.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਤੇਰ੍ਹਵੀਂ)

ਬਾਕੀ ਸਾਰਾ ਦਿਨ ਬਲਦੇਵ ਸਿੰਘ ਬਹੁਤ ਉਦਾਸ ਜਿਹਾ ਰਿਹਾ। ਅੱਜ ਉਹ ਗੁਰਦੁਆਰੇ ਵੀ ਨਹੀਂ ਗਿਆ ਤੇ ਦੁਕਾਨ ਬੰਦ ਕਰਾ ਕੇ ਸਿੱਧਾ ਘਰ ਆ ਗਿਆ। ਘਰ ਪਹੁੰਚਿਆ ਤਾਂ ਗੁਰਮੀਤ ਕੌਰ ਬੈਠਕ ਵਿੱਚ ਬੈਠੀ ਕੋਈ ਧਾਰਮਿਕ ਰਸਾਲਾ ਫਰੋਲ ਰਹੀ ਸੀ। ਪਤੀ ਨੂੰ ਵੇਖ ਕੇ ਰਸਾਲਾ ਪਾਸੇ ਰਖਦੇ ਹੋਏ ਉਸ ਧੀ ਨੂੰ ਅਵਾਜ਼ ਮਾਰੀ, “ਬੱਬਲ ਤੇਰੇ ਭਾਪਾ ਜੀ ਆ ਗਏ ਨੇ ਪਾਣੀ ਲਿਆਈਂ।” ਬੱਬਲ ਨੇ ‘ਜੀ ਮਾਮਾ’ ਕਿਹਾ ਤੇ ਨਾਲ ਹੀ ਪਾਣੀ ਦਾ ਗਲਾਸ ਲੈ ਕੇ ਰਸੋਈ `ਚੋਂ ਬਾਹਰ ਆ ਗਈ। ਹਰਮੀਤ ਵੀ ਜੋ ਆਪਣੇ ਕਮਰੇ ਵਿੱਚ ਬੈਠਾ ਪੜ੍ਹ ਰਿਹਾ ਸੀ ਅਵਾਜ਼ ਸੁਣਕੇ ਬਾਹਰ ਆ ਗਿਆ। ਗੁਰਮੀਤ ਕੌਰ ਨੇ ਪਤੀ ਦੇ ਉਦਾਸ ਚਿਹਰੇ ਨੂੰ ਪੱਲ ਵਿੱਚ ਭਾਂਪ ਲਿਆ ਤੇ ਬੋਲੀ, “ਚਾਹ ਦਾ ਕੱਪ ਲਓਗੇ?”
“ਨਹੀਂ ਹੁਣ ਖਾਣਾ ਹੀ ਖਾਵਾਂਗੇ।”
“ਕੀ ਗੱਲ ਕੁੱਝ ਪਰੇਸ਼ਾਨ ਨਜ਼ਰ ਆਉਂਦੇ ਹੋ?”
“ਨਹੀਂ ਮੀਤਾ ਕੁੱਝ ਖਾਸ ਨਹੀਂ …. , ਦੁਪਹਿਰੇ ਚੇਤ ਸਿੰਘ ਚਾਚਾ ਜੀ ਦੇ ਬੇਟੇ ਗੁਰਚਰਨ ਸਿੰਘ ਨਾਲ ਗੱਲ ਹੋਈ ਸੀ … … “ਬਲਦੇਵ ਸਿੰਘ ਨੇ ਪਾਣੀ ਦਾ ਖਾਲੀ ਗਲਾਸ ਰਖਦੇ ਹੋਏ ਕਿਹਾ ਤੇ ਟੈਲੀਫੋਨ `ਤੇ ਹੋਈ ਸਾਰੀ ਗੱਲ ਸੁਣਾ ਦਿੱਤੀ। ਸੁਣ ਕੇ ਸਾਰੇ ਪ੍ਰੇਸ਼ਾਨ ਹੋ ਗਏ, ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਤਾਂ ਅਥਰੂ ਟੱਪਕ ਆਏ ਤੇ ਬੜੇ ਦੁਖੀ ਜਿਹੇ ਮਨ ਨਾਲ ਬੋਲੀ, “ਸਰਦਾਰ ਜੀ ਇਹ ਤਾਂ ਜ਼ੁਲਮ ਦੀ ਹੱਦ ਹੋ ਗਈ ਏ।”
“ਹਾਂ ਮੀਤਾ! ਮੈਂ ਤਾਂ ਆਪ ਸਾਰਾ ਦਿਨ ਇਹੋ ਸੋਚ ਸੋਚ ਕੇ ਪ੍ਰੇਸ਼ਾਨ ਹੁੰਦਾ ਰਿਹਾਂ।”
“ਪ੍ਰੇਸ਼ਾਨੀ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਭਾਪਾ ਜੀ! ਕੌਮ ਨੂੰ ਕੁੱਝ ਵੱਡੇ ਫੈਸਲੇ ਲੈਣੇ ਪੈਣਗੇ”, ਪਿਤਾ ਦੀ ਗੱਲ ਖਤਮ ਹੁੰਦੇ ਹੀ ਹਰਮੀਤ ਕੁੱਝ ਗੰਭੀਰ ਪਰ ਰੋਸ ਵਾਲੇ ਲਹਿਜੇ ਵਿੱਚ ਬੋਲਿਆ। ਥੋੜ੍ਹੀ ਦੇਰ ਲਈ ਸਾਰੇ ਚੁੱਪ ਹੋ ਗਏ।
“ਹਰਮੀਤ ਇਹ ਜ਼ਰਾ ਅੰਮ੍ਰਿਤਸਰ ਲਈ ਅਰਜੈਂਟ ਕਾਲ ਬੁਕ ਕਰਾ ਦੇ ਤੇ ਨੰਬਰ ਡਾਇਰੀ ਵਿੱਚ ਨੋਟ ਕਰ ਲੈ”, ਬਲਦੇਵ ਸਿੰਘ ਨੇ ਜੇਬ `ਚੋਂ ਟੈਲੀਫੋਨ ਨੰਬਰ ਵਾਲਾ ਕਾਗਜ਼ ਕੱਢ ਕੇ ਹਰਮੀਤ ਨੂੰ ਫੜਾਉਂਦੇ ਹੋਏ ਕਿਹਾ ਤੇ ਆਪ ਮੂੰਹ ਹੱਥ ਧੋਣ ਲਈ ਆਪਣੇ ਕਮਰੇ ਵੱਲ ਲੰਘ ਗਿਆ। ਬੱਬਲ ਤੇ ਗੁਰਮੀਤ ਵੀ ਖਾਣੇ ਦੀ ਤਿਆਰੀ ਵਾਸਤੇ ਰਸੋਈ ਵੱਲ ਲੰਘ ਗਈਆਂ।
ਖਾਣੇ ਤੋਂ ਬਾਅਦ ਸਾਰੇ ਫੇਰ ਬੈਠਕ ਵਿੱਚ ਆਕੇ ਬੈਠ ਗਏ ਤੇ ਕੌਮੀ ਹਾਲਾਤ ਔਰ ਚੇਤ ਸਿੰਘ ਹੋਰਾਂ ਦੇ ਪਰਿਵਾਰ ਬਾਰੇ ਗੱਲਾਂ ਕਰਦੇ ਰਹੇ। ਬਲਦੇਵ ਸਿੰਘ ਨੇ ਘੜੀ ਵੱਲ ਵੇਖਿਆ, ਦਸ ਵਜਣ ਵਾਲੇ ਸਨ। ਉਸ ਹਰਮੀਤ ਵੱਲ ਮੂੰਹ ਕਰ ਕੇ ਕਿਹਾ, “ਕਰ ਖਾਂ ਪਤਾ ਕਾਲ ਦਾ, ਜੇ ਦੇਰ ਹੈ ਤਾਂ ਫੇਰ ਚਲ ਕੇ ਲੇਟੀਏ।”
ਹਰਮੀਤ ਨੇ ਆਪਰੇਟਰ ਨਾਲ ਗੱਲ ਕਰ ਕੇ ਕਿਹਾ, “ਭਾਪਾ ਜੀ! ਕਹਿ ਰਿਹੈ ਦੂਜਾ ਤੀਜਾ ਹੀ ਨੰਬਰ ਹੈ ਥੋੜ੍ਹੀ ਦੇਰ ਵਿੱਚ ਮਿਲ ਜਾਵੇਗੀ।” ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਫੇਰ ਸਾਰੇ ਉਨ੍ਹਾਂ ਹੀ ਗੱਲਾਂ ਵਿੱਚ ਲਗ ਪਏ। ਪੰਦਰ੍ਹਾਂ ਵੀਹ ਮਿੰਟਾਂ ਬਾਅਦ ਬਲਦੇਵ ਸਿੰਘ ਨੇ ਫੇਰ ਘੜੀ ਵੱਲ ਵੇਖਦੇ ਹੋਏ ਕਿਹਾ, “ਕਾਲ ਦਾ ਕੋਈ ਭਰੋਸਾ ਨਹੀਂ, ਚਲੋ ਚਲ ਕੇ ਲੇਟਦੇ ਹਾਂ ਜਿਸ ਵੇਲੇ ਲੱਗੀ ਮੈਂ ਉਠ ਕੇ ਗੱਲ ਕਰ ਲਵਾਂਗਾ”, ਤੇ ਉਠ ਕੇ ਖੜਾ ਹੋ ਗਿਆ। ਨਾਲ ਹੀ ਬਾਕੀ ਸਾਰੇ ਵੀ ਬੇਦਿਲੀ ਜਿਹੀ ਨਾਲ ਉਠ ਖੜੋਤੇ। ਇੰਝ ਜਾਪਦਾ ਸੀ, ਸਾਰੇ ਚਾਹੁੰਦੇ ਸਨ ਕਿ ਗੱਲ ਉਨ੍ਹਾਂ ਦੇ ਸਾਹਮਣੇ ਹੋਵੇ। ਉਹ ਤੁਰਨ ਹੀ ਲੱਗਾ ਸੀ ਕਿ ਟੈਲੀਫੋਨ ਦੀ ਘੰਟੀ ਵਜ ਪਈ। ਉਸ ਨੇ ਅਗੇ ਵਧ ਕੇ ਟੈਲੀਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਆਪਰੇਟਰ ਦੀ ਅਵਾਜ਼ ਆਈ, “ਸਰ ਅੰਮ੍ਰਿਤਸਰ ਕੀ ਕਾਲ ਬੁਕ ਕਰਾਈ ਥੀ?”
