.

ਜਸਬੀਰ ਸਿੰਘ ਵੈਨਕੂਵਰ

ਗੁਰਮਤਿ ਦੀ ਜੀਵਨ-ਜੁਗਤ ਦੀ ਥਾਂ ਪਰਚਾਰੀ ਜਾ ਰਹੀ ਮਨਮਤਿ

ਗੁਰਮਤਿ ਦੀ ਜੀਵਨ-ਜੁਗਤ ਨੂੰ ਆਪਣੀਆਂ ਲਿਖਤਾਂ, ਕਥਾ ਅਤੇ ਵਿਆਖਿਆਨਾਂ ਦੁਆਰਾ ਸਿੱਖ ਸੰਗਤਾਂ ਨਾਲ ਸਾਂਝੀਆਂ ਕਰਨ ਵਾਲੇ (ਜ਼ਿਆਦਾ ਤਰ) ਸੱਜਣਾਂ ਵਲੋਂ ਇਹੋ ਜਿਹੀਆਂ ਕਥਾ ਕਹਾਣੀਆਂ ਲਿਖੀਆਂ ਅਥਵਾ ਸੁਣਾਈਆਂ ਜਾਂਦੀਆਂ ਹਨ ਜਿਹਨਾਂ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕਈ ਸੱਜਣਾਂ ਵਲੋਂ ਜੋ ਕੁੱਝ ਲਿਖਿਆ ਜਾਂ ਸੁਣਾਇਆ ਜਾਂਦਾ ਹੈ ਉਹ ਗੁਰਮਤਿ ਦੀ ਜੀਵਨ-ਜੁਗਤ ਤੋਂ ਉਲਟ ਹੀ ਨਹੀਂ ਸਗੋਂ ਬਹੁਤ ਹੀ ਦੁਰੇਡੇ ਲਿਜਾਣ ਵਾਲਾ ਹੁੰਦਾ ਹੈ। ਆਮ ਸਿੱਖ ਸੰਗਤਾਂ ਇਹ ਸਮਝਦੀਆਂ ਹਨ ਕਿ ਗੁਰਮਤਿ ਦੀ ਜੀਵਨ-ਜੁਗਤ ਸੰਬੰਧੀ ਜੋ ਕੁੱਝ ਵੀ ਲਿਖਿਆ ਜਾਂ ਸਟੇਜਾਂ ਤੋਂ ਪਰਚਾਰਿਆ ਜਾ ਰਿਹਾ ਹੈ ਉਹ ਗੁਰਮਤਿ ਦੀ ਰਹਿਣੀ ਦਾ ਹੀ ਅੰਗ ਹੈ। ਚੂੰਕਿ ਅਸੀਂ ਕਿਸੇ ਵੀ ਲਿਖਤ ਜਾਂ ਵਿਆਖਿਆਨ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਨ ਦੀ ਖੇਚਲ ਨਹੀਂ ਕਰਦੇ, ਇਸ ਲਈ ਮਨਮਤਿ ਨਾਲ ਭਰਪੂਰ ਕਥਾ ਕਹਾਣੀਆਂ ਲਿਖਣ ਜਾਂ ਸੁਣਾਉਣ ਵਾਲਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੇ।
ਗੁਰਮਤਿ ਦੀ ਜੀਵਨ-ਜੁਗਤ ਨਾਲੋਂ ਜੋ ਕੁੱਝ ਉਲਟ ਲਿਖਿਆ ਜਾਂ ਸੁਣਾਇਆ ਜਾ ਰਿਹਾ ਹੈ, ਉਸ ਨੂੰ ਮੁੱਖ ਰੂਪ ਵਿੱਚ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
(੧) ਗੁਰਬਾਣੀ ਦੇ ਕਿਸੇ ਸ਼ਬਦ ਨੂੰ ਆਧਾਰ ਬਣਾ ਕੇ।
(੨) ਇਤਿਹਾਸ ਦੀ ਕਿਸੇ ਪੁਸਤਕ ਵਿੱਚੋਂ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਉਲਟ ਕਿਸੇ ਸਾਖੀ ਦਾ ਵਰਣਨ ਕਰਕੇ।
(੩) ਕਿਸੇ ਕਥਿਤ ਮਹਾਂ ਪੁਰਸ਼ ਨਾਲ ਸੰਬੰਧਤ ਜਾਂ ਉਸ ਦੇ ਆਪਣੇ ਮੁੱਖੋਂ ਆਖੀ ਹੋਈ ਕਿਸੇ ਗੱਲ ਨੂੰ ਆਧਾਰ ਬਣਾ ਕੇ।
(੪) ਆਪਣੀਆ ਲਿਖਤਾਂ ਜਾਂ ਵਿਆਖਿਆਨਾਂ ਆਦਿ ਦੁਆਰਾ ਆਪਣੇ ਪਾਸੋਂ ਹੀ ਮਨ-ਘੜਤ ਕਹਾਣੀਆਂ ਘੜ ਕੇ।

ਇਹਨਾਂ ਚੌਹਾਂ ਪੱਖਾਂ ਨੂੰ ਸੰਖੇਪ ਵਿੱਚ ਉਦਾਹਰਨ ਸਹਿਤ ਕ੍ਰਮਵਾਰ ਵਿਚਾਰਦੇ ਹਾਂ।
(੧) ਗੁਰਬਾਣੀ ਦੇ ਕਿਸੇ ਸ਼ਬਦ ਨੂੰ ਆਧਾਰ ਬਣਾ ਕੇ: ਗੁਰਬਾਣੀ ਨੂੰ ਆਧਾਰ ਬਣਾ ਕੇ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਉਲਟ ਕਥਾ ਕਹਾਣੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
(੧) ਗੁਰਬਾਣੀ ਦੇ ਕਿਸੇ ਸ਼ਬਦ ਨਾਲ ਮਨ-ਘੜਤ ਕਹਾਣੀ ਜੋੜ ਕੇ (੨) ਗੁਰਬਾਣੀ ਦੇ ਕਿਸੇ ਸ਼ਬਦ ਦੇ ਪ੍ਰਕਰਣ ਤੋਂ ਉਲਟ ਅਰਥ ਕਰਕੇ (੩) ਗੁਰੂ ਗ੍ਰੰਥ ਸਾਹਿਬ ਦੀਆਂ ਕੁੱਝ ਵਿਸ਼ੇਸ਼ ਬਾਣੀਆਂ ਦਾ ਮਹਾਤਮ ਬਾਕੀ ਬਾਣੀ ਨਾਲੋਂ ਵਧੇਰੇ ਦਰਸਾਉਣ ਦੇ ਨਾਲ ਉਹਨਾਂ ਨੂੰ ਵਿਸ਼ੇਸ਼ ਵਿਧੀ ਨਾਲ ਪੜ੍ਹਨ ਦੀ ਜੁਗਤੀ ਦਰਸਾ ਕੇ।
(ੳ) ਗੁਰਬਾਣੀ ਦੇ ਕਿਸੇ ਸ਼ਬਦ ਨਾਲ ਕੋਈ ਮਨ-ਘੜਤ ਕਹਾਣੀ ਜੋੜ ਕੇ। ਜਿਵੇਂ ਨਿਮਨ ਲਿਖਤ ਸ਼ਬਦ ਦੇ ਹਵਾਲੇ ਨਾਲ ਇਹ ਸਿੱਧ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ ਕਿ ਕਬੀਰ ਸਾਹਿਬ ਦੇ ਦੋ ਵਿਆਹ ਸਨ। ਇਤਨਾ ਹੀ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਕਬੀਰ ਸਾਹਿਬ ਆਪਣੀ ਪਹਿਲੀ ਪਤਨੀ ਦੇ ਅਕਾਲ ਚਲਾਣੇ ਉੱਤੇ ਪ੍ਰਸੰਨਤਾ ਜ਼ਾਹਰ ਕਰਦੇ ਹੋਏ ਕਹਿੰਦੇ ਹਨ:
