.

ਸਿੱਖ ਹੀ ਸਿੱਖੀ ਦੇ ਦੁਸ਼ਮਨ

(ਭਾਗ-4)

ਗੁਰਬਾਣੀ ਦਾ ਮਹਾਨ ਖਜਾਨਾਂ ਸਤਿਗੁਰੂ ਪਾਤਸ਼ਾਹ ਜੀ ਨੇਂ ਸਾਨੂੰ ਇਸ ਲਈ ਹੀ ਬਖਸ਼ਿਆ ਸੀ ਕਿ ਅਸੀ ਹਮੇਸ਼ਾਂ ਹੀ ਆਪਣਾਂ ਜੀਵਨ ਗੁਰੂਬਾਣੀ ਦੀ ਮਹਾਨ ਅਗਵਾਈ ਵਿੱਚ ਬਤੀਤ ਕਰਕੇ ਜੀਵਨ ਸਫਲ ਕਰ ਸਕਦੇ, ਗੁਰਬਾਣੀ ਦੀ ਖੁਸ਼ਬੋ ਜਿਥੇ ਅਸੀ ਖੁਦ ਮਾਣਦੇ ਉਥੇ ਸੰਸਾਰ ਭਰ ਵਿੱਚ ਵੀ ਗੁਰੂਬਾਣੀ ਦੀ ਮਹਿਕ ਵੰਡ ਸਕਦੇ, ਪਰ ਅਸੀਂ ਖੁਦ ਗੁਰਬਾਣੀ ਤੋਂ ਅਣਜਾਣ ਹਾਂ। ਗੁਰੂਬਾਣੀ ਦਾ ਆਸ਼ਾ ਅਸੀਂ ਸਮਝਣ ਵਿੱਚ ਅਸਫਲ ਰਹੇ ਹਾਂ, ਗੁਰਬਾਣੀਂ ਤਾਂ ਹੈ ਜੀਵਨ ਜਾਂਚ ਦਾ ਮਹਾਨ ਖਜਾਨਾਂ, ਜੋ ਸਾਡੇ ਇਸ ਜੀਵਨ ਨੁੰ ਸੁੰਦਰ ਬਣਾਉਂਦਾ ਹੈ, ਗੁਰਬਾਣੀਂ ਦੀ ਮਹਾਨ ਸੇਧ ਵਿੱਚ ਅਸੀਂ ਸਿਧੇ ਹੋਣਾਂ ਸੀ ਪਰ ਉਲਟਾ ਅਸੀਂ ਗੁਰਬਾਣੀਂ ਸ਼ਬਦਾਂ ਨੂੰ ਹੀ ਉਲਟਾ ਪੁਲਟਾ ਕਰ ਦਿੱਤਾ, ਗੁਰਬਾਣੀਂ ਮੁਤਾਬਿਕ ਜੀਵਨ ਢਾਲਣ ਦੀ ਬਜਾਏ ਅਸੀਂ ਖੁਦ ਹੀ ਗੁਰਬਾਣੀ ਨੂੰ ਆਪਣੇ ਮੁਤਾਬਿਕ ਢਾਲਣਾਂ ਸ਼ੁਰੂ ਕਰ ਦਿੱਤਾ ਜਿਸ ਕਾਰਨ ਗੁਰੂਬਾਣੀ ਦਾ ਉਹ ਮਹਾਨ ਸੇਧ ਤੋਂ ਅਸੀ ਸਦੀਵ ਕਾਲ ਵਾਸਤੇ ਹੀ ਵਾਂਝੇ ਹੋ ਗਏ।
ਗੁਰੂਬਾਣੀਂ ਕਿਓਂ ਪੜ੍ਹਨੀਂ ਚਾਹੀਦੀ ਹੈ?
