.

ਸਤਿਗੁਰੂ ਗੁਰਮਤਿ ਵਿਰੋਧੀ ਕਰਮਕਾਂਡ ਕਰਨ ਦੇ ਧਾਰਨੀ?

ਸੀਸ ਨਾ ਨਿਵਾਉਂਣ ਤੋਂ ਕ੍ਰੋਧਵਾਨ ਹੋ ਬ੍ਰਾਹਮਣ ਨੇ ਝਾੜ ਪਾਈ?

ਪ੍ਰਿਥੀ ਚੰਦ ਦੀ ਗੱਲ ਏਥੇ ਹੀ ਛੱਡ ਕੇ, ਗੁਰੂ ਅਰਜਨ ਸਾਹਿਬ ਜੀ ਬਾਰੇ ਲਿਖਾਰੀ ਲਿਖਦਾ ਹੈ ਕਿ, ਇੱਕ ਸਵੇਰ ਜਦ ਸਤਿਗੁਰੂ ਜੀ ਸੁਧਾ ਸਰੋਵਰ (ਅੰਮ੍ਰਿਤ ਦੇ ਸਰੋਵਰ) ਵਿੱਚ ਇਸ਼ਨਾਨ ਕਰਨ ਲਈ ਗਏ ਤਾਂ (ੳ) -ਪ੍ਰਿਥਮੇ ਕੂਪ ਗੁਰ ਕਰਿ ਇਸਨਾਨਾ। ਅਮੀ ਸਰੋਵਰਿ ਮੱਜਨ ਠਾਨਾ॥ 74॥” ਪਹਿਲਾਂ ਖੂਹ ਤੇ ਇਸ਼ਨਾਨ ਕੀਤਾ ਤੇ ਫਿਰ “ਅਮੀ ਸਰੋਵਰ” (=ਅੰਮ੍ਰਿਤ ਸਰੋਵਰ) ਵਿੱਚ ਮਜਨ ਕੀਨਾ (=ਟੁੱਬਾ ਲਇਆ)। (ਅ) ਸ੍ਰੀ ਦਰਬਾਰ ਦਰਸ ਪੁਨਿ ਗਏ। ਬੰਦਨ ਕਰਿ ਪਰਿਕ੍ਰਮਾ ਸੁਖ ਲਏ। ਬਹੁਰਿ ਪਰਿਕ੍ਰਮਾ ਬਡੀ ਸਿਧਾਰੇ। ਉਤਰਿ ਦਿਸ ਦਿਜ ਏਕ ਨਿਹਾਰੇ॥ 75} ਭਾਵ, ਫਿਰ ਦਰਬਾਰ ਸਾਹਿਬ ਦਰਸ਼ਨਾ ਨੂੰ ਗਏ, ਨਮਸਕਾਰ ਕਰਕੇ ਪਰਿਕ੍ਰਮਾ ਕਰਨ ਦਾ ਸੁਖ ਮਾਣਿਆ ਤੇ ਫਿਰ ਵਡੀਆਂ ਪ੍ਰਕਰਮਾ ਲਈ ਚਾਲੇ ਪਾ ਦਿੱਤੇ। ਪਹਾੜ ਦੀ ਬਾਹੀ ਇੱਕ ਬ੍ਰਾਹਮਣ ਨਜ਼ਰੀ ਆਇਆ (75) (ਵੇਖਣ ਨੂੰ ਤਾਂ) ਉਹ ਬ੍ਰਾਹਮਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਲਗਰਾਮ ਦੀ ਪੂਜਾ ਕਰ ਰਿਹਾ ਸੀ। ਪਰ ਉਸ ਦਾ ਮਨ ਘਰ ਦੇ ਕੰਮਾ ਕਾਜਾਂ ਵਿੱਚ ਰੁੱਝਾ ਹੋਇਆ ਸੀ। ਅੰਤਰਜਾਮੀ ਸਤਿਗੁਰੂ ਜੀ ਨੇ ਉਸ ਦੇ ਮਨ ਦੀ ਹਾਲਤ ਜਾਣ ਲਈ ਤੇ ਉਸ ਕੋਲ ਆਏ:--

ਰਿਸ ਧਰਿ ਬਿੱਪ ਕਹਿ, ਛੱਤਰੀ ਹੁਇ ਕਰਿ। ਸੀਸ ਨਿਵਾਯੋ ਨਾ ਦਿਜ ਕੇ ਪਗ ਪਰਿ।

ਗੁਰਿਆਈ ਕਾ ਮਾਨ ਤੁਮ੍ਹਾਰੇ। ਠਾਕੁਰ ਦਿਜ ਕਾ ਮਾਨੁ ਨ ਧਾਰੋ॥ 79॥

ਅਰਥ:-ਬ੍ਰਾਹਮਣ ਨੇ ਗ਼ੁੱਸੇ ਵਿੱਚ ਆ ਕੇ ਆਖਿਆ ਕਿ ਛੱਤਰੀ ਹੋ ਕੇ ਤੁਸਾਂ (ਮੇਰੇ ਚਰਨਾਂ ਤੇ) ਸੀਸ ਕਿਉਂ ਨਾ ਨਿਵਾਇਆ? ਕੀ ਤੁਹਾਨੂੰ ਗਰਿਆਈ ਦਾ ਮਾਣ ਹੈ ਜੋ ਠਾਕਰ ਤੇ ਬ੍ਰਾਹਮਣ ਦਾ ਕੋਈ ਆਦਰ ਨਹੀਂ ਕੀਤਾ?

