.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਕਿਸ਼ਤ ਨੰ ੧੧)

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ॥

ਸਲੋਕ ਮਃ ੨॥

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ੧॥ ਮਃ ੧ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥ ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ॥ ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ॥ ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ॥ ੨॥ ਪਉੜੀ॥ ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ॥ ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ॥ ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ॥ ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ॥ ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ॥ ੧੮॥ ੯੫੫

ਇਹ ਊਪਰ ਵਾਲੀ ਬਾਣੀਂ ਦੀ ਪੰਕਤੀ, ਰਾਮਕਲੀ ਕੀ ਵਾਰ ਵਿਚੋਂ ਹੈ।

ਸੰਪਾਦਨਾਂ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇਂ ਗੁਰਬਾਣੀਂ ਦੇ ਸ਼ਬਦਾਂ ਨੂੰ ਬੇਹੱਦ ਖੁਬਸੂਰਤ ਤਰਤੀਬ ਦਿੱਤੀ ਹੈ।

ਰਾਗਾਂ ਵਿੱਚ ਲਿਖਦੇ ਸਮੇਂ, ਮਹਲੇ ਪਹਿਲੇ ਤੋਂ ਸ਼ੁਰੂ ਕਰ ਕੇ ਮਹਲੇ ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਅਤੇ ਉਸ ਤੋਂ ਬਾਦ ਭਗਤਾਂ ਦੀ ਬਾਣੀਂ ਨੂੰ ਤਰਤੀਬ ਦਿੱਤੀ ਹੈ।

ਪਰ ਉਹਨਾਂ ਹੀ ਰਾਗਾਂ ਦੀਆਂ ਵੱਖ ਵੱਖ ਵਾਰਾਂ ਵਿਚ, ਬਾਣੀਂ ਦੇ ਭਾਵ ਨੂੰ ਆਸਾਨੀਂ ਨਾਲ ਸਮਝਣ ਵਾਸਤੇ, ਅਤੇ ਬਾਣੀਂ ਪੱੜ੍ਹ ਕੇ ਸਾਨੂੰ ਲੱਗਣ ਵਾਲੇ ਭੁਲੇਖਿਆਂ, ਨੂੰ ਦੂਰ ਕਰਨ ਵਾਸਤੇ, ਇਸ ਤਰਤੀਬ ਦੀ ਜਗਹਾ, ਇੱਕ ਅਲੱਗ ਹੀ ਤਰੀਕਾ ਅਪਨਾਇਆ ਹੈ।

ਇਸ ਤਰਤੀਬ ਵਿੱਚ ਪਹਿਲੇ ਬਾਣੀਂ ਸਵਾਲ ਕਰਦੀ ਹੈ, ਅਤੇ ਫਿਰ ਆਪ ਹੀ ਬਾਣੀਂ ਸਵਾਲ ਦਾ ਉੱਤਰ ਵੀ ਦੇਂਦੀਂ ਹੈ। ਵੈਸੇ ਤਾਂ ਇਹ ਸਵਾਲ ਅਤੇ ਉੱਤਰ, ਸਾਰੀ ਹੀ ਬਾਣੀਂ ਵਿਚ, ਆਮ ਹੀ ਨਾਲ ਨਾਲ ਮਿਲਦੇ ਜਾਂਦੇ ਹਨ। ਪਰ ਵਾਰਾਂ ਵਿਚ, ਕਿਸੇ ਸਵਾਲ ਜਾਂ ਲੱਗਣ ਵਾਲੇ ਭੁਲੇਖੇ ਨੂੰ, ਦੂਰ ਕਰਨ ਵਾਸਤੇ, ਅਤੇ ਬਾਣੀਂ ਦੇ ਅਸਲ ਭਾਵ ਨੂੰ ਹੋਰ ਵੀ ਜਿਆਦਾ ਸਪੱਸ਼ਟ ਕਰਨ ਵਾਸਤੇ, ਮਹਲਿਆਂ, ਜਾਂ ਭਗਤਾਂ ਦੀ ਬਾਣੀਂ ਦੀ ਤਰਤੀਬ, ਨੂੰ ਛੱਡ ਕੇ, ਸਵਾਲ ਅਤੇ ਉੱਤਰ ਦੇ ਸਿਧਾਂਤ ਨੂੰ ਮੁੱਖ ਰੱਖਿਆ ਗਿਆ ਹੈ। ਅਤੇ ਮਹਿਲਿਆਂ ਅਤੇ ਭਗਤਾਂ ਦੀ ਬਾਣੀਂ ਨੂੰ ਮਿਲਾ ਕੇ ਲਿਖਿਆ ਗਿਆ ਹੈ।

ਮਿਸਾਲ ਦੇ ਤੌਰ ਤੇ, ਅਗੇ ‘ਦੋ’ ਸ਼ਬਦ ਤੀਜੇ ਮਹਲੇ ਦੇ ਹਨ, ਜੋ ਕਿ “ਰਾਮਕਲੀ ਕੀ ਵਾਰ” ਦੇ ਸ਼ੁਰੂ ਵਿੱਚ ਹੀ ਹਨ। ਜੋ ਇੱਕ ਦੂਸਰੇ ਦੇ ਸਵਾਲ ਅਤੇ ਉੱਤਰ ਹਨ। ਜਾਂ ਇੱਕ ਤਸਵੀਰ ਦੇ, ਦੋ ਪਹਿਲੂ ਦਰਸਾਂ ਰਹੇ ਹਨ।

ਪਹਿਲਾ ਸ਼ਬਦ ਹੈ

ਸਲੋਕੁ ਮਃ ੩॥ ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ॥ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ॥

ਅਤੇ ਦੂਸਰਾ ਸ਼ਬਦ ਹੈ।

ਮਃ ੩॥ ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ॥ ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ॥

ਅਗੇ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਆਪਣੀਂ ਬਾਣੀਂ ਦੇ ‘ਇਕੋ’ ਹੀ ਸ਼ਬਦ ਵਿੱਚ ਆਪੇ ਹੀ, ਸਵਾਲ ਕਰ ਕੇ, ਤੇ ਆਪ ਹੀ ਉੱਤਰ ਵੀ, ਦੇ ਕੇ ਵਾਕ ਨੂੰ ਪੂਰਾ ਕਰ ਰਹੇ ਹਨ।

ਮਃ ੩॥ ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ॥ ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ॥ ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ॥ ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ॥ ੨॥ ੯੪੮

ਇਸੇ ਤਰਾਂ;

ਅੱਗੇ ਪਹਿਲੇ ਕਬੀਰ ਜੀ ਦਾ ਸਲੋਕ ਹੈ, ਅਤੇ ਨਾਲ ਹੀ ਅੱਗੇ ਗੁਰੂ ਅਮਰਦਾਸ ਜੀ ਦਾ ਸਲੋਕ ਹੈ, ਜੋ ਕਬੀਰ ਜੀ ਦੇ ਸਲੋਕ ਵਾਲੇ ਵਾਕ ਨੂੰ ਪੂਰਾ ਕਰ ਰਿਹਾ ਹੈ।

ਸਲੋਕੁ॥ ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ॥ ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ॥ ੧॥ ਮਃ ੩॥ ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ॥ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ॥ ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ ੨॥ ੯੪੭

