.

ਕੀ ‘ਸਿੱਖ ਰਹਿਤ ਮਰਿਯਾਦਾ’
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਹੀਂ ਹੈ? ?

-ਇਕਵਾਕ ਸਿੰਘ ਪੱਟੀ

ਬੀਤੇ ਦਿਨੀਂ ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਹੁਰਾਂ ਦੀ ਲਿਖਤ ਕਿਤਾਬ ‘ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?’ ਹੱਥ ਲੱਗੀ। ਇਹ 448 ਸਫਿਆਂ ਦੀ ਪੁਸੱਤਕ ਇੱਕ ਬੇਸ਼ਕਿਮਤੀ ਅਤੇ ਇਤਿਹਾਸਕ ਦਸਤਾਵੇਜ਼ ਹੈ। ਪੁਸੱਤਕ ਪੜ੍ਹ ਕੇ ਮਨ ਵਿੱਚ ਕਈ ਵਲਵਲੇ ਆਏ ਤਾਂ ਅੱਜ ਦੇ ਹਾਲਾਤ ਤੇ ਕੁੱਝ ਲਿਖਣ ਨੂੰ ਜੀਅ ਕੀਤਾ, ਕਿ ਕਿਉਂ ਨਾ ਸਿੱਖਾਂ ਦੀ ਇਸ ਸੁਪਰੀਮ ਸੰਸਥਾ ਦੇ ਪ੍ਰਧਾਨ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ, ਸਮੂਹ ਮੈਂਬਰਾਨ, ਮੁਲਾਜ਼ਮਾਂ, ਇਸ ਕਮੇਟੀ ਅਧੀਨ ਆਉਂਦੇ ਸੱਭ ਰਾਗੀ, ਢਾਡੀ, ਗ੍ਰੰਥੀ, ਪਾਠੀ ਸਿੰਘਾਂ ਨੂੰ ਸਾਂਝੇ ਰੂਪ ਵਿੱਚ ਪੁੱਛਾਂ (?) ਕਿ ਇਤਨੀ ਸਖਤ ਮਿਹਨਤ ਤੋਂ ਬਾਅਦ, ਬੇਤਹਾਸ਼ਾਂ ਕੁਰਬਾਨੀਆਂ ਦੇ ਕੇ, ਕਈ ਤਰ੍ਹਾਂ ਦੇ ਮੋਰਚਿਆਂ ਅਤੇ ਸਾਕਿਆਂ ਤੋਂ ਬਾਅਦ ਹੌਂਦ ਵਿੱਚ ਲਿਆਂਦੀ ਗਈ ਇਹ ਮਹਾਨ ਸੰਸਥਾ ਕੀ ਅੱਜ ਪੰਥ ਵਿਰੋਧੀ ਸਾਬਿਤ ਨਹੀਂ ਹੋ ਰਹੀ ਹੈ? ?
ਕਿਉਂਕਿ ਜਿਸ ਮਕਸਦ, ਭਾਵਨਾਂ, ਕੌਮ ਦੀ ਚੜ੍ਹਦੀ ਕਲਾ, ਗੁਰਦੁਆਰਾ ਪ੍ਰਬੰਧ ਨੂੰ ਸੁਯੋਗ ਤਰੀਕੇ ਨਾਲ ਚਲਾਉਣ ਲਈ, ਕੌਮੀ ਭਵਿੱਖ ਸਿਰਜਣ ਲਈ, ਚੱਲਦੀਆਂ ਆ ਰਹੀਆਂ ਬ੍ਰਹਾਮਣਵਾਦੀ ਮਰਿਯਾਦਾਵਾਂ ਨੂੰ ਖਤਮ ਕਰਕੇ ਗੁਰੂ ਮਰਿਯਾਦਾ ਲਾਗੂ ਕਰਵਾਉਣ ਹਿੱਤ ਹੌਂਦ ਵਿੱਚ ਲਿਆਂਦੀ ਇਹ ਸੰਸਥਾ, ਅੱਜ ਆਪਣੇ ਮਕਸਦ ਤੋਂ ਕੋਹਾਂ ਮੀਲ ਦੂਰ ਜਾ ਪਈ ਹੈ। ਜੇ ਮੈਂ ਗਲਤ ਹੋਵਾਂ ਤਾਂ ਦਲੀਲ ਸਹਿਤ ਉੱਤਰ ਦੇਣ ਦੀ ਕ੍ਰਿਪਾਲਤਾ ਕਰਨੀ, ਜੇ ਮੈਂ ਸਹੀ ਹੋਵਾਂ ਤਾਂ ਸ੍ਰੀ ਦਰਬਾਰ ਸਾਹਿਬ ਦੀ ਆਮਦਨੀ ਤੋਂ ਆਪਣੇ ਘਰ-ਪਰਿਵਾਰ ਚਲਾਉਣ ਵਾਲੇ, ਆਪਣੇ ਬੱਚਿਆਂ ਦਾ ਪੇਟ ਭਰਨ ਵਾਲੇ ਪ੍ਰਧਾਨ ਤੋਂ ਲੈ ਕੇ ਸਮੂਹ ਕਿਰਤੀ ਮੁਲਾਜ਼ਮਾਂ, ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਕਿ ਕਦੋਂ ਇਸ ਸੰਸਥਾ ਨੂੰ ਪੰਥ ਪ੍ਰਸਤ ਬਣਾ ਕੇ ਪੇਸ਼ ਕਰਨ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰੋਗੇ?
ਡਾ. ਦਿਲਗੀਰ ਲਿਖਦੇ ਨੇ ਕਿ, ‘ਇਹ ਸੰਸਥਾ ਇੱਕ ਜਮਾਤ ਹੈ, ਜਿਹੜੀ ਸਿੱਖ ਸਿਆਸਤ ਦਾ ਧੁਰਾ ਹੈ, ਸ੍ਰੋਮਣੀ ਕਮੇਟੀ ਇੱਕ ਰਿਆਸਤ ਵਿੱਚ ਰਿਆਸਤ ਹੈ।’ ਸਮਝਣਾ ਪਵੇਗਾ ਗੁਰਦੁਆਰਾ ਸਿੱਖ ਲਈ ਇੱਕ ਬਿਲਡਿੰਗ ਦਾ ਨਾਮ ਨਹੀਂ, ਇੱਥੋਂ ਸਿੱਖ ਨੇ ਗੁਰਮਤਿ ਸਿੱਖਣੀ ਹੈ, ਗੁਰ ਉਪਦੇਸ਼ਾਂ ਨੂੰ ਸੰਗਤ ਦੇ ਰਾਹੀਂ ਕਮਾਉਣਾ ਹੈ, ਇਹ ਧਰਮ ਸ਼ਾਲਾ ਹੈ, ਜਿੱਥੋਂ ਸਿਰਫ ਸਿੱਖ ਹੀ ਨਹੀਂ ਸਗੋਂ ਕਿਸੇ ਵੀ ਮਨੁੱਖ ਮਾਤਰ ਚਾਹੇ ਉਹ ਕਿਸੇ ਵੀ ਦੇਸ਼, ਕੌਮ, ਰੰਗ, ਨਸਲ ਦਾ ਹੋਵੇ, ਆ ਕੇ ਆਪਣੇ ਆਪ ਨੂੰ ਸੁਖਦ ਮਹਿਸੂਸ ਕਰਦਾ ਹੈ। ਇੱਥੇ ਹਰ ਲੋੜਵੰਦ ਦੀ ਲੋੜ ਭੋਜਨ, ਮਾਇਆ, ਪਰਿਵਾਰ ਦੀ ਸਹੂਲਤ, ਬੱਚਿਆਂ ਦੀ ਵਿੱਦਿਆ ਦੇ ਪ੍ਰਬੰਧ ਲਈ, ਜਾਂ ਹੋਰ ਕਿਸੇ ਵੀ ਰੂਪ ਵਿੱਚ ਪੂਰੀ ਹੁੰਦੀ ਹੈ। ਇਸੇ ਖਾਸ ਮਕਸਦ ਲਈ ਪਹਿਲਾਂ ਇਹ ਧਰਮਸ਼ਾਲਾਵਾਂ ਦੇ ਰੂਪ ਵਿੱਚ ਸਾਹਮਣੇ ਆਇਆ ਤੇ ਫਿਰ ਗੁਰਦੁਆਰਾ ਸਾਹਿਬ ਅਖਵਾਇਆ।
ਜਦੋਂ ਗੁਰਦੂਆਰਿਆਂ ਉੱਪਰ ਅਨਮਤੀਆਂ ਨੇ ਕਬਜ਼ਾ ਕਰ ਲਿਆ ਤਾਂ ਗੁਰੂ ਦੀ ਸਿੱਖਿਆ ਦੇ ਉੱਲਟ ਨਿੱਜੀ ਮਰਿਯਾਦਾਵਾਂ ਬਣਾ ਲਈਆਂ, ਇਸਦੀ ਗੋਲਕ ਗਰੀਬ ਦਾ ਮੂੰਹ ਬਣਨ ਦੀ ਬਜਾਇ ਨਿੱਜੀ ਸੁਆਰਥਾਂ, ਐਸ਼ੋ-ਇਸ਼ਰਤ ਲਈ ਵਰਤੀ ਜਾਣ ਲੱਗੀ, ਇੱਜ਼ਤਾਂ ਮਹਿਫੂਸ ਨਾ ਰਹੀਆਂ ਤਾਂ ਕਈ ਘੋਲਾਂ ਤੋਂ ਬਾਅਦ ਸਿੱਖਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਸੋਚਿਆ ਅਤੇ ਇੱਕ ਸ਼੍ਰੋਮਣੀ ਕਮੇਟੀ ਬਣਾ ਕੇ ਆਪਣੇ ਗੁਰਦੁਆਰੇ ਇਸਦੇ ਹਵਾਲੇ ਕੀਤੇ ਤਾਂ ਕਿ ਸੁਚੱਜਾ ਪ੍ਰਬੰਧ ਚਲਾਇਆ ਜਾ ਸਕੇ। ਇਸ ਤੋਂ ਬਾਅਦ ਸਮੁੱਚੀ ਕੌਮ ਦੇ ਖੋਜਕਾਰਾਂ, ਵਿਦਵਾਨਾਂ, ਲੇਖਕਾ ਅਤੇ ਸੂਝਵਾਨ ਬੁੱਧੀਜੀਆਂ ਦੀ ਸਖਤ ਮਿਹਨਤ ਨਾਲ ਸਿੱਖਾਂ ਲਈ ਇੱਕ ਅਡਰੀ ਮਰਿਯਾਦਾ ‘ਸਿੱਖ ਰਹਿਤ ਮਰਿਯਾਦਾ’ ਦੇ ਨਾਮ ਹੇਠ ਸਿੱਖ ਕੌਮ ਦੇ ਸਰਵਉੱਚ ਅਸਥਾਨ ‘ਸ੍ਰੀ ਅਕਾਲ ਤਖ਼ਤ ਸਾਹਿਬ’ ਤੋਂ ਜਾਰੀ ਕਰਵਾਈ, ਜਿਸਨੂੰ ਮੰਨਣਾ ਅਤੇ ਆਪਣੇ ਨਿੱਤਾਪ੍ਰਤੀ ਕਾਰਜ ਉਸ ਮਰਿਯਾਦਾ ਦੇ ਅਧੀਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸਨੂੰ ਛਾਪ ਕੇ ਵੱਡੀ ਗਿਣਤੀ ਵਿੱਚ ਲੋਕਾਈ ਤੱਕ ਪਹੁੰਚਾਣ ਦਾ ਜਿੰਮਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੰਗ ‘ਧਰਮ ਪ੍ਰਚਾਰ ਕਮੇਟੀ’ ਦਾ ਲੱਗਿਆ।
ਇੱਥੋਂ ਹੀ ਅਸੀਂ ਸਿਰਲੇਖ ਵੱਲ ਮੁੜਾਂਗੇ ਕਿ, ਕੀ ਉਸ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਸ੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਆਪਣੇ ਪ੍ਰਬੰਧ ਅਧੀਨ ਆਉਂਦੇ ਕਿੰਨੇ ਪ੍ਰਤੀਸ਼ਤ ਗੁਰਦੁਆਰਿਆਂ ਵਿੱਚ ਲਾਗੂ ਕੀਤਾ ਹੈ, ਜੇ ਨਹੀਂ ਤਾਂ ਕਿਉਂ ਨਹੀਂ? ਸਾਰੇ ਗੁਰਦੁਆਰਿਆਂ ਵਿੱਚ ਇਹ ਮਰਿਯਾਦਾ ਲਾਗੂ ਕਰਵਾਉਣ ਦੀ ਜਗ੍ਹਾ ਆਪਾਂ ਕੇਵਲ ਇਹ ਪੁੱਛੀਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸ੍ਰੀ ਦਰਬਾਰ ਸਾਹਿਬ ਤੋਂ ਮਹਿਜ਼ ਕੁੱਝ ਫੁੱਟ ਦੀ ਹੀ ਦੂਰੀ ਤੇ ਹੈ, ਵਿਖੇ ਜਾਰੀ ਹੋਈ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਕੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਪੂਰੀ ਤਰ੍ਹਾਂ ਲਾਗੂ ਕਰਵਾਉਣ ਵਿੱਚ ਸ੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧਕੀ ਸਟਾਫ ਕਿੰਨਾ ਕਾਮਯਾਬ ਹੋਇਆ ਹੈ?
