.

ਬਿਪਰ ਸੰਸਕਾਰ ਦਾ ਖ਼ਾਲਸਾ ਪੰਥ ਉੱਤੇ ਪਿਆ ਕਾਲਾ ਪ੍ਰਛਾਵਾਂ

(ਭਾਗ ਦੂਜਾ)

(ਜਬ ਗਹ ਹੈਂ ਬਿਪਰਨ ਕੀ ਰੀਤ। ਮੈਂ ਨ ਕਰੋਂ ਇਨ ਕੀ ਪ੍ਰਤੀਤ।)

ਖ਼ਾਲਸਾ ਪੰਥ ਆਪਣੀ ਅਸਲ ਹੋਂਦ ਵਿੱਚ ਹਰ ਵੇਲੇ ਬਿਪਰ ਸੰਸਕਾਰ ਤੋਂ ਪੂਰੀ ਤਰ੍ਹਾਂ ਅਜ਼ਾਦ ਹੈ। ਬਿਪਰ ਸੰਸਕਾਰ ਗੁ. ਨਾਨਕ-ਆਮਦ ਤੋਂ ਹੀ ਖ਼ਾਲਸਾ ਪੰਥ ਉਪਰ ਆਪਣਾਂ ਮਾਰੂ ਅਸਰ ਸੁੱਟਦਾ ਰਿਹਾ, ਭਾਵੇਂ ਖ਼ਾਲਸਾ ਪੰਥ ਨੇ ਮੁੱਢ ਤੋਂ ਹੀ ਇਸ ਦੀਆਂ ਕਾਲੀਆਂ ਕਰਤੂਤਾਂ ਤੇ ਸਿੱਟਿਆਂ ਤੌਂ ਜਾਣੂੰ ਹੋਣ ਦਾ ਸਬੂਤ ਦਿੱਤਾ ਹੈ। ਫਿਰ ਵੀ, 21ਵੀਂ ਸਦੀ ਦੀ ਸਮਕਾਲੀ ਭਾਰਤੀ ਤੇ ਅੰਤਰਦੇਸ਼ੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਫਿਲਸਫਾਨਾ ਸਥਿਤੀ ਖ਼ਾਲਸਾ ਪੰਥ ਨੂੰ ਬਿਪਰ ਸੰਸਕਾਰ ਤੋਂ ਬਚਣ ਦਾ ਸੁਝਾਅ ਦਿੰਦੀ ਹੈ। ਇਸ ਲੇਖ ਵਿੱਚ ਬਿਪਰ ਸੰਸਕਾਰ ਦੇ ਕਰੂਪ ਪੱਖਾਂ, ਜਿਨ੍ਹਾਂ ਦਾ ਕਾਲਾ ਪ੍ਰਛਾਵਾਂ ਪੈਂਦਾ ਹੈ, ਦਾ ਖ਼ਾਲਸਾ ਦ੍ਰਿਸ਼ਟੀ ਦੇ ਪੱਖੋਂ ਵੇਰਵਾ ਅੰਕਿਤ ਹੈ। ਇਉਂ, ਪਹਿਲਾਂ ਕਿਵੇਂ ‘ਅੰਤਮ ਅਸਲੀਅਤ’ ਭਾਵ ‘ਰੱਬ’ ਦਾ ਸੰਕਲਪ ਬਿਪਰ ਸੰਸਕਾਰ ਦੀ ਮਾਰ ਹੇਠ ਆਉਂਦਾ ਹੈ, ਨਜਿਠਿਆ ਜਾਵੇਗਾ ਫੇਰ, ਹਿੰਦੂ ਧਰਮ ਕਿਵੇਂ ਅਧੂਰੇ-ਪਨ ਚ ਲਟਕਦਾ ਰਹਿ ਗਿਆ ਜਾਂ ਪੂਰਨ-ਪ੍ਰਫੁਲਿਤ ਹੋਣ ਖੁਣੋਂ ਰਹਿ ਗਿਆ? ਦੀ ਚਰਚਾ ਕਰਾਂਗੇ। ਅਖੀਰ ਚ, ਖ਼ਾਲਸਾ ਪੰਥ ਆਪਣੀ ਮੌਲਿਕ ਅਵੱਸਥਾ ਵਿੱਚ ਪੂਰਨ-ਰੂਪ ਵਿੱਚ ਬਿਪਰ ਸੰਸਕਾਰ ਤੋਂ ਕਿਵੇਂ ਆਜ਼ਾਦ ਹਸਤੀ ਦਾ ਮਾਲਿਕ ਹੈ? ਆਦਿ ਦਾ ਨਿਰਖ ਪਵੇਗਾ।

ਖ਼ਾਲਸਾ ਪੰਥ ਦੀ ਪੈਗ਼ੰਬਰੀ ਬਜ਼ੁਰਗੀ ਇਸ ਤੱਥ ਤੋਂ ਜ਼ਾਹਰ ਹੈ ਕਿ ਗੁ. ਨਾਨਕ-ਆਮਦ ਤੋਂ ਪੂਰਬਲੇ ਬਿਪਰ ਸੰਸਕਾਰ ਦੇ ਕਰੂਪ ਪੱਖਾਂ ਦਾ ਨਿਰਪੱਖ ਵਿਸ਼ਲੇਸ਼ਣ ਕਰਦਿਆਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਘਿਰਣਾਂ ਤੋਂ ਉਪਰ ਰੱਖਿਆ (ਜਿਵੇਂ ਜੂਨ ਅਤੇ ਨਵੰਬਰ 1984 ਵਿੱਚ ਸਿੱਖ ਮਰਦ, ਔਰਤਾਂ, ਬੱਚਿਆਂ ਉਤੇ ਹਿੰਦੂਆਂ ਵਲੋਂ ਹੋਏ ਹਿੰਸਕ ਤੇ ਅਸ਼ਲੀਲ ਹਰ ਤਰ੍ਹਾਂ ਦੇ ਹਮਲੇ ਕਰ ਕਰ ਮਾਰਨ ਤੇ ਸਿੱਖਾਂ ਨੇ ਮੋੜਵੀਂ ਨਫਰਤ ਵਿੱਚ ਇੱਕ ਵੀ ਹਿੰਦੂ ਉਸੇ ਨਫਰਤ ਅਧੀਨ ਨਾ ਮਾਰਿਆ, ਨਾ ਸਿੱਖ ਮਰਦਾਂ ਨੇ ਹਿੰਦੂ ਔਰਤਾਂ ਦੀ ਬੇਪਤੀ ਕੀਤੀ, ਨਾ ਪੰਜਾਬ ਵਿੱਚ ਨਾ ਹਿੰਦੁਸਤਾਨ ਦੇ ਕਿਸੇ ਹੋਰ ਹਿੱਸੇ)। ਉਂਞ, ਖ਼ਾਲਸਾ ਪੰਥ ਬਿਪਰ ਸੰਸਕਾਰ ਨੂੰ ਗ਼ਜ਼ਬ ਨਾਲ ਤੋੜਦਾ ਹੈ, ਤੇ ਉਸ ਨੂੰ ਗੁਰੂ-ਬਖ਼ਸ਼ਿਸ਼ ਦੇ ਕਾਬਿਲ ਹੋਣ ਦਾ ਸੱਦਾ ਵੀ ਦਿੰਦਾ ਹੈ।

ਖ਼ਾਲਸਾ ਪੰਥ ਦੀ ਉੱਚੀ ਸੁਰਤਿ ਨੇ ਉਚੇ ਤਰਕਵਾਦੀ ਵਿਸ਼ਲੇਸ਼ਣ ਰਾਹੀਂ ਬਿਪਰ ਸੰਸਕਾਰ ਵਲ ਆਪਣਾਂ ਰਵੱਈਆ ਵਾਰ ਵਾਰ ਜਗ ਜ਼ਾਹਰ ਕੀਤਾ ਹੈ। ਗੁ. ਨਾਨਕ-ਆਮਦ ਤੋਂ ਪਹਿਲਾਂ ਆਖਰੀ ਅਸਲੀਅਤ ਦਾ ਬਿੰਬ ਅਧੂਰਾ ਸੀ ਤੇ ਇਸ ਨੂੰ ਲੱਭਣ ਦੇ ਯਤਨ ਵੀ ਅਧੂਰੇ ਸਨ। ਮਨੁੱਖਤਾ ਦੇ “ਸਮੂਹਕ ਸੂਖਮ ਸਵੈ” (collective or coporate abstract self of humanity ) ਨੂੰ ਧਰਮ ਜਿਥੇ ‘ਅੰਤਮ ਅਸਲੀਅਤ’ (ਰੱਬ) ਵਿੱਚ ਅਭੇਦ ਕਰਨੋ ਅਸੱਮਰਥ ਰਿਹਾ, ਉਥੇ ਵਰਣ-ਵੰਡ ਨੇ ਮਨੁੱਖੀ ਅਮਲ ਨੂੰ ਅਕਲ ਦੇ ਛੋਟੇ ਚੱਕਰਾਂ ਦੀ ਗ਼ੁਲਾਮੀ ਚ ਜਕੜਿਆ ਹੋਇਆ ਸੀ। ਖ਼ਾਲਸਾ ਦ੍ਰਿਸ਼ਟੀ ਨੇ ਬਿਪਰ ਸੰਸਕਾਰ ਦੀ ਮਾਰ ਥੱਲੇ ਆਈ ‘ਅੰਤਮ ਅਸਲੀਅਤ’ ਤੇ ਉਸ ਦੀ ਤਲਾਸ਼ ਨੂੰ, ਹੇਠ ਵਰਣਿਤ, ਸੁਚੇਤ ਤੇ ਅਚੇਤ ਝੁਕਾਵਾਂ ਅਧੀਨ ਐਉਂ ਉਸਰਦੀ ਵੇਖਿਆ:

(1) ਫੈਲਾਉ ਵਧਾਉਣਾ: ਬਿਪਰ ਸੰਸਕਾਰ ਰੱਬ, ਉਸ ਦੀ ਸ਼ਕਤੀ ਤੇ ਸ੍ਰਿਸ਼ਟੀ ਨੂੰ ਕਾਲ ਤੇ ਸਥਾਨ ਦੇ ਨਿਰਜਿੰਦ ਫੈਲਾਉ ਰਾਹੀਂ ਮਾਪਦਾ ਹੈ। ਜਦ ਸੰਸਾਰੀ ਸੱਚ ਦੇ ਛੋਟੇਪਣ ਜਾਂ ਵੱਡੇਪਣ (ਅਨੰਤਤਾ) ਦੀ ਗੱਲ ਚਲਦੀ ਹੈ ਤਾਂ ਇਸ ਨੂੰ ਨਿਸਚਿਤ ਲਕੀਰਾਂ ਦੇ ਫ਼ਾਰਮੂਲੇ ਵਿੱਚ ਕੈਦ ਕਰਦਾ ਹੈ। ਭਾਵ, ਬਿਪਰ ਸੰਸਕਾਰ ਆਪਣੀ ਨਿੱਕੀ ਉਡਾਰੀ ਥਾਣੀਂ ਵੱਡੇ ਅਸਮਾਨ ਦਾ ਧੋਖਾ ਦਿੰਦਾ ਹੈ, ਜਾਣੋ ਖੂਹ ਵਿੱਚ ਡੱਡੂ ਛਾਲ ਮਾਰ ਕੇ ਕਹਿੰਦੈ: ਮੈਂ ਵੱਡੇ ਸਮੁੰਦਰਾਂ ਵਿੱਚ ਤਰਦਾ ਹਾਂ, ਕਿਉਂਕਿ ਉਸ ਨੂੰ ਨਾ ਦੇਸ ਵਿਦੇਸ, ਨਾ ਕਿਸੇ ਹੋਰ ਆਰ ਪਾਰ ਦੀ ਸੂਝ ਹੁੰਦੀ ਹੈ। ਅਕਲ ਦਾ ਇਹ ਛੋਟਾ ਸਫਰ ‘ਆਖਹਿ’ (ਜਪੁਜੀ) ਦੀ ਪਉੜੀ ਵਿੱਚ ਵਰਣਿਤ ਹੈ। ਇਸ ਛੋਟੇ ਸਫਰ ਵਿੱਚ ਸੰਸਾਰੀ ਤੱਥਾਂ ਦੇ ਹੜ੍ਹ ਜਾਂ ਹਜੂੰਮ ਹੀ ਹਨ। ਇਨ੍ਹਾਂ ਵਿਚੋਂ ਰੱਬੀ ਸ਼ਾਨ ਦੇ ਨਜ਼ਰੀਏ ਤੇ ਕੀਮਤ ਪਾਉਣ ਵੇਲੇ, ਅਕਲ ਦੇ ਕੰਮਜ਼ੋਰ ਨੁਕਤੇ ਹੀ ਉਭਰਦੇ ਹਨ, ਜਿਨ੍ਹਾਂ ਵਿਚੋਂ ਮਹਾਨਤਾ ਨਹੀਂ ਟਪਕਦੀ। ਇਵੇਂ ਹੀ ‘ਅੰਤ’ ਪਾਉਣ ਵਾਲਿਆਂ ਨੂੰ ਵੀ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਕਿਉਂ? ਉਹ ‘ਅੰਤ’ ਦੀ ਭਾਲ, ਕਾਲ ਤੇ ਸਥਾਨ ਦੇ ਨਿਰਜਿੰਦ ਘੇਰਿਆਂ ਦੇ ਫੈਲਾਉ ਦੀ ਇਕਹਿਰੀ ਸ਼ਕਲ ਵਿਚੋਂ ਕਰਦੇ ਹਨ।

(2) ਗਿਣਤੀ ਵਧਾਉਣਾ: ਬਿਪਰ ਸੰਸਕਾਰ ‘ਰੱਬੀ ਨਜ਼ਾਰੇ’ ਤੇ ਰੱਬੀ ਮਾਰਗ ਦੇ ਪਾਂਧੀ ਦੇ ਸਫਰ ਵਿੱਚ ਏਕਤਾ ਨਹੀਂ ਰਹਿਣ ਦਿੰਦਾ, ਅਨੇਕਤਾ ਵਿੱਚ ਲਿਆ ਘਸੋੜਦਾ ਹੈ। ਇਸ ਨਾਲ ਰੱਬੀ ਰਾਹ ਦੀ ਏਕਤਾ ਲਘੂ-ਖੰਡਾਂ ਵਿੱਚ ਬਦਲ ਜਾਂਦੀ ਹੈ, ਸਦਕਾ ਜਿਸ ਦਾ ਤਲਾਸ਼ ਤੇ ਮੰਜ਼ਲ ਦੋਵੇਂ ਖੰਡਿਤ ਹੋ ਜਾਂਦੇ ਹਨ ਭਾਵ, ਇਸ਼ਟ ਤੇ ਉਸ ਦੀ ਭਾਲ ਦੋਵਾਂ ਦੀ ਸਥਿਤੀ ਥਿੜਕ ਜਾਂਦੀ ਹੈ। ਹਿੰਦੂ ਕਰਮਕਾਂਡ ਦੇ ਸੰਬੰਧ ਵਿੱਚ ਭਾਈ ਗੁਰਦਾਸ ਦੁਆਰਾ ਪ੍ਰਗਟੀ ਖ਼ਾਲਸਾ ਦ੍ਰਿਸ਼ਟੀ 7ਵੀਂ ਵਾਰ ਚੋਂ ਵਾਜ਼ਅ (ਪ੍ਰਗਟ) ਹੁੰਦੀ ਹੈ। ਇਥੇ ਬਿਪਰ ਸੰਸਕਾਰ (ਹਿੰਦੂ ਕਰਮਕਾਂਡ ਦੀਆਂ ਬਹੁ-ਸ਼ਕਲਾਂ ਰਾਹੀਂ) ਆਤਮਕ ਕਲਿਆਣ ਤੇ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨਾ ਨਾਲ ਜੁੜੇ ਹੋਣ ਦਾ ਦਾਅਵਾ ਕਰਦਾ ਹੈ। ਪਰ ਕਰਮਕਾਂਡ ਨੂੰ ਮੰਨਣ ਵਾਲੀ ਸੁਰਤਿ ਅਧੂਰੀ ਹੋਣ ਕਰਕੇ ਸੱਚ ਨਹੀਂ ਪਛਾਣ ਸਕਦੀ, ਕਿਉਂਕਿ ਬਿਪਰ ਸੰਸਕਾਰ ਨਾਲ ਜੁੜ ਕੇ ਮਨੁੱਖੀ ਸੁਰਤਿ ਅੰਤਮ ਸੱਚ ਦੀ ਏਕਤਾ ਨਾਲੋਂ ਟੁੱਟ ਜਾਂਦੀ ਹੈ। ਇਸ ਦੁਖਾਂਤ ਨਾਲ ਗਿਆਨ ਧਿਆਨ ਨੂੰ ਛੋਹਣ ਵਾਲੀ ਭਾਲ ਵੀ ਆਪਣੀ ਰੱਬੀ ਗੰਭੀਰਤਾ ਗੁਆ ਬਹਿੰਦੀ ਹੈ। ਪਿੱਛੇ ਇੱਕ ਨਿਰਜਿੰਦ ਗਿਣਤੀ ਹੀ ਰਹਿ ਜਾਂਦੀ ਹੈ: ਸੰਸਾਰੀ ਸੋਚਣੀ ਵਿਚੋਂ ਉਪਜੇ ਖਾਕੇ, ਸਾਮਿਗ੍ਰੀ-ਜੋੜ, ਖ਼ਿਆਲ-ਇਕੱਠ, ਅਤੇ ਖਾਲੀ ਫੈਲਾਉ: ਜਿਵੇਂ ਮ. 1 ‘ਲਖ ਨੇਕੀਆ ਚੰਗਿਆਈਆ ਲਖ ਪੁਨਾ ਪਰਵਾਣ॥’ (ਪੰਨਾ 467, ਆਸਾ ਦੀ ਵਾਰ) ਤੋਂ ਜ਼ਾਹਰਾ ਪ੍ਰਗਟ ਹੈ, ਜੋ ਸਭੋ ਕੁੱਝ ਰੱਬੀ ਬਖ਼ਸ਼ਿਸ਼ ਬਿਨਾ ਵਿਅਰਥ ਹੈ।

(3) ਅਚੰਭਾ ਰਸ ਦੀ ਧੁੰਧ: ਖ਼ਾਲਸਾ ਦ੍ਰਿਸ਼ਟੀ ਵਿਸਮਾਦ ਦੀ ਕਾਇਲ ਹੈ। ਵਿਸਮਾਦ ਨਿਰੀ ਹੈਰਾਨੀ ਨਹੀਂ, ਇਹ ਖ਼ਾਲਸ ਕੁਦਰਤ ਦੇ ਪੂਰੇ ਜਿਸਮ ਦੀ ਪ੍ਰਤੀਤੀ ਹੈ। ਭਾਵੇਂ ਇਸ ਦਾ ਇੱਕ ਅੰਗ ਹੀ ਜ਼ਾਹਰ ਹੋਵੇ, ਪਰ ਵਿਸਮਾਦ ਅਕਾਲ ਫ਼ਤਹ ਦੀ ਪੂਰਨਤਾ ਵਿੱਚ ਗੜੂੰਦ ਰਹੱਸ ਹੈ। ਬਿਪਰ ਸੰਸਕਾਰ ਇਸ ਦੀ ਪ੍ਰਤੀਤੀ ਨਹੀਂ ਦਿੰਦਾ, ਕਿਉਂਕਿ ਵਿਸਮਾਦ ਦੀ ਇਹ ਪ੍ਰਤੀਤੀ ਸਮੇਂ ਤੇ ਸਥਾਨ ਦੀਆਂ ਲਕੀਰਾਂ ਤੋਂ ਪਰ੍ਹੇ ਹੈ। ਵਿਸਮਾਦ ਵਿੱਚ ਕੁੱਝ ਵੀ ਪਥਰਾਇਆ ਨਹੀਂ, ਤੇ ਨਾ ਇਹ ਪੂਰਨਤਾ ਨੂੰ ਇਕਾਈਆਂ ਚ ਖੰਡਿਤ ਹੀ ਕਰਦਾ ਹੈ। ਖ਼ਾਲਸਾ ਦ੍ਰਿਸ਼ਟੀ ਬਿਪਰ ਸੰਸਕਾਰ ਦਾ ਸੱਚ ਪ੍ਰਾਪਤੀ ਦੇ ਸਾਧਨਾਂ ਤੇ ਸੱਚ-ਪ੍ਰਾਪਤ ਦ੍ਰਿਸ਼ ਦੀ ਸਾਬਤੀ ਨੂੰ ਇਕਾਈਆਂ ਚ ਖੰਡਿਤ ਕਰਨ ਦੇ ਝੁਕਾ ਦੀ ਅਲੋਚਨਾ ਕਰਦੀ ਹੈ। ਬਿਪਰ ਸੰਸਕਾਰ ਸੂਖਮ ਧਿਆਨ ਤੋਂ ਖਰ੍ਹਵੇਂ ਕਾਰ-ਵਿਹਾਰ ਤੱਕ ਨਿਰੰਤਰ ਗੁਣਾ ਹੁੰਦਾ ਹੁੰਦਾ ਲਘੂ ਇਕਾਈਆਂ ਦਾ ਪ੍ਰਸਾਰ ਕਰਦਾ ਹੈ। ਇਨ੍ਹਾਂ ਇਕਾਈਆਂ ਵਿੱਚ ਦਾਰਸ਼ਨਿਕ ਪ੍ਰਬੰਧਾਂ ਦੀ ਬਹੁ-ਗਿਣਤੀ ਤੋਂ ਲੈ ਕੇ ਕਾਰ-ਵਿਹਾਰੀ ਵਿਧੀਆਂ ਤੱਕ ਸਭ ਪਸਾਰਾ ਆ ਜਾਂਦਾ ਹੈ, ਪਰ ‘ਅਸਲ’ ਵਿੱਚ ਗੁਆਚਿਆ ਹੀ ਰਹਿੰਦਾ ਹੈ। ਮਸਲਨ, ਰਾਮ ਇੱਕ ਹੈ, ਕ੍ਰਿਸ਼ਨ ਇੱਕ ਹੈ, ਪਰ ਬਿਪਰ ਸੰਸਕਾਰ ਨੇ ਉਨ੍ਹਾਂ ਨੂੰ ਵਿਅਰਥ ਇਕਾਈਆਂ ਚ ਧੂਹ ਲਿਆਂਦਾ ਹੈ। ਉਨ੍ਹਾਂ ਦੀ ਹਸਤੀ ਦਾ ਨੁਕਤਾ ‘ਨਿਰਭਉ ਨਿਰੰਕਾਰ ਏਕ’ ਦੀ ਪੂਰਨਤਾ ਤੋਂ ਲਾਂਭੇ ਚਲਾ ਗਿਆ। ਮੁਕਦੀ ਗੱਲ, ਹਿੰਦੂ ਅੰਤਰ-ਦ੍ਰਿਸ਼ਟੀ ‘ਅਸਲ’ ਦੀ ਚਾਲ ਤੋਂ ਬਿਪਰ ਸੰਸਕਾਰ ਦੁਆਰਾ ਥਿੜਕ ਕੇ ਸਵਾਂਗ ( Parody) ਧਾਰਨ ਕਰ ਬੈਠੀ ਹੈ। ਸਵਾਂਗ ਹੀ ਬੁੱਤ ਹੈ, ਜਿਵੇਂ ਦੁਸਹਿਰੇ ਤੇ ਰਾਵਨ ਦੇ ਬੁੱਤ ਦੀ ਪ੍ਰਦਰਸ਼ਣੀ। ਇਉਂ, ਰਾਸ-ਲੀਲ੍ਹਾ ਡਰਾਉਣੀ ਨਕਲ-ਰਸ ਹੀ ਹੈ, ਜੋ ਅਚੰਭਾ-ਰਸ ਵਿਚੋਂ ਉਪਜੇ ਜੜ੍ਹ-ਇਸ਼ਟਾਂ ਦਾ ਹੀ ਰੂਪ ਹੈ।

(4) ਅਧਿਆਤਮਕ ਉਡਾਣ ਦੁਨਿਆਵੀ ਸੋਚਣੀ ਦੇ ਆਸਮਾਨ ਵਿਚ: ਬਿਪਰ ਸੰਸਕਾਰ ਰੂਹਾਨੀ ਸੱਚ ਨੂੰ ਪਦਾਰਥਕ ਇੱਛਾ ਦੀ ਸੇਧ ਵਿੱਚ ਤੋਰਦਾ ਹੈ। ਜਿਸ ਦਾ ਅਸਰ ਅਮਲੀ ਜੀਵਨ ਦੇ ਸਮੁਚੇ ਪ੍ਰਬੰਧ ਤੇ ਸਿੱਧਾ ਪੈਂਦਾ ਹੈ, ਤੇ ਧਰਮ ਦੀ ਹਰ ਗਹਿਰਾਈ ਤੇ ਦਿਸ਼ਾ ਨੂੰ ਆਪਣੀ ਲਪੇਟ ਵਿੱਚ ਵਲ਼ ਲੈਂਦਾ ਹੈ। ਦੂਜਾ, ਬਿਪਰ ਸੰਸਕਾਰ ਆਤਮਕ ਚੌਖਟੇ ਵਿੱਚ ਵਪਾਰਕ ਸੋਚਣੀ ਦੀਆਂ ਕਰੂਪ ਸ਼ਕਲਾਂ ਬਣਾਉਂਦਾ, ਪਦਾਰਥਕ ਚਾਲ ਵਿੱਚ ਰੱਬੀ ਪਰਵਾਨਗੀ ਮੰਗਦਾ, ਧਾਰਮਕ ਰੰਗ ਮੰਚ ਉਤੇ ਸੁਆਰਥ ਤੇ ਇੱਛਾ ਦਾ ਸਵਾਂਗ ਬੁਣਦਾ ਹੈ, ਭਾਵ ਨਕਲ ਰਚਨਾ ਦਾ ਦ੍ਰਿੜ੍ਹ ਉਪਾਸ਼ਕ ਹੈ। ਬਿਪਰ ਸੰਸਕਾਰ ਦੇ ਮਜ਼ਬੂਤ ਨਕਲੀ ਧਰਮ ਚੌਖਟੇ ਵਿੱਚ ਧਰਮ ਦੀ ਹਰ ਚੀਜ਼ ਹੈ। ਇਸ ਦੀ ਸਾਧਨਾ ਤੇ ਭਾਵਨਾ ਵਿੱਚ ਧਰਮ ਦੇ ਸਾਰੇ ਰੂਹਾਨੀ ਤਰੀਕੇ ਵਰਤੇ ਗਏ ਹਨ। ਗਿਆਨ ਧਿਆਨ ਦੀ ਕਿਸੇ ਰਮਜ਼ ਨੂੰ ਭੁਲਾਇਆ ਨਹੀਂ, ਜਿਸ ਕਰਕੇ ਸੁਰਤਿ ਸੁਆਰਥ ਦੀ ਇੱਛਾ ਤੋਂ ਕਦੇ ਵੀ ਮੁਕਤ ਨਹੀਂ ਹੁੰਦੀ। ਬਿਪਰ ਸੰਸਕਾਰ ਖ਼ਾਲਸ ਕੁਦਰਤ ਨੂੰ ਵੇਖਣ ਨਹੀਂ ਦਿੰਦਾ, ਸਗੋਂ ਉਸ ਦੀ ਸ਼ੁਧ ਡੂੰਘੀ ਹੋਂਦ ਨੂੰ ਕਈ ਤੈਹਾਂ ਹੇਠ ਲੁਕੋ ਦਿੰਦਾ ਹੈ। ਬਿਪਰ ਸੰਸਕਾਰ ਅਕਾਲ ਫ਼ਤਹ ਦੀ ਪੈਗ਼ੰਬਰੀ ਬਜ਼ੁਰਗੀ ਤਿਆਗ ਕੇ ਚੁਸਤ ਵਿਧੀਆਂ, ਦਿਮਾਗੀ ਘੁੰਤਰਬਾਜ਼ੀਆਂ ਤੇ ਸਰੀਰ ਨਾਲ ਸੰਬੰਧਤ ਚਲਾਕ ਬਣਤਰਾਂ, ਪੁਰਾਤਨਤਾ ਦੇ ਦਾਅਵਿਆਂ ਤੇ ਧਾਰਮਿਕ ਮੁਹਾਵਰੇ ਵਾਲੀਆਂ ਸੁਪਨਮਈ ਤ੍ਰਿਸ਼ਨਾਵਾਂ ਦੀਆਂ ਗਿਣਤੀਆਂ ਦੇ ਭੈਅ ਉਪਜਾਉਂਦਾ ਆਪਣੀ ਹਸਤੀ (ਹਉਂ) ਦਾ ਸਬੂਤ ਦਿੰਦਾ ਹੈ। ਬਿਪਰ ਸੰਸਕਾਰ ਦਾ ਇਹ ਸੁਭਾਅ ਧਰਮ ਨੂੰ ਗਿਰਾਵਟ ਦੇ ਸੰਚਿਆਂ ਵਿੱਚ ਅਜਿਹਾ ਬੰਦ ਕਰਦਾ ਹੈ ਕਿ ਬਿਪਰ ਸੰਸਕਾਰ ਦੀ ਸਮੁਚੀ ਹਰਕਤ ਖਰ੍ਹਵੀਆਂ ਪਦਾਰਥਕ ਵਿਧੀਆਂ ਦੀ ਅਕੇਵੇਂ ਭਰੀ ਦੁਹਰਾਈ ਬਣ ਕੇ ਰਹਿ ਜਾਂਦੀ ਹੈ। ਇਸ ਅਵਸਥਾ ਉਤੇ ਪਹੁੰਚ ਕੇ ਮਨੂ ਜੀ ਸ੍ਰਾਧ ਦੀ ਪੂਰਨਤਾ ਦਾ ਸੰਕਲਪ ਦੇਣ ਲਈ ਸਰੀਰਕ ਇੱਛਾਵਾਂ ਦੀਆਂ ਗਿਣਤੀਆਂ ਦਾ ਸਹਾਰਾ ਲੈਂਦੇ ਹਨ:

