.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ

ਔਹ ਪੈਸੇ ਗਿਣ ਲੈ
ਭਾਗ ਸਤਵਾਂ

ਲ਼ੱਖ ਸਮਝਾਉਣ ਦੇ ਬਾਵਜੂਦ ਵੀ ਕਈ ਮਨੁੱਖ ਕਦੇ ਵੀ ਸਮਝਣ ਲਈ ਤਿਆਰ ਨਹੀਂ ਹੁੰਦੇ। ਸਿਆਣਿਆਂ ਦਾ ਕਥਨ ਹੈ ਕਿ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਹੈ। ਮੱਛੀ ਦਰਿਆ ਵਿੱਚ ਅਜ਼ਾਦੀ ਨਾਲ ਪੈਂਡਾ ਤਹਿ ਕਰੀ ਜਾਂਦੀ ਹੈ। ਅਖੀਰ ਜਦੋਂ ਕੰਢੇ ਨਾਲ ਜਾ ਕੇ ਵੱਜਦੀ ਹੈ ਤਾਂ ਉਹਨੂੰ ਅਹਿਸਾਸ ਹੋ ਜਾਂਦਾ ਹੈ ਏਦੂੰ ਅਗਾਂਹ ਗਿਆਂ ਮੇਰੀ ਹੁਣ ਮੌਤ ਹੈ ਇਸ ਲਈ ਮੈਨੂੰ ਵਾਪਸ ਜਾਣਾ ਪਏਗਾ। ਮੱਛੀ ਨੂੰ ਭਾਵੇਂ ਇਸ ਮੁਹਾਵਰੇ ਦਾ ਪਤਾ ਨਾ ਹੋਵੇ ਪਰ ਮਨੁੱਖ ਜ਼ਰੂਰ ਇਦ੍ਹੀ ਵਰਤੋਂ ਕਰਦਾ ਹੈ।
ਮੇਰੇ ਇੱਕ ਜਾਣ ਪਛਾਣ ਵਾਲੇ ਭਾਈ ਜੋਗਿੰਦਰ ਸਿੰਘ ਨੇੜੇ ਹੀ ਰਹਿੰਦੇ ਹਨ। ਉਹਨਾਂ ਦਾ ਪਿਛੋਕੜ ਅਫ਼ਰੀਕਾ ਦਾ ਹੈ ਇਸ ਲਈ ਉਹਨਾਂ ਦੀ ਪੱਗ ਦਾ ਸਟਾਈਲ ਅਫ਼ਰੀਕਨ ਸਟਾਈਲ ਹੈ। ਇੱਕ ਤਾਰੀਫ਼ ਜ਼ਰੂਰ ਹੈ ਉਹ ਜਦੋਂ ਵੀ ਆਪਣੇ ਘਰੋਂ ਬਾਹਰ ਨਿਕਦੇ ਹਨ ਤਾਂ ਦਸਤਾਰ ਨੂੰ ਸਜਾ ਕੇ ਹੀ ਬਾਹਰ ਨਿਕਲਦੇ ਹਨ। ਉਹ ਸਵੇਰੇ ਹੀ ਤਿਆਰ ਹੋ ਜਾਂਦੇ ਹਨ। ਭਾਵੇਂ ਛੁੱਟੀ ਹੋਵੇ ਜਾਂ ਕੰਮ ਵਾਲਾ ਦਿਨ ਹੋਵੇ ਉਹ ਦਸਤਾਰ ਦਾ ਕਦੇ ਵੀ ਵਸਾਹ ਨਹੀਂ ਕਰਦੇ। ਮੈਂ ਅੱਜ ਤੀਕ ਉਹਨਾਂ ਨੂੰ ਛੋਟੀ ਦਸਤਾਰ ਨਾਲ ਕਦੇ ਵੀ ਨਹੀਂ ਵੇਖਿਆ। ਉਹਨਾਂ ਦੋਹਾਂ ਜੀਆਂ ਨੇ ਅੰਮ੍ਰਿਤ ਛੱਕਿਆ ਹੋਇਆ ਹੈ ਤੇ ਨਿਤ ਨੇਮੀ ਹਨ। ਭਾਈ ਜੋਗਿੰਦਰ ਸਿੰਘ ਬਿਜਲੀ ਦੀ ਫਿਟਿੰਗ ਦਾ ਆਮ ਕਰਕੇ ਠੇਕਾ ਲੈਂਦੇ ਹਨ। ਬਿਜਲੀ ਦੀ ਡਿਗਰੀ ਕੀਤੀ ਹੋਈ ਹੈ। ਹੁਨਰ ਮੰਦ ਹਨ ਨਾਲ ਜੋਤਿਸ਼ ਦਾ ਵੀ ਸ਼ੋਕ ਰੱਖਦੇ ਹਨ। ਇੱਕ ਵਾਰੀ ਇੰਗਲੈਂਡ ਵੀ ਜਾ ਆਏ ਹਨ। ਥੋੜਾ ਵਹਿਮ ਵੀ ਰੱਖਦੇ ਹਨ। ਬੱਸ ਏਸੇ ਵਹਿਮ ਦੁਆਰਾ ਆਪਣਾ ਬਹੁਤ ਵਾਰੀ ਨੁਕਸਾਨ ਕਰਾ ਚੁੱਕੇ ਹਨ। ਉਹਨਾਂ ਨੂੰ ਇੱਕ ਵਹਿਮ ਸੀ ਕਿ ਬਾਬਿਆਂ ਦੀ ਅਰਦਾਸ ਨਾਲ ਵਿਗੜਿਆ ਤਗੜਿਆ ਹੋਇਆ ਕੰਮ ਦੁਬਾਰਾ ਬਣ ਸਕਦਾ ਹੈ। ਦੂਜਾ ਬਾਬਿਆਂ ਦੀ ਸੇਵਾ ਕਰਨ ਨਾਲ ਫਲ਼ ਬਹੁਤ ਵੱਡਾ ਮਿਲ ਜਾਂਦਾ ਹੈ। ਉਹ ਦੋਵੇਂ ਜੀਅ ਅਕਸਰ ਬਾਬਿਆਂ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਰਹਿੰਦੇ ਸੀ ਪਰ ਹੁਣ ਉਹ ਇਸ ਸਾਰੇ ਪਾਸੇ ਤੋਂ ਹੱਟ ਗਏ ਹਨ ਭਾਵ ਬਾਬਿਆਂ ਵਲੋਂ ਕਿਨਾਰਾ ਕਰ ਗਏ ਹਨ। ਬਾਬਿਆਂ ਦੇ ਮਹਾਨ ਕਾਰਨਾਮੇ ਉਹਨਾਂ ਨੇ ਆਪਣੇ ਅੱਖੀਂ ਦੇਖ ਲਏ ਸਨ। ਜਨੀ ਕਿ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਹੈ।
