.

ਸਿੱਖ ਹੀ ਸਿੱਖੀ ਦੇ ਦੁਸ਼ਮਨ
ਭਾਗ-3

ਸੰਸਾਰ ਭਰ ਦੀਆਂ ਸਾਰੀਆਂ ਕੌਮਾਂ ਵਿੱਚੋਂ ਸਿੱਖ ਕੌਮ ਸਭ ਤੋਂ ਵੱਧ ਸਰਮਾਏਦਾਰ ਕੌਮ ਹੈ, ਸਿੱਖ ਕੌਮ ਵਿੱਚ ਜਿੰਨੀ ਅਣਖ ਹੈ ਸ਼ਾਇਦ ਹੀ ਕਿਸੇ ਹੋਰ ਕੌਮ ਵਿੱਚ ਹੋਵੇ, ਸਿੱਖ ਕੌਮ ਵਿੱਚ ਜਿੰਨ੍ਹੀ ਮਿਠਾਸ ਹੈ ਸ਼ਾਇਦ ਹੀ ਕਿਸੇ ਕੌਮ ਵਿੱਚ ਹੋਵੇ, ਸਿੱਖ ਕੌਮ ਵਿੱਚ ਜਿੰਨ੍ਹੀ ਜੁਰਤ ਹੈ, ਜਿੰਨੀ ਸ਼ਰਧਾ ਹੈ, ਜਿੰਨਾਂ ਪਿਆਰ ਹੈ, ਆਪਣੇਂ ਗੁਰੂ ਪ੍ਰਤੀ ਜਿੰਨ੍ਹਾਂ ਸਤਿਕਾਰ ਹੈ, ਅਨਮੋਲ ਗੁਰਬਾਣੀਂ ਦਾ ਖਜਾਨਾਂ ਹੈ, ਵਿੱਲਖਣ ਫਿਲਾਸਫੀ ਹੈ, ਸ਼ਰਮਾਏਦਾਰ ਇਤਿਹਾਸ ਹੈ, ਅੰਦਰੂਨੀ ਤੇ ਬਹਿਰੂਨੀ ਜਿੰਨ੍ਹੀ ਸੁੰਦਰਤਾ ਹੈ, ਮੇਰੇ ਖਿਆਲ ਵਿੱਚ ਸੰਸਾਰ ਦੀਆਂ ਸਾਰੀਆਂ ਕੌਮਾਂ ਕੋਲ ਇਹ ਗੁਣ ਮੌਜੂਦ ਨਹੀਂ ਹੋਣਗੇ, ਸਿਵਾਏ ਸਿੱਖ ਕੌਮ ਤੋਂ। ਇਹੋ ਕਾਰਨ ਕਿ ਅਮੈਰੀਕਨ ਫਿਲਾਸਫਰ ਐਚ ਐਲ ਬ੍ਰਾਡਸ਼ਾ ਸਿੱਖਾਂ ਬਾਰੇ ਇਹ ਲਫਜ ਲਿਖਣ ਤੇ ਮਜਬੂਰ ਹੋ ਗਿਆ ਸੀ, ਕਿ ਸਿੱਖੀ ਇੱਕ ਸਰਬ ਵਿਆਪਕ ਅਥਵਾ ਵਿਸ਼ਵ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਇੱਕ ਸਮਾਨ ਸੰਦੇਸ਼ ਦਿੰਦਾ ਹੈ। ਕਹਿੰਦਾ ਸਿੱਖਾਂ ਨੂੰ ਇਹ ਕਹਿਣਾਂ ਬੰਦ ਕਰ ਦੇਣਾਂ ਚਾਹੀਦਾ ਹੈ ਕਿ ਸਿੱਖੀ ਇੱਕ ਚੰਗਾ ਧਰਮ ਹੈ, ਸਗੋਂ ਇਹ ਕਹਿਣਾਂ ਚਾਹੀਦਾ ਹੈ ਕਿ ਸਿੱਖ ਧਰਮ ਹੀ ਨਵੇਂ ਯੁਗ ਦਾ ਧਰਮ ਹੈ, ਸਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੈ।
