.

ਕੀ ਤੁਸੀਂ ਕਥਿਤ ਮਹਾਂਪੁਰਸ਼ਾਂ ਨੂੰ ਗੱਪੀ ਕਹਿਣ ਦੀ ਹਿੰਮਤ ਕਰ ਸਕਦੇ ਹੋ?

ਜਦੋਂ ਧਰਮ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਤਾਂ ਮੈਨੂੰ ਕਰਾਮਾਤੀ ਕਹਾਣੀਆਂ/ਪੁਸਤਕਾਂ ਪੜ੍ਹਨ ਦਾ ਸ਼ੌਕ ਸੀ। ਮੈਂ ਬੜੀ ਹੀ ਦਿਲਚਸਪੀ ਨਾਲ ਅਜਿਹੀਆਂ ਲਿਖਤਾਂ ਪੜ੍ਹਿਆ ਕਰਦਾ ਸੀ ਅਤੇ ਉਹਨਾ ਵਿੱਚ ਲਿਖੀਆਂ ਗਈਆਂ ਗੱਲਾਂ ਨੂੰ ਸੱਚ ਮੰਨਦਾ ਸੀ। ਉਸ ਸਮੇਂ ਮੈਂ ਸ਼ਰਧਾ ਵੱਸ ਇਹੀ ਸੋਚਦਾ ਸੀ ਕਿ ਜਿਹਨਾ ਮਹਾਂਪੁਰਸ਼ਾਂ ਨਾਲ ਇਹ ਲਿਖਤਾਂ ਜੁੜੀਆਂ ਹੋਈਆਂ ਹਨ ਉਹਨਾ ਨਾਲ ਕਈ-ਕਈ ਲਕਬ ਵੀ ਲੱਗੇ ਹੋਏ ਹਨ। ਜਿਵੇਂ ਕਿ ਪੂਰਨ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ, ਪੂਰਨ ਸੰਤ, ਭਾਈ ਸਾਹਿਬ ਅਤੇ ਪੂਰੀ ਕਰਨੀ ਵਾਲੇ ਮਹਾਂਪੁਰਸ਼ ਅਦਿਕ। ਫਿਰ ਜਦੋਂ ਆਪ ਗੁਰਬਾਣੀ ਪੜ੍ਹ ਕੇ ਸਮਝਣ ਦਾ ਯਤਨ ਕੀਤਾ ਤਾਂ ਮਨ ਵਿੱਚ ਕਈ ਸਵਾਲ-ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਗਏ ਕਿ ਜੋ ਗੁਰਬਾਣੀ ਦਾ ਉਪਦੇਸ਼ ਹੈ ਉਹ ਇਹਨਾ ਨਾਲ ਮੇਲ ਨਹੀਂ ਖਾਂਦਾ। ਕਈ ਗਿਆਨਵਾਨਾ ਨੂੰ ਕਈ ਤਰ੍ਹਾਂ ਦੇ ਸਵਾਲ ਕਰਨੇ। ਹੌਲੀ-ਹੌਲੀ ਸਮਝ ਆ ਗਈ ਕਿ ਇਹ ਜੋ ਕਥਿਤ ਮਹਾਂਪੁਰਸ਼ ਕਹਿੰਦੇ ਹਨ ਇਹ ਜਰੂਰੀ ਨਹੀਂ ਸੱਚ ਹੀ ਹੋਵੇ। ਬਲਕਿ ਹੁਣ ਤਾਂ ਮੇਰੇ ਖਿਆਲ ਇਹ ਬਣ ਗਏ ਹਨ ਕਿ ਇਹ ਕਥਿਤ ਮਹਾਂਪੁਰਸ਼ ਸਿਰੇ ਦੇ ਗੱਪੀ ਹਨ ਅਤੇ ਧਰਮ ਦੇ ਨਾਮ ਤੇ ਆਮ ਲੋਕਾਈ ਨੂੰ ਗੁਮਰਾਹ ਕਰਦੇ ਹਨ। ਕੋਈ ਵਿਰਲਾ ਹੀ ਇਹਨਾ ਬਾਰੇ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਨਹੀਂ ਤਾਂ ਸਾਰੇ ਹੀ ਵਿਦਵਾਨ ਅਤੇ ਪ੍ਰਚਾਰਕ ਇਹਨਾ ਬਾਰੇ ਚੁੱਪ ਹਨ। ਕਈ ਦੀ ਰੋਟੀ-ਰੋਜ਼ੀ ਦੀ ਮਜ਼ਬੂਰੀ ਹੈ ਅਤੇ ਕਈ ਉਂਜ ਹੀ ਨਹੀਂ ਚਾਹੁੰਦੇ ਕਿ ਅਸੀਂ ਇਸ ਬਾਰੇ ਸੱਚ ਬੋਲੀਏ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਈ ਮਿੱਤਰ-ਦੋਸਤ, ਰਿਸ਼ਤੇਦਾਰ ਅਤੇ ਪ੍ਰਬੰਧਕ ਨਿਰਾਜ਼ ਹੋਣ ਦਾ ਡਰ ਹੈ।