ਇਸੇ ਹੀ ਤਰਾਂ, ਸਿਰਲੇਖ ਵਾਲੇ।

ਸਲੋਕ ਮਃ ੨

ਵਾਲੇ ਸ਼ਬਦ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥

ਇਸ ਸ਼ਬਦ ਦੇ ਚੱਲ ਰਹੇ ਵਿਸ਼ੇ ਵਾਕ ਨੂੰ,

ਮਃ ੧॥

ਵਾਲਾ ਸ਼ਬਦ

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਵਾਲਾ ਇਹ ਸ਼ਬਦ ਪੂਰਾ ਕਰ ਰਿਹਾ ਹੈ।

* *

ਗੁਰੂ ਅੰਗਦ ਸਾਹਿਬ ਜੀ ਦੇ ਸ਼ਬਦ ਵਿੱਚ ਇੱਕ ਪੰਕਤੀ ਆਈ ਹੈ।

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ”

ਇਸ ਪੰਕਤੀ ਦੇ ਅਰਥ ਸਾਡੇ ਵਿਦਵਾਨਾਂ ਨੇਂ, ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰੇ ਹਨ।

ਗੁਰੂ ਅੰਗਦ ਸਾਹਿਬ ਜੀ, ਝੂਠ ਨਹੀਂ ਕਹਿ ਰਹੇ ਹਨ।

ਇਹ ਸੱਚ ਹੈ,

ਕਿ ਇਸ ਸੰਸਾਰ ਵਿੱਚ ਜੀਅ ਹੀ ਜੀਆਂ ਦਾ ਭੋਜਨ ਹਨ।

ਪਰ

ਕੀ ਅਸੀਂ ਜੀਅ ਨਹੀਂ ਹਾਂ,

ਕੀ ਅਸੀਂ ਰੱਬ ਹਾਂ!

ਜੇ ਸਾਡਾ ਭੋਜਨ ਜੀਅ ਹਨ। ਤਾਂ. .

ਕੀ ਅਸੀਂ ਵੀ ਕਿਸੇ ਹੋਰ ਜੀਅ ਦਾ ਭੋਜਨ ਨਹੀਂ ਬਣ ਸਕਦੇ?

ਕਿਉਂ ਨਹੀਂ ਬਣ ਸੱਕਦੇ? ?

ਹਰੀ ਕੀ ਨਹੀਂ ਕਰ ਸੱਕਦਾ।

(ਜੇ ਹਰੀ ਮਾਸ ਖਾਣ ਵਾਲੇ ਸ਼ੇਰਾਂ ਨੂੰ ਘਾਹ ਖਵਾ ਸੱਕਦਾ ਹੈ, ਤਾਂ ਅਸਾਨੂ ਵੀ ਕਿਵੇਂ ਬਖਸ਼ੇ ਗਾ।)

ਆਪਾਂ ਇਸ ਸ਼ਬਦ ਦੀ ਵਿਚਾਰ ਕਰਾਂ ਗੇ। ਕਿ ਕੀ ਸੱਚਮੁੱਚ ਹੀ ਗੁਰੂ ਅੰਗਦ ਸਾਹਿਬ ਜੀ ਨੇਂ, ਸਾਨੂੰ ਮਾਸ ਖਾਣ ਵੱਲ ਪਰੇਰਤ ਕਰਨ ਵਾਸਤੇ, ਹੀ ਇਹ ਸ਼ਬਦ ਉਚਾਰਣ ਕੀਤਾ ਹੈ।

ਆਮ ਕਰਕੇ ਅਸੀਂ ਆਪਣੇਂ ਮਤਲਬ ਦੀ ਬਾਣੀਂ ਲੈ ਲੈਂਦੇ ਹਾਂ, ਬਾਕੀ ਜਿਹੜੀ ਬਾਣੀਂ ਸਾਡੇ ਵਿਚਾਰਾਂ ਨੂੰ ਰੱਦ ਕਰਦੀ ਹੋਵੇ, ਉਸ ਨੂੰ ਅਸੀਂ ਛੱਡ ਦੇਂਦੇ ਹਾਂ।

ਜਾਂ ਫਿਰ ਅਸੀਂ ਆਪਣੇਂ ਮਤਲਬ ਦੀ ਇੱਕ ਕੜੀ ਚੁਣ ਲੈਂਦੇ ਹਾਂ, ਅਤੇ ਉਸ ਕੜੀ ਦੇ ਮਨ ਦੇ ਘੜੇ ਅਰਥ ਲਿਖ ਦੇਂਦੇ ਹਾਂ।

ਦੂਸਰੇ ਮਹਲੇ’ ਦੇ ਸ਼ਬਦ ਦੇ ਨਾਲ ਹੀ,

ਪਹਿਲੇ ਮਹਲੇ’ ਦੇ ਸ਼ਬਦ ਨੂੰ ਜੋੜਨ ਦਾ (ਉਹ ਵੀ ਤਰਤੀਬ ਨੂੰ ਛੱਡ ਕੇ) ਇੱਕ ਖਾਸ ਹੀ ਮਕਸਦ ਹੋ ਸੱਕਦਾ ਹੈ/ਜਾਂ ਹੈ। ਗੁਰੂ ਅਰਜਨ ਦੇਵ ਜੀ ਦਾ।

ਆਉ ਅਸੀਂ ਵੀ ਇਹਨਾਂ ਦੋਹਾਂ ਸ਼ਬਦਾਂ ਨੂੰ ਇਕੱਠਾ ਹੀ ਵਿਚਾਰੀਏ।

ਮਹਲਾ ੨ ਦੇ ਸ਼ਬਦ ਵਿੱਚ ਅਗੇ ਲਿਖੀ ਪੰਕਤੀ ਆਈ ਹੈ।

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥

(ਇਹ ਪੰਕਤੀ ਇਸ ਲੇਖ ਦਾ ਸਿਰਲੇਖ ਵੀ ਹੈ)

ਇਸ ਪੰਕਤੀ ਨੂੰ ਲੈ ਕੇ,

ਇਸ ਪੂਰੇ ਸ਼ਬਦ ਨੂੰ, ਵਿਦਵਾਨਾਂ ਨੇਂ ਮਾਸ ਖਾਣ ਦੇ ਹੱਕ ਵਿੱਚ ਖੂਬ ਜੋਰ ਨਾਲ ਪ੍ਰਚਾਰਿਆ ਹੈ।

*

ਸ਼ਬਦ ਦੀ ਵਿਚਾਰ;

ਮਃ ੨॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥

ਕੌਣ ਕਰ ਰਿਹਾ ਹੈ ਚਿੰਤਾ! ਅਤੇ ਕੈਸੀ ਹੈ ਚਿੰਤਾ!

ਜਿਸ ਦਾ ਕਿ ਉੱਤਰ

ਗੁਰੂ ਅੰਗਦ ਦੇਵ ਜੀ ਦੇ ਰਹੇ ਹਨ, ਜਾਂ ਉਹਨਾਂ ਨੂੰ ਦੇਣਾਂ ਪੈ ਰਿਹਾ ਹੈ! !