ਸਿੱਖ ਰਹਿਤ ਮਰਿਯਾਦਾ ਪੰਨਾ ਨੰ. 12 `ਤੇ ‘ਗੁਰਦੁਆਰੇ’ ਸਿਰਲੇਖ ਹੇਠ ਭਾਗ (ੳ) ਵਿੱਚ ਲਿਖਿਆ ਹੈ ਕਿ, ‘ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿੱਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਲਾਭ ਉਠਾਵੇ।’ ਕੀ ਆਮ ਸਿੱਖਾਂ ਨੂੰ ਅੰਮ੍ਰਿਤ ਵੇਲੇ ਰਾਗੀ ਸਿੰਘਾਂ ਦੇ ਪਿੱਛੇ ਬੈਠਣ ਦਾ ਅਧਿਕਾਰ ਬਰਾਬਰ ਹੈ ਜਾਂ ਵੀ. ਆਈ. ਪੀ ਨੂੰ ਹੀ ਬੈਠਾਇਆ ਜਾਂਦਾ ਹੈ? ਜਦਕਿ ਕਈ ਵਾਰ ਸੇਵਾਦਾਰ, ਰਾਗੀ ਸਿੰਘਾਂ ਦੇ ਪਿੱਛੇ ਬੈਠਣ ਦੇ ਚਾਹਵਾਨ ਵਿਅਕਤੀਆਂ ਨੂੰ ਮੌਕਾ ਹੀ ਨਹੀਂ ਦਿੰਦਾ ਪਰ ਕਿਸੇ ਖਾਸ ਕਿਸਮ ਦੇ ਬੰਦਿਆਂ ਨੂੰ ਬਿਠਾਉਣ ਲਈ ਪਹਿਲਾਂ ਤੋਂ ਬੈਠੀ ਸੰਗਤ ਨੂੰ ਵੀ ਉਠਾ ਦਿੱਤਾ ਜਾਂਦਾ ਹੈ, ਐਸਾ ਕਿਉਂ?
ਪੰਨਾ ਨੰ. 13 ਤੇ ਭਾਗ (ਸ) ਵਿੱਚ ਸਪੱਸ਼ਟ ਲਿਖਿਆ ਹੈ ਕਿ, ‘ਉੱਪਰ ਦੱਸੇ ਸਾਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ।’ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਹੀ ਬਣੇ ਗਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਨਿਰੰਤਰ ਜੋਤ ਕਿਉਂ ਜਗ ਰਹੀ ਹੈ? ਗੁਰਦੁਆਰਾ ਸ਼ਹੀਦ ਗੰਜ (ਸ਼ਹੀਦਾਂ ਸਾਹਿਬ) ਵਿਖੇ ਵੱਡ ਆਕਾਰੀ ਜੋਤ ਕਿਉਂ ਜੱਗ ਰਹੀ ਹੈ? ਕੀ ਸ੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਕਿ ਸੰਗਤ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਰੂਪੀ ਜੋਤ ਹਮੇਸ਼ਾਂ ਲਈ ਜਗਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਲੋਕਾਈ ਨੂੰ ਇਸ ਮਨਮਤੀ ਕਾਰਵਾਈ ਵਿਰੁੱਧ ਜਾਗਰੂਕ ਕੀਤਾ ਜਾਵੇ? ਟੱਲ ਖੜਕਾਉਣ ਦੀ ਗੱਲ ਕਰੀਏ ਤਾਂ ਹਜ਼ੂਰ ਸਾਹਿਬ ਦੀ ਗੱਲ ਨੂੰ ਛੱਡ ਵੀ ਦੇਈਏ, ਕਿ ਉਹ ਕਮੇਟੀ ਦੇ ਅਧੀਨ ਨਹੀਂ ਹੈ ਪਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤਾਂ ਕਮੇਟੀ ਅਧੀਨ ਹੀ ਹੈ ਤਾਂ ਉੱਥੇ ਰਾਤ ਨੂੰ ਸੁੱਖ ਆਸਣ ਦੀ ਸਵਾਰੀ ਲਿਜਾਉਣ ਵੇਲੇ ਤੇ ਬਾਅਦ ਵਿੱਚ ਮੁੱਖ ਗੇਟ ਦੇ ਦਰਵਾਜੇ ਨਾਲ ਲਟਕਾਇਆ ਵੱਡਾ ਟੱਲ ਕੀ ਮਾਇਨੇ ਰੱਖਦਾ ਹੈ?
