.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਕਿਸ਼ਤ ਨੰ ੦੯)

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਮਃ ੧॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ, ਇਸ ਸ਼ਬਦ ਵਿੱਚ ਵੀ।

ਮਾਸੁ ਮਾਸੁ ਕਰਿ ਮੂਰਖੁ ਝਗੜੇ…

ਵਾਲੇ ਸ਼ਬਦ ਵਾਂਗ ਹੀ, ਇੱਕ ਬ੍ਰਾਹਮਣੀਂ ਰੀਤ ਦਾ ਖੰਡਣ ਕਰਦੇ ਹਨ।

ਹਿੰਦੂ ਧਰਮ ਵਿੱਚ ਜਨੇਊ ਪਾਉਣਾਂ ਬਹੁਤ ਹੀ, ਜਰੂਰੀ ਸਮਝਿਆ ਜਾਂਦਾ ਸੀ। ਜਨੇਊ (ਜੰਞੂ) ਨੂੰ ਬ੍ਰਹਮ ਸੂਤਰ ਮੰਨਿਆ ਜਾਂਦਾ ਹੈ,

ਬ੍ਰਾਹਮਣ ਜਦੋਂ ਇਹ ਜੰਞੂ, ਕਿਸੇ ਜਜਮਾਨ ਦੇ ਗਲ ਵਿੱਚ ਪਾ ਦੇਂਦਾ ਹੈ। ਤਾਂ ਬ੍ਰਾਹਮਣ ਜਜਮਾਨ ਦੇ ਕੰਨ ਵਿੱਚ ਕਹਿੰਦਾ ਹੈ, ਕਿ ਅੱਜ ਤੋਂ ਤੂੰ ਗੁਰੂ ਵਾਲਾ ਹੋ ਗਿਆ ਹੈਂ, ਧਰਮੀਂ ਹੋ ਗਿਆ ਹੈਂ। ਹੁਣ ਤੂੰ ਬ੍ਰਹਮ ਦੇਸ ਦਾ ਅਧਿਕਾਰੀ ਬਣ ਗਿਆ। ਅਤੇ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ।

ਇਸ ਸ਼ਬਦ ਦੀਆਂ ਕੁੱਲ ਛੇ ਪੰਕਤੀਆਂ ਜਾਂ ਕੜੀਆਂ ਹਨ।

ਅਖੀਰਲੀ ਪੰਕਤੀ ਆਮ ਸ਼ਬਦਾਂ ਦੀ ਤਰਾਂ ਹੀ, ਇਸ ਸ਼ਬਦ ਦੀ ਸਿਖਿਆ ਦਾ ਨਿਚੋੜ ਜਾਂ (ਉਪਦੇਸ਼) ਹੈ, ਜਿਸ ਤੇ ਨਾਨਕ ਨਾਮ ਦੀ ਮੋਹਰ ਲੱਗੀ ਹੋਈ ਹੈ।

ਬਾਕੀ ਪੰਜ ਦੀਆਂ ਪੰਜ ਪੰਕਤੀਆਂ ਵਿਚ, ਬ੍ਰਾਹਮਣੀਂ ਪਖੰਡ ਦਾ ਖੰਡਣ ਕੀਤਾ ਹੈ।

ਜਾਂ ਕਹਿ ਲਵੋ ਕੇ ਪੰਜਾਂ ਹੀ ਪੰਕਤੀਆਂ ਵਿਚ, …ਹਿੰਦੂਆਂ ਨੂੰ ਕੁਰੀਤੀਆਂ ਛੱਡਣ ਦੀ ਸਿਖਿਆ ਦਿੱਤੀ ਹੈ, … ਅਤੇ ਅਖੀਰ ਤੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਹੈ।

ਗੁਰੂ ਨਾਨਕ ਨੇਂ ਸੱਭ ਨੂੰ ਉਪਦੇਸ਼ ਕੀਤਾ ਹੈ, ਸੱਭ ਨੂੰ ਮੱਤਿ ਦਿੱਤੀ ਹੈ। ਉਹਨਾਂ ਨੇਂ ਨਾਂ ਤੇ ਕਿਸੇ ਨਾਲ ਝਗੜਾ ਕੀਤਾ ਹੈ। ਅਤੇ ਨਾਂ ਹੀ ਕਿਸੇ ਦੀ ਕਿਤੇ ਨਿੰਦਾ ਕੀਤੀ ਹੈ।

ਆਉ ਵਿਚਾਰ ਕਰੀਏ ਕੇ ਅਸੀਂ (ਮਾਸ ਮਾਸ. .) ਵਾਲੇ ਸ਼ਬਦ ਵਾਗ ਹੀ…ਇਸ ਸ਼ਬਦ ਵਿੱਚ ਵੀ ਆਈ, ਮਾਸ ਨਾਲ ਸਬੰਧਿਤ ਇੱਕ ਪੰਕਤੀ. .

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਦਾ ਵੀ. . ਆਪਣੇਂ ਮਾਸ ਖਾਣ ਦੀ ਲਾਲਸਾ ਨੂੰ ਪੂਰੀ ਕਰਨ ਜਾਂ ਆਪਣੀਂ ਗੱਲ ਨੂੰ ਸਹੀ ਸਿੱਧ ਕਰਨ ਵਾਸਤੇ

ਇਸ ਪੰਕਤੀ ਦਾ ਵੀ ਕਿੰਨਾਂ ਗਲਤ ਇਸਤੇਮਾਲ ਕਰ ਰਹੇ ਹਾਂ।

ਅਤੇ ਇਸ ਪੰਕਤੀ ਦਾ ਬਹਾਨਾਂ ਕੇ

ਅਸੀਂ ਇਹ ਕਹਿਣੋਂ ਵੀ ਨਹੀਂ ਝਿਜਕਦੇ ਕੇ ਗੁਰੂ ਨਾਨਕ ਜੀ ਵੀ ਮਾਸ ਛਕਦੇ ਸਨ।

ਅਤੇ ਇਹ ਸ਼ਬਦ ਜੋ ਗੁਰੂ ਨਾਨਕ ਜੀ ਨੇਂ, ਸਾਡੇ (ਉਸ ਵਕਤ ਦੇ ਹਿੰਦੂ) ਪ੍ਰਥਾਇ ਲਿਖਿਆ ਸੀ।

ਚਤੁਰਾਈ ਨਾਲ ਅਸੀਂ ਉਲਟਾ, ਗੁਰੂ ਨਾਨਕ ਤੇ ਹੀ ਢੁਕਾ ਦੇਂਦੇ ਹਾਂ।

ਮਃ ੧॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥ ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨॥ ੪੭੧

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥

ਕਪਾਹ ਦਾ ਸੂਤ ਵੱਟ ਕੇ, ਗਲ ਵਿੱਚ ਜਨੇਊ ਪਾ ਕੇ, ਆਪਣੇਂ ਆਪ ਨੂੰ ਪਵਿਤ੍ਰ ਅਤੇ ਵੱਡਾ ਧਰਮੀਂ ਹੋਣ ਦਾ ਦਿਖਾਵਾ ਕਰਨ ਵਾਲੇ ਮਨੁੱਖ ਦੀ ਅੰਤਰ ਆਤਮਾਂ ਦਾ ਇਹ ਹਾਲ ਹੈ, ਕਿ ਉਹ, ਲਖਾਂ ਹੀ ਬੁਰੇ ਕੰਮ ਕਰਦਾ ਹੈ, ਚੋਰੀਆ ਜਾਰੀਆ (ਪਰਾਈ ਇਸਤਰੀ ਗਮਨ) ਕਰਦਾ ਹੈ, ਲੱਖਾਂ ਝੂਠ ਬੋਲਦਾ ਹੈ, ਗਾਲੀਆਂ ਬਕਦਾ ਹੈ।

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥

ਲੱਖਾਂ ਠੱਗੀਆਂ ਕਰਦਾ ਹੈ, ਰਾਤ ਦਿਨ ਜੀਅ ਜਾਨ ਲਾ ਕੇ ਪਹਿਨਾਮੀਆਂ (ਲੁਕ ਲੁਕ ਕੇ ਮੰਦੇ ਕੰਮ) ਕਰਦਾ ਹੈ।

ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥

ਖੁਦ ਤਾਂ ਦਿਨ ਰਾਤ ਅਜੇਹੇ ਬੁਰੇ ਕੰਮਾਂ ਵਿੱਚ ਲੱਗਾ ਹੋਇਆ ਹੈ। ਅਤੇ ਇਧਰ ਬ੍ਰਾਹਮਣ ਜੀ ਹੁਰੀਂ ਆ ਪਹੁੰਚਦੇ ਹਨ, ਜਜਮਾਨ ਨੂੰ ਜਨੇਊ ਪਾ ਕੇ ਧਰਮ ਨਾਲ ਜੋੜਨ ਵਾਸਤੇ। ਅਤੇ ਕਪਾਹ ਦਾ ਕੱਤਿਆ ਹੋਇਆ ਤਾਗਾ ਲੈ ਕੇ, ਬ੍ਰਾਹਮਣ ਨੇਂ ਵੇਦਾਂ ਦੀ ਜੁਗਤੀ ਅਨੂੰਸਾਰ ਤਿੰਨ ਲੜੀ ਸੂਤੜੀ ਬਨਾ ਕੇ, ਤੇ ਗੰਡਾਂ ਦੇ ਕੇ ਜਨੇਊ ਤਿਆਰ ਕਰ ਲਿਆ।

ਨੋਟ:- ਗੁਰੂ ਜੀ ਨੇਂ ਐਨੀਆਂ ਬੁਰਾਈਆਂ ਗਿਨਵਾਈਆਂ ਹਨ, ਜਜਮਾਨ (ਸਾਡੇ) ਵਿਚ, ਅਤੇ ਜਨੇਉ ਦਾ ਵੀ ਖੰਡਣ ਕੀਤਾ ਹੈ।

ਐਨੀਆਂ ਬੁਰਾਈਆਂ ਨਾਲ ਭਰੇ ਹੋਇ ਜਜਮਾਨ ਵਿਚ,

ਬੱਕਰੇ ਦਾ ਪਕਵਾਨ ਖਾਣ ਜਾਂ ਪਰੋਸਣ ਦੀ,

ਕੀ ਇਹ ਇੱਕ ਅਛਾਈ ਨਜ਼ਰ ਆਈ ਸੀ ਗੁਰੁ ਜੀ ਨੂੰ, ਜਜਮਾਨ ਵਿਚ!

ਜੋ ਕਿ ਉਹਨਾਂ (ਗੁਰੂ ਜੀ) ਨੇਂ ਜਜਮਾਨ ਦੀ ਇਸ ਅਛਾਈ ਦੀ ਰੀਸੇ,

ਸਾਨੂੰ ਵੀ ਬੱਕਰੇ ਖਾਣ ਦੀ ਹਦਾਇਤ ਕਰ ਦਿੱਤੀ।

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਜਨੇਊ ਪਾਉਣ ਦੀ ਸਾਰੀ ਤਿਆਰੀ ਹੋ ਗਈ। ਇਸ ਮੌਕੇ ਆਏ ਹੋਇ ਮਹਿਮਾਨਾਂ ਨੂੰ ਬੱਕਰਾ ਰਿੰਨ ਕੇ ਖੁਆਇਆ ਗਿਆ। ਅਤੇ ਸਾਰੇ ਕਹਿਣ ਲੱਗੇ, ਲਉ ਜੀ ਜਨੇਊ ਪੈ ਗਿਆ, ਕਾਕਾ (ਧਰਮੀ ਹੋ ਗਿਆ) (ਇਕ ਤਰਾਂ ਇਸ ਖੁਸ਼ੀ ਦੀ ਵਧਾਈ ਦੇਣ ਲੱਗੇ)

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥

ਜਦੋਂ ਇਹ ਜਨੇਊ ਪੁਰਾਣਾਂ ਹੋ ਜਾਂਦਾ ਹੈ, ਤਾਂ ਲਾਹ ਕੇ ਸੁੱਟ ਦਿੱਤਾ ਜਾਂਦਾ ਹੈ। ਅਤੇ ਇਸ ਦੀ ਥਾਂ ਹੋਰ ਨਵਾਂ ਪਾ ਲਿਆ ਜਾਂਦਾ ਹੈ।

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨॥

ਗੁਰੂ ਨਾਨਕ ਜੀ ਕਹਿੰਦੇ ਹਨ, ਜੇ ਭਲਾ ਇਸ ਧਾਗੇ (ਸੂਤ ਜਾਂ ਜਨੇਊ) ਵਿੱਚ (ਜੋਰ) ਹੋਵੇ। ਭਾਵ ਪੱਕਾ (ਸਾਥ ਦੇਨ ਵਾਲਾ) ਜਾਂ ਸਾਡੀ ਆਤਮਾਂ ਦੇ ਕਿਸੇ ਕੰਮ ਆਉਣ ਵਾਲਾ ਹੋਵੇ ਤਾਂ ਇਹ ਟੁਟੇ ਹੀ ਕਿਊਂ।

-੦-

ਮਾਸੁ ਮਾਸੁ ਕਰਿ ਮੂਰਖੁ ਝਗੜੇ…

ਵਾਲੇ ਸ਼ਬਦ ਵਿੱਚ ਇੱਕ ਪੰਕਤੀ ਆਈ ਸੀ. .

