.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਅਠਵਾਂ)

ਨੋਟ:- ਬਾਣੀਂ ਵਿੱਚ ਖਾਣ ਪੀਣ (ਭੋਜਨ) ਦੇ ਸੰਜਮ ਤੇ ਕਾਫੀ ਜੋਰ ਦਿੱਤਾ ਹੈ।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ ੨॥

ਪਉੜੀ॥

ਸੇਵ ਕੀਤੀ ਸੰਤੋਖੀਈਂ ਜਿਨੀੑ ਸਚੋ ਸਚੁ ਧਿਆਇਆ॥

ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ

ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥

ਸਾਖੀਆ ਤੋਂ ਵੀ ਆਮ ਕਰਕੇ ਪਤਾ ਚੱਲਦਾ ਹੈ, ਕਿ ਉਦਾਸੀਆਂ ਸਮੇਂ, ਖੁਦ (ਗੁਰੂ ਨਾਨਕ ਜੀ) ਵੀ ਅਕਸਰ ਨਿਰਾਆਹਾਰ ਹੀ ਰਹਿੰਦੇ ਸਨ।

ਇੱਕ ਕਹਾਵਤ ਵੀ ਹੈ,

ਜੈਸਾ ਅੰਨ ਤੈਸਾ ਮਨ, ਜੈਸਾ ਦੁੱਧ ਵੈਸੀ ਬੁੱਧ।

ਜਿਵੇਂ ਕੇ ਬਾਣੀਂ ਸਿਖਿਆ ਦੇਂਦੀ ਹੈ

ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥

ਗੁਰੂ ਜੀ ਸਮਝਾ ਰਹੇ ਹਨ, ਜਿੰਨ੍ਹਾਂ ਨੇਂ ਸੰਜਮ ਵਿੱਚ ਰਹਿ ਕੇ ਅੰਨ ਪਾਣੀਂ ਵੀ ਬਹੁਤ ਥੋੜਾ (ਲੋੜ ਅਨੂਸਾਰ) ਖਾਦਾ ਹੈ।

ਉਹਨਾਂ ਦੇ ਸਾਰੇ ਹੀ ਦੁਨਿਆਵੀ ਬੰਧਨ ਟੁਟ ਜਾਂਦੇ ਹਨ। ਉਹ ਆਜ਼ਾਦ ਹੋ ਜਾਂਦੇ ਹਨ, ਦੁਨੀਆਂ ਵਿਚੋਂ ਮੁਕਤ ਹੋ ਜਾਂਦੇ ਹਨ।

ਸਿਰਫ ਕੁੱਝ ਲੋਕ ਹੋਣ ਗੇ, ਜੋ ਲੋੜ ਅਨੁਸਾਰ ਜਿੰਦਾ ਰਹਿਣ ਵਾਸਤੇ ਹੀ ਖਾਦੇ ਹਨ।

ਪਰ ਬਾਕੀ ਬਹੁਤੇ ਲੋਕ ਤਾਂ ਸਿਰਫ ਖਾਣ ਵਾਸਤੇ ਹੀ ਜਿੰਦਾ ਰਹਿੰਦੇ ਹਨ।

(ਦੁਨੀਆ ਦੇ ਬੰਧਨ, ਜਿਨਾਂ ਵਿੱਚ ਕਿ ਮਾਸ ਦਾ ਬੰਧਨ ਸੱਭ ਤੋਂ ਮੁੱਖ ਅਤੇ ਪਹਿਲਾ ਬੰਧਨ ਹੈ)

ਕੀ ਮਾਸ ਖਾਣ ਵਾਲਿਆਂ ਨੂੰ ਅੱਜ ਤੱਕ ਕਦੇ ਕਿਸੇ ਨੇਂ ਆਖਿਆ ਹੈ,

ਕਿ ਜਿਨ੍ਹਾਂ ਨੇਂ ਮਾਸ ਥੋੜਾ ਖਾਦਾ ਹੈ, ਉਹਨਾਂ ਨੇਂ ਦੁਨੀਆਂ ਦੇ ਸਾਰੇ ਬੰਧਨ ਤੋੜ ਦਿੱਤੇ ਹਨ।

ਜੇ ਬਾਣੀਂ ਦੀ ਵਿਚਾਰ ਕਰੀਏ ਅਤੇ ਜੇ ਬਾਣੀਂ ਨੂੰ ਸਚਮੁਚ “ਸੱਚ” ਮੰਨੀਏ, ਤਾਂ ਮਾਸਾਹਾਰੀ ਤਾਂ ਇਸ (ਦੁਨਿਆਵੀ ਬੰਧਨਾਂ ਦੀ ਮੁਕਤੀ ਵਾਲੀ) ਗਿਨਤੀ ਵਿੱਚ ਹੀ ਨਹੀਂ ਆਉਂਦੇ।

ਕਿਉਂ ਕੇ ਉਹਨਾਂ ਦਾ ਇਸ ਮਾਸ ਨਾਲ ਪਿਆਰ ਹੈ। ਅਤੇ ਮਾਸ ਹੀ ਇਸ ਸੰਸਾਰ ਦਾ ਅਸਲ ਰੂਪ ਹੈ।

ਇਹ ਊਪਰ ਵਾਲੀ ਬਾਂਣੀ ਦੀ ਪੰਕਤੀ,

ਆਸਾ ਦੀ ਵਾਰ ਦੇ ਇੱਕ ਸ਼ਬਦ ਵਿਚੋਂ ਹੈ।

ਅੱਗੇ ਉਹ ਪੂਰਾ ਸ਼ਬਦ ਲਿਖਿਆ ਹੋਇਆ ਹੈ। ਵੇਖੋ ਇਸ ਸ਼ਬਦ ਵਿੱਚ ਹੋਰ ਵੀ ਕਿਨੇਂ ਸੰਜਮ ਅਤੇ ਸਿਖਿਆ ਦਿੱਤੀਆਂ ਹਨ ਸਾਨੂੰ। ਪਰ ਇਹ ਵੱਖਰੀ ਗੱਲ ਹੈ, ਕਿ ਇਹ ਸਾਰੀਆਂ ਹੀ ਸਿਖਿਆ ਅਤੇ ਸੰਜਮ ਸਾਡੇ ਵਰੁੱਧ ਹਨ, ਉਲਟ ਹਨ। ਤਿੰਨ ਸੌ ਸਾਲ ਤੋਂ ਵੀ ਜਿਆਦਾ ਹੋ ਗਏ ਹਨ, ਸਾਨੂੰ ਇਹ ਬਾਣੀਂ ਪੜ੍ਹਦਿਆਂ। ਅਸੀਂ ਕਿਹੜੀ ਸਿੱਖਿਆ ਲਈ ਹੈ ਇਸ ਬਾਣੀਂ ਵਿਚੋਂ? ਅਤੇ ਬਾਣੀਂ ਦੇ ਦੱਸੇ ਹੋਇ ਕਿਹੜੇ ਸੰਜਮ ਤੇ ਅਮਲ ਕੀਤਾ ਹੈ ਅੱਜ ਤੱਕ।

ਦੇਖ ਲਵੋ ਅਸੀਂ ਖੁਦ ਤਾਂ ਅਮਲ ਕੀ ਕਰਨਾਂ ਹੈ, ਜੇ ਕੋਈ ਬਾਣੀਂ ਵਿੱਚ ਲਿਖੇ ਇਹਨਾਂ ਸੰਜਮਾਂ ਦੀ ਗੱਲ ਕਰਦਾ ਹੈ, ਤਾਂ ਅਸੀਂ ਗੁਰਮੁਖ ਬੰਦੇ…ਉਸ ਮਨਮੁਖ ਦਾ ਕੀ ਹਾਲ ਕਰਦੇ ਹਾਂ।

ਮਹਲਾ ੨॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ ੨॥ ਪਉੜੀ॥ ਸੇਵ ਕੀਤੀ ਸੰਤੋਖੀਈਂ ਜਿਨੀੑ ਸਚੋ ਸਚੁ ਧਿਆਇਆ॥ ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥ ੪੬੭

