.

ਕੀ ਧਰਮ ਪੁਆੜੇ ਦੀ ਜੜ੍ਹ ਹੈ...?

ਸਤਿੰਦਰਜੀਤ ਸਿੰਘ

ਧਰਮ ਦਾ ਮਤਲਬ ਉਹ ਗੁਣ ਜੋ ਧਾਰਨ ਕਰਨਯੋਗ ਹੈ, ਧਰਮ ਜੀਵਨ ਨਿਯਮਾਂ ਦਾ ਇੱਕ ਸੁਮੇਲ ਹੈ, ਇੱਕ ਨੀਤੀ ਹੈ, ਇੱਕ ਵਿਚਾਰਧਾਰਾ ਹੈ ਜਿਸ ‘ਤੇ ਚੱਲ ਕੇ ਪ੍ਰਾਣੀ ਸੁਖਮਈ ਜੀਵਨ ਬਤੀਤ ਕਰਦਾ ਹੈ, ਵਿਸ਼ਵਾਸ਼ ‘ਤੇ ਟਿਕੇ ਨਿਯਮ ਧਰਮ ਹਨ। ਧਰਮ ਦਾ ਅਰਥ ਰੀਤੀ-ਰਿਵਾਜ਼ ਜਾਂ ਕਿਸੇ ਦੇਸ਼ ਵਿੱਚ ਪ੍ਰਚੱਲਿਤ ਰਸਮਾਂ ਤੋਂ ਵੀ ਲਿਆ ਜਾਂਦਾ ਹੈ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਕਿਹੜੇ ਰੀਤੀ-ਰਿਵਾਜ਼ ‘ਧਰਮ’ ਵਿੱਚ ਸ਼ਾਮਿਲ ਹਨ? ਯਕੀਨਨ ਜਿਹੜੇ ਰੀਤੀ ਮਾਨਵਤਾ ਦੇ ਭਲੇ ਲਈ ਬਣੇ ਜਾਂ ਬਣਾਏ ਗਏ ਹੋਣ ਉਹ ਹੀ ਧਰਮ ਅਖਵਾਉਣ ਯੋਗ ਹੁੰਦੇ ਹਨ ਪਰ ਜਿਹੜੇ ਰੀਤੀ-ਰਿਵਾਜ਼ ਮਾਨਵਤਾ ਦਾ ਵਿਨਾਸ਼ ਕਰਦੇ ਹਨ, ਉਹ ਧਰਮ ਨਹੀਂ ਬਲਕਿ ‘ਅਧਰਮ’ ਦਾ ਹਿੱਸਾ ਹਨ। ਜਿਵੇਂ ਜਨੇਊ ਪਾਉਣ ਦੀ ਰਸਮ ਭਾਰਤ ਵਿੱਚ ਪ੍ਰਚੱਲਿਤ ਸੀ ਪਰ ਗੁਰੂ ਨਾਨਕ ਸਾਹਿਬ ਨੇ ਇਸ ਰਸਮ ਨੂੰ ਤਾਰ-ਤਾਰ ਕਰ ਸੁੱਟਿਆ, ਜਨੇਊ ਦਾ ਵਿਰੋਧ ਕਰਨ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਜਾਂ ਮਜ਼ਹਬ ਦਾ ਵਿਰੋਧ ਕੀਤਾ, ਬਲਕਿ ਗੁਰੂ ਨਾਨਕ ਸਾਹਿਬ ਨੇ ਧਾਰਮਿਕ ਪਹਿਰਾਵਾ ਧਾਰਨ ਕਰ ਕੇ ਵੀ ਲੋਕਾਂ ਨੂੰ ਠੱਗਣ ਵਾਲੇ ਲੋਕਾਂ ‘ਤੇ ਚੋਟ ਕੀਤੀ ਕਿ ਜੇ ਜਨੇਊ ਪਹਿਨਣ ਨਾਲ ਵੀ ਮਨੁੱਖ ਧਰਮੀ ਨਹੀਂ ਤਾਂ ਫਿਰ ਇਸਦਾ ਕੀ ਲਾਭ?ਫੋਕੀਆਂ ਰਸਮਾਂ ਅਤੇ ਕਰਮਕਾਂਡ ‘ਤੇ ਕਾਟ ਦੀ ਸ਼ੁਰੂਆਤ ਕੀਤੀ। ਸ਼ੂਦਰ ਮੰਨੇ ਜਾਂਦੇ ਲੋਕਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਸੀ, ਧਰਮੀ ਪੁਰਸ਼ਾਂ ਨੇ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥’ ਦੀ ਸੱਚਾਈ ਨੂੰ ਲੋਕਾਂ ਤੱਕ ਸਮਝਾਉਣ ਲਈ ਜਨੇਊ ਦਾ ਖੰਡਨ ਕੀਤਾ ਗਿਆ। ਸਤੀ ਦੀ ਪ੍ਰਥਾ ਵੀ ਕਿਸੇ ਸਮੇਂ ਭਾਰਤ ਵਿੱਵ ਪ੍ਰਚੱਲਿਤ ਸੀ ਪਰ ਉਸਨੂੰ ਵੀ ਗੁਰੂ ਅਮਰਦਾਸ ਜੀ ਨੇ ਬੰਦ ਕਰਵਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਮਾਨਵਤਾ ਦੇ ਭਲੇ ਲਈ ਕੀਤੇ ਜਾਂਦੇ ਕੰਮ, ਰਸਮਾਂ-ਰਿਵਾਜ਼ ਹੀ ‘ਧਰਮ’ ਦਾ ਹਿੱਸਾ ਹੋ ਸਕਦੇ ਹਨ। ਗੁਰਬਾਣੀ ਵਿੱਚ ਹਰੀ ਦਾ ਜਸ ਗਾਉਣ ਨੂੰ ਉੱਤਮ ਧਰਮ ਕਿਹਾ ਗਿਆ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (੨੬੬)