ਇਸ ਸੁਵਾਲ ਦਾ ਜੁਵਾਬ ਸਭ ਦਾ ਆਪਣਾਂ ਆਪਣਾਂ ਹੈ, ਕੋਈ ਅੱਜ ਇਹ ਪ੍ਰਚਾਰ ਕਰ ਰਿਹਾ ਹੈ ਕਿ ਗੁਰਬਾਣੀਂ ਸਾਡੀਆਂ ਬਿਮਾਰੀਆਂ ਦੂਰ ਕਰਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾਂ ਚਾਹੀਦਾ ਹੈ। ਕੋਈ ਇਹ ਕਹਿ ਰਿਹਾ ਹੈ ਕਿ ਗੁਰਬਾਣੀਂ ਪ੍ਰਲੋਕ ਵਿੱਚ ਸਹਾਈ ਹੁੰਦੀ ਹੈ ਇਸ ਕਰਕੇ ਵੱਧ ਤੋਂ ਵੱਧ ਗੁਰਬਾਣੀਂ ਦਾ ਪਾਠ ਕਰਨਾਂ ਚਾਹੀਦਾ ਹੈ। ਕੋਈ ਇਹ ਕਹਿ ਰਿਹਾ ਹੈ ਕਿ ਗੁਰਬਾਣੀਂ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੀ ਹੈ ਇਸ ਕਾਰਨ ਗੁਰਬਾਣੀਂ ਪੜ੍ਹਨੀਂ ਚਾਹੀਦੀ ਹੈ।
ਪਰ ਮੇਰੇ ਮਨ ਵਿੱਚ ਇੱਕ ਸੁਆਲ ਪੈਦਾ ਹੋ ਰਿਹਾ ਹੈ ਕਿ ਕੀ ਗੁਰਬਾਣੀ ਦੀ ਮਹਾਨ ਰਚਨਾਂ ਗੁਰੁ ਸਾਹਿਬ ਜੀ ਨੇਂ ਇਸੇ ਕਾਰਨ ਹੀ ਕੀਤੀ ਸੀ?
ਸਿੱਖ ਸਾਰੀ ਜਿੰਦਗੀ ਤੋਤਾ ਰਟਨ ਕਰਦੇ ਰਹਿੰਦੇ, ਤੇ ਆਪਣੀਆਂ ਇਛਾਵਾਂ ਦੀ ਪੂਰਤੀ ਕਰਦੇ, ਤੇ ਆਪਣੀਆਂ ਬਿਮਾਰੀਆਂ ਦੂਰ ਕਰਦੇ, ਤੇ ਕੰਮ ਪੂਰਾ ਹੋ ਜਾਣ ਤੇ ਤੂੰ ਕੌਣ ਤੇ ਮੈਂ ਕੌਣ ਕਹਿ ਜਾਂਦੇ। ਅੱਜ ਸਿੱਖਾਂ ਦੀ ਹਾਲਤ ਵੀ ਕੁੱਝ ਐਸੀ ਹੀ ਹੋ ਚੁੱਕੀ ਹੈ, ਕਾਮ ਪਰੇ ਹਰ ਸਿਮਰੀਐ, ਇਸ ਤੋਂ ਵੱਧ ਕਿ ਹੋਰ ਕੁੱਝ ਵੀ ਨਹੀ ਸਮਝਦੇ ਅਸੀਂ ਬਾਣੀਂ ਨੂੰ। ਅੱਜ ਹਜਾਰਾਂ ਅਖੌਤੀ ਰਾਗੀ, ਕਥਾਵਾਚਕ ਬਾਬੇ ਸਾਰੇ ਹੀ ਬੱਸ ਇਹ ਪ੍ਰਚਾਰ ਕਰਨ ਤੇ ਲੱਗੇ ਹੋਏ ਨੇਂ ਕਿ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ, ਅਖੰਡ ਪਾਠ, ਸੰਪਟ ਪਾਠ, ਤੇ ਪਤਾ ਨਹੀਂ ਹੋਰ ਕੀ ਕੀ ਕਿਹਾ ਜਾ ਰਿਹਾ ਹੈ, ਗੁਰਬਾਣੀਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦੇਵੇਗੀ, ਤੁਹਾਨੂੰ ਦੁਧ ਦੇਵੇਗੀ ਪੁੱਤ ਦੇਵੇਗੀ, ਗੁਰਬਾਣੀਂ ਦੇ ਪਾਠ ਦਾ ਮਹਾਤਮ ਤੁਹਾਨੂੰ ਵਿਦੇਸ਼ਾਂ ਵਿੱਚ ਲੈ ਜਾਵੇਗਾ ਫਿਰ ਪੱਕਾ ਵੀ ਕਰਵਾ ਦੇਵੇਗਾ। ਇਹ ਸਭ ਕੂੜ੍ਹ ਪ੍ਰਚਾਰ ਨਿੱਤ ਕੀਤਾ ਜਾ ਰਿਹਾ ਹੈ। ਹਜਾਰਾਂ ਅਖੰਡ ਪਾਠ ਸੰਪਟ ਪਾਠ ਨਿੱਤ ਕੀਤੇ ਜਾ ਰਹੇ ਨੇਂ ਕੀ ਸੰਸਾਰ ਦੀਆਂ ਸਮੱਸਿਆਵਾਂ ਹਲ ਹੋ ਰਹੀਆਂ ਨੇਂ? ਕੀ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਰਹੀਆਂ ਹਨ? ਜੁਵਾਬ ਹੈ ਨਹੀਂ, ਕਿਓਕਿ ਗੁਰਬਾਣੀ ਜੀਵਨ ਜਾਂਚ ਹੈ ਕੋਈ ਕਰਾਮਾਤ ਨਹੀਂ ਹੈ। ਤੇ ਜੇਕਰ ਅਸੀਂ ਇਸ ਗੱਲ ਨੂੰ ਮੰਨ ਲਈਏ ਕਿ ਵਾਕਿਆ ਹੀ ਬਾਣੀ ਪੜ੍ਹਨ ਨਾਲ ਸਾਡੇ ਸਾਰੇ ਦੁਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਤਾਂ ਫਿਰ ਗੁਰੂ ਅਰਜਨ ਸਾਹਿਬ ਜੀ ਜੋ ਖੁਦ ਹੀ ਬਾਣੀਂ ਦੇ ਰਚੇਤਾ ਹਨ, ਉਹ ਕਿਓਂ ਤੱਤੀ ਤਵੀ ਤੇ ਬੈਠੇ? ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਮਨੀ ਸਿੰਘ ਜੀ ਜਾਂ ਹੋਰ ਹਜਾਰਾਂ ਸਿੱਖ ਜੋ ਅੱਤ ਦੇ ਜੁਲਮਾਂ ਦਾ ਸ਼ਿਕਾਰ ਹੋ ਗਏ। ਕੀ ਉਹ ਬਾਣੀ ਨਹੀ ਸੀ ਪੜ੍ਹਦੇ ਜਾਂ ਨਾਮ ਨਹੀ ਸੀ ਜਪਦੇ?
ਪੁਰਾਤਨ ਸਿੱਖਾਂ ਨੇਂ ਗੁਰਬਾਣੀਂ ਦਾ ਤੋਤਾ ਰਟਨ ਨਹੀ ਸੀ ਕੀਤਾ ਉਹਨਾਂ ਨੇਂ ਗੁਰਬਾਣੀਂ ਨੂੰ ਜੀਵਨ ਵਿੱਚ ਧਾਰਿਆ ਸੀ ਗੁਰਬਾਣੀ ਮੁਤਾਬਕ ਆਪਣਾਂ ਜੀਵਨ ਢਾਲਿਆ ਸੀ। ਪਰ ਅਸੀ ਕੇਵਲ ਗਾਉਣ ਤੱਕ ਹੀ ਸੀਮਿਤ ਰਹਿ ਗਏ, ਜੀਵਨ ਦਾ ਆਧਾਰ ਨਹੀਂ ਬਣਾਂ ਸਕੇ।