ਸ਼੍ਰਾਧ ਵਿੱਚ ਹਰਣ ਦਾ ਮਾਸ ਦੇਣ ਨਾਲ ਪਿਤਰਾਂ ਦੇ ਤਿੰਨ ਮਹੀਨੇ ਲੰਘਦੇ ਹਨ……………. ਅਤੇ ਝੋਟੇ ਤੇ ਸੂਰ ਦਾ ਮਾਸ ਦੇਣ ਨਾਲ ਪਿਤਰਾਂ ਦਾ ਨਿਰਬਾਹ ਦਸ ਮਹੀਨੇ ਤੱਕ ਹੁੰਦਾ ਹੈ। (ਮਨੂ ਦੇ ਕਨੂੰਨ, ‘ਪਵਿੱਤਰ ਕਿਤਾਬਾਂ’, ਪ੍ਰੋ. ਮਹਿਬੂਬ 1988)

ਇਉਂ, ਬਿਪਰ ਸੰਸਕਾਰ ਆਤਮਾ ਦੀ ਚਿਰੰਜੀਵ ਆਭਾ ਦੀ ਅੰਤਰ-ਦ੍ਰਿਸ਼ਟੀ (ਜ਼ਾਤੀ, ਕੌਮੀ, ਇਨਸਾਨੀ) ਵਿੱਚ ਵਕਤੀ ਚੀਜ਼ਾਂ ਦੀ ਸਰੀਰਕ ਤ੍ਰਿਸ਼ਨਾ ਦਾ ਬੀਜ ਸੁੱਟ ਕੇ ਤੇ ਇੰਞ ਉਸ ਨੂੰ ਕੰਮਜ਼ੋਰ ਕਰਕੇ ਚੇਤਨਾ ਦੀ ਛੋਟੀ ਪਰਵਾਜ਼ ਵਿੱਚ ਲੈ ਆਉਂਦਾ ਹੈ। ਭਾਵੇਂ ਖ਼ਾਲਸਾ ਦ੍ਰਿਸ਼ਟੀ ਨੇ ਕੁਲ ਹਿੰਦੂ ਦਰਸ਼ਨ, ਪੁਰਾਣ ਤੇ ਇਤਿਹਾਸ ਵਿੱਚ ਅਤਿ ਸੁਹਿਰਦਤਾ ਸਹਿਤ ਦੈਵੀ ਅੰਸ਼ਾਂ ਦਾ ਹੋਣਾ ਮੰਨਿਆ ਹੈ, ਪਰ ਨਾਲ਼ ਹੀ ਇਨ੍ਹਾ ਵਿੱਚ ਕਿਸੇ ਬਿਨਸਨਹਾਰ ਅੰਸ਼ ਦੀ ਮਿਲਾਵਟ ਦੇ ਹੋਣ ਉਤੇ ਵੀ ਖਾਸ ਜ਼ੋਰ ਦਿੱਤਾ ਹੈ। ਭਾਵ, ਜੀਵਨ ਦੀ ਮੌਲਿਕ ਤਾਜ਼ਗੀ ਨੂੰ ਤੋੜ ਸੁੱਟਣ ਵਾਲੇ, ਇਸ ਧਰਮ ਦੀ ਪਹਿਲ-ਤਾਜ਼ਗੀ ਦੇ ਦੁਸ਼ਮਣ, ਅਤੇ ਇਸ ਦੇ ਸੰਪੂਰਨ ਜਲਵੇ ਦੀ ਸਦੀਵੀ ਮੰਗ ਨੂੰ ਭੁਲਾ ਦੇਣ ਵਾਲੇ ਬੇ-ਥਵੇ ਅੰਸ਼। ਹਿੰਦੂ ਧਰਮ-ਗ੍ਰੰਥਾਂ ਦੀ ਨੀਂਹ ਵਿੱਚ ਬਹੁਤ ਕੁੱਝ ਨਕਲੀ, ਬਣਾਵਟੀ ਤੇ ਨਿਰਜਿੰਦ ਹੈ। ਇਸ ਲਈ ਖ਼ਾਲਸਾ ਦ੍ਰਿਸ਼ਟੀ ਹਿੰਦੂ ਧਰਮ ਦੇ ਦੈਵੀ ਪ੍ਰਬੰਧ ਦੀ ਹੋਂਦ ਤੋਂ ਮੁਨਕਰ ਨਹੀਂ, ਪਰ ਇਸ ਨੂੰ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਵਿੱਚ ਮਿੱਥਦੀ ਹੈ, ਕਿਉਂਕਿ ਉਸ ਦੀ ਨੀਂਹ ਕੱਚੀ ਹੈ, ਆਤਮਕ ਤ੍ਰਿਖਾ ਵਿੱਚ ਨਾਸਵੰਤ ਸਰੀਰਕ ਇੱਛਾਵਾਂ ਦੀ ਭਾਰੀ ਮਿਲਾਵਟ ਹੈ: ਭਰਮੇ ਸੁਰ ਨਰ ਦੇਵੀ ਦੇਵਾ॥ (ਗਉੜੀ ਮ: 5)।

(5) ਉੱਚੇ ਖ਼ਿਆਲ ਦੀ ਨਕਲ ਬਾਹਰਮੁਖੀ ਸ਼ਕਲਾਂ ਵਿਚ: ਬਿਪਰ ਸੰਸਕਾਰ ਉਚੇ ਖ਼ਿਆਲ ਦੇ ਨਜ਼ਾਮ ਨੂੰ ਉਘੜ ਦੁਘੜੀਆਂ ਸਰੀਰੀ ਸ਼ਕਲਾਂ ਵਿੱਚ ਪਲਟਾਉਂਦਾ ਹੈ। ਮਜ਼੍ਹਬ ਦੇ ਉਚੇ ਖ਼ਿਆਲ ਦਾ ਨਜ਼ਾਮ ਕੋਮਲ ਮਨੁਖੀ ਵਲਵਲਿਆਂ ਚੋਂ ਉਠਦੀਆਂ ਅਧਿਆਤਮਕ ਰਮਜ਼ਾਂ ਰਾਹੀਂ ਚਲਦਾ ਹੈ, ਜਿਨ੍ਹਾਂ ਵਿੱਚ ਦਾਰਸ਼ਨਿਕ ਗੰਭੀਰਤਾ ਤੇ ਕਮਾਲ ਦੀ ਤਰਤੀਬ ਹੁੰਦੀ ਹੈ। ਅਧਿਆਤਮਕ ਰਮਜ਼ਾਂ ਦੀ ਬਰੀਕੀ ਜ਼ਿੰਦਗੀ ਦੇ ਹਰ ਸੁਹਜਮਈ ਪਲ ਦੀ ਜਾਣਕਾਰ ਹੁੰਦੀ ਹੈ, ਤੇ ਲਗਾਤਾਰ ਜ਼ਿੰਦਗੀ ਵਿੱਚ ਅੰਤਮ ਅਸਲੀਅਤ ਦਾ ਸੰਚਾਰ ਕਰਦੀ ਹੈ। ਇਹ ਅਧਿਆਤਮਕ ਰਮਜ਼ਾਂ ਜ਼ਿੰਦਗੀ ਨੂੰ ਸੂਖਮਤਾ ਦੇ ਧਰਾਤਲ ਤੋਂ ਉਤਰਣ ਨਹੀਂ ਦਿੰਦੀਆਂ। ਬਿਪਰ ਸੰਸਕਾਰ ਪਹਿਲਾਂ ਇਨ੍ਹਾਂ ਅਧਿਆਤਮਕ ਰਮਜ਼ਾਂ ਦੀ ਤਰਲ ਵਿਸ਼ਾਲਤਾ ਨੂੰ ਮੱਧਮ ਕਰਕੇ ਫੇਰ ਉਚੇ ਖ਼ਿਆਲ ਦੇ ਨਜ਼ਾਮ ਦੀ ਹਰ ਸੂਖਮ ਹੋਂਦ ਨੂੰ ਖਰ੍ਹਵੀਂ ਮੂਰਤ ਵਿੱਚ ਪਲਟਣ ਦੇ ਰਾਹ ਪਾਉਂਦਾ ਹੈ, ਜਿਥੋਂ ਉਚੀ ਸੁਰਤਿ ਦੇ ਥਾਂ ਅਕੇਵੇਂ-ਭਰੇ ਆਕਾਰਾਂ ਉਤੇ ਠਹਿਰਣ ਵਾਲੀ ਦ੍ਰਿਸ਼ਟੀ ਜਨਮ ਲੈਂਦੀ ਹੈ। ਭਾਵ, ਇਹ ਨੀਵੀਂ ਦ੍ਰਿਸ਼ਟੀ, (ਨੀਂਵਾਂ ਨਜ਼ਰੀਆ) ਉਚੇ ਖ਼ਿਆਲ ਦੇ ਨਿਜ਼ਾਮ ਦੀਆਂ ਸਮੇਂ-ਸਥਾਨ ਨਾਲ ਬੰਨ੍ਹੀਆਂ ਬਾਹਰਮੁਖੀ ਦਿਸ਼ਾਗਤੀਆਂ ਦੀ ਨਕਲ ਕਰਦੀ ਹੈ, ਜਦੋਂ ਦੈਵੀ ਜ਼ਿੰਦਗੀ ਵਿੱਚ ਉਚੇ ਨਿਯਮਾਂ ਦੇ ਬੇਜਾਨ ਸਾਂਚੇ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਉਂ, ਉਚੇ ਖ਼ਿਆਲ ਦੀ ਬੇਰਸ ਨਕਲ ਸਧਾਰਣ ਜੀਵਨ ਦੇ ਪੱਧਰ ਉਤੇ ਆ ਕੇ ਆਪਣਾ ਕਬਜ਼ਾ ਜਮਾਉਂਦੀ, ਇਨਸਾਨ ਦੇ ਸਦੀਵੀ ਹੱਕਾਂ ਉਤੇ ਮਾਰ ਕਰਦੀ ਹੈ। ਦੂਜਾ, ਬਿਪਰ ਸੰਸਕਾਰ ‘ਗਲਾ ਆਕਾਸ ਕੀ’ (ਜਪੁਜੀ) ਦੀ ਅਪਹੁੰਚ ਬਜ਼ੁਰਗੀ ਭੁਲਾ ਕੇ, ਜ਼ਿੰਦਗੀ ਦੇ ਸੁਹਜ-ਪ੍ਰਬੰਧ ਨੂੰ ਬੇ-ਮਤਲਬ ਖਾਲੀਪਣ ਦੀ ਖੁਸ਼ਕੀ ਨਾਲ ਭਰ ਦਿੰਦਾ ਹੈ। ਇਸ ਧਰਾਤਲ ਤੇ ਅਰਥਹੀਣਤਾ ਪਰਧਾਨ ਰਹਿੰਦੀ ਹੈ ਜਿਸ ਵਿਚੋਂ ਉਚੇ ਖ਼ਿਆਲ ਦੇ ਪਿੰਜਰ ਮਨੁਖ ਦੇ ਪੂਜ-ਇਸ਼ਟ ਬਣ ਕੇ ਪ੍ਰਫੁਲਤ ਹੁੰਦੇ ਹਨ। ਪ੍ਰੋ. ਮਹਿਬੂਬ ਦਸਦੇ ਹਨ ਕਿ “ਆਪਣੀ ਅਤਿ ਨਖਿੱਧ ਅਵੱਸਥਾ ਵਿੱਚ ਬਿਪਰ-ਸੰਸਕਾਰ ਸਿਮਰਣ, ਦੁਆ, ਸਜਦੇ, ਅਤੇ ਸਿਦਕ ਦੀਆਂ ਇਲਾਹੀ ਸ਼ਕਲਾਂ ਨੂੰ ਸਰੀਰਕ ਕਸਰਤਾਂ ਅਤੇ ਪਸ਼ੂ-ਮਦ੍ਰਾਵਾਂ ਬਣਾ ਦਿੰਦਾ ਹੈ” (1988: 662)। ਏਨੀ ਹੇਠਾਂ ਡਿਗੀ ਜਾਂ ਇਸ ਨਿਘਰੀ ਅਵਸਥਾ ਦੀ ਅਰਥਹੀਣਤਾ ਦਾ ਸਹੀ ਤਾਤਪਰਜ ਹੈ ਕਿ ਪਉਨਹਾਰੀ, ਤਿਆਗੀ (ਜੋਗੀ) ਤੇ ਕਾਮ-ਸੰਜਮੀ (ਬ੍ਰਹਮਚਾਰੀ) ਜੇ ‘ਅਸਲ’ ਦੇ ਕੇਂਦਰ ਨਾਲ ਨਹੀਂ ਚਲ ਰਹੇ, ਤਾਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਆਮ ਤੇ ਤੁੱਛ ਜੇਹੀ ਹੀ ਹੈ। ਫਰਕ ਸਿਰਫ ਸਮੁਚੀ ਹੋਂਦ ਦੇ ਉਚੇ ਖ਼ਿਆਲ ਦੇ ‘ਅਸਲ’ ਜਾਂ ‘ਨਕਲ’ ਨਾਲ ਜੁੜੇ ਹੋਣ ਉਤੇ ਪੈਂਦਾ ਹੈ। ਜਿਵੇਂ ਮੰਤ੍ਰਾਂ ਨਾਲ ਪੈਦਾ ਕੀਤੀ ਸ੍ਰਿਸ਼ਟੀ ਕਿੰਨੀ ਵੀ ਅਲੌਕਿਕ ਹੋਵੇ, ਆਪਣੇ ਅੰਤਮ ਅਰਥਾਂ ਵਿੱਚ ਉਹ ਸਵਾਂਗੀ ਜਗਤ ਦਾ ਇੱਕ ਝੂਠਾ ਚਿਤ੍ਰ ਹੀ ਹੋ ਨਿਬੜਦੀ ਹੈ। ਤੀਜਾ, ਇਹ ਤਪ, ਕਠਨ ਸਾਧਨਾ ਚੋਂ ਉਪਜੇ ਕ੍ਰਿਸ਼ਮੇ ਹਉਮੈ ਦੀ ਸੀਮਾ ਨਹੀਂ ਲੰਘਦੇ: ਮੁਕਦੀ ਗੱਲ, ਜੇ ਇਹ ਕ੍ਰਿਸ਼ਮੇ ਉਚੇ ਨਿਜ਼ਾਮ ਨੂੰ ਧਾਰਨ ਨਹੀਂ ਕਰਦੇ ਤਾਂ ਬਿਪਰ ਸੰਸਕਾਰ ਦੇ ਛੇ ਰੂਪਾਂ ਚ ਵਟ ਜਾਂਦੇ ਹਨ: ਅਰਥਹੀਣਤਾ, ਬੇਡੌਲਤਾ, ਰੋਗੀ ਦੁਹਰਾਈ, ਖਰ੍ਹਵੀਆਂ ਸੁਹਜਹੀਣ ਖੇਡਾਂ, ਖੁਸ਼ਕ ਬੇ-ਤਰਤੀਬੀ ਤੇ ਅਕੇਵੇਂ ਭਰੀ ਥਕਾਵਟ।