ਉਂਜ ਭਾਵੇਂ ਡੇਰੇ/ਜਥੇਬੰਦੀਆਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ ਜਿਹੜੇ ਕਿ ਕਿਸੇ ਕਥਿਤ ਮਹਾਂਪੁਰਸ਼ ਨਾਲ ਸੰਬੰਧਿਤ ਹੋਣਗੇ ਪਰ ਮੁੱਖ ਤੌਰ ਤੇ ਸਭ ਤੋਂ ਵੱਡੇ ਤਿੰਨ ਕੁ ਹੀ ਹਨ। ਇਹ ਹਨ ਭਿੰਡਰਾਂਵਾਲੇ, ਅਖੰਡਕੀਰਤਨੀਏ ਅਤੇ ਨਾਨਕਸਰੀਏ। ਬਾਦਲ ਦਲੀਆਂ ਦੀ ਇਹਨਾ ਤਿੰਨਾ ਨਾਲ ਹੀ ਕਾਫੀ ਨੇੜਤਾ ਹੈ। ਨਾਨਕਸਰੀਏ ਤਾਂ ਆਪਣਾ ਸਾਰਾ ਕੁੱਝ ਵੱਖਰਾ ਹੀ ਕਰਦੇ ਅਤੇ ਬਣਾਉਂਦੇ ਹਨ ਪਰ ਦੂਸਰੇ ਦੋਵੇਂ ਆਪਣਾ ਸਾਰਾ ਕੁੱਝ ਵੱਖਰਾ ਵੀ ਰੱਖਦੇ ਹਨ ਅਤੇ ਸੰਗਤੀਂ ਗੁਰਦੁਆਰਿਆਂ ਵਿੱਚ ਆ ਕੇ ਵੀ ਆਪਣੇ ਡੇਰੇ/ਜਥੇਬੰਦੀ ਦੇ ਅਸੂਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਿੱਖਾਂ ਦੇ ਕੇਂਦਰੀ ਅਸਥਾਨਾਂ ਤੇ ਤਾਂ ਬਹੁਤਾ ਭਿੰਡਰਾਂ ਡੇਰੇ ਦਾ ਹੀ ਬੋਲ-ਬਾਲਾ ਹੈ। ਤਖ਼ਤਾਂ ਦੇ ਅਖੌਤੀ ਜਥੇਦਾਰਾਂ ਦੁਆਰਾ ਇਹ ਆਪਣੀ ਸੋਚ ਨੂੰ ਹੀ ਸਾਰੇ ਸਿੱਖਾਂ ਤੇ ਮੜ੍ਹਨਾ ਚਾਹੁੰਦੇ ਹਨ। ਇਹ ਵੀ ਸਾਰੇ ਜਾਣਦੇ ਹਨ ਕਿ ਇਹਨਾ ਨੂੰ ਪਿਛਿਉਂ ਹਦਾਇਤਾਂ ਆਰ: ਐੱਸ: ਐੱਸ ਤੋਂ ਵਾਇਆ ਬਾਦਲ ਰਾਹੀਂ ਹੀ ਆ ਰਹੀਆਂ ਹਨ।
ਇਹ ਡੇਰੇ ਜਥੇਬੰਦੀਆਂ ਭਾਂਵੇ ਗੁਰੂ ਗ੍ਰੰਥ, ਪੰਥ ਅਤੇ ਸਿੱਖੀ ਦੀ ਗੱਲ ਕਰਦੀਆਂ ਹਨ ਪਰ ਇਹਨਾ ਦੀ ਸ਼ਰਧਾ ਗੁਰੂ ਗ੍ਰੰਥ ਤੇ ਉਤਨੀ ਨਹੀਂ ਜਿਤਨੀ ਕਿ ਬਾਕੀ ਗ੍ਰੰਥਾਂ ਅਤੇ ਆਪਣੇ ਕਥਿਤ ਮਹਾਂਪੁਰਸ਼ਾਂ ਤੇ ਹੈ। ਸੁਣਨ ਵਿੱਚ ਆਇਆ ਹੈ ਕਿ ਕੁੱਝ ਹਫਤੇ ਪਹਿਲਾਂ ਇੱਕ ਡੇਰੇਦਾਰ ਕਨੇਡਾ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਕਰਵਾ ਕੇ ਸੂਰਜ ਪ੍ਰਕਾਸ਼ ਦੀ ਕਥਾ ਸ਼ੁਰੂ ਕਰਵਾ ਗਿਆ ਹੈ। ਇਸੇ ਗ੍ਰੰਥ ਦੇ ਅਧਾਰ ਤੇ ਕੁੱਝ ਸਮਾਂ ਪਹਿਲਾਂ ਮੇਰੇ ਇੱਕ ਦੋਸਤ ਨੇ ਇੱਕ ਕਥਾ ਦਾ ਜ਼ਿਕਰ ਕੀਤਾ ਸੀ। ਜਿਹੜੀ ਕਿ ਉਹ ਵੈਨਕੂਵਰ ਦੇ ਇੱਕ ਗੁਰਦੁਆਰੇ ਵਿਚੋਂ ਸੁਣ ਕੇ ਆਇਆ ਸੀ, ਜਿਥੇ ਕਿ ਇਹਨਾ ਡੇਰੇਦਾਰ ਟਕਸਾਲੀਆਂ ਦਾ ਕਬਜ਼ਾ ਹੈ। ਉਹ ਟਕਸਾਲੀ ਕਥਾਕਾਰ ਕਹਿ ਰਿਹਾ ਸੀ ਕਿ (ਗੁਰੂ) ਅਮਰਦਾਸ ਜੀ ਨੇ ਜੋ ਗੁਰੂ ਅੰਗਦ ਦੇਵ ਜੀ ਦੀ ਬਾਰਾਂ ਸਾਲ ਸੇਵਾ ਕੀਤੀ ਸੀ ਅਤੇ ਉਸ ਸੇਵਾ ਦੇ ਅਧਾਰ ਤੇ ਹਰ ਸਾਲ ਇੱਕ ਸਿਰੋਪਾ (ਗੁਰੂ) ਅਮਰਦਾਸ ਜੀ ਨੂੰ ਮਿਲਦਾ ਸੀ ਜਿਹੜਾ ਕਿ ਉਹ ਆਪਣੇ ਸਿਰ ਤੇ ਬੰਨ ਲੈਂਦੇ ਸਨ। ਜਦੋਂ ਬਾਰਾਂ ਸਰੋਪੇ ਬਾਰਾਂ ਸਾਲ ਬਾਅਦ ਲਾਹੇ ਤਾਂ ਗੁਰੂ ਜੀ ਦੇ ਸਿਰ ਵਿੱਚ -------- ਪਏ ਹੋਏ ਸਨ। ਇਹ ਮੈਂ ਲਿਖ ਨਹੀਂ ਸਕਦਾ ਜੋ ਉਸ ਨੇ ਕਿਹਾ ਸੀ ਅਤੇ ਇਹ ਵੀ ਕਿਹਾ ਕਿ ਉਹ ਸਾਰੇ ਪਿਛਲੇ ਜਨਮ ਦੇ ਸਿੱਖ ਸਨ ਅਤੇ ਗੁਰੂ ਜੀ ਨੇ ਉਹਨਾ ਦਾ ਕਲਿਆਣ ਕੀਤਾ ਸੀ। ਜੇ ਕਰ ਹੋਰ ਕੋਈ ਸਾਡੇ ਗੁਰੂਆਂ ਬਾਰੇ ਅਜਿਹਾ ਕਹੇ ਤਾਂ ਸਿੱਖ ਮਰਨ ਮਾਰਨ ਤੇ ਹੋ ਜਾਂਦੇ ਹਨ ਪਰ ਜੇ ਕਰ ਸਿੱਖੀ ਭੇਖ ਵਾਲੇ ਹੀ ਅਜਿਹਾ ਕਰਨ ਤਾਂ ਉਹਨਾ ਬਾਰੇ--? ਇਸ ਤਰ੍ਹਾਂ ਦੀ ਕਹਾਣੀ ਇੱਕ ਵਾਰੀ ਕੋਈ 30-35 ਸਾਲ ਪਹਿਲਾਂ ਵੀ ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਇੱਕ ਪੜੇ ਲਿਖੇ ਸੱਜਣ ਨੇ ਸੁਣਾਈ ਸੀ ਤਾਂ ਉਸ ਸਮੇਂ ਕਾਫੀ ਰੌਲਾ ਪਿਆ ਸੀ। ਉਸ ਦਾ ਕਹਿਣਾ ਸੀ ਕਿ ਇਹ ਸੂਰਜ ਪ੍ਰਕਾਸ਼ ਵਿੱਚ ਲਿਖੀ ਹੋਈ ਹੈ।
ਆਓ ਹੁਣ ਉਸ ਗੱਲ ਵੱਲ ਆਈਏ ਜਿਹੜੀ ਕਿ ਮੈਂ ਇਸ ਲੇਖ ਵਿੱਚ ਕਰਨੀ ਚਾਹੁੰਦਾ ਹਾਂ। ਉਹ ਹੈ ਭੂਤਾਂ ਬਾਰੇ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਬਾਹਰ ਖੇਤਾਂ ਵਿੱਚ ਘਰ ਦੇ ਹੋਰ ਮੈਂਬਰਾਂ ਨਾਲ ਕਣਕ ਵੱਢਿਆ ਕਰਦਾ ਸੀ ਤਾਂ ਦਪਹਿਰ ਵੇਲੇ ਜਦੋਂ ਗਰਮੀ ਕਾਫੀ ਹੋ ਜਾਂਦੀ ਸੀ ਤਾਂ ਵਾ-ਵਾਰੋਲੇ ਆਮ ਹੀ ਆਇਆ ਕਰਦੇ ਸਨ। ਜੋ ਕਿ ਵੱਢੀ ਹੋਈ ਕਣਕ ਦੀਆਂ ਢੇਰੀਆਂ ਨੂੰ ਖਿਲਾਰ ਦਿਆ ਕਰਦੇ ਸਨ। ਉਸ ਸਮੇਂ ਅਸੀਂ ਕਿਹਾ ਕਰਦੇ ਸੀ ਕਿ ਇਹ ਕੋਈ ਭੂਤ ਆਇਆ ਹੈ। ਫਿਰ ਉਸ ਭੂਤ ਬਾਰੇ ਅੰਦਾਜ਼ੇ ਲਉਣੇ ਕਿ ਫਲਾਨਾਂ ਮਰਿਆ ਹੋਇਆ ਹੁਣ ਭੂਤ ਬਣ ਕੇ ਆਇਆ ਹੈ। ਇੱਥੇ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਅਮਰੀਕਾ ਵਿੱਚ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਤਕਰੀਬਨ ਹਰ ਸਾਲ ਕਈ ਵੱਡੇ ਸਮੁੰਦਰੀ ਤੁਫਾਨ ਆਉਂਦੇ ਹਨ ਜਿਹੜੇ ਕਿ ਕਾਫੀ ਨੁਕਸਾਨ ਕਰ ਜਾਂਦੇ ਹਨ। ਇਸੇ ਤਰ੍ਹਾਂ ਦਾ ਕੁੱਝ ਦਿਨ ਪਹਿਲਾਂ ਵੀ ਆ ਕੇ ਹਟਿਆ ਹੈ। ਕਾਫੀ ਸਾਲ ਪਹਿਲਾਂ ਇੱਕ ਟਕਸਾਲੀ ਗਿਆਨੀ ਸਿੱਖ ਕਹਿੰਦਾ ਸੀ ਕਿ ਕਈ ਗੁਪਤ ਸ਼ਕਤੀਆਂ ਖਾਸ ਕਰਕੇ ਭੂਤ ਪ੍ਰੇਤ ਅਮਰੀਕਾ ਵਾਲਿਆਂ ਨੂੰ ਸਬਕ ਸਿਖਾਉਂਦੇ ਹਨ। ਇਹਨਾ ਤੁਫਾਨਾਂ ਨੂੰ ਰੋਕਣ ਬਾਰੇ ਕਾਫੀ ਵਿਚਾਰਾਂ/ਸਕੀਮਾਂ ਹੋਈਆਂ ਹਨ ਪਰ ਇਹ ਕਈ ਸੈਂਕੜੇ ਮੀਲਾਂ ਵਿੱਚ ਫੈਲੇ ਹੋਣ ਦੇ ਕਾਰਨ ਹਾਲੇ ਤੱਕ ਕਿਸੇ ਵੀ ਸਕੀਮ ਵਿੱਚ ਕੋਈ ਵੀ ਕਾਮਯਾਬੀ ਨਹੀਂ ਮਿਲੀ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਦਿਨ ਨੂੰ ਕੋਈ ਸਕੀਮ ਕੰਮ ਕਰ ਹੀ ਜਾਵੇ। ਮੀਂਹ ਅਤੇ ਅਹਿਣ/ਗੜੇ ਪੈਣ ਨੂੰ ਘੱਟ ਕਰਨ ਜਾਂ ਕੁੱਝ ਸਮੇਂ ਲਈ ਟਾਲਣ ਵਿੱਚ ਕਈ ਸਕੀਮਾ ਸਫਲ ਹੋਈਆਂ ਹਨ। ਕਨੇਡਾ ਦੇ ਅਲਬਰਟਾ ਸੂਬੇ ਵਿੱਚ ਹਰੇਕ ਸਾਲ ਅਹਿਣ ਪੈਣ ਨਾਲ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਜਾਂਦਾ ਸੀ ਜਦੋਂ ਇਹ ਅਹਿਣ ਦੇ ਗੋਲੇ ਕਾਫੀ ਵੱਡੇ ਬਣ ਕੇ ਡਿਗਦੇ ਸਨ ਅਤੇ ਸ਼ੀਸ਼ੇ ਭੰਨ ਦਿਆ ਕਰਦੇ ਸਨ। ਇਸ ਨੂੰ ਘੱਟ ਕਰਨ ਵਿੱਚ ਉਹਨਾ ਨੇ ਕਾਫੀ ਸਫਲਤਾ ਹਾਸਲ ਕਰ ਲਈ ਹੈ। ਜਦੋਂ ਮੌਸਮ ਵਿਭਾਗ ਵਲੋਂ ਅਹਿਣ ਪੈਣ ਦੀ ਸੰਭਾਵਨਾ ਕੀਤੀ ਜਾਂਦੀ ਹੈ ਤਾਂ ਸਪੈਸ਼ਲ ਹਵਾਈ ਜ਼ਹਾਜ਼ ਰਾਹੀਂ ਅਸਮਾਨ ਵਿੱਚ ਕੁੱਝ ਸਪਰੇਅ ਕਰਕੇ, ਹਵਾ ਦੇ ਤਾਪਮਾਨ ਵਿੱਚ ਤਬਦੀਲੀ ਲਿਆ ਕੇ ਇਸ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਜਾਂਦਾ ਹੈ।