(ੲ) ਸ੍ਰੀ ਗੁਰ ਕਹਾ ਬਿੱਪ ਸੁਨਿ ਲੀਜੈ। ਪਾਛੈ ਉਪਾਲੰਭ ਮਮ ਦੀਜੈ।

ਤੁਹਿ ਮਨੁ ਥਾ ਘਰ ਕਾਜ ਸਮਾਏ। ਇਹ ਕਾਰਨਿ ਨਹਿ ਮਾਥ ਟਿਕਾਏ। 80॥

(ਸ) ਬਿੱਪ ਪਰਥਾਇ ਸਬਦੁ ਗੁਰ ਕਹਾ। ਰਾਮਕਲੀ ਅਠ ਸਤ ਸੁ ਲਹਾ।

ਸੋ ਸੰਛੇਪ ਕਹੋਂ ਸੁਨਿ ਲੀਜੈ। ਭੂਲ ਦਾਸ ਕੀ ਬਖ਼ਸ ਕਰੀਜੈ॥ 81॥

ਕਰਮ ਵਾਰ ਗੁਰਮਤਿ ਵਿਚਾਰਾਂ:-

(ੳ) ਜਦ ਪਹਿਲਾਂ ਸਤਿਗੁਰੂ ਜੀ ਨੂੰ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਦਰਸਾ ਲਿਆ ਸੀ, ਫਿਰ ਸਰੋਵਰ ਵਿੱਚ ਮੱਜਨ (ਟੁੱਬੀਆਂ) ਲਾਉਂਦੇ ਦਰਸਾਉਣ ਦਾ ਕੀ ਅਰਥ? ਕੀ, ਸਤਿਗੁਰੂ ਜੀ ਦਾ ਸਰੀਰ ਮਿੱਟੀ-ਗਾਰੇ ਨਾਲ ਗੰਦਾ ਸੀ ਜੋ ਸੁਧਾ ਸਰੋਵਰ ਵਿੱਚ ਟੁੱਬੀ ਲਾਉਣ ਤੋਂ ਪਹਿਲਾਂ ਧੋ ਲਿਆ? ਅਸਲ ਵਿੱਚ ਲਿਖਾਰੀ, ਸਤਿਗੁਰੂ ਜੀ ਨੂੰ ਉਵੇਂ ਦੇ ਹੀ ਪੱਕੇ ਕਰਮਕਾਂਡੀ ਦਰਸਾ ਰਹਾ ਹੈ ਜਿਵੇਂ ਉਸ ਨੇ ਸ੍ਰੀ ਰਾਮ ਜੀ ਨੂੰ ਹਰ ਤਰ੍ਹਾਂ ਵੇਦਾਂ ਸ਼ਾਸਤ੍ਰਾਂ ਦੀ ਮਤਿ ਅਨੁਸਾਰ ਸਾਰੇ ਕਰਮਕਾਂਡ ਕਰਦੇ ਦਰਸਾ ਕੇ ਉਨ੍ਹਾਂ ਨੂੰ ‘ਮਰਯਾਦਾ ਪਰਸ਼ੋਤਮ’ ਉਪਾਧੀ ਪ੍ਰਦਾਨ ਕੀਤੀ ਸੀ (ਰਾਮਾਇਣ ਦੀ ਗਾਥਾ ਸਾਖ਼ੀ ਹੈ ਕਿ ਸ੍ਰੀਰਾਮ ਜੀ ਹਰ ਕਰਮ ਬ੍ਰਾਹਮਣ ਦੀ ਸਿਖਿਆ ਅਨੁਸਾਰ ਕਰਦੇ ਰਹੇ ਸਨ ਉਨ੍ਹਾਂ ਨੇ ਸੰਸਾਰ ਨੂੰ ਨਵੀਂ ਸਰਲ ਜੀਵਨ-ਮਰਯਾਦਾ ਕੋਈ ਨਹੀਂ ਸੀ ਸਿਖਾਈ)। ਏਥੇ ਹੁਣ ਜੋ ਕੁੱਝ ਉਹ ਸਿੱਖਾਂ ਵਿੱਚ ਵਾੜਨਾ ਚਾਹੁੰਦਾ ਸੀ ਉਹ ਕੁੱਝ ਸਤਿਗੁਰਾਂ ਤੋਂ ਕਰਵਾਉਣ ਦੀ ਦਲੇਰੀ ਭਰੀ ਗੁਰੂ-ਅਵੱਗਿਆ ਕਰ ਰਿਹਾ ਹੈ। ਜਿਸ ਪਾਵਨ ਗੁਰੂ ਬਾਣੀ ਨਾਲ ਸਤਿਗੁਰੂ ਜੀ ਸਾਨੂੰ ਜੋੜ ਰਹੇ ਸਨ ਉਸ ਦਾ ਫ਼ੁਰਮਾਨ ਤਾਂ ਇਸ ਪ੍ਰਕਾਰ ਹੈ:-

19- ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ 2॥ {484} -4-37

ਜੇ ਕੇਵਲ ਇਸ਼ਨਾਨ ਕੀਤਿਆਂ ਜੀ ਗਤੀ ਹੋ ਜਾਂਦੀ ਹੋਵੇ ਤਾਂ ਉਸੇ ਜਲ ਵਿੱਚ ਡੱਡੂ ਮਛੀਆਂ ਤੇ ਹੋਰ ਜੀਵ ਵੀ ਬੇਅੰਤ ਰਹਿੰਦੇ ਹਨ। ਯਾਦ ਰੱਖੋ ਕਿ ਜਿਵੇਂ ਡੱਡੂ ਮੁੜ ਮੁੜ ਜਨਮ ਮਰਨ ਵਿੱਚ ਪਿਆ ਹੋਇਆ ਹੈ, ਉਵੇ ਹੀ ਉਹ ਮਨੁੱਖ ਵੀ ਭਟਕਣਾ ਵਿੱਚ ਪਏ ਰਹਿੰਦੇ ਹਨ ਜੋ ਇਸ਼ਨਾਨ ਨੂੰ ਕਲਿਆਨ ਦਾ ਸਾਧਨ ਮੰਨੀ ਬੈਠੇ ਹਨ।

ਖੂਹ ਅਤੇ ਸਰੋਵਰ ਲਾਉਣੇ ਉਸ ਸਮੇ ਦੀ ਲੋੜ ਸੀ। ਪਰ ਗੁਰਮਤਿ ਦੇ ਸਰੋਵਰ ਕੇਵਲ ਜਲ ਦੀ ਥੁੜ ਹੀ ਪੂਰੀ ਨਹੀਂ ਸਨ ਕਰਦੇ, ਸਗੋਂ ਂਇਹ ਸਰੋਵਰ ਛੂਤ ਛਾਤ, ਊਚ ਨੀਚ, ਅਥਵਾ ਆਪਸ ਵਿੱਚ ਭਿੰਨ ਭੇਤ ਸਮਝਣ ਵਾਲੇ ਰੋਗ ਦੂਰ ਕਰਦੇ ਹੋਏ ਬ੍ਰਾਹਮਣੀ ਅਰਥਾਂ ਵਾਲੀ “ਸੁਚੱਮ” ਦਾ ਭਰਮ ਦੂਰ ਕਰਨ ਦੀ ਵਡਮੁੱਲੀ ਸੇਵਾ ਵੀ ਨਿਭਾ ਰਹੇ ਸਨ। ਸਤਿਗੁਰੂ ਜੀ ਨੇ ਕੇਵਲ ਪਰਮਾਤਮਾ ਦੇ ਨਾਮ ਤੋਂ ਬਿਨਾ ਦੂਜੀ ਕਿਸੇ ਵੀ ਵਸਤੂ ਨੂੰ ਅੰਮ੍ਰਿਤ ਨਾ ਮੰਨਣ ਵਾਲਾ ਇਹ ਪਾਵਨ ਉਪਦੇਸ਼ ਆਪ ਗੁਰੁ ਗ੍ਰੰਥ ਸਾਹਿਬ ਜੀ ਦਾ ਅੰਗ ਬਣਾਇਆ ਅਥਵਾ (ਭਾਈ ਗੁਰਦਾਸ ਜੀ ਤੋਂ ਲਿਖਵਾਇਆ--

20- ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੀੑ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥ 1॥ {1238} -ਵ:-੪

ਅਰਥ:- (ਹੇ ਪ੍ਰਭੂ!) ਜਿੰਨ੍ਹਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤ) ਮਿਲੀ ਹੋਈ ਹੈ ਉਹ ਮਨੁੱਖ ਆਪਣੇ ਮਨ ਵਿੱਚ (ਤੇਰੇ ਨਾਮ ਦੇ ਰੰਗ ਨਾਲ ਰੰਗੇ ਰਹਿੰਦੇ ਹਨ। ਹੇ ਨਾਨਕ! ਇੱਕ ਨਾਮ ਹੀ (ਸਦੀਵੀ ਆਤਮਕ ਜੀਵਨ ਦੇਣ ਵਾਲਾ) ਅੰਮ੍ਰਿਤ ਹੈ, (ਪ੍ਰਭੂ ਨਾਮ ਤੋਂ ਬਿਨਾ) ਹੋਰ ਦੂਜੀ ਕੋਈ ਵੀ ਵਸਤੂ ਅੰਮ੍ਰਿਤ ਨਹੀ ਹੈ। 1.

ਗੁਰਮਤਿ ਦੇ ਇਸ ਸਿਧਾਂਤ ਦੀ ਸਿਖਿਆ ਦ੍ਰਿੜ ਕਰਾ ਸਤਿਗੁਰੂ ਜੀ, ਸਰੋਵਰ ਦੇ ਜਲ ਨੂੰ ਅੰਮ੍ਰਿਤ ਕਿਵੇਂ ਮੰਨ ਸਕਦੇ ਸਨ? * ਸਰੋਵਰ ਦੇ ਪਾਣੀ ਨੂੰ ਅੰਮ੍ਰਿਤ-ਜਲ ਕਹਿਣ ਦਾ ਭਰਮ ਇਨ੍ਹਾਂ ਲਿਖਤਾਂ ਦੀ ਹੀ ਦੇਣ ਹੈ। >>>

* {Foot note:- ਸਰੋਵਰ ਦੁ ਪਾਣੀ ਨੂੰ ਜਾਂ ਗੁਰਬਾਣੀ ਦੇ ਪਾਠ ਕੋਲ ਪਏ ਜਲ ਨੂੰ ਅੰਮ੍ਰਿਤ ਸਮਝਣ ਦੇ ਭਰਮ ਬਾਰੇ ਦਾਸ ਨੇ ਵਿਚਾਰ ਲਿਖ ਭੇਜੇ ਸਨ ਉਹ ਸਿਖ ਬੁਲੇਟਨ, ਸਿੱਖ ਵਿਰਸਾ ਅਤੇ ਸਪੋਕਸਮੈਨ ਅਥਾਵ ਹੋਰ ਕਈ ਅਖ਼ਬਰਾਂ ਵਿੱਚ ਛਪਿਆ ਸੀ। ਪਾਠਕਾਂ ਦੀ ਜਾਣਕਾਰੀ ਲਈ ਉਸ ਲੇਖ ਦਾ ਉਤਾਰਾ ਇਸ ਪਰਕਾਰ ਹੈ--