ਨੋਟ:- ਜਿਨਾਂ ਨੇਂ ਇਸ ਸ਼ਬਦ ਵਿਚਲੀ ਗੁਰੂ ਦੀ ਸਿਖਿਆ ਤੇ ਅਮਲ ਕੀਤਾ ਹੈ।

ਅਤੇ ਜਿੰਨ੍ਹਾਂ ਨੇਂ ਇਹਨਾਂ ਦੱਸੇ ਹੋਇ ਸੰਜਮਾਂ ਵਿੱਚ ਰਹਿ ਕੇ ਸਚੇ (ਪ੍ਰਭੂ) ਨੂੰ ਧਿਆਇਆ।

ਉਹ, ਸੰਸਾਰ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਗਏ।

ਭਾਵ ਉਹ ਆਵਾਗਉਨ ਤੋਂ ਮੁਕਤ ਹੋ ਗਏ।

ਪਰ ਅਸੀਂ ਸਾਰੇ ਵਿਹਾਰ ਹੀ, ਬਾਣੀਂ ਤੋਂ ਉਲਟ ਕਰਦੇ ਹਾਂ।

ਅਤੇ ਖੁਦ ਤਾਂ ਬਾਣੀਂ ਵਿੱਚ ਦਸੇ ਹੋਇ ਸੰਜਮਾਂ ਤੇ ਅਮਲ ਕਰਦੇ ਨਹੀਂ, ਉਲਟਾ ਡਾਂਗ ਨਾਲ ਦੂਜਿਆਂ ਨੂੰ ਵੀ ਅਮਲ ਕਰਨ ਤੋਂ ਰੋਕਦੇ ਹਾਂ, ਤੇ ਆਪਣੀਂ ਸਿਖਿਆ ਤੇ ਅਮਲ ਕਰਨ ਵਾਸਤੇ ਕਹਿੰਦੇ ਹਾਂ।

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥

ਹਉਮੈ- ਹਉਂ-ਮੈਂ, ਅਹੰ-ਅਭਿਮਾਨ, ਪ੍ਰਭੂ ਤੋਂ ਉਲਟ ਪ੍ਰਭੂ ਤੋਂ ਅਲੱਗ- ਵੱਖਰਾ ਪਨ, ਭਾਵ ਖੁਦੀ, ਮੈਂ ਵੱਡਾ, ਆਪਣੇਂ ਆਪ ਦਾ ਗਰੂਰ।

ਹਉਂ-ਮੈਂ ਕਾਰਨ ਹੀ ਅਸੀਂ ਬਾਣੀਂ ਤੋਂ ਵਖਰੇ ਹਾਂ, ਉਲਟੇ ਹਾਂ,

ਦੱਸੋ ਆਪਣੇਂ ਵਿਚੋਂ ਕੌਣ ਹੈ ਐਸਾ, ਜਿਸ ਵਿੱਚ ਹਉ-ਮੈ ਨਹੀਂ ਹੈ?

ਸਾਡੀ ਅਸਲ ਜਾਤ ਹੀ ਹਉਮੈਂ ਹੈ।

ਅਤੇ ਆਪਣੀਂ ਜਾਤ ਦੇ ਅਸਰ ਕਰਕੇ ਅਸੀਂ ਸਾਰੇ ਕੰਮ ਹੀ ਹਉਮੈਂ ਵਾਲੇ ਕਰਦੇ ਹਾਂ।

ਨੋਟ:- (ਹਉਂ- ਮੈ, ਖੁਦੀ ਵਿਚ) ਬਾਣੀਂ ਤੋਂ ਵੱਖਰੇ ਹੋਣਾਂ, ਪ੍ਰਭੂ ਤੋਂ ਵਖਰੇ ਹੋਣ ਨਾਲੋਂ ਜਿਆਦਾ ਬੁਰਾ ਹੈ. . ਇਸ ਦਾ ਨਤੀਜਾ ਜਿਆਦਾ ਭਿਆਨਕ ਹੈ।

ਕਿਉਂ ਕਿ ਹਰੀ ਨੇਂ ਸਾਨੂੰ ਹਉਮੈ ਲਾਈ ਹੈ, ਪਰ ਬਾਣੀਂ ਸਾਡੀ ਹਉਮੈਂ ਉਤਾਰਦੀ ਹੈ।

ਅਸੀਂ ਉਲਟਾ ਜਬਾਨੀਂ ਜਬਾਨੀਂ ਹਰੀ ਨੂੰ ਤਾਂ ਮੰਨਦੇ ਹਾਂ, . . ਉਸ ਦੀ ਝੂਠੀ ਵਡਿਆਈ ਕਰਦੇ ਹਾਂ, . . ਪਰ ਬਾਣੀਂ ਨੂੰ ਬਿਲਕੁਲ ਹੀ ਨਹੀਂ ਮੰਨਦੇ।

ਕਿਉਂ ਕਿ ਬਾਣੀਂ ਤਾਂ ਸਾਨੂੰ ਬੁਰੇ ਜਾਂ ਗਲਤ ਕੰਮਾਂ ਤੋਂ, ਮੂੰਹ ਤੇ ਚਪੇੜਾ ਮਾਰਦੀ ਹੈ, ਹਰੀ ਸਾਨੂੰ ਕੀ ਕਹਿੰਦਾ ਹੈ,. . ਕੁਝ ਵੀ ਨਹੀਂ।

ਉਸ ਦਾ ਤਾਂ ਸਗੋਂ ਭਾਣਾਂ ਹੈ, ਕਿ ਹਉਂ-ਮੈ ਵਾਲੇ ਕੰਮ ਕਰੋ।

ਇਸੇ ਹੀ ਵਾਸਤੇ ਉਹ (ਹਰੀ) ਸਾਡੇ ਅੰਦਰ ਹੁੰਦਿਆਂ ਹੋਇਆਂ ਵੀ ਸਾਨੂੰ ਬੁਰੇ ਕੰਮਾਂ ਤੋਂ ਰੋਕਦਾ ਨਹੀਂ ਹੈ।

ਜੇ ਕਿਤੇ ਉਹ (ਹਰੀ) ਸਾਨੂੰ ਬੁਰੇ ਕੰਮਾਂ ਤੋਂ ਰੋਕਦਾ ਹੁੰਦਾ, ਤਾਂ ਅਸੀਂ ਬਾਣੀਂ ਵਾਂਗੂ ਉਸ ਤੋਂ ਵੀ ਮੂੰਹ ਫੇਰ ਲੈਂਦੇ।

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥

ਇਹ ਹਉਮੈ (ਹੰਕਾਰ) ਹੀ ਸੱਭ ਤੋਂ ਵਡਾ ਬੰਧਨ (ਫਾਹੀ) ਹੈ।

ਇਹੀ ਹੰਕਾਰ ਸਾਨੂੰ ਮੁੜ ਮੁੜ ਕੇ, ਬਾਰ ਬਾਰ ਜੂਨਾਂ ਵਿੱਚ ਪਾਉਂਦਾ ਹੈ।

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥

ਇਹ ਹਉਮੈਂ ਸਾਨੂੰ ਕਿਥੋਂ ਚੰਬੜੀ ਹੈ,

ਅਤੇ ਕਿਹੜੇ ਸੰਜਮ ਨਾਲ ਇਹ ਸਾਡਾ ਪਿੱਛਾ ਛੱਡੇ ਗੀ।

(ਕੀ ਕਦੇ ਕਿਸੇ ਨੇਂ ਇਸ ਹਉਮੈਂ ਤੋਂ ਪਿੱਛਾ ਛਡਾਉਣ ਦੀ ਜਾਂ ਇਸ ਤੋਂ ਬਚਨ ਦੀ ਜਰੂਰਤ ਸਮਝੀ ਹੈ)

(ਨਹੀਂ! ਇਹ ਤਾਂ ਸਾਡੀ ਜਾਤ ਅਤੇ ਧਰਮ ਬਣ ਚੁੱਕੀ ਹੈ। ਹਉਮੈਂ ਤੋਂ ਬਿਨਾਂ ਤਾਂ ਸਾਡਾ ਵਜ਼ੂਦ ਹੀ ਖਤਮ ਹੋ ਜਾਵੇ ਗਾ।)

(ਜੇ ਅਸੀਂ ਹਉਮੈ ਛੱਡ ਦਿੱਤੀ, ਤਾਂ ਮਤ ਕਿਤੇ ਸਾਡਾ ਆਵਾਗਉਨ, ਜਾਂ ਆਉਣਾਂ ਜਾਣਾਂ ਹੀ ਬੰਦ ਹੋ ਜਾਵੇ)

(ਸਾਨੂੰ ਡੱਰ ਹੈ ਕਿ ਜੇ ਅਸੀਂ ਹਉਮੈਂ ਛੱਡ ਦਿਤੀ ਤਾਂ ਅਸੀਂ ਤਾਂ ਮੁਕਤ ਹੋ ਜਾਵਾਂ ਗੇ।)

(ਪਰ ਅਸੀਂ ਤਾਂ. . ਅਸੀਂ ਤਾਂ ਅਜੇ ਬਹੁਤ ਕੁੱਝ ਖਾਣਾਂ ਹੈ, ਕਈਆਂ ਨੂੰ ਬਹਿਸ ਵਿੱਚ ਹਰਾਉਣਾਂ ਹੈ, ਤੇ ਕਈਆਂ ਨਾਲ ਝਗੜਾ ਕਰਨਾਂ ਹੈ)

(ਇਸ ਵਾਸਤੇ ਅਸੀਂ ਤਾਂ ਅਜੇ ਬਾਰ ਬਾਰ ਜਮਣਾਂ ਹੈ, ਬਾਰ ਬਾਰ ਮਰਨਾਂ ਹੈ, ਬਾਰ ਬਾਰ ਜੂਨਾਂ ਵਿੱਚ ਆਉਣਾਂ ਹੈ)

ਸੋ ਦੱਸੋ, ਐਨੀਂ ਜਰੂਰੀ ਚੀਜ “ਹਉਮੈਂ ਹੰਕਾਰ” ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ!

