.

ਜਸਬੀਰ ਸਿੰਘ ਵੈਨਕੂਵਰ

ਤਖਤੈ ਰਾਜਾ ਸੁ ਬਹੈ ਜਿ ਤਖਤੈ ਲਾਇਕ ਹੋਈ

ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਜਿੱਥੇ ਬਾਣੀਕਾਰਾਂ ਨੇ ਪ੍ਰਚਲਤ ਧਾਰਨਾਵਾਂ ਅਤੇ ਅਨਮਤੀ ਸ਼ਬਦਾਵਲੀ ਦਾ ਵਰਣਨ ਕੀਤਾ ਹੈ, ਉੱਥੇ ਅਖਾਣਾਂ/ ਲੋਕੋਕਤੀਆਂ ਅਤੇ ਮੁਹਾਵਰਿਆਂ ਦੀ ਵੀ ਭਰਪੂਰ ਵਰਤੋਂ ਕੀਤੀ ਹੈ। ਉਦਾਹਰਨ ਵਜੋਂ ਜਿਵੇਂ: ‘ਕਉੜਾ ਕੋਇ ਨ ਮਾਂਗੈ ਮਿਠਾ ਸਭਿ ਮਾਂਗੈ’ ; ‘ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ’ ; ‘ਜਬ ਨਾਚੀ ਤਬ ਘੂਘਟੁ ਕੈਸਾ’ ਆਦਿ ਫ਼ਰਮਾਨਾਂ ਵਿੱਚ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਇਹਨਾਂ ਮੁਹਾਵਰਿਆਂ ਅਤੇ ਲੋਕੋਕਤੀਆਂ ਦੀ ਵਰਤੋਂ ਕੀਤੀ ਹੋਈ ਹੈ। ਗੁਰਬਾਣੀ ਦੇ ਕਈ ਅਜਿਹੇ ਫ਼ਰਮਾਨ ਵੀ ਹਨ ਜਿਨ੍ਹਾਂ ਨੂੰ ਅਖਾਣਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਜਿਵੇਂ: ‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’। ਪਰ ਗੁਰਬਾਣੀ ਦੇ ਕੁੱਝ ਕੁ ਅਜਿਹੇ ਫ਼ਰਮਾਨਾਂ ਨੂੰ ਵੀ ਅਖਾਣਾਂ ਵਜੋਂ ਵਰਤ ਲਿਆ ਜਾਂਦਾ ਹੈ ਜਿਹੜੇ ਅਖਾਣ ਨਹੀਂ ਬਲਕਿ ਗੁਰਬਾਣੀ ਦਾ ਸੱਚ ਹਨ; ਜਿਵੇਂ ‘ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ’ ; ਬਹੁਤਾ ਬੋਲਣੁ ਝਖਣੁ ਹੋਇ ਜਾਂ ‘ਵਖਤੁ ਵੀਚਾਰੇ ਸੁ ਬੰਦਾ ਹੋਇ’ ਆਦਿ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਇਹਨਾਂ ਫ਼ਰਮਾਨਾਂ ਦੇ ਭਾਵ ਨਾਲ ਮਿਲਦੇ-ਜੁਲਦੇ ਕਈ ਅਖਾਣ ਪ੍ਰਚਲਤ ਹਨ ਪਰੰਤੂ ਗੁਰਬਾਣੀ ਦੇ ਅਜਿਹੇ ਫ਼ਰਮਾਨਾਂ ਵਿੱਚ ਸਾਧਾਰਨ ਨੀਤੀ ਜਾਂ ਨੈਤਿਕਤਾ ਦਾ ਵਰਣਨ ਨਹੀਂ ਬਲਕਿ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਗਿਆ ਹੈ। ਗੁਰਬਾਣੀ ਦੇ ਇਸ ਤਰ੍ਹਾਂ ਦੇ ਫ਼ਰਮਾਨਾਂ ਵਿੱਚੋਂ ਹੀ, ਜਿਨ੍ਹਾਂ ਨੂੰ ਅਖਾਣਾਂ ਵਜੋਂ ਵਰਤਿਆ ਜਾਂਦਾ ਹੈ ਪਰ ਅਖਾਣ ਨਹੀਂ ਹਨ, ਗੁਰਬਾਣੀ ਦਾ ਨਿਮਨ ਲਿਖਤ ਫ਼ਰਮਾਨ ਵੀ ਹੈ: ‘ਤਖਤੈ ਰਾਜਾ ਸੁ ਬਹੈ ਜਿ ਤਖਤੈ ਲਾਇਕ ਹੋਈ’।
ਗੁਰਬਾਣੀ ਦੇ ਇਸ ਫ਼ਰਮਾਨ ਵਿੱਚ ਕਿਹੜੇ ਤਖ਼ਤ `ਤੇ ਬੈਠਣ ਦੀ ਗੱਲ ਕੀਤੀ ਗਈ ਹੈ ਅਤੇ ਇਸ ਤਖ਼ਤ ਉੱਤੇ ਬੈਠਣ ਲਈ ਕਿਹੜੀ ਯੋਗਤਾ ਚਾਹੀਦਾ ਹੈ, ਇਸ ਦੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਆਮ ਤੌਰ `ਤੇ ਇਸ ਪੰਗਤੀ ਦਾ ਜੋ ਭਾਵ ਲਿਆ ਜਾਂਦਾ ਹੈ, ਉਸ ਦਾ ਵਰਣਨ ਕਰ ਰਹੇ ਹਾਂ। ਗੁਰਬਾਣੀ ਦੇ ਇਸ ਫ਼ਰਮਾਨ ਦਾ ਆਮ ਤੌਰ `ਤੇ ਇਹ ਭਾਵ ਲਿਆ ਜਾਂਦਾ ਹੈ ਕਿ ਤਖ਼ਤ ਉੱਤੇ ਉਹੀ ਵਿਅਕਤੀ ਬੈਠਦਾ ਹੈ ਜੋ ਸੱਚ-ਮੁੱਚ ਇਸ ਤਖ਼ਤ `ਤੇ ਬੈਠਣ ਦੇ ਲਾਇਕ ਹੁੰਦਾ ਹੈ। ਜੇਕਰ ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ’ ਦਾ ਇਹੀ ਭਾਵ ਹੈ ਤਾਂ ਜ਼ਿੰਮੇਵਾਰ ਪਦਵੀਆਂ `ਤੇ ਯੋਗ ਵਿਅਕਤੀ ਹੀ ਬੈਠੇ ਦਿਖਾਈ ਦੇਣ। ਗੁਰਬਾਣੀ ਦੀ ਜੀਵਨ-ਜੁਗਤ ਦੇ ਕਿਸੇ ਵੀ ਅੰਸ਼ ਦਾ ਅਜਿਹਾ ਸੱਚ ਨਹੀਂ ਹੈ, ਜਿਹੜਾ ਨਾ ਤਾਂ ਉਸ ਸਮੇਂ ਸੱਚ ਸੀ ਅਤੇ ਨਾ ਹੀ ਵਰਤਮਾਨ ਵਿੱਚ ਸੱਚ ਹੈ ਪਰੰਤੂ ਜਿਸ ਦੇ ਕੇਵਲ ਭਵਿੱਖ ਵਿੱਚ ਹੀ ਸੱਚੇ ਹੋਣ ਦੀ ਸੰਭਾਵਨਾ ਹੈ। ਇਸ ਗੱਲ ਨੂੰ ਹਮੇਸ਼ਾਂ ਹੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਗੁਰਬਾਣੀ ਦਾ ਸੱਚ ਸਦੈਵੀ ਹੈ; ਗੁਰਬਾਣੀ ਦੀ ਜੀਵਨ-ਜੁਗਤ ਦਾ ਸੱਚ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਅਤੇ ਭਵਿੱਖ ਵਿੱਚ ਵੀ ਸੱਚ ਹੀ ਰਹੇਗਾ। ਇਸ ਦਾ ਸੱਚ ਕਿਸੇ ਸਮੇਂ ਜਾਂ ਸਥਾਨ ਤੀਕ ਹੀ ਸੀਮਤ ਨਹੀਂ ਹੈ; ਇਸ ਦਾ ਸੱਚ ਤਾਂ ਵਿਸ਼ਵ-ਵਿਆਪੀ ਅਤੇ ਸਦੀਵੀ ਹੈ।
(ਨੋਟ: ਇਹ ਠੀਕ ਹੈ ਕਿ ਕਈ ਮੁਹਾਵਰਿਆਂ ਅਤੇ ਅਖਾਣਾਂ ਵਿੱਚ ਕਥਨ ਕੀਤੀ ਸਚਾਈ ਵੀ ਸਮੇਂ ਅਤੇ ਸਥਾਨ ਦੀਆਂ ਹੱਦਾਂ ਨੂੰ ਪਾਰ ਕਰਕੇ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ; ਪਰ ਅਸੀਂ ਕੇਵਲ ਗੁਰਬਾਣੀ ਦੇ ਅਜਿਹੇ ਫ਼ਰਮਾਨਾਂ ਦੀ ਚਰਚਾ ਕਰ ਰਹੇ ਹਾਂ, ਜਿਨ੍ਹਾਂ ਨੂੰ ਅਖਾਣਾਂ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ ਪਰੰਤੂ ਉਹ ਅਖਾਣ ਨਹੀਂ ਹਨ। ਇਹਨਾਂ ਫ਼ਰਮਾਨਾਂ ਵਿੱਚ ਗੁਰਮਤਿ ਦੀ ਜੀਵਨ-ਜੁਗਤ ਦੇ ਕਿਸੇ ਵਿਸ਼ੇਸ਼ ਪਹਿਲੂ ਦਾ ਵਰਣਨ ਹੈ।)
ਗੁਰਬਾਣੀ ਦੇ ਇਸ ਫ਼ਰਮਾਨ ਦਾ ਅਜਿਹਾ ਭਾਵ ਨਹੀਂ ਹੈ। ਚੂੰਕਿ ਜਦੋਂ ਅਸੀਂ ਇਸ ਪਾਸੇ ਵਲ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਅਜਿਹਾ ਕੁੱਝ ਵੀ ਦਿਖਾਈ ਨਹੀਂ ਦੇਂਦਾ, ਨਾ ਤਾਂ ਅਤੀਤ ਵਿੱਚ ਅਤੇ ਨਾ ਹੀ ਵਰਤਮਾਨ ਵਿੱਚ। ਜ਼ਿਆਦਾਤਰ ਜ਼ਿੰਮੇਵਾਰ ਪਦਵੀਆਂ `ਤੇ ਅਯੋਗ ਵਿਅਕਤੀ ਹੀ ਸਸ਼ੋਭਿਤ ਹਨ। ਇਹ ਗੱਲ ਕੇਵਲ ਵਰਤਮਾਨ ਵਿੱਚ ਹੀ ਦੇਖਣ ਵਿੱਚ ਨਹੀਂ ਆਉਂਦੀ ਬਲਕਿ ਅਤੀਤ ਵਿੱਚ ਵੀ ਅਜਿਹਾ ਹੀ ਵਰਤਾਰਾ ਦੇਖਣ ਵਿੱਚ ਆਉਂਦਾ ਹੈ। ਇਹ ਵਰਤਾਰਾ ਕਿਸੇ ਇੱਕ ਖੇਤਰ ਵਿੱਚ ਨਹੀਂ ਬਲਕਿ ਹਰੇਕ ਖੇਤਰ ਵਿੱਚ ਹੀ ਵਰਤਦਾ ਹੋਇਆ ਦਿਖਾਈ ਦੇਂਦਾ ਹੈ, ਅਰਥਾਤ ਧਾਰਮਕ, ਰਾਜੀਨੀਤਕ ਅਤੇ ਸਮਾਜਿਕ ਖੇਤਰ ਵਿੱਚ। ਅਡੋਲਫ ਹਿਟਲਰ, ਚੰਗੇਜ਼ ਖਾਂ, ਨਾਦਰਸ਼ਾਹ, ਔਰੰਗਜ਼ੇਬ ਜਾਂ ਅਜੋਕੇ ਸਮੇਂ ਦੇ ਕਈ ਰਾਜਨੀਤਕ ਅਤੇ ਧਾਰਮਕ ਆਗੂਆਂ ਦੀ ਕਾਰਜ ਸ਼ੈਲੀ ਨੂੰ ਦੇਖ ਕੇ ਕੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਤਖ਼ਤ ਦੇ ਲਾਇਕ ਹਨ/ਸਨ? ਕੀ ਇਹ ਲੋਕ ਰੱਬ ਦੀ ਨੁਮਾਇੰਗੀ ਦੇ ਲਖਾਇਕ ਹਨ ਜਾਂ ਸ਼ੈਤਾਨੀਅਤ ਦੇ?