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਅਤੇ

ਇਸ ਸ਼ਬਦ ਵਿਚ

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਵਾਲੀ ਪੰਕਤੀ ਵੀ ਉਸੇ ਹੀ ਸੰਧਰਭ ਵਿੱਚ ਆਈ ਹੈ।

ਦੋਹਾਂ ਹੀ ਪੰਕਤੀਆਂ ਵਿੱਚ ਗੁਰੂ ਨਾਨਕ ਜੀ ਦੁਨਿਆਵੀ ਪਖੰਡ ਜਾਂ ਕੁਰੀਤੀਆਂ ਦਾ ਜਿਕਰ ਕਰ ਰਹੇ ਹਨ।

ਅਤੇ ਇਹ ਸਾਰੀਆਂ ਕੁਰੀਤੀਆਂ ਜਾਂ ਧਾਰਮਿਕ ਰੀਤੀਆਂ ਕੌਣ ਕਰ ਰਿਹਾ ਹੈ?

ਉੱਤਰ ਹੈ…. . ਬ੍ਰਾਹਮਣ ਤੇ ਜਜਮਾਨ ਕਰ ਰਿਹਾ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਇਹ ਦੋਵੇਂ ਕੰਮ ਕਰਨ ਵਾਲੇ, ਕੀ ਗੁਰੂ ਨਾਨਕ ਦੇ ਸਿੱਖ ਸਨ।

ਬੱਕਰੇ ਨੂੰ ਕੋਹ ਕੇ ਕਿਸ ਨੇਂ ਰਿੰਨਿਆ ….

ਜਾਂ ਕਿ ਇਹ ਬੱਕਰਾ ਕੋਹ ਕੇ ਮਾਸ ਰਿੰਨਣ ਦੀ ਮੱਤ ਕੀ ਗੁਰੂ ਨਾਨਕ ਜੀ ਨੇਂ ਦਿੱਤੀ ਹੈ?

ਜਿਸ ਵਾਸਤੇ ਕਿ ਬੱਕਰਾ ਰਿੰਨ ਕੇ ਖਾਣ ਨੂੰ ਤਾਂ ਅਸੀਂ ਬਹੁਤ ਵਧੀਆ ਮਹਿੰਗੇ (ਕੀਮਤੀ) ਅਤੇ ਸੁਆਦਲੇ ਭੋਜਨ ਵਿੱਚ ਸ਼ਾਮਲ ਕਰ ਲਿਆ ਹੈ।

ਨਹੀਂ! ! ਇਹ ਬੱਕਰਾ ਰਿੰਨਣ ਦਾ ਕੰਮ ਵੀ ਹਿੰਦੂ ਜਜਮਾਨ ਨੇ ਕੀਤਾ ਸੀ।

ਅਤੇ ਇਹ ਕੰਮ ਤਾਂ ਗੁਰੂ ਨਾਨਕ ਜੀ ਤੋਂ ਵੀ ਪਹਿਲੇ ਜੁਗਾਂ ਜੁਗਾਂ ਤੋਂ ਹੋ ਰਿਹਾ ਸੀ।

ਮਾਸ ਖਾਣ ਦੇ ਹੱਕ ਵਿੱਚ ਲਿਖਣ ਵਾਲੇ ਇੱਕ ਵਿਦਵਾਨ ਵੀਰ ਨੇਂ

ਗੁਰੂ ਨਾਨਕ ਜੀ ਦੇ ਜੰਝੂ ਦੀ ਰਸਮ ਵੇਲੇ,

ਇਸ ਸ਼ਬਦ ਦਾ ਹਵਾਲਾ ਦੇ ਕੇ ਇਸ ਤਰਾਂ ਲਿਖਿਆ ਹੈ।

ਅੱਗੇ ਉਹ ਵਿਦਵਾਨ ਵੀਰ ਲਿਖਦੇ ਹਨ।

ਜੰਜੂ ਪ੍ਰਥਾਏ ਇਥੇ ਚਾਰ ਸਲੋਕ ਆਏ ਹਨ, ਅਤੇ ਇਹ ਚਾਰੇ ਸਲੋਕ ਇਕੋ ਲੜੀ `ਚ ਹਨ। ਇਸ ਲੜੀ ਦੇ ਤੀਜੇ ਸਲੋਕ `ਚ ਪਾਤਸ਼ਾਹ ਦਾ ਫ਼ੁਰਮਾਨ ਹੈ ਜੰਜੂ `ਚ ਧਰਮੀ ਜੀਵਨ ਲਈ ਕੋਈ ਉਦਮ ਹੈ ਹੀ ਨਹੀਂ, ਇਹੀ ਕਾਰਣ ਹੈ ਕਿ ਜੰਜੂ ਪੁਆਉਣ ਤੋਂ ਬਾਦ ਵੀ ਜਜਮਾਨ ਦੀ ਰਹਿਣੀ, ਸੋਚਣੀ, ਕਰਣੀ ਆਦਿ ਕਿਸੇ ਪਖੋਂ ਉਸਦੇ ਜੀਵਨ `ਚ ਉੱਕਾ ਤੱਬਦੀਲੀ ਨਹੀਂ ਆਉਂਦੀ। ਜੇ ਕੋਈ ਮਨੁੱਖ ਪਹਿਲਾਂ ਤੋਂ ਚੋਰ, ਵਿਭਚਾਰੀ, ਧੋਖੇਬਾਜ਼, ਫ਼ਰੇਬੀ ਜਾਂ ਕੁੱਝ ਵੀ ਸੀ ਤਾਂ ਜੰਜੂ ਪਾਉਣ ਤੋਂ ਬਾਦ ਵੀ ਉਸਦੇ ਜੀਵਨ `ਚ ਰੱਤਾ ਫ਼ਰਕ ਨਹੀਂ ਆਉਂਦਾ। ਇਹ ਵੱਖਰੀ ਗਲ ਹੈ ਕਿ ਸਰਦੇ-ਪੁਜਦੇ ਪ੍ਰਵਾਰਾਂ `ਚ ਉਚੇਚਾ ਪ੍ਰਭਾਵ ਦੇਣ ਜਾਂ ਭੱਲ ਬਨਾਉਣ ਲਈ ਬੱਕਰੇ ਆਦਿ ਦੇ (ਮੰਹਿਗੇ) ਪੱਕਵਾਨ ਤਿਆਰ ਕਰਵਾਏ ਜਾਂਦੇ ਹਨ। ਉਪਰੰਤ ਰਿਸ਼ਤੇਦਾਰ, ਸੰਬੰਧੀ, ਮਿੱਤਰ “ਸਭੁ ਕੋ ਆਖੈ ਪਾਇ” ਅਨੁਸਾਰ ਮੁਬਾਰਕਾਂ ਦੇਂਦੇ ਅਤੇ ਕਹਿੰਦੇ ਹਨ “ਮੁਬਾਰਕ ਹੋਵੇ ਜੀ, ਕਾਕੇ ਨੇ ਜੰਜੂ ਪਾਇਆ ਹੈ” ਆਦਿ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਪੂਰਾ ਸਲੋਕ ਇਸਤਰ੍ਹਾਂ ਹੈ:

“ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥

ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ॥

ਕੁਹਿ ਬਕਰਾ ਰਿੰਨਿ੍ਹ੍ਹ ਖਾਇਆ ਸਭੁ ਕੋ ਆਖੈ ਪਾਇ॥

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥

ਨਾਨਕ ਤਗ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨ ॥” (ਪੰ: ੪੭੧)

ਧਿਆਨ ਦੇਣ ਵਾਲੀ ਗਲ ਇਹ ਹੈ ਕਿ ਇਥੇ ਵੀ ਮਾਸ ਦਾ ਜ਼ਿਕਰ ਵਧੀਆ ਅਤੇ ਮੰਹਿਂਗੇ ਮਨੁੱਖੀ ਭੋਜਨ ਵਜੋਂ ਹੈ ਅਤੇ ਭੁਲੇਖੇ ਵਾਲੀ ਉਕਾ ਗਲ ਨਹੀਂ ਰਹਿ ਜਾਂਦੀ।

ਨੋਟ:- ਲੇਖਕ ਮਾਸ ਨੂੰ ਬਾਰ ਬਾਰ (ਮਹਿੰਗਾ) ਪਕਵਾਨ ਲਿਖਦਾ ਹੈ। ਕੀ ਕਿਸੇ ਵੀ ਮਹਿੰਗੀ ਜਾਂ ਕੀਮਤੀ ਚੀਜ ਜਾਂ ਮਹਿੰਗੀ ਖੁਰਾਕ ਨੂੰ ਗੁਰਮਤਿ ਵਿੱਚ ਕੋਈ ਵਿਸ਼ੇਸ਼ ਦਰਜਾ ਹਾਸਲ ਹੈ। ਕੀ ਕਿਸੇ ਜੀਵ ਦੀ ਜਾਨ ਨਾਲੋਂ ਵੀ ਕੀਮਤੀ ਹੈ, ਸਾਡਾ ਭੋਜਨ?

ਅਤੇ ਕੀ ਇਹ ਸੱਚ ਹੈ, ਕਿ ਇਸ ਸ਼ਬਦ (ਬਾਣੀਂ) ਵਿੱਚ ਮਾਸ ਦਾ ਜਿਕਰ, ਸਚਮੁਚ ਇਸ ਵਾਸਤੇ ਆਇਆ ਹੈ, ਕਿ ਮਾਸ ਇੱਕ ਵਧੀਆ ਅਤੇ ਮਹਿੰਗਾ ਭੋਜਨ ਹੈ?

ਬਲਕਿ ਇਥੇ ਤਾਂ ਇੱਕ ਹੋਰ ਵਿਸ਼ਾ ਵੀ ਉਘੜ ਕੇ ਸਾਹਮਣੇ ਆਉਂਦਾ ਹੈ, ਚੂੰਕਿ ਸਾਖੀ ਅਨੁਸਾਰ ਗੁਰਦੇਵ ਨੇ ਇਨ੍ਹਾਂ ਸਲੋਕਾਂ ਦਾ ਉਚਾਰਣ ਉਦੋਂ ਕੀਤਾ ਜਦੋਂ ਕੁਲ ਰੀਤੀ ਅਨੁਸਾਰ ਪੰਡਤ ਹਰਦਿਆਲ ਨੇ ਗੁਰਦੇਵ ਨੂੰ ਜੰਜੂ ਪਾਉਣ ਲਈ ਅਪਣੀ ਬਾਂਹ ਉਚੀ ਕੀਤੀ। ਉਸ ਸਮੇਂ ਗ੍ਰਿਹ ਵਿਖੇ ਸਾਰੀ ਬਿਰਾਦਰੀ ਅਤੇ ਰਾਜਸੀ ਆਗੂ ਵੀ ਜੁੜੇ ਹੋਏ ਸਨ। ਚੇਤੇ ਰਹੇ! ਇੱਕ ਪਾਸੇ, ਬ੍ਰਾਹਮਣੀ ਵਰਣਵੰਡ ਅਨੁਸਾਰ ਗੁਰਦੇਵ ਦਾ ਨਿਜੀ ਸੰਬੰਧ ਵੀ ਬੇਦੀ ਭਾਵ ਉਚੀ ਕੁਲ ਨਾਲ ਸੀ। ਇਸਦੇ ਨਾਲ, ਪਿਤਾ ਕਾਲੂ ਰਾਇਬੁਲਾਰ ਦੇ ਦੱਸ ਪਿੰਡਾਂ ਦੇ ਪਟਵਾਰੀ ਅਤੇ ਉਸਦੇ ਮੰਤ੍ਰੀਮੰਡਲ (ਕੈਬਨਿਟ) `ਚ ਮੰਤ੍ਰੀ (ਮਹਿਤਾ) ਵੀ ਸਨ। ਤਾਂਤੇ ਆਪ ਦੇ ਪ੍ਰਵਾਰ ਦਾ ਰਾਜਸੀ ਰੁੱਤਬਾ ਵੀ ਖਾਸਾ ਉਚਾ ਸੀ। ਜ਼ਰੂਰੀ ਹੈ ਉਸ ਸਮੇਂ ਗ੍ਰਿਹ ਵਿਖੇ ਜੁੜਿਆ ਮੇਲ ਵੀ ਬਹੁਤ ਵੱਡਾ ਹੀ ਹੋਵੇਗਾ। ਇਸਤਰ੍ਹਾਂ ਸਲੋਕ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਅਜੇਹੇ ਸਮੇਂ ਗੁਰਦੇਵ ਦੇ ਗ੍ਰਹਿ ਵਿਖੇ ਵੀ ਬਕਰੇ ਆਦਿ ਦੇ ਪੱਕਵਾਨ ਬਣੇ ਹੋਏ ਸਨ। ਸਪੱਸ਼ਟ ਹੈ ਇਸੇ ਕਾਰਣ “ਕੁਹਿ ਬਕਰਾ ਰਿੰਨਿ੍ਹ੍ਹ ਖਾਇਆ ਸਭੁ ਕੋ ਆਖੈ ਪਾਇ” ਵਾਲਾ ਇਹ ਵਿਸ਼ਾ ਇਸ ਸਲੋਕ `ਚ ਆਇਆ ਹੈ।