ਧਰਮ ਕਮਾਉਣ ਦੀ ਗੱਲ ਹੈ, ਨਿਭਾਉਣ ਦੀ ਗੱਲ ਹੈ। ਹੁਣ ਗੱਲ ‘ਸਾਰੇ ਧਰਮਾਂ ‘ਚੋਂ ਉੱਤਮ ਧਰਮ’ ਦੀ ਹੈ ਤਾਂ ਸਵਾਲ ਉੱਠੇਗਾ ਕਿ ‘ਫਿਰ ਬਾਕੀ ਧਰਮ ਕਿਹੜੇ ਹਨ?’ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ, ਹੱਕ-ਸੱਚ ਦਾ ਖਾਣਾ, ਨਿਤਾਣਿਆਂ ਦੀ ਮੱਦਦ ਕਰਨਾ, ਕਿਸੇ ਦਾ ਹੱਕ ਨਾ ਖਾਣਾ, ਕਿਰਦਾਰ ਸਾਫ ਅਤੇ ਉੱਚਾ ਰੱਖਣਾ, ਆਪਣੇ ਫ਼ਰਜ਼ਾਂ ਨੂੰ ਪੂਰਨ ਰੂਪ ਵਿੱਚ ਨਿਭਾਉਣਾ ਆਦਿ ਇਹ ਸਭ ਇੱਕ ‘ਧਰਮ’ ਦੀਆਂ ਗੱਲਾਂ ਹਨ। ਜਦੋਂ ਇਨਸਾਨ ਜਾਂ ਇੰਝ ਕਹਿ ਲਉ ਕਿ ਮਾਨਵਤਾ ਇਸ ਪਾਸੇ ਤੋਂ ਉਲਟ, ਹਉਮੈ ਵਿੱਚ ਫਸ ਅਤੇ ਲਾਲਚ ਦਾ ਸ਼ਿਕਾਰ ਹੋ ਆਪਣੇ ਸਵਾਰਥਾਂ ਦੀ ਪੂਰਤੀ ਲਈ ਪਰਾਇਆ ਹੱਕ ਖਾਣ ਤੋਂ ਨਹੀਂ ਟਲਦੀ, ਕੁਕਰਮਾਂ ਦੇ ਨਵੇਂ ਰੂਪ ਸਾਹਮਣੇ ਆਉਂਦੇ ਹਨ, ਸ਼ਕਤੀਵਾਨ ਦੂਸਰਿਆਂ ਦਾ ਘਾਣ ਕਰਦੇ ਹਨ ਤਾਂ ‘ਧਰਮ’ ਗਾਇਬ ਹੋ ਜਾਂਦਾ ਹੈ ਅਤੇ ‘ਅਧਰਮ’ ਉਸਦੀ ਜਗ੍ਹਾ ਮੱਲ ਲੈਂਦਾ ਹੈ। ‘ਅਧਰਮ’ ਦਾ ਮਤਲਬ ਪਾਪ, ਦੁਰਾਚਾਰ, ਜੋ ਧਾਰਨ ਕਰਨਯੋਗ ਨਹੀਂ, ਜਿਸ ਵਿੱਚ ਧਰਮ-ਗੁਣ ਨਹੀਂ, ‘ਧਰਮ’ ਤੋਂ ਖਾਲੀ, ਧਰਮ ਤੋਂ ਸੱਖਣਾ, ਇਸ ਤਰ੍ਹਾਂ ‘ਧਰਮ’ ਅਤੇ ‘ਅਧਰਮ’ ਇੱਕ-ਦੂਸਰੇ ਦੇ ਵਿਰੋਧੀ ਸ਼ਬਦ ਹਨ। ‘ਅਧਰਮ’ ਦੀ ਹਾਲਤ ਬਾਰੇ ਗੁਰਬਾਣੀ ਦਾ ਕਥਨ ਹੈ:

ਸਲੋਕੁ ਮਃ ੧ ॥

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਹਉ ਭਾਲਿ ਵਿਕੁੰਨੀ ਹੋਈ ॥

ਆਧੇਰੈ ਰਾਹੁ ਨ ਕੋਈ ॥

ਵਿਚਿ ਹਉਮੈ ਕਰਿ ਦੁਖੁ ਰੋਈ ॥

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145}

ਇਸ ਸੰਸਾਰ ਦਾ ਸਾਰਾ ਤਾਣਾ-ਬਾਣਾ ਅਕਾਲ ਪੁਰਖ ਨੇ ਬੁਣਿਆ ਹੈ, ਸਾਰੀ ਕਾਇਨਾਤ ਦੀ ਰਚਨਾ ਉਸਦੀ ਰਜ਼ਾ ਅਨੁਸਾਰ ਹੋਈ ਹੈ, ਉਹ ਪ੍ਰਮਾਤਮਾ ਇਹ ਸਾਰੀ ਖੇਡ ਦੇਖ ਰਿਹਾ ਹੈ:

ਪਉੜੀ ॥ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

ਕਰਿ ਆਸਣੁ ਡਿਠੋ ਚਾਉ ॥੧॥ {ਪੰਨਾ 463}

ਜੇ ਧਰਮ ਮਾਨਵਤਾ ਲਈ ਖਤਰਾ ਹੁੰਦਾ ਤਾਂ ਜਿਸ ਸ਼੍ਰਿਸ਼ਟੀ ਦੀ ਰਚਨਾ ਪ੍ਰਮਾਤਮਾ ਨੇ ਖੁਦ ਕੀਤੀ ਹੈ ਕੀ ਉੱਥੇ ਕਿਸੇ ‘ਧਰਮ’ ਰੂਪੀ ਖਤਰੇ ਨੂੰ ਕਮਾਉਣ ਲਈ ਕਹਿੰਦਾ...? ਅੱਜ ਜਿਸ ਤਰ੍ਹਾਂ ‘ਧਰਮ’ ਦੇ ਨਾਮ ‘ਤੇ ਮਨੁੱਖ ਨੇ ਵੰਡੀਆਂ ਪਾ ਲਈਆਂ ਹਨ, ਉਹ ਮਹਿਜ਼ ਨਾਮ ਹਨ ਅਸਲ ਧਰਮ ਨਹੀਂ ਬਲਕਿ ਧਰਮ ਦੀ ਆੜ ਵਿੱਚ ਮਨੁੱਖ ਆਪਣਾ ਸਵਾਰਥ ਪੂਰਾ ਕਰਦੇ ਹਨ ਪਰ ਇਸ ਵਿੱਚ ਧਰਮ ਦਾ ਕੀ ਦੋਸ਼...? ਇਹ ਮਜ਼ਹਬਾਂ ਦਾ ਪੁਆੜਾ ਅਸੀਂ ਪਾਇਆ ਹੈ ਨਾ ਕਿ ‘ਧਰਮ’ ਨੇ ਉਪਦੇਸ਼ ਦਿੱਤਾ ਕਿ ਇਸ ਤਰ੍ਹਾਂ ਲੜੋ। ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਸਿਮਰਨ ਨੂੰ ਉੱਤਮ ਧਰਮ ਕਿਹਾ ਹੈ, ਜੇ ਧਰਮ ਪੁਆੜਾ ਹੁੰਦਾ ਤਾਂ ਸ਼ਾਇਦ ਨਹੀਂ ਯਕੀਨਨ ਕੋਈ ਹੋਰ ਸ਼ਬਦ ਵਰਤਦੇ।

ਉਸੇ ਪ੍ਰਮਾਤਮਾ ਜਿਸਦੇ ਅਲੱਗ-ਅਲੱਗ ਧਰਮਾਂ ਵਿੱਚ ਅਲੱਗ-ਅਲੱਗ ਨਾਮ ਹਨ, ਨੇ ਕੁਝ ਨਿਯਮ ਬਣਾਏ ਹਨ, ਜੋ ਉਹਨਾਂ ‘ਤੇ ਚੱਲਦਾ ਹੈ ਉਹ ‘ਧਰਮੀ’ ਹੈ ਅਤੇ ਜੋ ਉਹਨਾਂ ਨੂੰ ਨਹੀਂ ਮੰਨਦਾ ਅਤੇ ਆਪਣੇ ਹਿੱਤਾਂ ਲਈ ਕੁਕਰਮ ਕਰਦਾ ਹੈ ਉਹ ‘ਦੋਸ਼ੀ’ ਅਖਵਾਉਂਦਾ ਹੈ।

