ਜਿਹੜੀ 4 ਸਤੰਬਰ, 1976 ਈ. ਨੂੰ ਰਚੀ ਜਾ ਚੁਕੀ ਸੀ।) ਦਸਮ ਗ੍ਰੰਥ ਤੇ ਇੱਕ ਬਹੁਤ ਗੰਭੀਰ ਤੇ ਸਾਰਥਕ ਟਿੱਪਣੀ ਦਿੰਦੀ ਪੰਥਕ ਵਿਦਵਾਨਾਂ ਦਾ ਧਿਆਨ ਆਕਰਸ਼ਤ 4 ਕਰਦੀ ਰਹੀ ਹੈ। ਹੁਣ, ਦਸਮ ਗ੍ਰੰਥ ਦੀ ਕੱਚੀ ਤੇ ਸੱਚੀ ਬਾਣੀ ਦਾ ਨਿਰਣਾਂ ਕਰਨ ਲਈ 21ਵੀਂ ਸਦੀ ਦੇ ਪਹਿਲੇ ਦਹਾਕੇ R.S.S. ਦੀ ਅਣਹੋਈ ਤੜੀ ਤੇ ਕਸਕ ਕਰਕੇ ਕੁੱਝ ਸੂਝਵਾਨ ਸਿੱਖਾਂ ਨੇ ਇਸ ਨਵੀਂ ਚੁਣੌਤੀ ਦਾ ਸਫਲ ਮੁਕਾਬਲਾ ਕਰਦਿਆਂ ਦਸਮ ਗ੍ਰੰਥ ਦੇ ਅਸਲ ਅਰਥਾਂ ਦਾ ਪੁਨਰ ਨਿਰਮਾਣ ਕਰਕੇ ਅਸਲ ਅਰਥਾਂ ਦਾ ਐਸਾ ਨਿਰਾਲਾ ਸੰਸਾਰ ਸਿਰਜ 5 ਦਿੱਤਾ ਕਿ ਦਸਮ ਗ੍ਰੰਥ ਵਾਰੇ ਬਣੇ ਸਾਰੇ ਵਹਿਮ ਭਰਮ ਸੰਗਤ ਦੇ ਦਿਮਾਗ਼ ਚੋਂ ਝੱਟ ਕਾਫ਼ੂਰ ਹੋ ਗਏ। ਨਕਲੀ ਤੇ ਅਸਲੀ ਅਰਥਾਂ ਦਾ ਮਿਸਾਲਾਂ ਸਮੇਤ ਟਾਕਰਾ ਕਰਨਾ ਇਸ ਲੇਖ ਦਾ ਮੁੱਖ ਮਜ਼ਮੂਨ ਹੈ। ਨਾਲ ਨਾਲ, ਸਿੱਖੀ ਦੇ ਨਿਰਾਲੇ ਤੇ ਤਿੱਖੇਪਣ ਨੂੰ ਖੁੰਢਾ ਕਰਨ ਵਾਲੇ ਅਚੇਤ ਤੇ ਸੁਚੇਤ ਯਤਨਾਂ ਦੇ ਅੰਤਰਗਤ ਕੀ ਹੈ, ਦਾ ਉਲੇਖ ਵੀ ਲਗਾਤਾਰ ਹੁੰਦਾ ਜਾਵੇਗਾ। ਅਰਥਾਂ ਦੇ ਇਸ ਸੰਕਟ ਦਾ ਆਧਾਰ ਜਿਥੇ ਹੋਰ ਬਤੇਰੇ ਕਾਰਨ ਹਨ ਉਥੇ ਖ਼ਾਲਸਈ ਸੇਧ ਦੀ ਅਣਹੋਂਦ ਵੀ ਉਨ੍ਹਾਂ ਚੋਂ ਇੱਕ ਹੈ।

ਅਸਲ ਅਰਥਾਂ ਨੂੰ ਉਪਰੋਕਿਤ ਸੂਝਵਾਨ ਵਿਦਵਾਨਾਂ (ਸਿਰਦਾਰ ਗੁਰਤੇਜ ਸਿੰਘ, ਡਾ. ਦਵਿੰਦਰ ਸਿੰਘ ਸੇਖੋਂ, ਸਵਰਗੀ ਡਾ. ਬਲਦੇਵ ਸਿੰਘ, ਸਿੰਘ ਸਭਾ ਕੈਨੇਡਾ, ਪ੍ਰੋ. ਹਰਿੰਦਰ ਸਿੰਘ ਮਹਿਬੂਬ, ਜਸਬਿੰਦਰ ਸਿੰਘ ਡੁਬਈ 6 ਆਦਿ) ਦੁਆਰਾ ਨਿਰਧਾਰਿਤ ਕੀਤੇ ਇਨ੍ਹਾਂ ਅਰਥਾਂ ਵਿੱਚ ਅਜਿਹੀ ਕਿਹੜੀ ਨਿਰਾਲੀ ਚੀਜ਼ ਹੈ ਜਿਨ੍ਹਾ ਵਿਚੋਂ ਖ਼ਾਲਸਈ ਸੇਧ ਨਜ਼ਰ ਆਉਂਦੀ ਹੈ। ਮੋਟੇ ਤੌਰ ਤੇ ਦੋ ਗੱਲਾਂ ਮਾਲੂਮ ਹੁੰਦੀਆਂ ਹਨ। ਇਕ, ਇਨ੍ਹਾਂ ਅਰਥਾਂ ਵਿੱਚ ਇਕਸਾਰਤਾ ਹੈ ਅਤੇ ਇਹ ਦਸਮ ਗ੍ਰੰਥ ਵਿਚਲੀਆਂ ਅਨੇਕ ਕਵਿਤਾਵਾਂ ਵਿੱਚ ਦਸਮ ਗ੍ਰੰਥ ਦੇ ਆਦਿ (ਮੁੱਢ), ਮੱਧ ਤੇ ਅੰਤ ਸਭੇ ਥਾਈਂ ਅੰਤਰ-ਸੰਬੰਧਿਤ ਅਰਥ ਹਨ। ਮਿਸਾਲ ਵਜੋਂ, ‘ਸੋਧਕ ਕਮੇਟੀ’ ਵਲੋਂ ਛਪੇ ਦਸਮ ਗ੍ਰੰਥ ਵਿੱਚ ਥਾਂ ਪੁਰ ਥਾਂ ਵਿੱਕੋਲਿੱਤਰੀਆਂ ਤੇ ਖਿਲਾਰੀਆਂ ਗਈਆਂ ਕਈ ਕਵੀਆਂ ਦੀਆਂ ਕਵਿਤਾਵਾਂ ਦੇ ਅੰਦਰਲੇ ਰਿਸ਼ਤੇ ਨੂੰ ਦਿੱਬ-ਦ੍ਰਿਸ਼ਟੀ ਦੀ ਤਰ੍ਹਾਂ ਪਰਖ ਪੜਚੋਲਵੀਂ ਦ੍ਰਿਸ਼ਟੀ ਨਾਲ, ਲੱਭ ਕੇ ਕਵੀ ਦੀ ਸੋਚਣੀ ਤੇ ਖਿਆਲਾਂ ਦੇ ਸੰਸਾਰ ਦੇ ਸਾਂਗੋ-ਪਾਂਗ ਪਹਿਲਾਂ ਆਪ ਦਰਸ਼ਣ ਕਰਨੇ ਫੇਰ ਪਾਠਕਾਂ ਨੂੰ ਕਰਾਉਣੇ। ਦੂਜੀ ਮਿਸਾਲ, ਅਰਥਾਂ ਦੀ ਇਕਸਾਰਤਾ ਅਤੇ ਅੰਤਰ-ਸੰਬੰਧਤਾ ਅਖੀਰਲੇ ਤ੍ਰਿਆ ਚਰਿਤ੍ਰ (404) ਵਿਚਲੇ ‘ਮਹਾਕਾਲ’ ਦੇ ਅਰਥ ਖ਼ਾਲਸਾ ਪੰਥ ਦੀ ਮਰਯਾਦਾ ਬੰਨ੍ਹਣ ਵਾਲੇ ਪੰਥਕ ਮੁਹਾਣਿਆਂ ਜਾਂ ਧੁਰੰਧਰ ਵਿਦਵਾਨਾਂ 7 ਨੇ ਇਸ ਚਰਿਤ੍ਰ ਦੇ ਪਹਿਲੇ ਹਿੱਸੇ (ਅੰਕ 1 ਤੋਂ ਅੰਕ 376 ਤੱਕ) ਦੇ ਅਰਥਾਂ ਨੂੰ ਅਖੀਰਲੇ ਹਿੱਸੇ (ਅੰਕ 377 ਤੋਂ ਲੈ ਕੇ ਅੰਕ 401 ਤੱਕ) 8 ਦੇ ਅਰਥਾਂ ਤੋਂ ਉਲਟ, ਆਪਣੀ ਅਗਿਆਨਤਾ ਅਤੇ ਉਜੱਡਪੁਣੇ ਦਾ ਚੋਖਾ ਸਬੂਤ ਦਿੰਦਿਆਂ, ਬਣਾਉਟੀ ਅਰਥ ਸਿਰਜ ਕੇ ਭੰਨੀ ਸੀ 9. ਹੁਣ ਅਜੋਕੇ ਵਿਦਵਾਨਾਂ ਵਲੋਂ ਉਪਲਭਦ ਅਧਿਐਨ ਦੇ ਸਮੁਦਾਇ (ਜਿਵੇਂ ਜਸਬਿੰਦਰ ਸਿੰਘ ਖ਼ਾਲਸਾ, ਪ੍ਰੋ. ਗੁਰਤੇਜ ਸਿੰਘ), ਨੇ ਇਕੱਲੇ ਏਸੇ ਹੀ ਚਰਿੱਤ੍ਰ ਵਿੱਚ ਨਹੀਂ ਸਗੋਂ ਸਮਗਰ (ਸਾਰੇ) ਦਸਮ ਗ੍ਰੰਥ ਵਿੱਚ ‘ਮਹਾਂਕਾਲ’ ਸਮੇਤ ਉਹਦੀ ਅਰਧੰਗਣੀ (ਵਹੁਟੀ) ਸ਼ਕਤੀ (ਕਾਲਿਕਾ) ਦੇ ਚੋਖੇ ਲਿੰਕ ਲੱਭ ਕੇ ਅਸਲ ਅਰਥਾਂ ਦੀ ਇਕਸਾਰਤਾ ਅਤੇ ਅੰਤਰ-ਸੰਬੰਧਤਾ ਨਿਰਧਾਰਿਤ ਕੀਤੀ ਹੈ 10. ਉਪਰੋਕਤ ਦੋਵੇਂ ਗੁਣ ਬਹੁਤੇ ਹੋਰ ਟੀਕਿਆਂ ਵਿੱਚ ਨਹੀਂ ਮਿਲਦੇ ਸਗੋਂ ਕਈ ਟੀਕੇ ਅਧੂਰੇ ਹਨ 11. ਕਈ ਟੀਕਾਕਾਰ ਅਕਸਰ ਕਹਿੰਦੇ ਸੁਣੇ ਹਨ ਕਿ ਅੱਖਰੀ ਅਰਥ ਕਰਨ ਤੋਂ ਵੱਧ ਉਨ੍ਹਾਂ ਦਾ ਹੋਰ ਕੋਈ ਸਰੋਕਾਰ ਨਹੀਂ 12. ਦੂਜਾ, ਇਨ੍ਹਾਂ ਅਸਲ ਅਰਥਾਂ ਵਿਚੋਂ ਖ਼ਾਲਸਈ ਸੇਧ ਅਵੱਸ਼ ਝਲਕਦੀ ਹੈ। ਤੀਜਾ, ਇਹ ਅਰਥ ਦੁਸ਼ਮਣ ਦੀ ਸਾਜਿਸ਼ ਨੂੰ ਬੇ-ਨਕਾਬ ਕਰਦੇ ਹਨ। ਚੌਥਾ, ਸਭ ਤੋਂ ਵੱਡੀ ਗੱਲ, ਇਹ ਲ਼ਿਖਾਰੀ ਜਿਥੇ ਸੱਚ ਦੇ ਮੁਤਲਾਸ਼ੀ (ਖੋਜੀ) ਹਨ ਉਥੇ ਇਨ੍ਹਾਂ ਵਿੱਚ ਬਤੌਰ ਲਿਖਾਰੀ ਜ਼ੁੰਮੇਵਾਰੀ ਦੇ ਨਾਲ਼ ਸੰਜੀਦਗੀ, ਗੁਰੂ ਪ੍ਰਤਿ ਅਧੀਨਗੀ, ਗਿਆਨੀ ਅਖਵਾਉਂਦੇ ਅਗਿਆਨੀਆਂ ਅਤੇ ਪਖੰਡੀਆਂ ਪ੍ਰਤਿ ਦ੍ਰਿੜ੍ਹਤਾ, ਬਹਾਦਰੀ, ਜਮਾਲ, ਜਲਾਲ, ਜੁਰਅਤਿ ਹੈ। ਇਨ੍ਹਾਂ ਵਿੱਚ ਸੰਜੀਦਾ ਇਨਸਾਨਾਂ ਤੇ ਅਸਲ ਗੁਰਸਿੱਖਾਂ ਪ੍ਰਤਿ ਅਧੀਨਗੀ, ਨਿੰਮ੍ਰਤਾ, ਮਿੱਠਤ, ਦਇਆ ਆਦਿ ਸ਼ੁਭ ਗੁਣ ਸਭੋ ਚੀਜ਼ਾਂ ਹਾਜ਼ਰ ਹਨ। ਇਸ ਲਈ ਇਹ ਲਿਖਾਰੀ ਅਰਥਾਂ ਪ੍ਰਤਿ ਵੀ ਇਮਾਨਦਾਰ ਹਨ। ਪੰਜਵਾਂ, ਇਹ, “ਬਿੱਪਰ ਸੰਸਕਾਰ ਨਾਲ਼ ਘਾਇਲ ਹੋਈ ਰੋਗੀ ਚੇਤਨਾ ਦੀ ਗ਼ੁਲਾਮੀ ਕਰਦੀ”, “ਪਦਾਰਥ ਜਾਂ ਪੈਸੇ ਦੇ ਸ਼ਕਤੀ ਨਿਯਮ ਦੀ ਸੁੰਨ” ਕੀਤੀ ਹੋਈ, “ਧਰਮੋਂ ਸੱਖਣੀ ਤੇ ਇਲਾਹੀ ਅਮਲ ਦੇ ਸਦੀਵੀ ਵਿਰੋਧ” ਵਿੱਚ ਖੜੀ 13 “ਵੇਦਾਂਤ ਨਾਲ ਗ੍ਰਹਿਣੀ” 14 ਕਿਸੇ ਅਖੌਤੀ ਮੌਜੂਦਾ ਪ੍ਰਚੱਲਿਤ ਟਕਸਾਲ ਜਾਂ ਅਖੌਤੀ ਯੂਨੀਵਰਸਿਟੀਆਂ ਦੀ ਜ਼ਿਹਨੀ ਗ਼ੁਲਾਮੀ ਹਰਗਿਜ਼ ਨਹੀਂ ਕਰਦੇ (ਤਿਰਛੇ ਲਫ਼ਜ਼ ਮੇਰੇ ਹਨ) ਜੇ ਇਨ੍ਹਾਂ ਦੀ ਸੁਰਤਿ ਵੀ ਹਿੰਦੂਤਵ ਦੇ ਵੇਦਾਂਤੀ ਦਰਸ਼ਣ ਜਾਂ ਫਲਸਫੇ, ਇਤਿਹਾਸ ਤੇ ਸੋਚ ਵਿੱਚ ਕੈਦ ਹੁੰਦੀ ਤਾਂ ਇਹ ਵਿਦਵਾਨ ਵੀ ਸ਼ਾਇਦ ਮੱਖੀ ਤੇ ਮੱਖੀ ਮਾਰਦੇ ਜ਼ਰਾ ਨਾ ਸੰਗਦੇ 15. ਇਸ ਲਈ ਕਹਿਣ ਦਾ ਭਾਵ ਬੜਾ ਸਪਸ਼ਟ ਹੈ ਕਿ ਇਸ ਪਵਿੱਤਰ ਖ਼ਾਲਸਈ ਸੋਚਣੀ ਦੇ ਧਾਰਨੀ ਲਿਖਾਰੀ ਲਫ਼ਜ਼ ਦੇ ਧਾਤੂ ਚੋਂ ਅਰਥ ਨਹੀਂ ਕੱਢਦੇ, ਖ਼ਾਲਸਈ ਸੰਦਰਭ ਸਦਾ ਨਿਗਾਹ ਚ ਰਖਦੇ ਹਨ।

ਇਨ੍ਹਾਂ ਅਸਲ ਅਰਥਾਂ ਦੇ ਨਵੇਂ ਆਗ਼ਾਜ਼ (ਸ਼ੁਰੂਆਤ) ਹੋਣ ਤੋਂ ਪਹਿਲਾਂ ਦਸਮ ਗ੍ਰੰਥ ਵਾਰੇ ਬਣੇ ਵਹਿਮਾਂ ਭਰਮਾਂ ਦੀ ਹੋਂਦ ਇਕੋ ਇੱਕ ਗੱਲ ਕਰਕੇ ਹੀ ਸੀ ਕਿ ਇਹ ‘ਮੇਰੇ ਗੁਰੂ ਦੇ ਅਨਮੋਲ ਵਚਨ’ ਹਨ। ਭਾਵ, ਇਨ੍ਹਾਂ ਵਹਿਮਾਂ ਭਰਮਾਂ ਦੀ ਡੂੰਘੀ ਤੇ ਮੋਟੀ ਤਹਿ ਹੇਠ ਕਿਸੇ ਸੱਚੀ ਤੇ ਸੁੱਚੀ ਸ਼ਰਧਾ ਦਾ ਕਿਣਕਾ ਮਾਤ੍ਰ ਅੰਸ਼ ਜ਼ਰੂਰ ਹਾਜ਼ਿਰ ਹੈਸੀ 16. ਇਨ੍ਹਾਂ ਸੂਧੇ ਤੇ ਸ਼ਰਧਾਵਾਨ ਸਿਖਾਂ ਨੂੰ ਇਸ ਗੱਲ ਦੀ ਤਵੱਕੋ ਹੀ ਨਹੀਂ ਸੀ ਕਿ ਉਹ ਤਾਂ ਇੱਕ ਭਰਮ ਦੇ ਪਰਦੇ ਹੇਠ ਧੋਖੇ ਦੇ ਸ਼ਿਕਾਰ ਬਣਾਏ ਗਏ ਸਨ। ਇਸ ਭਰਮ ਦੇ ਸ਼ਿਕਾਰ ਉਹ ਇਸ ਕਰਕੇ ਹੋਏ ਕਿ ਉਨ੍ਹਾਂ ਦੇ ਦਿਲ ਵਿੱਚ ਜਿਥੇ ਆਪਣੇ ਗੁਰੂ ਲਈ ਅਥਾਹ ਤੇ ਅਗਾਧ ਸ਼ਰਧਾ ਭਾਵਨਾ ਸੀ ਉਥੇ ਉਨ੍ਹਾਂ ਨੇ ਦਸਮ ਗ੍ਰੰਥ ਨੂੰ ਆਪ ਪੜ੍ਹ ਵੇਖਣ ਦਾ ਕਸ਼ਟ ਨਹੀਂ ਸੀ ਕੀਤਾ 17, ਇਸ ਗੱਲ ਲਈ ਉਹ ਦੋਸ਼ੀ ਜ਼ਰੂਰ ਹਨ। ਆਪਣੇ ਗੁਰੂ ਲਈ ਅਪਾਰ ਸ਼ਰਧਾ ਹੀ ਉਨ੍ਹਾਂ ਲਈ ਇੱਕ ਕਿਸਮ ਦੀ ਧੋਖਾਦੇਹ ਸਾਬਿਤ ਹੋਈ 18. ਜਿਹੜੇ ਕੋਈ ਸਰ ਵਰਕ, ਜਾਂ ਹੋਰ ਪੱਤਰੇ ਜੇ ਕੋਈ ਬਾਣੀ ਸ੍ਰੀ ਗ੍ਰੰਥ ਸਾਹਿਬ ਜੀ ਤੋਂ ਬਾਹਰ, ਹਜ਼ੂਰਿ-ਮੁਬਾਰਕ, ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦ ਹੈਸੀ, ਦੇ ਸਨ ਤਾਂ ਉਹ ਤਾਂ ਦੁਸ਼ਮਣ ਨੇ 1895 ਈ: ਵਿੱਚ ਪਰ੍ਹਾਂ ਵਗਾਹ ਮਾਰੇ ਸਨ। ਜਾਪ ਸਾਹਿਬ ਸਮੇਤ ਪੰਜ ਬਾਣੀਆਂ (ਦਸਮ ਗ੍ਰੰਥ ਵਿਚਲੀਆਂ) ਕਿਸੇ ਤਰ੍ਹਾਂ ਬਚ ਰਹੀਆਂ। ਉਨ੍ਹਾਂ ਦੀ ਥਾਂ ਅਸ਼ਲੀਲ ਤੇ ਬਣਾਉਟੀ ਕਵਿਤਾਵਾਂ ਦੇ ਪੁਲੰਦੇ ਇੰਨੀ ਵਧੇਰੀ ਮਾਤ੍ਰਾ ਵਿੱਚ ਇਕੱਠੇ ਕੀਤੇ ਗਏ ਕਿ ਉਨ੍ਹਾਂ ਦਾ ਇੱਕ ਹੋਰ ਗ੍ਰੰਥ ਬਣ ਗਿਆ ਜਿਹੜਾ ਆਕਾਰ ਵਜੋਂ ‘ਦਮਦਮੀ ਬੀੜ’ (ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ) ਜਿੰਨਾ ਹੀ ਵੱਡਾ ਸੀ। ਅਤੇ ਦੁਸ਼ਮਣ ਨੇ ੳੇਹਦੇ ਸਫੇ ਵੀ 1428 ਬਣਾ ਘੱਤੇ ਤਾਂ ਜੋ ਇਹ ਦੂਜੇ ਗ੍ਰੰਥ ਦਾ ਭੁਲੇਖਾ ਮਾਰ ਸਕੇ 19. ਉਸ ਵੇਲੇ ਜਾਂ 20ਵੀਂ ਸਦੀ ਦੇ ਅਰੰਭ ਵਿੱਚ ਲਗਦਾ ਐਉਂ ਹੀ ਸੀ ਕਿ ਸੱਚਮੁੱਚ ਹੀ ਦਸਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਉਨ੍ਹਾਂ ‘ਦਮਦਮੀ ਬੀੜ’ ਵਿੱਚ ਨਹੀਂ ਸੀ ਚਾੜ੍ਹੀ, ਅਕਸਰ ਕਿਤੇ ਹੈ। ਇਹ ਇਸ਼ਾਰਾ ਸਿਖ ਰਹਿਤ ਮਰਯਾਦਾ ਵਿੱਚ ਦਰਜ ‘ਬੇਨਤੀ ਚੌਪਈ’ ਦੇ ਹਵਾਲੇ ਤੋਂ ਹੁੰਦਾ ਹੈ 20. ਬਿੱਲੀ ਉਦੋਂ ਥੈਲਿਓਂ ਬਾਹਰ ਨਿਕਲ ਗਈ, ਜਦ ਚਤਰ ਸਿੰਘ ਜੀਵਨ ਸਿੰਘ ਨੇ ਨਿਰੇ ‘ਦਸਮ ਗ੍ਰੰਥ’ ਦੀ ਥਾਂ ‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ’ ਬਣਾਉਟੀ ਨਾਮ ਧਰ ਕੇ ਛਾਪਣਾ ਸ਼ੁਰੂ ਕਰ ਦਿੱਤਾ ਤਾਂ ਇਸ ਗ੍ਰੰਥ ਦਾ ਬੋਲ ਬਾਲਾ (ਉਚਾ) ਹੋ ਗਿਆ ਕਿ ਅਕਸਰ ਦਸਮ ਗ੍ਰੰਥ ਕੋਈ ਕਿਤਾਬ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਾਪ ਸਾਹਿਬ, ਅਕਾਲ ਉਸਤਤਿ ਆਦਿ 21 ਤੋਂ ਇਲਾਵਾ ਹੋਰ ਬਾਣੀ ਵੀ ਮੌਜੂਦ ਹੈ।

