.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ
(ਕਿਸ਼ਤ ਚੌਦਵੀਂ)

ਸਾਰਾ ਪਰਿਵਾਰ ਬੜੀ ਉਤਸਕਤਾ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਪਰ ਸੁਭਾਵਕ ਹੀ ਦੂਜੇ ਪਾਸੇ ਦੀ ਗੱਲ ਤਾਂ ਥੋੜ੍ਹੀ-ਬਹੁਤ ਹੀ ਸਮਝ ਪੈਂਦੀ ਹੈ, ਉਹ ਵੀ ਗੱਲਬਾਤ ਦੇ ਮਜ਼ਬੂਨ ਤੋਂ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਵਿਸ਼ੇਸ਼ ਕਰ ਕੇ ਜੋ ਵਿਥਿਆ ਗੁਰਸੇਵਕ ਸਿੰਘ ਨੇ ਸੁਣਾਈ ਸੀ, ਉਸ ਦੀ ਤਾਂ ਬਿਲਕੁਲ ਕੋਈ ਸਮਝ ਕਿਸੇ ਨੂੰ ਵੀ ਨਹੀਂ ਸੀ ਪਈ, ਹਾਂ ਇਤਨਾ ਅੰਦਾਜ਼ਾ ਜ਼ਰੂਰ ਲੱਗ ਗਿਆ ਸੀ ਕਿ ਗੱਲ ਕੋਈ ਬਹੁਤ ਦੁਖਦਾਈ ਅਤੇ ਗੰਭੀਰ ਹੈ। ਟੈਲੀਫੋਨ ਬੰਦ ਹੁੰਦੇ ਹੀ ਸਾਰਾ ਪਰਿਵਾਰ ਇੱਕ ਸੁਆਲੀਆ ਅੰਦਾਜ਼ ਵਿੱਚ ਬਲਦੇਵ ਸਿੰਘ ਵੱਲ ਵੇਖਣ ਲਗਾ ਜਿਵੇਂ ਪੁੱਛ ਰਹੇ ਹੋਣ ਕਿ ਦਸੋ ਕੀ ਗੱਲਬਾਤ ਹੋਈ ਹੈ?
ਬਲਦੇਵ ਸਿੰਘ ਨੇ ਵੀ ਬਹੁਤਾ ਇੰਤਜ਼ਾਰ ਨਹੀਂ ਕਰਾਇਆ ਅਤੇ ਟੈਲੀਫੋਨ `ਤੇ ਹੋਈ ਸਾਰੀ ਗੱਲ ਵਿਸਥਾਰ ਨਾਲ ਸੁਣਾ ਦਿੱਤੀ। ਗੱਲ ਖਤਮ ਕਰਦੇ ਹੋਏ ਉਸ ਨੇ ਕਿਹਾ, “ਇਹ ਤਾਂ ਹੱਦ ਹੀ ਹੋ ਗਈ ਹੈ, ਕਦੀਂ ਖਾਬ ਵਿੱਚ ਵੀ ਨਹੀਂ ਸੀ ਸੋਚਿਆ ਕਿ ਆਪਣੇ ਹੀ ਦੇਸ਼ ਵਿੱਚ ਸਿੱਖਾਂ ਨੂੰ ਇਹ ਦਿਨ ਵੇਖਣੇ ਪੈ ਸਕਦੇ ਨੇ, ਇਤਨਾ ਜ਼ੁਲਮ ਸਹਿਣਾ ਪੈ ਸਕਦੈ …. . ।”
ਗੁਰਮੀਤ ਕੌਰ ਅਤੇ ਬੱਬਲ ਦੇ ਚਿਹਰੇ ਤੋਂ ਉਨ੍ਹਾਂ ਅੰਦਰਲਾ ਦੁੱਖ ਸਾਫ ਝਲਕ ਰਿਹਾ ਸੀ ਬਲਕਿ ਅੱਖਾਂ ਰਾਹੀਂ ਵੀ ਟੱਪਕ ਰਿਹਾ ਸੀ ਪਰ ਹਰਮੀਤ ਦਾ ਚਿਹਰਾ ਤਾਂ ਜਿਵੇਂ ਅੱਗ ਦਾ ਗੋਲਾ ਬਣਿਆ ਪਿਆ ਸੀ। ਉਸ ਨੇ ਪਿਤਾ ਦੀ ਗੱਲ ਖਤਮ ਹੋਣ ਦੀ ਇੰਤਜ਼ਾਰ ਵੀ ਨਹੀਂ ਕੀਤੀ ਅਤੇ ਬੜੀ ਗਹਿਰੀ ਜ਼ੁਬਾਨ ਵਿੱਚ ਬੋਲਿਆ, “ਬਹੁਤ ਵੱਡਾ ਧੋਖਾ ਹੋ ਗਿਐ ਕੌਮ ਨਾਲ …. . , ਇਨ੍ਹਾਂ ਬੇ-ਅਸੂਲਿਆਂ ਅਤੇ ਮੱਕਾਰਾਂ ਦੀ ਜ਼ੁਬਾਨ `ਤੇ ਵਿਸ਼ਵਾਸ ਕਰ ਕੇ …. ਕੌਮ ਨੇ ਸਭ ਕੁੱਝ ਗੁਆ ਲਿਐ।” ਫੇਰ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਿਹਾ ਹੋਵੇ, “ਜਿਨ੍ਹਾਂ ਕੌਮ ਦੇ ਸਭ ਤੋਂ ਸਤਿਕਾਰਤ ਧਰਮ ਸਥਾਨ `ਤੇ ਫ਼ੌਜੀ ਹਮਲਾ ਕਰਨ ਵਿੱਚ ਸ਼ਰਮ ਨਹੀਂ ਕੀਤੀ, ਉਨ੍ਹਾਂ ਕੋਲੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਜਿਨਾਂ ਜ਼ੁਲਮ ਕਰ ਦੇਣ, ਥੋੜ੍ਹੈ …. ।” ਆਪਣੇ ਪਿਤਾ ਵੱਲ ਮੁਖਾਤਿਬ ਹੁੰਦਾ ਹੋਇਆ ਬੋਲਿਆ, “ਭਾਪਾ ਜੀ! ਅੰਗਰੇਜ਼ਾਂ ਨੇ ਤਕਰੀਬਨ 100 ਸਾਲ ਪੰਜਾਬ `ਤੇ ਰਾਜ ਕੀਤੈ ਪਰ ਕਿਸੇ ਵੀ ਗੁਰਦੁਆਰੇ ਦੀ ਬੇਅਦਬੀ ਨਹੀਂ ਕੀਤੀ। ਭਾਵੇਂ ਉਹ ਮਹੰਤਾਂ ਦੀ ਮਦਦ ਕਰਦੇ ਰਹੇ ਅਤੇ ਕੋਸ਼ਿਸ਼ ਕਰਦੇ ਰਹੇ ਕਿ ਉਨ੍ਹਾਂ ਦੇ ਜੀ-ਹਜ਼ੂਰੀਏ ਗੁਰਦੁਆਰਿਆਂ ਦੇ ਪ੍ਰਬੰਧਕ ਰਹਿਣ। ਅੰਮ੍ਰਿਤਸਰ ਜਦੋਂ ਵੀ ਕਿਸੇ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਸੀ, ਉਸ ਨੂੰ ਇਹ ਕਿਹਾ ਜਾਂਦਾ ਸੀ ਕਿ ਉਹ ਦਰਬਾਰ ਸਾਹਿਬ ਨੂੰ ਆਪਣਾ ਇਲਾਕਾ ਨਾ ਸਮਝੇ, ਇਸ ਪਾਵਨ ਸਥਾਨ ਲਈ ਆਪਣੇ ਆਪ ਨੂੰ ਹਾਕਮ ਨਾ ਸਮਝੇ ਸਗੋਂ ਇੱਕ ਸਫੀਰ ਸਮਝੇ। ਇਸ ਗੱਲ ਦਾ ਪ੍ਰਗਟਾਵਾ ਇੱਕ ਡਿਪਟੀ ਕਮਿਸ਼ਨਰ ਮਿਸਟਰ ਮੂਨ ਨੇ ਆਪਣੀ ਸਵੈ-ਜੀਵਨੀ ਵਿੱਚ ਕੀਤਾ ਹੈ।”
“ਬੇਟਾ! 222 ਵਰ੍ਹਿਆਂ ਬਾਅਦ ਦਰਬਾਰ ਸਾਹਿਬ `ਤੇ ਹਮਲਾ ਕਰ ਕੇ ਭਾਰਤ ਸਰਕਾਰ ਨੇ ਸਾਬਤ ਕਰ ਦਿੱਤੈ ਕਿ ਸਿੱਖਾਂ ਵਾਸਤੇ ਅਬਦਾਲੀ ਵਿੱਚ ਤੇ ਅਜ਼ਾਦ ਭਾਰਤ ਦੀ ਇਸ ਸਰਕਾਰ ਵਿੱਚ ਬਹੁਤਾ ਫਰਕ ਨਹੀਂ, ਸਗੋਂ ਅਬਦਾਲੀ ਦੀਆਂ ਫ਼ੌਜਾਂ ਨੇ ਬੇਕਸੂਰ ਸਿੱਖਾਂ `ਤੇ ਐਸੇ ਜ਼ੁਲਮ ਨਹੀਂ ਢਾਏ ਹੋਣੇ। ਮੈਨੂੰ ਤਾਂ ਇੱਕ ਹੋਰ ਫਿਕਰ ਲਗਾ ਹੋਇਐ, ਚਾਚਾ ਜੀ ਹੋਰਾਂ ਦਾ ਤਾਂ ਗੁਦਾਮ ਵੀ ਉਨ੍ਹਾਂ ਦੇ ਘਰ ਦੀ ਹੇਠਲੀ ਮੰਜ਼ਿਲ ਦੇ ਪਿਛਲੇ ਪਾਸੇ ਹੈ, ਜੇ ਘਰ ਦਾ ਸਾਰਾ ਸਮਾਨ ਫ਼ੌਜ ਨੇ ਲੁੱਟ ਲਿਐ ਤਾਂ ਗੁਦਾਮ ਦਾ ਕਿਥੋਂ ਬੱਚਿਆਂ ਹੋਣੈ, ਦੁਕਾਨ `ਤੇ ਤਾਂ ਥੋੜ੍ਹਾ ਮਾਲ ਹੁੰਦੈ ਬਹੁਤਾ ਤਾਂ ਗੁਦਾਮ ਵਿੱਚ ਹੀ ਹੁੰਦੈ, ਉਨ੍ਹਾਂ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਹੋਣੈ।” ਗੱਲਾਂ ਦਾ ਵਹਿਣ ਐਸਾ ਚੱਲਿਆ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਾ। ਅਚਾਨਕ ਬਲਦੇਵ ਸਿੰਘ ਦੀ ਨਜ਼ਰ ਸਾਹਮਣੇ ਦੀਵਾਰ `ਤੇ ਲੱਗੀ ਘੜੀ ਵੱਲ ਗਈ ਜੋ ਇੱਕ ਵਜਾ ਰਹੀ ਸੀ। ਉਹ ਇਕ-ਦੱਮ ਉਠਦਾ ਹੋਇਆ ਬੋਲਿਆ, “ਗੱਲਾਂ ਵਿੱਚ ਟਾਈਮ ਦਾ ਪਤਾ ਹੀ ਨਹੀਂ ਲੱਗਾ, ਚਲੋ ਸੌਂਵੋ, ਅੱਧੀ ਰਾਤ ਬੀਤ ਗਈ ਏ।” ਤੇ ਸਾਰੇ ਆਪਣੇ ਕਮਰਿਆਂ ਵੱਲ ਤੁੱਰ ਗਏ ਪਰ ਲੇਟਣ `ਤੇ ਵੀ ਬਹੁਤ ਦੇਰ ਕਿਸੇ ਨੂੰ ਨੀਂਦ ਨਹੀਂ ਆਈ ਤੇ ਉਹ ਅੱਜ ਸੁਣੀ ਜ਼ੁਲਮ ਦੀ ਦਾਸਤਾਨ ਬਾਰੇ ਅਤੇ ਚੇਤ ਸਿੰਘ ਹੋਰਾਂ ਦੇ ਪਰਿਵਾਰ ਬਾਰੇ ਹੀ ਸੋਚਦੇ ਰਹੇ।
ਸਵੇਰੇ ਦੁਕਾਨ `ਤੇ ਪਹੁੰਚਦੇ ਹੀ ਬਲਦੇਵ ਸਿੰਘ ਨੇ ਮੁਨੀਮ ਨੂੰ ਕਿਹਾ, “ਮੁਨੀਮ ਜੀ! ਅੰਮ੍ਰਿਤਸਰ ‘ਭਾਈ ਭਗਵਾਨ ਸਿੰਘ ਚੇਤ ਸਿੰਘ’ ਫਰਮ ਦਾ ਹਿਸਾਬ ਵੇਖ ਕੇ ਜਿਤਨਾ ਬਕਾਇਆ ਬਣਦੈ, ਸਾਰੇ ਦਾ ਡਰਾਫਟ ਬਣਵਾ ਕੇ ਭੇਜ ਦਿਓ।”

ਦੁਪਹਿਰ ਤੋਂ ਬਾਅਦ ਹਰਮੀਤ ਦੁਕਾਨ `ਤੇ ਆ ਗਿਆ। ਉਸ ਨੂੰ ਵੇਖ ਕੇ ਹੈਰਾਨ ਹੁੰਦੇ ਹੋਏ ਬਲਦੇਵ ਸਿੰਘ ਨੇ ਪੁੱਛਿਆ, “ਤੂੰ ਤਾਂ ਕਾਲਜ ਦੀ ਤਿਆਰੀ ਵਿੱਚ ਲਗਾ ਹੋਇਆ ਸੀ ਫਿਰ ਅੱਜ ਕਿਵੇਂ ਦੁਕਾਨ `ਤੇ ਆ ਗਿਐਂ?”