ਪੰਨਾ ਨੰ. 13 ਤੇ ਹੀ ਭਾਗ (ਹ) ਵਿੱਚ ਲਿਖੇ ਅਨੁਸਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਸੰਸਕਾਰ ਨਾ ਹੋਵੇ।’ ਤਾਂ ਫਿਰ ਗੁਰਦੁਆਰਾ ਪ੍ਰਬੰਧ ਸੰਭਾਲਣ ਵਾਲੀ ਕਮੇਟੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਇਸ ਅਪਮਾਨ ਵਿਰੁੱਧ ਕਿ ‘ਸ਼ਬਦ ਗੁਰੂ ਦੇ ਬਾਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਨਾ’ ਵਿਰੁੱਧ ਲਾਮਬੱਧ ਕਿਉਂ ਨਹੀਂ ਹੁੰਦੀ? ਕਈ ਗੁਰਦੁਆਰਿਆਂ ਵਿੱਚ ਮੂਰਤਾਂ ਦੇ ਰੂਪ ਵਿੱਚ ਮੂਰਤੀਆਂ ਲੱਗ ਚੁੱਕੀਆਂ ਹਨ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਗੁਰੂ ਸਾਹਿਬਾਨ ਦੇ ਕਾਲਪਨਿਕ ਚਿੱਤਰਾਂ ਦੀ ਨਕਸ਼ਕਾਰੀ ਕੀਤੀ ਹੋਈ ਹੈ, ਕਿਉਂ ਸ੍ਰੋਮਣੀ ਕਮੇਟੀ ਆਪਣੇ ਫਰਜ਼ ਤੋਂ ਲਾਂਭੇ ਹੋ ਰਹੀ ਹੈ?
ਪੰਨਾ ਨੰ 13 ਤੇ ਹੀ (ਕ) ਮਦ ਅਨੁਸਾਰ ‘ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।’ ਤਾਂ ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ), ਅਤੇ ਕਾਲਪਨਿਕ ਤਸਵੀਰਾਂ (ਜੋ ਕਿ ਬਾਬਾ ਦੀਪ ਸਿੰਘ ਜੀ ਦੀ ਇੱਕ ਤਸਵੀਰ, ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਲੱਗੀ ਹੋਈ ਹੈ) ਕਿਉਂ ਲਗਾਈਆਂ ਜਾਂਦੀਆਂ ਹਨ? ਜਾਣ ਬੁੱਝ ਕੇ ਸਿੱਖ ਧਰਮ ਨੂੰ ਮਿਲਗੋਭਾ ਕਰਨ ਦਾ ਕੰਮ ਤਾਂ ਪੰਥ ਵਿਰੋਧੀਆਂ ਦਾ ਸੀ, ਪਰ ਸਾਡੀ ਸ੍ਰੋਮਣੀ ਕਮੇਟੀ ਇਸ ਕਾਰੇ ਲਈ ਬਹਿਬਲ ਕਿਉਂ?
ਪੰਨਾ 14 ਮਦ (ਝ) ਅਨੁਸਾਰ, ‘ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।’ ਤਾਂ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੋਮਣੀ ਕਮੇਟੀ ‘ਕੁਰਸੀ’ ਦਾ ਪ੍ਰਬੰਧ ਕਿਉਂ ਕਰ ਦਿੰਦੀ ਹੈ?
ਪੰਨਾ ਨੰ. 15 ਉਪਰ ਦਰਜ ‘ਕੀਰਤਨ’ ਸਿਰਲੇਖ ਹੇਠ ਦਰਜ ਭਾਗ (ੲ) ਵਿੱਚ ਸਾਫ ਲਿਖਿਆ ਹੈ ਕਿ, ‘ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।’ ਤਾਂ ਸ੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ (ਹਜ਼ੂਰੀ ਰਾਗੀ) ਇਸ ਮੱਦ ਤੋਂ ਉਲਟ ਹੋਰਨਾਂ ਗ੍ਰੰਥਾਂ ਦੀਆਂ ਰਚਨਾਵਾਂ ਮਰਿਯਾਦਾ ਦੇ ਉਲਟ ਜਾ ਕੇ ਪੜ੍ਹਨ ਦੀ ਵਕਾਲਤ ਸ਼ਰੇਆਮ ਕਿਉਂ ਕਰਦੇ ਅਤੇ ਪੜ੍ਹਦੇ ਹਨ? ਕੀ ਇਹ ਗੁਰੂ ਨਾਲੋਂ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਯਦਾ ਤੋਂ ਵੀ ਵੱਧ ਸਿਆਣੇ ਹੋ ਗਏ ਹਨ ਕਿ ਇਹਨਾਂ ਲਈ ਗੁਰਬਾਣੀ ਤੋਂ ਉਲਟ ਕਰਮ ਕਰਨਾ ਹੀ ਮਨੋਰਥ ਬਣ ਗਿਆ ਹੈ? ਕੀ ਇਹਨਾਂ ਨੂੰ 1430 ਪਾਵਣ ਪੰਨਿਆਂ ਵਿੱਚ ਗੁਰਬਾਣੀ ਦੇ ਸ਼ਬਦ ਗਾਇਨ ਕਰਨ ਤੋਂ ਤਕਲੀਫ ਕਿਉਂ ਹੈ? ਜੋ ਹੋਰ ਵਾਧੂ ਰਚਨਾਵਾਂ ਨੂੰ ਪੜ੍ਹਨ ਦਾ ਸ਼ੌਂਕ ਰੱਖਦੇ ਹਨ।
ਇਸੇ ਪੰਨੇ ਤੇ ਹੁਕਮ ਲੈਣਾ ਦੀ ਮਦ (ੲ) ਵਿੱਚ ਦਰਜ ਅਨੁਸਾਰ ‘ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।’ ਤਾਂ ਫਿਰ ਔਰਤ ਨੂੰ ਮਰਦ ਬਰਾਬਰ ਮਿਲਿਆ ਇਹ ਅਧਿਕਾਰ ਅੱਜ ਤੱਕ ਦਰਬਾਰ ਸਾਹਿਬ ਇਹ ਦੇਖਣ ਨੂੰ ਕਿਉਂ ਨਹੀਂ ਮਿਲਿਆ?
ਪੰਨਾ 16 ਤੇ ਭਾਗ (ਸ) ਜੋ ਹੁਕਮ ਲੈਣਾ ਸਿਰਲੇਖ ਹੇਠ ਦਰਜ ਹੈ ਵਿੱਚ ਲਿਖਿਆ ਹੈ ਕਿ, ‘ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ੳਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ।’ ਤਾਂ ਫਿਰ ਸ੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਗ੍ਰੰਥੀ ਆਪਣੀ ਮਨਆਈ ਕਿਉਂ ਕਰਦੇ ਹਨ, ਕਿਉਂ ਆਪਣੀ ਮਰਜ਼ੀ ਨਾਲ ਪਾਵਨ ਅੰਕ ਤੋਂ ਮਨਮਰਜ਼ੀ ਦਾ ਹੁਕਮ ਸੰਗਤ ਨੂੰ ਪੜ੍ਹ ਕੇ ਸੁਣਾ ਦਿੰਦੇ ਹਨ?