ਲੁਧਿਆਣਾ ਸ਼ਹਿਰ ਵਿੱਚ ਇੱਕ ਜਗਾੜੂ ਨਾਂ ਦਾ ਬਾਬਾ ਰਹਿੰਦਾ ਸੀ। ਇੱਕ ਵਾਰੀ ਜਗਾੜੂ ਬਾਬੇ ਨੂੰ ਅਲਫ਼ ਨੰਗਿਆਂ, ਕੁੱਤ ਕੰਮ ਕਰਦਿਆਂ ਜੁਝਾਰੂ ਵੀਰਾਂ ਵਲੋਂ ਮੌਕੇ `ਤੇ ਫੜਿਆ ਗਿਆ ਸੀ। ਵੀਰ ਜੋਗਿੰਦਰ ਸਿੰਘ ਇਸ ਬਾਬੇ ਨਾਲ ਵੀ ਕੁੱਝ ਮੋਹ ਰੱਖਦਾ ਸੀ। ਬਾਬੇ ਨੇ ਆਪਣੇ ਡੇਰੇ ਬਿਜਲੀ ਦਾ ਕੰਮ ਕਰਾਇਆ ਸੀ। ਬਾਬਾ ਜੀ ਨੇ ਜੋਗਿਦਰ ਸਿੰਘ ਨੂੰ ਕਿਹਾ ਕਿ ਭਈ ਸਮਾਨ ਵੀ ਤੂੰ ਆਪਣੇ ਪੱਲਿਓਂ ਹੀ ਲੈ ਲਈ, ਜੋ ਹਿਸਾਬ ਹੋਏਗਾ ਉਹ ਕੰਮ ਉਪਰੰਤ ਕਰ ਲਵਾਂਗੇ। ਜੋਗਿੰਦਰ ਸਿੰਘ ਨੇ ਬਿਜਲੀ ਵਾਲੀ ਦੁਕਾਨ ਤੋਂ ਸਮਾਨ ਉਧਾਰ ਲੈ ਲਿਆ ਆਪਣੇ ਹੱਥੀਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਬਿਜਲੀ ਦਾ ਕੰਮ ਮੁਕਾਇਆ। ਇਸ ਕੰਮ ਦੀ ਮਜ਼ਦੂਰੀ ਤੇ ਸਮਾਨ ਸਮੇਤ ਕੋਈ ਅੱਠ ਕੁ ਹਜ਼ਾਰ ਰੁਪਿਆ ਬਣਦਾ ਸੀ। ਪਿੱਛਲੇ ਤਿੰਨ ਸਾਲ ਤੋਂ ਜੋਗਿੰਦਰ ਸਿੰਘ ਪੈਸਿਆਂ ਲਈ ਤਰਲੇ ਮਿਨਤਾਂ ਕਰਦਾ ਰਹਿੰਦਾ ਸੀ, ਕਿ ਬਾਬਾ ਜੀ ਲੋੜ ਬਹੁਤ ਆ, ਦੁਕਾਨਦਾਰ ਦੇ ਪੈਸੇ ਦੇਣੇ ਹਨ ਇਸ ਲਈ ਪੈਸਿਆਂ ਦਾ ਹਿਸਾਬ ਕਰ ਦਿਓ। ਬਾਬੇ ਨੇ ਹਰ ਵਾਰੀ ਨਾਮ ਜੱਪਣ ਦਾ ਉਪਦੇਸ਼ ਦੇ ਕੇ ਘਰ ਨੂੰ ਤੋਰ ਦੇਣਾ। ਨਾਲ ਹੀ ਬਾਬੇ ਨੇ ਕਹਿਣਾ ਕਿ ਮਾਇਆ ਨਾਲ ਬਹੁਤਾ ਭਗਤਾ ਮੋਹ ਨਹੀਂ ਕਰੀਦਾ ਇਹ ਕਿਹੜੀ ਮਰਣ ਸਮੇਂ ਨਾਲ ਜਾਣੀ ਹੈ। ਅਜੇਹੀਆਂ ਗੱਲਾਂ ਸੁਣ ਸੁਣ ਕੇ ਜੋਗਿੰਦਰ ਸਿੰਘ ਦਾ ਮਨ ਅੱਕ ਗਿਆ। ਬਾਬਾ ਸਾਫ਼ ਨਾਂਹ ਵੀ ਨਹੀਂ ਕਰਦਾ ਸੀ, ਪਰ ਬਾਬਾ ਲੱਗਦਾ ਊਠ ਦਾ ਬੁੱਲ ਹੀ ਸੀ ਕਿ ਹੁਣ ਵੀ ਡਿੱਗਿਆ ਹੁਣ ਵੀ ਡਿਗਿਆ ਪਰ ਊਠ ਦਾ ਕਦੇ ਬੁੱਲ ਡਿਗਿਆ ਨਹੀਂ ਹੈ ਇਹ ਲੂੰਬੜੀ ਨੂੰ ਭੁਲੇਖਾ ਹੀ ਸੀ।
ਇਕ ਦਿਨ ਜੋਗਿੰਦਰ ਸਿੰਘ ਡੇਰੇ ਗਿਆ ਬਾਬਾ ਜੀ ਆਈਆਂ ਸੰਗਤਾਂ ਨੂੰ ਮੂੰਹ ਜ਼ਬਾਨੀ ਬੱਚਿਆਂ ਦੀਆਂ ਦਾਤਾਂ, ਕਾਰੋਬਾਰ ਵੱਧਣ ਦੀਆਂ ਤੇ ਹਰ ਪ੍ਰਕਾਰ ਦੀਆਂ ਤੁਹਡੀਆਂ ਭਾਵਨਵਾਂ ਪੂਰੀਆਂ ਹੋਣ ਦੇ ਵਰ ਦੇ ਰਿਹਾ ਸੀ। ਮੌਕਾ ਦੇਖ ਕੇ ਜੋਗਿੰਦਰ ਸਿੰਘ ਨੇ ਉਹੀ ਪੁਰਾਣਾ ਰਾਗ ਆਲਾਪਿਆ ਕਿ ਬਾਬਾ ਜੀ ਉਹ ਪੈਸੇ ਲੈਣ ਵਾਲੇ ਰਹਿੰਦੇ ਸਨ। ਬਾਬਾ ਜੀ ਨੇ ਮੱਥੇ ਦੇ ਵੱਟ ਪਉਂਦਿਆਂ ਪਰ ਖਚਰਾ ਜੇਹਾ ਹਾਸਾ ਹੱਸਦਿਆ ਕਿਹਾ, “ਜੋਗਿੰਦਰ ਸਿਆਂ ਔਹ ਪੈਸੇ ਲੈ ਲੈ”। ਜੋਗਿੰਦਰ ਸਿੰਘ ਨੇ ਕਿਹਾ ਜੀ, “ਕਿੱਥੇ ਪਏ ਆ ਤੇ ਨਾਲ ਹੀ ਖੁਸ਼ੀ ਨਾਲ ਭਰ ਗਿਆ ਜਿਵੇਂ ਬਿੱਲੀ ਵਾਸਤੇ ਛਿੱਕਾ ਡਿੱਗਿਆ ਹੋਵੇ”। ਬਾਬਾ ਜੀ ਨੇ ਅਗੰਮੀ ਲੈਅ ਵਿੱਚ ਵਿਚਰਦਿਆਂ ਕਿਹਾ, “ਔਹ ਸਾਹਮਣੇ ਅਲਮਾਰੀ `ਤੇ ਪੈਸਿਆਂ ਵਾਲੀ ਗੰਢ ਬੱਝੀ ਪਈ ਆ ਉਹਨੂੰ ਉਤਾਰ ਕੇ ਆਪਣੇ ਪੈਸੇ ਗਿਣ ਕੇ ਲੈ ਜਾ ਤੇ ਬਾਕੀ ਦੇ ਓੱਥੇ ਹੀ ਰੱਖ ਦਈਂ ਕਿਸੇ ਹੋਰ ਦੇ ਕੰਮ ਆ ਜਾਣਗੇ ਮੰਗਤਵਾਦ ਤੁਰੀ ਰਹਿੰਦੀ ਹੈ”। ਜੋਗਿੰਦਰ ਸਿੰਘ ਇਹ ਸ਼ਬਦ ਸੁਣ ਕੇ ਸੋਚਦਾ ਹੈ ਏਦ੍ਹਾਂ ਦੀ ਬੋਲੀ ਸੁਣਨ ਨਾਲੋਂ ਤਾਂ ਮੈਂ ਪੈਸੇ ਛੱਡ ਦਿਆਂ ਤਾਂ ਚੰਗਾ ਹੈ।