“ਹਾਂ ਜੀ ਗੱਲ ਕਰਾਓ।” ਬਲਦੇਵ ਸਿੰਘ ਨੇ ਕਿਹਾ ਤੇ ਉਥੇ ਹੀ ਬੈਠ ਗਿਆ। ਉਸ ਨੂੰ ਬੈਠਦਾ ਵੇਖ ਸਾਰੇ ਵਾਪਸ ਬੈਠ ਗਏ।
ਇਕ ਦੋ ਘੰਟੀਆਂ ਵਜੀਆਂ ਤੇ ਫੇਰ ਉਧਰੋਂ ਅਵਾਜ਼ ਆਈ, “ਹੈਲੋ”, ਬਲਦੇਵ ਸਿੰਘ ਨੇ ਪਛਾਣਨ ਦੀ ਕੋਸ਼ਿਸ਼ ਕੀਤੀ ਕੋਈ ਓਪਰੀ ਜਿਹੀ ਅਵਾਜ਼ ਸੀ। ਉਹ ਬੋਲਿਆ, “ਹਾਂ ਜੀ! ਸਤਿ ਸ੍ਰੀ ਅਕਾਲ ਜੀ, ਮੈਂ ਕਾਨਪੁਰ ਤੋਂ ਬਲਦੇਵ ਸਿੰਘ ਬੋਲ ਰਿਹਾਂ। ਜ਼ਰਾ ਸ੍ਰ. ਗੁਰਸੇਵਕ ਸਿੰਘ ਜਾਂ ਗੁਰਚਰਨ ਸਿੰਘ ਨਾਲ ਗੱਲ ਕਰਨੀ ਸੀ।”
“ਸਤਿ ਸ੍ਰੀ ਅਕਾਲ ਵੀਰ ਜੀ! ਮੈਂ ਉਨ੍ਹਾਂ ਦਾ ਛੋਟਾ ਭਰਾ ਪਰਮਜੀਤ ਬੋਲ ਰਿਹਾਂ, ਜ਼ਰਾ ਹੋਲਡ ਕਰੋ”, ਤੇ ਪਲ ਬਾਅਦ ਹੀ ਫੇਰ ਅਵਾਜ਼ ਆਈ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਭਰਾ ਜੀ!”
“ਵਾਹਿਗੁਰੂ ਜੀ ਕੀ ਫਤਹਿ ਗੁਰਸੇਵਕ ਜੀ,” ਬਲਦੇਵ ਸਿੰਘ ਨੇ ਅਵਾਜ਼ ਪਹਿਚਾਣ ਕੇ ਨਾਲ ਹੀ ਫਤਹਿ ਸਾਂਝੀ ਕਰਦੇ ਹੋਏ ਕਿਹਾ, “ਸੁਣਾਓ ਕੀ ਹਾਲ ਹੈ?”
“ਹਾਲ ਤਾਂ ਤੁਸੀਂ ਦਿਹਾੜੀ ਗੁਰਚਰਨ ਕੋਲੋਂ ਸੁਣ ਹੀ ਬੈਠੇ ਹੋ, ਬਸ ਠੀਕ ਹੈ ਜਿਵੇਂ ਵਾਹਿਗੁਰੂ ਰੱਖੇ …. ।”
“ਮੈਨੂੰ ਪਹਿਲਾਂ ਚਾਚਾ ਜੀ ਦੀ ਸੁਣਾਓ”, ਬਲਦੇਵ ਸਿੰਘ ਨੇ ਵਿੱਚੋਂ ਹੀ ਗੱਲ ਕਟਦੇ ਹੋਏ ਕਿਹਾ
“ਠੀਕ ਨੇ ਹੁਣ ਪਿਤਾ ਜੀ ਵੀ। ਕੱਲ ਤਾਂ ਫੇਰ ਕੁੱਝ ਤਬੀਅਤ ਜ਼ਿਆਦਾ ਵਿਗੜ ਗਈ ਸੀ ਪਰ ਹੁਣ ਠੀਕ ਹੀ ਨੇ। ਬਲਕਿ ਲਓ, ਤੁਸੀਂ ਪਹਿਲਾਂ ਉਨ੍ਹਾਂ ਨਾਲ ਹੀ ਗੱਲ ਕਰ ਲਓ, ਉਨ੍ਹਾਂ ਦਾ ਦਵਾਈ ਲੈਕੇ ਲੇਟਣ ਦਾ ਟਾਈਮ ਹੋ ਗਿਐ, ਅਸੀਂ ਬਸ ਬੈਠੇ ਤੁਹਾਡੇ ਟੈਲੀਫੋਨ ਦਾ ਇੰਤਜ਼ਾਰ ਹੀ ਕਰ ਰਹੇ ਸੀ”, ਕਹਿ ਕੇ ਗੁਰਸੇਵਕ ਨੇ ਟੈਲੀਫੋਨ ਸ੍ਰ. ਚੇਤ ਸਿੰਘ ਨੂੰ ਫੜਾ ਦਿੱਤਾ।
ਸ੍ਰ ਚੇਤ ਸਿੰਘ ਦੀ ਹੈਲੋ ਦੀ ਅਵਾਜ਼ ਸੁਣਦੇ ਹੀ ਬਲਦੇਵ ਸਿੰਘ ਬੋਲਿਆ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਚਾਚਾ ਜੀ, ਕੀ ਹਾਲ ਹੈ?”