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ {ਪੰਨਾ 138}

ਧਰਮ ਨੂੰ ਤਾਂ ਗੁਰਬਾਣੀ ਵਿੱਚ ਦਇਆ ਦਾ ਪੁੱਤਰ ਕਿਹਾ ਗਿਆ ਹੈ, ਦਇਆ ਹਰ ਇਨਸਾਨ ਦੇ ਚੰਗੇ ਕਿਰਦਾਰ ਦਾ ਇੱਕ ਗੁਣ ਹੈ। ਹਰ ਇਨਸਾਨ ਵਿੱਚ ਇਹ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਕਲੀ ਵਿੱਚੋਂ ਖੂਬਸੂਰਤ ਫੁੱਲ ਦਾ ਵਿਕਾਸ ਹੁੰਦਾ ਹੈ, ਉਸੇ ਤਰ੍ਹਾਂ ਦਇਆ ਵਿੱਚੋਂ ‘ਧਰਮੀ’ ਵਾਲੇ ਗੁਣ ਉਪਜਦੇ ਹਨ:

ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ {ਪੰਨਾ 3}

ਗੁਰਬਾਣੀ ਕਹਿੰਦੀ ਹੈ ਕਿ ਜਿਸ ਮਨੁੱਖ ਦਾ ਮਨ ਨਾਮ ਵਿੱਚ ਰਚ ਜਾਵੇ, ਜੋ ਉਸ ਪ੍ਰਮਾਤਮਾ ਦੇ ਦੱਸੇ ਸਿਧਾਂਤ ਨੂੰ ਅਪਣਾ ਲਵੇ ਉਸਦਾ ਮਨ ‘ਧਰਮ’ ਨਾਲ ਜੁੜ ਜਾਂਦਾ ਹੈ, ਧਰਮ ਨਾਲ ਉਸ ਇਨਸਾਨ ਦਾ ਸਿੱਧਾ ਸੰਬੰਧ ਬਣ ਜਾਂਦਾ ਹੈ, ਫਿਰ ਕੋਈ ਰੁਕਾਵਟ ਨਹੀਂ ਆਂਉਂਦੀ। ਭਾਵ ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ । ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ:

ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥

ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥

ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ {ਪੰਨਾ 3}

ਜੇ ਧਰਮ ੜਾਈ-ਝਗੜੇ ਦੀ ਜੜ੍ਹ ਹੈ ਤਾਂ ਫਿਰ ਕੀ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਇਨਸਾਨ ਝਗੜਾਲੂ ਪ੍ਰਵਿਰਤੀ ਦਾ ਬਣ ਜਾਂਦਾ ਹੈ...?
ਗੁਰਬਾਣੀ ਦੱਸਦੀ ਹੈ ਕਿ ਅਕਾਲ-ਪੁਰਖ ਦੇ ਨਿਯਮ ਅਨੇਕ ਹਨ, ਦਰਬਾਰ ਅਨੇਕ ਹਨ। ਅਸੀਂ ਜਾਣਦੇ ਹਾਂ ਕਿ ਪ੍ਰਮਾਤਮਾ ਦਾ ਨਿਆਂ ਸਭ ਨਾਲ ਬਰਾਬਰ ਹੁੰਦਾ ਹੈ, ਕੋਈ ਪੱਖਪਾਤ ਨਹੀਂ। ‘ਧਰਮ’ ਨੂੰ ਅਕਾਲ-ਪੁਰਖ ਦਾ ‘ਕਾਨੂੰਨ’ ਕਿਹਾ ਗਿਆ ਹੈ:

ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ {ਪੰਨਾ 5}

ਜਿਸ ਧਰਤੀ ‘ਤੇ ਅਸੀਂ ਰਹਿ ਰਹੇ ਹਾਂ, ਜਿਸ ਧਰਤੀ ਉੱਪਰ ਅਨੇਕਾਂ ਤਰ੍ਹਾਂ ਦੇ ਪ੍ਰਾਣੀ ਹਨ, ਉਸ ਧਰਤੀ ਨੂੰ ਪ੍ਰਮਾਤਮਾ ਨੇ ਰੁੱਤਾਂ, ਹਵਾ ਪਾਣੀ, ਅੱਗ ਅਤੇ ਪਾਤਾਲ ਦੇ ਇਕੱਠ ਵਿੱਚ ‘ਧਰਮ’ ਕਮਾਉਣ ਦੀ ਥਾਂ ਬਣਾ ਦਿੱਤਾ ਹੈ:

ਰਾਤੀ ਰੁਤੀ ਥਿਤੀ ਵਾਰ ॥

ਪਵਣ ਪਾਣੀ ਅਗਨੀ ਪਾਤਾਲ ॥

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਤਿਨ ਕੇ ਨਾਮ ਅਨੇਕ ਅਨੰਤ ॥ {ਪੰਨਾ 7}

ਜੇ ਹੁਣ ‘ਧਰਮ’ ਕਿਸੇ ਪੁਆੜੇ ਦੀ ਜੜ੍ਹ ਹੁੰਦਾ ਤਾਂ ਫਿਰ ਕੀ ਅਕਾਲ-ਪੁਰਖ ਧਰਤੀ ਬਣਾ ਕੇ ‘ਪੁਆੜੇ’ ਲਈ ਥਾਂ ਬਣਾਉਂਦਾ...?