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ।। ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ।। ੧।। ਭਲੀ ਸਰੀ ਮੁਈ ਮੇਰੀ ਪਹਿਲੀ ਬਰੀ।। ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ।। ੧।। ਰਹਾਉ।। ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ।। ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ।। ੨।। (ਪੰਨਾ ੪੮੩)
ਇਸ ਸ਼ਬਦ ਦੇ ਅਰਥ ਕਈ ਸੱਜਣਾਂ ਵਲੋਂ ਇਸ ਤਰ੍ਹਾਂ ਕੀਤੇ ਜਾਂਦੇ ਹਨ:
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ।। ਅਰਥ: ਪਹਿਲੀ ‘ਨੂਰਾਂ` ਨਾਮ ਕਰਕੇ ਔਰਤ ਕੁਰੂਪਿ ਕੋਝੀ ਭਾਵ ਵਾਲੀ, ਚੌੜੇ ਨੱਕ ਵਾਲੀ, ਮੋਟੇ ਹੋਠਾਂ, ਬਿੱਲੀਆਂ ਅੱਖਾਂ ਵਾਲੀ ਸੀ ਤੇ ਕੁਜਾਤਿ ਖੋਟੀ, ਭਾਵ ਨੀਵੀਂ ਜ਼ਾਤ ਵਾਲੀ ਸੀ ਅਤੇ ਕੁਲਖਨੀ ਭੈੜੇ ਲੱਛਣਾਂ ਵਾਲੀ ਸੀ, ਕਿਉਂਕਿ ਜਿਸ ਦਿਨ ਦੀ ਘਰ ਆਈ ਸੀ ਉਸ ਦਿਨ ਤੋਂ ਕੋਈ ਨਾ ਕੋਈ ਨੁਕਸਾਨ ਹੀ ਹੁੰਦਾ ਰਹਿੰਦਾ ਸੀ। ਕਦੇ ਗਊ ਮਰ ਗਈ, ਕਦੇ ਮੱਝ ਮਰ ਗਈ, ਕਦੇ ਘੋੜੀ ਮਰ ਗਈ। ਸਹੁਰੇ ਅਤੇ ਪੇਕੇ ਘਰ ਵਿੱਚ ਸਦਾ ਬੁਰੀ ਰਹਿੰਦੀ ਸੀ।
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ।। ੧।। ਅਰਥ: ਹੁਣ ਮਗਰੋਂ ਦੀ ਵਿਆਹੀ ਹੋਈ ‘ਲੋਈ` ਨਾਮ ਕਰਕੇ ਦੂਜੀ ਔਰਤ ਸੁੰਦਰ ਸਰੂਪ ਵਾਲੀ ਹੈ, ਆਏ ਗਏ ਦੀ ਸੇਵਾ ਕਰਨ ਵਿੱਚ ਸੁਜਾਨਿ ਚਤੁਰ ਹੈ। ਜਿਸ ਵੇਲੇ ਭੀ ਮਹਾਤਮਾ ਜਨ ਘਰ ਆਉਂਦੇ ਹਨ, ਆਪੇ ਹੀ ਪਾਣੀ ਪੱਖਾ ਕਰਨ ਲਗ ਜਾਂਦੀ ਹੈ ਅਤੇ ਚੰਗੇ ਲੱਛਣਾਂ ਵਾਲੀ ਹੈ, ਭਾਵ ਆਗਿਆਕਾਰੀ ਹੈ, ਜਿਸ ਵੇਲੇ ਭੀ ਕੁੱਝ ਆਖੀਦਾ ਹੈ ਓਸੇ ਵੇਲੇ ਕੰਮ ਪੂਰਾ ਕਰ ਦੇਂਦੀ ਹੈ। ਪਤੀਬ੍ਰਤਾ ਹੋਣ ਕਰਕੇ ਉਸ ਦੀ ਪ੍ਰੀਤੀ ਅਸਾਂ ਨੇ ਆਪਣੇ ਉਦਰਿ-ਦਿਲ ਵਿੱਚ ਧਾਰਨ ਕੀਤੀ ਹੈ। ਅਥਵਾ ਪਹਿਲੀ ਵਿਚੋਂ ਕੋਈ ਬੱਚਾ ਨਹੀਂ ਸੀ ਹੁੰਦਾ, ਪਰ ਇਸ ਨੇ ਤਾਂ ਸੁਤੇ ਹੀ, ਭਾਵ ਕੋਈ ਇਲਾਜ ਵਗੈਰਾ ਯਤਨ ਕੀਤੇ ਬਿਨਾਂ ਹੀ ਉਦਰਿ ਧਰੀ= ਗਰਭ ਧਾਰ ਲਿਆ ਹੈ।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ।। ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ।। ੧।। ਰਹਾਉ।। ਅਰਥ: ਚੰਗਾ ਹੋਇਆ ਕਿ ਮੇਰੀ ਪਹਿਲੀ ਬਰੀ=ਵਿਆਹ ਹੋਈ ਔਰਤ ਮਰ ਗਈ, ਭਾਵ ਦਿਲੋਂ ਭੁਲ ਗਈ ਹੈ। ਰੱਬ ਚੰਗਾ ਕਰੇ ਤਾਂ ਹੁਣ ਵਿਆਹ ਹੋਈ ਮੇਰੀ ਇਸਤਰੀ ‘ਲੋਈ` ਜੁਗੋ ਜੁਗ ਜੀਂਵਦੀ ਰਹੇ।
ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ।। ਪੰਨਾ ੪੮੩) ਅਰਥ: ਕਬੀਰ ਜੀ ਆਖਦੇ ਹਨ, ਜਿਸ ਵੇਲੇ ਲਹੁਰੀ=ਨਵੀਨ ਲੋਈ ਆਈ ਤਾਂ ਬਡੀ-ਪਹਿਲੀ ਦਾ ਸੁਹਾਗੁ-ਅਨੰਦ ਹਟ ਗਿਆ।
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ।। ੨।। ਅਰਥ: ਲਹੁਰੀ-ਨਵੀਨ ਲੋਈ ਹੁਣ ਮੇਰੇ ਨਾਲ ਹੋਈ ਹੈ ਅਤੇ ਜੇਠੀ ਵੱਡੀ, ਭਾਵ ਪਹਿਲੀ ਨੇ ਕਿਸੇ ਹੋਰ ਨੂੰ ਜਾ ਕੇ ਧਾਰ ਲਿਆ ਹੈ, ਕਿਉਂ ਜੁ ਭੈੜੇ ਲੱਛਣਾਂ ਵਾਲੀ ਸੀ।