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ

ਅੰਮ੍ਰਿਤ ਕੀ ਹੈ? ਮਹਾਨ ਕੋਸ਼ ਅਨੁਸਾਰ “ਅੰਮ੍ਰਿਤ” ਦਾ ਅਰਥ ਹੈ, ਅਮਰ ਕਰ ਦੇਣ ਦੀ ਸ਼ਕਤੀ ਵਾਲਾ ਜਲ। ਪੁਰਾਣਕ ਕਾਲ ਤੋਂ ਮੰਨੀਆਂ ਗਈਆਂ 84 ਲੱਖ ਜੂੰਨਾਂ ਵਿਚੋਂ ਕੇਵਲ ਮਨੁੱਖ ਹੀ ਅਜੇਹਾ ਜੀਵ ਹੈ, ਜਿਸ ਨੇ ਦੁੱਖ ਕਲੇਸ਼ਾਂ ਤੋਂ ਅਤੇ ਮੌਤ ਦੇ ਸਮੇਂ ਤੋਂ ਬੜਾ ਵੱਢਾ ਡਰ ਕਬੂਲਿਆ ਹੋਇਆ ਹੈ। ਸੁਖੀ ਜੀਵਨ ਵਾਲੀ ਅਮਰ ਜਿੰਦਗੀ ਦੀ ਭਾਲ ਤੋਂ ਸੁਰਗਾਂ (Paradise) ਦੀ ਕਲਪਣਾ ਨੇ ਜਨਮ ਲਿਆ ਅਤੇ ਅਮਰ ਹੋ ਜਾਣ ਦੀ ਲਾਲਸਾ ਤੋਂ ਮਨੁੱਖ ਨੇ ਸਦੀਵੀ ਜ਼ਿੰਦਗੀ ਦੇਣ ਵਾਲੇ ‘ਅੰਮ੍ਰਿਤ’ ਦੀ ਕਲਪਣਾ ਕਰ ਲਈ। ਮੌਤ ਤੋਂ ਸਦੀਵੀ ਛੁਟਕਾਰਾ ਦੇਣ ਦੀ ਸ਼ਕਤੀ ਵਾਲੇ ਇਸ ਕਥਿਤ ‘ਅੰਮ੍ਰਿਤ-ਜਲ’ ਬਾਰੇ ਸੰਸਾਰ ਵਿੱਚ ਕਈ ਕਹਾਣੀਆਂ ਚੱਲ ਪਈਆਂ। ਦਸਮ ਗ੍ਰੰਥ ਦੇ ਚਰਿਤ੍ਰੋਪਾਖਿਯਾਨ ਭਾਗ ਵਿੱਚ ਲਿਖੀ ‘ਸਿਕੰਦਰ-ਏ-ਆਜ਼ਮ’ ਦੇ ਨਾਮਣੇ ਨਾਲ ਜੁੜੀ ਕਹਾਣੀ, ਸਿਖਾਂ ਵਿੱਚ ਬੜੀ ਪਰਚੱਲਤ ਰਹੀ ਹੈ। ਉਸ ਨਿਰਮੂਲ ਗਾਥਾ ਅਨੁਸਾਰ ਸਿਕੰਦਰ ਨੇ ਕਥਿਤ ਤੌਰ ਤੇ ਅੰਮ੍ਰਿਤ ਜਲ ਦਾ ਚਸ਼ਮਾ ਲੱਭ ਲਿਆ ਸੀ। ਪਰ ਜਦ ਉਸ ਨੇ ਚਸ਼ਮੇ ਦਾ ਪਾਣੀ ਪੀਣਾ ਚਾਹਿਆ ਤਾਂ ਨੇੜੇ ਹੀ ਬੈਠਾ ਬੜਾ ਕਮਜ਼ੋਰ ਅਤੇ ਬੜੀ ਮਾਂਦੀ ਹਾਲਤ ਵਾਲਾ ਪੰਛੀ, ਖਿੜ ਖਿੜਾ ਕੇ ਹੱਸ ਪਿਆ। ਸਿਕੰਦਰ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ਕਿ, ‘ਇਕ ਪੰਛੀ ਤਾਂ ਅਜੇਹੀ ਭਿਆਨ ਭੁੱਲ ਕਰ ਲਏ, ਪਰ ਸਾਰੀਆਂ ਜੂਨਾਂ ਦਾ ਸਿਰਦਾਰ ਮਨੁੱਖ, ਅੱਖੀਂ ਵੇਖ ਕੇ ਮਹੁਰਾ ਪੀ ਰਿਹਾ ਹੋਵੇ, ਤਾਂ ਹਾਸਾ ਆਉਣਾ ਹੀ ਸੀ”। ਬੜਾ ਹੈਰਾਨ ਹੋ ਕੇ ਸਿਕੰਦਰ ਨੇ ਪੁਛਿਆ, ‘ਕੀ ਇਹ ਸਦੀਵੀ ਜ਼ਿੰਦਗੀ ਦੇਣ ਵਾਲਾ ਅੰਮ੍ਰਿਤ ਨਹੀ ਹੈ?” ‘ਹੈ ਤਾਂ ਅੰਮ੍ਰਿਤ ਹੀ, ਪਰ ਜ਼ਹਿਰ ਨਾਲੋਂ ਹਜ਼ਾਰਾਂ ਗੁਣਾ ਭੈੜਾ। ਮੈਂ ਇਹ ਪਾਣੀ ਰੂਪ ਅੰਮ੍ਰਿਤ ਪੀ ਬੈਠਾ ਤੇ ਸਦੀਵੀ ਜ਼ੰਦਗੀ ਵਾਲਾ ਅਸਾਧ ਰੋਗ ਸਹੇੜ ਬੈਠਾ। ਹੁਣ ਇਸ ਲੰਮੀ ਜ਼ਿੰਦਗੀ ਤੋਂ ਅਤੀਅੰਤ ਦੁਖੀ ਹੋ ਕੇ ਉਸੇ ਮੌਤ ਲਈ ਤਰਲੇ ਲੈ ਰਿਹਾਂ ਜਿਸ ਨੂੰ ਮੈਂ ਆਪ ਹੀ ਸਦਾ ਲਈ ਦੁਰਕਾਰ ਦਿੱਤਾ ਸੀ। ਮਰਨ ਜੰਮਣ ਵਾਲਾ ਰੱਬੀ ਸਿਧਾਂਤ ਬੜਾ ਰੌਣਕਾਂ ਭਰਿਆ ਅਤੇ ਸੁਖਦਾਈ ਹੈ। ਅੰਮ੍ਰਿਤ ਮੰਨ ਕੇ ਇਸ ਚਸ਼ਮੇ ਦਾ ਪਾਣੀ ਪੀ ਲੈਣਾ ਅਜੇਹੀ ਮੂਰਖਤਾਈ ਹੈ ਜੋ ਕਦੇ ਵਾਪਸ ਨਹੀਂ ਹੋ ਸਕਣੀ।’ ਪੰਛੀ ਦੀ ਗੱਲ ਹਿਰਦੇ ਨੂੰ ਲੱਗੀ। ਜਿਸ ਅੰਮ੍ਰਿਤ ਨੂੰ ਬੜੀਆਂ ਮੁਸ਼ਕਲਾਂ ਨਾਲ ਲਭਿਆ ਸੀ, ਉਸ ਨੂੰ ਪੀਤੇ ਬਿਨਾ ਹੀ (ਸਿਕੰਦਰ) ਵਾਪਸ ਪਰਤ ਗਿਆ।

ਏਧਰ ਸਾਡੇ ਬ੍ਰਾਹਮਣ ਜੀ ਨੇ ਸਮੁੰਦਰ ਰਿੜਕ ਕੇ ਪ੍ਰਾਪਤ ਕੀਤੇ ਅੰਮ੍ਰਿਤ ਦੇ ਘੜੇ ਦੀ ਨਿਰਮੂਲ ਕਹਾਣੀ ਘੜ ਲਈ। ਫਿਰ ਅੰਮ੍ਰਿਤ ਦੀ ਵੰਡ ਤੋਂ ਦੇਵਤਿਆਂ ਅਤੇ ਦੈਂਤਾਂ ਵਿੱਚ ਜੰਗ ਛਿੜ ਪੈਣ ਤੋਂ ਉਸ ਘੜੇ ਵਿਚੋਂ-ਹਰਦੁਆਰ, ਪ੍ਰਯਾਗ, ਨਾਸਕ ਤੇ ਉਜੈਨ, ਚੌਹੀਂ ਥਾਈਂ ਅੰਮ੍ਰਿਤ ਜਲ ਦੇ ਛਿੱਟੇ ਡਿਗੇ ਦਰਸਾ ਦਿੱਤੇ। ਉਨ੍ਹਾਂ ਤੀਰਥ ਅਸਥਾਨਾਂ ਤੇ ਕੁੰਭ ਦੇ ਮੇਲਿਆਂ ਤੇ ਇਸ਼ਨਾਨ ਕਰਨ ਤੋਂ ਕੀਤੇ ਪਾਪਾਂ ਦਾ ਨਾਸ ਹੋ ਕੇ ਸਦੀਵੀ ਸੁਰਗਾਂ ਵਿੱਚ ਵਾਸੇ ਦਾ ਭਰਮ ਪੱਕਾ ਕਰ ਦਿੱਤਾ। ਹਜ਼ਾਰਾਂ ਸਾਲਾਂ ਤੋਂ ਪਰਚਲਤ, ਇਸ ਭਰਮ ਤੋਂ ਉਪਰੋਕਤ ਚੌਹੀਂ ਥਾਈਂ ਕੁੰਭ ਦੇ ਮੇਲੇ ਲੱਗਦੇ ਆ ਰਹੇ ਹਨ। ਕਰੋੜਾਂ ਯਾਤਰੀ ਬ੍ਰਾਹਮਣਾ ਨੂੰ ਮਿਥੀ ਹੋਈ ਫ਼ੀਸ ਭਰ ਕੇ, ਉਥੋਂ ਦੇ ਦਰਿਆ ਵਿੱਚ ਇਸ਼ਨਾਨ ਕਰਕੇ ਮਾਨੋ, ਸਦੀਵੀ ਸਵਰਗੀ ਜ਼ਿੰਗਦੀ ਦੇ ਪਰਮਟ ਪ੍ਰਾਪਤ ਕਰ ਰਹੇ ਹੁੰਦੇ ਹਨ। ਉਸ-ਨਿਰਮੂਲ ਭਰਮ-ਜਾਲ ਵਿੱਚ ਜਕੜੇ ਲੋਕਾਂ ਨੂੰ ਜਿਵੇਂ ਬ੍ਰਾਹਮਣ ਨੇ ਆਪਣੀ ਠੋਸ ਆਮਦਨ ਦਾ ਸਾਧਨ ਬਣਾ ਲਿਆ ਹੋਇਆ ਹੈ, ਉਹ ਦੁਖਦਾਈ ਗਾਥਾ, ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਦੇ 5ੰਜਵੇ ਭਾਗ ਵਿੱਚ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ। ਤੀਰਥਾਂ ਤੇ ਇਸ਼ਨਾਨ ਨਾਲ ਪਾਪਾਂ ਦਾ ਨਾਸ ਹੋਣ ਵਾਲੇ ਭਰਮਾਂ ਤੋਂ ਛੁਟਕਾਰਾ ਦਿਵਾ ਰਿਹਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਇਹ ਫੁਰਮਾਨ:-

‘ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥

ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ’॥ 2॥ {1348}

ਅਮਰ ਹੋਣ ਦੀ ਲਾਲਸਾ ਤੋਂ ਸੰਸਾਰ ਦੇ ਮਨੁੱਖ ਨੇ ਬੜੀਆਂ ਠੱਗੀਆਂ ਖਾਧੀਆਂ, ਪਰ ਅਮਰ ਕਰਨ ਵਾਲਾ ‘ਅੰਮ੍ਰਿਤ ਜਲ’ ਅੱਜ ਤੱਕ ਕਿਸੇ ਨੂੰ ਨਾ ਮਿਲਿਆ। ਗੁਰੁ ਬਾਣੀ ਅਨੁਸਾਰ ਸੰਸਾਰ ਦੀ ਹਰ ਵਸਤੂ ਅਥਵਾ ਜੀਵ ਨਾਸਵੰਤ ਹੋਣ ਦੀ ਸਾਖੀ ਭਰ ਰਹੇ ਗੁਰੂ ਫ਼ੁਰਮਾਨ (1) -ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ॥ 1 ॥ {50} (2) -ਜੋ ਦੀਸੈ ਸੋ ਸੰਗਿ ਨ ਗਇਓ॥ ਸਾਕਤੁ ਮੂੜੁ ਲਗੇ ਪਚਿ ਮੁਇਓ॥ {241} (3) -ਜੋ ਦੀਸੈ ਸੋ ਉਪਜੈ ਬਿਨਸੈ॥ {352} - (4) -ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ॥ 1॥ (5) -ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥ 2 ॥ {812} -

ਦ੍ਰਿਸ਼ਟਮਾਨ ਪਦਾਰਥ ਨੂੰ ਅੰਮ੍ਰਿਤ ਮੰਨਣਾ, ਗੁਰਮਤਿ ਵਿਰੋਧੀ ਇੱਕ ਦੁਖਦਾਈ ਭਰਮ ਹੈ। ਸੁਹਿਰਦਤਾ ਮੰਗ ਕਰਦੀ ਹੈ ਕਿ ਅਸੀਂ ਆਪਣੇ ਸਤਿਗੁਰੂ ਗ੍ਰੰਥ ਸਾਹਿਬ ਦੇ ਛੋਟੇ ਤੋਂ ਛੋਟੇ ਇਸ਼ਾਰੇ ਮਾਤ੍ਰ ਨੂੰ ਵੀ ਰੱਬੀ ਹੁਕਮ ਸਮਝ ਕੇ ਉਸ ਦੀ ਪਾਲਣਾ ਕਰਦੇ ਰਹੀਏ। ਪਰ ਸਾਡੀ-ਕਰਮ ਕਰਤੂਤ ਤੋਂ ਸਿੱਧ ਇਹ ਹੋ ਰਿਹਾ ਹੈ ਕਿ, ਅਸਾਂ ਇਸ ਅਨੂਪਮ ਸਤਿਗੁਰੂ ਜੀ ਵੱਲ, ਜਿਵੇਂ ਪਿੱਠ ਕਰਕੇ ਸੌਂ ਹੀ ਗਏ ਹੋਈਏ। ਉਸ ਦੁਖਦਾਈ ਨੀਂਦ ਵਿਚੋਂ ਸੁਚੇਤ ਕਰਨ ਲਈ ਪੰਜ ਤੋਂ ਵੱਧ ਗੁਰੂ ਹੁਕਮਾ ਦਾ ਸਹਾਰਾ ਲੈਣਾ ਪਿਆ ਹੈ। ਜਦ ਸਿਰਜਣਾ ਦੀ ਸਾਰੀ ਕਾਰ, ਨਾਸ ਹੋ ਕੇ ਮੁੜ ਬਣਦੇ ਰਹਿਣ ਦੇ ਅੱਟਲ ਸਿਧਾਂਤ ਤੇ ਚਲ ਰਹੀ ਹੈ, ਤਾਂ ਅਮਰ ਕਰ ਦੇਣ ਵਾਲੇ ਜਲ ਦੀ ਆਸ ਕਰਨੀ, ਮੂਰਖਾਂ ਦੇ ਸੁਰਗ ਵਿੱਚ ਵਸੇਬੇ ਵਾਲਾ ਭਰਮ ਹੈ।