ਉਹਨਾਂ ਨੇਂ (ਵਦਵਾਨ ਨੇ) ਇਹ ਸ਼ਬਦ, ਸਪੱਸ਼ਟ ਰੂਪ ਵਿੱਚ ਗੁਰੂ ਨਾਨਕ ਜੀ ਅਤੇ ਉਹਨਾਂ ਦੇ ਘਰ ਦੇ ਪ੍ਰਵਾਰ ਅਤੇ ਬਰਾਦਰੀ ਤੇ ਘਟਾ ਦਿੱਤਾ ਹੈ।

ਅਤੇ ਗੁਰੂ ਨਾਨਕ ਨੂੰ ਇਸ ਸ਼ਬਦ ਵਿੱਚ ਜਜਮਾਨ ਦੇ ਤੋਰ ਤੇ ਪੇਸ਼ ਕੀਤਾ ਹੈ।

ਦੇਖੋ ਮਾਸ ਖਾਣ ਦੀ ਖਾਤਰ ਅਸੀਂ ਕਿਸ ਹੱਦ ਤੱਕ ਜਾ ਸਕਦੇ ਹਾਂ।

ਵਿਚਾਰ

ਪਾਠਕ ਵੀਰੋ, ਇੱਕ ਵਾਰ ਦੁਬਾਰਾ ਇਸ ਸ਼ਬਦ ਨੂੰ ਧਿਆਨ ਨਾਲ ਪੱੜ੍ਹ ਕੇ ਵਿਚਾਰ ਕਰੋ, ਕਿ

ਮਃ ੧॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥ ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨॥ ੪੭੧

ਕੀ ਇਸ ਸ਼ਬਦ ਦਾ, ਗੁਰੂ ਨਾਨਕ ਜੀ ਦੇ ਆਪਣੇਂ ਜਨੇਊ ਧਾਰਨ ਕਰਨ ਵਾਲੇ ਸਮੇਂ ਨਾਲ ਕੋਈ ਸਬੰਧ ਲੱਗਦਾ ਹੈ।

ਜਾਂ ਇਹ ਸ਼ਬਦ ਗੁਰੂ ਨਾਨਕ ਜੀ ਦੇ ਪ੍ਰਵਾਰ, ਅਤੇ ਬਰਾਦਰੀ ਤੇ ਢੁਕਾਇਆ ਜਾ ਸੱਕਦਾ ਹੈ।

ਪਰ ਹਾਂ. . ਅਗਲੇ ਸ਼ਬਦ ਦਾ ਮੇਲ ਜਰੂਰ ਕਹਿ ਸੱਕਦੇ ਹਾਂ।

ਸਲੋਕੁ ਮਃ ੧॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ

ਕਿਉਂ ਕੇ ਇਸ ਸ਼ਬਦ ਵਿੱਚ ਅੱਗੇ ਵਾਲੀ ਪੰਕਤੀ

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ

ਮੇਲ ਖਾਦੀ ਲੱਗਦੀ ਹੈ, ਅਤੇ ਇਸ ਦੀ ਕਥਾ ਵੀ ਕਈ ਵਾਰ ਸੁਣੀਂ ਹੈ। ਪਰ ਕਿਸੇ ਵੀ ਕਥਾ ਵਾਚਕ ਦੇ ਮੂਹੋਂ ਅੱਜ ਤੱਕ ਇਹ ਨਹੀਂ ਸੀ ਸੁਣਿਆਂ, ਕੇ ਗੁਰੂ ਨਾਨਕ ਦੇ ਘਰ ਬੱਕਰਾ ਵੱਡ ਕੇ, ਮਾਸ ਦੇ ਪਕਵਾਨ ਤਿਆਰ ਹੋਇ ਸਨ।

ਪਰ ਇਸ ਸ਼ਬਦ ਵਿੱਚ ਮਾਸ (ਜਾਂ ਬੱਕਰਾ ਕੋਹਣ) ਵਾਲੀ ਗੱਲ ਨਹੀਂ ਹੈ।

ਸ਼ਾਇਦ ਇਸੇ ਕਰਕੇ ਹੀ ਲੇਖਕ ਨੇਂ ਇਸ ਮੇਲ ਖਾਂਦੇ ਸ਼ਬਦ ਦੀ ਬਜਾਏ, ਦੂਜੇ ਸ਼ਬਦ ਨੂੰ ਗੁਰੂ ਨਾਨਕ ਦੇ ਜਨੇਊ ਧਾਰਨ ਵਾਲੇ ਪ੍ਰਸੰਗ ਨਾਲ ਜੋੜਿਆ ਹੈ।

ਵਿਚਾਰ ਕਰੋ ਕਿ…ਕੀ ਇਹ ਸ਼ਬਦ ਗੁਰੂ ਨਾਨਕ ਜੀ ਨੇਂ ਸੱਚਮੁਚ ਆਪਣੇਂ (ਖੁਦ ਦੇ) ਪ੍ਰਥਾਇ ਲਿਖਿਆ ਹੈ….

ਜੇ ਤਾਂ ਉਹਨਾਂ ਨੇਂ ਇਹ ਸ਼ਬਦ

ਆਪਣੇਂ ਪਰਥਾਇ (ਜਿਸ ਵੇਲੇ ਗੁਰੂ ਨਾਨਕ ਜੀ ਨੂੰ ਜਨੇਊ ਪਾਉਣ ਲੱਗੇ ਸੀ) ਲਿਖਿਆ ਹੈ।

ਤਾਂ ਉਹਨਾਂ ਨੇਂ

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ ਵਾਲੀ ਜੋ ਅੰਤਰ ਆਤਮਾਂ ਵਾਲੀ ਗੱਲ ਆਖੀ ਹੈ।

ਕੀ ਇਹ ਉਹਨਾਂ ਨੇਂ ਆਪਣੀਂ ਅੰਦਰਲੀ ਹਾਲਤ ਬਿਆਨ ਕੀਤੀ ਹੈ?

ਜਿਸ ਵੇਲੇ ਗੁਰੂ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕੀਤੀ ਜਾ ਰਹੀ ਸੀ।

ਕੀ ਉਸ ਵੇਲੇ ਗੁਰੂ ਨਾਨਕ ਜੀ ਦੇ ਘਰ ਵਿੱਚ ਬਕਰਾ ਮਾਰ ਕੇ ਉਹ ਦੇ ਮਾਸ ਦੇ ਪਕਵਾਨ ਬਣੇਂ ਹੋਇ ਸਨ?

ਰਾਇਬੁਲਾਰ ਜੋ ਦਸ ਪਿੰਡਾਂ ਦਾ ਮਾਲਕ ਸੀ, ਤੇ ਉਸ ਨੇਂ ਗੁਰੂ ਨਾਨਕ ਨੂੰ ਆਪਣਾਂ ਪੁੱਤਰ ਮੰਨਿਆ ਹੋਇਆ ਸੀ।

ਅਤੇ ਗੁਰੂ ਨਾਨਕ ਦੇਵ ਜੀ ਖੁਦ ਵੀ ਸਰਦੇ ਪੁਜਦੇ ਘਰ ਵਿਚੋਂ ਸਨ।

ਸੋ ਇਸ ਵਾਸਤੇ

ਕੀ ਗੁਰੂ ਨਾਨਕ ਦੇਵ ਜੀ ਨੇਂ ਜਾਂ ਉਹਨਾਂ ਦੇ ਪਿਤਾ ਨੇਂ, ਸਰਦੇ ਪੁਜਦੇ ਘਰਾਂ ਵਿਚੋਂ ਹੋਣ ਕਾਰਨ ਆਪਣੀਂ ਭੱਲ ਬਨਾਉਣ ਵਾਸਤੇ, ਬੱਕਰੇ ਦੇ ਮਾਸ ਦੇ ਮਹਿੰਗੇ ਪਕਵਾਨ ਬਨਵਾਇ ਸਨ?

ਕੀ ਉਸ ਵੇਲੇ ਗੁਰੂ ਨਾਨਕ ਦੇ ਘਰ ਵਿੱਚ ਮਾਸ ਦੇ ਮਹਿੰਗੇ ਪਕਵਾਨ ਖਾਣ ਵਾਸਤੇ…ਬਹੁਤ ਸਾਰਾ ਮੇਲ ਵੀ ਇਕੱਠਾ ਹੋਇਆ ਹੋਇਆ ਸੀ?

ਕੀ ਉਸ ਵੇਲੇ ਮਾਸ ਦੇ ਮਹਿੰਗੇ ਪਕਵਾਨ ਖਾਣ ਉਪਰੰਤ ਆਇ ਹੋਇ ਰਿਸਤੇਦਾਰਾਂ ਸਬੰਧੀਆਂ ਅਤੇ ਮਿੱਤਰਾਂ ਨੇਂ “ਸਭੁ ਕੋ ਆਖੈ ਪਾਇ” ਦੇ ਅਨੂੰਸਾਰ ਕੀ ਗੁਰੂ ਨਾਨਕ ਦੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਸਨ,

ਕਿ “ਮੁਬਾਰਕ ਹੋਵੇ ਜੀ ਕਾਕੇ ਨੇਂ ਜੰਞੂ ਪਾ ਲਿਆ

ਪਾਠਕਾਂ ਤੋਂ ਮਾਫੀ ਚਾਹੁੰਦਾ ਹਾਂ ਮੈਂ ਕੁੱਝ ਜਿਅਦਾ ਹੀ ਲਿਖ ਗਿਆ ਹਾਂ।

ਪਰ ਇਹ ਮੈਨੂੰ ਇਸ ਵਾਸਤੇ ਲਿਖਣਾਂ ਪਿਆ।

ਕਿਉਂ ਕੇ ਉਹ ਵਿਦਵਾਨ ਵੀਰ ਸਾਫ ਲਫਜ਼ਾਂ ਵਿੱਚ ਲਿਖਦਾ ਹੈ ਕਿ।

“ਇਸ ਤਰਾਂ ਇਸ ਸਲੋਕ ਤੋਂ ਇਹ ਸਾਬਤ ਹੁੰਦਾ ਹੈ, ਕਿ ਅਜੇਹੇ ਸਮੇਂ ਗੁਰਦੇਵ (ਗੁਰੂ ਨਾਨਕ) ਦੇ ਗ੍ਰਹਿ ਵਿਖੇ ਵੀ ਬੱਕਰੇ ਆਦਿ ਦੇ ਪਕਵਾਨ ਬਣੇਂ ਹੋਇ ਸਨ”

ਜੇ ਬੱਕਰੇ ਦੇ ਪਕਵਾਨ ਬਨਾਇ ਗਏ ਸਨ, ਤਾਂ…

ਤਾਂ ਬਾਕੀ ਸਾਰੇ ਕੰਮ ਵੀ ਕੀਤੇ ਹੀ ਗਏ ਹੋਣ ਗੇ।

ਕੁਹਿ

ਲਫਜ਼ ਦੀ ਵੀ ਜਰਾ ਕੂ ਵਿਚਾਰ ਕੀਤੀ ਜਾਵੇ।

ਹਲਾਲ ਕਰਨਾਂ,

ਜਿਬਹਾ ਕਰਨਾਂ

ਮਾਰਨਾਂ,

ਕਟਣਾਂ,

ਕੁਹਣਾਂ

ਆਦਿ ਦਾ ਇਕੋ ਹੀ ਮਤਲਬ ਹੈ। ਪਰ ਕਿਸੇ ਜਾਨਵਰ ਨੂੰ “ਕੋਹ” “ਕੋਹ” ਕੇ ਮਾਰਨਾਂ ਆਮ ਕਰਕੇ ਇੱਕ ਤਰਾਂ ਨਾਲ ਨਿਰਦਾਇਤਾ ਵਾਲਾ ਲਫਜ਼ ਹੈ।

ਜੋ ਗੁਰੂ ਨਾਨਕ ਜੀ ਨੇਂ ਇਸ “ਕੋਹਿ” ਲਫਜ਼ ਨੂੰ, ਪਖੰਡਾਂ ਦੇ ਨਾਲ ਨਾਲ ਇੱਕ ਤਰਾਂ ਦੀ ਕਰੂਰਤਾ ਦਰਸਾਉਣ ਵਾਸਤੇ ਵਰਤਿਆ ਹੈ।

*

ਇਸ ਸ਼ਬਦ ਦੇ ਭਾਵ ਨੂੰ ਕੁੱਝ ਹੋਰ ਵੀ ਜਿਆਦਾ ਸਪੱਸਟ ਕਰਨ ਵਾਸਤੇ,

ਆਪਾਂ ਇਸ ਸ਼ਬਦ ਦੀ ਹੇਠ ਲਿਖੀ ਵਿਚਾਰ ਅਲੱਗ ਤਰੀਕੇ ਕਰਦੇ ਹਾਂ।

*

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥

ਇਸ ਪੰਕਤੀ ਵਿਚਲੇ ਇਹਨਾਂ ਕੰਮਾਂ ਦਾ ‘ਕਾਰਕ” ਜਜਮਾਨ ਹੈ

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥

ਇਹਨਾਂ ਕੰਮਾਂ ਦਾ “ਕਾਰਕ” ਵੀ ਜਜਮਾਨ ਹੈ।

ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥

ਇਹਨਾਂ ਕੰਮਾਂ ਦਾ “ਕਾਰਕ” ਬ੍ਰਾਹਮਣ ਹੈ।

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਇਸ ਕੰਮ ਦਾ “ਕਾਰਕ” ਵੀ ਜਜਮਾਨ ਹੈ, ਬ੍ਰਾਹਮਣ ਅਤੇ ਰਿਸਤੇ ਦਾਰ ਵੀ ਇਸ ਕੰਮ ਵਿੱਚ ਸ਼ਾਮਲ ਹਨ।

(ਨੋਟ:- ਇਸ ਕੰਮ ਨੂੰ ਜਾਇਜ ਤੇ ਅਸੀਂ ਤਾਂ ਮੰਨੀਏ ਜੇ ਇਸ ਕੰਮ ਦਾ “ਕਾਰਕ” ਗੁਰੁ ਨਾਨਕ ਹੋਵੇ)

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥

ਇਸ ਕੰਮ ਦਾ ਕਾਰਕ ਵੀ ਜਜਮਾਨ ਅਤੇ ਬ੍ਰਾਹਮਣ ਹੈ।

*ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ ੨॥ ੪੭੧

*ਇਸ ਪੰਕਤੀ ਵਿੱਚ ਗੁਰੂ ਦੀ ਸਿਖਿਆ ਹੈ।

ਇਸ ਸ਼ਬਦ ਦੀਆਂ ਜੇ ਬਾਕੀ ਚਾਰ ਪੰਕਤੀਆਂ ਵਿਚ

ਜਜਮਾਨ ਅਤੇ ਬ੍ਰਾਹਮਣ ਦੀ ਕਿਰਿਆ, ਦਵਾਰਾ ਜੇ ਸਾਰੇ ਹੀ ਕੰਮ ਗਲਤ ਹਨ।

ਤਾਂ ਜਜਮਾਨ, ਬ੍ਰਾਹਮਣ, ਅਤੇ ਰਿਸਤੇ ਦਾਰਾਂ ਵੱਲੋ ਕੀਤਾ,

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥

ਇਹ ਬੱਕਰਾ ਕੋਹ ਕੇ ਖਾਣ ਵਾਲਾ ਕੰਮ ਠੀਕ ਕਿਵੇਂ ਹੈ।

ਕੀ ਗੁਰੂ ਨਾਨਕ ਜੀ ਦੇ ਇਸ ਸ਼ਬਦ ਵਿਚੋਂ, ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ

ਇਸ ਸ਼ਬਦ ਵਿੱਚ ਆਏ ਬਾਕੀ ਸਾਰੇ ਕੰਮ ਤਾਂ ਗਲਤ ਹਨ।

ਪਰ ਜਜਮਾਨ ਵਲੋਂ ਬੱਕਰਾ ਕੋਹ ਕੇ ਮਾਸ ਖਾਣ ਵਾਲਾ ਕੰਮ ਠੀਕ ਹੈ, ਅਤੇ ਧਰਮ ਦਾ ਕੰਮ ਹੈ।

ਸੋ ਇਸ ਵਾਸਤੇ ਅਸੀਂ ਜਜਮਾਨ ਦੇ ਇਸ ਸ਼ੁੱਭ ਕੰਮ ਤੋਂ ਸਿਖਿਆ ਲੈ ਕੇ, ਮਾਸ ਖਾਣਾਂ ਛੁਰੂ ਕੀਤਾ ਹੈ।

ਇਸ ਪੰਕਤੀ ਦੀ ਵਿਚਾਰ ਵੀ

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਵਾਲੀ ਪੰਕਤੀ ਵਾਂਗ ਹੀ ਕੀਤੀ ਜਾਵੇ।

***

ਪਾਠਕ ਵੀਰੋ,

ਖਾਣ ਪੀਣ, ਛਕਣ ਛਕਾਉਣ, ਪਹਿਨਣ ਹੰਡਾਉਣ, ਭੋਗ ਬਿਲਾਸ, ਰਾਜ ਹਕੂਮਤ, ਮਹਿਲ ਮਕਾਨ, ਹਰ ਪ੍ਰਕਾਰ ਦੀਆਂ ਸੁਖ ਸਹੂਲਤਾਂ, ਆਦਿ ਬਾਰੇ. .

ਸਾਡਾ ਮੰਨਣਾਂ ਇਹ ਹੈ ਕਿ ਇਹ ਸੱਭ ਰਿਜ਼ਕ ਹਨ, ਇਹ ਸੱਭ ਪ੍ਰਭੂ ਦੀਆਂ ਦਾਤਾਂ ਹਨ,

ਇਹ ਦਾਤਾਂ ਪਾ ਕੇ ਅਸੀਂ ਸਾਰੇ ਬਹੁੱਤ ਸੱਭ ਖੁਸ਼ ਹੁੰਦੇ ਹਾਂ।

ਇਹਨਾਂ ਦਾਤਾਂ ਨੂੰ ਹਾਸਲ ਕਰਨ ਵਾਸਤੇ ਅਸੀਂ ਆਪਣੇਂ ਸਾਰੇ ਕੀਮਤੀ ਅਸੂਲਾਂ ਨੂੰ ਛਿੱਕੇ ਟੰਗ ਦੇਂਦੇ ਹਾਂ।

ਇਹਨਾਂ ਦਾਤਾਂ ਦੇ ਬਦਲੇ ਵਿੱਚ ਟੀਕਾਕਾਰਾਂ ਅਤੇ ਵਿਦਵਾਨਾਂ ਨੇਂ, ਆਪਣੇਂ ਟੀਕਿਆ ਵਿੱਚ ਪ੍ਰਭੂ ਦੇ ਸ਼ੁਕਰਾਨੇਂ ਦੇ ਬਹੁਤ ਕਸੀਦੇ ਕੱਢੇ ਹਨ।

ਵਿਦਵਾਨਾਂ ਅਤੇ ਟੀਕਾਕਾਰਾਂ ਨੇਂ ਜਿਨ੍ਹਾਂ ਦਾਤਾਂ ਦੇ ਕਸੀਦੇ ਕੱਢੇ ਹਨ। ਗੁਰੂ ਨਾਨਕ ਦੇਵ ਜੀ ਇਹਨਾਂ ਸੱਭ ਚੀਜਾਂ (ਨਿਆਮਤਾਂ) ਨੂੰ ਮਹੁਰਾ ਕਹਿੰਦੇ ਹਨ

ਅਗਲੇ ਸ਼ਬਦ ਵਿਚ

ਗੁਰੂ ਨਾਨਕ ਜੀ ਦੱਸਦੇ ਹਨ।

ਜਿਹੜਾ ਵੀ ਇਹਨਾਂ ਨੂੰ ਖਾਇ ਗਾ। ਜਾਂ ਵਰਤੇ ਗਾ, ਨਿਸਚੇ ਹੀ

ਉਹ ਮਰੇ ਗਾ ਹੀ ਮਰੇ ਗਾ।

ਅਗਲਾ ਸ਼ਬਦ

ਮਾਝ ਕੀ ਵਾਰ ਵਿਚੋਂ ਹੈ।

ਮਃ ੧॥ ਕਿਆ ਖਾਧੈ ਕਿਆ ਪੈਧੈ ਹੋਇ॥ ਜਾ ਮਨਿ ਨਾਹੀ ਸਚਾ ਸੋਇ॥ ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥ ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥ ੨॥ ਪਵੜੀ॥ ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥ ਫੁਰਮਾਨੀ ਹੈ ਕਾਰ ਖਸਮਿ ਪਠਾਇਆ॥ ਤਬਲਬਾਜ ਬੀਚਾਰ ਸਬਦਿ ਸੁਣਾਇਆ॥ ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ॥ ੧੦॥ ੧੪੨

ਮਃ ੧॥ ਕਿਆ ਖਾਧੈ ਕਿਆ ਪੈਧੈ ਹੋਇ॥ ਜਾ ਮਨਿ ਨਾਹੀ ਸਚਾ ਸੋਇ॥

ਕਿਆ ਖਾਧੇ,

ਦੁਨੀਆਂ ਦੇ ਜੇ ਸਾਰੇ ਹੀ ਮਹਿੰਗੇ ਤੋਂ ਮਹਿੰਗੇ ਅਤੇ ਸਵਾਦਲੇ ਭੋਜਨ ਵੀ ਜੇ ਖਾਣ ਨੂੰ ਮਿਲ ਜਾਣ।

ਕੀਮਤੀ ਤੋਂ ਕੀਮਤੀ ਭੂਸ਼ਣ, ਵਸਤਰ ਆਦਿ ਵੀ ਜੇ ਪਹਿਨਣ ਹੰਡਾਉਣ ਨੂੰ ਮਿਲ ਜਾਣ।

ਤਾਂ ਕੀ ਲਾਭ!

ਕੋਈ ਲਾਭ ਨਹੀਂ! ਜੇ ਹਿਰਦੇ ਵਿੱਚ ਸੱਚਾ ਪ੍ਰਭੂ ਹੀ ਨਹੀਂ ਵਸਿਆ।

ਨੋਟ:- ਪ੍ਰਭੂ ਪ੍ਰਮਾਤਮਾਂ ਤਾਂ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਇਸਾਈਆਂ, ਸਾਰਿਆਂ ਦੇ ਅੰਦਰ ਪਹਿਲੇ ਹੀ ਹੈ।

(ਕੀ ਇਹ ਝੂਠ ਹੈ)

ਨਹੀਂ

ਫਿਰ ਗੁਰੂ ਨਾਨਕ ਜੀ ਕਿਹੜੇ ਸੱਚੇ (ਪ੍ਰਭੂ) ਨੂੰ ਮਨ ਵਿੱਚ ਵਸਾਉਣ ਦੀ ਗੱਲ ਕਰ ਰਹੇ ਹਨ।

(ਬਸ ਇਹੀ ਬੁੱਝਣਾਂ ਹੈ)

ਜਿਸ ਨੇਂ ਬੁਝ ਲਿਆ ਉਹ ਗੁਰਮੁਖ ਹੈ। ਜਾਂ ਇਹ ਕਹਿ ਲਵੋ ਕਿ ਸਿਰਫ ਗੁਰਮੁਖ ਹੀ ਇਸ ਪਹੇਲੀ ਨੂੰ ਬੁੱਝਣ ਗੇ।

ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ॥ ਮ: ੧ ੨੦

ਗੁਰਮੁਖਾਂ ਨੂੰ ਚਾਨਣ ਹੈ, ਉਹ ਆਪਣੇਂ ਹਿਰਦੇ ਵਿੱਚ ਪ੍ਰਭੂ ਨੂੰ ਪ੍ਰਗਟ ਕਰ ਲੈਂਦੇ ਹਨ।

ਪ੍ਰਭੂ ਦਾ ਮਨ ਵੱਸਣਾਂ ਕੀ ਹੁੰਦਾ ਹੈ। ਅਤੇ ਪ੍ਰਭੂ ਮਨ ਵਿੱਚ ਕਿਵੇਂ ਵੱਸਦਾ ਹੈ,

ਇਸ ਦਾ ਅਰਥ ਸਿਰਫ ਗੁਰਮੁਖ ਹੀ ਜਾਣਦੇ ਹਨ।

ਮਨਮੁਖ ਮੂਰਖ ਹਨ, ਉਹ ਬੇਸਮਝ ਹਨ, ਉਹ ਘੁੱਪ-ਹਨੇਰੇ ਵਿੱਚ ਹਨ।

ਉਹਨਾਂ ਦੀਆਂ ਅੱਖਾਂ ਉਤੇ ਅਗਿਆਨਤਾ ਦੀ ਪੱਟੀ ਬੱਝੀ ਹੋਈ ਹੈ।

ਉਹ ਸਿਰਫ ਗੱਲਾਂ ਨਾਲ ਹੀ ਪ੍ਰਭੂ ਨੂੰ ਮਨ ਵਿੱਚ ਵਸਾਉਂਦੇ ਹਨ।

ਮਃ ੧ ਸਲੋਕੁ॥ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥

ਗੁਰੂ ਨਾਨਕ ਜੀ ਕਹਿੰਦੇ ਹਨ, ਸਿਰਫ ਉਹ ਜਿਉਂਦੇ ਹਨ “ਜਿਸੁ ਮਨਿ ਵਸਿਆ ਸੋਇ”

ਭਾਵ ਗੁਰਮੁਖ ਜਿਉਂਦੇ ਹਨ।

ਕਿਉਂ ਕੇ ਉਹਨਾਂ ਨੇਂ ਆਪਣੇਂ ਹਿਰਦੇ ਵਿੱਚ ਪ੍ਰਭੂ ਨੂੰ ਜਿੰਦਾ (ਪ੍ਰਗਟ) ਕਰ ਲਿਆ ਹੈ। ਬਾਕੀ ਸੱਭ ਮਰੇ ਹੋਇ ਹਨ।

ਅਤੇ ਮਰੇ ਹੋਇ ਮਨੁਖ ਭੂਤਨਿਆਂ ਬਰਾਬਰ ਹੁੰਦੇ ਹਨ।

ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥

ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥

ਮੇਵਾ, ਘਿਉ, ਗੁੜ, ਮੈਦਾ, ਮਾਸ, ਅਤੇ ਦੁਨੀਆਂ ਦੇ ਛੱਤੀ ਪ੍ਰਕਾਰ, ਖਾਣ ਪੀਣ ਵਾਸਤੇ ਵਾਧੂ ਹੋਣ।

ਕੀਮਤੀ ਕੱਪੜੇ ਗਹਿਣੇਂ, ਹੰਡਾਉਣ ਦੀ ਕੋਈ ਕਮੀ ਨਾਂ ਹੋਵੇ।

ਅਰਾਮ ਦਾਇਕ ਵਿਛੌਣੇ, ਅਤੇ ਸੁੰਦਰ ਇਸਤਰੀਆਂ ਭੋਗ ਬਿਲਾਸ ਵਾਸਤੇ ਹੋਣ।

ਰਾਜਾ ਮਹਾਂਰਾਜਾ ਬਣ ਜਾਵੇ। ਲਸ਼ਕਰ ਫੋਜਾਂ ਹੋਣ, ਨਾਇਬ, ਅਹਿਲਕਾਰ, ਮੰਤਰੀ ਹੋਣ, ਨੌਕਰ ਸ਼ਾਹੀ, ਖਾਸ ਸੇਵਕ ਹੋਣ।

ਮਹਿਲਾਂ ਦੇ ਵਿੱਚ ਰਹਿੰਦਾ ਹੋਵੇ।

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥ ੨॥

ਜੇ ਸੱਚਾ ਨਾਮ, ਪਾਸ ਨਹੀ ਹੈ, ਤਾਂ ਇਹ ਸਾਰੀਆਂ ਨਿਆਮਤਾਂ, ਸਾਰੇ ਹੀ ਭੋਜਨ ਪਦਾਰਥ, ਨਾਸ਼ਵੰਤ ਹਨ, ਨਾਸ਼ਕਾਰਕ ਹਨ।

ਯਾਦ ਰੱਖੋ! ਇਹ ਪਦਾਰਥ ਸਾਡਾ ਵਿਨਾਸ਼ ਕਰ ਦੇਣ ਗੇ।

ਗੁਰੂ ਨਾਨਕ ਜੀ ਅੱਗੇ ਇਸ ਸ਼ਬਦ ਦੀ ਪਉੜੀ ਬਿਆਨ ਕਰਦੇ ਹਨ।

ਇਹ ਪਉੜੀ ਇਸ ਸ਼ਬਦ ਦਾ ਤੱਤ ਹੈ।

ਇਹ ਪਉੜੀ ਇਸ ਸ਼ਬਦ ਦੇ ਸਵਾਲ ਦਾ ਉੱਤਰ ਹੈ।

ਇਹ ਪਉੜੀ ਸਾਡੇ ਸਾਰੇ ਸਵਾਲਾਂ ਦਾ ਉੱਤਰ ਹੈ।

ਇਹ ਪਉੜੀ ਇਸ ਸ਼ਬਦ ਦੇ ਭੇਦ ਦਾ ਖੁਲਾਸਾ ਹੈ।

ਇਹ ਪਉੜੀ ਮਾਸ ਦੇ ਝਗੜੇ ਦਾ ਸਪਸ਼ਟ ਨਬੇੜਾ ਜਾਂ ਫੈਸਲਾ ਵੀ ਕਰ ਰਹੀ ਹੈ।

ਸੋ ਆਉ ਇਸ ਪਉੜੀ ਦੀ ਵਿਚਾਰ ਕਰੀਏ

ਪਵੜੀ॥

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥

ਜਾਤੀ; -ਸਾਰੀ ਮਨੁੱਖ ਜਾਤੀ, ਖਲਕਤ, ਜੂਨ-ਜਾਤੀ, ਸਾਰੇ ਸੰਸਾਰ ਦੇ ਲੋਕ

ਗੁਰੂ ਨਾਨਕ ਜੀ ਦੱਸਦੇ ਹਨ।

ਜਾਤੀ ਵਿਚਾਰੀ ਦੇ, ਹੱਥ ਹੀ ਕੀ ਹੈ (ਵੱਸ) ਹੀ ਕੀ ਹੈ, ਜੋ ਹਰੀ ਦੀ ਅਸਲੀਅਤ ਨੂੰ (ਸੱਚ) ਨੂੰ (ਗੁਣਾਂ) ਨੂੰ ਪਰਖ ਸਕੇ।

ਖਾਣ ਪੀਣ,

ਛਕਣ ਛਕਾਉਣ,

ਪਹਿਨਣ ਹੰਡਾਉਣ,

ਭੋਗ ਬਿਲਾਸ,

ਰਾਜ ਹਕੂਮਤ,

ਮਹਿਲ ਮਕਾਨ,

ਸੋਨਾਂ ਰੂਪਾ (ਡਾਲਰ ਆਦਿ)

ਅਤੇ ਹਰ ਪ੍ਰਕਾਰ ਦੀਆਂ ਸੁਖ ਸਹੂਲਤਾਂ, ਆਦਿ ਦੀ ਅਸਲ ਸਚਾਈ ਕੀ ਹੈ?

ਜਾਤੀ ਇਸ ਦੇ ਸੱਚ ਦੀ ਪਰਖ ਨਹੀਂ ਕਰ ਸੱਕਦੀ।

ਅਤੇ ਪ੍ਰਭੂ ਦੀਆਂ ਇਹ ਦਾਤਾਂ!

ਜਿਵੇਂ ਕਿ

ਮੇਵੇ, ਘਿਉ, ਗੁੜ, ਮੈਦਾ, ਮਾਸ, ਛੱਤੀ ਪ੍ਰਕਾਰ, ਕੀਮਤੀ ਕੱਪੜੇ ਗਹਿਣੇਂ, ਅਰਾਮ ਦਾਇਕ ਵਿਛੌਣੇ, ਅਤੇ ਸੁੰਦਰ ਇਸਤਰੀਆਂ ਦੇ ਭੋਗ ਬਿਲਾਸ, ਰਾਜਾ ਮਹਾਂਰਾਜਾ, ਲਸ਼ਕਰ ਫੋਜਾਂ, ਨਾਇਬ, ਅਹਿਲਕਾਰ, ਮੰਤਰੀ, ਨੌਕਰ ਸ਼ਾਹੀ, ਆਦਿ

ਕੀ ਇਹ ਦਾਤਾਂ ਹਨ…. ਜਾਂ ਕਿ ਇਹ ਮਹੁਰਾ ਹੈ,

ਵਿਚਾਰੀ ਜਾਤੀ ਦੇ ਵੱਸ ਨਹੀ ਹੈ, ਜੋ ਇਸ ਮਹੁਰੇ ਦੀ ਪਰਖ ਕਰ ਸਕੇ। ਜਾਂ ਇਸ ਪਿੱਛੇ ਛੁਪੇ ਸੱਚ ਨੂੰ ਬੁੱਝ ਸਕੇ।

ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ, ਅਨੰਦ ਸਾਹਿਬ ਵਿੱਚ ਸਾਫ ਅੱਖਰਾਂ ਵਿੱਚ ਲਿਖਦੇ ਹਨ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ ਮ: ੩ ੯੨੨

ਸਾਰਾ ਹੀ ਸੰਸਾਰ “ਵਿਸੁ” (ਜ਼ਹਿਰ ਹੈ) (ਮਹੁਰਾ) ਹੈ।

ਦੁਨੀਆਂ ਦੀ ਹਰ ਚੀਜ ਮਹੁਰਾ ਹੈ। ਇਸ ਸੰਸਾਰ ਦੀ ਇੱਕ ਵੀ ਚੀਜ ਐਸੀ ਨਹੀਂ ਜੋ ਮਹੁਰਾ ਨਾਂ ਹੋਵੇ।

ਅਤੇ ਇਹ ਹਰੀ ਦਾ ਰੂਪ ਹੈ, ਹਰੀ ਦੀ ਬਨਾਈ ਹਰ ਚੀਜ ਮਹੁਰਾ ਹੈ।

ਹੋਰ ਤਾਂ ਹੋਰ ਹਰੀ ਨੇਂ ਜੋ ਇਹ ਧਰਮ ਬਨਾਇ ਹਨ। ਇਹ ਸਾਰੇ ਧਰਮ ਵੀ ਮਹੁਰਾ ਹਨ।

ਇਹ ਅਸਲੀ ਰੂਪ ਹੈ ਹਰੀ ਦਾ।

ਗੁਰੂ ਦੀ ਬਾਣੀਂ ਝੂਠੀ ਨਹੀਂ ਹੈ, ਗੁਰਬਾਣੀਂ ਨੂੰ ਕੋਈ ਸੂਰਮਾਂ ਹੀ ਮੰਨੇਂ ਗਾ, ਜਿਸ ਦੀ ਖੱਲ ਵਿੱਚ ਕਿ ਹਰੀ ਦਾ ਡਰ ਨਾਂ ਹੋਵੇ।

ਜਿਹੜਾ ਹਰੀ ਤੋਂ ਡਰਦਾ ਹੋਵੇ ਗਾ, ਜਾਂ ਹਰੀ ਦੀ ਪੂਜਾ ਡਰ ਕੇ ਕਰਦਾ ਹੋਵੇ ਗਾ, ਉਹ ਬਾਣੀਂ ਨੂੰ ਨਹੀਂ ਮਨ ਸੱਕਦਾ।

ਇਹ ਸਿਰ ਲੱਥ ਸੂਰਮਿਆਂ ਦਾ ਕੰਮ ਹੈ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਮ: ੧, ੧੪੧੨

ਮਹੁਰਾ ਹੋਵੈ ਹਥਿ ਮਰੀਐ ਚਖੀਐ॥

ਅਸਲ ਵਿੱਚ ਹਰੀ ਨੇਂ ਸਾਡੇ ਹੱਥ ਦੀ ਤਲੀ ਤੇ ਦਾਤਾਂ ਦਾ ਇਹ ਮਹੁਰਾ ਰੱਖ ਦਿੱਤਾ ਹੈ।

ਇਸ ਹੱਥ ਤੇ ਰੱਖੇ ਮਹੁਰੇ ਨੂੰ ਖਾਣਾਂ ਤਾਂ ਦੂਰ, ਜਿਹੜਾ ਇਸ ਮਹੁਰੇ ਨੂੰ ਥੋੜਾ ਜਿਹਾ ਸਵਾਦ ਦੇ ਤੌਰ ਤੇ ਚੱਖੇ ਗਾ ਵੀ।