“ਬਸ ਵੈਸੇ ਹੀ”, ਹਰਮੀਤ ਨੇ ਪਿਤਾ ਦੇ ਕੋਲ ਬੈਠਦੇ ਹੋਏ ਕਿਹਾ। ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਹਰਮੀਤ ਦੇ ਚਿਹਰੇ `ਤੇ ਇੱਕ ਖਾਸ ਕਿਸਮ ਦੀ ਉਤਸੁਕਤਾ ਸੀ। ਇਸ ਤੋਂ ਪਹਿਲੇ ਕਿ ਉਹ ਕੁੱਝ ਪੁੱਛਦਾ, ਹਰਮੀਤ ਉਸ ਦੇ ਹੋਰ ਨੇੜੇ ਹੁੰਦੇ ਹੋਏ ਬੋਲਿਆ, “ਭਾਪਾ ਜੀ ਅੱਜ ਮੈਂ ਇੱਕ ਬੜੀ ਕਮਾਲ ਦੀ ਖ਼ਬਰ ਸੁਣ ਕੇ ਆਇਆਂ।” ਬਲਦੇਵ ਸਿੰਘ ਨੇ ਸੁਆਲੀਆ ਅੰਦਾਜ਼ ਵਿੱਚ ਉਸ ਵੱਲ ਵੇਖਿਆ, ਪਰ ਉਸ ਦੇ ਕੁੱਝ ਪੁੱਛਣ ਤੋਂ ਪਹਿਲਾਂ ਹੀ ਹਰਮੀਤ ਫੇਰ ਬੋਲਿਆ, “ਪਤਾ ਲਗੈ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਬੱਚ ਕੇ ਨਿਕਲ ਗਿਐ ਤੇ ਪਾਕਿਸਤਾਨ ਪਹੁੰਚ ਗਿਐ।”
“ਹੈਂ! ਤੈਨੂੰ ਕਿਸ ਆਖਿਐ?” ਗੱਲ ਬਲਦੇਵ ਸਿੰਘ ਵਾਸਤੇ ਵੀ ਅਚੰਭਤ ਕਰ ਦੇਣ ਵਾਲੀ ਸੀ।
“ਮੇਰੇ ਇੱਕ ਦੋਸਤ ਨੇ, … … ਅੱਜ ਹੀ ਦਿੱਲੀ ਤੋਂ ਆਇਆ ਸੀ, ਸਵੇਰੇ ਘਰ ਮਿਲਣ ਆ ਗਿਆ, ਕਹਿੰਦੈ ਦਿੱਲੀ ਅਤੇ ਪੰਜਾਬ ਵਿੱਚ ਤਾਂ ਇਹ ਖ਼ਬਰ ਕਦੋਂ ਦੀ ਆਮ ਫੈਲੀ ਹੋਈ ਏ”, ਹਰਮੀਤ ਦੇ ਲਫਜ਼ਾਂ ਵਿੱਚ ਬੜਾ ਵਿਸ਼ਵਾਸ ਝਲਕ ਰਿਹਾ ਸੀ।
“ਪਰ … …. . ਹਰਮੀਤ! ਉਸ ਦੀ ਮ੍ਰਿਤਕ ਦੇਹ ਦੀ ਪਹਿਚਾਣ ਤਾਂ ਉਸ ਦੇ ਸਕੇ ਭਰਾ ਹਰਚਰਨ ਸਿੰਘ ਰੋਡੇ ਨੇ ਕੀਤੀ ਸੀ, ਜੋ ਆਪ ਫ਼ੌਜ ਵਿੱਚ ਸੂਬੇਦਾਰ ਹੈ, ਫਿਰ ਇਤਨੇ ਘਮਸਾਨ `ਚੋਂ ਨਿਕਲਣਾ … … ਉਂਝ ਵੀ ਉਸ ਦਾ ਕਿਰਦਾਰ ਨਹੀਂ ਸੀ ਇੰਝ ਮੈਦਾਨ `ਚੋਂ ਭੱਜ ਜਾਣ ਵਾਲਾ …. . ?” ਬਲਦੇਵ ਸਿੰਘ ਦੇ ਬੋਲ ਕਿਸੇ ਗਹਿਰੀ ਸੋਚ ਵਿੱਚੋਂ ਨਿਕਲਦੇ ਜਾਪਦੇ ਸਨ। ਸਾਫ ਲੱਗ ਰਿਹਾ ਸੀ ਕਿ ਉਸ ਨੂੰ ਇਸ ਗੱਲ `ਤੇ ਯਕੀਨ ਨਹੀਂ ਹੋ ਰਿਹਾ।
“ਉਹ ਤਾਂ ਠੀਕ ਹੈ ਭਾਪਾ ਜੀ! ਮੈਂ ਵੀ ਖ਼ਬਰਾਂ ਵਿੱਚ ਸੁਣਿਆ ਸੀ … ਪਰ …. ਮੇਰਾ ਦੋਸਤ ਵੀ ਬੜੇ ਵਿਸ਼ਵਾਸ ਨਾਲ ਦੱਸ ਰਿਹਾ ਸੀ। ਨਾਲੇ ਉਹ ਹੁਣੇ ਪਾਕਿਸਤਾਨ ਤੋਂ ਹੋ ਕੇ ਆਇਐ। ਜਥੇ ਨਾਲ, ਗੁਰੂ ਅਰਜੁਨ ਪਾਤਿਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਗਿਆ ਸੀ। ਦੱਸ ਰਿਹਾ ਸੀ, ਉਥੇ ਵੀ ਉਨ੍ਹਾਂ ਬੜਾ ਸੰਤਾਪ ਭੋਗਿਐ। ਇੱਕ ਤਾਂ ਇਥੇ ਪੰਜਾਬ ਦੀਆਂ ਵਿਸ਼ੇਸ਼ ਕਰ ਕੇ ਦਰਬਾਰ ਸਾਹਿਬ ਦੀਆਂ ਖ਼ਬਰਾਂ ਸੁਣ-ਸੁਣ ਕੇ ਸਾਰੇ ਦੁਖੀ ਹੋ ਰਹੇ ਸਨ ਦੂਸਰਾ ਜਿਸ ਦਿਨ ਵਾਪਸੀ ਸੀ, ਗੱਡੀਆਂ ਵਿੱਚ ਬੈਠਿਆਂ ਨੂੰ ਸਾਰਾ ਦਿਨ ਇੰਤਜ਼ਾਰ ਕਰ ਕਰ ਕੇ, ਵਾਗ੍ਹਾ ਬਾਰਡਰ ਤੋਂ ਵਾਪਸ ਆਉਣਾ ਪਿਆ। ਜਿਸ ਵੇਲੇ ਉਨ੍ਹਾਂ ਰੋਸ ਪ੍ਰਗਟ ਕੀਤਾ ਤਾਂ ਪਾਕਿਸਤਾਨ ਦੇ ਅਫਸਰ ਕਹਿੰਦੇ ਕਿ ਜਦੋਂ ਤੁਹਾਡੇ ਦੇਸ਼ ਵਾਲਿਆਂ ਤੁਹਾਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ। ਇਹ ਤਾਂ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦਾ ਦੋ ਦਿਨ ਦਾ ਵੀਜ਼ਾ ਵਧਾ ਦਿੱਤਾ ਤੇ ਹੋਰ ਵੀ ਕਾਫੀ ਸਹਿਯੋਗ ਕੀਤਾ। ਜਥੇ ਵਾਲਿਆਂ ਨੇ ਬੜਾ ਰੋਸ ਕੀਤਾ ਅਤੇ ਉਥੇ ਭਾਰਤ ਦੇ ਸਫੀਰ `ਤੇ ਬੜਾ ਜ਼ੋਰ ਪਾਇਆ ਕਿ ਸਾਨੂੰ ਛੇਤੀ ਵਾਪਸ ਆਪਣੇ ਘਰਾਂ ਵਿੱਚ ਭੇਜੋ ਦੂਸਰਾ ਪਾਕਿਸਤਾਨ ਸਰਕਾਰ ਨੇ ਵੀ ਹੋਰ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਤੀਸਰੇ ਦਿਨ ਉਨ੍ਹਾਂ ਦਾ ਵਾਪਸ ਆਉਣ ਦਾ ਪ੍ਰਬੰਧ ਕੀਤਾ ਗਿਆ। ਜਿਸ ਦਿਨ ਵਾਪਸ ਆਏ ਵੀ ਨੇ, ਸਾਰਾ ਦਿਨ ਸਾਰੀ ਰਾਤ ਭੁਖੇ-ਭਾਣੇ ਰਹਿਣਾ ਪਿਆ। ਇਤਨੀ ਗਰਮੀਂ ਵਿੱਚ ਰੇਲਗੱਡੀ ਦੇ ਡੱਬਿਆਂ ਦੀਆਂ ਸਾਰੀਆਂ ਖਿੜਕੀਆਂ, ਵਿੱਚ ਫਾਨੇ ਠੋਕ ਕੇ ਬੰਦ ਕਰ ਦਿਤੀਆਂ ਗਈਆਂ ਸਨ ਕਿ ਕੋਈ ਬਾਹਰ ਨਾ ਝਾਕ ਸਕੇ। ਗੱਡੀ ਵੀ ਜਿਉਂ ਅਟਾਰੀ ਤੋਂ ਚੱਲੀ ਸਿੱਧੀ ਅੰਬਾਲੇ ਆਕੇ ਰੁਕੀ, ਅੰਮ੍ਰਿਤਸਰ ਵਗੈਰਾ ਦੀਆਂ ਸਵਾਰੀਆਂ ਨੂੰ ਵੀ ਉਥੇ ਹੀ ਉਤਾਰਿਆ ਗਿਆ, ਸਾਰੇ ਪੰਜਾਬ ਵਿੱਚ ਤਾਂ ਕਰਫਿਊ ਸੀ ਪਤਾ ਨਹੀਂ ਵਿਚਾਰੇ ਕਿਵੇਂ ਰੁਲ ਖੁਲ ਕੇ ਆਪਣੇ ਘਰਾਂ ਨੂੰ ਪਹੁੰਚੇ ਹੋਣਗੇ? ਉਥੋਂ ਚੱਲ ਕੇ ਗੱਡੀ ਸਿੱਧੀ ਦਿੱਲੀ ਆ ਕੇ ਰੁਕੀ। ਸੁਰੱਖਿਆ ਦਸਤਿਆਂ ਦਾ ਰਵਈਆ ਵੀ ਬਹੁਤ ਅਪਮਾਨ ਜਨਕ ਸੀ। ਉਹ ਦੱਸ ਰਿਹਾ ਸੀ ਜਥੇ ਦੇ ਕੁੱਝ ਲੋਕਾਂ ਨੇ ਆਪ ਭਾਈ ਜਰਨੈਲ ਸਿੰਘ ਨੂੰ ਵੇਖਿਐ, ਉਸ ਕੋਲੋਂ ਪ੍ਰਸ਼ਾਦਿ ਵੀ ਲਿਐ … …. ।”
ਬਲਦੇਵ ਸਿੰਘ ਨੇ ਹਰਮੀਤ ਦੀ ਗੱਲ ਨੂੰ ਵਿੱਚੋਂ ਹੀ ਕੱਟ ਕੇ ਕਿਹਾ, “ਹਰਮੀਤ ਤੇਰੇ ਦੋਸਤ ਨੇ ਆਪ ਭਾਈ ਜਰਨੈਲ ਸਿੰਘ ਨੂੰ ਵੇਖਿਐ?”
“ਭਾਪਾ ਜੀ! ਉਸ ਆਪ ਤਾਂ ਨਹੀਂ ਵੇਖਿਆ, ਪਰ ਦਸਦਾ ਸੀ ਕਿ ਜਥੇ ਵਿੱਚ ਕਈ ਦੱਸ ਰਹੇ ਸਨ ਕਿ ਜਥੇ ਦੇ ਕਈ ਮੈਂਬਰਾਂ ਨੇ ਵੇਖਿਐ …।”
“ਨਹੀਂ, ਹਰਮੀਤ ਨਹੀਂ! ਮੈਨੂੰ ਇਸ ਅਫਵਾਹ ਵਿੱਚ ਕੋਈ ਸਚਾਈ ਨਹੀਂ ਨਜ਼ਰ ਆਉਂਦੀ ਬਲਕਿ ਡੂੰਘੀ ਸ਼ਰਾਰਤ ਅਤੇ ਸਾਜਿਸ਼ ਨਜ਼ਰ ਆਉਂਦੀ ਏ”, ਬਲਦੇਵ ਸਿੰਘ ਨੇ ਸਿਰ ਅਤੇ ਸੱਜੇ ਹੱਥ ਦੀ ਉਂਗਲੀ ਨਾਂਹ ਵਿੱਚ ਹਿਲਾਉਂਦੇ ਹੋਏ ਕਿਹਾ।
“ਪਰ ਭਾਪਾ ਜੀ! ਇਸ ਦੇ ਵਿੱਚ ਕਾਹਦੀ ਸਾਜਿਸ਼ ਹੋ ਸਕਦੀ ਏ? ਭਲਾ ਇਹ ਅਫਵਾਹ ਕੌਣ ਉਡਾਏਗਾ ਅਤੇ ਕਿਸ ਵਾਸਤੇ?” ਹਰਮੀਤ ਦਾ ਚਾਅ ਅਤੇ ਜੋਸ਼ ਕੁੱਝ ਮੱਠਾ ਪੈਂਦਾ ਜਾ ਰਿਹਾ ਸੀ, ਉਸ ਦਾ ਮਨ ਪਿਤਾ ਦੀ ਗੱਲ ਮੰਨਣ ਲਈ ਸੌਖਾ ਤਿਆਰ ਨਹੀਂ ਸੀ ਹੋ ਰਿਹਾ ਪਰ ਉਹ ਇਹ ਵੀ ਜਾਣਦਾ ਸੀ ਕਿ ਉਸ ਦੇ ਪਿਤਾ ਦੀਆਂ ਗੱਲਾਂ ਕਿਸੇ ਡੂੰਘੀ ਸਿਆਣਪ ਅਤੇ ਜ਼ਿੰਦਗੀ ਦੇ ਨਿੱਘੇ ਤਜਰਬੇ `ਚੋਂ ਨਿਕਲੀਆਂ ਹੁੰਦੀਆਂ ਹਨ।
“ਬੇਟਾ! ਇਹ ਸਰਕਾਰੀ ਏਜੰਸੀਆਂ ਦੀ ਸ਼ਰਾਰਤ ਹੋ ਸਕਦੀ ਏ”, ਬਲਦੇਵ ਸਿੰਘ ਨੇ ਬੜੇ ਠਰ੍ਹਮੇਂ ਨਾਲ ਸਮਝਾਉਂਦੇ ਹੋਏ ਕਿਹਾ।
“ਪਰ ਭਾਪਾ ਜੀ! ਉਨ੍ਹਾਂ ਨੂੰ ਐਸੀ ਅਫਵਾਹ ਫੈਲਾਉਣ ਦਾ ਕੀ ਲਾਭ ਹੈ?” ਹਰਮੀਤ ਨੇ ਫੇਰ ਬੇਭਰੋਸਗੀ ਜਿਹੀ ਜਤਾਉਂਦੇ ਹੋਏ ਕਿਹਾ।
“ਬਹੁਤ ਫਾਇਦਾ ਹੈ ਹਰਮੀਤ, ਸਭ ਤੋਂ ਪਹਿਲਾਂ ਤਾਂ ਇਸ ਨਾਲ ਕੌਮ ਦਾ ਰੋਸ ਘੱਟ ਜਾਂਦੈ, ਜੋ ਇਸ ਵੇਲੇ ਉਨ੍ਹਾਂ ਦੀ ਬਹੁਤ ਵੱਡੀ ਲੋੜ ਹੈ ਦੂਸਰਾ ਨਵੀਂ ਲੀਡਰਸ਼ਿਪ ਨਹੀਂ ਉਭਰ ਸਕਦੀ, ਕਿਉਂਕਿ ਲੋਕਾਂ ਨੂੰ ਭਰੋਸਾ ਹੋ ਜਾਂਦੈ ਕਿ ਸਾਡਾ ਲੀਡਰ ਬੈਠੈ ਤੇ ਛੇਤੀ ਹੀ ਸਾਨੂੰ ਅਗਵਾਈ ਦੇਣ ਲਈ ਆਵੇਗਾ, ਤੇ ਜੇ ਸੁਚੱਜੀ ਲੀਡਰਸ਼ਿਪ ਹੀ ਨਹੀਂ ਤਾਂ ਕੁੱਝ ਵੀ ਪਰਾਪਤ ਨਹੀਂ ਕੀਤਾ ਜਾ ਸਕਦਾ, ਕੌਮਾਂ ਰੁਲ ਜਾਂਦੀਆਂ ਨੇ।”
ਪਿਤਾ ਦੀ ਇਹ ਗੱਲ ਸੁਣ ਕੇ ਹਰਮੀਤ ਦਾ ਮੱਥਾ ਕੁੱਝ ਠਣਕਿਆ, ਉਸ ਨੂੰ ਪਿਤਾ ਦੀਆਂ ਗੱਲਾਂ ਵਿੱਚ ਕਾਫੀ ਸਚਾਈ ਨਜ਼ਰ ਆ ਰਹੀ ਸੀ ਪਰ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਫੇਰ ਬੋਲਿਆ, “ਪਰ ਭਾਪਾ ਜੀ! ਮੇਰਾ ਦੋਸਤ ਤਾਂ ਦੱਸ ਰਿਹਾ ਸੀ ਕਿ ਦਮਦਮੀ ਟਕਸਾਲ ਦੇ ਆਪਣੇ ਲੋਕ ਹੀ ਇਸ ਗੱਲ ਨੂੰ ਮਾਨਤਾ ਦੇ ਰਹੇ ਨੇ ਬਲਕਿ ਉਹੀ ਬਹੁਤਾ ਪ੍ਰਚਾਰ ਕਰ ਰਹੇ ਨੇ।”
“ਇਸ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ, ਪਹਿਲਾਂ ਤਾਂ ਹਰ ਜਥੇਬੰਦੀ ਵਿੱਚ ਏਜੰਸੀਆਂ ਦਾ ਕੋਈ ਬੰਦਾ ਵੜਿਆ ਹੁੰਦੈ ਅਤੇ ਲੋੜ ਅਨੁਸਾਰ ਉਹ ਬੰਦੇ ਖਰੀਦ ਵੀ ਲੈਂਦੇ ਨੇ, ਫੇਰ ਇਹ ਖੇਡ ਖੇਡਣ ਵਾਲੇ ਤਾਂ ਉਹ ਵਿਰਲੇ ਹੀ ਹੁੰਦੇ ਨੇ ਅਤੇ ਉਨ੍ਹਾਂ ਦਾ ਪਤਾ ਲਾਉਣਾ ਵੀ ਬਹੁਤ ਔਖਾ ਹੁੰਦੈ, ਕਿਉਂਕਿ ਆਮ ਤੌਰ `ਤੇ ਉਹ ਅਗੱਲੀ ਕਤਾਰ ਦੇ ਆਗੂਆਂ ਵਿੱਚੋਂ ਹੁੰਦੇ ਨੇ ਅਤੇ ਦੂਸਰਿਆਂ ਨਾਲੋਂ ਵੱਧ ਜੁਝਾਰੂ ਗੱਲਾਂ ਕਰਦੇ ਨੇ, ਬਾਕੀ ਭੋਲੇ-ਭਾਲੇ ਸਿੱਖ ਤਾਂ ਭਾਵੁਕ ਹੋ ਕੇ ਮਗਰ ਲੱਗ ਜਾਂਦੇ ਨੇ। ਦਮਦਮੀ ਟਕਸਾਲ ਵਾਲਿਆਂ ਨੂੰ ਤਾਂ ਬਹੁਤ ਸੁਚੇਤ ਹੋਣਾ ਚਾਹੀਦੈ, ਕਿਉਂਕਿ ਜੇ ਉਹ ਆਪ ਇਸ ਭਰਮਜਾਲ ਦਾ ਸ਼ਿਕਾਰ ਹੋ ਗਏ ਤਾਂ ਇਸ ਨਾਲ ਉਹ ਆਪਣੇ ਆਗੂ ਦੀ ਇਤਨੀ ਮਹਾਨ ਸ਼ਹਾਦਤ ਹੀ ਰੋਲ ਦੇਣਗੇ।”
