.

ਜਬ ਇਹ (ਖ਼ਾਲਸਾ) ਗਹੈਂ ਬਿਪਰਨ ਕੀ ਰੀਤ

(ਬਿਪਰ ਸੰਸਕਾਰ)

ਅਮਰੀਕ ਸਿੰਘ ਧੌਲ

ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ। ਜਬ ਗਹ ਹੈ ਬਿਪ੍ਰਨ ਕੀ ਰੀਤ। ਮੈਂ ਨਾਂ ਕਰੋਂ ਇਨ ਕੀ ਪ੍ਰਤੀਤ। (ਅਣਜਾਤਾ ਕਵੀ) ਭਾਵ: ਕਲਗੀਆਂ ਵਾਲੇ ਨੇ ਖ਼ਾਲਸਾ ਪੰਥ ਨੂੰ ਖ਼ਿਆਲੀ, ਸਰੀਰੀ ਅਤੇ ਰੂਹਾਨੀ ਹਰ ਪੱਖ ਤੋਂ ਬਿਪਰ-ਸੰਸਕਾਰ ਤੋਂ ਬਚਣ ਦੀ ਖ਼ਾਸ ਹਦਾਇਤ ਕੀਤੀ ਹੈ।

“ਸਿੱਖ ਮਰ ਜਾਵੇਗਾ, ਜੇ ਉਹ ਕੇਸ ਕਟਾ ਲਵੇ, ਤੇ ਹਿੰਦੂ ਸ਼ਕਲ ਧਾਰਨ ਕਰ ਲਵੇ। ਸਿੱਖਾਂ ਵਲ ਸ੍ਰਪ੍ਰਸਤੀ ਦਾ ਵਤੀਰਾ, ਜਿਹੜਾ ਕਿ ਨਹਿਰੂ-ਵਿਧਾਨ ਨੇ ਧਾਰਨ ਕੀਤਾ ਹੈ, ਹਿੰਦੂ-ਰੂਪ ਕਾਂਗਰਸ ਦੀ ਸਿੱਖਾਂ ਨੂੰ ਹਿੰਦੂਆਂ ਵਿੱਚ ਸ਼ਾਮਿਲ ਕਰਨ ਦੀ ਇੱਕ ਨੀਤੀ ਹੈ”, ਪ੍ਰੋ. ਪੂਰਨ ਸਿੰਘ (An Open letter to John simon, October, 1928)

ਬਿਪਰ ਸੰਸਕਾਰ ਦਾ ਸੰਦੇਸ਼ ਜ਼ਾਹਰ ਹੈ ਕਿ ਜੇ ਖ਼ਾਲਸਾ ਸਿਖ ਰਹਿਤ ਦਾ ਧਾਰਨੀ ਪੰਜ ਕਕਾਰੀ ਤਿਆਰ ਬਰ ਤਿਆਰ ਨਿਆਰਾ ਨਾ ਰਿਹਾ ਤਾਂ ਹਰ ਹਾਲਤ ਵਿੱਚ ਉਹ ਗੁਰੂ ਤੋਂ ਬੇਮੁਖ ਹੋਵੇਗਾ। ਜਾਂ, ਉਪਰੋਂ ਉਪਰੋਂ ਭੇਖ ਧਾਰ ਲਿਆ, ਭੇਖੀ ਜਾਂ ਅਖੌਤੀ ਸਿੱਖ ਬਣ ਗਿਆ ਪਰ ਗੁ. ਨਾਨਕ ਗੁ. ਗੋਬਿੰਦ ਸਿੰਘ ਦੀ ਅਸਲ ਸਿੱਖਿਆ ਤੇ ਉਪਦੇਸ਼ ਨਾ ਕਮਾਇਆ, ਹਾਟੀ ਭਾਠੀ ਵਿਕਦਾ ਰਿਹਾ ਤਾਂ ਵੀ ਬੇਮੁਖ ਹੀ ਰਿਹਾ। ਜਿਵੇਂ ਬਾਬਾ ਰਾਮ ਰਾਇ ਨੂੰ ਔਰੰਗਜ਼ੇਬ ਨੇ ਵਰਗਲਾ ਲਿਆ ਸੀ। ਤੇ ਝੇਂਪ ਚ ਬਹੱਤਰ (੭੨) ਕਰਾਮਾਤਾਂ ਦਿਖਾਈਆਂ। ਅਜਿਹੀਆਂ ਬਹੁਤ ਮਿਸਾਲਾਂ ਸਿੱਖ ਇਤਿਹਾਸ ਚੋਂ ਉਪਲਭਦ ਹਨ। ਪਰ ਬਿਪਰ ਸੰਸਕਾਰ ਨੇ ਤਾਂ ਆਪਣਾਂ ਕੰਮ ਕਰਨਾ ਹੀ ਕਰਨਾ ਹੈ ਜਿਸਦਾ ਮੁੱਢ ਦਾ ਤਹੱਈਆ ਤਾਂ ਹੈ ਹੀ ਹਰ ਅਸਲੀ ਚੀਜ਼ ਨੂੰ, ਅਸਲੀ ਮਜ਼੍ਹਬ ਨੂੰ ਨਕਲੀ, ਬਣਾਉਟੀ, ਮਸਨੂਈ ਤੇ ਸਵਾਂਗ (Parody) ਆਦਿ ਦੇ ਬਿਪਰੀ ਪ੍ਰਬੰਧ ਵਿੱਚ ਬਦਲ ਕੇ, ਹਰ ਹੀਲਾ ਹਰਬਾ ਵਰਤ ਕੇ (ਕੁਲਬੀਰ ਸਿੰਘ ਕੌੜਾ ੨੦੦੬: ੮੫) ਹਿੰਦੂਤਵੀ ਇਕਸਾਰਤਾ ਲਿਆਉਣ ਤੇ ਹਿੰਦੂਤਵੀ ਭਗਵਾਕਰਨ ਲਈ ਹਿੰਦੂ ਮਹਾਂ-ਸਾਗਰ ਦੇ ਰਸਾਤਲ ਟੋਏ ਵਿੱਚ ਸੁੱਟ ਕੇ ਇੰਜ ਖ਼ਤਮ ਕਰਨਾ ਕਿ ਨਾਮੋ-ਨਿਸ਼ਾਨ ਤੱਕ ਨਾ ਰਹੇ। ਫੇਰ, ਕੋਈ ਵੀ ਮੁਖ਼ਾਲਫ਼ਤ ਜਾਂ ਵਿਰੋਧਤਾ ਨਾ ਹੋਵੇ, ਕੋਈ ਉਜਰ (ਇਤਰਾਜ਼) ਨਾ ਕਰ ਸਕੇ। ਸਾਰੇ ਲੋਕ ਬਿਪਰ ਸੰਸਕਾਰੀ ਹੋ ਕੇ ਚਲਣ। ਸਭ ਪ੍ਰੋਹਿਤ ਜਾਂ ਬ੍ਰਾਹਮਣ ਨੂੰ ਪੂਜਣ, ਉਸ ਨੂੰ ਪੁੱਛ ਕੇ ਚੱਲਣ (ਗੁਰਤੇਜ ਸਿੰਘ, ੧੯੯੬: ੩੦-੩੨)। ਸਭ ਤੋਂ ਸਰਬਤੋਮ ਬ੍ਰਾਹਮਣ ਹੋਵੇ। ਸਮਾਜ ਮੁੰਜਮਦ (static) ਭਾਵ, ਨਾ ਬਦਲਣੇ ਵਾਲਾ, ਪਰਵਰਤਨ-ਰਹਿਤ, ਹਿੰਦੂ ਤੇ ਜਾਤ ਪਾਤ ਪਰਧਾਨ ਹੋਵੇ। ਜਿਵੇਂ ਸ਼ਿਵਾ ਜੀ ਮਰਹੱਟੇ ਨੂੰ ਰਾਜਸੀ ਜਿੱਤ ਮਗਰੋਂ ਵੀ ਬ੍ਰਾਹਮਣ ਸਾਹਮਣੇ ਕਰਕੇ ਹੀਣਾਂ ਕੀਤਾ ਗਿਆ ਤਾਂ ਮਕਬੂਲ ਹੋ ਸਕਿਆ। ਸਭ ਲੋਕ ਬਾਣੀਏ ਦੀ ਬਣਿਕ ਬ੍ਰਿਤੀ ਦੇ ਕਾਇਲ ਹੋਣ। ਜੇ ਤੁਸੀਂ ਅਨੁਸਾਰੀ ਨਾ ਹੋਏ ਤਾਂ ੧੯੪੭ ਤੋਂ ਬਾਦ ਦੇ ਨਾਮ ਨਿਹਾਦ, ਅਖੌਤੀ, ਭਾਰਤੀ ਧਰਮ ਨਿਰਪੱਖ ਲੋਕਤੰਤਰ ਦੇ ਸਾਰੇ ਰਾਜਨੀਤਕ ਚੰਗੇ ਅਸੂਲ ਛਿੱਕੇ ਟੰਗਦਿਆਂ ‘ਸਾਮ (ਮਿੱਠੇ ਵਚਨ; ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।), ਦਾਨ (ਵੱਢੀ, ਨੌਕਰੀ, ਰੁਤਬਾ), ਭੇਦ (ਵਿਰੋਧੀ ਦੇ ਘਰ ਚ ਫੁੱਟ ਪਾ ਕੇ ਧੋਖਾ ਦੇਣਾਂ, ਜਿਵੇਂ (ੳ) ਸਤਲੁਜ ਤੋਂ ਦਿੱਲੀ ਵਾਲੇ ਪਾਸੇ ਦੇ ਸਿੱਖ ਸਰਦਾਰਾਂ (ਪਟਿਆਲਾ ਰਾਜ ਆਦਿ) ਨੂੰ ਅੰਗਰੇਜ਼ ਨੇ ਪਹਿਲਾਂ ਸਿੱਖਾਂ ਦੀ ਮੁਖ-ਧਾਰਾ ਨਾਲੋਂ ਤੋੜਿਆ ਫੇਰ, ਲਹੌਰ ਦਰਬਾਰ ਚ ਫੁੱਟ ਪਾ ਕੇ ਮੁਖ ਧਾਰਾ ਵਾਲੇ ਖ਼ਾਲਸੇ ਨੂੰ ਡੋਗਰਿਆਂ ਦੇ ਰਾਹੀਂ ਸ਼ਿਕਸਤ ਦਿਤੀ, ਤੇ ਚਲਾਕੀ ਨਾਲ ਰਾਜ ਖੋਹਿਆ। (ਅ) ਇੰਦਰਾ ਸਮੇਤ ਦਿੱਲੀ ਦੇ ਕਾਰਕੁੰਨਾਂ ਨੇ ਸ੍ਰੀ ਅਕਾਲ ਤਖਤ ਉਪਰ ਹਮਲਾ ਕਰਨ ਲਈ, ਮੌਕੇ ਦੇ ਬਿਪਰ ਸੰਸਕਾਰੀ ਸਿੱਖ ਲੀਡਰਾਂ (ਟੌਹੜਾ, ਲੌਂਗੋਵਾਲ, ਬਲਵੰਤ ਸਿੰਘ, ਸੁਰਜੀਤ ਬਰਨਾਲ਼ਾ) ਨੂੰ ਉਕਸਾ ਕੇ ਫੌਜ ਭੇਜੀ ਸੀ, ਦੰਡ (ਸਜ਼ਾ, ਜਿਵੇਂ ਸ੍ਰੀ ਅਕਾਲ ਤਖਤ ਉਤੇ ਫੌਜਾਂ, ਤੋਪਾਂ, ਟੈਂਕਾਂ ਦਾ ਹਮਲਾ ਜੂਨ ਮਹੀਨੇ ਤੇ ਫੇਰ ਨਵੰਬਰ ੧੯੮੪ ਨੂੰ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ) ` ਦੀ ਬਹੁ-ਤਰਫੀ ਤੇ ਬਹੁ-ਪਰਤੀ ਚਾਣਕੀਆ (ਜਾਂ ਕੁਟੱਲਿਆ) ਨੀਤੀ ਦੁਆਰਾ ਰਗੜੇ ਜਾਓਗੇ ਜਿਵੇ ਸ਼ੰਕਰਾਚਾਰੀਆ ਨੇ ਗਿਆਰ੍ਹਵੀਂ ਸਦੀ ਵਿੱਚ ਅਵੇਸਲੇ ਬੋਧੀਆਂ ਨੂੰ ਮਲ਼ਾਂਜੀ ਵਾਂਗ ਰਗੜਿਆ (ਗੁਰਤੇਜ ਸਿੰਘ ੧੯੯੬: ੩੩) (ਤੇ ਜਾਂ ਸਿੱਖਾਂ ਨੂੰ ੧੯੮੪ ਈ. ਚ ਇੰਦਰਾ ਤੇ ਜੁੰਡਲੀ ਨੇ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਡੇ ਤੁਹਾਡੇ ਵਿਚੋਂ ‘ਕੇਸਾਧਾਰੀ ਹਿੰਦੂ` ਜਾਂ ਅਖੌਤੀ ਸਿੱਖਾਂ (ਜੇ ਮਿਸਾਲਾਂ ਦੀ ਅਵੱਸ਼ਕਤਾ ਹੋਵੇ ਤਾਂ ਅਜ ਕਲ੍ਹ ਹਰ ਮੋੜ ਤੇ, ਪੈਰ ਪੈਰ ਤੇ ਅਖੌਤੀ ਤੇ ਵਿਕਾਊ ਸਿੱਖ ਮਿਲੇਗਾ) ਨੂੰ ਖ਼ਰੀਦ ਕੇ ਗੁ. ਨਾਨਕ ਦੇ ਨਿਰਮਲ ਧਰਮ/ਪੰਥ (ਖ਼ਾਲਸਾ ਪੰਥ) ਨੂੰ ਸਦਾ ਲਈ ਖ਼ਤਮ ਕਰਨਾ ਹੀ ਬਿਪਰ ਸੰਸਕਾਰ ਦਾ ਅਖੀਰੀ ਨਿਸ਼ਾਨਾ ਹੈ। ਜਿਵੇਂ ਲਖਪਤ ਤੇ ਜਸਪਤ, ਦੋਵੇਂ ਖਤਰੀ ਸਕੇ ਭਰਾ, ਸਿੱਖਾਂ ਨੂੰ, ਸਿੱਖੀ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਵੇਂ ਹੀ ਅਜੋਕਾ ਹਿੰਦੂ ਸਾਮਰਾਜ ਸਿੱਖਾਂ ਨੂੰ, ਸਿਖੀ ਨੂੰ, ਸਿੱਖ ਅਣਖ ਨੂੰ ਪ੍ਰਗਟ ਤੇ ਲੁਕਵੇਂ ਸਿਧਾਤਾਂ, ਤਰੀਕਿਆਂ ਤੇ ਹਮਲਿਆਂ ਨਾਲ਼ ਖ਼ਤਮ ਕਰਨਾ ਚਾਹੁੰਦਾ ਹੈ। ਤਾਂ ਜੋ ਬਿਪਰ ਦੀ ਵਿਰੋਧਤਾ ਸਦਾ ਵਾਸਤੇ ਹਟਾਈ ਜਾਵੇ ਤੇ ਹਿੰਦੂਤਵ ਦਾ ਸਦਾ ਵਾਸਤੇ ਬੋਲ ਬਾਲਾ (ਉੱਚਾ) ਹੋਵੇ। ਪਰ ਬਿਪਰ ਸੰਸਕਾਰ ਉਦੋਂ ਜੇਤੂ ਅਭਿਮਾਨ ਵਿੱਚ ਆਉਂਦਾ ਜਦ ਸਿਆਸੀ ਮਹੌਲ ਉਸ ਦੀ ਸੁਰੱਖਿਆ ਦਾ ਜ਼ਾਮਿਨ ਹੋਵੇ (ਜਿਵੇਂ, ੧੯੮੪ ਚ ਖ਼ਾਸ, ਤੇ ੧੯੪੭ ਤੋਂ ਬਾਦ ਚ ਹੁਣ ਤਕ ਆਮ ਕਰਕੇ), ਤਦ ਇਹ “ਨਿਰਜਿੰਦ ਨਿਯਮ-ਘੇਰਿਆਂ ਚ ਬੱਝਾ” “ਤਾਮਸੀ ਥਕਾਵਟ ਚ ਡੁੱਬਾ” ਤੰਦੂਆ ਬਹੁਤ ਫੈਲਦਾ ਹੈ ਤੇ ਖ਼ਾਲਸੇ ਵਿਰੁੱਧ ਸਖਤੀ, ਅਨਿਆਂ ਤੇ ਆਪ-ਹੁਦਰੇਪਨ ਦਾ ਉਚੇਚਾ ਇਜ਼ਹਾਰ ਕਰਦਾ ਹੈ। ਚੇਤਾ ਰਹੇ, ਬਿਪਰ ਸੰਸਕਾਰ ਕੋਈ ਨਵਾਂ ਚਮਤਕਾਰ ਨਹੀਂ ਹੈ, ਇਹ ਪੂਰਬ ਨਾਨਕ ਕਾਲ ਤੋਂ ਵੀ ਬਹੁਤ ਚਿਰ ਪਹਿਲਾਂ ਦਾ ਮੌਜੂਦ ਹੈ।

ਬਿਪਰ ਸੰਸਕਾਰ ਦੇ ਇਸ ਮਣਸੂਬੇ ਨੂੰ ਜ਼ਿਆਦਾ ਸਮਝਣ ਜਾਂ ਇਸ ਦੇ ਸੁਨੇਹੇ ਤੇ ਸੁਭਾਅ ਨੂੰ ਵਧੇਰੇ ਨਿਖਾਰਨ ਲਈ ਪਹਿਲਾਂ ਪਤਾ ਹੋਵੇ ਕਿ ਬਿਪਰ ਸੰਸਕਾਰ ਹੈ ਕੀ? ਇਹ ਵਾਰ ਕਿਵੇਂ ਕਰਦਾ ਹੈ? ਫੇਰ, ਕਿਵੇਂ ਆਪਣੇ ਸ਼ਿਕਾਰ ਨੂੰ ਖਾ ਕੇ ਹਜ਼ਮ ਕਰਕੇ ਢਕਾਰ ਮਾਰ ਜਾਂਦਾ ਹੈ? ਅਜਿਹੇ ਵੱਡੇ ਦੁਸ਼ਮਣ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਸਮਾਧਾਨ ਚਹੁੰ ਭਾਗਾਂ ਵਿੱਚ ਅੰਕਿਤ ਹੋਵੇਗਾ। ਇਸ ਹਥਲੇ ਲੇਖ ਵਿੱਚ ਸਿਰਫ ਪਹਿਲਾ ਹਿੱਸਾ, ਬਿਪਰ ਸੰਸਕਾਰ ਕੀ ਹੈ? ਦਾ ਹੀ ਉਲੇਖ ਹੋਇਆ ਹੈ।

ਗੁ. ਨਾਨਕ ਦੇਵ ਜੀ ਦੀ ‘ਆਸਾ ਦੀ ਵਾਰ` ਅਤੇ ਹੋਰ ਸਮਗਰ ਗੁਰਬਾਣੀ ਵਿਚੋਂ ਬਿਪਰ ਸੰਸਕਾਰ ਦੀ ਹੋਂਦ ਦੇ ਸਬੂਤ ਉਪਲਭਦ ਹਨ। ਗੁ. ਨਾਨਕ ਸਾਹਿਬ ਜੀ ਨੇ ਬਿਪਰ ਸੰਸਕਾਰ ਦੀ ਆਸੁਰੀ ਸੰਪਦਾ ਦੇ ਘੱਟੋ ਘੱਟ ਦਸ ਨੁਮਾਇੰਦਿਆਂ ਦਾ ‘ਆਸਾ ਦੀ ਵਾਰ` ਵਿੱਚ ਜ਼ਿਕਰ ਕੀਤਾ ਹੈ, ਜਿਵੇਂ ਉਚੀ ਉਚੀ ਨਿਮਾਜ਼ ਪੜ੍ਹਨ ਵਾਲਾ ਜ਼ੁਲਮੀ ਰਾਜਾ; ਗਾਂ ਤੇ ਕਰ ਲਾਉਣ ਵਾਲਾ ਪਰ ਗੋਬਰ ਚੌਂਕੇ ਚ ਫੇਰਨ ਵਾਲਾ ਖੱਤਰੀ; ਮਲੇਛਾਂ ਦਾ ਧਾਨ ਖਾਣ ਵਾਲਾ, ਕੂੜਾ ਸੰਖ ਵਜਾਉਂਦਾ ਤੇ ਸੁਚ ਦੇ ਵਖਾਵੇ ਰਾਹੀਂ ਆਪਣੇ ਮੈਲੇ ਜੀਵਨ ਤੇ ਪੜਦਾ ਪਾਉਂਦਾ, ਲੁਕ ਕੇ ਮੂਰਤੀ ਪੂਜਾ ਕਰਦਾ, ਮੁਗਲਾਂ ਨੂੰ ਵਿਖਾਵੇ ਲਈ ਕਤੇਬ ਤੇ ਕੁਰਾਨ ਪੜ੍ਹਣ ਸੁਣਾਉਣ ਵਾਲਾ ਬ੍ਰਾਹਮਣ; ਕਈ ਕਿਸਮ ਦੇ ਰੂਪ ਬਣਾ ਕੇ, ਸ਼ਿੰਗਾਰ ਲਾ ਕੇ, ਝੂਠੀਆਂ ਰਾਸਾਂ ਪਾਉਣ ਵਾਲਾ ਗਿਆਨੀ; ਧਨ ਦੇ ਪਿਛੇ ਦੌੜਨ ਵਾਲਾ ਵਿਦਵਾਨ; ਕੁਰਾਹੇ ਪਿਆ ਕਰਮਕਾਂਡ ਚ ਮਹੂਅ ਧਰਮੀ; ਘਰ ਬਾਰ ਛੱਡ ਚੁਕਾ ਜੋਗੀ; ਨਾਮ ਤੋਂ ਸੱਖਣੇ ਪਰ ਚੰਗੇ ਭੋਜਨ ਖਾਣ ਵਾਲਾ ਪਾਪੀ; ਝੂਠੇ ਦਾਅਵੇ ਬੰਨ੍ਹਣ ਵਾਲਾ ਲੋਭੀ; ਜੀਭ ਜਿਹੜੀ ਕੂੜ ਬੋਲ ਕੇ ਬਿਖ ਖਾਂਦੀ ਹੈ ਭਾਵ ਝੂਠ ਦਾ ਖੱਟਿਆ ਖਾਣ ਵਾਲਾ (ਇਨ੍ਹਾਂ ਸਭ ਬਿਪਰ ਸੰਸਕਾਰੀ ਆਸੁਰੀ ਸੰਪਦਾ ਨੂੰ “ਦੂਜੇ ਦਰਜੇ ਦੀ ਸ੍ਰਿਸ਼ਟੀ” ਪ੍ਰੋ. ਮਹਿਬੂਬ ਦੀ ਬੋਲੀ ਚ ਕਹਿੰਦੇ ਹਨ)। ਇਨ੍ਹਾਂ ਦੇ ਮੁਕਾਬਲੇ, ਇਵੇਂ ਹੀ ਸੱਚ ਦੇ ਲਖਾਇਕ ਜੁਜ਼, ਮਸਲਨ ਸਬਰ, ਸੰਤੋਖ, ਨਾਮ ਸਿਮਰਨ, ਉਦਮ, ਹਿੰਮਤ, ਆਪਾ ਗੁਰੂ ਤੋਂ ਵਾਰਨਾ, ਨੇਕ ਕਮਾਈ, ਨੇਕ ਅਮਲ, ਰਜ਼ਾ ਚ ਰਾਜ਼ੀ, ਗੁਰੂ ਪੰਥ ਲਈ ਮਰਨਾ ਜੀਣਾਂ, ਖੁਸ਼ਕ ਇਕੱਲਤਾ ਦੀ ਵਿਆਕੁੱਲਤਾ ਚੋਂ ਛੇ ਪ੍ਰਕਾਰੀ ਭੈਅ ਵਿਆਪਣ ਵੇਲੇ ਰੱਬੋਂ ਮਿਲੇ ਧਰਵਾਸ, ਤੇ ਕਲਿਆਣਕਾਰੀ ਸ਼ਕਲਾਂ ਥਾਣੀ ਪ੍ਰਗਟੀਆਂ ਅਟੱਲ ਖ਼ਾਲਸਈ ਜਿੱਤਾਂ (‘ਅਕਾਲ ਫ਼ਤਹ` ਤੇ ‘ਖ਼ਾਲਸ ਕੁਦਰਤ` ਦੇ ਸੁਮੇਲ ਤੋਂ ਬਣੀ “ਪਹਿਲੇ ਦਰਜੇ ਦੀ ਸ੍ਰਿਸ਼ਟੀ” ਪ੍ਰੋ. ਮਹਿਬੂਬ) ਆਦਿ ਵੀ ਸਥਾਪਿਤ ਕੀਤੇ ਹਨ, ਤਾਂ ਜੋ ਬਿਪਰ ਸੰਸਕਾਰ ਦੇ ਝੂਠ ਦੇ ਢਾਰੇ ਤੇ ਕੁੱਲੀਆਂ ਅਤੇ ਗੁ. ਨਾਨਕ ਦੇ ਸੱਚ ਦੇ ਕਿਲ੍ਹੇ ਦੋਹਾਂ ਦਾ ਮੁਕਾਬਲਾ ਕਰਕੇ ਚੰਗਾ ਖੁਲਾਸਾ ਖੁਲ੍ਹੇ (ਨਾਨਕਿ ਰਾਜੁ ਚਲਾਇਆ ਸਚੁ, ਕੋਟੁ ਸਤਾਣੀ ਨੀਵਦੈ)। ਇਸ ਲਈ ਪ੍ਰੋ. ਮਹਿਬੂਬ ਨੇ ਗੁਰਬਾਣੀ ਚੋਂ ਬਿਪਰ ਸੰਸਕਾਰ ਵਾਰੇ ਭਰਪੂਰ ਵਾਕਫੀ ਮੁਹੱਈਆ ਕਰਾਈ ਹੈ।

