.

ਡੇਰਾਵਾਦ ਦੇ ਕਾਰਨ, ਪ੍ਰਭਾਵ ਅਤੇ ਹੱਲ

ਸਤਿੰਦਰਜੀਤ ਸਿੰਘ

ਅੱਜ ਦੇ ਸਮੇਂ ਡੇਰਾਵਾਦ ਇੱਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਧਰਮ ਦੀ ਰੁਹਾਨੀਅਤ ਨੂੰ ਖਤਮ ਕਰਨ ਲਈ ਮੋਹਰੀ ਬਣੀ ਹੋਈ ਹੈ। ਇਸ ਦੇ ਪ੍ਰਭਾਵ ਤੋਂ ਸਿੱਖ ਧਰਮ ਵੀ ਅਛੂਤਾ ਨਹੀਂ ਸਗੋਂ ਬਾਕੀਆਂ ਨਾਲੋਂ ਵੀ ਵੱਧ ਡੇਰੇ ਸਿੱਖਾਂ ਵਿੱਚ ਬਣ ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੀ ਗਿਣਤੀ ਨਾਲੋਂ ਪੰਜਾਬ ਵਿੱਚ ਅਖੌਤੀ ਸਾਧਾਂ ਦੀ ਗਿਣਤੀ ਵਧੇਰੇ ਹੈ। ਸਿੱਖ ਧਰਮ ਵਿੱਚ ਡੇਰਾਵਾਦ ਦੇ ਪ੍ਰਫੁਲਿੱਤ ਹੋਣ ਦੇ ਕੁਝ ਕਾਰਨ ਇਸ ਤਰ੍ਹਾਂ ਹਨ:

ਲਾਲਸਾ: ਅੱਜ ਤਰੱਕੀ ਦੀ ਸਿਖਰ ਨੂੰ ਛੂਹ ਰਹੇ ਸਮਾਜ ਵਿੱਚ ਆਪਣੇ-ਆਪ ਲਈ ਇੱਕ ਚੰਗੇਰਾ ਅਤੇ ਮਜ਼ਬੂਤ ਸਥਾਨ ਬਣਾਉਣ ਦੀ ਲਾਲਸਾ ਇਨਸਾਨ ਨੂੰ ਮਿਹਨਤ ਨਾਲੋਂ ਚਮਤਕਾਰ ਵੱਲ ਵਧੇਰੈ ਖਿੱਚ ਕੇ ਲਿਜਾ ਰਹੀ ਹੈ। ਹਰ ਕੋਈ ਘੱਟ ਸਮੇਂ ਵਿੱਚ ਵੱਧ ਪੈਸਾ, ਸ਼ੋਹਰਤ ਅਤੇ ਤਰੱਕੀ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਹੈ। ਲੋਕਾਂ ਦੀ ਇਸ ਚਾਹਨਾ ਦਾ ਫਾਇਦਾ ਉਠਾ ਕੇ ਹੀ ਕੁਝ ਲੋਕ ਸਮਾਜ ਵਿੱਚ ਚਮਤਕਾਰੀ ਬਣ ਆਪਣੀਆਂ ਡੇਰੇ ਨੁਮਾ ਦੁਕਾਨਾਂ ਖੋਲ੍ਹ ਕਾਮਯਾਬ ਹੋ ਗਏ। ਜਲਦੀ ਸਬ ਕੁਝ ਹਾਸਿਲ ਕਰਨ ਦੀ ਲਾਲਸਾ ਅਧੀਨ ਹਰ ਵਰਗ ਨਾਲ ਸੰਬੰਧਿਤ ਲੋਕ ਸਮਾਜ ਵਿੱਚ ਸਥਾਪਿਤ ਹੋ ਚੁੱਕੇ ਇਹਨਾਂ ਡੇਰਿਆਂ ਦੇ ਪੈਰੋਕਾਰ ਬਣ ਗਏ।

ਬੇਰੁਜ਼ਗਾਰੀ: ਹੁਣ ਦਾ ਸਮਾਂ ਬਹੁਤ ਹੀ ਵਿਕਾਸ ਦਾ ਸਮਾਂ ਹੈ। ਹਰ ਦਿਨ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਜਿੰਨ੍ਹਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ-ਨਵੇਂ ਕੋਰਸਾਂ ਦੀ ਸ਼ੁਰੂਆਤ ਹੋਈ ਹੈ। ਲੋਕ ਪੜ੍ਹ-ਲਿਖ ਚੰਗੇ ਭਵਿੱਖ ਦੀ ਕਾਮਨਾ ਨਾਲ ਇਹਨਾਂ ਕੋਰਸਾਂ ਦਾ ਭਰਪੂਰ ਲਾਹਾ ਉਠਾ ਰਹੇ ਹਨ। ਅਨਪੜ੍ਹਤਾ ਦੀ ਦਰ ਵਿੱਚ ਕਮੀ ਆਈ ਹੈ ਪਰ ਇਸ ਦੇ ਨਾਲ ਹੀ ਰੁਜ਼ਗਾਰ ਦੀ ਦਰ ਵਿੱਚ ਵੀ ਕਮੀ ਆਈ ਹੈ, ਖਾਸ ਤੌਰ ‘ਤੇ ਪੰਜਾਬ ਵਰਗੇ ਸੂਬੇ ਜੋ ਕਿ ਚੰਗੀ ਇੰਡਸਟਰੀ ਤੋਂ ਸੱਖਣੇ ਹਨ, ਬੇਰੁਜ਼ਗਾਰੀ ਦੀ ਮਾਰ ਹੇਠ ਜ਼ਿਆਦਾ ਹਨ। ਲੱਖਾਂ ਰੁਪਏ ਖਰਚ ਕਰ ਡਿਗਰੀ ਲੈਣ ਵਾਲਾ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਤੋਂ ਅਸਫਲ ਹੋ ਜਾਂਦਾ ਹੈ ਤਾਂ ਕਿਸੇ ‘ਚਮਤਕਾਰ ਨਾਲ ਨੌਕਰੀ’ ਪ੍ਰਾਪਤ ਕਰਨ ਦੀ ਸੋਚ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਡੇਰੇ ਬਣਾ ਕੇ ਬੈਠੇ ਲੋਟੂ ਸਾਧਾਂ ਦੇ ਸ਼ਿਕੰਜੇ ਵਿੱਚ ਜਾ ਫਸਦੇ ਹਨ।

ਵਿਤਕਰਾ: ਵਿਤਕਰਾ ਮਤਲਭ ਭੇਦ ਭਾਵ, ਇਹ ਇੱਕ ਅਜਿਹਾ ਕਾਰਕ ਹੈ ਜਿਸਨੇ ਲੋਕਾਂ ਨੂੰ ਅਖੌਤੀ ਸਾਧਾਂ ਦਾ ਸ਼ਿਕਾਰ ਸਭ ਨਾਲੋਂ ਵੱਧ ਬਣਾਇਆ ਹੈ। ਵਿਤਕਰਾ ਸਮਾਜ ਦੇ ਹਰ ਪੱਧਰ ‘ਤੇ ਹੈ। ਉੱਚੀ-ਨੀਵੀਂ ਜ਼ਾਤ ਦਾ ਵਿਤਕਰਾ ਅਤੇ ਅਮੀਰ-ਗਰੀਬ ਦਾ ਵਿਤਕਰਾ, ਭੇਦ-ਭਾਵ ਦੀਆਂ ਦੋ ਐਸੀਆਂ ਕਿਸਮਾਂ ਹਨ ਜਿੰਨ੍ਹਾਂ ਨੇ ਸਮਾਜ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਭਾਵੇਂ ਸਿੱਖ ਧਰਮ ਵਿੱਚ ਜ਼ਾਤ-ਪਾਤ ਵਰਗੀ ਅਲਾਮਤ ਦੀ ਕੋਈ ਥਾਂ ਨਹੀਂ ਪਰ ਫਿਰ ਵੀ ਸਿੱਖ ਧਰਮ ਵਿੱਚੋਂ ਇਹ ਕੁਰੀਤੀ ਮਨਫੀ ਨਹੀਂ ਹੋਈ। ਆਪਣੇ-ਆਪ ਨੂੰ ਉੱਚੀ ਜ਼ਾਤ ਸਮਝਣ ਵਾਲੇ ਲੋਕਾਂ ਨੇ ਦਲਿਤ ਸਮਝੇ ਲੋਕਾਂ ਨਾਲ ਐਨਾ ਵਿਤਕਰਾ ਕੀਤਾ ਕਿ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਤੋੜ ਗੁਰਦੁਆਰਿਆਂ ਵਿੱਚ ਵੀ ਦਲਿਤ ਭਾਈਚਾਰੇ ਲਈ ਅਲੱਗ ਪੰਗਤਾਂ ਬਣ ਗਈਆਂ, ਬਰਤਨ ਅਲੱਗ ਹੋ ਗਏ। ਇਸ ਸਭ ਦਾ ਨਤੀਜਾ ਅੱਜ ਹਰ ਪਿੰਡ-ਸ਼ਹਿਰ ਵਿੱਚ ਜ਼ਾਤਾਂ ‘ਤੇ ਅਧਾਰਿਤ ਗੁਰਦੁਆਰੇ ਦੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਸ ਸਮੱਸਿਆਂ ਦਾ ਸਾਹਮਣਾ ਕਰਨ ਦੀ ਥਾਂ ਦਲਿਤ ਭਾਈਚਾਰਾ ਵੀ ਅਲੱਗ ਹੋ ਗਿਆ। ਉਹਨਾਂ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਨੇ ਜਿਸ ਬਾਣੀ ਨੂੰ ‘ਇੱਕ ਥਾਂ’ ਇੱਕਠਾ ਕੀਤਾ ਸੀ, ਉਹ ਬਾਣੀ ਵੀ ਵੰਡ ਲਈ। ਲੋਕਾਂ ਵਿੱਚ ਪਏ ਇਸ ‘ਬਿੱਲੀਆਂ ਦੀ ਲੜਾਈ’ ਦੇ ਪਾੜੇ ਦਾ ਫਾਇਦਾ ਕੁਝ ਅਖੌਤੀ ਲੋਕਾਂ ਨੇ ਉਠਾ ਲਿਆ। ਜੋ ਆਪ ਸੰਬੰਧਿਤ ਭਾਈਚਾਰੇ ਲਈ ‘ਸੰਤ’ ਬਣ ਮਹਾਨ ਹੋ ਗਏ ਅਤੇ ਲੋਕਾਂ ਨੂੰ ਗੁੰਮਰਾਹ ਕਰ ਉਹਨਾਂ ਆਪਣੀ ਕਮਾਈ ਦੇ ਰਸਤੇ ਖੋਲ੍ਹ ਲਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵੰਡੀਆਂ ਗੁਰੂ ਸਾਹਿਬਾਨ ਨੇ ਨਹੀਂ ਸੀ ਪਾਈਆਂ, ਇਹ ਕੁਝ ਗਲਤ ਲੋਕਾਂ ਦੀ ਫੋਕੀ ਹੈਂਕੜ ਦੀ ਉਪਜ ਸੀ, ਜ਼ਰੂਰਤ ਸੀ ਇਹਨਾਂ ਗੁਰਮਤਿ ਸਿਧਾਂਤ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਭੰਨਣ ਦੀ ਨਾ ਕਿ ਅਲੱਗ ਹੋਣ ਦੀ। ਆਪਣੇ-ਆਪਣੇ ਡੇਰੇ ਬਣਾ ਕੇ ਮਸ਼ਹੂਰ ਹੋਏ ਸਾਧਾਂ ਨੇ ਇਹਨਾਂ ਲੋਕਾਂ ਲਈ ਹਸਪਤਾਲ ਆਦਿ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਿੱਥੇ ਮੁਫਤ ਜਾਂ ਬਹੁਤ ਹੀ ਵਾਜਬ ਕੀਮਤ ‘ਤੇ ਇਲਾਜ ਦੀ ਸੁਵਿਧਾ ਦਿੱਤੀ। ਇਹਨਾਂ ਗੱਲਾਂ ਨੇ ਹੀ ਦਲਿਤ ਭਾਈਚਾਰੇ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਇਹਨਾਂ ਡੇਰਿਆਂ ਨਾਲ ਜੋੜ ਦਿੱਤਾ। ਜਿਵੇਂ ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ 40 ਸਿੱਖ ਪਰਿਵਾਰਾਂ ਦਾ ਇਸਾਈ ਧਰਮ ਵਿੱਚ ਸ਼ਾਮਿਲ ਹੋਣਾ ਵੀ ਇਸ ਵਿਤਕਰੇ ਕਾਰਨ ਹੋਇਆ। ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਜ਼ਾਤ-ਪਾਤ, ਊਚ-ਨੀਚ ਤੋਂ ਬਾਹਰ ਕਰਨ ਲਈ ਅਤੇ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਉੱਦਮ ਕੀਤਾ, ਇਸੇ ਲਈ ਲੰਗਰ ਪ੍ਰਥਾ ਅਤੇ ਸਰੋਵਰ ਵਿੱਚ ਇਸ਼ਨਾਨ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਸਾਰੇ ਬਿਨਾਂ ਕਿਸੇ ਸੁੱਚ-ਭਿੱਟ, ਊਚ-ਨੀਚ ਤੋਂ ਇੱਕ ਥਾਂ ਬੈਠ ਕੇ ਲੰਗਰ ਛਕਣ ‘ਤੇ ਇਸ਼ਨਾਨ ਕਰਨ ਪਰ ਅੱਜ ਦੇ ਸਮੇਂ ਸਰੋਵਰ ‘ਤੇ ਲੰਗਰ ਤਾਂ ਹੈ ਪਰ ਉਹ ਸਿਧਾਂਤ ਗੁਆਚ ਗਿਆ। ਅੱਜ ਗੁਰਦੁਆਰਿਆਂ ਵਿੱਚ ਹੀ ਜ਼ਾਤਾਂ ‘ਤੇ ਆਧਾਰਿਤ ਲੰਗਰ ਕੌਮ ਨੂੰ ਜੋੜ ਨਹੀਂ ਬਲਕਿ ਤੋੜ ਰਿਹਾ ਹੈ।