(ਨੋਟ: ਇਸ ਸ਼ਬਦ ਦਾ ਅਰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਵਿੱਚ ਇਉਂ ਕੀਤਾ ਗਿਆ ਹੈ: ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ। ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ। ੧। ਰਹਾਉ।
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿੱਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿੱਚ ਗਿਆਂ ਭੀ ਭੈੜੀ ਹੀ ਰਹਿਣਾ ਸੀ। ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ। ੧।
ਹੇ ਕਬੀਰ! ਆਖ—ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ। ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ। ੨।)
(ਅ) ਗੁਰਬਾਣੀ ਦੇ ਕਿਸੇ ਸ਼ਬਦ ਦੇ ਪ੍ਰਕਰਣ ਤੋਂ ਉਲਟ ਅਰਥ ਕਰਕੇ। ਇਸ ਦੀ ਉਦਾਹਰਨ ਨਿਮਨ ਲਿਖਤ ਸ਼ਬਦ ਦੇ ਕੀਤੇ ਗਏ ਅਰਥਾਂ ਤੋਂ ਦੇਖੀ ਜਾ ਸਕਦੀ ਹੈ:
ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।। ਅਰਥ: ਜੋ ਪੁਰਸ਼ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਵਿੱਚ ਨਾਤੇ=ਇਸ਼ਨਾਨ ਕਰਦੇ ਹਨ ਉਹਨਾਂ ਦੇ ਕਮਾਤੇ= ਕਮਾਏ ਹੋਏ, ਭਾਵ ਕੀਤੇ ਹੋਏ ਸਾਰੇ ਪਾਪ ਉਤਰ ਗਏ ਹਨ।
ਨਿਰਮਲ ਹੋਏ ਕਰਿ ਇਸਨਾਨਾ।। ਗੁਰਿ ਪੂਰੈ ਕੀਨੇ ਦਾਨਾ।। ੧।। ਅਰਥ: ਪਹਿਲੇ ਨਿਰਮਲ ਹੋ ਕੇ ਭਾਵ ਖੂਹ ਪਰ ਇਸਨਾਨਾ= ਨਹਾਕੇ ਫੇਰ ਸਰੋਵਰ ਵਿੱਚ ਇਸ਼ਨਾਨ ਕਰੇ। ਪੂਰਿਆਂ ਗੁਰਾਂ ਨੇ ਇਹ ਦਾਨਾ=ਜਣਾਉਣਾ ਕੀਤਾ ਹੈ। ਅਥਵਾ ਇਸ਼ਨਾਨ ਕਰਕੇ ਜੋ ਨਿਰਮਲ ਮਨ ਵਾਲੇ ਹੋਏ ਹਨ ਉਹਨਾਂ ਨੂੰ ਪੂਰਿਆਂ ਗੁਰਾਂ ਨੇ ਨਾਮ ਦਾਨ ਦੇਣਾ ਕੀਤਾ ਹੈ।
ਸਭਿ ਕੁਸਲ ਖੇਮ ਪ੍ਰਭਿ ਧਾਰੇ।। ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ।। ਰਹਾਉ।। ਅਰਥ: ਉਹਨਾਂ ਵਿੱਚ ਪ੍ਰਭੂ ਨੇ ਸਾਰੇ ਕੁਸਲ ਖੇਮ=ਸੁਖ ਅਨੰਦ ਟਿਕਾਏ ਹਨ। ਅਥਵਾ ਪ੍ਰੇਮ=ਰੱਖਿਆ ਆਦਿਕ ਸਾਰੇ ਸੁਖ ਟਿਕਾਏ ਹਨ। ਉਹਨਾਂ ਨੇ ਸਹੀ ਸਲਾਮਤਿ=ਸੁਖ ਅਨੰਦ ਨਾਲ ਸਾਰੇ ਥੋਕ=ਪਦਾਰਥ ਬਚਾ ਲਏ ਹਨ, ਜਿਨ੍ਹਾਂ ਨੇ ਗੁਰਾਂ ਦਾ ਉਪਦੇਸ਼ ਵਿਚਾਰਿਆ ਹੈ। ਸਾਧਸੰਗਿ ਮਲੁ ਲਾਥੀ।। ਪਾਰਬ੍ਰਹਮੁ ਭਇਓ ਸਾਥੀ।। ਨਾਨਕ ਨਾਮੁ ਧਿਆਇਆ।। ਆਦਿ ਪੁਰਖ ਪ੍ਰਭੁ ਪਾਇਆ।। ੨।। ਅਰਥ: ਸਤ ਸੰਗਤ ਵਿੱਚ ਬੈਠਣ ਕਰਕੇ ਪਾਪਾਂ ਰੂਪੀ ਮੈਲ ਲਾਥੀ=ਲਥ ਗਈ ਹੈ ਅਤੇ ਇਸ ਦਾ ਪਾਰਬ੍ਰਹਮ ਆਪ ਹੀ ਸਾਥੀ ਹੋਇਆ ਹੈ। ਗੁਰੂ ਜੀ ਕਥਨ ਕਰਦੇ ਹਨ, ਜਿਸ ਨੇ ਨਾਮ ਜਪਿਆ ਹੈ ਉਸ ਨੇ ਆਦਿ (ਪੰਨਾ ੬੨੫)
(ਨੋਟ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਵਿੱਚ ਇਸ ਸ਼ਬਦ ਦੇ ਅਰਥ ਇਉਂ ਕੀਤੇ ਹੋਏ ਹਨ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿੱਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ। ਰਹਾਉ।
ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ (ਸਾਧ ਸੰਗਤਿ ਵਿੱਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ। ੧।
ਹੇ ਭਾਈ! ਸਾਧ ਸੰਗਤਿ ਵਿੱਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿੱਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ। ੨।)
(ੲ) ਗੁਰੂ ਗ੍ਰੰਥ ਸਾਹਿਬ ਦੀਆਂ ਕੁੱਝ ਵਿਸ਼ੇਸ਼ ਬਾਣੀਆਂ ਦਾ ਮਹਾਤਮ ਬਾਕੀ ਬਾਣੀ ਨਾਲੋਂ ਵਧੇਰੇ ਦਰਸਾ ਕੇ ਉਹਨਾਂ ਨੂੰ ਵਿਸ਼ੇਸ਼ ਵਿਧੀ ਨਾਲ ਪੜ੍ਹਨ ਦੀ ਜੁਗਤੀ ਦਰਸਾ ਕੇ। ਜਿਵੇਂ ‘ਸੁਖਮਨੀ` ਬਾਰੇ ਇਹ ਪਰਚਾਰਿਆ ਜਾਂਦਾ ਹੈ ਕਿ ‘ਸੁਖਮਨੀ` ਦਾ ਪਾਠ ਕਰਨ ਨਾਲ ਮਨੁੱਖ ਦੇ ਚੌਵੀ ਹਜ਼ਾਰ ਸੁਆਸ ਸਫਲ ਹੋ ਜਾਂਦੇ ਹਨ। ਅਜਿਹੇ ਸੱਜਣ ਆਮ ਤੌਰ `ਤੇ ‘ਗੁਰ ਬਿਲਾਸ ਪਾਤਸ਼ਾਹੀ ੬` ਦੀ ਇਸ ਲਿਖਤ ਦਾ ਹਵਾਲਾ ਦੇਂਦੇ ਹਨ: ਸੁਖਮਨੀ ਗੁਰ ਮੁਖੋਂ ਉਚਾਰੀ। ਮਣਿ ਮਾਲ ਮਾਨੋ ਉਰਧਾਰੀ। ਚਵੀ ਹਜ਼ਾਰ ਅੱਛਰ ਇਹ ਧਰੇ। ਯਾ ਕੀ ਉਪਮਾ ਸ੍ਰੀ ਮੁਖ ਰਰੇ. . ਪ੍ਰਾਤ ਸਮੈ ਜੋ ਸੁਖਮਨੀ ਪੜ੍ਹੈ ਕੋਊ ਹਿਤੁ ਧਾਰਿ। ਯਾਹਿ ਪੜ੍ਹੈ ਫਲ ਸਭਿ ਲਹੈ ਸੁਨੈ ਲਹੈ ਫਲ ਚਾਰਿ। ਊਚ ਨੀਚ ਨਰੁ ਕੋ ਪੜ੍ਹੈ ਕਾਲ ਨਿਕਟਿ ਨਹਿ ਆਇ। ਅੰਤ ਸਮੈ ਸਿੰਮ੍ਰਿਤ ਸੁ ਗੁਰ ਪਰਮ ਧਾਮ ਪੁਨਿ ਜਾਇ।
ਗੁਰੂ ਗ੍ਰੰਥ ਸਾਹਿਬ ਦੀਆਂ ਵਿਸ਼ੇਸ਼ ਬਾਣੀਆਂ ਸੰਬੰਧੀ ਹੀ ਨਹੀਂ, ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਨੂੰ ਵੀ ਖ਼ਾਸ ਵਿਧੀ ਨਾਲ ਪੜ੍ਹਣ ਦੀ ਪ੍ਰੇਰਨਾ ਵੀ ਕੀਤੀ ਜਾਂਦੀ ਹੈ। ਜਿਵੇਂ ਨਿਮਨ ਲਿਖਤ ਸ਼ਬਦ ਸੰਬੰਧੀ ਕਿਹਾ ਜਾਂਦਾ ਹੈ ਕਿ ‘ਇਸ ਸ਼ਬਦ ਨੂੰ ਇਕੀ ਦਿਨ ਲਗਾਤਾਰ ਪੰਜ ਸੌ ਵਾਰ ਰੋਜ਼ ਜਪਣ ਕਰਕੇ ਬੰਦੀ ਵਿਚੋਂ ਛੁਟਕਾਰਾ ਹੋ ਜਾਂਦਾ ਹੈ:
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ।। ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ।। ੧।। ਪ੍ਰਭ ਜੀਉ ਖਸਮਾਨਾ ਕਰਿ ਪਿਆਰੇ।। ਬੁਰੇ ਭਲੇ ਹਮ ਥਾਰੇ।। ਰਹਾਉ।। ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ।। ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।। ੨।। (ਪੰਨਾ ੬੩੧)
(੨) ਇਤਿਹਾਸ ਦੀ ਕਿਸੇ ਪੁਸਤਕ ਵਿੱਚੋਂ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਉਲਟ ਕਿਸੇ ਸਾਖੀ ਦਾ ਵਰਣਨ।
ਗੁਰਬਾਣੀ ਦੀ ਜੀਵਨ-ਜੁਗਤ ਨੂੰ ਦਿੜ੍ਰ ਕਰਾਉਣ ਲਈ ਕਈ ਪੁਸਤਕਾਂ, ਗ੍ਰੰਥਾਂ ਵਿੱਚ ਲਿਖੀਆਂ ਕਹਾਣੀਆਂ ਨੂੰ ਆਧਾਰ ਬਣਾਇਆ ਜਾਂਦਾ ਹੈ। ਕਿਸੇ ਪੁਸਤਕ ਵਿੱਚ ਲਿਖੀ ਹੋਈ ਕਿਸੇ ਕਹਾਣੀ ਦਾ ਵਰਣਨ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਮਨਾਹੀ ਹੈ। ਪਰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਇਹ ਲਿਖਤ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਹੈ ਜਾਂ ਨਹੀਂ। ਗੁਰਮਤਿ ਦੀ ਜੀਵਨ-ਜਾਚ ਨੂੰ ਆਪਣੀਆਂ ਲਿਖਤਾਂ ਜਾਂ ਵਿਆਖਿਆਨਾਂ ਵਿੱਚ ਬਿਆਨ ਕਰਨ ਵਾਲੇ ਅਜਿਹੇ ਸੱਜਣਾਂ ਵਲੋਂ ਜਿਸ ਤਰ੍ਹਾਂ ਦੀਆਂ ਸਾਖੀਆਂ ਸੁਣਾਈਆਂ ਜਾਂ ਲਿਖੀਆਂ ਜਾਂਦੀਆਂ ਹਨ, ਉਹਨਾਂ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ। ਜਿਹੋ ਜਿਹੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਾਈ ਜਾਂਦੀ ਹੈ, ਉਹ ਕੁੱਝ ਇਸ ਤਰ੍ਹਾਂ ਦੀਆਂ ਹਨ:
ਗੁਰੂ ਹਰਿ ਰਾਏ ਸਾਹਿਬ ਦੇ ਇੱਕ ਤੋਂ ਵਧੀਕ ਵਿਆਹਾਂ ਬਾਰੇ:
(ੳ) “ਗੜ੍ਹ ਗੰਗਾ ਦੇ ਪਾਸ ਅਨੂਪ ਪੁਰ ਦਾ ਰਾਜਾ, ਸਮੇਤ ਪ੍ਰਵਾਰ ਦੇ ਦਰਸ਼ਨ ਕਰਨ ਆਇਆ ਸੀ, ਛੇਵੀਂ ਪਾਤਿਸਾਹੀ ਜੀ ਦੀ ਆਗਿਆ ਪਾ ਕੇ ਆਪਣੀਆਂ ਅੱਠਾਂ ਲੜਕੀਆਂ (ਕ੍ਰਿਸ਼ਨ ਕੌਰ ਜੀ, ਚੰਦ ਕੌਰ ਜੀ, ਰਾਮ ਕੌਰ ਜੀ, ਕੋਟ ਕਲਿਆਣੀ ਜੀ, ਤੋਖੀ ਜੀ, ਅਣੋਖੀ ਜੀ, ਲਾਡੋ ਜੀ ਅਤੇ ਪਰੇਮ ਕੌਰ ਜੀ) ਦੀਆਂ ਸ਼ਾਦੀਆਂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨਾਲ ਕੀਤੀਆਂ। ਭਾਈ ਮਨੀ ਸਿੰਘ ਜੀ ਵਾਲੇ ‘ਗੁਰ ਬਿਲਾਸ` ਦੀ ਉਗਾਹੀ ਹੈ। (ਗੁਰਮਤਿ ਰਹਿਤ ਮਰਯਾਦਾ-ਸੰਤ ਗਿ: ਗੁਰਬਚਨ ਸਿੰਘ ਜੀ ‘ਖਾਲਸਾ` ਭਿੰਡਰਾਂ ਵਾਲੇ)
ਗੁਰੂ ਸਾਹਿਬਾਨ ਨਾਲ ਸੰਬੰਧਤ ਸਥਾਨਾਂ ਬਾਰੇ:
(ਅ) “ਜਿਸ ਅਸਥਾਨ `ਤੇ ਗੁਰਾਂ ਨੇ ਬੈਠ ਕਰ ਭਜਨ ਤਪ ਕਰਿਆ ਹੈ ਉਹਨਾਂ ਗੁਰ ਅਸਥਾਨਾਂ ਕੋ ਪੂਜਣੇ ਸੇ ਗਤੀ ਹੁੰਦੀ ਹੈ। “ (ਸੌ ਸਾਖੀ)
ਮੁਕਤਸਰ ਦੇ ਸਰੋਵਰ ਬਾਰੇ:
(ੲ) “ਮਹਿਮਾ ਅਧਿਕ ਸਰੋਵਰ ਕੇਰੀ। ਸ਼੍ਰੀ ਮੁਖ ਤੇ ਬਰਨੀ ਬਹੁਤੇਰੀ। ‘ਜਹਿਂ ਰਿਖਿ ਏਕ ਸਾਧ ਤਪੁ ਮਰੇ। ਪੁੰਨ ਸਥਾਨ ਤਾਂਹਿ ਜਗ ਰਰੈ। ਇਸ ਥਲ ਸਿੰਘ ਸਿਦਕ ਬਹੁ ਬਡੇ। ਲਰਿ ਤੁਰਕਨਿ ਮਨ ਤਨ ਸਭਿ ਛਡੇ। ਮਕ੍ਰ ਸੰਕਰਖਣ ਅਰਕੀ ਹੋਇ। ਆਨ ਸ਼ਨਾਨਹਿ ਜੇ ਨਰ ਕੋਇ। ਮਨੋਕਾਮਨਾ ਪ੍ਰਾਪਤਿ ਸੋਊ। ਪਾਪ ਕਰੇ ਗਨ ਬਯ ਸਭਿ ਖੋਊ। ਬੰਦਹਿ ਗੰਜ ਸ਼ਹੀਦਨ ਕੇਰਾ। ਧਨ ਦੇਵਹਿਂ ਨਿਤ ਬਧਹਿ ਵਧੇਰਾ। ` (ਸ਼੍ਰੀ ਗੁਰ ਪ੍ਰਤਾਪ ਸੂਰਜ)
(ਨੋਟ: ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਾਨੂੰ ਗੁਰ ਇਤਿਹਾਸ ਵਿੱਚੋਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਦਾ ਪਤਾ ਚਲਦਾ ਹੈ। ਇਸ ਲਈ ਇਤਿਹਾਸ ਦੇ ਇਸ ਪੱਖ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਇਸ ਗੱਲ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਇਤਿਹਾਸ ਵਿੱਚ ਗੁਰੂ ਸਾਹਿਬਾਨ ਸੰਬੰਧੀ ਬਹੁਤ ਕੁੱਝ ਅਜਿਹਾ ਵੀ ਲਿਖਿਆ ਮਿਲਦਾ ਹੈ ਜੋ ਗੁਰੂ ਸਾਹਿਬਾਨ ਦੀਆਂ ਸ਼ਖ਼ਸ਼ੀਅਤ ਨੂੰ ਛੁਟਿਆਉਂਦਾ ਹੈ। ਇਸ ਤਰ੍ਹਾਂ ਦੀ (ਲਗ-ਪਗ) ਹਰੇਕ ਲਿਖਤ ਵਿੱਚ ਲੇਖਕ ਦੇ ਆਪਣੇ ਵਿਚਾਰਾਂ ਦੀ ਛਾਪ ਨੂੰ ਦੇਖਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਇਤਿਹਾਸ ਵਿੱਚੋਂ ਉਨ੍ਹਾਂ ਸਾਖੀਆਂ ਦਾ ਹੀ ਜ਼ਿਕਰ ਕਰਨ ਦੀ ਲੋੜ ਹੈ ਜਿਹੜੀਆਂ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀਆਂ ਉਤਰਦੀਆਂ ਹਨ। ਜਿਨ੍ਹਾਂ ਸਾਖੀਆਂ ਵਿੱਚ ਗੁਰਬਾਣੀ ਦੇ ਆਸ਼ੇ ਦੇ ਵਿਰੁੱਧ ਲਿਖਿਆ ਹੈ ਉਨ੍ਹਾਂ ਸਾਖੀਆਂ ਨੂੰ ਗੁਰਮਤਿ ਦੀ ਜੀਵਨ-ਜੁਗਤ ਦਾ ਹਿੱਸਾ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ। ਚੂੰਕਿ ਗੁਰਬਾਣੀ ਦੀ ਜੀਵਨ-ਜਾਚ ਦਾ ਆਧਾਰ ਗੁਰਬਾਣੀ ਹੀ ਹੈ, ਇਸ ਲਈ ਗੁਰੂ ਸਾਹਿਬਾਨ ਅਥਵਾ ਗੁਰਮਤਿ ਦੀ ਰਹਿਣੀ ਦੇ ਸਰੂਪ ਦੀ ਅਸਲ ਝਲਕ ਗੁਰਬਾਣੀ ਵਿੱਚੋਂ ਹੀ ਮਿਲਦੀ ਹੈ।