ਇਹ ਵੀ ਵਿਚਾਰਨ ਵਾਲੀ ਗੱਲ ਹੈ।

ਉਹ (ਸਵਾਲ ਕਰਤਾ)

ਜਾਂ ਤਾਂ

ਮਾਸਾਹਾਰੀ” ਹੋ ਸਕਦਾ ਹੈ, ਜਾਂ ਫਿਰ “ਸ਼ਾਕਾਹਾਰੀ” ਵੀ ਹੋ ਸਕਦਾ ਹੈ।

ਮੰਨ ਲਵੋ,

ਜੇ ਤਾਂ ਸਵਾਲ ਕਰਤਾ ਮਾਸਾਹਾਰੀ ਹੈ,

ਤਾਂ ਉਹ ਮਾਸ ਖਾਣ ਵਾਸਤੇ ਗੁਰੂ ਜੀ ਅਗੇ ਆਪਣੀਂ ਜਗਿਆਸਾ ਜਾਹਰ ਕਰੇ ਗਾ। ਤੇ ਕਹੇ ਗਾ, ਕੇ ਗੁਰੂ ਜੀ, ਜਲ (ਸਮੁੰਦਰ) ਵਿੱਚ ਐਨੇਂ ਜੀਵ ਹਨ, ਉਹ ਵੀ ਤਾਂ ਜੀਆਂ ਨੂੰ ਜੀਅ, ਭਾਵ ਸਾਰੇ ਮਾਸ ਹੀ ਖਾਂਦੇ ਹਨ। ਤੁਸੀਂ ਸਾਨੂੰ ਮਾਸ ਖਾਣ ਤੋਂ ਕਿਉਂ ਰੋਕਦੇ ਹੋ। ਜੇ ਉਹ ਸਾਰੇ ਮਾਸ ਖਾਈ ਜਾਂਦੇ ਹਨ, ਤਾਂ ਸਾਨੂੰ ਮਾਸ ਖਾਣ ਵਿੱਚ ਕੀ ਹਰਜ ਹੈ। ਕੀ ਉਹਨਾਂ ਨੂੰ ਮਾਸ ਖਾਣ ਦਾ ਕੋਈ ਦੋਸ਼ ਨਹੀਂ ਹੈ। ਕੀ ਮਾਸ ਖਾਣ ਨਾਲ ਉਹਨਾਂ ਤੇ ਕੋਈ ਪਾਪ ਕਰਮ ਨਹੀਂ ਚੜ੍ਹਦਾ। ਜੇ ਇੱਕ ਜਲ ਦੇ ਜੀਵ ਹੋ ਕੇ ਮਾਸ ਵਰਗੇ ਸੁਆਦਲੇ ਭੋਜਨ ਖਾ ਸੱਕਦੇ ਹਨ, ਤਾਂ ਅਸੀਂ ਮਨੁਖ ਹੋ ਕੇ, ਇਸ ਸੁਆਦਲੇ ਅਤੇ ਕੀਮਤੀ ਭੋਜਨ ਤੋਂ ਵਾਂਝੇ ਕਿਉਂ ਰਹੀਏ।

ਅਸI ਰੋਜ਼ ਤੱਕਦੇ ਹਾਂ ਕਿ ਡੱਡੀਆਂ, ਮੱਛੀਆਂ ਤੋਂ ਲੈਕੇ ਮਗਰਮੱਛ, ਸ਼ਾਰਕ ਆਦਿ ਬੇਅੰਤ ਜੀਵ, ਜਿਨ੍ਹਾਂ ਦੀ ਜਨਮ ਤੋਂ ਲੈ ਕੇ ਅੰਤ ਤੀਕ ਸਾਰੀ ਸਰੀਰਕ ਕਿਰਿਆ ਹੀ ਪਾਣੀ ਵਿੱਚ ਹੈ। ਇਥੋਂ ਤੀਕ ਕਿ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ” ਅਨੁਸਾਰ ਉਨ੍ਹਾਂ ਦਾ ਭੋਜਨ ਵੀ ਕਰਤੇ ਨੇ ਉਥੇ ਹੀ ਦਿਤਾ ਹੋਇਆ ਹੈ। ਇਸ ਤੋਂ ਇਲਾਵਾ ਧਰਤੀ ਦੇ ਜੀਵਾਂ ਵਿਚੋਂ ਹੀ ਜੀਵਾਂ ਦੀਆਂ ਬੇਅੰਤ ਸ਼੍ਰੇਣੀਆਂ ਹਨ ਜਿਵੇਂ ਛਿੱਪਕਲੀਆਂ, ਬਗੁਲੇ. ਆਦਿ ਜਿਨ੍ਹਾਂ ਦਾ ਭੋਜਨ ਹੀ ਕੀੜੇ, ਮਕੌੜੇ, ਡੱਡੀਆਂ, ਮੱਛੀਆਂ ਹਨ। ਇਸੇਤਰ੍ਹਾਂ ਸਪਨੀ ਨੂੰ ਲਵੋ ਜਿਸ ਬਾਰੇ ਮਸ਼ਹੂਰ ਹੈ ਕਿ ਉਹ ਅਪਣੇ ਹੀ ਬਚਿਆਂ ਨੂੰ ਖਾ ਜਾਂਦੀ ਹੈ। ਇਹੀ ਗਲ ਮੱਛੀਆਂ ਬਾਰੇ ਵੀ ਜਗ ਜ਼ਾਹਿਰ ਹੈ ਕਿ ਵੱਡੀਆਂ ਮੱਛੀਆਂ, ਛੋਟੀਆਂ ਮੱਛੀਆਂ ਨੂੰ ਖਾਂਦੀਆਂ ਹਨ।

ਜਦਕਿ ਬਾਣੀਂ ਵਿੱਚ ਬਾਰ ਬਾਰ ਚਿਤਾਇਆ ਹੈ ਕਿ. . ਐ ਇਨਸਾਨ ਕਰਤੇ ਨੇਂ ਇਹ ਸਾਰੀਆਂ ਦਾਤਾਂ ਤੇਰੇ ਲਈ ਬਖਸ਼ੀਆਂ ਹਨ।

ਫੁਰਮਾਣ ਹੈ

“ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” ੩੭੪

*

ਤਾਂ ਗੁਰੂ ਦਇਆ ਕਰ ਕੇ ਸਾਨੂੰ ਮੂਰਖਾਂ ਨੂੰ ਸ਼ਬਦ ਦੁਆਰਾ ਸਮਝਾਉਂਦੇ ਹਨ

(ਅਗੋਂ ਮੰਨਣਾਂ ਜਾਂ ਨਾਂ ਮੰਨਣਾਂ ਇਹ ਉਸ ਦੀ ਜਾਂ (ਸਾਡੀ) ਮਰਜੀ ਹੈ)

ਉੱਤਰ;

ਦੇਖ ਭਾਈ ਤੂੰ ਇਸ ਦੀ ਚਿੰਤਾ ਨਾਂ ਕਰ. .

ਦੇਖ ਭਾਈ, ਜਲ ਵਿੱਚ ਨਾਂ ਤਾਂ ਕੋਈ ਹੱਟੀਆਂ ਬਜ਼ਾਰ ਹਨ, ਅਤੇ ਨਾਂ ਹੀ ਉਥੇ ਕੋਈ ਸੌਦਾ ਮਿਲਦਾ ਹੈ, (ਪਰ ਪੇਟ ਤਾਂ ਕਰਤੇ ਨੇਂ ਉਹਨਾਂ ਜਲ ਦੇ ਜੀਵਾਂ ਨੂੰ ਵੀ ਲਾਇਆ ਹੋਇਆ ਹੈ) ਉਹਨਾਂ ਨੂੰ ਵੀ ਤਾਂ ਰਿਜਕ ਰੋਜ਼ੀ ਚਾਹੀਦੀ ਹੈ। ਉਨਾਂ ਜਲ ਦੇ ਜੀਵਾਂ ਦੀ ਤਾਂ ਮਜਬੂਰੀ ਹੈ। ਵਿਚਾਰੇ ਕੀ ਖਾਣ! ਇਸ ਵਾਸਤੇ ਉਥੇ ਜੀਆਂ ਨੂੰ ਜੀਅ ਖਾਈ ਜਾਂ ਰਹੇ ਹਨ। ਭੁਖ ਦੇ ਮਰਦੇ, ਜੀਆਂ ਨੇਂ ਜੀਅ ਹੀ ਖਾਣੇਂ ਹਨ, ਹੋਰ ਕੀ ਕਰਨ। ਛੋਟੇ ਜੀਆਂ ਨੂੰ ਵੱਡੇ ਜੀਅ ਖਾਈ ਜਾਂਦੇ ਹਨ।