ਬਾਬੇ ਦੀ ਭੈੜੀ ਟਕੋਰ ਸੁਣ ਕੇ ਵੀ ਜੋਗਿੰਦਰ ਸਿੰਘ ਅੰਦਰੋਂ ਖੁਸ਼ ਸੀ ਕਿ ਚਲੋ ਮਰੀ ਸਾਮੀ ਉਗੜ ਰਹੀ ਹੈ। ਜੋਗਿੰਦਰ ਸਿੰਘ ਨੇ ਚਾਂਈ ਚਾਂਈ ਚਿਰਾਂ ਦੀ ਪਈ ਹੋਈ ਮਿੱਟੀ ਨਾਲ ਲਿਬੜੀ ਗੰਢ ਨੂੰ ਅਲਮਾਰੀ ਉੱਤੋਂ ਲਾਹਿਆ। ਮਿੱਟੀ ਜ਼ਿਆਦਾ ਹੋਣ ਕਰਕੇ ਜੋਗਿੰਦਰ ਸਿੰਘ ਦੇ ਮੂੰਹ `ਤੇ ਪੈ ਗਈ। ਜੋਗਿੰਦਰ ਸਿੰਘ ਨੇ ਚਰਨ ਧੂੜ ਸਮਝ ਕੇ ਆਪਣਾ ਮੂੰਹ ਝਾੜਦਿਆਂ ਚਿਰਾਂ ਦੀ ਬੱਧੀ ਹੋਈ ਪੋਟਲੀ ਨੂੰ ਖੋਹਲਣ ਲੱਗ ਪਿਆ। ਜੋਗਿੰਦਰ ਸਿੰਘ ਕੌੜਾ ਘੁੱਟ ਕਰਕੇ ਗੰਢ ਖੋਹਲ ਕੇ ਪੈਸੇ ਗਿਣਨ ਲੱਗਿਆ ਤਾਂ ਹੈਰਾਨ ਰਹਿ ਗਿਆ। ਅਲਮਾਰੀ ਵਾਲੀ ਪੋਟਲੀ ਵਿੱਚ ਵੱਖ ਵੱਖ ਪ੍ਰਕਾਰ ਦਾ ਭਾਨ ਰੱਖਿਆ ਹੋਇਆ ਸੀ ਜਿਹੜਾ ਬੈਂਕ ਵਿੱਚ ਆਮ ਕਰਕੇ ਜਮ੍ਹਾ ਨਹੀਂ ਹੁੰਦਾ ਸੀ ਤੇ ਆਏ ਸ਼ਰਧਾਲੂਆਂ ਦੇ ਮੱਥਾ ਟੇਕਣ ਲਈ ਰੱਖਿਆ ਹੋਇਆ ਸੀ। ਸ਼ਰਧਾਲੂ ਰੁਪਿਆ ਦੇ ਕੇ ਗੁਰਦੁਆਰੇ ਵਿਚੋਂ ਭਾਨ ਅਕਸਰ ਲੈਂਦੇ ਹਨ ਇੰਜ ਵਿਚਾਰੇ ਪਰਵਾਰ ਆਪਣੀ ਸਮਰੱਥਾ ਅਨੁਸਾਰ ਇੱਕ ਰੁਪਏ ਨਾਲ ਹੀ ਸਾਰ ਲੈਂਦਾ ਸੀ।