ਸੀ ਐਚ ਪੇਨ ਕਹਿੰਦਾ ਹੈ ਕਿ ਅਮਲੀ ਧਰਮ ਗੁਰੂ ਨਾਨਕ ਸਾਹਿਬ ਜੀ ਨੇਂ ਦਰਸਾਇਆ, ਉਹਨਾਂ ਨੇਂ ਮੁਸਲਮਾਨਾਂ, ਹਿੰਦੂਆਂ, ਕਿਸਾਨਾਂ, ਦੁਕਾਨਦਾਰਾਂ, ਸਿਪਾਹੀਆਂ, ਗ੍ਰਹਿਸਥੀਆਂ ਨੂੰ ਉਨ੍ਹਾਂ ਦੇ ਆਪਣੇਂ ਕੰਮ ਕਾਜ ਕਰਦਿਆਂ ਹੋਇਆਂ ਕਾਮਯਾਬੀ ਪ੍ਰਾਪਤ ਕਰਨ ਦਾ ਰਸਤਾ ਦੱਸਿਆ। ਗੁਰੂ ਨਾਨਕ ਸਾਹਿਬ ਫੋਕੀਆਂ ਫਿਲਾਸਫੀਆਂ, ਰਸਮਾਂ, ਰਿਵਾਜਾਂ, ਜਾਤਾਂ ਤੋਂ ਉੱਚਾ ਉੱਠੇ ਤੇ ਲੋਕਾਂ ਨੂੰ ਉਠਾਇਆ। ਫਿਰ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇਂ ਉਹ ਗੱਲ ਸਮਝ ਲਈ ਸੀ ਜੋ ਦੂਜੇ ਸੁਧਾਰਕਾਂ ਨੇਂ ਨਹੀਂ ਸਮਝੀ ਸੀ। ਧਰਮ ਉਹ ਹੀ ਜਿੰਦਾ ਰਹਿ ਸਕਦਾ ਹੈ, ਜਿਹੜ੍ਹਾ ਵਰਤੋਂ ਸਿਖਾਏ, ਜਿਹੜ੍ਹਾ ਇਹ ਨਾਂ ਸਿਖਾਏ ਕਿ ਦੁਨੀਆਂ ਤੋਂ ਕਿਵੇਂ ਨਸਣਾਂ ਹੈ ਸਗੋਂ ਇਹ ਸਿਖਾਏ ਕਿ ਦੁਨੀਆਂ ਵਿੱਚ ਚੰਗੀ ਤਰ੍ਹਾਂ ਰਹਿਣਾਂ ਕਿਵੇਂ ਹੈ। ਜਿਹੜ੍ਹਾ ਕੇਵਲ ਇਹ ਹੀ ਨਾਂ ਸਿਖਾਏ ਕਿ ਬਦੀਆਂ ਤੋਂ ਬਚਨਾਂ ਕਿਵੇਂ ਹੈ ਸਗੋਂ ਇਹ ਸਿਖਾਏ ਕਿ ਬਦੀਆਂ ਦਾ ਟਾਕਰਾ ਕਰਕੇ ਕਾਮਯਾਬ ਕਿਵੇਂ ਹੋਣਾਂ ਹੈ।
ਇਸੇ ਤਰ੍ਹਾਂ ਡੰਕਨ ਗ੍ਰੀਨਲਿਜ ਸਿੱਖ ਧਰਮ ਇੱਕ ਸੁਚੱਜੀ ਜੀਵਨ ਜਾਂਚ ਹੈ, ਲਿਖਕੇ ਸਿੱਖ ਧਰਮ ਦੀ ਸ਼ੋਭਾ ਪਿਆ ਕਰਦਾ ਹੈ।
ਫਿਰ ਮਿਸ ਪਰਲ ਐਸ ਬੱਕ ਇਹ ਕਹਿੰਦੀ ਹੈ ਕਿ ਸਿੱਖ ਕੌਮ ਸਵੈਮਾਨਤਾ ਵਾਲੀ ਕੌਮ ਹੈ। ਕਨਿੰਘਮ ਮੁਤਾਬਿਕ ਸਿੱਖ ਪਵਿੱਤਰ ਆਚਰਨ ਦੀ ਮੂਰਤ ਹਨ। ਸੋ ਦਾਸ ਦਾ ਮਕਸਦ ਕੇਵਲ ਸੁੱਤੇ, ਭੁੱਲੜ੍ਹ, ਤੇ ਖੁਦ ਗਰਜ ਹੋ ਚੁੱਕੇ ਇੱਕ ਆਪਣੇਂ ਵੀਰ ਨੂੰ ਹੁਲਾਰਾ ਦੇਣਾਂ ਹੈ ਕਿ ਐ ਵੀਰ ਦੇਖ ਜਰ੍ਹਾ ਅੱਖਾਂ ਖੋਲਕੇ ਕਿਵੇਂ ਸਾਰਾ ਸੰਸਾਰ ਤੇਰੇ ਗੁਰੂਆਂ ਤੇ ਤੇਰੀ ਕੌਮ ਦੀਆਂ ਵਡਿਆਈਆਂ ਪਿਆ ਕਰਦਾ ਹੈ ਪਰ ਤੈਨੂੰ ਜ੍ਹਰਾ ਜਿਨ੍ਹੀ ਵੀ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣੀਂ ਕੌਮ ਦਾ ਸਿਰ ਅੱਜ ਨੀਵਾਂ ਕਰਦਾ ਜਾ ਰਿਹਾ ਹੈਂ। ਤੇਰਾ ਆਪਣਾਂ ਹੀ ਇਤਿਹਾਸ ਤੈਥੋਂ ਕੋਹਾਂ ਦੂਰ ਹੋ ਰਿਹਾ ਹੈ ਪਰ ਤੈਨੂੰ ਖਿਆਲ ਨਹੀਂ, ਤੇਰੀ ਰਹਿਤ ਮਰਆਦਾ ਵਿਗੜ੍ਹ ਗਈ ਤੈਨੂੰ ਖਿਆਲ ਨਹੀਂ, ਤੈਨੂੰ ਬਖਸ਼ੀ ਸਰਦਾਰੀ ਤੇਰਾ ਸਾਥ ਛੱਡ ਤੁਰਨ ਦਾ ਮਨ ਬਣਾਈਂ ਬੈਠੀ ਹੈ ਪਰ ਤੈਨੂੰ ਕੋਈ ਸਮਝ ਨਹੀਂ ਆਉਂਦੀ। ਓਏ ਭੋਲਿਆ ਸਿੱਖਾ ਜਾਗ ਜਾ ਜਾਗ ਜਾ ਮਾਰ ਆਪਣੀਆਂ ਅੱਖਾਂ ਨੂੰ ਗਿਆਨ ਤਾਜਾ ਪਾਣੀਂ ਦੇ ਛੱਟੇ ਹੋਸ਼ ਵਿੱਚ ਆ ਤੇ ਲਾਹ ਪਰ੍ਹਾਂ ਸੁੱਟ ਬਿਪਰਵਾਦ ਦਾ ਆਲਸ ਜਿਨ੍ਹੇ ਤੈਨੂੰ ਸ੍ਰ: ਹਰੀ ਸਿੰਘ ਨਲੂਆ ਤੋਂ ਅੱਜ ਗਿੱਦੜ੍ਹ ਜਿਹਾ ਸੁਸਤ ਬਣਾਂ ਛੱਡਿਆ ਹੈ। ਫਿਰ ਤਾਕਤ ਫੜ੍ਹ ਜਵਾਨਾਂ ਤੇ ਆਪਣਾਂ ਗੌਰਵ ਮਈ ਇਤਿਹਾਸ ਆਪਣਾਂ ਸਭਿਆਚਾਰ ਆਪਣਾਂ ਵਿਰਸਾ ਬਚਾ ਲੈ, ਬਸ ਆਹੀ ਵੇਲਾ ਹੈ। ਤੇ ਜੇਕਰ ਅਜੇ ਵੀ ਨਾਂ ਹੋਸ਼ ਕੀਤੀ ਤਾਂ ਤੇਰਾ ਸਾਰਾ ਕੁੱਝ ਖਤਮ ਹੋ ਜਾਵੇਗਾ ਤੇ ਤੇਰੇ ਮੂੰਹ ਤੇ ਹੀ ਸੰਸਾਰ ਭਰ ਦੇ ਲੋਕ ਤੈਨੂੰ ਕਹਿਣਗੇ ਵੇਖੋ ਜੀ ਸਿੱਖ ਹੀ ਸਿੱਖੀ ਦੇ ਦੁਸ਼ਮਨ ਬਣ ਗਏ ਨੇ, ਫਿਰ ਤੂੰ ਮਰਨ ਨੂੰ ਥਾਂ ਲੱਭੇਂਗਾ ਪਰ ਤੈਂਨੂੰ ਮਰਨਾਂ ਵੀ ਨਸੀਬ ਨਹੀਂ ਹੋਵੇਗਾ ਕਿਓਕਿ ਅਕਿਰਤਘਨਾਂ ਨੂੰ ਤਾਂ ਮੌਤ ਵੀ ਛੇਤੀ ਹੱਥ ਨਹੀਂ ਪਾਉਂਦੀ ਦੱਸ ਤੇਰਾ ਕੀ ਬਣੂੰਗਾ।