(6) ਸ੍ਰਿਸ਼ਟੀ ਦੇ ਜੜ੍ਹ ਅਤੇ ਘੱਟ ਚੇਤਨ ਪੱਧਰ ਉਤੇ:- ਬਿਪਰ ਸੰਸਕਾਰ ਪਹਿਲਾਂ ਮਨੁਖ ਦੇ ਅਦੁਤੀ ਨੂਰੀ ਆਪੇ ਦੀ ਸਾਂਝ ਪਦਾਰਥ (ਪ੍ਰਕ੍ਰਿਤੀ) ਨਾਲ ਪਵਾ ਕੇ ਅਨੁਭਵ ਦੀ ਮਧੁਰ ਥਰਥਰਾਹਟ ਨੂੰ ਜੜ੍ਹ-ਅਲਹਿਦਗੀ ਵਾਲੀਆਂ ਚੀਜ਼ਾਂ (ਮੁਦ੍ਰਾਵਾਂ) ਵਿੱਚ ਯੱਖ ਕਰਦਾ ਹੈ ਭਾਵ, ਮਨੁਖ ਦਾ ਸੂਖਮ ਅਨਭਵ ਮੂਰਛਿਤ (ਬੇਹੋਸ਼) ਹੋ ਕੇ ਜੜ੍ਹ-ਚੇਤਨਾ ਅਖਤਿਆਰ ਕਰਦਾ ਹੈ। ਨਤੀਜੇ ਵਜੋਂ, ਸਮੁਚੀ ਜੀਵਨ-ਚਾਲ ਚੋਂ ਪਹਿਲ-ਤੀਬਰਤਾ ਗੁਆਚ ਜਾਂਦੀ ਹੈ ਤੇ ਸੁਰਤਿ, ਖ਼ਿਆਲ, ਚੇਤਨਾ, ਸਦਾਚਾਰ ਆਦਿ ਪਹਿਲਾਂ ਘੱਟ-ਚੇਤਨ ਫੇਰ ਮ੍ਰਿਤ ਹੋ ਜਾਂਦੇ ਹਨ। ਜੀਵਨ ਦਾ ਸੁਹਜ ਬਿਲਕੁਲ ਵਿਗੜ ਜਾਂਦਾ ਹੈ। ਸਿਮਰਣ ਤੇ ਦੁਆ ਪਸ਼ੂ-ਮੁਦ੍ਰਾਵਾਂ ਦੇ ਚੱਕਰਾਂ ਚ ਪੈ ਜਾਂਦੇ ਹਨ। ਪਸ਼ੂ-ਮੁਦ੍ਰਾਵਾਂ ਆਪਣੇ ਚਾਲ-ਅਨੁਸਾਰੀ ਇਸ਼ਟ ਸਾਜਦੀਆਂ ਹਨ, ਜਿਵੇਂ ਗਊ, ਸਰਪ, ਪੰਛੀ, ਪਸ਼ੂ, ਪੱਥਰ, ਲਿੰਗ ਆਦਿ ਦੀ ਪੂਜਾ। ਭਾਵ, ਸਿਮਰਣ-ਜਗਤ ਦੀ ਹਰ ਨਾਜ਼ਕ ਤਰਬ ਨੂੰ ਬਿਪਰ ਸੰਸਕਾਰ ਮੂਰਖ ਪਸ਼ੂ-ਜਗਤ ਦੇ ਪੱਧਰ ਤੇ ਲੈ ਆੳਂਦੀ ਹੈ (ਕਬਿੱਤ 71-74, ਅਕਾਲ ਉਸਤਤਿ), ਜਿਵੇਂ ਰਿਸ਼ੀਆਂ ਦੇ ਵੀਰਜ ਨਾਲ ਸੱਪਣੀਆਂ ਨੂੰ ਗਰਭ ਹੋਏ, ਸੱਪਣੀਆਂ ਦੇ ਪੁੱਤਰ ਰਿਸ਼ੀ ਬਣੇ ਆਦਿ। ਰੱਬੀ ਸਿਮਰਨ ਜੜ੍ਹ-ਚਿਹਨ ਚੱਕਰਾਂ ਦੀ ਗ਼ੁਲਾਮੀ ਕਰਦਾ ਹੈ, ਬਿਪਰ ਸੰਸਕਾਰ ਦੀ ਮਿਹਰ ਸਦਕਾ।

(7) ਤਰਤੀਬ, ਪ੍ਰਬੰਧ ਅਤੇ ਸੇਧ ਦੀ ਅਣਹੋਂਦ:- ਪਸ਼ੂ-ਪੂਜਾ ਤੇ ਸਿਮਰਨ ਦੇ ਰਲਗੱਡ ਹੋਣ ਨਾਲ ਹਿੰਦੂ ਧਰਮ ਕੋਲ ਸਾਫ ਤਰਤੀਬ ਦੀ ਖ਼ੂਬਸੂਰਤੀ ਨਾ ਰਹੀ। ਉਚੀ ਸੁਰਤਿ ਅਤੇ ਪਰਤੱਖ ਜਗਤ ਦੋਂਹਾਂ ਦਾ ਤਾਲ-ਮੇਲ ਨਾ ਰਿਹਾ। ਖ਼ਿਆਲ ਅਤੇ ਕਲਪਨਾ ਚੀਜ਼ਾਂ ਦੀ ਪਹਿਲ-ਤਾਜ਼ਗੀ ਤੱਕਣ ਤੋਂ ਅਸਮਰਥ ਹੋ ਗਏ। ਨਿਰਾਕਾਰ ਪ੍ਰਬੰਧ ਮਨੁੱਖ ਦੇ ਸੁਹਜ ਵਲਵਲੇ ਤੋਂ ਬਾਂਝ ਹੋ ਗਿਆ। ਇਲਾਹੀ ਬਖ਼ਸ਼ਿਸ਼ ਦੇ ਅਖੰਡ ਖ਼ਜ਼ਾਨੇ ਉਤੇ ਨਿਗਾਹ ਨਾ ਰਹੀ, ਜੇ ਕਿਤੇ ਰਹੀ ਵੀ, ਤਾਂ ਉਸ ਨਿਗਾਹ ਨੇ ਮੌਲਿਕ ਦ੍ਰਿਸ਼ਟੀ ਵਾਲਾ ਕੋਈ ਪ੍ਰਬੰਧ ਸਥਾਪਤ ਨਾ ਕੀਤਾ। ਬਿਪਰ ਸੰਸਕਾਰੀ ਜੜ੍ਹ-ਇਕਾਈਆਂ ਦੀ ਜਗਾਈ ਤ੍ਰਿਸ਼ਨਾ ਕੋਲ ਤੁੱਛ-ਵਿਰੋਧਾਂ ਤੋਂ ਮੁਕਤ ਤੇ ਨਿਰੰਤਰ ਤਰਲਤਾ ਰੱਖਣ ਵਾਲੇ ਕਿਸੇ ਪ੍ਰਬੰਧ ਨੂੰ ਸਿਰਜਣ ਦਾ ਬਲ ਨਹੀਂ ਸੀ, ਸਗੋਂ ਉਚੀ ਸੁਰਤਿ ਨੂੰ ਤੋੜ-ਮਰੋੜ ਸੁੱਟਣ ਵਾਲੇ ਬੁੱਤਾਂ ਦੀ ਭਰਮਾਰ ਸੀ:

ਖ਼ਾਲਸਾ ਦ੍ਰਿਸ਼ਟੀ ਦੁਆਰਾ ਹੋਈ ਉਪਰੋਕਤ ਬਹਿਸ ਤੋਂ ਨਤੀਜਾ ਨਿਕਲਿਆ ਕਿ ਬਿਪਰ ਸੰਸਕਾਰ ਨੇ ਹਿੰਦੂ ਧਰਮ ਨੂੰ (ਬਾਵਜੂਦ ਵੱਡੇ ਫੈਲਾਉ, ਬਹੁ-ਗਿਣਤੀ, ਤੇ ਫਲਸਫਈ ਗਹਿਰਾਈਆਂ ਦੇ) ਪੂਰਨ-ਪ੍ਰਫੁੱਲਤ ਪਦਵੀ ਉਤੇ ਨਾ ਪਹੁੰਚਣ ਦਿੱਤਾ। ਚਾਰ ਪੱਖਾਂ ਦੇ ਪਖੋਂ ਇਉਂ ਹਿੰਦੂ ਧਰਮ ਦਾ ਅਧੂਰਾਪਨ ਤੇ ਉਸ ਉਪਰ ਪਏ ਮਾਰੂ ਅਸਰਾਂ ਦਾ ਖੁਲਾਸਾ ਖ਼ਾਲਸਾ ਦ੍ਰਿਸ਼ਟੀ ਰਾਹੀਂ ਧਰਮ ਦੀਆਂ ਇਨ੍ਹਾਂ ਚਾਰ ਧੁਜਾਂ ਜਾਂ ਧੁਰਿਆਂ ਰਾਹੀਂ ਖੁਲ੍ਹਦਾ ਹੈ: (ੳ) ਪੈਗ਼ੰਬਰੀ ਹਸਤੀ ਦੀ ਪੂਰਨਤਾ; (ਅ) ਕੇਂਦਰੀ ਧਰਮ-ਗ੍ਰੰਥ; (ੲ) ਪੁਰਾਣਕ ਸੁਘੜਤਾ; (ਸ) ਜੀਵਨ-ਤਰਜ਼ ਜਾਂ ਰੋਜ਼ਾਨਾ ਅਮਲੀ ਜੀਵਨ ਵਿੱਚ ਸਫਾਈ ਤੇ ਸੁਹਜ।

(ੳ) ਖ਼ਾਲਸਾ ਦ੍ਰਿਸ਼ਟੀ, ਇੱਕ ਤਾਂ, ਹਿੰਦੂ ਧਰਮ ਵਿੱਚ ਕਿਸੇ ਸਾਬਤ ਪੈਗ਼ੰਬਰ ਦੀ ਹਸਤੀ ਨੂੰ ਪਰਵਾਨ ਨਹੀਂ ਕਰਦੀ। ਹਿੰਦੂ ਅਵਤਾਰ (ਪੈਗ਼ੰਬਰੀ ਸ਼ਾਨ ਵਿਹੂਣੇ) ਤੇ ਹਿੰਦੂ ਦੇਵਤੇ (ਰੱਬੀ ਇਕਾਈਆਂ) ਇਨ੍ਹਾਂ ਸੱਤ ਕਾਰਨਾਂ ਕਰਕੇ ਪੂਰਨ ਨਹੀਂ ਹਨ, ਕਿਉਂਕਿ (1) ਉਹ ਲੋੜੀਂਦੀ ਦਾਰਸ਼ਨਿਕ ਪਕਿਆਈ ਤੋਂ ਹੀਣੇ ਹਨ; (2) ਉਨ੍ਹਾਂ ਦਾ ਕਲਿਆਣ ਪੱਥ ਹਰ ਮਨੁਖ ਲਈ ਖੁਲ਼੍ਹਾ ਨਹੀਂ; (3) ਉਹ ਇਤਿਹਾਸ ਵਿੱਚ ਰੱਬੀ ਹੱਦਾਂ ਨਿਸਚਿਤ ਨਹੀਂ ਕਰ ਸਕੇ; (4) ਉਹ ਇਤਿਹਾਸ ਨੂੰ ਆਪਣੇ ਅਮਲ ਵਿਚੋਂ ਪੈਦਾ ਹੋਣ ਵਾਲੀ ਨੈਤਿਕਤਾ ਵਿੱਚ ਜਜ਼ਬ ਨਹੀਂ ਕਰ ਸਕੇ; (5) ਉਹ ਰੱਬੀ ਖਿਚਾਂ ਦੇ ਪ੍ਰਭਾਵਾਂ ਨੂੰ ਅਨੁਭਵ ਕਰਕੇ ਵੀ “ਹਉਮੈ ਨਾਲ ਇਕਸੁਰ ਹੋਈ ਅਕਲ ਦੀ ਗ਼ੁਲਾਮੀ” ਕਰਨੋਂ ਸੰਕੋਚ ਨਹੀਂ ਕਰਦੇ; (6) ਉਹ ਅਲ਼ੌਕਿਕ (ਜੱਗੋਂ ਬਾਹਰੀ) ਚਮਤਕਾਰਾਂ ਦੀਆਂ ਇਕਾਈਆਂ (ਪੁਰਾਣਿਕ ਕਹਾਣੀਆਂ, ਸਰੀਰ-ਅਨੁਸ਼ਾਸਨ ਨਾਲ ਸੰਬੰਧਿਤ ਜੋਗ (ਜਿਵੇਂ ਅਜ ਕਲ੍ਹ ਹਿੰਦੂ, ਰਾਮ ਦੇਵ ਦੀ ਰੀਸੀ ਸਿੱਖ ਵੀ ਵਰਜਿਸ਼ ਦੇ ਨਾਂ ਹੇਠ ਜੋਗ-ਆਸਣਾਂ ਦੀਆਂ ਕਸਰਤਾਂ ਕਰਦੇ ਹਨ), ਕ੍ਰਿਸ਼ਮੇ, ਟੂਣੇ, ਜੋਤਸ਼ ਆਦਿ) ਨਾਲ ਖੇਡਦੇ ਹਨ, ਪਰ ਰੱਬੀ ਹੁਕਮ ਅਤੇ ਬਖ਼ਸ਼ਿਸ਼ (ਕਰਮ) ਦੀ ਸਲਤਨਤ (ਬੇਗ਼ਮਪੁਰੇ) ਦੇ ਸ਼ਹਿਰੀ ਨਹੀਂ ਬਣੇ; (7) ਉਨ੍ਹਾਂ ਨੇ ਮਨੁੱਖ ਨੂੰ ਰੱਬੀ ਸੁਤੰਤਰਤਾ ਦੇ ਨਿਯਮ ਅਨੁਸਾਰ ਖੁਲ਼੍ਹਾਂ ਨਹੀਂ ਦਿੱਤੀਆਂ। ਦੂਜਾ, ਖ਼ਾਲਸਾ ਦ੍ਰਿਸ਼ਟੀ ਹਿੰਦੂ ਅਵਤਾਰਾਂ ਨੂੰ ਸਾਬਤ ਨਹੀਂ ਮੰਨਦੀ, ਕਿਉਂ? ਉਹ ਕਾਮਲ (ਪੂਰੇ) ਹੋਣ ਦੀ ਸ਼ਰਤ ਪੂਰੀ ਨਹੀਂ ਕਰਦੇ ਤੇ ਉਨ੍ਹਾਂ ਦੀ ਹਸਤੀ ਵਿੱਚ ਕਿਸੇ, ਨਾ ਕਿਸੇ ਸ਼ਕਲ ਵਿੱਚ ਬਿਪਰ-ਸੰਸਕਾਰ ਮੌਜੂਦ ਹੈ। ਖ਼ਾਲਸਾ ਦ੍ਰਿਸ਼ਟੀ ਦੁਆਰਾ (ਭਾਈ ਗੁਰਦਾਸ ਵਲੋਂ) ਕੀਤਾ ਹਿੰਦੂ ਅਵਤਾਰਾਂ (ਬ੍ਰਹਮਾ, ਵਿਸ਼ਨੂ ਦੇ ਦਸ ਅਵਤਾਰ, ਸ਼ਿਵ ਜੀ) ਦਾ ਨੈਤਿਕ, ਪੁਰਾਣਕ, ਦਾਰਸ਼ਨਿਕ ਤੇ ਰੱਬੀ ਅਮਲਾਂ ਦਾ ਸਰਵੇਖਣ ਤੇ ਵਿਅੰਗਮਈ ਢੰਗ ਤੇ ਆਲੋਚਨਾ ਦੇ ਅੰਦਾਜ਼ ਵਿੱਚ ਨਿਰੂਪਤ ਵਿਸ਼ਲੇਸ਼ਣ ਧਿਆਨਯੋਗ ਹੈ (ਵਾਰ 39 (ਪੌੜੀ 14, 15, 16; ਭਾ. ਗੁ.)। ਭਾਵ, ਖ਼ਾਲਸਾ ਦ੍ਰਿਸ਼ਟੀ ਦਾ ਰੱਬੀ ਨਜ਼ਰੀਆ ਗੁ. ਨਾਨਕ ਅਮਲ ਦੇ ਪੰਜ ਉਚੇ ਅਸੂਲਾਂ ਚੋਂ ਜ਼ਾਹਰਾ ਪ੍ਰਗਟ ਹੁੰਦਾ ਹੈ: ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ, ਸਾਬਤ ਮਰਦ (ਖ਼ਾਲਸਾ) ਬਣੋ, ਖ਼ਾਲਸਾ ਦ੍ਰਿਸ਼ਟੀ ਧਾਰਣ ਕਰੋ। ਪੁਰਾਣੇ ਅਧੂਰੇ ਅਵਤਾਰਾਂ ਦੇ ਸ਼ੁਧ ਅੰਸ਼ਾਂ ਉਤੇ ਉਨ੍ਹਾਂ ਦੇ ਅਸ਼ੁਧ ਅੰਸ਼ ਭਾਰੂ ਰਹੇ ਹਨ, ਕਿਉਂਕਿ ਉਨ੍ਹਾਂ ਬਿਪਰ-ਸੰਸਕਾਰੀ ਵਿਵਹਾਰਿਕ ਅਕਲ ਦੀ ਜ਼ਿਹਨੀ ਗ਼ੁਲਾਮੀ ਕੀਤੀ ਜਿਵੇਂ, ਬਿਪਰ-ਸਤਾਨ (ਹਿੰਦੂ-ਸਤਾਨ) ਤੇ ਹੋਦਰੇ ਬਹੁਤੇ ਸਿੱਖ ਅਨਮਤੀ ਤੇ ਹੋਰ ਲੋਕਾਂ ਦੀ ਜ਼ਿਹਨੀ ਗ਼ੁਲਾਮੀ ਕਰਦੇ ਹਨ)। ਭਾਵ, ਪੁਰਾਣੇ ਪੈਗ਼ੰਬਰਾਂ ਅਵਤਾਰਾਂ ਦੇ ਕਰਮ ਤੇ ਗਿਆਨ ਦਾ ਵੱਡਾ ਹਿੱਸਾ ਬਿਪਰ ਸੰਸਕਾਰ ਦੇ ਹੱਕ ਵਿਚ, ਤੇ ਸੱਚ ਦੇ ਵਿਰੋਧ ਵਿੱਚ ਖੜਾ ਹੈ:

ਬ੍ਰਹਮੇ ਦਿਤੇ ਵੇਦ ਚਾਰ, ਚਾਰ ਵਰਨ ਆਸ਼ਰਮ ਉਪਜਾਏ॥

ਛਿਅ ਦਰਸ਼ਨ ਛਿਅ ਸ਼ਾਸਤ੍ਰਾ, ਛਿਅ ਉਪਦੇਸ ਭੇਸ ਵਰਤਾਏ॥

ਨਿਰੰਕਾਰ ਨ ਪਛਾਣਿਆ, ਸਾਧ ਸੰਗਤਿ, ਦਸੈ ਨ ਦਸਾਇ॥ (39-14)

(ਹੋਰ ਪ੍ਰਮਾਣਾਂ ਲਈ ਪੜ੍ਹੋ ਭਾਈ ਗੁਰਦਾਸ ਦੀ ਪਹਿਲੀ, ਉਨਤਾਲੀਵੀਂ ਵਾਰ ਤੇ ਭਾਈ ਨੰਦ ਲਾਲ ਦੇ ‘ਗੰਜਨਾਮਹ’ ਦੀ ਸਲਤਨਤ ਅੱਵਲ)। ਖ਼ਾਲਸਾ ਦ੍ਰਿਸ਼ਟੀ ਵਿੱਚ “ਗੁ. ਨਾਨਕ ਸਾਹਿਬ ਹਿੰਦੁਸਤਾਨ ਦੇ ਪਹਿਲੇ ਕਾਮਲ ਪੈਗ਼ੰਬਰ ਹਨ”। ਆਪ ਜੀ ਨੇ ਆਪਣੇ ਰੱਬੀ ਕਹਿਰ (ਬੱਲ) ਨਾਲ ਬਿਪਰ ਸੰਸਕਾਰ ਦੇ ਗੜ੍ਹ (ਕਿਲ੍ਹੇ) ਨੂੰ ਤੋੜਿਆ, ਇਹੋ ਹੀ ਆਪ ਜੀ ਦੀ ਮਿਹਰ ਹੈ।

(ਅ) ਕੇਂਦਰੀ ਦੈਵੀ (ਇਲਹਾਮੀ) ਧਰਮ-ਗ੍ਰੰਥ ਦੇ ਪੱਖੋਂ: ਰੱਬੀ ਗ੍ਰੰਥ ਦੇ ਕਾਵਿ-ਗੁਣ ਤੇ ਦਾਰਸ਼ਨਿਕ ਡੂੰਘਾਣ ਉਸ ਨੂੰ ਧਰਮ ਦੀ ਕੇਂਦਰੀ ਕਿਤਾਬ ਦਾ ਦਰਜਾ ਨਹੀਂ ਦਿੰਦੇ। ਮਜ਼੍ਹਬ ਦੇ ਰੂਹਾਨੀ ਤਜਰਬੇ ਦੀ ਉੱਚਤਾ ਦੁਆਰਾ ਸਿਰਜੇ ਰੂਹਾਨੀ ਜਿਸਮ, ਸੁਚੇ ਅਮਲ ਦਾ ਪ੍ਰਕਾਸ਼ ਤੇ ਰੱਬੀ ਵਿਗਾਸ ਵਿੱਚ ਭਿੱਜੇ ਇਤਿਹਾਸ ਦੀ ਅਦਿਖ ਤੇ ਅਨਹਦ ਸੁਰ, ਉਸ ਧਰਮ ਦੇ ਗ੍ਰੰਥ ਨੂੰ ਇਸ ਰੁਤਬੇ ਤੇ ਪਚਾਉਦੀ ਹੈ। ਦਰ ਅਸਲ, ਪੈਗ਼ੰਬਰੀ ਬਜ਼ੁਰਗੀ ਚੋਂ ਖ਼ਾਲਸ ਤਰਜ਼ ਦੇ ਅਮਲ ਦਾ ਪਹਿਲਾਂ ਪ੍ਰਗਟਾਅ ਹੁੰਦਾ ਹੈ ਫੇਰ ਉਹ, ਜ਼ਿੰਦਗੀ ਦੇ ਭਿੰਨ ਭਿੰਨ ਰੂਪਾਂ ਤੋਂ ਪਰਵਾਨਗੀ ਹਾਸਿਲ ਕਰਦੀ, ਆਪਣੇ ਉਤਾਰ ਚੜ੍ਹਾਅ ਦਾ ਅਨਿੱਖੜ ਹਿੱਸਾ ਬਣਾਉਂਦੀ ਹੈ। ਇਹੋ ਖ਼ਾਲਸ ਤਰਜ਼ ਹੀ ਇਤਿਹਾਸਿਕ ਮੋੜ ਤੇ ਧਰਮ ਦੇ ਕੇਂਦਰੀ ਗ੍ਰੰਥ ਨੂੰ ਸਾਹਮਣੇ ਲਿਆਉਂਦੀ ਹੈ, ਉਸ ਤੋਂ ਪਹਿਲਾਂ ਉਹ ਅਰੂਪ ਹੁੰਦਾ ਹੈ। ਭਾਵੇਂ ਆਪਣੇ ਅਦਿਖ ਰੂਪ ਵਿੱਚ ਉਹ ਮਜ਼੍ਹਬ ਦੀ ਖ਼ਾਲਸ ਤਰਜ਼ ਨੂੰ ਕਾਇਮ ਰਖਦਾ, ਇਤਿਹਾਸਿਕ ਜੀਵਨ ਵਿੱਚ ਆਪਣੀ ਸੇਧ ਰਾਹੀਂ ਪ੍ਰੇਰਣਾਮਈ ਅਗਵਾਈ ਦਿੰਦਾ ਹੈ। ਧਰਮ ਆਪਣੀ ਹੋਂਦ ਦੀ ਸਿਖਰ ਉਤੇ ਪਹੁੰਚ ਕੇ ਆਪਣਾ ਗ੍ਰੰਥ ਢੂੰਡ ਲੈਂਦਾ ਹੈ ਤੇ ਆਪਣੀ ਹੋਂਦ ਦੀ ਅਸਲੀਅਤ ਉਸ ਦੇ ਸਪੁਰਦ ਕਰ ਦਿੰਦਾ ਹੈ। ਬਿਪਰ ਸੰਸਕਾਰ (667) ਨੇ ਹਿੰਦੂ ਧਰਮ ਦੇ ਅਮਲ ਨੂੰ ਦੋਂਹ ਕਾਰਨਾਂ ਕਰਕੇ ਪੈਗ਼ੰਬਰੀ ਬਜ਼ੁਰਗੀ ਵਿੱਚ ਢਲਣ ਨਹੀਂ ਦਿੱਤਾ। ਇੱਕ ਤਾਂ ਰੱਬੀ ਅਮਲ ਦੀ ਸਾਂਝੀ ਤਰਜ਼ ਵਿੱਚ ਅਭੇਦ ਨ ਹੋਣ ਦਿੱਤਾ, ਦੂਜਾ, ਨੀਵੇਂ ਸੁਆਰਥੀ ਅਮਲ ਨਾਲ ਇਕਸੁਰ ਰਹਿਣ ਦੀ ਬਦੌਲਤ ਸੰਪੂਰਤਾ ਗੁਆਚ ਗਈ। ਜਿਸ ਕਰਕੇ ਧਰਮ ਗ੍ਰੰਥਾਂ ਵਿਚੋਂ ਉਪਜਣ ਵਾਲੇ ਦੈਵੀ ਅਮਲ ਦੀ ਸੇਧ ਸਦਾ ਸੁਆਰਥ ਵਲ ਰਹਿੰਦੀ ਹੈ। ਇਸ ਲਈ ਧਰਮ ਦਾ ਨਿਕਾਸ, ਵਿਕਾਸ ਤੇ ਇਤਿਹਾਸ ਰੂਹਾਨੀ ਤਜਰਬੇ ਦੀਆਂ ਨਿਰਾਕਾਰ ਸਿਖਰਾਂ ੳੇਤੇ ਪਹੁੰਚੇ ਗ੍ਰੰਥ ਦੀ ਏਕਤਾ ਤੋਂ ਟੁੱਟ ਗਿਆ ਤੇ ਉਸ ਨਾਲ ਮਨ ਮਰਜ਼ੀ ਦੇ ਲਗਾਉ ਰਖਣ ਲੱਗਾ। ਸਿੱਟੇ ਵਜੋਂ, ਧਰਮ ਨੂੰ ਆਪਣੇ ਨੀਵੇਂ ਇਤਿਹਾਸਿਕ ਵੇਗ ਦਾ ਹਿੱਸਾ ਬਣਾ ਲਿਆ। ਚੇਤਾ ਰਹੇ, ਸ੍ਰੀ ਗੁ. ਗ੍ਰੰਥ ਜਦ ਵੇਦਾਂ ਸ਼ਾਸਤ੍ਰਾਂ ਨੂੰ ਦੈਵੀਪਣ ਦੇ ਸੰਦਰਭ ਵਿੱਚ ਰਖਦਾ ਹੈ ਤਾਂ ਉਨ੍ਹਾਂ ਦੀ ਹਸਤੀ ਚ ਪਰੁੱਚੀ ਖੰਡਿਤ ਬਿਰਤੀ ਦੇ ਚਾਰ ਜੁਜ਼ ਦਰਸਾਉਂਦਾ ਹੈ: ਧਰਮ ਤੇ ਪਦਾਰਥਕ ਸੁਆਰਥੀ ਅਮਲ ਦੀ ਸਾਂਝ; ਪੂਰਨਤਾ ਸਿਰਜਣ ਤੋਂ ਸੱਖਣਾ ਧਰਮ-ਇਤਿਹਾਸ ਲਗਾਉ; ਦੈਵੀ ਲਿਬਾਸ ਪਰ ਤੁੱਛ ਤੇ ਨਖਿਧ ਅਮਲ; ਕੌਮ ਅਤੇ ਵਿਅਕਤੀ ਦੋਵਾਂ ਨੂੰ ਅਖੀਰੀ-ਸੱਚ ਵਿੱਚ ਆਪਣਾ ਸਥਾਨ ਨਾ ਬਣਾਉਣ ਦੇਣਾ: ਬੇਦ ਕਤੇਬ ਸਿਮ੍ਰਤਿ ਸਭ ਸਾਸਤ੍ਰ, ਇਨ ਪੜਿਆ ਮੁਕਤਿ ਨ ਹੋਈ॥ (ਸੂਹੀ ਮ: 5)।