ਜੋਗਿੰਦਰ ਸਿੰਘ ਦੀ ਹੈਰਾਨਗੀ ਜਾਇਜ਼ ਸੀ। ਅਲਮਾਰੀ ਵਾਲੀ ਗੰਢ ਵਿੱਚ ਅਠਿਆਨੀਆਂ, ਚਵਾਨੀਆਂ ਦਸੀਆਂ, ਪੰਜੀਆਂ, ਤਿੱਕੀਆਂ, ਦੁਕੀਆਂ ਤੇ ਨਵੇਂ ਪੈਸਿਆਂ ਨਾਲ ਬੱਧੀ ਹੋਈ ਸੀ। ਜੋਗਿੰਦਰ ਸਿੰਘ ਨੇ ਸੋਚਿਆ ਰੁਪਿਆ ਅੱਠ ਹਜ਼ਾਰ ਬਣਦਾ ਹੈ ਪਰ ਇਹ ਅਠਿਆਨੀਆਂ ਚਵਾਨੀਆਂ ਨਾਲ ਤਾਂ ਪੂਰਾ ਹੋਣਾ ਨਹੀਂ ਪਰ ਮਨ ਨੂੰ ਧਰਵਾਸ ਦੇਂਦਿਆ ਸੋਚਦਾ ਹੈ ਚਲੋ ਜੇ ਚਾਰ ਕੁ ਹਜ਼ਾਰ ਵੀ ਹੋ ਜਾਣ ਤਾਂ ਬਾਕੀ ਦੇ ਪੈਸੇ ਰਹਿਣ ਦਿਆਂਗਾ ਤੇ ਬਾਬੇ ਨੂੰ ਵੀ ਫਤਿਹ ਬੁਲਾ ਦਿਆਗਾ। ਵਿਚਾਰੇ ਜੋਗਿੰਦਰ ਸਿੰਘ ਨੇ ਬੜੀ ਮੁਸ਼ਕਲ ਨਾਲ ਚਾਰ ਕੁ ਸੌ ਰੁਪਏ ਦੀਆਂ ਅਠਿਆਨੀਆਂ ਤਾਂ ਗਿਣ ਲਈ ਫਿਰ ਵੱਡਾ ਸਾਰਾ ਹੌਂਸਲਾ ਕਰਕੇ ਚਵਾਨੀਆਂ ਨੂੰ ਹੱਥ ਮਾਰਨ ਲੱਗ ਪਿਆ। ਦੋ ਕੁ ਘੰਟੇ ਇਸ ਕੰਮ ਨੂੰ ਲੱਗ ਗਏ ਸਨ। ਚਵਾਨੀਆਂ ਨੂੰ ਲਾਈਨ ਸਿਰ ਕਰੀ ਜਾਏ ਤਾਂ ਦੋ ਸੌ ਪੰਜਤਰਾਂ ਦੀ ਗਿਣਤੀ ਉਪਰੰਤ ਚਵਾਨੀਆਂ ਵੱਧਣੋ ਰੱਕ ਗਈਆਂ। ਫਿਰ ਵਾਰੀ ਆਈ ਦਸੀਆਂ ਗਿਣਨ ਦੀ ਤਾਂ ਜੋਗਿੰਦਰ ਸਿੰਘ ਸੋਚਣ ਲੱਗ ਪਿਆ ਕਿ ਮਨਾ ਮੇਰਾ ਅੱਠ ਹਜ਼ਾਰ ਤਾਂ ਹੁਣ ਪੂਰਾ ਹੁੰਦਾ ਨਹੀਂ ਲੱਗਦਾ। ਅੇਵੈਂ ਮਗਜ਼ ਖਪਾਈ ਕਰਨ ਦਾ ਕੋਈ ਲਾਭ ਨਹੀਂ ਹੈ। ਤਿੰਨ ਸਾਲ ਹੋ ਗਏ ਨੇ ਪੇਸੇ ਮੰਗਦਿਆਂ ਜਾਪਦਾ ਬਾਬੇ ਨੇ ਮੇਰੀ ਮਜ਼ਦੂਰੀ ਫੋਕਟ ਦੀ ਸੇਵਾ ਵਿੱਚ ਪਾ ਦਿੱਤੀ ਹੈ ਪਰ ਦੁਕਾਨਦਾਰ ਦੇ ਪੈਸੇ ਤਾਂ ਜ਼ਰੂਰ ਮਿਲਣੇ ਚਾਹੀਦੇ ਹਨ।