ਪੰਨਾ 17 ਤੇ ‘ਅਖੰਡਪਾਠ’ ਸਿਰਲੇਖ ਹੇਠ ਭਾਗ (ਅ) ਦੇ ਦੂਜੇ ਪਹਿਰੇ ਵਿੱਚ ਲਿਖਿਆ ਹੈ ਕਿ, ‘ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ।’ ਇਸ ਬਾਰੇ ਕੀ ਲਿਖਾਂ ਹੁਣ? ? ਗੁਰਦੁਆਰਿਆਂ ਨਾਲ ਲੱਗਦੀਆਂ ਹੋਰ ਜ਼ਮੀਨਾਂ ਖ੍ਰੀਦ-ਖ੍ਰੀਦ ਕੇ ਅਖੰਡਪਾਠ ਮਾਰਕੀਟ ਦੀ ਤਰ੍ਹਾਂ ਸੱਜੇ-ਖੱਬੇ, ਅੱਗੇ-ਪਿੱਛੇ (ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੈਕ ਸਾਈਡ ਦੀ ਤਰ੍ਹਾਂ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਤਰ੍ਹਾਂ) ਹੋ ਰਹੇ ਅਖੰਡਪਾਠ ਸਿੱਖ ਰਹਿਤ ਮਰਿਯਾਦਾ ਦੀ ਇਸ ਗੱਲ ਨੂੰ ਸ਼ਰੇਆਮ ਅੰਗੂਠਾ ਦਿਖਾਉਂਦੇ ਹਨ, ਤੇ ਇੰਝ ਲੱਗਦਾ ਜਿਵੇਂ ਦਾਅਵਾ ਕਰ ਰਹੇ ਹੋਣ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਿਸੇ ਮਰਿਯਾਦਾ ਨੂੰ ਨਹੀਂ ਮੰਨਦੇ।
ਅਗਲੇ ਭਾਗ (ੲ) ਵਿੱਚ ਕਿ ‘ਅਖੰਡ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਮਨਮੱਤ ਹੈ’ ਨੂੰ, ਸ੍ਰੋਮਣੀ ਕਮੇਟੀ ਦੇ ਉੱਪਰ ਦੱਸੀ ਰੁਟੀਨ ਵਿੱਚ ਪਾਠ ਕਰਨ ਵਾਲੇ ਪਾਠੀ ਜਦੋਂ ਨਿੱਜੀ ਤੌਰ ਤੇ ਘਰਾਂ ਵਿੱਚ ਅਖੰਡਪਾਠ ਸਾਹਿਬ ਕਰਦੇ ਕਰਵਾਉਂਦੇ ਹਨ ਤਾਂ ਇਹੀ ਮਨਮੱਤ ਉਹਨਾਂ ਲਈ ਗੁਰਮਤਿ ਬਣੀ ਹੁੰਦੀ ਹੈ ਤੇ ਸ਼ਰੇਆਮ ਗੁਰਮਤਿ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ ਰੱਖ ਦਿੰਦੀ ਹੈ।
ਪੰਨਾ ਨੰ. 19 `ਤੇ ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਦਰਜ ਭਾਗ (ੳ) ਅਨੁਸਾਰ ‘ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ’ ਤਾਂ ਪੰਜਾਬ ਦੇ ਪਿੰਡਾਂ ਵਿੱਚ ਕਈ ਅਜਿਹੇ ਗੁਰਦੁਆਰੇ ਹਨ, ਜਿੱਥੇ ਵਿਅਕਤੀਗਤ ਰੂਪ ਵਿੱਚ, ਮੂਰਤੀਆਂ ਦੇ ਰੂਪ ਵਿੱਚ, ਮੜ੍ਹੀਆਂ-ਮਸਾਣਾਂ ਦੇ ਰੂਪ ਵਿੱਚ ਇਹ ਪੂਜ ਨਿਰੰਤਰ ਜਾਰੀ ਹੈ ਅਤੇ ਉਸ ਹਲਕਿਆਂ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕਦੇ ਕੋਈ ਅਜਿਹਾ ਐਕਸ਼ਨ ਨਹੀਂ ਲਿਆ ਗਿਆ, ਜਿਸ ਨਾਲ ਇਹ ਗੁਰਮਤਿ ਵਿਰੋਧੀ ਕਾਰਜ ਰੋਕਿਆ ਜਾ ਸਕੇ ਸਗੋਂ ਇਸ ਦੇ ਉਲਟ ਅਜਿਹੇ ਕਈ ਗੁਰਦਆਰੇ ਹਨ ਜ੍ਹਿਨਾਂ ਦਾ ਪ੍ਰਬੰਧ ਹੀ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਹੱਥ ਵਿੱਚ ਹੈ ਤੇ ਸਵੇਰੇ ਸ਼ਾਮ ਮੜ੍ਹੀਆਂ ਮਸਾਣਾ ਦੀ ਪੂਜਾ ਹੋ ਰਹੀ ਤੇ ਗੁਰਮਤਿ ਦਾ ਘੋਰ ਨਿਰਦਾਰ ਹੋ ਰਿਹਾ ਹੈ, ਕਿਉਂ ਚੁੱਪ ਹਨ? ਪੰਥ ਦੀਆਂ ਕਦਰਾਂ ਕੀਮਤਾਂ ਦਾ ਕਿਸੇ ਨੂੰ ਪਤਾ ਕਿਉਂ ਨਹੀਂ? ਕੀ ਨਹੀਂ ਚਾਹੀਦਾ ਕਿ ਸ੍ਰੋਮਣੀ ਕਮੇਟੀ ਨਾਲ ਕਿਸੇ ਵੀ ਰੂਪ ਵਿੱਚ ਜੁੜੇ ਅਧਿਕਾਰੀ, ਮੁਲਾਜ਼ਮ ਜਾਂ ਸੇਵਾਦਾਰ ਲਈ ਸਿੱਖ ਰਹਿਤ ਮਰਿਯਾਦਾ ਪੜ੍ਹਨੀ, ਵਿਚਾਰਨੀ ਤੇ ਅਮਲ ਵਿੱਚ ਲਿਆਉਣੀ ਜ਼ਰੂਰੀ ਹੋਵੇ।
ਪੰਨਾ 20 ਤੇ ਮਦ (ਅ) ਮੁਤਾਬਿਕ ‘ਸਿੱਖ ਨੇ ਆਪਣਾ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ਹੈ’ ਤਾਂ ਫਿਰ ਇਸ ਦਸ਼ਮ ਗ੍ਰੰਥ ਜਿਸਦਾ ਪ੍ਰਕਾਸ਼ ਸ਼ਰੇਆਮ ਸਿੱਖ ਰਹਿਤ ਮਰਿਯਾਦਾ ਵਿਰੁੱਧ ਜਾ ਕੇ ਗੁਰੂ ਹੁਕਮਾਂ ਦੇ ਉਲਟ ‘ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਹੋ ਰਿਹਾ ਹੈ, ਵਿੱਚ ਦਰਜ ਤ੍ਰਿਆ ਚਲਿਤਰ, ਮੂਰਤੀ ਪੂਜਾ, ਹਿੰਦੂ ਦੇਵੀ ਦੇਵਤਿਆਂ ਦੀ ਅਰਾਧਨਾ ਕਰਦੀਆਂ ਰਚਨਾਵਾਂ ਦੇ ਪ੍ਰਚਾਰ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕਿਉਂ ਕੀਰਤਨ ਵਿੱਚ ਪੜ੍ਹੀਆਂ ਜਾਂਦੀਆਂ ਹਨ?