ਅਨਪੜ੍ਹਤਾ: ਲੋਕਾਂ ਨੂੰ ਡੇਰਿਆਂ ਨਾਲ ਜੋੜਨ ਲਈ ਇਸ ਕਾਰਕ ਦੀ ਵੀ ਬਹੁਤ ਭੂਮਿਕਾ ਰਹੀ ਹੈ। ਅਨਪੜ੍ਹਤਾ ਨੇ ਲੋਕਾਂ ਨੂੰ ਅੰਧ-ਵਿਸ਼ਵਾਸ਼ੀ ਬਣਾ ਦਿੱਤਾ। ਸਿੱਖਿਆ ਅਤੇ ਜਾਣਕਾਰੀ ਦੀ ਘਾਟ ਕਾਰਨ ਲੋਕ ਸੱਚ ਨੂੰ ਜਾਨਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਸਹਿਜੇ ਹੀ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਅੰਧ-ਵਿਸ਼ਵਾਸ਼ੀ ਬਣ ਜਾਂਦੇ ਹਨ। ਗੁਰਮਤਿ ਸਿਧਾਂਤ ਨੂੰ ਸਮਝਣ ਤੋਂ ਅਸਮਰੱਥ ਲੋਕ ਕਰਮਕਾਂਡ ‘ਤੇ ਤਰਕ ਕਰਨ ਦੀ ਸ਼ਕਤੀ ਤੋਂ ਸੱਖਣੇ ਹੁੰਦੇ ਹਨ। ਅਜਿਹੇ ਲੋਕ ਚਮਤਕਾਰੀ ਕਥਾ-ਕਹਾਣੀਆਂ ਨੂੰ ਬਹੁਤ ਜਲਦ ਸੱਚ ਮੰਨ ਲੈਂਦੇ ਹਨ। ਇਸੇ ਗੱਲ ਦਾ ਫਾਇਦਾ ਲੈ ਅਖੌਤੀ ਸਾਧਾਂ ਨੇ ਲੋਕਾਂ ਵਿੱਚ ਐਸੀਆਂ ਚਮਤਕਾਰੀ ਕਹਾਣੀਆਂ ਦਾ ਪ੍ਰਚਾਰ ਕੀਤਾ ਕਿ ਲੋਕ ਸੱਚ ਨੂੰ ਦੇਖ ਹੀ ਨਹੀਂ ਸਕੇ ਅਤੇ ਇਹਨਾਂ ਬੂਬਨਿਆਂ ਨੂੰ ਰੱਬ ਬਣਾ ਬੈਠੇ।

ਗੁਰਮਤਿ ਪ੍ਰਚਾਰ ਦੀ ਘਾਟ: ਇਸ ਖੇਤਰ ਵਿੱਚ ਅਵੇਸਲਾਪਣ ਵੀ ਵਧ ਰਹੇ ਸਾਧਾਂ ਅਤੇ ਡੇਰਿਆਂ ਲਈ ਜ਼ਿੰਮੇਵਾਰ ਹੈ। ਜਦੋਂ ਅਸਲੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਝੂਠ ਨੂੰ ਸੱਚ ਬਣਨਾ ਬਹੁਤ ਸੌਖਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੁਝ ਲੋਕ ਆਪਣਾ ਧੰਦਾ ਚਲਾ ਰਹੇ ਹਨ। ਉਹ ਲੋਕਾਂ ਅੱਗੇ ਅਸਲ ਸਿਧਾਂਤ ਦੀ ਗੱਲ ਤਾਂ ਛੇੜਦੇ ਹੀ ਨਹੀਂ ਸਗੋਂ ਝੂਠੀਆਂ ਸਾਖੀਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਆਪਣੇ ਤੋਂ ਵੱਡੇ ਬਾਬਿਆਂ ਦੀਆਂ ਕਹਾਣੀਆਂ ਨਾਲ ਲੋਕਾਂ ਨੂੰ ਆਪਣੇ ਚਮਤਕਾਰੀ ਗੱਦੀ ‘ਤੇ ਬੈਠੇ ਹੋਣ ਦਾ ਭਰਮ ਪਾ ਕੇ ਇਹ ਸਾਧ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਗੁਰਬਾਣੀ ਦੇ ਸ਼ਬਦਾਂ ਦੇ ਗਲਤ ਅਰਥ ਕਰ, ਪੂਰੇ ਸ਼ਬਦ ਦੀ ਬਜਾਏ ਆਪਣੇ ਮਤਲਬ ਦੀਆਂ ਕੁਝ ਪੰਕਤੀਆਂ ਦੇ ਆਪਣੇ ਅਨੁਸਾਰ ਅਰਥ ਕਰ ਇਹ ਸਾਧ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਸਾਧ ‘ਸੰਤ ਕੀ ਨਿੰਦਾ’ ਵਾਲੀ ਅਸ਼ਟਪਦੀ ਨਾਲ ਲੋਕਾਂ ਨੂੰ ਡਰਾਉਂਦੇ ਤਾਂ ਹਨ ਪਰ ਇਸ ਅਸ਼ਟਪਦੀ ਵਿੱਚ ਜਿਸ ਸੰਤ ਦੀ ਗੱਲ ਕੀਤੀ ਗਈ ਹੈ, ਉਸ ਬਾਰੇ ਸੱਚ ਨੂੰ ਛੁਪਾ ਲੈਂਦੇ ਹਨ। ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਰਾਜਸੀ ਪ੍ਰਭਾਵ ਹੇਠਾਂ ਆ ਗਈਆਂ ਹਨ ਜਿਸ ਨਾਲ ਉਹ ਆਪਣਾ ਅਸਲ ਕੰਮ ਨਹੀਂ ਕਰ ਪਾ ਰਹੀਆਂ। ਲੋਕ ਇਹਨਾਂ ਦੀਆਂ ਕਰਾਮਾਤੀ ਕਹਾਣੀਆਂ ਦੇ ਕਾਇਲ ਹੋ, ਇਹਨਾਂ ਵੱਲੋਂ ਪਾਏ ਗੁਰਬਾਣੀ ਦੇ ਡਰ ਕਾਰਨ ਇਹਨਾਂ ਦੇ ਸ਼ਰਧਾਲੂ ਬਣ ਡੇਰਿਆਂ ਨਾਲ ਜੁੜ ਜਾਂਦੇ ਹਨ। ਇਸ ਕਮਜ਼ੋਰੀ ਦਾ ਫਾਇਦਾ ਇਹਨਾਂ ਅਖੌਤੀ ਸਾਧਾਂ ਨੇ ਲਿਆ ਹੈ ਅਤੇ ਆਪਣੀ-ਆਪਣੀ ਸੰਪ੍ਰਦਾ ਦਾ ਪ੍ਰਚਾਰ ਕਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ।