ਉਹ ਮਰੇ ਗਾ ਹੀ ਮਰੇ ਗਾ,

ਮਰਨਾਂ ਕੀ ਹੈ

ਸੱਭ ਤੋਂ ਵਡੀ ਮੌਤ, ਆਵਾਗਉਨ ਹੈ,

ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥

ਸਿਰਕਾਰ - ਹਕੂਮਤ, ਹੁਕਮ, ਡਿਊਟੀ,

ਉਸ ਸੱਚੇ (ਸਦਾ ਰਹਿਣ ਵਾਲੇ) ਪ੍ਰਭੂ ਦਾ (ਮਹੁਰਾ ਖਵਾਉਣ ਵਾਲਾ ਹੁਕਮ) ਜਾਂ ਇਹ ਕਾਰ,

ਜੁਗਾਂ ਜੁਗਾਂ ਤੋਂ ਹੀ ਇਹੋ ਹੀ ਚਲਿਆ ਆ ਰਿਹਾ ਹੈ।

ਇਹ ਸੱਚ ਜਾਣੋਂ।

ਸਿਰਕਾਰ ਦਾ ਪੂਰਾ ਮਾਹਿਨਾ (ਅਰਥ) ਜਾਨਣ ਵਾਸਤੇ ਗੁਰਬਾਣੀਂ ਦੀ ਅਗਲੀ ਪੰਕਤੀ ਪੜੋ।

ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ਮ: ੩, ੫੧੨

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥

ਸੱਚੇ ਦੀ ਸਿਰਕਾਰ ਹੈ।

ਅਤੇ

ਅਸੀਂ ਜੀਵ ਵਿਚਾਰੇ ਤਾਂ ਸਿਰਦਾਰ ਹਾਂ,

ਅਸਾਂ ਹੁਕਮ ਦੀ ਉੱਖਲੀ ਵਿੱਚ ਜੁਗਾਂ ਤੋਂ ਆਪਣਾਂ ਸਿਰ ਦਿੱਤਾ ਹੋਇਆ ਹੈ।

ਪਰ ਜੇ ਇਹ ਸਿਰ ਗੁਰੂ ਨੂੰ ਦੇ ਦੇਈਏ, ਫਿਰ ਹਰੀ ਦੀ ਤਾਕਤ ਨਹੀ, ਕੇ ਸਾਡੇ ਸਿਰ ਤੇ ਮੁੰਗਲੀ ਮਾਰ ਸਕੇ।

ਸਿਰਦਾਰ ਤੋਂ ਭਾਵ ਹੈ. .

ਜਿਵੇਂਕਿ:- ਕਰਜਦਾਰ, ਕਬੀਲਦਾਰ, ਚੌਕੀਦਾਰ, ਦੁਕਾਨਦਾਰ, ਦਿਹਾੜੀਦਾਰ,

ਸਾਡਾ ਉਸ ਪ੍ਰਭੂ ਅਗੇ ਕੋਈ ਚਾਰਾ (ਜੋਰ) ਨਹੀਂ ਹੈ, ਅਸੀਂ ਕੋਈ ਉਜ਼ਰ ਨਹੀਂ ਕਰ ਸੱਕਦੇ।

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥

ਅਸੀਂ “ਸਿਰਦਾਰ” ਉਸ ਪ੍ਰਭੂ ਦੇ ਦਰ-ਦਿਵਾਨ ਤੋਂ ਆਇਆ ਹੋਇਆ ਹਰ ਹੁਕਮ ਮੰਨਣ ਲਈ ਮਜਬੂਰ ਹਾਂ।

(ਹੁਕਮ ਮੰਨਣ ਤੋਂ ਇਲਾਵਾ ਸਾਡੇ ਪਾਸ ਹੋਰ ਚਾਰਾ ਵੀ ਕੀ ਹੈ)

(ਕਿਸ ਦੀ ਤਾਕਤ ਹੈ ਕਿ ਹਰੀ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਸਕੇ)

(ਕਿਸ ਦੀ ਤਾਕਤ ਹੈ ਕਿ ਹਰੀ ਦਾ ਹੱਥ ਫੜ ਸਕੇ)

ਫੁਰਮਾਨੀ ਹੈ ਕਾਰ ਖਸਮਿ ਪਠਾਇਆ॥

ਸਾਡਾ ਕੰਮ ਹੈ ਹੁਕਮ ਮੰਨਣਾਂ, (ਫੁਰਮਾਨੀ ਹੈ ਕਾਰ)

ਹੁਕਮ ਮੰਨਣ ਵਾਸਤੇ ਹੀ ਸਾਨੂੰ ਉਸ ਪ੍ਰਭੂ ਨੇਂ, ਇਥੇ ਇਸ ਮਾਸ ਦੇ ਦੇਸ ਵਿੱਚ ਭੇਜਿਆ (ਪਠਾਇਆ) ਹੈ।

ਨੋਟ:- (ਜਦ ਤੱਕ ਅਸੀਂ ਇਥੇ (ਸੰਸਾਰਵਿਚ) ਹਾਂ, ਉਨਾਂ ਚਿਰ ਸਾਨੂੰ ਹਰੀ (ਪ੍ਰਭੂ) ਦਾ ਹੁਕਮ ਮੰਨਣਾਂ ਹੀ ਪਵੇ ਗਾ)

ਅਤੇ ਜਦ ਤੱਕ ਅਸੀਂ ਹਰੀ ਦਾ ਹੁਕਮ ਮੰਨਦੇ ਰਹਾਂ ਗੇ

ਭਾਵ ਜਦ ਤੱਕ ਅਸੀਂ…

ਮੇਵੇ, ਘਿਉ, ਗੁੜ, ਮੈਦਾ, ਮਾਸ, ਛੱਤੀ ਪ੍ਰਕਾਰ, ਕੀਮਤੀ ਕੱਪੜੇ ਗਹਿਣੇਂ, ਅਰਾਮ ਦਾਇਕ ਵਿਛੌਣੇ, ਅਤੇ ਸੁੰਦਰ ਇਸਤਰੀਆਂ ਦੇ ਭੋਗ ਬਿਲਾਸ, ਰਾਜਾ ਮਹਾਂਰਾਜਾ, ਲਸ਼ਕਰ ਫੋਜਾਂ, ਨਾਇਬ, ਅਹਿਲਕਾਰ, ਮੰਤਰੀ, ਨੌਕਰ ਸ਼ਾਹੀ,

ਆਦਿ

…. ਹਰੀ ਦੀਆਂ ਦਿੱਤੀਆਂ ਹੋਈਆਂ ਇਹ ਦਾਤਾਂ (ਜ਼ਹਿਰ) ਨੂੰ ਖਾਂਦੇ, ਹੰਡਾਉਂਦੇ, ਅਤੇ ਵਰਤਦੇ ਰਹਾਂ ਗੇ।

ਜਦ ਤੱਕ ਸਾਡਾ ਇਹਨਾਂ ਦਾਤਾਂ ਨਾਲ ਪਿਆਰ ਰਹੇ ਗਾ,

ਤਦ ਤੱਕ ਅਸੀਂ ਇਸ ਸੰਸਾਰ ਦੇ ਆਵਾਗਉਣ ਵਿਚੋਂ ਨਹੀਂ ਨਿਕਲ ਸੱਕਦੇ।

ਜੇ ਨਿਕਲਨਾਂ ਚਾਹੁੰਦੇ ਹਾਂ…. . ਤਾਂ ਹਰੀ ਦਾ ਹੁਕਮ ਛੱਡ ਕੇ …. . ਗੁਰੂ ਨਾਨਕ ਦਾ ਹੁਕਮ ਮੰਨਣਾਂ ਪਵੇ ਗਾ।

ਗੁਰੂ ਨਾਨਕ ਦਾ ਹੁਕਮ ਹੈ

“ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ”

ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥

ਤਬਲਬਾਜ ਬੀਚਾਰ ਸਬਦਿ ਸੁਣਾਇਆ॥

(ਇਥੇ ਸਾਡੀ ਦੁਰਦਿਸ਼ਾ ਵੇਖ ਕੇ. . ਕਿ. . ਹਰੀ ਨੇਂ ਜੁਗਾਂ ਜੁਗਾਂ ਤੋਂ ਮਹੁਰਾ ਖੂਆ ਖੂਆ ਕੇ, ਸਾਡੀ ਕੀ ਦੁਰਦਿਸ਼ਾ ਕੀਤੀ ਹੋਈ ਹੈ)

ਸਾਡੇ ਤੇ ਤਰਸ ਖਾ ਕੇ ਇੱਕ “ਤਬਲਬਾਜ” (ਨਗਾਰੇ ਵਾਲਾ) (ਗੁਰੂ) ਆਇਆ,

ਤੇ ਸਾਡੇ ਤੇ ਤਰਸ ਖਾ ਕੇ ਉਸ ਨੇਂ ਸਾਨੂੰ ਇੱਕ “ਸਬਦਿ ਸੁਣਾਇਆ”

ਨੋਟ:-

ਇਕ ਹੁਕਮ ਹੈ “ਹਰੀ” ਦਾ,

ਅਤੇ ਦੂਜਾ ਹੁਕਮ ਹੈ, “ਤਬਲਬਾਜ” ਦਾ

ਇਹ ਸ਼ਬਦ ਪੜ੍ਹ ਕੇ ਇਸ ਗੱਲ ਦੀ ਵਿਚਾਰ ਕਰ ਲਵੋ, ਕਿ ਕਿਸ ਦਾ ਹੁਕਮ ਮੰਨਣ ਵਿੱਚ ਫਾਇਦਾ ਹੈ।

ਬਾਣੀਂ ਵਿੱਚ ਬਾਰ ਬਾਰ ਇਹ ਚੀਜ ਵੇਖਣ ਨੂੰ ਮਿਲੇ ਗੀ,

ਕਿ ਇਹ ਪਤਾ ਨਹੀਂ ਲੱਗਦਾ ਕੇ

ਕਿ ਵਡਿਆਈ ਗੁਰੂ ਦੀ ਹੋ ਰਹੀ ਹੈ ਜਾਂ ਹਰੀ ਦੀ।

ਬਹੁਤ ਥਾਵਾਂ ਤੇ ਇਹ ਮਿਕਸ ਜਿਹੀ ਲੱਗਦੀ ਹੈ। ਅਤੇ ਭੁਲੇਖਾ ਲੱਗਦਾ ਹੈ।

(ਪਰ ਗੁਰਮੁਖਾਂ ਨੂੰ ਅਜੇਹਾ ਕੋਈ ਵੀ ਭੁਲੇਖਾ ਨਹੀ ਲੱਗਦਾ, ਕਿ ਕਿਸ ਗੱਲ ਵਿੱਚ ਗੁਰਬਾਣੀਂ ਦਾ ਇਸ਼ਾਰਾ ਹਰੀ ਵੱਲ ਹੈ, ਅਤੇ ਕਿਸ ਗੱਲ ਦਾ ਇਸ਼ਾਰਾ ਗੁਰੂ ਵੱਲ ਹੈ। ਕਿਉਂ ਕਿ ਗੁਰਮੁਖ, ਹਰੀ ਤੋਂ ਵੀ, ਅਤੇ ਗੁਰੂ ਤੋਂ ਵੀ, ਦੋਹਾਂ ਤੋਂ ਹੀ ਬਾ-ਖੂਬੀ ਵਾਕਫ ਹੁੰਦੇ ਹਨ)

ਪਰ ਗੁਰੂ ਦੀ ਵਡਿਆਈ, ਹਰੀ ਦੀ ਵਡਿਆਈ ਨਾਲੋਂ ਕਰੋੜਾਂ ਗੁਣਾਂ ਵੱਡੀ ਹੈ।

ਹਰੀ ਨੂੰ ਬਾਣੀਂ ਵਿੱਚ ਕਈ ਵਾਰੀਂ ਠੱਗ, ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਹੈ,