“ਫਤਹਿ ਬੇਟਾ! ਕੀ ਹਾਲ ਹੋਣੈ ਉਸ ਦਾ ਜਿਸ ਦੇ ਗੁਰੂ ਦਾ ਘਰ ਉਸ ਦੇ ਆਪਣੇ ਦੇਸ਼ ਦੀ ਸਰਕਾਰ ਨੇ ਆਪਣੀਆਂ ਫ਼ੌਜਾਂ ਕੋਲੋਂ ਟੈਂਕਾਂ ਤੋਪਾਂ ਬੰਬਾਂ ਨਾਲ ਢੁਆ ਦਿੱਤਾ ਹੋਵੇ, ਉਥੇ ਖੂਨ ਦੀਆਂ ਨਦੀਆਂ ਵਹਾ ਕੇ ਉਸ ਨੂੰ ਹਰ ਤਰ੍ਹਾਂ ਨਾਲ ਅਪਵਿੱਤਰ ਕੀਤਾ ਹੋਵੇ? ਜਿਥੋਂ ਰੋਜ਼, ਦਿਹਾੜੀ ਵਿੱਚ ਕਈ ਵਾਰੀ, ਸਰਬੱਤ ਦਾ ਭਲਾ ਦੀ ਅਰਦਾਸ ਹੁੰਦੀ ਹੈ, ਉਸ ਪਵਿੱਤਰ ਸਥਾਨ `ਤੇ ਮੌਤ ਅਤੇ ਦਰਿੰਦਗੀ ਦਾ ਤਾਂਡਵ ਹੋਇਆ ਹੋਵੇ। ਪੁੱਤਰ ਤੂੰ ਆਪੇ ਅੰਦਾਜ਼ਾ ਲਗਾ ਲੈ, ਕੀ ਹਾਲ ਹੋਣੈ ਉਸ ਦਾ ਜਿਸ ਨੂੰ ਆਪਣੇ ਦੇਸ਼ ਵਿੱਚ, ਆਪਣੇ ਹੀ ਸ਼ਹਿਰ ਵਿੱਚ ਆਪਣੀ ਹੀ ਫ਼ੌਜ ਵੱਲੋਂ ਰਿਫ਼ਿਉਜੀ ਬਣਾ ਦਿੱਤਾ ਗਿਆ ਹੋਵੇ? ਤੇਰੇ ਪਿਤਾ ਅਮੋਲਕ ਸਿੰਘ ਵੀਰ ਜੀ ਕੋਲੋਂ ਸੁਣਦੇ ਹੁੰਦੇ ਸਾਂ ਰਿਫ਼ਿਉਜੀ ਬਣਨ ਦੀਆਂ ਗੱਲਾਂ, ਜਦੋਂ ਤੁਸੀ ਦੇਸ਼ ਦੀ ਵੰਡ ਵੇਲੇ ਉਜੜ ਕੇ ਆਏ ਸਾਓ, ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਕੋਈ ਆਪਣੇ ਹੀ ਦੇਸ਼ ਅੰਦਰ, ਆਪਣੇ ਹੀ ਸ਼ਹਿਰ ਅੰਦਰ ਵੀ ਰਿਫ਼ਿਉਜੀ ਬਣ ਸਕਦੈ।
ਸ੍ਰ. ਚੇਤ ਸਿੰਘ ਦੇ ਬੋਲਾਂ `ਚੋਂ ਵੈਣ ਪਾਉਣ ਦਾ ਅਹਿਸਾਸ ਹੋ ਰਿਹਾ ਸੀ, ਉਸ ਨੇ ਥੋੜ੍ਹਾ ਜਿਹਾ ਸਾਹ ਲਿਆ, ਬਲਦੇਵ ਸਿੰਘ ਕੁੱਝ ਬੋਲਣ ਹੀ ਲੱਗਾ ਸੀ ਕਿ ਚੇਤ ਸਿੰਘ ਨੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ, ਸੋ ਬਲਦੇਵ ਸਿੰਘ ਵਿੱਚੇ ਹੀ ਰੁਕ ਗਿਆ, “ਕਾਕਾ ਮੈਂ ਉਹ ਬਦਨਸੀਬ ਹਾਂ ਜੋ ਸ਼ਹਿਰ ਵਿੱਚ ਬੈਠਾ ਵੀ ਆਪਣੇ ਗੁਰੂ ਦਰਬਾਰ ਦੇ ਦਰਸ਼ਨ ਕਰਨ ਨਹੀਂ ਜਾ ਸਕਦਾ, ਮੇਰਾ ਘਰ ਫ਼ੌਜ ਦੇ ਕਬਜ਼ੇ ਵਿੱਚ ਹੈ, ਮੇਰੇ ਪਰਿਵਾਰ ਦਾ ਕੋਈ ਜੀਅ ਉਥੇ ਨਹੀਂ ਜਾ ਸਕਦਾ। ਸੁਣਿਐ ਉਸ ਦਾ ਉਪਰਲਾ ਹਿੱਸਾ ਢਹਿ ਢੇਰੀ ਹੋ ਗਿਐ ਅਤੇ ਬਾਕੀ ਬਚਿਆ ਖੁਚਿਆ ਫ਼ੌਜ ਦੇ ਕਬਜ਼ੇ ਵਿੱਚ ਹੈ। ਘਰ ਦਾ ਜੋ ਸਮਾਨ ਮੈਂ ਅਤੇ ਮੇਰੇ ਪਰਿਵਾਰ ਨੇ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਪਿਛਲੇ ਕਈ ਸਾਲਾਂ ਵਿੱਚ ਬੜੀਆਂ ਰੀਝਾਂ ਨਾਲ ਬਣਾਇਆ ਸੀ, ਸੁਣਿਐ ਕਿ ਉਹ ਵੀ ਸਭ ਸਾਡੀ ਆਪਣੀ ਫ਼ੌਜ ਨੇ ਲੁਟ ਲਿਐ, ਬਿਲਕੁਲ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਧਾੜਵੀ ਫ਼ੌਜਾਂ ਵਾਂਗ। ਬੇਟਾ! ਸਾਡੇ ਸੁਪਨੇ, ਸਾਡਾ ਸੁੱਖ ਆਰਾਮ ਸਭ ਲੁੱਟ ਲਏ ਗਏ ਨੇ … … … “, ਬੋਲਦੇ ਬੋਲਦੇ ਚੇਤ ਸਿੰਘ ਦੀ ਅਵਾਜ਼ ਭਰ. . ਰਾ ਗਈ, ਇੰਜ ਜਾਪਦਾ ਸੀ ਜਿਵੇਂ ਉਸ ਕੋਲੋਂ ਹੋਰ ਨਾ ਬੋਲਿਆ ਜਾ ਰਿਹਾ ਹੋਵੇ।
ਬਲਦੇਵ ਸਿੰਘ ਛੇਤੀ ਨਾਲ ਬੋਲਿਆ, “ਹੌਂਸਲਾ ਕਰੋ ਚਾਚਾ ਜੀ! ਹੌਂਸਲਾ ਕਰੋ, ਵਾਹਿਗੁਰੂ ਮਿਹਰ ਕਰੇਗਾ, ਇਹ ਜ਼ੁਲਮ ਦਾ ਰਾਜ ਬਹੁਤਾ ਸਮਾਂ ਨਹੀਂ ਰਹਿਣਾ।”
“ਠੀਕ ਕਹਿ ਰਹੇ ਹੋ ਭਰਾ ਜੀ! ਅਕਾਲ ਪੁਰਖ ਦਾ ਨਿਆਂ ਤਾਂ ਅਟੱਲ ਹੈ। ਫੇਰ ਸਾਨੂੰ ਤਾਂ ਸਤਿਗੁਰੂ ਨੇ ਇਹੀ ਸਿਖਾਇਆ ਹੈ, `ਤੇਰਾ ਕੀਆ ਮੀਠਾ ਲਾਗੇ’ “, ਅਵਾਜ਼ ਗੁਰਸੇਵਕ ਸਿੰਘ ਦੀ ਸੀ। ਉਸ ਨੇ ਪਿਤਾ ਦੀ ਹਾਲਤ ਵੇਖ ਕੇ ਟੈਲੀਫੋਨ ਉਨ੍ਹਾਂ ਕੋਲੋਂ ਆਪ ਫੜ ਲਿਆ ਸੀ।