ਸੁਣਦੇ ਆ ਰਹੇ ਹਾਂ ਕਿ ਅਖੰਡ-ਪਾਠ ਕੋਲ ਰੱਖੇ ਭਾਂਡੇ ਦਾ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਜਿਸ ਸਰੋਵਰ ਦੇ ਵਿਚਕਾਰ ਅਤੇ ਚੋਗਿਰਦੇ ਬਣੀ ਪਰਕ੍ਰਮਾ ਦੇ ਕੰਢੇ, ਸੈਂਕੜੇ ਸਾਲਾਂ ਤੋਂ ਨਿਰੰਤਰ ਗੁਰਬਾਣੀ ਦਾ ਪਾਠ, ਕਥਾ ਕੀਰਤਨ ਹੁੰਦਾ ਆ ਰਿਹਾ ਸੀ, ਉਸ ਦਾ ਜਲ ਤਾਂ ਬੜਾ ਕਰਾਮਾਤੀ “ਅੰਮ੍ਰਿਤ” ਬਣ ਚੁੱਕਾ ਹੋਣ ਦੀ ਸ਼ਰਧਾ ਇਸ ਕੀਟ ਦੇ ਹਿਰਦੇ ਨੇ ਵੀ ਕਬੂਲੀ ਹੋਈ। ਸਰੀਰਕ ਰੋਗਾਂ ਤੋਂ ਛੁਟਕਾਰੇ ਲਈ ਸਾਡੀ ਮਾਤਾ ਜੀ ਨੇ ਅਤੇ ਉਨ੍ਹਾਂ ਦੀ ਸਿਖਿਆ ਤੇਂ ਪ੍ਰੇਰਨਾ ਲੈ ਅਸੀਂ ਵੀ, ਬੜੀ ਸ਼ਰਦਾ ਨਾਲ ਉਸ ਪਾਵਨ ਪਵਿੱਤਰ ਜਲ ਵਿੱਚ ਕਈ ਕਈ ਇਸ਼ਨਾਨ ਕੀਤੇ। ਮੇਰੇ ਮਾਤਾ ਜੀ ਦੇ ਹੱਥਾਂ ਤੋਂ ਚੰਬਲ ਵਰਗੀ ਭੈੜੀ ਬਿਮਾਰੀ ਆਖ਼ਰ ਮੋੜਾ ਖਾ ਗਈ ਸੀ। ਦਾਸ ਦੀ ਕਿਸੇ ਬਿਮਾਰੀ ਨੇ ਕਦੇ ਕੋਈ ਮੋੜਾ ਨਾ ਸੀ ਖਾਧਾ ਪਰ ਫਿਰ ਵੀ ਜੇ ਕਦੇ ਮਨ ਵਿੱਚ ਕੋਈ ਸ਼ੰਕਾ ਉਪਜਿਆ ਤਾਂ, ਦਾਸ ਦੇ ਅੰਦਰ ਬਣੀ ਅਪਾਰ ਸ਼ਰਧਾ ਦੀ ਪਕਿਆਈ ਨੇ ਉਸ ਨੇ ਸਦਾ ਆਪਣੇ ਹੀ ਸਿੱਕ ਵਿਚਲੀ ਕਚਿਆਈ ਦਾ ਨਤੀਜਾ ਮੰਨਿਆ, ਸਰੋਵਰ ਦੇ ਜਲ ਦੀ ਪਾਵਨਤਾ ਅਥਵਾ ਸ਼ੁੱਧਤਾ ਬਾਰੇ ਕਦੇ ਜ਼ਰਾ ਵੀ ਸ਼ੱਕ ਨਾ ਸੀ ਉਪਜਿਆ। ਪਰ 1984 ਵਿੱਚ ਹੋਏ ਘਲੂਘਾਰੇ ਤੋਂ ਥ੍ਹੋੜਾ ਚਿਰ ਮਗਰੋਂ ਜਦ ਅਖ਼ਬਾਰਾਂ ਵਿਚੋਂ ਅਥਵਾ ਦੇਸ਼ੋਂ ਪੁੱਜਦੇ ਗੁਰਸਿੱਖਾਂ ਤੋ ਇਹ ਪਤਾ ਲੱਗਦਾ ਕਿ, ਜਿਹੜੇ ਨੌਜਵਾਨ ਇਸ ਮਹਾਨ ਅਸਥਾਨ ਦੀ ਰਖਿਆ ਲਈ ਜੂਝ ਰਹੇ ਸਨ ਉਨਾਂ ਨੂੰ ਜ਼ਖ਼ਮੀ ਕਰਕੇ ਫ਼ੌਜੀਆਂ ਨੇ ਸਰੋਵਰ ਦੇ ਜਲ ਵਿੱਚ ਵਗਾਹ ਮਾਰਿਆ। ਬਣੇ ਵਿਸ਼ਵਾਸ਼ ੳਨੁਸਾਰ ਉਹ ਰਾਜ਼ੀ ਹੋਣ ਦੇ ਥਾਂ ਸਗੋਂ ਸਰੋਵਰ ਦੇ ਜਲ ਵਿੱਚ ਹੀ ਡੁੱਬ ਕੇ ਮਰਦੇ, ਗਲਦੇ ਸੜਦੇ ਰਹੇ। ਸਰੋਵਰ ਦਾ ਉਹੀ ਪਾਵਨ ਪਵਿੱਤਰ ਜਲ ਏਨੀ ਸੜਾਂਦ ਮਾਰਨ ਲੱਗ ਪਿਆ ਕਿ ਨੇੜੇ ਜਾਣਾ ਅਸਹਿ ਬਣ ਗਿਆ ਸੀ। ਹਉਕਾ ਨਿਕਲਦਾ ਸੀ, ਹੈਂ, ਇਹ ਕੀ ਹੋਇਆ? ਲੋਕਾਂ ਦੇ ਦੁੱਖੜੇ ਦੂਰ ਕਰਨ ਵਾਲੇ ਸਰੋਵਰ ਦਾ ਆਪਣਾ ਹੀ ਪਾਵਲ ਜਲ ਅਜੇਹਾ ਤਰੱਕ ਗਿਆ? ਕਈ, ਤਰ੍ਹਾਂ ਦੀਆਂ ਤਰਕਾਂ ਭਰੀਰਾਂ ਪੁੱਛਾ ਆਉਣ ਲੱਗੀਆਂ। ਕੀ, ਸੰਸਾਰ ਨੇ ਹੁਣ ਇਹ ਜਾਣ ਲਿਆ ਹੈ ਕਿ, ਸਰੋਵਰ ਦਾ ਜਲ ਅੰਮ੍ਰਿਤ ਨਹੀਂ ਸੀ ਬਣ ਸਕਿਆ? ਕੀ, ਬ੍ਰਾਹਮਣ ਵਾਂਗ ਸਾਡੇ ਧਾਰਮਿਕ ਆਗੂ ਵੀ ਸਾਡੇ ਨਾਲ ਝੂਠ ਹੀ ਬੋਲਦੇ ਆ ਰਹੇ ਹਨ? ਕੀ, ਲੋਕਾਂ ਨਾਲ ਕੀਤੀ ਜਾ ਰਹੀ ਇਹ ਇੱਕ ਠੱਗੀ ਹੀ ਸੀ? ਅਸਲ ਭੇਤ ਜਾਣਨ ਲਈ ਦਾਸ ਨੇ SGPC ਅੰਮ੍ਰਿਰਤਸਰ ਦੇ ਪ੍ਰਧਨ ਸਾਹਿਬ ਜੀ ਦੀ ਸੇਵਾ ਵਿੱਚ ਚਿੱਠੀਆਂ ਲਿਖੀਆਂ। ਅਂਦਰੋਂ ਆਵਾਜ਼ਾਂ ਆਉਣ, ਉਥੋਂ ਵੀ ਭਲਾ ਕਦੇ ਕੋਈ ਸ਼ੰਕਾ ਦੂਰ ਹੋਇਆ ਹੈ? ਸਰਬ ਉੱਚ ਸੰਸਥਾ ਵਲੋਂ ਕਦੇ ਕੋਈ ਸਪੱਸ਼ਟੀਕਰਨ ਨਾ ਪੁੱਜਾ। ਫਿਰ ਸਤਿਗੁਰਾਂ ਦੇ ਏਸ ਬਚਨ ਦੀ ਸਚਾਈ ਤੇ ਭਰੋਸਾ ਆ ਟਿਕਿਆ “ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥”