ਪਤਿਤਪੁਣਾ: ਇਸ ਸ਼ਬਦ ਦਾ ਘੇਰਾ ਬਹੁਤ ਵਿਸ਼ਾਲ ਹੈ ਪਰ ਸਾਡੀ ਕੌਮ ਨੇ ਇਸ ਨੂੰ ਸੀਮਤ ਕਰ ਦਿੱਤਾ ਹੈ। ਸਿੱਖਾਂ ਵਿੱਚ ‘ਪਤਿਤ’ ਦਾ ਅਰਥ ਸਿਰਫ ਕੇਸ-ਦਾਹੜੀ ਕਤਲ ਕਰਵਾਉਣ ਵਾਲੇ ਤੱਕ ਹੀ ਸੀਮਤ ਕਰ ਦਿੱਤਾ ਗਿਆ। ਠੀਕ ਹੈ ਕਿ ਕੇਸ ਕਤਲ ਕਰਵਾਉਣ ਵਾਲੇ ਵੀ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਪਰ ਇਸ ਦਾ ਘੇਰਾ ਸਿਰਫ ਕੇਸਾਂ ਤੱਕ ਨਹੀਂ ਹੈ। ਇਸ ਸ਼ਬਦ ਦੀ ਕਈ ਵਾਰ ਗਲਤ ਵਰਤੋਂ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਦੀ ਹੈ। ਕਈ ਵਾਰ ਬੱਚੇ ਗਲਤ ਸੰਗਤ ਕਾਰਨ ਕੇਸ ਕਤਲ ਕਰਵਾ ਬੈਠਦੇ ਹਨ, ਜਦੋਂ ਉਹ ਵੱਡੇ ਹੁੰਦੇ ਹਨ ਤਾਂ ਸੋਝੀ ਆਉਣ ‘ਤੇ ਘਰ ਵਾਪਿਸ ਆਉਣ ਦੀ ਸੋਚ ਪ੍ਰਬਲ ਹੁੰਦੀ ਹੈ, ਉਹ ਸਿੱਖ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਪਤਿਤ ਕਹਿ ਕੇ ਚਿੜਾਇਆ ਜਾਂਦਾ ਹੈ, ਬੱਸ ਕਈ ਵਾਰ ਇੱਥੇ ਗੱਲ ਬਣਦੀ-ਬਣਦੀ ਵਿਗੜ ਜਾਂਦੀ ਹੈ।

ਉੱਪਰ ਦਿੱਤੇ ਕਾਰਨ ਭਾਵੇਂ ਅੰਸ਼ਿਕ ਮਾਤਰ ਹੀ ਹੋਣ ਪਰ ਬਹੁਤ ਹੀ ਮਹੱਤਵਪੂਰਨ ਹਨ। ਹੋਰ ਵੀ ਅਨੇਕਾਂ ਕਾਰਨ ਹੋ ਸਕਦੇ ਆ ਜਿੰਨ੍ਹਾਂ ਦੇ ਸਿਰ ‘ਤੇ ਇਹ ਡੇਰਵਾਦ ‘ਤੇ ਅਖੌਤੀ ਸਾਧਾਂ ਦੀ ਅਮਰਵੇਲ ਵਧ ਰਹੀ ਹੈ। ਸਾਰੇ ਕਾਰਨਾਂ ਨੂੰ ਪਹਿਚਾਣ ਕੇ ਉਹਨਾਂ ਦੇ ਹੱਲ ਬਾਰੇ ਗੰਭੀਰਤਾ ਨਾਲ ਸੋਚਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਕਾਰਨ ਪੈਣ ਵਾਲੇ ਅਤੇ ਪੈ ਚੁੱਕੇ ਪ੍ਰਭਾਵਾਂ ਨੂੰ ਦੂਰ ਕੀਤਾ ਜਾ ਸਕੇ। ਡੇਰਾਵਾਦ ਨੇ ਸਿੱਖ ਧਰਮ ਅਤੇ ਸਮੁੱਚੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ, ਉਹ ਕੁਝ ਇਸ ਪ੍ਰਕਾਰ ਹੈ:

ਸਿੱਖ ਧਰਮ ‘ੴ’ ਦਾ ਨਿਆਰਾ ਅਤੇ ਏਕੇ ਦਾ ਸਿਧਾਂਤ ਬੁਰੀ ਤਰ੍ਹਾਂ ਟੁਕੜੇ-ਟੁਕੜੇ ਹੋ ਗਿਆ ਹੈ।

ਸਮਾਜ ਵਿੱਚ ਵੰਡੀਆਂ ਪੈ ਚੁੱਕੀਆਂ ਹਨ, ਸਮਾਜਿਕ ਸਹਿਯੋਗ ਮਨਫੀ ਹੋ ਗਿਆ ਹੈ ਜਿਸ ਨਾਲ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ।

ਸਿੱਖ ਕੌਮ ਦੀ ਆਉਣ ਵਾਲੀ ਨਸਲ ਸ਼ਾਨਾਮੱਤੇ ਇਤਿਹਾਸ ਨੂੰ ਜਾਨਣ ਤੋਂ ਵਾਂਝੀ ਹੁੰਦੀ ਜਾ ਰਹੀ ਹੈ।

ਪੰਥ ਨੂੰ ਇੱਕਜੁੱਟ ਕਰਨ ਵਾਲੀ ‘ਪੰਥ ਪ੍ਰਵਾਣਿਤ ਰਹਿਤ ਮਰਿਆਦਾ’ ਦੀ ਥਾਂ ਹਰ ਡੇਰੇ ਦੀ ਆਪਣੀ-ਆਪਣੀ ਮਰਿਆਦਾ ਹੈ। ਭਾਵੇਂ ਮੌਜੂਦਾ ਰਹਿਤ ਮਰਿਆਦਾ ਵਿੱਚ ਵੀ ਕੁਝ ਕਮੀਆਂ ਹਨ ‘ਤੇ ਉਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਪਰ ਫਿਰ ਵੀ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ ਜੋ ਕੌਮ ਨੂੰ ਇੱਕਜੁੱਟ ਰੱਖਣ ਵਿੱਚ ਸਹਾਈ ਹੈ।

ਅਖੌਤੀ ਡੇਰੇਦਾਰਾਂ ਵੱਲੋਂ ਆਏ ਦਿਨ ਨਵੇਂ-ਨਵੇਂ ਤਰੀਕੇ ਦੇ ਪਾਠ ਅਤੇ ਜਾਪ ਹੋਣ ਲੱਗੇ ਹਨ ਜੋ ਕਿ ਗੁਰਬਾਣੀ ਦੀ ਸਮਝ ਦੀ ਬਜਾਏ ਤੋਤਾ ਰਟਨ ਮੰਤਰ ਉਚਾਰਨਾਂ ਦਾ ਰੂਪ ਲੈਂਦੇ ਜਾ ਰਹੇ ਹਨ।

ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝਣ ਅਤੇ ਇੱਕ ਅਕਾਲ ਪੁਰਖ ਪ੍ਰਮਾਤਮਾ ਨਾਲ ਜੁੜਨ ਦੀ ਬਜਾਏ ਸਿੱਖ, ਦੇਹਧਾਰੀ ਬਾਬਿਆਂ ਦੇ ਪੈਰੋਕਾਰ ਬਣ ਰਹੇ ਹਨ।