ਕੀ ਅਸੀਂ ਜਿਉਂਦੇ ਜੀ ਮਰਨਾਂ ਹੈ, ਇਸ ਹਉਮੈਂ ਨੂੰ ਛੱਡ ਕੇ! !

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥

ਹਉਮੈਂ ਦਾ ਤਾਂ ਧੁਰੋਂ ਹੀ ਹੁਕਮ ਹੈ, (ਪ੍ਰਭੂ ਦਾ ਭਾਣਾਂ ਹੈ)

ਕੁਲ ਸੰਸਾਰ ਅਤੇ ਅਸੀਂ ਵੀ, ਹਉਮੈ ਦੀ ਕਾਰ (ਕਿਰਤ) ਕਰਦੇ ਹਾਂ।

ਅਤੇ ਆਪਣੀਂ ਕੀਤੀ ਇਸ ਕਾਰ (ਹਉਮੈ ਦੀ ਕਿਰਤ) ਦਾ ਫਲ ਭੋਗਣ ਵਾਸਤੇ।

ਅਸੀਂ ਬਾਰ ਬਾਰ ਜੂਨਾਂ ਵਿੱਚ (ਫਿਰਾਹਿ) ਫਿਰਦੇ ਹਾਂ। ਜੂਨਾਂ ਵਿੱਚ ਪੈਂਦੇ ਹਾਂ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥

ਧੁਰ (ਪ੍ਰਭੂ) ਦੇ ਹੁਕਮ ਦੇ ਕਾਰਨ ਹੀ, ਸਾਡੇ ਸਰੀਰ ਦੇ ਅੰਦਰ ਹਉਮੈਂ ਦਾ ਇਹ (ਦੀਰਘ) ਭਿਆਨਕ (ਲਾ-ਇਲਾਜ) ਰੋਗ ਪੈਦਾ ਹੋਇਆ ਹੈ।

ਅਤੇ ਪ੍ਰਭੂ ਨੇਂ ਇਸ ਦੀਰਘ ਰੋਗ ਦਾ ਦਾਰੂ ਵੀ ਸਾਡੇ ਸਰੀਰ ਦੇ ਅੰਦਰ ਹੀ ਰੱਖ ਦਿੱਤਾ ਹੈ।

(ਸਾਡੇ ਸਰੀਰ ਵਿੱਚ ਰੋਗ ਤਾਂ ਪ੍ਰਗਟ ਰੂਪ ਵਿੱਚ ਹੈ, ਅਤੇ ਦਾਰੂ ਗੁਪਤ ਰੂਪ ਵਿੱਚ ਹੈ)

(ਬੜਾ ਅਜੀਬ ਖੇਲ ਹੈ ਪ੍ਰਭੂ ਦਾ)

(ਦਾਰੂ ਨੂੰ ਬੜੀ ਮੇਹਨਤ ਨਾਲ ਬੁਝਣਾਂ ਪੈਦਾ ਹੈ, ਜਦਿ ਕੇ ਰੋਗ ਤਾਂ ਬੜਾ ਪ੍ਰਤੱਖ ਅਤੇ ਪ੍ਰਬਲ ਹੈ)

ਨੋਟ:- ਦੇਖ ਲਵੋ ਹਰੀ (ਪ੍ਰਭੂ) ਨੇਂ ਸਾਨੂੰ ਹਉਮੈ ਦਾ ਇਹ ਲਾ-ਇਲਾਜ ਰੋਗ ਲਾਇਆ ਹੈ। …ਪਰ ਬਾਣੀਂ ਸਾਨੂੰ ਇਸ ਰੋਗ ਦਾ ਦਾਰੂ ਦੱਸਦੀ ਹੈ। …ਇਸ ਰੋਗ ਵਿਚੋਂ ਕੱਢਦੀ ਹੈ।

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥

ਅਤੇ ਜੇ ਹਰੀ ਕ੍ਰਿਪਾ ਕਰੇ ਤਦ ਉਹ ਦਾਰੂ ਮਿਲਦਾ ਹੈ।

ਗੁਰੂ ਦਇਆ ਕਰ ਕੇ (ਦਾਰੂ) ਸ਼ਬਦ ਦੀ ਕਮਾਈ ਕਰਾਉਂਦਾ ਹੈ

ਹਰੀ ਦਾ ਹੁਕਮ ਹਉਮੈ ਹੈ, …ਗੁਰੂ ਦਾ ਸ਼ਬਦ ਦਾਰੂ ਹੈ।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ ੨॥

ਨਾਨਕ ਗੁਰੂ ਦਾ ਕਹਿਣਾਂ ਹੈ।

ਐ ਜਨਹੁ (ਪ੍ਰਾਣੀਉ) ਕੰਨ ਦੇ ਕੇ ਸੁਣੋਂ। ਇਹ ਸੰਜਮ ਜੋ ਅਸੀਂ ਤੁਹਾਨੂੰ ਦਸਿਆ ਹੈ।

ਇਸ ਸੰਜਮ (ਗੁਰੁ ਦੇ ਸ਼ਬਦ) ਨਾਲ, ਇਹ ਦੁੱਖ ਜਾਵੇ ਗਾ।

ਇਸ ਸੰਜਮ ਨਾਲ ਅਸੀਂ ਜੂਨਾਂ ਦੇ ਦੁਖ ਤੋਂ ਬਚ ਸੱਕਦੇ ਹਾਂ।

ਨਹੀਂ ਤਾਂ ਜੂਨਾਂ ਤਿਆਰ ਹਨ,

ਤੁਰੇ ਚਲੋ ਲਾਇਨਾਂ ਬੰਨ ਕੇ।

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ॥ ਮ: ੧ ੪੩੨

ਸਰੀਰਾਂ (ਜੂਨਾਂ) ਵਾਸਤੇ ਪ੍ਰਭੂ ਨੇਂ ਮਿੱਟੀ ਤਾਂ ਪਹਿਲਾਂ ਤੋਂ ਹੀ ਗੋ ਗਾ ਕੇ, ਐਨ ਤਿਆਰ ਕਰਕੇ ਰੱਖੀ ਹੋਈ ਹੈ।

ਗਲੀ ਗੋਬਿਦੁ ਗਰਬਿ ਭਇਆ॥

ਅਸੀਂ ਹੰਕਾਰ ਵਿੱਚ ਗਲਾਂ ਨਾਲ, ਬੜੇ ਬੜੇ ਗੁਰਮੁਖ ਅਤੇ ਗਿਆਨੀਂ ਬਣ ਬਣ ਬਹਿੰਦੇ ਹਾਂ।

ਅਤੇ ਆਪਣੇਂ ਆਪ ਨੂੰ ਉਸ ਪ੍ਰਮਾਤਮਾਂ ਦੇ ਮੁਤਬੰਨੇ, (ਗੋਦ ਲਏ ਪੁੱਤਰ) ਸਮਝਦੇ ਹਾਂ।

ਦੂਜਿਆ ਨੂੰ ਅਸੀਂ ਮਤੇਏ ਸਮਝ ਕੇ ਹੰਕਾਰ ਨਾਲ ਧੱਕੇ ਮਾਰਦੇ ਹਾਂ।

ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥ ੭॥

ਪਰ ਸਾਡੇ ਉਸ ਸੱਕੇ ਪਿਉ ਨੇਂ ਤਾਂ ਆਪਣੇਂ (ਸਾਡੇ) ਵਾਸਤੇ ਪਹਿਲੇ ਹੀ ਭਾਂਡੇ ਵੀ ਘੜ ਕੇ ਰੱਖੇ ਹੋਇ ਹਨ।

ਅਤੇ ਮਾਂ ਦੇ ਗਰਭ ਰੂਪੀ ਆਵੀ (ਭੱਠੀ) ਵੀ ਪਹਿਲੇ ਹੀ ਸਾਜ ਛੱਡੀ ਹੋਈ ਹੈ।

(ਸਾਨੂੰ ਉਸ ਗਰਭ ਰੂਪੀ ਆਵੀ ਵਿੱਚ ਚਾੜਨ, ਜਾਂ ਪਕਾਉਣ ਵਾਸਤੇ)

(ਅਤੇ ਉਹ ਗਰਭ ਕੁੱਤੀ ਜਾਂ ਗਧੀ ਦਾ ਵੀ ਹੋ ਸਕਦਾ ਹੈ।

(ਗਗੈ ਗੋਇ ਗਾਇ ਜਿਨਿ ਛੋਡੀ,. .