ਅਸੀਂ ਡੇਰੇਦਾਰ ਸਾਧ-ਠੱਗਾਂ ਦੇ ਮਾਇਆ-ਜਾਲ ਵਿੱਚ ਫਸ ਕੇ ਠੱਗੇ ਜਾਣ ਵਿੱਚ ਕਲਿਆਨ ਮੰਨ ਲਈ ਅਤੇ ਉਨ੍ਹਾਂ ਦੇ ਕਹੇ ਲਗ ਕੇ ਵਿਧੀ ਵਿਧਾਨ ਨਾਲ ਕਰਾਏ ਅਖੰਡ ਪਾਠਾਂ ਦੀਆਂ ਝੜੀਆਂ ਲਾਈ ਰੱਖੀਆਂ। ਸੈਂਕੜੇ ਸਾਲਾਂ ਤੋਂ ਕਰਵਾਏ ਜਾ ਰਹੇ ਇਨ੍ਹਾਂ ਮੰਤ੍ਰ-ਪਾਠਾਂ ਨੇ ਸਿਵਾਏ ਗੁਰਮਤਿ ਤੋਂ ਅਗਿਆਨਤਾ ਵਧਾਉਣ ਦੇ, ਕੌਮ ਨੂੰ ਕਿਸੇ ਪ੍ਰਕਾਰ ਦੇ ਠੋਸ ਕਿਸੇ ਲਾਭ ਪੁਚਾਏ ਦਾ ਜੇ ਕਿਸੇ ਗੁਰਸਿੱਖ ਨੂੰ ਪਤਾ ਹੋਵੇ ਤਾਂ ਦਾਸ ਨੂੰ ਜਾਣੂ ਕਰਾਉਣ ਦੀ ਕਿਰਪਾ ਕਰ ਦੇਵੇ। ਸਦੀਵੀ ਜ਼ਿੰਦਗੀ ਪ੍ਰਦਾਨ ਕਰ ਰਹੇ ਅੰਮ੍ਰਿਤ-ਜਲ ਦੀ ਅਸਲੀਯਤ ਸਮਝਣ ਲਈ ਆਉ ਆਪਣੇ ਅਨੂਪਮ ਸਤਿਗੁਰੂ ਜੀ ਦੀ ਅੰਮ੍ਰਿਤ-ਮਈ ਬਾਣੀ ਦੀ ਵਿਚਾਰ ਨਾਲ ਜੁੜੀਏ, ਸਮਝੀਏ, ਅਤੇ ਉਸ ਅਨੁਸਾਰ ਜੀਵਨ ਬਨਾੳਣ ਦਾ ਰਾਹ ਅਪਣਾਈਏ:-

(1) ਸਲੋਕ ਮਹਲਾ 2॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨ@ੀ ਪੀਤਾ ਰੰਗ ਸਿਉ ਜਿਨ@ ਕਉ ਲਿਖਿਆ ਆਦਿ॥ 1 ॥ {1242} -ਪਉ-4

ਭਾਵ ਅਰਥ- ‘ਜਿਨ੍ਹਾਂ ਭਾਗਾਂ ਵਾਲੇ ਗੁਰਮੁਖਾਂ ਨੂੰ ਪ੍ਰਭੂ-ਨਾਮ ਦੀ ਸੋਭਾ ਕਰਨ ਦੀ ਸੁਭਾਗਤਾ ਪ੍ਰਾਪਤ ਹੋਈ ਹੈ ਉਹ ਗੁਰੂ ਦੀ ਕਿਰਪਾ ਨਾਲ ਨਾਮ-ਰੰਗ ਵਿੱਚ ਰੰਗੇ ਗਏ ਅਤੇ ਉਨ੍ਹਾਂ ਦੇ ਹਿਰਦੇ ਵਿੱਚ ਯਕੀਨ ਬੱਝ ਚੁੱਕਾ ਹੈ ਕਿ, ਸੰਸਾਰ ਵਿੱਚ ਕੇਵਲ ਪ੍ਰਭੂ ਦਾ ਨਾਮ ਹੀ ਸਦੀਵੀ ਆਤਮਕ ਜ਼ਿੰਦਗੀ ਦੇਣ ਵਾਲਾ ਅੰਮ੍ਰਿਤ ਹੈ। ਉਹ ਕਿਸੇ ਹੋਰ ਵਸਤੂ ਨੂੰ ਅੰਮ੍ਰਿਤ ਨਹੀਂ ਮੰਨਦੇ। ਅਤੇ ਇਹ ਨਾਮ ਅੰਮ੍ਰਿਤ, ਮਨੁੱਖ ਦੇ ਸਰੀਰ-ਮਨ ਦੇ ਅੰਦਰੇ ਹੀ ਹੈ, ਪਰ ਪ੍ਰਗਟ ਰੂਪ ਵਿੱਚ ਪ੍ਰਾਪਤ ਸਤਿਗੁਰੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ। ਅਜੇਹੇ ਭਾਗਾਂ ਵਾਲੇ ਹੀ ਉਸ ਨਾਮ ਅੰਮ੍ਰਿਤ ਨੂੰ ਸੁਆਦ ਨਾਲ ਪੀਂਦੇ ਹਨ।’

ਸਪੱਸ਼ਟ ਹੈ ਕਿ, ਕਿਸੇ ਦ੍ਰਿਸ਼ਟਮਾਨ-ਨਾਸਵੰਤ ਪਦਾਰਥ ਨੂੰ ਅੰਮ੍ਰਿਤ ਮੰਨ ਬਹਿਣਾ ਗੁਰਮਤਿ ਵਿਰੋਧੀ ਭਰਮ ਹੈ। ਨਾਮ ਅੰਮ੍ਰਿਤ ਬਾਰੇ ਸਾਡੀ ਦ੍ਰਿੜਤਾ ਬਣਾ ਰਹੇ ਗੁਰੂ ਫ਼ੁਰਮਾਨ-

(2) ਅੰਮ੍ਰਿਤ ਨਾਮੁ ਤੁਮਾਰਾ ਸੁਆਮੀ॥ ਨਾਨਕ ਦਾਸ ਸਦਾ ਕੁਰਬਾਨੀ॥ ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ॥ 17॥ 1॥ 3॥ {1074}

(3) ਮੈ ਮੂਰਖ ਮੁਗਧ ਊਪਰਿ ਕਰਹੁ ਦਇਆ॥ ਤਉ ਸਰਣਾਗਤਿ ਰਹਉ ਪਇਆ॥ 3 ॥ ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ॥ ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ॥ 4॥ 8॥ {1174}

(4) ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ॥ ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ॥ 1॥ {1211} -ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ॥ ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ॥ 2॥ 17॥ 40॥ {1216}

(5) ਬੋਲਹੁ ਭਈਆ ਰਾਮ ਕੀ ਦੁਹਾਈ॥ ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ॥ 1॥ ਰਹਾਉ॥ ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ॥ ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ॥ 2 ॥ {1123} -3

(6) ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ॥ ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ॥ ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ॥ ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ॥ ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ॥ ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ॥ ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ॥ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ॥ 30 ॥ {933}

(7) ਉਦਮੁ ਕਰਤ ਮਨੁ ਨਿਰਮਲੁ ਹੋਆ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ॥ ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ॥ 2 ॥ ਅੰਤਰਿ ਬਾਹਰਿ ਤੇਰੀ ਬਾਣੀ॥ ਤੁਧੁ ਆਪਿ ਕਥੀ ਤੈ ਆਪਿ ਵਖਾਣੀ॥ ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ॥ 3 ॥ ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ॥ ਹਰਿ ਪੈਨਣੁ ਨਾਮੁ ਭੋਜਨੁ ਥੀਆ॥ ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ॥ 4॥ 10॥ 17॥ {99} ਮੁਰਦੀਆਂ ਕੌਮਾਂ ਨੂੰ ਸਦੀਵੀ ਜ਼ਿੰਦਗੀ ਪ੍ਰਦਾਨ ਕਰ ਰਿਹਾ ਅੰਮ੍ਰਿਤ? :-

(8) ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ॥ ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ॥ ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ॥ ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ॥ ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ॥ 6॥ {447}