ਅਖੌਤੀ ਸਾਧਾਂ ਦੀਆਂ ਗੱਲਾਂ ਵਿੱਚ ਆ ਸਿੱਖ ਵੀ ਬਾਕੀ ਧਰਮਾਂ ਵਾਂਗ ਕਰਮਕਾਂਡੀ ਬਣਦੇ ਜਾ ਰਹੇ ਹਨ।

ਅਖੌਤੀ ਸਾਧ ਲੋਕਾਂ ਦੀ ਬੇਸਮਝੀ ਦਾ ਫਾਇਦਾ ਉਠਾਂ, ਉਹਨਾਂ ਦਾ ਮਾਨਸਿਕ ਅਤੇ ਇੱਥੋਂ ਤੱਕ ਕੇ ਸ਼ਰੀਰਕ ਸ਼ੋਸ਼ਣ ਕਰ ਰਹੇ ਹਨ।

ਲੋਕਾਂ ਵਿੱਚ ਲੜਕਾ ਪੈਦਾ ਹੋਣ ਲਈ ਸਾਧਾਂ ਤੋਂ ‘ਫਲ’ ਪੁਆਉਣ ਵਰਗੇ ਰਿਵਾਜ਼ ਸਿੱਖੀ ਵਿੱਚ ਭਾਰੂ ਹੋ ਰਹੇ ਹਨ।

ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਹਰ ਬਾਬੇ ਦੇ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਣ ਨਾਲ ਸਮਾਜ ਵਿੱਚ ਵੰਡੀਆਂ ਪੈ ਚੁੱਕੀਆਂ ਹਨ।

‘ਸਰਬੱਤ ਦਾ ਭਲਾ’ ਮੰਗਣ ਵਾਲੇ ਸਿਧਾਂਤ ਦੇ ਪ੍ਰਚਾਰ ਦੀ ਘਾਟ ਕਾਰਨ ਅਤੇ ਡੇਰੇਦਾਰਾਂ ਦੇ ਪ੍ਰਚਾਰ ਨਾਲ ਸਮਾਜ ਵਿੱਚ ਗੰਦੀ ਰਾਜਨੀਤੀ ਜ਼ੋਰ ਫੜ੍ਹ ਚੁੱਕੀ ਹੈ।

ਡੇਰੇਦਾਰ ਆਪਣੇ ਪਹਿਲੇ ਬਾਬਿਆਂ ਦੀਆਂ ਫੋਟੋਆਂ ਰਾਹੀਂ ਮੂਰਤੀ-ਪੂਜਾ ਵਰਗੀ ਮਨਮਤਿ ਨੂੰ ਪ੍ਰਚਾਰ ਰਹੇ ਹਨ ‘ਤੇ ਲੋਕ ਉਸਨੂੰ ਅਪਣਾ ਚੁੱਕੇ ਹਨ।

ਡੇਰੇਦਾਰ ਅਤੇ ਸਾਧ-ਬਾਬੇ ਲੋਕਾਂ ਨੂੰ ਝੂਠੀਆਂ ਅਤੇ ਚਮਤਕਾਰੀ ਕਹਾਣੀਆਂ ਸੁਣਾ ਕੇ ਜਿੱਥੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਰਹੇ ਹਨ ਉੱਥੇ ਹੀ ਸਿੱਖੀ ਨੂੰ ਵੀ ਚਮਤਕਾਰੀ ਬਣਾ ਕੇ ਪੇਸ਼ ਕਰ ਰਹੇ ਹਨ।

ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਭਾਵ ਐਸੇ ਹਨ ਜੋ ਕਈ ਵਾਰ ਦੇਖਣ ਨੂੰ ਮਾਮੂਲੀ ਲਗਦੇ ਹਨ ਪਰ ਉਹਨਾਂ ਦੇ ਸਿੱਟੇ ਬੜੇ ਗੰਭੀਰ ਨਿਕਲਦੇ ਹਨ। ਕਈ ਐਸੀਆਂ ਗੱਲਾਂ ਹੋਰ ਵੀ ਬਹੁਤ ਹੋ ਸਕਦੀਆਂ ਹਨ ਜੋ ਸਿੱਖੀ ਦੀ ਰੁਹਾਨੀਅਤ ਨੂੰ ਖਤਮ ਕਰ ਰਹੀਆਂ ਹਨ। ਜ਼ਰੂਰਤ ਹੈ ਇਹਨਾਂ ਛੋਟੀਆਂ-ਵੱਡੀਆਂ ਗੱਲਾਂ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਬਾਰੇ ਸਮਝਦਾਰ ਹੁੰਦੇ ਹੋਏ ਕੌਮ ਦੇ ਭਵਿੱਖ ਨੂੰ ਉਜਵਲ ਬਣਾਉਣ ਅਤੇ ਰੁਹਾਨੀਅਤ ਨੂੰ ਬਰਕਰਾਰ ਰੱਖਣ ਲਈ ਇਹਨਾਂ ਪ੍ਰਭਾਵਾਂ ਤੋਂ ਬਚਾਅ ਕਰਨ ਦੇ ਯਤਨ ਤੇਜ਼ ਕੀਤੇ ਜਾਣ। ਇਹਨਾਂ ਪ੍ਰਭਾਵਾਂ ਅਤੇ ਡੇਰਾਵਾਦ ਨੂੰ ਠੱਲ੍ਹਣ ਲਈ ਕੁਝ ਕੁ ਤਰੀਕੇ ਹੇਠ ਲਿਖੇ ਹੋ ਸਕਦੇ ਹਨ:

ਬਰਾਬਰਤਾ ਦਾ ਹੱਕ ਬਹਾਲ ਕਰਨਾ: ਸਿੱਖ ਕੌਮ ਨੂੰ ‘ਇੱਕ’ ਦੇ ਸਿਧਾਂਤ ਨਾਲ ਜੋੜਨ ਲਈ ਇਹ ਅਤਿ ਜ਼ਰੂਰੀ ਹੈ ਕਿ ਹਰ ਵਰਗ ਦੇ ਸਿੱਖਾਂ ਨੂੰ ਬਰਾਬਰ ਦਾ ਅਧਿਕਾਰ ਮਿਲੇ। ਸਿੱਖ ਧਰਮ ਅਤੇ ਗੁਰਦੁਆਰਿਆਂ ਵਿੱਚ ਜ਼ਾਤ-ਪਾਤ, ਊਚ-ਨੀਚ ਦਾ ਵਿਵਹਾਰ ਬੰਦ ਹੋ ਕੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥’ {ਪੰਨਾ 1349} ਦੇ ਸਿਧਾਂਤ ਨੂੰ ਲਾਗੂ ਕੀਤਾ ਜਾਵੇ ਅਤੇ ਅਸਲ ਵਿੱਚ ਮੰਨਿਆ ਜਾਵੇ। ਲੰਗਰ ‘ਤੇ ਸਰੋਵਰ-ਇਸ਼ਨਾਨ ਮਹਿਜ਼ ਇੱਕ ਕਰਮਕਾਂਡ ਬਣ ਕੇ ਨਾ ਰਹਿਣ ਬਲਕਿ ਗੁਰੂ ਸਾਹਿਬ ਦੇ ਸਿਧਾਂਤ ਦਾ ਪ੍ਰਚਾਰ ਕਰਨ।