. . ਦਾ ਮਤਲਬ ਹੈ ਸਾਡੇ ਕਰਮਾਂ ਦੇ ਲੇਖੇ ਜੋਖੇ ਦੇ ਹਿਸਾਬ ਨਾਲ ਅਗਲੇ ਜਨਮ (ਗਰਭ) ਦੀ ਤਿਆਰੀ, ਜਾਂ ਅਗਲੇ ਜਨਮ ਵਾਸਤੇ ਮਸਾਲਾ)

ਇਸ ਮਿੱਟੀ (ਮਾਸ) ਦੇ ਭਾਡਿਆਂ ਤੋ ਬਚਨਾਂ ਕਿਵੇਂ ਹੈ, (ਜਾਂ ਬਚਣ ਦਾ ਕੀ ਹੁਕਮ ਹੈ)।

ਅਗੇ ਇਹ ਹੁਕਮ ਜਾਂ ਇਸੇ ਹੀ ਸ਼ਬਦ ਦੀ ਪਉੜੀ ਦੀ ਵਿਚਾਰ ਕਰਦੇ ਹਾਂ।

ਪਉੜੀ॥

ਸੇਵ ਕੀਤੀ ਸੰਤੋਖੀਈਂ ਜਿਨੀੑ ਸਚੋ ਸਚੁ ਧਿਆਇਆ॥

ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥

ਓਨੀੑ ਦੁਨੀਆ ਤੋੜੇ ਬੰਧਨ ਅੰਨੁ ਪਾਣੀ ਥੋੜਾ ਖਾਇਆ॥

ਕੋਈ ਐਸਾ ਸੰਤੋਖੀ (ਸਿਦਕ ਵਾਲਾ) (ਜਿਸ ਵਿੱਚ ਹਉਂ ਨਾਂ ਹੋਵੇ) (ਜਿਹੜਾ ਹਉਂ ਦੇ ਰੋਗ ਤੋਂ ਬਚਿਆ ਹੋਵੇ)

(ਹਉਂ ਦਾ ਸਿੱਧਾ ਮਤਲਬ ਹੈ, ਜਿਹੜਾ ਪ੍ਰਭੂ ਤੋਂ ਅਲੱਗ ਨਾਂ ਹੋਵੇ)

ਜਿਸ ਨੇਂ ਉਸ ਸਚੇ ਸੱਚ (ਪ੍ਰਭੂ) ਨੂੰ ਧਿਆਇਆ ਹੋਵੇ।

ਦੀ ਸੇਵ ਕੀਤੀ ਜਾਵੇ॥

ਬੁਰੇ ਕੰਮਾਂ ਵਲੋਂ ਮਨ ਨੂੰ ਮੋੜ ਕੇ, ਸ਼ੁਭ ਕਰਮੀਂ (ਸੁਕ੍ਰਿਤੁ) (ਸਚੀ ਸੁਚੀ ਕਿਰਤ) ਸੱਚਾ ਧਰਮ ਕਮਾਇਆ ਹੋਵੇ।

ਅਤੇ ਅੰਨ ਪਾਣੀਂ ਵੀ ਥੋੜਾ (ਸਿਰਫ ਜਰੂਰਤ ਜੋਗਾ) (ਜਾਂ ਜਿੰਦਾ ਰਹਿਣ ਜੋਗਾ) ਖਾਂਦਾ ਹੋਵੇ।

(ਜਿੰਦਾ ਰਹਿਣ ਵਾਸਤੇ ਮਾਸ ਖਾਣਾਂ ਜਰੂਰੀ ਨਹੀਂ ਹੈ)

ਉਹ ਦੁਨੀਆਂ ਦੇ ਸਾਰੇ ਬੰਧਨ ਤੋੜ ਲੈਂਦਾ ਹੈ। ਮੁਕਤ ਹੋ ਜਾਂਦਾ ਹੈ।

ਅਤੇ ਆਵਾਗਉਨ ਵਿਚੋਂ ਨਿਕਲ ਜਾਂਦਾ ਹੈ।

(ਉਹ ਗਰਭ ਦੀ ਬਜਾਇ ਸਚੇ (ਸਕੇ) ਪਿਤਾ ਦੀ ਗੋਦ ਵਿੱਚ ਬੈਠਣ ਦੇ ਯੋਗ ਹੋ ਜਾਂਦਾ ਹੈ।)

ਇਹ ਸੰਜਮ ਕਿਸੇ ਦੇ ਸਿਖਾਉਣ ਸਮਝਾਉਣ ਜਾਂ ਪੜ੍ਹਨ ਪੜਾਉਣ ਨਾਲ ਨਹੀਂ ਆਉਂਦੇ।

-੦-

ਅੱਗੇ ਸ੍ਰੀ ਗੁਰੂ ਨਾਨਕ ਜੀ ਦੀ ਬਾਣੀਂ ਦਾ ਸ਼ਬਦ ਪੜ੍ਹਦੇ ਹਾਂ,

ਸ਼ਬਦ ਦੀ ਪਹਿਲੀ ਪੰਕਤੀ ਹੈ. .

ਮਹਲਾ ੧॥ ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ॥ ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ॥ ੧॥

ਸ਼ਬਦ ਦੀ ਪਹਿਲੀ ਪੰਕਤੀ ਸ਼ਬਦ ਦਾ ਸਿਰਲੇਖ ਹੁੰਦੀ ਹੈ।

ਮਹਲਾ ੧॥ ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ॥ ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ॥ ੧॥ ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ॥ ਬਿਬਲੁ ਝਾਗਿ ਸਹਜਿ ਪਰਗਾਸਿਆ॥ ੧॥ ਰਹਾਉ॥ ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ॥ ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ॥ ੨॥ ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ॥ ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ॥ ੩॥ ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ॥ ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ॥ ੪॥ ਅਜਰੁ ਜਰੈ ਨੀਝਰੁ ਝਰੈ ਅਮਰ ਅਨμਦ ਸਰੂਪ॥ ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ॥ ੫॥ ੧੩॥ {ਪੰਨਾ ੧੩੩੧}

ਮਹਲਾ ੧॥ ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ॥

ਇਸ ਸ਼ਬਦ ਵਿੱਚ ਗੁਰੂ ਨਾਨਕ ਜੀ ਸਾਨੂੰ ਸਮਝਾਉਦੇ ਹਨ। ਸੰਸਾਰ ਦੇ ਸਾਰੇ ਹੀ ਭੋਜਨ (ਰਸ ਕਸ)

ਜਿਸ ਨੂੰ ਖਾਣ ਨਾਲ ਮੈਲਾਂ ਹੀ ਵਧਦੀਆਂ ਹਨ।

(ਸਾਰੇ ਹੀ ਰਸ ਕਸ ਮਾਸ ਹੀ ਹਨ, ਅਤੇ ਇਹਨਾਂ ਤੋਂ ਮਾਸ ਹੀ ਉਪਜਦਾ ਹੈ।)