ਇਹ ਗੱਲ ਵੀ ਧਿਆਨ ਯੋਗ ਹੈ ਕਿ ਜ਼ਿਆਦਾਤਰ ਜ਼ਿੰਮੇਵਾਰ ਪਦਵੀਆਂ ਤੇ ਸਸ਼ੋਭਿਤ ਪ੍ਰਾਣੀ ਕਿਸ ਤਰ੍ਹਾਂ ਨਾਲ ਇਹਨਾਂ ਪਦਵੀਆਂ ਅਥਵਾ ਤਾਕਤ ਨੂੰ ਹਥਿਆਉਂਦੇ ਹਨ। ਜੇਕਰ ਅਸੀਂ ਰਾਜਨੀਤਕ ਜਾਂ ਕਿਸੇ ਹੋਰ ਖੇਤਰ ਦੀ ਗੱਲ ਨਾ ਵੀ ਕਰੀਏ ਅਤੇ ਕੇਵਲ ਧਾਰਮਕ ਖੇਤਰ ਦੀ ਹੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਜ਼ਿਆਦਾਤਰ ਉਹੀ ਮਨੁੱਖ ਜ਼ਿੰਮੇਵਾਰ ਪਦਵੀਆਂ `ਤੇ ਸਸ਼ੋਭਿਤ ਹਨ ਜਿਨ੍ਹਾਂ ਪਾਸ ਨਾ ਤਾਂ ਇਹਨਾਂ ਪਦਵੀਆਂ ਦੀ ਜ਼ਿੰਮੇਵਾਰੀ ਨਿਭਾਉਣ ਦੀ ਯੋਗਤਾ ਹੈ ਅਤੇ ਨਾ ਹੀ ਉਹਨਾਂ ਦਾ ਉੱਚਾ-ਸੁੱਚਾ ਆਚਰਨ। ਅਸੀਂ ਅਨਮਤਾਂ ਦੀ ਗੱਲ ਨਾ ਕਰਦੇ ਹੋਏ ਕੇਵਲ ਸਿੱਖ ਜਗਤ ਵਲ ਹੀ ਨਜ਼ਰ ਮਾਰੀਏ ਤਾਂ ਇਸ ਦੀਆਂ ਇੱਕ ਨਹੀਂ ਅਨੇਕਾਂ ਹੀ ਉਦਾਹਰਨਾਂ ਮਿਲ ਜਾਣਗੀਆਂ। ਧਾਰਮਕ ਜਥੇਬੰਦੀਆਂ ਦੇ ਕਾਰਕੁੰਨਾਂ ਅਤੇ ਆਗੂਆਂ ਵਲ ਨਿਗਾਹ ਮਾਰਿਆਂ ਇਸ ਸੱਚ ਨੂੰ ਜ਼ਾਹਰਾ ਰੂਪ ਵਿੱਚ ਦੇਖ ਸਕਦੇ ਹਾਂ।
ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗੁਰ ਇਤਿਹਾਸ ਵਿੱਚ ਜਿਸ ਤਰ੍ਹਾਂ ਨਾਲ ਜ਼ਿੰਮੇਵਾਰ ਗੁਰ ਵਿਅਕਤੀਆਂ ਨੂੰ ਹੀ ਗੁਰ-ਗੱਦੀ ਸੋਂਪਣ ਦਾ ਜੋ ਉਘੜਵਾਂ ਰੂਪ ਮਿਲਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰ-ਗੱਦੀ ਦੀ ਬਖ਼ਸ਼ਸ਼ ਕਰਨ ਸਮੇਂ ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾਇਆ ਸੀ, ਮਗਰਲੇ ਗੁਰੂ ਸਾਹਿਬਾਨ ਨੇ ਵੀ ਉਸੇ ਮਾਪਦੰਡ ਨੂੰ ਹੀ ਅਪਣਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਵੀ ਜਦੋਂ ਤੀਕ ਖ਼ਾਲਸਾ ਪੰਥ ਨੇ ਇਸ ਸਿਧਾਂਤ ਨੂੰ ਸਾਹਮਣੇ ਰੱਖ ਕੇ ਜ਼ਿੰਮੇਵਾਰ ਪਦਵੀਆਂ ਤੇ ਉਹਨਾਂ ਹੀ ਵਿਅਕਤੀਆਂ ਨੂੰ ਬੈਠਾਇਆ ਸੀ ਜੋ ਇਹਨਾਂ ਪਦਵੀਆਂ ਦੇ ਯੋਗ ਸਨ, ਤਾਂ ਖ਼ਾਲਸਾ ਪੰਥ ਨੇ ਹਰੇਕ ਖੇਤਰ ਵਿੱਚ ਉਨਤੀ ਹੀ ਕੀਤੀ ਸੀ। ਪਰ ਜਿਉਂ ਹੀ ਖ਼ਾਲਸਾ ਪੰਥ ਨੇ ਇਹਨਾਂ ਸੁਨਹਿਰੀ ਅਸੂਲਾਂ ਨੂੰ ਛਿੱਕੇ ਉੱਤੇ ਟੰਗ ਕੇ ਜਾਤ-ਬਰਾਦਰੀ, ਇਲਾਕੇ, ਧੜੇ ਆਦਿ ਨੂੰ ਮੁੱਖ ਰੱਖ ਕੇ ਫ਼ੈਸਲੇ ਕਰਨੇ ਸ਼ੁਰੂ ਕਰ ਦਿੱਤੇ, ਇਸ ਦਾ ਪਤਨ ਸ਼ੁਰੂ ਹੋ ਗਿਆ। ਅੱਜ ਹਾਲਤ ਇਹ ਹੈ ਕਿ ਖ਼ਾਲਸਾ ਪੰਥ ਆਪਣੇ ਨਿਰਾਲੇਪਣ ਨੂੰ ਭੁਲਾ ਕੇ ਇਸ ਪੱਖੋਂ ਰਸਾਤਲ ਦੀ ਡੂੰਘੀ ਖਾਈ ਵਿੱਚ ਮੂੰਧੇ ਮੂੰਹ ਡਿੱਗਾ ਪਿਆ ਹੈ।
ਇਸ ਲਈ ਗੁਰਬਾਣੀ ਦੇ ਇਸ ਫ਼ਰਮਾਨ ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ’ ਦਾ ਬਿਲਕੁਲ ਇਹ ਭਾਵ ਨਹੀਂ ਹੈ ਕਿ ਤਖ਼ਤ ਉੱਤੇ ਉਹੀ ਮਨੁੱਖ ਬੈਠਦਾ ਹੈ ਜੋ ਇਸ ਦੇ ਲਾਇਕ ਹੁੰਦਾ ਹੈ। ਜੇਕਰ ਗੁਰੂ ਸਾਹਿਬ ਦਾ ਅਜਿਹਾ ਭਾਵ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਫ਼ਰਮਾਨ ਦਰਜ ਨਾ ਹੁੰਦੇ:
(ੳ) ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨॥ (ਪੰਨਾ ੬੬੨) ਅਰਥ: ਕਾਜ਼ੀ (ਜੋ ਇੱਕ ਪਾਸੇ ਤਾਂ ਇਸਲਾਮ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰਾਂ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।
(ਅ) ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥ (ਪੰਨਾ ੧੨੮੮) ਅਰਥ: ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ), ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ) — (ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ। ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)। ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)।
(ੲ) ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਪੰਨਾ ੧੨੮੮) ਅਰਥ: ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਇਸ ਫ਼ਰਮਾਨ ਦਾ ਜੇਕਰ ਅਜਿਹਾ ਭਾਵ ਲਾਗੂ ਹੁੰਦਾ ਤਾਂ ਗੁਰੂ ਸਾਹਿਬਾਨ ਦਾ ਹਕੂਮਤ ਨਾਲ ਟਕਰਾ ਨਾ ਹੁੰਦਾ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਨਾ ਕੀਤਾ ਜਾਂਦਾ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹਾਦਤ ਦੇਣ ਦੀ ਲੋੜ ਨਾ ਪੈਂਦੀ। ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਦੇ ਵਿਰੁੱਧ ਤਲਵਾਰ ਨਾ ਉਠਾਉਂਣੀ ਪੈਂਦੀ।
ਜੇਕਰ ਧਾਰਮਕ ਖੇਤਰ ਵਿੱਚ ਵੀ ਯੋਗ ਵਿਅਕਤੀ ਮਨੁੱਖ ਦੀ ਅਗਵਾਈ ਕਰ ਰਹੇ ਹੁੰਦੇ ਤਾਂ ਗੁਰੂ ਸਾਹਿਬ ਨੂੰ ਕਥਿੱਤ ਧਾਰਮਕ ਆਗੂਆਂ ਪ੍ਰਤੀ ਅਜਿਹੀ ਸ਼ਬਦਾਵਲੀ ਵਰਤਣ ਦੀ ਲੋੜ ਨਾ ਪੈਂਦੀ:
(ੳ) ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥ (ਪੰਨਾ ੯੫੧) ਅਰਥ: ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ; (ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ;
(ਅ) ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥ (ਪੰਨਾ ੭੬੭) ਅਰਥ: ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਆਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆਂ ਜਾ ਰਿਹਾ ਹੈ (ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ –ਮੋਹ ਵਿੱਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੋਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।
ਇਸ ਪੰਗਤੀ ਦੇ ਭਾਵ ਨੂੰ ਸਮਝਣ ਲਈ ਜਿਸ ਪਉੜੀ ਦੀ ਇਹ ਪਾਵਨ ਪੰਗਤੀ ਹੈ, ਉਸ ਸਮੁੱਚੀ ਪਉੜੀ ਨੂੰ ਵਿਚਾਰਦੇ ਹਾਂ। ਇਹ ਪੰਗਤੀ ਮਾਰੂ ਕੀ ਵਾਰ (ਮਹਲਾ ੩) ਦੀ ਛੇਵੀਂ ਪਉੜੀ ਦੀ ਪਹਿਲੀ ਪੰਗਤੀ ਹੈ। ਇਸ ਪਉੜੀ ਨਾਲ ਦੋ ਸਲੋਕ ਦਰਜ ਹਨ ਜੋ ਇਸ ਤਰ੍ਹਾਂ ਹਨ:
ਸਲੋਕੁ ਮਃ ੩॥ ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ॥ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ॥ ੧॥ ਅਰਥ: ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿੱਚ ‘ਨਾਮ’ -ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ। ਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿੱਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ। ੧।
ਮਃ ੧॥ ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥ ਨਾਨਕ ਧੰਨੁ ਸ+ਹਾਗਣੀ ਜੋ ਭਾਵਹਿ ਵੇਪਰਵਾਹ॥ ੨॥ ਅਰਥ: ਪ੍ਰਭੂ-ਖਸਮ ਅਪਹੁੰਚ ਹੈ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀਆਂ ਸਹੁਰੇ-ਘਰ ਤੇ ਪੇਕੇ-ਘਰ (ਦੋਹੀਂ ਥਾਈਂ, ਭਾਵ ਲੋਕ ਪਰਲੋਕ ਵਿੱਚ ਉਸ) ਖਸਮ ਦੀਆਂ ਹੋ ਕੇ ਰਹਿੰਦੀਆਂ ਹਨ ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀਆਂ ਲੱਗਦੀਆਂ ਹਨ ਉਹ ਭਾਗਾਂ ਵਾਲੀਆਂ ਹਨ। ੨।
ਪਉੜੀ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥ ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ॥ ੬॥ (ਪੰਨਾ ੧੦੮੮) ਅਰਥ: ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।
ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ, (ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਅਟੱਲ ਰਾਜ ਵਾਲਾ ਇੱਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ ( “ਤ੍ਰਿਸ਼ਨਾ ਭੁਖ” ਵਲੋਂ) ਅਡੋਲ ਹੋ ਜਾਂਦਾ ਹੈ। ੬।
ਇਸ ਤਰ੍ਹਾਂ ਦਾ ਭਾਵ ਹੀ ਨਿਮਨ ਲਿਖਤ ਫ਼ਰਮਾਨ ਵਿੱਚ ਆਇਆ ਹੈ:
ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥ ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥ ੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ॥ ੧੫॥ (ਪੰਨਾ ੧੦੩੯) ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿੱਚ ਰਹਿੰਦੇ ਹਨ, ਉਹ ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)। ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮਤਿ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ। ੧੪।
ਹਿਰਦੇ-ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਮਤਿ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ।