ਬਿਪਰ ਸੰਸਕਾਰ ਇੱਕ ਵਿਧੀ ਹੈ, ਇੱਕ ਢੰਗ ਤਰੀਕਾ ਹੈ, ਪਹਿਲਾਂ ਆਪਣੇ ਆਪ ਨੂੰ, ਫੇਰ ਲੋਕਾਂ ਨੂੰ ਧੋਖਾ ਦੇਣ ਦਾ। ਆਪਣੀ ਰੂਹ ਨੂੰ ਕੁਰਾਹੇ ਪਾਉਣ ਦਾ। ਝੂਠ ਦੇ ਝੰਡੇ ਬੁਲੰਦ ਕਰਨ ਦਾ, ਤੇ ਸੱਚ ਨੂੰ ਜਾਂ, ਰੂਹ ਦੇ ‘ਗੁਰਮਤਿ ਗਾਡੀ ਰਾਹ` ਨੂੰ ਰੋਕਣ ਦਾ। ਦੂਜੇ ਲਫ਼ਜ਼ਾਂ ਵਿਚ, ਇਹ ਮੀਸਣਾ ਦੰਭ (ਪਖੰਡ), ਧਰਮ ਦੇ ਛਤਰ ਹੇਠ ਖਾਸ ਘੇਰਿਆਂ ਵਿੱਚ ਖੰਡਿਤ ਹਿੰਦੂ ਬਿਪਰੀ ਪ੍ਰਬੰਧ ਦਾ ਅਧਿਅੱਖ (ਨੁਮਾਇੰਦਾ) ਦੇਵਤਾ ਹੈ। ਇਹ ਇੱਕ ਐਸਾ ਤੰਦੂਆ ਹੈ ਜਿਸ ਦੀਆਂ ਲਾਸਾਂ ਜ਼ਬਰਦਸਤ ਤੇ ਬਹੁਤ ਲੰਬੀਆਂ ਹਨ। ਜਾਂ, ਇਹ ਇੱਕ ਅਜਗਰ ਹੈ (ਕੁਲਬੀਰ ਸਿੰਘ ਕੌੜਾ ਦੇ ਲਫਜ਼ਾਂ ਵਿਚ) ਜਿਸ ਦੀ ਜ਼ਹਿਰ ਬਹੁਤ ਛੇਤੀ ਚੜ੍ਹਦੀ ਹੈ। ਇਹਦਾ ਤਰੀਕਾ ਸੱਪ ਵਾਲ਼ਾ ਹੈ ਜਿਵੇਂ ਸੱਪ ਪਹਿਲਾਂ ਡੰਗ ਮਾਰ ਕੇ ਆਪਣੀ ਜ਼ਹਿਰ ਨਾਲ ਆਪਣੇ ਸ਼ਿਕਾਰ ਨੂੰ ਨਿਢਾਲ਼ ਕਰਕੇ ਕਈ ਵਾਰ ਜੀਂਦਿਆਂ ਹੀ ਖਾ ਜਾਂਦਾ ਹੈ, ਜਿਵੇਂ ੧੯੪੭ ਤੋਂ ਪਹਿਲਾਂ ਸਿੱਖ ਕੌਮ ਨੂੰ ਰਾਜਨੀਤਕ ਤੌਰ ਤੇ ਨਿਪੁੰਸਕ ਕਰਕੇ ਝੱਬੇ ਗ਼ੁਲਾਮ ਕੀਤਾ। ਪੜਦਾ ਕਾਹਦਾ ਕਰਨਾ ਜਾਂ ਧੋਖਾ ਕਿਵੇਂ ਦੇਣਾ? ਜਾਂ ਭੁਲੇਖਾ ਕਾਹਦਾ ਪਾਉਣਾਂ? ਧਰਮ ਦਾ। ਧਰਮ ਦੀ ਆੜ ਥੱਲੇ ਅਧਰਮ ਫੈਲਾਉਣਾ। ਮੁਗਲਾਂ ਵੇਲੇ ਕੁੜੀਆਂ ਅਕਬਰ ਵਰਗੇ ਮੁਸਲਮਾਨ ਸ਼ਾਸਕਾਂ ਨੂੰ ਦੇ ਕੇ ਸਰਕਾਰੇ ਦਰਬਾਰੇ ਉਚ ਅਹੁਦੇ ਲੈਣੇ ਜਿਵੇਂ ਬੀਰਬੱਲ (ਮਹੇਸ਼ ਦਾਸ) ਜੋਧਾਬਾਈ ਦੇ ਦਾਜ ਵਿੱਚ ਅਕਬਰ ਨੂੰ ਭਗਵਾਨ ਦਾਸ ਰਾਜਪੂਤ ਨੇ ਦਿੱਤਾ ਸੀ। ਉਚੇ ਅਸੂਲਾਂ ਵਿੱਚ ਮਸਨੂਈ ਪ੍ਰਬੰਧ ਤੇ ਅਸਲ ਦਾ ਬੇਜਾਨ ਪ੍ਰਛਾਵਾਂ ਵਰਤਣਾਂ ਜਿਵੇਂ ਉਚੇ ਅਸੂਲਾਂ ਦੀ ਬਣਾਉਟੀ ਖ਼ਿਆਲ-ਲੜੀ, ਆਦਰਸ਼ ਦੀ ਬਣਾਉਟੀ ਬਰੀਕ ਬਣਤਰ, ਸੱਚੀ ਉਡਾਣ ਦੀ ਨਕਲੀ ਦਾਸਤਾਨ, ਰੂਹ ਤੇ ਕਲਪਣਾਂ ਦੇ ਕਾਲਪਨਿਕ ਵਿਗਾਸ ਅਤੇ ਅਮਲ ਦੀ ਨੇਕ-ਸੀਰਤ ਸ਼ਕਲ ਨਾਲ ਮਿਲਦਾ ਜੁਲਦਾ ਮੁਹਾਂਦਰਾ ਪੈਦਾ ਕਰਨਾ ਆਦਿ। ਸੂਖ਼ਮ ਤੋਂ ਸੂਖ਼ਮ ਤੇ ਨਿਰਾਕਾਰ ਧਾਰਮਿਕ ਖੇਤਰ ਵਿੱਚ ਵੀ ਬਿਪਰ ਸੰਸਕਾਰ ਦੀ ਕੋਈ ਲੁਕਵੀਂ ਵਿਧੀ ਅਦ੍ਰਿਸ਼ਟ ਰੂਪ ਵਿੱਚ ਕੰਮ ਕਰ ਰਹੀ ਹੁੰਦੀ ਹੈ। ਜਿਵੇਂ ਬਿਪਰ ਸੰਸਕਾਰ ਨੇ “ਅਚੇਤ ਹੀ” ਆਪਣੇ ਹਜ਼ਾਰਾਂ ਸਾਲਾਂ ਦੇ ਬਣੇ ਸੁਭਾਅ ਅਧੀਨ “ਸੰਸਾਰਕ ਕਾਮਯਾਬੀ ਦੀ ਉਲਾਰ ਲਾਲਸਾ ਰਖਣ ਵਾਲੀਆਂ ਗੋਂਦਾਂ ਨੂੰ ਦੈਵੀ ਭਾਵਨਾ ਵਾਲੇ ਧਰਮ ਗ੍ਰੰਥਾਂ ਵਿੱਚ ਸੰਮਿਲਤ ਕਰ ਦਿੱਤਾ”। ਦੂਜਾ, ਹਿੰਦੂ ਪੁਰਾਣਾਂ ਸ਼ਾਸਤਰਾਂ ਦੀ ਪਰਧਾਨ ਸੁਰ ਸੰਸਾਰਕ ਸੁਆਰਥ ਤਾਂ ਹੈ ਹੀ। ਬਿਪਰ ਸੰਸਕਾਰ ਦੇ ਰੁੱਖ ਨੂੰ ਫਲ਼ ਕੀ ਪੈਂਦਾ ਹੈ? ਆਪਣੀ ਕੌਮ ਦੀ ਗ਼ੁਲਾਮੀ ਤੇ ਜ਼ਿੱਲਤ ਦਾ ਜੀਵਨ। ਜੇ ਦਾਅ ਫੱਬੇ ਜਾਂ ਪੈਰ ਥੱਲੇ ਬਟੇਰਾ ਆ ਜਾਵੇ ਜਿਵੇਂ ਅੰਗਰੇਜ਼ਾਂ ਦੇ ਮੁਲਕ ਛੱਡ ਕੇ ਚਲੇ ਜਾਣ ਤੇ ਹਿੰਦੂਆਂ ਦੇ ਹੱਥ ਲੱਗਾ ਰਾਜ ਤਾਂ ਸਿੱਖਾਂ ਵਰਗੀ ਬਹਾਦਰ ਪਰ ਘੱਟ ਗਿਣਤੀ ਕੌਮ ਨੂੰ ਗ਼ੁਲਾਮ, ਸਿੱਖ ਲੀਡਰਾਂ ਦੀ ਬੇਵਕੂਫੀ ਦੀ ਵਜਾਹ ਕਰਕੇ ਕਰ ਲੈਣਾਂ (ਸਫਾ ੨੦ ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ?), ਇਸ ਨਿਸ਼ਾਨੇ ਦੀ ਪੂਰਤੀ ਲਈ ਕਿ ੧੯੪੭ ਤੋਂ ਬਾਦ ਦੇ ਨਵੇਂ ਹਿੰਦੋਸਤਾਨ ਦੀਆਂ ਸਰਹੱਦਾਂ ਦੀ ਰਾਖੀ, ਬਿਪਰ ਸੰਸਕਾਰ ਰੂਪੀ ਹਿੰਦੂ ਤੰਦੂਏ ਦੀ ਰਾਖੀ, ਸਿੱਖ ਗ਼ੁਲਾਮ ਹੋ ਕੇ ਹਿੰਦੂਆਂ ਦਾ ‘ਜੰਗਜੂ ਤੇ ਜੁਝਾਰੂ ਕੇਸਾਧਾਰੀ ਹਿੰਦੂ` ਜਥਾ ਬਣ ਕੇ ਸਦਾ ਲਈ ਕਰਦੇ ਰਹਿਣਗੇ ਤੇ ਗੁ. ਨਾਨਕ ਦੀ ਸਿੱਖੀ ਦੀ ਬੁਲੰਦ ਮਿਆਰੀ ਸਿਖਿਆ ਭੁੱਲ ਜਾਣਗੇ (ਸਫਾ ੨੩-੨੫, ੩੦-੧, ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ?) ਜਿਵੇਂ ਅਖੌਤੀ ਸਿੱਖਾਂ ਨੇ ਤਾਂ ਪਹਿਲਾਂ ਹੀ ਕੀਤਾ ਹੋਇਆ ਹੈ। ਇਤਿਹਾਸਿਕ ਤੌਰ ਤੇ ਦੇਖਿਆਂ, ਗੁਰੂ-ਚੇਤਨਾ ਨੂੰ ਕੰਮਜ਼ੋਰ ਕਰਨ ਲਈ “ਬਿਪਰ ਸੰਸਕਾਰ ਖ਼ਾਲਸਾ ਪੰਥ ਦੀ ਗੁਰੂ ਚੇਤਨਾ ਸਾਹਮਣੇ ਅਨੇਕਾਂ ਸ਼ਕਲਾਂ ਵਿੱਚ ਪ੍ਰਗਟ ਹੁੰਦਾ ਸੀ” (ਸਫਾ ੧੮, ਸ. ਰ. ਖ਼ਾ. ੨੦੦੪)। ਪ੍ਰੋ. ਮਹਿਬੂਬ ਨੇ ਇਸ ਦੇ ਘੱਟੋ ਘੱਟ ਛੇ ਰੂਪ ਤਾਂ ਐਉਂ ਗਿਣੇ ਹਨ: ਮਨ ਦਾ ਚੋਰ, ਅਨ ਧਰਮੀ, ਪਖੰਡੀ (ਮਿਸਾਲ ਵਜੋਂ, ਡਾ. ਗੋਪਾਲ ਸਿੰਘ ਦਰਦੀ; ਸਫਾ ੨੯ ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ?), ਵਿਦਵਾਨ, ਕਲਾ ਦੀ ਰੰਗੀਨ ਪੁਸ਼ਾਕ ਵਾਲ਼ਾ, ਬ੍ਰਾਹਮਣ।

ਬਿਪਰ ਸੰਸਕਾਰ ਦਾ ਚਿਹਰਾ ਹੋਰ ਵਧੇਰੇ ਮੂਰਤੀਮਾਨ ਕਰਨ ਲਈ ਕਹਿ ਸਕਦੇ ਹਾਂ: ਬਿਪਰ ਸੰਸਕਾਰ ਦੇ ਚੁੰਗਲ ਵਿੱਚ ਡਿਗਣ ਵਾਲੇ ਲੋਕਾਂ ਦੇ ਗ਼ੁਨਾਹ ਦਾ ਖੁਲਾਸਾ ਹੈ ਕਿ ਉਨ੍ਹਾਂ ਲੋਕਾਂ ਨੇ ਰੱਬਾਨੀ ਨੂਰ ਤੋਂ ਮੁਖ ਮੋੜ ਕੇ ਆਪਣੀ ਤਰਜ਼ਿ-ਜ਼ਿੰਦਗ਼ੀ, ਜ਼ਿੰਮੇਵਾਰੀਆਂ ਅਤੇ ਸ਼ਊਰ (ਅਕਲ) ਨੂੰ ਬਿਪਰ ਸੰਸਕਾਰ ਦੇ ਹਵਾਲੇ ਕੀਤਾ ਅਤੇ ਉਨ੍ਹਾਂ ਦੀ ਮਨਮੁੱਖਤਾ ਨੇ ਬਲਵਾਨ ਕੌਮਾਂ ਦੀ ਤਬਾਹੀ ਕੀਤੀ (ਸੂਰਾ ੬ ਤੇ ੨੮)। ਜਿਵੇਂ ਸਮੂਦ ਤੇ ਆਦ ਦੀਆਂ ਕੌਮਾਂ ਬਿਜਲੀਆਂ ਤੇ ਤਪਦੀਆਂ ਲੂਆਂ ਵਾਲੀਆਂ ਹਨੇਰੀਆਂ ਦੇ ਕਹਿਰ ਵਿੱਚ ਸਦਾ ਲਈ ਗੁਆਚ ਗਈਆਂ (ਸੂਰਾ ੪੬ ਤੇ ੬੯)। ਇਹ ਕੌਮਾਂ ਨਾਸ ਕਿਉਂ ਹੋਈਆਂ? ਕਿਉਂਕਿ, ਉਨ੍ਹਾਂ ਆਪਣੀ ਹਸਤੀ ਨੂੰ ਆਪਣੇ ਅਸਲ ਤੋਂ ਦੂਰ ਲਿਜਾ ਕੇ ਉਸ ਨੂੰ ਜ਼ੁਲਮ, ਲਾਲਚ ਅਤੇ ਹੰਕਾਰ ਦੀ ਬੁੱਤ-ਪ੍ਰਸਤੀ ਨਾਲ ਪਥਰਾਇਆ। ਚਿੰਤਨ ਰਸ ਦੀਆਂ ਹਉਮੈ-ਕੈਦਾਂ, ਰੂਹਾਨੀਅਤ ਤੋਂ ਦੂਰ ਜਾਣ ਦੇ ਅਭਿਮਾਨ (ਜਿਵੇਂ ਸਿੱਖ ਸ਼ਰਾਬ ਦੇ ਦੌਰ ਬੜੇ ਫ਼ਖ਼ਰ ਨਾਲ ਚਲਾਉਂਦੇ ਹਨ; ਦੂਜਾ, ਇਲ ਦਾ ਨਾਂ ਕੁੱਕੜ ਜਾਨਣ ਵਾਲੇ ਧਾਰਮਿਕ ਅਦਾਰਿਆਂ ਦੇ ਚੌਧਰੀ ਜਾਂ ਧਰਮ ਦੇ ਠੇਕੇਦਾਰ), ਖ਼ਿਆਲ ਤੋਂ ਖ਼ਿਆਲ ਵਿੱਚ ਘੁੰਮਦੇ ਵਜੂਦ, ਇਲਹਾਮ ਨੂੰ ਜੋਤਸ਼ ਵਿੱਚ ਬਦਲਦੀ ਵਿਵਹਾਰਿਕ ਨੀਤੀ (ਜਿਵੇਂ, ਬਿਨਾਂ ਅਰਥ ਬੋਧ ਵੀਚਾਰਿਆਂ, ਤੋਤਾ ਰਟਨ ਪਾਠ ਕਰ ਕਰ ਦਿਨੇ ਰਾਤ ਪਏ ਫਾਵਾਂ ਹੁੰਦੇ ਹਾਂ), ਪਾਰਦਰਸ਼ੀ ਅੰਤਰ-ਦ੍ਰਿਸ਼ਟੀ ਨੂੰ ਕਰਾਮਾਤ ਦੀ ਕਲਾ ਵਿੱਚ ਉਲਟਾਉਂਦੇ ਛਲਾਵੇ, ਰੱਬਾਨੀ ਅਹਿਸਾਸ ਨੂੰ ਯੱਖ ਕਰਨ ਵਾਲੀਆਂ ਚਾਲਾਕ ਵਿਧੀਆਂ, ਉਚੀ-ਸੁਰਤਿ ਨੂੰ ਚਤੁਰਤਾ ਦੀ ਸ਼ਕਲ ਦਿੰਦੇ ਕਾਇਦੇ ਕਾਨੂੰਨ, ਚੇਤਨਾ ਨੂੰ ਸਿਰਫ ਦਿਸਦੇ ਦੀਆਂ ਲੋਭ-ਜ਼ੰਜੀਰਾਂ ਵਿੱਚ ਬੰਨ੍ਹਦੇ ਭੁਲੇਖੇ (ਆਰ ਐੱਸ ਐੱਸ ਤੋਂ ਤਨਖਾਹ ਲੈ ਕੇ ਭਰਾ-ਮਾਰੂ ਕੰਮ ਕਰਨੇ, ਦਸਾਂ ਨਹੁੰਆਂ ਦੀ ਕਿਰਤ ਕਰਨੀ ਛੱਡ ਕੇ; ਦੇਖੋ, ਸਫਾ ੩੩੮-੩੯ ਰਾਜ ਕਰੇਗਾ ਖ਼ਾਲਸਾ, ਪ੍ਰੋ. ਸ਼ੇਰ ਸਿੰਘ ਕੰਵਲ ੧੯੯੬), ਹੋਂਦ ਨੂੰ ਇਕਾਈਆਂ ਦੀਆਂ ਘੁੰਮਨਘੇਰੀਆਂ ਵਿੱਚ ਪਾਉਂਦੀਆਂ ਅਕਲੀ ਚੁਸਤੀਆਂ, ਅਤੇ ਇਕਾਈਆਂ ਦੇ ਵਧਣ ਨਾਲ ਘੁਮੰਡ ਵਿੱਚ ਆਉਂਦੇ ਅਤੇ ਘਟਣ ਨਾਲ ਡੋਲਦੇ ਕੱਚੇ ਅਕੀਦੇ – ਗੱਲ ਕੀ ਅਲਾਹ ਦੇ ਬੰਦਿਆਂ ਨੂੰ ਠੰਢਾ, ਇਕਹਿਰਾ, ਸਮੇਂ-ਸਥਾਨ ਦੀ ਹਰਕਤ ਦਾ ਗ਼ੁਲਾਮ ਅਤੇ ਸਿਰਫ਼ ਦਿਸਦੇ ਦਾ ਵਪਾਰੀ ਬਣਾਉਣ ਵਾਲਾ ਅਕਲੀ ਧੋਖਾ ਅਤੇ ਉਸ ਵਿਚੋਂ ਪੈਦਾ ਹੋਣ ਵਾਲੇ ਨਾ-ਪਾਇਦਾਰ, ਰੋਗ-ਗ੍ਰੱਸਿਤ ਤੇ ਬੇ-ਕਿਰਕ ਵੇਗ ਬੁੱਤਖ਼ਾਨੇ (ਜਾਂ ਬਿਪਰ ਸੰਸਕਾਰ) ਦੀ ਲਾਅਨਤ ਨੂੰ ਪੈਦਾ ਕਰਦੇ ਹਨ। ਇਨ੍ਹਾਂ ਚ ਪ੍ਰਵਿਰਤ ਹੋਏ ਨਹੀਂ ਭਾਵ ਸਿੱਖ ਨੂੰ ਨੀਂਦ ਵਿਆਪੀ ਨਹੀਂ ਤਾਂ ਬਿਪਰ ਸੰਸਕਾਰ ਦੇ ਨੁਮਾਇੰਦੇ (ਜਿਵੇਂ ਉਪਰ ਅਨੇਕਾਂ ਮਿਸਾਲਾਂ ਚ) ਝੱਟ ਹਮਲਾਆਵਰ ਹੋਏ ਨਹੀਂ।