ਮੈਂ ਕੇਵਲ ਇਸ ਲੜ੍ਹੀ ਦੇ ਤਹਿਤ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਕਿਸੇ ਤਰ੍ਹਾਂ ਸਾਨੂੰ ਇਸ ਪਤਾ ਲੱਗ ਜਾਵੇ ਕਿ ਕਿਵੇਂ ਅਸੀਂ ਜਾਣੇਂ ਅਣਜਾਣੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦੇ ਵੈਰੀ ਬਣ ਗਏ ਹਾਂ। ਕਿਵੇਂ ਅਸੀਂ ਖੁਦ ਹੀ ਆਪਣੇ ਪੈਰਾਂ ਤੇ ਕੁਹਾੜ੍ਹਾ ਮਾਰ ਰਹੇ ਹਾਂ। ਅੱਜ ਜੇਕਰ ਕੋਈ ਮੀਡੀਆ ਦੇ ਰਾਹੀਂ ਸਾਡੀ ਦਸਤਾਰ ਜਾਂ ਸਾਡੇ ਸਰੂਪ ਦੀ ਖਿੱਲੀ ਉਡਾਉਂਦਾ ਹੈ ਤਾਂ ਆਪਣੀ ਬੇਇਜਤੀ ਤੇ ਖੁਦ ਅੱਜ ਦਾ ਸਰਦਾਰ ਹੱਸਦਾ ਹੈ। ਉਹ ਭਾਵੇਂ ਫਿਲਮਾਂ ਹੋਣ ਜਾਂ ਫਿਰ ਐਸ ਐਮ ਐਸ ਹੋਵੇ। ਕਈ ਤਰਾਂ ਦੇ ਨਾਲ ਅੱਜ ਸਾਡਾ ਅਕਸ਼ ਵਿਗਾੜ੍ਹਿਆ ਜਾ ਰਿਹਾ ਹੈ। ਸਾਡੀ ਦਸਤਾਰ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੀ ਗੁਰੂਦੁਆਰਿਆਂ ਨੂੰ ਸਾਡੀ ਮਾਣ ਮਰਆਦਾ ਨੂੰ ਅੱਜ ਮਜਾਕ ਬਣਾਂ ਕੇ ਰੱਖ ਦਿੱਤਾ ਗਿਆ ਹੈ। ਇਹਦਾ ਕਸੂਰਵਾਰ ਕੋਈ ਹੋਰ ਨਹੀ ਹੈ ਖੁਦ ਅਸੀ ਹਾਂ। ਅਸੀ ਸਿੱਖ ਹੀ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਸਰਵ ਸਰੇਸ਼ਟ ਸਿੱਖੀ ਦੇ ਦੁਸ਼ਮਨ ਬਣ ਗਏ ਹਾਂ। ਇੱਕ ਗੱਲ ਵੱਲ ਮੈਂ ਹੋਰ ਆਪ ਜੀ ਦਾ ਧਿਆਨ ਦਿਵਾਉਣਾਂ ਚਾਹੁੰਦਾ ਹਾਂ। ਉਹ ਹੋ ਸਕਦਾ ਹੈ ਕਈ ਵੀਰਾਂ ਨੂੰ ਨਾਂ ਵੀ ਚੰਗੀ ਲੱਗੇ ਪਰ ਮੈਂ ਆਪਣੇਂ ਦਿਲ ਦੀ ਵੇਦਨਾਂ ਲਿਖੇ ਤੋਂ ਬਗੈਰ ਵੀ ਨਹੀ ਰਹਿ ਸਕਦਾ। ਅੱਜ ਦਾ ਜਮਾਨਾਂ ਜਿਸ ਨੂੰ ਕਿ ਮੀਡੀਆ ਦਾ ਯੁੱਗ ਕਿਹਾ ਜਾ ਰਿਹਾ ਹੈ। ਇਸ ਮੀਡੀਆ ਦੇ ਪ੍ਰਭਾਵ ਹੇਠ ਆਕੇ ਅੱਜ ਦੀ ਨੌਜਵਾਨ ਪੀੜ੍ਹੀ ਮੁੰਡੇ ਕੁੜ੍ਹੀਆਂ ਕਿਸ ਹੱਦ ਤੱਕ ਵਿਗੜ੍ਹ ਚੁੱਕੇ ਹਨ। ਇਹ ਕੋਈ ਵੀ ਦੱਸਣ ਦੀ ਜਰੂਰਤ ਨਹੀ ਰਹੀ ਹੈ। ਪਰ ਸੱਭ ਤੋਂ ਵੱਧ ਮਾੜ੍ਹੀ ਗੱਲ ਇਹ ਹੋਈ ਹੈ ਕਿ ਅੱਜ ਦੀਆਂ ਕੁੜ੍ਹੀਆਂ ਜਾਂ ਮੁੰਡੇ ਪ੍ਰੇਮ ਵਿਆਹ ਨੂੰ ਬਹੁਤ ਤਰਜੀਹ ਦੇਣ ਲੱਗ ਪਏ ਹਨ। ਭਾਵੇਂ ਕਿ ਉਹ ਇਸਨੂੰ ਸੱਚਾ ਪਿਆਰ ਕਹਿੰਦੇ ਨੇ। ਪਰ ਵੇਖਣ ਵਿੱਚ ਆਇਆ ਹੈ ਕਿ ਇਹ ਕੇਵਲ ਇੱਕ ਜਿਸਮਾਨੀ ਖਿੱਚ ਤੋਂ ਵੱਧ ਕੁੱਝ ਵੀ ਨਹੀ ਹੈ। ਖੈਰ ਇਸਦੇ ਪ੍ਰਭਾਵ ਹੇਠ ਆਈਆ ਸਾਡੇ ਸਿੱਖਾਂ ਦੀਆਂ ਬੱਚੀਆਂ ਵੀ ਅੱਜ ਧੜ੍ਹਾ ਧੜ੍ਹ ਗੈਰ ਧਰਮੀਆਂ ਨਾਲ ਵਿਆਹ ਕਰਵਾ ਰਹੀਆਂ ਹਨ। ਔਰ ਇੱਕ ਗਿਣਤੀ ਦੇ ਹਿਸਾਬ ਨਾਲ 70%ਤੋਂ ਵੀ ਜਿਆਦਾ ਸਿੱਖਾਂ ਦੀਆਂ ਬੱਚੀਆਂ ਹਿਦੂ ਇਸਾਈ ਜਾਂ ਮੁਸਲਮਾਨਾਂ ਦੇ ਮੁੰਡਿਆਂ ਨੂੰ ਲਾਈਕ ਕਰਦੀਆਂ ਹੋਈਆਂ ਲਗਾਤਾਰ ਉਹਨਾਂ ਨਾਲ ਵਿਆਹ ਕਰਵਾ ਰਹੀਆਂ ਹਨ। ਜਿਸਦੇ ਵਿੱਚ ਕਿ ਬਹੁਤਾਂਤ ਸਾਡੇ ਸਿੱਖ ਵੀਰਾਂ ਦੀ ਸਹਿਮਤੀ ਹੁੰਦੀ ਹੈ ਤੇ ਉਹ ਇਹ ਕਹਿੰਦੇ ਹਨ ਕਿ ਬੱਚੇ ਸਿਆਣੇ ਹਨ ਇਹ ਉਹਨਾਂ ਦਾ ਆਪਣਾਂ ਫੈਂਸਲਾ ਹੈ ਜੀ ਅਸੀ ਕੀ ਕਰ ਸਕਦੇ ਹਾਂ। ਕੀ ਜੇਕਰ ਇਹ ਰਝਾਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਡਾ ਕੀ ਬਣੂਗਾ ਇਸ ਬਾਰੇ ਸਾਨੂੰ ਸੋਚਣ ਦੀ ਜਰੂਰਤ ਹੈ। ਸਿੱਖ ਵਿਰੋਧੀਆਂ ਦੀਆਂ ਲਗਾਤਾਰ ਇਹੀ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਕਿਸੇ ਨਾਂ ਕਿਸੇ ਤਰ੍ਹਾਂ ਸਿੱਖਾਂ ਨੂੰ ਪਤਿਤ ਕਰਕੇ, ਬ੍ਰਹਮਣ ਬਣਾ ਦਿਓ ਤੇ ਸਿੱਖਾਂ ਦੀਆਂ ਧੀਆਂ ਨੂੰ ਵਰਗਲਾਕੇ ਆਪਣੇ ਘਰ ਲੈ ਆਓ, ਬਸ ਫਿਰ ਸਿੱਖੀ ਆਪਣੇ ਆਪ ਹੀ ਖਤਮ ਹੋ ਜਾਵੇਗੀ। ਇਸ ਦੌਰ ਨੂੰ ਰੋਕਣਾਂ ਅੱਜ ਸਮੇਂ ਦੀ ਭਾਰੀ ਲੋੜ੍ਹ ਹੈ। ਇਸਦੀ ਵਜਾ ਇੱਕ ਇਹ ਵੀ ਹੈ ਕਿ ਬਹੁਤਾਂਤ ਸਿੱਖ ਆਪਣੇਂ ਘਰਾਂ ਵਿੱਚ ਸਿੱਖੀ ਦੀ ਗਲ ਕਰਨਾਂ ਵੀ ਜਰੂਰੀ ਨਹੀ ਸਮਝਦੇ, ਉਹਨਾਂ ਦੇ ਬੱਚੇ ਜਿਨਾਂ ਨੂੰ ਆਪਣੇ ਗੁਰੂਆਂ ਬਾਰੇ ਵੀ ਕੋਈ ਗਿਆਨ ਨਹੀ ਹੁੰਦਾ, ਓਹ ਗੁਰਦੁਆਰੇ ਜਾਣਾਂ ਵੀ ਪਸੰਦ ਨਹੀ ਕਰਦੇ। ਇਹੋ ਵਜਾ ਕਿ ਗੁਰੂ ਘਰਾਂ ਵਿੱਚ ਸਾਨੂੰ ਢਲੀਆਂ ਜਿੰਦਗੀਆਂ ਹੀ ਵੇਖਣ ਨੂੰ ਮਿਲਦੀਆਂ ਹਨ, ਨੌਜਵਾਨ ਮੁੰਡੇ ਕੁੜ੍ਹੀਆਂ ਦਾ ਨਾਮੋਂ ਨਿਸ਼ਾਨ ਵੀ ਨਹੀ ਮਿਲਦਾ ਹੈ। ਇਸ ਕਾਰਨ ਦਾ ਜਿਥੇ ਉਹਨਾਂ ਦੇ ਮਾਪੇ ਹਨ ਉਥੇ ਗੁਰਦੁਆਰੇ ਵੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਗਾਈਡ ਕਰਨ ਵਿੱਚ ਅਸਫਲ ਰਹੇ ਹਨ।
ਅੱਜ ਸਾਨੂੰ ਜੋ ਵੀ ਗੁਰੂ ਘਰਾਂ ਤੋ ਪਰੋਸਿਆ ਜਾ ਰਿਹਾ ਹੈ, ਉਹ ਤਕਰੀਬਨ-ਤਕਰੀਬਨ ਬਿਪਰਵਾਦ ਹੀ ਹੈ। ਫਿਰ ਜਿਥੋਂ ਕੁੱਝ ਐਸਾ ਮਿਲਦਾ ਹੀ ਨਹੀ ਜੋ ਇਸ ਜਿੰਦਗੀ ਨੂੰ ਸੋਹਣਾਂ ਬਣਾਉਣ ਵਿੱਚ ਸਹਾਇਕ ਹੋਵੇ, ਉਥੇ ਕੋਣ ਜਾਵੇਗਾ। ਇਹੋ ਵਜ੍ਹਾ ਹੈ ਸਾਡੇ ਗੁਰੂਦੁਆਰੇ ਖਾਲੀ ਹੁੰਦੇ ਜਾ ਰਹੇ ਹਨ। ਆਪਣਾਂ ਸਰਵਨਾਸ਼ ਅਸੀਂ ਖੁਦ ਹੀ ਕਰ ਰਹੇ ਹਾਂ। ਸਾਡੀ ਅਜੋਕੀ ਸਿੱਖ ਪੀੜ੍ਹੀ ਮੰਦਰਾਂ, ਜਾਂ ਚਰਚਾਂ ਵਿੱਚ ਜਾਣਾਂ ਪਸੰਦ ਕਰਦੀ ਹੈ, ਉਹ ਗੁਰਦੁਆਰਿਆਂ ਦਾ ਮਾਹੌਲ ਦੇਖ ਕੇ ਉਥੇ ਆਉਂਦੇ ਹੀ ਨਹੀ ਹਨ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਵੱਡੀ ਗਿਣਤੀ ਵਿੱਚ ਧਰਮ ਪ੍ਰਵਰਤਨ ਕਰ ਰਹੇ ਹਨ। ਵੱਡੀ ਗਿਣਤੀ ਸਿੱਖਾਂ ਦੀ ਇਸਾਈਅਤ ਦੇ ਵਹਿਣ ਵਿੱਚ ਰੁੜ੍ਹਦੀ ਜਾ ਰਹੀ ਹੈ। ਉਹਨਾਂ ਵਿੱਚੋਂ ਜਿਆਦਾ ਉਹ ਸਿੱਖ ਹਨ, ਜਿਹਨਾਂ ਨੂੰ ਸਾਡੇ ਉਚ ਜਾਤੀਏ ਹੈਂਕੜ੍ਹ ਸਿੱਖ (ਇਹਨਾਂ ਨੂੰ ਤਾਂ ਸਹੀ ਮਾਇਨੇਂ ਵਿੱਚ ਸਿੱਖ ਵੀ ਨਹੀ ਕਿਹਾ ਜਾ ਸਕਦਾ) ਮਜ੍ਹਬੀ ਸਿੱਖ ਕਹਿੰਦੇ ਹਨ, ਤੇ ਹਮੇਸ਼ਾਂ ਹੀ ਕੈੜ੍ਹੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਬਹੁਤ ਗੁਰੂਦੁਆਰਿਆਂ ਵਿੱਚ ਉਹਨਾਂ ਦੇ ਜਾਣ ਤੇ ਵੀ ਰੋਕ ਲਾਈ ਗਈ ਹੈ। ਜਦੋਂ ਸਾਡੇ ਸਿੱਖ ਹੀ ਉਹਨਾਂ ਨੂੰ ਨੀਵੀਂ ਜਾਤ ਵਾਲਾ ਮੰਨ ਕੇ ਉਹਨਾਂ ਦੇ ਨਾਲ ਗਲਤ ਵਿਵਹਾਰ ਕਰਦੇ ਨੇਂ, ਤਾਂ ਕੀ ਫਿਰ ਉਹ ਸਾਰੀ ਜਿੰਦਗੀ ਇਹਨਾਂ ਉਚ ਜਾਤੀਏ ਲੋਕਾਂ ਦੀਆਂ ਜੁਤੀਆਂ ਥੋੜ੍ਹਾ ਖਾ ਸਕਦੇ ਹਨ। ਇਹੋ ਵਜ੍ਹਾ ਹੈ ਕਿ ਉਹ ਲਗਾਤਾਰ ਇਸਾਈ ਧਰਮ ਧਾਰਨ ਕਰਦੇ ਜਾ ਰਹੇ ਹਨ। ਖਾਸ ਗਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਬਾਰੇ ਕੋਈ ਸਟੈਂਡ ਨਹੀ ਲਿਆ ਜਾ ਰਿਹਾ। ਕਈ ਜਗ੍ਹਾ ਤੇ ਤਾਂ ਗੁਰਦੁਆਰਿਆ ਦੇ ਗ੍ਰੰਥੀ ਸਿੰਘ ਵੀ ਪ੍ਰਬੰਧਕਾਂ ਦੇ ਸਤਾਏ ਹੋਏ ਇਸਾਈ ਬਣ ਗਏ ਹਨ, ਤੇ ਜੇਕਰ ਇਹ ਦੌਰ ਨਾਂ ਰੋਕਿਆ ਗਿਆ ਅਸੀ ਆਪਣੀਆਂ ਨਸਲਾਂ ਹੀ ਗਵਾ ਬੈਠਾਂਗੇ। ਅੱਜ ਦਾ ਸਿੱਖ ਸਮਾਜ ਆਪਸੀ ਲੜ੍ਹਾਈਆਂ ਝਗੜ੍ਹੇ ਛੱਡ ਕੇ ਜੇਕਰ ਇੱਕ ਮੁੱਠ ਹੋਕੇ ਹੰਭਲਾ ਮਾਰੇ ਤਾਂ ਸਭ ਸਹੀ ਹੋ ਸਕਦਾ ਹੈ। ਅਸੀਂ ਆਪਸ ਵਿੱਚ ਹੀ ਲੜ੍ਹ ਲੜ੍ਹਕੇ ਮਰ ਰਹੇ ਹਾਂ ਤੇ ਦੂਜੇ ਸਾਡੀ ਇਸ ਕਮਜੋਰੀ ਦਾ ਫਾਇਦਾ ਉਠਾ ਕੇ ਮਾਲੋਮਾਲ ਹੋ ਰਹੇ ਹਨ। ਕੋਈ ਦੂਜਾ ਸਾਡਾ ਕੁੱਝ ਨਹੀ ਵਿਗਾੜ੍ਹ ਸਕਦਾ ਜੇਕਰ ਅਸੀ ਖੁਦ ਚੰਗੇ ਹੋਈਏ, ਨਾਂ ਅਸੀ ਖੁਦ ਹੀ ਸਮਝ ਸਕੇ ਨਾਂ ਅਸੀਂ ਆਪਣੇਂ ਬੱਚਿਆਂ ਨੂੰ ਹੀ ਸਮਝਾ ਸਕੇ। ਪੁੱਤ ਸਾਡੇ ਪਤਿਤ ਹੋ ਗਏ ਤੇ ਧੀਆਂ ਸਾਡੀਆਂ ਗੈਰ ਧਰਮੀਆਂ ਵਾਲੇ ਲੈ ਗਏ ਪੱਲੇ ਸਾਡੇ ਕੀ ਰਿਹਾ ਦੱਸੋ। ਕੋਈ ਦੂਜਾ ਨਹੀ ਸਿੱਖ ਹੀ ਸਿੱਖੀ ਦੇ ਦੁਸ਼ਮਨ ਹਨ। ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਮਹਾਨ ਸਿੱਖਿਆ ਸਾਨੂੰ ਹੁਣ ਚੰਗੀ ਹੀ ਨਹੀ ਲੱਗਦੀ ਹੈ। ਸੋ ਸਾਨੂੰ ਪਹਿਲ ਦੇ ਆਧਾਰ ਤੇ ਆਪੋ ਆਪਣੇ ਮਸਲੇ ਤੇ ਲੜ੍ਹਾਈਆਂ ਝਗੜ੍ਹੇ ਛੱਡ ਕੇ ਇੱਕ ਮੁੱਠ ਹੋਣ ਦੀ ਜਰੂਰਤ ਹੈ ਤਾਂ ਕਿ ਸਿੱਖੀ ਸਿਧਾਂਤ ਦੇ ਵਿਰੋਧੀਆਂ ਨੂੰ ਮਾਤ ਦਿੱਤੀ ਜਾ ਸਕੇ, ਬਾਕੀ ਦੀਆਂ ਵਿਚਾਰਾਂ ਇਸੇ ਲੇਖ ਦੇ ਅਗਲੇ ਭਾਗ ਵਿੱਚ ਕਰਾਂਗੇ ਜੀ।
ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਮੋ: 098721-18848
.