ਤੂੰ ਇਸ ਦੀ ਚਿੰਤਾ ਨਾਂ ਕਰ।

(ਇਹ ਸੱਭ ਹਰੀ ਦੇ ਹੁਕਮ ਵਿੱਚ ਹੋ ਰਿਹਾ ਹੈ)

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ॥

*

(ਪਰ ਤੂੰ ਉਹਨਾਂ ਦੀ ਰੋਜ਼ੀ ਤੇ ਵੀ ਆਪਣੀਂ ਲਬੁ (ਲਾਲਚ) ਦੀ ਨਿਗਾਹ ਕਿਉਂ ਟਿਕਾਈ ਬੈਠਾ ਹੈਂ)

(ਜਲ ਦੇ ਜੀਵ ਤਾਂ ਮਜਬੂਰ ਹਨ, ਪਰ ਤੇਰੀ ਕੀ ਮਜਬੂਰੀ ਹੈ ਜੋ ਤੂੰ ਮਾਸ ਖਾਣਾਂ ਚਾਹੁੰਦਾ ਹੈ)

(ਉਹਨਾਂ (ਜਲ ਜੀਵਾਂ) ਨੂੰ ਮਾਸ ਖਾਦੇ ਦੇਖ, ਤੇਰੇ ਮੂੰਹ ਵਿਚੋਂ ਲਾਰਾਂ ਕਿਉਂ ਡਿੱਗਦੀਆਂ ਹਨ) (ਜੇ ਤੂੰ ਜਲ ਦੇ ਜੀਵਾਂ ਦੀ ਰੀਸ ਹੀ ਕਰਨੀਂ ਹੈ, ਤਾਂ ਜਾਹ! ਭਾਈ, ਤੂੰ ਵੀ ਜਲ ਦੀ ਮੱਛੀ ਬਣ ਜਾ, ਪਰ ਯਾਦ ਰੱਖੀ, ਤੂੰ ਆਪਣੇਂ ਤੋਂ ਛੋਟੀਆਂ ਮੱਛੀਆਂ ਨੂੰ ਖਾ ਕੇ, ਤਾਂ ਬਹੁਤ ਹੀ ਖੁਸ਼ ਹੋਵੇਂ ਗਾ। ਪਰ ਜਦੋਂ ਤੇਰੇ ਤੋਂ ਕਿਸੇ ਵੱਡੀ ਮੱਛੀ ਨੇਂ, ਤੈਨੂੰ ਆਪਣੇਂ ਜਬਾੜੇ ਵਿੱਚ ਭਰ ਲਿਆ, ਤਾਂ ਸੋਚ ਤੇਰੀ ਕੀ ਹਾਲਤ ਹੋਵੇ ਗੀ।)

ਉਹਨਾਂ ਜੀਵਾਂ ਦਾ ਕੀ ਲੇਖਾ ਹੈ. . ਜਾਂ ਕੀ ਭੁਗਤਾਨ ਹੋਵੇ ਗਾ… ਅਤੇ ਕੀ ਆਪਸੀ ਲੈਣ ਦੇਣ ਹੈ…ਕੋਈ ਲੇਖਾ ਦੇ ਰਿਹਾ ਹੈ…ਜਾਂ ਕੋਈ ਲੇਖਾ ਲੈ ਰਿਹਾ ਹੈ…ਜਾਂ ਇਹ ਪਾਪ ਹੈ, ਜਾਂ ਕਰਮ ਹੈ…ਇਸ ਦੀ ਚਿੰਤਾ ਤੂੰ ਨਾਂ ਕਰ।

ਇਸ ਦੀ ਚਿੰਤਾ ਹਰੀ (ਪ੍ਰਭੂ) ਨੂੰ ਹੈ। ਇਸ ਦਾ ਸਾਰਾ ਹਿਸਾਬ ਕਿਤਾਬ ਹਰੀ ਨੇਂ ਰੱਖਣਾਂ ਹੈ।

(ਤੂੰ ਤਾਂ ਸਿਰਫ ਆਵਦੇ ਬਚਾਉ ਦੀ ਚਿੰਤਾ ਕਰ, ਜੇ ਕਰ ਸੱਕਦਾ ਹੈਂ ਤਾਂ) (ਤੂੰ ਖੁਦ ਸਾਇਰਾ (ਸਾਗਰ) ਵਿੱਚ ਜਾਣ ਤੋਂ ਬਚ, ਉਥੇ ਤਾਂ ਇਹੋ ਕੁੱਝ ਹੀ ਹੋ ਰਿਹਾ ਹੈ ਜੁਗਾਂ ਤੋਂ।

ਤੂੰ ਤਾਂ ਖੁਦ ਇੱਕ ਮਛਲੀ ਹੈਂ, ਪਰ ਤੂੰ ਦੂਸਰਿਆਂ ਦਾ ਮਾਸ ਖਾਣਾਂ ਚਾਹੁੰਦਾ ਹੈ! !

ਤੂੰ ਪਹਿਲੇ ਆਪਣਾਂ ਮਾਸ ਬਚਾਉਣ ਦੀ ਚਿੰਤਾ ਕਰ।

ਮਃ ੧॥ ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਇਹ ਮਾਸ ਖਾਣ ਦੀ ਤ੍ਰਿਸਨਾਂ, ਜਮਕਾਲ ਸ਼ਿਕਾਰੀ ਦਾ ਜਾਲ ਹੈ। (ਇਸ ਤੋਂ ਬਚ)

ਸਾਰੇ ਸ਼ਬਦ ਦੇ ਅਖੀਰ ਤੇ ਗੁਰੂ ਅੰਗਦ ਜੀ, ਫਿਰ ਦੁਬਾਰਾ ਸਮਝਾਉਂਦੇ ਹਨ।

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ੧॥

ਜਿਸ (ਕਰਤੇ) ਨੇਂ ਸਾਇਰਾ (ਸਾਗਰ) ਵਿੱਚ ਜੀਅ ਉਪਾਏ ਹਨ। ਉਹਨਾਂ ਦੀ ਹਰ ਤਰਾਂ ਦੀ ਸਾਰ ਖਬਰ (ਸੰਭਾਲ) ਉਹ ਕਰਤਾ ਆਪੇ ਕਰਦਾ ਹੈ/ਕਰੇਗਾ। (ਨਾਨਕ ਨੂੰ) ਜਾਂ ਤੈਨੂੰ ਉਸ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ।

ਇਸ ਸ਼ਬਦ ਵਿੱਚ ਮਾਸ ਖਾਣ ਦੀ ਆਗਿਆ ਕਿੱਥੇ ਹੈ। ਜਾਂ ਹੁਕਮ ਕਿੱਥੇ ਹੈ।

ਅਸੀਂ ਇਸ ਸ਼ਬਦ ਦੇ ਅਰਥ ਮਾਸ ਖਾਣ ਦੇ ਹੱਕ ਵਿੱਚ ਘੜ ਲਏ ਹਨ।

ਕੀ ਇਸ ਸ਼ਬਦ ਦਾ ਇਹ ਅਰਥ ਹੈ, ਕੇ ਗੁਰੂ ਅੰਗਦ ਦੇਵ ਜੀ ਨੇਂ, ਸਾਨੂੰ ਜਲ ਦੇ ਜੀਵਾਂ ਦੀ, ਖਬਰ ਲਿਆ ਕੇ ਦਿੱਤੀ, ਕੇ ਹੇ ਭਾਈ, ਜਲ ਵਿੱਚ ਵੀ ਜੀਵ ਜੀਵਾਂ ਨੂੰ ਖਾਈ ਜਾਂਦੇ ਹਨ, ਇਸ ਵਾਸਤੇ ਤੁਸੀਂ ਵੀ ਚਿੰਤਾ ਛੱਡੋ, ਤੇ ਤੇ ਤੁਸੀਂ ਵੀ ਉਹੋ ਕੁੱਝ ਹੀ ਖਾਉ ਜੋ ਜਲ ਦੇ ਜੀਵ ਖਾ ਰਹੇ ਹਨ।

ਇਹ ਗਿਆਨ ਨਹੀਂ, ਇਹ ਰੀਸ ਹੈ।

(ਸਾਨੂੰ ਰੀਸ ਗੁਰਮੁਖਾਂ ਦੀ ਕਰਨੀਂ ਚਾਹੀਦੀ ਹੈ,)

ਜਲ ਜੀਵਾਂ ਦੀ ਨਹੀਂ,

ਜੇ ਗੁਰਮੁਖਾਂ ਦੀ ਰੀਸ ਕਰਾਂ ਗੇ…ਤਾਂ ਗੁਰਮੁਖ ਬਣ ਜਾਵਾਂ ਗੇ,

ਜੇ ਜਲ ਜੀਵਾਂ ਦੀ ਰੀਸ ਕਰਾਂ ਗੇ…ਤਾਂ ਜਲ ਦੇ ਜੀਵ ਬਣ ਜਾਵਾਂ ਗੇ।

ਨੋਟ:-

ਇਸ ਸ਼ਬਦ ਵਿੱਚ ਸਾਫ ਅੱਖਰਾਂ ਵਿੱਚ ‘ਚਿੰਤਾ’ ਲਫਜ਼ ਲਿਖਿਆ ਹੋਇਆ ਹੈ।

ਜੇ ਮਾਸ ਖਾਣਾਂ ‘ਭੋਜਨ’ ਹੈ ਤਾਂ ਫਿਰ ‘ਚਿੰਤਾ’ ਕਾਹਦੀ।

ਪਰ ਗੁਰੂ ਜੀ, ਤਾਂ ਉਹਨਾਂ (ਜਲ) ਜੀਵਾਂ (ਬਿਚਾਰਿਆਂ) ਦੀ ਹਾਲਤ ਤੇ ‘ਚਿੰਤਾ’ ਕਰਦੇ ਹਨ।

ਫਿਰ ਖੁਦ ਹੀ ਆਪਣੇਂ ਆਪ ਨੂੰ ਜਾਂ (ਸਾਨੂੰ) ਸਮਝਾਉਂਦੇ ਹਨ, ਕਿ

ਨਾਨਕ ਚਿੰਤਾ ਮਤ ਕਰਹੁ

ਤੂੰ ਚਿੰਤਾ ਨਾਂ ਕਰ।

ਚਿੰਤਾ ਤਿਸ ਹੀ ਹੇਇ

ਕੀ?

‘ਚਿੰਤਾ’

ਦਾ ਮਤਲਬ ਇਹ ਹੈ,

ਕਿ ਗੁਰੂ ਅੰਗਦ ਦੇਵ ਜੀ ਕਹਿ ਰਹੇ ਹਨ, ਕਿ ਸਿਖੋ ਚਿੰਤਾ ਨਾਂ ਕਰੋ, ਖੂਬ ਮਾਸ ਮੱਛੀ ਖਾਉ।

ਇਸ ਸ਼ਬਦ ਵਿੱਚ ਗੁਰੂ ਜੀ ਕਿਸ ਗੱਲ ਦੀ ਚਿੰਤਾ ਕਰਦੇ ਹਨ? ?

ਗੁਰੂ ਜੀ ਤਾਂ,

ਜੀਆ ਕਾ ਆਹਾਰ ਜੀਅ

ਦੀ ਚਿੰਤਾ ਕਰਦੇ ਹਨ, ਇਸ ਸ਼ਬਦ ਵਿਚ।

ਸਾਨੂੰ ਗੁਰੂ ਦੀ ਚਿੰਤਾ ਤਾਂ ਦਿੱਸਦੀ ਨਹੀਂ

ਪਰ ਸਾਰੇ ਸ਼ਬਦ ਵਿਚੋਂ ਸਾਨੂੰ ਇੱਕ ਆਪਣੇਂ ਪੇਟ ਦੀ, ਜਾਂ ‘ਆਹਾਰ’ ਦੀ ਚਿੰਤਾ ਨਜਰ ਆ ਗਈ ਹੈ।

ਐ ਸੱਜਣੋਂ! ਜੇ ‘ਕਰਤਾ’ ਪਾਣੀਆਂ ਜਾਂ ਪੱਥਰਾਂ ਦੇ ਜੀਵਾਂ ਨੂੰ ਰੋਜ਼ੀ ਦੇ ਸੱਕਦਾ ਹੈ।

ਤਾਂ ਕੀ ਉਸ ਨੂੰ ਸਾਡੀ ਕੋਈ ਚਿੰਤਾ ਨਹੀਂ ਹੈ।

ਜਰਾ ਸੋਚੋ! ਕੀ ਉਸ ਨੇਂ ਸਾਡੇ ਵਰਗੀਆਂ ਦਾਤਾਂ, ਕਿਸੇ ਹੋਰ ਜੂਨ ਨੂੰ ਦਿੱਤੀਆਂ ਹਨ? ?

ਪਰ ਸਾਨੂੰ ਇਸ ਤੇ ਵੀ ਕੋਈ ਸਬਰ ਸੰਤੋਖ ਹੀ ਨਹੀਂ ਹੈ।

ਇਕ ਆਹਾਰ ਲਫਜ਼

ਬਹੁਤ ਮੋਟਾ ਸਾਰਾ, ਅਤੇ ਬਹੁਤ ਹੀ ਸਪਸ਼ਟ ਰੂਪ ਵਿੱਚ ਦਿੱਸ ਪਿਆ ਹੈ ਸਾਨੂੰ ਇਸ ਬਾਣੀਂ ਵਿਚ,

ਇਸ ਬਾਣੀਂ ਵਿੱਚ ‘ਆਹਾਰ’ ਲਫਜ਼ ਕੀ ਆ ਗਿਆ ਕੇ ਆਹਾਰ’ ਦਾ ਬਸ ਨਾਂ ਸੁਣ ਕੇ ਜਾਂ (ਪੜ੍ਹ ਕੇ) ਸਾਡੀ ਮਾਸ ਖਾਣ ਦੀ ਭੁੱਖ ਜਾਗ ਪੈਂਦੀ ਹੈ,