ਪਿਛਲੇ ਕੁੱਝ ਸਮੇਂ ਤੋਂ ਤਾਜ਼ਾ ਸਿੱਖ ਇਤਿਹਾਸ ਦੇ ਵੇਲਿਆਂ ਚ ਹਮਲਾ ਮੋਟੇ ਤੌਰ ਤੇ ਬਿਪਰ ਸੰਸਕਾਰ ਦੋ ਹੀ ਤਰੀਕਿਆਂ ਨਾਲ਼ ਕਰਦਾ ਸੀ, ਅੰਦਰੋਂ ਤੇ ਬਾਹਰੋਂ। ਅੰਦਰੋਂ ਵਾਰ ਵੇਲੇ ਇਹ ਗੁਪਤ ਰਹਿੰਦਾ ਸੀ, ਤੇ ਹਰਕਤ ਸੂਖ਼ਮ ਤੇ ਅਦ੍ਰਿਸ਼ਟ ਹੁੰਦੀ ਸੀ (ਸਫਾ ੩੨, ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ?)। ਬਾਹਰੋਂ ਹਮਲੇ ਵੇਲੇ ਚਾਲਾਕੀ, ਸਾਜਿਸ਼ ਤੇ ਜਸੂਸੀ ਦੇ ਅੰਸ਼ ਹੁੰਦੇ ਸਨ। (ਸਫਾ ੧੮ ਉਹੀ) ਜਿਵੇਂ, ਬਾਹਰਲੇ ਮੁਲਕਾਂ ਵਿੱਚ ਜੰਮੇ ਪਲੇ ਕੁੱਝ ਨੇਕ ਸਿੱਖ-ਪੁੱਤ RSS ਦੇ ਰੂ-ਪੋਸ਼ ਜਸੂਸ ਹਨ)। ਦੂਜਾ, ਬਿਪਰ ਸੰਸਕਾਰ ਨੇ ਸਿੱਖ ਚੇਤਨਾ ਤੇ ਹਮਲਾ ਤਿੰਨ ਧਰਾਤਲਾਂ ਤੋਂ ਕ੍ਰਮਵਾਰ ਕੀਤਾ: “ਪਹਿਲਾਂ ਗੁਰਬਾਣੀ ਵਿੱਚ ਆਏ ਸੰਕਲਪਾਂ ਅਤੇ ਨਾਵਾਂ ਦੀ ਸਿੱਖ ਅਧਿਆਤਮਵਾਦ ਨਾਲ ਸਮਾਨਤਾ ਦਰਸਾਈ, ਫੇਰ ਸਿੱਖ-ਜ਼ਿਹਨ ਵਿੱਚ ਉਨ੍ਹਾਂ ਦੀ ਜੜ੍ਹ ਲਾਈ, ਅੰਤ ਵਿੱਚ ਸਿੱਖ-ਚੇਤਨਾ ਨੂੰ ਉਨ੍ਹਾਂ ਦੀਆਂ ਬਾਹਰੀ ਰੂਪ-ਰੇਖਾਵਾਂ ਦਾ ਗ਼ੁਲਾਮ ਬਣਾ ਦਿੱਤਾ”। ਫੇਰ, ੧੯੪੭ ਵਰਗੇ ਨਿਰਨਾਜਨਕ ਅਉਸਰ (ਮੌਕਾ) ਤੇ ਰਾਜਨੀਤਿਕ ਤੌਰ ਤੇ ਸਿੱਖ ਕੌਮ ਨੂੰ ਪਹਿਲਾਂ ਪੈਰੋਂ ਕੱਢਿਆ ਕਿ “ਤੁਸੀਂ ਘੱਟ ਗਿਣਤੀ ਹੋ” (ਸਫਾ ੫੭, ੫੯, ੬੯; ਖ਼ਾਲਿਸਤਾਨ ਦੀ ਲੋੜ ਕਿਉਂ?), ਫੇਰ ਇਹ ਕਹਿ ਕੇ ਬਰਫ਼ ਚ ਲਾਇਆ ਕਿ “ਅਖੰਡ ਭਾਰਤ ਵਿੱਚ ਤੁਹਾਨੂੰ ਹਿੰਦੂ ਬਹੁ-ਗਿਣਤੀ ਬਚਾਵੇਗੀ। ਹਿੰਦੂ ਸਿੱਖ ਭਾਈ ਭਾਈ ਆਦਿ” (ਸਫਾ ੫੪-੫੯; ਖ਼ਾਲਿਸਤਾਨ ਦੀ ਲੋੜ ਕਿਉਂ?)। ਖ਼ਾਲਸੇ ਦਾ ਰਾਖਾ ਤਾਂ ਸਤਗੁਰ ਆਪ ਹੈ, ਸਤਗੁਰ ਦੇ ਵਚਨ ਮੁਸਲਮਾਨਾਂ ਨੇ ਮੰਨ ਲਏ ਸਨ (ਸਫਾ ੩੨, ਓਹੀ) ਤੇ ਸਿੱਖ ਲੀਡਰਾਂ ਨੇ ਭੁਲਾ ਛੱਡੇ ਸਨ। ੧੯੪੭ ਦੇ “ਬੇ-ਦੀਨੇ, ਬੇ-ਅਣਖੇ, ਬੇ-ਗ਼ੈਰਤ ਤੇ ਕੌਮ-ਘਾਤਕ ਸਿੱਖ ਲੀਡਰ” (ਸਫਾ ੧੭, ੩੬-੭, ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ? “) ਤਾਂ ਪਹਿਲਾਂ ਹੀ ਇਨ੍ਹਾਂ ਨੂੰ ਵਿਸਾਰ ਚੁੱਕੇ ਸਨ (ਸਫਾ ੩੨, ਬਹਾਦਰ ਸਿੱਖ ਕੌਮ ਕਿਵੇਂ ਪਿੰਜਰੇ ਪਈ?)। ਬਾਕੀ ਸਿੱਖਾਂ ਨੂੰ ਤਾਂ ਹੋਸ਼ ੧੯੮੪ ਜੂਨ ਤੇ ਨਵੰਬਰ ਦੇ ਮਹੀਨਿਆਂ ਚ ਕਿਤੇ ਜਾ ਕੇ ਆਈ। ਰੱਬ ਦਾ ਸ਼ੁਕਰ ਹੈ, ਹੋਸ਼ ਆ ਤਾਂ ਗਈ ਨਾ, ਗਧੇ ਦੇ ਕੁਲਾਈ ਪੈਣ ਵਾਂਗ। ਹੈਫ, ਕਈਆਂ ਨੂੰ ਅਜੇ ਵੀ ਨਹੀਂ ਆਈ। ਚੇਤਾ ਰਹੇ, ਬਿਪਰ ਸੰਸਕਾਰ ਦਾ ਬਾਹਰਲਾ ਰੂਪ ਕੋਈ ਵੀ ਹੋ ਸਕਦਾ ਹੈ ਜਿਵੇਂ ਅਖੌਤੀ ਸਿੱਖ ਜਨਰਲ ਬਰਾੜ, ਜਨਰਲ ਦਿਆਲ, ਕੇ ਪੀ ਐੱਸ ਗਿਲ ਆਦਿ, ਅਖੌਤੀ ਚੰਗਾ ਕਥਾਕਾਰ (ਅਸਲੋਂ RSS ਦਾ ਚਮਚਾ ਤੇ ਕਰਿੰਦਾ, ਲਾਸਾਨੀ ਸ਼ਹੀਦ ਮਹਾਂਬਲੀ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ਼ ਰਹਿਣ ਦਾ ਬਿਪਰ-ਸੰਸਕਾਰੀ ਝੂਠਾ ਦਾਅਵਾ ਕਰਨ ਵਾਲ਼ਾ, ਪਾਪੀ ਪਾਂਮਰ, (ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ)), ਮੁਸਲਮਾਨ ਰੂਪ (ਚੇਤਾ? ਗੁ. ਗੋਬਿੰਦ ਸਿੰਘ ਤੇ ਜਮਧਰ ਦਾ ਵਾਰ ਦੋ ਮੁਸਲਮਾਨ ਪਠਾਣਾਂ ਨੇ ਕੀਤਾ ਸੀ), ਹਿੰਦੂ (ਗੰਗੂ ਬਰਾਹਮਣ; ਜਸਪਤ ਤੇ ਲਖਪਤ (ਸਫਾ ੫੪, ਖ਼ਾਲਿਸਤਾਨ ਦੀ ਲੋੜ ਕਿਉਂ?), ਕੁਲਦੀਪ ਨਈਅਰ (ਦੇਖੋ: ਸਿਰਦਾਰ ਗੁਰਤੇਜ ਸਿੰਘ, ਸਫਾ ੪੭, ਪੰਜਾਬ ਟਾਈਮਜ਼, ੨੬ ਜੁਲਾਈ ੨੦੧੨)), ਈਸਾਈ (W.H. Mcleod, New Zealander denigrator (Invasion of Religious Boundaries by Jasbir Singh Mann et al, 1995) ਆਦਿ। ਬਿਪਰ ਸੰਸਕਾਰ ਨੂੰ ਪ੍ਰੋ. ਮਹਿਬੂਬ ਨੇ ‘ਸਹਿਜੇ ਰਚਿਓ ਖ਼ਾਲਸਾ` ਵਿੱਚ ਸਿੱਖੀ ਦੀ ਬਤੌਰ ਨਿਰਾਕਾਰ ਵਿਰੋਧੀ ਸ਼ਕਤੀ ਦੇ ਲਿਆ ਹੈ ਭਾਵੇਂ ਠੋਸ ਮਿਸਾਲਾਂ ਵੀ ਦਿੱਤੀਆਂ ਹਨ। ਜਿਵੇਂ ਪ੍ਰੋ. ਪੂਰਨ ਸਿੰਘ ਦੇ ਲਫ਼ਜ਼ਾਂ ਵਿਚ: ਹਿੰਦੂਆਂ ਦਾ ਸਿੱਖਾਂ ਨੂੰ ੨੦ਵੀਂ ਸਦੀ ਵਿੱਚ ੧੯੪੭ ਤੋਂ ਪਹਿਲਾਂ ਆਜ਼ਾਦ ਸਿਖ ਹਸਤੀ ਸਵੀਕਾਰ ਨਾ ਕਰਨਾ। ਤੇ ੧੯੪੭ ਤੋਂ ਬਾਦ ਤਾਂ ਸਿੱਖ ਲੀਡਰਾਂ ਨੇ ਆਜ਼ਾਦ ਮੁਲਕ ਨਾ ਲੈ ਕੇ ਆਪਣੀ ਕੌਮ ਦੇ ਪੈਰ, ਲੱਤਾਂ ਤੇ ਹੱਥ ਆਪ ਹੀ ਵੱਢ ਕੇ ਹਿੰਦੂਆਂ ਦੇ ਮੋਹਰੇ ਸੁਟੇ ਸਨ (ਦੇਖੋ ਸਾਚੀ ਸਾਖੀ) ਹਾਲਾਂ ਚਰਚਿਲ ਨੇ ਸਿੱਧੜ ਬਲਦੇਵ ਸਿੰਘ ਨੂੰ ਕਿਹਾ ਵੀ ਸੀ ਕਿ ਮੁਲਕ ਲੈ ਲਓ ਜੇ ਸੰਸਾਰ ਵਿੱਚ ਪਰਗਟ ਹੋਣਾ ਚਾਹੁੰਦੇ ਹੋ। ਮੁਕਦੀ ਗੱਲ, ਬਿਪਰ ਸੰਸਕਾਰ ਦਾ ਉਪਰ ਦੱਸਿਆ ਇਹ ਸਾਰਾ ਪਾਸਾਰ, ਅਧਿਆਤਮਕ ਪੱਖੋਂ “ਆਤਮਾ ਦੇ ਖ਼ਾਲਸ ਨਿਜ਼ਾਮ ਵਿੱਚ ਇੱਕ ਰੁਕਾਵਟ ਹੈ” (ਪ੍ਰੋ. ਹਰਿੰਦਰ ਸਿੰਘ ਮਹਿਬੂਬ)।

ਬਿਪਰ ਸੰਸਕਾਰ ਮਨ ਅੰਦਰ ਹਰ ਵੇਲੇ ਹਾਜ਼ਰ ਰਹਿੰਦਾ ਹੈ। ਕਿਉਂਕਿ ਮਨ ਚੰਗੇ ਤੇ ਮਾੜੇ ਖਿਆਲਾਂ ਦਾ ਇੱਕ ਪੁਲੰਦਾ ਹੈ। ਮਾੜੇ ਖਿਆਲਾਂ ਦਾ ਦੂਜਾ ਨਾਮ ਨਫ਼ਸ ਵੀ ਹੈ। ਅਸਲ ਵਿੱਚ ਮਨ ਹੀ ਚੰਗੇ ਤੇ ਮੰਦੇ ਖਿਆਲਾਂ ਜਾਂ ਫੁਰਨਿਆਂ ਦਾ ਜਨਮ ਦਾਤਾ ਹੈ। ਜਾਂ ਇਉਂ ਕਹੋ ਕਾਮਾਦਿਕਾਂ ਵਾਂਗ ਬਿਪਰ ਸੰਸਕਾਰ ਵੀ ਇੱਕ ਮਨੁਖਾਂ ਨੂੰ ਲੱਗੇ ਮਾਨਸਿਕ ਰੋਗਾਂ ਚੋਂ ਇੱਕ ਵੱਡਾ ਰੋਗ ਹੈ। ਇਸ ਬੀਮਾਰੀ ਦੀ ਜੜ੍ਹ ਸਦੀਵ ਕਾਲ ਤੋਂ ਮਨੁਖ ਦੇ ਮਨ ਅੰਦਰਲੇ ਨਫ਼ਸ ਵਿੱਚ ਲੱਗੀ ਹੋਈ ਹੈ। ਪ੍ਰੋ. ਮਹਿਬੂਬ ਵੀ ਕੁੱਝ ਇਸ ਤਰ੍ਹਾਂ ਹੀ ਕਹਿੰਦੇ ਹਨ: “ਪਾਕ ਜ਼ਮੀਰ ਦੇ ਗੁੱਝੇ ਬੂਹੇ। ਛੁਪੀ ਪੜੋਸਣ ਹਿਰਸ ਨੇ ਲੂਹੇ “ ( ‘ਸ਼ਹੀਦ ਦੀ ਅਰਦਾਸ` ਝਨਾਂ ਦੀ ਰਾਤ)। ਹਰ ਤਰ੍ਹਾਂ ਦੀ “ਖ਼ੂਬਸੂਰਤੀ ਦੀ ਤਰਲ ਅਵੱਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਿਸ਼ੇਧ ਗਤੀ (ਵਰਜਿਤ, ਨਖਿੱਧ, ਮਾੜੀ, ਬਦਨਾਮ ਹੋਈ ਕਿਰਿਆ) ਮਜ਼੍ਹਬ ਦੇ ਬੇਦਾਗ਼ ਤਜਰਬੇ ਜਾਂ ਧਾਰਮਿਕ ਸੂਖ਼ਮਤਾ ਦੀ ਨਿਰਾਕਾਰਤਾ ਦੇ ਨਾਲ਼ ਪ੍ਰਛਾਵੇਂ “ ਵਾਂਗ ਜਾਂ ਰੋਗ ਦੇ ਕੀਟਾਣੂੰ ਵਾਂਗ ਗੁਪਤ ਚਾਲ ਚਲਦੀ ਹੈ। ਰੂਹ (ਜੋਤ) ਸਰੀਰ (ਮਿਟੀ) ਵਿੱਚ ਓਤਪੋਤ ਹੋਣ ਕਰਕੇ, ਸਰੀਰ ਆਪਣੇ ਸੁਖ ਦੀ ਖਾਤਰ ਬਿਪਰ ਸੰਸਕਾਰ ਜਾਂ ਬੁਰਾਈ ਵਲ ਨੂੰ ਰੁਜੂਅ ਰਖਦਾ ਹੈ। ਨਾਲੋ ਨਾਲ, ਰੂਹ ਨੂੰ ਆਪਣੇ ਅਸਲੇ ਵਾਲੇ ਕੰਮ ਨਹੀਂ ਕਰਨ ਦਿੰਦਾ। ਸਰੀਰ ਦਾ ਸੁਖ ਵਲ ਨੂੰ ਜ਼ਿਆਦਾ ਅਕਰਸ਼ਿਤ ਝੁਕਾਅ ਹੋਣ ਦਾ ਸਿੱਧਾ ਅਰਥ ਹੈ ਕਿ ਰੂਹ ਦੇ ਕੰਮ ਔਖੇ ਹੋ ਕੇ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਕੋਈ ਵਿਰਲਾ ਹੀ ਕਰਦਾ ਹੈ। ਇਸ ਦੇ ਸਰ੍ਹੀਂਣ ਉਲਟ, ਬਿਪਰ ਸੰਸਕਾਰ ਬੜਾ ਸੌਖਾ ਹੀ ਨਿਭਾਇਆ ਜਾਂਦਾ ਹੈ। ਇਹ ਬਹੁ ਗਿਣਤੀ ਦੀ ਮਨ ਭਾਉਂਦੀ ਖ਼ੁਰਾਕ ਹੈ। ਪਰ ਹੈ ਇਹ ਮਨਮੁਖ ਦਾ ਰਾਹ, ਵਰਜਿਤ ਰਾਹ। ਇਸ ਦੇ ਉਲਟ, ਸਿੱਖੀ ਦਾ ਰਾਹ ਸ਼ਹਾਦਤ ਦਾ ਰਾਹ ਹੈ, ਰੂਹ ਦੀ ਤਰੱਕੀ ਦਾ ਰਾਹ ਹੈ, ਕੁਰਬਾਨੀ ਦਾ ਰਾਹ ਹੈ, ਸਿਦਕ ਦਾ ਰਾਹ ਹੈ, ਕਿਸੇ ਨਿਯਮਬੱਧ ਅਨੁਸ਼ਾਸਨ ਦਾ ਰਾਹ ਹੈ; ਜਿਹੜਾ ਸ਼ਹੀਦੀ ਦੇ ਪਰਵਾਨਿਆਂ ਲਈ ਸਦਾ ਖੁਲ੍ਹਾ ਹੈ। ਜਦ ਸਮਾਂ ਕਿਸੇ ਨੂੰ ਰੱਦੀ ਦੀ ਟੋਕਰੀ ਚ ਸੁਟਣਾਂ ਚਾਹੁੰਦਾ ਹੈ ਤਾਂ, ਰੱਬ ਦੀ ਕਰਨੀ, ਉਸ ਨੂੰ ਬਿਪਰ ਸੰਸਕਾਰ ਦੇ ਹਵਾਲੇ ਕਰ ਦਿੰਦਾ ਹੈ। ਬਿਪਰ ਸੰਸਕਾਰ ਸਿੱਖੀ ਜਾਂ ਸ਼ਹਾਦਤ ਦੇ ਸ਼ਾਹਰਾਹ ਤੋਂ ਰੋਕਦਾ ਹੈ। ਜਿਵੇਂ ਕਾਮ ਕਰੋਧ ਲੋਭ ਮੋਹ ਹੰਕਾਰ ਪੰਜੋ ਹੀ ਸਿਖ (ਜਾਂ ਮਨ) ਦੇ ਦੁਸ਼ਮਣ ਹਨ ਇਵੇਂ ਹੀ ਬਿਪਰ ਸੰਸਕਾਰ ਵੀ ਇੱਕ ਵੱਡਾ ਦੁਸ਼ਮਣ ਹੈ। ਜੇ ਇਸ ਤੋਂ ਬਚਾਅ ਕਰਨ ਵਾਰੇ ਸਾਨੂੰ ਹੋਰ ਵਧੇਰੇ ਪਤਾ ਲੱਗ ਜਾਵੇ ਕਿ ਇਹ ਕੀ ਸ਼ੈ ਹੈ ਤਾਂ ਅਸੀਂ ਇਸ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਤੋਂ ਬਚਾਅ ਦਾ ਉਪਾਅ ਕਰਨਾ ਹੀ, ਮੇਰੀ ਜਾਚੇ, ਇਹਦੇ ਸੰਦੇਸ਼ ਤੋਂ ਜਾਣੂੰ ਹੋਣਾ ਹੈ। ਬਿਪਰ ਸੰਸਕਾਰ ਪਹਿਲਾਂ ਸਰੀਰਕ ਹਮਲਾ ਕਰਕੇ ਕੌਮਾਂ ਨੂੰ ਜਾਂ ਕੌਮ ਦੇ ਖੇਰੂੰ ਖੇਰੂੰ ਹੋਏ ਬੰਦਿਆਂ ਨੂੰ ਨਿਢਾਲ ਕਰਕੇ, ਫੇਰ ਜ਼ਖ਼ਮੀ ਤੇ ਕੰਮਜ਼ੋਰ ਹੋਇਆਂ ਨੂੰ ਬੌਧਿਕ ਹਮਲੇ ਨਾਲ਼ ਮਨਾਉਂਦਾ (ਜਿਵੇਂ ਜੂਨ ਤੇ ਨਵੰਬਰ ੧੯੮੪ ਦੇ ਹਿੰਦੂ ਵਲੋਂ ਵਰਤਾਏ ਸਿੱਖਾਂ ਉਪਰ ਘਲੂਘਾਰੇ ਤੋਂ ਬਾਦ) ਕਿ ਸਿੱਖਾ! ਆਪਣੀ ਸਿੱਖੀ ਛੱਡ ਦੇ, ਕੇਸਾਧਾਰੀ ਹਿੰਦੂ ਬਣ ਜਾ। ਲਾਲਚੀ ਲੀਡਰ ਝੱਟ ਦਿੱਲੀਓਂ ਰਸਗੁੱਲੇ ਖਾ ਆਉਂਦਾ ਹੈ। ਤੇ ਕੌਮ ਦੇ ਭੋਲ਼ੇ ਨੀਂਗਰਾਂ ਨੂੰ ਵਾਰ ਵਾਰ ਗ਼ੁਲਾਮੀ ਦੇ ਪਿੰਜਰਿਆਂ ਚ ਫਸਾਉਂਦਾ ਹੈ।” ਫਾਂਧੀ ਲਾਗੀ ਜਾਤਿ ਫਹਾਇਨ।। (ਮ. ੧, ੧੨੮੮।। ਸ੍ਰੀ ਗੁ. ਗ੍ਰੰਥ) “

ਇਸ ਲਾਇਲਾਜ ਬੀਮਾਰੀ ਅਤੇ ਇਸਦੇ ਇਲਾਜ ਨੂੰ ਇੱਕ ਸਿਆਣੇ ਤੇ ਹੰਢੇ ਹੋਏ ਹਕੀਮ ਦੀ ਤਰ੍ਹਾਂ ਵਿਦਿਆ ਮਾਰਤੰਡ (ਸੂਰਜ), ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਲੱਭ ਕੇ ਬੜੀ ਮਿਹਨਤ ਤੇ ਸਮਾਂ ਸਰਫ (ਖਰਚ) ਕਰਕੇ ਇਹ ਅਦੁੱਤੀ ਗਿਆਨ ਸਿੱਖ ਪੰਥ ਦੀ ਝੋਲੀ ਪਾਇਆ ਹੈ। ਇਸ ਲਈ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿਚੋਂ ਹੀ ਇਹਦੇ ਲੱਛਣਾਂ ਦੀ ਢੂੰਡ ਕਰਦੇ ਹਾਂ। ਅੱਠਾਂ ਕਿਤਾਬਾਂ ਦੇ ਸੰਗ੍ਰਹਿ ‘ਸਹਿਜੇ ਰਚਿਓ ਖ਼ਾਲਸਾ` ਦੀ ਛੇਵੀਂ ਕਿਤਾਬ ਤੋਂ ਮੁਖ ਤੌਰ ਤੇ ਇਸ ਲੇਖ ਦੀ ਸਮਗਰੀ ਮੁਹੱਈਆ ਹੋਈ ਹੈ ਭਾਵੇਂ ਮਦਦ ਉਨ੍ਹਾਂ ਦੀਆਂ ਹੋਰ ਕਿਤਾਬਾਂ ਤੋਂ ਵੀ ਲਈ ਗਈ ਹੈ। ਜ਼ਾਹਰ ਹੈ ਕਿ ਅਸੀਂ ਆਪ ਹੀ ਬਿਪਰ ਸੰਸਕਾਰ ਦੇ ਜਨਮਦਾਤੇ ਹਾਂ। ਜੇ ਇਸ ਵੱਡੇ ਦੁਸ਼ਮਣ, ਬਿਪਰ ਸੰਸਕਾਰ, ਨੇ ਆਪਣੇ ਆਪ ਦੀ ਪਛਾਣ ਕਰੁਆਈ ਹੈ ਤਾਂ ਸਾਡਾ ਬਚਾਅ ਸਿਰਫ ਉਦੋਂ ਹੋਵੇਗਾ ਜੇ ਸਾਨੂੰ ਆਪਣੇ ਦੁਸ਼ਮਣ ਦੀਆਂ ਗੁਪਤ ਪਰਗਟ ਚਾਲਾਂ ਦੀ ਪੂਰੀ ਪੂਰੀ ਖ਼ਬਰ ਹੋਵੇ।

ਬਿਪਰ ਸੰਸਕਾਰ ਮਨ ਦੀਆਂ ਖੋਟੀਆਂ ਬਿਰਤੀਆਂ, ਸਕੀਮਾਂ, ਚਾਲਾਂ ਢਾਲਾਂ, ਕੁਕਰਮਾਂ ਦਾ ਮੁਜੱਸਮਾ ਹੈ, ਇਸ ਲਈ ਇਹ ‘ਨਕਲੀ` ਚੀਜ਼ ਨੂੰ ‘ਅਸਲੀ` ਦੇ ਥਾਂ ਵਰਤ ਕੇ ਵਕਤ ਕੱਢ ਲੈਂਦਾ ਹੈ ਤੇ ਵੱਡੇ ਵੱਡੇ ਹੰਗਾਮੇ ਕਰਵਾੱ ਆਪਣੇ ਸੇਵਕਾਂ ਦੇ ਆਹੂ ਲਾਹ ਕੇ ਉਨ੍ਹਾਂ ਦੀਆਂ ਪੁਸ਼ਤਾਂ ਦੀਆਂ ਪੁਸ਼ਤਾਂ ਗਾਲ਼ ਸੁਟਦਾ ਹੈ। ਭਾਵ ਕਿ ਧਰਮ ਦੇ ਥਾਂ ਅਧਰਮ ਜਾਂ ਕੁਧਰਮ ਕਰਦਾ ਤੇ ਕਰੁਆਉਂਦਾ ਹੈ। ਜੇ ਜ਼ਰਾ ਹੋਰ ਵਧੇਰੇ ਸਪਸ਼ਟ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਬਿਪਰ ਸੰਸਕਾਰ ਦਾ ਛਲੇਡਾ, ਧਰਮੀ ਜੀਊੜਿਆਂ ਨੂੰ ਛਲ ਕਪਟ ਤੇ ਧੋਖੇ ਫ਼ਰੇਬ ਵਿੱਚ ਮਸਰੂਫ ਤੇ ਮਹੂਅ ਕਰਕੇ, ਠੀਕ ਦੇ ਥਾਂ ਗ਼ਲਤ ਕੰਮ ਕਰੁਆ ਲੈਂਦਾ ਹੈ। ਅਤੇ ਗ਼ਲਤ ਕਰਨ ਵਾਲਿਆਂ ਨੂੰ ਭੁਲੇਖਾ ਕਾਇਮ ਰਹਿੰਦਾ ਹੈ। ਜਾਂ ਇਉਂ ਭਰਮ-ਗ੍ਰਸਤ ਰਹਿੰਦੇ ਹਨ ਕਿ ਉਨ੍ਹਾਂ ਜੋ ਕੁੱਝ ਧਰਮ ਦੇ ਨਾਮ ਤੇ ਕੀਤਾ ਬਿਲਕੁਲ ਸਹੀ ਕੀਤਾ ਤੇ ਆਪਣਾਂ ਸਹੀ ਸਹੀ ਧਰਮ ਨਿਭਾਇਆ ਹੈ। ਜਦ ਕਿ ਅਸਲੀਅਤ ਤੋਂ ਉਹ ਹਜ਼ਾਰਾਂ ਕੋਹ ਦੂਰ ਹੁੰਦੇ ਹਨ। ਭਾਵ ਸਾਫ਼ ਹੈ: ਕੁਕਰਮੀ ਬੰਦੇ ਸੁ-ਕਰਮੀ ਜੀਊੜਿਆਂ ਦਾ ਭੁਲੇਖਾ ਦਿੰਦੇ ਹਨ। ਪਰ ਹੁੰਦੇ ਉਹ ਰੋਗੀ ਹਨ। ਉਹ ਪਰਮੇਸ਼ਰ ਤੋਂ ਭੁੱਲੇ ਹੋਏ ਹੁੰਦੇ ਹਨ। ਚੇਤਾ ਰਹੇ, ਸਾਰਿਆਂ ਧਰਮਾਂ ਚੋਂ ਇੱਕ ਹਿੰਦੂ ਧਰਮ ਵਿੱਚ ਬਿਪਰ ਸੰਸਕਾਰ ਦੀ ਮੂਲੀ ਜੜ੍ਹ ਬਰਾਹਮਣਵਾਦ ਦੇ ਬਣਾਵਟੀ ਪਰਬੰਧ ਵਿੱਚ ਡੂੰਘੀ ਲੱਗੀ ਹੋਈ ਹੈ ਭਾਵੇਂ ਹੋਰ ਧਰਮਾਂ ਵਿੱਚ ਰੁੱਖ ਦੀਆਂ ਟਾਹਣੀਆਂ ਵਾਂਗ ਬਿਪਰ ਸੰਸਕਾਰ ਵਕਤ ਬ-ਵਕਤ ਵਧ ਖਲੋਂਦਾ ਹੈ। ਇਉਂ ਕੱਲੇ ਕੱਲੇ ਔਰਤਾਂ ਮਰਦ ਹੀ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਨਹੀਂ ਹੁੰਦੇ, ਸਗੋਂ ਕੌੰਮਾਂ ਦੀਆਂ ਕੌਮਾਂ ਇਸ ਭੈੜੀ ਬੀਮਾਰੀ ਵਿੱਚ ਗਰਕ ਹੋ ਜਾਂਦੀਆਂ ਹਨ। ਫੇਰ ਕਈ ਕਈ ਸੈਂਕੜੇ ਜਾਂ ਹਜ਼ਾਰਾਂ ਸਾਲ ਧਰਮ ਦੇ ਥਾਂ ਕੁ-ਧਰਮ ਕਮਾਉਂਦੀਆਂ ਕੌਮਾਂ ਹੌਲੀ ਹੌਲੀ ਆਪਣੀ ਮੌਤੇ ਆਪ ਹੀ ਮਰ ਜਾਂਦੀਆਂ ਹਨ। ਮਿਸਾਲ ਵਜੋਂ, ਸਿਖ ਕੌਮ ੧੯ਵੀਂ ਸਦੀ ਵਿੱਚ ਇੱਕ ਰਾਜ ਕਾਜ ਨਿਭਾਉਂਦੀ ਖ਼ੁਦ ਮੁਖ਼ਤਿਆਰ ਸਲਤਨਤ ਦੀ ਮਾਲਿਕ ਸੀ। ਬਿਪਰ ਸੰਸਕਾਰ ਨੇ ਐਸੀ ਕੁੰਭਕਰਨੀ ਨੀਂਦੇ ਸੁਲਾਈ ਕਿ ਪਹਿਲਾਂ ਸਤਲੁਜ ਤੋਂ ਦੱਖਣ ਵਲ ਪੈਂਦੀਆਂ ਰਿਆਸਤਾਂ ਦੀ ਮਿਹਰ ਸਦਕਾ ਇਹ ਅੰਗਰੇਜ਼ ਦੀ ਗ਼ੁਲਾਮ ਹੋਈ, ਜਿਵੇਂ ਉਪਰ ਕਿਹਾ ਹੈ। ਫੇਰ ਜਦ ਆਜ਼ਾਦ ਵੀ ਹੋਈ ਤਾਂ ੨੦ਵੀਂ ਸਦੀ ਵਿੱਚ ਮੌਕਾ ਮਿਲਣ ਤੇ ਵੀ ਆਪਣੀ ਕਿਸਮਤ ਦੀ ਆਪ ਭਾਗ ਬਿਧਾਤਾ ਨਾ ਬਣ ਸਕੀ। ਫਲਸਰੂਪ, ਆਪਣੀ ਜੰਮਣ ਭੋਂਇ ਉਤੇ ਐਸਾ, ਆਪਣਾਂ ਬਣਦਾ ਹੱਕ ਤੇ ਦਾਅਵਾ, ਛਡਿਆ ਕਿ ਗ਼ੈਰਾਂ ਨੇ ਇਨ੍ਹਾਂ ਦੀ ਜੰਮਣ ਭੋਂਅ ਬਾਂਦਰ ਵੰਡ ਕਰਕੇ ਛਕ ਲਈ। ਤੇ ਆਪੋ ਆਪਣੇ ਮੁਲਕ ਲੈ ਕੇ ਸਰਕਾਰਾਂ ਬਣਾਈਆਂ ਤੇ ਆਹਲਾ ਸਿੱਖ ਫੌਜ ਹਿੰਦੂਆਂ ਨੂੰ ਦੇ ਦਿੱਤੀ। ਸਿੱਖਾਂ ਨੂੰ ਹਿੰਦੂ ਸਰਕਾਰ ਦੇ ਚੌਧਰੀਆਂ ਨੇ ਦਾਸ ਤੇ ਨੌਕਰ ਰਖਿਆ (ਸਫਾ ੧੪-੨੨, Betrayal of Sikh Nation by Master Tara Singh, written & compiled by Ram Singh, Aug, 2009) । ਭਾਵ ਸਪਸ਼ਟ ਹੈ ਕਿ ਸਿਖ ਲੀਡਰਾਂ ਨੇ ਅੰਗ਼ਰੇਜ਼ ਦੀ ਗ਼ੁਲਾਮੀ ਵੱਟੇ ਹਿੰਦੂ ਦੀ ਗ਼ੁਲਾਮੀ ਸਹੇੜੀ। ਅੱਧੀ ਕੌਮ ੧੯੪੭ `ਚ ਤੇ ਅੱਧੀ ੧੯੮੪ `ਚ ਮਰਵਾ ਛੱਡੀ। ਅਖੇ ਜੀ! ਅਸੀਂ ਜੰਗੇ-ਆਜ਼ਾਦੀ ਵਿੱਚ ੯੩% ਸ਼ਹਾਦਤਾਂ ਦਿੱਤੀਆਂ ਸਨ। ਕੀ ਗ਼ੁਲਾਮਾਂ ਦੇ ਗ਼ੁਲਾਮ ਹੋਣ ਲਈ ਇਹ ਸ਼ਹਾਦਤਾਂ ਦਿੱਤੀਆਂ ਸਨ? ਇਥੋਂ ਜ਼ਾਹਰ ਹੋਇਆ ਕਿ ਬਿਪਰ ਸੰਸਕਾਰ ਦੀਆਂ ਚੱਟੀਆਂ ਹੋਈਆਂ ਕੌਮਾਂ ਤਾਂ ਕਦੇ ਭਾਗਾਂ ਨਾਲ਼ ਹੀ ਆਜ਼ਾਦ ਹੋਣਗੀਆਂ, ਜਦੋਂ ਕਦੇ ਜੇ ਹੋਈਆਂ ਵੀ। ਭਾਵ, ਬਿਪਰ ਸੰਸਕਾਰ ਦਾ ਮੁੱਖ ਨਿਸ਼ਾਨਾ ਹਰ ਉਸ ਨੇਕ ਹਸਤੀ ਨੂੰ ਨੇਸਤੀ (ਸੁਸਤੀ, ਬਦਹਾਲੀ) ਚ ਸੁਟਣਾ ਜਾਂ ਨੇਸਤੋ ਨਾਬੂਦ (ਨਾਸ, ਅੰਤ, ਗੁੰਮ) ਕਰਨਾ, ਆਪਣੇ ਹੱਥੀਂ ਆਪਣੀ ਮੌਤੇ ਮਾਰਨਾ ਜਾਂ ਪਤਨ ਕਰਾਉਣਾਂ ਜੋ ਰੱਬ ਨੇ ਬਣਾਈ ਹੈ।

ਬਿਪਰ ਸੰਸਕਾਰ ਕਈ ਰੂਪ ਧਾਰ ਲੈਂਦਾ ਹੈ, ਜਿਵੇਂ ਕਿਸੇ ਬੀਮਾਰੀ ਦੇ ਕਿਰਮ ਜਿਸ ਜਿਸਮ ਵਿੱਚ ਵੜਦੇ ਹਨ ਪਹਿਲਾਂ ਉਹੋ ਜਿਹੇ ਰੂਪ ਧਾਰ ਕੇ ਆਪਣਾ ਬਚਾਅ ਕਰ ਲੈਂਦੇ ਹਨ ਤੇ ਮਗਰੋਂ ਆਪਣੇ ਅਸਲ ਰੂਪ ਵਿੱਚ ਆ ਕੇ ਉਸ ਸਰੀਰ ਦਾ ਤਗੜਾ ਨੁਕਸਾਨ ਕਰਦੇ ਹਨ। ਬਿਲਕੁਲ ਏਦਾਂ ਹੀ, ਜਿਵੇਂ ਹਿੰਦੂਆਂ ਨੇ ਸਿਖਾਂ ਨੂੰ ੧੯੪੭ ਤੋਂ ਪਹਿਲਾਂ ਧੋਖਾ ਦਿੱਤਾ ਕਿ ਤੁਸੀਂ ਹਿੰਦੋਸਤਾਨ ਚ ਮਹਿਫ਼ੂਜ਼ ਹੋ, ਮਗਰੋਂ ੧੯੮੪ ਚ ਸਿਖਾਂ ਨੂੰ ਮਹਿਜ਼ ਆਪਣੀ ਬਹੁ ਗਿਣਤੀ ਦੇ ਬਲਬੋਤੇ ਸਬਕ ਸਿਖਾਉਣ ਲੱਗ ਪਏ। ਤੇ ਤਿੰਨੋ ਕਿਸਮ ਦੀ ਫ਼ੌਜ ਖ਼ਾਲਸੇ ਦੇ ਸ਼੍ਰੋਮਣੀ ਧਰਮ ਅਸਥਾਨ ਤੇ ਚਾੜ੍ਹ ਕੇ ਗੁਰਧਾਮਾਂ ਦੀ ਬੇ-ਹੁਰਮਤੀ ਕੀਤੀ। ਬੱਚੇ ਬੁਢੇ ਔਰਤਾਂ ਧੀਆਂ ਭੈਣਾਂ ਦੀ ਬੇਪਤੀ ਕੀਤੀ। ਬੇ-ਤਹਾਸ਼ਾ ਲਹੂ ਵਹਾਇਆ ਤੇ ਮਿਹਣੇ ਮਾਰੇ, ਸਿਖਾਂ ਦੇ ਦੁਖਦੇ ਥਾਂ ਹੱਥ ਲਾਕੇ, ਜ਼ਖ਼ਮਾਂ ਤੇ ਲੂਣ ਛਿੜਕ ਛਿੜਕ ਕੇ ਕਿ ਹੁਣ ਅਗਾਂਹ ਲਈ ‘ਯਾਦ ਕਰੇਗਾ ਖ਼ਾਲਸਾ`। ਬਿਪਰ ਸੰਸਕਾਰ ਦੇ ਹੋਰ ਰੂਪ ਹੋ ਸਕਦੇ ਹਨ; ਸਿੱਖ ਰੂਪ, ਮੁਸਲਮਾਨੀ ਰੂਪ, ਇਸਾਈ ਰੂਪ, ਬੋਧੀ ਰੂਪ ਤੇ ਹਿੰਦੂ ਰੂਪ ਆਦਿ, ਜਿਵੇਂ ਉਪਰ ਕਿਹਾ ਹੈ। ਪਰ ਯਾਦ ਰਹੇ, ਸਭ ਰੂਪਾਂ ਦਾ ਕੇਂਦਰੀ ਰੂਪ ਹਿੰਦੂ-ਰੂਪ ਵਿੱਚ ਹੀ ਸੰਯੁਕਤ ਤੇ ਸਥਾਪਤ ਹੈ। ਇਥੇ ਇਹ ਗੱਲ ਜ਼ਰਾ ਵਧੇਰਾ ਸਪਸ਼ਟੀਕਰਣ ਮੰਗਦੀ ਹੈ ਕਿ ਹਿੰਦੂ-ਰੂਪ ਬਾਕੀ ਰੂਪਾਂ ਨਾਲੋਂ ਕਿਉਂ ਕੇਂਦਰੀ, ‘ਸੰਯੁਕਤ ਤੇ ਸਥਾਪਤ ਰੂਪ` ਹੈ? ਹਿੰਦੂ ਧਰਮ ਬ੍ਰਾਹਮਣਵਾਦ ਦਾ ਬਣਾਉਟੀ ਪ੍ਰਬੰਧ ਜਾਂ ਨਿਰਾ ਖ਼ਿਆਲੀ ਫ਼ਲਸਫ਼ਾ ਤੇ, ਫੇਰ ਬੇਜਾਨ ਅਚਿਹਨਤਾ (ਰੱਬੀ ਹੋਂਦ ਤੇ ਕਿਰਪਾ ਵਿਹੂਣੀ ਖਾਲੀ ਸੁੰਨ) ਚ ਜਕੜਿਆ ਹੋਣ ਕਰਕੇ ਇਸ ਨੇ ਦੈਵੀ ਨਦਰ ਤੋਂ ਇਨਕਾਰ ਕੀਤਾ ਸੀ ਤੇ ਭਾਰਤ ਦੀ ਵਿਸ਼ਾਲ ਆਤਮਾ ਦਰਦਿ-ਇਨਸਾਨੀ ਤੋਂ ਸੱਖਣੀ ਹੋ ਪਥਰਾ ਗਈ ਸੀ, ਜਦ ਕਿ ਗ. ਨਾਨਕ ਨੇ ਬਤੌਰ ਬੇ-ਮਿਸਾਲ ਪੈਗ਼ੰਬਰ ਹੁੰਦਿਆਂ ਫ਼ਲਸਫ਼ੇ ਨੂੰ ਬਾਰਸ਼ਿ-ਰਹਿਮਤ ਤੇ ਤੌਹੀਦ ਦੇ ਪੈਗ਼ਾਮ ਨਾਲ਼ ਸਰਸ਼ਾਰ ਕੀਤਾ। ਦੂਜਾ, ਗੁਰੂ ਜੀ ਨੇ ਸੱਚ ਦੇ ਅਮਲ ਵਿੱਚ ਜ਼ਿੰਦਗੀ ਦੀ ਮਹਾਂ-ਕਾਵਿਕ ਸ਼ਾਨ ਪੈਦਾ ਕੀਤੀ। ਸੱਚ ਨੂੰ ਹੀ ਇਕੋ ਇੱਕ ਨਿਰਲੇਪ ਸ਼ਕਤੀ ਦ੍ਰਿੜਾਇਆ, ਮਨੁਖ ਦੇ ਪੈਗ਼ੰਬਰੀ ਈਮਾਨ ਦਾ ਧੁਰਾ ਬਣਾਇਆ। ਉਸ ਉਪਰ ਅਟੱਲ ਯਕੀਨ ਦੀ ਬਾਦਸ਼ਾਹਤ ਕਾਇਮ ਕੀਤੀ। ਇਸ ਪੈਗ਼ੰਬਰੀ ਈਮਾਨ ਦੀਆਂ ਤਿੰਨ ਸੁਰਾਂ: ਰੱਬੀ ਰਹਿਮ, ਰੱਬੀ ਗ਼ਜ਼ਬ, ਤੇ ਰੱਬੀ ਯਕੀਨ ਹਨ। ਫੇਰ, ਇਹ (ਬਿਪਰ ਸੰਸਕਾਰ =) ਨਖਿੱਧ ਪ੍ਰਕ੍ਰਿਆ (ਵਰਜਿਤ, ਕਲੰਕਿਤ) ਨਿਰਾਕਾਰ ਤੇ ਸਥੂਲ ਖੇਤਰਾਂ ਵਿੱਚ ਵਿਚਰਦੀ ਜ਼ਾਤੀ (ਕਲੇ ਕੱਲੇ ਮਨੁਖਾਂ) ਤੇ ਕੌੰਮੀਂ ਗਰੋਹਾਂ ਨੂੰ ਉਨ੍ਹਾਂ ਦੀ ਕਾਵਿਕ ਸ਼ਾਨ, ਰੱਬੀ ਮਿਹਰ ਤੇ ਰੱਬੀ ਹੁਕਮ ਦੀ ਲਿਵ-ਨਿਰੰਤਰਤਾ ਨਾਲੋਂ ਤੋੜ ਵਿਛੋੜਦੀ ਹੋਈ ਇੰਦ੍ਰਿਆਵੀ ਅਨੁਭਵ ਵਿਚੋਂ ਉਪਜਣ ਵਾਲੀ ਖ਼ਿਆਲੀ ਉਤਾਰ-ਚੜ੍ਹਾਵਾਂ ਦੀ ਲੀਲਾ ਅਤੇ ਉਪਰ-ਪਰਕ੍ਰਿਤਕ (ਅਲ਼ੌਕਿਕ = ਲੁਕਵੇਂ ਜਾਂ ਗੁਪਤ ਤਾਕਤਾਂ ਦੀਆਂ) ਖੇਡਾਂ ਦੀ ਲਾਲਸਾ, ਤੇ ਉਨ੍ਹਾਂ ਦੀ ਪ੍ਰਾਪਤੀ ਲਈ ਸੋਚੇ ਢੰਗਾਂ ਨੂੰ ਉਨ੍ਹਾਂ ਦਾ ਇਸ਼ਟ ਬਣਾ ਦਿੰਦੀ ਹੈ। ਇਹੋ ਹੀ ਜੁਗਤ ਹੈ ਜਿਸ ਦੁਆਰਾ ਸਿਦਕ ਦੀ ਵਿਸ਼ੇਸ ਦਿਮਾਗ਼ੀ ਸ਼ਕਤੀ ਸੀਮਤ ਗਿਆਨ-ਹਉਮੈ ਵਿੱਚ ਬਦਲਦੀ ਹੈ, ਤੇ ਇਨਸਾਨੀ ਖ਼ਿਆਲ ਤੇ ਅਮਲ ਦੋਵੇਂ ਬੁੱਤ ਵਲ ਵਧਦੇ ਹਨ। ਮਨੁਖੀ ਭਾਈਚਾਰਾ ਰੱਬੀ ਸ਼ੁਕਰ ਦੀ ਖ਼ੂਬਸੂਰਤੀ ਚੋਂ ਨਿਕਲ ਕੇ ਲੈਣ-ਦੇਣ ਦੇ ਹਿਸਾਬੀ ਚੱਕਰ ਵਿੱਚ ਪੈਕੇ ਏਸੇ ਨਖਿੱਧ ਮਹੌਲ ਦੇ ਸਮੇ ਦੌਰਾਨ ਜੜ੍ਹ-ਅੰਧ ਦੀ ਜਕੜ ਵਿੱਚ ਨੂੜਿਆ ਜਾਂਦਾ ਹੈ, ਜਿਵੇਂ ਸਿੱਖ ਲੀਡਰਾਂ ਨੂੰ ਆਪਣੀ ਕੌਮ ਦਾ ਭਲਾ ਇਸ ਬੁੱਤ ਚ ਜਕੜੇ ਹੋਣ ਕਰਕੇ ਨਾ ੨੦ਵੀਂ ਸਦੀ ਦੇ ਅੱਧ ਤੋਂ ਪਹਿਲਾਂ ਦਿਸਿਆ ਨਾ ਹੁਣ ਦੀਹਦਾ ਹੈ। ਮਨੁਖੀ ਕਿਰਦਾਰ ਖਾਲੀਪਣ ਵਿੱਚ ਲਟਕਣਾ ਸ਼ੁਰੂ ਹੋ ਜਾਂਦਾ ਹੈ। ਸਤਿਕਾਰੀਆਂ ਤੇ ਪਰਵਾਣਿਤ ਕੀਮਤਾਂ ਅਸ਼ਲੀਲ ਕਪਟ ਵਿੱਚ ਡੁੱਬ ਜਾਦੀਆਂ ਹਨ ਜਿਸ ਨਾਲ ਸਮਾਜਕ ਢਾਂਚਾ ਡਿਗ ਪੈਂਦਾ ਜਾਂ ਖੇਰੂੰ ਖੇਰੂੰ ਹੋਣ ਲੱਗ ਪੈਂਦਾ ਹੈ ਜਿਵੇਂ ਅੱਜ ਪੰਜਾਬੀ ਸਿੱਖ ਸਮਾਜ ਦੀ, ਬਿਪਰ ਸੰਸਕਾਰ ਨੇ ਭੈੜੀ ਹਾਲਤ ਕਰ ਦਿੱਤੀ ਹੈ ਤੇ ਨਸ਼ੇੜੂ ਮੁੰਡੇ ਕੁੜੀਆਂ, ਔਰਤਾਂ ਮਰਦਾਂ ਦੀ ਪਤਲੀ ਨਿੱਘਰੀ ਹੋਈ ਹਾਲਤ ਹੈ, ਪੇਟ ਚ ਕੁੜੀਆਂ ਮਾਰਨ, ਤੇ ਕਰਜ਼ੇ ਤੋਂ ਸਤੇ ਹੋਇਆਂ ਤੇ ਦੁਖਿਆਂ ਕਿਸਾਨਾਂ ਦੀਆਂ ਬੇਅੰਤ ਖ਼ੁਦਕੁਸ਼ੀਆਂ ਆਦਿ।

ਹੁਣ ਦੇਖਣਾਂ ਇਹ ਹੈ ਕਿ ਬਿਪਰ ਸੰਸਕਾਰ ਆਪਣੇ ਮੁੱਖ ਨਿਸ਼ਾਨੇ ਦੀ ਪੂਰਤੀ ਕਿਵੇਂ ਕਰਦਾ ਹੈ? ਇਹਦੇ ਢੰਗ ਤਰੀਕੇ ਕੀ ਹਨ? ਤੇ ਉਹ ਕਾਮਯਾਬ ਕਿਉਂ ਹਨ? ਬਿਪਰ ਸੰਸਕਾਰ ਆਪਣੇ ਨਸ਼ੇ ਦੀ ਮਸਤੀ ਵਿੱਚ ਪੂਰੀ ਤਰ੍ਹਾਂ ਸੁਲਾਅ ਕੇ ਦਿਨ ਦੀਵੀਂ ਲੁਟਦਾ ਹੈ। ਲੁਟੀਂਦਾ ਮਨੁਖ ਸਮਝਦਾ ਮੈਂ ਜਾਗਦਾ ਹਾਂ ਤੇ ਧਰਮ ਕਮਾਉਂਦਾ ਹਾਂ। ਕਈ ਵਾਰ, ਬੇ-ਯਕੀਨੀ ਤੇ ਬੇ-ਸਿਦਕੀ ਦੇ ਆਲਮ ਵਿੱਚ ਪੈਸੇ `ਕੱਠੇ ਕਰਨ ਦੇ ਲਾਲਚ ਵਿੱਚ ਹੀ ਮਨੁਖ ਕੁੰਭਕਰਨੀ ਨੀਂਦੇ ਜਾਣ ਬੁਝ ਕੇ ਸਉਂਦਾ ਹੈ। ਇਹ ਇਹਦਾ ਕਰਮ ਮ੍ਰਿਗ ਤ੍ਰਿਸ਼ਨਾ ਵਿੱਚ ਭਟਕਣ ਤੋਂ ਵੱਧ ਕੁੱਝ ਨਹੀਂ। ਦੂਜਾ, ਮਨੁਖ ਸਦਾ ਹੀ ਭੁਲਣਹਾਰ ਹੈ, ਇਹ ਇਹਦੀ ਕੰਮਜ਼ੋਰੀ ਹੈ, ਸਦਕਾ ਜਿਸਦਾ ਇਹ ਵਾਰ ਵਾਰ ‘ਅਸਲ` ਦੇ ਥਾਂ ‘ਨਕਲ` ਨੂੰ ਜੱਫ਼ੇ ਪਾਉਂਦਾ ਹੈ। ਉਪਰ ਅਸੀਂ ਸਾਬਿਤ ਕਰ ਚੁਕੇ ਹਾਂ ਕਿ ‘ਨਕਲ` ਸੌਖੀ ਹੈ, ਇਸ ਵਿੱਚ ਮੁਲੰਮਾ (ਦਿਖਾਵਾ) ਹੁੰਦਾ ਹੈ। ‘ਅਸਲ` ਨੂੰ ਮੁਹੱਈਆ ਕਰਨ ਵਿੱਚ ਖ਼ੂਨ ਪਸੀਨਾ ਇੱਕ ਕਰਨਾ ਪੈਂਦਾ ਹੈ, ਜਿਹੜਾ ਕੰਮ ਹੈ ਹੀ ਔਖਾ। ਜਿਵੇਂ ਪੁਰਾਣੇ ਜ਼ੁਮਾਨੇ ਵਿੱਚ ਭਾਂਡੇ ਕਲੀ ਕੀਤਿਆਂ ਉਹ ਚਮਕ ਪੈਂਦੇ ਸਨ, ਇਵੇਂ ਹੀ ਬਿਪਰ ਸੰਸਕਾਰ ਧਰਮ ਦੇ ਉਚੇ ਅਸੂਲਾਂ ਦੇ ਉਲਟ ਵਗਦੇ ਅਧਰਮੀਆਂ ਦੇ ਆਪ ਮੁਹਾਰੇ ਵੱਗਾਂ ਉਪਰ ਧਰਮੀ ਹੋਣ ਦੀ ਝਾਲ ਫੇਰ ਦਿੰਦਾ ਹੈ। ਇਹੋ ਹੀ ਗੱਲ ਪ੍ਰੋ. ਮਹਿਬੂਬ ਸਾਨੂੰ ਸਮਝਾਉਂਦੇ ਹਨ: “ਧਰਮ ਦੀ ਮੌਲਿਕ ਪ੍ਰਤਿਭਾ ਉੱਤੇ ਅਣਸਿਰਜਣਾਤਮਕ ਤੈਹਾਂ ਜੰਮ ਜਾਂਦੀਆਂ ਹਨ”। ਇਹੋ ਹੀ ਸਾਡੀ ਮੁੱਖ ਸਮੱਸਿਆ ਹੈ ਕਿ ‘ਅਸਲ` ਦੇ ਥਾਂ ‘ਨਕਲ` ਕਿਵੇਂ ਤਿਆਰ ਕੀਤੀ ਜਾਂਦੀ ਹੈ? ਜਾਂ, ਇਹ ਅਣਸਿਰਜਣਾਤਮਕ ਤੈਹਾਂ ਕਿਵੇਂ ਧਰਮ ਉਪਰ ਜੰਮ ਜਾਦੀਆਂ ਹਨ? ਜਿਸਦਾ ਉਤਰ ਪ੍ਰੋ. ਮਹਿਬੂਬ ਜੀ ਦਿੰਦੇ ਕਹਿੰਦੇ ਹਨ ਕਿ ਕਿਸੇ ਧਰਮ ਦੇ ਅਨੁਯਾਈਆਂ ਦੇ ਦਿਲੋਂ ਜਦ ਧਰਮ ਦੇ ਖ਼ਾਲਸ ਦੈਵੀ ਅੰਸ਼ ਅਲੋਪ ਹੋ ਜਾਦੇ ਹਨ ਤਾਂ ਉਨ੍ਹਾਂ ਕੌੰਮਾਂ ਜਾਂ ਲੋਕਾਂ ਦੇ ਦਿਲਾਂ ਅਤੇ ਦਿਮਾਗ਼ਾਂ ਉਤੇ ਅੰਤ੍ਰੀਵ ਅਸੂਲਾਂ ਦੇ ਬੇ-ਸੁਰੇ ਹੋ ਜਾਣ ਦੀ ਵਜਾਹ ਕਰਕੇ ਬੱਜਰ ਤ੍ਰਿਸਕਾਰ (ਆਪਣੇ ਗੁਰੂ ਜਾਂ ਪੀਰ ਦੀ ਮਕੰਮਲ ਬਿ-ਅਦਬੀ) ਹਾਵੀ ਹੋ ਗਿਆ ਹੁੰਦਾ ਹੈ। ਉਨ੍ਹਾਂ ਦੀ ਇਨਸਾਨੀ ਅਕਲ ਵਿੱਚ ਮਸਨੂਈ (ਬਣਾਉਟੀ) ਸ਼ਕਲਾਂ ਬਣ ਖਲੋਂਦੀਆਂ ਹਨ ਸਦਕਾ ਜਿਨ੍ਹਾਂ ਦਾ ਉਚੇ ਅਸੂਲਾਂ ਦਾ ਤੇ ਮੁਰਸ਼ਦ ਜਾਂ ਗੁਰਮੁਖ ਦਾ ਤ੍ਰਿਸਕਾਰ, ਤ੍ਰਿਸ਼ਨਾ ਵਿੱਚ ਡੁੱਬੇ ਤੇ ਤ੍ਰਾਸਦੀ ਦੇ ਸ਼ਿਕਾਰ ਲੋਕ ਅਸਲ ਧਰਮ ਦੇ ਥਾਂ ਬੇਜਾਨ ਤੇ ਫੋਕਾ ਕਰਮਕਾਂਡ ਕਰਦੇ ਹਨ। ਉਨ੍ਹਾਂ ਮਨਮੁਖ ਲੋਕਾਂ ਨੂੰ ਬਿਪਰ ਸੰਸਕਾਰ ਛੇ ਕਿਸਮ ਦੇ (ਸੰਸਾਰ-ਬੁੱਤ, ਭਰਮ-ਬੁੱਤ, ਜਾਦੂ-ਬੁੱਤ, ਕਾਲ-ਬੁੱਤ, ਭੈਅ-ਬੁੱਤ, ਤੇ (ਕਰਮਕਾਂਡ, ਮਿਥਿਹਾਸ ਤੇ ਚਿੰਤਨ ਦੀ ਤ੍ਰਿਮੂਰਤੀ ਚੋਂ ਉਭਰਿਆ) ਗਿਆਨ-ਬੁੱਤ) ਬੁਤਾਂ ਵਿੱਚ ਜਕੜ ਦਿੰਦਾ ਹੈ, ਜਿਥੋਂ ਉਹਨਾਂ ਦੀ ਉਚੀ ਸੁਰਤਿ ਬੇ-ਅਬਾਦ ਜਾਂ ਬੰਜਰ ਹੋ ਜਾਂਦੀ ਹੈ। ਇਹ ਡਿਗਿਆਂ ਢੱਠਿਆਂ ਤੇ ਨੀਵੀਂ ਸੁਰਤੀ ਬਿਰਤੀ ਵਾਲੇ ਮਨਮੁਖ ਲੋਕ ਚਾਰ ਤਰ੍ਹਾਂ ਦੇ ਕੁਕਰਮਾਂ ਚ ਪਰਵਿਰਤ ਹੋ ਜਾਂਦੇ ਹਨ: ਤ੍ਰਿਸ਼ਨਾਵਾਂ, ਸਾਜਿਸ਼ਾਂ, ਕਾਇਰਤਾਵਾਂ, ਰਸਮਾਂ। ਅਜਿਹੇ ਅਧੂਰੇ ਮਨੁਖਾਂ ਦੇ ਹੋਰ ਸੈਆਂ ਚਿਤ੍ਰ ਹੋ ਸਕਦੇ ਹਨ। ਪਰ ਮੋਟੇ ਤੌਰ ਤੇ ਹਿੰਦੂ ਤੇ ਇਸਲਾਮ ਧਰਮ ਚੋਂ “ਵਿਅਕਤੀਗੱਤ ਛਿਦ੍ਰਾਂ ਵਿੱਚ ਬੁਨਿਆਦ ਰਖਦੀ ਸਥਾਨਕ ਪ੍ਰਤੀਤੀ ਤੇ ਉਸ ਵਿਚੋਂ ਜਨਮ ਲੈਂਦੇ ਦੰਭ-ਪਾਸਾਰ” ਦੇ ਤਿੰਨ ਪ੍ਰਮਾਣ ਕਾਜੀ, ਬ੍ਰਾਹਮਣ ਤੇ ਜੋਗੀ ਗੁਰਬਾਣੀ ਚੋਂ ਮਿਲਦੇ ਹਨ: ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆ ਘਾਇ।। ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਉਜਾੜੇ ਕਾ ਬੰਧ।। (ਧਨਾਸਰੀ ਮਹਲਾ ੧)।

ਜੇ ਬਿਪਰ ਸੰਸਕਾਰ ਦਾ ਨਿਸ਼ਾਨਾ ਹੀ ਝੂਠ ਤੂਫਾਨ, ਫ਼ਿਤਨਾਸਾਜ਼ੀ ਤੇ ‘ਅਸਲ` ਦੇ ਥਾਂ ‘ਨਕਲ` ਹੀ ਕਮਾਉਣੀ ਹੈ ਭਾਵ ਧਰਮ ਤਾਂ ਕਮਾਉਣਾਂ ਹੀ ਨਹੀਂ, ਤਦ ਇਸ ਦਾ ਮੰਤਵ ਜ਼ਾਹਰ ਹੀ ਹੈ। ਫੇਰ ਜੇ ਇਸ ਨੂੰ ਕੋਈ ਮਸਨੂਈ ਧਰਮ ਜਾਂ ਕੋਈ ਬਿਪਰ ਦਾ, ਧਰਮ ਦੇ ਨਾਂ ਹੇਠ ਘੜਿਆ ਐਸਾ ਪੀਢਾ ਬਿਪਰ ਸੰਸਕਾਰੀ ਪ੍ਰਬੰਧ ਜਿਹੜਾ ਹਰ ਉਸ ‘ਅਸਲ` ਨੂੰ ‘ਨਕਲ` ਜਾਂ ਬੁੱਤ ਬਣਾ ਕੇ ਹਜ਼ਮ ਕਰ ਜਾਵੇ, ਬਿਪਰ ਮਜ਼੍ਹਬ (ਕਹਿ ਲਓ ਹਿੰਦੂ ਧਰਮ) ਹੀ ਐਸਾ ਮਿਲ ਜਾਵੇ ਜਿਸ ਵਿੱਚ ਇਨ੍ਹਾਂ ਬੁਰਾਈਆਂ ਲਈ ਰਾਹ ਸਾਰੇ ਹੋਰ ਧਰਮਾਂ ਨਾਲੋਂ ਮੋਕਲਾ ਹੋਵੇ ਤਾਂ ਅੰਨ੍ਹਾਂ ਕੀ ਭਾਲ਼ੇ, ਦੋ ਅੱਖਾਂ? ਹਿੰਦੂ ਧਰਮ ਵਿੱਚ ਏਹ ਰਾਹ ਸੌਖਿਆਂ ਹੀ ਉਪਲਬਧ ਹੈ, ਕਿਵੇਂ? ਪ੍ਰੋ. ਮਹਿਬੂਬ ਦਸਦੇ ਹਨ: “ਨਿਰਸੰਦੇਹ, ਹਿੰਦੂ ਧਰਮ ਦੇ ਸੂਖ਼ਮ ਖ਼ਿਆਲ ਨੇ ਸਦੀਆਂ ਦੇ ਲੰਮੇ ਪੈਂਡੇ ਵਿੱਚ ਵੀ ਜੀਵਨ ਵਿਧੀ ਦੀ ਕੋਈ ਪ੍ਰਮਾਣੀਕਤਾ ਸਥਾਪਤ ਨਹੀਂ ਕੀਤੀ। ਨਾ ਇਸ ਨੇ ਕਿਸੇ ਇਲਹਾਮੀ ਕੇਂਦਰ ਦੀ ਅਜਿਹੀ ਪ੍ਰਮਾਣਿਕਤਾ ਦਰਸਾਈ, ਜਿਸ ਵਲ ਧਰਮ ਦੇ ਸੰਯੁਕਤ ਤਰਕ ਨੇ ਵਧਦਿਆਂ ਬਾਹਰਲੀ ਜ਼ਿੰਦਗ਼ੀ ਨੂੰ ਆਪਣੇ ਜੇਡਾ ਹੀ ਵਿਸ਼ਾਲ ਪ੍ਰਮਾਣ ਬਣਾ ਦਿੱਤਾ ਹੋਵੇ”। ਨਾਂ ਜ਼ਰੂਰ ਵੱਡਾ ਹੈ, ਬਹੁ ਗਿਣਤੀ, ‘ਨਕਲ` ਤੇ ਪਖੰਡ ਦੇ ਬਲਬੋਤੇ। ਦੂਜੇ ਲਫਜ਼ਾਂ ਵਿੱਚ ਐਉਂ ਕਹਿ ਲਓ ਕਿ ਹਿੰਦੂ ਧਰਮ ਦੇ ਸਾਰੇ ਗ੍ਰੰਥਾਂ ਤੋਂ ਨਾ ਕੋਈ ਦੈਵੀ ਸਿਖ਼ਰ, ਦੈਵੀ ਖ਼ਿਆਲ ਦੀ ਏਕਤਾ ਤੇ ਇਕਸੁਰਤਾ ਧਾਰਨ ਕੀਤੇ ਇਕੋ ਇੱਕ ਧਰਮ ਗ੍ਰੰਥ ਦੀ ਰਚਨਾ ਹੋਈ, ਜਿਸ ਕੇਂਦਰ ਬਿੰਦੂ ਜਾਂ ਦੈਵੀਪਣ ਦੀ ਸ਼੍ਰੋਮਣੀ ਸਿਖਰ ਤੋਂ ਬਾਹਰਮੁਖੀ ਇਤਿਹਾਸ ਦਾ ਪਰਵਾਹ ਵਗਦਾ ਹੁੰਦਾ। ਭਾਵ ਨਾ ਤਾਂ ਇੱਕ ਧਰਮ ਗ੍ਰੰਥ, ਨਾ ਕੋਈ ਗੁਰੂ ਨਾਨਕ ਦੇ ‘ਗੁਰਮੁਖ` ਵਰਗੀ ਘਾੜਤ ਤੇ ਨਾ ਇਤਿਹਾਸ ਹੀ ਪੈਦਾ ਹੋ ਸਕਿਆ। ਮਿਸਾਲ ਵਜੋਂ, ਭਗਵਤ ਗੀਤਾ ਦੇ ਖ਼ਿਆਲ ਵਿੱਚ ਕਮਾਲ ਦੀ ਪੁਖ਼ਤਗੀ ਤਾਂ ਹੈ ਪਰ ਇਸ ਦੀ ਸੂਖ਼ਮ ਲਿਵ ਜਾਂ ਹਿੰਦੂ ਕੌਮ ਦੀ ਸਮੁਚੀ ਚੇਤਨਾ ਨੇ ਕਿਸੇ ਵਿਸ਼ੇਸ ਸਦੀ ਦੇ ਇਤਿਹਾਸਕ ਅਮਲ ਨੂੰ ਆਪਣੇ ਆਪ ਵਿੱਚ ਢਾਲ ਕੇ ਇੰਞ ਪੇਸ਼ ਨਹੀਂ ਕੀਤਾ ਜਿਵੇਂ ਸ੍ਰੀ ਗੁਰੂ ਗ੍ਰੰਥ ਤੇ ਕੁਰਾਨ ਮਜੀਦ ਨੇ ਆਪਣੀ ਆਮਦ ਦੇ ਨਾਲ ਹੀ ਐਸਾ ਸਿਦਕ ਜਗਾਇਆ ਜਿਸ ਵਿਚੋਂ ਵਿਸ਼ੇਸ਼ ਰੂਹਾਨੀ ਨਕਸ਼ਾਂ ਵਾਲੀਆਂ ਦੋ ਕੌਮਾਂ ਅਜਿਹੇ ਇਤਿਹਾਸ ਲੈਕੇ ਪੈਦਾ ਹੋਈਆਂ ਜੋ ਆਪਣੇ ਮੂਲ ਸਿਦਕ ਦੇ ਪ੍ਰਕਾਸ਼ ਤੋਂ ਬਿਨਾਂ ਕੁੱਝ ਨਹੀਂ। ਕੇਂਦਰੀ ਧਰਮ ਗ੍ਰੰਥ ਜਾਂ ਇਲਹਾਮੀ ਕੇਂਦਰ ਬਣਨ ਦੀ ਇਹ ਸ਼ਰਤ ਹੈ ਕਿ ਉਸ ਦਾ ਖ਼ਿਆਲ ਇਤਿਹਾਸ ਦਾ ਇੱਕ ਪ੍ਰਮਾਣੀਕ ਨਕਸ਼ ਆਪਣੇ ਨਾਲ ਲਿਆਵੇ। ਵੇਦ ਇਹ ਸ਼ਰਤ ਪੂਰੀ ਨਹੀਂ ਕਰਦੇ। ਹਿੰਦੂ ਧਰਮ ਦੀ ਇਸ ਊਣ ਕਾਰਨ ਜਿਥੇ ਹਿੰਦੂ ਦੀ ਸ਼ਖ਼ਸੀ ਤੇ ਸਮਾਜੀ ਜੀਵਨ ਗਤੀ ਵਿੱਚ ਬਿਪਰ ਸੰਸਕਾਰ ਦੀ ਪਰਧਾਨਤਾ ਹੋਣੀ ਜ਼ਰੂਰੀ ਹੈ ਉਥੇ ਇਸ ਵਿੱਚ ਡੂੰਘੀ ਜੜ੍ਹ ਲੱਗੀ ਹੋਣਾ ਵੀ ਓਡਾ ਹੀ ਲਾਜ਼ਮੀ ਹੈ। ਭਾਵ, ਹਿੰਦੂ ਧਰਮ ਨੇ ਸਦੀਆਂ ਵਿੱਚ ਵੀ ਦੈਵੀ ਮਨੁਖ ਦੀ ਬੇ-ਮਿਸਾਲ ਮੌਲਿਕਤਾ ਨੂੰ ਇਤਿਹਾਸ ਵਿੱਚ ਸਥਾਪਿਤ ਨਹੀਂ ਕੀਤਾ। ਇਸ ਲਈ ਇਨਸਾਨੀਅਤ ਦਾ ਸਰਬ ਵਿਜੈਤਾ ਰੂਪ ਜਾਂ ਸ਼੍ਰੋਮਣੀ ਦੈਵੀ ਸਰੂਪ ਇਤਿਹਾਸ ਤੇ ਕਾਲ ਵਿੱਚ ਜੀਵਨ-ਦ੍ਰਿਸ਼ਾਂ ਦੀ ਅਗਵਾਈ ਕਰਦਾ ਨਹੀਂ ਲੱਭਦਾ, ਕਿਉਂਕਿ ਹਿੰਦੂ ਧਰਮ ਵਿੱਚ ਗੁਰੂ ਦੀ ਹੋਂਦ ਅੰਸ਼ੀ ਹੈ, ਸੰਪੂਰਨ ਨਹੀਂ। ਜੇ ਹਿੰਦੂ ਰੱਬ ( ‘ਬ੍ਰਹਮ`) ਦੀ ਅੰਤਮ ਅਸਲੀਅਤ ਵਲ ਨਿਗਾਹ ਮਾਰਦੇ ਹਾਂ ਤਾਂ ਹਿੰਦੂ-ਮਨ ਦੀ ਚੇਤਨਾ ਦੇ ਚਮਤਕਾਰ, ਵੱਧ ਤੋਂ ਵੱਧ ਮਨੋਵਿਗਿਆਨਕ ਯਤਨ ਹੀ ਹਨ। ਹਿੰਦੂ ਮਜ਼ਹਬ ਇੱਕ ਖ਼ਿਆਲੀ ਫਲਸਫਾ ਹੀ ਹੈ, ਬਾਣੀਏ ਦੀ ਤੱਕੜੀ ਦੇ ਹਾਣ ਲਾਭ ਦੇ ਵੱਟਿਆਂ ਦੇ ਤਾਣੇ ਪੇਟੇ ਰਾਹੀਂ, ਬ੍ਰਹਮ ਤੇ ਸ੍ਰਿਸ਼ਟੀ ਦੇ ਖਾਲੀ ਖਾਕਿਆਂ ਦੇ ਸੰਕਲਪਾਂ ਦੀ ਓਟ ਲੈ ਕੇ ਜਨਮਿਆ ਹੈ। ਪੈਗ਼ੰਬਰੀ ਧਰਵਾਸ ਦੀ ਰੱਬੀ ਦ੍ਰਿੜਤਾ ਤੇ ਹੋਂਦ ਤੋਂ ਖਾਲੀ ਬੇਜਾਨ ਅਚਿਹਨਤਾ ਜਾਂ ਗਿਣਤੀ ਮਿਣਤੀ ਦੀ ਬੇਜਾਨ ਸੁੰਨ (ਖ਼ਲਾਅ) ਦੀ ਨਗਨ ਨਿਰਾਕਾਰਤਾ ਦਾ ਰੁੱਖਾ ਫੈਲਾਓ ਹੈ। ਭਾਵ, ਹਿੰਦੂ ਬ੍ਰਹਮ ਇੱਕ ਖੁਸ਼ਕ ਨਿਰਲੇਪਤਾ ਹੈ, ਇਸ ਵਿੱਚ ‘ਕਾਮਲ ਮਿਹਰ` ਉਤਪੰਨ ਨਹੀਂ ਹੋਈ। ਇਹ ਤਰਕਸ਼ੀਲ ਧਿਆਨ ਚੋਂ ਨਿਕਲਅਿਾ ਕਾਲ ਤੇ ਸਥਾਨ ਦੀਆਂ ਚਮਤਕਾਰੀ ਲਕੀਰਾਂ ਦੀ ਸਿਰਜਣਾ ਕਰਨ ਤੇ ਉਨ੍ਹਾਂ ਲਕੀਰਾਂ ਨੂੰ ਤੋੜਨ ਤੋਂ ਪਿਛੋਂ ਹੋਈ `ਚੁੱਪ` ਹੈ। ਲਕੀਰਾਂ ਨੂੰ ਭੁੱਲਣ ਦਾ ਨਾਮ ‘ਸ਼ੂਨ` ਵੀ ਹੈ। ਬਿਪਰ ਸੰਸਕਾਰ ‘ਸ਼ੂਨ` (ਜਾਂ ਸੁੰਨ) ਤਕ ਕਈ ਇਸ਼ਟ ਬਣਾਉਂਦਾ ਹੈ ਤੇ ਆਪਣੇ ਪੈਰੋਕਾਰ ਨੂੰ ਰੱਬੀ ਫ਼ਜ਼ਲ (ਪ੍ਰੇਮ ਤੇ ਦਇਆ) ਤੋਂ ਏਸੇ ਵਜਾਹ ਕਰਕੇ ਸੱਖਣਾ ਰਖਦਾ ਹੈ।

