.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਕਿਸ਼ਤ ਨੰ ੧੦)

ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥

ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥

ਸਲੋਕੁ ਮਰਦਾਨਾ ੧॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧॥ ਮਰਦਾਨਾ ੧॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥ ੨॥ ਕਾਂਯਾਂ ਲਾਹਣਿ ਆਪੁ ਮਦੁ ਅਮਮ੍ਰਿਤ ਤਿਸ ਕੀ ਧਾਰ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥ ੩॥ ਪਉੜੀ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥ ੧੨॥ ੫੫੩

ਸਲੋਕੁ ਮਰਦਾਨਾ ੧॥

ਇਸ ਸ਼ਬਦ ਵਿੱਚ “ਮਰਦਾਨਾ” ਲਫਜ਼ ਥੋੜਾ ਜਿਹਾ ਭੁਲੇਖਾ ਪਉਂਦਾ ਲੱਗਦਾ ਹੈ। ਇਸ ਬਾਰੇ ਵਿਦਵਾਨਾਂ ਦੇ ਵਿਚਾਰ ਅਲੱਗ ਅਲੱਗ ਹਨ।

ਮਰਦਾਨਾ ਲਫਜ਼ ਇਸ ਸ਼ਬਦ ਵਿੱਚ ਸਿਰਲੇਖ ਦੇ ਰੂਪ ਵਿੱਚ ਆਇਆ ਹੈ। ਇਸ ਵਾਸਤੇ ਇਹ ਭੁਲੇਖਾ ਲੱਗਣਾਂ ਸੁਭਾਵਿਕ ਹੈ।

ਇਹ ਤਾਂ ਗੱਲ ਸਹੀ ਹੈ, ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੀ ਉਚਾਰਿਆ ਹੋਇਆ ਹੈ।

ਕਿਉਂ ਕਿ ਭਾਈ ਮਰਦਾਨਾਂ ਗੁਰੂ ਨਹੀਂ ਸੀ, ਇਸ ਵਾਸਤੇ ਉਹ ਨਾਨਕ ਨਾਮ ਨਹੀਂ ਵਰਤ ਸੱਕਦਾ ਸੀ।

ਜੇ ਇਹ ਸਮਝੀਏ, ਕਿ ਗੁਰੂ ਨਾਨਕ ਜੀ ਨੇਂ ਇਹ ਸ਼ਬਦ ਮਰਦਾਨੇਂ ਦੇ ਪ੍ਰਥਾਇ ਬੋਲਿਆ ਹੈ, ਤਾਂ ਇਹ ਗੱਲ ਵੀ ਕੁੱਝ ਜਚਦੀ ਨਹੀਂ ਹੈ। ਕਿਉਂ ਕਿ ਇਸ ਸ਼ਬਦ ਵਿੱਚ ਗੁਰੂ ਜੀ ਨੇਂ ਜੋ ਸਿੱਖਿਆ ਦਿੱਤੀ ਹੈ, ਜਾਂ ਇਸ ਸ਼ਬਦ ਦਾ ਜੋ ਵਿਸ਼ਾ ਹੈ, ਉਹ ਵੀ ਮਰਦਾਨੇਂ ਤੇ ਢੁੱਕਦਾ ਨਹੀਂ ਹੈ। ਕਿਉਂ ਕੇ ਭਾਈ ਮਰਦਾਨਾਂ ਗੁਰਮੁਖ ਸੀ।

ਫਾਰਸੀ ਦਾ ਇੱਕ ਲਫਜ ਹੈ,

ਮਰਦਾਨੇ ਹੱਕ; ਖੁਦਾ ਦੇ ਬੰਦੇ, ਸਾਧੂਜਨ, ਸੱਚੇ ਮਰਦ

ਮਰਦਾਨਾਂ; ਮਰਦਾਂ ਜੇਹਾ,

ਹੱਕ; ਸੱਚਾ

ਮਰਦਾ+ ਨਾਂ; ਮਰਦਾ ਨਹੀਂ

“ਸੋਈ ਮਰਦ ਮਰਦ ਮਰਦਾਨਾ” ਮ: ੫, ੧੦੮੪

ਸੋ ਗੁਰੂ ਅਰਜਨ ਦੇਵ ਜੀ, ਦੀ ਬਾਣੀਂ ਵਾਲਾ ਮਰਦਾਨਾਂ ਠੀਕ ਲੱਗਦਾ ਹੈ। “ਮਰਦ ਮਰਦਾਨਾ” ਬਣਨ ਵਾਸਤੇ ਤਾਂ ਸਾਰੀ ਹੀ ਬਾਣੀਂ ਦਾ ਮੁੱਖ ਉਪਦੇਸ਼ ਹੈ। ਅਤੇ ਇਹ ਸ਼ਬਦ ਵੀ ਸਾਨੂੰ ਮਰਦ ਮਰਦਾਨਾਂ (ਉਹ ਮਰਦ ਜੋ ਕਦੇ ਮਰਦਾ ਨਹੀਂ) (ਆਵਾਗੁੳਨ ਤੋਂ ਰਹਿਤ) ਬਣਨ ਵਾਸਤੇ ਉਪਦੇਸ਼ ਦੇ ਰਿਹਾ ਹੈ।

ਅਸੀਂ ਕਲਜੁਗੀ ਸੁਭਾਉ ਵਾਲੇ ਜੀਵ ਹਾਂ। ਗੁਰੂ ਨਾਨਕ ਜੀ ਨੇਂ ਸਾਨੂੰ ਕਲਜੁਗੀ ਜੀਵਾਂ ਨੂੰ “ਮਰਦਾਨੇਂ ਹੱਕ” ਬਣਨ ਦਾ ਉਪਦੇਸ਼ ਦਿੱਤਾ ਹੈ ਇਸ ਸ਼ਬਦ ਵਿਚ।

ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥

ਇਸ ਕਲਜੁਗ ਵਿੱਚ ਮਨੁਖ ਦੀ ਹਾਲਤ ਇਸ ਤਰਾਂ ਹੈ ਜਿਵੇਂ, ਸ਼ਰਾਬ ਕੱਢਣ ਵਾਲਾ ਮੱਟ ਹੋਵੇ।

ਮੱਟ ਕਲਵਾਲੀ ਵਿੱਚ ਗੁੜ ਦੀ ਸ਼ਰਾਬ ਬਣਦੀ ਹੈ।

ਪਰ ਕਲਜੁਗ ਦੇ ਇਸ ਮੱਟ (ਸਾਡਾ ਸਰੀਰ) ਵਿਚ, ਕਾਮ ਦੀ ਸ਼ਰਾਬ ‘ਮਦ’ ਨਕੋ ਨਕ ਭਰੀ ਪਈ ਹੈ।

ਇਸ ਕਾਮ ਦੀ ‘ਮਧ’ ਨੂੰ ਸਾਡੇ ਅੰਦਰ ਬੈਠ ਕੇ ‘ਮਨ’ ਪੀਦਾ ਹੈ।

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥

ਸ਼ਰਾਬ ਪੀਣ ਵਾਲੇ, ਸ਼ਰਾਬ ਦੇ ਨਾਲ, ਕੋਈ ਕਰਾਰੀ ਮਸਾਲੇਦਾਰ ਚੀਜ ਮਾਸ ਆਦਿ ਖਾਦੇ ਹਨ।

ਇਸੇ ਤਰਾਂ ਇਥੇ ਵੀ, ਕਾਮ ਦੀ ਸ਼ਰਾਬ ਹੈ, ਅਤੇ ਨਾਲ ਹੀ ਕ੍ਰੋਧ ਅਤੇ ਮੋਹ ਦਾ ਕਟੋਰਾ ਭਰ ਲਿਆ। ਅਤੇ ‘ਆਹੰਕਾਰ’ ਨੂੰ ਸਾਕੀ ਬਨਾ ਲਿਆ ਹੈ।