ਹਰਮੀਤ ਨੂੰ ਪਿਤਾ ਦੀ ਇਸ ਗੱਲ ਵਿੱਚ ਵੀ ਕਾਫੀ ਸੱਚਾਈ ਜਾਪੀ ਪਰ ਉਹ ਗੱਲ ਦੀ ਤਹਿ ਤੱਕ ਪਹੁੰਚ ਜਾਣਾ ਚਾਹੁੰਦਾ ਸੀ, ਸੋ ਫਿਰ ਬੋਲਿਆ, “ਪਰ ਭਾਪਾ ਜੀ ਸੁਣਿਐ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਛੇਤੀ ਹੀ ਪਾਕਿਸਤਾਨ ਦੇ ਟੈਲੀਵਿਜ਼ਨ `ਤੇ ਵਿਖਾਇਆ ਜਾਵੇਗਾ।”
“ਅੱਛਾ ਚਲੋ ਠੀਕ ਹੈ, ਜਦੋਂ ਵਿਖਾਉਣਗੇ ਉਦੋਂ ਗੱਲ ਕਰਾਂਗੇ”, ਬਲਦੇਵ ਸਿੰਘ ਨੇ ਗੱਲ ਨੂੰ ਨਿਬੇੜਨ ਦੇ ਹਿਸਾਬ ਨਾਲ ਕਿਹਾ। ਇੱਕ ਬਹੁਤ ਪੁਰਾਣਾ ਜਾਣਕਾਰ ਗਾਹਕ ਦੁਕਾਨ ਅੰਦਰ ਆ ਰਿਹਾ ਸੀ ਅਤੇ ਬਲਦੇਵ ਸਿੰਘ ਅਕਸਰ ਐਸੇ ਗਾਹਕਾਂ ਦੇ ਨਾਲ ਆਪ ਹੀ ਗੱਲਬਾਤ ਕਰਦਾ ਸੀ। ਬਲਦੇਵ ਸਿੰਘ ਉਠ ਕੇ ਗਾਹਕ ਨੂੰ ਕਪੜਾ ਵਿਖਾਉਣ ਲੱਗ ਪਿਆ ਤੇ ਹਰਮੀਤ ਥੋੜ੍ਹੀ ਦੇਰ ਬੈਠਾ ਕੁੱਝ ਸੋਚਦਾ ਰਿਹਾ ਤੇ ਫੇਰ ਉਠ ਕੇ ਘਰ ਚਲਾ ਗਿਆ।
ਬਲਦੇਵ ਸਿੰਘ ਜਿਸ ਵੇਲੇ ਘਰ ਆਇਆ ਹਰਮੀਤ ਬੈਠਾ ਦੂਰਦਰਸ਼ਨ `ਤੇ ਖ਼ਬਰਾਂ ਸੁਣ ਰਿਹਾ ਸੀ। ਪਿਤਾ ਨੂੰ ਵੇਖਦੇ ਹੀ ਕਹਿਣ ਲੱਗਾ, “ਭਾਪਾ ਜੀ! ਹੁਣੇ ਇਥੇ ਵੀ ਇਹ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜ਼ਿੰਦਾ ਹੋਣ ਦੀ ਅਫਵਾਹ ਬਾਰੇ ਖ਼ਬਰ ਸੁਣਾਈ ਗਈ ਏ, ਪਰ ਇਹ ਵੀ ਇਸ ਨੂੰ ਨਿਰੋਲ ਅਫਵਾਹ ਹੀ ਦਸ ਰਹੇ ਨੇ। ਇਨ੍ਹਾਂ ਤਾਂ ਇਹ ਵੀ ਆਖਿਐ ਕਿ ਜੇ ਪਾਕਿਸਤਾਨ ਵਾਲੇ ਭਿੰਡਰਾਂਵਾਲੇ ਨੂੰ ਜ਼ਿੰਦਾ ਵਿਖਾ ਸਕਦੇ ਨੇ ਤਾਂ ਅਸੀਂ ਭੁਟੋ ਨੂੰ ਜ਼ਿੰਦਾ ਵਿਖਾ ਸਕਦੇ ਹਾਂ।”
“ਮੈਂ ਤਾਂ ਤੈਨੂੰ ਪਹਿਲਾਂ ਹੀ ਆਖਿਆ ਸੀ”, ਬਲਦੇਵ ਸਿੰਘ ਨੇ ਉਥੇ ਹੀ ਸੋਫੇ ਦੀ ਕੁਰਸੀ `ਤੇ ਬੈਠਦੇ ਹੋਏ ਕਿਹਾ। ਗੁਰਮੀਤ ਰਸੋਈ `ਚੋਂ ਪਾਣੀ ਦਾ ਗਲਾਸ ਲਿਆਕੇ ਪਤੀ ਅਗੇ ਕਰਦੀ ਹੋਈ ਬੋਲੀ, “ਓਏ! ਪਹਿਲਾਂ ਆਪਣੇ ਭਾਪਾ ਜੀ ਨੂੰ ਬੈਠ ਤਾਂ ਲੈਣ ਦੇ।” ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਫੜ ਲਿਆ ਤੇ ਦੁਕਾਨ ਦੀਆਂ ਚਾਬੀਆਂ ਅਤੇ ਬੈਗ ਗੁਰਮੀਤ ਨੂੰ ਫੜਾ ਦਿੱਤਾ, ਜਿਸ ਨੂੰ ਲੈਕੇ ਉਹ ਅੰਦਰ ਕਮਰੇ ਵੱਲ ਲੰਘ ਗਈ। ਬੱਬਲ ਵੀ ਅਵਾਜ਼ ਸੁਣ ਕੇ ਆਪਣੇ ਕਮਰੇ `ਚੋਂ ਬਾਹਰ ਆ ਕੇ ਕੋਲ ਬੈਠ ਗਈ ਸੀ। ਹਰਮੀਤ ਕੋਲੋਂ ਸ਼ਾਇਦ ਬਰਦਾਸ਼ਤ ਨਹੀਂ ਸੀ ਹੋ ਰਿਹਾ, ਉਹ ਫੇਰ ਬੋਲਿਆ, “ਪਰ ਭਾਪਾ ਜੀ! ਜੇ ਇਹ ਸਰਕਾਰ ਦੀ ਸਾਜਿਸ਼ ਹੁੰਦੀ ਤਾਂ ਉਸ ਨੂੰ ਕੀ ਲੋੜ ਸੀ ਇਸ ਨੂੰ ਅਫਵਾਹ ਆਖੇ?”
