.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 21)

ਪ੍ਰੋਫੈਸਰ ਸਾਹਿਬ ਸਿੰਘ ਜੀ ਫਿਰ ਲਿਖਦੇ ਹਨ:
ਚਉਥੀ ਪਉੜੀ ਵਿਚ-
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣੁ ਚਿਲੀਕਿਓਨੁ॥
ਛੇਵੀਂ ਪਉੜੀ ਵਿਚ-
ਜਿਨਿ ਬਾਸਕੁ ਨੇਤ੍ਰੇ ਘਤਿਆ ਕਾਰ ਨੇਹੀ ਤਾਣੁ॥ ਜਿਨਿ ਸਮੁਦੁ ਵਿਰੋਲਿਆ ਕਰਿ ਮੇਰੁ ਮਧਾਣੁ॥ ਚਉਦਹ ਰਤਨ ਨਿਕਾਲਿਆਨੁ ਕੀਤੋਨੁ ਚਾਨਾਣੁ॥
(ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਉਥੀ ਪਉੜੀ ਦੀ ਤੁਕ ‘ਲਹਣੇ ਧਰਿਓਨੁ ਛਤੁ ਸਿਰਿ’ ਪਹਿਲੀ ਪਉੜੀ ਵਿੱਚ ਭੀ ਮਿਲਦੀ ਹੈ, ਪਰ ਅਸੀਂ ਦੱਸ ਆਏ ਹਾਂ ਕਿ ਜੇ ਚੌਥੀ ਪਉੜੀ ਬਲਵੰਡ ਦੀ ਉਚਾਰੀ ਹੁੰਦੀ ਤਾਂ ਇਸ ਦਾ ਸਹੀ ਥਾਂ ਪਹਿਲੀ ਪਉੜੀ ਦੇ ਨਾਲ ਸੀ।)
ਚੌਥੀ ਪਉੜੀ ਵਿੱਚ ਕਿਹਾ ਹੈ- ‘ਆਵਾਗਉਣੁ ਚਿਲਕਿਓਨੁ’
ਇਸ ਛੇਵੀਂ ਪਉੜੀ ਦਾ ਉਚਾਰਨ ਵਾਲਾ ‘ਸੱਤਾ’ ਹੈ। ਹੇਠ ਲਿਖੀ ਤੁਕ ਵਿੱਚ ਇਹ ਨਾਮ ਮਿਲਦਾ ਹੈ-
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥
ਪਉੜੀ ਨੰ: ੪, ੫, ੬ ਸੱਤੇ ਦੀਆਂ ਹਨ-
ਚੌਥੀ ਤੇ ਛੇਵੀਂ ਪਉੜੀ ਦੇ ਖ਼ਿਆਲ ਤੇ ਲਫ਼ਜ਼ ਸਾਂਝੇ ਹੋਣ ਕਰਕੇ ਇਹ ਮੰਨਣ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਚੌਥੀ ਪਉੜੀ ਭੀ ‘ਸੱਤੇ’ ਨੇ ਹੀ ‘ਆਖੀ’ ਸੀ। ਪੰਜਵੀਂ ਪਉੜੀ ਬਾਰੇ ਅਸੀਂ ਪਹਿਲਾਂ ਦੱਸ ਆਏ ਹਾਂ ਕਿ ਉਹ ਬਲਵੰਡ ਦੀ ਨਹੀਂ ਹੋ ਸਕਦੀ। ਸੋ, ਇਹ ਨਿਰ-ਸੰਦੇਹ ਪ੍ਰਤੱਖ ਹੋ ਗਈ ਕਿ ਚੌਥੀ ਪੰਜਵੀਂ ਤੇ ਛੇਵੀਂ ਤਿੰਨੇ ਪਉੜੀਆਂ ‘ਸੱਤੇ’ ਨੇ ਆਖੀਆਂ ਸਨ।
ਲੜਕੀ ਸੱਤੇ ਦੀ ਸੀ-
ਹੁਣ ਰਤਾ ਗਹੁ ਨਾਲ ਇਹ ਵੇਖੋ ਕਿ ਛੇਵੀਂ ਪਉੜੀ ਵਿੱਚ ਸੱਤਾ ਆਖਦਾ ਕੀਹ ਹੈ-
‘ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ’॥ ਇਹਨਾਂ ਦੋਹਾਂ ਭਰਾਵਾਂ ਨੇ ਲੜਕੀ ਦਾ ਖ਼ਰਚ ਪੂਰਾ ਕਰਨ ਲਈ ‘ਦਾਨੁ’ ਮੰਗਿਆ ਸੀ, ਪਰ ਜਿਤਨੀ ਬਖ਼ਸ਼ੀਸ਼ ਗੁਰੂ ਅਰਜਨ ਸਾਹਿਬ ਨੇ ਕੀਤੀ, ਉਸ ਤੇ ਉਹ ਰੁੱਸ ਗਏ ਸਨ। ਹੁਣ ‘ਸੱਤਾ’ ਪਛੁਤਾਇਆ ਤੇ ਕਹਣ ਲੱਗਾ-ਹਜ਼ੂਰ ਮੈਨੂੰ ‘ਸੱਤੇ’ ਨੂੰ ਬਖ਼ਸ਼ੀਸ਼ ਉਹੀ ਚੰਗੀ ਹੈ ਜੋ ਸਤਿਗੁਰੂ ਜੀ ਨੂੰ ਚੰਗੀ ਲੱਗੇ।
ਤਾਂ ਫਿਰ ਦੋਹਾਂ ਵਿਚੋਂ ਲੜਕੀ ਕਿਸ ਦੀ ਸੀ? ‘ਸੱਤੇ’ ਦੀ। ਕੁਬੋਲ ਵਧੀਕ ਕਿਸ ਬੋਲੇ ਸਨ? ਸੱਤੇ ਨੇ, ਕਿਉਂਕਿ ਚਉਥੀ ਪਉੜੀ ਵਿੱਚ ਸੱਤਾ ਹੀ ਪਛੁਤਾਉਂਦਾ ਹੈ ਤੇ ਆਖਦਾ ਹੈ- ‘ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ’. .’ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰ’॥
ਇਹ ‘ਵਾਰ’ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਉਚਾਰੀ ਗਈ ਸੀ-
ਇਹ ਗੱਲ ਹੋਰ ਵੇਖਣ ਵਾਲੀ ਹੈ ਕਿ ‘ਸੱਤਾ’ ਜਦੋਂ ‘ਬਖ਼ਸ਼ੀਸ਼’ ਬਾਰੇ ਪਛੁਤਾਉਂਦਾ ਹੈ ਤਾਂ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰ ਰਿਹਾ ਹੈ, ਕਹਿੰਦਾ ਹੈ-
“ਕਿਆ ਸਾਲਾਹੀ ਸਚੇ ਪਾਤਸਾਹ ਜਾਂ ਤੂ ਸੁਘੜੁ ਸੁਜਾਣੁ॥ ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ।”
ਗੁਰੂ ਅੰਗਦ ਸਾਹਿਬ ਦੀ ਉਸਤਤਿ ਕਰਦਾ ਹੋਇਆ ਭੀ ਸੱਤਾ ਗੁਰੂ ਅੰਗਦ ਸਾਹਿਬ ਨੂੰ ਸੰਬੋਧਨ ਕਰ ਕੇ ਆਖਦਾ ਹੈ-
“ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ॥ . . ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ”
ਇਹ ‘ਵਾਰ’ ਨਾਂਹ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਤੇ ਨਾਂਹ ਹੀ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਚਾਰੀ ਗਈ। ਫਿਰ ਇਸ ‘ਸੰਬੋਧਣ’ ਕਰਨ ਦਾ ਕੀਹ ਭਾਵ? ਭੱਟਾਂ ਵਾਂਗ ਇਹ ਭੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਸਾਰੇ ‘ਗੁਰ ਮਹਿਲਾਂ’ ਨੂੰ ਇੱਕੋ ਰੂਪ ਜਾਣ ਕੇ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ‘ਗੁਰੂ’ ਅੱਗੇ ਇਹ ਉਸਤਤਿ ਆਖ ਰਹੇ ਹਨ।