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥

ਇਸ ਤਰਾਂ ਇਹ ਸਾਰਾ ਹੀ ਸੰਸਾਰ ਕੂੜੇ (ਝੂਠੇ) ਲਾਲਚ ਦੀ ਮਜਲਿਸ (ਮਜਮਾਂ) ਹੈ।

ਇਸ ਵਿੱਚ ਇੱਕ ਵੀ ਚੀਜ ਸੱਚੀ ਨਹੀਂ ਹੈ। ਰੇਤ ਦੇ ਕਿਨਕੇ ਤੋਂ ਲੈਕੇ ਸੂਰਜ ਤੱਕ ਸੱਭ ਕੁੱਝ ਹੀ ਝੂਠ ਹੈ।

ਹਰ ਇੱਕ ਆਪਣੇਂ ਅੰਦਰ ਬਾਹਰ ਝਾਤੀ ਮਾਰ ਕੇ ਵੇਖ ਲਵੇ, ਜੇ ਕਿਸੇ ਨੇਂ ਅੱਜ ਤੱਕ ਕਿਤੇ ਸੱਚ ਵੇਖਿਆ ਹੈ ਤਾਂ ਦੱਸੋ।

ਫਿਰ ਅਸੀਂ ਕਿਹੜੇ ਲਾਲਚ ਲੱਗੇ ਹੋਇ ਹਾਂ।

ਕਿਹੜਾ ਗਿਆਨ ਵੰਡ ਰਹੇ ਹਾਂ, ਦੁਨੀਆਂ ਨੂੰ।

ਝੂਠੇ ਲਾਲਚ ਵਸ (ਕੂੜੇ ਲਬ) ਦੀ ਖਾਤਰ ਗਿਆਨ ਵੇਚਦੇ ਹਾਂ।

ਮਃ ੧॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥ ੧੨੪੫

ਗੁਰੂ ਨਾਨਕ ਜੀ ਕਹਿੰਦੇ ਹਨ, ਵਕਤਾ ਬਨ ਗਿਆ। ਲਿਖਿ ਲਿਖਿ ਵੇਚਹਿ ਨਾਉ, ਨਾਮ (ਕਥਾ ਕੀਰਤਨ) ਵੇਚ ਕੇ ਦੌਲਤ ਇਕੱਠੀ ਕਰ ਲਈ, ਅਰਬਪਤੀ ਬਣ ਗਿਆ। ਗੁਰੂ ਨਾਨਕ ਜੀ, ਅਜੇਹੇ ਲੋਕਾਂ ਦੇ ਜਿਉਣ (ਜੀਵਨ) ਨੂੰ ਧ੍ਰਿਗ ਕਹਿੰਦੇ ਹਨ। ਨੋਟਾਂ ਦਾ ਖਲਵਾੜ (ਬੋਹਲ) ਬਨਾ ਲਿਆ। ਆਪਣੀਂ ਸੱਚੀ ਖੇਤੀ ਉਜਾੜ ਕੇ, ਲੋਕਾਂ ਤੋਂ ਝੂਠ ਦਾ ਪੂਲਾ ਪੂਲਾ (ਨੋਟ) ਮੰਗ ਕੇ ਇਕੱਠਾ ਕੀਤਾ ਖਲਵਾੜਾ, ਕਿਸ ਕੰਮ।

ਗਿਆਨ ਵੰਡ ਕੇ ਕਮਾਇ ਹੋਏ ਡਾਲਰਾਂ ਦੀਆਂ ਜੇਬਾਂ ਭਰ ਕੇ, ਕਿਥੇ ਲਿਜਾਣੀਆਂ ਹਨ।

ਇਹ ਝੂਠਾ (ਕੂੜਾ ਲਬ) ਲਾਲਚ ਹੈ। ਜਿਸ ਨੂੰ ਖਾ ਪੀ ਕੇ ਖੁਆਰ ਹੋਣਾਂ ਪਵੇ ਗਾ। ਇਹ ਮਜਲਸ ਹੈ ਕੂੜੇ ਲੱਬ ਦੀ।

ਸਚੈ ਸਰਮੈ (ਭਗਤੀ ਦੀ ਕਰੜੀ ਮੇਹਨਤ) ਸੱਚੀ ਕਮਾਈ ਤੋਂ ਬਿਨਾਂ, ਅਗੈ ਪ੍ਰਭੂ ਪਾਸੋਂ ਦਾਦਿ (ਸ਼ਾਬਾਸ਼ੀ) (ਵਡਿਆਈ) ਨਹੀਂ ਮਿਲਣੀਂ,

ਅਕਲਿ ਏਹ ਨ ਆਖੀਐ

ਇਹ ਕੋਈ ਅਕਲ ਦੀ, (ਸਿਆਣਪ ਦੀ) ਗੱਲ ਨਹੀਂ ਹੈ।

ਅਕਲਿ ਗਵਾਈਐ ਬਾਦਿ

ਠੀਕ ਹੈ ਤੂੰ ਸਿਆਣਾਂ ਹੈਂ, ਪੜ੍ਹਿਆ ਲਿਖਿਆ ਹੈਂ, ਪਰ ਇਸ ਤਰਾਂ ਤੂੰ ਆਪਣੀਂ ਅਕਲ ਦੀ ਪੂੰਜੀ, ਝੂਠਾ ਝਗੜਾ ਕਰ ਕੇ, ‘ਬਾਦ’ ਵਾਦ ਵਿਵਾਦ ਕਰ ਕੇ ਗਵਾ ਲਈ।

ਇਸ ਅਕਲ ਤੋਂ ਕੰਮ ਲੈਣਾਂ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਐ ਭਲੇ ਬੰਦੇ, ਇਸ ਅਕਲ ਨਾਲ, ਸਚੀ ਅਕਲ ਸਿੱਖ। ਫਿਰ ਉਸ ਸਚੀ ਅਕਲ ਨਾਲ ਸਾਹਿਬ ਦੀ ਸੇਵਨਾਂ (ਅਰਾਧਨਾਂ) (ਧਿਆਉਣਾਂ) ਕਰ।

ਨੋਟ:- ਪਰ ਅਸੀਂ ਬਹੁਤੀ ਅਕਲ ਵਾਲੇ ਝੂਠੀ ਮਜਲਸ ਵਿੱਚ ਬੈਠ ਕੇ, ਮਜਮਾਂ ਲਾ ਕੇ, ਸੇਵਨਾਂ (ਗੁਰੂ ਦੇ ਹੁਕਮ) ਦਾ ਮਖਾਉਲ ਉਡਾਉਂਦੇ ਹਾਂ।

ਭਾਈ ਇਸ ਅਕਲ ਤੋਂ ਕੰਮ ਲੈ, ਅਕਲ ਨਾਲ ਸਾਹਿਬ ਦੀ ਸੇਵਨਾਂ ਕਰ, ਤਾਂ ਤੈਨੂੰ ਸਾਹਿਬ ਦੇ ਦਰਬਾਰ ਵਿੱਚ ਸਚਾ ਮਾਨ ਮਿਲੇ ਗਾ।

(ਇਹ ਦੁਨੀਆਂ ਦੀਆਂ ਮਾਨ ਵਡਿਆਈਆਂ, ਧਨ ਦੌਲਤ, ਤੇਰੀ ਖੇਤੀ ਉਜਾੜ ਦੇਣ ਗੀਆਂ) …… (ਤੂੰ ਆਪਣੀਂ ਅਕਲ ਨਾਲ ਮਜਮਾਂ ਲਾ ਕੇ, ਉਹਨਾਂ ਦੀ ਖੇਤੀ ਉਜਾੜ ਰਿਹਾ ਹੈਂ, ਅਤੇ…ਅਤੇ ਉਹ ਤੈਨੂੰ ਮਾਨ ਵਡਿਆਈ ਅਤੇ ਡਾਲਰ ਦੇ ਕੇ ਤੇਰੀ ਖੇਤੀ ਉਜਾੜ ਰਹੇ ਹਨ) (ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਇਸ ਕੂੜ ਨੂੰ, ਪੀਣ ਵਾਲੇ ਵੀ ਅਤੇ ਪਿਆਉਣ ਵਾਲੇ ਵੀ ਦੋਨੋਂ ਹੀ ਖੂਆਰ ਹੋਣ ਗੇ। ਦੋਨਾਂ ਦੀ ਹੀ ਖੇਤੀ ਉੱਜੜ ਜਾਵੇ ਗੀ)

ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥

ਐ ਭਲੇ ਪੁਰਸ਼, ਆਪਣੀਂ ਅਕਲ ਨਾਲ, ਪਹਿਲੇ ਤਾਂ ਖੁਦ ਆਪ ਸੱਚੇ ਗਿਆਨ (ਸਚੀ ਅਕਲ) ਨੂੰ ਬੁੱਝ। ਅਤੇ ਜੇ ਤੂੰ ਪਹਿਲੇ ਆਪ ਬੁੱਝ ਲਵੇਂ, ਫਿਰ ਭਾਵੇਂ ਮਜਮੇਂ ਲਗਾ ਕੇ, ਤੇ ਭਾਵੇਂ ਮਜਲਸਾਂ ਵਿੱਚ ਬੈਠ ਕੇ, ਜਿਨਾਂ ਮਰਜੀ ਹੈ ਲੋਕਾਂ ਨੂੰ ਇਸ ਅਕਲ ਦਾ ਦਾਨੁ ਦੇਵੀਂ।

ਕਿਸੇ ਨੂੰ ਦਾਨ ਦੇਣ ਤੋਂ ਪਹਿਲੇ ਆਪਣੇਂ ਖੀਸੇ ਵਿੱਚ ਹੱਥ ਮਾਰ ਕੇ ਦੇਖ ਲੈਣਾਂ ਚਾਹੀਦਾ ਹੈ, ਕਿ ਸਾਡੇ ਆਪਣੇਂ ਖੀਸੇ ਵਿਚ, ਕਿਸੇ ਨੂੰ ਦੇਣ ਵਾਸਤੇ ਕੁੱਝ ਹੈ ਵੀ ਜਾਂ ਨਹੀਂ।

ਕਿਤੇ ਅਸੀਂ ਖੁਦ ਵੀ ਤਾਂ ਮੰਗਤਿਆਂ ਦੇ ਮੰਗਤੇ ਤਾਂ ਨਹੀਂ ਹਾਂ।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥

ਸ਼ਬਦ ਦੇ ਅਖੀਰ ਤੇ, ਗੁਰੂ ਨਾਨਕ ਜੀ, ਕਹਿੰਦੇ ਹਨ। ਅਸਾਂ ਤੈਨੂੰ (ਅਕਲ ਦਾ) ਸਚਾ ਰਸਤਾ ਦਿਖਾਇਆ ਹੈ। ਅਸਲੀ ਅਕਲ ਮੱਤਿ (ਗੁਰਮਤਿ) ਦਿੱਤੀ ਹੈ।

ਇਸ ਅਕਲ ਤੋਂ ਬਿਨਾਂ ਬਾਕੀ ਸੱਭ ਅਕਲਾਂ (ਗਲਾਂ) ਸ਼ੈਤਾਨੀ ਕੰਮ ਹਨ, ਬਾਕੀ ਸੱਭ ਅਕਲਾਂ ਸੈਤਾਨੁ (ਜਮ-ਕਾਲ) ਦੀਆਂ ਹਨ।

(ਜੇ ਗੁਰੂ ਦੀ ਅਕਲ ਵਰਤੇਂ ਗਾ, ਜੇ ਗੁਰੂ ਦੇ ਰਾਹੁ ਚੱਲੇਂ ਗਾ, ਤਾਂ… ਗੁਰੂ ਦੇ ਦੇਸ ਜਾਵੇਂ ਗਾ।

ਜੇ ਸੈਤਾਨ ਦੇ ਰਾਹ ਚਲੇਂ ਗਾ, ਤਾਂ ਜਮ ਦੇ ਦੇਸ ਜਾਵੇਂ ਗਾ।

ਨੋਟ:- ਪਾਠਕ ਵੀਰੋ ਇਥੇ ਵਿਸ਼ਾ ਮਾਸ ਦਾ ਹੈ, ਜਾਂ ਮਾਸ ਦਾ ਝਗੜਾ ਹੈ। ਝਗੜਾ ਚਾਹਿ ਕੋਈ ਵੀ ਹੋਵੇ। ਉਸ ਨੂੰ ਸਮਝਣ ਜਾਂ ਨਬੇੜਨ ਵਾਸਤੇ ਅਕਲ ਚਾਹੀਦੀ ਹੈ। ਗੁਰਬਾਣੀਂ ਤੋਂ ਵਡੀ ਅਕਲ ਹੋਰ ਕੋਈ ਨਹੀਂ ਹੈ। ਪਰ ਅਸੀਂ ਇਸ ਅਕਲ ਦੀ ਸ਼ਕਲ ਹੀ ਵਿਗਾੜ ਦਿੱਤੀ ਹੋਈ ਹੈ। ਸਾਨੂੰ ਇਸ ਦੀ ਸ਼ਕਲ ਵਿੱਚ ਸਿਰਫ ਮਾਸ ਦੇ ਪਕਵਾਨ ਹੀ ਦਿੱਸਦੇ ਹਨ। ਸ਼ਾਡੀਆਂ ਅੱਖਾਂ ਤੇ ਮਾਸ ਦੇ ਪਕਵਾਨਾਂ ਦੀ ਐਨਕ ਲਗੀ ਹੋਈ ਹੈ। ਦਸੋ ਗੁਰੂ ਕੀ ਕਰੇ)

ਗੁਰੂ ਨਾਨਕ ਜੀ, ਸਾਨੂੰ ਜੀਵਾਂ (ਸਾਨੂੰ) ਨੂੰ ਕਹਿੰਦੇ ਹਨ, ਜੇ ਤੂੰ ਸ਼ਰਾਬ ਹੀ ਪੀਣੀਂ ਚਾਹੁੰਦਾ ਹੈ,

ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥

ਅਗਰ ਸ਼ਰਾਬ ਹੀ ਪੀਣੀਂ ਹੈ, ਤਾਂ ਕਰਣੀ ਕਮਾਈ ਦੀ ਸ਼ਰਾਬ ਪੀ।

ਪਹਿਲੇ ਲਾਹਣ ਬਣਾ, ਇਸ ਲਾਹਣ ਵਿੱਚ ਸੱਚ (ਗੁਰੂ ਦਾ ਗਿਆਨ) ਦਾ ਗੁੜ ਪਾ।

ਫਿਰ ਗੁਰੂ ਦੀ ਦੱਸੀ ਹੋਈ ਜੁਗਤੀ ਨਾਲ,

ਇਸ ਲਾਹਣ ਨੂੰ ਆਪਣੀਂ ਦੇਹ ਦੇ ਮੱਟ ਵਿਚ, ਕਦੀਦ ਕਰ ਕੇ।

ਸਚ ਸਰਾ

ਸੱਚੀ ਸ਼ਰਾਬ ਦਾ ਨਿਚੋੜ ਸਾਰ ਕੱਢ ਤੇ ਫਿਰ ਇਸ ਸਚੀ ਸ਼ਰਾਬ ਨੂੰ ਪੀ ਕੇ ਵੇਖ, ਕਿ ਇਸ ਵਿੱਚ ਕਿੰਨਾਂ ਨਸ਼ਾ ਹੈ ਕਿੰਨਾਂ ਸਰੂਰ ਹੈ।

ਨੋਟ:- ਇਸ ਸ਼ਬਦ ਵਿੱਚ ਵੀ, ਕਾਮ, ਮਦ, ਘਿਉ, ਮਾਸ, ਮੰਡੇ, (ਆਨਾਜ) ਆਦਿ ਦੇ ਤਿਆਗ ਤੇ, ਗੁਰਬਾਣੀਂ ਦਾ ਇਕੋ ਜਿਹਾ ਹੀ ਸਿਧਾਂਤ ਲਾਗੂ ਹੈ।