ਗੁਰਮਤਿ ਦੀ ਰਹਿਣੀ ਤੋਂ ਉਲਟ ਕੋਈ ਸਾਖੀ ਆਦਿ ਸੁਣਾਉਂਣ ਵਾਲਿਆਂ ਨੂੰ ਜੇਕਰ ਕੋਈ ਸੱਜਣ ਇਹ ਕਹਿੰਦਾ ਹੈ ਕਿ ਇਹ ਗੱਲ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ, ਤਾਂ ਉਹਨਾਂ ਦਾ ਅੱਗੋਂ ਜਵਾਬ ਹੁੰਦਾ ਹੈ ਕਿ ਇਹ ਅਮਕੀ ਪੁਸਤਕ ਜਾਂ ਗ੍ਰੰਥ ਵਿੱਚ ਲਿਖੀ ਹੋਈ ਹੈ। ਅਜਿਹੇ ਸੱਜਣ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਜੇਕਰ ਕਿਸੇ ਲਿਖਾਰੀ ਨੇ ਗੁਰੂ ਸਾਹਿਬ ਨਾਲ ਇਹ ਕਹਾਣੀ ਜੋੜੀ ਹੈ ਜਾਂ ਉਹਨਾਂ ਦੇ ਪਾਵਨ ਮੁਖ਼ਾਰਬਿੰਦ ਵਿੱਚੋਂ ਕੋਈ ਗੱਲ ਕਢਵਾਈ ਹੈ ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਹੈ ਕਿ ਇਹ ਸੱਚ-ਮੁੱਚ ਗੁਰੂ ਸਾਹਿਬ ਨੇ ਆਖੀ ਹੈ। ਗੁਰੂ ਸਾਹਿਬ ਨੇ ਜੋ ਕੁੱਝ ਫ਼ਰਮਾਇਆ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਹਰੇਕ ਗੁਰ ਸਾਹਿਬਾਨ (ਜਿਨ੍ਹਾਂ ਨੇ ਬਾਣੀ ਉਚਾਰੀ ਹੈ ਜਾਂ ਨਹੀਂ ਉਚਾਰੀ) ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਅਨੁਸਾਰ ਹੀ ਵਿਚਰੇ ਸਨ। ਅਰਥਾਤ ਬਾਣੀ ਵਿੱਚ ਦ੍ਰਿੜ ਕਰਵਾਈ ਹੋਈ ਜੀਵਨ-ਜਾਚ ਦੇ ਆਪ ਧਾਰਨੀ ਸਨ ਅਤੇ ਇਹੀ ਜੀਵਨ-ਜੁਗਤ ਉਹਨਾਂ ਨੇ ਮਨੁੱਖਤਾ ਨੂੰ ਵੀ ਦ੍ਰਿੜ ਕਰਵਾਈ ਹੈ। ਇਸ ਲਈ ਸਾਨੂੰ ਗੁਰੂ ਸਾਹਿਬ ਵਲੋਂ ਗੁਰਬਾਣੀ ਵਿਚਲੀ ਜੀਵਨ-ਜੁਗਤ ਵਿੱਚ ਹੀ ਭਰੋਸਾ ਕਰਨ ਦੀ ਲੋੜ ਹੈ ਨਾ ਕਿ ਸਮੇਂ ਸਮੇਂ ਗੁਰੂ ਸਾਹਿਬਾਨ ਬਾਰੇ ਲਿਖਣ ਵਾਲੇ ਲੇਖਕਾਂ ਦੀਆਂ ਲਿਖਤਾਂ `ਤੇ।
ਇਸ ਲਈ ਜੇਕਰ ਕੋਈ ਲੇਖਕ ਗੁਰਬਾਣੀ ਦੇ ਆਸ਼ੇ ਤੋਂ ਉਲਟ ਗੁਰੂ ਸਾਹਿਬਾਨ ਬਾਰੇ ਕੁੱਝ ਲਿਖ ਰਿਹਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਲੇਖਕ ਦੇ ਮੁੱਖੋਂ ਨਿਕਲੇ ਹੋਏ ਬਚਨ ਹੀ ਮੰਨਣਾ ਚਾਹੀਦਾ ਨਾ ਕਿ ਗੁਰੂ ਸਾਹਿਬ ਦੇ ਮੁੱਖ `ਚੋਂ। ਬਹਤੁ ਸਾਰੇ ਲੇਖਕਾਂ ਦੀਆਂ ਲਿਖਤਾਂ ਵਿੱਚ ਅਸੂਲ ਵਿਰੁੱਧ, ਇਤਿਹਾਸ ਵਿਰੁੱਧ ਅਤੇ ਯੁਗਤੀ ਵਿਰੁੱਧ ਲਿਖਿਆ ਮਿਲਦਾ ਹੈ। ਇਸ ਸੰਬੰਧੀ ਹੋਰ ਵਿਸਤਾਰ ਸਹਿਤ ਜਾਣਕਾਰੀ ਗੁਰਮਤਿ ਮਾਰਤੰਡ ਭਾਗ ਪਹਿਲੇ ਦੀ ਭੁਮਿਕਾ `ਚੋਂ ਲਈ ਜਾ ਸਕਦੀ ਹੈ।)
(੩) ਸੰਤ ਬਾਬਿਆਂ ਨਾਲ ਸੰਬੰਧਤ ਕਥਾ ਕਹਾਣੀਆਂ।
ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਵਿੱਚ ਕਿਸੇ ਕਥਿਤ ਬਾਬੇ ਦਾ ਨਾਮ ਲੈ ਕੇ ਕਿਹਾ ਜਾਂਦਾ ਹੈ ਕਿ ਅਮਕੇ ਮਹਾਂ ਪੁਰਸ਼ ਕਿਹਾ ਕਰਦੇ ਸਨ। ਇਸ ਤਰ੍ਹਾਂ ਆਖ ਕੇ ਜ਼ਿਆਦਾਤਰ ਜੋ ਕੁੱਝ ਸੁਣਾਇਆ ਜਾਂਦਾ ਹੈ, ਉਸ ਦਾ ਗੁਰਮਤਿ ਦੀ ਰਹਿਣੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਵਿੱਚੋਂ ਦੋ ਕੁ ਦਾ ਵਰਣਨ ਕਰ ਰਹੇ ਹਾਂ:
(ੳ) ਇੱਕ ਸੱਜਣ ਆਪਣੇ ਵਿਆਖਿਆਨ ਵਿੱਚ ਸੰਗਤਾਂ ਨੂੰ ਕਹਿਣ ਲੱਗੇ ਕਿ ਸਾਧ ਸੰਗਤ ਜੀ ਬਾਬਾ ਜੀ ਕਿਹਾ ਕਰਦੇ ਸਨ ਕਿ ਜੇਕਰ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੇ ਨਮਿੱਤ ਵਿਧੀ ਪੂਰਵਕ ਮਰਯਾਦਾ ਨਾਲ ਅਖੰਡ-ਪਾਠ ਸਾਹਿਬ ਕਰਵਾਇਆ ਜਾਵੇ ਤਾਂ ਉਹ ਮਨੁੱਖ ਸਿੱਧਾ ਸੁਰਗ ਵਿੱਚ ਜਾਂਦਾ ਹੈ।