(ੲ) ਪੌਰਾਣਿਕ ਸੁਘੜਤਾ ਦੇ ਪਖੋਂ: ਉਪਰੋਕਤ ਤੋਂ ਜ਼ਾਹਰ ਹੈ ਕਿ ਬਿਪਰ ਸੰਸਕਾਰ ਨੇ ਹਿੰਦੂ ਧਰਮ ਦੇ ਅਚੇਤ ਮਨ ਵਿੱਚ ਤ੍ਰਿਸ਼ਨਾ ਦੇ ਬੀਜ ਬੀਜੇ। ਸਿੱਟੇ ਵਜੋਂ, ਉਸ ਦੀ ਸਮੁੱਚੀ ਸੋਚਣੀ ਪਦਾਰਥਕ ਗੋਲਾਈਆਂ ਦੀ ਜਕੜ ਵਿੱਚ ਬੱਝ ਗਈ, ਜਿਨ੍ਹਾਂ ਨੇ ਉਸ ਦੀ ਕਲਾਤਮਕ ਕਲਪਨਾ, ਬਾਰੀਕ ਜ਼ਿਹਨ, ਪਾਰਦਰਸ਼ੀ ਚੇਤਨਾ ਤੱਕ ਨੂੰ ਗ੍ਰਸ ਲਿਆ। ਭਾਵ, ਬਿਪਰ ਸੰਸਕਾਰ ਨੇ ਹਿੰਦੂ-ਪੁਰਾਣ ਦੇ ਪਰਧਾਨ ਸਿਰਜਣਾਤਮਕ ਰੁਖ ਨੂੰ ਪਦਾਰਥਕ ਕੀਮਤਾਂ ਵਲ ਕਰ ਦਿੱਤਾ। ਮੁਕਦੀ ਗੱਲ, ਹਿੰਦੂ-ਪੌਰਾਣ ਦਾ “ਸਮੁਚਾ ਪਰਵਾਹ ਪੈਗ਼ੰਬਰੀ ਬਜ਼ੁਰਗੀ ਦੇ ਵਿਰੋਧ ਵਿੱਚ ਹੀ ਵਗਦਾ ਰਿਹਾ, ਸੁਹਜਮਈ ਦ੍ਰਿਸ਼ਟੀ ਦਾ ਖੰਡਣ ਕਰਦਾ ਰਿਹਾ, ਅਤੇ ਵਿਵਾਦ ਦੇ ਤੁਰਸ਼ ਮਾਹੌਲ ਨੂੰ ਤੇਜ਼ ਕਰਦਾ ਰਿਹਾ। ਆਤਮਕ ਸੁਹਜ ਦੇ ਸੂਖਮ-ਸੁਹਜਮਈ ਅਨੁਪਾਤ ਟੁੱਟ ਗਏ, ਜੀਵਨ-ਦ੍ਰਿਸ਼ ਵਿੱਚ ਕਲਾ-ਹੀਣ ਕੁਹਜ ਦੇ ਬੇਡੌਲ ਉਭਾਰ ਨਜ਼ਰ ਆਉਣ ਲੱਗੇ: ਸੂਖਮ ਰਮਜ਼ਾਂ ਦਾ ਰਹੱਸਮਈ ਅਸਲ ਗੁਆਚ ਗਿਆ ਪਿੱਛੇ ਬੇਜਾਨ-ਖਾਲੀ ਚਿਹਨ ਹੀ ਰਹਿ ਗਏ” (1988: 667)। ਫਲਸਰੂਪ, ਅਧਿਆਤਮਕ ਮੰਜ਼ਲਾਂ ਨੂੰ ਪ੍ਰਾਪਤ ਕਰਨ ਲਈ ਸੰਸਾਰਕ ਢੰਗਾਂ ਦੀ ਵਰਤੋਂ ਕਰਨ ਦੀ ਰੀਤ ਚੱਲ ਪਈ: ਖਤ੍ਰੀ ਮਾਰ ਸੰਘਾਰ ਕਰ, ਰਾਮਾਯਣ ਮਹਾਂ ਭਾਰਥ ਭਾਏ॥ ਭਾਈ ਗੁਰਦਾਸ – ਵਾਰ 39, ਪੌੜੀ 15)।

(ਸ) ਜੀਵਨ-ਤਰਜ਼ ਵਿੱਚ ਸਫਾਈ ਅਤੇ ਸੁਹਜ ਦੇ ਪੱਖੋਂ: ਬਿਪਰ ਸੰਸਕਾਰ ਨੇ ਹਿੰਦੂ ਜੀਵਨ-ਤਰਜ਼ ਨੂੰ ਬਾਣੀਏ ਦੀ ਲਾਭ-ਹਾਣ ਦੀ ਸੰਸਾਰੀ ਬਿਰਤੀ ਵਿੱਚ ਜਕੜ ਲਿਆ। ਤੇ ਘੱਟ ਧਰਮ ਨਾਲ ਵੀ ਨਹੀਂ ਕੀਤੀ। ਧਰਮ ਨੂੰ ਰੂਹਾਨੀ ਜਿਸਮ (Spiritual Body) ਨਾ ਬਣਨ ਦਿੱਤਾ, ਕਿਉਂਕਿ ਰੂਹ ਦੀ ਪੀੜ ਤੇ ਤ੍ਰਿਪਤੀ ਨੂੰ ਬਿਆਨ ਕਰਨ ਲਈ ਬਿਪਰ ਸੰਸਕਾਰ ਨੇ ਸਰੀਰਕ ਪਰੀਵਰਤਨਾ, ਸਰੀਰਕ ਸੁਆਦਾਂ, ਅਤੇ ਸਰੀਰਕ ਲੋੜਾਂ ਦੇ ਦ੍ਰਿਸ਼ਟਾਂਤਾਂ ਨੂੰ ਖੁਲ੍ਹਮ ਖੁਲ੍ਹਾ ਵਰਤਿਆ। ਰੂਹ ਦੀਆਂ ਖਿੱਚਾਂ ਤੇ ਤੁੱਛ ਤ੍ਰਿਸ਼ਨਾਵਾਂ ਦੀ ਮਿਲਾਵਟ ਨੇ ਸਦੀਵੀ ਕੀਮਤਾਂ ਵਿੱਚ ਇੱਕ ਤਣਾਉ ਪੈਦਾ ਕਰ ਦਿੱਤਾ, ਜਿਸ ਦੇ ਸਥਾਪਿਤ ਹੁੰਦਿਆਂ ਹੀ ਹਿੰਦੂ ਧਰਮ ਨਾਲ ਇੱਕ ਬੇਡੌਲ ਖ਼ਿਆਲ ਦਾ ਬੇਜਾਨ ਵਧਾਉ ਜੁੜ ਗਿਆ। ਮੁਕਦੀ ਗੱਲ ਕਿ ਬਿਪਰ ਸੰਸਕਾਰ ਨੇ ਹਿੰਦੂ ਧਰਮ ਨੂੰ ‘ਅਸਲ’ ਦੇ ਸਾਰੇ ਬਦਲ (substitute) ਸਤਹੀ ਸ਼ਕਲਾਂ ਵਿਚੋਂ ਲੱਭ ਕੇ ਦਿੱਤੇ। ਇਉਂ, ਧਰਮ ਦੀ ਮੌਲਿਕ ਸਿਰਜਣਾ ਖਤਮ ਹੋ ਗਈ, ਸਦਕਾ ਜਿਸ ਦਾ ਨਕਲੀ ਨਿਰਾਕਾਰਤਾ ਨੂੰ ਪਰਧਾਨਤਾ ਮਿਲੀ। ਮਿਸਾਲ ਵਜੋਂ, ਹਿੰਦੂ ਮੂਰਤੀ-ਪੂਜਾ ਨਿਰਾਕਾਰਤਾ ਦੇ ਦੁਰੇਡੇ ਖੇਤਰਾਂ ਵਿੱਚ ਵਿਚਰ ਰਹੀ ਵਿਕਰਾਲ ਨਕਲ ਦੀ ਉਤਪਤੀ ਹੀ ਤਾਂ ਹੈ।

ਇਨ੍ਹਾਂ ਉਪਰੋਕਤ ਚਹੁੰ ਤੱਥਾਂ ਤੋਂ ਜ਼ਾਹਰ ਹੈ ਕਿ ਬਿਪਰ ਸੰਸਕਾਰ ਨੇ ਪਹਿਲਾਂ ਹਿੰਦੂ-ਖ਼ਿਆਲ ਨੂੰ ਨਿਪੁੰਸਕ ਕੀਤਾ ਫੇਰ ਧਰਮ ਦੇ ਨੈਤਿਕ ਤੇ ਦੈਵੀ ਸੰਕਲਪਾਂ ਉਤੇ ਮਾਰ ਕੀਤੀ, ਅਤੇ ਅੰਤ ਵਿੱਚ ਪਥਰੀਲੇ ਬੁੱਤਾਂ ਨੂੰ ਸਾਹਮਣੇ ਲਿਆਂਦਾ। ਭਾਵ ਇਹ ਕਿ ਹਿੰਦੂ ਜੀਵਨ ਬੇਜਾਨ ਘੇਰੇ ਵਾਲੀ ਸ੍ਰਿਸ਼ਟੀ ਵਿੱਚ ਆਪਣੀ ਹੋਂਦ ਦੀ ਸਥਿਰਤਾ ਮੰਨ ਬੈਠਾ ਹੈ, ਜਿਸ ਦੇ ਕਰਮ ਅਤੇ ਗਿਆਨ ਦੀ ਗਤੀ ਜ਼ਿੰਦਾ ਤੇ ਤਾਜ਼ਾ ਅਸਲੀਅਤ ਨਾਲੋਂ ਟੁੱਟ ਚੁੱਕੀ ਹੈ। ‘ਸਿੱਧ ਗੋਸਟਿ’ ਚ ਹੋਈ ਪ੍ਰਗਟ ਖ਼ਾਲਸਾ ਦ੍ਰਿਸ਼ਟੀ ਤੋਂ ਜ਼ਾਹਰ ਹੈ ਕਿ “ਹਿੰਦੂ ਧਰਮ ਵਿੱਚ ਡੂੰਘੇ ਗਿਆਨ ਸੋਮੇਂ ਸਰੀਰਕ ਗਹਿਰਾਈਆਂ ਤੇ ਸਰੀਰਕ ਕਾਰੀਗਰੀਆਂ ਦੇ ਵਿਸਮਾਦਮਈ ਰਹੱਸ ਵਿੱਚ ਗੁਆਚ ਗਏ ਹਨ” (1988: 668)।

ਖ਼ਾਲਸਾ ਪੰਥ ਆਪਣੀ ਮੌਲਿਕ ਹਸਤੀ ਵਿੱਚ ਬਿਪਰ ਸੰਸਕਾਰ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ। ਇਸ ਲਈ ਗੱਲ ਧਰਮਾਂ ਦੀ ਅੰਤਮ ਅਸਲੀਅਤ ਭਾਵ ਰੱਬ ਤੋਂ ਸ਼ੁਰੂ ਹੁੰਦੀ ਹੈ, ਜਿਵੇਂ ਇਸ ਲੇਖ ਦੇ ਮੁੱਢ ਚ ਵੀ ਇਸ਼ਾਰਾ ਹੈ। ਰੱਬ ਇੱਕ ਹੈ। ਵੱਖ ਵੱਖ ਧਰਮਾਂ ਵਿੱਚ ਉਸ ਦੀ ਪ੍ਰਤੀਤੀ ਜਾਂ ਅਨੁਭਵ ਦੀਆਂ ਗਹਿਰਾਈਆਂ ਵਿੱਚ ਬਹੁਤ ਭਿੰਨਤਾ ਹੈ। ਤੇ ਧਰਮ ਦੀਆਂ ਇਨ੍ਹਾਂ ਵੱਖਰੋ-ਵੱਖਰੀਆਂ ਪ੍ਰਤੀਤੀਆਂ ਵਿੱਚ ਜ਼ਰਖ਼ੇਜ਼ ਤੇ ਬਾਂਝ ਅੰਸ਼ ਹੁੰਦੇ ਹਨ। ਖ਼ਾਲਸਾ ਧਰਮ ਦੀ ਸੋਚਣੀ ਦੇ ਤਿੰਨੋ ਜੁਜ਼ (ਪਾਰਦਰਸ਼ੀ ਚੇਤਨਾ, ਅੰਤਰਧਿਆਨੀ ਵੇਗ, ਖ਼ਿਆਲ ਦੀ ਮਹੀਨ ਤਰਜ਼) ਇਸ ਬਾਂਝ ਮਨੁਖੀ ਆਪੇ ਦੀ ਹਰ ਛੋਹ ਤੋਂ ਸੁਤੰਤਰ ਹਨ। ਇਸ ਪਾਕ ਸੋਚਣੀ ਵਿੱਚ ਬਿਪਰ ਸੰਸਕਾਰ, ਨਾ ਸਮੇਂ ਸਥਾਨ ਦੀ ਕੋਈ ਤਰਜ਼ ਤੇ ਨਾ ਕੋਈ ਬੁਤ, ਨਾ ਕੋਈ ਤ੍ਰਿਸ਼ਨਾ ਦੀ ਘੁੰਮਨਘੇਰੀ, ਨਾ ਕਈ ਸਤਹੀ ਨਜ਼ਰ ਸਥਾਪਿਤ ਕਰ ਸਕਦਾ ਹੈ। ਭਾਵ, ਖ਼ਾਲਸੇ ਦਾ ਪਿਤਾ-ਸੋਮਾ, ਰੱਬ, ਬਿਪਰ ਸੰਸਕਾਰੀ ਅਨੰਤਤਾ ਦੇ ਹਰ ਫਾਰਮੂਲੇ ਤੋਂ ਆਜ਼ਾਦ ਹੈ। ਇਹ ਚੇਤਨਾ ਅਚੇਤਨਾ ਦੀ ਮੰਤਵਹੀਣ ਫਰੋਲਾ ਫਰਾਲੀ ਵੀ ਨਹੀਂ ਕਰਦਾ ਜਿਵੇਂ ਹਿੰਦੂ ਫਲਸਫਾ, ਸੁੰਨ (ਸ਼ੂਨਯਤਾ) ਦੀ ਬੇਜਾਨ ਅਚਿਹਨਤਾ ਨੂੰ ਬਿਆਨ ਕਰਦਾ ਵਾਲ ਦੀ ਖੱਲ ਲਾਹੁੰਦਾ ਹੈ (ਇਹ ਵਿਸਥਾਰ ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅੰਕਿਤ ਹੋ ਚੁੱਕਾ ਹੈ)। ਇਹ ਖ਼ਾਲਸਾ ਰੱਬ, ਜ਼ਿੰਦਗੀ ਦੀਆਂ ਖ਼ੂਬੀਆਂ ਵਿਹੂਣਾ ਕੋਈ ਖੁਸ਼ਕ ਨਿਰਾਕਾਰਤਾ ਦਾ ਨਾ ਮੁਕਣ ਵਾਲਾ ਚੱਕਰ ਵੀ ਨਹੀਂ। ਇਹ ਪੁਰਾਣਿਕ ਧੁੰਧ ਚ ਵੀ ਨਹੀਂ ਲੁਕਿਆ ਹੋਇਆ।