ਗੁਰੂ ਨਾਨਕ ਜੀ ਕਹਿੰਦੇ ਹਨ।

ਜੇ ਤੂੰ ਘਿਉ, ਮੰਡੇ, ਮਾਸ, ਖਾਣਾਂ ਚਾਹੁੰਦਾ ਹੈ। ਤਾਂ

ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥

ਤਾਂ ਗੁਰੂ ਪਾਸੋਂ ਚੰਗੇ ਗੁਣਾਂ ਦੇ ਮੰਡੇ ਲੈ ਕੇ ਖਾਹ,

ਜੇ ਮੰਡਿਆਂ ਨਾਲ ਘਿਉ ਵੀ ਖਾਣਾਂ ਚਾਹੁੰਦਾ ਹੈਂ,

ਤਾਂ

ਸੀਲ ਰੂਪੀ ਘਿਉ, ਖਾ,

ਸੀਲ; ਸੀਲਤਾ, (ਨੇਕ ਚਲਨ) (ਪਰ ਇਸਤਰੀ ਤਿਆਗ ਦਾ ਨੇਮ)

ਅਤੇ ਜੇ ਤੇਰਾ ਮਾਸ ਖਾਣ ਨੂੰ ਜੀ ਕਰਦਾ ਹੈ ਤਾਂ।

ਸਰਮ ਦਾ ਮਾਸ ਖਾਹ (ਕਿਸੇ ਜੀਵ ਨੂੰ ਮਾਰ ਕੇ ਉਸ ਦਾ ਮਾਸ ਨਾਂ ਖਾਹ)

ਸਰਮ ਮੇਹਨਤ, ਹੱਕ ਸੱਚ ਦੀ ਕਮਾਈ ਕਰ।

ਮੇਹਨਤ, ਅਤੇ ਸੱਚ ਹੱਕ ਦੀ ਕਮਾਈ, ਮਾਸ ਨਹੀਂ ਹੁੰਦੀ ਹੈ।

ਅਤੇ ਮਾਸ ਖਾਣ ਨੂੰ ਸਰਮ ਨਹੀਂ ਕਹਿੰਦੇ।

*

ਨੋਟ ਕੀਤਾ ਜਾਵੇ ਜੀ:- ਲੋਕਾਂ ਨੂੰ (ਸਾਨੂੰ) “ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ” ਵਾਲੀ ਸਿਖਿਆ ਦੇਣ ਵਾਲੇ ਗੁਰੂ ਨਾਨਕ ਦੇ. .

. . ਦੇ ਆਪਣੇਂ ਖੁਦ ਦੇ ਘਰ ਬਕਰੇ ਦੇ ਪਕਵਵਾਨ ਬਣਨ, ਛੀ…ਛੀ …ਛੀ

ਇਹ ਤਾਂ ਅੱਜ ਦੇ ਸਾਧ ਲਾਣੇਂ ਨਾਲੋਂ ਵੀ ਜਗੋਂ ਤੇਰਵੀਂ ਗੱਲ ਹੈ।

*

ਸ਼ਬਦ ਦੇ ਅਖੀਰ ਤੇ, ਗੁਰੂ ਨਾਨਕ ਜੀ ਸਾਨੂੰ ਸਮਝਾਉਂਦੇ ਹਨ। ਕਿ

ਕਾਮ; ਮਦ; - ਦੀ ਥਾਂ ਸੱਚ ਦੀ ਸਰਾ।

ਘਿਉ, - ਦੀ ਥਾਂ ਸੀਲ।

ਮਾਸ, - ਦੀ ਥਾਂ ਸਰਮ ਦੀ ਰੋਟੀ।

ਮੰਡਿਆਂ, - ਦੀ ਥਾਂ ਗੁਰੂ ਦੇ ਗੁਣ।

ਅਗਰ ਤੂੰ ਇਸ ਸਿਧਾਂਤ ਤੇ ਅਮਲ ਕਰੇਂ ਗਾ, ਤਾਂ

ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧॥

ਤੇਰੇ ਅੰਦਰ ਦੇ ਸਾਰੇ ਬਿਕਾਰ, ਦੂਰ ਹੋ ਜਾਣ ਗੇ।

ਫਿਰ ਤੂੰ ਮਰਦ ਮਰਦਾਨਾਂ ਬਣ ਜਾਵੇਂ ਗਾ।

ਇਹ ਖੁਰਾਕ ਤੈਨੂੰ ਗੁਰਮੁਖਾਂ ਪਾਸੋਂ (ਗੁਰਮੁਖਿ ਪਾਈਐ) ਮਿਲੇ ਗੀ।

*

ਮਰਦਾਨਾ ੧॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥

ਸਾਡੇ ਇਸ ਸਰੀਰ ਦੇ ਅੰਦਰ

ਲਾਹਣ, ਹਉਮੈਂ, ਅੰਕਾਰ, ਤ੍ਰਿਸ਼ਨਾਂ, ਲੋਭ, ਮਦ ਆਦਿ ਇਹਨਾਂ ਚੀਜਾਂ ਦੀ ਮਹਿਫਿਲ ਲੱਗੀ ਹੋਈ ਹੈ।

ਆਪਾ ਲਾਹਣ, ਹਉਮੈਂ, ਅੰਕਾਰ, ਤ੍ਰਿਸ਼ਨਾਂ, ਲੋਭ, ਮਦ ਸਾਡੇ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਹੈ।

ਇਹੀ ਸਾਡਾ ਅਸਲਾ ਹੈ, ਇਹੀ ਧਾਤ ਹੈ, ਇਹੀ ਤੱਤ ਹੈ,

ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥

ਅਤੇ ਸਿਰਫ ਏਹਨਾਂ ਹੀ ਚੀਜਾਂ ਦੀ, ਜਿਵੇਂ ਕਿ, ਲਾਹਣ, ਹਉਮੈਂ, ਅੰਕਾਰ, ਤ੍ਰਿਸ਼ਨਾਂ, ਲੋਭ, ਮਦ ਆਦਿ, ਕੂੜੀਆਂ ਚੀਜਾਂ ਦੀ ਆਸਾ (ਮਨਸਾ) ਦੀ ਕਟੋਰੀ,