ਸਾਡਾ ਆਪਣੇਂ ਆਪ ਤੋਂ ਕੰਟਰੋਲ ਖਤਮ ਹੋ ਜਾਂਦਾ ਹੈ।

ਅਤੇ ਲੱਗ ਜਾਂਦੇ ਹਾਂ ਮਾਸ ਦੇ ‘ਆਹਾਰ’ ਦੀ ਚਿੰਤਾ ਕਰਨ।

ਬਾਣੀਂ ਵਿੱਚ ਕਿਤੇ ‘ਮਾਸ’ ਜਾਂ ‘ਆਹਾਰ’ ਲਫਜ਼ ਆ ਜਾਵੇ ਸਹੀ।

ਤਾਂ ਮਾਸਾਹਾਰੀ ਵਿਦਵਾਨ ਵੀਰਾਂ ਨੂੰ ਦੂਰੋਂ ਹੀ ਮਾਸ ਦੇ ਤੜਕਿਆਂ, ਮੇਵਿਆਂ, ਅਤੇ ਡਰਾਈ ਫਰੂਟਾਂ, ਦੀਆਂ ਮਹਿਕਾਂ ਆਉਣ ਲੱਗ ਪੈਂਦੀਆਂ ਹਨ। ਬਾਕੀ ਪੜ੍ਹਨਾਂ ਪੜ੍ਹਾਉਣਾਂ ਸੱਭ ਭੁੱਲ ਜਾਂਦਾ ਹੈ। ਬਾਣੀਂ ਵਿੱਚ ਸਾਡੇ ਵਿਦਵਾਨਾਂ ਨੂੰ ‘ਗਿਆਨ’ ਜਾਂ ‘ਸਿਖਿਆ’ ਦੀ ਇੱਕ ਵੀ ਗੱਲ ਨਹੀਂ ਨਜਰ ਆਉਦੀ। ਕਿ ਬਾਣੀਂ ਵਿੱਚ ਇਹ ਮਾਸ ਜਾਂ ਮੇਵਿਆਂ ਦਾ ਜਿਕਰ ਕਰ ਕੇ, ਗੁਰੂ ਜੀ, ਸਾਨੂੰ, ਅਸਲ ਵਿੱਚ ਕੀ ਸਿੱਖਿਆ ਦੇ ਰਹੇ ਹਨ।

ਕੀ ਇਹ ਬਾਣੀਂ, ਮਾਸ ਖਾਣ ਦਾ ਉਪਦੇਸ਼ ਹੈ।

ਜਾਂ

ਪ੍ਰਭੂ ਦੇ, ਨਾਮ ਦਾ ਉਪਦੇਸ਼ ਹੈ।

*

ਅਸੀਂ ਕਿਸ ਗੱਲ ਤੋਂ ਇਹ ਮਤਲਬ (ਅਰਥ) ਕੱਢਿਆ ਹੈ, ਕੇ ਮਾਸ “ਭੋਜਨ” ਹੈ,

ਕੀ ਇਸ ਲਈ, ਕਿ ਮਾਸਨੂੰ ਜਾਨਵਰ ਖਾਦੇ ਹਨ।

ਜਾਂ ਕਿ

ਕੀ ਬਾਣੀਂ ਦੀ ਅਗਲੀ ਪੰਕਤੀ ਤੋਂ ਇਹ ਅਰਥ ਕੱਢਿਆ ਹੈ?

ਜੀਆਂ ਕਾ ਆਹਾਰ ਜੀਅ’ ਖਾਣਾ ਏਹੁ ਕਰੇਇ॥

ਪਾਠਕ ਵੀਰੋ!

ਬਾਣੀਂ ਦੀ ਇਹ ਊਪਰ ਵਾਲੀ ਪੰਕਤੀ ਜਲ ਦੇ ਜੀਵਾਂ ਦੇ ਪ੍ਰਥਾਇ ਹੈ।

(ਅਤੇ ਉਹਨਾਂ ਦੀ ਕੀ ਮਜਬੂਰੀ ਹੈ, ਇਹ ਵੀ ਆਪਾਂ ਬਾਣੀਂ ਵਿਚੋਂ ਪੜ੍ਹ ਚੁੱਕੇ ਹਾਂ)

(ਦੱਸੋ! ਕੀ ਅਸੀਂ ਜਲ ਦੇ ਜੀਵ ਹਾਂ, ਜੋ ਮਾਸ ਖਾਣਾਂ ਸਾਡੀ ਮਜਬੂਰੀ, ਜਾਂ ਜਰੂਰੀ ਹੈ)

ਪਰ ਇਸ ਸ੍ਰਿਸਟੀ ਵਿੱਚ ਐਸੇ ਵੀ ਜੀਵ ਹਨ, ਜੋ ਸਿਰਫ ‘ਕੰਦ ਮੂਲ’ ਹੀ ਖਾਦੇ ਹਨ।

ਜੇ ਰੀਸ ਕਰਨੀਂ ਸਾਡਾ ਹੱਕ ਹੈ,

ਤਾਂ ਉਹਨਾਂ (ਕੰਦ ਮੂਲ) ਖਾਣ ਵਾਲਿਆਂ ਦੀ ਵੀ ਕਰੋ

ਅਗਲੇ ਸ਼ਬਦ ਵਿੱਚ ਪੜ੍ਹਦੇ ਹਾਂ।

ਮਃ ੧॥ ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ॥ ਇਕਨਾ ਛਤੀਹ ਅੰਮ੍ਰਿਤ ਪਾਹਿ॥ ਇਕਿ ਮਿਟੀਆ ਮਹਿ ਮਿਟੀਆ ਖਾਹਿ॥ ਇਕਿ ਪਉਣ ਸੁਮਾਰੀ ਪਉਣ ਸੁਮਾਰਿ॥ ਇਕਿ ਨਿਰੰਕਾਰੀ ਨਾਮ ਆਧਾਰਿ॥ ਜੀਵੈ ਦਾਤਾ ਮਰੈ ਨ ਕੋਇ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ॥ ੨॥ ੧੪੪

ਦੇਖੋ ਇਸ ਸੰਸਾਰ ਵਿੱਚ ਕਿੰਨੇਂ ਤਰਾਂ ਦੇ ਜੀਵ ਹਨ, ਅਸੀਂ ਕਿਸ ਕਿਸ ਦੀ ਰੀਸ ਕਰਾਂ ਗੇ।

ਜੇ ਅਸੀਂ ਮਾਸ ਦਾ “ਆਹਾਰ” ਵਾਲੇ ਜੀਵਾਂ ਦੀ ਰੀਸ ਕਰਦੇ ਹਾਂ, ਤਾਂ. .

ਤ੍ਰਿਣ (ਘਾਹ ਫੂਸ) ਦਾ “ਆਹਾਰ” ਵਾਲਿਆਂ ਦੀ ਰੀਸ ਕਿਉਂ ਨਹੀਂ ਕਰਦੇ?

ਮਿੱਟੀ ਦਾ “ਆਹਾਰ” ਵਾਲੇ (ਗਡੋਇਆਂ) ਦੀ ਰੀਸ ਕਿਉਂ ਨਹੀਂ ਕਰਦੇ?

ਪ੍ਰਾਣਾਂਯਾਮ ਵਾਲਿਆ ਦੀ, ਜਾਂ ਹਵਾ ਦਾ “ਆਹਾਰ” ਕਰਨ ਵਾਲਿਆਂ ਰੀਸ ਕਿਉਂ ਨਹੀਂ ਕਰਦੇ?