ਉਪਰੋਕਤ ਵਿਦਵਾਨਾਂ ਦੁਆਰਾ ਇਹ ਨਵੇਂ ਅਧਿਐਨ ਪੁਰਾਣੇ ਸਾਰੇ ਮੁਹੱਈਆ ਟੀਕਿਆਂ ਤੋਂ ਲਾਸਾਨੀ ਹਨ। ਤੇ ਆਪਣੀ ਮਿਸਾਲ ਆਪ ਇਸ ਕਰਕੇ ਹੀ ਹਨ ਕਿ ਇਹ ਬਣਾਉੇਟੀ ਅਰਥਾਂ ਦੀ ਬਜਾਇ ਅਸਲੀ ਅਰਥਾਂ ਦਾ ਪੁਨਰ ਨਿਰਮਾਣ ਕਰਦੇ ਹਨ। ਇਨ੍ਹਾਂ ਬਣਾਉਟੀ ਅਰਥਾਂ ਦੇ ਭਰਮ ਜਾਲ਼ ਵਿੱਚ ਸਿਖ ਕੌਮ ਕਦੋਂ, ਕਿਵੇ ਤੇ ਕਿਉਂ ਫਸੀ? ਮੇਰੀ ਤੁੱਛ ਬੁਧੀ ਮੁਤਾਬਿਕ ਐਂਉਂ ਮਾਲੂਮ ਹੁੰਦਾ ਹੈ ਕਿ ਸਮੇਤ ਅਖੌਤੀ ਲੀਡਰਾਂ ਦੇ, ਸਿੱਖ ਕੌਮ ਦੀ ਉਪਰ ਕਥਿਤ ਭਾਰੀ ਅਣਗਹਿਲੀ ਕਰਕੇ ਪੁਰਾਣੇ ਤੇ ਨਵੇਂ ਸਿਖ ਪਰਚਾਰਕਾਂ 22, 23 ਨੇ ਵੇਦਾਂਤਿਕ ਵਿਧੀ ਅਪਣਾੱ ਕੇ ਸਿਖ ਫਲਸਫੇ, ਸਿਖ ਸਿਧਾਂਤ, ਸਿਖ ਚਿੰਤਨ ਦੀ ਇਕਾਗਰਤਾ ਤੇ ਮੌਲਿਕਤਾ ਨੂੰ ਇਨ੍ਹਾਂ ਹੇਠ ਲਿਖੇ ਅੱਠ ਤਰੀਕਿਆਂ ਨਾਲ਼ ਕਰਾਰੀ ਸੱਟ ਕੇ ਮਾਰ ਕੇ ਭੰਗ ਕੀਤਾ: (ੳ) ਲਫਜ਼ਾਂ ਦੇ ਧਾਤੂ ਚੋਂ ਅਰਥ ਕੱਢਣੇ, (ਅ) ਗੁਰਬਾਣੀ ਨੂੰ ਪੰਜਵਾਂ ਵੇਦ ਜਾਂ ਵੇਦਾਂ ਦਾ ਨਿਚੋੜ ਸਾਬਿਤ ਕਰਨਾ, (ੲ) ਆਪਣੇ ਨਾਵਾਂ ਨਾਲ਼ ‘ਪੰਡਿਤ’ ‘ਪੰਡਤ-ਗਿਆਨੀ ‘, 108, 111, 1001, 1111, ਅਤੇ 111111 ਦੀਆਂ ਉਪਾਧੀਆਂ ਲਾਉਣ ਲੱਗ ਪੈਣਾਂ 24, 25 ਜਾਂ ਸ਼੍ਰੀ 108, ਸ਼੍ਰੀ 111 ਆਦਿ ਦੀਆਂ ਉਪਾਧੀਆਂ ਸਮੇਤ ਆਪਣੇ ਆਪ ਨੂੰ ਸੰਤ, ਸਾਧ, ਬਾਬਾ, ਸਿੱਖ-ਸਵਾਮੀ ਕਹਾੱ ਕੇ ਖੁਸ਼ ਹੋਣਾ 26, 27. (ਸ) ਹਜ਼ਾਰਾਂ ਸਾਲ ਪੁਰਾਣਾਂ ਵੀਚਾਰ-ਚੌਖਟਾ (ਵੇਦਾਂਤ) ਗੁਰੂ ਨਾਨਕ ਦੇ ਅਸਲੋਂ ਵੱਖਰੇ ਤੇ ਨਵੇਂ ਵਿਚਾਰ-ਪ੍ਰਬੰਧ ਉਪਰ ਮੜ੍ਹਨਾ। (ਹ) ਪੁਜਾਰੀ ਵਰਗ ਦਾ ਆਪ ਮੁਹਾਰੇ ਸ਼ੁਤਰ (ਊਠ) ਵਾਂਗ ਬੇ-ਲਗਾਮਾ ਖ਼ਾਲਸਾ ਪੰਥ ਦੇ ਸਕੂਲਾਂ (ਗੁਰਦੁਆਰਿਆਂ) `ਚ ਘੁਗੀਆਂ ਬਟੇਰਿਆਂ ਦੀਆਂ ਮਨਘੜਤ ਸਾਖੀਆਂ ਸੁਣਾਉਣੀਆਂ। ਮਿਸਾਲ ਵਜੋਂ, ਇੱਕ ਕਥਾਕਾਰ ਨੇ ਔਰੰਗਜ਼ੇਬ ਦੇ ਪੰਜਾਂ ਸਿੰਘਾਂ ਕੋਲੋਂ ਜਲਦੀ ਜ਼ਫਰਨਾਮਾ ਨਾ ਲੈਣ ਦਾ ਕਾਰਣ ਦੱਸਿਆ ਕਿ ਔਰੰਗਜ਼ੇਬ ਜ਼ੁਹਦੀ ਤੇ ਤਪੀ ਹੋਣ ਕਰਕੇ ਆਪਣਾ ਰੂਪ ਵਟਾ ਕੇ ਕਬੂਤਰ ਬਣ ਕੇ ਮੱਕੇ ਦੀ ਜ਼ਿਆਰਤ ਕਰਨ ਚਲਾ ਜਾਇਆ ਕਰਦਾ ਸੀ। ਅਵਾਜਾਰ ਹੋ ਕੇ ਜਦ ਭਾਈ ਦਇਆ ਸਿੰਘ ਨੇ ਅਰਦਾਸ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਬਾਜ਼ ਬਣ ਕੇ ਕਬੂਤਰ (ਔਰੰਗਜ਼ੇਬ) ਨੂੰ ਮੱਕੇ `ਚ ਐਂਟੀ-ਕਲੌਕਵਾਈਜ਼ ਪਰਕਰਮਾ ਕਰਦਿਆਂ, ਮੋਹਰਿਓਂ ਘੇਰ ਕੇ ਪੁਛਿਆ ਕਿ ਦਸ ਤੈਂ ਜ਼ਫਰਨਾਮਾ ਲੈਣਾ ਕਿ ਨਹੀਂ? ਭਾਵ ਕਿ ਗੁਰੂ ਜੀ (ਬਾਜ਼) ਨੇ ਔਰੰਗੇ ਨੂੰ ਡਰਾਇਆ ਧਮਕਾਇਆ ਤਾਂ ਕਿਤੇ ਉਸ ਨੇ ਜ਼ਫਰਨਾਮਾ ਲਿਆ ਸੀ। ਅਖੇ, ਇਥੋਂ ਸਾਡੀਆਂ (ਨਿਹੰਗਾਂ) ਦੀਆਂ ਪਰਕਰਮਾ ਐਂਟੀ-ਕਲੌਕਵਾਈਜ਼ (anticlockwise) ਬਣੀਆਂ ਸਨ 28. (ਕ) ਸਿਖ ਅਵਾਮ (ਲੋਕਾਂ) ਨੇ ਅਜੇਹੇ ਸਿੱਧੜ ਪਰਚਾਰਕਾਂ, ਭਾਈਆਂ, ਪਾਠੀਆਂ, ਕਥਾਕਾਰਾਂ ਨੂੰ ਫੋਕੇ ਬਾਬਾਲਫਜ਼ ਦੇ ਜ਼ਹਿਰੀਲੇ ਕੈਪਸੂਲਾਂ `ਚ ਬੰਦ ਕਰਕੇ ਉਨ੍ਹਾਂ ਕੋਲੋਂ ਅਜਿਹੀਆਂ ਕਥਾ ਕਹਾਣੀਆਂ ਸੁਣ ਕੇ ਘਰਾਂ ਨੂੰ ਪਰਤ ਜਾਣਾ। ਪਰਚਾਰ ਦੀ ਚੰਗੀ ਕੁਆਲਿਟੀ (quality) ਤੇ ਖਾਲਸਈ ਸੇਧ ਦੀਆਂ ਓਜਮਈ ਮਿਆਰਾਂ ਵਾਰੇ ਆਪਣੀ ਸੰਜੀਦਾ ਜ਼ੁੰਮੇਵਾਰੀ ਨਾ ਸਮਝਣੀ। (ਖ) ਸਿਖ ਪੰਥ ਦੇ ਕਿਸੇ ਕੇਂਦਰੀ ਪਰਚਾਰ ਧੁਰੇ ਦੀ ਅਣਹੋਂਦ ਹੋਣੀ। (ਗ) ਸਿੱਖਾਂ ਦੀ ਕਿਸੇ ਕੇਂਦਰੀ ਕੌਮੀ ਪਾਰਲੀਮੈਂਟ 29, ਜਿਹੜੀ ਇਨ੍ਹਾਂ ਦੁਰਾਚਾਰੀਆਂ ਨੂੰ ਡਿ-ਸਿੱਪਲਿਨ (discipline) ਕਰ ਸਕਣ ਦਾ ਉਚ-ਪੱਧਰਾ ਕੌਮੀ ਅਧਿਕਾਰ ਰਖਦੀ ਹੋਵੇ, ਅਜਿਹੇ ਅਦਾਰੇ ਦੀ ਅਣਹੋਂਦ। ਇਥੋਂ ਸਰ੍ਹੀਣ ਸਾਬਤ ਹੈ ਕਿ ਸਿੱਖ ਕੌਮ ਨੇ ਕੌਮੀ ਕਾਰਜਾਂ ਨੂੰ ਕਰਨ ਲਈ ਸਰਬ ਪੰਥਕ ਗੁਰਮਤਾ ਕਰਨ ਦੀ ਰੀਤ ਦਾ ਸਦਾ ਵਾਸਤੇ ਭੋਗ ਪਾਉਣ (1805 ਈ.) ਤੋਂ ਢੇਰ ਚਿਰ ਪਹਿਲਾਂ (1740 ਈ.) ਸਿੱਖ ਚਿੰਤਨ ਨੂੰ ਕੁਰਾਹੇ ਪਾਇਆ ਸੀ। ਜਿਸ ਦੇ ਸਿੱਟੇ ਵਜੋਂ ਪੰਥ ਅੰਦਰੂਨੀ ਤੇ ਬਾਹਰੀ ਦੋਵੇਂ ਤਰਜ਼ ਦੀ ਆਪੋ-ਧਾਪੀ ਜਾਂ ਹਫਰਾ ਤਫਰੀ ਦਾ ਅੱਜ ਤੱਕ ਸ਼ਿਕਾਰ ਹੈ।

ਇਨ੍ਹਾਂ ਹਾਲਾਤ ਵਿੱਚ ਬਣਾਉਟੀ ਅਰਥਾਂ ਦੀ ਅਜਿਹੀ ਪਿੱਠ-ਭੂਮੀ ਲੈ ਕੇ ਪੁਰਾਣੇ ਤੇ ਨਵੇਂ ਵਿਦਵਾਨਾਂ 30 ਨੇ ਲਫਜ਼ ਦੇ ਧਾਤੂ ਚੋਂ (ਵੇਦਾਂਤਿਕ ਵਿਧੀ) ਨਾਲ਼ ਅਰਥ ਕੱਢ ਕੇ 31 ਸਿਖ ਧਰਮ ਤੇ ਹੋਰਨਾਂ ਧਰਮਾਂ ਦੇ “ਸਾਂਝੇ ਲੱਛਣਾਂ” ਦੇ ਖੁਰੇ ਢੂੰਡਦਿਆਂ ਸਿਖ ਫਲਸਫੇ ਦੇ ਹਰ ਵਿਚਾਰ ਦੀ ਜੜ੍ਹ ਵੇਦ ਪੁਰਾਣੇ, ਕਤੇਬ ਕੁਰਾਣੇ ਤੱਕ ਲੱਭ ਲੱਭ ਕੇ 32 ਸ਼ਬਦ ਦੇ ਵਿਚਾਰ ਦੀ ਖਾਲਸਈ ਸੇਧ ਗੁਆ ਦਿਤੀ। ਮਿਸਾਲ ਵਜੋਂ, ਇੱਕ ਓਅੰਕਾਰ (ੴ) ਨੂੰ ਅੰਗ ਨਿਖੇੜ ਕਰਕੇ 33, 34 (ਓ ਅ ਮ) ਯਾਨੀ ਬ੍ਰਹਮਾ, ਵਿਸ਼ਨੂੰ, ਸ਼ਿਵ ਦੇ ਪ੍ਰਤੀਕ ਸਮਝ ਲਿਆ ਗਿਆ 35. ਅਜੋਕੇ ਵਿਕਾਸਵਾਦੀ ਨੁਕਤਾ-ਨਿਗਾਹ ਮੁਤਾਬਿਕ ਕਿਸੇ ਵੀ ਮਨੁੱਖੀ ਚਿੰਤਨ ਦੇ ਵਿਕਾਸ ਦੀ ਤਰੱਕੀ ਦੇ ਇੱਕ ਪੜਾਅ ਤੋਂ ਵਿਕਸਿਤ ਹੋਇਆ ਵੀਚਾਰ-ਪ੍ਰਬੰਧ ਕਿਸੇ ਹੋਰ ਯੁਗ `ਚ ਵਿਕਸਤ ਹੋਏ ਵੀਚਾਰ-ਚੌਖਟੇ ਉਪਰ ਨਹੀਂ ਮੜ੍ਹਿਆ ਜਾ ਸਕਦਾ 36. ਜਿਵੇਂ ਇੱਕ ਬੂਹੇ ਦੀ ਚੁਗਾਠ ਦੂਜੇ ਬੂਹੇ ਉਪਰ ਨਹੀਂ ਫਿੱਟ ਹੋ ਸਕਦੀ। ਭਾਵ ਸਪਸ਼ਟ ਹੈ ਕਿ ਗੁਰਬਾਣੀ ਦੀਆਂ ਟੂਕਾਂ ਤੇ ਵੇਦਾਂਤ ਦੀਆਂ ਟੂਕਾਂ ਦੇ ਟਾਕਰੇ 37, 38 ਤੋਂ ਅਕਸਰ ਗ਼ਲਤ ਨਤੀਜੇ ਹੀ ਕੱਢੇ ਜਾ ਸਕਦੇ ਹਨ 38, 39. ਭਾਵ ਸਾਫ ਹੈ ਕਿ ਸਿੱਖੀ, ਵੇਦਾਂਤ ਨਹੀਂ ਹੋ ਸਕਦੀ ਤੇ ਵੇਦਾਂਤ, ਸਿੱਖੀ ਨਹੀਂ ਹੋ ਸਕਦਾ ਅਥਵਾ ਸਿੱਖ, ਵੇਦਾਂਤੀ ਨਹੀਂ ਹੋ ਸਕਦਾ ਅਤੇ ਵੇਦਾਂਤੀ, ਸਿੱਖ ਨਹੀਂ ਹੋ ਸਕਦਾ ਕਿਉਂਕਿ ਸਿੱਖ ਨਾ ਤਾਂ ਸੂਫੀ ਦਰਵੇਸ਼ ਹੈ ਤੇ ਨਾ ਹਿੰਦੂ ਭਗਤ। ਸਿੱਖ ਸੰਤ ਸਿਪਾਹੀ ਹੈ 40 ਤੇ ਜੇਤੂ ਪ੍ਰਵਿਰਤੀ ਦਾ ਮਾਲਿਕ ਹੈ। ਉਹ ਨਿਰਭੈ ਹੈ ਤੇ ਜੋਧਾ ਹੈ 41. ਸਿੱਖ ਗੁਰਬਾਣੀ ਜਾਂ ਗੁਰਮਤਿ ਦੀ ਵਿਚਾਰਧਾਰਾ ਤੇ ਵੇਦਾਂਤ ਆਦਿ ਇੱਕ ਯੁਗ ਦੇ ਵੀਚਾਰ-ਪ੍ਰਬੰਧ ਨਹੀਂ, ਇਹ ਵੱਖਰੇ ਵੱਖਰੇ ਸਮੇਂ ਦੇ ਦੋ ਵੀਚਾਰ-ਚੌਖਟੇ ਇੱਕ ਦੂਜੇ ਤੋਂ ਆਜ਼ਾਦ ਅਤੇ ਖ਼ੁਦਮੁਖਤਿਆਰ ਫ਼ਲਸਫੇ ਹਨ। ਪਰ ਸਾਡੇ ਵਿਦਵਾਨਾਂ ਨੂੰ ਇਹ ਸੋਝੀ ਨਾ ਹੋਣ ਕਰਕੇ, ਅਤੇ ਹੋਰ ਅਨੇਕਾਂ ਕਾਰਨਾਂ ਕਰਕੇ ਵੀ ਉਸ ਵਕਤ ਤੱਕ ਏਡੇ ਭਮੱਤਰ ਚੁਕੇ ਸਨ ਕਿ ਜਦ ਇਹੋ ਹੀ ਵੇਦਾਂਤਿਕ ਵਿਧੀ ਤੇ ਵੇਦਾਂਤਿਕ ਵਿਆਖਿਆ 42 ਦਸਮ ਗ੍ਰੰਥ ਦੀਆਂ ਕੱਚੀਆਂ ਕਵਿਤਾਵਾਂ ਉਤੇ ਲਾਗੂ ਕੀਤੀ ਤਾਂ ਇਨ੍ਹਾਂ ਵਿਦਵਾਨਾਂ ਨੇ ਦੇਵੀ ਦੇਵਤਿਆਂ ਦੇ ਨਾਵਾਂ ਦੇ ਸਹੀ ਅਰਥਾਂ ਦੀ ਥਾਂ ‘ਬਣਾਉਟੀ’ ਅਰਥ 43 ਅਪਣਾੱ ਲਏ। ਕਾਰਨ ਬੜੇ ਸਪਸ਼ਟ ਹਨ ਕਿ ਇਨ੍ਹਾਂ ਵਿਦਵਾਨਾਂ ਤੇ ਕਥਾਕਾਰਾਂ ਦੀ ਸੋਚਣੀ ਤੇ ਵਿਦਵਤਾ ਜਾਂ ਗਿਆਨ ਦਾ ਮਿਆਰ ਤੇ ਆਧਾਰ ਉਚੇ ਖ਼ਾਲਸਈ ਅਰਥਾਂ ਦੇ ਹਾਣ ਦਾ ਨਹੀਂ ਸੀ ਰਿਹਾ। ਦੂਜਾ, ਦਸਮ ਗ੍ਰੰਥ ਚੰਗੀ ਤਰ੍ਹਾਂ ਉਨ੍ਹਾਂ ਨੇ ਵੀ ਨਹੀਂ ਸੀ ਪੜ੍ਹਿਆ ਅਤੇ ਨਾ ਚੰਗੀ ਤਰ੍ਹਾਂ ਸਮਝਿਆ ਹੀ ਸੀ; ਓਪਰੀ ਨਜ਼ਰਸਾਨੀ ਕਰਨ ਦੇ ਹੀ ਆਦੀ ਹੋ ਚੁਕੇ ਸਨ 44. ਤੀਜਾ, ਗੁਰੂ ਗੋਬਿੰਦ ਸਿੰਘ ਨਾਮ ਉਤੇ ਅੰਨ੍ਹੀ ਤੇ ਖਾਲੀ ਸ਼ਰਧਾ 45, 46 ਅਤੇ ਲੋੜੋਂ ਵੱਧ ਕਿਸੇ ਤੇ ਭਰੋਸਾ ਕਰ ਲੈਣਾ ਵੀ ਸਿਖਾਂ ਦੇ ਔਗੁਣ ਬਣ ਚੁਕੇ ਸਨ 47. ਜੇ ਪਾਠਕ ਦਸਮ ਗ੍ਰੰਥ ਵਿੱਚ ਕਦੀ ਵਿਰੋਧਾਭਾਸ ਨੋਟ ਕਰ ਹੀ ਲੈਂਦਾ ਸੀ ਤਾਂ ਗੁਰੂ ਜੀ ਪ੍ਰਤੀ ਸ਼ਰਧਾ ਭਾਵਨਾ ਕਰਕੇ ਅਕਸਰ ਕਿੰਤੂ ਨਹੀਂ ਸੀ ਕਰਦਾ 48, 49, 50. ਅਜਿਹੇ ਕਈ ਕਾਰਨ (ਜਿਵੇਂ ਲੜਾਈ ਚ ਲੜ ਰਹੇ ਸੱਚੇ ਜੰਗ-ਜੂ ਜੋਧੇ ਅਤੇ ਈਮਾਨਦਾਰ ਖ਼ਾਲਸਾ ਲਿਖਾਰੀਆਂ ਦੀ ਮਾਸੂਮੀ ਤੇ ਨਰਮੀ ਦਾ ਹਿੰਦੂ ਅਖੇਪਕ ਨੇ ਨਾ-ਜਾਇਜ਼ ਫ਼ਾਇਦਾ ਉਠਾ ਕੇ ਆਖੇਪ ਕੀਤੇ – (ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।) ਸਨ, ਜਿਹੜੇ ਸਿਖਾਂ ਨੂੰ ਬਤੇਰੀ ਵਾਰ ਟਪਲਾ ਲਾਉਣ ਵਿੱਚ ਕਾਫੀ ਹੱਦ ਤਕ ਦੁਸ਼ਮਣ ਦੇ ਸਹਾਇਕ ਹੋਏ 51.

20ਵੀਂ ਸਦੀ ਦੇ ਅਰੰਭ ਤੱਕ ਇਹ ਅਖੌਤੀ ਵਿਦਵਾਨ, ਜ਼ਿਹਨੀ 52 ਗੁਲਾਮੀ, ਹੀਣੇਪਣ 53, ਫੋਕੇ ਹੰਕਾਰ 54, 55, ਸੁਆਰਥੀ-ਅਪਸਾਰਵਾਦੀ ਰੁਚੀ 56, 57, 58 ਤੇ ਘੋਰ ਅਗਿਆਨਤਾ ਦਾ ਸ਼ਿਕਾਰ (1740 ਈ: ਤੋਂ ਅੱਜ ਤੱਕ ਦੇ ਲੰਮੇ ਸਮੇ ਦੌਰਾਨ) ਚਲੀ ਆਉਂਦੀ ਸਿਖ ਕੌਮ 59, 60, 61 ਦੇ ਗਿਣਤੀ ਦੇ ਵਿਦਵਾਨਾਂ ਵਿੱਚ ਆਪਣੇ ਸੌੜੇ ਘੇਰੇ 62 ਤੋਂ ਬਾਹਰ ਨਿਕਲਣ ਦੀ ਤੀਖਣ ਬੁੱਧੀ ਦਾ ਵਧੇਰਾ ਬੱਲ ਮੌਜੂਦ ਨਾ ਸੀ। ‘ਜਬ ਲਗ ਖਾਲਸਾ ਰਹੇ ਨਿਆਰਾ।’ (ਅਣਜਾਤੇ ਕਵੀ) 63 ਦੀ ਫੋਕੀ ਨਾਅਰੇਬਾਜ਼ੀ ਇਨ੍ਹਾਂ ਨੂੰ ਅਵੱਸ਼ ਯਾਦ ਸੀ। ਜਿਹਦੇ ਤਹਿਤ ਇਨ੍ਹਾਂ ਨੇ ਦੇਵੀ ਦੇਵਤਿਆਂ ਦੇ ਸੌਖੇ ਨਾਵਾਂ ਦੇ ਵੀ ‘ਬਣਾਉਟੀ’ ਅਰਥ ਕਰ ਦਿਤੇ ਕਿਉਂਕਿ ਖ਼ਾਲਸੇ ਦੇ ਨਿਆਰੇਪਣ ਨੂੰ ਮਸਨੂਈ ਤਰੀਕਿਆਂ ਨਾਲ ਲੋਕਾਂ ਨੂੰ ਦਿਖਾਉਣ ਤੇ ਕਾਇਮ ਰੱਖਣ ਲਈ 64 ਇਨ੍ਹਾਂ ਨੇ ਅਜਿਹੇ ਅਰਥਾਂ ਦਾ ਮੁਲੰਮਾ ਸਿਰਜ ਕੇ ਅਸਲੀ ਅਰਥਾਂ ਨੂੰ ਆਪਣੀ ਘੋਰ ਅਗਿਆਨਤਾ (ਜਾਂ ਦਿਮਾਗੀ ਖ਼ਲਲ) ਅਤੇ ਆਪਣੇ ਨਿਰਾਲੇਪਣ ਦੇ ਫੋਕੇ ਹੰਕਾਰ ਨੂੰ ਆਪਣੇ ਵੇਦਾਂਤੀ ਗਿਆਨ ਦੀ ਲਿਸ਼ਕ ਪੁਸ਼ਕ ਦੇ ਹੇਠ ਲੁਕੋ ਦਿਤਾ। ਫੋਕੀ ਨਾਅਰੇਬਾਜ਼ੀ ਦਾ ਸਾਫ਼ ਅਰਥ ਇਹ ਹੈ ਕਿ ‘ਤਬ ਲਗ ਤੇਜ ਦੀਓ ਮੈਂ ਸਾਰਾ’ 65 ਵਿਚਲਾ ਸਾਰਾ ਤੇਜ ਲੈਣ ਲਈ ਸਿਖ ਕੌਮ ਦੀ 66 ਉਹ ਪੀੜ੍ਹੀ ਦਿਮਾਗੀ ਤੌਰ ਤੇ ਅਜੇ ਪੂਰੀ ਤਿਆਰ ਨਹੀਂ ਸੀ ਹੋਈ। ਖ਼ਾਲਸਾ ਅਸਲੋਂ ਨਿਆਰਾ ਤਦੇ ਹੋਣਾ ਸੀ ਜੇ ਸਾਰਾ ਸਿਖ ਇਤਿਹਾਸ ਉਸਦੀ ਸ਼ਖਸੀਅਤ ਵਿੱਚ ਪੂਰਣ ਰੂਪ ਵਿੱਚ ਇਕਾਗਰ ਹੁੰਦਾ 67 ਭਾਵ ਜੇ ਖ਼ਾਲਸਾ ‘ਬਿਪਰਨ ਕੀ ਰੀਤ’ ਨਾ ਅਪਣਾਉਂਦਾ (ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰਉਂ ਇਨ ਕੀ ਪਰਤੀਤ॥) 68. ਦੂਜਾ, ਜੇ ਕਿਤੇ ਹਿੰਦੂਆਂ ਤੋਂ ਵੀਹਵੀਂ ਸਦੀ ਦੇ ਮੁੱਢ `ਚ ਦੇਵੀ ਦੇਵਤਿਆਂ ਦੇ ਨਾਵਾਂ ਦੇ ਅਰਥ ਪੁੱਛ ਲੈਂਦੇ ਤਾਂ ਵੀ ਉਨ੍ਹਾਂ ਨੇ ਉਹੋ ਹੀ ਅਰਥ ਦਸਣੇ ਸਨ ਜਿਹੜੇ ਅੱਜ R.S.S. ਦੱਸਦੀ ਹੈ 69, 70, 71. ਉਦੋਂ ਤਾਂ ਅਖੌਤੀ ਲੀਡਰਾਂ ਦੀ ਤਿੱਕੜੀ (ਬਲਦੇਵ ਸਿੰਘ, ਤਾਰਾ ਸਿੰਘ (ਮਾ.), ਗਿ: ਕਰਤਾਰ ਸਿੰਘ) ਗੂੜ੍ਹੀ ਨੀਂਦੇ ਸਮੁੰਦਰ ਦੀ ਅੱਗ ਬੁਝਾਉਂਦੀ ਪਈ ਸੀ ਤੇ ਬਾ-ਖ਼ਬਰ, ਹੋਸ਼ਿਆਰ, ਮਕਾਰ ਤੇ ਫ਼ਰੇਬੀ ਰਾਜਨੀਤਕਾਂ ਨੂੰ ਕਦੇ `ਚਾਚਾ’ `ਚਾਚਾ’ ਕਦੇ ‘ਬਾਪੂ’ ‘ਬਾਪੂ’ ਕਹਿੰਦੀ ਦੇ ਸਾਹ ਸੁਕਦੇ ਸਨ 72. ਖ਼ੈਰ, ਰੱਬ ਦਾ ਸ਼ੁਕਰ ਹੈ, ਕਿ ਇਨ੍ਹਾਂ ਫ਼ਰੇਬੀ ਸਿੱਖ ਲੀਡਰਾਂ ਦੀ ਬਦੌਲਤ, ਸਿਖ ਚੇਤਨਾ ਜਾਂ ‘ਖ਼ਾਲਸਾ ਦ੍ਰਿਸ਼ਟੀ’ (ਉਚੀ ਸੁਰਤਿ) ਸਾਰੀ ਦੀ ਸਾਰੀ ਕਲੰਕਿਤ ਨਹੀਂ ਹੋਈ ਸੀ, ਕਿਉਂਕਿ ਗੁ. ਨਾਨਕ ਕ੍ਰਿਪਾ ਸਦਕਾ ਇਹ ਖ਼ਾਲਸਾ ਪੰਥ ਵਿੱਚ ਕਦੇ ਵੀ ਸਾਰੀ ਦੀ ਸਾਰੀ ਕਲੰਕਿਤ ਨਹੀਂ ਹੁੰਦੀ 73, ਭਾਵੇਂ ਪੰਥ ਵਿੱਚ ‘ਵੱਡੀ’ ਜਾਂ ‘ਛੋਟੀ’ ਗਿਣਤੀ ਦੇ ਖ਼ਾਲਸੇ ਵਿੱਚ ਮੌਜੂਦ ਰਹੇ। ਜਿਸ ਦਾ ਇੱਕ ਪਰਮਾਣ 1947 ਈ: ਤੋਂ ਬਾਦ ਵੀ ਦੇਖਣ ਵਿੱਚ ਆਇਆ ਹੈ। ਮਿਸਾਲ ਵਜੋਂ, ਇੱਕ ਕਵੀ (ਕੁਲਵੰਤ ਸਿੰਘ ਗਰੇਵਾਲ) ਨੇ ਸੰਨ 1964 ਈ: ਵਿੱਚ ਘਟਨਾ ਵਾਪਰਨ ਤੋਂ ਵੀਹ ਸਾਲ ਪਹਿਲਾਂ ਹੀ 1984 ਈ: ਦੇ ਸਿੱਖ ਦੁਖਾਂਤ ਨੂੰ ਆਪਣੀ ਦੀਰਘ ਕਾਵਿ ਦ੍ਰਿਸ਼ਟੀ ਦੁਆਰਾ ਸਾਂਗੋ-ਪਾਂਗ ਮਹਿਸੂਸ ਕਰ ਲਿਆ ਸੀ 74. ਦੂਜਾ ਪਰਮਾਣ, “ਹਮ ਹਿੰਦੂ ਨਹੀਂ” (ਕ੍ਰਿਤ: ਭਾਈ ਕਾਨ੍ਹ ਸਿੰਘ ਨਾਭਾ) ਵਰਗੀਆਂ ਲਿਖਤਾਂ ਦਾ 1947 ਤੋਂ ਪਹਿਲਾਂ ਹੋਂਦ ਵਿੱਚ ਆਉਣਾ ਵੀ ਦਿਸ਼ਟੀ ਗੋਚਰੇ ਹੁੰਦਾ ਹੈ 75. ਉਂਜ, “ਹਮ ਹਿੰਦੂ 76 ਨਹੀਂ” ਵਰਗੀਆਂ ਲਿਖਤਾਂ ਪੰਥ ਦੀ ਬਾਹਰਲੀ ਸੀਮਾ ਨੂੰ ਨਿਸਚਤ ਕਰਨ ਲਈ ਕੱਲੇ ਦੁਕੱਲੇ ਵਿਅਕਤੀ ਦੁਆਰਾ ਵਕਤੀ ਯਤਨ ਦਰੁੱਸਤ ਸਨ ਪਰ ਜਿੰਨਾ ਚਿਰ ਪੰਥਕ ਤੌਰ ਤੇ ਸਿਖ ਸਿਧਾਂਤ ਦੀ ਵਿਲੱਖਣਤਾ ਪਰਦਾਨ ਕਰਦੇ ਅਰਥਾਂ ਦੀ ਪੁਨਰ-ਸਿਰਜਣਾ ਨਾ ਕੀਤੀ ਜਾਵੇ ਉਨਾ ਚਿਰ ਅੰਦਰੋਂ ਸਿਖ ਸਿਧਾਂਤ ਜਾਂ ਸਿਖ ਫਲਸਫੇ ਨੂੰ ਪੱਕਿਆਂ ਕਰਨ ਲਈ ਰਾਹ ਨਹੀਂ ਖੁਲਦ੍ਹਾ। ਕੌਮੀ ਪ੍ਰੋਗਰਾਮਾਂ ਨੂੰ ਤਰਕਸਿਧੀ ਪਰਦਾਨ ਕਰਕੇ ਉਨ੍ਹਾਂ ਧਰਾਤਲਾਂ, ਜਿਨ੍ਹਾਂ ਉਤੇ ਸਿਖ ਸਿਧਾਂਤ, ਸਿਖ ਫਲਸਫੇ, ਸਿਖ ਵੀਚਾਰਧਾਰਾ ਤੇ ਸਿਖ ਸਭਿਅਤਾ ਦੇ ਮਹੱਲ ੳੇਸਾਰੀਦੇ ਹਨ, ਨੂੰ ਚਟਾਨ ਵਾਂਗ ਪੱਕੇ ਕਰਨ ਵਰਗੇ ਜ਼ਰੂਰੀ ਕੰਮ ਅਣਛੋਹੇ ਰਹਿ ਜਾਂਦੇ ਹਨ। ਅਤੇ ਅਕਸਰ ਆਪਣੇ ਨਿਸ਼ਾਨੇ ਦੀ ਅਸਪਸ਼ਟਤਾ ਰਹਿਣੀ ਅਵੱਸ਼ਕ ਹੈ 76. (ਜੇ ਮਿਸਾਲਾਂ ਦੀ ਅਵੱਸ਼ਕਤਾ ਮਹਿਸੂਸ ਹੋਵੇ ਤਾਂ ਆਪਣੇ ਗਿਰੇਵਾਨ `ਚ ਪਿਛਲੇ ਡੇਢ ਸੌ ਸਾਲ ਦੇ ਅਰਸੇ ਦੌਰਾਨ ਆਪਣੀਆਂ ਕੌਮੀ ਪ੍ਰਾਪਤੀਆਂ ਉਤੇ ਪਰਖ ਪੜਚੋਲਵੀਂ ਨਿਗਾਹ ਮਾਰ ਵੇਖਣੀ ਭਾਵ ਕਿ ਅਸੀਂ ਕੀ ਖੱਟਿਆ, ਕੀ ਗਵਾਇਆ ਹੈ? 77)। ਇਉਂ ਸਾਡੀ ਮਲੀਨ ਚੇਤਨਾ `ਚ ਆਈਆਂ ਗਿਰਾਵਟਾਂ ਕਾਰਨ ਕਈ ਸਦੀਆਂ ਤਾਂ ਹਿੰਦੂ ਨੂੰ ਪਖੰਡੀ ਪੁਜਾਰੀ, ਭੁੱਲੜ ਤੇ ਅਖੌਤੀ ਵਿਦਵਾਨ ਤੇ ਕਥਾਕਾਰ 78 ਦਸਦੇ ਆਏ ਹਨ ਕਿ ਗੁਰੂ ਗ੍ਰੰਥ ਪੰਜਵਾਂ ਵੇਦ ਹੀ ਹੈ; ਜਿਹੜੀ ਸਿੱਖਾਂ ਦੀ ਛੁਪੀ ਹੋਈ ਭਾਵਨਾ ਹਿੰਦੂ ਵਿਦਵਾਨਾਂ ਤੇ ਆਮ ਅਵਾਮ ਨੂੰ ਯਕੀਨ ਦੁਆਉਣ ਲਈ ਸੀ ਕਿ ਗੁਰਮਤਿ ਦੇ ਗ੍ਰੰਥ ਤੇ ਕਿਤਾਬਾਂ ਸਭ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਅਨੁਕੂਲ ਹਨ 79. ਇਸ ਲਈ ਉਪਰੋਕਤ ਪੰਜਾਂ ਬਿਮਾਰੀਆਂ ਨਾਲ਼ ਸੁੰਨ ਹੋਏ ਇਨ੍ਹਾਂ ਦੇ ਦਿਮਾਗ ਨਾ 1947 ਤੋਂ ਪਹਿਲਾਂ ਅਤੇ ਨਾ 1947 ਤੋਂ ਬਾਦ, ਦਸਮ ਗ੍ਰੰਥ ਦੇ ਸੰਬੰਧ ਵਿੱਚ ਉਚੇਚੇ ਤੌਰ ਤੇ ਬਾਕੀ ਸਿਖ ਕੌਮੀ (ਰਾਜਨੀਤਕ, ਧਾਰਮਿਕ, ਸਭਿਆਚਾਰਕ, ਤੇ ਵਿਦਿਅਕ) ਮਸਲਿਆਂ `ਚ ਆਮ ਕਰਕੇ, ਅਸਲੀ ਅਰਥਾਂ ਦਾ ਪੁਨਰ-ਨਿਰਮਾਣ ਕਰ ਸਕੇ। ਭਾਵ ਇਹ ਕਿ ਆਪਣੇ ਚਿੰਤਨ ਜਾਂ ਸਿੱਖ ਸਿਧਾਂਤ ਨੂੰ ਕੋਈ ਸਾਰਥਕ ਸੇਧ ਨਹੀਂ ਦੇ ਸਕੇ। ਹੁਣ ਦਸਮ ਗ੍ਰੰਥ ਕਿਨ੍ਹਾਂ ਲਿਖਾਰੀਆਂ ਨੇ ਲਿਖਿਆ? ਜਾਂ ਇਸ ਦੀ ਕੱਚੀ ਤੇ ਸੱਚੀ ਬਾਣੀ ਦਾ ਨਿਰਣਾ ਕਰਨ ਲਈ ਅਸਲ ਅਰਥਾਂ ਦੇ ਪੁਨਰ-ਨਿਰਮਾਣ ਦਾ ਇਹ ਕੰਮ ਉਪਰੋਕਤ ਕਥੇ ਅਜੋਕੇ ਵਿਦਵਾਨਾਂ ਦੇ ਹਿਸੇ 21ਵੀਂ ਸਦੀ ਦੇ ਪਹਿਲੇ ਦਹਾਕੇ ਆਇਆ ਤਾਂ ਸਾਨੂੰ ਅਤੇ ਦੁਸ਼ਮਣਾਂ ਨੂੰ ਇਹ ਕੰਮ ਹੈਰਾਨਕੁੰਨ ਲਗਦਾ ਹੈ।