ਭਰ ਭਰ ਕੇ, ਪਿਲਾ ਰਿਹਾ ਹੈ ਸਾਨੂੰ ਜਮਕਾਲ।

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥

ਊਪਰ ਦੱਸੀਆਂ ਸਾਰੀਆਂ ਚੀਜਾਂ ਦਾ ਨਸ਼ਾ ਚੜ੍ਹਿਆ ਹੋਇਆ ਹੈ ਸਾਨੂੰ।

ਇਸ ਨਸ਼ੇ ਨੂੰ, ਇਸ ਮਦੁ ਨੂੰ ਪੀਤਿਆਂ, ਬਿਕਾਰ ਹੀ ਬਿਕਾਰ ਪੈਦਾ ਪੈਦਾ ਹੋ ਜਾਂਦੇ ਹਨ ਸਾਡੇ ਅੰਦਰ।

ਇਹਨਾਂ ਨੂੰ ਛੱਡੋ।

ਅਤੇ

ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥

ਗਿਆਨੁ ਦਾ ਗੁੜੁ ਖਾਹ, ਗੁਰੂ ਵਾਹੁ ਵਾਹੁ ਕਰ ਸਾਲਾਹੁਤਾ ਦੇ ਮੰਡੇ ਖਾਹ,

ਅਤੇ ਬੱਕਰੇ ਦੇ ਮਾਸ ਦੀ ਥਾਂ, ਭਉ (ਗੁਰੂ ਦਾ ਡਰ) ਦੇ ਮਾਸੁ ਦਾ ਭੋਜਨ ਕਰ।

ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥ ੨॥

ਇਹ ਸੱਚਾ ਭੋਜਨ ਹੈ, ਸਚਾ ਨਾਮ ਇਸ ਦਾ ਅਧਾਰ ਹੈ

ਇਹ ਸੱਚਾ ਭੋਜਨ, ਸਚੇ ਨਾਮ ਦੁਆਰਾ ਮਿਲੇ ਗਾ

ਨਾਨਕ ਇਸ ਭੋਜਨ ਦੀ ਗਵਾਹੀ ਦੇਂਦਾ ਹੈ।

ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥

ਇਹ ਜੋ ਸਾਡੀ ਕਾਇਆ ਹੈ,

ਇਸ ਵਿਚ

ਲਾਹਣ, ਹਉਮੈਂ, ਅੰਕਾਰ, ਤ੍ਰਿਸ਼ਨਾਂ, ਲੋਭ, ਆਦਿ ਦੀ ਮਦ ਦੀ ਧਾਰ

ਅਤੇ

ਅੰਮ੍ਰਿਤ ਦੀ ਧਾਰ, ਦੋਵੇਂ ਹੀ ਆ ਰਹੀਆਂ ਹਨ।

ਇਹ ਦੋਵੇਂ ਹੀ ਧਾਰਾਂ ਪ੍ਰਭੂ ਦੇ ਦੇਸ ਵਿਚੋਂ ਆ ਰਹੀਆਂ ਰਹੀਆਂ ਹਨ।

ਅਤੇ ਪ੍ਰਭੂ ਦੇ ਦੇਸ ਵਿਚੋਂ ਜੋ ਅਮ੍ਰਿਤ ਦੀ ਧਾਰ ਆ ਰਹੀ ਹੈ, ਉਹ ਸਾਡੀ ਇਸ ਕਟੋਰੀ ਵਿੱਚ ਕਿਵੇਂ ਪਵੇ।

ਪੈ ਹੀ ਨਹੀਂ ਸੱਕਦੀ।

ਕਿਉਂ ਕੇ ਸਾਡੀ ਮਨਸਾ ਹੀ ਨਹੀਂ ਹੈ, ਅੰਮ੍ਰਿਤ ਪੀਣ ਦੀ।

ਮਨਸਾ ਕਟੋਰੀ ਕੂੜਿ ਭਰੀ

ਜਿੰਨ੍ਹਾਂ ਚੀਜਾਂ ਨੂੰ ਪੀਣ ਦੀ ਸਾਡੀ ਮਨਸਾ ਹੈ।

ਉਹ ਹਨ ਲਾਹਣ, ਹਉਮੈਂ, ਅੰਕਾਰ, ਤ੍ਰਿਸ਼ਨਾਂ, ਲੋਭ, ਮਾਸ, ਅਦਿ

ਅਤੇ ਇਹਨਾਂ ਚੀਜਾਂ ਨਾਲ ਸਾਡੀ ਕਟੋਰੀ ਨਕੋ ਨਕ ਭਰੀ ਪਈ ਹੈ,

ਫਿਰ ਅੰਮ੍ਰਿਤ ਦੀ ਧਾਰ ਸਾਡੀ ਕਟੋਰੀ ਵਿੱਚ ਕਿਵੇਂ ਪਵੇ।

ਨੋਟ:- ਅੰਮ੍ਰਿਤ, ਅਤੇ ਇਹ ਸੱਭ ਧਾਤਾਂ ਦਾ ਮਹੁਰਾ ਬਿਖ, ਇਕੋ ਹੀ ਥਾਂ ਤੋਂ ਆ ਰਿਹਾ ਹੈ।

ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥ ੨॥ ੫੨੫

ਲੇਕਿਨ ਧਾਰਾ ਦੋ ਹਨ।

ਜਿਹੜੀ ਧਾਰ ਧੱਲੇ ਮਰਜੀ ਹੈ ਹੋ ਜਾਵੋ।

ਦੋਨੋ ਧਾਰਾ ਹਰੀ ਦਾ ਹੀ ਰੂਪ ਹਨ,

ਦੋਨੋਂ ਧਾਰਾਂ ਵਿਚੋਂ ਜਿਹੜੀ ਧਾਰ ਧੱਲੇ ਮਰਜੀ ਹੈ ਆਪਣੀਂ ਕਟੋਰੀ ਕਰ ਲਵੋ।

ਹਰੀ ਕਟੋਰੀ ਭਰ ਦੇਵੇ ਗਾ, ਹਰੀ ਦੇ ਘਰ ਕੋਈ ਕਮੀ ਨਹੀਂ ਹੈ।

ਜਦ ਤੱਕ ਸਾਨੂੰ ਇਸ ਦੀ ਸਮਝ ਨਹੀਂ ਸੀ, ਜਾਂ ਸਾਨੂੰ ਕੋਈ ਸਮਝਾਉਣ ਵਾਲਾ ਨਹੀਂ ਸੀ, ਉਹ ਵੱਖਰੀ ਗੱਲ ਸੀ।

ਪਰ ਹੁਣ ਤਾਂ ਪੰਜ ਸੌ ਸਾਲ ਤੋਂ ਵੀ ਵੱਧ ਹੋ ਗਏ ਹਨ, ਗੁਰੂ ਨਾਨਕ ਨੂੰ, ਸਾਨੂੰ ਸਮਝਾਉਂਦਿਆ ਨੂੰ।

ਅਤੇ ਤਿੰਨ ਸੌ ਸਾਲ ਹੋ ਗਏ ਸਾਨੂੰ ਪੜ੍ਹਦਿਆਂ ਨੂੰ

ਪਰ ਸਾਡੇ ਖਾਨੇਂ ਵਿੱਚ ਇਹ ਗੱਲ ਅੱਜ ਤੱਕ ਨਾਂ ਪਈ।

ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥ ੩॥

ਕਿਉਂ ਨਹੀਂ ਪਈ ਸਾਡੇ ਖਾਨੇਂ ਵਿੱਚ ਇਹ ਗੱਲ

ਕਿਉਂ ਕਿ ਸਾਨੂੰ ਸਤਸੰਗਤਿ ਨਹੀਂ ਮਿਲੀ।

(ਜੇ ਕਿਸੇ ਨੂੰ ਮਿਲੀ ਹੈ ਤਾਂ ਦੱਸੋ)

ਗੁਰੂ ਨਾਨਕ ਜੀ ਕਹਿੰਦੇ ਹਨ,

ਜੇ ਸਾਡਾ

ਸਤਸੰਗਤਿ ਸਿਉ ਮੇਲਾਪੁ ਹੋਇ

ਤਾਂ ਸਾਡੀ ਕਟੋਰੀ

ਲਿਵ ਕਟੋਰੀ ਅੰਮ੍ਰਿਤ ਭਰੀ

ਅੰਮ੍ਰਿਤ ਨਾਲ ਭਰ ਜਾਵੇ।

ਫਿਰ ਉਹ ਅੰਮ੍ਰਿਤ ਪੀ ਪੀ ਕੇ, ਪੀ ਪੀ ਕੇ, ਸਾਡੇ ਸਾਰੇ ਵਿਕਾਰ ਕੱਟ ਜਾਂਣ ਗੇ।

(ਜੇ ਕਿਸੇ ਨੇਂ ਕਦੇ ਉਹ ਅੰਮ੍ਰਿਤ ਪੀਤਾ ਹੈ ਤਾਂ ਦੱਸੋ…ਅੰਮ੍ਰਿਤ ਪੀਣ ਨੂੰ ਤੇ ਤਾਂ ਮਿਲੇ ਜੇ ਸਾਡੀ ਕਟੋਰੀ ਵਿੱਚ ਮਾਸ ਨਾਂ ਹੋਵੇ. . ਅਸੀਂ ਕਦੇ ਇਕੋ ਕਟੋਰੀ ਵਿੱਚ ਮਾਸ ਅਤੇ ਦੁੱਧ ਰਲਾ ਕੇ ਨਹੀਂ ਪੀਤਾ…ਨਹੀਂ ਨਾਂ…ਤਾਂ ਗੁਰੂ ਨਾਨਕ ਸਾਨੂੰ ਮਾਸ ਵਿੱਚ ਅੰਮ੍ਰਿਤ ਮਿਲਾ ਕੇ ਕਿਵੇਂ ਪਿਲਾਵੇ… ਜੇ ਕਿਸੇ ਨੇਂ ਅੱਜ ਤੱਕ ਗੁਰੂ ਨਾਨਕ ਦਾ ਇੱਕ ਰਤੀ ਭਰ ਵੀ ਕਹਿਣਾਂ ਮੰਨਿਆ ਹੈ ਤਾਂ ਦੱਸੋ।)

