.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ

ਕੋਈ ਬਾਹਰਲੀ ਸ਼ੈਅ, ਤੁਹਾਡੇ ਘਰ ਰਹਿੰਦੀ ਏ
ਭਾਗ ਪੰਜਵਾਂ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਸੇਵਾ ਸੰਭਾਲਣ ਉਪਰੰਤ ਜ਼ਿੰਦਗੀ ਦੇ ਰੁਝੇਵੇਂ ਬਹੁਤ ਵੱਧ ਗਏ ਹਨ। ਕਈ ਵਾਰੀ ਲਿਖਣ ਦਾ ਸਮਾਂ ਬਹੁਤ ਘੱਟ ਮਿਲਦਾ ਹੈ। ਫਿਰ ਵੀ ਯਤਨ ਸ਼ੀਲ ਰਹੀਦਾ ਹੈ ਕਿ ਸੰਗਤ ਨੂੰ ਭਰਮ ਭੁਲੇਖਿਆਂ ਵਿਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਬਾਹਰ ਕੱਢਿਆ ਜਾਏ। ਕੁੱਝ ਬਾਣੀਆਂ ਦੀ ਵਿਆਖਿਆ ਲਿਖਣ ਦਾ ਯਤਨ ਵੀ ਅਰੰਭਿਆ ਹਇਆ ਹੈ। ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਤੇ ਨਾ ਕੋਈ ਵੰਡ ਵਿਹਾਰ ਹੈ। ਜੋ ਗੁਰਬਾਣੀ ਵਿਚੋਂ ਸਮਝ ਆਇਆ ਉਹ ਸੰਗਤ ਨਾਲ ਸਾਂਝਾ ਜ਼ਰੂਰ ਕੀਤਾ ਜਾਂਦਾ ਹੈ। ਦੂਸਰਾ ਗੁਰਬਾਣੀ ਦੇ ਅਰਥਬੋਧ `ਤੇ ਕੋਈ ਨਿਰਣਾ ਜਾਂ ਦਾਵ੍ਹਾ ਨਹੀਂ ਹੈ। ਇੱਕ ਯਕੀਨ ਜ਼ਰੂਰ ਹੈ ਕਿ ਅਸੀਂ ਬ੍ਰਹਾਮਣੀ ਕਰਮ-ਕਾਂਡ ਦੇ ਧਾਰਨੀ ਨਹੀਂ ਹਾਂ। ਗੁਰਬਾਣੀ ਦਾ ਸਿਧਾਂਤ ਨਿਆਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਿੱਥੇ ਅਖਰੀਂ ਅਰਥ ਹਨ ਓੱਥੇ ਗੁਰਬਾਣੀ ਦੇ ਭਾਵ ਅਰਥ ਵੀ ਹਨ ਤੇ ਉਹਨਾਂ ਭਾਵ ਅਰਥਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਏਗਾ। ਜੇ ਕਰ ਅਸੀਂ ਇੱਕ ਸ਼ਬਦ ਜਾਂ ਸਲੋਕ ਦੇ ਭਾਵ ਅਰਥ ਕਰਦੇ ਹਾਂ ਤਾਂ ਨਿਰਸੰਦੇਹ ਬਾਕੀ ਬਾਣੀ ਦੇ ਵੀ ਜ਼ਰੂਰ ਭਾਵ ਅਰਥ ਹਨ। ਆਪਣੀ ਗੱਲ ਨੂੰ ਦਰੁੱਸਤ ਕਰਨ ਲਈ ਕਦੇ ਤਾਂ ਭਾਵ ਅਰਥ ਲੈਂਦੇ ਹਾਂ ਕਦੇ ਕੇਵਲ ਅਖਰੀਂ ਅਰਥਾਂ ਨੂੰ ਹੀ ਤਰਜੀਹ ਦੇਂਦੇ ਹਾਂ। ਲੰਬੇ ਸਮੇਂ ਤੋਂ ਦੇਖਿਆ ਸੁਣਿਆ ਜਾ ਰਿਹਾ ਹੈ ਕਿ ਸ਼ਬਦ ਗੁਰਬਾਣੀ ਦਾ ਲਿਆ ਗਿਆ ਪਰ ਵਿਆਖਿਆ ਕਿਸੇ ਹੋਰ ਗ੍ਰੰਥ ਦੀ ਕੀਤੀ ਗਈ। ਅੱਜ ਮੀਡੀਏ ਦਾ ਯੁੱਗ ਹੋਣ ਕਰਕੇ ਹਰ ਚੰਗੀ ਮਾੜੀ ਜਨੀ ਕਿ ਹਰ ਪਰਕਾਰ ਦੀ ਸੋਚ ਬਹੁਤ ਛੇਤੀ ਸਫਰ ਤਹਿ ਕਰ ਜਾਂਦੀ ਹੈ। ਗੁਰਬਾਣੀ ਵੀਚਾਰ, ਗੁਰਬਾਣੀ ਉਪਦੇਸ਼ ਹੀ ਸਾਡੇ ਜੀਵਨ ਦਾ ਅਧਾਰ ਹੈ।
ਅੱਜ ਜਿੰਨਾ ਸਿੱਖੀ ਦਾ ਪਰਚਾਰ ਹੋ ਰਿਹਾ ਹੈ ਉਸ ਵਿਚੋਂ ਸ਼ਨਾਖਤ ਕਰਨੀ ਔਖੀ ਹੋ ਜਾਂਦੀ ਹੈ ਕਿ ਕੀ ਵਾਕਿਆ ਹੀ ਇਹ ਸਿੱਖੀ ਦਾ ਪਰਚਾਰ ਹੈ ਜਾਂ ਸਿੱਖੀ ਦੀ ਦਿਨ ਦੀਵੀਂ ਜੜ੍ਹੀਂ ਤੇਲ ਦਿੱਤਾ ਜਾ ਰਿਹਾ ਹੈ। ਕੋਈ ਵੱਖ ਵੱਖ ਸ਼ਬਦਾਂ ਦਾ ਜਾਪ ਕਰਨ ਲਈ ਕਹਿ ਰਿਹਾ ਹੈ। ਕੋਈ ਦੁੱਖ ਭੰਜਨੀ ਦੇ ਗੁਟਕੇ ਛਾਪ ਕੇ ਵੰਡ ਰਿਹਾ ਹੈ। ਕੋਈ ਬੱਤੀਆਂ ਬੰਦ ਕਰਕੇ ਤੇ ਕੋਈ ਬੱਤੀਆਂ ਜਗਾ ਕੇ ਸਿਮਰਣ ਕਰਨ ਦੀਆਂ ਵਿਧੀਆ ਸਮਝਾ ਰਿਹਾ ਹੈ। ਕੋਈ ਜਪ-ਤਪ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਰੋਗ ਕੱਟਣ ਦੀਆਂ ਜੁਗਤੀਆਂ ਦੱਸ ਰਿਹਾ ਹੈ ਤੇ ਕੋਈ ਇੱਕ ਸ਼ਬਦ ਦਾ ਜਾਪ ਕਰਕੇ ਮੁਕੱਦਮੇ ਜਿੱਤਣ ਦੀ ਗੱਲ ਕਰ ਰਿਹਾ ਹੈ। ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਨ ਵਿੱਚ ਰੁੱਝਾ ਹੋਇਆ ਦਿਖਾਈ ਦੇ ਰਿਹਾ ਹੈ। ਜਿੰਨੇ ਮੂੰਹ ਉਹਨੀਆਂ ਗੱਲਾਂ ਜਾਂ ਜਿੰਨੇ ਪਰਚਾਰਕ, ਰਾਗੀ--ਢਾਡੀ ਉਹਨੀਆਂ ਹੀ ਵਿਧੀਆ। ਕੋਈ ਮੱਸਿਆ ਦੇ ਇਸ਼ਨਾਨ ਨੂੰ ਪਹਿਲ ਦੇ ਰਿਹਾ ਹੈ ਤੇ ਕੋਈ ਪੂਰਨਮਾਸ਼ੀ ਦੀਆਂ ਚੌਂਕੀਆਂ ਭਰਨ ਦੀ ਗੱਲ ਕਰ ਰਿਹਾ ਹੈ। ਹੁਣ ਸੰਪਟ ਪਾਠਾਂ ਦਾ ਚਾਰ ਚੁਫੇਰੇ ਪੂਰਾ ਬੋਲਬਾਲਾ ਹੁੰਦਾ ਜਾ ਰਿਹਾ ਹੈ।