ਗੁਰਮਤਿ ਪ੍ਰਚਾਰ: ਸਿੱਖਾਂ ਵਿੱਚ ਵਧ ਰਹੇ ਪਤਿਤਪੁਣੇ ਅਤੇ ਅੰਧਵਿਸ਼ਵਾਸ਼ਾਂ ਨੂੰ ਖਤਮ ਕਰਨ ਲਈ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਹੋਰ ਵੀ ਤੇਜ਼ ਕੀਤਾ ਜਾਵੇ। ਲੋਕਾਂ ਨੂੰ ਗੁਰਬਾਣੀ ਅਧਾਰ ਨਾਲ ਸਮਝਾਇਆ ਜਾਵੇ ਅਤੇ ਇੱਕੋ ਇੱਕ ਪ੍ਰਮਾਤਮਾ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ। ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਝੂਠੀਆਂ ਅਤੇ ਚਮਤਕਾਰੀ ਕਹਾਣੀਆਂ ਨੂੰ ਰੱਦ ਕਰ ਗੁਰਮਤਿ ਅਨੁਸਾਰ ਬਤੀਤ ਕੀਤੇ ਜੀਵਨ ਬਾਰੇ ਦੱਸਿਆ ਜਾਵੇ। ਸਿੱਖੀ ਸਿਦਕ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀਆਂ ਗਾਥਾਵਾਂ ਸੁਣਾਈਆਂ ਜਾਣ। ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਧਰਮ ਪ੍ਰਚਾਰ ਦੇ ਕੈਂਪ ਵੱਧ ਤੋਂ ਵੱਧ ਲਗਏ ਜਾਣ ਤਾਂ ਜੋ ਅਖੌਤੀ ਸਾਧਾਂ ਵੱਲੋਂ ਦੇਹਾਂ ਨੂੰ ਪੂਜਣ ਦਾ ਬਣਾਇਆ ਭਰਮ-ਜਾਲ ਟੁੱਟ ਸਕੇ ਅਤੇ ਲੋਕ ‘ਇੱਕ’ ਨਾਲ ਜੁੜਨ।

ਬਾਲ ਮਨਾਂ ਨੂੰ ਗੁਰਬਾਣੀ ਨਾਲ ਜੋੜਨਾ: ਬਾਲ ਮਨ ਬਹੁਤ ਕੋਮਲ ਅਤੇ ਚੰਚਲ ਹੋਣ ਦੇ ਨਾਲ-ਨਾਲ ਯਾਦ ਸ਼ਕਤੀ ਦੀ ਵਧੇਰੇ ਸਮਰੱਥਾ ਵਾਲਾ ਵੀ ਹੁੰਦਾ ਹੈ। ਸਿੱਖ ਕੌਮ ਨੂੰ ਕਰਮਕਾਂਡ ਅਤੇ ਮਨਮਤਿ ਤੋਂ ਬਚਾ ਕੇ ਰੱਖਣ ਲਈ ਇਹ ਜ਼ਰੂਰੀ ਹੈ ਕਿ ਛੋਟੀ ਉਮਰ ਦੀ ਕੌਮੀ ਸ਼ਕਤੀ ਨੂੰ ਸੰਭਾਲਿਆ ਜਾਵੇ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਸੱਚੀਆਂ ਗੱਲਾਂ ਦੱਸੀਆਂ ਜਾਣ ਨਾ ਕਿ ਰੋਮਾਂਚ ਪੈਦਾ ਕਰਨ ਲਈ ਚਮਤਕਾਰੀ ਕਹਾਣੀਆਂ ਸੁਣਾਈਆਂ ਜਾਣ। ਗੁਰਬਾਣੀ ਪੜ੍ਹਨ ਅਤੇ ਸਮਝਣ ਦੀ ਆਦਤ ਬੱਚਿਆਂ ਨੂੰ ਬਚਪਨ ਤੋਂ ਹੀ ਪਾਈ ਜਾਵੇ ਪਰ ਇਸ ਤਰੀਕੇ ਕਿ ਉਹ ਬੋਝਲ ਨਾ ਸਮਝਣ।

ਤਰਕ ਸ਼ਕਤੀ ਦਾ ਵਿਕਾਸ ਕਰਨਾ: ਆਮ ਲੋਕਾਂ ਵਿੱਚ ਤਰਕ ਕਰਨ ਦੀ ਸਮਰੱਥਾ ਦਾ ਵਿਕਾਸ ਕਰਨ ਲਈ ਜਾਗਰੂਕਤਾ ਫੈਲਾਈ ਜਾਵੇ। ਜੀਵਨ ਨਾਲ ਜੁੜੀ ਹਰ ਕੁਦਰਤੀ ਪ੍ਰਕਿਰਿਆ ਨੂੰ ਸਰਲ ਢੰਗ ਨਾਲ ਸਮਝਾਉਣ ਲਈ ਕੈਂਪ ਆਦਿ ਲਗਾਏ ਜਾਣ ਤਾਂ ਜੋ ਲੋਕ ਅਸਲੀਅਤ ਨੂੰ ਸਮਝਣ ਅਤੇ ਅੰਧਵਿਸ਼ਵਾਸ਼ ‘ਚੋਂ ਨਿਕਲ ਸਕਣ। ਜਦੋਂ ਲੋਕਾਂ ਨੂੰ ਇਹਨਾਂ ਪਾਖੰਡੀ ਸਾਧਾਂ ਵੱਲੋਂ ਫੈਲਾਈਆਂ ਜਾਂਦੀਆਂ ਗੱਲਾਂ ਤਰਕਹੀਣ ਜਾਪਣ ਲੱਗ ਪਈਆ ਅਤੇ ਲੋਕਾਂ ਵਿੱਚ ਇਹਨਾਂ ਸਾਧਾਂ ਤੋਂ ਦਲੀਲ ਨਾਲ ਸਵਾਲ ਪੁੱਛਣ ਅਤੇ ਤਰਕ ਕਰਨ ਦੀ ਹਿੰਮਤ ਆ ਗਈ ਤਾਂ ਡੇਰਾਵਾਦ ਦਾ ਪਾਖੰਡ ਜਾਲ ਟੁੱਟਦਿਆਂ ਜ਼ਿਆਦਾ ਦੇਰ ਨਹੀਂ ਲੱਗਣੀ।

ਤੁਲਨਾਤਮਕ ਅਧਿਅਨ ਲਈ ਪ੍ਰੇਰਨਾ: ਧਰਮ ਕੋਈ ਵੀ ਮਾੜਾ ਨਹੀਂ, ਹਰ ਧਰਮ ੴ ਪ੍ਰਮਾਤਮਾ ਤੱਕ ਪਹੁੰਚਣ ਦਾ ਰਸਤਾ ਦੱਸਦਾ ਹੈ ਪਰ ਇਹਨਾਂ ਰਸਤਿਆਂ ਵਿੱਚ ਅਖੌਤੀ ਸਾਧ, ਬਾਬਿਆਂ ਵੱਲੋਂ ਮਨਮਤਿ ਅਤੇ ਕਰਮਕਾਂਡ ਦੇ ਪੱਥਰ ਆਦਿਕ ਸੁੱਟ ਕੇ ਰਸਤਾ ਮੁਸ਼ਕਿਲ ਕਰਨ ਦਾ ਯਤਨ ਕੀਤਾ ਗਿਆ ਹੈ। ਲੋਕਾਂ ਵਿੱਚ ਇਹਨਾਂ ਸਾਧਾਂ ਦੀਆਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ‘ਤੇ ਤੁਲਨਾ ਕਰ ਕੇ ਸੱਚ-ਝੂਠ, ਅਸਲ-ਨਕਲ ਦੀ ਪਰਖ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਸਿੱਖ ਧਰਮ ਆਧੁਨਿਕ ਅਤੇ ਵਿਗਿਆਨਿਕ ਧਰਮ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਸਾਹਿਬ ਨੇ ਖੁਦ ਕਰਵਾਈ, ਬਾਕੀ ਧਰਮਾਂ ਦੇ ਧਰਮ ਗ੍ਰੰਥ ਉਹਨਾਂ ਦੇ ਪੈਗੰਬਰਾਂ ਤੋਂ ਬਾਅਦ ਵਿੱਚ ਲਿਖੇ ਗਏ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਆਧੁਨਿਕ ਅਤੇ ਸਰਲ ਹੈ, ਹਰ ਸਾਧ-ਬਾਬੇ ਦਾ ਝੂਠ ਇਸ ਕਸਵੱਟੀ ਨਾਲ ਸਹਿਜੇ ਹੀ ਫੜ੍ਹਿਆ ਜਾ ਸਕਦਾ ਹੈ, ਇਸ ਲਈ ਲੋਕਾਂ ਵਿੱਚ ਤੁਲਨਾਤਮਕ ਅਧਿਅਨ ਦੀ ਰੁਚੀ ਦਾ ਵਿਕਾਸ ਕੀਤਾ ਜਾਵੇ।

ਪਤਿਤਪੁਣੇ ਨੂੰ ਰੋਕਣ ਲਈ ਸਹੀ ਪਹੁੰਚ: ਸਿੱਖੀ ਵਿੱਚ ਵਧ ਰਹੇ ਪਤਿਤਪੁਣੇ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਹੀ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ। ਲੋਕਾਂ ਨੂੰ ਗੁਰਮਤਿ ਸਿਧਾਂਤ ਅਨੁਸਾਰ ਸਿੱਖੀ ਧਾਰਨ ਕਰਨ ਲਈ, ਕੇਸ ਕਤਲ ਨਾ ਕਰਵਾਉਣ ਲਈ ਸਮਝਾਇਆ ਜਾਵੇ, ਉਹਨਾਂ ਦੇ ਮਨਾਂ ਵਿੱਚ ਪਹਿਲਾਂ ਸਿੱਖੀ ਲਈ ਪਿਆਰ ਅਤੇ ਤੜਪ ਪੈਦਾ ਕੀਤੀ ਜਾਵੇ ਨਾ ਕਿ ‘ਪਤਿਤ’ ਕਹਿ ਕੇ ਚਿੜਾਇਆ ਜਾਵੇ। ਕੇਸ-ਦਾਹੜੀ ਕਤਲ ਕਰਾਉਣ ਹੀ ਪਤਿਤ ਨਹੀਂ ਸਗੋਂ ਗੁਰਬਾਣੀ ਦੇ ਸਿਧਾਂਤ ਤੋਂ ਹਰ ਤਰ੍ਹਾਂ ਦੀ ਥਿੜਕਣ ‘ਪਤਿਤਪੁਣਾ’ ਹੈ। ਸਮਾਜ ਵਿੱਚ ਬਹੁਤ ਸਾਰੇ ਐਸੇ ‘ਸਿੱਖ’ ਹਨ ਜੋ ਕੇਸ ਕਤਲ ਕਰਵਾ ਕੇ ‘ਪਤਿਤ’ ਦਾ ਲਕਬ ਹੰਢਾ ਰਹੇ ਨੇ ਪਰ ਸਿੱਖੀ ਭੇਸ ਵਿੱਚ ਬਹੁਤ ਸਾਰੇ ਲੋਕ ਚਰਿੱਤਰ ਤੋਂ ਗਿਰੇ ਹੋਏ ਵੀ ਸਿਰਫ ਪਹਿਰਾਵੇ ਕਰਕੇ ‘ਸਿੱਖ’ ਅਖਵਾ ਰਹੇ ਨੇ। ਸਿੱਖੀ ਸਿਰਫ ਪਹਿਰਾਵਾ ਨਹੀਂ ਬਲਕਿ ਅੰਦਰ ਦਾ ਟਿਕਾਉ ਹੈ, ਮਨ ਦੀ ਗੁਰਬਾਣੀ ਨਾਲ ਸਾਂਝ ਹੈ, ਹਾਂ ਸਿੱਖ ਦੀਆਂ ਨਿਸ਼ਾਨੀਆਂ ਦਾ ਪੂਰਾ ਹੋਣਾ ਵੀ ਜ਼ਰੂਰੀ ਹੈ ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ‘ਨਿਸ਼ਾਨੀਆਂ’ ਸਿਰਫ ਬਾਹਰੀ ਸਰੂਪ ਹੀ ਨਹੀਂ ਬਲਕਿ ਅੰਦਰ ਦੀ ਸੋਚ ਵੀ ਹੈ, ਕਿਰਦਾਰ ਵੀ ਹੈ। ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ:

ਗਲੀ. ਅਸੀ ਚੰਗੀਆ ਆਚਾਰੀ ਬੁਰੀਆਹ ॥

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥

ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥

ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥

ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥

{ ਮਃ ੧ ,ਪੰਨਾ 85}

ਜਿਸ ਤੋਂ ਸਪੱਸ਼ਟ ਹੈ ਕਿ ਸਿਰਫ ਬਾਹਰੀ ਰੂਪ ਹੀ ਪਰਵਾਨ ਨਹੀਂ ਬਲਕਿ ਅੰਦਰੋਂ ਵੀ ਉੱਚਾ-ਸੁੱਚਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਅੰਦਰੋਂ ਸਿੱਖੀ ਨਾਲ ਪਿਆਰ ਬਣਾ ਰਹੇ ਲੋਕਾਂ ਨੂੰ ਪਿਆਰ-ਸਤਿਕਾਰ ਨਾਲ ਗੁਰਬਾਣੀ ਨਾਲ ਜੋੜਿਆ ਜਾਵੇ, ਜਦੋਂ ਉਹਨਾਂ ਦਾ ਮਨ ਗੁਰਬਾਣੀ ਨਾਲ ਜੁੜ ਗਿਆਂ ਤਾਂ ਬਾਹਰੀ ਰੂਪ ਵੀ ਸਹੀ ਹੋ ਜਾਵੇਗਾ।