ਇਸ ਸੰਸਾਰ ਦਾ ਇੱਕ ਵੀ ਪਦਾਰਥ ਐਸਾ ਨਹੀਂ ਹੈ, ਜਿਸ ਨੂੰ ਖਾ ਕੇ ਗਿਆਨ ਉਪਜਦਾ ਹੋਵੇ।

ਭਾਵੇਂ ਉਹ ਛੱਤੀ ਪ੍ਰਕਾਰ ਹੋਣ, ਮਾਸਾਹਾਰੀ ਹੋਣ ਜਾਂ ਸ਼ਾਕਾਹਾਰੀ ਹੋਣ।

ਸਾਡਾ ਵਜ਼ੂਦ ਦੋ ਚੀਜਾਂ ਕਰ ਕੇ ਹੈ।

ਇੱਕ ਹੈ ਸਰੀਰ, ਅਤੇ ਦੂਜਾ ਜਾਂ ਦੂਜੀ ਹੈ ਆਤਮਾਂ

ਸਰੀਰ (ਮਾਸ) ਦੀ ਖੁਰਾਕ ਮਾਸ ਹੈ, …ਅਤੇ ਆਤਮਾਂ ਦੀ ਖੁਰਾਕ ਅੰਮ੍ਰਿਤ ਹੈ।

ਜਿਸ ਤਰਾਂ ਕਿ. . ਕਾਂ ਅਤੇ ਬਗਲੇ ਦੀ ਖੁਰਾਕ ਡੱਡਾਂ ਮੱਛੀਆਂ ਹਨ। . . ਅਤੇ ਹੰਸਾਂ ਦੀ ਖੁਰਾਕ ਮੋਤੀ ਹੁੰਦੇ ਹਨ।

(ਤੀਜਾ ਇੱਕ ਮਨ ਵੀ ਹੈ ਸਾਡੇ ਅੰਦਰ। ਪਰ ਉਹ ਸਾਡੀ ਆਤਮਾਂ ਨੂੰ (ਅੰਬਰਵੇਲ ਦੀ ਤਰਾਂ) ਇਸ ਤਰਾਂ ਚੰਬੜਿਆ ਹੋਇਆ ਹੈ। ਕਿ ਇਸ ਦੀ ਆਤਮਾਂ ਨਾਲੋਂ ਅਲੱਗ ਪਹਿਚਾਣ ਕਰਨੀ ਬਹੁਤ ਮੁਸ਼ਕਿਲ ਹੈ। ਅਤੇ ਸਾਰੇ ਪਵਾੜਿਆਂ ਦੀ ਜੜ ਵੀ ਮਨ ਹੀ ਹੈ। ਇਹ ਬਾਂਦਰ ਦੀ ਨਿਆਈ ਹੈ। ਇਸ ਨੂੰ ਵੱਸ ਕਰਨਾਂ ਬਹੁਤ ਬਹੁਤ ਔਖਾ ਹੈ। ਮਨ ਲੱਜ਼ਤਾਂ ਦਾ ਆਸ਼ਕ ਹੈ, ਅਤੇ ਇਹ ਮਨ ਸਾਡੇ ਸਰੀਰ ਦੀਆਂ ਸਾਰੀਆਂ ਇੰਦਰੀਆਂ (ਜੀਭਾ ਰਸ ਤੋਂ ਲੈ ਕੇ ਕਾਮ ਇੰਦਰੀ) ਦੀਆਂ ਲੱਜ਼ਤਾਂ ਮਨ ਲੈਂਦਾ ਹੈ। (ਲੜਾਈ ਝਗੜੇ ਵੀ ਮਨ ਕਰਦਾ ਹੈ) (ਵਾਦ ਵਿਵਾਦ ਵੀ ਮਨ ਕਰਾਉਂਦਾ ਹੈ)

(ਅਖੀਰ ਮਨ ਦੇ ਕੀਤੇ ਹੋਇ ਕਰਮਾਂ ਦੀ ਫਾਹੀ ਆਤਮਾਂ ਦੇ ਗਲ ਪੈ ਜਾਂਦੀ ਹੈ)

(ਮਨ ਦਾ ਕੰਮ ਹੈ ਅੱਗ ਲਾ ਕੇ ਡੱਬੂ ਕੰਧ ਤੇ)

ਮਨ ਦੇ ਕਹੇ ਕੰਮ ਕਰਨ ਵਾਲੇ ਨੂੰ ਗੁਰਬਾਣੀਂ ਮਨਮੁਖ ਕਹਿੰਦੀ ਹੈ।

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥ ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥ ੧੪੧੦

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਮਨ ਨੂੰ ਮਾਰਨਾਂ ਐਸਾ ਔਖਾ ਹੈ, ਜਿਵੇਂ ਕਿਸੇ ਬਾਘ (ਸ਼ੇਰ) ਨੂੰ ਮਾਰਨਾਂ ਔਖਾ ਹੈ। ਸੋਚੋ ਜੇ ਸ਼ੇਰ ਸਾਡੇ ਤੇ ਹਮਲਾ ਕਰ ਦੇਵੇ ਅਤੇ ਸਾਡੇ ਪਾਸ ਕੋਈ ਹਥਿਆਰ ਵੀ ਨਾਂ ਹੋਵੇ, ਤਾਂ ਹਾਲਾਤ (ਸਿਚੂਏਸ਼ਨ) ਕਿਸ ਤਰਾਂ ਦੀ ਹੋਵੇ ਗੀ, ਅਸੀਂ ਸ਼ੇਰ ਨੂੰ ਮਾਰਾਂ ਗੇ, ਜਾਂ ਸ਼ੇਰ ਸਾਨੂੰ ਮਾਰ ਕੇ ਖਾਵੇ ਗਾ।

(ਮਨ ਸ਼ੇਰ ਹੈ ਸਾਰੇ ਸੰਸਾਰ ਨੂੰ ਮਨ ਨੇਂ ਖਾ ਲਿਆ ਹੈ।)

ਮਨ ਨੂੰ ਕੌਣ ਮਾਰੇ ਗਾ,

ਜਿਸੁ ਸਤਿਗੁਰ ਦੀਖਿਆ ਹੋਇ॥

ਗੁਰੂ ਨਾਨਕ ਜੀ ਦਸਦੇ ਹਨ, ਮਨ ਨੂੰ ਉਹ ਮਾਰੇ ਗਾ, ਜਿਸ ਪਾਸ ਸਤਿਗੁਰੂ ਦੀ ਦੀਖਿਆ (ਉਪਦੇਸ਼) ਹੋਵੇ ਗੀ।

ਸਤਿਗੁਰੁ ਦੇਖਿਆ ਦੀਖਿਆ ਲੀਨੀ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ॥ ਗਤਿ ਮਿਤਿ ਪਾਈ ਆਤਮੁ ਚੀਨੀ॥ ੪॥ ਮ: ੧, ੨੨੭

ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ॥

ਪਹਿਨਣ, ਖਾਂਣ ਤੇ ਹੰਡਾਉਣ ਦੀ ਦੌੜ ਲਗੀ ਹੋਈ ਹੈ ਸਭ ਦੇ ਅੰਦਰ।

ਜਿਸ ਕਾਰਨ ਮੈਲਾਂ ਵਧ ਰਹੀਆਂ ਹਨ, ਅਤੇ ਸੱਭ ਦੇ ਘਰ ਦਾ (ਨਿਜ ਘਰ, ਅਸਲ ਘਰ, ਪ੍ਰਭੂ ਦਾ ਦਰ) ਨੁਕਸਾਨ ਹੋ ਰਿਹਾ ਹੈ।

(ਕੀ ਖਾਇਆ? . . ਇਥੇ ਕਿਸੇ ਇੱਕ ਖਾਸ ਚੀਜ ਦਾ ਜਿਕਰ ਨਹੀਂ ਹੈ। . . (ਭਾਵ ਉਹ ਸਭ ਕੁੱਝ ਹੀ ਜੋ ਪਾਣੀਂ ਤੋਂ ਪੈਦਾ ਹੋਇਆ ਹੈ)

ਘਰ ਦਾ ਮਤਲਬ ਇਹ ਸੰਸਾਰੀ ਘਰ ਵੀ ਕਹਿ ਸੱਕਦੇ ਹਾਂ। ਅਤੇ ਸਰੀਰ ਵੀ ਕਹਿ ਸੱਕਦੇ ਹਾਂ,

(ਪਰ ਇਹਨਾਂ ਦੋਹਾਂ ਘਰਾਂ ਨੂੰ ਆਪਣਾਂ ਘਰ ਸਮਝ ਕੇ, ਅਸੀਂ ਸਾਡਾ ਜੋ ਅਸਲ ਘਰ ਹੈ ਉਸ ਨੂੰ ਭੁੱਲ ਚੁੱਕੇ ਹਾਂ।)