ਦੂਜਾ, ਗਿਆਨ-ਹਉਮੈ ਦੇ ਤੀਬਰ ਖ਼ਿਆਲ ਦੀ ਤਿਕੜੀ (ਗਿਆਨ-ਚਕਸ਼ੂ, ਤਰਕ, ਕਲਪਨਾ) ਦੇ ਤਿਖੇ ਵੇਗ ਰਾਹੀਂ ਜਦ ਹਿੰਦੂ ਧਰਮ ਬ੍ਰਹਮ ਵਲ ਨੂੰ ਉਮਲਦਾ ਤਾਂ ਮਨੁਖੀ ਬੁੱਧੀ ਦੀ ਪਰਾ-ਲਾਲਸਾ ਦਾ ਪ੍ਰਸਾਰ ਕਰਦਾ, ਮਨ ਦੀ ਬਰੀਕੀ ਦਾ ਵਿਸ਼ਾਲ ਘੇਰਾ ਹੀ ਵਗਲ਼ਦਾ ਹੈ। ਬਾਣੀਏ ਦੀਆਂ ਤੇਜ਼ ਤੇ ਤਿੱਖੀਆਂ ਦਿਮਾਗ਼ੀ ਬਾਰੀਕੀਆਂ (ਤਰਕ) ਜਦ ਅਕਾਸ਼ ਪਤਾਲ ਚ ਤ੍ਰਿਖੇ ਵੇਗ ਦੌੜ੍ਹੀਆਂ ਤਾਂ ਸੱਚ ਦੇ ਨਵੇਂ ਤੋਂ ਨਵੇਂ ਨਕਲੀ ਖਾਕੇ ਤਿਆਰ ਹੋਏ, ਕਿਉਂਕਿ ਉਸ ਨੇ ਨਗਨ ਸੱਚ ਤਾਂ ਦੇਖਿਆ ਹੀ ਨਹੀਂ ਸੀ ਜਿਵੇਂ ਕੁੱਲ ਪੈਗ਼ੰਬਰਾਂ ਦੇ ਸਰਦਾਰ, ਗੁ. ਨਾਨਕ ਨੇ ਦੇਖਿਆ ਸੀ। ਤਾਂ ਝੂਠ ਦਾ ਖ਼ਿਆਲੀ ਕੜਾਹ ਕੀਤਾ ਗਿਆ, ਜਿਹੜਾ ਚਾਛਣੀ ਖੁਣੋਂ ਵਿਰਵਾ ਨਾ ਰੱਖਿਆ ਗਿਆ। ਜਿਸ ਦਾ ਮੂਲ ਗਿਆਨ-ਹਉਮੈ ਹੈ। ਇਸ ਵਿੱਚ ਘਟਾਅ ਆਉਣਾਂ ਕੁਦਰਤੀ ਹੈ। ਤਦ ਗਿਆਨ-ਚਕਸ਼ੂ, ਤਰਕ ਤੇ ਕਲਪਨਾ ਸੁਸਤ ਚਾਲ ਚਲਦੇ ਹਨ। ਫਲਸਰੂਪ, ਬ੍ਰਹਮ ਦੀ ਪ੍ਰਥਮ ਅਚਿਹਨਤਾ ਖੁੰਢੀ ਹੋ ਜਾਂਦੀ ਹੈ ਤਦ ਦੂਜੇ ਦਰਜੇ ਦੀ ਅਚਿਹਨਤਾ ਆ ਪੈਦਾ ਹੁੰਦੀ ਹੈ, ਕਿਉਂਕਿ ਖਿਆਲੀ ਕੜਾਹ ਜੁ ਕਰਨਾ ਹੋਇਆ। ਤੇ ਇਸ ਖਿਆਲੀ ਘੋੜ-ਦੌੜ ਚ ਦੈਵੀ ਰੁਤਬੇ ਦਾ ਹੱਕ ਬਾਂਝ ਹੋ ਜਾਂਦਾ ਹੈ। ਉਸ ਨੂੰ ਮੁੜ ਉਸਾਰਨ ਦੀ ਲੋੜ ਪੈਂਦੀ ਹੈ। ਤੀਜਾ, ਉਪਨਿਸ਼ਦਾਂ ( “ਵੇਦਾਂ ਦੇ ਅੰਤਮ ਭਾਗ”) ਦੇ ਬ੍ਰਹਮ ਜਿਸ ਦੀ ਸਾਜਨਾ, ਤੇ ਫੈਲਾਉੇ ਸ਼ੰਕਰਾਚਾਰੀਆ ਨੇ ਕੀਤੀ ਸੀ, ਵੀ ਮਨੁਖੀ ਸਿਮਰਨ ਦਾ ਭਾਗਸਮ (ਥੋੜ੍ਹਾ ਜਿਹਾ) ਇਸ਼ਟ ਹੀ ਹੈ। ਮੁਕਦੀ ਗੱਲ, ਹਿੰਦੂ ਬ੍ਰਹਮ ਵਿੱਚ ਅਚੰਭਾ-ਰਸ, ਨਵੇਂ ਤੋਂ ਨਵੇਂ ਰੂਪਾਂ ਵਿੱਚ ਉਪਲਭਦ ਹੈ। ਇਹ ਅਚੰਭਾ-ਰਸ ਕੌਮ ਦੇ ਸਮੂਹਿਕ ਮਨ ਚ ਆਏ ਤਣਾਅ ਨੂੰ ਸਸਤਾਉਣ (relax) ਨਹੀਂ ਦਿੰਦਾ, ਸਗੋਂ ਆਪਣੀ ਸ਼ਕਲ ਬਦਲ ਲੈਂਦਾ ਹੈ। ਮਨੁਖੀ ਮਨ ਚ ਅਥਾਹ ਤੇ ਵਿਕਰਾਲ ਹਨੇਰਾ ਛਾ ਜਾਂਦਾ ਹੈ ਤੇ ਮਨੁੱਖ ਨੂੰ ਵਡੇਰੀ ਇਕੱਲ ਵਲ ਧਕੇਲ ਦਿੰਦਾ ਹੈ। ਚੌਥਾ, ਇਸ ਮੋੜ ਤੇ ਹਿੰਦੂ ਮਨ, ਉਸੇ ਹੀ ਆਪਣੀ ਤੱਕੜੀ ਵੱਟੇ ਵਾਲ਼ੀ ਪੁਰਾਣੀ ਬਾਣੀਆਂ-ਬ੍ਰਿਤੀ ਰਾਹੀਂ, ਵਿਸ਼ਾਲ ਪੌਰਾਣ ਦੀ ਸਿਰਜਣਾਂ ਕਰਦਾ ਹੈ। ਤੇ ਸਮੇ ਸਥਾਨ ਦੇ ਸੰਦਰਭ ਵਿੱਚ ਇਸ ਨੂੰ ਨਿਰੰਕੁਸ਼ (ਕੁੱਲ) ਮਾਣਤਾ ਦਿੰਦਾ ਹੈ, ਜਿਥੋਂ ਬੁੱਤ ਹਿੰਦੂ ਧਰਮ ਦਾ ਅਤੁੱਟ ਅੰਗ ਸਥਾਪਤ ਹੁੰਦਾ ਹੈ। ਵਰਣ-ਵੰਡ ਦੇ ਕੁਦਰਤ-ਸੁਹਜ ਵਿਹੂਣੇ ਤੇ ਬਿਬੇਕ-ਨਿਰਮਲਤਾ ਸੱਖਣੇ ਬਿੰਬ ਦੇ ਤਰਕ ਨੂੰ ਸਰਬ ਪ੍ਰਵਾਨਗੀ ਦੇਣ ਦੇ ਹਿੰਦੂ ਫੈਸਲੇ ਪਿੱਛੇ ਹਿੰਦੂ ਕੌਮ ਦਾ ਸਦੀਆਂ ਦਾ ਮਨ ਕੰਮ ਕਰ ਰਿਹਾ ਹੈ। ਇਸ ਦੀ ਪੁਸ਼ਾਕ ਦੈਵੀ ਹੈ, ਕਿਉਂ? ਸੰਸਾਰੀ ਅੰਨ੍ਹੇ ਲੋਕਾਂ ਵਲੋਂ ਇਸ ਦੈਵੀਪਣ ਦੇ ਨਕਲੀ ਢੌਂਗ ਨੂੰ ਸੱਚਾ ਮੰਨਣ ਨਾਲ ਹੀ ਇਸ ਨੂੰ ਦੈਵੀ ਪਰਵਾਨਗੀ ਦੀ ਸਨਦ ਮਿਲਣੀ ਹੈ। ਅਸਲ ਵਿੱਚ ਵਰਣ-ਵੰਡ ਦੈਵੀ ਜਾਂ ਅਧਿਆਤਮਕ ਤਰਕ ਚੋਂ ਨਹੀਂ ਉਪਜੀ, ਇਹ ਨਿਰਸੰਦੇਹ ਛਿਦ੍ਰਮਈ, ਸੁਆਰਥੀ ਤੇ ਥੌੜ੍ਹ-ਚਿਰੀ ਹੈ।

ਪੰਜਵੇਂ, ਸ੍ਰਿਸ਼ਟੀ ਉਤਪਤੀ ਵੀ ਥੋੜ੍ਹੇ ਜਹੇ ਫਰਕ ਨਾਲ ਕੀਤੀ ਕਲਪਨਾ ਨੂੰ ਧਰਮ ਨਾਲ ਜੋੜਦੀ ਹੈ। ਜਿਥੋਂ ਨਾਲ਼ ਹੀ ਵਰਣ-ਵੰਡ ਦੀ ਪ੍ਰੇਰਣਾਂ ਤੇ ਪ੍ਰਵਾਨਗੀ ਆ ਜੁੜਦੇ ਹਨ। ਮਨੂ ਸਿਮਰਤੀ (੧-੧-੩੧) ਤੇ ਵਿਸ਼ਨੂੰ ਪੁਰਾਣ ਚੋਂ ਪ੍ਰਮਾਣ ਹਿੰਦੂ ਸ੍ਰਿਸ਼ਟੀ-ਉਤਪਤੀ ਦੇ ਸੰਕਲਪ ਨੂੰ ਜੀਵਨ-ਵਿਗਿਆਨ ਸਿੱਧ ਕਰਦੇ ਹਨ। ਇਉਂ ਹੀ ਹਵਾ-ਰੂਪ ਪਰਜਾਪਤੀ ਦਾ ਪਾਣੀਆਂ ਉਪਰ ਤਰਦਿਆਂ ਕੰਵਲ ਵਿੱਚ ਪ੍ਰਵੇਸ਼ ਤੇ ਧਰਤੀ ਦਾ ਕੁੱਝ ਹਿੱਸਾ ਤੋੜਨਾ, ਇਮਾਰਤ ਕਲਾ ਤੇ ਭੂਗੋਲਕ ਬਿਰਤੀ ਦੇ ਬਿੰਬ ਵਲ ਸੰਕੇਤਕ ਹਨ। ਇਹ ਸਾਰੇ ਬਿਰਤਾਂਤ ਹਿੰਦੂ-ਮਨ ਦੀ ਅੰਤਰਦ੍ਰਿਸ਼ਟੀ ਵਿੱਚ ਰੱਬੀ ਹੁਕਮ ਦੀ ਅਨੰਤਤਾ ਦੇ ਜ਼ੋਰ ਨੂੰ ਖੁੰਢਾ ਕਰਦੇ ਹਨ ਤੇ ਹੁਕਮ ਨੂੰ ਛੋਟੇ ਛੋਟੇ ਘੇਰਿਆਂ ਦਾ ਮੁਥਾਜ ਬਣਾਉਂਦੇ ਹਨ। ਭਾਵ, ਹਿੰਦੂ-ਮਨ ਵਿਚੋਂ ਰੱਬੀ ਹੁਕਮ, ਜੋ ਰੱਬੀ ਬਖਸਿਸ਼ ਦਾ ਇਕਰਾਰ ਹੈ, ਪੂਰਾ ਅਲੋਪ ਤਾਂ ਨਹੀਂ ਪਰ ਆਪਣੀ ਸੁਜੀਵ ਭਰਪੂਰਤਾ ਚ ਮੌਜੂਦ ਨਹੀਂ। ਨਾਲ ਹਿੰਦੂ-ਖ਼ਿਆਲ ਸ੍ਰਿਸ਼ਟੀ ਨੂੰ ਰੱਬੀ ਹੁਕਮ, ਅਨੰਤ ਮੂੰਹੀ ਸਿਰਜਣਾ ਦੀ ਅਦ੍ਰਿਸਟ ਵਿਸਮਾਦ-ਪ੍ਰਕਿਰਿਆ (abstract ecstatic process) ਵਿਚ ਟਿਕਿਆ ਨਹੀਂ ਦਰਸਾ ਸਕਿਆ। ਇਸ ਲਈ ਹਿੰਦੂ-ਮਨ ਅਕਾਲ-ਫ਼ਤਹ ਦੀ ਪਰਵਾਜ਼ ਤੋਂ ਬਹੁਤ ਉਰੇ ਰਹਿ ਜਾਂਦਾ ਹੈ। ਪ੍ਰੋ. ਮਹਿਬੂਬ ਕਹਿੰਦੇ ਹਨ ਕਿ ਸ੍ਰਿਸ਼ਟੀ-ਉਤਪਤੀ ਕਾਲ ਤੇ ਸਥਾਨ ਤੋਂ ਮੁਕਤ ਹੈ ਪਰ ਬਿਪਰ ਸੰਸਕਾਰ ਨੇ ‘ਹੁਕਮ` ਨੂੰ ਦੁਨਿਆਵੀ ਕੀਮਤ ਅਤਾਅ ਕੀਤੀ ਹੈ, ਜਿਸ ਪ੍ਰਵਾਨਗੀ ਨਾਲ ਮਜ਼੍ਹਬੀ ਖ਼ਿਆਲ ਪਦਾਰਥਕ ਨੈਤਿਕਤਾ ਧਾਰਨ ਕਰ ਲੈਂਦਾ ਹੈ। ਅਸਲ ਪ੍ਰਤੀਤੀ ਵਿੱਚ ਇਹ ਗਿਆਨ-ਹਉਮੈ ਦੇ ਘੇਰਿਆਂ ਵਿੱਚ ਖੜੇ ਇਸ਼ਟ ਹਨ। ਜਿਨ੍ਹਾਂ ਤੋਂ ਵਹਿਮ, ਜਾਦੂ-ਲਾਲਸਾ, ਗਿਣਤੀ-ਯੋਜਨਾਵਾਂ ਅਤੇ ਵਿਸ਼ੇਸ਼ ਕਰਮਕਾਂਡੀ ਰਸਮਾਂ ਦਾ ਕੁਦਰਤੀ ਪ੍ਰਸਾਰ ਹੋਵੇਗਾ ਪਰ ਹੁਕਮ ਦੀ ਵਿਸ਼ਾਲਤਾ ਨਾਲ ਵਸਲ ਕਰਦਾ (ਭਾਵ ਈਮਾਨਦਾਰ ਅਭਿਆਸੀ ਜਗਿਆਸੂ ਦਾ) ਮਨ ਇਧਰ ਵਧਣੋ ਅਵੱਸ਼ ਸੰਕੋਚ ਕਰੇਗਾ। ਇਹ ਕਿਉਂ ਇਉਂ ਹੈ? ਦਾ ਵੀਚਾਰ ਪੁਰਾਣ ਦੇ ਪ੍ਰਤੀਕ ਚੋਂ ਭਲੀ ਭਾਂਤ ਉਪਲਭਦ ਹੈ।