ਜਕੋ ਤੱਕੀ ਵਿੱਚ ਜੋਗਿੰਦਰ ਸਿੰਘ ਸੋਚ ਰਿਹਾ ਸੀ ਕਿ ਦਸੀਆਂ ਗਿਣਾਂ ਕਿ ਨਾ ਗਿਣਾਂ, ਓਨੇ ਚਿਰ ਨੂੰ ਬਾਬਾ ਜੀ ਨੇ ਆਣ ਦਰਸਣ ਦਿੱਤੇ। ਕਹਿੰਦੇ ਭਾਈ ਭਗਤਾ ਆਪਣੇ ਪੈਸੇ ਗਿਣ ਲੈ ਬਾਕੀ ਦੇ ਓੱਥੇ ਹੀ ਰੱਖ ਦਈਂ ਹੀਂ ਹੀਂ ਬਾਬਾ ਠਹਾਕਾ ਮਾਰ ਕੇ ਹੱਸਿਆ। ਕਿਉਂ ਹੋਈ ਨਾ ਜੋਗੋਂ ਤੇਰ੍ਹਵੀ।
ਭਰਿਆ ਪੀਤਾ ਜੋਗਿੰਦਰ ਸਿੰਘ ਬੜੇ ਅਦਬ ਨਾਲ ਸਦਾ ਲਈ ਨਾਤਾ ਤੋੜਦਿਆਂ ਹੋਇਆਂ ਕਹਿਣ ਲੱਗਾ, ਬਾਬਾ ਜੀ ਮੈਂ ਸਾਰੇ ਪੈਸੈ ਹੀ ਓੱਥੇ ਰੱਖ ਦੇਣ ਲੱਗਾਂ ਹਾਂ ਮੇਰੇ ਵੱਸ ਦਾ ਰੋਗ ਨਹੀਂ ਕਿ ਮੈਂ ਇਹ ਚਵਾਨੀਆਂ ਗਿਣ ਕੇ ਆਪਣਾ ਅੱਠ ਹਜ਼ਾਰ ਪੂਰਾ ਕਰਾਂ। ਜੋਗਿੰਦਰ ਸਿੰਘ ਨੇ ਅੰਦਰੋਂ ਡਰਦਿਆਂ ਕਿ ਬਾਬਾ ਜੀ ਜ਼ਿਆਦਾ ਗੱਸੇ ਹੋ ਕੇ ਮੇਰਾ ਕੋਈ ਮੇਰਾ ਨੁਕਸਾਨ ਹੀ ਨਾ ਕਰ ਦੇਣ ਇਸ ਲਈ ਪੈਸੇ ਏੱਥੇ ਹੀ ਛੱਡ ਕੇ ਆਪਣੇ ਘਰ ਨੂੰ ਚਲਿਆ ਜਾਂਵਾਂ ਤਾਂ ਚੰਗਾ ਹੈ ਜਾਨ ਬੱਚੀ ਲਾਖੋਂ ਪਾਏ। ਜੋਗਿੰਦਰ ਸਿੰਘ ਸੋਚਦਾ ਹੈ ਕਿ ਮੇਰੇ ਨਾਲ ਤਾਂ ਧਰਮ ਬੁਰਕਾ ਪਾਈ ਤੇ ਸਿੱਖੀ ਦਾ ਪਰਚਾਰ ਕਰਨ ਵਾਲੇ ਬਾਬੇ ਨੇ ਜਗੋਂ ਤੇਰ੍ਹਵੀਂ ਕੀਤੀ ਆ—ਮਨ ਵਿੱਚ ਤਾਂ ਕਿਹਾ ਈ ਹੋਣਾ ਆਂ ਜਾ ਬਾਬਾ ਤੇਰਾ ਸਤਿਆ ਨਾਸ ਹੋ ਜਾਏ, ਤੂੰ ਕੱਖੌਂ ਹੌਲ਼ਾ ਹੋ ਜਾਏਂ---




.