ਬਹੁਤ ਸਾਰੀਆਂ ਕਿਤਾਬਾਂ ਤੇ ਬਹੁਤ ਸਾਰੇ ਦੁਖਭੰਜਨੀਂ ਨਾਮੀਂ ਗੁਟਕੇ ਬਣਾਂ ਦਿੱਤੇ ਗਏ, ਜਿਨਾਂ ਵਿੱਚ ਦਰਜ ਸ਼ਬਦਾਂ ਦੀ ਮਹਾਨਤਾ ਵੀ ਲਿਖ ਦਿੱਤੀ ਕਿ ਆਹ ਸ਼ਬਦ ਪੜ੍ਹੋ ਤਾਂ ਆਹ ਮਿਲੇਗਾ ਆਹ ਪੜ੍ਹੋ ਤਾਂ ਆਹ ਮਿਲੇਗਾ, ਗੁਰੁ ਘਰ ਦੇ ਦੋਖੀਆਂ ਨੇਂ ਤਾਂ ਇੱਕ ਗ੍ਰੰਥ ਵੀ ਲਿਖ ਮਾਰਿਆ ਜਿਸ ਦੇ ਰਚਨਹਾਰ ਭਾਈ ਮਨੀਂ ਸਿੰਘ ਬਣਾਂ ਦਿੱਤੇ ਗਏ। ਤੇ ਉਸ ਗ੍ਰੰਥ ਦਾ ਨਾਮ ਸ਼ਰਧਾਂ ਪੂਰਨ ਰੱਖ ਦਿੱਤਾ ਗਿਆ ਆਓ ਜਰਾ ਆਪ ਜੀ ਨੂੰ ਉਸ ਗ੍ਰੰਥ ਦੇ ਦਰਸ਼ਨ ਕਰਵਾਈਏ। ਪੂਰਾ ਨਾਮ ਹੈ ਸ਼੍ਰੀ ਗੁਰ ਸ਼ਬਦ ਸਿੱਧੀ ਸ਼ਰਧਾ ਪੂਰਨ। ਉਸਦੀ ਉਥਾਨਕਾ ਵਿੱਚ ਇੱਕ ਮਨਘੜ੍ਹਤ ਸਾਖੀ ਇਓ ਲਿਖੀ ਗਈ ਹੈ, ਇੱਕ ਵਾਰੀ ਸ਼੍ਰੀ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਾਂ-ਜੁਧਾਂ ਤੋਂ ਵੇਹਲੇ ਹੋਕੇ ਸ਼ਾਮ ਦੇ ਦੀਵਾਨ ਵਿੱਚ ਅਨੰਦਪੁਰ ਸਾਹਿਬ ਵਿਖੇ ਸਿੰਘਾਸਨ ਤੇ ਸੁਭਾਇਮਾਨ ਸਨ। ਹਜੂਰੀ ਸਿੱਖਾਂ ਵਿੱਚੋਂ ਭਾਈ ਮਨੀ ਸਿੰਘ ਜੀ, ਪੰਜ ਪਿਆਰੇ ਤੇ ਭਾਈ ਨੰਦ ਲਾਲ ਜੀ ਆਦਿਕ ਅਨੇਕਾਂ ਸਿੱਖ ਦੀਵਾਨ ਵਿੱਚ ਸੁਸ਼ੋਭਿਤ ਸਨ। ਕਾਬਲ ਕੰਧਾਰ ਧੰਨ ਪੋਠੋਹਾਰ ਤੇ ਹੋਰ ਦੂਰ ਨੇੜ੍ਹੇ ਦੀਆਂ ਸੰਗਤਾਂ ਆਪੋ ਆਪਣੀਆਂ ਭੇਟਾਵਾਂ ਲੈਕੇ ਮਨੋਕਾਮਨਾਵਾਂ ਪੂਰਨ ਕਰਾਉਣ ਹਿਤ ਅਰਦਾਸਾਂ ਕਰ ਰਹੀਆਂ ਸਨ ਕਿ ਆਈਆਂ ਸੰਗਤਾਂ ਵਿੱਚੋਂ ਇੱਕ ਸਿੱਖ ਨੇਂ ਬੇਨਤੀ ਕੀਤੀ-ਸੱਚੇ ਪਾਤਸ਼ਾਹ ਜੀਉ ਅਸੀਂ ਕਲਜੁਗੀ ਜੀਵ ਭੁਲਣਹਾਰ ਹਾਂ, ਗ੍ਰਹਿਸਤ ਵਿੱਚ ਰਹਿੰਦਿਆਂ ਕਈ ਪ੍ਰਕਾਰ ਦੀਆਂ ਭੁਲਾਂ ਹੋ ਜਾਂਦੀਆਂ ਹਨ। ਉਹਨਾਂ ਕਾਰਨ ਕਈ ਪ੍ਰਕਾਰ ਦੇ ਰੋਗ, ਕਸ਼ਟ ਦੁਖ ਤਕਲੀਫਾਂ ਆ ਚੰਬੜ੍ਹਦੀਆਂ ਹਨ, ਉਹਨਾਂ ਦੇ ਉਪਾਅ ਲਈ ਸਾਡੇ ਕਈ ਭੁਲੜ੍ਹ ਵੀਰ (ਸਿੱਖ) ਮੁਲਾਂ ਮੁਲਾਣਿਆਂ, ਜੋਤਸ਼ੀਆਂ ਤੇ ਸਿਆਣਿਆਂ ਦੇ ਪਾਸ ਚਲੇ ਜਾਂਦੇ ਹਨ (ਲਿਖਾਰੀ ਏਥੇ ਐਵੈਂ ਜੱਬਲੀਆਂ ਮਾਰ ਰਿਹਾ ਹੈ ਕਿਸੇ ਵੀ ਐਸੇ ਗੁਰਸਿੱਖ ਦੀ ਬਾਤ ਨਹੀਂ ਮਿਲਦੀ ਹੈ ਜੋ ਗੁਰੂ ਦੀ ਸਿੱਖਿਆ ਤੋਂ ਉਲਟ ਚੱਲਕੇ ਸਿਆਣਿਆਂ ਮੁਲਾਂ ਜਾਂ ਜੋਤਸ਼ੀਆਂ ਕੋਲ ਜਾਂਦਾ ਹੋਵੇ ਅਜੋਕੇ ਸਮੇਂ ਬਾਰੇ ਅਸੀਂ ਕੁੱਝ ਨਹੀਂ ਕਹਿ ਸਕਦੇ ਪਰ ਉਸ ਸਮੇਂ ਦੀ ਇਹ ਗੱਲ ਨਹੀਂ ਹੋ ਸਕਦੀ ਹੈ ਦੂਜੀ ਗੱਲ ਲਿਖਾਰੀ ਇਹ ਕਹਿ ਰਿਹਾ ਹੈ ਕਿ ਸਿੱਖ ਨੇ ਬੇਨਤੀ ਕੀਤੀ ਕਿ ਕਲਜੁਗੀ ਜੀਵ ਹਾਂ, ਕਲਜੁਗ ਆਦਿਕ ਸਮੇਂ ਨੂੰ ਗੁਰਮਤਿ ਨਹੀਂ ਮੰਨਦੀ ਹੈ, ਕੀ ਉਸ ਸਮੇਂ ਸਿੱਖਾਂ ਇਹ ਗਿਆਨ ਨਹੀਂ ਹੋਵੇਗਾ ਕਿ ਕਲਜੁਗ ਕੋਈ ਸਮਾਂ ਨਹੀ ਹੁੰਦਾ ਸਗੋਂ ਮਨੁਖ ਦੀ ਸੋਚ ਹੀ ਸਤਜੁਗ ਜਾਂ ਕਲਜੁਗ ਹੁੰਦੀ ਹੈ, ਸਿੱਖ ਦੇ ਮੂੰਹੋ ਇਹ ਅਖਵਾਇਆ ਜਾ ਰਿਹਾ ਹੈ ਕਿ ਸਾਡੀਆਂ ਭੁਲਾਂ ਕਾਰਨ ਦੁਖ ਤਕਲੀਫਾਂ ਆ ਜਾਂਦੀਆਂ, ਪਰ ਸ਼ਾਇਦ ਲਿਖਾਰੀ ਇਹ ਨਹੀਂ ਜਾਣਦਾ ਕਿ ਗੁਰੂ ਸਾਹਿਬ ਦਾ ਆਪਣਾਂ ਸਾਰਾ ਜੀਵਨ ਹੀ ਦੁਖਾਂ ਤਕਲੀਫਾਂ ਭਰਿਆ ਸੀ ਫਿਰ ਉਹਨਾਂ ਨੇ ਕਿਹੜ੍ਹੀ ਭੁੱਲ ਜਾਂ ਗਲਤੀ ਕੀਤੀ ਸੀ) ਜੋ ਆਪੋ ਆਪਣੇ ਮੱਤ ਅਨੁਸਾਰ ਉਹਨਾਂ ਨੂੰ ਦਾਗੇ ਤਵੀਤ ਜਾਂ ਹੋਰ ਮੰਤ੍ਰ ਕਲਾਮ ਦੇਕੇ ਕੁਰਾਹੇ ਪਾਂਦੇ ਹਨ (ਲਿਖਾਰੀ ਨੇਂ ਇਥੇ ਕਿਸੇ ਇੱਕ ਵੀ ਐਸੇ ਸਿੱਖ ਦਾ ਜਿਕਰ ਨਹੀ ਕੀਤਾ ਜੋ ਇਸ ਤਰ੍ਹਾਂ ਦੇ ਕੰਮ ਕਰਦਾ ਹੋਵੇ, ਸਭ ਗੱਪਾਂ ਹਨ) ਕ੍ਰਿਪਾ ਕਰਕੇ ਆਪ ਜੀ ਸੰਗਤ ਦੀ ਬੇਨਤੀ ਪ੍ਰਵਾਨ ਕਰੋ (ਸਾਰੀ ਸੰਗਤ ਤਾਂ ਨਹੀ ਕੇਵਲ ਇੱਕ ਮਨੁਖ ਕਹਿ ਰਿਹਾ ਹੈ ਫਿਰ ਸਾਰੀ ਸੰਗਤ ਕਿਥੋ ਆ ਗਈ) ਤੇ ਕੋਈ ਅਜਿਹੀ ਵਿਧੀ ਦੱਸੋ ਜਿਸ ਨਾਲ ਦੁਖਾਂ ਤੋਂ ਛੁਟਕਾਰਾ ਮਿਲੇ ਸਕੇ। ਉਸ ਸਿੱਖ ਦੀ ਬੇਨਤੀ ਸੁਣ ਕੇ ਸਤਿਗੁਰਾਂ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਆਪ ਉਦਮ ਕਰਕੇ ਅਜਿਹੇ ਸ਼ਬਦਾਂ ਦੀ ਚੋਣ ਕਰਕੇ ਇੱਕ ਪੋਥੀ ਤਿਆਰ ਕਰੋ, ਜਿਸ ਦੇ ਪਾਠ ਕਰਨ ਨਾਲ ਗੁਰਸਿੱਖਾਂ ਦੇ ਸਮੂੰਹ ਕਸ਼ਟ ਨਵਿਰਤ ਹੋ ਜਾਣ। (ਐਡਾ ਵੱਡਾ ਕੁਫਰ ਗੁਰੂ ਸਾਹਿਬ ਜੀ ਦੇ ਮੂਹੋਂ ਕਢਵਾਇਆ ਜਾ ਰਿਹਾ ਹੈ) ਅੱਗੇ ਲ਼ਿਖਾਰੀ ਲਿਖਦਾ ਹੈ ਕਿ ਭਾਈ ਸਾਹਿਬ ਜੀ ਨੇਂ ਕੁੱਝ ਹੀ ਸਮੇਂ ਵਿੱਚ ਹੀ ਅਜਿਹੀ ਪੋਥੀ ਤਿਆਰ ਕਰਕੇ ਸਤਿਗੁਰੂ ਜੀ ਦੀ ਭੇਟਾ ਕੀਤੀ, ਪੋਥੀ ਦੇਖਣ ਉਪਰੰਤ ਸਤਿਗੁਰਾਂ ਉਸ ਦਾ ਨਾਮ ਸ਼ਰਧਾ ਪੂਰਨ ਰੱਖਿਆ। ਇਸ ਪੁਸਤਕ ਦੇ ਅੱਠ ਭਾਗ ਬਣਾਏਂ ਗਏ ਹਨ। ਪਹਿਲੇ ਭਾਗ ਵਿੱਚ ਸਾਰੇ ਜਪੁਜੀ ਦੀਆਂ ਵੱਖ ਵੱਖ ਪਉੜ੍ਹੀਆਂ ਦਾ ਵੱਖ ਵੱਖ ਮਹਾਤਮ ਦੱਸਿਆ ਗਿਆ ਹੈ ਤੇ ਸਭਨਾਂ ਨੂੰ ਜਪਣ ਦੀ ਵਿਧੀ ਵੀ ਦੱਸੀ ਗਈ ਹੈ। ਜਿਵੇਂ ਮੂਲ ਮੰਤ੍ਰ ਬਾਰੇ ਇਹ ਕਿਹਾ ਗਿਆ ਹੈ ਕਿ ਇਸ ਦੀਆਂ 108 ਮਾਲਾਂ ਰੋਜਾਨਾਂ ਸਵੇਰੇ ਚੜ੍ਹਦੇ ਵੱਲ ਮੂੰਹ ਕਰਕੇ 31 ਦਿਨ ਜਪਣ ਨਾਲ ਹਰ ਤਰ੍ਹਾ ਦੇ ਡਰ ਭਉ ਤੇ ਦੁਖ ਦੂਰ ਹੁੰਦੇ ਹਨ ਤੇ ਸੁਖਾਂ ਦਾ ਪ੍ਰਕਾਸ਼ ਹੁੰਦਾ ਹੈ। ਲਿਖਾਰੀ ਨੇਂ ਇਹ ਨਹੀਂ ਕਿਹਾ ਕਿ ਇਸਦਾ ਪਾਠ ਚੜ੍ਹਦੇ ਵੱਲ ਮੂੰਹ ਕਰਕੇ ਹੀ ਕਿਓਂ ਕਰਨਾਂ ਹੈ ਕੀ ਇਹ ਗੁਰੂ ਸਾਹਿਬ ਦਾ ਹੁਕਮ ਹੈ ਜਾਂ ਅਖੌਤੀ ਲੇਖਕ ਦਾ ਆਪਣਾਂ ਬਿਪਰਵਾਦੀ ਫੈਂਸਲਾ ਹੈ, ਕੀ ਜੇਕਰ ਕੋਈ ਇਸਦਾ ਪਾਠ ਲਹਦੇ ਵੱਲ ਮੂਹ ਕਰਕੇ ਕਰ ਲਵੇਗਾ ਤਾਂ ਕੀ ਉਸਤੇ ਪਹਾੜ੍ਹ ਟੁੱਟ ਜਾਵੇਗਾ। ਐਸੀਆਂ ਜਬਲੀਆਂ ਸਾਰੇ ਗ੍ਰੰਥ ਵਿੱਚ ਹੀ ਮਾਰੀਆਂ ਗਈਆਂ ਹਨ।
ਜਿਵੇਂ ਜਪਜੀ ਸਾਹਿਬ ਦੀ 6ਵੀਂ ਪਉੜ੍ਹੀ ਤੀਰਥਿ ਨਾਵਾਂ ਜੇ ਤਿਸ ਭਾਵਾਂ…. ਬਾਰੇ ਇਹ ਲਿਖਾ ਗਿਆ ਹੈ ਕਿ ਇਸ ਪਉੜੀ ਦੇ 1100 ਪਾਠ 11 ਦਿਨਾਂ ਵਿੱਚ ਕਰੇ, ਚਾਨਣੇਂ ਪੱਖ ਦੀ ਏਕਮ ਨੂੰ ਸ਼ੁਰੂ ਕਰਕੇ ਇਕਾਦਸ਼ੀ ਨੂੰ ਸਮਾਪਤੀ ਕਰਨ ਨਾਲ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਮਿਲਦਾ ਹੈ ਅਤੇ ਬਹੁ-ਮੁਲੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਸ਼ਾਇਦ ਲਿਖਾਰੀ ਕੋਈ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਗੁਰਬਾਣੀਂ ਗਿਣਤੀਆਂ ਮਿਣਤੀਆਂ ਨੂੰ ਸਵੀਕਾਰ ਨਹੀਂ ਕਰਦੀ ਤੇ ਨਾਂ ਹੀ ਏਕਾਦਸ਼ੀਆਂ ਆਦਿਕ ਨੂੰ ਸਵੀਕਾਰ ਕਰਦੀ ਹੈ, ਗੁਰਮਤਿ ਤੀਰਥ ਰੱਬ ਜੀ ਦੇ ਨਾਮ ਸਿਮਰਨ ਨੂੰ ਹੀ ਮੰਨਦੀ ਹੈ, ਇਸ ਤੋਂ ਇਲਾਵਾ ਹਿੰਦੂ ਵਾਦੀ ਕਿਸੇ ਵੀ ਤੀਰਥ ਇਸ਼ਨਾਨ ਨੂੰ ਸਵੀਕਾਰ ਨਹੀਂ ਕਰਦੀ ਹੈ, ਅਖੌਤੀ ਲਿਖਾਰੀ ਸ਼ਾਇਦ ਇਹ ਨਹੀਂ ਜਾਣਦਾ ਕਿ ਉਹ ਜਿਸ ਪਉੜੀ ਬਾਰੇ ਇਹ ਭੁਲੇਖਾ ਪਾ ਰਿਹਾ ਹੈ ਉਸ ਵਿੱਚ ਤਾ ਸ਼ਪੱਸ਼ਟ ਤੌਰ ਤੇ ਹੀ ਤੀਰਥਾਂ ਦਾ ਖੰਡਨ ਕੀਤਾ ਗਿਆ ਹੈ, (ਚਲਦਾ)
ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
098721-18848
095921-96002
.