ਖ਼ਾਲਸਾ ਅਧਿਆਤਮਕ ਸਥਿਤੀ ਵਿੱਚ ਜੇ ਹਿੰਦੂ ਰੱਬੀ ਨਾਮ ਵਰਤੇ ਹਨ ਤਾਂ ਉਹ ਬਿਪਰ ਸੰਸਕਾਰੀ ਜਾਂ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਦੇ ਪ੍ਰਤੀਨਿਧ ਹਨ, ਪਰ ਉਹੀ ਨਾਮ ਜਦ ਖ਼ਾਲਸਾ-ਰੱਬ ਲਈ ਵਰਤੇ ਹਨ ਤਾਂ ਉਹ ‘ਪਹਿਲੇ ਦਰਜੇ ਦੀ ਸ੍ਰਿਸ਼ਟੀ’ ਦੇ ਨਾਇਕ ਉਦੋਂ ਬਣਦੇ ਹਨ ਜਦ ਉਹ ਨਿਰੁੱਕਤੀ (Etymology) ਤੇ ਸੰਦਰਭ (context) ਦੇ ਪੱਖੋਂ ਪੁਰਾਣਕ ਗ਼ੁਲਾਮੀ ਨਹੀਂ ਕਰਦੇ, ਜਿਵੇਂ ਹਿੰਦੂ ਧਰਮ ਦੇ ਰੱਬੀ-ਸ਼ਕਤੀ ਦੇ ਪ੍ਰਤੀਨਿਧ ਤਿੰਨ (ਬ੍ਰਹਮਾ, ਵਿਸ਼ਨੂ, ਸ਼ਿਵ) ਦੇਵਤਿਆਂ ਦੀ ਖ਼ਾਲਸਾ-ਰੱਬ ਦੇ ਸੰਬੰਧ ਵਿੱਚ ਕੋਈ ਅਹਿਮੀਅਤ ਨਹੀਂ ਮੰਨੀ ਗਈ। ਕਿਉਂ? ਉਹ ਇਸ ਕਰਕੇ ਕਿ “ਓਹੁ ਵੇਖੈ ਓਨਾ ਨਦਰਿ ਨ ਆਵੲੈ ਬਹੁਤਾ ਏਹੁ ਵਿਡਾਣੁ॥” (ਜਪੁ ਜੀ) ਭਾਵ, ਰੱਬ ਹਿੰਦੂ ਦੇਵਤਿਆਂ ਨੂੰ ਦੇਖਦਾ ਹੈ ਪਰ ਹੈਰਾਨਗੀ ਗੱਲ ਹੈ ਕਿ ਹਿੰਦੂ ਦੇਵਤੇ ਰੱਬ ਨੂੰ ਦੇਖਣ ਤੋਂ ਅਸਮਰਥ ਹਨ। ਖ਼ਾਲਸਾ ਗੁਰਮੁਖ ਚੇਤਨਾ ਨੇ ਬਿਪਰ ਸੰਸਕਾਰ ਦਾ ਨਿਰਾ ਏਹੋ ਹੀ ਸੰਕਲਪ ਨਾ-ਮੰਨਜ਼ੂਰ ਨਹੀਂ ਕੀਤਾ ਸਗੋਂ ਹਿੰਦੂ ਸ੍ਰਿਸ਼ਟੀ ਉਤਪਤੀ, ਵਰਣ-ਵੰਡ, ਤੇ ਕਰਮਕਾਂਡ ਆਦਿ ਹੋਰ ਬੜਾ ਕੁੱਝ ਨਾ-ਮੰਨਜ਼ੂਰ ਕਰਕੇ ਮਨੁਖ ਦੀ ਆਜ਼ਾਦ ਹਸਤੀ ਨੂੰ ਤਰਜੀਹ ਦਿੱਤੀ ਹੈ। ਮੁੱਕਦੀ ਗੱਲ, ‘ਪਹਿਲੇ ਦਰਜੇ ਦੀ ਸ੍ਰਿਸ਼ਟੀ’ ਕੁੱਲ ਧਰਮਾਂ ਦੇ ਦੈਵੀ ਸੰਕਲਪ ਨਾਲ ਸਾਂਝ ਰਖਦੀ ਤੇ ਕਾਲ ਦੇ ਹਰ ਸੁਹਜ ਨੂੰ ਆਪਣੀ ਲਪੇਟ ਵਿੱਚ ਵਲ਼ ਲੈਂਦੀ ਹੈ।

ਰੱਬ ਤੋਂ ਮਨੁਖੀ ਮਨ ਦੀ ਦੂਰੀ ਕਰਕੇ ਛੇ (6) ਕਿਸਮ ਦੇ ਭੈਅ (ਬੇਜਾਨ ਅਚਿਹਨਤਾ ਦਾ, ਗਿਣਤੀ ਮਿਣਤੀ ਵਿੱਚ ਆ ਕੇ ਬਿਬੇਕ ਨੂੰ ਬੇਸਹਾਰਾ ਕੀਤੇ ਜਾਣ ਦਾ ਭੈਅ; ਮੌਤ ਦਾ ਭੈਅ; ਵਰਣ-ਵੰਡ ਦਾ ਅੰਤਮ ਅਸਲੀਅਤ ਦੇ ਪੈਮਾਨੇ ਨੀਅਤ ਕਰਨ ਦੀ ਨਾਸਤਕਤਾ ਦਾ ਭੈਅ; ਪਾਪ ਪਰਧਾਨ ਇਕਾਗਰਤਾ ਦਾ ਭੈਅ; ਜ਼ਿੰਦਗੀ ਨੂੰ ਸਰਬ ਦੁਖ ਚਿਤਵਦਾ ਭੈਅ; ਪਰਤੱਖ ਕੁਦਰਤ ਤੋਂ ਮੁਨਕਰ ਸ਼ੂਨਯ (ਸੁੰਨ) ਦਾ ਭੈਅ) ਚੋਂ ਵਿਆਪੀ ਵਿਆਕੁੱਲਤਾ ਵੇਲੇ ਰੱਬੋਂ ਮਿਲੇ ਧਰਵਾਸ ਅਤੇ ਗੁਰੂ ਜਾਂ ਖ਼ਾਲਸੇ ਦੇ ਰੱਬੀ-ਕਾਰਜ-ਗਤੀ ਦੁਆਰਾ ਬਹੁ-ਰੰਗੀਆਂ ਕਲਿਆਣਕਾਰੀ ਸ਼ਕਲਾਂ ਚ ਪ੍ਰਗਟੀਆਂ ਅਟੱਲ ਜਿੱਤਾਂ ਨੂੰ ‘ਅਕਾਲ ਫ਼ਤਹ’, ਅਤੇ “ਉਚੇ ਗੁਣਾਂ ਭਰਪੂਰ (ਉਦਾਤ), ਅਛੋਹ ਤੇ ਨਿਹਕਲੰਕ ਮੌਲਿਕ ਸਮਗਰੀ” ਜਿਹੜੀ ‘ਅਕਾਲ ਫ਼ਤਹ’ ਨੂੰ ਸਿਰਜਦੀ ਹੈ, ਉਸ ਨੂੰ ‘ਖ਼ਾਲਸ ਕੁਦਰਤ’ ਪ੍ਰੋ. ਮਹਿਬੂਬ ਕਹਿੰਦੇ ਹਨ। ‘ਅਕਾਲ ਫ਼ਤਹ’ ਅਤੇ ‘ਖ਼ਾਲਸ ਕੁਦਰਤ’ ਦੇ ਸੁਮੇਲ ਤੋਂ ‘ਪਹਿਲੇ ਦਰਜੇ ਦੀ ਸ੍ਰਿਸ਼ਟੀ’ ਦਾ ਸੰਕਲਪ ਬਣਿਆ ਹੈ, ਜਿਸ ਦੇ ਪੰਜ ਜੁਜ਼ ਹਨ: ਸਾਧ-ਸੰਗਤ, ਖ਼ਾਲਸਾ ਪੰਥ, ਬਿਪਰ ਸੰਸਕਾਰ ਤੋਂ ਮੁਕਤ ਦੈਵੀ ਭਾਲ, ਬੁੱਤਾਂ ਦੀ ਸੋਚਣੀ ਤੋਂ ਪਾਰ ਵਸੇਂਦਾ ਰੱਬ, ਕੁਦਰਤ ਦਾ ਮਹਾਂ-ਕਾਵਿਕ ਸੁਹਜ। ਜਦ ਕਿ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਦਾ ਪਰਧਾਨ ਕਾਰਜ ਬਿਪਰ ਸੰਸਕਾਰ ਦੇ ਛੇ ਪ੍ਰੇਰਣਾਂ-ਸ੍ਰੋਤਾਂ ਦੇ ਆਸਰੇ ਚਲਦਾ ਹੈ: ਸਾਰੇ ਹਿੰਦੂ ਅਵਤਾਰ, ਸਾਰੇ ਹਿੰਦੂ ਧਰਮ ਗ੍ਰੰਥ ਸਿਮ੍ਰਤੀਆਂ ਸ਼ਾਸਤਰ, ਰੂਹਾਨੀਅਤ ਦਾ ਬਦਲ ਬਣਦੇ ਬੁੱਤ, ਕਰਮਕਾਂਡੀ ਵਹਿਮ, ਜ਼ਮੀਰ ਦੇ ਮਾਦੀ ਅਨਸਰਾਂ ਦੀ ਕੈਦ ਵਿੱਚ ਜਕੜੇ ਫਲਸਫੇ, ਛੋਟੇ ਕਾਲ-ਦ੍ਰਿਸ਼ਾਂ ਨੂੰ ਮਾਪਦੀ ਹਉਮੈ ਆਦਿ। ਚੇਤਾ ਰਹੇ, ਪੂਰਬ ਨਾਨਕ-ਕਾਲ ਵਿਚ, ਅਦਿਖ ਰੱਬੀ ਹਸਤੀ ਦੀ ਇੰਤਹਾ (ਸਿਖਰ) ਨੂੰ ਬੇਜਾਨ ਅਚਿਹਨਤਾ (ਸੁੰਨ) ਨਾਲ ਤੁਲਨਾਇਆ ਜਾਂਦਾ ਸੀ। ਬਿਨਾਂ ਰੱਬੀ ਬਖ਼ਸ਼ਿਸ਼ ਤੋਂ ਗਿਣਤੀ ਮਿਣਤੀ ਦੇ ਹਿਸਾਬਾਂ ਵਿੱਚ ਪੈ ਕੇ ਸੁੰਨ ਦੀ ਫਲਸਫੀ ਵਿਆਖਿਆ ਵੇਲੇ ਬਿਪਰ ਸੰਸਕਾਰ ਮਨੁਖੀ ਬਿਬੇਕ (ਅਕਲ, ਤਰਕ) ਨੂੰ ਬੇਸਹਾਰਾ ਤੇ ਨਿਕਾਰਾ ਕਰ ਮਾਰਦਾ ਹੈ। ਇਹ ਬੇਸਹਾਰਾ ਹੋਣ ਦਾ ਨਿਕਾਰਾਪਣ ਉਪਰੋਕਤ ਛੇ ਕਿਸਮ ਦੇ ਭੈਅ ਚੋਂ ਉਤਪੰਨ ਹੁੰਦਾ ਹੈ।

ਇਸ ਦੇ ਬਿਲਕੁਲ ਉਲਟ, ਅਕਾਲ ਫ਼ਤਹ, ਨਿਕੀ ਤੋਂ ਨਿਕੀ ਹਸਤੀ (ਜਿਵੇਂ ਜਪੁਜੀ ਦੀ ਕੀੜੀ, 23ਵੀਂ) ਚ ਸਿਦਕ ਪੈਦਾ ਕਰਦੀ, ਹੁਕਮ ਦੀ ਹਰ ਤਾਨ ਚੋਂ ਪਰਤੱਖ ਤੱਕਦੀ, ਜੀਵਨ ਦੀ ਤੁੱਛਤਾ ਨੂੰ ਪਛਾਣਦੀ, ਹਰ ਚੀਜ਼ ਨੂੰ ਇਕਰਾਰ ਨਾਲ ਬੰਨ੍ਹਦੀ “ਖ਼ਾਲਸ ਵਜਦ” ਦੀ ਵੇਪਰਵਾਹ ਭਰਪੂਰਤਾ ਨਾਲ ਸਿੱਖ ਨੂੰ ਭਰ ਕੇ “ਸਦਾ ਸਲਾਮਤ ਹੋਣ ਦੇ ਚਾਅ” ਚ ਹਰ ਵੇਲੇ ‘ਨਾਮ ਜਪੋ, ਕ੍ਰਿਤ ਕਰੋ, ਵੰਡ ਛਕੋ’ ਜੀਵਨ ਜਾਚ ਵਿੱਚ ਅਭੇਦ ਕਰਦਿਆਂ, ਜੀਵਨ ਪਿੜ ਵਿਖੇ ਚੜ੍ਹਦੀ ਕਲਾ ਨਾਲ ਤੋਰੀ ਫਿਰਦੀ ਹੈ।