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦਾ ਨਾਮ ਜਪੋ। (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ) ਤਾਰੀ ਤਰੋ। ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ।
ਗੁਰਬਾਣੀ ਦੇ ਇਸ ਫ਼ਰਮਾਨ (ਤਖਤੈ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ) ਵਿੱਚ ਇਹੋ ਜਿਹੇ ‘ਰਾਜੇ’ ਅਤੇ ਤਖ਼ਤ ਦਾ ਵਰਣਨ ਕੀਤਾ ਗਿਆ ਹੈ। ਇਹੋ ਜਿਹੇ ਰਾਜਿਆਂ ਸੰਬੰਧੀ ਹੀ ਗੁਰਦੇਵ ਨੇ ਆਖਿਆ ਹੈ: ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ॥ ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥ ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥ (ਪੰਨਾ ੭੦੭) ਅਰਥ: ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿੱਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ, ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿੱਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)। ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ, (ਅਜਿਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿੱਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ। ਉਸ ਮਨੁੱਖ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ। ਸਸ
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਹ ਗੱਲ ਵੀ ਸਪਸ਼ਟ ਕੀਤੀ ਗਈ ਹੈ ਕਿ ਜਦੋਂ ਵੀ ਕਿਸੇ ਮਨੁੱਖ ਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਵੇਗੀ ਜਾਂ ਹੁੰਦੀ ਹੈ, ਉਹ ਧੜੇਬੰਦੀ, ਦੇਸ਼, ਇਲਾਕੇ, ਜਾਤ-ਬਰਾਦਰੀ, ਰੰਗ-ਨਸਲ ਆਦਿ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਯੋਗ ਵਿਅਕਤੀਆਂ ਨੂੰ ਹੀ ਤਖ਼ਤ ਉੱਤੇ ਬੈਠੇ ਦੇਖਣ ਦਾ ਚਾਹਵਾਨ ਹੋਵੇਗਾ ਜਾਂ ਹੁੰਦਾ ਹੈ।
ਸੋ, ਗੱਲ ਕੀ, ਇਸ ਫ਼ਰਮਾਨ ਵਿੱਚ ਗੁਰੂ ਸਾਹਿਬ ਕਿਸੇ ਰਾਜਸੀ ਤਖ਼ਤ ਆਦਿ ਉੱਤੇ ਬੈਠਣ ਵਾਲਿਆਂ ਦੀ ਗੱਲ ਨਹੀਂ ਸਗੋਂ ਹਿਰਦੇ-ਤਖ਼ਤ ਉੱਤੇ ਬੈਠਣ ਵਾਲਿਆਂ ਦੀ ਗੱਲ ਕਰ ਰਹੇ ਹਨ। ਜਿਸ ਤਖ਼ਤ ਉੱਤੇ ਉਸੇ ਮਨੁੱਖ ਨੂੰ ਬੈਠਣਾ ਨਸੀਬ ਹੁੰਦਾ ਹੈ ਜੋ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ `ਚ ਕਾਮਯਾਬ ਹੁੰਦਾ ਹੈ। ਇਸ ਤਖ਼ਤ ਉੱਤੇ ਬੈਠਣ ਨੂੰ ਨਾ ਤਾਂ ਕਿਸੇ ਦੀ ਮੁਥਾਜ਼ਗੀ ਦੀ ਜ਼ਰੂਰਤ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣ ਧਮਕਾਉਣ ਦੀ। ਗੁਰਬਾਣੀ ਦੀ ਜੀਵਨ-ਜਗਤ ਦੇ ਇਸ ਸੱਚ ਦਾ ਹੀ ਇਸ ਫ਼ਰਮਾਨ ਵਿੱਚ ਵਰਣਨ ਹੈ।
.