(ਅ) ਇੱਕ ਵਾਰੀ ਮਹਾਂ ਪੁਰਸ਼ਾਂ ਪਾਸ ਸੰਗਤ ਆਸ ਨਾਲੋਂ ਵਧੀਕ ਆ ਗਈ। ਲੰਗਰ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਮਹਾਂ ਪੁਰਸ਼ਾਂ ਨੂੰ ਕਿਹਾ ਕਿ ਮਹਾਰਾਜ ਲੰਗਰ ਤਾਂ ਪੂਰਾ ਨਹੀਂ ਹੋਣ ਲੱਗਾ। ਮਹਾਂ ਪੁਰਸ਼ਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ, ਗੁਰੂ ਕਾ ਲੰਗਰ ਕਦੇ ਮਸਤਾਨਾ ਨਹੀਂ ਹੁੰਦਾ। ਤੁਸੀ ਇਸ ਤਰ੍ਹਾਂ ਕਰਨਾ ਕਿ ਪ੍ਰਸ਼ਾਦੇ ਵਾਲੇ ਟੋਕਰੇ, ਅਤੇ ਦਾਲ ਵਾਲੇ ਦੇਗ਼ਚੇ ਨੂੰ ਕਪੜੇ ਨਾਲ ਢੱਕ ਦਿਓ, ਕੇਵਲ ਉਤਨਾ ਹੀ ਨੰਗਾ ਰੱਖਿਆ ਜਾਵੇ ਜਿੱਥੋਂ ਅਸਾਨੀ ਨਾਲ ਪ੍ਰਸ਼ਾਦਾ ਅਤੇ ਦਾਲ ਕੱਢੀ ਜਾ ਸਕੇ। ਸੇਵਾਦਾਰਾਂ ਨੇ ਇਸ ਤਰ੍ਹਾਂ ਹੀ ਕੀਤਾ। ਸਾਰੀਆਂ ਸੰਗਤਾਂ ਦੇ ਲੰਗਰ ਛਕਣ ਉਪਰੰਤ ਜਦੋਂ ਸੇਵਾਦਾਰਾਂ ਨੇ ਪ੍ਰਸ਼ਾਦੇ ਵਾਲੇ ਟੋਕਰੇ ਅਤੇ ਦਾਲ ਵਾਲੇ ਦੇਗ਼ਚੇ ਉਪਰੋਂ ਕਪੜਾ ਲਾਹਿਆ ਤਾਂ ਉਤਨੇ ਹੀ ਪ੍ਰਸ਼ਾਦੇ ਅਤੇ ਦਾਲ ਬਚੀ ਹੋਈ ਸੀ।
(੪) ਚੌਥੀ ਤਰ੍ਹਾਂ ਦੀਆਂ ਉਹ ਕਥਾ ਕਹਾਣੀਆਂ ਹਨ ਜਿਹੜੀਆਂ ਕਥਾ ਵਾਰਤਾ ਸੁਣਾਉਣ ਵਾਲੇ ਆਪਣੇ ਵਲੋਂ ਹੀ ਕਲਪਨਾ ਕਰਕੇ ਲਿਖਦੇ ਜਾਂ ਸੁਣਾਉਂਦੇ ਹਨ। ਅਜਿਹੇ ਸੱਜਣਾਂ ਵਲੋਂ ਲਿਖੀਆਂ ਜਾਂ ਸੁਣਾਈਆਂ ਜਾ ਰਹੀਆਂ ਇਹੋ ਜਿਹੀਆਂ ਕਥਾ ਕਹਾਣੀਆਂ ਨਾ ਤਾਂ ਕਿਸੇ ਪੁਸਤਕ ਵਿੱਚ ਲਿਖੀਆਂ ਹੁੰਦੀਆਂ ਹਨ ਅਤੇ ਨਾ ਹੀ ਕਿਸੇ ਹੋਰ ਨੇ ਕਦੀ ਸੁਣਾਈਆਂ ਹੁੰਦੀਆਂ ਹਨ। ਜਿਵੇਂ ਇੱਕ ਸੱਜਣ ਗੁਰਦੁਆਰਾ ਸਾਹਿਬ ਦੀ ਸਟੇਜ `ਤੇ ਵਿਆਖਿਆਨ ਕਰਦਿਆਂ ਹੋਇਆਂ ਆਖ ਰਹੇ ਸਨ ਕਿ ਸਾਧ ਸੰਗਤ ਜੀ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ਼ ਨੂੰ ਕਦੀ ਵੀ ਭੋਗ ਨਹੀਂ ਲਵਾਉਣਾ ਚਾਹੀਦਾ। ਇਤਨਾ ਆਖ ਕੇ ਫਿਰ ਉਨ੍ਹਾਂ ਨੇ ਆਪਣੀ ਹੱਡ-ਬੀਤੀ ਸੰਗਤਾਂ ਨਾਲ ਸਾਂਝਿਆ ਕਰਦਿਅਆਂ ਕਿਹਾ ਕਿ ਇੱਕ ਵਾਰ ਉਹਨਾਂ ਨੇ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ਼ ਨੂੰ ਭੋਗ ਲਵਾ ਦਿੱਤਾ। ਜਦੋਂ ਦੀਵਾਨ ਦੀ ਸਮਾਪਤੀ ਉਪਰੰਤ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਗੁਰੂ ਸਾਹਿਬ ਨੇ ਉਸ ਨੂੰ ਆਪਣੀ ਜੀਭ ਦਿਖਾਉਂਦੇ ਹੋਇਆਂ ਕਿਹਾ ਕਿ ਦੇਖ ਗੁਰਮੁਖਾ! ਤੇਰੇ ਵਲੋਂ ਤੱਤੀ ਤੱਤੀ ਦੇਗ਼ ਨੂੰ ਭੋਗ ਲਵਾਉਂਣ ਕਾਰਨ ਮੇਰੀ ਜੀਭ ਵਿੱਚ ਛਾਲੇ ਪੈ ਗਏ ਹਨ। ਵਿਦਵਾਨ ਸੱਜਣ ਜੀ ਇਹ ਗੱਪ ਸੁਣਾ ਕੇ ਫਿਰ ਕਹਿਣ ਲੱਗੇ ਕਿ ਉਹਨਾਂ ਨੇ ਫਿਰ ਕਦੇ ਵੀ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ਼ ਨੂੰ ਭੋਗ ਨਹੀਂ ਲਵਾਇਆ।
ਇਸ ਤਰ੍ਹਾਂ ਦੀ ਹੀ ਧਾਰਨਾ ਦਾ ਪ੍ਰਗਟਾਵਾ ਆਪਣੀਆਂ ਲਿਖਤਾਂ ਅਤੇ ਵਿਆਖਿਆਨਾ ਦੁਆਰਾ ਕਰਨ ਵਾਲੇ ਇੱਕ ਸੱਜਣ ਦੀ ਕਿਤਾਬ ਵਿੱਚੋਂ ਕੁੱਝ ਕੁ ਗੱਲਾਂ ਵਲ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ:
(ੳ) “੧੧੦ ਪ੍ਰਾਣੀ ਅਜੇ ਤਕ ਸਚਖੰਡਿ ਗਏ ਹਨ, ਜਿਨ੍ਹਾਂ ਵਿਚੋਂ ੧੦੫ ਤਾ ਬੱਚੇ ਹਨ। “
(ਅ) “ਹਜ਼ਾਰਾਂ ਬੋਲੀਆਂ ਵਿਚੋਂ ਬਾਬੇ ਨੇ ਪੰਜਾਬੀ ਚੁਣੀ ਜੋ ਕਿ ਬਹੁਤ ਸੌਖੀ ਹੈ। ਸਾਰੀਆਂ ਬੋਲੀਆਂ ਤੋਂ ਸੁਖੈਨ ਬੋਲੀ ਪੰਜਾਬੀ ਹੈ। ਦੋ ਚਾਰ ਦਿਨਾਂ ਦੀ ਕੋਸ਼ਿਸ਼ ਕੀਤਿਆਂ ਹੀ ਪੰਜਾਬੀ ਬੰਦਾ ਸਿਖ ਜਾਂਦਾ ਹੈ। ਦਰਗਾਹੀ ਬੋਲੀ ਪੰਜਾਬੀ ਹੈ। ਸਚਖੰਡਿ ਵਿੱਚ ਨਿਰੋਲ ਪੰਜਾਬੀ ਬੋਲੀ ਜਾਂਦੀ ਹੈ। ਧਰਮਰਾਜ ਦੀ ਕਚਹਿਰੀ ਵਿੱਚ ਨਿਰੋਲ ਪੰਜਾਬੀ ਬੋਲੀ ਜਾਂਦੀ ਹੈ। ਆਪ ਧਰਮਰਾਜ ਪੰਜਾਬੀ ਬੋਲਦਾ ਹੈ। ਜਮਦੂਤ ਸਾਰੇ ਪੰਜਾਬੀ ਬੋਲਦੇ ਹਨ। “