ਤਕਰੀਬਨ ਸਾਰੇ ਹੀ ਕਥਿਤ ਮਹਾਂਪੁਰਸ਼ ਭੂਤਾਂ ਦੀ ਹੋਂਦ ਨੂੰ ਮੰਨਦੇ ਹਨ। ਜਿਹੜੇ ਵੱਡੇ ਤਿੰਨ ਡੇਰੇ/ਜਥੇਬੰਦੀਆਂ ਦਾ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਜੇ ਕਰ ਉਹ ਵੀ ਇਹਨਾ ਭੂਤਾਂ ਬਾਰੇ ਗੱਲਾਂ ਨਾ ਕਰਨ ਤਾਂ ਫਿਰ ਉਹ ਮਹਾਂਪੁਰਸ਼ ਹੀ ਕਾਹਦੇ ਹੋਏ? ਸ੍ਰੀਮਾਨ ਪੰਥ ਰਤਨ ਵਿਦਿਯਾ ਮਾਰਤੰਡ, ਸੰਤ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਗੁਰਬਾਣੀ ਪਾਠ ਦਰਸ਼ਨ ਦੇ ਪੰਨਾ 109 ਤੇ ਲਿਖਦੇ ਹਨ, “ਦਸਵੇਂ ਪਾਤਸ਼ਾਹ ਨੇ ਭੁਤਾਂ ਪ੍ਰੇਤਾਂ ਦੇ ਝੁੰਡ ਵਿਖਾਏ ਸਿਖਾਂ ਨੂੰ ਭੁਤਾਂ ਨੇ ਦਸਿਆ ਕਿ ਹੁਣ ਗਿਣਤੀ ਘਟ ਗਈ ਹੈ ਕਿੳਂਕਿ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਨ ਕਰ ਦਿਤੀਆਂ, ਜੋ ਪੜ੍ਹਦਾ ਹੈ ਉਹ ਮੁਕਤ ਹੁੰਦਾ ਹੈ”। ਭਾਵ ਕਿ ਜੋ ਇਹ ਪਾਠ ਨਹੀਂ ਕਰਦਾ ਉਸ ਦੇ ਭੂਤ ਬਣਨ ਦੇ ਜ਼ਿਆਦਾ ਚਾਨਸ ਹਨ। ਮੈਨੂੰ ਤਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਕੋਈ ਪੰਗਤੀ ਨਹੀਂ ਲੱਭੀ ਜਿਸ ਵਿੱਚ ਜ਼ਿਕਰ ਹੋਵੇ ਕਿ ਲਾਵਾਂ ਦੇ ਪਾਠ ਕਰਨ ਨਾਲ ਭੂਤ ਦੀ ਜੂਨ ਨਹੀਂ ਮਿਲਦੀ ਉਦਾਂ ਮਿਲ ਸਕਦੀ ਹੈ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਸਾਂਝੀ ਕਰੇ।
ਅਖੰਡਕੀਰਤਨੀ ਜਥੇ ਦੇ ਸਿੰਘਾਂ ਨੇ ਤਾਂ ਇੱਕ ਭੂਤ (ਪ੍ਰੇਤ) ਦਾ ਉਧਾਰ ਵੀ ਕੀਤਾ ਸੀ ਅਤੇ ਉਸ ਨੂੰ ਪ੍ਰਸ਼ਾਦ ਵੀ ਖੁਆਇਆ ਸੀ। ਇਹ ਸਾਰੀ ਵਾਰਤਾ ਭਾਈ ਰਣਧੀਰ ਸਿੰਘ ਨੇ ਅਣਡਿੱਠੀ ਦੁਨੀਆ ਪੁਸਤਕ ਵਿੱਚ ਦਰਜ ਕੀਤੀ ਹੋਈ ਹੈ। ਇਹ ਸਾਰੀ ਵਾਰਤਾ 1977 ਵਾਲੀ ਐਡੀਸ਼ਨ ਵਿੱਚ 312 ਪੰਨੇ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਕਾਫੀ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਇੱਕ ਪ੍ਰੇਤ ਰਾਤ ਨੂੰ ਉਹਨਾ ਦੇ ਜਥੇ ਕੋਲ ਆਇਆ ਫਿਰ ਵਿਧੀ ਪੂਰਬਕ ਅਖੰਡਪਾਠ ਕਰਕੇ ਉਸ ਦਾ ਉਧਾਰ ਕੀਤਾ ਸੀ। ਉਹਨਾ ਨੇ ਇਸ ਵਾਰਤਾ ਨਾਲ ਸੰਬੰਧ ਕਿਸੇ ਪਿੰਡ ਦਾ ਨਾਮ ਨਹੀਂ ਲਿਖਿਆ ਸਿਰਫ ਇਤਨਾ ਹੀ ਲਿਖਿਆ ਹੈ ਕਿ ਹਜ਼ੂਰ ਸਾਹਿਬ ਦੀ ਯਾਤਰਾ ਤੇ ਜਾਣ ਸਮੇਂ ਰਾਹ ਵਿੱਚ ਇੱਕ ਪੁਰਾਣਾ ਕਸਬਾ ਆ ਗਿਆ ਜਿਥੇ ਜਥੇ ਨੇ ਰਾਤ ਗੁਜ਼ਾਰੀ ਅਤੇ ਮਕਾਨ ਮਾਲਕ ਬਣੇ ਪ੍ਰੇਤ ਦਾ ਉਧਾਰ ਕੀਤਾ।
ਆਓ ਹੁਣ ਇੱਕ ਦਸ ਕੁ ਦਿਨ ਪਹਿਲਾਂ ਪਿੰਡ ਭਿੰਡਰ ਕਲਾਂ ਵਿੱਚ ਵਰਤੀ ਕਹਾਣੀ ਸਾਂਝੀ ਕਰੀਏ। ਇਸ ਪਿੰਡ ਦੀ ਸਰਪੰਚਣੀ ਤਾਂਤਰਿਕ ਪਾਲੋ ਨੇ ਆਪਣੀ ਰਿਸ਼ਤੇਦਾਰੀ ਵਿਚੋਂ ਹੀ ਇੱਕ ਦਸ ਗਿਆਰਾਂ ਕੁ ਸਾਲ ਦੀ ਮਾਸੂਮ ਬੱਚੀ ਵਿਚੋਂ ਭੂਤ ਕੱਢਦੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹ ਬੱਚੀ ਵਾਰ-ਵਾਰ ਪਾਣੀ ਮੰਗ ਰਹੀ ਸੀ ਪਰ ਕਿਸੇ ਨੇ ਵੀ ਉਸ ਨੂੰ ਪਾਣੀ ਦਾ ਘੁੱਟ ਨਾ ਪਿਲਾਇਆ। ਜਦੋਂ ਇਹ ਖ਼ਬਰ ਮੀਡੀਏ ਵਿੱਚ ਆਈ ਤਾਂ ਜਗਤਾਰ ਸਿੰਘ ਜਾਚਕ ਜੀ ਨੇ ਕੁੱਝ ਹੋਰ ਸਿੰਘਾਂ ਨਾਲ ਉਸ ਪਿੰਡ ਵਿੱਚ ਜਾ ਕਿ ਉਸ ਪਾਲੋ ਦਾ ਉਹ ਘੜਾਂ ਵੀ ਭੰਨ ਦਿੱਤਾ ਜਿਸ ਵਿੱਚ ਕਿ ਕਿਸੇ ਭੂਤ ਦੇ ਰਹਿਣ ਦੀ ਗੱਲ ਕੀਤੀ ਜਾਂਦੀ ਸੀ ਅਤੇ ਉਸ ਦਾ ਇੱਕ ਥੜਾ ਵੀ ਢਾਹ ਦਿੱਤਾ। ਉਹਨਾ ਨੇ ਲੋਕਾਂ ਨੂੰ ਦੱਸਿਆ ਕਿ ਭੂਤ-ਪ੍ਰੇਤ ਨਾ ਦੀ ਕੋਈ ਚੀਜ਼ ਨਹੀਂ ਹੁੰਦੀ। ਸਗੋਂ ਜਿਊਂਦੀਆਂ ਭੂਤ-ਪ੍ਰੇਤ ਤਾਂ ਪਾਲੋ ਵਰਗੇ ਪਖੰਡੀ ਲੋਕ ਹਨ। ਇਹ ਸਾਰਾ ਜੋ ਕੁੱਝ ਹੋਇਆ ਹੈ ਇਹ ਯੂ-ਟਿਊਬ ਦੇ ਉਪਰ ਵੀ ਪਾਇਆ ਹੋਇਆ ਹੈ ਅਤੇ ਹੋਰ ਮੀਡੀਏ ਵਿੱਚ ਵੀ ਛਪਿਆ ਹੈ। ਇਸ ਨੂੰ ਪੜ੍ਹ-ਦੇਖ ਕੇ ਕਈਆਂ ਨੇ ਗੁਰਬਾਣੀ ਵਿਚੋਂ ਉਦਾਹਰਣਾ ਦੇ ਕੇ ਦੱਸਿਆ ਹੈ ਕਿ ਭੂਤ-ਪ੍ਰੇਤ ਕੌਣ ਹੁੰਦੇ ਹਨ। ਗੁਰਬਾਣੀ ਦੀਆਂ ਕੁੱਝ ਉਦਾਹਰਣਾ:
ਕਲਿ ਮਹਿ ਪ੍ਰੇਤ ਜਿਨ੍ਹੀ ਰਾਮ ਨਾ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥ ਪੰਨਾ 1131॥
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ 1374 ॥
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥ ਪੰਨਾ 706॥
ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਣਾ ਗੁਰਬਾਣੀ ਵਿਚੋਂ ਮਿਲ ਜਾਂਦੀਆਂ ਹਨ ਕਿ ਭੂਤ-ਪ੍ਰੇਤ ਕਿਹਨਾ ਨੂੰ ਕਿਹਾ ਜਾਂਦਾ ਹੈ। ਉਂਜ ਗੁਰਬਾਣੀ ਵਿੱਚ ਕਿਤਨੀਆਂ ਹੀ ਪੰਗਤੀਆਂ ਐਸੀਆਂ ਵੀ ਹਨ ਜਿਹਨਾ ਦੇ ਅੱਖਰੀ ਅਰਥ ਭੂਤ-ਪ੍ਰੇਤ ਵੀ ਬਣਦੇ ਹਨ। ਹੁਣ ਸਵਾਲਾਂ ਵਿਚੋਂ ਸਵਾਲ ਇਹ ਬਣਦਾ ਹੈ ਕਿ ਜੇ ਕਰ ਕੋਈ ਭੂਤ-ਪ੍ਰੇਤ ਹੁੰਦੇ ਹਨ ਤਾਂ ਫਿਰ ਨਾ ਤਾਂ ਵਡਭਾਗ ਸਿੰਘੀਆਂ ਨੂੰ ਗਲਤ ਕਹਿਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਹੋਰ ਪਾਲੋ ਵਰਗੇ ਤਾਂਤਰਿਕ ਨੂੰ ਜੋ ਕਿ ਭੁਤ ਕੱਢਣ ਦਾ ਕੰਮ ਕਰਦੇ ਹਨ। ਉਸ ਦੇ ਘੜੇ ਭੰਨਣੇ ਅਤੇ ਥੜੇ ਢਾਉਣੇ ਵੀ ਗਲਤ ਹਨ। ਉਂਜ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਇਸ ਨੂੰ ਕੋਈ ਮਾਨਸਿਕ ਜਾਂ ਸਰੀਰਕ ਰੋਗ ਤਾਂ ਨਹੀਂ ਹੈ। ਜੇ ਕਰ ਨਹੀਂ ਤਾਂ ਵਾਕਿਆ ਹੀ ਕੋਈ ਭੂਤ-ਪ੍ਰੇਤ ਹੋਵੇਗਾ। ਫਿਰ ਤਾਂ ਉਹ ਕਿਸੇ ਤਰੀਕੇ ਨਾਲ ਕੱਢਣਾ ਹੀ ਪਵੇਗਾ ਭਾਵੇਂ ਕਿ ਕਿਸੇ ਮਾਸੂਮ ਦੀ ਜਾਨ ਹੀ ਕਿਉਂ ਨਾ ਜਾਂਦੀ ਰਹੇ। ਜੇ ਕਰ ਇਹ ਭੂਤ-ਪ੍ਰੇਤ ਨਹੀਂ ਹੁੰਦੇ ਤਾਂ ਦੱਸੋ ਫਿਰ ਇਹ ਸਾਡੇ ਧਰਮ ਵਿਚਲੇ ਸਾਰੇ ਹੀ ਵੱਡੇ-ਵੱਡੇ ਮਹਾਂਪੁਰਸ਼ ਗਲਤ ਅਤੇ ਗੱਪੀ ਹੋਏ ਕਿ ਨਾ? ਇਹਨਾ ਸਾਰੇ ਹੀ ਜੀਂਦਿਆਂ ਜਾਂ ਮਰਿਆਂ ਹੋਇਆਂ ਕਥਿਤ ਮਹਾਂਪੁਰਸ਼ਾਂ ਵਿਚੋਂ ਇੱਕ ਵੀ ਅਜਿਹਾ ਨਹੀਂ ਮਿਲ ਸਕਦਾ ਜੋ ਕਿ ਦੁਨੀਆਂ ਭਰ ਦੇ ਗੰਦ, ਸਾਰੇ ਦਸਮ ਗ੍ਰੰਥ ਨੂੰ ਗੁਰੂ ਕਿਰਤ ਨਾ ਮੰਨਦਾ ਹੋਵੇ ਅਤੇ ਭੂਤਾਂ-ਪ੍ਰੇਤਾਂ ਦੀ ਹੋਂਦ ਨੂੰ ਨਾ ਮੰਨਦਾ ਹੋਵੇ। ਜੇ ਕਰ ਕਿਸੇ ਵੀ ਅਜਿਹੇ ਕਥਿਤ ਮਹਾਂਪੁਰਸ਼ ਦੀ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਸਾਡੇ ਪਾਠਕਾਂ ਨਾਲ ਜ਼ਰੂਰ ਸਾਂਝੀ ਕਰੇ। ਹਜ਼ਾਰਾਂ ਹੀ ਪਾਠਕ ਰੋਜ ‘ਸਿੱਖ ਮਾਰਗ’ ਨੂੰ ਪੜ੍ਹਦੇ ਹਨ। ਇਹ ਲੇਖ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਥੇ ਖੜੇ ਹੋ। ਜੇ ਕਰ ਤੁਸੀਂ ਭੂਤਾਂ-ਪ੍ਰੇਤਾਂ ਨੂੰ ਮੰਨਦੇ ਹੋਵੋਂਗੇ ਤਾਂ ਤੁਸੀਂ ਫਿਰ ਸਾਰੇ ਦਸਮ ਗ੍ਰੰਥ ਨੂੰ ਵੀ ਮੰਨਦੇ ਹੋਵੋਂਗੇ ਅਤੇ ਤੁਸੀਂ ਉਸ ਤਾਂਤਰਿਕ ਪਾਲੋ ਨਾਲ ਵੀ ਸਹਿਮਤ ਹੋਵੋਂਗੇ ਭਾਂਵੇ ਕਿ ਉਸ ਦੇ ਤਰੀਕੇ ਨਾਲ ਨਹੀਂ। ਜੇ ਕਰ ਤੁਹਾਨੂੰ ਕੋਈ ਭੂਤ ਮਿਲੇ ਤਾਂ ਉਸ ਕੋਲੋਂ ਸਾਰਿਆਂ ਦੇ ਸਾਹਮਣੇ ਕਹੀ/ਸ਼ਵਲ ਫੜਾ ਕੇ ਉਸ ਤੋਂ ਆਪਣੀ ਗਾਰਡਨ ਗੁਡਵਾਇਓ ਅਤੇ ਜੇ ਕਰ ਸਰਦੀ ਦਾ ਮੌਸਮ ਹੋਵੇ ਤਾਂ ਸਨੋਅ/ਬਰਫ ਇਕੱਠੀ ਕਰਵਾ ਲਿਓ ਅਤੇ ਜਾਂ ਫਿਰ ਉਸ ਨੂੰ ਹੈਂਡ/ਫੁੱਟ ਪੰਪ ਦੇ ਕੇ, ਕਾਰ/ਟਰੱਕ ਦੇ ਟਾਇਰ ਵਿਚੋਂ ਹਵਾ ਕੱਢ ਕੇ ਭਰਾ ਕੇ ਦਿਖਾ ਦਿਓ। ਕਿਉਂਕਿ ਜੇ ਭੂਤ ਪ੍ਰਸ਼ਾਦ ਖਾਹ ਸਕਦੇ ਹਨ, ਬੋਲ ਸਕਦੇ ਹਨ ਅਤੇ ਦਰਵਾਜੇ ਭੰਨ ਸਕਦੇ ਹਨ ਤਾਂ ਫਿਰ ਇਹ ਕੰਮ ਵੀ ਕਰ ਸਕਦੇ ਹਨ। ਜੇ ਕਰ ਤੁਸੀਂ ਭੂਤਾਂ-ਪ੍ਰੇਤਾਂ ਦੀ ਹੋਂਦ ਨਹੀਂ ਮੰਨਦੇ ਤਾਂ ਦੱਸੋ ਫਿਰ ਤੁਸੀਂ ਇਹਨਾ ਸਾਰੇ ਕਥਿਤ ਮਹਾਂਪੁਰਸ਼ਾਂ ਨੂੰ ਗੱਪੀ ਕਹਿਣ ਦੀ ਹਿੰਮਤ ਕਰ ਸਕਦੇ ਹੋ? ਜੇ ਕਰ ਸਕਦੇ ਹੋ ਤਾਂ ਕਰੋ। ਸਿਰਫ ਇਕੱਲੀ ਤਾਂਤਰਿਕ ਪਾਲੋ ਦਾ ਥੜਾ ਢਾਉਂਣ ਜਾਂ ਘੜਾ ਭੰਨਣ ਨਾਲ ਗੱਲ ਨਹੀਂ ਬਣਨੀ। ਇਹਨਾ ਕਥਿਤ ਮਹਾਂਪੁਰਸ਼ਾਂ ਵਲੋਂ ਸਿੱਖਾਂ ਦੇ ਮਨਾ ਵਿੱਚ ਬਣਾ ਕੇ ਪਾਏ ਹੋਏ ਇਹ ਭਰਮ ਦੇ ਥੜੇ ਅਤੇ ਘੜੇ ਵੀ ਭੰਨਣੇ ਪੈਣਗੇ। ਕੀ ਤੁਸੀਂ ਇਹ ਕਰਨ ਲਈ ਤਿਆਰ ਹੋ?
ਮੱਖਣ ਸਿੰਘ ਪੁਰੇਵਾਲ,
ਸਤੰਬਰ 02, 2012
.