ਇਸੇ ਪੰਨੇ ਤੇ (ਸ) ਮਦ ਅਨੁਸਾਰ ‘ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਮਾਲਾ ਆਦਿ ਭਰਮ ਰੂਪ ਕਰਮਾਂ ਉੱਤੇ ਨਿਸਚਾ ਨਹੀਂ ਕਰਨਾ’ ਤਾਂ ਫਿਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਵਿੱਚ ਇਹ ਦਿਹਾੜਿਆਂ ਨੂੰ ਪ੍ਰਚਾਰਣ ਦਾ ਕੀ ਮਨੋਰਥ ਹੈ?
ਅੱਗੇ (ਘ) ਅਨੁਸਾਰ ‘ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ’ ਤਾਂ ਇਸ ਮਹਾਨ ਸੰਸਥਾ ਦੇ ਬਹੁਗਿਣਤੀ ਮੁਲਾਜ਼ਮਾਂ ਦੇ ਬੱਚਿਆਂ ਦੇ ਸਿਰਾਂ ਤੋਂ ਦਸਤਾਰਾਂ ਅਤੇ ਕੇਸ ਕਿੱਧਰ ਨੂੰ ਚਲੇ ਗਏ ਹਨ?
ਮਦ (ਠ) ਅਨੁਸਾਰ ‘ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਗੁਰ ਮਰਯਾਦਾ ਕਰੇ’ ਤਾਂ ਫਿਰ ਕਿਉਂ ਨਹੀਂ ਮੰਨਿਆ ਜਾਂਦਾ ਇਸ ਹੁਕਮ ਨੂੰ?
ਪੰਨਾ 21 `ਤੇ (ਡ) ਮਦ ਮੁਤਾਬਿਕ, ‘ਸਿੱਖ ਸਿੱਖ ਨੂੰ ਮਿਲਣ ਸਮੇਂ ‘ਵਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਬੁਲਾਵੇ।’ ਤਾਂ ਆਪ ਜੀ ਦੇ ਅਦਾਰੇ ਵਿੱਚ ਫ਼ਤਿਹ ਦਾ ਜੁਆਬ ਦੀ ਪਿਰਤ ਕਿਉਂ ਨਹੀਂ ਪਾਈ ਗਈ? (ਮੇਰੇ ਨਾਲ ਨਿੱਜੀ ਤੌਰ ਤੇ ਹੋ ਚੁੱਕਿਆ, ਕਿ ਫਤਿਹ ਬੁਲਾਉਣ ਤੋਂ ਬਾਅਦ ਅੱਗੋਂ ਜਵਾਬ ਹੀ ਨਹੀਂ ਆਉਂਦਾ।)
ਇਸੇ ਤਰ੍ਹਾਂ ਅਨੰਦ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਦੌਰਾਨ ਉਹ ਸੱਭ ਮਨਮਤੀਆਂ ਅਕਸਰ ਕੀਤੀਆਂ ਜਾਂਦੀਆਂ ਹਨ, ਜ੍ਹਿਨਾਂ ਦਾ ਵਿਰੋਧ ਅਤੇ ਖੰਡਨ ਪਾਵਣ ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰ ਕੇ ਕੀਤਾ ਗਿਆ ਹੈ।
ਆਖੀਰ ਵਿੱਚ ਪੰਨਾ 27 ਉੱਪਰ ਦਰਜ ਸਿਰਲੇਖ ‘ਗੁਰੂ ਪੰਥ’ ਦੀ ਪਹਿਲੀ ਪੰਗਤੀ ਵਿਸ਼ੇਸ਼ ਧਿਆਨ ਮੰਗਦੀ ਹੈ ਜਿਸ ਵਿੱਚ ਸਾਫ ਲਿਖਿਆ ਹੈ ਕਿ, ‘ਸੇਵਾ, ਕੇਵਲ ਪੱਖੇ ਲੰਗਰ ਆਦਿ `ਤੇ ਹੀ ਨਹੀਂ ਮੁੱਕ ਜਾਂਦੀ, ਸਿੱਖ ਦੀ ਸਾਰੀ ਜਿੰਦਗੀ ਪਰਾਉਪਕਾਰ ਵਾਲੀ ਹੈ।’ ਇੱਥੇ ਮੈਂ ਵਿਸ਼ਾ ਸਮਾਪਤ ਕਰਦਿਆਂ ਹੋਇਆਂ ਸ੍ਰੋਮਣੀ ਕਮੇਟੀ ਦੇ ਮੁੱਖੀਆਂ ਦਾ ਧਿਆਨ ਦੁਆਉਣਾ ਚਾਹਾਂਗਾ ਕੀ ਸ੍ਰੋਮਣੀ ਕਮੇਟੀ ਵੱਲੋਂ ਅੱਜ ਲੋਕਾਈ ਦੇ ਲਈ ਪਰਉਪਕਾਰ ਕਰਨ ਹਿੱਤ ਕੀਤੇ ਜਾਂਦੇ ਕਾਰਜਾਂ ਵਿੱਚ ਸਿੱਖ ਨਹੀਂ ਆਉਂਦੇ, ਜਾਂ ਫਿਰ ਜੋ ਸਿੱਖੀ ਦਾ ਸਹੀ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਨਹੀਂ ਆਉਂਦੀਆਂ? ਤਾਂ ਫਿਰ ਕਿਉਂ ਖਬਰ ਆ ਜਾਂਦੀ ਹੈ ਕਿ ਸ੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨਰੀ ਕਾਲਜ ਦਾ ਕਿਤਾਬਾਂ ਦਾ ਸਟਾਲ ਲਗਾਉਣ ਤੇ ਪਾਬੰਦੀ ਲਗਾਈ ਗਈ ਹੈ (ਜਦਕਿ ਇਹ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦੀ ਸਖਤ ਮੁੱਦਈ ਹੈ।), ਪਰ ਇਸਦੇ ਉਲਟ ਤੁਸੀਂ ਅੱਜ ਵੀ ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਮਨਮਤੀ ਕਰਮ ਅਤੇ ਗੁਰਮਤਿ ਵਿਰੋਧੀ ਲੂਣ-ਝਾੜੂ ਵੇਚਣ ਲਈ ਵਿਸ਼ੇਸ਼ ਵਿਅਕਤੀ ਬਿਲਕੁੱਲ ਚਰਨ ਧੋ ਕੇ ਅੰਦਰ ਜਾਣ ਵਾਲੇ ਸਥਾਨ ਤੇ ਸਟਾਲ ਲਗਾ ਕੇ ਬੈਠਾ ਹੈ।
ਹਾਲ ਹੀ ਵਿੱਚ ਮੈਨੂੰ ਸਿੱਖ ਰੈਫਰੰਸ ਲਾਇਬ੍ਰੇਰੀ ਵਿੱਚ ਇੱਕ ਪੁੱਸਤਕ ਲੋੜਿੰਦੀ ਸੀ, ਜੋ ਮਾਰਕੀਟ ਵਿੱਚ ਉਪਲੱਬਧ ਨਹੀਂ ਹੈ, ਔਰ 1995 ਵਿੱਚ ਛਪੀ ਸੀ, ਪਰ ਇਹ ਲਾਇਬ੍ਰੇਰੀ ਵਿੱਚ ਮੌਜੂਦ ਹੈ। ਜਿਸ ਵਿੱਚੋਂ ਮੈਨੂੰ ਕੋਈ 50 ਦੇ ਕਰੀਬ ਪੇਜ਼ ਲੋੜੀਂਦੇ ਸਨ, ਜ੍ਹਿਨਾਂ ਦੀ ਨਕਲ ਲੈਣ ਸਬੰਧੀ ਮੈਂ ਡਾਇਰੈਕਟਰ ਸਾਿਹਬ ਨਾਲ ਗੱਲ ਕੀਤੀ, ਉਹਨਾਂ ਕਿਹਾ ਕਿ ਪਹਿਲਾਂ ਜਾ ਕੇ ਸਕੱਤਰ ਸਾਹਿਬ ਕੋਲੋਂ ਇਜਾਜ਼ਤ ਲੈ ਕੇ ਆਵੋ। ਸੋ ਅਗਲੇ ਦਿਨ ਮੈਂ ਵਿਸ਼ੇਸ਼ ਬੇਨਤੀ ਪੱਤਰ ਲੈ ਕੇ ਸਕੱਤਰ, ਸ੍ਰੋਮਣੀ ਕਮੇਟੀ ਕੋਲ ਹਾਜ਼ਰ ਹੋਇਆ ਤਾਂ ਉਹਨਾਂ ਦੇ ਪੀ. ਏ. ਨੇ ਸਕੱਤਰ ਕੋਲੋਂ ਅਰਜ਼ੀ ਟਿੱਪਣੀ ਹਿੱਤ ਫਿਰ ਸਿੱਖ ਲਾਇਬ੍ਰੇਰੀ ਨੂੰ ਮਾਰਕ ਕਰ ਦਿੱਤੀ ਤੇ ਉਹਨਾਂ ਨੇ ਸਾਫ ਲਿਖ ਦਿੱਤਾ ਕਿ ਪੁੱਸਤਕ ਦੀ ਨਕਲ (ਫੋਟੋ ਕਾਪੀ) ਨਹੀਂ ਕਰਨ ਦਿੱਤੀ ਜਾਵੇਗੀ, ਇੱਥੇ ਬੈਠ ਕੇ ਹੀ ਇਸ ਵਿੱਚੋਂ ਨੋਟ ਆਦਿਕ ਲਏ ਜਾ ਸਕਦੇ ਹਨ। ਤੇ ਅੱਗੋਂ ਫਿਰ ਡਾਇਰੈਕਟਰ ਨੂੰ ਮਾਰਕਕਰ ਦਿੱਤੀ, ਡਾਇਰੈਕਟਰ ਨੇ ਫਿਰ ਸਕੱਤਰ ਨੂੰ ਮਾਰਕ ਕਰ ਦਿੱਤੀ ਭਾਵ ਕਿ 4 ਤੋਂ 5 ਘੰਟੇ ਸ੍ਰੋਮਣੀ ਕਮੇਟੀ ਦਫਤਰ ਤੋਂ ਸਿੱਖ ਰੈਫਰੰਸ ਲਾਇਬ੍ਰੇਰੀ ਅਤੇ ਲਾਇਬ੍ਰੇਰੀ ਤੋਂ ਦਫਤਰ ਚੱਕਰ ਮਾਰਨੇ ਪਏ, ਅੱਗੋਂ ਸਕੱਤਰ ਦੇ ਪੀ. ਏ. ਨੇ ਜੋ ਬੇਇੱਜ਼ਤੀ ਕੀਤੀ ਉਹ ਵੱਖਰੀ। ਕਹਿੰਦਾ ਜਾਉ ਜੋ ਮਰਜ਼ੀ ਕਰ ਲਉ ਤੇ ਅਰਜ਼ੀ ਵੀ ਲੈ ਕੇ ਆਪਣੇ ਕੋਲ ਰੱਖ ਲਈ। ਕਹਿੰਦਾ ਇਹ ਹੁਣ ਤੁਹਾਨੂੰ ਨਹੀਂ ਮਿਲਣੀ, ਮੈਂ ਕਿਹਾ ਭਾਈ ਸਾਹਿਬ ਸਾਨੂੰ ਡਾਇਰੈਕਟਰ ਸਾਹਿਬ ਨੇ ਕਿਹੈ ਕਿ ਅਰਜ਼ੀ ਲੈ ਕੇ ਫਿਰ ਸਕੱਤਰ ਸਾਹਿਬ ਕੋਲ ਜਾਵੋ ਉਹ ਇਜਾਜ਼ਤ ਦੇਣਗੇ ਤਾਂ ਫੋਟੋ ਸਟੈਟ ਦੇਵਾਂਗੇ, ਪਰ ਪੀ. ਏ. ਤਾਂ ਗਲ ਨੂੰ ਆਵੇ। ਅੰਤ ਮੈਂ ਕਿਹਾ ਵੀਰ ਜੀ, ਫਿਰ ਅਰਜ਼ੀ ਵਾਪਿਸ ਦੇ ਦਿਉ, ਅਸੀਂ ਜਾ ਕੇ ਪ੍ਰਧਾਨ ਸ੍ਰੋਮਣੀ ਕਮੇਟੀ ਨੂੰ ਪੁੱਛੀਏ ਕਿ, ਇਹ ਲਾਇਬ੍ਰੇਰੀ ਹੈ ਜਾਂ ਮਿਊਜ਼ੀਅਮ, ਅਸ਼ੀਂ ਸਿਰਫ ਫੋਟੋ ਕਾਪੀ ਮੰਗ ਰਹੇ ਹਾਂ ਨਾ ਕਿ ਕਿਤਾਬ। ਜੇ ਮਨ੍ਹਾਂ ਹੀ ਕਰਨਾ ਸੀ ਤਾਂ ਸਾਡੇ 10 ਚੱਕਰ ਮਰਵਾ ਕੇ ਸਾਨੂੰ ਬੇਵਕੂਫ ਕਿਉਂ ਬਣਾਉਂਦੇ ਰਹੇ ਹੋ? ਤਾਂ ਉਹ ਇੱਕਦਮ ਕੁਰਸੀ ਤੋਂ ਉਠ ਕੇ ਬੁੜਬੜਾਉਂਦਾ ਸਕੱਤਰ ਦੇ ਕਮਰੇ ਵਿੱਚ ਗਿਆ ਤੇ ਅਰਜ਼ੀ ਪ੍ਰਧਾਨ ਐੱਸ. ਜੀ. ਪੀ. ਸੀ ਨੂੰ ਮਾਰਕ ਕਰਬਾ ਕੇ ਸਾਡੇ ਹੱਥ ਲਿਆ ਫੜ੍ਹਾਈ। ਮੈਂ ਫਿਰ ਪੁਛਿਆ ਕਿ ਪ੍ਰਧਾਨ ਸਾਹਿਬ ਇੱਥੇ ਹੀ ਹਨ? ਤਾਂ ਜੁਆਬ ਆਇਆ, ਮੈਨੂੰ ਕੀ ਪਤਾ? ਹੈ ਕੇ ਨਹੀਂ, ਅੱਜ ਆੁਣ ਕਿ ਨਹੀਂ, ਨਾ ਆਉਣ ਤੇ ਮਹੀਨਾ ਨਾ ਆਉਣ, ਤੇ ਭਾਵੇਂ ਰੋਜ਼ ਹੀ ਆਉਣ, ਸੋ ਅਸੀਂ ਚੁੱਪ-ਚਾਪ ਵਾਪਿਸ ਆਉਣਾ ਪ੍ਰਵਾਨ ਕੀਤਾ।
ਇਹ ਮਹਾਨ ਸੰਸਥਾ ਜੋ ਸ੍ਰੋਮਣੀ ਹੈ, ਨੂੰ ਚਾਹੁੰਦੇ ਹਾਂ ਕਿ ਹਮੇਸ਼ਾਂ ਹੀ ਸ਼੍ਰੋਮਣੀ ਰਹੇ ਅਤੇ ਅੱਗੇ ਹੋ ਕੇ ਸਿੱਖੀ ਪ੍ਰਚਾਰ ਦਾ ਵਾਗਡੋਰ ਸੰਭਾਲੇ, ਅਸੀਂ ਇਸ ਸੰਸਥਾ ਦੇ ਖਿਲਾਫ ਨਹੀਂ, ਇਸ ਵਿੱਚ ਆਈਆਂ ਬਦਇੰਤਜਾਮੀਆਂ ਦੇ ਖਿਲਾਫ ਹਾਂ, ਜਿਸ ਸਦਕਾ ਸਮੁੱਚੀ ਕੌਮ ਦਾ ਸਿਰ ਨੀਵਾਂ ਹੋ ਜਾਂਦਾ ਹੈ, ਜਦੋਂ ਸਰਾਂ ਵਿੱਚ ਇੱਕ ਰਾਤ ਕੱਟਣ ਲਈ ਵੀ ਗਰੀਬ ਨੂੰ ਕਮਰਾ ਨਸੀਬ ਨਹੀਂ ਹੁੰਦਾ ਪਰ ਮਾਇਆ ਭੇਟ ਕਰਕੇ ਰਸੀਦ ਕਟਵਾਉਣ ਵਾਲੇ ਨੂੰ, ਕਮਰਿਆਂ ਦੀ ਘਾਟ ਹੀ ਨਹੀਂ ਰੜਕਦੀ।
ਉਮੀਦ ਹੈ, ਕਿ ਇਸ ਨੂੰ ਪੜ੍ਹ ਕੇ ਕਿਸੇ ਤਰ੍ਹਾਂ ਦੇ ਗੁੱਸੇ ਜਾਂ ਵਿਰੋਧ ਵਿੱਚ ਉਤਰਣ ਤੋਂ ਪਹਿਲਾਂ, ਆਪਣਾ ਸੁਧਾਰ ਕਰਨ ਦਾ ਯਤਨ ਕਰੋਗੇ। ਸਿੱਖੀ ਅਤੇ ਸਿੱਖੀ ਪ੍ਰਚਾਰ ਲਈ ਯਤਨਸ਼ੀਲ ਸੰਸਥਾਵਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ, ਕਲਮ ਰੋਕਦਾ ਹਾਂ।
- ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 981-502-4920
.