ਮਲੇਸ਼ੀਆ ਦੇ ਨੌਜਵਾਨ ਵੀਰਾਂ ਦੇ ਉਦਮ ਸਦਕਾ ਮੈਨੂੰ ਚੌਵੀ ਕੁ ਸਾਲ ਉਪਰੰਤ ਮਲੇਸ਼ੀਆ ਆਉਣ ਦਾ ਸਬੱਬ ਬਣਿਆ। ਪਹਿਲੇ ਦਿਨ ਹੀ ਇੱਕ ਗੁਰਦੁਆਰਾ ਸਾਹਿਬ ਵਿਖੇ ਕੋਈ ਤਿੰਨ ਕੁ ਘੰਟਿਆ ਦਾ ਇੱਕ ਸੈਮੀਨਾਰ ਰੱਖਿਆ ਹੋਇਆ ਸੀ। ਬਹੁਤ ਸਾਰੇ ਸਵਾਲਾਂ ਦੇ ਜੁਆਬ ਭੈਣਾਂ ਵੀਰਾਂ ਨਾਲ ਸਾਂਝੇ ਕੀਤੇ।
ਸਵਾਲਾਂ ਵਿਚੋਂ ਇੱਕ ਸਵਾਲ ਸੀ ਕਿ “ਜੀ ਕੋਈ ਬਾਹਰਲੀ ਸ਼ੈਅ ਵੀ ਹੁੰਦੀ ਹੈ” ? ਮੈਂ ਕਿਹਾ, “ਜੀ ਹੁੰਦੀ ਹੈ” ਕਹਿੰਦੇ, “ਜੀ ਉਹ ਕਿਦਾਂ” ? ਮੈਂ ਸਭਾਵਕ ਕਿਹਾ, ਕਿ ਮੈਂ ਦੇਸੋਂ ਆਇਆ ਹਾਂ, ਇਸ ਲਈ ਮੈਂ ਤੁਹਾਡੇ ਲਈ ਬਾਹਰਲੀ ਸ਼ੈਅ ਹੀ ਹਾਂ। ਹਾਸਾ ਪੈ ਗਿਆ। ਫਿਰ ਭੈਣ ਨੇ ਕਿਹਾ ਕਿ ਨਹੀਂ ਵੀਰ ਜੀ ਤੁਸੀਂ ਬਾਹਰਲੀ ਸ਼ੈਅ ਨਹੀਂ ਹੋ, ਉਹ ਕੋਈ ਹੋਰ ਹੁੰਦੀ ਹੈ। ਮੈਂ ਫਿਰ ਕਿਹਾ ਕਿ ਮੰਨ ਲਓ, ਮੈਂ ਮਲੇਸ਼ੀਆ ਤੋਂ ਐੱਲ ਸੀ ਡੀ ਲੈ ਕੇ ਜਾਂਦਾ ਹਾਂ ਤਾਂ ਉਸ ਨੂੰ ਫਿੱਟ ਕਰਾਉਣ ਲਈ ਟੀ ਵੀ ਮਕੈਨਿਕ ਨੂੰ ਕਹਾਂਗੇ ਕੇ ਅਸੀਂ ਐੱਲ ਸੀ ਡੀ ਲਿਆਂਦੀ ਹੈ ਕਿਰਪਾ ਕਰਕੇ ਇਸ ਨੂੰ ਫਿੱਟ ਕਰ ਦਿਓ। ਉਹ ਮਕੈਨਿਕ ਹਾਸੇ ਨਾਲ ਕਹੇਗਾ ਹੂੰ ਹੂੰ ਇਹ ਕੋਈ ਬਾਹਰਲੀ ਸ਼ੈਅ ਲਿਆਂਦੀ ਹੈ।
ਇਕ ਵੀਰ ਜੀ ਨੇ ਚਲ ਰਹੇ ਸਵਾਲ ਵਿੱਚ ਹਿੱਸਾ ਲੈਂਦਿਆ ਪਤੇ ਦੀ ਗੱਲ ਕੀਤੀ ਕਿ ਭਾਈ ਸਾਹਿਬ ਜੀ ਸਵਾਲ ਸਮਝਣ ਦਾ ਯਤਨ ਕਰੋ। ਗੱਲ ਬਾਹਰਲੀ ਸ਼ੈਅ ਦੀ ਹੋ ਰਹੀ ਹੈ। ਏੱਥੇ ਬਾਹਰਲੀ ਸ਼ੈਅ ਦਾ ਅਰਥ ਹੈ ਕੋਈ ਭੂਤ-ਪ੍ਰੇਤ ਜਾਂ ਚੜੇਲ ਤੋਂ ਹੈ। ਦੂਜਾ ਕੋਈ ਅਜੇਹੀ ਭੈੜੀ ਸ਼ਕਤੀ ਜਾਂ ਕੋਈ ਭੈੜੀ ਰੂਹ ਹੈ ਜੋ ਸਾਨੂੰ ਦਿਸਦੀ ਨਹੀਂ ਹੈ ਪਰ ਘਰ ਦਾ ਸਾਰਾ ਕੰਮ ਖਰਾਬ ਕਰੀ ਜਾ ਰਹੀ ਹੁੰਦੀ ਹੋਵੇ। ਬਾਹਰਲੀ ਸ਼ੈਅ ਨਹੀਂ ਚਾਹੁੰਦੀ ਕੇ ਇਹ ਘਰ ਕੋਈ ਤਰੱਕੀ ਕਰੇ। ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਨਾ ਹੀ ਬੱਚਿਆਂ ਨੂੰ ਕੋਈ ਨੌਕਰੀ ਮਿਲ ਰਹੀ। ਛੋਟਾ ਊਂ ਈਂ ਪੜ੍ਹਾਈ ਵਿਚੋਂ ਫੇਲ੍ਹ ਹੋ ਗਿਆ ਹੈ। ਮੇਰੀਆਂ ਵੱਖਰੀਆਂ ਲੱਤਾਂ ਬਾਹਾਂ ਦੁੱਖੀ ਜਾਂਦੀਆਂ ਹਨ। ਘਰ ਵਾਲੀ ਦੀਆਂ ਅੱਖਾਂ ਵਿੱਚ ਰੜਕਾਂ ਪੈ ਰਹੀਆਂ ਹਨ। ਗਵਾਂਢੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਹੋਰ ਤਰਾਅ ਕੱਢਦਿਆਂ ਕਿਹਾ ਕਿ ਛਿੰਦੇ ਹੁਰਾਂ ਦੀ ਤਾਂ ਪਿੱਛਲੇ ਮਹੀਨੇ ਮੱਝ ਹੀ ਮਰ ਗਈ ਸੀ, ਕਿਉਂ ਕਿ ਉਹਨਾਂ ਦੇ ਘਰ ਵਿੱਚ ਵੀ ਕਿਸੇ ਨੇ ਕੁੱਝ ਕੀਤਾ ਹੋਇਆ ਸੀ ਸਾਡਾ ਹੋਰ ਵਿਸ਼ਵਾਸ ਪੱਕਾ ਹੋ ਗਿਆ। ਫਿਰ ਅਸੀਂ ਇੱਕ ਸਿਆਣੇ ਬਾਬਾ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਫੱਟ ਕਹਿ ਦਿੱਤਾ ਕਿ ਤੁਹਾਡੇ ਘਰ ਕੋਈ ਰੂਹ ਰਹਿੰਦੀ ਹੈ। ਮੈਂ ਕਿਹਾ ਇਹ ਗੱਲਾਂ ਕੌਣ ਕਰਦਾ ਹੈ ਜਵਾਬ ਸੀ ਜੀ ਧਰਮ ਦਾ ਪਰਚਾਰ ਕਰਨ ਵਾਲੇ ਲੋਕ ਜੋ ਦੇਸੌਂ ਆਉਂਦੇ ਤੇ ਕੁੱਝ ਏੱਥੇ ਰਹਿ ਰਹੇ ਧਰਮੀ ਲੋਕ ਵੀ ਹਨ ਜੋ ਸਾਰੀ ਜ਼ਿੰਦਗੀ ਧਰਮ ਦਾ ਪਰਚਾਰ ਕਰਦੇ ਰਹੇ ਹਨ ਇਹ ਉਹ ਸਾਰੀਆਂ ਗੱਲਾਂ ਸਬੰਧੀ ਸਮਝਾਉਂਦੇ ਹਨ।
ਹੈਰਾਨਗੀ ਦੀ ਗੱਲ ਦੇਖੋ ਜਿਹੜਿਆਂ ਬਜ਼ੁਰਗਾਂ ਨੇ ਤੀਲਾ ਤੀਲਾ ਜੋੜ ਕੇ ਘਰ ਬਣਾਇਆਂ ਹੈ ਉਸ ਨੂੰ ਅਸੀਂ ਭੈੜੀਆਂ ਰੂਹਾਂ ਦਾ ਦਰਜਾ ਦੇ ਰਹੇ ਹਾਂ। ਅਖੇ ਤੁਸਾਂ ਬਜ਼ੁਰਗਾਂ ਦੀ ਯਾਦ ਵਿੱਚ ਕੋਈ ਦਾਨ ਪੁੰਨ ਨਹੀਂ ਕੀਤਾ ਬਜ਼ੁਰਗਾਂ ਦੀ ਸਾਰੀ ਜਾਇਦਾਦ ਸਾਂਭ ਲਈ ਹੈ ਪਰ ਉਹਨਾਂ ਦੇ ਨਮਿੱਤ ਕਦੇ ਵੀ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਨਹੀਂ ਛਕਾਇਆ। ਜਿਹੜੀ ਦਾਦੀ ਪੁੱਤੇ ਪੋਤੀਆਂ ਦਾ ਮੂੰਹ ਚੁੰਮਦੀ ਰਹੀ ਹੋਵੇ ਅਖੇ ਉਹ ਹੁਣ ਘਰ ਦਾ ਨੁਕਸਾਨ ਕਰ ਰਹੀ। ਕਿਉਂਕਿ ਉਹਦੀ ਆਤਮਾ ਦੀ ਕਲਿਆਣ ਨਹੀਂ ਹੋਈ। ਕਿਉਂ ਹੈ ਨਾ ਜੱਗੋਂ ਤੇਰ੍ਹਵੀਂ? ਮੈਂ ਇੱਕ ਸਵਾਲ ਕੀਤਾ ਕੀ ਅਸੀਂ ਆਪਣੇ ਬਜ਼ੁਰਗਾਂ ਦੇ ਨਮਿੱਤ ਅਖੰਡਪਾਠ ਜਾਂ ਸਹਿਜ ਪਾਠ ਕਰਾਇਆ ਸੀ। ਸਭ ਦਾ ਉੱਤਰ ਸੀ ਜੀ ਸਾਰੇ ਕਰਾਉਂਦੇ ਹਨ। ਮੈਂ ਕਿਹਾ ਭਾਈ ਜੀ ਨੇ ਇਹ ਵੀ ਕਿਹਾ ਹੋਏਗਾ ਕਿ ਸੱਚੇ ਪਾਤਸ਼ਾਹ ਇਸ ਵਿਛੜੀ ਰੂਹ ਆਪਣੇ ਚਰਨਾ ਵਿੱਚ ਨਿਵਾਸ ਦਿਓ ਹਾਲਾ ਕਿ ਗੁਰਮਿਤ ਅਨਕੂਲੀ ਇਹ ਸ਼ਬਦ ਨਹੀਂ ਹਨ। ਸਭ ਨੇ ਕਿਹਾ ਬਿਲਕੁਲ ਠੀਕ ਹੈ। ਫਿਰ ਕਿਹਾ ਕੀ ਸਾਨੂੰ ਇਹਨਾਂ ਸ਼ਬਦਾਂ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਨਹੀਂ ਸਭ ਦਾ ਉੱਤਰ ਸੀ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਫਿਰ ਭੈੜੀ ਰੂਹ ਕਿਥੋਂ ਆ ਗਈ। ਇੱਕ ਭੈਣ ਕਹਿਣ ਲੱਗੀ ਵੀਰ ਜੀ ਨਿਰਾ ਇਹ ਹੀ ਨਹੀਂ ਕਿਹਾ ਜਾਂਦਾ ਕਿ ਤੁਹਾਡੇ ਘਰ ਸ਼ੈਆਂ ਹੈਗੀਆਂ ਨੇ ਨਾਲ ਉਪਾਅ ਵੀ ਦੱਸਿਆ ਜਾਂਦਾ ਹੈ। ਉਤਸਕਤਾ ਨਾਲ ਪੁੱਛਿਆ ਕਿ ਉਪਾਅ ਕੀ ਦੱਸਿਆ ਜਾਂਦਾ ਹੈ ਕਿ ਕਹਿੰਦੇ ਜੀ ਉਪਾਅ ਗੁਰਮਤ ਅਨੁਸਾਰ ਹੀ ਹੋਣਾ ਚਾਹੀਦਾ ਹੈ। ਮੈਂ ਕਿਹਾ ਗੁਰਮਤ ਤੇ ਅਜੇਹਿਆਂ ਥੋਥਿਆਂ ਵਿਚਾਰਾਂ ਨੂੰ ਰੱਦ ਕਰਦੀ ਹੈ। ਉੱਤਰ ਮਿਲਿਆ ਨਹੀਂ ਜੀ ਅਜੇ ਵੀ ਸੰਗਤ ਬਹੁਤ ਭਰਮ ਭੁਲੇਖਿਆਂ ਵਿੱਚ ਪਈ ਹੋਈ ਹੈ।