ਗੁਰਬਾਣੀ ਕਹਿੰਦੀ ਹੈ ਕਿ ਆਪਣੇ ਮਨ ਦੀ ਗੱਲ ਸੁਣ, ਸਵਾਰਥ ਪੂਰਤੀ ਲਈ ਕੰਮ ਕਰਨ ਵਾਲਾ ਬੰਦਾ ਆਪਣਾ ਅਸਲ ਫ਼ਰਜ਼ (ਧਰਮ) ਭੁੱਲ ਜਾਂਦਾ ਹੈ, ਮਾਇਆ ਦੀ ਖਾਤਿਰ ਹੋਰ ਦੀ ਖੁਸ਼ਾਮਦ ਵਿੱਚ ਲੱਗ ਜਾਂਦਾ ਹੈ ਪਰ ਸਮਝਦਾ ਨਹੀਂ, ਦੁੱਖ ਪਾਉਂਦਾ ਹੈ:

ਸਿਰੀਰਾਗੁ ਮਹਲਾ ੩ ॥

ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥

ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥

ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥ {ਪੰਨਾ 31}

ਜੇ ਧਰਮ ਮਾਨਵਤਾ ਲਈ ‘ਪੁਆੜਾ’ ਹੁੰਦਾ ਤਾਂ ਕੀ ਗੁਰੂ ਸਾਹਿਬ ਫ਼ਰਜ਼ ਰੂਪੀ ਧਰਮ ਭੁੱਲਣ ਵਾਲੇ ਨੂੰ ਦੁੱਖ ਭੋਗਣ ਵਾਲਾ ਅਤੇ ਸਵਾਰਥੀ ਕਹਿੰਦੇ...?

ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਮੈਂ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖਾਂ ਨੂੰ ਭਾਲਦਾ ਹਾਂ, ਮੈਂ ਉਹਨਾਂ ਦੀ ਸੰਗਤ ਵਿੱਚ ਬੈਠਣ ਲਈ ‘ਧਰਮਸਾਲ’ ਭਾਵ ਧਰਮ ਦੀਆਂ ਗੱਲਾਂ ਕਰਨ ਲਈ, ਧਰਮ ਕਮਾਉਣ ਲਈ ਥਾਂ ਬਣਾਈ ਹੈ:

ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥ {ਪੰਨਾ 73}

ਗੁਰੂ ਸਾਹਿਬ ਕਹਿੰਦੇ ਹਨ ਕਿ ਜਵਾਨੀ ਵਿੱਚ ਮਨੁੱਖ ਧਨ, ਮਾਇਆ ਨਾਲ ਹੀ ਚਿੱਤ ਲਾਈ ਰੱਖਦਾ ਹੈ, ਹਰ ਦਾ ਸਿਮਰਨ (ਧਰਮ) ਨਹੀਂ ਕਰਦਾ ਅਤੇ ਨਾ ਹੀ ਉੱਚੇ ਆਤਮਕ ਜੀਵਨ ਨੂੰ ਮਿੱਤਰ ਬਣਾਉਂਦਾ ਹੈ:

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥ {ਪੰਨਾ 75}

ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਪ੍ਰਮਾਤਮਾ ਦਾ ਧਰਮ ਦਾ ਨਿਆਂ ਹੈ ਉਸਦੀ ਸਿਫਤ-ਸਲਾਹ ਕਰਨਾ, ਉਸਦੀ ਵਡਿਆਈ ਕਰਨਾ ਚੰਗਾ ਕਰਮ ਹੈ:

ਪਉੜੀ ॥ ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥

ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥

ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥

ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥

ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ {ਪੰਨਾ 84}

ਹੁਣ ਜੇ ਧਰਮ ਮਨੁੱਖਤਾ ਲਈ ਖਤਰਾ ਹੈ ਤਾਂ ਯਕੀਨਨ ‘ਧਰਮ’ ‘ਤੇ ਅਧਾਰਿਤ ਨਿਆਂ ਵੀ ਖਤਰਾ ਹੈ, ਫਿਰ ਤਾਂ ਪ੍ਰਮਾਤਮਾ ਦਾ ਨਿਆਂ ਸਹੀ ਨਾ ਹੋਇਆ ਫਿਰ ਗੁਰੂ ਸਾਹਿਬ ਧਰਮ ਦੇ ਨਿਆਂ ਕਰਨ ਵਾਲੇ ਪ੍ਰਮਾਤਮਾ ਦਾ ਜਸ ਗਾਉਣ ਨੂੰ ਉੱਤਮ ਕਿਉਂ ਦੱਸ ਰਹੇ ਹਨ...?

ਗੁਰਬਾਣੀ ਦਾ ਫੁਰਮਾਨ ਹੈ ਕਿ ਪ੍ਰਮਾਤਮਾ ਨੇ ‘ਧਰਮੀਆਂ’ ਭਾਵ ਧਰਮ ਕਮਾਉਣ ਵਾਲਿਆਂ ਨੂੰ ਵਡਿਆਈ ਦਿੱਤੀ ਹੈ ਅਤੇ ਪਾਪੀਆਂ ਨੂੰ ਦੰਡ ਦਿੱਤਾ ਹੈ:

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ {ਪੰਨਾ 89}

ਜੇ ਹੁਣ ਧਰਮ ਕਮਾਉਣਾ ਗਲਤ ਹੁੰਦਾ ਤਾਂ ਫਿਰ ਕੀ ਪ੍ਰਮਾਤਮਾ ਧਰਮ ਕਮਾਉਣ ਵਾਲਿਆਂ ਨੂੰ ਵਡਿਆਈ ਦਿੰਦਾ...?

ਗੁਰੂ ਸਾਹਿਬ ਕਹਿੰਦੇ ਹਨ ਕਿ ਕੁਕਰਮਾਂ ਵਿੱਚ ਫਸੇ ਹੋਏ ਮਨੁੱਖ ਦੇ ਮਨ ਵਿੱਚ ਧਰਮ ਨਹੀਂ ਹੁੰਦਾ, ਕੁਕਰਮੀ ਮਨੁੱਖ ਦੇ ਹਿਰਦੇ ਵਿੱਚ ਕਲਯੁੱਗ ਆ ਜਾਂਦਾ ਹੈ ‘ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਧਰਮ ਉਸਨੂੰ ਇਸ ਕਲਯੁੱਗ ਤੋਂ ਮੁਕਤ ਨਹੀਂ ਕਰਵਾ ਸਕਦਾ:

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥

ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥ {ਪੰਨਾ 160}

ਜੇ ਧਰਮ ਵੀ ਗਲਤ ਮਨੋਦਸ਼ਾ ਹੁੰਦੀ ਤਾਂ ਫਿਰ ਕੁਕਰਮੀ ਮਨੁੱਖ ਵੀ ਧਰਮੀ ਹੁੰਦੇ। ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਨੂੰ ਜੋ ਚੰਗਾ ਲਗਦਾ ਹੈ, ਉਹੀ ਪਵਿੱਤਰ ਮਰਿਆਦਾ (ਧਰਮ) ਹੈ:

ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ ਜੋ ਤੁਧੁ ਭਾਵੈ ਸੋ ਸਚੁ ਧਰਮਾ ॥

ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ ਤੂੰ ਸਾਹਿਬੁ ਸੇਵਕ ਅਰਦਾਸਿ ॥੩॥

{ਪੰਨਾ 180}

ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਸਾਰੇ ਭਰਮਾਂ ਨੂੰ ਤਿਆਗ ਕੇ, ਪ੍ਰਭੂ ਨੂੰ ਸਿਮਰਦਾ ਹੈ ਉਹ ਸਮਝ ਜਾਂਦਾ ਹੈ ਕਿ ਪ੍ਰਭੂ ਸਿਮਰਨ ਨਾਲੋਂ ਚੰਗਾ ਧਰਮ ਹੋਰ ਨਹੀਂ:

ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥

ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥

{ਪੰਨਾ 195-196}

ਪਰ ਅੱਜ ਦੇ ਹਾਲਾਤ ਬਹੁਤ ਵਿਗੜੇ ਰੂਪ ਵਿੱਚ ਹਨ। ਸਵਾਰਥੀ ਲੋਕ ਧਰਮ ਦਾ ਬਾਣਾ ਪਾ ਆਮ ਲੋਕਾਂ ਨੂੰ ਲੁੱਟਦੇ ਅਤੇ ਕੁੱਟਦੇ ਹਨ। ਕੁਝ ਵਿਹਲੜ ਲੋਕ ‘ਧਰਮ ਗੁਰੂਆਂ’ ਦੇ ਲਿਬਾਸ ਵਿੱਚ ‘ਸੰਤ’ ਬਣ ਵਿਚਰ ਰਹੇ ਹਨ ਜੋ ਕਿ ਲੋਕਾਂ ਨੂੰ ‘ਅਸਲ’ ਨਾਲੋਂ ਦੂਰ ਕਰ ਰਹੇ ਹਨ। ਗੁਰਬਾਣੀ ਦੇ ਗਲਤ ਅਰਥ ਕਰ ਲੋਕਾਂ ਨੂੰ ਲੁੱਟਦੇ ਹਨ। ਇਹ ਸਾਧ ਅਤੇ ਰਾਜਸੀ ਲੋਕ ਧਰਮ ਦੀ ਆੜ ਹੇਠ ਲੋਕਾਂ ਦਾ ਮਾਨਸਿਕ ਅਤੇ ਇੱਥੋਂ ਤੱਕ ਕਿ ਸਰੀਰਕ ਸੋਸ਼ਣ ਕਰਦੇ ਹਨ। ਵੱਖ-ਵੱਖ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੋਟਾਂ ਅਤੇ ਪੈਸੇ ਦੇ ਲਾਲਚ ਵਿੱਚ ਇਹ ਰਾਜਸੀ ਲੋਕ, ਸਾਧਾਂ ਨਾਲ ਰਲ ਕੇ ਭੜਕਾਉਂਦੇ ਹਨ। ਮਜ਼ਹਬਾਂ ਦੀ ਕੱਟੜਤਾ ਨਾਲ ਦੁਸ਼ਮਣੀ ਦੇ ਬੀਜ਼ ਬੀਜੇ ਜਾ ਰਹੇ ਹਨ। ਸਿੱਖ ਧਰਮ ਵਿੱਚ ਜ਼ਾਤੀਵਾਦ ਦੀ ਬਿਮਾਰੀ ਵੀ ਇਹਨਾਂ ਵਿਹਲੜਾਂ ਵੱਲੋਂ ਫੈਲਾਈ ਗਈ ਹੈ, ਧਰਮ ਦੀ ਆੜ ਵਿੱਚ ਹੀ ਇੱਕ ਧਰਮ ਦੇ ਲੋਕਾਂ ਨੂੰ ਵੱਖ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਖ ਧਰਮ ਵਿੱਚ ‘ਧਰਮ’ ਦੀ ਆੜ ਹੇਠ ਸਿੱਖ ਇਤਿਹਾਸ ਵਿੱਚ ਰਲਾ ਪਾਇਆ ਗਿਆ, ਬਾਣੀ ਵਿੱਚ ਰਲਾ ਪਾਉਣ ਦੀ ਕੋਝੀ ਹਰਕਤ ਕੀਤੀ ਗਈ, ਗੁਰਬਾਣੀ ਦੇ ਗਲਤ ਅਤੇ ਮਰਜ਼ੀ ਦੇ ਅਰਥ ਕੀਤੇ ਗਏ, ਕਿਤੇ ਮਰਿਆਦਾ ਦਾ ਰੌਲਾ, ਕਿਤੇ ਅਰਦਾਸ ਦਾ ਰੌਲਾ, ਇਹ ਸਾਰੇ ਪੁਆੜੇ ਸਾਡੇ ਪਾਏ ਹੋਏ ਨੇ, ਨਾ ਗੁਰਬਾਣੀ ਨੇ ਪਾਏ ਨੇ ਅਤੇ ਨਾ ਹੀ ਧਰਮ ਨੇ...! ਕਿਸੇ ਚੀਜ਼ ਨੂੰ ਵਰਤਣ ਵਾਲਾ ਜੇ ਗਲਤ ਵਰਤੋਂ ਕਰੇ ਤਾਂ ਉਹ ਚੀਜ਼ ਨਹੀਂ ਬਲਕਿ ਵਰਤਣ ਵਾਲਾ ਦੋਸ਼ੀ ਹੁੰਦਾ ਹੈ। ਹੁਣ ਸਾਇੰਸ ਨੇ ਨਿਊਕਲੀਅਰ ਊਰਜਾ ਦੀ ਖੋਜ ਅਤੇ ਸਮਝ ਦਿੱਤੀ ਕਿਸੇ ਨੇ ਬੰਬ ਬਣਾ ਲਿਆ 'ਤੇ ਕਿਸੇ ਨੇ ਬਿਜਲੀ, ਹੁਣ ਪੁਆੜਾ ਕਿਸਨੇ ਪਾਇਆ...? ਯਕੀਨਨ ਸਾਇੰਸ ਨੇ ਨਹੀਂ।

ਸਾਇੰਸ ਨੇ ਅਲਟਰਾਸਾਊਂਡ ਦੀ ਖੋਜ ਲਿਆਂਦੀ ਕਿਸੇ ਨੇ ਬਿਮਾਰੀ ਆਦਿ ਦਾ ਪਤਾ ਲਗਾਉਣ ਲਈ ਵਰਤੀ 'ਤੇ ਕਿਸੇ ਨੇ ਕੁੜੀਆਂ ਮਾਰਨ ਲਈ, ਪੁਆੜਾ ਕਿਸਨੇ ਪਾਇਆ...? ਯਕੀਨਨ ਸਾਇੰਸ ਨੇ। ਹੁਣ ਜੇ ਕੋਈ ਸਾਇੰਸ ਨੂੰ ਦੋਸ਼ੀ ਮੰਨੇ ਤਾਂ ਫਿਰ ਉਸ ਅਨੁਸਾਰ ਤਾਂ ਨਾ ਸਾਇੰਸ ਹੁੰਦੀ ਨਾ ਕਾਢਾਂ ਨਿਕਲਦੀਆਂ ਅਤੇ ਨਾ ਸਮਾਜ ਵਿਕਾਸ ਅਤੇ ਤਰੱਕੀ ਦੀ ਸਿਖਰ ਨੂੰ ਛੂਹਦਾਂ।