ਅਰਥ:-ਮਾਇਆ-ਗ੍ਰਸਿਆ ਜਗਤ ਮੁੜ ਮੁੜ ਜੰਮਦਾ ਹੈ ਮਰਦਾ ਹੈ (ਭਾਵ, ਆਤਮਕ ਮੌਤੇ ਮਰਦਾ ਰਹਿੰਦਾ ਹੈ) ਗੁਰੁ ਦੀ ਰਾਹੀਂ ਪ੍ਰਭੂ-ਚਰਨਾਂ ਵਿੱਚ ਲੱਗ ਕੇ ਮਾਇਆ ਦੇ ਮੋਹ ਵਲੋਂ ਅਡੋਲ-ਚਿੱਤ ਹੋ ਜਾਂਦਾ ਹੈ। ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ-ਮੰਤਰ ਪੱਕਾ ਕਰਦਾ ਹੈ, ਜਿਸ ਮਨੁੱਖ ਦੇ ਮੂੰਹ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਨਾਮ-ਜਲ ਚੋਂਦਾ ਹੈ, ਉਹ ਮਨੁੱਖ ਹਰਿ-ਨਾਮ ਰਸ ਨੂੰ ਸੁਆਦ ਨਾਲ ਆਪਣੇ ਅੰਦਰ ਰਚਾ ਲੈਂਦਾ ਹੈ। ਜਦੋਂ ਉਹ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮਰਿਆ ਹੋੲਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ (ਆਤਮਕ) ਮੌਤ ਨਹੀਂ ਵਿਆਪਦੀ। ਨਾਮ ਅੰਮ੍ਰਿਤ ਪ੍ਰਾਪਤ ਕਰ ਲੈਣ ਵਾਲਾ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ। ਅਜੇਹਾ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ। ਗੁਰਦੇਵ ਜੀ ਫ਼ੁਰਮਾਨ ਕਰਦੇ ਹਨ ਕਿ ਕਿ ਪ੍ਰਭੂ ਦਾ ਨਾਮ ਉਸ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਨਾਲ ਆਸਰਾ ਬਣ ਜਾਂਦਾ ਹੈ। ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ। 4॥

ਮਨ ਰੇ ਹਰਿ ਕੀਰਤਿ ਤਰੁ ਤਾਰੀ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ॥ ਰਹਾਉ॥ {506} ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਹੇ ਗੁਰਮੁਖਾਂ ਦੀ ਚਰਨ ਧੂੜ-ਦਾਸਰਾ ਗੁਰਬਖ਼ਸ਼ ਸਿੰਘ ਮਿਤੀ ਜੂਨ 10 2001}

<<ਜਗਤ ਦੀ ਮਾਇਆ ਤੋਂ ਨਿਰਲੇਪ, ਪੂਰਨ ਬ੍ਰਹਮ ਗਿਆਨੀ, ਪੰਚਮ ਸਤਿਗੁਰੂ ਸਾਹਿਬ ਜੀ, ਆਪ ਹੀ ਉਨ੍ਹਾਂ ਹੀ ਗੁਣਾ ਦਾ ਭੰਡਾਰ ਸਨ ਜ੍ਹਿੜੇ ਗੁਣ, ਉਨ੍ਹਾਂ ਨੇ ਸੁਖਮਣੀ ਸਾਹਿਬ ਦੀ ਅਠਵੀ ਅਸ਼ਟ ਪਦੀ ਵਿੱਚ ਲਿਖੇ ਹੋਏ ਹਨ।

(ਅ) ਬਾਰ ਬਾਰ ਗੁਰਮਤਿ ਵਿਰੋਧੀ-ਕਰਮ? ਕੋਈ ਕੋਠਾ ਜਾਂ ਮਹੱਲ ਕੇਵਲ ਉਨਾ ਚਿਰ ਹੀ ਪੂਜਣਜੋਗ ਹੈ ਜਿੰਨਾ ਚਿਰ ਸਤਿਗੁਰੂ ਜੀ ਉਥੇ ਹਾਜ਼ਰ ਹਨ। ਸਤਿਗੁਰੂ ਜੀ ਤੋਂ ਬਿਨਾ ਕੇਵਲ ਕੰਧਾਂ ਕੋਠਿਆਂ ਦੀ ਪੂਜਾ ਘਟੀਆਂ ਕਿਸਮ ਦੀ ਆਕਾਰ ਪ੍ਰਸਤੀ, ਭਾਵ ਕੰਧਾਂ ਕੋਠਿਆਂ ਨੂੰ ਮੱਥਾ ਟੇਕਣਾ ਜਾਂ ਪਰਿਕ੍ਰਮਾ ਕਰਨੀਆਂ ਮੂਰਤੀ ਪੁਜਾ ਨਾਲੋਂ ਵੀ ਨਖਿੱਧ ਕਰਮ ਹੈ। ਏਥੇ ਲਿਖਾਰੀ ਦੀ ਕੁਟਲਤਾ ਦਾ ਸਿਖ਼ਰ ਇਹ ਹੈ ਕਿ ਉਹ ਕੋਠਿਆਂ ਨੂੰ ਸਤਿਕਾਰ ਵਾਲਾ ਬਣਾਉਣ ਵਾਲੇ ਸਤਿਗੁਰੂ ਜੀ ਤੋਂ ਹੀ ਕੋਠਿਆਂ ਦੀ ਪਰਿਕ੍ਰਮਾ ਕਰਵਾ ਰਿਹਾ ਹੈ। ਅਜੇਹੇ ਗੁਰਮਤਿ ਵਿਰੋਧੀ ਕਰਮ ਕਰਦੇ ਸਤਿਗੁਰੂ ਜੀ ਨੂੰ ਕਿਸ ਯੋਜਨਾਂ ਅਧੀਨ ਬਾਰ ਬਾਰ ਦਰਸਾਇਆ ਜਾ ਰਿਹਾ ਹੈ? ਗੁਰਸਿੱਖਾਂ ਨੂੰ ਇੱਕ ਅਕਾਲ ਪੁਰਖ ਦੇ ਉਪਾਸ਼ਨਾ ਤੋਂ ਹਟਾ ਕੇ ਅਨੇਕਤਾ ਦੇ ਪੁਜਾਰੀ ਬਣਾ ਲੈਣ ਲਈ ਇਸ ਤੋਂ ਚੰਗਾ ਸਾਧਨ ਹੋਰ ਹੋ ਹੀ ਨਹੀਂ ਸੀ ਸਕਦਾ। ਕਿਉਂਕਿ ਲਿਖਾਰੀ ਜਾਣਦਾ ਹੈ-ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ॥ ਆਪਣੇ ਸਤਿਗੁਰੂ ਜੀ ਦੇ ਪੂਰਨਿਆਂ ਤੇ ਗੁਰਸਿੱਖ ਨੇ ਜ਼ਰੂਰੀ ਹੀ ਚਲ ਪੈਣਾ ਹੁੰਦਾ ਹੈ। ਸੋ, ਖ਼ਾਲਸਾ ਜੀ ਆਪਣੇ ਆਪ ਹੀ ਬ੍ਰਾਹਮਣ ਦੇ ਚੇਲੇ ਬਣਦੇ ਤੁਰੇ ਗਏ ਸਨ।

(ੲ) ਸਤਿਗੁਰੂ ਜੀ ਨੂੰ ਇਹ ਕਹਿੰਦੇ- “ਤੁਹਿ ਮਨੁ ਥਾ ਘਰ ਕਾਜ ਸਮਾਏ। ਇਹ ਕਾਰਨਿ ਨਹਿ ਮਾਥ ਟਿਕਾਏ। 80॥” ਦਰਸਾਉਣਂ ਤੋਂ ਕੁਟਲ ਲਿਖਾਰੀ ਨੇ ਏਥੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਕਿ, ਜੇ ਭਲਾ, ਬ੍ਰਾਹਮਣ ਦਾ ਮਨ ਘਰ ਦੇ ਧਂਦਿਆਂ ਦੇ ਥਾਂ ਠਾਕੁਰ ਦੀ ਪੂਜਾ ਵਿੱਚ ਲੀਨ ਹੁੰਦਾ, ਤਾਂ ਕੀ, ਸਤਿਗੁਰੂ ਜੀ ਨੇ ਉਸ ਨੂੰ ਨਮਸਕਾਰ ਕਰ ਦੇਣੀ ਸੀ? (ਕਿੱਡੀ ਚਤੁਰਾਈ ਨਾਲ) ਬਿਨਾ ਕਹਿਉਂ ਸਤਿਗੁਰੂ ਜੀ ਨੂੰ ਵੀ ਬ੍ਰਾਹਮਣ ਨੂੰ ਡੰਡੌਤ ਕਰਨ ਦੇ ਪਾਬੰਦ ਦਰਸਾਇਆ ਹੈ?