ਜਿਸ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਗਈ ਗੁਰੂ ਘ੍ਰੰਥ ਸਾਹਿਬ ਜੀ ਪੜ੍ਹਦਿਆਂ, ਅਰਦਾਸਾਂ ਕਰਦਿਆਂ ਉਹ ਕਹਿੰਦਾ ਜੀ ਮੈਨੂੰ ਰਾਤੀਂ ਸੁਪਨਾ ਆਇਆ ਹੈ ਤੁਹਾਡੇ ਘਰ ਬਹੁਤ ਭੈੜੀ ਰੂਹ ਰਹਿੰਦੀ ਹੈ ਤੇ ਉਸ ਸ਼ੈਅ ਨੂੰ ਕਢਣ ਲਈ ਸੰਪਟ ਪਾਠ ਕਰਨ ਲਈ ਕਿਹਾ ਜਾਂਦਾ ਹੈ ਜੇ ਸਾਮੀ ਹੱਥੋਂ ਨਿਕਲੀ ਜਾਪਦੀ ਹੋਵੇ ਤਾਂ ਅਖੰਡ ਪਾਠ ਦੀ ਵਿਧੀ ਸਮਝਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਦੋਂ ਘਰ ਵਿੱਚ ਲਿਆਂਦੀ ਜਾਏ ਤਾਂ ਸਾਰੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣ ਪਉਣ ਨਾਲ ਭੈੜੀ ਰੂਹ ਭੱਜ ਜਾਂਦੀ ਹੈ। ਅਖੰਡ ਪਾਠ ਦੀ ਸਮਾਪਤੀ ਉਪਰੰਤ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਕਮਰਿਆਂ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਭੈੜੀ ਰੂਹ ਭੱਜ ਜਾਂਦੀ ਹੈ। ਜਨੀ ਕਿ ਬਾਣੀ ਪੜ੍ਹਨ ਵਿਚਾਰਣ ਦੀ ਲੋੜ ਨਹੀਂ ਕੇਵਲ ਚਰਣ ਪਉਣ ਨਾਲ ਹੀ ਭੈੜੀ ਰੂਹ ਨੂੰ ਭੱਜਦਿਆ ਰਾਹ ਨਹੀਂ ਲੱਭਦਾ। ਬੇਨਤੀ ਕੀਤੀ ਕਿ ਭਾਈ ਗੁਰਬਾਣੀ ਤਾਂ ਆਪਣਾ ਫੈਸਲਾ ਆਪ ਦੇ ਰਹੀ ਹੈ
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਮ: ੩ ਪੰਨਾ ੫੯੪
ਜਦੋਂ ਮਾਂ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਲੱਗ ਪਏ ਤਾਂ ਬੱਚਿਆਂ ਦਾ ਕੌਣ ਰਾਖਾ ਹੋ ਸਕਦਾ ਹੈ? ਜਦੋਂ ਪਰਚਾਰਕ ਸ਼੍ਰੇਣੀ ਹੀ ਘਰ ਵਾਲਿਆਂ ਨੂੰ ਭੈੜੀ ਸ਼ੈਅ ਘਰੋਂ ਬਾਹਰ ਕੱਢਣ ਲਈ ਕਹਿਣ ਕੌਮ ਦਾ ਤਾਂ ਫਿਰ ਰੱਬ ਹੀ ਰਾਖਾ ਹੈ।
.