ਇਸੇ ਤਰ੍ਹਾਂ ‘ਧਰਮ’ ਨੇ ਤਾਂ ਜਨੇਊ ਵਰਗੀ ਕਰਮਕਾਂਡੀ ਰਸਮ ਤੋਂ ਮਨੁੱਖ ਨੂੰ ਆਜ਼ਾਦ ਕਰਵਾਇਆ, ਔਰਤਾਂ ਨੂੰ ਸਤੀ ਪ੍ਰਥਾ ਦੀ ਬਲੀ ਚੜ੍ਹਨੋ ਬਚਾ ਕੇ ਜੀਵਨਦਾਨ ਦਿੱਤਾ, ਜ਼ਾਤ-ਪਾਤ, ਸੁੱਚ-ਭਿੱਟ, ਊਚ-ਨੀਚ ਆਦਿ ਨੂੰ ਮਾਨਵਤਾ ਵਿੱਚੋਂ ਖਤਮ ਕਰਨ ਲਈ ‘ਪਹਿਲੇ ਪੰਗਤ, ਪਾਛੈ ਸੰਗਤ’ ਦਾ ਸਿਧਾਂਤ ਦਿੱਤਾ, ਇਹ ਧਰਮ ਹੀ ਸੀ ਜਿਸ ਨੇ ਤੱਤੀ ਤਵੀ ਨੂੰ ਸ਼ਰਮਸ਼ਾਰ ਕੀਤਾ, ਧਰਮ ਲਈ ਹੀ ਚਾਂਦਨੀ ਚੌਂਕ ਵਿੱਚ ਅਦੁੱਤੀ ਸ਼ਹਾਦਤ ਹੋਈ, ਧਰਮ ਲਈ ਹੀ ਦੇਗ ਵਿੱਚ ਉਭਲਣ ਦਾ ‘ਸੁੱਖ’ ਮਾਣਿਆ, ਰੂੰ ਦੀ ਤਪਸ਼ ਮਹਿਸੂਸ ਕੀਤੀ, ਆਰੇ ਦੀ ਧਾਰ ਪਰਖੀ, ਬੰਦ-ਬੰਦ ਕਟਵਾਉਣ ਵਿੱਚ ਸਕੂਨ ਪ੍ਰਾਪਤ ਕੀਤਾ, ਜੰਡ ਨਾਲ ਮੱਚਣ ਨੂੰ ਤਰਜੀਹ ਦਿੱਤੀ, ਚਮਕੌਰ ਦੀ ਗੜ੍ਹੀ ਦਾ ਇਤਿਹਾਸ ਬਣਿਆ, ਨੀਂਹਾਂ ਵਿੱਚ ਜ਼ਿੰਦਾ ਸ਼ਹੀਦ ਹੋਣ ਦਾ ਚਾਅ ਉਮੜਿਆ, ਘੋੜਿਆਂ ਦੀਆਂ ਕਾਠੀਆਂ ਨੂੰ ਮਹਿਲਾਂ ਵਾਂਗ ਮਾਣਿਆ...ਹੋਰ ਵੀ ਬਹੁਤ ਕੁਝ ਇਸ ਲੜੀ ਵਿੱਚ ਧਰਮ ਲਈ ਹੀ ਕੀਤਾ ਗਿਆ। ਧਰਮ ਗਲਤ ਨਹੀਂ, ਗਲਤ ਹੈ ਸਾਡੀ ਸੋਚ ਜੋ ਧਰਮ ਨੂੰ ਆਪਣੇ ਸਵਾਰਥਾਂ ਦੀ ਪੂਰਤੀ ਲਈ ਵਰਤਦੀ ਹੈ।

ਧਰਮ ਇੱਕ ਜੀਵਨ ਜਾਂਚ ਹੈ, ਇੱਕ ਸੇਧ ਹੈ, ਕੁਝ ਨਿਯਮ ਹਨ ਪਰ ਜੇ ਇਹਨਾਂ ਨੂੰ ਸਹੀ ਵਰਤਿਆ ਜਾਵੇ, ਧਰਮ ਨਹੀਂ ਕਹਿੰਦਾ ਕਿ 'ਮੈਨੂੰ ਵਿਗਾੜ ਕੇ ਗਲਤ ਕੰਮ ਕਰੋ' ਅਸੀਂ ਖੁਦ ਵਿਗਾੜ ਪਾਉਂਦੇ ਹਾਂ...! ਮੁੱਕਦੀ ਗੱਲ ਕਿ ‘ਧਰਮ’ ਕਿਸੇ ਪੁਆੜੇ ਦੀ ਜੜ੍ਹ ਨਹੀਂ ਬਲਕਿ ਇੱਕ ਅਪਨਾਉਣਯੋਗ ਗੁਣ ਹੈ, ਇੱਕ ਵੀਚਾਰਧਾਰਾ ਹੈ, ਜੀਵਨ-ਜਾਚ ਹੈ।




.