ਆਤਮਿਵਸ਼ਵਾਸ਼ ਵਿੱਚ ਵਾਧਾ: ਅੱਜ ਦੇ ਸਮੇਂ ਜ਼ਿਆਦਾਤਰ ਲੋਕਾਂ ਵਿੱਚ ਆਤਮ-ਵਿਸ਼ਵਾਸ਼ ਦੀ ਕਮੀ ਕਾਰਨ ਉਹ ਦੂਸਰਿਆਂ ਦੀਆਂ ਗੱਲਾਂ ਵਿੱਚ ਸਹਿਜੇ ਹੀ ਫਸ ਜਾਂਦੇ ਹਨ। ਸਾਧ-ਬਾਬੇ ਆਪਣੇ ਕੁਝ ਕੁ ਚੇਲਿਆਂ ਕੋਲੋਂ ਆਪਣੇ ਚਮਤਕਾਰੀ ਅਤੇ ਕਰਨੀ ਵਾਲਾ ਹੋਣ ਦਾ ਪ੍ਰਚਾਰ ਕਰਾਉਂਦੇ ਹਨ ‘ਤੇ ਲੋਕ ਇਹਨਾਂ ਗੱਲਾਂ ਵਿੱਚ ਫਸ ਜਾਂਦੇ ਹਨ। ਲੋਕਾਂ ਦਾ ਆਪਣੇ-ਆਪ ਅਤੇ ਆਪਣੇ ਧਰਮ ਤੋਂ ਵਿਸ਼ਵਾਸ਼ ਤਿੜਕ ਜਾਂਦਾ ਹੈਅ’ਤੇ ਉਹ ਚਮਤਕਾਰ ਨਾਲ ਖੁਸ਼ਹਾਲ ਹੋਣ ਲਈ ਸਾਧਾਂ ਦੇ ਗੁਲਾਮ ਬਣ ਜਾਂਦੇ ਹਨ। ਲੋਕਾਂ ਵਿੱਚ ਉਹਨਾਂ ਦਾ ਅਸਲੀ ਧਰਮ ਪ੍ਰਤੀ ਵਿਸ਼ਵਾਸ਼ ਵਧਾਉ ਣਦਾ ਯਤਨ ਕੀਤਾ ਜਾਵੇ ਤਾਂ ਜੋ ਉਹ ਅਸ਼ਲੀ-ਨਕਲੀ ਦੀ ਖੁਦ ਚੋਣ ਕਰ ਸਕਣ।

ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਦਾ ਯਤਨ: ਪਿੰਡਾਂ-ਸ਼ਹਿਰਾਂ ਦੇ ਪੜ੍ਹੇ-ਲਿਖੇ ਨੌਜੁਆਨਾਂ ਨੂੰ ਇਹਨਾਂ ਵਿਹਲੜਾਂ ਤੋਂ ਦੂਰ ਕਰਨ ਲਈ ਰੁਜ਼ਗਾਰ ਮੁਹੱਈਆਂ ਕਰਾਉਣ ਦੇ ਯਤਨ ਕੀਤੇ ਜਾਣ। ਨਿੱਜੀ ਫੈਕਟਰੀਆਂ, ਸਕੂਲਾਂ ਆਦਿ ਦੇ ਮਾਲਕਾਂ ਨੂੰ ਚਾਹੀਦਾ ਹੈ ਕਿ ਯੋਗ ਨੌਜੁਆਨਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਰੁਜ਼ਗਾਰ ਦੇਣ। ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਕਿਸੇ ਯੋਗ ਨੌਜੁਆਨ ਨੂੰ ਕੋਈ ਕੰਮ ਸ਼ੁਰੂ ਕਰਨ ਵਿੱਚ ਆਰਥਿਕ ਅਤੇ ਸਮਾਜਿਕ ਮੱਦਦ ਕਰਨ। ਗੁਰਦੁਆਰਾ ਕਮੇਟੀਆਂ ਵੀ ਇਸ ਕੰਮ ਲਈ ਆਪਣੇ ਫੰਡਾਂ ਨੂੰ ਜੁਟਾਉਣ ਅਤੇ ਖਰਚਣ।

ਸਿੱਖਆ ਦਾ ਪਾਸਾਰ: ਅਨਪੜ੍ਹਤਾ ਇੱਕ ਐਸਾ ਰੋਗ ਹੈ ਜਿਸ ਨਾਲ ਇਨਸਾਨ ਅੰਧ-ਵਿਸ਼ਵਾਸ਼ੀ ਹੋ ਜਾਂਦਾ ਹੈ ਅਤੇ ਕੁਦਰਤੀ ਚੱਕਰ ਨੂੰ ਸਮਝ ਸਕਣ ਵਿੱਚ ਉੱਕ ਜਾਂਦਾ ਹੈ (ਵੈਸੇ ਇਸ ਗੱਲ ਵਿੱਚ ਪੜ੍ਹੇ-ਲਿਖੇ ਵੀ ਪਿੱਛੇ ਨਹੀਂ), ਇਨਸਾਨ ਵਿੱਚ ਆਤਮ-ਵਿਸ਼ਵਾਸ਼ ਦੀ ਘਾਟ ਹੋ ਜਾਂਦੀ ਹੈ, ਜਾਣਕਾਰੀ ਦੀ ਘਾਟ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਮੌਕੇ ਮੁਹੱਈਆ ਕੀਤੇ ਜਾਣ। ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਹਰ ਸੰਭਵ ਮੱਦਦ ਕੀਤੀ ਜਾਵੇ। ਪਿੰਡ ਦੀਆਂ ਪੰਚਾਇਤਾਂ ਪਿੰਡ ਦੇ ਕਿਸੇ ਯੋਗ, ਪੜ੍ਹੇ-ਲਿਖੇ ਨੌਜੁਆਨ ਨੂੰ ਗਰੀਬ ਬੱਚਿਆਂ ਨੂੰ ਵਾਧੂ ਸਮੇਂ ਪੜ੍ਹਾਉਣ ਲਈ ਨਿਯੁਕਤ ਕਰਨ ਅਤੇ ਬਣਦੀ ਤਨਖਾਹ ਸਾਂਝੇ ਖਾਤੇ ਵਿੱਚੋਂ ਦਿੱਤੀ ਜਾਵੇ। ਇਸ ਨਾਲ ਨਾਲੇ ਤਾਂ ਸਾਰੇ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਆ ਸਕਣਗੇ ਅਤੇ ਨਾਲੇ ਬੇਰੁਜ਼ਗਾਰ ਨੌਜੁਆਨਾਂ ਨੂੰ ਵੀ ਕੰਮ ਮਿਲੇਗਾ।

ਆਉ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਸਿਧਾਂਤ ਦੀ ਰੌਸ਼ਨੀ ਵਿੱਚ ਕੋਸ਼ਿਸ਼ ਕਰੀਏ ਕਿ ਇਹਨਾਂ ਕਾਰਨਾਂ ਨੂੰ ਖਤਮ ਕਰ ਡੇਰਾਵਾਦ ਤੋਂ ਸਿੱਖ ਪੰਥ ਨੂੰ ਮੁਕਤ ਕਰਾਉਣ ਲਈ ਯਤਨ ਤੇਜ਼ ਕਰੀਏ। ਆਉ ਉਸ ਗੁਰੂ ਸਾਹਿਬ ਦੀ ਸੋਚ ਨੂੰ ਬੁਲੰਦ ਕਰੀਏ। ਇਹ ਕਾਰਜ ਵੱਡਾ ਹੋਣ ਦੇ ਨਾਲ-ਨਾਲ ਬਹੁਤ ਜ਼ਰੂਰੀ ਵੀ ਹੈ, ਇਸ ਲਈ ਸਾਰੀਆਂ ਪੰਥਕ ਜਥੇਬੰਦੀਆਂ ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿੱਚ ਇੱਕ ਮੰਚ ‘ਤੇ ਆਉਣ ਤਾਂ ਜੋ ਸਿੱਖੀ ਦਾ ਨਿਆਰਾਪਣ ਕਾਇਮ ਰਹਿ ਸਕੇ।




.