ਕਿਉਂਕਿ, ਪ੍ਰਤੀਕ ਦਾ ਸਰੀਰ ਅੰਦਰਲੇ ਆਦਰਸ਼ ਤੋਂ ਛੋਟਾ ਹੁੰਦਾ ਹੈ। ਇਸ ਲਈ, ਹਿੰਦੂ ਮਨ ਪੁਰਾਣ ਦੇ ਪ੍ਰਤੀਕਾਂ ਦੇ ਪਿੰਡੇ ਵਿੱਚ ਫਜ਼ੂਲ ਚੀਜ਼ਾਂ ਵਲ ਖਿਚਿਆ ਜਾਂਦਾ ਹੈ ਤੇ ਉਸ ਦੀ ਨਿਗਾਹ ਉਨ੍ਹਾਂ ਉਪਰ ਟਿਕ ਜਾਂਦੀ ਹੈ। ਬਾਹਰਲੀਆਂ ਫਜ਼ੂਲ ਚੀਜ਼ਾਂ ਨਾਲ ਵਫ਼ਾ ਪਾਲਦਾ ਹੈ। ਆਤਮਕ ਤਰਲਤਾ ਨਾਲੋਂ ਖਲੋਤੀ ਜੜ੍ਹਤਾ ਨੂੰ ਚਾਹੁੰਦਾ ਹੈ। ਰਬੀ ਕਰਮ ਨਾਲੋਂ ਕ੍ਰਿਸ਼ਮੇ ਨੂੰ ਤਰਜੀਹ ਦਿੰਦਾ। ਆਦਰਸ਼ ਦੀ ਥਾਂ ਕਰਮ-ਕਾਂਡੀ ਕਾਰੀਗਰੀ ਪਿੱਛੇ ਭੱਜਦਾ ਹੈ। ਪਿਆਰੇ ਦੇ ਵਸਲ ਨਾਲੋਂ ਬੇਬੁਨਿਆਦ ਅਚੰਭੇ ਦੀ ਧੁੰਦ ਚ ਖੇਡਣਾਂ ਪਸੰਦ ਕਰਦਾ ਹੈ। ਇਉਂ ਬਿਪਰ ਸੰਸਕਾਰ ਜਾਦੂ ਟੂਣਿਆਂ ਨੂੰ ਯਥਾਥਕ ਜੀਵਨ ਵਿੱਚ ਵਰਤਣੋ ਸੰਕੋਚ ਨਹੀਂ ਕਰਦਾ ਜਿਵੇਂ ਜਨਮੇਜੇ ਦੁਆਰਾ ਆਪਣੇ ਸਰਪ-ਜੱਗ ਵਿੱਚ ਕੀਤੇ ਜਾਦੂ-ਟੂਣੇ, ਪ੍ਰੀਛਤ ਦੇ ਤਕਸ਼ਕ ਨਾਗ ਤੋਂ ਬਚਣ ਲਈ ਕੀਤੇ ਗਏ ਸਨ। ਇਥੋਂ ਸਾਬਿਤ ਹੋਇਆ ਕਿ ਬਿਪਰ ਸੰਸਕਾਰ ਪਹਿਲਾਂ ਆਤਮਕ ਸਮਰੱਥਾ ਤੋਂ ਹੀਣਾਂ ਕਰਦਾ ਹੈ। ਫੇਰ ਉਸ ਬਲਹੀਣਤਾ ਦਾ ਲਾਭ ਉਠਾਉਂਦਾ ਹੈ ਜਿਵੇਂ ਚੁਰਾਸੀ ਦੇ ਘਲੂਘਾਰੇ ਤੋਂ ਬਾਦ ਬਿਪਰ ਸੰਸਕਾਰ ਦੇ ਯੰਤਰ, ਅਖੌਤੀ ਸਿਖ, ਕੁਲਦੀਪ ਬਰਾੜ ਨੇ ਮਿਲਟਰੀ ਜ਼ੋਰ ਦੇ ਬਲਬੋਤੇ ਸਿੱਖ ਸੰਗਤਾਂ ਦੀ ਥਾਂ ਡਰੂ ਗਿ. ਪੂਰਨ ਸਿੰਘ (ਲਵ-ਕੁਸ਼ ਦੀ ਔਲਾਦ; ਦੇਖੋ ਸਫਾ ੧੪, ਤਬੈ ਰੋਸ ਜਾਗਿਓ, ਡਾ. ਸੁਖਪ੍ਰੀਤ ਸਿੰਘ ਉਦੋਕੇ) ਤੇ ਗਿ. ਕਿਰਪਾਲ ਸਿੰਘ ਆਦਿ ਉਪਰ ਦਬਾ ਪਾਕੇ ਕੰਮ ਕਢਾ ਲਿਆ, ਭਾਵ, ਖ਼ਾਲਸਾ ਪੰਥ ਦੀ ਖ਼ਾਲਸਈ ਮਰਜ਼ੀ, ਰੱਬੀ ਮਰਜ਼ੀ ਜਾਂ ਆਗਿਆ ਨੂੰ ਬਿਪਰ ਸੰਸਕਾਰੀ ਛਲ ਨਾਲ ਬਾਈਪਾਸ ਕਰ ਲਿਆ। ਵਰ ਤੇ ਸਰਾਪ ਤੇ ਉਪਰ ਪ੍ਰਕਿਰਤਕ ਸ਼ਕਤੀ ਦੇ ਦਿਖਾਵੇ ਆਦਿ ਨੂੰ ਵੀ ਆਦਰਸ਼ ਦੀ ਉਚਤਾ ਦੇ ਥਾਂ ਤਰਜੀਹ ਪਦਾਰਥਕ ਲਾਲਸਾ ਦੀ ਪ੍ਰਾਪਤੀ ਕਰਕੇ ਦਿੰਦਾ ਹੈ। ਇਸ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਮਹਾਂਭਾਰਤ ਵਿਚ, ਮਾਂਡਪ ਰਿਸ਼ੀ ਸੂਲੀ ਉਪਰ ਭਜਨ ਕਰਨ ਦੀ ਸਜ਼ਾ ਭੁਗਤਦਾ ਹੈ। ਇਨ੍ਹਾਂ ਮਿਸਾਲਾਂ ਦੀਆਂ ਕਥਾ-ਰੂਪ ਨਕਲਾਂ (Mock Heroic) ਨੂੰ ਧਰਮ-ਆਦਰਸ਼ ਬਣਾਉਣ ਦੀ ਭਾਵਨਾ ਹਿੰਦੂਤਵ ਦੀ ਮੁੱਢ ਦੀ ਖਸਲਤ ਹੈ, ਕਿਉਂਕਿ ਇਨ੍ਹਾਂ ਵਿੱਚ ਬਿਪਰ ਸੰਸਕਾਰ ਦੇ ਖੋਟ ਦੀ ਰਲਾਵਟ ਹੈ। ਹਿੰਦੂ ਅਵਤਾਰ, ਦੇਵਤੇ, ਜੱਛ, ਗੰਧਰਵ, ਦੇਵੀਆਂ, ਤੇ ਰਾਖਸ਼ਸ਼ ਇੱਕ ਪਾਸੇ ਖ਼ਾਸ ਨਿਯਮਾਂ ਦੁਆਰਾ ਮਨੁਖੀ ਚੇਤਨਾ ਤੇ ਬ੍ਰਹਮ ਦੇ ਵਿਸ਼ੇਸ਼ ਪ੍ਰਭਾਵਾਂ ਨੂੰ ਉਜਾਗਰ ਕਰਦੇ ਹਨ ਦੂਜੇ ਪਾਸੇ ਸੰਸਾਰੀ ਸਥਾਨਕ ਤੱਥਾਂ ਨਾਲ ਜੁੜੀਆਂ ਭਾਵਨਾਵਾਂ ਦੀ ਖਿੱਚ ਵਿੱਚ ਆ ਜਾਂਦੇ ਹਨ। ਮਸਲਨ, ਵਰਦਾਨ ਦੀ ਮੰਗ ਤੇ ਸਰਾਪ ਦੇਣ ਦੇ ਪਿਛੇ ਕੰਮ ਕਰ ਰਹੀ ਪਦਾਰਥਕ ਲਾਲਸਾ ਅਤੇ ਉਪਰ-ਪ੍ਰਕਿਰਤਕ ਸ਼ਕਤੀ ਆਦਿ ਹੁੰਦੇ ਹਨ, ਭਾਵੇਂ ਇਹ ਦੋਵੇਂ ਪਦਾਰਥਕ ਸੰਸਾਰ ਦਾ ਬਿਨਸਨਹਾਰ ਛਲਾਵਾ ਹਨ। ਇਥੋਂ ਤੱਕ ਕਿ ਹਿੰਦੂ ਧਰਮ ਵਿੱਚ ਦੈਵੀ ਤ੍ਰਿਖਾ ਤੇ ਸੰਸਾਰਕ ਪ੍ਰਾਪਤੀਆਂ ਬੇਪਛਾਣ ਹੋ ਕੇ ਇੱਕ ਦੂਸਰੇ ਦੀ ਥਾਂ ਲੈ ਲੈਂਦੀਆਂ ਹਨ। ਜਿਵੇਂ ਤਪ ਦਾ ਮੂਲ ਸ੍ਰੋਤ ਆਤਮਕ ਨਹੀਂ ਸੰਸਾਰਕ ਹੈ, ਮਸਲਨ, ਵਿਸ਼ਵਾਮਿਤਰ ਦਾ ਤਪ (ਕਾਂਡ, ੫੨-੬੫ ਬਾਲਮੀਕੀ ਰਾਮਾਇਣ) ਜਿਹੜਾ ਬਦਲੇ ਦੀ ਭਾਵਨਾ ਚੋਂ ਜਨਮਿਆ। ਯਗ ਦੀਆਂ ਕਰਮਕਾਂਡੀ ਗੁੰਝਲਦਾਰ ਵਿਧੀਆਂ ਤੇ ਉਨ੍ਹਾਂ ਨਾਲ਼ ਜੁੜੇ ਵਹਿਮ ਮੈੱਕਬੈੱਥ (Macbeth) ਦੀਆਂ ਕਾਲੀਆਂ ਰੂਹਾਂ (witches & Hecate) ਦੀ ਟੂਣਾ ਸਮਿਗ੍ਰੀ ਆਦਿ ਨੂੰ ਫਜ਼ੂਲ ਵਹਿਮ-ਧੁੰਦ ਨੇ ਘੇਰਾ ਪਾਇਆ ਹੋਇਆ ਹੈ ਜਿਥੋਂ ਖ਼ਾਲਸ ਚੀਜ਼ ਲੱਭਣੀ ਔਖੀ ਹੁੰਦੀ ਹੈ। ਯਗ ਦੀ ਤਹਿ ਵਿੱਚ ਵਿਵਹਾਰਿਕ, ਸਰੀਰਕ, ਆਰਥਿਕ ਅਤੇ ਰੂਹਾਨੀ ਮੰਗਾਂ ਨੂੰ ਇਕੋ ਵਿਧੀ ਵਿੱਚ ਪ੍ਰੋ ਦਿੱਤਾ ਗਿਆ ਹੈ। ਭਾਵ, ਯਗ ਵਿਧੀ ਅਧਿਆਤਮਕ ਪਹਿਲੂ ਨਾ ਪ੍ਰਾਪਤ ਕਰ ਸਕੀ। ਫੇਰ ਯਗ ਨਾਲ ਪਦਾਰਥਕ ਸਮਿਗ੍ਰੀ ਜੁੜੀ ਹੋਈ ਹੈ। ਪੁਰਾਣਾਂ ਵਿੱਚ ਇਹੋ ਅਧਿਆਤਮਕ ਪਹਿਲੂ ਹੋਰ ਸੁੰਗੜ ਜਾਂਦੇ ਹਨ। ਭਾਵ ਹਿੰਦੂ ਕੌਮ ਦੀ ਇਤਿਹਾਸਿਕ ਗਤੀ ਵਿੱਚ ਕਦੀ ਵੀ ਐਸਾ ਮੋੜ ਨਹੀਂ ਆਇਆ, ਜਦ ਇਨਸਾਨੀਅਤ ਨੇ ਇੱਕ ਦੈਵੀ ਸਿਖਰ ਰਾਹੀਂ ਸੰਯੁਕਤ ਇਤਿਹਾਸ ਆਪਣੇ ਕੇਂਦਰ ਦੂਆਲੇ ਪੈਦਾ ਕੀਤਾ ਹੋਵੇ ਜਾਂ ਹਿੰਦੂ ਧਰਮ ਦਾ ਸੰਪੂਰਨ ਸਰੀਰ ਬਣਿਆ ਹੋਵੇ ਕਿਉਂਕਿ ਬਿਪਰ ਸੰਸਕਾਰ ਨੇ ਉਸ ਨੂੰ ਖਾਸ ਸੀਮਤ ਘੇਰਿਆਂ ਵਿੱਚ ਖੰਡਿਤ ਹੀ ਰੱਖਿਆ ਹੈ। ਅਨੇਕਾਂ ਮਿਸਾਲਾਂ ਹਨ ਜਿਵੇਂ: ਸ੍ਰੀ ਕ੍ਰਿਸ਼ਨ ਜੀ ਦਾ ਬਹੁਤ ਸਾਰਾ ਕਰਮ ਅਜਿਹੀ ਚੇਤਨਾ ਚੋਂ ਨਿਕਲਿਆ ਜੋ ਕਿ ਨਿਯੋਗ (ਗ਼ਲਤ, ਅਣ-ਉਚਿਤ) ਵਿਧੀ ਦੀ ਅਸ਼ਲੀਲਤਾ ਦਾ ਪਾਲਣ ਕਰਦੀ ਹੈ, ਆਦਿ; ਜਿਨ੍ਹਾਂ ਤੋਂ ਸਾਬਿਤ ਹੈ ਕਿ ਆਤਮਕ ਤ੍ਰਿਖਾ ਨੂੰ ਪਦਾਰਥਕ ਲਾਲਸਾ ਵਿੱਚ ਬਦਲ ਦੇਣ ਵਾਲੀ ਬਿਪਰ-ਸੰਸਕਾਰਿਕ ਸ਼ਕਤੀ ਨੇ ਹਿੰਦੂ ਧਰਮ ਦੇ ਮਹਾਨ ਅਵਤਾਰਾਂ ਦੇ ਸ਼ੁਧ ਆਦਰਸ਼ਾਂ ਵਿੱਚ ਅਸ਼ੁਧ ਲਾਲਸਾਵਾਂ ਦਾ ਮਿਸ਼ਰਣ ਕੀਤਾ, ਜਿਵੇਂ ਉਪਰ ਵੀ ਆ ਚੁਕਾ ਹੈ। ਇਸ ਤ੍ਰਿਸਕਾਰਤ ਤੇ ਧ੍ਰਿਕਾਰਤ ਨਿਸ਼ੇਧ (ਵਰਜਿਤ, ਭੈੜੀ, ਰੱਦ ਕੀਤੀ ਹੋਈ) ਗਤੀ ਦੇ ਇਸ ਅਣਸਿਰਜਨਾਤਮਕ ਪਹਿਲੂ ਨੇ ਹਿੰਦੂ ਧਰਮ ਦੇ ਕੇਂਦਰ ਵਿੱਚ ਇਨਸਾਨੀ ਰੂਪ ਵਾਲੇ ਅਕਾਲ ਫ਼ਾਤਹ (ਜੇਤੂ) ਨੂੰ ਸਥਾਪਿਤ ਨਹੀਂ ਹੋਣ ਦਿੱਤਾ, ਕਿਉਂਕਿ ਇਨ੍ਹਾਂ ਦੇ, ਜਿਵੇਂ ਉਪਰ ਕਥਿਤ, ਅਵਤਾਰ ਅੰਸ਼ੀ ਅਵਤਾਰ ਹੀ ਹਨ। ਇਸ ਲਈ ਹਿੰਦੂ ਕਰਮ-ਗਤੀ ਬਿਪਰ ਸੰਸਕਾਰ ਦੀ ਢੀਠ ਪਦਾਰਥਕ ਲਾਲਸਾ ਤੇ ਲਿੰਗ ਅਸ਼ਲੀਲਤਾ ਚ ਗ੍ਰਸੀ ਗਈ। ਦੈਵੀ ਲਫ਼ਜ਼ਾਂ, ਬਿੰਬਾਂ, ਪ੍ਰਤੀਕਾਂ ਤੇ ਮਿੱਥਾਂ ਨੂੰ ਪਦਾਰਥਕ ਲਾਲਸਾ ਦੀ ਦੁਕਾਨਦਾਰੀ ਰਾਹੀਂ ਪੇਟ ਪੂਰਤੀ ਦਾ ਬਹਾਨਾ ਬਣਾ ਲਿਆ ਗਿਆ।

ਆਤਮਕ ਰਸਤੇ ਦੇ ਪੰਧਾਊਆਂ ਨੂੰ ਬ੍ਰਹਮ ਜਾਂ ਆਪਣੇ ਅੰਤਮ ਇਸ਼ਟ ਨਾਲ ਪੂਰਣ ਤਾਲ ਮੇਲ ਹੋ ਸਕਣ ਤੋਂ ਪਹਿਲਾਂ ਬਿਪਰ ਸੰਸਕਾਰ ਹਿੰਦੂ ਧਰਮ ਨੂੰ ਤਿੰਨ ਮੁਖ ਧਰਾਤਲਾਂ ਉਤੇ ਚਲਾਉਂਦਾ ਹੈ:

ੳ) ਜਿਥੋਂ ਹੱਦ ਤਕ ਹਿੰਦੂ ਅਚਿਹਨਤਾ ਦਾ ਪਰਾ-ਦੇਸ ਦੀਆਂ ਕੰਨਸੋਆਂ ਜਾਂ ਬ੍ਰਹਮ ਰਮਜ਼ਾਂ ਦੀ ਗੱਲ ਹੈ, ਹਿੰਦੂ ਕਿਤਾਬਾਂ ਭਰੀਆਂ ਪਈਆਂ ਹਨ। ਇਹ ਬਿਆਨ ਅੰਤਿਮ ਅਸਲੀਅਤ ਦੇ ਬੇਦਾਗ਼ ਪਹੁ-ਫੁਟਾਲ਼ੇ ਦੇ ਦਿਸਹੱਦਿਆਂ ਨੂੰ ਜ਼ਰੂਰ ਛੋਂਹਦੇ ਹਨ, ਪਰ ਜ਼ਿੰਦਗੀ ਦਾ ਨਿਸਚਿਤ ਸਿਦਕ ਨਹੀਂ ਬਣਾਉਣ ਦੇ ਸਮਰੱਥ। ਜਿਸ ਕਰਕੇ ਕਣਾਦ, ਕਪਿਲ, ਭਗਵਤ ਦੇ ਕ੍ਰਿਸ਼ਨ ਦੀ ਸਰਬ ਵਿਆਪਕ ਨਿਰਾਕਾਰਤਾ, ਉਪਨਿਸ਼ਦਾਂ ਦੇ ਬ੍ਰਹਮ ਦੀ ਕਲਪਨਾ (ਸ਼ੰਕਰਚਾਰੀਆ ਦੁਆਰਾ) ਰੱਬੀ ਕਰਮ ਤੇ ਬਖ਼ਸ਼ਿਸ਼ ਨਾਲ ਜੁੜੀ ਅਕਾਲ ਫ਼ਤਹ ਦੇ ਮਨੁੱਖੀ ਕੇਂਦਰ ਦੀ ਅਣਹੋਂਦ ਕਾਰਨ ਤਰਕ (ਦਿਮਾਗ਼ੀ ਅਕਲ) ਦੀਆਂ ਬਾਰੀਕੀਆਂ ਹਿੰਦੂ ਕੌਮ ਦੀਆਂ ਇਸ਼ਟ ਬਣ ਗਈਆਂ। ਰੱਬ ਲਕੀਰਾਂ ਵਿੱਚ ਬਦਲ ਲਿਆ ਗਿਆ। ਲਕੀਰਾਂ ਦਾ ਫੈਲਾਅ ਸਮੁਚੀ ਮਨੁਖੀ ਰਸਿਕਤਾ ਦਾ ਭਾਰ ਨਾ ਉਠਾ ਸਕਿਆ। ਬਿਪਰ ਸੰਸਕਾਰ ਦੀ ਬੇਲੋੜੀ ਪਕੜ ਕਰਕੇ ਤਰਕ ਬਾਰੀਕੀਆਂ (ਦਿਮਾਗ਼ੀ ਅਕਲ ਦੀਆਂ ਪੇਚੀਦਾ ਘੁੰਤਰਬਾਜ਼ੀਆਂ) ਰੱਬ ਦੇ ਅਗੰਮੀ ਕੰਢੇ (ਛੋਰ) ਉਤੇ ਪਹੁੰਚ ਕੇ ਵੀ ਆਪਣੇ ਛੋਟੇਪਨ (ਗਿਆਨ ਹਉਮੈ) ਤੋਂ ਨਿਜਾਤ ਨਾ ਪਾ ਸਕੀਆਂ।

ਅ) ਬਿਪਰ ਸੰਸਕਾਰ ਜਗਿਆਸੂ ਲਈ ਗਿਆਨ ਦੇ ਵਾਧੇ ਨਾਲ ਪਹਿਲਾਂ ਅਚੰਭਾ ਪੈਦਾ ਕਰਦਾ ਹੈ ਫੇਰ, ਉਪਰਪ੍ਰਤਿਕ (ਗੁਪਤ ਜਾਂ ਗੈਬੀ) ਸ਼ਕਤੀ-ਲਾਲਸਾ ਦੇ ਰਾਹ ਉਤੇ ਤੁਰਿਆ ਰਿਧੀਆਂ ਸਿਧੀਆਂ ਦੀ ਲਾਲਸਾ ਕਰਦਾ, ਭਾਵੇਂ ਕਿਸੇ ਤਰੀਕੇ (ਯੋਗ, ਸ਼ਾਕਿਤ ਜਾਂ ਤਾਂਤ੍ਰਿਕ) ਮੁਹੱਈਆ ਕੀਤੀਆਂ ਹੋਣ, ਰੱਬੀ ਹੁਕਮ ਦੀ ਨਕਲ ਹੀ ਕਰਦਾ ਹੈ। ਰੱਬੀ ਸ਼ਕਤੀ ਦੀ ਅਗੰਮਤਾ ਦੇ ਮੁਕਾਬਲੇ ਵਿੱਚ ਇਉਂ, ਅਲਪ ਮਨੋਰਥ ਰਖਣ ਵਾਲੇ ਬੁੱਤ ਹੀ ਸਾਜਦਾ ਹੈ।

(ੲ) ਜਦ ਅਚੰਭਾ ਰਸ ਦੇ ਮੁਢਲੇ ਛੇ ਥੰਮਾਂ (ਦੇਵਤੇ, ਦੇਵੀਆਂ, ਅਵਤਾਰ, ਗਿਆਨ-ਸੰਕਲਪ, ਥਾਂ ਤੇ ਸਮੇਂ ਦੇ ਫੈਲਾਉ, ਸ਼ਕਤੀ-ਲਾਲਸਾਵਾਂ) ਨੇ ਰੱਬੀ ਹੁਕਮ ਦੀ ਥਾਂ ਲੈ ਲਈ ਤਾਂ ਹਿੰਦੂ-ਇਸ਼ਟ ਸੰਸਾਰਕ ਸੁਆਰਥ ਦੀ ਗ਼ੁਲਾਮੀ ਕਰਨ ਲਗ ਪਏ। ਫਲਸਰੂਪ, ਗ਼ੈਬੀ ਹੁਸਨ ਦੇ ਨਜ਼ਾਰੇ ਦੂਰ ਹੁੰਦੇ ਗਏ। ਸਿਮਰਨ, ਬੰਦਗੀ ਦੀ ਤਰਲਤਾ ਸੁਆਰਥ ਭਰੇ ਮੰਤ੍ਰਾਂ ਵਿੱਚ ਜਾਮ ਹੋ ਗਈ। ਹਿੰਦੂ ਸਮੂਹ (ਲੋਕਾਂ) ਕੋਲ ਅਰਦਾਸ ਕਰਨ ਦਾ ਬੱਲ ਨਾ ਰਿਹਾ। ਬੱਸ, ਅਚੰਭਾ ਹੀ ਰੱਬ ਦੀ ਪਛਾਣ ਰਹਿ ਗਈ। ਉਪਰੋਂ ਉਪਰੋਂ ਰੰਗ ਦੈਵੀ ਜ਼ਰੂਰ ਰਿਹਾ, ਪਰ ਅੰਦਰੋਂ ਰੁਚੀ ਵਿਵਹਾਰਿਕ ਹੀ ਰਹੀ। ਉਚੇ ਰੂਹਾਨੀ ਨਿਯਮ-ਪ੍ਰਬੰਧ ਨਾਲੋਂ ਹਿੰਦੂ ਸਮਾਜ ਦਾ ਤੇ ਆਮ ਲੋਕਾਂ ਦਾ ਸੰਬੰਧ ਟੁਟ ਗਿਆ। ਕਠੋਰਤਾ, ਅਸ਼ਲੀਲਤਾ, ਕੋਹਜ ਨੇ ਧੁਰ ਅੰਦਰ ਘਰ ਕਰ ਲਿਆ। ਸਾਰਾ ਅਥਰਵ ਵੇਦ ਅਜਿਹੇ ਪ੍ਰਮਾਣਾਂ ਨਾਲ ਭਰਿਆ ਪਿਆ ਹੈ। ਇਸ ਦੰਭ ਤੇ ਢੀਠ ਅਸ਼ਲੀਲਤਾ ਨੇ ਧਾਰਮਿਕ ਖੇਤਰ ਵਿੱਚ ਝੂਠ, ਕਪਟ, ਨਿਰਦਾਇਤਾ ਨੂੰ ਐਸੀ ਖੁਲ੍ਹ ਦਿੱਤੀ, ਜਿਸ ਦੀਆਂ ਦੋ ਮਿਸਾਲਾਂ ਹੀ ਇਥੇ ਦਿੰਦੇ ਹਾਂ: ਨਾਂ ਦੇ ਮਰਯਾਦਾ ਪੁਰਸ਼ੋਤਮ, ਸ੍ਰੀ ਰਾਮ ਚੰਦਰ ਨੇ ਬ੍ਰਾਹਮਣ ਦਾ ਮੁੰਡਾ ਜੀਂਦਾ ਕਰਨ ਲਈ ਸ਼ੂਦਰ ਦਾ ਸਿਰ ਕੱਟਿਆ। ਦੂਜਾ, ਕ੍ਰਿਸ਼ਨ ਦਾ ਜੈਦਰਥ ਨੂੰ ਭੁਲੇਖੇ ਦੀ ਆੜ ਚ ਮਰੁਵਾਉਣਾਂ। ਇਉਂ ਬ੍ਰਾਹਮਣ ਦੀ ਸਰਦਾਰੀ ਕਾਇਮ ਕੀਤੀ ਜਿਹਨੂੰ ਮਨੂ-ਸਿਮ੍ਰਤੀ ਤਰਤੀਬ ਵਿੱਚ ਪ੍ਰੋਂਦੀ ਹੈ। ਭਾਵ, ਇਸ ਮਜ਼੍ਹਬ ਦਾ ਸਾਰਾ ਦੈਵੀ ਚੌਖਟਾ ਬੇਜਾਨ ਹੈ, ਅਸਲ ਦੀ ਸੁੰਗੜੀ ਤੇ ਚਾਲਾਕ ਨਕਲ ਹੈ। ਬਿਪਰ ਸੰਸਕਾਰ ਨੂੰ ਅਸਲ ਨਾਲ ਕੀ ਵਾਸਤਾ, ਉਹ ਨੂੰ ਨਕਲ ਮੰਨਜ਼ੂਰ ਹੈ ਬਸ਼ਰਤ ਕਿ ਉਹ ਦੁਨਿਆਵੀ ਕਾਮਯਾਬੀ ਦੀ ਜ਼ਾਮਿਨ ਬਣੇ। ਸੱਚ ਤਾਂ ਇਹ ਹੈ ਕਿ ਬਿਪਰ ਸੰਸਕਾਰ ਹਰ ਪਦਾਰਥਕ ਲਾਲਸਾ ਨਾਲ ਰੱਬੀ ਪਿਛੋਕੜ ਦੀ ਇੱਕ ਵਿਸ਼ੇਸ਼ ਨਕਲ ਪਹਿਲਾਂ ਹੀ ਤਿਆਰ ਰਖਦਾ ਹੈ।