ਇਹ ਖ਼ਿਆਲ ਨੂੰ ਹੋਰ ਭੀ ਵਧੀਕ ਪ੍ਰੋੜਤਾ ਮਿਲ ਜਾਂਦੀ ਹੈ ਜਦੋਂ ਅਸੀਂ ਅਗਲੀ ਪਉੜੀ ਵਿੱਚ ਵੇਖਦੇ ਹਾਂ ਕਿ ਪੰਜਵੀਂ ਤੇ ਛੇਵੀਂ ਪਉੜੀ ਵਿੱਚ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਨ ਵਾਲਾ ‘ਸੱਤਾ’ ਗੁਰੂ ਰਾਮਦਾਸ ਜੀ ਨੂੰ ਭੀ ਸੰਬੋਧਨ ਕਰ ਕੇ ਆਖਦਾ ਹੈ-
“ਨਾਨਕ ਤੂ ਲਹਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ॥”
ਛੇਵੀਂ ਪਉੜੀ ਗੁਰੂ ਅਮਰਦਾਸ ਜੀ ਦੀ ਗੁਰ-ਗੱਦੀ ਵੇਲੇ ਦੀ ਨਹੀਂ ਹੈ-
ਹੁਣ ਤਕ ਅਸੀਂ ਇਹ ਵੇਖ ਆਏ ਹਾਂ ਕਿ ਬਲਵੰਡ ਨੇ ਪਹਿਲੀਆਂ ੩ ਤੇ ਸੱਤੇ ਨੇ ਅਗਲੀਆਂ ੩ ਪਉੜੀਆਂ ਉਚਾਰੀਆਂ ਮਾਫ਼ੀ ਮਿਲਣ ਵੇਲੇ। ਲਾਲਚ, ਤੇ ਨਿੰਦਿਆ ਵਾਲੇ ਅਪਰਾਧ ‘ਸੱਤਾ’ ਹੀ ਮੰਨਦਾ ਹੈ, ਗੁਰੂ-ਦਰ ਤੋਂ ‘ਦਾਨ’ ਮਿਲਣ ਤੇ ਉਸ ਵਿੱਚ ਸੰਤੋਖ ਨਾਹ ਕਰਨ ਦੀ ਭੁੱਲ ਭੀ ‘ਸੱਤਾ’ ਹੀ ਮੰਨਦਾ ਹੈ, ਤੇ ਮੰਨਦਾ ਉਸ ਪਉੜੀ ਵਿੱਚ ਹੈ ਜੋ ਉਸ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਉਚਾਰੀ ਸੀ। ਇਥੇ “ਗੱਦੀ ਨਸ਼ੀਨੀ” ਵੇਲੇ ਪਉੜੀਆਂ ਉਚਾਰਨ ਵਾਲਾ ਭੁਲੇਖਾ ਭੀ ਕੱਟਿਆ ਗਿਆ, ਕਿਉਂਕਿ ਅਸਲੀ ਭੁੱਲ ਦਾ ਜ਼ਿਕਰ ਤਾਂ ਹੈ ਹੀ ਇਸ ਛੇਵੀਂ ਪਉੜੀ ਵਿਚ, ਜੋ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਹੈ।
ਸਤਵੀਂ ਅਠਵੀਂ ਪਉੜੀ ਦਾ ਭੀ ਕਿਸੇ ਗੁਰ-ਗੱਦੀ ਨਸ਼ੀਨੀ ਨਾਲ ਸੰਬੰਧ ਨਹੀਂ-
ਛੇਵੀਂ ਪਉੜੀ ਸੰਬੰਧੀ ਤਾਂ ਸਾਬਤ ਹੋ ਗਿਆ ਹੈ ਕਿ ਇਹ ਗੱਦੀ-ਨਸ਼ੀਨੀ ਵੇਲੇ ਦੀ ਨਹੀਂ ਹੈ, ਇਹ ਸੱਤੇ ਨੇ ਮਾਫ਼ੀ ਮਿਲਣ ਵੇਲੇ ਹੀ ਉਚਾਰੀ ਸੀ। ਜੇ ਇਹ ਮਾਫ਼ੀ ਗੁਰੂ ਅੰਗਦ ਸਾਹਿਬ ਪਾਸੋਂ ਮੰਗੀ ਹੁੰਦੀ ਤਾਂ ਮਾਫ਼ੀ ਮੰਗਣ ਵਾਲਾ ਸੱਤਾ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਗੁਰੂ ਅਮਰਦਾਸ ਜੀ ਬਾਰੇ ਇਹ ਪਉੜੀ ਉਚਾਰ ਨਹੀਂ ਸੀ ਸਕਦਾ ਕਿਉਂਕਿ ਅਜੇ ਤਾਂ ਪਹਿਰਾ ਗੁਰੂ ਅੰਗਦ ਸਾਹਿਬ ਦਾ ਸੀ। ਗੁਰੂ ਅਮਰਦਾਸ ਜੀ ਦੇ ਵੇਲੇ ਭੀ ਇਹ ਘਟਨਾ ਨਹੀਂ ਹੋਈ, ਕਿਸੇ ਇਤਿਹਾਸਕਾਰ ਨੇ ਨਹੀਂ ਲਿਖਿਆ। ਨਾਹ ਹੀ ਗੁਰਿਆਈ ਬਾਰੇ ਕੋਈ ਸ਼ਰੀਕਾ ਜਾਂ ਵਿਰੋਧਤਾ ਸੀ, ਜਿਸ ਕਰਕੇ ਸੱਤੇ ਬਲਵੰਡ ਨੂੰ ਕੋਈ ਸ਼ਹਿ ਮਿਲ ਸਕਦੀ। ਬਾਬਾ ਦਾਤੂ ਜੀ ਨੇ ਰਤਾ ਕੁ ਝਗੜਾ ਪਾਇਆ ਸੀ, ਉਹ ਭੀ ਸਿਰਫ਼ ਇੱਕ ਦਿਨ ਵਿੱਚ ਮੁੱਕ ਗਿਆ ਸੀ ਤੇ ਅਗਲੇ ਹੀ ਦਿਨ ਬਾਬਾ ਜੀ ਖਡੂਰ ਸਾਹਿਬ ਵਾਪਸ ਮੁੜ ਆਏ ਸਨ। ਇਸੇ ਹੀ ਵਿਚਾਰ ਅਨੁਸਾਰ ਗੁਰੂ ਰਾਮਦਾਸ ਜੀ ਦੇ ਸਮੇਂ ਭੀ ਸੱਤੇ ਬਲਵੰਡ ਦੇ ਰੋਸ ਦੀ ਕੋਈ ਸੰਭਾਵਨਾ ਨਹੀਂ ਸੀ ਹੋ ਸਕਦੀ। ਜਦੋਂ ਛੇਵੀਂ ਪਉੜੀ ਦੀ ਬਾਬਤ ਇਹ ਪੱਕਾ ਨਿਰਨਾ ਹੋ ਗਿਆ ਕਿ ਉਹ ਤਾਂ ‘ਸੱਤੇ’ ਨੇ (ਜਿਸ ਦੀ ਲੜਕੀ ਦੀ ਸ਼ਾਦੀ ਸੀ) ਮਾਫ਼ੀ ਲਿਖਣ ਵੇਲੇ ਹੀ ਉਚਾਰੀ ਸੀ, ਤਾਂ ‘ਗੱਦੀ-ਨਸ਼ੀਨੀ’ ਵੇਲੇ ਬਾਕੀ ਦੀਆਂ ਦੋ ਪਉੜੀਆਂ ਉਚਾਰਨ ਵਾਲਾ ਖ਼ਿਆਲ ਭੀ ਨਾਲ ਹੀ ਗ਼ਲਤ ਸਾਬਤ ਹੋ ਜਾਂਦਾ ਹੈ।
ਸੱਤਾ ਬਲਵੰਡ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਹੋਏ-
ਬਾਕੀ ਰਿਹਾ ਇਹ ਖ਼ਿਆਲ ਕਿ ਸੱਤਾ ਤੇ ਬਲਵੰਡ ਖਡੂਰ ਸਾਹਿਬ ਦੇ ਰਹਣ ਵਾਲੇ ਸਨ। ਸ਼ਾਇਦ ਇਸੇ ਖ਼ਿਆਲ ਨੇ ਹੀ ਸਾਖੀ ਨੂੰ ਗ਼ਲਤ ਇਤਿਹਾਸਕ ਥਾਂ ਤੇ ਰੱਖ ਦੇਣ ਵਿੱਚ ਸਹੈਤਾ ਕੀਤੀ ਹੋਵੇ। ਖਡੂਰ ਸਾਹਿਬ ਦੇ ਵਸਨੀਕ ਹੁੰਦਿਆਂ ਭੀ ਇਹ ਜ਼ਰੂਰੀ ਨਹੀਂ ਕਿ ਉਹ ਗੁਰੂ ਅੰਗਦ ਸਾਹਿਬ ਦੇ ਵੇਲੇ ਹੋਏ ਹੋਣ। ਜਦੋਂ ਅੰਮ੍ਰਿਤਸਰ ਸ਼ਹਰ ਵੱਸਿਆ ਤਾਂ ਗੁਰੂ ਅਰਜਨ ਸਾਹਿਬ ਨੇ ਵਖੋ ਵਖ ਕਮਾਮਾਂ ਵਾਲੇ ਲੋਕ ਲਾਂਭਾਂ ਤੋਂ ਇਥੇ ਮੰਗਾ ਕੇ ਵਸਾਏ ਸਨ। ਸੱਤਾ ਬਲਵੰਡ ਭੀ ਖਡੂਰ ਸਾਹਿਬ ਤੋਂ ਇਥੇ ਆ ਵੱਸੇ ਹੋਣਗੇ; ਇਹਨਾਂ ਦਾ ਤਾਂ ਕਮਾਮ ਭੀ ‘ਕੀਰਤਨ’ ਸੀ ਜਿਸ ਦੀ ਵਧੀਕ ਮੰਗ ਗੁਰੂ ਕੇ ਦਰਬਾਰ ਵਿੱਚ ਹੀ ਹੋ ਸਕਦੀ ਸੀ