ਲੇਖ ਦੇ ਅਖੀਰ ਤੇ ਅਸੀਂ ਪਉੜੀ ਦੀ ਵਿਚਾਰ ਕਰਾਂ ਗੇ ਉਸ ਪਾਉੜੀ ਵਿੱਚ ਗੁਰੂ ਨਾਨਕ ਜੀ ਸਾਨੂੰ ਹਰੀ ਦੇ ਗੁਣ (ਕੰਮ) ਦੱਸ ਰਹੇ ਹਨ, ਵੇਖ ਲਵੋ, ਜੇ ਭਲਾ ਇਹੋ ਜਿਹੇ ਗੁਣ ਗੁਰੂ ਨਾਨਕ ਵਿੱਚ ਹੋਣ, ਤਾਂ ਤੁਸੀਂ, ਉਹਨਾਂ ਨੂੰ ਕੀ ਆਖੋ ਗੇ। ਇਸੇ ਕਰਕੇ ਹੀ ਇਹੋ ਜਿਹੇ ਹਰੀ ਤੋਂ ਗੁਰਮੁਖ ਨਹੀਂ ਡਰਦੇ। ਹਰੀ ਵਿੱਚ ਸਾਰੇ ਹੀ ਗੁਣ ਹਨ।

ਪਰ ਗੁਰੂ ਨਾਨਕ ਵਿੱਚ ਇਕੋ ਹੀ ਗੁਣ ਹੈ। ਅਤੇ ਉਹ ਇਕੋ ਹੀ ਗੁਣ, ਹਰੀ ਦੇ ਸਾਰੇ ਹੀ ਗੁਣਾਂ ਤੇ ਭਾਰੂ ਹੈ। (ਹਾਥੀ ਕੇ ਪਾਉਂ ਮੇਂ ਸਭ ਕਾ ਪਾਉਂ)

ਇਕ ਹੈ ਹਰੀ,

ਤੇ

ਦੂਜਾ ਹੈ ਗੁਰੂ

ਦੋਹਾਂ ਵਿਚੋਂ ਕਿਸ ਵੱਲ ਮੂੰਹ ਕਰਨਾਂ ਹੈ।

ਜੇ ਗੁਰੂ ਵੱਲ ਮੂੰਹ ਕੀਤਾ ਤਾਂ ਗੁਰਮੁਖ ਹੋ ਗਏ।

ਗੁਰਮੁਖ ਦੀ ਮਹਿਮਾਂ ਬਾਣੀਂ ਵਿੱਚ ਪੜ੍ਹ ਕੇ ਵੇਖ ਲਵੋ।

ਹਰੀਮੁਖ ਦਾ ਤਾਂ ਕਿਸੇ ਨਾਂ ਵੀ ਨਹੀਂ ਸੁਣਿਆਂ ਹੋਵੇ ਗਾ।

ਹਰਮੁਖ ਕੋਈ ਨਹੀਂ ਹੁੰਦਾ।

ਕਿਉਂ ਕਿ ਹਰੀ ਦੇ ਤਾਂ ਅਸੰਖਾਂ ਹੀ ਰੂਪ ਹਨ।

ਇਸ ਵਾਸਤੇ ਅਸੰਖਾਂ ਹੀ ਕਿਸਮ ਦੇ ਹਰਮੁਖ ਵੀ ਹੋ ਜਾਣ ਗੇ।

ਗੁਰੂ ਸਿਰਫ ਇੱਕ ਹੀ ਹੁੰਦਾ ਹੈ, ਅਤੇ ਗੁਰੂ ਦਾ ਸਿਰਫ ਇੱਕ ਹੀ ਰੂਪ ਹੈ।

ਹਰ ਰਸ ਜਰੂਰ ਹੁੰਦਾ ਹੈ।

ਹਰ ਰਸ ਨੂੰ ਹੀ ਅੰਮ੍ਰਿਤ ਕਹਿੰਦੇ ਹਨ।

ਜੇ ਹਰੀ ਦਾ ਰੂਪ ਅੰਮ੍ਰਿਤ ਹੈ। ਤਾਂ

ਬਿਖ (ਵਿਸੁ) ਵੀ ਤਾਂ ਹਰੀ ਦਾ ਹੀ ਰੂਪ ਹੈ।

ਸੋ ਹਰੀ ਦੇ ਦੋ ਰੂਪ ਤਾਂ ਇਹ ਹੀ ਸਿੱਧ ਹੋ ਗਏ।

ਇਸੇ ਵਸਤੇ ਹੀ ਬਾਣੀਂ ਦੱਸਦੀ ਹੈ, ਬਿਖੁ ਅਤੇ ਅੰ੍ਰਿਮਤ ਇਕੋ ਹੀ ਚੀਜ ਹੈ।

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਮ: ੧ ੫੮੨

ਦੋਵੇਂ ਚੀਜਾਂ ਹੀ ਹਰੀ ਨੇਂ ਬਨਾਈਆਂ ਹਨ,

ਅਤੇ ਸਾਨੂੰ ਜੀਵਾਂ ਨੂੰ, ਜਿਸ ਨੂੰ ਵੀ, ਜਿਹੜੇ ਵੀ ਪਾਸੇ ਲਾਉਣਾਂ ਹੈ,

ਇਹ ਹਰੀ ਨੇਂ ਆਪਣੀਂ ਕਲਮ ਨਾਲ ਧੁਰੋਂ ਹੀ ਲਿਖ ਛੱਡਿਆ ਹੈ।

ਬਿਖੁ ਅੰਮ੍ਰਿਤੁ ਕਰਤਾਰਿ ਉਪਾਏ॥ ਸੰਸਾਰ ਬਿਰਖ ਕਉ ਦੁਇ ਫਲ ਲਾਏ॥ ਆਪੇ ਕਰਤਾ ਕਰੇ ਕਰਾਏ॥ ਜੋ ਤਿਸੁ ਭਾਵੈ ਤਿਸੈ ਖਵਾਏ॥ ੩॥ ੧੧੭੨

ਇਹ ਦੋਵੇਂ ਚੀਜਾਂ ਕਰਤਾਰ ਨੇਂ ਹੀ ਬਨਾਈਆਂ ਹਨ।

ਅੰਮ੍ਰਿਤ ਸਿਰਫ ਦੇਹ ਦੇ ਕੂਜੇ ਵਿੱਚ ਹੈ,

ਬਾਕੀ ਇਹ ਸਾਰਾ ਸੰਸਾਰ ਬਿਖ ਦਾ ਸਾਗਰ (ਸਮੁੰਦਰ) ਹੈ।

(ਅਤੇ ਅਸੀਂ ਸਾਰੇ ਮੱਛੀ ਦੀ ਤਰਾਂ, ਇਸ ਬਿਖ ਦੇ ਸਾਗਰ ਵਿਚ, ਬਿਖ ਨਾਲ ਕਲੋਲਾਂ ਕਰ ਰਹੇ ਹਾਂ। ਅਤੇ ਦੂਸਰਿਆਂ ਨੂੰ ਵੀ ਇਹ ਮਹਿੰਗੀ ਕੀਮਤੀ ਅਤੇ ਉੱਤਮ ਬਿਖ ਖਾਣ ਦੀ ਪ੍ਰੇਰਣਾਂ ਦੇ ਰਹੇ ਹਾਂ,)

ਜੇ ਅਸੀਂ ਬਿਖੁ ਦੇ ਸਾਗਰ ਵਿੱਚ ਹਾਂ, ਤਾਂ ਬਿਖ ਹੀ ਖਾਵਾਂ ਗੇ।

ਹੁਣ ਜੇ ਕੋਈ ਇਹ ਪੁੱਛੇ, ਕੇ ਮੱਛੀ ਪਾਣੀਂ ਕਦੋਂ ਪੀਂਦੀ ਹੈ! ਤਾਂ ਇਸ ਦਾ ਕੀ ਉੱਤਰ ਹੋਵੇ ਗਾ? ?