ਬਿਪਰ ਸੰਸਕਾਰ ਨੇ ਇਉਂ, ਖ਼ਾਲਸ ਰੂਹਾਨੀ ਰਾਹ ਧੁੰਧਲਾ ਕਰ ਦਿੱਤਾ ਕਿ ਪੂਜਾ ਦੇ ਇਸ਼ਟ ਜ਼ਮੀਨ ਦੇ ਤੱਤ ਸਮੂਹਾਂ ਤੋਂ ਅਰੰਭ ਹੋ ਕੇ ਵਿਗੜੇ ਲਿੰਗ ਸੁਆਦਾਂ ਦੀ ਸਥੂਲਤਾ ਤੱਕ ਜਾ ਪਹੁੰਚੇ। ਅਰਦਾਸ ਤੇ ਖ਼ੁਸ਼ਾਮਦ ਵਿੱਚ ਭੇਦ ਨਾ ਰਿਹਾ। ਬ੍ਰਹਮ ਦੀ ਸਿਫਤ (ਉਪਨਿਸ਼ਦਾਂ) ਤੇ ਸੱਪਾਂ ਦੀ ਸਿਫਤ ਵਿੱਚ ਫਰਕ ਮਿਟ ਗਿਆ। ਇਸ ਸਾਰੇ ਨੂੰ ਹਿੰਦੂ ਸਮਾਜ ਦੀ ਮਕਬੂਲੀਅਤ ਹਾਸਿਲ ਹੋਣ ਦਾ ਸਿੱਧਾ ਅਰਥ ਨਿਕਲਿਆ ਕਿ “ਦੈਵੀ ਪ੍ਰਬੰਧ ਭ੍ਰਿਸ਼ਟਾਚਾਰ ਨਾਲ ਭਰ ਗਿਆ। ਅਧਿਆਤਮਕ ਨਿਰਮਲਤਾ ਸਰੀਰਕ ਤ੍ਰਿਸ਼ਨਾਵਾਂ ਦੇ ਗਾੜ੍ਹੇਪਣ ਹੇਠ ਦੱਬ ਗਈ”। ਅਜਿਹੇ ਨਿੰਦਣ ਯੋਗ (ਨਿਯੋਗ) ਤੇ ਧ੍ਰਿਕਾਰੇ ਨਕਲੀ ਜਨੂੰਨ ਤੇ ਵਿਗੜੇ ਲਿੰਗ ਸੁਆਦਾਂ ਤੇ ਖਰ੍ਹਵੀਂ ਅਸ਼ਲੀਲਤਾਵਾਂ ਦੀਆਂ ਪੁਰਾਣਿਕ ਮਿਸਾਲ਼ਾਂ ਵਿੱਚ ਨਿਯੋਗ ਵਿਧੀ ਲਿੰਗ-ਪੂਜਾ ਹੋ ਕੇ ਪਥਰਾ ਗਈ ਤੇ ਜਿਹੜੀ ਤਾਂਤ੍ਰਿਕ ਸੰਪਰਦਾਇ (ਜਿਹਦੇ ਕਵੀ ਲਿਖਾਰੀਆਂ ਨੇ ਦਸਮ ਗ੍ਰੰਥ ਦੀ ਕੱਚੀ ਬਾਣੀ ਦੇ ਅਸ਼ਲੀਲ ਢੇਰਾਂ ਦੇ ਢੇਰ ਰਚ ਮਾਰੇ) ਦੀ ਨਸ਼ੀਲੀ ਵੀਭੱਤਸਾ (ਰੋਗੀ ਮਾਨਸਿੱਕਤਾ, ਗੁਪਤ ਜ਼ਾਲਮਤਾਈ, ਜ਼ੁਲਮੀ ਕਾਰਿਆਂ) ਨਸ਼ਿਆਂ ਨੂੰ ਉਤੇਜਿਤ ਕਰਨ ਲੱਗੀ। ਭਾਵ, ਬਿਪਰ ਸੰਸਕਾਰ ਨੇ ਸਮੂਹਿਕ ਹਿੰਦੂ ਮਨ ਨੂੰ ਅੰਤਮ-ਹੈ ਦਾ ਰੱਬੀ ਧਰਵਾਸ ਕਦੇ ਨਾ ਆਉਣ ਦਿੱਤਾ। ਰੱਬ ਦੀ ਹੋਂਦ ਸ਼ੂਨਯਤਾ (ਖਾਲੀਪਣ, ਸੁੰਨ) ਦੀਆਂ ਹੱਦਾਂ ਛੋਂਹਦੇ ਸਮੇਂ ਤੇ ਸਥਾਨ ਦੇ ਭੀਸ਼ਣ (ਡਰਾਉਣੇ, ਔਖੇ) ਫੈਲਾਉ ਵਿੱਚ ਗੁਆਚ ਗਈ। ਲਕੀਰਾਂ ਦੀ ਅਗੰਮਤਾ ਵਿੱਚ ਰੱਬੀ ਬਖ਼ਸ਼ਿਸ਼ ਦਾ ਜਲਾਲ ਨਾਂਹ ਚਮਕਿਆ। ਇਸ ਆਖਰੀ ਬਖ਼ਸ਼ਿਸ਼ ਖੁਣੋਂ ਮਨੁਖੀ ਹੋਂਦ ਦੀ ਤੁੱਛਤਾ ਅੰਤਮ-ਨਾਂਹ ਦੇ ਭੈਅ ਨਾਲ ਤ੍ਰਭਕਦੀ ਰਹੀ। ਫੇਰ, ਬ੍ਰਹਮ ਦਾ ਬਿਪਰ ਸੰਸਕਾਰੀ ਨਕਲੀ ਫੈਲਾਉ ਦੇਵਤਿਆਂ ਦੀਆਂ ਇਕਾਈਆਂ ਚ ਖੰਡਿਤ ਹੋ ਗਿਆ। ਮੁਕਦੀ ਗੱਲ, ਅਸਲ ਪ੍ਰਤੀਤੀ, ਅਸਲ ਤ੍ਰਿਖਾ, ਅਸਲ ਗਿਆਨ ਦੀ ਥਾਂ ਵਹਿਮ-ਗ੍ਰਸਤ ਬੌਣਾ-ਕੱਦ ਨਕਲਾਂ ਨੇ ਲੈ ਲਈ। ਮੌਤ ਦਾ ਭੈਅ ਦੂਰ ਕਰਨ ਲਈ ਮਸਨੂਈ ਜੁਗਤਾਂ ਤੇ ਸਥਾਨਕ ਘੇਰਿਆਂ ਵਿੱਚ ਬੰਦੀ ਹੋਈਆਂ ਸੁਰਤੀਆਂ ਵਰਤੀਂਣ ਲੱਗੀਆਂ। ਰੂਹਾਨੀ ਸੰਕਟ ਸਰੀਰਕ ਲਾਲਸਾਵਾਂ ਦੀ ਪੂਰਤੀ ਨਾਲ ਹੱਲ ਹੋਣ ਲੱਗੇ। ਸਿੱਟੇ ਵਜੋਂ, ਇਲਾਹੀ ਮਿਹਰ ਤੇ ਬਖ਼ਸ਼ਿਸ਼ ਨਾਲ ਵਸਲ ਕਰਨ ਲਈ ਹਿੰਦੂ ਮਨ ਨੂੰ ਸੰਪੂਰਨ ਏਕਤਾ ਕਦੇ ਵੀ ਨਸੀਬ ਨਾਂਹ ਹੋਈ। ਇਹ ਹੈ ਖੁਲਾਸਾ, ਬਿਪਰ ਸੰਸਕਾਰ ਦੇ ਹਿੰਦੂ ਮਜ਼੍ਹਬ ਵਿੱਚ ਬਣਾਏ ਬਿਪਰ ਸੰਸਕਾਰ ਦੇ ਆਪਣੇ ਸਦੀਵੀ ਕੇਂਦਰੀ, ‘ਸੰਪੂਰਨ ਤੇ ਸੰਯੁਕਤ ਰੂਪ` ਦੇ ਪੱਕੇ ਘਰ (ਬੁੱਤਖਾਨੇ) ਦਾ।

ਮੇਰੀ ਜਾਚੇ, ਇਹੋ ‘ਬਿਪਰ ਸੰਸਕਾਰ` ਜਾਂ ‘ਬਿਪਰਨ ਕੀ ਰੀਤ` ਦਾ ਸੁਨੇਹਾ, ਉਸ ਦੇ ਸੁਭਾਅ ਉਤੇ ਹੋਈ ਸਰਲ ਵਿਆਖਿਆ ਹੈ, ਜਿਹੜਾ ਹਰ ਖ਼ਬਰਦਾਰ ਸਿੱਖ ਲਈ ਜਾਨਣਾਂ ਜ਼ਰੂਰੀ ਹੈ, ਨਹੀਂ ਤਾਂ ਇਸ ਪਰਤੱਖ ਅੱਖਾਂ ਨੂੰ ਨਾ ਦਿਸਦੇ ਦੁਸ਼ਮਣ ਨੇ ਆਪਣਾ ਕੰਮ ਤਾਂ ਕਰ ਹੀ ਜਾਣਾਂ ਹੈ ਜਿਵੇਂ ਉਪਰੋਕਤ ਮਿਸਾਲ ਕਿ ਕਿਵੇਂ ਹਿੰਦੂਤਵ ਦੇ ਰਾਜਨੀਤਕ ਪਿੰਜਰੇ ਬਹਾਦਰ ਸਿੱਖ ਕੌਮ ੨੦ਵੀਂ ਸਦੀ ਦੇ ਅੱਧ ਤੋਂ ਐਸੀ ਪਈ ਅੱਜ ਤਕ ਨਿਕਲੀ ਨਹੀਂ। ਫਿਰ ਪਛੁਤਾਏ ਹੋਤ ਕਿਆ, ਜਬ ਚਿੜੀਆਂ ਚੁਗ ਗਈਂ ਖੇਤ?

ਚੇਤਾ ਰਹੇ, ਬਿਪਰ ਸੰਸਕਾਰ ਦਾ ਅਜਿਹਾ ਵਿਸਥਾਰ ਪੂਰਬਕ ਵਰਣਨ ਪ੍ਰੋ. ਮਹਿਬੂਬ ਦੁਆਰਾ ਉਸ ਦੇ ਜ਼ਰਖ਼ੇਜ਼ ਦਿਮਾਗ਼ ਦੀ ਕੋਈ ਤਰਕਮਈ ਕਾਢ ਨਹੀਂ, ਇਹ ਤਾਂ ਉਸ ਦੀ ਕੀਤੀ ਗੁਰਬਾਣੀ ਦੀ ‘ਬ੍ਰਹਮ ਵਿਚਾਰ` ਹੈ, ਵਿਆਖਿਆ ਹੈ, ਜਿਵੇਂ ‘ਆਸਾ ਦੀ ਵਾਰ` ਦੀ ਇੱਕ ਮਿਸਾਲ ਮੈਂ ਉਪਰ ਦੇ ਚੁੱਕਾ ਹਾਂ। ਜੇ ਕਿਸੇ ਨੂੰ ਕੋਈ ਸ਼ੱਕ ਗੁਜ਼ਰੇ ਤਾਂ ਇਨਸਾਨੀ ਅਕਲ ਤੋਂ ਅਗੇਰੇ ਵਰਤ ਰਹੇ ਜਪੁ ਜੀ ਦੇ ਅਕਾਲ ਪੁਰਖ ਦੇ ‘ਸੱਤ ਪ੍ਰਕਾਸ਼` (ਸਫਾ ੨੩੪) ਤੋਂ ਲੈ ਕੇ ‘ਮਹਾਂ ਪਰਵਾਜ਼` ਦੇ ਚਾਰ ਜੁਜ਼ (ਹਿੱਸੇ) (ਸਫਾ ੩੧੦) ਅਤੇ ‘ਭਗਤ ਬਾਣੀ` ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣ ਦੇ ਕੁੱਝ ਦੈਵੀ ਮੰਤਵ (ਸਫਾ ੩੨੨-੩੨੮) ਆਦਿ ਮਜ਼ਮੂਨ, ‘ਸਹਿਜੇ ਰਚਿਓ ਖ਼ਾਲਸਾ` ਦੀ ‘ਸ਼ਬਦ ਅਸਗਾਹ` (੨੨੩-੩੫੪) ਨਾਮੀ ਕਿਤਾਬ ਚੋਂ ਪੜ੍ਹ ਵੇਖਣੇ ਕਿ ਗੁਰੂ ਜੀ ਨੇ ਆਪ ਹੀ ਬਿਪਰ ਸੰਸਕਾਰ ਉਪਰ ਚੋਖਾ ਚਾਨਣਾ ਪਾਇਆ ਹੋਇਆ ਹੈ। ਪ੍ਰੋ. ਮਹਿਬੂਬ ਨੇ ਤਾਂ ਸਿਰਫ ਗੁਰਬਾਣੀ ਦੇ ਅਰਥਾਂ ਦੀ ਹੀ ਤੰਦਰੁਸਤ ਵਿਆਖਿਆ ਕਰਕੇ ਖ਼ਾਲਸਾ ਪੰਥ ਦੀ ਸੇਵਾ ਕੀਤੀ ਹੈ।

ਬਿਪਰ ਸੰਸਕਾਰੀ ਹਮਲਿਆਂ ਤੋਂ ਸਾਨੂੰ ਖਬਰਦਾਰ ਕਰਦੇ, ਪ੍ਰੋ. ਮਹਿਬੂਬ ਸਾਨੂੰ ਕੁੰਭਕਰਨੀ ਨੀਂਦ ( “ਸੁਤੜੇ ਅਸੰਖ ਮਾਇਆ ਝੂਠੀ ਕਾਰਣੈ “, ਸਲੋਕ ਮਹੱਲਾ ੫; ਪੰਨਾ ੧੪੨੫) ਤੋਂ ਜਗਾਉਂਦੇ ਕਹਿੰਦੇ ਹਨ ਕਿ “ਖ਼ਾਲਸਾ ਜੀਓ! ਪੰਥਕ ਅਪਮਾਨ ਕਦੇ ਨਾ ਭੁਲਣਾਂ, ਕਿਉਂਕਿ ਅਣਖ ਨੂੰ ਪਰਚੰਡ ਕੀਤੇ ਬਿਨਾਂ ਅਜਿਹਾ ਨਹੀਂ ਹੋ ਸਕਦਾ। ਦੂਜੇ ਪਾਸੇ ਸਹੀ ਅਮਲ, ਤੇਜ਼ ਬੁਧੀ ਅਤੇ ਜ਼ਿਹਨੀ ਗ਼ੁਲਾਮੀ ਤੋਂ ਆਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ। ਦੋਖੀਆਂ ਨੂੰ ਮੁਆਫ਼ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਹੋ ਜਾਣ। ਬੇਮਤਲਬ ਖ਼ਿਮਾ ਹਉਮੈ ਦੇ ਅਨੇਕਾਂ ਰੋਗ ਫੈਲਾਉਂਦੀ ਹੈ”। ਉਹ ਆਪਣੇ ਅੰਦਰਲੇ ਕੌਮੀ ਦਰਦ ਜਾਂ ਆਪਣੇ ਅੰਦਰ ਲਗਾਤਾਰ ਵਗਦੇ, ਕੌਮੀ ਬੇਪਤੀ ਨਾਲ ਪਏ ਜ਼ਖ਼ਮਾਂ ਦੇ, ਨਾਸੂਰ ਬਾਬਤ ਐਉਂ ਦਸਦੇ ਹਨ: ਮੈਂ ਇਨਸਾਨ ਦੀ ਧੁਰੋਂ ਮਨਜ਼ੂਰ ਹੋਈ ਆਜ਼ਾਦੀ ਦਾ ਤਾਲਿਬ ਹਾਂ। ਮੇਰੇ ਅੰਦਰ ਬੇ-ਪੱਤ ਹੋਈਆਂ ਕੌਮਾਂ ਦੇ ਦੱਬੇ ਹੌਕੇ ਹਨ। ਮੇਰੇ ਅੱਥਰੂ ਵਿੱਚ ਦੈਵੀ ਨਜ਼ਰਾਂ ਨਾਲ ਦਗਾ ਕਮਾਉਂਦੀਆਂ ਉਹਨਾਂ ਸਾਜ਼ਿਸ਼ਾਂ ਦੇ ਭੇਦ ਹਨ, ਜਿਹਨਾਂ ਨੂੰ ਸ਼ੈਤਾਨੀ ਹਕੂਮਤਾਂ ਨੇ ਸੱਚੇ ਧਰਮਾਂ ਨੂੰ ਕੋਹਣ ਲਈ ਵਰਤਿਆ” ( ‘ਝਨਾਂ ਦੀ ਰਾਤ`)। ਆਪ ਜੀ ਨੇ ਆਪਣੀ ਇੱਕ ਕਵਿਤਾ ਵਿੱਚ ਵੀ ਕੁੱਝ ਅਜਿਹਾ ਹੀ ਕੌਮ ਨੂੰ ਸੰਬੋਧਨ ਹੁੰਦਿਆਂ, ਜਿਸ ਵਿੱਚ ਬਿਪਰ ਸੰਸਕਾਰ ਦੇ ਪੈਦਾ ਕੀਤੇ ਜੰਗਲ ਬੀਅਬਾਨਾਂ ਵਿੱਚ ਰੁਲਦਿਆਂ ਕੀ ਸੁਣਿਆ, ਕਿ ਜਿਥੇ ਤ੍ਰਿੰਞਣ ਪਹਿਲਾਂ ਹੀ ਉੱਜੜ ਚੁੱਕੇ ਹਨ; ਜਿਥੇ, ਜਿਸ ਬੁੱਤ-ਪੂਜ ਨਗਰ (ਹਿੰਦੂ-ਸਤਾਨ) ਵਿੱਚ ਨਾਗਾਂ ਵਾਂਗ ਸਾਜ਼ਿਸ਼ਾਂ ਘੁੰਮ ਰਹੀਆਂ ਹਨ, ਕਹਿੰਦੇ ਹਨ ਕਿ ਜੇ ਤੂੰ ਨਾ ਸੰਭਲਿਆ ਤਾਂ ਬਿਪਰ ਸੰਸਕਾਰ ਦੀ ਵਿਸ਼ੈਲੀ ਖ਼ਾਕ ਤੈਨੂੰ ਬੀਆਬਾਨ ਵਿੱਚ ਖੋਰ ਦੇਵੇਗੀ:

ਬੀਆਬਾਨ ਵਿੱਚ ਬਾਜ਼ ਗੁਆਚੇ,

ਘੋਰ ਇਕੱਲਾਂ ਛਾਈਆਂ।

ਕਿਉਂ ਤੂੰ ਸਿਦਕ ਮਿਰਾ ਅਜ਼ਮਾਵੇਂ,

ਉਮਰਾਂ ਅਜੇ ਨ ਆਈਆਂ।

ਦੀਵਾ ਬਾਲ ਸਕਾਂ ਨ ਰਾਤੀਂ,

ਉਜੜੇ ਤ੍ਰਿੰਞਣ ਰੁਲਦੇ;

ਘੋੜ ਤਿਰੇ ਦੀ ਟਾਪ ਸੁਣੀਂਦੀ,

ਤਾਰਿਆਂ ਸ਼ਰਤਾਂ ਲਾਈਆਂ।

ਨਾ-ਸ਼ੁਕਰ ਬੁੱਤ-ਪੂਜ ਨਗਰ ਵਿਚ,

ਹਾਕ ਸੁਣੀ ਇੱਕ ਮੈਨੂੰ:

“ਖ਼ਾਕ ਵਿਸ਼ੈਲੀ ਖੋਰ ਦੇਵੇਗੀ

ਬੀਆਬਾਨ ਵਿੱਚ ਤੈਨੂੰ? “

ਨਾਗਾਂ ਵਾਂਗ ਸਾਜ਼ਿਸ਼ਾਂ ਘੁੰਮਨ,

ਹੋਇ ਹੈਰਾਨ ਮੈਂ ਸੋਚਾਂ:

“ਜੇ ਨ ਤਿਰੇ ਮੁਰੀਦ, ਬਾਜ਼ ਦੀ

ਨਜ਼ਰ ਦੇਖਦੀ ਕੈਨੂੰ? “

ਬੇਪੱਤ ਹੋਈਆਂ ਕੌਮਾਂ ਦੇ ਘਰ,

ਦੂਰ ਫ਼ਰੇਬੀ ਧਰ ਤੇ।

ਬਦਨਸੀਬ ਪੈਰਾਂ ਦੇ ਹੇਠਾਂ,

ਖ਼ਾਕ ਵਿਸ਼ੈਲੀ ਗ਼ਰਕੇ।

ਮੂੰਹ-ਜ਼ੋਰ ਸਮਾਂ ਨਾਂਹ ਕੌਮੇ!

ਮੇਟ ਸਕੇਗਾ ਤੈਨੂੰ,

ਆਪਣੀ ਪੱਤ ਪਛਾਣ ਲਵੇਂ ਜੇ,

ਲੜ ਮਾਹੀ ਦਾ ਫੜਕੇ।

( ‘ਸ਼ਹੀਦ ਦੀ ਅਰਦਾਸ`, ‘ਝਨਾਂ ਦੀ ਰਾਤ` ਦੀ ਸੱਤਵੀਂ ਕਿਤਾਬ)

ਅਮਰੀਕ ਸਿੰਘ ਧੌਲ
.