(ੲ) ਵੈਸ਼ਨੋ ਮਾਤਾ ਤਾਂ ਅੰਮ੍ਰਿਤ ਛਕਣ ਲਈ ਤਰਸ ਰਹੀ ਹੈ। ਮੈਂ ਕਿਹਾ-ਜੋੜਿਆਂ ਵਿੱਚ ਬੈਠ ਕੇ ਅਰਦਾਸਾਂ ਕਰ। ਬਾਬਾ ਨਾਨਕ ਇੱਕ ਦਿਨ ਸੁਣ ਲਏਗਾ। ਪਰ ਤੇਰੀ ਉਹ ਪਹਾੜੀ ਦਾ ਕੀ ਬਣੇਗਾ, ਜੈ ਮਾਤਾ ਦੀ ਕਰਦਾ ਜਾਹ, ਹੌਲੀ ਹੌਲੀ ਚੜ੍ਹਦਾ ਜਾ। ਅਖੇ, ਉਹ ਵੀ ਅੰਮ੍ਰਿਤ ਛਕ ਲੈਣਗੇ, ਤੂੰ ਕੀ ਕਰ ਸਕਦੀ ਹੈਂ-ਮੈਂ ਮਾਇਆ ਵਿੱਚ ਫਸਾ ਸਕਦੀ ਹਾਂ, ਬਚਾ ਨਹੀਂ ਸਕਦੀ ਕਿਉਂਕਿ ਮੈਂ ਆਪ ਹੀ ਬਚੀ ਨਹੀਂ ਹੋਈ। ਮੁਕਤੀ ਸਿਰਫ ਗੁਰੂ ਨਾਨਕ ਕੋਲ ਹੈ ਜੋ ਆਦਿ ਪੁਰਖ ਹੈ। ਉਹਨੇ ਮੱਥਾ ਟੇਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮੈਂ ਪੁੱਛਿਆ-ਮੱਥਾ ਕਿਉਂ ਟੇਕਿਆ ਈ। ਇਹ ਰੱਬ ਹੈ, ਪ੍ਰਕਾਸ਼ ਹੈ। ਕਿਤਾਬ ਨਹੀਂ ਹੈ, ਇਸ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੈ। ਇਹ ਖੇਡ ਮੋਗੇ ਵਰਤੀ ਸੀ। ਮਾਤਾ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਈ ਸੀ, ਪਰ ਉਹ ਕੁੜੀ ਨਾ ਆਈ ਜਿਸ ਦੇ ਵਿੱਚ ਆ ਕੇ ਉਹਨੇ ਅੰਮ੍ਰਿਤ ਛਕਣਾ ਸੀ। “ (ਤੱਤ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅਮਰਜੀਤ ਸਿੰਘ)
(ਨੋਟ: ‘ਤੱਤ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ` ਦੇ ਲੇਖਕ ਜੀ ਨੇ ਇਸ ਕਿਤਾਬ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ “ਉਹਨਾਂ ਨੇ ੩੦ ਸਾਲਾਂ ਵਿੱਚ ੩੦੦੦੦ ਪ੍ਰਾਣੀ ਨੂੰ ਪ੍ਰੇਰ ਕੇ ਅੰਮ੍ਰਿਤ ਛਕਵਾ ਦਿੱਤਾ ਹੈ, ਜ਼ਿਆਦਾ ਨਹੀਂ ਥੋਹੜਾ ਹੈ। ੩ ਲੱਖ ਚਾਹੀਦਾ ਸੀ ਪਰ ਅਫ਼ਸੋਸ! ਇੰਨਾ ਨਹੀਂ ਕਰ ਸਕਿਆ। ਵਾਹਿਗੁਰੂ ਮੈਂਨੂੰ ਮੁਆਫ਼ ਕਰੇ। “ ਲੇਖਕ ਹੁਰਾਂ ਨੇ ਇਹ ਕਿਤਾਬ ਫ਼ਰਵਰੀ ੨੦੦੦ ਵਿੱਚ ਛਪਵਾਈ ਸੀ। ਇਹਨਾਂ ਵਲੋਂ ਅਜੇ ਵੀ ਅੰਮ੍ਰਿਤ ਛਕਾਉਣ ਦੀ ਲਹਿਰ ਚਲ ਰਹੀ ਹੈ। ਹੁਣ ਤਾਂ ਇਹਨਾਂ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਕਿਤੇ ਵਧੀਕ ਹੋਵੇਗੀ।)
ਸਾਡੇ ਬਹੁਤ ਸਾਰੇ ਲੇਖਕਾਂ, ਪਰਚਾਰਕਾਂ ਅਤੇ ਕਥਿੱਤ ਬਾਬਿਆਂ ਵਲੋਂ ਗੁਰਮਤਿ ਦੀ ਥਾਂ ਕਿਸ ਤਰ੍ਹਾਂ ਮਨਮਤਿ ਨੂੰ ਪਰਚਾਰਿਆ ਜਾ ਰਿਹਾ ਹੈ, ਇਸ ਦੇ ਕੇਵਲ ਕੁੱਝ ਕੁ ਪੱਖਾਂ ਨੂੰ ਪਾਠਕਾਂ ਨਾਲ ਸਾਂਝਿਆ ਕੀਤਾ ਹੈ। ਇਸ ਆਸ ਨਾਲ ਕਿ ਸਿੱਖ ਸੰਗਤਾਂ ਕੇਵਲ ਕਿਸੇ ਦੀ ਲਿਖਤ ਨੂੰ ਪੜ੍ਹ ਕੇ ਜਾਂ ਕਿਸੇ ਦੇ ਕਥਾ ਵਿਆਖਿਆਨ ਨੂੰ ਸੁਣ ਕੇ ਹੀ ਉਸ ਨੂੰ ਗੁਰਮਤਿ ਦੀ ਰਹਿਣੀ ਦਾ ਅੰਗ ਨਾ ਮੰਨ ਲੈਣ। ਹਰੇਕ ਲਿਖਤ ਜਾਂ ਕਿਸੇ ਦੀ ਆਖੀ ਅਥਵਾ ਸੁਣਾਈ ਹੋਈ ਗੱਲ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਣ ਮਗਰੋਂ ਹੀ ਉਸ ਨੂੰ ਸਵੀਕਾਰ ਕਰਨ। ਇਸ ਦੇ ਨਾਲ ਹੀ ਸਿੱਖ ਸੰਗਤਾਂ ਇਹੋ ਜਿਹੀਆਂ ਕਥਾ ਕਹਾਣੀਆਂ ਲਿਖਣ ਜਾਂ ਸੁਣਾਉਣ ਵਾਲਿਆਂ ਨੂੰ ਪੁੱਛਣ ਦਾ (ਸਭਿਅਕ ਢੰਗ ਨਾਲ) ਹੀਆ ਕਰਨ ਤਾਂ ਕਿ ਅੱਗੇ ਲਈ ਅਜਿਹੀਆਂ ਕਥਾ ਕਹਾਣੀਆਂ ਲਿਖਣ ਜਾਂ ਸੁਣਾਉਣ ਵਾਲੇ ਇਹੋ ਜਿਹੀਆਂ ਗੱਲਾਂ ਲਿਖਣ ਜਾਂ ਸੁਣਾਉਣ ਤੋਂ ਗ਼ੁਰੇਜ਼ ਕਰਨ।
.