ਪੀਣ ਦੀ ਤਾਂ ਗੱਲ ਹੀ ਛੱਡੋ, ਮੱਛੀ ਦਾ ਤਾਂ ਸਵਾਸ ਵੀ ਪਾਣੀਂ ਹੀ ਹੈ। ਮੱਛੀ ਤਾਂ ਪਾਣੀਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸੱਕਦੀ।

ਇਸੇ ਤਰਾਂ ਅਸੀਂ ਬਿਖ ਨੂੰ ਹੀ ਜੀਵਨ ਸਮਝਦੇ ਹਾਂ।

ਜੇ ਅਸੀਂ ਬਿਖੁ ਦੇ ਸਾਗਰ ਵਿੱਚ ਹਾਂ ਤਾਂ ਬਿਖ ਹੀ ਖਾਵਾਂ ਗੇ।

ਜਿਵੇਂ ਮੱਛੀ ਪਾਣੀਂ ਬਿਨਾਂ ਨਹੀਂ ਰਹਿ ਸੱਕਦੀ, ਇਸੇ ਤਰਾਂ ਬਿਖ ਬਿਨਾਂ ਜਿੰਦਾ ਨਹੀਂ ਰਹਿ ਸਕਦੇ।

ਮਾਸ ਦੀ ਤਾਂ ਗੱਲ ਹੀ ਛੱਡੋ,

ਜਿਸ ਨੂੰ ਅਸੀਂ ਸ਼ਾਕਾਹਾਰੀ ਜਾਂ ਪਵਿਤ੍ਰ ਭੋਜਨ, ਅੰਮ੍ਰਿਤ ਭੋਜਨ ਸਮਝ ਕੇ ਖਾ ਰਹੇ ਹਾਂ ਉਹ ਵੀ ਬਿਖੁ ਹੀ ਹੈ।

ਇਸ ਵਾਸਤੇ ਜਿਹੜੇ ਵੀਰ ਆਪਣੇਂ ਆਪ ਨੂੰ ਸ਼ਾਕਾਹਾਰੀ ਮੰਨਦੇ ਹਨ।

ਉਹ ਸੱਜਣ ਵੀ ਕਿਸੇ ਭੁਲੇਖੇ ਵਿੱਚ ਨਾਂ ਰਹਿਣ।

ਠੀਕ ਹੈ ਕਿ ਮਾਸ ਤੋਂ ਤਿਆਗੀ ਹੋਣਾਂ, ਬਹੁਤ ਚੰਗੀ ਗੱਲ ਹੈ। ਅਤੇ ਬਾਣੀਂ ਦਾ ਵੀ ਇਹੋ ਹੀ ਹੁਕਮ ਹੈ।

ਪਰ ਰੌਲਾ ਤਾਂ ਇਸ ਗੱਲ ਦਾ ਹੈ, ਕਿ

ਪ੍ਰਭੂ ਜਦ ਚਾਹੇ ਉਹਨਾਂ (ਸ਼ਾਕਾਹਾਰੀ) ਨੂੰ ਵੀ ਮਾਸ ਖਵਾ ਸਕਦਾ ਹੈ।

ਆਪੇ ਕਰਤਾ ਕਰੇ ਕਰਾਏ॥ ਜੋ ਤਿਸੁ ਭਾਵੈ ਤਿਸੈ ਖਵਾਏ

ਇਹ ਤਾਂ ਅਧਿਕਾਰ ਤਾਂ ਕਰਤੇ ਨੇਂ ਆਪਣੇਂ ਹੱਥ ਵਿੱਚ ਰੱਖਿਆ ਹੋਇਆ ਹੈ।

ਕਿ ਕਿਸੇ ਨੂੰ ਮਾਸ ਖੁਵਾਉਣਾਂ ਹੈ, ਜਾਂ ਘਾਹ ਖੁਵਾਉਣਾਂ ਹੈ।

ਇਸ ਵਸਤੇ ਸ਼ਾਕਾਹਾਰੀਆਂ ਨੂੰ ਵੀ ਜਿਆਦਾ ਖੁਸ਼ ਹੋਣ ਦੀ ਜਰੂਰਤ ਨਹੀਂ ਹੈ।

ਗੁਰੂ ਦੀ ਸੋਝੀ (ਗੁਰਮਤਿ) ਤੋਂ ਬਿਨਾਂ ਬਿਖੁ ਅਤੇ ਅੰ੍ਰਿਮਤ ਸਾਡੇ ਵਾਸਤੇ ਤਾਂ ਦੋਵੇਂ ਚੀਜਾਂ ਹੀ ਬਰਾਬਰ ਹਨ।

ਮਃ ੧॥ ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥ ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ॥ ੧੪੪

ਉਹ ਹਰੀ ਸ਼ੇਰਾਂ ਅਤੇ ਬਾਜਾਂ ਨੂੰ ਘਾਹ ਖੁਵਾ ਸਕਦਾ ਹੈ।

ਅੱਜ ਜਿਹੜੇ ਮਾਸ ਤੋਂ ਨੱਕ ਵੱਟਦੇ ਹਨ, ਹਰੀ, ਪ੍ਰਮਾਤਮਾਂ ਜਦ ਚਾਹੇ, ਇਹਨਾਂ ਨੂੰ ਸਬੁਤੇ ਸਬੂਤੇ ਬੱਕਰੇ ਖਾਣ ਦਾ ਬਲ ਬਖਸ਼ ਸੱਕਦਾ ਹੈ।

ਜਲ ਨੂੰ ਧਲ, ਧਲ ਨੂੰ ਸਮੁੰਦਰ ਕਰ ਸਕਦਾ ਹੈ। ਕੀੜੇ ਨੂੰ ਬਾਦਸ਼ਾਹ ਬਨਾ ਸੱਕਦਾ ਹੈ, ਬਾਦਸ਼ਾਹਾਂ ਤੇ ਉਹਨਾਂ ਦੇ ਲਸ਼ਕਰਾਂ ਨੂੰ ਖੇਹ ਵਿੱਚ ਮਿਲਾ ਸੱਕਦਾ ਹੈ।

ਜਿਨੇਂ ਵੀ ਜੀਅ ਹਨ, ਸਵਾਸ ਲੈਣ ਤਾਂ ਹੀ ਜਿੰਦਾ ਰਹਿ ਸੱਕਦੇ ਹਨ, ਸਵਾਸ ਲੈਣ ਤੋਂ ਬਿਨਾਂ ਮਰ ਜਾਂਦੇ ਹਨ।

ਪਰ ਹਰੀ ਚਾਹੇ ਤਾਂ ਜੀਵ ਨੂੰ ਬਿਨਾਂ ਸਵਾਸਾਂ ਦੇ ਵੀ ਜਿੰਦਾ ਰੱਖ ਸੱਕਦਾ ਹੈ।

ਅਖੀਰ ਤੇ ਗੁਰੂ ਨਾਨਕ ਜੀ ਕਹਿੰਦੇ ਹਨ। ਉਸ “ਸੱਚੇ ਹਰੀ” ਨੂੰ ਜਿਵੇਂ ਵੀ ਭਾਵੇ, ਜਿਵੇਂ ਵੀ ਚੰਗਾ ਲੱਗੇ, ਉਹ (ਹਰੀ) ਉਹੋ ਜਿਹੀ ਹੀ ਗਿਰਾਹੀ ਜੀਵ ਦੇ ਮੂੰਹ ਵਿੱਚ ਪਾਉਂਦਾ ਹੈ।

ਹਰੀ ਦੇ ਹੁਕਮ ਤੋਂ ਬਿਨਾਂ ਆਪਣੀਂ ਮਰਜੀ ਨਾਲ ਆਪਣੇਂ ਮੂੰਹ ਵਿੱਚ ਅਸੀਂ ਇੱਕ ਬੁਰਕੀ ਵੀ ਨਹੀਂ ਪਾ ਸੱਕਦੇ।

ਦੱਸੋ ਅਸੀਂ ਕੀ ਕਰੀਏ! ! ! !