(ਸ) ਕੀ, ਸਤਿਗੁਰੂ ਜੀ ਦੇ ਸਮੇ ਹਰਿਮੰਦਰਿ ਸਾਹਿਬ ਜੀ ਦੀਆਂ ਪਰਿਕ੍ਰਮਾਂ ਵਿੱਚ ਮੂਰਤੀ ਦੀ ਪੂਜਾ ਹੋ ਸਕਦੀ ਸੀ? ਹੇ ਸਰਬਉੱਚ ਸਤਿਕਾਰ ਵਾਲੀ ਪਦਵੀ ਮਾਣ ਰਹੇ, ਸਿੰਘ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀਓ! ਜੇ ਪਰਿਕ੍ਰਮਾ ਵਿੱਚ ਬ੍ਰਾਹਮਣ ਸਾਲਗਰਾਮ ਦੀ ਪੂਜਾ ਕਰਦਾ ਨਜ਼ਰੀਂ ਨਾ ਆਉਂਦਾ ਤਾਂ ਕੀ, ਸਤਿਗੁਰੂ ਜੀ ਨੇ ਬਹੁਪੱਖੀ ਗਿਆਨ ਦਾ ਭੰਡਾਰ ਇਹ ਸ਼ਬਦ ਨਹੀਂ ਸੀ ਉਚਾਰਨ ਕਰਨਾ ਜੀ? :--

21- ਰਾਮਕਲੀ ਮਹਲਾ 5॥ ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀ ਪੂਰਨ ਰਹਤ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ॥ ਅਪਨਾ ਕਹਿਆ ਆਪਿ ਨ ਕਮਾਵੈ॥ 1॥ ਪੰਡਿਤ ਬੇਦੁ ਬੀਚਾਰਿ ਪੰਡਿਤ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ॥ 1॥ ਰਹਾਉ॥ ਆਗੈ ਰਾਖਿਓ ਸਾਲ ਗਿਰਾਮੁ॥ ਮਨੁ ਕੀਨੋ ਦਹ ਦਿਸ

ਬਿਸ੍ਰਾਮੁ॥ ਤਿਲਕੁ ਚਰਾਵੈ ਪਾਈ ਪਾਇ॥ ਲੋਕ ਪਚਾਰਾ ਅੰਧੁ ਕਮਾਇ॥ 2॥ ਖਟੁ ਕਰਮਾ ਅਰੁ ਆਸਣੁ

ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥ ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ

ਮੀਤ॥ 3॥ ਸੋ ਪੰਡਿਤੁ ਗੁਰ ਸਬਦੁ ਕਮਾਇ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ॥ ਚਤੁਰ ਬੇਦ ਪੂਰਨ

ਹਰਿ ਨਾਇ॥ ਨਾਨਕ ਤਿਸ ਕੀ ਸਰਣੀ ਪਾਇ॥ 4॥ 6॥ 17॥ {887}

(ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ “ਗ੍ਰੰਥ ਦੀ ਛੇਵੀ ਪੋਥੀ ਦੇ 504-05 ਸਫ਼ੇ ਤੇ ਲਿਖੇ ਅਰਥ ਇਸ ਪ੍ਰਕਾਰ ਹਨ:-

ਅਰਥ:-ਵੇਦ (ਆਦਿ ਧਰਮ ਪੁਸਤਕਾਂ ਦੀ ਵਿਚਾਰ ਕਰਨ ਵਾਲੇ) ਹੇ ਪੰਡਿਤ! ਆਪਣੇ ਅੰਦਰ ਦਾ ਕ੍ਰੋਧ ਵੀ ਦੂਰ ਕਰ ਲੈ। 1. ਰਹਾਉ।

(ਜਿਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ, ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਨ੍ਹਾਂ ਵਿੱਚ ਪੱਕੀ ਤਰ੍ਹਾਂ ਬਿਠਾਉਂਦਾ ਹੈ, ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਉਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ)। 1.

{ਏਥੇ ਇਹ ਵਿਚਾਰੀਏ ਕਿ, ਜਿਵੇਂ ਲਿਖਾਰੀ ਸਤਿਗੁਰੂ ਜੀ ਨੂੰ ਗੁਰਮਤਿ ਵਿਰੋਧੀ ਕਰਮ ਕਰਦੇ ਦਰਸਾ ਰਿਹਾ ਹੈ ਕੀ, ਸਤਿਗੁਰੂ ਜੀ ਆਪ ਆਪਣੇ ਉਪਦੇਸ਼ ਦੇ ਵਿਰੁੱਧ ਕੋਈ ਕਰਮ ਕਰਦੇ ਹੋਣਗੇ? ਕੀ, ਇਹ ਸਾਰਾ ਉੇਪੱਦਰ ਲਿਖਾਰੀ ਸਤਿਗੁਰੂ ਜੀ ਨੂੰ ਬਦਨਾਮ ਕਰਨ ਲਈ ਨਹੀ ਲਿਖ ਰਿਹਾ?}

(ਆਤਮਕ ਜੀਵਨ ਵਲੋਂ) ਅੰਨ੍ਹਾ ਮਨੁੱਖ ਸਾਲਗਿਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ। ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਉਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ ਵੀ ਪੈਂਦਾ ਹੈ। ਪਰ ਇਹ ਸਭ ਕੁੱਝ ਉਹ ਦੁਨੀਆਂ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ। 2. (ਆਤਮਕ ਜੀਵਨ ਵਲੋਂ ਅੰਨ੍ਹਾਂ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ, (ਦੇਵ-ਪੂਜਾ ਕਰਨ ਵਾਸਤੇ ਉਸ ਨੇ ਉਂਨ ਆਦਿਕ ਦਾ) ਆਸਣ (ਵੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਵੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਵੀ ਪੜ੍ਹਦਾ ਹੈ, (ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ--ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ। 3. ਉਹ ਮਨੁੱਖ ਹੀ ਪੰਡਿਤ ਹੈ ਜਿਹੜਾ ਗੁਰੂ ਦੇ ਸ਼ਬਦ-ਗਿਆਨ ਅਨੁਸਾਰ ਆਪਣਾ ਜੀਵਨ ਢਾਲਦਾ ਹੈ। ਤਿੰਨਾ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿੱਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ। ਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ। 4.

ਗੁਰੂ ਸ਼ਬਦ ਦੇ ਇਨ੍ਹਾਂ ਅਰਥਾਂ ਤੋਂ ਪਾਠਕ ਸੱਜਣ, ਭਲੀ-ਭਾਂਤੀ ਨਿਰਣਾ ਕਰ ਸਕਦੇ ਹਨ ਕਿ, ਇਹ ਪਾਵਨ ਗੁਰੂ-ਸ਼ਬਦ ਕਿਸੇ ਇੱਕ ਪੰਡਿਤ ਦੇ ਪਰਥਾਇ ਨਹੀਂ ਸਗੋਂ ਭੁੱਲੀ ਪਏ ਹੋਏ ਸਰਬੱਤ ਦੀ ਹਾਲਤ ਵਿੱਚ ਸੁਧਾਰ ਲਿਆਉਂਣ ਹਿਤ ਵਡਮੁੱਲੇ ਗਿਆਨ ਦਾ ਜ਼ਖੀਰਾ ਹੈ। ਸੋ, ਝੂਠੀਆਂ ਕਹਾਣੀਆਂ ਲਿਖਣ ਵਿੱਚ ਮਾਹਰ ਲਿਖਾਰੀ ਗੁਰੂ ਇਤਿਹਾਸ ਵਿੱਚ ਅਜੇਹੀ ਵਿਉਂਤ ਨਾਲ ਝੂਠ-ਰਲੇ ਪਾ ਰਿਹਾ ਹੈ ਕਿ, ਗੁਰਬਾਣੀ ਦਾ ਗਿਆਨ ਨਿਸਫ਼ਲ ਹੋ ਕੇ ਰਹਿ ਜਾਵੇ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.