ਇਹ ਸਾਡੇ ਅਸਲ ਘਰ ਦੀ ਹਾਣ (ਨੁਕਸਾਨ) ਹੈ।

ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ॥ ੧॥

ਵਾਦ ਵਿਵਾਦ (ਝਗੜਾ) ਕਰਦਾ ਹੈ, ਮੰਦਾ ਬੋਲਦਾ ਹੈ,

ਪੜ੍ਹ ਪੜ੍ਹ ਕੇ ਗਿਆਨੀਂ (ਚੁੰਜ ਗਿਆਨੀ) ਬਣ ਗਿਆ।

ਅਤੇ ਲੱਗਾ ਚੁੰਝਾਂ ਮਾਰਨ, (ਲੱਗਾ ਜਾਭਾਂ ਦਾ ਭੇੜ ਕਰਨ)

ਬਕਿ ਬਕਿ ਵਾਦੁ ਚਲਾਇਆ

ਪੜਿ ਪੜਿ ਭੂਲਹਿ ਚੋਟਾ ਖਾਹਿ॥ ਬਹੁਤੁ ਸਿਆਣਪ ਆਵਹਿ ਜਾਹਿ॥ ਮ: ੧ ੬੮੬

ਗੁਰੂ ਨਾਨਕ ਜੀ ਕਹਿ ਰਹੇ ਹਨ

ਜਿਨਾਂ ਹੀ ਪੜ੍ਹਦਾ ਗਿਆ, ਉਤਨਾਂ ਹੀ ਹੋਰ ਜਿਆਦਾ ਭੁਲਦਾ ਗਿਆ।

ਭੁੱਲ ਕੇ ਚੋਟਾਂ ਖਾਂਦਾ ਹੈ, ਮਾਰ ਪੈਂਦੀ ਹੈ, ਦੁੱਖ ਸਹਾਰਦਾ ਹੈ।

ਪੜ੍ਹ ਪੜ੍ਹ ਕੇ ਬਹੁਤ ਹੀ ਸਿਆਣਾਂ ਬਣ ਗਿਆ।

ਤੇ ਆਪਣੇਂ ਆਪ ਨੂੰ ਕੁੱਝ ਸਮਝਣ ਲੱਗਾ।

ਨਤੀਜਾ

ਬਹੁਤੁ ਸਿਆਣਪ ਆਵਹਿ ਜਾਹਿ॥

ਬਹੁਤਾ ਸਿਆਣਾਂ ਆਉਂਦਾ ਹੈ ਅਤੇ ਜਾਂਦਾ ਹੈ।

ਭਾਵ ਮਰਦਾ ਹੈ ਜੰਮਦਾ ਹੈ,

ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲμਮੈ॥

ਬਹੁਤ ਲੰਬੀ (ਕਦੇ ਨਾਂ ਮੁੱਕਣ ਵਾਲੀ) ਸਜਾ ਮਿਲਦੀ ਹੈ।

ਮਃ ੧॥ ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥ ੪੬੭

ਜਿਵੇਂ ਜਿਵੇਂ ਲਿਖਦਾ ਪੜ੍ਹਦਾ ਗਿਆ,

ਤਪਦਾ (ਕੜਦਾ) ਗਿਆ, ਤੇ ਉਤਨਾਂ ਹੀ ਹੋਰ ਬੁੱਧੀ ਦੀ ਹਉਂਮੈ ਵਿੱਚ ਫਸਦਾ ਗਿਆ।

ਇਹ ਇਹ ਰੱਬੀ ਗਿਆਨ, (ਪ੍ਰਭੂ ਦਾ ਪ੍ਰੇਮ ਜਾਂ ਮਿਲਾਪ) ਪੜ੍ਹਿਆਂ ਲਿਖਿਆਂ, ਜਾਂ ਸਿਆਣਿਆਂ ਦਾ ਕੰਮ ਨਹੀਂ ਹੈ। ਇਹ ਸੂਰਮਿਆਂ ਦਾ ਕੰਮ ਹੈ।

ਸੰਜਮ ਸਹਸ ਸਿਆਣਪਾ ਪਿਆਰੇ ਇੱਕ ਨ ਚਲੀ ਨਾਲਿ॥ ੬੪੧

ਇਸ ਵਾਸਤੇ ਇਹ ਸਿਆਣਿਆਂ ਦਾ ਕੰਮ ਨਹੀਂ ਹੈ। ਇਹ ਸੂਰਮਿਆਂ ਦਾ ਕੰਮ ਹੈ।

ਗੁਰੂ ਨਾਨਕ ਜੀ ਕਹਿੰਦੇ ਹਨ

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੧੪੧੨

ਤੇ

ਜਾਂ ਇਹ ਉਹਨਾਂ ਦਾ ਕੰਮ ਹੈ ਜਿਨ੍ਹਾਂ ਨੂੰ ਲੋਕ ਮੂਰਖ ਅਤੇ ਕੁਰਾਹੀਆ ਕਹਿੰਦੇ ਹਨ,

ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ॥ ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ॥ ੧੭੨॥

. . ਬਿਨੁ ਨਾਵੈ ਬਿਖੁ ਜਾਣਿ॥ ੧॥

ਇਕ ਨਾਮ ਤੋਂ ਬਿਨਾਂ ਹੋਰ ਸੱਭ ਜਹਿਰ ਹੈ। ਜ਼ਹਿਰ ਇਕੱਠੀ ਕਰ ਰਿਹਾ ਹੈ।

ਸਾਰੀਆਂ ਪੜ੍ਹਾਈਆਂ ਅਕਲਾਂ ਸਿਆਣਪਾਂ ਬੁੱਧੀਆਂ ਮਿੱਟੀ ਵਿੱਚ ਮਿਲ ਜਾਣਗੀਆਂ, ਸੜ ਜਾਣਗੀਆਂ।

ਅਖੀਰ ਰੋਂਦਾ ਹੋਇਆ ਇਸ ਸੰਸਾਰ ਤੋਂ ਖਾਲੀ ਹੱਥੀਂ ਚਲਿਆ ਜਾਵੇ ਗਾ।

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ॥ ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ॥ ਮ: ੧, ੧੭

ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ॥ ਬਿਬਲੁ ਝਾਗਿ ਸਹਜਿ ਪਰਗਾਸਿਆ॥ ੧॥ ਰਹਾਉ॥

ਹੇ ਬਾਬਾ ਹੇ ਭਾਈ, ਇਸ ਮਨ ਨੇਂ ਮਨੁੱਖਾਂ ਨੂੰ ਅਜੇਹੇ

ਖਾਣ ਪੀਣ, ਪਹਿਨਣ ਹੰਡਾਉਣ, ਵਿਦਿਆ ਬੁੱਧ, ਸਿਆਣਪਾਂ ਚਤੁਰਾਈਆਂ, ਵਾਦ ਵਿਵਾਦ ਅਤੇ ਝਗੜੇ ਕਰਨ, ਵਾਲੇ ਇਸ ਭਿਆਨਕ ਔਖੇ ਅਤੇ ਭਾਰੀ, ਮਹਾਂਜਾਲ ਵਿੱਚ ਇਸ ਤਰਾਂ ਫਸਾ ਦਿੱਤਾ।

ਜਿਵੇਂ, ਕਿ ਕੋਈ ਮਛੇਰਾ, ਬੇਬੱਸ (ਬਿਬਲੁ) ਕਮਜੋਰ ਮੱਛੀ (ਝਾਗਿ) ਨੂੰ ਸਹਿਜੇ ਹੀ ਪ੍ਰਗੱਸ (ਫੜ) ਲੈਂਦਾ ਹੈ। (ਰਹਾਉ)

ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ॥ ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ॥ ੨॥

ਇਸ ਮਨ ਦੇ ਜਾਲ ਵਿੱਚ ਪ੍ਰਗੱਸਿਆ ਹੋਇਆ ਮਨੁੱਖ, ਬਿਖੁ ਖਾਂਦਾ ਹੈ, ਬਿਖੁ ਬੋਲਦਾ ਹੈ, (ਜ਼ਹਿਰ ਉਗਲਦਾ ਹੈ) ਅਤੇ ਕਾਰ ਕਮਾਈ ਵੀ ਬਿੱਖੁ ਦੀ ਹੀ ਕਰਦਾ ਹੈ।

ਨਤੀਜਾ

ਜਮ ਦਰਿ ਬਾਧੇ ਮਾਰੀਅਹਿ

ਗੁਰੂ ਨਾਨਕ ਜੀ ਕਹਿੰਦੇ ਹਨ, ਅਜੇਹੇ ਮਨੁੱਖ ਨੂੰ, ਜਮ ਬੰਨ੍ਹ ਲੈਦੇ ਹਨ, ਅਤੇ ਬਹੁਤ ਮਾਰ ਮਾਰਦੇ ਹਨ।