ਕੀ ਬਾਣੀਂ ਵਿੱਚ ਕਿਤੇ ਇਹ ਲਿੱਖਿਆ ਹੈ,

ਕਿ ਸਿਰਫ ਮਾਸ ਦਾ “ਆਹਾਰ” ਵਾਲਿਆਂ ਦੀ ਰੀਸ ਕਰਨੀਂ ਹੈ। ਬਾਕੀਆਂ ਦੀ ਰੀਸ ਨਹੀਂ ਕਰਨੀ! ! ! !

ਖਾਸ ਕਰ ਨਾਮ ਦੇ ਭੋਜਨ ਦਾ “ਆਹਾਰ” ਵਾਲਿਆਂ ਦੀ, ਜਿੰਨ੍ਹਾਂ ਦਾ ਕੇ

ਨਾਮ ਆਧਾਰਿ ਹੈ, ਉਹਨਾਂ ਦੀ ਰੀਸ ਤਾਂ ਬਿਲਕੁਲ ਹੀ ਨਹੀਂ ਕਰਨੀਂ।

ਕੀ ਐਸਾ ਬਾਣੀਂ ਵਿੱਚ ਲਿੱਖਿਆ ਹੈ ਕਿਤੇ?

ਜੇ ਨਹੀਂ! ਤਾਂ ਬਾਕੀਆਂ ਦੀ ਵੀ ਰੀਸ ਕਿਉਂ ਨਹੀਂ ਕਰਦੇ।

ਜੇ ਗੁਰਬਾਣੀਂ ਇਹ ਕਹਿ ਰਹੀ ਹੈ ਕਿ

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥

ਤਾਂ ਇਹ ਵੀ ਤਾਂ ਬਾਣੀਂ ਹੀ ਕਹਿ ਰੀ ਹੈ ਕਿ

ਇਕਿ ਮਿਟੀਆ ਮਹਿ ਮਿਟੀਆ ਖਾਹਿ॥

ਬਾਣੀਂ ਪੜ੍ਹ ਕੇ ਅਸੀਂ ਮਾਸ ਖਾਣਾਂ ਤਾਂ ਸ਼ੁਰੂ ਕਰ ਦਿੱਤਾ,

ਪਰ ਮਿੱਟੀ ਖਾਣੀਂ ਸ਼ੁਰੂ ਕਿਉਂ ਨਾਂ ਕੀਤੀ

ਨਾਮ ਜਪਣਾਂ ਸ਼ੁਰੂ ਕਿਉਂ ਨਾਂ ਕੀਤਾ।

ਵੀਰੋ! ਬਾਣੀਂ ਪੱੜ੍ਹ ਕੇ ਅਸੀਂ ਨਾਮ ਜਪਣਾਂ ਸੀ,

ਇਕਿ ਨਿਰੰਕਾਰੀ ਨਾਮ ਆਧਾਰਿ

ਜਾਂ ਕਿ ਮਾਸ ਖਾਣਾਂ ਸੀ

ਗੁਰੂ ਨਾਨਕ ਜੀ ਨੇਂ ਇਹ ਬਾਣੀਂ,

ਮਾਸ ਨੂੰ ਆਧਾਰ ਬਨਾਉਣ ਵਾਸਤੇ ਲਿਖੀ ਹੈ,

ਜਾਂ ਕਿ ਨਾਮ ਨੂੰ ਆਧਾਰ ਬਨਾਉਣ ਵਾਸਤੇ ਲਿਖੀ ਹੈ।

*

ਇਸ ਸ਼ਬਦ ਦੀ ਦੁਬਾਰਾ ਵਿਚਾਰ ਕਰਦੇ ਹਾਂ, ਕਿ ਇਸ ਸ਼ਬਦ ਵਿਚੋਂ ਸਾਨੂੰ ਅਸਲ ਸਿੱਖਿਆ ਕੀ ਮਿਲਦੀ ਹੈ।

ਮਃ ੧॥ ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ॥ ਇਕਨਾ ਛਤੀਹ ਅੰਮ੍ਰਿਤ ਪਾਹਿ॥ ਇਕਿ ਮਿਟੀਆ ਮਹਿ ਮਿਟੀਆ ਖਾਹਿ॥ ਇਕਿ ਪਉਣ ਸੁਮਾਰੀ ਪਉਣ ਸੁਮਾਰਿ॥ ਇਕਿ ਨਿਰੰਕਾਰੀ ਨਾਮ ਆਧਾਰਿ॥ ਜੀਵੈ ਦਾਤਾ ਮਰੈ ਨ ਕੋਇ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ॥ ੨॥ ੧੪੪

ਇਸ ਸ਼ਬਦ ਦੀ ਅਸਲ ਸਿੱਖਿਆ ਇਹ ਹੈ। ਕਿ. .

ਕਿ ਭਾਵੇਂ ਕੋਈ ਮਾਸਾਹਾਰੀ ਹੈ,

ਭਾਵੇਂ ਕੋਈ ਛੱਤੀ ਪ੍ਰਕਾਰ ਖਾਣ ਵਾਲਾ ਹੈ,

ਭਾਵੇਂ ਕੋਈ ਘਾਹ ਫੂਸ ਖਾਣ ਵਾਲਾ ਹੈ,

ਭਾਵੇਂ ਕੋਈ ਮਿੱਟੀ ਖਾਣ ਵਾਲਾ ਹੈ,

ਭਾਵੇਂ ਕੋਈ ਪ੍ਰਾਣਾਂਯਾਮ ਕਰਨ ਵਾਲਾ ਹੈ।

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ॥ ੨॥

ਗੁਰੂ ਨਾਨਕ ਜੀ ਕਹਿੰਦੇ ਹਨ।

ਕਿ ਇਹ ਸਾਰੇ ਦੇ (ਜੋ ਅਸਾਂ ਊਪਰ ਗਿਨਾਇ ਹਨ) ਸਾਰੇ ਹੀ ਠੱਗੇ (ਲੁੱਟੇ) ਜਾਣ ਗੇ।

ਕਿਉਂ ਕੇ, ਮਨ ਵਿੱਚ ਸੋਇ (ਉਹ) ਦਾਤਾ ਪ੍ਰਗਟ ਨਹੀਂ ਹੈ/ ਵਸਿਆ ਨਹੀਂ ਹੈ।

ਸਿਰਫ ਉਹ ਬਚਨ ਗੇ। ਜਿਨਾਂ ਦਾ ਆਧਾਰ ਨਾਮ ਹੈ।

ਇਕਿ ਨਿਰੰਕਾਰੀ ਨਾਮ ਆਧਾਰਿ

*

ਬਸ ਐਹ, ਗੱਲ ਹੈ।

ਸਿਰਫ ਐਹ ਸਿਖਿਆ ਹੈ, ਗੁਰੂ ਨਾਨਕ ਜੀ ਦੀ ਇਸ ਸਾਰੇ ਸ਼ਬਦ ਵਿਚ।

ਕਿ ਸਚੇ ਨੂੰ ਮਨ ਵਿੱਚ ਵਸਾਉ, ਅਤੇ ਨਾਮ ਨੂੰ ਆਧਾਰ ਬਨਾਉ,

ਨਹੀਂ ਤਾਂ

ਮਾਸਾਹਾਰੀ, ਅਤੇ ਛੱਤੀ ਪ੍ਰਕਾਰੀ, ਸਾਰੇ ਹੀ ਲੁੱਟੇ ਜਾਉ ਗੇ।

*

ਪਾਠਕ ਵੀਰੋ

ਨਿਮਰਤਾ ਸਹਿਤ ਇੱਕ ਬਹੁਤ ਜਰੂਰੀ ਨੋਟ; -

ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇਂ,

ਇਕ ਮਾਸਾਹਾਰੀ…ਇਕ ਛੱਤੀਹ ਅੰਮ੍ਰਿਤ ਖਾਣ ਵਾਲੇ…ਇਕ ਮਿੱਟੀ ਖਾਣ ਵਾਲੇ…ਇਕ ਹਵਾ (ਪ੍ਰਾਣਾਂਯਾਮ) ਖਾਣ ਵਾਲੇ…ਆਦਿ ਦੀ ਜੋ ਗਿਣਤੀ ਦੱਸੀ ਹੈ। ਅਤੇ ਇਹ ਕਿਹਾ ਹੈ, ਕਿ’ ਜੇ ਹਰੀ ਮਨ ਵਿੱਚ ਨਹੀਂ ਵਸਿਆ। ਤਾਂ. . ਇਹ ਸਾਰੇ ਮੁਠੇ (ਠੱਗੇ) (ਲੁਟੇ) ਜਾਣ ਗੇ,

