.

ਪਿਆਰ ਤੇ ਸਤਿਕਾਰ

ਇਹ ਇੱਕ ਹਕੀਕਤ ਹੈ ਕਿ ਹਰ ਮਨੁੱਖ ਆਪਣਾ ਮਾਨ, ਸਤਿਕਾਰ ਜਾਂ ਆਦਰ ਲੋਚਦਾ ਹੈ ਪਰ ਸਿਆਣਿਆਂ ਦਾ ਕਥਨ ਹੈ ਕਿ ਇਹ ਕਮਾਉਣਾ ਪੈਂਦਾ ਹੈ ਤੇ ਇਸ ਨੂੰ ਜਬਰਨ ਜਾਂ ਮਜਬੂਰਨ ਨਹੀ ਬਲਿਕੇ ਪਿਆਰ ਨਾਲ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਇਹ ਪਿਆਰ ਤੇ ਨਿਰਭਰ ਹੈ ਇਸ ਲਈ ਜਿੱਥੇ ਪਿਆਰ ਨਹੀ ਉਥੇ ਸਤਿਕਾਰ ਵੀ ਫਿੱਕਾ ਤੇ ਓਪਰਾ ਜਿਹਾ ਹੀ ਹੁੰਦਾ ਹੈ। ਮੌਜੂਦਾ ਸਮੇ ਵਿੱਚ ਸਤਿਕਾਰ ਇੱਕ ਰਸਮੀ ਦਿਖਾਵਾ ਹੀ ਬਣਦਾ ਜਾ ਰਿਹਾ ਹੈ ਕਿਉਂਕਿ ਅਗਿਆਨਤਾ ਕਾਰਨ ਪਿਆਰ ਦਿਨੋ ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਸਤਿਗੁਰ ਦਾ ਉਪਦੇਸ਼ ਹੈ:

ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥ (੫੮)। ਹੇ ਮਨ, ਪਰਮਾਤਮਾ ਦਾ ਨਾਮ ਸਿਮਰਨ (ਭਾਵ ਉਸਦੇ ਨਿਯਮਾ ਅਨੁਸਾਰ ਚੱਲ ਕੇ ਰੱਬੀ ਗੁਣਾ ਨੂੰ ਧਾਰਨ ਕਰਨ) ਨਾਲ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਗੁਰੂ (ਗੁਰਬਾਣੀ) ਬਿਨਾ ਪਰਮਾਤਮਾ ਨਾਲ ਪਿਆਰ ਨਹੀ ਪੈ ਸਕਦਾ। ਜਿਹੜਾ ਮਨ ਗੁਰੂ ਦੇ ਸ਼ਬਦ (ਗੁਰਬਾਣੀ) ਨਾਲ ਜੁੜਦਾ ਹੈ ਉਸਨੂੰ ਹੀ ਪ੍ਰਭੂ ਦੇ ਪਿਆਰ ਦਾ ਰੰਗ ਚੜ੍ਹਦਾ ਹੈ। ਜਿਸ ਨੇ, ਗੁਰੂ ਰਾਹੀਂ, ਕਰਤੇ ਨਾਲ ਪਿਆਰ ਪਾ ਲਿਆ ਉਸ ਦਾ ਕਰਤੇ ਦੀ ਕਿਰਤ ਨਾਲ ਵੀ ਪਿਆਰ ਪੈ ਜਾਂਦਾ ਹੈ ਕਿਉਂਕਿ ਕਰਤਾ ਕਿਰਤ ਨਾਲੋਂ ਜੁਦਾ ਨਹੀ। ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ (੪੦੬)। ਇਸ ਲਈ ਸਰਬੱਤ੍ਰ ਨਾਲ ਪਿਆਰ ਕਰਨ ਤੇ ਉਸਦੇ ਸਦਕਾ ਸੱਭ ਦਾ ਆਦਰ ਸਤਿਕਾਰ ਕਰਨ ਦੀ ਦਾਤ ਪ੍ਰਾਪਤ ਕਰਨ ਲਈ ਗੁਰੂ (ਗੁਰਬਾਣੀ) ਨਾਲ ਪਿਆਰ ਪਾਉਣਾ ਪਵੇਗਾ। ਗੁਰੂ ਬਿਨਾ ਇਹ ਦਾਤ ਪ੍ਰਾਪਤ ਨਹੀ ਹੋ ਸਕਦੀ। ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥ ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥ (੬੦)। ਗੁਰੂ ਦੀ ਸਿਖਿਆ ਤੇ ਚੱਲਣਾ ਹੀ ਗੁਰੂ ਦੀ ਸ਼ਰਨ ਪੈਣਾ ਹੈ। ਗੁਰੂ ਦੀ ਸਿਖਿਆ ਦੁਆਰਾ ਪ੍ਰਭੂ ਦੀ ਵੀਚਾਰ ਕਰਕੇ (ਗੁਰੂ ਦੀ ਸ਼ਰਨ ਪੈ ਕੇ) ਹੀ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਜੀਵ ਇਸਤ੍ਰੀ ਨੇ ਗੁਰਸ਼ਬਦ ਦੁਆਰਾ ਆਪਾ ਭਾਵ ਦੂਰ ਕਰਨ ਦਾ ਸ਼ਿੰਗਾਰ ਕੀਤਾ ਹੈ (ਗੁਰਮਤਿ ਧਾਰਨ ਕੀਤੀ ਹੈ) ਉਸਨੇ ਹੀ ਆਪਣੇ ਹਿਰਦੇ ਘਰ ਵਿੱਚ ਪਿਆਰ (ਧਨ) ਦੀ ਦਾਤ ਨੂੰ ਪ੍ਰਾਪਤ ਕਰ ਲਿਆ ਹੈ। ਇਸ ਪਿਆਰ ਦੀ ਦਾਤ ਨੂੰ ਪ੍ਰਾਪਤ ਕਰਨ ਵਾਲੇ ਤੋਂ ਫਿਰ ਕਿਸੇ ਦਾ ਨਿਰਾਦਰ ਨਹੀ ਹੋ ਸਕਦਾ ਕਿਉਂਕਿ ਗੁਰੂ ਦ੍ਰਿੜ ਕਰਵਾਉਂਦਾ ਹੈ:

ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥ ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹ੍ਹਾਰੇ ॥ (੩੭੯)। ਹੇ ਭਾਈ, ਜਿਸਦਾ ਮਨ ਸਭਨਾ ਦੀ ਚਰਨ ਧੂੜ ਹੋਣ ਨੂੰ ਸਵੀਕਾਰ ਕਰ ਲਵੇ ਉਸਨੂੰ ਸਾਰੇ ਜੀਵ ਪਿਆਰੇ ਮਿੱਤ੍ਰ ਦਿਸਦੇ ਹਨ। ਉਸ ਨੂੰ ਸਭਨਾ ਜੀਵਾਂ ਵਿੱਚ ਸਭ ਦੀ ਸੰਭਾਲ ਕਰ ਰਿਹਾ ਪ੍ਰਭੂ ਮੌਜੂਦ ਦਿਸਦਾ ਹੈ। ਸਭਨਾ ਦੀ ਚਰਨ ਧੂੜ ਹੋਣ ਤੋਂ ਭਾਵ ਨਿਮਰਤਾ, ਖਿਮਾ, ਤੇ ਮਿੱਠਤ ਜਿਹੇ ਰੱਬੀ ਗੁਣਾ ਨੂੰ ਧਾਰਨ ਕਰਨਾ ਹੈ ਜਿਵੇਂ, ਪਿਆਰ ਦੇ ਸੋਮੇ, ਪ੍ਰਭੂ, ਨੂੰ ਪਾਉਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ ਗੁਰ ਫੁਰਮਾਨ ਹੈ:

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ (੧੩੮੪)। ਅਤੇ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ (੩੫੯)। ਇਹਨਾ (ਨਿਮਰਤਾ, ਖਿਮਾ ਤੇ ਮਿਠਬੋਲਣ) ਗੁਣਾ ਦੁਆਰਾ ਹੀ ਪ੍ਰਭੂ ਨਾਲ ਸਾਂਝ ਪੈ ਕੇ ਪਿਆਰ ਦੀ ਦਾਤ ਪ੍ਰਾਪਤ ਹੋਵੇਗੀ ਤੇ ਮਨ ਵਿੱਚ ਸਭਨਾਂ ਲਈ ਸਤਿਕਾਰ, ਪਿਆਰ ਅਤੇ ਮਿੱਤ੍ਰਤਾ ਪੈਦਾ ਹੋ ਜਾਵੇਗੀ। ਜਿਸ ਨੂੰ ਦੂਸਰਿਆਂ ਦਾ ਸਤਿਕਾਰ ਪਿਆਰ ਨਹੀ, ਉਸਨੂੰ ਗੁਰੂ ਨਾਲ ਵੀ ਪਿਆਰ ਨਹੀ ਕਿਉਂਕਿ ਗੁਰੂ ਸਭਨਾ ਵਿੱਚ ਵਸਦਾ ਹੈ ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥ (੫੩। ਮਨ ਅੰਦਰ ਵਸਦੇ ਵਿਕਾਰ (ਅਵਗੁਣ) ਹੀ ਪਿਆਰ ਸਤਿਕਾਰ ਦੇ ਵੈਰੀ ਹਨ ਇਸ ਲਈ ਜਦ ਤਕ ਮਨ ਵਿੱਚ ਵਿਕਾਰਾਂ ਦੀ ਮੈਲ ਹੈ ਤਦ ਤਕ ਨਾ ਪਰਮਾਤਮਾ ਨਾਲ ਸਾਂਝ ਪੈਣੀ ਹੈ, ਨਾ ਪਿਆਰ ਦੀ ਦਾਤ ਪ੍ਰਾਪਤ ਹੋਣੀ ਹੈ ਤੇ ਪਿਆਰ ਬਿਨਾ ਕੀਤਾ ਆਦਰ ਸਤਿਕਾਰ ਵੀ ਇੱਕ ਦਿਖਾਵਾ ਜਾਂ ਫੋਕੀ ਰਸਮ ਤੋਂ ਬਿਨਾ ਹੋਰ ਕੁਛ ਨਹੀ ਰਹਿ ਜਾਂਦਾ। ਗੁਰੂ ਦਾ ਆਦੇਸ਼ ਹੈ:

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥ ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥ ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥ (੩੭)। ਗੁਣ ਧਾਰਨ ਕਰਨ ਵਾਲੀ ਜੀਵ ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ। ਉਸ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਪਿਆਰ ਵਿੱਚ ਰੰਗੀ ਗਈ ਹੈ। ਸਤਿਗੁਰ ਦੀ ਸ਼ਰਨ ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀ ਲੱਭਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਨਾਲ ਪਿਆਰ ਨਹੀ ਪਾਉਂਦਾ ਉਸ ਦੇ ਮਨ ਤੋਂ ਵਿਕਾਰਾਂ ਦੀ ਮੈਲ ਨਹੀ ਉਤਰਦੀ। ਸਪਸ਼ਟ ਹੈ ਕਿ ਗੁਰੂ ਦੇ ਬਚਨਾਂ ਤੇ ਚਲਕੇ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਵਿਕਾਰਾਂ ਦੀ ਮੈਲ ਉਤਰੇਗੀ, ਸਭ ਨਾਲ ਪਿਆਰ ਤੇ ਮਿੱਤ੍ਰਤਾ ਬਣੇਗੀ ਤੇ ਜਿੱਥੇ ਪਿਆਰ ਹੋਵੇਗਾ ਉਥੇ ਆਦਰ, ਸਤਿਕਾਰ ਵੀ ਜ਼ਰੂਰ ਹੋਵੇਗਾ। ਗੁਰੂ ਦੇ ਬਚਨਾ (ਹੁਕਮ) ਨੂੰ ਪੜ੍ਹ, ਬੁੱਝ ਕੇ ਮਨ ਵਸਾਉਣਾ (ਉਹਨਾ ਤੇ ਚੱਲਣਾ) ਹੀ ਗੁਰੂ ਦਾ ਆਦਰ ਜਾਂ ਸਤਿਕਾਰ ਹੈ ਪਰ ਅਗਰ ਮਨੁੱਖ ਗੁਰੂ ਨੂੰ ਦੇਹ ਸਮਝ ਕੇ ਉਸ ਦੀ, ਰਸਮਾ ਤੇ ਕਰਮ ਕਾਂਡਾਂ ਦੁਆਰਾ, ਪੂਜਾ ਤਾਂ ਬਹੁਤ ਕਰਦਾ ਹੋਵੇ ਪਰ ਬਚਨ ਕੋਈ ਮੰਨੇ ਹੀ ਨਾ, ਤਾਂ ਉਹ ਗੁਰੂ ਦਾ ਆਦਰ ਨਹੀ ਬਲਿਕੇ ਨਿਰਾਦਰ ਹੀ ਹੋਵੇਗਾ। ਗੁਸਤਾਖੀ ਮੁਆਫ, ਗੁਰ ਬਚਨਾ ਤੋਂ ਮੁਨਕਰ ਹੋ ਕੇ ਹੋਰ ਕਿਸੇ ਰਸਮਾਂ ਤੇ ਕਰਮ ਕਾਂਡਾਂ ਨਾਲ ਗੁਰੂ ਦਾ ਆਦਰ ਜਾਂ ਸਤਿਕਾਰ ਨਹੀ ਹੋ ਸਕਦਾ। ਦੁਨਿਆਵੀ ਜ਼ਿੰਦਗੀ ਵਿੱਚ ਵੀ ਮਨੁੱਖ ਆਪਣੇ ਪਿਆਰ ਵਾਲੇ ਦਾ ਮਾਣ ਸਤਿਕਾਰ ਦਿਲੋਂ ਕਰਦਾ ਹੈ ਕਿਉਂਕਿ ਉਹ ਉਸਦਾ ਕਿਹਾ (ਬਚਨ) ਨਹੀ ਮੋੜਦਾ ਪਰ ਬਚਨਾ ਤੋਂ ਮੁਨਕਰ ਹੁੰਦਿਆਂ ਹੀ ਪਿਆਰ ਤੇ ਸਤਿਕਾਰ ਓਪਰਾ ਤੇ ਫਿੱਕਾ ਪੈ ਜਾਂਦਾ ਹੈ। ਅੱਜ ਮਨੁਖ ਦਾ ਗੁਰੂ ਨਾਲ ਪਿਆਰ ਤੇ ਸਤਿਕਾਰ ਵੀ ਓਪਰਾ ਤੇ ਫਿੱਕਾ ਹੀ ਹੈ ਕਿਉਂਕਿ ਮਨੁੱਖ ਰੀਤਾਂ, ਰਸਮਾ ਤੇ ਕਰਮ ਕਾਂਡਾਂ ਦੁਆਰਾ ਪਿਆਰ ਦਾ ਦਿਖਾਵਾ ਤਾਂ ਬਹੁਤ ਕਰਦਾ ਹੈ ਪਰ ਗੁਰੂ ਦੇ ਬਚਨ ਨੂੰ (ਮੰਨਣਾ ਤਾਂ ਇੱਕ ਪਾਸੇ) ਜਾਨਣਾ ਵੀ ਨਹੀ ਚਹੁੰਦਾ। ਇਹ ਜਾਣਦੇ ਹੋਏ ਵੀ ਕਿ ਗੁਰਬਾਣੀ ਨੂੰ ਬਿਨਾ ਸਮਝੇ ਪੜ੍ਹਨ ਦਾ ਕੋਈ ਲਾਭ ਨਹੀ ਫਿਰ ਵੀ ਅਜੇਹੇ ਪਾਠਾਂ ਦੀਆਂ ਲੜੀਆਂ ਚਲਾਈ ਜਾਣੀਆਂ ਇਸ ਗਲ ਦਾ ਸਬੂਤ ਹਨ ਕਿ ਸਿੱਖ ਗੁਰੂ ਦੀ ਗਲ ਨੂੰ ਜਾਨਣਾ ਹੀ ਨਹੀ ਚਹੁੰਦਾ। ਇਹਨਾ ਓਪਰੇ ਤੇ ਮਤਲਬੀ ਕਰਮ ਕਾਂਡਾਂ ਨਾਲ ਗੁਰੂ ਲਈ ਪਿਆਰ ਤੇ ਸਤਿਕਾਰ ਵੀ ਓਪਰਾ ਤੇ ਫਿੱਕਾ ਹੀ ਪੈ ਗਿਆ ਹੈ। ਇੱਕ ਪ੍ਰਸਿੱਧ ਕੀਰਤਨੀਆਂ ਦੀ ਸੁਣਾਈ ਗਲ ਯਾਦ ਆ ਗਈ ਕਿ ਇੱਕ ਨੌਜਵਾਨ ਆਪਣੇ ਪਿਤਾ ਦੀ ਤਸਵੀਰ ਨੂੰ ਧੂਫ ਦੇ ਕੇ ਉਸ ਤੇ ਫੁੱਲਾਂ ਦਾ ਹਾਰ ਪਾ ਰਿਹਾ ਸੀ ਕਿ ਪਿਤਾ ਵੀ ਆ ਗਿਆ। ਉਸ ਨੇ ਪੁਛਿਆ ਕਿ ਕਾਕਾ ਇਹ ਕੀ ਮਾਜਰਾ ਹੈ, ਅਜੇ ਤਾਂ ਮੈ ਜਿਉਂਦਾ ਹਾਂ ਤੇ ਤੂੰ ਮੇਰੀ ਤਸਵੀਰ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਉਸਨੇ ਜਵਾਵ ਦਿੱਤਾ ਕਿ ਬਾਪੂ ਮੈਨੂੰ ਤੇਰੀ ਤਸਵੀਰ ਬੜੀ ਚੰਗੀ ਲਗਦੀ ਹੈ। ਪਿਉ ਨੇ ਪੁਛਿਆ ਕਿ ਕੀ ਮੇਰੇ ਨਾਲੋਂ ਤੈਨੂੰ ਮੇਰੀ ਤਸਵੀਰ ਚੰਗੀ ਲਗਦੀ ਹੈ? ਮੇਰੇ ਤਾਂ ਕਦੇ ਆਖੇ ਨਹੀ ਲਗਿਆ ਪਰ ਤਸਵੀਰ ਨੂੰ ਬੜੀ ਰੀਝ ਨਾਲ ਸਵਾਰਿਆ ਤੇ ਪੂਜਿਆ ਜਾ ਰਿਹਾ ਹੈ। ਪੁੱਤ੍ਰ ਨੇ ਜਵਾਬ ਦਿੱਤਾ ਕਿ ਪਿਤਾ ਜੀ ਇਹ ਤਸਵੀਰ ਮੈਨੂੰ ਇਸ ਲਈ ਚੰਗੀ ਲਗਦੀ ਹੈ ਕਿਉਂਕਿ ਇਹ ਮੈਨੂੰ ਕਹਿੰਦੀ ਕੁੱਝ ਨਹੀ … … …. ਹੂਬਹੂ ਇਹੀ ਹਾਲ ਅੱਜ ਸਿੱਖ ਦਾ ਹੈ ਕਿ ਉਹ ਅਜੇਹੇ ਗੁਰੂ ਨੂੰ ਪੂਜਣਾ ਪਸੰਦ ਕਰਦਾ ਹੈ ਜੋ ਆਖੇ ਕੁੱਝ ਵੀ ਨਾ। ਅੱਜ ਸਿੱਖ ਗੁਰੂ ਗ੍ਰੰਥ ਦੀ ਪੂਜਾ ਤਾਂ ਖੁਬ ਕਰਦਾ ਹੈ, ਧੂਫਾਂ ਜਗਾਉਂਦਾ ਹੈ, ਆਰਤੀਆਂ ਕਰਕੇ ਫੁੱਲਾਂ ਦੀ ਬਰਖਾ ਕਰਦਾ ਹੈ, ਪਾਠ, ਕੀਰਤਨ ਤੇ ਕਥਾ ਵੀ ਕਰਦਾ ਹੈ, ਧਨ, ਬਸਤ੍ਰ ਤੇ ਹੋਰ ਅਨੇਕ ਤਰਾਂ ਦੀਆਂ ਭੇਟਾਵਾਂ ਵੀ ਅਰਪਨ ਕਰਦਾ ਹੈ ਪਰ ਬਚਨ ਮੰਨਣ ਤੋਂ ਹੀ ਇਨਕਾਰੀ ਹੈ। ਬਚਨ ਮੰਨੇ ਬਿਨਾ ਗੁਰੂ ਨਾਲ ਪਿਆਰ ਨਹੀ ਪੈ ਸਕਦਾ ਹੈ, ਤੇ ਪਿਆਰ ਤੋਂ ਬਿਨਾ, ਵਸਤੂਆਂ ਤੇ ਕਰਮ ਕਾਂਡਾਂ ਨਾਲ ਕੀਤਾ, ਆਦਰ ਜਾਂ ਸਤਿਕਾਰ ਵੀ ਇੱਕ ਓਪਰਾ ਤੇ ਫੋਕਟ ਕਰਮ ਹੀ ਹੈ। ਅਗਿਆਨਤਾ ਤੇ ਵਿਕਾਰਾਂ ਵਸ ਹੋ ਕੇ ਮਨੁੱਖ ਆਪਣੇ ਮਨ ਵਿੱਚ ਵਿਲੱਖਣਤਾ ਜਾਂ ਵਿਤਕਰਿਆਂ ਕਾਰਨ ਨਫਰਤ ਦਾ ਬੀਜ ਬੋ ਲੈਂਦਾ ਹੈ ਜਿਸ ਦੇ ਕਾਰਨ ਪਿਆਰ ਤੇ ਸਤਿਕਾਰ ਪਰ ਲਾ ਕੇ ਉੱਡ ਜਾਂਦੇ ਹਨ। ਗੁਰੂ ਦਾ ਆਦਰ ਜਾਂ ਸਤਿਕਾਰ ਇਸ ਲਈ ਹੈ ਕਿਉਂਕਿ ਉਸਨੂੰ ਬਿਨਾ ਕਿਸੇ ਵਿਤਕਰੇ ਜਾਂ ਸ਼ਰਤ ਦੇ ਸਭ ਪ੍ਰਵਾਨ ਹਨ ਤੇ ਉਸਦਾ ਸਭ ਨਾਲ ਇਕੋ ਜਿਹਾ ਪਿਆਰ ਤੇ ਸਤਿਕਾਰ ਹੈ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ (੫੮੯) ਤੇ ਇਹੀ (ਗਿਆਨ ਦਾ) ਨੁਸਕਾ ਉਹ ਮਨੁੱਖਤਾ ਨੂੰ ਇਕੋ ਭਾਈਚਾਰੇ ਵਿੱਚ ਪ੍ਰੋਣ ਲਈ ਦੇਣਾ ਚਹੁੰਦਾ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ (੧੩੫੦)। ਹੇ ਮਨੁੱਖ, ਇਕੋ ਹੀ ਨੂਰ ਦੀ ਸਭ ਉਪਜ ਹੈ ਤੇ ਉਸਨੇ ਹੀ ਸਭ ਬੰਦੇ ਬਣਾਏ ਹਨ ਇਸ ਲਈ ਤੂੰ ਇਹਨਾ ਵਿੱਚ ਕਿਸੇ ਤਰਾਂ (ਬੁਰੇ ਭਲੇ) ਦਾ ਵਿਤਕਰਾ ਨਾ ਪਾ ਕਿਉਂਕਿ ਇਹੀ ਪਿਆਰ ਤੇ ਸਤਿਕਾਰ ਦਾ ਘਾਤਕ ਹੈ। ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ (੧੨੩੮)। ਹੇ ਮਨੁੱਖ, ਪਰਮਾਤਮਾ ਨੇ ਆਪ ਹੀ ਸਭ ਜੀਵਾਂ ਨੂੰ ਵੱਖ ਵੱਖ ਸੁਭਾ ਵਾਲੇ ਪੈਦਾ ਕੀਤਾ ਹੈ ਤੇ ਸਾਰਿਆਂ ਦਾ ਖਸਮ ਉਹ ਇਕੋ ਆਪ ਹੀ ਹੈ ਇਸ ਲਈ ਊਚ ਨੀਚ ਤੇ ਬੁਰੇ ਭਲੇ ਦੇ ਵਿਤਕਰੇ ਨਾਲ ਘਿਰਨਾ ਪੈਦਾ ਕਰਕੇ ਪਿਆਰ ਸਤਿਕਾਰ ਦੀ ਦਾਤ ਤੋਂ ਵਾਂਝਾ ਨਾ ਰਹਿ। ਜਿਸ ਨੇ ਵੀ ਗੁਰੂ ਦੇ ਇਹਨਾ ਸੁਨਹਿਰੀ ਅਸੂਲਾਂ (ਗੁਰਮਤਿ) ਨੂੰ ਅਪਨਾ ਲਿਆ ਕੇਵਲ ਉਸ ਲਈ ਹੀ ਫਿਰ:

ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥ {ਪੰਨਾ 1299}। ਕੇਵਲ ਓਸੇ ਦੇ ਮਨ ਵਿੱਚ ਹੀ ਸਰਬੱਤ੍ਰ ਲਈ ਪਿਆਰ ਤੇ ਸਤਿਕਾਰ ਜਾਗ ਸਕਦਾ ਹੈ ਤੇ ਓਸੇ ਦੀ ਹੀ ਸਰਬੱਤ੍ਰ ਨਾਲ ਬਣ ਸਕਦੀ ਹੈ ਜਿਸ ਨੇ ਸਹੀ ਅਰਥਾਂ ਵਿੱਚ ਗੁਰੂ ਦੀ ਸੰਗਤ ਕਰਕੇ (ਬਚਨ ਮੰਨ ਕੇ) ਪਰਾਈ ਤਾਤ (ਈਰਖਾ ਜਾਂ ਸਾੜੇ ਨੂੰ) ਛੱਡ ਦਿੱਤਾ ਹੈ। ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ (੬੭੧) ਅੱਜ ਤਾਂ ਸਿੱਖ ਆਪਣਿਆਂ ਨੂੰ ਹੀ ਮੀਤ ਨਹੀ ਬਣਾ ਸਕਦਾ (ਸਾਰੀ ਮਨੁੱਖਤਾ ਦੀ ਗਲ ਤਾਂ ਦੂਰ ਦੀ ਹੈ) ਤੇ ਉਹ ਗੁਰੂ ਦੀ ਵਿਸ਼ਾਲਤਾ ਨੂੰ ਵੀ ਆਪਣੀਆਂ ਬਣਾਈਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਵਗਲਨਾ ਚਹੁੰਦਾ ਹੈ। ਇਸ ਲਈ ਜਦੋਂ ਕੋਈ ਉਸ ਵਲਗਣ ਵਿੱਚ ਨਹੀ ਆਉਂਦਾ ਉਸ ਲਈ ਘਿਰਨਾ ਪੈਦਾ ਕਰ ਲੈਂਦਾ ਹੈ ਪਰ ਗੁਰੂ ਨੇ ਤਾਂ ਸਭ ਵਾੜਾਂ ਤੇ ਦੀਵਾਰਾਂ ਢਾਹ ਦਿੱਤੀਆਂ ਕਿਉਂਕਿ ਐਸਾ ਕਰਨ ਤੋਂ ਬਿਨਾ ਸਭ ਨਾਲ ਪਿਆਰ ਤੇ ਸਤਿਕਾਰ ਸੰਭਵ ਹੀ ਨਹੀ। ਅੱਜ, ਸਿੱਖੀ ਵਿੱਚ ਪਈਆਂ ਦਰਾੜਾਂ ਹੀ ਵੱਡ੍ਹਾ ਸਬੂਤ ਹੈ ਕਿ ਸਿੱਖ ਗੁਰੂ ਦੇ ਬਚਨਾ ਨੂੰ ਭੁਲਾ ਕੇ ਅਖੌਤੀ, ਧਰਮ ਆਗੂਆਂ, ਸਾਧਾਂ, ਸੰਤਾਂ ਤੇ ਬਾਬਿਆਂ ਦੇ ਬਚਨਾ ਨੂੰ ਹੀ ਰੱਬੀ ਹੁਕਮ ਸਮਝ ਬੈਠਾ ਹੈ ਤੇ ਉਹਨਾ ਪਿੱਛੇ ਲੱਗ ਕੇ ਵਿਤਕਰਿਆਂ ਤੇ ਘਿਰਨਾ ਦਾ ਸ਼ਿਕਾਰ ਹੋ ਕੇ ਆਪਣਿਆਂ ਵਿੱਚ ਹੀ ਵੈਰ ਵਿਰੋਧਤਾ ਪਾਈ ਜਾ ਰਿਹਾ ਹੈ। ਜਿਨੇ ਅਖੌਤੀ ਪੀਰ, ਸਾਧ, ਸੰਤ ਤੇ ਬਾਬੇ ਓਨੇ ਹੀ ਵੱਖ ਵੱਖ ਫਿਰਕਿਆਂ ਨੇ ਮਨੁੱਖਤਾ ਨੂੰ ਵੰਡ ਕੇ ਰੱਖ ਦਿੱਤਾ ਹੈ ਤੇ, ਗੁਸਤਾਖੀ ਮੁਆਫ, ਅੱਜ ਇਹਨਾ ਅਖੌਤੀ ਸਾਧਾਂ ਦੇ ਸਿੱਖਾਂ ਦੀ ਗਿਣਤੀ ਗੁਰੂ ਦੇ ਸਿੱਖਾ ਨਾਲੋਂ ਕਿਤੇ ਜ਼ਿਆਦਾ ਹੈ। ਗੁਰੂ ਦੀ ਵਿਸ਼ਾਲਤਾ ਦੇ ਘੇਰੇ ਨੂੰ ਧਰਮੀ ਆਗੂਆਂ ਦੀਆਂ ਆਪਣੀਆਂ ਹੀ ਲਾਈਆਂ ਪਾਬੰਦੀਆਂ ਤੇ ਸ਼ਰਤਾਂ (ਦੀ ਵਾੜ) ਨੇ ਵੈਰ, ਵਿਰੋਧਤਾ ਤੇ ਘਿਰਨਾ ਪੈਦਾ ਕਰਕੇ ਇਤਨਾ ਸੰਕੀਰਣ ਕਰ ਦਿੱਤਾ ਕਿ ਆਪਣੇ ਹੀ ਭੈਣ ਭਰਾ ਦਰਬਾਰਾਂ, ਡੇਰਿਆਂ ਤੇ ਠਾਠਾਂ ਦੀ ਸ਼ਰਨ ਲੈਣ ਲਈ ਮਜਬੂਰ ਹੋ ਗਏ ਤੇ ਏਸੇ ਨਫਰਤ ਦੀ ਖਿੱਚ ਧੂਹ ਵਿੱਚ ਹੀ ਪਿਆਰ ਸਤਿਕਾਰ ਅਲੋਪ ਹੋ ਗਿਆ। ਇਸ ਲਈ ਇਹ ਸਪਸ਼ਟ ਹੈ ਕਿ ਆਪਸੀ ਫੁੱਟ, ਨਫਰਤ ਤੇ ਨਿਰਾਦਰੀ ਦੀ ਜੜ੍ਹ ਗੁਰੂ (ਗੁਰਬਾਣੀ, ਗਿਆਨ) ਤੋਂ ਬੇਮੁਖਤਾ ਹੀ ਹੈ। ਗੁਰੂ ਨੂੰ ਸਰੀਰ ਸਮਝਣ ਦੇ ਭੁਲੇਖੇ ਨੇ ਉਸਦੇ ਅਦਬ, ਸਤਿਕਾਰ, ਪਿਆਰ ਨੂੰ ਬਾਹਰਲੀਆਂ ਰੀਤਾਂ ਰਸਮਾ ਤੇ ਕਰਮ ਕਾਂਡਾਂ ਨਾਲ ਜੋੜ ਦਿੱਤਾ ਇਸ ਲਈ ਜਦੋਂ ਤਕ ਇਹਨਾ ਕਰਮ ਕਾਂਡਾਂ ਨੂੰ ਤਿਆਗ ਕੇ ਗੁਰੂ ਦੇ “ਹੁਕਮ ਰਜਾਈ” ਚੱਲਕੇ, ਸ਼ੁੱਭ ਗੁਣਾ ਨੂੰ ਧਾਰਨ ਨਹੀ ਕਰਦੇ ਤਦ ਤਕ ਨਾ ਤਾਂ ਗੁਰੂ ਦਾ ਪਿਆਰ ਸਤਿਕਾਰ ਹੋਣਾ ਹੈ ਤੇ ਨਾ ਹੀ ਸਮੁੱਚੀ ਮਨੁੱਖਤਾ ਦਾ। ਪੜ੍ਹਨ ਨੂੰ ਤਾਂ ਅਨੇਕਾਂ ਵਾਰ ਪੜ੍ਹਦੇ ਹਾਂ ਕਿ:

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ {ਪੰਨਾ 1381}। ਪਰ ਇਹ ਸੁਨਹਿਰੀ ਅਸੂਲ ਵਰਤੋਂ ਵਿੱਚ ਘਟ ਹੀ ਆਉਂਦਾ ਹੈ ਕਿਉਂਕਿ ਮਿਥੀ ਹੋਈ ਵਾੜ ਤੋਂ ਬਾਹਰ ਵਾਲੇ ਵਿਅਕਤੀ ਵਿੱਚ ਖਾਲਕ ਕਦੇ ਨਜ਼ਰ ਹੀ ਨਹੀ ਆਉਂਦਾ ਜਿਸ ਕਾਰਨ ਮਨ ਵਿੱਚ ਉਸ ਲਈ ਪਿਆਰ ਸਤਿਕਾਰ ਦੇ ਬਦਲੇ ਘਿਰਨਾ ਪੈਦਾ ਹੋ ਜਾਂਦੀ ਹੈ। ਉਸ ਵਕਤ ਇਹ ਭੁੱਲ ਜਾਂਦਾ ਹੈ ਕਿ “ਨਹੀ ਹੈ ਚੀਜ਼ ਕੋਈ ਨਿਕੰਮ ਜ਼ਮਾਨੇ ਮੇਂ, ਕੋਈ ਬੁਰਾ ਨਹੀ ਕੁਦਰਤ ਕੇ ਕਾਰਖਾਨੇ ਮੇਂ”। ਗੁਰਮੁਖਿ (ਗੁਰ ੳਪਦੇਸ਼ ਤੇ ਚਲਣ ਵਾਲੇ) ਦੀ ਕਸਵੱਟੀ ਹੀ ਉਸ ਦਾ ਵਿਸ਼ਾਲ ਹਿਰਦਾ ਹੈ ਕਿਉਂਕਿ ਉਸ ਨੂੰ ਖਲਕ ਵਿੱਚ ਖਾਲਕ ਨਜ਼ਰ ਆਉਂਦਾ ਹੈ ਤੇ ਉਹ ਬਿਨਾ ਸ਼ਰਤ ਸੱਭ ਨਾਲ ਇਕੋ ਜਿਹਾ ਪਿਆਰ ਸਤਿਕਾਰ ਕਰਦਾ ਹੈ। ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥ {ਪੰਨਾ 1244}। ਗੁਰ ਸਿਖਿਆ ਦੁਆਰਾ ਜਿਸ ਨੇ ਆਪਾ ਪਛਾਣ ਲਿਆ ਉਸ ਨੇ ਪ੍ਰਭੂ ਨੂੰ ਪਛਾਣ ਲਿਆ ਤੇ ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਉਸ ਲਈ ਕੋਈ ਬੁਰਾ ਨਹੀ ਹੋ ਸਕਦਾ, ਉਹ ਨਿਰਵੈਰ ਹੋ ਜਾਂਦਾ ਹੈ ਤੇ ਸੱਭ ਦਾ ਆਦਰ, ਸਤਿਕਾਰ ਤੇ ਪਿਆਰ ਇਕੋ ਜਿਹਾ ਕਰਦਾ ਹੈ। ਗੁਰਮੁਖਿ ਵੈਰ ਵਿਰੋਧ ਗਵਾਵੈ ॥ ਗੁਰਮੁਖਿ ਸਗਲੀ ਗਣਤ ਮਿਟਾਵੈ ॥ (੯੪੨)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.