ਛੂਟਸਿ ਸਾਚੈ ਨਾਇ॥ ੨॥

ਇਸ ਦੀ ਖਲਾਸੀ ਸਚੇ ਨਾਮ ਨਾਲ ਹੋਣੀਂ ਸੀ।

ਨਾਮ ੳਤੇ ਹਉਮੈ ਇਕੱਠੇ ਨਹੀਂ ਰਹਿ ਸਕਦੇ।

ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ॥ ਮ: ੧, ੬੧

ਗੁਰੂ ਨਾਨਕ ਜੀ ਕਹਿੰਦੇ ਹਨ

ਜਿਸ ਤਨ (ਮਨੁੱਖ) ਅੰਦਰ ਨਾਮ ਨਹੀਂ। ਜਾਂ ਜਿਸ ਮਨੁਖ ਨੂੰ ਨਾਮ ਭਾਉਂਦਾ ਨਹੀਂ, ਨਾਮ ਚੰਗਾ ਨਹੀਂ ਲੱਗਦਾ। ਉਸ ਤਨ ਵਿੱਚ ਹੰਕਾਰ ਹੀ ਹੰਕਾਰ (ਹਉਮੈ) ਹੋਵੇ ਗਾ, ਅਤੇ ਉਹ ਵਾਦ ਵਿਵਾਦ ਰਚਾਇ ਗਾ। (ਸਚੇ ਨਾਮ ਦੀ ਥਾਂ ਵਿਦਿਆ, ਹੰਕਾਰ, ਵਾਦ ਵਿਵਾਦ, ਅਤੇ ਝਗੜੇ ਦੀ ਬਿਖੁ ਦਾ ਜਹਾਜ ਭਰ ਲਿਆ)

ਮਹਲਾ ੧॥ ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ॥ ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ॥

ਬਿਖੁ ਦਾ ਜਹਾਜ ਭਰ ਲਿਆ, ਅਤੇ ਸਮੁੰਦਰ ਵਿੱਚ ਠਿੱਲ ਪਿਆ। ਨਾਂ ਉਰਲੇ ਕਿਨਾਰੇ ਦਾ ਪਤਾ ਹੈ ਨਾਂ ਪਰਲੇ ਕਿਨਾਰੇ ਦਾ।

ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ॥ ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ॥ ੩॥

ਜਿਵੇਂ ਆਇਆ ਸੀ ਉਸੇ ਹੀ ਤਰਾਂ ਖਾਲੀ ਦਾ ਖਾਲੀ ਤੁਰ ਗਿਆ।

ਸੁੰਞੇ ਘਰ ਕਾ ਪਾਹੁਣਾਂ ਜਿਉ ਆਇਆ ਤਿਉ ਜਾਉ॥ ਮ: ੧, ੭੯੦

ਆਵਾ ਗਵਨ ਨੂੰ ਨਕਾਰਨ ਵਾਲੇ ਜੇ ਚਾਹੁਣ (ਜੇ ਉਹਨਾਂ ਦੀ ਮਰਜ਼ੀ ਹੋਵੇ) ਤਾਂ ਇਸ ਬਾਣੀਂ ਤੋਂ ਸਬਕ ਲੈ ਸੱਕਦੇ ਹਨ।

ਪ੍ਰਭੂ ਨੇ ਆਵਾਗਉਨ ਵਿਚੋਂ ਨਿਕਲਣ ਦਾ, ਮਾਨਸ ਜਨਮ ਰੂਪੀ ਇੱਕ ਮੌਕਾ ਦਿੱਤਾ ਸੀ।

ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ ੨॥ ੧੦੭੫

ਪਰ ਇਸ ਮਨਮੁਖ ਬੰਦੇ ਨੇਂ ਇਸ ਮੌਕੇ ਦਾ ਫਾਇਦਾ ਨਾਂ ਉਠਾਇਆ।

ਜਿਵੇਂ ਆਇਆ ਸੀ ਉਸੇ ਤਰਾਂ ਹੀ ਚਲਾ ਗਿਆ। ਭਾਵ ਜਿਸ ਤਰਾਂ ਦਾ ਪਹਿਲੇ ਸੀ ਉਸੇ ਤਰਾਂ ਦਾ ਹੀ ਰਹਿ ਗਿਆ।

ਉਲਟਾ ਕੀਤੇ ਹੋਇ ਹੋਰ ਕਰਮ ਨਾਲ ਲੈ ਗਿਆ।

ਕੀਆ ਲਿਖਿ ਲੈ ਜਾਇ॥

ਹਾਲਤ ਪਹਿਲੇ ਨਾਲੋਂ ਵੀ ਬਦਤਰ ਹੋ ਗਈ

ਸੋ ਜੇ ਪਹਿਲੇ ਜਨਮ ਲੈ ਸੱਕਦਾ ਸੀ, ਤਾਂ ਹੁਣ ਦੁਬਾਰਾ ਜਨਮ ਕਿਉਂ ਨਹੀਂ ਮਿਲ ਸੱਕਦਾ।

ਕਿਉਂ ਕਿ ਇਹ ਮਨਮੁਖ ਮਨੁੱਖ ਪਹਿਲੇ ਦੀ ਤਰਾਂ ਹੀ ਖਾਲੀ ਦਾ ਖਾਲੀ ਹੈ।

ਉਲਟਾ ਇਸ ਜਨਮ ਵਿੱਚ ਕੀਤੇ ਹੋਇ ਕਰਮਾਂ ਨਾਲ ਬਿਖੁ ਦਾ ਜਹਾਜ (ਬੇੜਾ) (ਬੋਹਿਥ) ਹੋਰ ਭਾਰੀ ਹੋ ਚੁੱਕਾ ਹੈ।

ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ॥ ੩॥

ਗੁਰੂ ਨਾਨਕ ਜੀ ਕਹਿੰਦੇ ਹਨ।

ਮਨਮੁਖੀਏ ਨੇਂ ਆਪਣਾਂ ਮੂਲ ਵੀ ਗਵਾ ਲਿਆ। (ਜਨਮ ਲੈਣ ਵੇਲੇ ਘਟੋ ਘੱਟ ਮੂਲ ਤਾਂ ਪਾਸ ਹੈ ਸੀ)

ਜਨਮ ਲੈ ਕੇ ਮੂਰਖ ਨੇਂ ਉਹ ਵੀ ਗਵਾ ਲਿਆ, ਜਿਸ ਕਾਰਨ ਇਸ ਨੂੰ ਸਾਈਂ ਦੇ ਦਰਬਾਰ ਵਿੱਚ ਸਜਾ ਮਿਲਦੀ ਹੈ।

ਨੋਟ:- ਜੇ ਤਾਂ ਗੁਰੂ ਨਾਨਕ ਜੀ ਸੱਚ ਕਹਿ ਰਹੇ ਹਨ, ਤੇ ਜੇ ਉਹਨਾਂ ਦੇ ਕਹਿ ਅਨੂਸਾਰ ਸਚਮੁਚ ਹੀ ਸਜਾ ਮਿਲਦੀ ਹੈ, ਤਾਂ ਦੱਸੋ ਉਸ ਸਜਾ ਦਾ ਭੁਗਤਾਨ ਕਿਥੇ ਹੋਵੇ ਗਾ? ? ,. . ਨਰਕਾਂ ਅਤੇ ਜਮਾਂ ਨੂੰ ਤਾਂ ਅਸੀਂ ਮੰਨਦੇ ਨਹੀਂ. . ਅਤੇ ਹਰੀ ਦੇ ਦਰਬਾਰ ਵਿੱਚ ਕੋਈ ਕੋਤਵਾਲੀ ਤਾਂ ਬਣੀਂ ਨਹੀਂ ਹੋਈ… ਫਿਰ ਤਾਂ ਇਕੋ ਹੀ ਥਾਂ ਹੈ ਸਜਾ ਵਾਸਤੇ. . ਅਤੇ ਉਹ ਹੈ ਮਾਂ ਦਾ ਗਰਭ. . ਜੇ ਗਰਬ ਵਿੱਚ ਪਿਆ ਤਾਂ … ਤਾਂ ਆਵਾਗਉਣ ਹੈ. . ਭਾਵ ਜੰਮਣ ਮਰਨ ਹੋ ਗਿਆ. . ਜੇ ਇਹ ਵੀ ਨਹੀਂ. . ਤਾਂ ਫਿਰ ਗੁਰੂ ਨਾਨਕ ਜੀ ਐਵੇਂ ਝੂਠ ਬੋਲ ਰਹੇ ਹੋਣ ਗੇ। …ਕਿਉਂ ਕੇ ਸਜਾ ਵਾਸਤੇ ਹੋਰ ਤਾਂ ਕੋਈ ਥਾਂ ਹੀ ਨਹੀਂ ਹੈ।

ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ॥ ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ॥ ੪॥

ਸਾਰਾ ਸੰਸਾਰ ਹੀ ਖੋਟਾ ਹੈ। ਸਿਰਫ ਸੱਚ ਨਿਰਮਲ ਹੈ।

ਸੱਚ ਕੀ ਹੈ,

ਗੁਰ ਸਬਦੀਂ ਵੀਚਾਰਿ॥

ਇਸ ਦੀ ਵਿਚਾਰ ਗੁਰੂ ਦੇ ਸ਼ਬਦ ਦੁਆਰਾ ਹੀ ਹੋ ਸਕਦੀ ਹੈ।

ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ॥ ੪॥

ਇਸ ਸੰਸਾਰ ਵਿੱਚ ਕੋਈ ਵਿਰਲਾ ਹੀ ਮਨੁੱਖ ਹੋਵੇ ਗਾ। ਜਿਸ ਦੇ ਅੰਦਰ ਸਚਾ ਗਿਆਨ (ਹਰੀ ਦਾ) ਹੋਵੇ ਗਾ।

ਸੱਚਾ ਗਿਆਨ ਕਿੰਨ੍ਹਾਂ ਦੇ ਅੰਦਰ ਹੈ! ,

ਅਜਰੁ ਜਰੈ ਨੀਝਰੁ ਝਰੈ ਅਮਰ ਅਨμਦ ਸਰੂਪ॥

ਉਹ ਸੱਚਾ ਗਿਆਨ ਉਹਨਾਂ ਦੇ ਅੰਦਰ ਹੈ, ਜਿੰਨ੍ਹਾਂ ਨੇਂ “ਅਜਰ” ਨੂੰ ਜਰ ਲਿਆ ਹੈ।

ਗੁਰੂ ਨਾਨਕ ਜੀ ਮਹਾਂਰਾਜ ਦੱਸਦੇ ਹਨ, ਜਿਹੜੇ ਉਸ “ਅਜਰ” ਨੂੰ ਜਰ ਲੈਂਦੇ ਹਨ,

ਉਹਨਾਂ ਦੇ ਅੰਦਰ ਗਿਆਨ ਦੇ ਪ੍ਰੇਮ ਅਤੇ ਆਨੰਦ ਦੇ ਝਰਨੇਂ ਚੱਲਣੇਂ ਸ਼ੁਰੂ ਹੋ ਜਾਂਦੇ ਹਨ।

ਉਹ ਅਮਰ ਹੋ ਜਾਂਦੇ ਹਨ, ਫਿਰ ਉਹ ਕਦੇ ਵੀ ਮਰਦੇ ਨਹੀਂ, ਉਹ ਕਦੇ ਵੀ ਜੂਨਾਂ ਵਿੱਚ ਨਹੀਂ ਆਉਂਦੇ।

ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ॥ ੫॥

ਨਾਨਕ ਦੀ ਬੇਨਤੀ ਹੈ ਪ੍ਰਭਿ ਜੀਉ, ਮੈਂ ਤਾਂ ਤੇਰੇ ਪਿਆਰ ਰੂਪੀ ਜਲ ਦੀ ਮਛਲੀ ਹਾਂ। ਜੇ ਤੈਨੂੰ ਭਾਵੇ ਤਾਂ, ਜੇ ਤੇਰੀ ਮੇਹਰ ਹੋਵੇ ਤਾਂ, ਮੈਂ ਮਛਲੀ ਨੂੰ ਸਦਾ ਸਦਾ ਆਪਣੇਂ ਪਿਆਰ ਦੇ ਜਲ ਵਿੱਚ ਹੀ ਰੱਖੋ ਜੀ।

-੦-

ਨੋਟ:- ਪਿਛਲੇ ਲੇਖ ਵਿੱਚ ਆਪਾਂ “ਅਜਰ” ਵਸਤੂ ਨੂੰ ਜਰਨ ਦੇ ਕੁੱਝ ਫਾਇਦੇ ਪੜ੍ਹੇ ਸਨ। ਉਹਨਾਂ ਫਾਇਦਿਆਂ ਵਿੱਚ ਅੱਜ ਵਾਲੇ ਇਸ ਸ਼ਬਦ ਵਿੱਚ ਦੱਸੇ “ਅਜਰ” ਵਸਤੂ ਦੇ ਲਾਭ ਵੀ ਜੋੜ ਲਵੋ।

ਅਤੇ ਅਜਰ ਵਸਤੂ ਨੂੰ ਜਰਨ ਦਾ ਇੱਕ ਹੋਰ ਵੀ ਬਹੁਤ ਹੀ ਵੱਡਾ ਲਾਭ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ, ਆਪਣੀਂ ਬਾਣੀਂ ਦੁਆਰਾ ਅੱਗੇ ਸਾਨੂੰ ਦੱਸਦੇ ਹਨ।

ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ॥ ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ॥ ਮ: ੫ ੧੨੦੫

ਨਿਰਗੁਣ, (ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ) ਪ੍ਰਮਾਤਮਾਂ।

ਨਿਰੰਕਾਰ (ਜਿਸ ਦਾ ਕੋਈ ਆਕਾਰ ਨਹੀਂ)

ਅਬਿਨਾਸੀ (ਜੋ ਕਦੇ ਬਿਨਸਦਾ ਨਹੀਂ)

ਅਤੁਲੋ (ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ) (ਜਿਸ ਦਾ ਕੋਈ ਤੋਲ ਜਾਂ ਮੋਲੁ ਨਾਂ ਹੋਵੇ)

ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ, ਕਿ ਜਿੰਨਾਂ ਨੇਂ ਉਸ ਅਜਰ ਵਸਤੂ ਨੂੰ ਜਰ ਲਿਆ। ਉਹਨਾਂ ਨੂੰ ਉਸ,

ਨਿਰਗੁਣ, ਨਿਰੰਕਾਰ, ਅਬਿਨਾਸੀ, ਅਤੇ ਅਤੁਲੋ ਕਹੇ ਜਾਣ ਵਾਲੇ ਪ੍ਰਮਾਤਮਾਂ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ।

ਉਹਨਾਂ ਵਿੱਚ ਅਤੇ ਪ੍ਰਮਾਤਮਾਂ ਵਿੱਚ ਕੋਈ ਪਰਦਾ ਨਹੀਂ ਰਹਿ ਜਾਂਦਾ।

ਉਹਨਾਂ ਦੀ ਉਸ ਪ੍ਰਮਾਤਮਾਂ ਨਾਲ ਸਾਂਝ ਬਣ ਜਾਂਦੀਂ ਹੈ।

ਤਿਸ ਹੀ ਕਉ ਬਨਿ ਆਵਤ॥

ਪਾਠਕ ਵੀਰੋ

ਗੁਰਬਾਣੀਂ ਅਨੂਸਾਰ ਉਹ “ਅਜਰੁ ਵਸਤੂ” ਸਾਡੇ ਵਾਸਤੇ ਕਿੰਨੀਂ ਜਰੂਰੀ ਹੈ। ਅਤੇ ਕਿੰਨੀ ਫਾਇਦੇ ਮੰਦ ਹੈ। ਪਰ ਨਾਂ ਤੇ ਉਹ ਅਜਰ ਵਸਤੂ ਸਾਡੇ ਪਾਸ ਹੈ, ਅਤੇ ਹੀ ਨਾਂ ਹੀ ਸਾਨੂੰ ਉਸ ਵਸਤੂ ਦਾ ਪਤਾ ਹੈ।

ਅਤੇ ਨਾਂ ਹੀ ਕਦੇ ਅਸੀਂ ਉਸ ਅਜਰ ਵਸਤੂ ਨੂੰ ਜਾਨਣ ਦੀ ਜਰੂਰਤ ਹੀ ਸਮਝੀ ਹੈ। ਕਿਊ ਕਿ ਸਾਨੂੰ ਤਾਂ ਝਗੜਾ ਕਰਨ ਤੋਂ ਹੀ ਵਿਹਲ ਨਹੀਂ ਹੈ।

(ਚਲਦਾ)

ਬਲਦੇਵ ਸਿੰਘ “ਚਾਕਰ”

ਅਗਸਤ ੧੨, ੨੦੧੨
.