ਕੀ ਇਹਨਾਂ ਸਾਰਿਆਂ ਦੀ ਗਿਣਤੀ ਵਿੱਚ ਮਾਸਾਹਾਰੀ, ਅਤੇ ਛੱਤੀਹ ਅਮ੍ਰਿਤ ਖਾਣ ਵਾਲੇ ਨਹੀਂ ਆਉਂਦੇ!

ਕਿਉਂ ਕਿ ਗੁਰੂ ਨਾਨਕ ਜੀ ਨੇਂ ਤਾਂ, ਗਿਣਤੀ ਦੇ (ਸਿਧਾਂਤ) ਵਿੱਚ ਸਾਰੇ ਬਰਾਬਰ ਹੀ ਗਿਣਾਏ ਸਨ!

ਜੇ ਇਹ ਗਿਣਤੀ ਵਿੱਚ ਨਹੀਂ ਆਉਂਦੇ ਤਾਂ, ਇਹ ਗਿਣਤੀ ਵਿਚੋਂ ਬਾਹਰ ਵੀ ਕਿਵੇਂ ਜਾ ਸੱਕਦੇ ਹਨ!

ਸ਼ਾਇਦ ਇਸ ਵਾਸਤੇ,

ਕਿ ਮਾਸ ਅਤੇ ਛੱਤੀਹ ਪ੍ਰਕਾਰ ਦੇ ਖਾਣੇਂ, ਬਹੁਤ ਸਵਾਸ਼ਿਟ ਅਤੇ ਮਹਿੰਗੇ ਜਾਂ ਕੀਮਤੀ ਹਨ।

ਸਿੱਖਿਆ ਵਾਲੀ ਗੱਲ ਤਾਂ ਸਾਡੀ ਸਮਝ ਵਿੱਚ ਆਉਂਦੀ ਨਹੀਂ।

ਉਲਟਾ ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਸਾਡੇ ਟੀਕਾ ਕਾਰ ਕਹਿੰਦੇ ਹਨ।

ਤਾਂਤੇ ਹੋਰ ਲਵੋ;

ਇਸ ਸ਼ਬਦ ਵਿੱਚ ਛਤੀਹ ਅੰਮ੍ਰਿਤ ਦੀ ਗੱਲ ਵੀ ਆ ਗਈ ਹੈ। ਅਤੇ ਛਤੀਹ ਅੰਮ੍ਰਿਤ ਦੀ ਗਿਣਤੀ ਵਿੱਚ ਮਾਸ ਵੀ ਸ਼ਾਮਲ ਹੈ।

ਸੱਚੇ ਨੂੰ ਮਨ ਵਿੱਚ ਵਸਾਉਣ ਵਾਲੀ ਗੁਰਮਤਿ

ਜਿਸ ਵਾਸਤੇ ਕਿ ਗੁਰੂ ਨਾਨਕ ਜੀ ਨੇਂ ਇਹ ਸ਼ਬਦ।

ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ

ਵਾਲਾ ਸ਼ਬਦ ਉਚਾਰਿਆ ਹੈ, ਨੂੰ ਇੱਕ ਪਾਸੇ ਰੱਖ ਕੇ।

ਸਾਡੇ ਟੀਕਾਕਾਰ, ਛੱਤੀ ਪਰਕਾਰ ਦੇ ਖਾਣਿਆਂ ਦਾ ਗਣਿੱਤ ਦੱਸਣ ਲੱਗ ਜਾਂਦੇ ਹਨ।

ਕਿ ਵੇਖੋ;

ਕਰਤੇ ਦੀ ਰਚਨਾ `ਚ ਅਨੰਤ ਪਦਾਰਥ, ਸਬਜ਼ੀਆਂ ਉਪ੍ਰੰਤ ਅੰਨ, ਪਾਣੀ, ਹਵਾ, ਧਰਤੀ ਦੇ ਬੇਅੰਤ ਜੀਵ ਹਨ ਜਿਨ੍ਹਾਂ ਤੋਂ ਮਨੁੱਖ ਆਪਣੇ ਲਈ ਅਨੰਤ ਪ੍ਰਕਾਰ ਦੇ ਖੱਟੇ, ਮਿਠੇ, ਰਸੀਲੇ, ਨਮਕੀਨ, ਮਾਸਾਹਾਰੀ, ਸ਼ਾਕਾਹਾਰੀ ਭੋਜਨ, ਮਿਸ਼ਠਾਨ, ਅਚਾਰ, ਮੁਰੱਬੇ ਆਦਿ ਤਿਆਰ ਕਰ ਸਕਦਾ ਤੇ ਕਰ ਰਿਹਾ ਹੈ।ਇਕਨਾ ਛਤੀਹ ਅੰਮ੍ਰਿਤ ਪਾਹਿ” ਭਾਵ ਬੇਅੰਤ ਜੀਵ ਸ਼੍ਰੇਣੀਆਂ `ਚੋਂ ਇੱਕ ਇਕਨਾ’ ਅਜਿਹੀ ਜੀਵ ਸ਼੍ਰੇਣੀ (ਮਨੁੱਖ ਸ਼੍ਰੇਣੀ) ਹੈ ਜਿਸ ਨੂੰ ਇੱਕ ਨਹੀਂ ਬਲਕਿ ਛਤੀਹ ਪ੍ਰਕਾਰ ਦੇ ਭੋਜਨ ਵੀ ਪ੍ਰਾਪਤ ਹਨ।

ਗੁਰੂ ਪਿਆਰੇ ਸਿੱਖੋ! ਕੀ ਇਹ ਅਰਥ ਹਨ! ਗੁਰੂ ਨਾਨਕ ਦੇਵ ਜੀ ਦੇ ਇਸ ਅਮੋਲਕ ਸ਼ਬਦ ਦੇ।

ਪਾਠਕ ਵੀਰੋ ਲੇਖ ਕੁੱਝ ਲੰਬਾ ਹੋ ਗਿਆ ਹੈ, ਸੋ ਮਾਫ ਕਰਨਾਂ ਜੀ,

ਮਹਲਾ ੨॥ ਵਾਲੇ ਸ਼ਬਦ ਤੋਂ ਅਗਲੇ ਮਹਲਾ ੧॥ ਵਾਲੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਲੇਖ ਵਿੱਚ ਕਰਾਂਗੇ।

ਦਾਸ

ਬਲਦੇਵ ਸਿੰਘ `ਚਾਕਰ’

ਸਤੰਬਰ/੨/੨੦੧੨
.