ਬਿਪਰ ਸੰਸਕਾਰ ਦੇ ਜੀਊਂਦੇ ਮੁਜੱਸਮੇ (ਅਖੌਤੀ ਦਸਮ ਗ੍ਰੰਥ) ਦੇ ਪਠਨ ਪਾਠਨ ਦੁਆਰਾ ਸੰਨ 1741 ਈ: ਤੋਂ ਬਾਦ ਨਵੀਂ ਪਨੀਰੀ ਦੇ ਸਿਖਾਂ ਨੇ ਆਪਣੀ ਚੇਤਨਾ ਨੂੰ ਮਲੀਨ ਕਰਨਾ ਸ਼ੁਰੂ ਕਰ ਦਿਤਾ ਸੀ 80. ਉਦੋਂ ਤੋਂ ਹੀ ਅਰਥਾਂ ਦੀ ਖ਼ਾਲਸਈ ਸੇਧ ਤੋਂ ਭਟਕ ਕੇ ਸਿਖ ਵਿਦਵਾਨ 20ਵੀਂ ਸਦੀ ਤਕ ਏਡੇ ਦੁਰੇਡੇ ਨਿਕਲ ਗਏ ਸਨ ਕਿ ਉਨ੍ਹਾਂ ਨੂੰ ਔਝੜੇ ਪਿਆਂ ਨੂੰ ਸਹੀ ਰਸਤਾ ਨਹੀਂ ਸੀ ਲੱਭਦਾ। ਦਸਮ ਗ੍ਰੰਥ ਦੀਆਂ ਸੋਧ ਕਮੇਟੀਆਂ ਦੇ ਅਖੌਤੀ ਵਿਦਵਾਨਾਂ (ਜਾਂ ਪੰਥਕ ਗ਼ਦਾਰਾਂ ਬਾਬਾ ਖੇਮ ਸਿੰਘ ਬੇਦੀ ਅਤੇ ਜੁੰਡਲੀ) ਨੇ ਪਹਿਲਾਂ 19ਵੀਂ ਸਦੀ ਦੇ ਅੰਤਲੇ ਦਹਾਕੇ ਫੇਰ 1900 ਈ: , 1902 ਈ: (ਅਤੇ, ਇਸ ਤੋਂ ਮਗਰੋਂ ਖੌਰੇ ਕਿੰਨੀ ਵਾਰੀ) ਭਾਵ ਵਾਰ ਵਾਰ ਦਸਮ ਗ੍ਰੰਥ ਦੀਆਂ ਬਾਣੀਆਂ ਅਤੇ ਕਵਿਤਾਵਾਂ ਵਾਰੇ ਚੁਕੰਨੇ ਸਿਖਾਂ ਵਲੋਂ ਸ਼ੱਕ ਕਰਨ ਦੀ ਗੁੰਜਾਇਸ਼ ਨੂੰ ਹੋਰ ਵੀ ਘੱਟ ਤੇ ਨਿਰਮੂਲ ਬਣਾ ਦਿਤਾ ਸੀ 81. ਫੇਰ ਕੀ ਸੀ? ਬਹੁਤ ਸਿਖਾਂ ਨੇ, ਸੋਧ ਕਮੇਟੀਆਂ ਦੇ ਕੀਤੇ ਉਤੇ ਸੱਚਾ ਸਿਦਕ ਬਣਾ ਕੇ ‘ਬਚਿੱਤਰ ਨਾਟਕ’, ‘ਗਿਆਨ ਪ੍ਰਬੋਧ’ ਤੇ `ਚੰਡੀ ਦੀ ਵਾਰ’ 82 ਵਰਗੀਆਂ ਕਵਿਤਾਵਾਂ ਨੂੰ ਸੱਚੀ ਬਾਣੀ ਮੰਨ ਕੇ ਪਰਮਾਣ ਦੇਣੇ ਸ਼ੁਰੂ ਕਰ ਦਿਤੇ 83. ਅਤੇ ਪੰਜਾਬ ਦੇ ਵਿਸ਼ਵ ਵਿਦਿਆਲਿਆਂ (ਯੂਨੀਵਰਸਟੀਆਂ) ਦੇ ਉਚ ਡਿਗਰੀਆਂ ਦੇ ਕੋਰਸਾਂ ਵਿੱਚ `ਚੰਡੀ ਦੀ ਵਾਰ’ ਆਦਿ ਕੱਚੀ ਬਾਣੀ ਦੀਆਂ ਕਵਿਤਾਵਾਂ ਨੂੰ ਬਤੌਰ ਗੁਰੂ ਗੋਬਿੰਦ ਸਿੰਘ ਦੀ ਸੱਚੀ ਬਾਣੀ ਸ਼ਾਮਿਲ ਕਰ ਲਿਆ ਗਿਆ। ਅਕਸਰ ਨਵੇਂ ਵਿਦਵਾਨਾਂ ਨੂੰ ਵੀ ਉਹੋ ਹੀ ਅਨਪੜ੍ਹਾਂ ਵਾਲਾ ਯਕੀਨ ਤੇ ਸਿਦਕ ਰਿਹਾ, ਉੱਚ ਵਿਦਿਆ ਨੇ ਕੁੱਝ ਨਾ ਸੰਵਾਰਿਆ। ਮਸਲਨ, ਅਜਿਹੇ ਕੁੱਝ ਵਿਦਵਾਨ ਇਹ ਹਨ: ਡਾ. ਜਸਬੀਰ ਸਿੰਘ ਆਹਲੂਵਾਲੀਆ84 ਡਾ. ਗੁਰਭਗਤ ਸਿੰਘ 85, ਡਾ. ਗੋਪਾਲ ਸਿੰਘ 86. ਕਈ ਆਪਣੇ ਨਿਜ ਆਤਮਾ ਵਿੱਚ ਰੱਬੀ ਨੂਰ ਦਾ ‘ਅਨੁਭਵ ਪ੍ਰਕਾਸ਼’ ਦੇ ਹੋਣ ਦੇ ਅਤੇ ‘ਦ੍ਰਿਸ਼ਟਾ ਪਦ’ ਉਤੇ ਖੇਲ੍ਹਣ ਦੇ ਦਾਅਵੇ ਕਰਨ ਵਾਲੇ ਸਿਖਾਂ ਨੂੰ ਵੀ ਨਹੀਂ ਪਤਾ ਲੱਗਾ ਕਿ ‘ਬਚਿਤ੍ਰ ਨਾਟਕ’ ਆਦਿ ਰਚਨਾਵਾਂ ਗੁਰੂ ਕ੍ਰਿਤ ਨਹੀਂ ਹਨ, ਦੇਖੋ ‘ਗੁਰਮਤਿ ਦੇ ਪਾਂਧੀ’ ਕਿਤਾਬ (ਸਫਾ 210-212) 87 ਅਤੇ ‘ਇਲਾਹੀ ਨਦਰ ਦੇ ਪੈਂਡੇ’ ਭਾਗ ਪਹਿਲਾ (ਸਫਾ 30-1) 88. ਦੋ ਹੋਰ ਮਿਸਾਲਾਂ ਭਾਈ ਕਾਨ੍ਹ ਸਿੰਘ ‘ਨਾਭਾ’ ਅਤੇ ਭਾਈ ਵੀਰ ਸਿੰਘ ਹਨ। ਇਨ੍ਹਾਂ ਦੋਨਾਂ ਵਿਦਵਾਨਾਂ ਦੀ ਦੇਵੀ ਪੂਜਨ ਪੜਤਾਲ ਆਪੋ ਆਪਣੀਆਂ ਕਿਤਾਬਾਂ ਵਿੱਚ ਚੰਗਾ ਯਤਨ ਹਨ ਪਰ ਇਹ ਦੋਵੇਂ ਬਚਿਤ੍ਰ ਨਾਟਕ, ਗਿਆਨ ਪ੍ਰਬੋਧ, ਚੰਡੀ ਦੀ ਵਾਰ ਆਦਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਬਾਣੀ ਮੰਨ ਕੇ ਤੁਰਦੇ ਹਨ; ਤਾਂਹੀ ਮਿਸਾਲਾਂ ਦੀਆਂ ਟੂਕਾਂ ਇਨ੍ਹਾਂ ਚੋਂ ਦਿੰਦੇ ਹਨ 89. ਇਸੇ ਕਰਕੇ ਜੇ ਕੋਈ ਇਤਹਾਸਿਕ ਤੱਥ ਪਰਖਣਾ ਹੁੰਦਾ ਤਾਂ ‘ਬਚਿੱਤਰ ਨਾਟਕ’ (ਗੁਰੂ ਗੋਬਿੰਦ ਸਿੰਘ ਜੀ ਦੀ ਅਖੌਤੀ (ਜਾਅਲੀ) ਸਵੈ-ਜੀਵਨੀ) ਆਦਿ ਦੀਆਂ ਟੂਕਾਂ ਦੇ ਟਾਕਰੇ ਤੇ ਲਿਆੱ ਕੇ ਉਹ ਦੀ ਅਹਿਮੀਅਤ ਜੋਖਣ ਪਰਖਣ ਲਗ ਪਏ। ਮਿਸਾਲ ਲਈ, ਦੇਖੋ ‘ਦੇਵੀ ਪੂਜਨ ਪੜਤਾਲ’ 90, 91. ਏਸ ਉਚੇਚੇ ‘ਬਚਿਤ੍ਰ ਨਾਟਕ’ (ਦਸਮ ਗ੍ਰੰਥ ਵਿੱਚ ਬਹੁਤ ਰਚਨਾਵਾਂ ‘ਬਚਿਤ੍ਰ ਨਾਟਕ’ ਕਹਾਉਂਦੀਆਂ ਹਨ 92) ਦੀਆਂ ਇਨ੍ਹਾਂ ਟੂਕਾਂ ਵਿਚਲੀ ਅਸਲੀਅਤ ਨੂੰ ਆਪ ਘੋਖਣ ਪਰਖਣ ਦਾ ਨੁਕਤਾ ਉਨ੍ਹਾਂ ਛੱਡ ਦਿਤਾ ਕਿਉਂਕਿ ਬਿਪਰ ਸੰਸਕਾਰ ਨੇ ਸਿੱਖਾਂ ਦੀ ਉਚੀ ਸੁਰਤ ਨੂੰ ਕਾਫੀ ਦਾਗੀ ਕਰ ਦਿੱਤਾ ਸੀ 93. ਸਾਨੂੰ ਹੁਣ ਭਾਵੇਂ ਪਤਾ ਹੈ ਕਿ ‘ਬਚਿਤ੍ਰ ਨਾਟਕ’ ਕਿਸੇ ਕੱਚੇ ਕਵੀ ਦੀ ਕੱਚੀ ਜੇਹੀ ਕਵਿਤਾ ਹੈ, ਇਤਿਹਾਸਿਕ ਤੱਥ ਵੀ ਟੇਢੇ ਤੇ ਬੇਡੌਲ ਹਨ 94. ਇੰਜ, 20ਵੀਂ ਸਦੀ ਦੇ ਅਰੰਭ ਵਿੱਚ ਬਣਾਉਟੀ ਅਰਥਾਂ ਨੂੰ ਪੱਕੀ ਪਟੜੀ ਉਤੇ ਪਾਉਣ ਵਾਲ਼ੇ ਪੁਰਾਣੇ ਵਿਦਵਾਨਾਂ ਚੋਂ ਸਿਰਮੌਰ ਭਾਈ ਵੀਰ ਸਿੰਘ ਜੀ ਦੀ ਹੀ ਮਿਸਾਲ ਲੈ ਲੈਂਦੇ ਹਾਂ। ਆਪ ਜੀ ਨੇ ਆਪਣੇ ‘ਪੰਜ ਗ੍ਰੰਥੀ ਸਟੀਕ’ ਦੇ ਟੀਕੇ 95 ਵਿੱਚ ਵੀ ‘ਅਸਕੇਤ’ (ਪ੍ਰਮੇਸ਼ਰ, ਸ੍ਰੀ ਅਸਿਧੁਜ, ਖੜਗਕੇਤ ਸਫਾ 87-88), ਕਾਲ (= ਅਕਾਲ ਪੁਰਖ; ਦੇਖੋ ਸਫਾ 89), ਮਹਾਂਦੇਵ (= ਪਰਮੇਸ਼ਰ; ਸਫਾ 90), ਮਹਾਂਕਾਲ਼ (=ਅਕਾਲ ਪੁਰਖ; ਸਫਾ 94), ਅਰਥ ਕੀਤੇ ਹਨ ਹਾਲਾਂਕਿ ਕਵੀ ਸੂਮ ਕਹੀ ਜਾਂਦਾ ਹੈ ਕਿ ਉਹ ਕਿਸ਼ਨ, ਬਿਸ਼ਨ ਆਦਿ ਨੂੰ ਨਹੀਂ ਮੰਨਦਾ। (ਮੈ ਨ ਗਨੇਸਹਿ ਪ੍ਰਿਥਮ ਮਨਾਊਂ॥ ਕਿਸਨ ਬਿਸਨ ਕਬਹੂੰ ਨ ਧਿਆਊਂ॥), ਉਹ ਮਹਾਂਕਾਲ ਨੂੰ ਮੰਨਦਾ (ਮਹਾਂਕਾਲ ਰਖਵਾਰ ਹਮਾਰੋ॥)। ਹੋਰ ਅਰਥ ਵੀ ਅੇਸੇ ਹੀ ਹਨ ਜਿਵੇਂ ਭਗਵਤ (= ਪਰਮੇਸ਼ਰ; ਸਫਾ 95), ਕਾਲਪੁਰਖ (=ਅਕਾਲ ਪੁਰਖ; ਸਫਾ 95), ਅਸਿਪਾਨ (= ਖੜਗਧਾਰੀ; ਸਫਾ 97)। ਇਵੇਂ ਹੀ ਉਨ੍ਹਾਂ ਨੇ ਆਪਣੇ ਗੁਰਪਰਤਾਪ ਸੂਰਜ ਗ੍ਰੰਥਾਵਲੀ 96 ਵਿੱਚ ਪਹਿਲਾਂ ‘ਸਰਬ ਕਾਲ’ ਨੂੰ ਰੱਬ ਮੰਨ ਕੇ, ਫੇਰ ‘ਦੇਬਿ ਕਾਲਕਾ’ (ਕਾਲਕਾ ਦੇਵੀ) ਨੂੰ ‘ਮਹਾਂ ਕਾਲ’ ਮੰਨਿਆਂ, ਫੇਰ ਇਨ੍ਹਾਂ ਦੋਨਾਂ ਨੂੰ ਇਕੋ ਮੰਨ ਕੇ ਅਰਥ ‘ਰੱਬ/ਪਰਮੇਸ਼ਰ’ ਕੀਤੇ ਹਨ। ਪੜ੍ਹੋ ਉਨ੍ਹਾਂ ਦੇ ਆਪਣੇ ਲਫਜ਼: ‘ਮਹਾਂਕਾਲ ਕਾਲਕਾ’ ਦਾ ਅਰਥ ‘ਕਰਤਾ ਪੁਰਖ, ਜਯੋਤੀਆਂ ਨੂੰ ਜਯੋਤੀ ਦਾਤਾ, ਪਾਰਬ੍ਰਹਮ, ਪਰਮੇਸ਼ਰ’ ਹੈ 97. ਰੱਬ ਦੇ ਲਿੰਗ-ਰਹਿਤ ਹੋਣ ਦਾ ਭੁਲੇਵਾਂ ਪਾ ਕੇ ਜਾਪ ਸਾਹਿਬ ਚੋਂ ‘ਨਮੋ ਲੋਕ ਮਾਤਾ॥ 52॥’ ਦੇ ਹਵਾਲੇ ਨਾਲ ਭਾਈ ਵੀਰ ਸਿੰਘ ਜੀ ‘ਜਗਮਾਤਾ’, ਦੇ ਅਰਥ ਵੀ ‘ਅਕਾਲ ਪੁਰਖ’ ਕਰਦੇ ਹਨ 98 ਭਾਵੇਂ ਇਸ ਨਾਲ਼ ਕਾਫੀ ਵਿਦਵਾਨ ਸਹਿਮਤ ਨਹੀਂ ਹਨ ਕਿਉਂਕਿ ਸ਼ਾਕਿਤਮਤੀਆਂ ਲਈ ‘ਦੇਬਿ ਕਾਲਕਾ’ (ਕਾਲ਼ੀ ਦੇਵੀ) ਤੇ ‘ਮਹਾਂਕਾਲ’ (ਸਰਬ ਕਾਲ) ਦੇਵਤੇ ਨਾਲੋਂ ਭਿੰਨ ਨਹੀਂ 99. ਭਾਈ ਕਾਨ੍ਹ ਸਿੰਘ ‘ਨਾਭਾ’ ਭਗਉਤੀ ਨੂੰ ਤਲਵਾਰ ਮੰਨ ਕੇ `ਚੰਡੀ ਦੀ ਵਾਰ’ ਨੂੰ ਗੁਰੂ ਜੀ ਵਲੋਂ ਉਚਾਰੀ ਮੰਨਦੇ ਹਨ ਜਿਵੇਂ ਉਪਰ ਕਿਹਾ ਹੈ, ਅਤੇ ਪਰਮਾਣ ਦਿਤਾ ਹੈ: ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ ਕਰੇ ਏਕ ਤੇ ਦਵੈ ਸੁਭਟ ਹਾਥ ਸੋਹੀ॥ 1॥ ਰਹਾਉ॥ ਜੋਊ ਮਯਾਨ ਦੇ ਬੀਰ ਤੋ ਕੋ ਸੜੱਕੈ॥ ਪ੍ਰਲੈ ਕਾਲ ਕੈ ਸਿੰਧੁ ਬੱਕੈ ਕੜੱਕੈ॥ 6॥ ਧਸੈ ਖੇਤ ਮੈਂ ਹਾਥ ਲੈ ਤੋਹਿ ਸੂਰੇ॥ ਭਿਰੈ ਸਾਮੁਹੇ ਸਿੱਧ ਸਾਵੰਤ ਸੂਰੇ॥ 7॥ 100, 101, 102. ਇਸ ਮਨੌਤ ਨਾਲ ਮਸਲਾ ਹੋਰ ਪੇਚੀਦਾ Convoluted ਹੋ ਗਿਆ। ਜੇ ਭਗਉਤੀ ਤਲਵਾਰ ਹੈ ਤਾਂ ‘ਭਗਉਤੀ ਦੀ ਵਾਰ’ ਨੂੰ ‘ਤਲਵਾਰ ਦੀ ਵਾਰ’ ਮੰਨਣਾ ਪਊ। ਇਹ ਇਸ ਕਰਕੇ ਨਹੀਂ ਮੰਨ ਸਕਦੇ ਕਿਉਂਕਿ ਕਵੀ ਆਪ ਇਕਬਾਲ ਕਰੀ ਜਾਂਦਾ ਹੈ ਕਿ ਉਸ ਨੇ ‘ਦੁਰਗਾ ਪਾਠ’ ਬਣਾਇਆ ਹੈ (ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ 55॥) 103. ਦੂਜਾ, ਅਰਦਾਸ ਵਿਚਲੇ ‘ਭਗਉਤੀ’ ਦਾ ਸਿਧਾ ਅਰਥ ਬਣਿਆ: ਤਲਵਾਰ ਨੂੰ ਸਿਮਰ ਕੇ ਗੁਰੂ ਨਾਨਕ ਨੂੰ ਸਿਮਰੋ। ਇਥੋਂ ਜ਼ਾਹਰਾ ਸਾਬਿਤ ਹੈ ਕਿ ਵਿਦਵਾਨ ਅਕਸਰ ਔਝੜੇ ਪਏ ਨਕਲੀ ਅਰਥਾਂ ਦੀਆਂ ਭੂਲ ਭੁਲੱਈਆਂ ਜਾਂ ਅਰਥਾਂ ਦੇ ਘੋਰ ਸੰਕਟ ਵਿੱਚ ਭਟਕਦੇ ਸਨ। ਉਨ੍ਹਾਂ ਦਾ ਜੇ ਇੱਕ ਅੰਦਾਜ਼ਾ ਠੀਕ ਹੁੰਦਾ ਤਾਂ ਦੂਜਾ ਅਕਸਰ ਗ਼ਲਤ ਹੋ ਹੀ ਜਾਂਦਾ। ਇੱਕ ਉਦਾਂ ਕਮਲੀ ਦੁਜਾ, ਪੈ ਗਈ ਮੜ੍ਹੀਆਂ ਦੇ ਰਾਹ।

20ਵੀਂ ਸਦੀ ਦੇ ਪੰਜਾਬੀ ਅਦਬ (ਸਾਹਿਤ) ਤੇ ਬੋਲੀ ਦੇ ਪਿਤਾਮਾ, ਭਾਈ ਵੀਰ ਸਿੰਘ ਅਤੇ ਹੋਰ ਵਿਦਵਾਨਾਂ (ਮਿਸਾਲ ਵਜੋਂ, ਭਾਈ ਕਾਨ੍ਹ ਸਿੰਘ ‘ਨਾਭਾ’ ਆਦਿ) ਨੂੰ ਅਨ੍ਹੇ ਵਾਹ ਨਕਲ ਕਰਨ ਵਾਲੇ 104 ਸਾਹਿਤਿਕ ਖੇਤਰ ਦੇ ਨਵੇਂ ਮਹਾਂਰਥੀਆਂ ਚੋਂ ਕੁੱਝ ਕੁ ਦੇ ਵਿਚਾਰ ਪੜ੍ਹ ਕੇ ਵੇਖ ਲੈਂਦੇ ਹਾਂ। ਪ੍ਰੋ: ਕਿਰਪਾਲ ਸਿੰਘ ‘ਕਸੇਲ’ ਤੇ ਪ੍ਰੋ: ਪਰਮਿੰਦਰ ਸਿੰਘ 105 ਨੇ ਆਪਣੀ ਸੰਕਲਿਤ `ਚੰਡੀ ਦੀ ਵਾਰ’ ਵਿੱਚ ‘ਭਗੌਤੀ’ ਦੇ ਅਰਥ ‘ਸ਼ਕਤੀ’ ਕੀਤੇ ਹਨ। ਕਵੀ ਦੇ ਕੀਤੇ ਮੰਗਲ ਵਿੱਚ ਦੇਵੀ (ਭਗਉਤੀ) ਜਾਂ ਸ਼ਕਤੀ ਨੂੰ ਸਿਮਰ ਕੇ ਫੇਰ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਨੂੰ ਧਿਆਇਆ (ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ।), ਆਪਣੀ ਕਿਤਾਬ ਵਿੱਚ ਇਨ੍ਹਾਂ ਲੇਖਕਾਂ ਨੇ ਦਰਜ ਕੀਤਾ। ਗੁਰੂ ਜੀ ਵਲੋਂ ਕਹਿਓ ਨੇ ਕਿ ਅਕਾਲ ਰੱਬ ਨੇ ਪਹਿਲਾਂ ਸ਼ਕਤੀ (ਦੇਵੀ) ਸਿਰਜੀ ਫੇਰ ਸੰਸਾਰ ਪੈਦਾ ਕੀਤਾ 106. ਡਾ: ਕਾਲਾ ਸਿੰਘ ‘ਬੇਦੀ’ ‘ਭਗਉਤੀ’ ਨੂੰ ਰੱਬ ਦੀ ‘ਮੂਲ’ ਸ਼ਕਤੀ ਦਾ ‘ਪ੍ਰਤੀਕ’ ਸਮਝਦਾ ਹੈ, ਲਫਜ਼ੀ ਅਰਥ ਭਾਵੇਂ ‘ਤਲਵਾਰ’ ਤਸਲੀਮ ਕਰਦਾ ਹੈ 107. ਅਜੋਕਾ ਵਿਦਵਾਨ ਡਾ: ਜੋਧ ਸਿੰਘ (ਸਿੰਹ; ਲਿੱਪੀ-ਅੰਤਰ ਹਿੰਦੀ `ਚ ਕਰਕੇ), ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ, (ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਤੇ ਚੜ੍ਹਿਆਂ ਦੀ ਫੋਟੋ ਬਾਹਰਲੇ ਟਾਈਟਲ ਉਤੇ ਦਿੰਦਿਆਂ), ਅਖੌਤੀ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਹਿੰਦੀ ਤਰਜਮੇ ਵਿੱਚ ‘ਕਾਲਪੁਰਖ’ ਜਾਂ ‘ਕਾਲ’ ਦੇ ਅਰਥ ‘ਅਕਾਲ ਪੁਰਖ’ ਕਰਦਾ ਹੈ ਜਦ ਕਿ ‘ਭਗਉਤੀ’ ਨੂੰ ਰੱਬੀ ਸ਼ਕਤੀ ਜਾਂ ਸ਼ਿਵ ਸ਼ਕਤੀ ਮੰਨਦਾ ਹੈ 108. ਡਾ: ਗੁਰਭਗਤ ਸਿੰਘ ‘ਭਗਉਤੀ’ ਜਾਂ `ਚੰਡੀ’ ਨੂੰ ਤਲਵਾਰ, ਸ਼ਕਤੀ ਤੇ ਰੱਬ ਜਾਂ ਅਕਾਲ ਪੁਰਖ ਦਾ ਪ੍ਰਤੀਕ ਮੰਨਦਾ ਹੈ 109. ਏਥੇ ਹੀ ਬਸ ਨਹੀਂ, ਸਿਖਾਂ ਦੇ ‘ਨੈਸ਼ਨੱਲ ਐਂਨਥੰਮ’ (ਕੌਮੀ ਗੀਤ) ਵਿੱਚ ਗੁਰੂ ਗੋਬਿੰਦ ਸਿੰਘ ਨੂੰ ਪਾਰਬਤੀ (ਸਿਵਾ) ਤੋਂ ਬਰ ਮੰਗਦੇ (ਦੇਹਿ ਸਿਵਾ ਬਰ ਮੋਹਿ ਇਹੈ।) ਦਿਖਾਇਆ ਹੈ 110, 111, 112, 113. ਏਨੇ ਵਿਦਵਾਨਾਂ ਦਾ ਜ਼ਿਕਰ ਕਰਨ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਵਿਦਵਾਨ ਅਸਲ ਅਰਥ ਕਰਨ ਵਾਲਾ ਨਹੀਂ ਸੀ/ਹੈ। ਅਸਲ ਅਰਥ ਕਰਨ ਵਾਲ਼ੇ ਵਿਦਵਾਨ ਬਹੁਤ ਸਨ/ਹਨ। ਉਪਰੋਕਤ ਕਥੇ ਵਿਦਵਾਨਾਂ ਸਮੇਤ ਅਕਸਰ ਕਾਫੀ ਨਾਮ ਲਿਸਟ ਵਿੱਚ ਹੋਰ ਦਰਜ ਕੀਤੇ ਜਾ ਸਕਦੇ ਹਨ 114.

ਅਰਥਾਂ ਦੇ ਸੰਕਟ ਦੀ ਅਖੀਰਲੀ ਮਿਸਾਲ ਸਿਖ ਰੱਬ ਦੀ ਪ੍ਰੀਭਾਸ਼ਾ (ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥) ਵਿਚੋਂ ‘ਅਕਾਲ’ ਦੇ ਸੰਕਲਪ ਦੀ ਲੈਂਦੇ ਹਾਂ। ਬਹੁਤੇ ਵਿਦਵਾਨਾਂ ਨੇ ਇਸ ਸੰਕਲਪ ਨੂੰ ਸਮਝਿਆ ਹੀ ਨਹੀਂ। ਜੇ ਕਿਸੇ ਨੇ ਸਮਝਿਆ ਹੈ ਤਾਂ ਅਸੀਂ ਇਸ ਸੰਕਲਪ ਨੂੰ ਰੋਜ਼ਾਨਾ ਜੀਵਨ ਦੇ ਪੱਧਰ (ਲੈਵਲ level) ਤਕ ਸੌਖਾ ਕਰਕੇ ਆਮ ਵਿਦਵਾਨਾਂ ਤੇ ਕਥਾਕਾਰਾਂ ਦੀ ਸਮਝ ਗੋਚਰੇ ਨਹੀਂ ਕਰ ਸਕੇ। ਮੂਲ ਮੰਤ੍ਰ ਦੀਆਂ ਜਿੰਨੀਆਂ ਵੀ ਵਿਆਖਿਆਵਾਂ ਹੁਣ ਤਕ ਪ੍ਰਸਤੁਤ ਹੋਈਆਂ ਹਨ ਉਹ ਸਿੱਖ ਰੱਬ (ਅਕਾਲ ਪੁਰਖ) ਦੀ ਬਜਾਇ ਵੇਦਾਂਤਕ ਰੱਬ ਤ੍ਰੈ-ਕਾਲੀ (ਜਾਂ ਸਦੀਵ-ਕਾਲੀ ਜਾਂ ਸਰਬ-ਕਾਲੀ) ਸਤਿ ਦੇ ਹਿੰਦੂ ਅਰਥਾਂ ਦੇ ਸਮੁੰਦਰ `ਚ ਬਦੋ-ਬਦੀ ਜਾ ਵੜਦੀਆਂ ਹਨ, (ਭਾਵੇਂ ਵਿਦਵਾਨ ਵਿਆਖਿਆਕਾਰਾਂ ਨੇ ਸਿਖੀ ਦੇ ਨਿਰਾਲੇ “ਅਕਾਲ” ਦੇ ਬੜੇ ਬੜੇ ਝੂਠੇ ਦਾਅਵੇ ਬੱਧੇ ਹਨ)। ਵਿਦਵਾਨਾਂ ਦੀ ਰੋਗੀ ਹੋ ਚੁਕੀ ਚੇਤਨਾ ਅਤੇ ਅੰਤਰ-ਦ੍ਰਿਸ਼ਟੀ 115 ਮੂਲ ਮੰਤ੍ਰ ਵਿਚਲੇ ‘ਅਕਾਲ’ ਦੇ ਸਹੀ ਅਰਥ ਕਰਨ ਤੋਂ ਅਸਮਰਥ ਰਹੀ ਹੈ। ਕਿਉਂਕਿ ਚਾਲਾਕ ਬ੍ਰਾਹਮਣ ਨੇ ਖਾਲਸੇ ਦੇ, ਸਮੁਚੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨ ਲੈਣ ਤੋਂ (1740 ਈ: ) ਕਾਫੀ ਚਿਰ ਪਹਿਲਾਂ ਹੀ ਖ਼ਾਲਸੇ ਨੂੰ ਇਸ ਦੰਭ ਦੇ ਮੰਨ ਲੈਣ ਲਈ ਦਿਮਾਗੀ ਤੌਰ ਤੇ ਕੀਲ ਜਾਂ ਗ੍ਰਸ ਲਿਆ ਸੀ। ਸਿੱਖ ਰਾਜ ਦਰਬਾਰਾਂ ਵਿੱਚ ਬ੍ਰਾਹਮਣ ਦੀ ਚੜ੍ਹਤ ਤੇ ਚੌਧਰ ਚਿਰੋਕੀ ਮਕਬੂਲ ਹੋ ਚੁਕੀ ਸੀ। ਰਿਆਸਤਾਂ ਦੇ ਹੁਕਮਰਾਨ ਸਿੱਖਾਂ ਤੇ ਉਨ੍ਹਾਂ ਦੇ ਸ਼ਹਿਜ਼ਾਦਿਆਂ ਨੂੰ ਇਹ ਕਹਿ ਕੇ ਅਨਪੜ੍ਹ ਰੱਖਣ `ਚ ਬ੍ਰਾਹਮਣ ਕਾਮਯਾਬ ਹੋਇਆ ਕਿ ਪੜ੍ਹਨਾਂ ਤਾਂ ਮੁਣਸ਼ੀ ਮਜ਼ਦੂਰਾਂ ਦਾ ਕੰਮ ਹੈ ਆਪ ਦਾ ਕੰਮ ਸਾਡੇ ਤੇ ਹਕੂਮਤ ਕਰਨ ਦਾ ਹੈ 116. ਸਿੱਟੇ ਵਜੋਂ, ਰਿਆਸਤਾਂ ਦੇ ਸਿਆਸੀ ਕੰਮਾਂ ਕਾਰਾਂ ਨੂੰ ਅਨਪੜ੍ਹ ਸਿੱਖ ਹੁਕਮਰਾਨਾਂ ਦੁਆਰਾ ਪੂਰੀ ਸਮਝ ਤੇ ਸੂਝ ਬੂਝ ਨਾਲ ਆਪ ਕਰ ਸਕਣਾ ਮੁਸ਼ਕਲ ਹੋ ਗਿਆ। ਬ੍ਰਾਹਮਣ ਇਨ੍ਹਾਂ ਦੀ ਇਸ ਕੰਮਜ਼ੋਰੀ ਨੂੰ ਭਲੀ ਪਰਕਾਰ ਜਾਣਦਾ ਸੀ। ਇਉਂ ਸਿਖਾਂ ਨੂੰ ਮਾਨਸਿਕ ਤੌਰ ਤੇ ਬ੍ਰਾਹਮਣ ਨੇ ਆਪਣੀ ਮੀਸਣੀ ਕੁ-ਚਾਲੀ ਤੇ ਕੁ-ਚੇਸ਼ਟਾ ਦੀ ਮਿਹਰਬਾਨੀ ਸਦਕਾ ਤਿਆਰ ਕੀਤਾ ਹੋਇਆ ਸੀ। ਭਾਵ ਖ਼ਾਲਸੇ ਦਾ ਦਸਮ ਗ੍ਰੰਥ ਵਿਚਲੇ ਦੇਵੀ ਦੇਵਤਿਆਂ ਦੇ ਨਾਵਾਂ ਦੇ ਫਰਜ਼ੀ ਅਰਥ ਘੜਨ ਦਾ ਪਿਛੋਕੜ ਕਈ ਸਦੀਆਂ ਪਹਿਲਾਂ ਹੀ ਤਿਆਰ ਹੋ ਚੁਕਾ ਸੀ 117. ਵੀਹਵੀਂ ਸਦੀ ਵਿੱਚ ਦੋਵੇਂ ਪੁਰਾਣੇ ਤੇ ਨਵੇਂ ਵਿਦਵਾਨ ਭੁੱਲ `ਚ ਵਲੇਟੇ ਪੂਰੀ ਤਰ੍ਹਾਂ ਬੇ-ਖ਼ਬਰ ਸਨ। ਸੱਸੀਏ ਬੇਖ਼ਬਰੇ ਨੀ ਤੇਰਾ ਲੁਟ ਲਿਆ ਸ਼ਹਿਰ ਭੰਬੋਰ।

ਸਿੱਖ ਮੂਲ ਮੰਤ੍ਰ (ਜਪੁ) ਵਿਚਲੇ ‘ਅਕਾਲ’ ਦੇ ਅਰਥ ਵਿਚਾਰਨ ਤੋ ਪਹਿਲਾਂ ਹਿੰਦੂ ‘ਬ੍ਰਹਮ’ ਦੇ ਅਰਥ ਦ੍ਰਿਸ਼ਟੀ ਗੋਚਰੇ ਹੋ ਜਾਣ ਤਾਂ ਦੋਹਾਂ ਤੋਂ ਜਾਣੂੰ ਹੋਣਾ ਸੌਖਾ ਹੋ ਜਾਂਦਾ ਹੈ। ਵੇਦਾਂਤਕ ‘ਬ੍ਰਹਮ’ ਸਤਿ ਚਿਤ ਅਨੰਦ ਹੈ। ਪਰ ਸਤਿ ਦਾ ਵੇਦਾਂਤਕ ਅਰਥ ਸਰਵ-ਕਾਲੀ ਹੈ, ਭਾਵ ਨਿਰਗੁਣ ਨਿਰਾਕਾਰ ਹੈ-ਤਵ ਜੋ ਪਰਾਕਾਲੀ ਜਾਂ ਕਾਲੋਂ ਪਰ੍ਹੇ ਹਸਤੀ ਨਹੀਂ ਜਿਵੇਂ ਗੁਰੂ ਨਾਨਕ ਦਾ ਰੱਬ ਅਕਾਲ ਪੁਰਖ ਕਾਲੋਂ ਪਰ੍ਹੇ ਹੈ। ਸਥਾਨਗਤ ਕਾਲ ਇਸ ਦੀ ਪ੍ਰੀਭਾਸ਼ਾ ਨਿਸਚਤ ਕਰਦਾ ਹੈ ਜਿਸ ਨਾਲ ਬ੍ਰਹਮ ਦੀ ਸਥਾਨ ਨਾਲ ਅਭੇਦਤਾ ਜਾਂ ਇਕਮਿਕਤਾ ਵੇਦਾਂਤਕ ਸਰਵ-ਵਿਦਮਾਨਤਾ ਦਾ ਰੂਪ ਹੋ ਨਿਬੜਦੀ ਹੈ 118, 119. ਇਸ ਦਾ ਅਰਥ ਹੈ ਕਿ ਜੇ ਬ੍ਰਹਮ ਸਥਾਨ ਨਾਲ ਪੂਰਨ ਤੌਰ ਤੇ ਇਕਮਿਕ ਹੈ ਤਾਂ ਸਥਾਨ ਵਿੱਚ ਕੋਈ ਹੋਂਦ (ਜੀਵ, ਜਗਤ) ਬ੍ਰਹਮ ਤੋਂ ਵੱਖ ਨਹੀਂ। ਇਹ ਨੂੰ ਇਉਂ ਸਮਝੋ ਜਿਵੇਂ ਇੱਕ ਡੱਬੇ ਚ ਕੋਈ ਚੀਜ਼ ਪਈ ਹੋਵੇ। ਡੱਬਾ (ਸਥਾਨ) ਤੇ ਵਿੱਚ ਪਈ ਚੀਜ਼ (ਵਸਤੂ) ਦੋਵੇਂ ਇੱਕ ਰੂਪ ਹਨ। ਭਾਵ ਬਾਹਰੋਂ ਦੇਖਿਆਂ ਉਹ ਦੋਵੇਂ ਡੱਬਾ ਹੀ ਹਨ। ਇਉਂ ਸਥਾਨ ਵਿੱਚ ਹੋਣਾ ਬ੍ਰਹਮ ਵਿੱਚ ਹੋਣਾ ਹੈ। ਇਹ ਸ਼ੰਕਰਾਚਾਰੀਆ ਦਾ ਅਦਵੈਤ-ਵੇਦਾਂਤਵਾਦੀ ਨਜ਼ਰੀਆ ਹੈ। ਦੋਵੇਂ ਸ਼ੰਕਰਾਚਾਰੀਆ (ਅਦਵੈਤ-ਵੇਦਾਂਤ) ਅਤੇ ਰਾਮਾਨੁਜ (ਵਿਸ਼ਿਸ਼ਟ ਅਦਵੈਤ-ਵੇਦਾਂਤ) ਬ੍ਰਹਮ ਨੂੰ ੳੇੁਪਰੋਕਤ ਅਰਥਾਂ ਵਿੱਚ ਸਤਿ (ਸੱਚਾ) ਤੇ ਸਰਵ-ਵਿਦਮਾਨ (ਹਰ ਥਾਂ, ਹਰ ਵੇਲੇ ਹਾਜ਼ਰ) ਦਸਦੇ ਹਨ। ਅਦਵੈਤ-ਵੇਦਾਂਤ ਦ੍ਰਿਸ਼ਟਮਾਨ (ਜੀਵ, ਜਗਤ) ਨੂੰ ਬ੍ਰਹਮ ਵਿੱਚ ਪੂਰਨ ਅਭੇਦ ਮੰਨ ਕੇ ਬ੍ਰਹਮ ਦੀ ਨਿਰਗੁਣ ਹੈ-ਤਾ ਵਿੱਚ ਸ਼ਾਮਿਲ ਮੰਨਦਾ ਹੈ। ਵਿਸ਼ਿਸ਼ਟ ਅਦਵੈਤ-ਵੇਦਾਂਤ ਸੰਸਾਰ ਨੂੰ ਬ੍ਰਹਮ `ਚ ਅਪੂਰਨ ਅਭੇਦ ਮੰਨ ਕੇ ਬ੍ਰਹਮ ਨਾਲ ਏਕਤਾ ਰਖਦਾ ਮੰਨਦਾ ਹੈ 120, ਜਿਵੇਂ ਚਿਤ੍ਰਕਾਰ ਚਿਤ੍ਰ ਵਿੱਚ ਪਹਿਲਾਂ ਹੀ ਗੁਪਤ ਰੂਪ ਵਿੱਚ ਵਿਦਮਾਨ (ਹਾਜ਼ਰ) ਹੁੰਦਾ ਹੈ। ਇਸ ਨੂੰ ਨਿਰਗੁਣਤਾ ਕਹਿ ਲਓ। ਉਪਰੋਕਤ ਦੋਵੇਂ ਸਕੂਲ ਰੂਪ ਵਟਣ ਨੂੰ ਦੁੱਧ ਦਾ ਦਹੀਂ ਬਣ ਜਾਣ ਦਾ ਰੂਪ ਪ੍ਰੀਵਰਤਨ ਕਹਿੰਦੇ ਹਨ। ਇਹ ਸਥਾਨਗਤ ਕਿਰਿਆ ਹੈ, ਕੋਈ ਵਿਕਾਸਮਈ ਕਾਲਗਤ ਪ੍ਰਕਿਰਿਆ ਨਹੀਂ। ਇਸ ਨੂੰ ਵੇਦਾਂਤਵਾਦੀ ਬੋਲੀ ਵਿੱਚ ਬ੍ਰਹਮ-ਪਰਿਣਾਮਵਾਦ ਕਿਹਾ ਹੈ। ਇਉਂ ਵਿਸ਼ੇਸ਼ਣ ਰੂਪੀ ਕਾਰਨ (ਘਿਓ), ਵਸਤੂ (ਦੁੱਧ) ਵਿੱਚ ਗੁਪਤ ਰੂਪ ਵਿੱਚ ਵਿਦਮਾਨ ਹੁੰਦਾ ਹੈ। ਇਸ ਆਧਾਰ ਤੇ ਜਗਤ ਰਚਨਾ ਕਲਾਕਾਰ ਦੀ ਕਲਾ-ਕ੍ਰਿਤ ਨਹੀਂ ਸਗੋਂ ਨਿਰਗੁਣ (ਇਕ) ਤੋਂ ਸਰਗੁਣ (ਅਨੇਕ) ਰੂਪ ਪਰਿਵਰਤਣ ਹੀ ਹੈ ਜਿਹੜਾ ਅਦਵੈਤ-ਵੇਦਾਂਤ ਵਿੱਚ ਸੰਭਵ ਨਹੀਂ ਪਰ ਮਾਇਆ ਲੀਲ੍ਹਾ ਕਾਰਨ ਵੇਖਣਹਾਰ ਅਸਲ ਮੰਨ ਬਹਿੰਦਾ ਹੈ। ਜਾਂ ਇਉਂ ਕਹੋ, ਨਿਰਗੁਣ ਰੱਬ ਤੇ ਸਰਗੁਣ (ਸੰਸਾਰ) ਵਿੱਚ ਕੋਈ ਕਾਰਨ-ਕਾਰਜ ਸੰਬੰਧ ਨਹੀਂ। ਨਿਰਗੁਣ ਰੱਬ ਹਕੀਕੀ ਹੈ ਤੇ ਸੰਸਾਰ ਮਾਇਆ (ਭਰਮ) ਕਰਕੇ ਸੱਚ ਭਾਸਦਾ ਹੈ। ਵੇਦਾਂਤ ਦੇ ਦੋਹਾਂ ਸਕੂਲਾਂ (ਅਦਵੈਤ-ਵੇਦਾਂਤ ਤੇ ਵਿਸ਼ਿਸ਼ਟ ਅਦਵੈਤ-ਵੇਦਾਂਤ) ਦੇ ਨਜ਼ਰੀਏ ਤੋਂ ਬ੍ਰਹਮ ਦੇ ਇਹ ਪੰਜ ਸੰਕਲਪ: (ੳ) ਸਰਵ-ਕਾਲੀ ਹੋਣ ਦਾ ਅਰਥ ਅਕਾਲ, (ਅ) ਸਰਬਕਾਲੀ “ਹੈ-ਤਵ” ਦਾ ਅਰਥ ‘ਸਤਿ’, (ੲ) ਸਥਾਨ ਦੀ ਇਕਮਿਕਤਾ ਦਾ ਅਰਥ ‘ਸਰਵ-ਵਿਦਮਾਨਤਾ’, (ਸ) ਸਥਾਨਗਤ ਪ੍ਰਕਿਰਿਆ ਦਾ ਅਰਥ ‘ਏਕ ਤੋਂ ਅਨੇਕਤਾ’ ਵਿੱਚ ਪਸਾਰਾ ਹੋਣਾ, ਅਤੇ (ਹ) ਏਕ ਤੋਂ ਅਨੇਕਤਾ ਦੀ ਸਮੁਚਤਾ ਦਾ ਅਰਥ ਰਾਮਾਨੁਜ ਦੀ “ਰੱਬੀ ਸਰਗੁਣਤਾ” ਰੂਪਮਾਨ ਹੁੰਦੇ ਹਨ। ਇਹ ਸਾਰੇ ਕਾਲ ਦੇ ਸਥਾਨਗਤ ਸੰਕਲਪ ਦੀ ਹੀ ਉਪਜ ਹਨ ਜਿਨ੍ਹਾਂ ਵਿੱਚ ਕਾਲ ਨੂੰ ਅਲਪ ਬੁਧੀ ਦੀ ਹੂੜ੍ਹ ਮੱਤ ਤੇ ਨਿਰੇ ਖ਼ਿਆਲ ਦੇ ਜ਼ੋਰ ਜਾਂ ਮਨ ਦੀ ਮੱਤ ਦੇ ਝੱਲਪੁਣੇ ਨਾਲ ਅਨਾਦੀ, ਅਨੰਤ ਅਤੇ ਸੈਭੰ ਮਿਥ ਲਿਆ ਗਿਆ ਹੈ 121. ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ। ਭਾਵ, ਇਹ ਨੂੰ ਭਰਮ ਕਹਿੰਦੇ ਹਨ: ਮਾਧਵੇ ਭ੍ਰਮ ਕਹੀਐ ਕੈਸਾ॥ ਜੈਸਾ ਮਾਨੀਐ ਹੋਇ ਨ ਤੈਸਾ॥ 122

ਹਿੰਦੂ ਰੱਬ ਤ੍ਰੈ-ਕਾਲੀ ਸਤਿ ਤਾਂ ਹੈ ਪਰ ਸਤਿਨਾਮ ਨਹੀਂ। ਉਪਰੋਕਤ ਅਨੁਸਾਰ ਭਾਵੇਂ ਇਸ ‘ਸਤਿ’ ਦੀਆਂ ਸਭੋ ਵਿਆਖਿਆਵਾਂ (ਸ਼ੰਕਰਾਚਾਰੀਆ ਤੇ ਰਾਮਾਨੁਜ) ਸਥਾਨਗਤ ਕਾਲ ਦੇ ਸੰਕਲਪ ਦੀ ਹੀ ਉਪਜ ਹਨ ਜਿਨ੍ਹਾਂ ਵਿੱਚ ਕਾਲ ਨੂੰ ਅਨਾਦੀ, ਅਨੰਤ ਤੇ ਸੈਭੰ ਮਿਥਿਆ ਗਿਆ ਹੈ ਪਰ ਗੁਰਮਤ ਵਿੱਚ ਕਾਲ ਨਾ ਅਨੰਤ ਹੈ, ਨਾ ਅਨਾਦੀ (ਮੁੱਢ-ਰਹਿਤ) ਤੇ ਨਾ ਸੈਭੰ ਕਿਉਂਕਿ ਸਿਖ ਰੱਬ, ਕਾਲ ਦੀ ਪੈਦਾਇਸ਼ ਤੋਂ ਪਹਿਲਾਂ ਹੀ ਮੌਜੂਦ ਸੀ (ਜੁਗਾਦਿ ਸੱਚ॥ (ਪੰਨਾ 1) ਅਤੇ ਮਾਰੂ ਮ: 1, “ਅਰਬਦ ਨਰਬਦ ਧੁੰਧੂਕਾਰਾ॥ 123. ਜਿਥੋਂ ਜ਼ਾਹਰਾ ਸਾਬਿਤ ਹੈ ਕਿ ਅਕਾਲ ਦਾ ਅਰਥ ਸਦੀਵੀ ਜਾਂ ਸਰਬ-ਕਾਲੀ ਨਹੀਂ, ਪਰਾਕਾਲੀ ਹੈ ਭਾਵ ਕਾਲੋਂ ਪਰ੍ਹੇ। ਦੂਜੇ ਲਫਜ਼ਾਂ ਵਿਚ, ਗੁਰਬਾਣੀ ਵਿੱਚ ਕਾਲ ਦਾ ਵੇਦਾਂਤਕ ਅਰਥ ਸਵੀਕਾਰ ਨਹੀਂ ਹੈ। ਸੋ ਵੇਦਾਂਤ ਰੱਦ ਹੋ ਗਿਆ 124. ਫੇਰ ਵੀ ਜੇ ਵਿਦਵਾਨ ਗੁਰਬਾਣੀ ਦੇ ਅਧਿਆਤਮਕ ਰਹੱਸ ਨੂੰ ਖੋਲ੍ਹਣ ਵੇਲੇ ਆਪਣੀ ਸਿਖ-ਚੇਤਨਾ ਹਿੰਦੂ ਇਤਿਹਾਸ, ਪੌਰਾਣ, ਕਰਮਕਾਂਡ ਅਤੇ ਦਰਸ਼ਨ ਦੇ ਮਾਹੌਲ ਵਿੱਚ ਕੈਦੀ 125 ਕਰਕੇ ਜ਼ਿਹਨੀ ਗ਼ੁਲਾਮੀ ਕਰਦੇ ਹਨ ਤਾਂ ਅਸਲ ਅਰਥਾਂ ਦੀ ਖ਼ਾਲਸਈ ਸੇਧ ਦੀ ਥਾਂ ਬਣਾਉਟੀ ਅਰਥ ਹੀ ਲੱਭਣਗੇ 126. ਇਉਂ ਰੋਗੀ ਚੇਤਨਾ ਰਖਦੇ ਨਵੇਂ ਤੇ ਪਰਾਣੇ ਵਿਦਵਾਨ 127 ਏਡੇ ਭਮੱਤਰ ਚੁੱਕੇ ਸਨ, ਜਿਵੇਂ ਉਪਰ ਕਹਿ ਚੁਕੇ ਹਾਂ, ਕਿ ਉਨ੍ਹਾਂ ਨੇ 20ਵੀਂ ਸਦੀ ਵਿੱਚ ਸਿਖ ਫਲਸਫੇ, ਸਿਖ ਸਿਧਾਂਤ ਦੇ ਸੰਗਠਿਤ ਖ਼ਾਲਸਈ ਦਾਰਸ਼ਨਿਕਤਾ ਦੀ ਰੂਪ ਰੇਖਾ ਦੇ ਮੂੰਹ ਮੁੰਹਾਂਦਰੇ ਨੂੰ ਖ਼ਾਲਸਈ ਸੇਧ ਦੁਆਰਾ ਉਜਾਗਰ ਤਾਂ ਕੀ ਕਰਨਾ ਸੀ ਉਨ੍ਹਾਂ ਨੂੰ ਤਾਂ ਖ਼ਾਲਸਈ ਸੇਧ ਦੇ ਥੰਮ, ਕਾਲ ਅਤੇ ਅਕਾਲ ਸੰਕਲਪਾਂ ਦੇ ਅਰਥਾਂ 128 ਦਾ ਚੇਤਾ ਵੀ ਨਹੀਂ ਸੀ ਰਹਿੰਦਾ, ਹਾਲਾਂ ਕਿ ਮੂਲਮੰਤ੍ਰ ਵਿੱਚ ਅਕਾਲ ਮੂਰਤਿ ਦਾ ਸੰਕਲਪ ਹਰ ਰੋਜ਼ ਯਾਦ ਦਿਲਾਉਂਦਾ ਹੈ। ਅਜਿਹੀ ਰੋਗੀ ਅਤੇ ਮਲੀਨ ਚੇਤਨਾ ਜਦ ਦਸਮ ਗ੍ਰੰਥ ਵਿਚਲੇ ‘ਕਾਲ’, ‘ਮਹਾਂਕਾਲ’, ‘ਕਾਲਪੁਰਖ’ ਤੇ ‘ਦੇਵੀ ਜੂ ਕੀ ੳੇਸਤਤਿ’ ਆਦਿ ਦੇ ਅਰਥ ਕਰਨ ਲਗੀ ਤਾਂ ਅਵੱਸ਼ ਧੋਖੇ ਦਾ ਸ਼ਿਕਾਰ ਹੋਕੇ ਇਨ੍ਹਾਂ ਦੇਵੀ ਦੇਵਤਿਆਂ ਦੇ ਨਾਵਾਂ ਨੂੰ ਸਿਖ ‘ਅਕਾਲ ਪੁਰਖ’ ਕਹਿ ਕੇ ਆਉਣ ਵਾਲੀ ਪਨੀਰੀ ਦੇ ਵਿਦਵਾਨਾਂ ਤੇ ਕਥਾਕਾਰਾਂ ਨੂੰ ਭੰਭਲਭੂਸੇ ਵਿੱਚ ਪਾ ਕੇ ਗੁਰਮਾਹ ਕਰਨ ਦਾ ਕਾਰਨ ਬਣੀ। ਨਾਲ ਊਲ ਜਲੂਲ ਦਾ ਲਿਖਾਰੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਕਿ ਨਾਮ ਨਾਲ ਮੜ੍ਹ ਦਿਤਾ। ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਲਿਆ। ਅਖੇ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ!