“ਪਰ ਵੀਰੇ! ਆਪਣੇ ਘਰ `ਤੇ ਫ਼ੌਜ ਨੇ ਕਬਜ਼ਾ ਕੀਤਾ ਹੋਇਐ?” ਬਲਦੇਵ ਸਿੰਘ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਇਹੀ ਸੁਣਿਐ ਭਰਾ ਜੀ, ਸਾਨੂੰ ਤਾਂ ਉਧਰ ਜਾਣ ਨਹੀਂ ਦੇਂਦੇ। ਇੱਕ ਪੁਲਿਸ ਅਫਸਰ ਏ ਜਾਣਕਾਰ, ਵਿਚਾਰੇ ਨੇ ਬੜੀ ਮਦਦ ਕੀਤੀ ਏ, ਬੜੇ ਔਖੇ ਸਮੇਂ ਪਿਤਾ ਜੀ ਨੂੰ ਹਸਪਤਾਲ ਵੀ ਉਹੀ ਲੈਕੇ ਗਿਆ ਸੀ, ਹੁਣ ਵੀ ਕਦੇ ਕਦੇ ਪਿਤਾ ਜੀ ਦਾ ਪਤਾ ਲੈਣ ਆ ਜਾਂਦੈ, ਉਸੇ ਦੱਸਿਐ, ਇਹ ਵੀ ਕਿ ਘਰ ਦਾ ਸਾਰਾ ਕੀਮਤੀ ਸਮਾਨ ਫ਼ੌਜੀਆਂ ਨੇ ਲੁੱਟ ਲਿਐ।”
“ਇਹ ਤਾਂ ਹੱਦ ਹੋ ਗਈ ਜ਼ੁਲਮ ਦੀ, ਜਿਨ੍ਹਾਂ ਦਾ ਕੰਮ ਸਾਡੀ ਰੱਖਿਆ ਕਰਨ ਦਾ ਸੀ ਉਹ ਸਾਨੂੰ ਉਜਾੜ ਰਹੇ ਨੇ, ਲੁੱਟ ਰਹੇ ਨੇ”, ਗੁਰਸੇਵਕ ਦੀ ਗੱਲ ਖਤਮ ਹੁੰਦੇ ਹੀ ਬਲਦੇਵ ਸਿੰਘ ਬੋਲ ਪਿਆ। ਥੋੜ੍ਹਾ ਜਿਹਾ ਰੁਕਿਆ ਤੇ ਫੇਰ ਕੁੱਝ ਸੋਚਦਾ ਹੋਇਆ ਕਹਿਣ ਲੱਗਾ, “…. ਤਾਂ ਹੀ ਕੱਲ ਰਾਤੀਂ ਘਰ ਦਾ ਨੰਬਰ ਮਿਲਿਆ ਸੀ ਤਾਂ ਉਥੋਂ ਕੋਈ ਹੋਰ ਹੀ ਭਾਸ਼ਾ ਵਿੱਚ ਬੜੀ ਬਦਤਮੀਜ਼ੀ ਨਾਲ ਬੋਲ ਰਿਹਾ ਸੀ। …. . ਭਰਾ ਜੀ, ਤੁਸੀਂ ਉਹ ਨੰਬਰ ਤਾਂ ਬੰਦ ਕਰਾ ਦਿਓ, ਉਸ ਦੀ ਦੁਰਵਰਤੋਂ ਹੋ ਰਹੀ ਹੋਵੇਗੀ ਤੇ ਬਿੱਲ ਤੁਹਾਡੇ ਤੇ ਇਕੱਠਾ ਹੋ ਰਿਹਾ ਹੋਵੇਗਾ।”
“ਠੀਕ ਹੈ ਭਰਾ ਜੀ! ਅਸਲ ਵਿੱਚ ਪਹਿਲਾਂ ਇਸ ਪਾਸੇ ਧਿਆਨ ਹੀ ਨਹੀਂ ਸੀ ਗਿਆ, …. ਨਾਲੇ ਇਥੇ ਜ਼ਿੰਦਗੀ ਵੀ ਤਾਂ ਹੁਣ ਪਿਛਲੇ ਇੱਕ ਦੋ ਦਿਨਾਂ ਵਿੱਚ ਹੀ ਚਲਣੀ ਸ਼ੁਰੂ ਹੋਈ ਹੈ”, ਗੁਰਸੇਵਕ ਨੇ ਉਸ ਦੀ ਗੱਲ ਦੀ ਹਾਮੀ ਭਰੀ।
“ਚਾਚਾ ਜੀ ਦੇ ਇਲਾਜ ਦਾ ਹੁਣ ਕਿਵੇਂ ਚਲ ਰਿਹੈ?” ਬਲਦੇਵ ਸਿੰਘ ਨੇ ਆਪਣੀ ਗੱਲ ਜਾਰੀ ਰਖੀ।
“ਉਹ, ਸਤਿਗੁਰੂ ਦੀ ਮਿਹਰ ਨਾਲ ਨੇੜੇ ਹੀ ਇੱਕ ਚੰਗਾ ਡਾਕਟਰ ਮਿਲ ਗਿਐ, ਉਸੇ ਦਾ ਇਲਾਜ ਚੱਲ ਰਿਹੈ, ਜਦੋਂ ਕਰਫਿਊ ਵਿੱਚ ਢਿਲ ਹੁੰਦੀ ਏ ਇਥੇ ਘਰ ਹੀ ਆ ਕੇ ਵੇਖ ਜਾਂਦੈ। ਵੈਸੇ ਤਾਂ ਪਿਤਾ ਜੀ ਪਹਿਲੇ ਨਾਲੋਂ ਕਾਫੀ ਠੀਕ ਮਹਿਸੂਸ ਕਰ ਰਹੇ ਸਨ, ਬਸ ਪਰਸੋਂ ਕੁੱਝ ਐਸੀਆਂ ਗੱਲਾਂ ਸੁਣ ਲਈਆਂ ਨੇ, ਜਿਸ ਨਾਲ ਫੇਰ ਕੁੱਝ ਤਬੀਅਤ ਵਿਗੜ ਗਈ ਸੀ ਪਰ ਹੁਣ ਫੇਰ ਕਾਫੀ ਠੀਕ ਨੇ।”
“ਐਸਾ ਕੀ ਸੁਣ ਲਿਐ?” ਬਲਦੇਵ ਸਿੰਘ ਨੇ ਬੜੀ ਜਗਿਆਸਾ ਨਾਲ ਪੁੱਛਿਆ।
“ਭਰਾ ਜੀ! ਆਟਾ ਮੰਡੀ ਵਿੱਚ ਇੱਕ ਬਾਬਾ ਸ਼ਾਮ ਸਿੰਘ ਦਾ ਡੇਰਾ ਹੈ। ਪਰਸੋਂ ਬਜ਼ਾਰ ਗਿਆ ਹੋਇਆ ਸਾਂ ਕਿ ਉਥੇ ਉਸ ਡੇਰੇ ਦੇ ਰਾਗੀ ਭਾਈ ਮਿਹਰ ਸਿੰਘ ਮਿਲ ਪਏ। ਉਹ ਵਿਚਾਰੇ ਵੀ ਸਾਡੇ ਵਾਂਗੂੰ ਘਰੋਂ ਬੇਘਰ ਹੋਏ ਫਿਰਦੇ ਨੇ। ਉਨ੍ਹਾਂ ਦਾ ਘਰ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਬਾਗ ਵਾਲੀ ਗਲੀ ਵਿੱਚ ਸੀ। ਦੱਸ ਰਹੇ ਸਨ ਕਿ ਉਥੇ ਵੀ ਫ਼ੌਜ ਨੇ ਦਸ ਤਾਰੀਖ ਨੂੰ ਅੱਗ ਲਗਾ ਦਿੱਤੀ ਸੀ, ਵਿਚਾਰੇ ਮਸਾਂ ਖਾਲੀ ਹੱਥ ਜਾਨ ਬਚਾ ਕੇ ਨਿਕਲ ਕੇ ਆਏ। ਉਨ੍ਹਾਂ ਨੂੰ ਪਿਤਾ ਜੀ ਦੀ ਬਿਮਾਰੀ ਬਾਰੇ ਦੱਸਿਆ ਤਾਂ ਸ਼ਾਮੀਂ ਉਨ੍ਹਾਂ ਦਾ ਪਤਾ ਲੈਣ ਆ ਗਏ। ਉਨ੍ਹਾਂ ਡੇਰੇ ਦੇ ਸਿੰਘਾਂ ਉਤੇ ਫ਼ੌਜ ਵੱਲੋਂ ਅਤਿਆਚਾਰ ਕਰਕੇ ਸ਼ਹੀਦ ਕਰਨ ਅਤੇ ਲੁੱਟਮਾਰ ਦੀ ਇਤਨੀ ਲੂ-ਕੰਡੇ ਖੜ੍ਹੇ ਕਰਨ ਵਾਲੀ ਦਰਦ ਭਰੀ ਵਿਥਿਆ ਸੁਣਾਈ ਕਿ ਪਿਤਾ ਜੀ ਦੀ ਹਾਲਤ ਫੇਰ ਵਿਗੜ ਗਈ।”