ਪਰ ਬਾਣੀਂ ਨੇਂ ਗੁਰੂ ਦੀ ਸਿਰਫ, ਵਡਿਆਈ (ਸਿਫਤ) ਹੀ ਕੀਤੀ ਹੈ।

ਗੁਰੂ ਦੀ ਵਡਿਆਈ ਨੂੰ, ਗੁਰੂ ਦੀ ਮਹਿਮਾਂ ਨੂੰ ਕੋਈ ਵੀ ਨਹੀਂ ਜਾਣਦਾ।

ਗੁਰੂ ਦੀ ਵਡਿਆਈ ਜਾਂ ਮਹਿਮਾਂ ਕੋਈ ਕਰ ਹੀ ਨਹੀਂ ਸਕਦਾ।

ਇਸ ਸ਼ਬਦ ਦੀ ਵਿਚਾਰ ਕਰਕੇ ਵੀ ਵੇਖ ਲਵੋ, ਕਿ ਗੁਰੂ ਦੀ ਕਿੰਨੀਂ ਵਡਿਆਈ ਹੈ।

ਹਰੀ ਦਾ ਕੰਮ ਹੈ ਫਸਾਉਣਾਂ, ਅਤੇ ਗੁਰੂ ਦਾ ਕੰਮ ਹੈ ਕੱਢਣਾਂ ਜਾਂ ਛਡਾਉਣਾਂ

ਅਗਲਾ ਸ਼ਬਦ ਆਸਾ ਦੀ ਵਾਰ ਵਿਚੋਂ ਹੈ,

ਇਸ ਵਿੱਚ ਵੀ ਗੁਰੂ ਨਾਨਕ ਜੀ ਇਹੋ ਗੱਲ ਹੀ ਸਮਝਾਉਂਦੇ ਹਨ।

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀੑ ਵਿਚਹੁ ਆਪੁ ਗਵਾਇਆ॥ ਜਿਨਿ ਸਚੋ ਸਚੁ ਬੁਝਾਇਆ॥ ੪॥ ਮ: ੧, ੪੬੫

ਗੁਰੂ ਨਾਨਕ ਜੀ ਕਹਿੰਦੇ ਹਨ।

ਜਦੋਂ ਜੂਨਾਂ ਵਿੱਚ ਭਰਮਦਿਆ ਅਤੇ ਮਾਸ ਖਾਦਿਆਂ ਨੂੰ ਬਹੁਤ ਜਨਮ ਹੋ ਗਏ, ਤਾਂ

ਸਤਿਗੁਰੂ “ਤਬਲਬਾਜ” ਨੂੰ ਸਾਡੇ ਤੇ ਤਰਸ ਅਇਆ,

ਉਸ ਨੇਂ ਆ ਕੇ ਸਾਨੂੰ ਸ਼ਬਦ (ਨਗਾਰਾ) ਸੁਨਾਇਆ।

ਗੁਰੂ ਨਾਨਕ ਜੀ ਹੋਕਾ ਦੇ ਕੇ ਕਹਿੰਦੇ ਹਨ।

ਐ ਲੋਕੋ! ਐ ਸਾਰੀ ਦੁਨੀਆਂ ਦੇ ਲੋਕੋ!

ਕੰਨ ਖੋਲ ਕੇ ਸਾਡੀ ਗੱਲ ਸੁਣ ਲਵੋ।

ਹਰੀ ਦੇ ਦਿੱਤੇ ਮਹੁਰੇ ਨੂੰ ਦਾਤਾਂ ਸਮਝ ਕੇ ਨਾਂ ਭੁਲੋ।

ਸੱਭ ਤੋਂ ਵੱਡਾ ਦਾਤਾ (ਹਰੀ ਤੋਂ ਵੀ) ਵਡਾ ਦਾਤਾ ਤਾਂ ਗੁਰੂ ਜੇ।

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ

ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀੑ ਵਿਚਹੁ ਆਪੁ ਗਵਾਇਆ॥

ਜਿਨਿ ਸਚੋ ਸਚੁ ਬੁਝਾਇਆ॥ ੪॥

ਹਰੀ ਨੇਂ ਸਾਨੂੰ ਮਹੁਰੇ ਦੀਆਂ ਦਾਤਾਂ ਦਿੱਤੀਆਂ, ਪਰ ਗੁਰੂ ਨੇਂ, ਸਾਨੂੰ ਸੱਚ ਬੁਝਾਇਆ।

ਸੱਭ ਕੁੱਝ ਸਚੋ ਸਚ ਦੱਸ ਕੇ

ਸਾਨੂੰ ਇਸ ਜਾਲ ਵਿਚੋਂ ਮੁਕਤ ਕਰਾਇਆ।

(ਇਹ ਗੱਲ ਵੱਖਰੀ ਹੈ ਕਿ ਤਿੰਨ ਸੌ ਸਾਲਾਂ ਵਿੱਚ ਵੀ ਸਾਨੂੰ ਸੱਚ ਦਾ ਪਤਾ ਨਾਂ ਲੱਗਾ)

ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ॥ ੪॥ ਮ: ੪, ੫੭੨

(ਪਾਠਕ ਵੀਰੋ ਇੱਕ ਗੱਲ ਦੀ ਵਿਚਾਰ ਜਰੂਰ ਕਰਿਉ, ਕਿ ਵੇਖੋ! ਬਾਣੀਂ, ਜਾਂ ਇਸ ਸ਼ਬਦ ਵਿੱਚ ਕਿੱਡੀ ਵੱਡੀ (ਬਹੁ ਪੱਖੀ) ਸਿੱਖਿਆ ਦਿੱਤੀ ਹੈ ਸਾਨੂੰ, ਗੁਰੂ ਨਾਨਕ ਜੀ ਨੇਂ। ਕਿੰਨਾਂ ਵੱਡਾ ਭੇਦ ਸਮਝਾਇਆ ਹੈ ਸਾਨੂੰ, ਪਰ ਸਾਡੇ ਵਿਦਵਾਨਾਂ ਨੇਂ ਗੁਰੂ ਨਾਨਕ ਦੀ ਇਸ ਬਹੁਮੁਲੀ, ਬਹੁ ਪੱਖੀ, ਸਿੱਖਿਆ ਨੂੰ ਸਿਰਫ ਇੱਕ ਮਾਸ ਦਾ ਮੁਦਾ ਬਣਾ ਕੇ ਰੱਖ ਦਿੱਤਾ ਹੈ। ਪਰ ਸਾਡੇ ਵਿਦਵਾਨਾਂ ਨੇਂ ਜੇ, ਇੱਕ ਮਾਸ ਖਾਣ ਤੋਂ ਇਲਾਵਾ, ਕੋਈ ਹੋਰ ਸਿੱਖਿਆ ਲਈ ਹੈ ਇਸ ਸ਼ਬਦ ਵਿਚੋਂ ਤਾਂ ਦੱਸੋ। ਇੱਕ ਮਾਸ ਖਾਣ ਦੀ ਗੱਲ ਨੂੰ ਖੁਬ ਉਛਾਲਦੇ ਹਨ, ਬਾਕੀ ਗਿਆਨ ਦੀਆਂ ਸੱਭ ਗੱਲਾਂ ਨੂੰ ਗੋਲ ਕਰ ਜਾਂਦੇ ਹਨ, ਅਤੇ ਮਾਸ ਵਾਂਗ ਹੀ ਖਾ ਪੀ ਜਾਂਦੇ ਹਨ। ਗਿਆਨ ਦੀਆਂ ਗੱਲਾਂ ਤੋਂ ਸਾਨੂੰ ਠੁੱਡਾ ਆ ਜਾਂਦਾ ਹੈ। ਕਿਉਂ ਕੇ ਅਸੀਂ ਅੱਨ੍ਹੇਂ ਹਾਂ)

ਇਕਿ ਹੋਏ ਅਸਵਾਰ ਇਕਨਾ ਸਾਖਤੀ॥

ਕੁੱਝ ਇੱਕ ਲੋਕਾਂ ਨੇਂ ਉਸ “ਤਬਲਬਾਜ” ਦੇ ਨਗਾਰੇ (ਸ਼ਬਦ) ਨੂੰ ਸੁਣਿਆ, ਅਤੇ ਵਿਚਾਰਿਆ,

ਕੁੱਝ ਤਾਂ ਸੁਣਦਿਆਂ ਸਾਰ ਹੀ ਸ਼ਬਦ ਦੇ ਘੋੜੇ ਤੇ ਸਵਾਰ ਹੋ ਗਏ।

ਅਤੇ ਕੁੱਝ ਸ਼ਬਦ ਦੇ ਘੋੜੇ ਤੇ ਸਵਾਰ ਹੋਣ ਵਾਸਤੇ, ਸ਼ਬਦ ਦੇ ਘੋੜੇ ਨੂੰ ਸਾਖਤਾ ਪਾਉਣ ਲੱਗੇ।

ਸ਼ਬਦ ਦੇ ਘੋੜੇ ਤੇ ਕਾਠੀਆਂ ਪੌਣ ਲੱਗੇ।

ਅਤੇ ਇਸ ਮਾਸ ਦੇ ਸੰਸਾਰ ਵਿਚੋਂ ਦੌੜ ਜਾਣ ਦੀਆਂ ਤਿਆਰੀਆਂ ਕਰਨ ਲੱਗੇ।

“ਸਾਖਤਾ” ਕਹਿੰਦੇ ਹਨ, ਸਵਾਰੀ ਵਾਸਤੇ ਘੋੜੇ ਦੀ ਕਾਠੀ ਨੂੰ ਦੁਮਚੀ ਪਾਕੇ ਕਸਣਾਂ।

ਨੋਟ:- ਕਿਉਂ ਭੱਜ ਗਏ, ਅਤੇ ਕਿਉਂ ਭੱਜਣ ਦੀਆਂ ਤਿਆਰੀਆਂ ਕਰਨ ਲੱਗੇ?

ਕਿਉਂ ਕੇ “ਤਬਲਬਾਜ” ਦੀ ਗੱਲ ਉਹਨਾਂ ਦੀ ਸਮਝ ਵਿੱਚ ਵੀ ਆ ਗਈ, ਤੇ ਉਹਨਾਂ ਦੇ ਮੰਨਣ ਵਿੱਚ ਵੀ ਆ ਗਈ,

ਕੇ ਹਰੀ ਦੀਆਂ ਇਹ ਦਾਤਾਂ

ਮੇਵੇ, ਘਿਉ, ਗੁੜ, ਮੈਦਾ, ਮਾਸ, ਛੱਤੀ ਪ੍ਰਕਾਰ, ਕੀਮਤੀ ਕੱਪੜੇ ਗਹਿਣੇਂ, ਅਰਾਮ ਦਾਇਕ ਵਿਛੌਣੇ, ਅਤੇ ਸੁੰਦਰ ਇਸਤਰੀਆਂ ਦੇ ਭੋਗ ਬਿਲਾਸ, ਰਾਜਾ ਮਹਾਂਰਾਜਾ, ਲਸ਼ਕਰ ਫੋਜਾਂ, ਨਾਇਬ, ਅਹਿਲਕਾਰ, ਮੰਤਰੀ, ਨੌਕਰ ਸ਼ਾਹੀ,

ਆਦਿ ਸੱਚਮੁਚ ਹੀ ਮਹੁਰਾ ਹੀ ਹਨ। ਇਹ ਕੀਮਤੀ ਪਕਵਾਨ ਨਹੀਂ ਹਨ।

ਇਸ ਵਾਸਤੇ ਉਹ ਕੁੱਝ ਤਾਂ ਦੌੜ ਗਏ,

ਅਤੇ ਬਾਕੀ ਵੀ ਦੌੜਨ ਦੀਆਂ ਤਿਆਰੀਆਂ ਕਰਨ ਲੱਗੇ।

(ਪਾਠਕ ਵੀਰੋ ਇਹ ਹੁਣ ਆਪਾਂ ਇਹ ਤਹਿ ਕਰਨਾਂ ਹੈ, ਕਿ ਆਪਾਂ ਵੀ ਸ਼ਬਦ ਦੇ ਘੋੜੇ ਤੇ ਸਵਾਰ ਹੋਣਾਂ ਹੈ, ਜਾਂ ਪੰਗਤ ਵਿੱਚ ਬੈਠ ਕੇ ਸੁਆਦਲੇ ਅਤੇ ਕੀਮਤੀ ਕੀਮਤੀ ਭੋਜ ਅਜੇ ਹੋਰ ਵੀ ਕਈ ਜਨਮ ਖਾਣੇਂ ਹਨ) … (ਹਰੀ ਦੇ ਘਰ ਕੋਈ ਕਮੀਂ ਨਹੀਂ ਹੈ, ਉਹ ਮਨ੍ਹਾਂ ਨਹੀਂ ਕਰੇ ਗਾ, ਉਸ ਦੀਆਂ ਇਹ ਦਾਤਾਂ ਮੁੱਕਣ ਨਹੀਂ ਲੱਗੀਆਂ। ਭਾਵੇਂ ਕਰੋੜਾਂ ਜਨਮਾਂ ਤੱਕ ਖਾਂਦੇ ਰਹੀਏ)