ਅਰਥਾਂ ਦੇ ਇਸ ਸੰਕਟ ਦੇ ਭੈੜੇ ਸਿਟਿਆਂ ਚੋਂ ਇੱਕ ਇਹ ਹੋਇਆ ਕਿ ਇਨ੍ਹਾਂ ਵਿਦਵਾਨਾਂ ਤੋਂ ਫਿਲਟਰ (ਕਸ਼ੀਦ) ਹੋ ਕੇ ਆਏ ਬਣਾਉਟੀ ਅਰਥ ਛੋਟੇ ਪੱਧਰ ਦੇ ਵਿਦਵਾਨਾਂ ਅਤੇ ਕਥਾਕਾਰਾਂ ਦੀ ਝੋਲ਼ੀ `ਚ ਡਿਗੇ। ਇਹ ਕਥਾਕਾਰ ਵਧੇਰੇ ਕਰਕੇ ਅਖੌਤੀ ਟਕਸਾਲਾਂ, ਤੇ ਘਰੋਂ ਬਣੇ ਬ੍ਰਹਮਗਿਆਨੀਆਂ ਦੇ ਡੇਰਿਆਂ ਚੋਂ ਹੀ ਵਿਦਿਆ ਪੜ੍ਹ ਕੇ ਆਏ ਹੁੰਦੇ ਜਾਂ ਆਪ ਹੀ ਬੇ-ਰੁਜ਼ਗਾਰੀ ਦੇ ਸਤਾਏ ਕਥਾਕਾਰ ਬਣੇ ਹੁੰਦੇ। ਇਨ੍ਹਾਂ ਕਥਾਕਾਰਾਂ ਨੇ ਦੇਵੀ ਦੇ ਅਨੇਕਾਂ ਨਾਵਾਂ (ਮਿਸਾਲ ਵਜੋਂ “ਜਗਮਾਤ” (ਭਵਾਨੀ) ਤੇ “ਭਗਉਤੀ” (ਦੁਰਗਾ) ਆਦਿ) ਦੇ ਬਣਾਉਟੀ ਅਰਥ ( “ਰੱਬ” “ਨਿਰੰਕਾਰ” ) ਤਾਂ ਪਹਿਲਾਂ ਹੀ ਅਪਣਾਏ ਹੋਏ ਸਨ। ਅਤੇ ਜਿਵੇਂ ਕਿ ਉਪਰ ਕਿਹਾ ਜਾ ਚੁਕਾ ਹੈ ਕਿ ਅਰਦਾਸ ਵਿੱਚ “ਭਗਉਤੀ” (ਦੁਰਗਾ ਮਾਈ) ਨੂੰ ਸਿਮਰ ਕੇ ਫੇਰ ਗੁਰੂ ਨਾਨਕ ਨੂੰ ਸਿਮਰੋ ( “ਪ੍ਰਿਥਮ ਭਗਉਤੀ ਸਿਮਰਿ ਕੈ, ਗੁਰ ਨਾਨਕ ਲਈ ਧਿਆਇ” ) 129 ਵਰਗੇ ਹੁਕਮ ਸਿਖ ਅਵਾਮ (ਲੋਕਾਂ) `ਤੇ ਪਹਿਲਾਂ ਹੀ ਸਾਜਿਸ਼ੀ ਪੁਜਾਰੀ ਵਰਗ ਨੇ ਚਾੜ੍ਹ ਰਖੇ ਸਨ। ਹਾਲਾਂਕਿ ਕਵੀ ‘ਸਯਾਮ’ ਜ਼ਾਹਰਾ ਕਹਿੰਦਾ ਹੈ ਕਿ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ॥ 55॥” - ਚੰਡੀ ਦੀ ਵਾਰ (ਮਾਰਕੰਡੇ ਪੁਰਾਣ ਦਾ ਖੁਲ੍ਹਾ ਅਨੁਵਾਦ) 130. ਨਾਲੋ ਨਾਲ, ਨੇਤ ਰੱਬ ਦੀ ਅਖੌਤੀ ਸੋਧ ਕਮੇਟੀਆਂ ਨੇ ਤਾਂ ਪਹਿਲਾਂ ਹੀ ਫੁੱਟ ਨੋਟਾਂ `ਚ ਗਲਤ ਅਰਥ ਪਰਦਾਨ ਕਰਕੇ ਅਜੰਡਾ ਸੈੱਟ (set agenda) ਕੀਤਾ ਹੋਇਆ ਸੀ 131 (ਦਸਮ ਗ੍ਰੰਥ, ਸਫਾ 1207 (ਅਰਥ ਨੰ: 5) ‘ਸ੍ਰੀ ਕਾਲ’ ਦਾ ਅਰਥ ‘ਪਰਮੇਸ਼ਰ’ ਅਤੇ (ਸਫਾ 1210) ‘ਮਹਾਂਕਾਲ’ ਦਾ (ਅਰਥ ਨੰ: 8) ‘ਅਕਾਲ ਪੁਰਖ’ ਕੀਤਾ)। ਇਵੇਂ ਹੀ ਕਵੀ “ਸੂਮ” ਦੁਆਰਾ 132 ਰਚੀ “ਕਬਿਯੋ ਬਾਚ॥ ਬੇਨਤੀ ਚੌਪਈ” ਵਿੱਚ ਆਉਂਦੇ “ਕਾਲ” ਜਾਂ “ਮਹਾਂਕਾਲ” ਜਿਸ ਦੇ ਦੂਜੇ ਨਾਵਾਂ, “ਸ੍ਰੀ ਅਸਿਕੇਤਿ” “ਸ੍ਰੀ ਅਸਿਧੁਜ” “ਖੜਗਕੇਤ” “ਖੜਗਪਾਨ” 133 ਆਦਿ ਨੂੰ ਵੀ “ਸਿਖ ਰੱਬ” ਦੇ ਅਰਥਾਂ `ਚ ਇਨ੍ਹਾਂ “ਦੁਸ਼ਮਨਾਨਿ-ਸਿੱਖੀ” ਨੇ ਚਿਰਾਂ ਦਾ ਪ੍ਰਚੱਲਿਤ ਕੀਤਾ ਹੋਇਆ ਸੀ। ਕਵੀ “ਸੂਮ” ਇਸੇ ਚਾਰ ਹੱਥਾਂ 134 ਵਾਲੇ ਦੇਵਤੇ ਨੂੰ “ਲੋਗਨ ਕੇ ਰਾਜਾ” “ਜਗਤ ਕੇ ਈਸਾ” ਨਾਲ਼ ਵੀ ਪੁਕਾਰਦਾ ਹੈ। ਉਪਰੋਕਤ ਵਿਦਵਾਨਾਂ ਦੇ ਬਣਾਉਟੀ ਅਰਥਾਂ ਦੇ ਪ੍ਰਚਲਿਤ ਹੋਣ ਤੇ ਆਮ ਲੋਕਾਂ ਵਿੱਚ ਵੀ ਇਹੋ ਅਰਥ ਪਰਵਾਨੇ ਗਏ। ਭਾਵੇਂ ਇੰਨ੍ਹਾਂ ਦਾ ਅਰਥ ਹਰਗਿਜ਼ ਸਿਖ “ਅਕਾਲ-ਪੁਰਖ” ਨਹੀਂ। ਪ੍ਰੋ: ਮਹਿਬੂਬ ਮੰਨਦੇ ਹਨ: ਕਿ ਅਖੀਰਲੇ ਤ੍ਰਿਆ ਚਰਿਤ੍ਰ ਵਿੱਚ ‘ਮਹਾਂਕਾਲ’ ਦੇਵਤਾ ਅਤੇ ‘ਕਾਲ’ ‘ਕਾਲ਼ੀ’ ਦੇਵੀ ਦੇ ਅਰਥਾਂ ਤੋਂ ਵਾਧੂ ਕੁੱਝ ਨਹੀਂ ਅਤੇ ‘ਕਾਲਕਾ’ ‘ਮਹਾਂਕਾਲ’ ਦੇਵਤੇ ਦੀ ਅਰਧੰਗਣੀ ਸ਼ਕਤੀ ਹੀ ਹੈ। ਇਸ ਲਈ ਪ੍ਰੋ: ਮਹਿਬੂਬ ਦਾ ਦ੍ਰਿੜ੍ਹ ਮੱਤ ਹੈ ਕਿ ਸੱਚੇ ਸ਼ਾਕਿਤ ਲਈ ‘ਮਹਾਂਕਾਲ’ ਨੂੰ ਅਰਾਧਣਾ ਤੇ ‘ਕਾਲਕਾ’ ਨੂੰ ਧਿਆਉਣਾ ਇਕੋ ਚੀਜ਼ ਹਨ 135, ਜਿਵੇਂ ਕਿ ਉਪਰ ਕਿਹਾ ਜਾ ਚੁੱਕਾ ਹੈ।

ਗੁਟਕਿਆਂ ਵਿਚਲੀ ਪੁਰਾਣੀ ਰਹਿਰਾਸ ਵਿੱਚ ਕ੍ਰਿਸ਼ਨ ਤੇ ਰਾਮ ਦੀ, ਅਤੇ ਦੇਵਤਿਆਂ ਦੀ ਉਸਤਤੀ ਨੂੰ ਅਖੌਤੀ ਟਕਸਾਲਾਂ, ਘਰੋਂ ਬਣੇ ਬ੍ਰਹਮਗਿਆਨੀਆਂ, ਸੰਤਾਂ, ਸਾਧਾਂ ਆਦਿ ਅਤੇ ਆਮ ਲੋਕਾਂ ਨੇ ਬਿਨਾਂ ਅਰਥ ਵਿਚਾਰਨੇ ਤੋਂ ਪਾਠ ਕਰਨੇ ਨੂੰ ਪੁੰਨ ਕਰਮ ਜਾਣਿਆਂ ਅਤੇ ਦੋਂਹ ਤਿੰਨਾਂ ਮਿੰਟਾਂ `ਚ “ਸੁਨੈ ਗੁੰਗ ਜੋ ਯਹਿ ਸੁ ਰਸਨਾ ਪਾਵਈ” ਵਰਗੇ ਫਲਾਦੇਸ਼ ਪ੍ਰਾਪਤ ਕਰਨੇ ਨੂੰ ਆਪਣੇ ਧੰਨ ਭਾਗ ਸਮਝੇ। ਲਾਊਡ ਸਪੀਕਰਾਂ `ਚ ਤ੍ਰਿਕਾਲਾਂ ਨੂੰ ਆਰਤੀ ਦੇ ਪਾਠ `ਚ “ਯਾ ਤੇ ਪ੍ਰਸੰਨ ਭਏ ਹੈਂ ਮਹਾਂ ਮੁਨ ਦੇਵਨ ਕੇ ਤਪ ਮੈ ਸੁਖ ਪਾਵੈ॥ ਜਗ ਕਰੈ ਇੱਕ ਬੇਦ ਰਰੈ. . ॥” ਅਤੇ “ਲੋਪ ਚੰਡਕਾ (ਦੇਵੀ) ਹੋਇ ਗਈ ਸੁਰਪਤਿ (ਇੰਦ੍ਰ) ਕਉ ਦੇ ਰਾਜ॥” 136 ਆਦਿ ਦੇ ਸਾਧ ਡੇਰਿਆਂ `ਚੋਂ ਉਚੇਚੇ ਖੌਰੂ, ਵਾਜਿਆਂ ਤੇ ਛੈਣਿਆਂ ਦੀ ਕੜਕੁੱਟ `ਚ, ਦੋ ਦੋ ਚਾਰ ਚਾਰ ਮੀਲ ਤੱਕ ਸੁਣੇ ਜਾ ਸਕਦੇ ਹਨ। ਇਉਂ ਰਹਿਰਾਸ ਵਿੱਚ ਹਰ ਰੋਜ਼ ਨਿਤਨੇਮ ਕਰਦਿਆਂ ਤੇ ਪਰਚਾਰਦਿਆਂ “ਕਾਲਪੁਰਖ” “ਮਹਾਂਕਾਲ” (ਦੋਵੇਂ ਦੇਵਤੇ) ਆਦਿ ਦੇ ਸਹੀ ਅਰਥਾਂ ਤੋਂ ਨਵੇਂ ਪੜ੍ਹਾਕਿਆਂ ਨੂੰ ਸਹੀ ਅਰਥਾਂ ਵਲ ਨੂੰ ਮੁੜਨ ਤੋਂ ਟਪਲਾ ਲਗਦਾ ਰਿਹੈ 137. ਦੂਜੇ ਲਫਜ਼ਾਂ ਵਿਚ, ਸਿੱਖ ਕੱਚੀਆਂ ਬਾਣੀਆਂ ਨੂੰ ਮਾਨਤਾ ਦੇਣ ਲੱਗ ਪਏ ਜਿਸ ਨਾਲ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਲਫਜ਼ਾਂ ਤੋਂ ਅੱਗੇ ਦਾ ਜੋ ਅਨੁਭਵ ਸੀ, ਉਸ ਤਕ ਉਨ੍ਹਾਂ ਦੀ ਪਹਿਲਾਂ ਵਰਗੀ ਪਹੁੰਚ ਨਾਂਹ ਰਹੀ 138. ਇਸ ਲਈ ਇਨ੍ਹਾਂ ਲਫਜ਼ਾਂ ਦੇ ਅਰਥ ਵੀ ਉਪਰੋਕਤ ਪਰਪਾਟੀ ਤਹਿਤ ਨਵੀਂ ਪਨੀਰੀ ਦੇ ਸਿਖ ਲੋਕ ਤੇ ਵਿਦਵਾਨ ਵੀ “ਅਕਾਲ ਪੁਰਖ” ਹੀ ਕਰਦੇ ਰਹੇ ਕਿਉਂਕਿ ਬੜੇ ਬੜੇ ਆਲਮਾਂ ਫਾਜ਼ਲਾਂ (ਜਿਵੇਂ ਭਾਈ ਵੀਰ ਸਿੰਘ ਆਦਿ) ਨੇ ਆਪਣੀਆਂ ਕਿਤਾਬਾਂ ਵਿੱਚ ਬਣਾਉਟੀ ਅਰਥ ਕੱਚੀਆਂ ਦਲੀਲਾਂ (ਜਿਵੇਂ ਕਿ ਵਰਣਿਤ ਉਪਰੋਕਤ ਮਿਸਾਲਾਂ ਭਾਈ ਵੀਰ ਸਿੰਘ ਆਦਿ ਦੀਆਂ) ਸਹਿਤ ਭੁਲੇਖੇ ਨਾਲ਼ ਅਸਲੀ ਅਰਥਾਂ ਦੀ ਥਾਂ ਲਿਖ ਰਖੇ ਸਨ।

ਅਜੋਕੇ ਵਿਦਵਾਨਾਂ ਦੁਆਰਾ ਅਸਲੀ ਤੇ ਮੌਲਿਕ ਅਰਥਾਂ ਦੇ ਪੁਨਰ-ਨਿਰਮਾਣ ਤੇ ਪੁਨਰ-ਸਿਰਜਣਾ ਦੀ ਜੁਗਤੀ ਤੇ ਤਰੀਕਾ ਬੜਾ ਸਾਰਥਿਕ ਅਤੇ ਅਕਸਰ ਦਰੁੱਸਤ ਲੀਹਾਂ ਤੇ ਚਲ ਰਿਹਾ ਹੈ। ਉਨ੍ਹਾਂ ਨੇ ਕਿਸੇ ਲਫਜ਼ ਦੇ ਅਰਥ, ਆਪਣੇ ਪਹਿਲਾਂ ਬਣੇ ਹੋਏ ਵੇਦਾਂਤ-ਵਾਦੀ ਰੁਖ ਨਾਲ਼ ਜਾਂ ਨਿਰੇ ਫੋਕੇ ਨਾਅਰੇਬਾਜ਼ੀ ਅਧੀਨ ਜਾਂ ਨਿਰੀ ਮੱਖੀ ਤੇ ਮੱਖੀ ਮਾਰ ਕੇ ਅਖੌਤੀ ਵਿਦਵਾਨਾਂ ਦੀ ਚੰਗੀ ਨੌਕਰੀ ਭਾਲਣ ਦੀ ਨੀਤੀ (ਜਿਵੇਂ ਮਕਲੋਡ ਦੇ ਸਾਰੇ ਚੇਲੇ ਚਾਟੜੇ ਅਮਰੀਕੀ ਯੂਨਵਿਰਸਿਟੀਆਂ ਵਿੱਚ ਜਾ ਸ਼ਸ਼ੋਭਿਤ ਹੋਏ) ਦੀ ਰੀਸੀ ਕਿਸੇ ਲਾਲਚ ਵੱਸ ਨਹੀਂ ਕੀਤੇ। ਅਕਸਰ ਉਨ੍ਹਾਂ ਨੇ ਇਹ ਵੀ ਖਿਆਲ ਰਖਿਆ ਕਿ ਕਿਸੇ ਰਚਨਾ ਨੂੰ ਐਵੇਂ ਹੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਾ ਸਮਝ ਲਿਆ ਜਾਵੇ। ਜਿਵੇਂ ਕਿ ਉਪਰ ਨੋਟ ਕਰ ਚੁਕੇ ਹਾਂ ਕਿ ਵਿਦਵਾਨ ਅਕਸਰ ਆਪਣੇ ਉਤੇ ਬੰਧਨ ਲਾ ਲੈਂਦੇ ਸਨ 139 ਕਿ, ਮਿਸਾਲ ਵਜੋਂ, ਗੁਰੂ ਜੀ ਦੀ ਜਾਅਲੀ ਸਵੈ-ਜੀਵਨੀ, ਬਚਿਤ੍ਰ ਨਾਟਕ ਨੂੰ ਗੁਰੂ ਜੀ ਦੁਆਰਾ ਆਪ ਲਿਖੀ ਸਵੈ-ਜੀਵਨੀ ਮਨੌਤ ਮੰਨ ਕੇ ਵਿਦਵਾਨ ਚਲਣ। ਕਿਸੇ ਅਹਿਸਾਸੇ-ਕਮਤਰੀ 140 (inferiority complex) ਜਾਂ “ਨਫੀ ਖ਼ੁਦੀ” 141 ਅਧੀਨ ਵੀ ਉਪਰੋਕਤ ਵਿਦਵਾਨਾਂ ਨੇ ਇਉਂ ਨਹੀਂ ਕੀਤਾ। ਉਨ੍ਹਾਂ ਸਾਰੀ ਰਚਨਾ ਨੂੰ ਪੜ੍ਹ ਕੇ, ਸਮਝ ਕੇ ਤੇ ਪੂਰੀ ਸੂਝ ਬੂਝ ਬਣਾ ਲੈਣ ਤੋਂ ਬਾਦ ਵਿਸ਼ਲੇਸ਼ਣ ਕਰਕੇ ਸਾਰੇ ਮੌਲਿਕ ਅਰਥ ਪੁਨਰ-ਸੁਰਜੀਤ ਕੀਤੇ ਹਨ। ਦੇਵੀ ਦੇਵਤਿਆਂ ਦੇ ਨਾਵਾਂ ਦੇ ਇਹ ਅਰਥ 142 ਹਿੰਦੂ ਅਤੇ ਸਿਖ ਦੋਹਾਂ ਕੌਮਾਂ `ਚ ਅਕਸਰ ਪਰਵਾਣ ਹਨ ਤੇ ਮੰਨੇ ਜਾਂਦੇ ਹਨ। ਇਸ ਕਿਰਿਆ ਨਾਲ਼ ਕਈ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ, ਮਸਲਨ, ਦਸਮ ਗ੍ਰੰਥ ਦਾ ‘ਕਾਲ ਪੁਰਖ’ ਹਰਗਿਜ਼ ਗੁਰੂ ਨਾਨਕ ਜੀ ਦਾ ‘ਅਕਾਲ ਪੁਰਖ’ ਨਹੀਂ ਹੋ ਸਕਦਾ 143 ਜਿਵੇਂ ਉਨ੍ਹਾਂ ਤੋਂ ਪਹਿਲਾਂ ਬੇ-ਧਿਆਨੀ ਵਿੱਚ ਜਾਂ ਝੇਂਪ `ਚ ਚਾਪਲੂਸੀ ਕਰਦਿਆਂ ਜਾਂ ਇੱਕ ਦੂਸਰੇ ਦੀ ਅਨ੍ਹੇ ਵਾਹ ਨਕਲ ਮਾਰਦਿਆਂ ਬਹੁਤੇ ਵਿਦਵਾਨਾਂ ਨੇ ‘ਅਕਾਲ ਪੁਰਖ’ ਹੀ ਅਰਥ ਕਰ ਮਾਰੇ ਸਨ, ਜਿਵੇਂ ਕਿ ਉਪਰ ਕਿਹਾ ਹੈ। ਕਈਆਂ (ਜਿਵੇਂ ਡਾ: ਗੁਰਭਗਤ ਸਿੰਘ ਅਤੇ ਡਾ: ਵਾਸੂ ਆਦਿ) ਨੇ ਇਹ ਵੀ ਸਮਝਿਆ ਪਈ ਗੁਰੂ ਜੀ ਨੇ ਧਰਮ ਯੁੱਧ ਦਾ ਚਾਅ ਪੈਦਾ ਕਰਨ ਲਈ ਰੱਬ ਦੇ ਨਾਮ ਵੀ ਬੀਰ ਰਸੀ ਸ਼ਬਦਾਵਲੀ ਵਾਲੇ (ਖੜਗਕੇਤ, ਅਸਿਕੇਤ, ਸਰਬਲੋਹ ਆਦਿ) ਵਰਤੇ 144, 145 ਭਾਵੇਂ ਇਹ ਵੀ ਕੁੱਝ ਇੱਕ ਸਿੱਖ ਵਿਦਵਾਨਾਂ ਤੇ ਕਥਾਕਾਰਾਂ ਦਾ ਭੁਲੇਖਾ ਹੀ ਸੀ 146, 147. ਕਿਉਂਕਿ ਵਿਚਾਰਨ ਵਾਲਾ ਨੁਕਤਾ ਹੈ ਕਿ ਛੇਵੇਂ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਵੇਲੇ ਲੜੇ ਜੰਗਾਂ ਵਿੱਚ ਕਿਹੜੇ ਦਸਮ ਗ੍ਰੰਥ ਦੀ ਜੁੱਧ ਦੇ ਚਾਅ ਪੈਦਾ ਕਰਨ ਵਾਲੀ ਬੀਰ ਰਸੀ ਸ਼ਬਦਾਵਲੀ ਦੇ ਖੜਾਕੇ ਦਾ ਆਸਰਾ ਖ਼ਾਲਸੇ ਨੇ ਲਿਆ ਸੀ? ਖ਼ਾਲਸੇ ਨੂੰ ਅੰਦਰੋਂ ਸੱਚੀ ਗੁਰੂ ਓਟ ਸੀ ਜਿਹਦੇ ਬਲਬੂਤੇ ਆਪਣਾ ਸਭੋ ਕੁੱਝ ਉਨ੍ਹਾਂ ਜੰਗਾਂ ਵਿੱਚ ਗੁਰੂ ਲਈ ਕੁਰਬਾਨ ਕਰਦਾ ਸੀ। ਮੁਕਦੀ ਗੱਲ, ਇਨ੍ਹਾਂ ਨਿਹਾਇਤ ਉਚ ਕੋਟੀ ਦੇ ਵਿਦਵਾਨਾਂ ਦੀ ਗੁਰਮੁਖ-ਚੇਤਨਾ ਨੇ ਇੱਕ ਵਾਰ ਫੇਰ ਆਪਣੇ ਅਧਿਐਨ ਤੇ ਵਿਸ਼ਲੇਸ਼ਣ ਵਿੱਚ ਤੰਦਰੁਸਤ ਖ਼ਾਲਸਾ ਚੇਤਨਾ ਦਾ ਭਰਵਾਂ ਸਬੂਤ ਦਿਤਾ ਹੈ। ਅਤੇ ਸਹੀ ਅਰਥ ਸਿਰਜੇ ਹਨ ਜਿਨ੍ਹਾਂ ਦੀ ਸੁਘੜ ਵਿਦਵਾਨਾਂ ਨੂੰ ਚਿਰੋਕੀ ਆਸ ਸੀ 148. ਇਨ੍ਹਾਂ ਅਜੋਕੇ ਵਿਦਵਾਨਾਂ ਦੁਆਰਾ ਇਹ ਇੱਕ ਬੜੀ ਭਾਰੀ ਇਮਾਨਦਾਰੀ, ਜੁਰਅਤ, ਬਹਾਦਰੀ ਤੇ ਬਿਬੇਕ ਬੁਧੀ ਦਾ ਕ੍ਰਿਸ਼ਮਾ ਹੈ।

- ਅਮਰੀਕ ਸਿੰਘ ‘ਧੌਲ’

ਹਵਾਲੇ:-

1 www.damdamitaksal.net/index.php?option=com_content&task=view&id=6&Iemid=1 18/06/08

2. ਸਿਰਦਾਰ ਗੁਰਤੇਜ ਸਿੰਘ (2010: 307-8): ਓੜਕਿ ਸਚਿ ਰਹੀ; ਜਸਬਿੰਦਰ ਸਿੰਘ ਖ਼ਾਲਸਾ (2006: 268): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

3 ਪ੍ਰੋ. ਹਰਿੰਦਰ ਸਿੰਘ ਮਹਿਬੂਬ (1988, ਸਫਾ 1164): ਜਿਨ੍ਹਾਂ ਵਿਦਵਾਨਾਂ ਨੇ ਪਹਿਲਾਂ ਵੀ ਖੋਜ ਕਾਰਜ ਕੀਤੇ:- ਸਮਸ਼ੇਰ ਸਿੰਘ ਅਸ਼ੋਕ, ਫਕੀਰ ਸਿੰਗ ਐਂਡ ਸਨਜ਼, ਅੰਮ੍ਰਿਤਸਰ; ਡਾ. ਰਤਨ ਸਿੰਘ ਜੱਗੀ, ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ, ਪਰਕਾਸ਼ਕ: ਪੰਜਾਬੀ ਸਾਹਿੱਤ ਸਭਾ, ਨਵੀਂ ਦਿੱਲੀ, ਨਿਊ ਬੁਕ ਕੰਪਨੀ, ਜਲੰਧਰ। ਗਿ. ਭਾਗ ਸਿੰਘ ਅੰਬਾਲਾ, ਦਸਮ ਗ੍ਰੰਥ ਨਿਰਣੈ। ਅਜੋਕੇ ਸਮੇਂ ਵਿੱਚ ਨਵੇਂ ਯਤਨ ਇਉਂ ਹੋਏ ਹਨ: ਡਾ. ਬਲਦੇਵ ਸਿੰਘ, ਡਾ. ਦਵਿੰਦਰ ਸਿੰਘ ਸੇਖੋਂ, ਸਿਰਦਾਰ ਦਲਜੀਤ ਸਿੰਘ, ਸਿਰਦਾਰ ਜਗਜੀਤ ਸਿੰਘ, ਡਾ. ਬਲਬੰਤ ਸਿੰਘ ਢਿਲੋਂ, ਡਾ. ਕੁਲਵਿੰਦਰ ਸਿੰਘ ਬਾਜਵਾ, ਸਿਰਦਾਰ ਗੁਰਤੇਜ ਸਿੰਘ; ਅਤੇ, ਜਸਬਿੰਦਰ ਸਿੰਘ ਖ਼ਾਲਸਾ (2006, 2007) ਆਦਿ

4 ਪ੍ਰੋ. ਹਰਿੰਦਰ ਸਿੰਘ ਮਹਿਬੂਬ (1988: 639-789 ਬਿੱਪਰ ਸੰਸਕਾਰ) : ਸਹਿਜੇ ਰਚਿਓ ਖ਼ਾਲਸਾ

5 ਜਸਬਿੰਦਰ ਸਿੰਘ ਖ਼ਾਲਸਾ (2006, 2007): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

6 ਡਾ. ਬਲਦੇਵ ਸਿੰਘ (2008) : www.globalsikhstudies.net

7 ਗੁਲਸ਼ਨ, ਗੁਰਬਖ਼ਸ਼ ਸਿੰਘ (2005: 42): ਦਰਪਣ ਸਿੱਖ ਰਹਿਤ ਮਰਯਾਦਾ, ਖ਼ਾਲਸਾ ਪ੍ਰਚਾਰਕ ਜਥਾ ਯੂ: ਕੇ: the “men of profound learning”

8 ਦਸਮ ਗ੍ਰੰਥ (1979, ਸਫਾ 1359-86), ਜਵਾਹਰ ਸਿੰਘ ਕਿਰਪਾਲ ਸਿੰਘ, ਅੰਮ੍ਰਿਤਸਰ

9 ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1995, ਸਫਾ 25): ਸਿੱਖ ਰਹਿਤ ਮਰਯਾਦਾ, ਸ੍ਰੀ ਅੰਮ੍ਰਿਤਸਰ

10 ਜਸਬਿੰਦਰ ਸਿੰਘ ਖ਼ਾਲਸਾ (2006, ਸਫਾ 247-265): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

11 ਭਾਈ ਰਣਧੀਰ ਸਿੰਘ, ਸ਼ਬਦਾਰਥ ਦਸਮ ਗ੍ਰੰਥ, ਪੰਜਾਬੀ ਯੂਨੀਵਰਸਿਟੀ (1997) ਪਟਿਆਲਾ

12 Dr. Jodh Singh Dr. Dharam Singh (1999, p. IX ): Sri Dasam Granth Sahib, Vol 1, Heritage Publications, Patiala.

13 ਪ੍ਰੋ: ਹ. ਸ. ਮਹਿਬੂਬ (1988: 788, 990, 1023): ਸਹਿਜੇ ਰਚਿਓ ਖ਼ਾਲਸਾ; ਅਤੇ, ਦੇਖੋ: ਜ. ਸ. ਖ਼ਾਲਸਾ (2006, ਸਫਾ 169), ਓਹੀ

14 ਡਾ: ਜਸਬੀਰ ਸਿੰਘ ਆਹਲੂਵਾਲੀਆ (1976, ਸਫਾ 17, 52): ਸਿੱਖ ਫਲਸਫੇ ਦੀ ਭੁਮਿਕਾ, ਰਘਬੀਰ ਰਚਨਾ ਪ੍ਰਕਾਸ਼ਨ, ਅੰਮ੍ਰਿਤਸਰ

15 ਜ. ਸ. ਖ਼ਾਲਸਾ (2006, ਸਫਾ 168-9), ਓਹੀ

16 ਪ੍ਰੋ: ਹ. ਸ. ਮਹਿਬੂਬ (1988, ਸਫਾ 1090), ਓਹੀ:

“ਹਜ਼ੂਰ ਦੀ ਮੁਹੱਬਤ ਦੇ ਉਪਭਾਵਕ ਉਛਾਲ ਵਿਚੋਂ ਇਸ ਗ਼ਲਤੀ ਨੇ ਜਨਮ ਲਿਆ ਸੀ।

ਜੋ ਚੀਜ਼ ਵੀ ਕਲਗੀਧਰ ਦੀ ਪਵਿੱਤਰ ਹਸਤੀ ਦੇ ਨੇੜੇ ਰਹੀ ਸੀ, ਭਾਵੇਂ ਉਹ ਕੁੱਝ ਵੀ ਹੋਵੇ,

ਖ਼ਾਲਸੇ ਨੂੰ ਪਿਆਰੀ ਸੀ। ਪਰ ਹਰ ਪਿਆਰ ਵਾਜਬ ਨਹੀਂ ਹੁੰਦਾ”।

17 ਜ. ਸ. ਖ਼ਾਲਸਾ (2006, ਸਫਾ 98), ਓਹੀ

18 ਗੁਰਤੇਜ ਸਿੰਘ (ਸਤੰਬਰ 2007): ਅਕਾਲ ਸਹਾਏ ਵੈੱਬ, ‘ਭੂਮਿਕਾ’

19 Dr. Jasbir Singh Mann (2008, p 21-3): Guru Granth Sahib as the only Canon; Fresh Look at the Text and History of Dasam Granth.

20 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1995, ਸਫਾ 25): ਸਿਖ ਰਹਿਤ ਮਰਯਾਦਾ

21 ਪ੍ਰੋ: ਹ. ਸ. ਮਹਿਬੂਬ (2000, ਸਫਾ 663): ਸਹਿਜੇ ਰਚਿਓ ਖ਼ਾਲਸਾ, ਦੂਜਾ ਸੰਸਕਰਣ

22 ਡਾ: ਜਸਬੀਰ ਸਿੰਘ ਮਾਨ, 2008; ਸਫਾ 21-23; ਓਹੀ

23 ਜਸਬੀਰ ਸਿੰਘ ਆਹਲੂਵਾਲੀਆ (1976, ਸਫਾ 39; 42; 44), ਓਹੀ

24 ਭਾਈ ਸੁਖਵਿੰਦਰ ਸਿੰਘ ਸਭਰਾ, ਸਫਾ 2: (21/04/08 www.sikhmarg.com/2008/0420-bhag3-kautak16.html)

25 ਸਟੀਕ ਵਾਰਾਂ ਭਾਈ ਗੁਰਦਾਸ, ਖਾਲਸਾ ਸਮਾਚਾਰ, ਭਾਈ ਵੀਰ ਸਿੰਘ ਸਾਹਿਤ ਸਦਨ

26 ਭਾਈ ਕਾਨ੍ਹ ਸਿੰਘ (1974, ਸਫਾ 251): ਮਹਾਨ ਕੋਸ਼, ਭਾਸ਼ਾ ਵਿਭਾਗ, ਪਟਿਆਲਾ

27 ਗਿਆਨ ਦਿਵਾਕਰ – ਜੀਵਨੀ, ਸੰ: ਬਾ: ਜਵਾਲਾ ਸਿੰਘ: (1998 ਸਫਾ 9, 21), ਅੰਦਰਲਾ ਬਾਹਰਲਾ ਟਾਈਟਲ, ਡੇਰਾ ਸੰਤ ਗੜ੍ਹ, ਹਰਖੋਵਾਲ

28 ਧੌਲ, ਅਮਰੀਕ ਸਿੰਘ (29/11/1985): ‘ਦੇਸ ਪਰਦੇਸ’ ਅਤੇ ‘ਪੰਜਾਬ ਟਾਈਮਜ਼’ (ਸਫਾ 29-30), ਲੰਡਨ: “ਸਿਖਾਂ ਦੀ ਦੁਰਦਸ਼ਾ ਦਾ ਅਸਲ ਕਾਰਨ” ਅਤੇ, ‘ਸਿਖ ਲਹਿਰ ਤੇ ਬ੍ਰਾਹਮਣਵਾਦ’

29 Prof: Amarjit Singh ( 2007 p 76-85): Abstracts of Sikh Studies, Vol 4, Issue 2, April-June 2007/ 539 N S

30 ਜਸਬਿੰਦਰ ਸਿੰਘ ਖ਼ਾਲਸਾ (2007 ਸਫਾ XI); ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

31 ਜਸਬੀਰ ਸਿੰਘ ਆਹਲੂਵਾਲੀਆ (1976 ਸਫਾ 39, 42, 44), ਓਹੀ।

32 ਜਸਬੀਰ ਸਿੰਘ ਆਹਲੂਵਾਲੀਆ (1976; ਸਫਾ 17; 37; 51, ਓਹੀ)

33 ਗਿ: ਸੁਰਜੀਤ ਸਿੰਘ ਸੋਧੀ (1996 ਸਫਾ 206; 410): ਅੰਮ੍ਰਿਤ ਰਸ, ਦਮਦਮੀ ਟਕਸਾਲ (ਬਾਬਾ ਠਾਕਰ ਸਿੰਘ), ਗੁ: ਗੁਰਦਰਸ਼ਨ ਪ੍ਰਕਾਸ਼, ਮਹਿਤਾ

34 ਗਿ: ਮੋਹਨ ਸਿੰਘ (1981 ਸਫਾ 255–256-ਅ): ਗੁਰਬਾਣੀ ਪਾਠ ਦਰਸ਼ਣ, ਭਾਈ ਮਿਹਰ ਸਿੰਘ ਐਂਡ ਸੰਜ਼, ਅੰਮ੍ਰਿਤਸਰ

35 ਜਸਬੀਰ ਸਿੰਘ ਆਹਲੂਵਾਲੀਆ (1976, ਸਫਾ 50), ਓਹੀ

36 ਡਾ. ਜਸਬੀਰ ਸਿੰਘ ਆਹਲੂਵਾਲੀਆ (1999: 132) : ਸਿੱਖ ਚਿੰਤਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।

37 ਗੁਰਬਖ਼ਸ਼ ਸਿੰਘ ‘ਕਾਲਾ ਅਫਗਾਨਾ’ (1999 ਸਫਾ 27): ਸੱਚ ਦਾ ਮਾਰਗ, ਜਿਲਦ ਦੂਜੀ, ਸ੍ਰੀ ਅਕਾਲ ਸਹਾਇ ਸੁਸਾਇਟੀ, ਅੰ੍ਰਿਮਤਸਰ

38 ਗੁਰਬਾਣੀ ਪਾਠ ਦਰਸ਼ਣ (1981, ਸਫਾ 124), ਓਹੀ

39 ਜਸਬੀਰ ਸਿੰਘ ਆਹਲੂਵਾਲੀਆ 1976; ਸਫਾ 50; 53), ਓਹੀ।

40 ਇੰਦਰਜੀਤ ਸਿੰਘ ਵਾਸੂ (1998, ਸਫਾ 178): ਜਬ ਲਗ ਖ਼ਾਲਸਾ ਰਹੇ ਨਿਆਰਾ, ਵਾਸੂ ਪ੍ਰਕਾਸ਼ਨ, ਫਗਵਾੜਾ

41 ਇੰਦਰਜੀਤ ਸਿੰਘ ਵਾਸੂ (1998: 50; 190) : ਜਬ ਲਗ ਖ਼ਾਲਸਾ ਰਹੇ ਨਿਆਰਾ, ਓਹੀ

42 ਜ. ਸ. ਆਹਲੂਵਾਲੀਆ (1976, ਸਫਾ 27), ਓਹੀ

43 ਜ. ਸ. ਆਹਲੂਵਾਲੀਆ 1976 ਸਫਾ 45, ਓਹੀ

44 ਪ੍ਰੋ: ਹ. ਸ. ਮਹਿਬੂਬ (1988, ਸਫਾ 1036): ਸਹਿਜੇ ਰਚਿਓ ਖ਼ਾਲਸਾ (ਦੇਖੋ: ਸ਼ਮਸ਼ੇਰ ਸਿੰਘ ‘ਅਸ਼ੋਕ’ ਜੀ ਦੇ ਲਫਜ਼)

45 ਡਾ: ਦਿਲਗੀਰ ਦੇ ਵਿਚਾਰ ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ, (ਸਫਾ XXV)

46 ਪ੍ਰੋ: ਹ. ਸ. ਮਹਿਬੂਬ (1988, ਸਫਾ 1090-91)

47 ਪ੍ਰੋ: ਗੁਰਤੇਜ ਸਿੰਘ (ਸਤੰਬਰ 2007): ਅਕਾਲ ਸਹਾਇ ਵੈੱਬ, ਚੰਡੀਗੜ੍ਹ; ਭੂਮਿਕਾ

48 Dr. Baldev Singh (2008, p. 1): Bachitter Natak, The Strange Drama, www.gobalsikhstudies

49 ਪ੍ਰੋ: ਗੁਰਤੇਜ ਸਿੰਘ (ਸਤੰਬਰ, 2007, ਓਹੀ)

50 ਪ੍ਰੋ: ਹ. ਸ. ਮਹਿਬੂਬ (1988, ਸਫਾ 698-9), ਸਹਿਜੇ ਰਚਿਓ ਖ਼ਾਲਸਾ

51 ਪ੍ਰੋ: ਹ. ਸ. ਮਹਿਬੂਬ (1999, ਸਫਾ 20): ਇਲਾਹੀ ਨਦਰ ਦੇ ਪੈਂਡੇ, ਭਾਗ ਪਹਿਲਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ

52 ਪ੍ਰੋ: ਹ. ਸ. ਸਿੰਘ ਮਹਿਬੂਬ (1988, ਸਫਾ 699), ਓਹੀ

53 ਪ੍ਰੋ: ਹ. ਸ. ਮਹਿਬੂਬ (1988; ਸਫਾ 688), ਓਹੀ

54 ਪ੍ਰੋ: ਮਹਿਬੂਬ (2000); ਸਫਾ 659), ਓਹੀ

55 ਕਾਲਾ ਅਫਗਾਨਾ (1999, ਸਫਾ 311: ਸੱਚ ਦਾ ਮਾਰਗ, ਭਾਗ ਪੰਜਵਾਂ, ਓਹੀ

56 ਪ੍ਰੋ: ਮਹਿਬੂਬ (1999), ਸਫਾ 31-32), ਓਹੀ

57 ਆਹਲੂਵਾਲੀਆ (1976, ਸਫਾ 23, 24, 27, 46, 82), ਓਹੀ

58 ਡਾ: ਇੰਦਰਜੀਤ ਸਿੰਘ ਵਾਸੂ (1998, ਸਫਾ 188), ਓਹੀ

59 ਭਾਸ਼ਾ ਵਿਭਾਗ (1988 ਸਫਾ 49): ਭਾ: ਵੀਰ ਸਿੰਘ ਰਚਨਾਵਲੀ, ਜਿਲਦ ਪਹਿਲੀ

“ਮਿਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾਂ ਉਗਿਆ।

ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ।” - ਭਾਈ ਵੀਰ ਸਿੰਘ

60 ਪ੍ਰੋ: ਹ. ਸ. ਮਹਿਬੂਬ (1999 ਸਫਾ 19-24): ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

61 ਕਾਲਾ ਅਫਗਾਨਾ (1999, ਸਫਾ 144-5; 308 – 314): ਸੱਚ ਦਾ ਮਾਰਗ, ਪੰਜਵਾਂ ਭਾਗ; ਓਹੀ

62 ਕਾਲਾ ਅਫਗਾਨਾ (1998 ਸਫਾ 289): ਸੱਚ ਦਾ ਮਾਰਗ, ਭਾਗ ਚੌਥਾ, ਓਹੀ

63 ਜ. ਸ. ਆਹਲੂਵਾਲੀਆ (1976 ਸਫਾ 46), ਓਹੀ

64 ਅਣਜਾਤਾ ਕਵੀ; ਦੇਖੋ ਪ੍ਰੋ: ਮਹਿਬੂਬ (1988, ਸਫਾ 1199) ਸਹਿਜੇ ਰਚਿਓ ਖ਼ਾਲਸਾ, ਓਹੀ

65 ਗ. ਸ. ਕਾਲਾ ਅਫਗਾਨਾ (1998 ਸਫਾ 307 – 313): ਭਾਗ ਪੰਜਵਾਂ

66 ਪ੍ਰੋ: ਹ. ਸ. ਮਹਿਬੂਬ (1988, ਸਫਾ 1199), ਓਹੀ

67 ਪ੍ਰੋ; ਹ. ਸ. ਮਹਿਬੂਬ (1988, ਸਫਾ 1039), ਓਹੀ

68 ਪ੍ਰੋ: ਹ. ਸ. ਮਹਿਬੂਬ (1988, ਸਫਾ 1045), ਓਹੀ

69 ਪ੍ਰੋ: ਹ. ਸ. ਮਹਿਬੂਬ, (1988, ਸਫਾ 1199, ਓਹੀ; ਦੇਖੋ: ਅਣਜਾਤਾ ਕਵੀ)