“ਪਰ ਸਾਰੀ ਕਾਰਵਾਈ ਤਾਂ ਸੱਤ ਜੂਨ ਨੂੰ ਮੁੱਕ ਗਈ ਸੀ ਅਤੇ ਦਰਬਾਰ ਸਾਹਿਬ ਕੰਪਲੈਕਸ `ਤੇ ਫ਼ੌਜ ਦਾ ਕਬਜ਼ਾ ਹੋ ਗਿਆ ਸੀ ਫੇਰ ਦਸ ਤਾਰੀਖ ਨੂੰ ਗਲੀ ਨੂੰ ਅੱਗ ਲਾੳਣ ਦਾ ਕੀ ਮਤਲਬ ਹੋਇਆ?” ਬਲਦੇਵ ਸਿੰਘ ਨੇ ਹੈਰਾਨਗੀ ਪ੍ਰਗਟ ਕਰਦੇ ਹੋਏ ਪੁੱਛਿਆ।
“ਕੀ ਪੁੱਛਦੇ ਹੋ ਭਰਾ ਜੀ! ਭਾਰਤੀ ਫ਼ੌਜ ਤਾਂ ਇੰਝ ਵਿਹਾਰ ਕਰ ਰਹੀ ਏ ਜਿਵੇਂ ਕਿਸੇ ਦੁਸ਼ਮਣ ਮੁਲਕ ਨੂੰ ਜਿੱਤ ਕੇ ਉਥੇ ਦੇ ਲੋਕਾਂ ਨੂੰ ਗ਼ੁਲਾਮ ਬਣਾਇਆ ਹੋਵੇ, ਬਲਕਿ ਉਸ ਤੋਂ ਕਿਤੇ ਵੱਧ ਜ਼ੁਲਮ ਕਰ ਰਹੀ ਏ, ਉਨ੍ਹਾਂ ਵਾਸਤੇ ਹਰ ਸਿੱਖ ਦੁਸ਼ਮਣ ਹੈ, ਹਰ ਸਿੱਖ ਆਤੰਕਵਾਦੀ ਹੈ, ਹਰ ਸਿੱਖ ਤੇ ਜ਼ੁਲਮ ਹੋ ਰਿਹੈ, ਹਰ ਸਿੱਖ ਨਾਲ ਦੁਰਵਿਹਾਰ ਹੋ ਰਿਹੈ। …. ਸੁਣਿਐ ਕਿ ਮੁਕਾਬਲੇ ਵਿੱਚ ਭਾਰਤੀ ਫ਼ੌਜ ਦਾ ਉਨ੍ਹਾਂ ਦੇ ਅੰਦਾਜ਼ੇ ਤੋਂ ਕਿਤੇ ਵਧ ਨੁਕਸਾਨ ਹੋਇਐ। ਖਾੜਕੂ ਸਿੰਘ ਭਾਵੇਂ ਗਿਣਤੀ ਵਿੱਚ ਬਹੁਤ ਘੱਟ ਸਨ ਤੇ ਉਨ੍ਹਾਂ ਕੋਲ ਹਥਿਆਰ ਵੀ ਆਮ ਜਿਹੇ ਸਨ ਪਰ ਉਨ੍ਹਾਂ ਬਹੁਤ ਡੱਟ ਕੇ, ਜਾਨਾਂ ਤਲੀ `ਤੇ ਧਰ ਕੇ ਮੁਕਾਬਲਾ ਕੀਤੈ ਤੇ ਇੱਕ ਵਾਰੀ ਤਾਂ ਫ਼ੌਜ ਦੇ ਛੱਕੇ ਛੁੜਾ ਦਿੱਤੇ ਨੇ। ਭਾਰਤੀ ਫ਼ੌਜ ਦੇ ਬਹੁਤ ਜ਼ਿਆਦਾ ਫ਼ੌਜੀ ਮਾਰੇ ਗਏ ਨੇ, ਬਹੁਤ ਹੀ ਜ਼ਖਮੀਂ ਹੋਏ ਨੇ। ਫ਼ੌਜ ਹੁਣ ਚਿੜ੍ਹ ਕੇ ਬਦਲਾ ਲਉ ਕਾਰਵਾਈ ਵਿੱਚ ਇਹ ਸਭ ਕੁੱਝ ਕਰ ਰਹੀ ਹੈ। ਸੁਣਿਐ ਕਿ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਲਾਇਬਰੇਰੀ ਨੂੰ ਵੀ ਬਾਅਦ ਵਿੱਚ ਇਸੇ ਭਾਵਨਾ ਤਹਿਤ ਸਾੜ ਦਿੱਤਾ ਗਿਐ। ਬਲਕਿ ਲਾਇਬਰੇਰੀ ਦਾ ਅਨਮੋਲ ਖਜ਼ਾਨਾ ਤਾਂ ਫ਼ੌਜ ਨੇ ਲੁੱਟ ਲਿਐ। ਪਤਾ ਲੱਗੈ ਕਿ ਅਨੇਕਾਂ ਹੀ ਇਤਿਹਾਸਕ ਮਹੱਤਤਾ ਵਾਲੀਆਂ ਹੱਥ-ਲਿਖਤਾਂ, ਗੁਰੂ ਸਾਹਿਬਾਨ ਦੇ ਹੁਕਮਨਾਮੇ, ਜਨਮ ਸਾਖੀਆਂ, ਪਾਵਨ ਗੁਰੂ ਗ੍ਰੰਥ ਸਾਹਿਬ ਦੇ 500 ਦੁਰਲਭ ਹੱਥ-ਲਿਖਤ ਸਰੂਪ, ਸਾਰੀਆਂ ਅਨਮੋਲ ਕਿਤਾਬਾਂ ਅਤੇ ਹੋਰ 500 ਦੇ ਕਰੀਬ, ਇਤਿਹਾਸਕ ਚਿੱਤਰਾਂ ਤੇ ਤਸਵੀਰਾਂ ਦੀਆਂ ਐਲਬਮਾਂ, ਨਾਯਾਬ ਪੁਸਤਕਾਂ ਦੇ ਟਾਈਪ ਕੀਤੇ ਖਰੜੇ, ਜੋ ਕਿ ਕਿਸੇ ਵੀ ਕੌਮ ਦਾ ਸਭ ਤੋਂ ਵੇਸਕੀਮਤੀ ਖਜ਼ਾਨਾ ਹੁੰਦੈ, ਬੋਰੀਆਂ ਵਿੱਚ ਪਾਕੇ ਲੈ ਗਏ ਨੇ ਤੇ ਬਾਅਦ ਵਿੱਚ ਲਾਇਬਰੇਰੀ ਨੂੰ ਅੱਗ ਲਾ ਦਿੱਤੀ ਗਈ ਏ। ਚਲੋ ਇਮਾਰਤਾਂ ਤਾਂ ਨਵੀਆਂ ਬਣ ਸਕਦੀਆਂ ਨੇ, ਪੁਰਾਣੀਆਂ ਦੀ ਮੁਰੰਮਤ ਵੀ ਹੋ ਸਕਦੀ ਹੈ ਪਰ ਇਹ ਨਾਯਾਬ ਖਜ਼ਾਨਾ ਤਾਂ ਹੁਣ ਕਰੋੜਾਂ ਰੁਪਏ ਖਰਚ ਕੇ ਵੀ ਨਹੀਂ ਮਿਲ ਸਕਦਾ, ਇਸ ਅਮੀਰ ਅਤੇ ਬਹੁ-ਮੁਲੇ ਵਿਰਸੇ ਦੀ ਘਾਟ ਤਾਂ ਕਦੇ ਵੀ ਕਿਸੇ ਤਰ੍ਹਾਂ ਪੂਰੀ ਨਹੀਂ ਹੋ ਸਕਦੀ”, ਗੁਰਸੇਵਕ ਸਿੰਘ ਦੀਆਂ ਗੱਲਾਂ ਅਚੰਭਤ ਕਰ ਦੇਣ ਵਾਲੀਆਂ ਸਨ।
“ਵੀਰੇ ਦੇਸ਼ ਦੀ ਇਤਨੀ ਬਹਾਦਰ ਅਤੇ ਵਤਨ ਪ੍ਰਸਤ ਕੌਮ ਨੂੰ ਇੰਝ ਜ਼ਲੀਲ ਕਰ ਕੇ ਭਾਰਤ ਦੀ ਸਰਕਾਰ ਅਤੇ ਫ਼ੌਜ ਚੰਗਾ ਨਹੀਂ ਕਰ ਰਹੀ। ਵਕਤ ਆਉਣ `ਤੇ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ, …. ਨਾਲੇ …. ਐਸਾ ਕੀ ਸੁਣਾ ਦਿੱਤਾ ਸੀ ਰਾਗੀ ਮਿਹਰ ਸਿੰਘ ਨੇ ਜੋ ਚਾਚਾ ਜੀ ਦੀ ਤਬੀਅਤ ਫੇਰ ਖਰਾਬ ਹੋ ਗਈ?” ਬਲਦੇਵ ਸਿੰਘ ਨੇ ਵਿਸ਼ੇ `ਤੇ ਵਾਪਸ ਆਉਂਦੇ ਹੋਏ ਕਿਹਾ, ਉਸ ਦੀ ਜਗਿਆਸਾ ਹੋਰ ਵੱਧ ਗਈ ਸੀ।