*

ਜੇ ਮਾਸ ਤੋਂ ਬਚਨਾਂ ਹੈ ਤਾਂ ਗੁਰੂ ਨਾਨਕ ਦੀ ਸਰਨ ਪਕੜੋ।

ਗੁਰੂ ਨਾਨਕ ਦੇ ਹੁਕਮ (ਗੁਰਮਤਿ) ਨੂੰ ਬੁੱਝੋ।

ਫਿਰ ਹਰੀ ਕੁੱਝ ਨਹੀਂ ਕਰ ਸਕੇ ਗਾ।

ਮਾਸਾਹਾਰੀ ਤੇ ਸ਼ਾਕਾਹਾਰੀ

ਦੋਨੋਂ ਹੀ ਮੂਰਖ ਹਨ, ਜੋ ਮਾਸ ਦਾ ਝਗੜਾ ਪਾਈ ਬੈਠੇ ਹਨ।

ਜਦਿ ਕੇ ਸਚਾਈ ਕੁੱਝ ਹੋਰ ਹੈ।

ਇਸੇ ਵਾਸਤੇ ਹੀ ਗੁਰੂ ਨਾਨਕ ਜੀ ਨੇਂ ਇਹ ਸ਼ਬਦ ਉਚਾਰਿਆ ਸੀ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਗੁਰੂ ਨਾਨਕ ਜੀ ਕਹਿੰਦੇ ਹਨ,

ਮੂਰਖ ਅੇਵੈਂ ਝਗੜਾ ਪਾਈ ਬੈਠੇ ਹਨ, ਕਿਸੇ ਨੂੰ ਗਿਆਨ ਹੀ ਨਹੀਂ ਹੈ।

*

ਅਗਲੀ ਪਉੜੀ ਮਰਦਾਨੇ ਵਾਲੇ ਸ਼ਬਦ ਦੀ ਹੀ ਹੈ। ਇਸ ਨੂੰ ਪੜ ਕੇ ਵੇਖੋ. . ਵੇਖੋ ਕਿ ਹਰੀ ਵਿੱਚ ਕੀ ਕੀ ਗੁਣ ਹਨ। ਅਤੇ ਹਰੀ ਦੀ ਸਚਾਈ ਕੀ ਹੈ।

ਹਰੀ ਦੇ ਇਹਨਾਂ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕਦੀ, ਬੇ ਅੰਤ ਗੁਣ ਹਨ ਹਰੀ ਵਿਚ, ਹਰੀ ਦੇ ਗੁਣ ਕਥੇ ਨਹੀਂ ਜਾ ਸਕਦੇ।।

ਪਉੜੀ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥ ੧੨॥ ੫੫੩

ਜਿਸ ਤਰਾਂ ਬਿਖੂ ਅਤੇ ਅੰਮ੍ਰਿਤ ਇਕੋ ਹੀ ਚੀਜ ਹੈ।

ਇਸੇ ਤਰਾਂ।

ਸੁਰਿ ਨਰ ਗਣ ਗੰਧਰਬ ਸਿਵ ਸੰਕਰ ਮਹੇਸ ਵਿਸ਼ਣੂ ਬ੍ਰਹਮਾਂ ਦੇਵੀ ਦੇਵਤੇ, ਜਮਰਾਜ ਧਰਮਰਾਜ ਆਦਿ

ਅਤੇ

ਹਰੀ ਇਕੋ ਹੀ ਚੀਜ ਹੈ।

ਇਹ ਸਾਰਾ ਹਰੀ ਦਾ ਹੀ ਸਟਾਫ ਹੈ।

ਅਤੇ ਹਰੀ ਨੇਂ ਆਪਣੇਂ ਸਟਾਫ ਦੇ ਸੱਭ ਸੱਭ ਤੋਂ ਮੋਹਰੀ ਅਧਿਕਾਰੀਆਂ ਨੂੰ ਸਾਡੇ ਹਰ ਇੱਕ ਦੇ ਅੰਦਰ ਬਿਠਾਇਆ ਹੋਇਆ ਹੈ।

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥ ੭੫੪

ਅਤੇ ਇਹਨਾਂ ਤਿੰਨਾਂ ਬ੍ਰਹਮਾ ਬਿਸਨੁ ਮਹੇਸਾ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੇ।

ਜਿਹੜਾ ਹਰੀ ਦੀ ਪੂਜਾ ਕਰੇ ਗਾ, ਜਿਹੜਾ ਹਰੀ ਨੂੰ ਮੰਨੇਂ ਗਾ,

ਸਮਝ ਲਵੋ ਉਹ,

ਸੁਰਿ ਨਰ ਗਣ ਗੰਧਰਬ ਸਿਵ ਸੰਕਰ ਮਹੇਸ ਵਿਸ਼ਣੂ ਬ੍ਰਹਮਾਂ ਦੇਵੀ ਦੇਵਤਿਆਂ ਜੋਗੀਆਂ ਭੋਗੀਆਂ, ਆਦਿ ਨੂੰ ਮੰਨ ਰਿਹਾ ਹੈ।

ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਮ: ੧, ੫੫੩

ਹਰੀ ਅਤੇ ਸਿਵ ਸੰਕਰ ਮਹੇਸਾ ਇਕੋ ਹੀ ਹਨ।

ਬਾਣੀਂ ਵਿੱਚ ਤਾਂ ਸਭ ਕੁੱਝ ਲਿਖਿਆ ਹੋਇਆ ਹੈ।

ਪਰ ਅਸੀਂ ਹਰੀ ਤੋਂ ਡਰਦੇ ਹਾਂ,

ਇਸ ਵਾਸਤੇ ਬਾਣੀਂ ਨੂੰ ਨਹੀਂ ਮੰਨਦੇ।

ਗੁਰੂ ਨਾਨਕ ਦਾ ਤਾਂ “ਇਕੋ” 1 ਹੀ ਹੈ,

ਅਤੇ

ਗੁਰੂ ਨਾਨਕ ਹੀ “ਇਕੋ’ 1 ਹੈ।

ਜਿਹੜਾ ਗੁਰੂ ਨਾਨਕ ਨੂੰ ਮੰਨੇਂ ਗਾ।

ਉਹ ਹੀ “ਇਕ” ਨੂੰ ਮੰਨੇਂ ਗਾ।

ਹਰੀ ਦੇ ਅਸੰਖਾਂ ਰੂਪ ਹਨ,

ਜਿਸ ਨੂੰ ਬਹੁਰੂਪੀਆ ਕਹਿੰਦੇ ਹਨ।

(ਕਿਹੜੇ ਕਿਹੜੇ ਨੂੰ ਮੰਨਾਂ ਗੇ)

ਪਰ ਗੁਰੂ ਨਾਨਕ ਦਾ

ਇਕੋ ਹੀ ਰੂਪ ਹੈ।

ਆਪਣੇਂ ਵਿਚੋਂ ਕੌਣ ਹੈ ਜੋ

ਗੁਰੂ ਨਾਨਕ ਨੂੰ ਮੰਨਦਾ ਹੈ?

(ਚੱਲਦਾ)

ਬਲਦੇਵ ਸਿੰਘ `ਚਾਕਰ’




.