“ਬੇਟਾ! ਸਰਕਾਰ ਆਪਣਾ ਕੰਮ ਕਰਦੀ ਏ, ਤੇ ਏਜੰਸੀਆਂ ਆਪਣਾ ਕੰਮ ਕਰਦੀਆਂ ਨੇ। ਭਾਵੇਂ ਦੋਹਾਂ ਦਾ ਮਕਸਦ ਇਕੋ ਹੁੰਦੈ ਅਤੇ ਪੂਰਾ ਆਪਸੀ ਤਾਲਮੇਲ ਵੀ ਹੁੰਦੈ ਪਰ ਕੰਮ ਕਰਨ ਦਾ ਤਰੀਕਾ ਅਤੇ ਖੇਤਰ ਆਪੋ ਆਪਣਾ ਹੁੰਦੈ। ਹੁਣ ਤੂੰ ਹੀ ਦੱਸ! ਜੇ ਸਰਕਾਰ ਇਸ ਅਫਵਾਹ ਦਾ ਜੁਆਬ ਨਾ ਦੇਵੇ ਤਾਂ ਉਹ ਲੋਕਾਂ ਨੂੰ ਕੀ ਮੂੰਹ ਦਿਖਾਵੇਗੀ ਕਿ ਦੇਸ਼ ਦੀ ਫ਼ੌਜ ਨੇ ਇਤਨਾ ਵੱਡਾ ਜੰਗ ਲੜਿਐ ਪਰ ਜਿਸ ਦੇ ਵਾਸਤੇ ਜੰਗ ਲੜਿਐ, ਉਹ ਠੀਕ ਠਾਕ ਨਿਕਲ ਕੇ ਪਾਕਿਸਤਾਨ ਪਹੁੰਚ ਗਿਐ? ਸੋ ਸਰਕਾਰ ਨੇ ਆਪਣਾ ਸਪੱਸ਼ਟੀਕਰਨ ਵੀ ਦੇ ਦਿੱਤੈ ਅਤੇ ਏਜੰਸੀਆਂ ਆਪਣਾ ਭਰਮ ਜਾਲ ਵਛਾ ਕੇ ਸਿੱਖ ਕੌਮ ਨੂੰ ਗੁੰਮਰਾਹ ਵੀ ਕਰੀ ਜਾ ਰਹੀਆਂ ਨੇ, ਉਨ੍ਹਾਂ ਦੀ ਤਾਂ ਦੋਵੇਂ ਪਾਸੇ ਕਾਮਯਾਬੀ ਹੈ …. ।” ਬੱਬਲ ਪਿਤਾ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ, ਵਿੱਚੋਂ ਹੀ ਬੋਲੀ,
“ਭਾਪਾ ਜੀ! ਪਹਿਲਾਂ ਤਾਂ ਮੈਂ ਵੀ ਇਹ ਖ਼ਬਰ ਸੁਣ ਕੇ ਭਾਵੁਕ ਹੋ ਗਈ ਸਾਂ ਪਰ ਹੁਣ ਮੈਨੂੰ ਤੁਹਾਡੀ ਗੱਲ ਬਿਲਕੁਲ ਸਹੀ ਸਮਝ ਆ ਰਹੀ ਹੈ। ਨਾਲੇ ਅੱਜ ਵੀ ਖ਼ਬਰਾਂ ਵਿੱਚ ਫੇਰ ਦੱਸਿਆ ਗਿਐ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਪਛਾਣ ਉਨ੍ਹਾਂ ਦੇ ਭਰਾ ਸੂਬੇਦਾਰ ਹਰਚਰਨ ਸਿੰਘ ਰੋਡੇ ਨੇ ਆਪ ਕੀਤੀ ਸੀ, ਹੁਣ ਉਸ ਨੂੰ ਬਾਹਰ ਆਕੇ ਕੌਮ ਨੂੰ ਇਹ ਸੱਚਾਈ ਦੱਸਣੀ ਚਾਹੀਦੀ ਹੈ, ਤਾਂ ਕਿ ਕੌਮ ਇਸ ਭਰਮ ਜਾਲ `ਚ ਫਸਣੋ ਬੱਚ ਸਕੇ।”
“ਬੇਟਾ! ਜਦੋਂ ਕੋਈ ਕੌਮ ਲਈ ਵੱਡੀ ਕੁਰਬਾਨੀ ਕਰਦਾ ਹੈ, ਵਿਸ਼ੇਸ਼ ਤੌਰ `ਤੇ ਕੌਮ ਲਈ ਸ਼ਹਾਦਤ ਪਾ ਜਾਂਦਾ ਹੈ ਤਾਂ ਕੌਮ ਉਸ ਦੇ ਪਰਿਵਾਰ ਕੋਲੋਂ ਵੀ ਵੱਡੀਆਂ ਆਸਾਂ ਰਖਣ ਲੱਗ ਪੈਂਦੀ ਹੈ। ਪਹਿਲਾਂ, ਨਾ ਤਾਂ ਹਰ ਕਿਸੇ ਕੋਲ ਉਤਨੀ ਕਾਬਲੀਅਤ ਹੁੰਦੀ ਹੈ ਅਤੇ ਨਾ ਹੀ ਉਤਨੀ ਭਾਵਨਾ, ਦੂਸਰਾ, ਇਹ ਵੀ ਕੌਮ ਦੀ ਇੱਕ ਵੱਡੀ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਐਸੀ ਕੁਰਬਾਨੀ ਤੋਂ ਬਾਅਦ ਅਕਸਰ ਉਸ ਦੇ ਪਰਿਵਾਰ ਵਾਲੇ ਅਤੇ ਹੋਰ ਨੇੜਲੇ ਉਸ ਦੀ ਕੁਰਬਾਨੀ ਦਾ ਮੁੱਲ ਵੱਟਣ ਵਾਸਤੇ ਸਰਗਰਮ ਹੋ ਜਾਂਦੇ ਹਨ, ਕੋਈ ਵਿਰਲਾ ਹੀ ਉਸ ਦੇ ਮਾਰਗ ਅਤੇ ਮਕਸਦ ਨੂੰ ਅਪਣਾਉਂਦਾ ਹੈ। ਬੇਸ਼ਕ! ਉਸ ਨੂੰ ਇਹ ਸਚਾਈ ਉਚੀ ਬੋਲ ਕੇ ਦਸਣੀ ਚਾਹੀਦੀ ਹੈ, ਪਰ ਵੇਖੋ …. . ਉਹ ਭਰਾ ਦੇ ਮਾਰਗ ਨੂੰ ਅਪਣਾਉਂਦਾ ਹੈ ਜਾਂ ਮੁੱਲ ਵੱਟਣ ਵਾਲੇ ਪਾਸੇ ਪੈਂਦਾ ਹੈ। ਜੇ ਮੁੱਲ ਵੱਟਣ ਵਾਲੇ ਪਾਸੇ ਪੈ ਗਿਆ ਤਾਂ ਫੇਰ ਸੋਚੇਗਾ ਕਿ ਉਸ ਨੂੰ ਨਿਜੀ ਫਾਇਦਾ ਕਿਸ ਗੱਲ ਵਿੱਚ ਹੈ, ਸਚਾਈ ਬੋਲਣ ਵਿੱਚ ਜਾਂ ਲੁਕਾਉਣ ਵਿੱਚ। … …. . ਵੈਸੇ ਮੈਨੂੰ ਉਸ ਕੋਲੋਂ ਬਹੁਤੀ ਆਸ ਨਹੀਂ …. . ਜੇ ਉਸ ਵਿੱਚ ਕੋਈ ਸੱਚੀ ਕੌਮੀ ਭਾਵਨਾ ਹੁੰਦੀ ਤਾਂ ਜਿਸ ਵੇਲੇ ਇਤਨੇ ਧਰਮੀਂ ਫ਼ੌਜੀਆਂ ਨੇ ਆਪਣੀਆਂ ਜ਼ਿੰਦਗੀਆਂ ਅਤੇ ਪਰਿਵਾਰਕ ਭਵਿੱਖ ਦਾਅ `ਤੇ ਲਾ ਕੇ ਫ਼ੌਜ ਵਿੱਚੋਂ ਬਗ਼ਾਵਤ ਕਰ ਦਿੱਤੀ, ਉਹ ਵੀ ਉਨ੍ਹਾਂ ਸੂਰਮਿਆਂ ਵਿੱਚ ਸ਼ਾਮਲ ਨਾ ਹੁੰਦਾ? ਕੀ ਆਪਣੇ ਕਪਤਾਨ ਬਣਨ ਦੇ ਸੁਆਰਥ ਵਿੱਚ ਫ਼ੌਜ ਵਿੱਚ ਹੀ ਟਿਕਿਆ ਰਹਿੰਦਾ?”