“ਇਹ ਬਾਬਾ ਸ਼ਾਮ ਸਿੰਘ ਦਾ ਡੇਰਾ ਸੈਂਕੜੇ ਸਾਲ ਪੁਰਾਣੈ। ਹਰ ਰੋਜ਼ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਇਸ਼ਨਾਨ ਤੋਂ ਬਾਅਦ ਆਸਾ ਦੀ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰਨ ਸਮੇਂ ਇਸ ਡੇਰੇ ਤੋਂ ਕੜਾਹ ਪ੍ਰਸ਼ਾਦਿ ਜਾਂਦਾ ਹੈ। ਇਸ ਸਮੇਂ ਬਾਬਾ ਖੜਕ ਸਿੰਘ ਜੀ ਇਸ ਡੇਰੇ ਦੇ ਮੁਖੀ ਹਨ। ਭਾਈ ਮਿਹਰ ਸਿੰਘ ਜੀ ਨੇ ਦੱਸਿਆ ਕਿ 6 ਜੂਨ ਸਵੇਰੇ 14-15 ਫ਼ੌਜੀ ਅਤੇ ਬੀ ਐਸ ਐਫ ਦੇ ਜਵਾਨ ਡੇਰੇ ਲਾਗਲੇ ਮੰਦਰ ਵਾਲੇ ਪਾਸਿਓਂ ਕੰਧ ਟਪ ਕੇ ਡੇਰੇ ਵਿੱਚ ਆ ਗਏ। ਅਗੋਂ ਉਨ੍ਹਾਂ ਨੂੰ ਡੇਰੇ ਦੇ ਇੱਕ ਬਜ਼ੁਰਗ ਭਾਈ ਲਾਲ ਸਿੰਘ ਜੀ ਮਿਲੇ, ਜਿਨ੍ਹਾਂ ਦੀ ਦਾੜ੍ਹੀ ਪੁੱਟ ਕੇ ਰਾਈਫਲਾਂ ਦੇ ਬੱਟ ਮਾਰਦੇ ਹੋਏ ਕਹਿਣ ਲੱਗੇ ਕਿ ਖਜ਼ਾਨੇ ਕੀ ਚਾਬੀਆਂ ਬਤਾਓ। ਉਨ੍ਹਾਂ ਜੁਆਬ ਦਿੱਤਾ ਕਿ ਅਸੀਂ ਤਾਂ ਇਥੇ ਲੰਗਰ ਦੀ ਸੇਵਾ ਕਰਦੇ ਹਾਂ, ਸਾਡੇ ਪਾਸ ਕੋਈ ਖਜ਼ਾਨਾ ਨਹੀਂ ਹੈ, ਪਰ ਉਨ੍ਹਾਂ ਜ਼ਾਲਮਾਂ ਇੱਕ ਨਾ ਸੁਣੀ ਤੇ ਬੜੀ ਹੀ ਬੇਦਰਦੀ ਨਾਲ ਮਾਰਦੇ ਰਹੇ …. ।”
ਇਨੇ ਨੂੰ ਵਿੱਚ ਹੀ ਟੈਲੀਫੋਨ ਆਪਰੇਟਰ ਦੀ ਅਵਾਜ਼ ਸੁਣਾਈ ਦਿੱਤੀ, “ਤੀਨ ਮਿੰਟ ਹੋ ਗਏ ਸਰ।”
“ਸਮਾਂ ਵਧਾ ਦਿਓ”, ਬਲਦੇਵ ਸਿੰਘ ਨੇ ਛੇਤੀ ਨਾਲ ਕਿਹਾ ਤੇ ਫੇਰ ਗੁਰਸੇਵਕ ਸਿੰਘ ਨੂੰ ਮੁਖਾਤਬ ਹੋ ਕੇ ਬੋਲਿਆ, “ਫੇਰ ਵੀਰੇ?”
“ਉਸ ਪਿਛੋਂ ਇਹ ਫ਼ੌਜੀ ਜੁੱਤੀਆਂ ਸਮੇਤ ਉਸ ਹਾਲ ਵਿੱਚ ਆ ਗਏ ਜਿਥੇ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇੱਕ ਨੌਜੁਆਨ ਭਾਈ ਬਚਨ ਸਿੰਘ ਪਾਠ ਕਰ ਰਿਹਾ ਸੀ ਉਸ ਨੂੰ ਇਨ੍ਹਾਂ ਮਹਾਰਾਜ ਦੀ ਤਾਬਿਆ ਤੋਂ ਜ਼ਬਰਦਸਤੀ ਵਹਿਸ਼ਿਆਨਾ ਢੰਗ ਨਾਲ ਘੜੀਸ ਲਿਆ, ਸਤਿਗੁਰੂ ਉਤੇ ਰੁਮਾਲਾ ਵੀ ਨਹੀਂ ਪਾਉਣ ਦਿੱਤਾ ਅਤੇ ਪਿਛਲੇ 100 ਸਾਲ ਤੋਂ ਵੀ ਵਧ ਸਮੇਂ ਤੋਂ ਚਲ ਰਹੇ ਪਾਠ ਨੂੰ ਖੰਡਤ ਕਰ ਦਿੱਤਾ। ਬਚਨ ਸਿੰਘ ਨੂੰ ਬਾਹਰ ਲਿਆ ਕੇ ਬੇਦਰਦੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਹੋਰ ਬਜ਼ੁਰਗ ਭਾਈ ਕਿਹਰ ਸਿੰਘ ਜਿਨ੍ਹਾਂ ਦੇ ਭਜਨ ਬੰਦਗੀ, ਸੰਤ-ਸੁਭਾਅ ਅਤੇ ਨਿਮ੍ਰਤਾ ਕਾਰਨ ਸਾਰੇ ਭਗਤ ਜੀ ਕਹਿੰਦੇ ਸਨ, ਇਧਰ ਆਏ, ਉਨ੍ਹਾਂ ਪੁੱਛਿਆ ਕਿ ਇਸ ਬੱਚੇ ਨੂੰ ਕਿਉਂ ਮਾਰ ਰਹੇ ਹੋ? ਜ਼ਾਲਮ ਫ਼ੌਜੀਆਂ ਨੇ ਭਗਤ ਜੀ ਨੂੰ ਵੀ ਕੁਟਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ਮਾਰ ਮਾਰ ਕੇ ਹੇਠਾਂ ਜ਼ਮੀਨ `ਤੇ ਲੰਮਾ ਪਾ ਲਿਆ, ਹੱਥ ਪਿੱਛੇ ਬੰਨ੍ਹ ਦਿੱਤੇ, ਸਿਰ ਦੇ ਅੱਧੇ ਵਾਲ ਸਜੇ ਪਾਸੇ ਦਾੜ੍ਹੀ ਨਾਲ ਬੰਨ੍ਹ ਕੇ ਅੱਧੇ ਖਬੇ ਪਾਸੇ ਦਾੜ੍ਹੀ ਨਾਲ ਬੰਨ੍ਹ ਕੇ, ਵਿੱਚਕਾਰ ਹੱਥ ਪਾਕੇ ਦੋਨੋਂ ਪਾਸੇ ਰੱਸੇ ਵਾਂਗ ਖਿੱਚਣ ਲੱਗੇ। ਜਦੋਂ ਉਹ ਨੀਮ ਬੇਹੋਸ਼ ਹੋ ਗਏ ਤਾਂ ਧੁੱਪੇ ਸੁੱਟ ਦਿੱਤਾ। ਇਸੇ ਤਰ੍ਹਾਂ ਡੇਰੇ ਦੇ ਸਾਰੇ ਸਿੰਘਾਂ ਦੇ ਹੱਥ ਪਿੱਛੇ ਬੰਨ੍ਹ ਕੇ ਤਸ਼ੱਦਦ ਕਰਦੇ ਰਹੇ, ਨੀਮ ਬੇਹੋਸ਼ ਕਰਕੇ ਸੜਦੀ ਧੁੱਪ ਵਿੱਚ ਤਪਦੇ ਫਰਸ਼ `ਤੇ ਸੁਟਦੇ ਰਹੇ। ਭਾਈ ਖੜਕ ਸਿੰਘ ਜੀ ਨੇ ਇਸ ਡੇਰੇ ਦੀ ਸੇਵਾ ਸੰਭਾਲ ਲਈ ਭਾਈ ਕਿਰਪਾਲ ਸਿੰਘ ਜੋ ਅਟਾਰੀ ਤੋਂ ਇੱਕ ਰਾਮਗੜੀਆ ਕਿਰਤੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਨੂੰ ਜਥੇਦਾਰ ਨਿਯੁਕਤ ਕੀਤਾ ਹੋਇਆ ਸੀ। ਉਨ੍ਹਾਂ ਨੇ ਇਨ੍ਹਾਂ ਜ਼ਾਲਮ ਫ਼ੌਜੀ ਅਤੇ ਬੀ ਐਸ ਐਫ ਦੇ ਜਵਾਨਾਂ ਨੂੰ ਬਥੇਰਾ ਕਿਹਾ ਕਿ ਇਸ ਡੇਰੇ ਵਿੱਚ ਸਾਰਾ ਦਿਨ ਲੰਗਰ ਚਲਦਾ ਰਹਿੰਦਾ ਹੈ, ਜਿਥੇ ਅੱਜ ਕੱਲ ਖਾਣਾ ਖਾਣ ਵਾਲੇ ਵਧੇਰੇ ਯੂ ਪੀ, ਬਿਹਾਰ, ਰਾਜਸਥਾਨ ਆਦਿ ਦੇ ਮਜ਼ਦੂਰ ਹਨ ਪਰ ਉਹ ਜਥੇਦਾਰ ਕਿਰਪਾਲ ਸਿੰਘ ਹੋਰਾਂ ਨੂੰ ਵੀ ਤਸੀਹੇ ਦੇਣ ਲੱਗੇ। ਸਿਰ ਵਿੱਚ ਰਾਈਫਲਾਂ ਦੇ ਬੱਟ ਮਾਰੇ। ਪਿੱਛੋਂ ਉਨ੍ਹਾਂ ਡੇਰੇ ਦੀਆਂ ਸਾਰੀਆਂ ਅਲਮਾਰੀਆਂ ਆਦਿ ਦੇ ਜੰਦਰੇ ਜ਼ਬਰਦਸਤੀ ਤੋੜ ਦਿੱਤੇ। ਡੇਰੇ ਦੇ ਇੱਕ ਸਿੰਘ ਭਾਈ ਦੌਲਤ ਸਿੰਘ ਜੀ ਕੁੱਝ ਦਿਨ ਪਹਿਲਾਂ ਹੀ ਚੰਡੀਗੜ੍ਹ ਲਾਗੇ ਆਪਣੀ ਜ਼ਮੀਨ ਵੇਚ ਕੇ ਗਏ ਸਨ ਅਤੇ 60 ਹਜ਼ਾਰ ਰੁਪਏ ਇੱਕ ਅਲਮਾਰੀ ਵਿੱਚ ਰੱਖੇ ਸਨ, ਉਹ ਇਨ੍ਹਾਂ ਧਾੜਵੀਆਂ ਨੇ ਲੁੱਟ ਲਏ। ਡੇਰੇ ਦੀ ਗੋਲਕ ਤੋਂ ਬਿਨਾਂ ਜੋ ਕੁੱਝ ਵੀ ਕੀਮਤੀ ਸਮਾਨ ਲੱਭਾ, ਉਨ੍ਹਾਂ ਨੇ ਲੁੱਟ ਲਿਆ। ਇਸ ਤਰ੍ਹਾਂ ਦੁਪਹਿਰ ਦੇ ਡੇਢ ਦੋ ਵੱਜ ਗਏ। ਨਾਦਰਸ਼ਾਹੀ ਲੁੱਟ-ਮਾਰ ਤੋਂ ਬਾਅਦ ਸਾਰੇ ਸਿੰਘਾਂ ਨੂੰ ਬੱਟ ਮਾਰਦੇ ਹੋਏ ਬਾਜ਼ਾਰ ਲਿਆ ਕੇ ਖੜ੍ਹਾ ਕਰ ਦਿੱਤਾ। ਸਭਨਾਂ ਦੇ ਹੱਥ ਉਨ੍ਹਾਂ ਦੀਆਂ ਪਗੜੀਆਂ ਨਾਲ ਪਿੱਛੇ ਬੰਨ੍ਹੇ ਹੋਏ ਸਨ। ਜਦੋਂ ਸਭਨਾਂ ਨੂੰ ਖੜ੍ਹੇ ਕਰਕੇ ਗੋਲੀ ਮਾਰਨ ਲੱਗੇ ਤਾਂ ਜਥੇਦਾਰ ਕਿਰਪਾਲ ਸਿੰਘ ਕਹਿਣ ਲੱਗੇ ਕਿ ਤੁਸੀਂ ਮਾਰ ਤਾਂ ਦੇਣਾ ਹੀ ਹੈ, ਸਾਨੂੰ ਆਪਣੀ ਅਰਦਾਸ ਤਾਂ ਕਰ ਲੈਣ ਦਿਓ। ਜ਼ਾਲਮਾਂ ਦੇ ਦਿਲ ਵਿੱਚ ਪਤਾ ਨਹੀਂ ਕਿਥੋਂ ਥੋੜ੍ਹੀ ਜਿਹੀ ਦਇਆ ਆ ਗਈ ਅਤੇ ਅਰਦਾਸ ਕਰਨ ਦੀ ਆਗਿਆ ਦੇ ਦਿੱਤੀ। ਜਥੇਦਾਰ ਕਿਰਪਾਲ ਸਿੰਘ ਜੀ ਨੇ ਖੁਦ ਹੀ ਅਰਦਾਸ ਕੀਤੀ ਅਤੇ ਜਿਉਂ ਹੀ ਉਨ੍ਹਾਂ ਦੇ ਮੂੰਹੋਂ ‘ਨਾਨਕ ਨਾਮ ਚੜ੍ਹਦੀ ਕਲਾ-ਤੇਰੇ ਭਾਣੇ ਸਰਬਤ ਦਾ ਭਲਾ’ ਦੇ ਸ਼ਬਦ ਨਿਕਲੇ, ਉਨ੍ਹਾਂ ਮਾਡਰਨ ਮੁਗ਼ਲਾਂ ਨੇ ਇਨ੍ਹਾਂ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਢਹਿ ਢੇਰੀ ਕਰ ਦਿੱਤਾ। ਤਿੰਨ ਦਿਨਾਂ ਪਿੱਛੋਂ ਸ੍ਰ. ਅਪਾਰ ਸਿੰਘ ਬਾਜਵਾ ਡੀ ਐਸ ਪੀ ਸਿਟੀ ਨੇ ਇਹ ਲਾਸ਼ਾਂ ਚੁਕਵਾ ਕੇ ਸਸਕਾਰ ਕਰਵਾਇਆ।
ਭਰਾ ਜੀ! ਇਸ ਡੇਰੇ ਦੇ ਸਾਰੇ ਸਿੰਘ ਸਾਰਾ ਦਿਨ ਲੰਗਰ ਪਕਾ-ਪਕਾ ਕੇ ਬਿਨਾਂ ਭੇਦ ਭਾਵ ਸਭਨਾਂ ਦੀ ਸੇਵਾ ਕਰ ਰਹੇ ਸਨ, ਇਹ ਹਾਲੇ ਤੱਕ ਖਦਰ ਪਹਿਨਦੇ ਸਨ ਅਤੇ ਗੁਰਮਤਿ ਅਸੂਲਾਂ ਅਨੁਸਾਰ ਸਿੱਧਾ-ਸਾਦਾ, ਸੱਚਾ-ਸੁੱਚਾ ਅਤੇ ਨੇਕ ਜੀਵਨ ਬਿਤਾ ਰਹੇ ਸਨ, ਉਨ੍ਹਾਂ ਉਤੇ ਐਸੇ ਅਣਮੱਨੁਖੀ ਤਸ਼ਦਦ ਕਰਕੇ ਸ਼ਹੀਦ ਕਰਨ ਦੀ ਦਾਸਤਾਨ ਸੁਣ ਕੇ ਅਸੀਂ ਸਾਰੇ ਸੁੰਨ ਰਹਿ ਗਏ। ਪਿਤਾ ਜੀ ਵੀ ਅਕਸਰ ਇਨ੍ਹਾਂ ਦੇ ਡੇਰੇ `ਤੇ ਕੁੱਝ ਰਾਸ਼ਨ ਆਦਿ ਦੀ ਸੇਵਾ ਪਾਉਣ ਲਈ ਜਾਂਦੇ ਰਹਿੰਦੇ ਸਨ, ਇਸ ਲਈ ਸਾਰਿਆਂ ਨੂੰ ਜਾਣਦੇ ਸਨ, ਬਸ ਇਹ ਸਭ ਸੁਣ ਕੇ ਹੀ ਪਿਤਾ ਜੀ ਦੀ ਹਾਲਤ ਫੇਰ ਵਿਗੜ ਗਈ …. ।”
“ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ, ਬਖਸ਼ ਲਈਂ ਮੇਰੇ ਸਤਿਗੁਰੂ। ਇਸ ਤਰ੍ਹਾਂ ਦਾ ਜ਼ੁਲਮ ਤਾਂ ਮੁਗ਼ਲਾਂ ਨੇ ਵੀ ਨਿਰਦੋਸ਼ ਸਿੱਖਾਂ `ਤੇ ਨਹੀਂ ਕੀਤਾ ਹੋਵੇਗਾ। ਇਹ ਦੁਸ਼ਟ ਤਾਂ ਮੁਗ਼ਲਾਂ ਤੇ ਅਫਗਾਨੀਆਂ ਤੋਂ ਵੀ ਅੱਗੇ ਨਿਕਲ ਗਏ ਹਨ”, ਬੋਲ ਜਿਵੇਂ ਆਪ ਮੁਹਾਰੇ ਬਲਦੇਵ ਸਿੰਘ ਦੇ ਮੂੰਹ `ਚੋਂ ਨਿਕਲ ਰਹੇ ਸਨ ਅਤੇ ਅੱਖਾਂ `ਚੋਂ ਅਥਰੂ ਜ਼ਾਰ ਜ਼ਾਰ ਵੱਗ ਰਹੇ ਸਨ। ਉਸ ਨੇ ਜੇਬ ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ ਤੇ ਅੱਗੋਂ ਬੋਲਿਆ, “ਵੀਰੇ! ਜੇ ਇਹ ਜ਼ੁਲਮ ਦੀ ਦਾਸਤਾਨ ਸੁਣ ਕੇ ਸਾਡੀ ਇਹ ਹਾਲਤ ਹੋ ਗਈ ਏ ਤਾਂ ਇਸ ਹਾਲਤ ਵਿੱਚ ਚਾਚਾ ਜੀ `ਤੇ ਤਾਂ ਅਸਰ ਹੋਣਾ ਹੀ ਸੀ। ਚਲੋ, ਸ਼ੁਕਰ ਹੈ ਵਾਹਿਗੁਰੂ ਦਾ, ਫੇਰ ਕੁੱਝ ਸੰਭਲ ਗਏ ਨੇ, ਬਸ ਉਨ੍ਹਾਂ ਦਾ ਪੂਰਾ ਖਿਆਲ ਰੱਖੋ, ਵੱਧ ਤੋਂ ਵੱਧ ਸੇਵਾ ਕਰੋ। ਦੁਨੀਆਂ ਵਿੱਚ ਸਭ ਕੁੱਝ ਮਿਲ ਜਾਂਦਾ ਹੈ, ਮਾਤਾ ਪਿਤਾ ਦੁਬਾਰਾ ਨਹੀਂ ਮਿਲਦੇ।”
“ਹਾਂ ਜੀ! ਹਾਂ ਜੀ, ਅਸੀਂ ਆਪਣੇ ਵੱਲੋਂ ਤਾਂ ਕੋਈ ਕਸਰ ਨਹੀਂ ਛਡ ਰਹੇ, ਬਾਕੀ ਸਤਿਗੁਰੂ ਮਿਹਰ ਕਰੇਗਾ”, ਗੁਰਸੇਵਕ ਸਿੰਘ ਬੜੇ ਠਹਿਰਾ ਨਾਲ ਬੋਲਿਆ, ਗੱਲ ਸੁਣਾਉਂਦੇ ਸੁਣਾਉਂਦੇ ਉਸ ਦਾ ਆਪਣਾ ਮਨ ਵੀ ਕਾਫੀ ਭਾਰੀ ਹੋ ਗਿਆ ਸੀ।
“ਹੋਰ ਭਰਜਾਈਆਂ ਦਾ ਅਤੇ ਬੱਚਿਆਂ ਦਾ ਕੀ ਹਾਲ ਏ? ਮੇਰੇ ਲਾਇਕ ਕੋਈ ਸੇਵਾ ਦਸੋ? ਮੇਰੇ ਕੋਲੋਂ ਵੀ ਹੁਣ ਰਿਹਾ ਨਹੀਂ ਜਾ ਰਿਹਾ, ਮੈਂ ਦੋ ਚਾਰ ਦਿਨਾਂ ਵਿੱਚ ਹੀ ਚਾਚਾ ਜੀ ਨੂੰ ਵੇਖਣ ਆਵਾਂਗਾ।”
“ਬਸ ਬਹੁਤ ਮਿਹਰਬਾਨੀ, ਲੋੜ ਹੋਵੇਗੀ ਤਾਂ ਤੁਹਾਨੂੰ ਹੀ ਕਹਿਣਾ ਹੈ। ਪਰਿਵਾਰ ਵਿੱਚ ਵੀ ਬਾਕੀ ਸਭ ਠੀਕ ਨੇ ਭਰਾ ਜੀ! ਪਰ ਤੁਸੀਂ ਅਜੇ ਖੇਚਲ ਨਾ ਕਰਨਾ। ਪਿਤਾ ਜੀ ਕਾਫੀ ਠੀਕ ਨੇ ਹੁਣ”, ਗੁਰਸੇਵਕ ਦੀ ਅਵਾਜ਼ ਵਿੱਚ ਹੀ ਆਪਰੇਟਰ ਦੀ ਅਵਾਜ਼ ਸੁਣਾਈ ਦਿੱਤੀ, “ਟਾਇਮ ਖਤਮ ਹੋ ਗਿਆ ਸਰ।”
ਬਲਦੇਵ ਸਿੰਘ ਛੇਤੀ ਛੇਤੀ ਬੋਲਿਆ, “ਚੰਗਾ ਗੁਰਸੇਵਕ ਜੀ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ। ਸਾਰਾ ਪਰਿਵਾਰ ਇਥੇ ਮੇਰੇ ਕੋਲ ਹੀ ਬੈਠਾ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਫਤਹਿ ਬੁਲਾ ਰਿਹਾ ਹੈ।” ਪਤਾ ਨਹੀਂ ਕਿੰਨੀ ਕੁ ਗੱਲ ਗੁਰਸੇਵਕ ਨੂੰ ਸੁਣਾਈ ਦਿੱਤੀ ਤੇ ਕਿਤਨੀ ਨਹੀਂ, ਤੇ ਕਾਲ ਕੱਟ ਗਈ। ਬਲਦੇਵ ਸਿੰਘ ਸਮਝ ਗਿਆ ਕਿ ਕਿਉਂਕਿ ਸਾਰਾ ਪਰਿਵਾਰ ਆਪ ਚਚੇਰੇ ਭਰਾ ਦੇ ਘਰ ਬੈਠੇ ਹਨ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ `ਤੇ ਹੋਰ ਬੋਝ ਪਾਇਆ ਜਾਵੇ।
(ਨੋਟ: ਇਸ ਭਾਗ ਵਿੱਚ ਦਰਸਾਏ ਗਏ ਪਾਤਰ ਭਾਈ ਮਿਹਰ ਸਿੰਘ ਰਾਗੀ, ਅਤੇ ਸ੍ਰ. ਅਪਾਰ ਸਿੰਘ ਬਾਜਵਾ ਡੀ ਐਸ ਪੀ (ਸਿਟੀ) ਅਸਲੀ ਪਾਤਰ ਹਨ। ਇਸੇ ਤਰ੍ਹਾਂ ਇਨ੍ਹਾਂ ਨਾਲ ਸਬੰਧਤ ਘਟਨਾਵਾਂ, ਡੇਰਾ ਬਾਬਾ ਸ਼ਾਮ ਸਿੰਘ ਅਤੇ ਉਸ ਵਿੱਚਲੇ ਸੇਵਾਦਾਰ ਪਾਤਰ ਵੀ ਬਿਲਕੁਲ ਸੱਚੇ ਹਨ)
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.