ਇਕਨੀ ਬਧੇ ਭਾਰ ਇਕਨਾ ਤਾਖਤੀ॥ ੧੦॥

(ਤਾਖਤੀ) ਇਸ ਤਰਾਂ ਕੁੱਝ ਤਾਂ ਸ਼ਬਦ ਦੇ ਘੋੜੇ ਤੇ ਸਵਾਰ ਹੋ ਕੇ ਮਹੁਰੇ ਜਾਂ ਵਿਸ ਦੇ ਇਸ ਸੰਸਾਰ ਵਿਚੋਂ ਦੌੜ ਗਏ।

ਇਕਨੀ ਬਧੇ ਭਾਰ

ਅਤੇ ਬਾਕੀ ਸਾਡੇ ਵਰਗੇ ਰਹਿ ਗਏ,

ਜਿਨਾਂ ਦੇ ਸਿਰ ਤੇ ਮਾਸ ਦੇ ਮਹਿੰਗੇ ਪਕਵਾਨਾਂ ਦਾ

ਅਤੇ ਕੀਮਤੀ ਸੁਆਦਲੇ ਭੋਜਨਾਂ ਦਾ ਮਣਾਂ ਮੂਹੀਂ ਭਾਰ ਚੁਕਿਆ ਹੋਇਆ ਸੀ।

ਮਹਿੰਗੇ ਪਕਵਾਨਾਂ ਦਾ ਭਾਰ ਚੁੱਕ ਕੇ ਉਹ ਭੱਜ ਨਾਂ ਸਕੇ।

-੦-

ਪਾਠ ਵੀਰੋ ਇਹ ਹਨ ਮਾਝ ਕੀ ਵਾਰ ਦੇ ਇਸ ਸ਼ਬਦ

ਕਿਆ ਖਾਧੈ ਕਿਆ ਪੈਧੈ ਹੋਇ…. ਕਿਆ ਮੇਵਾ ਕਿਆ ਘਿਉ ਗੁੜੁ. . . . ਕਿਆ ਮੈਦਾ ਕਿਆ ਮਾਸੁ-

ਦੇ ਅਰਥ। ਇਸ ਸ਼ਬਦ ਦੇ ਅਰਥ, ਹੋਰ ਵੀ ਕਈ ਬਹੁਤ ਹੀ ਉੱਘੇ ਟੀਕਾ ਕਾਰਾਂ ਨੇਂ ਕੀਤੇ ਹਨ। ਦਾਸ ਦੇ ਕੀਤੇ ਅਰਥ ਵੀ ਵਿਚਾਰ ਲਵੋ। ਅਤੇ ਦੂਸਰੇ ਟੀਕਾ ਕਾਰਾਂ ਦੇ ਅਰਥ ਵੀ ਵਿਚਾਰ ਲਵੋ। ਅਤੇ ਮਾਸ ਖਾਣ ਬਾਰੇ ਖੁਦ ਹੀ ਫੈਸਲਾ ਕਰ ਲਵੋ।

ਵਿਦਵਾਨ ਟੀਕਾ ਕਾਰ ਜੋ ਕਹਿੰਦੇ ਹਨ,

ਜਾਂ ਉਹ ਸਾਨੂੰ ਜੋ ਮਸਵਰਾ ਦੇਂਦੇ ਹਨ, ਉਸ ਦਾ ਬਹੁਤ ਥੋੜਾ ਜਿਹਾ ਨਮੂਨਾਂ ਅੱਗੇ ਪੜੋ,

(੨)

“ਕਿਆ ਮੇਵਾ… ਕਿਆ ਮਾਸੁ” - ਪਤਾ ਨਹੀਂ ਕਿਉਂ ਤੇ ਕਿਵੇਂ ‘ਮਾਸ ਭੋਜਨ’ ਵਿਰੋਧੀ ਸੱਜਨਾਂ ਨੇ, ਅਰਥਾਂ ਸਬੰਧੀ ਗੁਰਬਾਣੀ ਵਿਚਲੇ ਸਮੂਹ ਸਲੋਕਾਂ ਦੇ ਨਿਯਮ ਨੂੰ ਇੱਕ ਪਾਸੇ ਛੱਡ ਕੇ, ਇਸ ਸਲੋਕ ਨੂੰ ਮਾਸ ਦੇ ਭੋਜਨ ਵਿਰੁਧ ਬਿਆਣਿਆ ਹੈ। ਜਦਕਿ ਅਰਥਾਂ ਸਮੇਂ ਵੀ ਦੇਖ ਚੁੱਕੇ ਹਾਂ ਕਿ ਇਸ ਸਲੋਕ `ਚ ਵਿਸ਼ਾ ਹੀ “ਕਿਆ ਖਾਧੈ ਕਿਆ ਪੈਧੈ ਹੋਇ॥ ਜਾ ਮਨਿ ਨਾਹੀ ਸਚਾ ਸੋਇਅਤੇ “ਨਾਨਕ ਸਚੇ ਨਾਮ ਵਿਣੁ, ਸਭੇ ਟੋਲ ਵਿਣਾਸੁ” ਵਾਲਾ ਹੈ।

ਇਥੇ ਫ਼ੁਰਮਾਨ ਹੈ, ਕੇ ਜੀਵ ਨੇ, ਮਨੁੱਖਾ ਜਨਮ ਪਾ ਕੇ ਕਰਤੇ ਦੀਆਂ ਬੇਅੰਤ ਦਾਤਾਂ ਜਿਵੇਂ ਡਰਾਈ ਫ਼ਰੂਟ, ਘਿਉ, ਮੈਦੇ ਆਦਿ ਤੋਂ ਬਣੇ ਬੇਅੰਤ ਪਦਾਰਥ ਤੇ ਮਿਸ਼ਠਾਨ, ਹੋਰ ਮਾਸ ਵਰਗੇ ਮਹਿੰਗੇ ਪਕਵਾਨਾਂ ਸਮੇਤ ਹਰ ਪ੍ਰਕਾਰ ਦੀਆਂ ਦਾਤਾਂ ਨੂੰ ਵਰਤੋਂ `ਚ ਲਿਆਉਣਾ ਹੈ; ਵਧੀਆ ਪਹਿਰਾਵੇ ਪਹਿਨਣੇ ਹਨ; ਪ੍ਰਵਾਰਕ ਸਾਂਝਾਂ ਦੇ ਅਨੰਦ ਵੀ ਮਾਨਣੇ ਹਨ; ਰਾਜਸੀ ਜੀਵਨ ਵੀ ਬਤੀਤ ਕਰਣੇ ਹਨ; ਜਦਕਿ ਨਾਲ ਨਾਲ ਇਹ ਵੀ ਚੇਤੇ `ਚ ਰਖਣਾ ਹੈ ਕਿ ਇਹ ਤਮਾਮ ਦਾਤਾਂ, ਉਸ ਕਰਤੇ ਦੀਆਂ ਬਖ਼ਸ਼ੀਆਂ ਹੋਈਆਂ ਹਨ, ਜਿਸ ਨੇ ਸਫ਼ਲ ਕਰਣ ਲਈ, ਸਾਨੂੰ ਦੁਰਲਭ ਮਨੁੱਖਾ ਜਨਮ ਵਾਲਾ ਵਿਸ਼ੇਸ਼ ਅਵਸਰ ਵੀ ਬਖ਼ਸ਼ਿਆ ਹੋਇਆ ਹੈ।

ਗੁਰਦੇਵ ਨੇ ਜਦੋਂ ਸਲੋਕ `ਚ ਕਰਤੇ ਦੀਆਂ ਦਾਤਾਂ ਗਿਣਵਾਈਆਂ ਹਨ ਤਾਂ ਭੋਜਨਾਂ ਦੀ ਗੱਲ ਕਰਣ ਸਮੇ, ਸਮੂਹ ਭੋਜਨਾਂ `ਚੋਂ “ਕਿਆ ਮਾਸੁ” ਭਾਵ ਮਾਸ ਦੇ ਭੋਜਨ ਨੂੰ ਹੀ ਸਭ ਤੋਂ ਉੱਤਮ ਤੇ ਮਹਿੰਗੇ ਭੋਜਨ ਵੱਜੋਂ ਹੀ ਗਿਣਵਾਇਆ ਹੈ। ਫ਼ਿਰ ਮਾਸ ਦੀ ਗੱਲ ਵੀ ਕੀਤੀ ਹੈ ਤਾਂ ਕਰਤੇ ਦੀਆਂ ਦਾਤਾਂ ਭਾਵ ਘਿਉ, ਮੇਵਾ, ਪਹਿਰਾਵੇ, ਪਤੀ ਪਤਨੀ ਦੇ ਪ੍ਰਵਾਰਕ ਸਬੰਧਾਂ ਤੇ ਰਾਜਸੀ ਤਾਕਤਾਂ ਨਾਲ ਇਕੋ ਤੇ ਬਰਾਬਰ ਦੀ ਉੱਤਮ ਦਾਤਾਂ ਵਾਲੀ ਲੜੀ `ਚ

ਇਸ ਦੇ ਉਲਟ, ਜੇ ਸਾਡੇ ਮਾਸ ਵਿਰੋਧੀ ਸੱਜਨਾਂ ਦੇ ਹਿਸਾਬ, ਇਥੇ ਗੁਰਦੇਵ ਨੇ ਮਾਸ ਦੇ ਭੋਜਨ ਦਾ ਵਿਰੋਧ ਹੀ ਕੀਤਾ ਤੇ ਉਸ ਨੂੰ ਤਿਆਗਣ ਦੀ ਗੱਲ ਕੀਤੀ ਹੈ ਤਾਂ ਤੇ ਇਹੀ ਸਿਧਾਂਤ ਘਿਉ, ਮੇਵਾ, ਪਹਿਰਾਵੇ, ਪਤੀ ਪਤਨੀ ਦੇ ਪ੍ਰਵਾਰਕ ਸਬੰਧਾਂ ਤੇ ਰਾਜਸੀ ਤਾਕਤਾਂ ਆਦਿ ਭਾਵ ਬਾਕੀ ਦਾਤਾਂ `ਤੇ ਵੀ ਇਕੋ ਜਿਹਾ ਲਾਗੂ ਹੋਵੇਗਾ, ਇਥੇ ਵਿਤਕਰਾ ਕਿਉਂ? ਉਂਜ ਵੀ ਅਜਿਹਾ ਤਿੰਨ ਕਾਲ ਸੰਭਵ ਨਹੀਂ।

*ਵੀਰੋ ਖੁਦ ਹੀ ਫੈਸਲਾ ਕਰੋ, ਕਿ ਕੀ ਗੁਰਬਾਣੀਂ ਇਕੱਲੇ ਮਾਸ ਨਾਲ ਵਿਤਕਰਾ ਕਰਦੀ ਹੈ, ਜਾਂ ਗੁਰਬਾਣੀਂ ਦਾ ਇਹ ਸਿਧਾਂਤ ਘਿਉ, ਮੇਵਾ, ਪਹਿਰਾਵੇ, ਪਤੀ ਪਤਨੀਂ ਦੇ ਪ੍ਰਵਾਰਕ ਸਬੰਧਾਂ, ਅਤੇ ਰਾਜਸੀ ਤਾਕਤ, ਆਦੀ ਤੇ ਵੀ ਇਕੋ ਜਿਹਾ ਲਾਗੂ ਹੈ।

*ਅਤੇ ਰਾਜਸੀ ਜੀਵਨ ਬਤੀਤ ਕਰਨ ਵਾਸਤੇ ਸਾਰੇ ਲੀਡਰਾਂ ਨੂੰ ਬਰਾਬਰ ਦੀ ਛੋਟ ਹੈ, ਜਾਂ ਕਿਸੇ ਲੀਡਰ ਨਾਲ ਵਿਤਕਰਾ ਵੀ ਕਰਨਾਂ ਹੈ।

ਪਾਠਕ ਵੀਰੋ ਬੇਨਤੀ ਹੈ ਦਾਸ ਨੂੰ ਮਾਫ ਕਰ ਦੇਣਾਂ, ਮੇਰੀਆਂ ਤਾਂ ਸਿੱਧੀਆਂ ਜਿਹੀਆਂ, ਪੁਰਾਣੇਂ ਜੱਟਾਂ ਜਿਆਂ ਵਾਲੀਆਂ ਗੱਲਾਂ ਹਨ।

ਬੰਦਾ ਭੁੱਲਣ ਹਾਰ ਹੈ, ਕੁੱਝ ਗਲਤ ਲੱਗੇ ਤਾਂ ਮਾਫ ਕਰ ਦੇਣਾਂ ਜੀ।

(ਚਲਦਾ)

ਬਲਦੇਵ ਸਿੰਘ `ਚਾਕਰ’

ਅਗਸਤ ੧੯, ੨੦੧੨
.