70 ਡਾ: ਇੰਦਰਜੀਤ ਸਿੰਘ ਵਾਸੂ (1998, ਸਫਾ 181), ਓਹੀ

71 ਭਾਈ ਕਾਨ੍ਹ ਸਿੰਘ ਨਾਭਾ (1979, ਸਫਾ 5 98-9) ਗੁਰਮਤ ਮਾਰਤੰਡ, ਭਾਗ ਦੂਜਾ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ

72 ਕਪੂਰ ਸਿੰਘ, ਸਿਰਦਾਰ (1982; ਸਫਾ 160-1; 164-5; 170-1): ਸਾਚੀ ਸਾਖੀ, ਬਬਰ ਖ਼ਾਲਸਾ, ਵੈਨਕੂਵਰ

73 ਪ੍ਰੋ. ੍ਹ. ਸ. ਮਹਿਬੂਬ (1988: 1076-1097): ਸਹਿਜੇ ਰਚਿਓ ਖ਼ਾਲਸਾ, ਓਹੀ

74 ਕਪੂਰ ਸਿੰਘ, ਸਿਰਦਾਰ (1982, ਸਫਾ 173-4): ਸਾਚੀ ਸਾਖੀ, ਓਹੀ

ਫੁੱਟਨੋਟ: ਬਲਦੇਵ ਸਿੰਘ ਨੇ ਖ਼ਾਲਸਾ ਕੌਮ ਦੇ ਲੀਡਰ ਗਿ: ਕਰਤਾਰ ਸਿੰਘ ਨੂੰ ਇੱਕ ਲਖ ਰੁਪਏ ਤੇ ਮਾਸਟਰ ਤਾਰਾ ਸਿੰਘ ਨੂੰ ਪੰਜ ਲੱਖ ਰੁਪਏ ਵਿੱਚ ਖ੍ਰੀਦ ਲਿਆ ਸੀ ਕਿਉਂਕਿ ਸਿੱਖ ਲਡਿਰਸ਼ਿਪ ਸਦਾ ਵਿਕਾਊ ਰਹੀ ਹੈ। ਆਪ ਵਿਕ ਕੇ ਆਪਣੀ ਕੌਮ ਨੂੰ ਵੀ ਵੇਚਦੀ ਆਈ ਹੈ। “ਸਿਖ ਸਿਆਸਤ ਦੀ ਬਦਬਖ਼ਤੀ ਰਹੀ ਹੈ ਕਿ ਇਹ ਕਿਸੇ ਨਾ ਕਿਸੇ ਸਨਮੁਖ ਵਿਕਦੀ ਆਈ ਹੈ”। - ਰਜਿੰਦਰ ਸਿੰਘ, ਕੌਮੀ ਏਕਤਾ, 21 ਜੂਨ, 1976 ਦੇ ਪਰਚੇ ਵਿਚ।

75 ਪ੍ਰੋ: ਹ. ਸ. ਮਹਿਬੂਬ (2006 ਸਫਾ 25-6): ‘ਝਨਾਂ ਦੀ ਰਾਤ’ : ਸਿੰਘ ਬ੍ਰਦਰਜ਼, ਅੰਮ੍ਰਿਤਸਰ

ਸਾਰਾ ਆਲਮ ਘੁੱਘ ਵਸਦਾ ਪੰਜਾਬ ਉਜੜ ਗਿਆ ਲੋਕੋ।

ਸੱਸੀਆਂ ਬੇਖ਼ਬਰਾਂ ਦਾ ਰੰਗਲਾ ਖ਼ਾਬ ਉਜੜ ਗਿਆ ਲੋਕੋ।

ਅਸੀਂ ਮੰਗਤਿਆਂ ਵਾਂਗੂੰ ਰੁਲ਼ ਗਏ ਬੰਨ੍ਹ ਸ਼ਹੀਦੀ ਗਾਨੇ।

ਦਿੱਲੀ ਦਾ ਹਰ ਚੌਕ ਮਿਰੀ ਬਰਬਾਦ ਕਹਾਣੀ ਜਾਣੇ।

76 ਅਜਮੇਰ ਸਿੰਘ (2009: 159-60): 1984

(ਨੋਟ:- ਅਕਾਲ ਤਖਤ ਦੀ ਜੰਗ ਤੋਂ ਪਹਿਲਾਂ ਆਮ ਸਿੱਖਾਂ ਚ ਅਸਪਸ਼ਟਤਾ ਕਿ ਉਨ੍ਹਾਂ ਦਾ ਦੁਸ਼ਮਣ ਕੌਣ ਹੈ ਤੇ

ਕਿਉਂ ਹੈ? ਜਿਵੇਂ (ੳ) 100 ਸਾਲ ਪਹਿਲਾਂ ਸਿਖਾਂ ਨੂੰ ਆਪਣੀ ਪਛਾਣ ਤੇ ਚਿੰਤਨ ਵਾਰੇ ਅਸਪਸ਼ਟਤਾ ਸੀ; ਦੇਖੋ: ਆਹਲੂਵਾਲੀਆ (1976, ਸਫਾ 114);

(ਅ) ਜਿਵੇਂ, ਕੁੱਝ ਸਿੱਖਾਂ ਤੇ ਕੁੱਝ ਜਥੇਬੰਦੀਆਂ ਨੂੰ ਦਸਮ ਗ੍ਰੰਥ ਵਾਰੇ ਅਜ ਕਲ੍ਹ ਵੀ ਅਸਪਸ਼ਟਤਾ ਹੈ (ਦੇਖੋ: ‘ਓੜਕਿ ਸਚਿ ਰਹੀ’ ਹਵਾਲਾ ਨੰ. 2 (ਉਪਰੋਕਤ))।

77 ਕਪੂਰ ਸਿੰਘ; ਸਾਚੀ ਸਾਖੀ (1982; ਸਫਾ 160-1)

78 ਆਹਲੂਵਾਲੀਆ, ਜਸਬੀਰ ਸਿੰਘ (1976: 46, 62 ਸਿੱਖਾਂ ਦੀ ਛੁਪੀ ਹੋਈ ਭਾਵਨਾ ਕਿ ਸਿਖਾਂ ਦੇ ਸਭ ਗ੍ਰੰਥ ਸ਼ਾਸਤਰਾਂ ਸਿਮ੍ਰਿਤੀਆਂ ਦੇ ਅਨੁਕੂਲ ਹਨ)

79 ਡਾ. ਬਲਵੀਰ ਸਿੰਘ (1972, ਸਫਾ 8; ਜ. ਸ. ਆਹਲੂਵਾਲੀਆ (1976 ਸਫਾ 46; 62; 113-4 ਓਹੀ)

80 ਪ੍ਰੋ. ੍ਹ. ਸ. ਮਹਿਬੂਬ (1988: 1090-1094; 788-9) : ਸਹਿਜੇ ਰਚਿਓ ਖ਼ਾਲਸਾ।

81 ਡਾ: ਬਲਵੀਰ ਸਿੰਘ (1969, ਸਫਾ IV-VI): ਦਸਮ ਗ੍ਰੰਥ ਤੁਕ ਤਤਕਰਾ, ਕ੍ਰਿਤ: ਭਗਵੰਤ ਸਿੰਘ ‘ਹਰੀ ਜੀ’, ਪੰਜਾਬੀ ਯੂਨੀਵਰਸਿਟੀ, ਪਟਿਆਲਾ

82 ਡਾ. ਜਸਬੀਰ ਸਿੰਘ ਆਹਲੂਵਾਲੀਆ (1999: 89) : ਸਿਖ ਚਿੰਤਨ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ

83 ਡਾ: ਗੁਰਦਰਸ਼ਨ ਸਿੰਘ (2000:100): Abstracts of Sikh Studies Vol 2 Issue 1, (Jan- Mar 2000), IOSS Chandigarh..

84 ਡਾ: ਜ. ਸ. ਆਹਲੂਵਾਲੀਆ (1976, ਸਫਾ 59; 64; 77; 116-117), ਓਹੀ

85 ਡਾ: ਗੁਰਭਗਤ ਸਿੰਘ, (1999, ਸਫਾ 113-142; 168-200), ਓਹੀ

86 ਡਾ: ਗੋਪਾਲ ਸਿੰਘ (1979 ਸਫਾ 264-278): A History of the Sikh People

87 ਸੰਤ ਹਰਨਾਮ ਸਿੰਘ, ਪ੍ਰਕਾਸ਼ਕ (1981 ਸਫਾ 210-212): ਗੁਰਮਤ ਦੇ ਪਾਂਧੀ, ਗੁਰਦੁਆਰਾ ਰਾਮ ਪੁਰ ਖੇੜਾ, ਜ਼ਿਲ੍ਹਾ ਹੋਸ਼ਿਆਰ ਪੁਰ, ਪੰਜਾਬ

88 ਪ੍ਰੋ: ਹ. ਸ. ਮਹਿਬੂਬ (1999, ਸਫਾ 30-1): ਇਲਾਹੀ ਨਦਰ ਦੇ ਪੈਂਡੇ, ਭਾਗ ਪਹਿਲਾ

89 ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ (ਸਫਾ XXVII –XXXII) (ਡਾ: ਕੁਲਵਿੰਦਰ ਸਿੰਘ ਬਾਜਵਾ (2007) ਦੇ ਵਿਚਾਰ)

90 ਭਾਈ ਵੀਰ ਸਿੰਘ (1993, ਸਫਾ 4869-5027): ਸੰਪਾਦਿਤ, ਸ਼੍ਰੀ ਗੁ: ਪ੍ਰ: ਸੂ: ਗ੍ਰੰਥ, ਜਿਲਦ 12ਵੀਂ, ਭਾਸ਼ਾ ਵਿਭਾਗ, ਪੰਜਾਬ

91 ਡਾ: ੲ. ਸ. ਵਾਸੂ (1998, ਸਫਾ 70; 80; 130), ਓਹੀ

92 ਦਸਮ ਗ੍ਰੰਥ (1967: 262, 264-265, 266, 268, 269, 271, 278, 356-7, 392, 503, 523, 539, 570, 601)

ਜਵਾਹਰ ਸਿੰਘ, ਕ੍ਰਿਪਾਲ ਸਿੰਘ। (ਇਹ ਸਾਰੇ ਕ੍ਰਿਸਨ ਜਾਂ ਅਵਤਾਰਾਂ ਦੇ ‘ਬਚਿੱਤਰ ਨਾਟਕ’ ਹਨ)।

93 ਪ੍ਰੋ: ਹ. ਸ. ਮਹਿਬੂਬ 2008, ਸਫਾ 1; The Dasam Granth:The Question of Authenticity; ਗਲੋਬਲ ਸਿੱਖ ਸਟੱਡੀਜ਼ ਵੈੱਬ

94 ਪ੍ਰੋ: ਹ. ਸ. ਮਹਿਬੂਬ (1988), ਸਫਾ 788; 1092), ਓਹੀ

95 ਭਾਈ ਵੀਰ ਸਿੰਘ (1992: 92) : ਪੰਜ ਗ੍ਰੰਥੀ ਸਟੀਕ, ਖਾਲਸਾ ਸਮਾਚਾਰ

96 ਭਾਈ ਵੀਰ ਸਿੰਘ (1993, ਸਫਾ 4978): ਸ਼੍ਰੀ ਗੁ: ਪ੍ਰ: ਸੂ: ਗ੍ਰੰ (12ਵੀਂ ਜਿਲਦ), ਓਹੀ

97 ਭਾਈ ਵੀਰ ਸਿੰਘ (1993, ਸਫਾ 4979): ਸ਼੍ਰੀ ਗੁ: ਪ੍ਰ: ਸੂ: ਗ੍ਰੰ (12ਵੀਂ ਜਿਲਦ), ਓਹੀ

98 ਭਾਈ ਵੀਰ ਸਿੰਘ (1992, ਸਫਾ 92): ਪੰਜ ਗ੍ਰੰਥੀ ਸਟੀਕ, ਓਹੀ

99 ਪ੍ਰੋ: ਹ. ਸ. ਮਹਿਬੂਬ (1988, ਸਫਾ 734 -735): ਸਹਿਜੇ ਰਚਿਓ ਖ਼ਾਲਸਾ, ਓਹੀ

100 ਭਾਈ ਕਾਨ੍ਹ ਸਿੰਘ ਨਾਭਾ (1979, ਸਫਾ 598-99): ਗੁਰਮਤ ਮਾਰਤੰਡ; ਭਾਗ ਦੂਜਾ, ਓਹੀ

101 ਦਸਮ ਗ੍ਰੰਥ (1979, ਸਫਾ 507), ਜਵਾਹਰ ਸਿੰਘ ਕਿਰਪਾਲ ਸਿੰਘ

102 ਸੰਪਾਦਕ, ਭਾਈ ਰਣਧੀਰ ਸਿੰਘ (1997), ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਦੂਜੀ; ਸਫਾ 507 – 508॥

(ਭਾਈ ਰਣਧੀਰ ਸਿੰਘ ਜੀ ਇਸ ਅਧਿਆਇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੌਲਿਕ ਰਚਨਾ, ਅਤੇ ਜੁੱਧ ਦੇ ਚਾਉ ਨਾਲ ਰਚੀ ਮੰਨਦਾ ਹੈ, ਕਿਉਂਕਿ ਇਹ ‘ਭਗਵਤ’ ਦੇ ਦਸਮ ਸਕੰਧ `ਚ ਨਹੀਂ ਹੈ। ਅਗਾਂਹ ਲਿਖਿਆ ਹੈ ਕਿ ਇਹ ਸਤੋਤ੍ਰ ਸਾਰੇ ਲਿਖਤੀ ਸੰਚੀਆਂ ਵਿੱਚ ਹੈ)।

103 ਦਸਮ ਗ੍ਰੰਥ (1979, ਸਫਾ 127), ਓਹੀ

104 ਪ੍ਰੋ: ਹ. ਸ. ਮਹਿਬੂਬ (1999 ਸਫਾ 31): ‘ਇਲਾਹੀ ਨਦਰ ਦੇ ਪੈਂਡੇ’ ਭਾਗ ਪਹਿਲਾ

105 ਪ੍ਰੋ: ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ (1969): ਚੰਡੀ ਦੀ ਵਾਰ, ਲਾਹੌਰ ਬੁਕ ਸ਼ਾਪ, ਲੁਧਿਆਣਾ

106 ਪ੍ਰੋ: ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ (1969, ਸਫਾ 13; 36-7): ਚੰਡੀ ਦੀ ਵਾਰ, ਲਾਹੌਰ ਬੁਕ ਸ਼ਾਪ, ਲੁਧਿਆਣਾ

107 ਡਾ: ਕਾਲਾ ਸਿੰਘ ਬੇਦੀ (1978, ਸਫਾ 6-9; 75): ਵਾਰ ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ), ਪੰਜਾਬੀ ਬੁਕ ਸਟੋਰ, ਦਿੱਲੀ

108 ਡਾ: ਜੋਧ ਸਿੰਘ (1983, ਸਫਾ 21-22): ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, (ਹਿੰਦੀ) ਸੈਂਚੀ ਪਹਿਲੀ, ਭੁਵਨ ਵਾਣੀ ਟਰੱਸਟ, ਲਖਨਊ

110 Dr. Gurbhagat Singh (1999, p. 145): Sikhism and Postmodern Thought, Ajanta Books International, 1-UB Jawahar Nagar Delhi.

111 ਸੁਰਜੀਤ ਸਿੰਘ ਸੰਧੂ, ਸਫਾ (1-4) http://www.sikhmag.com/2007/0729-kaumi-geet.html)

112 ਪ੍ਰੋ: ਹ. ਸ. ਮਹਿਬੂਬ (1988, ਸਫਾ 759), ਓਹੀ

113 ਪ੍ਰੋ: ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ (1969: 6), ਓਹੀ

114 ਡਾ. ਗੁਰਮੁਖ ਸਿੰਘ (2007: 90): ਰਾਜ ਕਰੇਗਾ ਖ਼ਾਲਸਾ; (2) ਜਸਬਿੰਦਰ ਸਿੰਘ ਖ਼ਾਲਸਾ (2006: XI): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

115 ਡਾ. ਜਸਬੀਰ ਸਿੰਘ ਆਹਲੂਵਾਲੀਆ (1976: 30-4) : ਰਘਬੀਰ ਰਚਨਾ ਪ੍ਰਕਾਸ਼ਨ, ਅੰਮ੍ਰਿਤਸਰ

116 ਭਾਈ ਕਾਨ੍ਹ ਸਿੰਘ ਨਾਭਾ (1979: 830), ਗੁਰਮਤ ਮਾਰਤੰਡ, ਭਾਗ ਦੂਜਾ, ਓਹੀ

117 ਪ੍ਰੋ: ਹ. ਸ. ਮਹਿਬੂਬ (1988 ਸਫਾ XI), ਓਹੀ

118 ਡਾ: ਜਸਬੀਰ ਸਿੰਘ ਆਹਲੂਵਾਲੀਆ (1976 ਸਫਾ 40), ਓਹੀ

119 ਡਾ: ਬਲਦੇਵ ਸਿੰਘ 2008, ਸਫਾ 6; ਗਲੋਬਲ ਸਿਖ ਸਟੱਡੀਜ਼ ਵੈੱਬ

120 ਡਾ: ਜਸਬੀਰ ਸਿੰਘ ਆਹਲੁਵਾਲੀਆ (1976, ਸਫਾ 40-41), ਓਹੀ

121 ਡਾ: ਜਸਬੀਰ ਸਿੰਘ ਆਹਲੂਵਾਲੀਆ (1976 ਸਫਾ 40-42) ਓਹੀ

122 ਸ੍ਰੀ ਗੁ. ਗ੍ਰੰਥ ਸਾਹਿਬ ਜੀ (ਪੰਨਾ 657)

123 ਸ੍ਰੀ ਗੁ. ਗ੍ਰੰਥ ਸਾਹਿਬ ਜੀ, (ਪੰਨਾ 1, 1045)

124 ਡਾ: ਜਸਬੀਰ ਸਿੰਘ ਆਹਲੂਵਾਲੀਆ (1976 ਸਫਾ 30-1; 44-6), ਓਹੀ

125 ਪ੍ਰੋ: ਹ. ਸ. ਮਹਿਬੂਬ (1988 ਸਫਾ 695)

126 ਪ੍ਰੋ: ਹ. ਸ. ਮਹਿਬੂਬ (1988 ਸਫਾ 788), ਓਹੀ

127 ਪ੍ਰੋ: ਹ. ਸ. ਮਹਿਬੂਬ (1988 ਸਫਾ 788-9), ਓਹੀ

128 Dr. J. S. Ahluwalia (1983: 61-71): The Sovereignty of the Sikh Doctrine, Bahri Publishers, New Delhi.

129 ਦਸਮ ਗ੍ਰੰਥ, ਸਫਾ 119, ਓਹੀ

130 ਦਸਮ ਗ੍ਰੰਥ (ਸਫਾ 127), ਓਹੀ

131 ਦਸਮ ਗ੍ਰੰਥ (ਸਫਾ 1207): ‘ਸ੍ਰੀ ਕਾਲ’ ਦਾ ਅਰਥ ‘ਪਰਮੇਸ਼ਰ’ (ਨੰ: 5) ਅਤੇ ਸਫਾ 1210 ਉਪਰ ‘ਮਹਾਂਕਾਲ’ ਦਾ ‘ਅਕਾਲ ਪੁਰਖ’ (ਨੰ: 8)

132 ਜਸਬਿੰਦਰ ਸਿੰਘ ਖ਼ਾਲਸਾ (2006: 257) ਦਸਮ ਗ੍ਰੰਥ (ਸਫਾ 1382), ਓਹੀ

133 ਜਸਬਿੰਦਰ ਸਿੰਘ ਖ਼ਾਲਸਾ (2007, ਸਫਾ 248 -265): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

134 ਪ੍ਰੋ: ਗੁਰਤੇਜ ਸਿੰਘ (09/04/2008) ਲੇਖ 229 – ‘ਬਚਿਤ੍ਰ ਨਾਟਕ ਦਾ ਰੱਬ’ ਸਿੰਘ ਸਭਾ ਕੇਨੇਡਾ ਵੈੱਬ

135 ਪ੍ਰੋ: ਹ. ਸ. ਮਹਿਬੂਬ (1988, ਸਫਾ 734-5), ਓਹੀ

136 ਦਸਮ ਗ੍ਰੰਥ; ਸਫਾ 79, ਓਹੀ

137 ਪ੍ਰੋ: ਹ. ਸ. ਮਹਿਬੂਬ (2004, ਸਫਾ 659), ਓਹੀ

138 ਪ੍ਰੋ: ਹ. ਸ. ਮਹਿਬੂਬ (1988), ਸਫਾ 1092), ਓਹੀ

139 ਪ੍ਰੋ: ਹ. ਸ. ਮਹਿਬੂਬ (1999, ਸਫਾ 30-1): ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

140 ਪ੍ਰੋ: ਹ. ਸ. ਮਹਿਬੂਬ (2004, ਸਫਾ 659), ਓਹੀ

141 ਜ਼ੋਹਰਾ ਮੁਅਈਨ (1983, ਸਫਾ 103): ਅਰਫਾਨੇ-ਇਕਬਾਲ (ਉਰਦੂ); ਉਰਦੂ ਅਕੈਡਮੀ ਸਿੰਧ, ਕਰਾਚੀ, ਪਾਕਿਸਤਾਨ

142 ਜਸਬਿੰਦਰ ਸਿੰਘ ਖ਼ਾਲਸਾ (2007, ਸਫਾ 2) : ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

143 ਜਸਬਿੰਦਰ ਸਿੰਘ ਖ਼ਾਲਸਾ (2006, ਸਫਾ 256), ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ

144 ਡਾ: ਇੰਦਰਜੀਤ ਸਿੰਘ ਵਾਸੂ (1998; ਸਫਾ 69), ਓਹੀ

145 ਪ੍ਰੋ: ਹ. ਸ. ਮਹਿਬੂਬ (2008, ਸਫਾ 13): Dasam Granth: The Question of Authenticity, www.globalsikhstudies.com

Dr. Gurbhagat Singh’s postulating terms like the “religio-martial texts” of the Dasam Granth, his “notion of battle” as a cultural weapon to transform and restore the needed vitality along with the “talic semiotic” as envisioned by him has been robustly refuted by Prof: Mehboob simply on the grounds that “the supreme purpose of the Dasam Granth remains to highlight the Brahmanical Guru-status of gods and goddesses”. (p. 13)

146 ਪ੍ਰੋ: ਗੁਰਤੇਜ ਸਿੰਘ (09/04/2008), ਲੇਖ 229, ਓਹੀ

147 ਜਸਬਿੰਦਰ ਸਿੰਘ ਖ਼ਾਲਸਾ (2007, ਸਫਾ 251), ਓਹੀ

148 ਭਾਈ ਕਾਨ੍ਹ ਸਿੰਘ ਨਾਭਾ (1979, ਸਫਾ 570): ਗੁਰਮਤ ਮਾਰਤੰਡ, ਭਾਗ ਦੂਜਾ

- ਅਮਰੀਕ ਸਿੰਘਧੌਲ
.