ਸ਼ਾਇਦ ਕਈ ਸੱਜਣ ਇਹ ਖ਼ਿਆਲ ਬਣਾ ਲੈਣ ਕਿ ਸੱਤੇ ਤੇ ਬਲਵੰਡ ਨੇ ਭੁੱਲ ਤਾਂ ਗੁਰੂ ਅੰਗਦ ਸਾਹਿਬ ਵੇਲੇ ਕੀਤੀ ਸੀ, ਪਰ ਮਾਫ਼ੀ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਦੇ ਵੇਲੇ ਮਿਲੀ ਸੀ। ਇਹ ਭੀ ਅਣਹੋਣੀ ਹੈ। ਰੁਸੇਵਾਂ ਮਾਇਆ ਦੇ ਕਾਰਨ ਸੀ। ਜੇ ਸੱਤਾ ਤੇ ਬਲਵੰਡ ਪੈਸੇ ਵਾਲੇ ਹੁੰਦੇ ਤਾਂ ਝਗੜਾ ਉੱਠਦਾ ਹੀ ਕਿਉਂ? ਤੇ ਜੇ ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚੋਂ ਧੱਕੇ ਜਾਣ ਪਿਛੋਂ ੩੦ ਸਾਲ ਤਕ ਨਿਰਬਾਹ ਕਰ ਸਕੇ ਤਾਂ ਉਹਨਾਂ ਮਾਫ਼ੀ ਕਾਹਦੇ ਲਈ ਮੰਗਣੀ ਸੀ? {ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤੀ ਸਮਾਉਣ ਤੋਂ ੩੦ ਸਾਲ ਪਿੱਛੋਂ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਮਿਲੀ ਸੀ}
ਉੱਪਰ- ਲਿਖੀ ਸਾਰੀ ਵਿਚਾਰ ਦਾ ਸਾਰ-
(੧) ਸੱਤਾ ਤੇ ਬਲਵੰਡ ਭਾਈ ਮਰਦਾਨੇ ਦੇ ਸੰਤਾਨ ਵਿਚੋਂ ਨਹੀਂ ਸਨ, ਭਾਈ ਮਰਦਾਨਾ `ਚੋਂਹਬੜ’ ਸੀ ਤੇ ਇਹ ‘ਮੋਖੜ’ ਸਨ।
(੨) ਇਹ ਦੋਵੇਂ ਗੁਰੂ ਅਰਜਨ ਸਾਹਿਬ ਪਾਸ ਕੀਰਤਨ ਕਰਦੇ ਸਨ।
(੩) ਸੱਤੇ ਦੀ ਲੜਕੀ ਦੀ ਸ਼ਾਦੀ ਸੀ; ਤੇ ਇਹਨਾਂ ਸਤਿਗੁਰੂ ਜੀ ਤੋਂ ਵਿਆਹ ਲਈ ਮਾਇਆ ਮੰਗੀ, ਜੋ ਇਹਨਾਂ ਦੀ ਆਸ-ਅਨੁਸਾਰ ਨਾਹ ਮਿਲ ਸਕੀ ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਕਰਕੇ ਭੇਟਾ ਗੁਰੂ-ਘਰ ਵਲ ਅੱਪੜਦੀ ਹੀ ਬਹੁਤ ਥੋੜ੍ਹੀ ਸੀ।
(੪) ਇਹ ਘਟਨਾ ਮਾਰਚ ਅਪ੍ਰੈਲ ਸੰਨ ੧੫੮੨ ਦੀ ਹੈ।
(੫) ਕੁੱਝ ਮਹੀਨਿਆਂ ਪਿਛੋਂ ਭਾਈ ਲੱਧਾ ਜੀ ਲਾਹੌਰ ਵਾਲਿਆਂ ਨੇ ਇਹਨਾਂ ਨੂੰ ਮਾਫ਼ੀ ਲੈ ਦਿੱਤੀ। ਮਾਫ਼ੀ ਮਿਲਣ ਤੇ ਗੁਰ-ਉਸਤਤਿ ਵਿੱਚ ਬਲਵੰਡ ਨੇ ਪਹਿਲੀਆਂ ੩ ਪਉੜੀਆਂ ਤੇ ਸੱਤੇ ਨੇ ਅਖ਼ੀਰਲੀਆਂ ੫ ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸੰਗਤਿ ਵਿੱਚ ਉਚਾਰੀਆਂ।
(੬) ਜਿਵੇਂ ਭੱਟਾਂ ਦੀ ‘ਗੁਰ-ਮਹਿਮਾ’ ਦੀ ਬਾਣੀ, ਜੋ ਉਹਨਾਂ ਨੇ ਸਿਤੰਬਰ ੧੫੮੧ ਵਿੱਚ ਉਚਾਰੀ ਸੀ, ਸਤਿਗੁਰੂ ਜੀ ਨੇ ‘ਬੀੜ’ ਵਿੱਚ ਦਰਜ ਕੀਤੀ, ਤਿਵੇਂ ਇਹ ‘ਵਾਰ’ ਭੀ ‘ਬੀੜ’ ਤਿਆਰ ਕਰਨ ਵੇਲੇ ਦਰਜ ਕੀਤੀ।
(੭) ਇਹ ਦੋਵੇਂ ‘ਬਾਣੀਆਂ’ ਸਿੱਖ-ਧਰਮ ਦੇ ਇਤਿਹਾਸ ਸੰਬੰਧੀ ਬੜੀਆਂ ਜ਼ਰੂਰੀ ‘ਯਾਦਗਾਰਾਂ’ ਹਨ। ਦਸਤਾਰਬੰਦੀ ਦੇ ਵੇਲੇ ਬਾਬਾ ਪ੍ਰਿਥੀਚੰਦ ਜੀ ਨੇ ਧੱਕੇ ਨਾਲ ‘ਦਸਤਾਰ’ ਖੋਹਣੀ ਚਾਹੀ; ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੇ ਪਵਿਤ੍ਰ ਅੰਮ੍ਰਿਤ ਦੇ ਪ੍ਰਵਾਹ ਨੂੰ ਦੁਨਿਆਵੀ ਧੜੇ ਦੀ ਨਾਲੀ ਵਿਚੋਂ ਲੰਘਾਣਾ ਚਾਹੁੰਦੇ ਸਨ। ਉਸ ਸਮੇਂ ਦੂਰੋਂ ਆਏ ਨਿਰਪੱਖ ਪਰਦੇਸੀ ਭੱਟਾਂ ਨੇ ਭਰੇ ਦਰਬਾਰ ਵਿੱਚ ਇਸ ਬਾਣੀ ‘ਸਵਈਆਂ’ ਦੀ ਰਾਹੀਂ ਸੱਚਾਈ ਦਾ ਹੋਕਾ ਦਿੱਤਾ। ਇਹ ਘਟਨਾ ਗੁਇੰਦਵਾਲ ਹੋਈ ਸੀ। ਇਥੋਂ ਆ ਕੇ ਬਾਬਾ ਜੀ ਨੇ ਅੰਮ੍ਰਿਤਸਰ ਵਿੱਚ ਆਪਣੇ ਸਾਥੀਆਂ ਦੀ ਸਹੈਤਾ ਨਾਲ ਉਸ ਅੰਮ੍ਰਿਤ ਦੇ ਸੋਮੇ ਨੂੰ ਸੁਕਾਣ ਲਈ ਕਈ ਮਹੀਨੇ ਗੁਰੂ-ਘਰ ਦੀ ਇੱਕ ਕਿਸਮ ਦੀ ਨਾਕਾ-ਬੰਦੀ ਕੀਤੀ ਰੱਖੀ, ਜਿਸ ਨਾਕਾ-ਬੰਦੀ ਦੇ ਟੁੱਟਣ ਦੀ ਯਾਦਗਾਰ ਇਹ ‘ਰੱਬੀ ਕਲਾਣ’ ਰੂਪ ‘ਵਾਰ’ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਸਤਵੀਂ)
ਪ੍ਰੋਫੈਸਰ ਸਾਹਿਬ ਸਿੰਘ ਜੀ ‘ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੇਵ ਜੀ’ ਵਿੱਚ ਇਸ ਵਾਰ ਦੇ ਗੁਰੂ ਗ੍ਰੰਥ ਸਾਹਿਬ `ਚ ਦਰਜ ਕਰਨ ਦੇ ਕਾਰਨਾਂ ਉੱਤੇ ਰੌਸ਼ਨੀ ਪਾਉਂਦੇ ਹੋਏ ਲਿਖਦੇ ਹਨ, “ਗੁਰੂ ਅਰਜਨ ਦੇਵ ਜੀ ਨੇ ਇਹ ‘ਵਾਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਗੁਰੂ ਘਰ ਦੇ ਵਿਰੁੱਧ ਬਾਬਾ ਪ੍ਰਿਥੀ ਚੰਦ ਜੀ ਦੀ ਅਗਵਾਈ ਵਿੱਚ ਜਾਤਿ-ਅਭਿਮਾਨੀ ਲੋਕਾਂ ਦੀਆਂ ਗੋਂਦਾਂ ਦੀ ਨਾ-ਕਾਮੀ ਦੀ ਇਹ ‘ਵਾਰ’ ਇੱਕ ਅਟੱਲ ਯਾਦਗਾਰ ਹੈ। ਅਪ੍ਰੈਲ ਸੰਨ ੧੫੮੨ ਦੇ ਅੰਦਰ-ਬਾਹਰ ਇਹ ‘ਵਾਰ’ ਲਿਖੀ ਗਈ। ਨਾਕਾ-ਬੰਦੀ ਦੀ ਇਹ ਘਟਨਾ ਕਈ ਮਹੀਨੇ ਜਾਰੀ ਰਹੀ ਸੀ, ਅਕਤੂਬਰ ੧੫੮੧ ਤੋਂ ਲੈ ਕੇ ਅਪ੍ਰੈਲ ੧੫੮੨ ਤਕ। (ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੇਵ ਜੀ)
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਵਿਸਤਾਰ ਸਹਿਤ ਭਾਈ ਬਲਵੰਡ ਰਾਇ ਤੇ ਭਾਈ ਸੱਤਾ ਜੀ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਹੋਈ ਵਾਰ ਬਾਰੇ ਚਰਚਾ ਕੀਤੀ ਹੈ। ਆਪ ਜੀ ਨੇ ਕੇਵਲ ਸੂਰਜ ਪ੍ਰਕਾਸ਼ ਅਤੇ ਮੈਕਾਲਿਫ ਦੀ ਲਿਖਤ ਨੂੰ ਹੀ ਆਧਾਰ ਬਣਾਇਆ ਹੈ। ਆਪ ਜੀ ਨੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ਅਤੇ ‘ਮਹਿਮਾ ਪ੍ਰਕਾਸ਼ ਵਾਰਤਕ ਅਤੇ ਕਵਿਤਾ’ ਵਿੱਚ ਵਰਣਿਤ ਕਹਾਣੀ ਦੇ ਕਿਸੇ ਅੰਸ਼ ਦਾ ਵਰਣਨ ਨਹੀਂ ਕੀਤਾ ਹੈ। ਆਪ ਜੀ ਨੇ ਕੇਵਲ ਭਾਈ ਸੰਤੋਖ ਸਿੰਘ ਜੀ ਅਤੇ ਮੈਕਸ ਆਰਥਰ ਮੈਕਾਲਿਫ ਹੁਰਾਂ ਦੀ ਲਿਖਤ ਨੂੰ ਹੀ ਆਧਾਰ ਬਣਾਇਆ ਹੈ। ਇਸ ਲਈ ਹੀ ਆਪ ਜੀ ਨੇ ਭਾਈ ਬਲਵੰਡ ਤੇ ਭਾਈ ਸੱਤਾ ਜੀ ਦਾ ਸਮਾਂ, ਇਹਨਾਂ ਦਾ ਗੁਰੂ ਸਾਹਿਬ ਨਾਲ ਨਰਾਜ਼ ਹੋਣ ਦੇ ਕਾਰਨ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਹੋਈ ਵਾਰ ਦੇ ਉਚਾਰਨ ਦਾ ਸਮਾਂ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਨੇ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਦੇ ਗੁਰੂ ਅਰਜਨ ਸਾਹਿਬ ਨਾਲ ਨਰਾਜ਼ ਹੋਣ ਦਾ ਕਾਰਨ ਮਾਇਆ ਦੀ ਮੰਗ ਨੂੰ ਹੀ ਸਵੀਕਾਰਿਆ ਹੈ। ਇਸ ਲਈ ਹੀ ਆਪ ਜੀ ਨੇ ਦਲੀਲ ਸਹਿਤ ਇਸ ਗੱਲ ਨੂੰ ਸਿੱਧ ਕਰਨ ਦਾ ਜਤਨ ਕੀਤਾ ਹੈ ਕਿ ਜਿਸ ਦੇ ਵਿਆਹ ਲਈ ਇਹਨਾਂ ਨੇ ਗੁਰੂ ਸਾਹਿਬ ਪਾਸੋਂ ਮਾਇਆ ਦੀ ਮੰਗ ਕੀਤੀ ਸੀ, ਉਹ ਭਾਈ ਸੱਤਾ ਜੀ ਦੀ ਲੜਕੀ ਸੀ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪ੍ਰਚਲਤ ਕਹਾਣੀ ਨੂੰ ਸੱਚ ਮੰਨ ਕੇ ਹੀ ਇਸ ਤਰ੍ਹਾਂ ਦੇ ਸਿੱਟੇ ਕੱਢੇ ਹਨ। ਇਤਨਾ ਹੀ ਨਹੀਂ ਆਪ ਜੀ ਨੇ ਵੀ ਦੂਜੇ ਲੇਖਕਾਂ ਵਾਂਗ ਇਸ ਵਾਰ ਦਾ ਅਰਥ ਕਰਨ ਸਮੇਂ ਇਸ ਕਹਾਣੀ ਨੂੰ ਧਿਆਨ ਵਿੱਚ ਰੱਖਿਆ ਹੈ। ਆਪ ਜੀ ਦੀ ਨਿਮਨ ਲਿਖਤ ਵਿੱਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ: “ਤਾਂ ਫਿਰ ਦੋਹਾਂ ਵਿਚੋਂ ਲੜਕੀ ਕਿਸ ਦੀ ਸੀ? ‘ਸੱਤੇ’ ਦੀ। ਕੁਬੋਲ ਵਧੀਕ ਕਿਸ ਬੋਲੇ ਸਨ? ਸੱਤੇ ਨੇ, ਕਿਉਂਕਿ ਚਉਥੀ ਪਉੜੀ ਵਿੱਚ ਸੱਤਾ ਹੀ ਪਛੁਤਾਉਂਦਾ ਹੈ ਤੇ ਆਖਦਾ ਹੈ- ‘ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ’. .’ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰ’॥”
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿਚਲੀ ਕਹਾਣੀ ਨੂੰ ਹੀ ਆਧਾਰ ਬਣਾਇਆ ਹੈ। ਆਪ ਜੀ ਨੇ ਜਿਸ ਤਰ੍ਹਾਂ ਇਸ ਕਹਾਣੀ ਨੂੰ ਵਰਣਨ ਕਰਨ ਵਾਲੇ ਲਗਭਗ ਹਰੇਕ ਲੇਖਕ ਨੇ, ਆਪਣੇ ਤੋਂ ਪਹਿਲੇ ਲੇਖਕਾਂ ਦੀਆਂ ਕੁੱਝ ਕੁ ਗੱਲਾਂ ਨੂੰ ਛੱਡ ਦਿੱਤਾ ਹੈ ਅਤੇ ਕੁੱਝ ਕੁ ਦੀ ਆਪਣੇ ਵਲੋਂ ਕਲਪਨਾ ਕੀਤੀ ਹੈ, ਇਸੇ ਤਰ੍ਹਾਂ ਆਪ ਜੀ ਨੇ ਵੀ ਭਾਈ ਬਲਵੰਡ ਰਾਇ ਤੇ ਭਾਈ ਸੱਤਾ ਡੂਮ ਜੀ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਵਾਰ ਸੰਬੰਧੀ ਪ੍ਰਚਲਤ ਧਾਰਨਾਵਾਂ ਦੇ ਕੁੱਝ ਅੰਸ਼ਾਂ ਨੂੰ ਛੱਡ ਦਿੱਤਾ ਹੈ ਅਤੇ ਕੁੱਝ ਕੁ ਦੀ ਆਪਣੇ ਵਲੋਂ ਕਲਪਨਾ ਕਰਦਿਆਂ ਹੋਇਆਂ ਇਸ ਪ੍ਰਚਲਤ ਕਹਾਣੀ ਨੂੰ ਬਿਆਨ ਕੀਤਾ ਹੈ।
(ਚਲਦਾ)




.