ਸਾਰੇ ਹੀ ਬੜੇ ਧਿਆਨ ਨਾਲ ਬਲਦੇਵ ਸਿੰਘ ਦੀਆਂ ਗੱਲਾਂ ਸੁਣ ਰਹੇ ਸਨ, ਉਸ ਦੇ ਚੁੱਪ ਹੋਣ ਤੋਂ ਬਾਅਦ ਇਕ-ਦਮ ਤਾਂ ਕੋਈ ਕੁੱਝ ਨਾ ਬੋਲਿਆ ਪਰ ਥੋੜ੍ਹੀ ਦੇਰ ਬਾਅਦ ਹਰਮੀਤ ਕੁੱਝ ਸੋਚਦਾ ਹੋਇਆ ਬੋਲਿਆ, “ਭਾਪਾ ਜੀ! ਕੀ ਸਾਨੂੰ ਕੁਰਬਾਨੀ ਕਰਨ ਵਾਲਿਆਂ ਦੇ ਪਰਿਵਾਰਾਂ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ, ਫਿਰ ਕੌਮ ਵਾਸਤੇ ਕੁਰਬਾਨੀ ਕੌਣ ਕਰੇਗਾ?”
“ਨਹੀਂ ਹਰਮੀਤ! ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਨੂੰ ਕੁਰਬਾਨੀ ਕਰਨ ਵਾਲਿਆਂ ਦੇ ਪਰਿਵਾਰਾਂ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਬਲਕਿ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਪੂਰਾ ਕਰਨਾ ਚਾਹੀਦਾ ਹੈ ਸਗੋਂ ਜੇ ਪਰਿਵਾਰ ਲੋੜਵੰਦ ਹੋਵੇ ਤਾਂ ਮਾਇਕ ਸਹਾਇਤਾ ਵੀ ਕਰਨੀ ਚਾਹੀਦੀ ਹੈ, ਲੇਕਿਨ ਸਤਿਕਾਰ ਕਰਨ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਸ ਦੇ ਗੁਣ ਅਤੇ ਕਾਬਲੀਅਤ ਵੇਖੇ ਬਗੈਰ ਉਸ ਨੂੰ ਕੌਮ ਦਾ ਲੀਡਰ ਮੰਨ ਲਿਆ ਜਾਵੇ, ਕੇਵਲ ਇਸ ਲਈ ਕਿ ਉਹ ਇੱਕ ਸ਼ਹੀਦ ਦੇ ਪਰਿਵਾਰ ਨਾਲ ਸਬੰਧਤ ਹੈ ਯਾ ਆਪ ਕੋਈ ਨਿੱਕੀ ਮੋਟੀ ਔਕੜ ਝੱਲੀ ਏ। ਇਸ ਭਾਵਨਾ ਨੇ ਪਹਿਲਾਂ ਹੀ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਬਾਕੀ ਜਿੱਥੋਂ ਤੱਕ ਇਸ ਗੱਲ ਦਾ ਸੁਆਲ ਹੈ ਕਿ ਫਿਰ ਕੌਮ ਲਈ ਕੁਰਬਾਨੀ ਕੌਣ ਕਰੇਗਾ? ਇਹ ਸੋਚ ਤਾਂ ਬਿਲਕੁਲ ਮਿਥਿਆ ਹੈ। ਕੌਮਾਂ ਲਈ ਕੁਰਬਾਨੀਆਂ ਕਰਨ ਵਾਲੇ ਨਫੇ-ਨੁਕਸਾਨ ਵੇਖ ਕੇ ਕੁਰਬਾਨੀਆਂ ਨਹੀਂ ਕਰਿਆ ਕਰਦੇ, ਇਹ ਨਫੇ-ਨੁਕਸਾਨਾਂ ਦਾ ਹਿਸਾਬ ਤਾਂ ਸੁਆਰਥੀ ਆਗੂ ਹੀ ਲਾਇਆ ਕਰਦੇ ਹਨ।” ਬਲਦੇਵ ਸਿੰਘ ਦੀ ਗੱਲ ਦਾ ਜੁਆਬ ਤਾਂ ਕਿਸੇ ਨੇ ਕੋਈ ਨਾ ਦਿੱਤਾ ਪਰ ਹਰਮੀਤ ਦਾ ਸਿਰ ਹਿਲਦਾ ਵੇਖ ਕੇ ਇਹ ਸਹਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਨੂੰ ਪਿਤਾ ਦੀ ਗੱਲ ਪੂਰੀ ਤਰ੍ਹਾਂ ਸਮਝ ਆ ਗਈ ਹੈ ਅਤੇ ਉਹ ਉਸ ਨਾਲ ਸਹਿਮਤ ਹੈ।
ਥੋੜ੍ਹੀ ਦੇਰ ਬਾਅਦ ਚੁੱਪ ਗੁਰਮੀਤ ਕੌਰ ਨੇ ਤੋੜੀ, “ਉਠੋ ਬਾਥਰੂਮ ਵਗੈਰਾ ਹੋ ਆਓ …. ਰੋਟੀ ਲਗਾਵਾਂ।” ਕਹਿੰਦੀ ਹੋਈ ਉਹ ਉਠ ਕੇ ਰਸੋਈ ਵੱਲ ਚਲੀ ਗਈ, ਉਸ ਦੇ ਮਗਰ ਹੀ ਬੱਬਲ ਵੀ ਚਲੀ ਗਈ ਤੇ ਬਲਦੇਵ ਸਿੰਘ ਉਠ ਕੇ ਆਪਣੇ ਕਮਰੇ ਵਿੱਚ ਬਾਥਰੂਮ ਵੱਲ ਲੰਘ ਗਿਆ। ਖਾਣੇ ਦੇ ਮੇਜ਼ ਦੁਆਲੇ ਬੈਠੇ ਵੀ ਕਿਸੇ ਨੇ ਆਪਸ ਵਿੱਚ ਕੋਈ ਖਾਸ ਗੱਲ ਨਹੀਂ ਕੀਤੀ, ਜਿਵੇਂ ਸਾਰੇ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਹੋਣ। ਸ਼ਾਇਦ ਹਰਮੀਤ ਅਤੇ ਬੱਬਲ ਅੰਦਰ ਇਹ ਖ਼ਬਰ ਜਾਂ ਅਫਵਾਹ ਸੁਣ ਕੇ ਜੋ ਇੱਕ ਨਵਾਂ ਜੋਸ਼ ਜਾਗਿਆ ਸੀ ਉਹ ਉਸ ਦੇ ਟੁਟਣ ਦੇ ਪ੍ਰਭਾਵ ਤੋਂ ਅਜੇ ਉਭਰ ਨਹੀਂ ਸਨ ਸਕੇ। ਬਲਕਿ ਹਰਮੀਤ ਨੂੰ ਇਹ ਵੀ ਚਿੰਤਾ ਲੱਗ ਗਈ ਸੀ, ਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਦੇ ਪਿਤਾ ਨੇ ਸੁਚੇਤ ਕਰ ਦਿੱਤੈ ਪਰ ਸਾਰੀ ਕੌਮ ਨੂੰ ਇਹ ਸੱਚਾਈ ਕੌਣ ਦਸੇਗਾ? ਇਥੇ ਤਾਂ ਬਹੁਤੀ ਕੌਮ ਹੀ ਗੁੰਮਰਾਹ ਹੋਈ ਪਈ ਸੀ।

ਚਲਦਾ … … ….

(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.