ਦਸੋਂ ਹੀ ਸਿੱਖ ਗੁਰੂਆਂ (ਪੈਗ਼ੰਬਰਾਂ ਦੇ ਸਰਦਾਰਾਂ) ਨੇ ਵਾਰੋ ਵਾਰੀ ਪੈਗ਼ੰਬਰੀ ਬਜ਼ੁਰਗੀ ਦੇ ਜੇਤੂਆਂ ਦੀ ਹੈਸੀਅਤ ਵਿੱਚ ਆਖਰੀ ਅਕਾਲ ਫ਼ਤਹ ਦੇ ਜੁਗੋ ਜੁਗ ਅਟੱਲ ਝੰਡੇ ਗੱਡੇ, ਜਿਹੜਾ ਤੱਥ ਬਿਪਰ ਸੰਸਕਾਰੀ ਧਰਮ (ਹਿੰਦੂ) ਵਿੱਚ ਬਤੌਰ ਠੋਸ ਇਤਿਹਾਸ ਉਪਲਭਦ ਨਹੀਂ।। ਇਸ ਲਈ ਖ਼ਾਲਸਾ ਦ੍ਰਿਸ਼ਟੀ ਗੁ. ਨਾਨਕ ਸਾਹਿਬ ਅਤੇ ਬਾਕੀ ਨੌ ਗੁਰੂਆਂ ਨੂੰ ਰੱਬੀ ਕਰਮ ਦੇ ਸੱਚੇ ਗਵਾਹ ਮੰਨਦੀ ਹੈ। ਇਹੋ ਹੀ, ‘ਪਹਿਲੇ ਦਰਜੇ ਦੀ ਸ੍ਰਿਸ਼ਟੀ’ ਦੀ ਹੋਂਦ ਦਾ ਇਨਸਾਨੀ ਜ਼ਮੀਰ ਵਿੱਚ ਸਿੱਖ ਗੁਰੂਆਂ ਦੇ ਰੂਪ ਦੁਆਰਾ ਪੈਗ਼ੰਬਰੀ ਬਜ਼ੁਰਗੀ ਵਜੋਂ ਹੋਇਆ ਪ੍ਰਕਾਸ਼ ਹੈ ਜਿਹੜਾ ਦੋਂਹ ਕਿਤਾਬਾਂ ( ‘ਅਕਾਲ ਫ਼ਤਹ’ (102-222) ਅਤੇ ‘ਪੰਥ ਦਾ ਵਾਲ਼ੀ’ 355-518) ਵਿਖੇ ਪ੍ਰੋ. ਮਹਿਬੂਬ ਦੇ ਲਫ਼ਜ਼ਾਂ ਵਿਚੀਂ 20ਵੀਂ ਸਦੀ ਵਿੱਚ ਜੱਗ ਜ਼ਾਹਰ ਹੋਇਆ ਹੈ। ਭਾਵ, ਸਿੱਖ-ਗੁਰੂ ਦੀ ਪੈਗ਼ੰਬਰੀ ਬਜ਼ੁਰਗੀ ਬਿਪਰ ਸੰਸਕਾਰੀ ਉਪਯੋਗੀ ਪਕੜਾਂ ਤੋਂ ਬਹੁਤ ਉਚੀ ਹੈ। ਜਿਸ ਦੀ ਦੈਵੀ ਮੌਲਿਕਤਾ ਵਲ ਇਤਿਹਾਸ ਦਾ ਰਾਹ ਮੁੜਦਾ ਹੈ।

ਇਸ ਪੈਗ਼ੰਬਰੀ ਬਜ਼ੁਰਗੀ ਦੇ ਅਨੇਕਾਂ ਕਮਾਲਾਂ ਚੋਂ ਇੱਕ ਕਮਾਲ ਇਹ ਵੀ ਹੈ ਕਿ ਸਿੱਖ-ਗੁਰੂ ਪੈਗ਼ੰਬਰਾਂ ਦੇ ਦਸੋਂ ਹੀ ਉਚੇ ਸਰਦਾਰਾਂ ਨੇ ਆਪਣੀਆਂ ਜਿੱਤਾਂ ਜਿੱਤਦਿਆਂ ਜਿਥੇ ‘ਗੁਰਮੁਖ’ ਦੀ ਘਾੜਤ ਘੜੀ ਹੈ ਉਥੇ ‘ਗੁਰਮੁਖ-ਚੇਤਨਾ’ ਵੀ ਪੈਦਾ ਕੀਤੀ ਜਿਸ ਨੂੰ ਮੈਂ ਇਸ ਲੇਖ ਵਿੱਚ “ਖ਼ਾਲਸਾ ਦ੍ਰਿਸ਼ਟੀ” ਨਾਲ ਵੀ ਪੁਕਾਰਦਾ ਰਿਹਾ ਹਾਂ। ਇਹ ਖ਼ਾਲਸਾ ਪੰਥ ਦੀ ਉਚੀ ਸੁਰਤਿ ਦੁਆਰਾ ਨਿਰੂਪਤ ਉਚੇ ਤਰਕਵਾਦੀ ਵਿਸ਼ਲੇਸ਼ਣ ਨੂੰ ਅੱਖਰਾਂ ਦਾ ਜਾਮਾ ਪਹਿਨਾਉਣ ਵਾਲੇ, ਸਿਰਦਾਰ ਗੁਰਤੇਜ ਸਿੰਘ ਜੀ ਦੇ ਲਫ਼ਜ਼ਾਂ ਵਿਚ, ਪ੍ਰੋ. ਹਰਿੰਦਰ ਸਿੰਘ ਮਹਿਬੂਬ ਸਮੇਤ ਪੰਜ ਮਹਾਂ ਮਾਨਵ, ਪੰਜ ਪਿਅਰਿਆਂ ਦੀ ਸੂਰਤ ਵਿੱਚ ਭਾਈ ਗੁਰਦਾਸ, ਭਾਈ ਨੰਦ ਲਾਲ, ਮਹਾਂਕਵੀ ਸੰਤੋਖ ਸਿੰਘ, ਸਿਰਦਾਰ ਕਪੂਰ ਸਿੰਘ ਜੀ ਹੋ ਗੁਜ਼ਰੇ ਹਨ (ਛਪ ਰਹੀ ਪੁਸਤਕ: ‘ਪ੍ਰੋ. ਮਹਿਬੂਬ ਦੀ ਵਾਰਤਕ’ ਦੇ “ਦੋ ਸ਼ਬਦ” ਵਿਚੋਂ)।

ਖ਼ਾਲਸਾ ਦ੍ਰਿਸ਼ਟੀ ਜਾਂ ਗੁਰਮੁਖ ਚੇਤਨਾ ਇਨ੍ਹਾਂ 14 ਕਿਸਮ ਦੇ ਬਿਪਰ ਸੰਸਕਾਰੀ ਜਾਂ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਦੇ ਗਿਆਨ-ਸੋਮਿਆਂ ਦੀ ਮੁਥਾਜ ਨਹੀਂ ਹੈ: (1) ਸ਼ਿਵ ਸ਼ਕਤੀ, (2) ਇੜਾ, ਪਿੰਗਲਾ, ਸੁਖਮਨਾ ਦੀ ਤ੍ਰਿਕੁਟੀ, (3) ਬ੍ਰਹਮਾ, ਬਿਸਨ, ਮਹੇਸ਼, (4) ਚਾਰ ਵੇਦ, (5) ਚਾਰ ਵਰਨ, (6) ਸਤੋ, ਰਜੋ, ਤਮੋ, ਤੁਰੀਆ, (7) ਛੇ ਸ਼ਾਸਤਰ, (8) ਅੱਠ ਸਿਧੀਆਂ, (9) ਨੌ ਨਾਥ, (10) ਦਸ ਅਵਤਾਰ, (11) ਗਿਆਰਾਂ ਰੁਦ੍ਰ (12) ਬਾਰਾਂ ਤਿਲਕ, (13) ਬਾਰਾਂ ਪੰਥ, (14) ਅਠਾਰਾਂ ਪੁਰਾਣ (ਸੱਤਵੀਂ ਵਾਰ, ਭਾ. ਗੁ.)। ਇਨ੍ਹਾਂ ਵਿੱਚ ਗੁਰਮੁਖ-ਚੇਤਨਾ (ਖ਼ਾਲਸਾ ਦ੍ਰਿਸ਼ਟੀ) ਦੀ ਹਾਥ ਲੈਣ ਦੀ ਤੇ ਇਸ ਦਾ ਰਹੱਸ ਬੁੱਝਣ ਦੀ ਸਮਰੱਥਾ ਨਹੀਂ ਹੈ:

ਗੁਰ ਸਿਖੀ ਦਾ ਸਿਖਣਾ, ਨਾਦੁ ਨ ਵੇਦ ਨ ਆਖਿ ਵਖਾਣੈ। (ਭਾ. ਗੁ.)

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ (ਪੰਨਾ 920, ਗੁ. ਗ੍ਰੰਥ ਸਾਹਿਬ)

ਉਪਰੋਕਤ ਬਿਪਰ ਸੰਸਕਾਰ ਦੇ ‘ਅੰਤਮ ਅਸਲੀਅਤ’ ਦੇ ਸੰਕਲਪ ਉਤੇ ਪਏ ਮਾਰੂ ਅਸਰ, ਧਰਮ ਨੂੰ ਮਨੁੱਖੀ ਸੁਆਰਥ, ਨਕਲ ਤੇ ਪਖੰਡ ਦੇ ਜ਼ਹਿਰੀਲੇ ਕੈਪਸੂਲਾਂ ਚ ਵਲ੍ਹੇਟਦੇ, ਕਰਮਕਾਂਡੀ ਚੱਕਰਵਿਊ ਆਦਿ ਦੀਆਂ ਗਹਿਰ ਗੰਭੀਰ ਭੂਲ ਭੁਲੱਈਆਂ ਤੇ ਬ੍ਰਾਹਮਣ ਦਾ ਫੋਕਾ ਰੋਅਬ ਤੇ ਦਬਦਬਾ ਆਦਿ ਸਭੋ ਕੁੱਝ ਦਾ ਕਾਲਾ ਪ੍ਰਛਾਵਾਂ ਸਦਾ ਹੀ ਖ਼ਾਲਸਾ ਪੰਥ ਦੀਆਂ ਨਸਲਾਂ ਉਪਰ ਵਾਰ ਵਾਰ ਪੈਂਦਾ ਰਹਿੰਦਾ ਹੈ। ਸਦਕਾ ਜਿਸ ਦਾ ਅਖੌਤੀ ਸਿੱਖ, ਖ਼ਾਲਸਾ ਪੰਥ ਦਾ ਨੁਕਸਾਨ ਪਹਿਲਾਂ, ਦੁਸ਼ਮਣ ਨਾਲ ਰਲ ਕੇ, ਫਲਸਫੇ ਚ ਰੋਲ ਘਚੋਲਾ ਪਾਕੇ, ਕਰਦੇ ਹਨ ਜਿਵੇਂ ਖ਼ਾਲਸਾ ਪੰਥ ਨੂੰ ਦੋ ਧਰਮ ਗ੍ਰੰਥਾਂ ਦੀ ਪੈਦਾਵਾਰ, ਦਸਮ ਗ੍ਰੰਥ ਦੀ ਅਸ਼ਲੀਲ ਤੇ ਕੱਚੀ ਬਾਣੀ ਦੀਆਂ ਬਿਪਰ ਸੰਸਕਾਰੀ ਰਚਨਾਵਾਂ ਦੇ ਵੱਡ-ਆਕਾਰੀ ਪੁਲੰਦਿਆਂ ਰਾਹੀਂ, ਸਾਬਿਤ ਕਰਨ ਦੇ ਤਰੱਦਦ ਹੋ ਰਹੇ ਹਨ। ਫੇਰ, ਜਦ ਖ਼ਾਲਸੇ ਚ ਨਿਸ਼ਾਨੇ ਦੀ ਅਸਪਸ਼ਟਤਾ ਜਾਂ ਜੜ੍ਹ-ਅੰਧਤਾ ਵੱਧ ਜਾਦੀ ਹੈ, ਤੇ ਆਪੋ ਧਾਪੀ ਦਾ ਆਲਮ ਸਿਰਾਂ ਚ ਸਵਾਰ ਹੁੰਦਾ ਹੈ (ਜਦ ਮੋਹਰਲੇ ਲੀਡਰ ਜੇਲ੍ਹੀਂ ਡੱਕੇ ਜਾਂਦੇ ਹਨ ਜਿਵੇਂ ਜੂਨ 1984, ਜਾਂ ਪੰਥ ਤੇ ਮੁਸੀਬਤ ਆਈ ਹੁੰਦੀ ਹੈ ਜਿਵੇਂ ਨਵੰਬਰ 1984 ਜਾਂ, ਜਿਵੇਂ ਅੱਜ ਕਲ੍ਹ ਖ਼ਾਲਸਾ ਪੰਥ, ਸੂਬਾਈ ਤੇ ਕੇਂਦਰੀ ਸਰਕਾਰੀ, ਦੋਹਰੀ ਗ਼ੁਲਾਮੀ ਚ ਪਿਸ ਰਿਹਾ ਹੈ।), ਉਦੋਂ, ਅਖੌਤੀ ਸਿੱਖ ਜਾਨੀ ਮਾਲੀ ਨੁਕਸਾਨ ਗ਼ੈਰਾਂ ਦੇ ਢਹੇ ਚੜ੍ਹ ਕੇ ਕਰਦੇ ਹਨ। ਤਾਂ ਹੀ, ਇਸ ਤੋਂ ਬਚਣ ਲਈ ਖ਼ਾਲਸਾ ਦ੍ਰਿਸ਼ਟੀ ਹਦਾਇਤ ਕਰਦੀ ਹੈ।

ਅਮਰੀਕ ਸਿੰਘ ਧੌਲ
.