.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੮)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੧੮)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੧੨ ਦਾ ਮੂਲ ਪਾਠ, ਸਲੋਕਾਂ ਸਮੇਤ)

ਮਃ ੧ ਸਲੋਕੁ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ॥ ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ॥ ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ॥ ੧ 

ਮਃ ੧॥ ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ ਗੋਰੀ ਸੇਤੀ ਤੁਟੈ ਭਤਾਰੁ॥ ਪੁਤੀਂ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ ਕਾਲਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਇ॥ ਏਤੁ ਗੰਢਿ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥ ੨ 

ਪਉੜੀ॥ ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ॥ ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ॥ ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥ ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ॥ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ॥ ੧੨ 

(ਸਟੀਕ ਪਉ: ੧੨-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਮ: ੧ ਸਲੋਕੁ॥ ਮਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸੁ॥ ਪਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸੁ॥ ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ॥ ਬੋਲਾ ਜੇ ਸਮਝਾਈਐ, ਪੜੀਅਹਿ ਸਿੰਮ੍ਰਿਤਿ ਪਾਠ॥ ਅੰਧਾ ਚਾਨਣਿ ਰਖੀਐ, ਦੀਵੇ ਬਲਹਿ ਪਚਾਸ॥ ਚਉਣੇ ਸੁਇਨਾ ਪਾਈਐ, ਚੁਣਿ ਚੁਣਿ ਖਾਵੈ ਘਾਸੁ॥ ਲੋਹਾ ਮਾਰਣਿ ਪਾਈਐ, ਢਹੈ ਨ ਹੋਇ ਕਪਾਸ॥ ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸੁ॥ ੧॥ {ਪੰਨਾ ੧੪੩}

ਪਦ ਅਰਥ: ਤਾਰੂ…. ਤਾਰੂ ਪਾਣੀ, ਬਹੁਤ ਡੂੰਘਾ ਪਾਣੀ ਜਿਸ `ਚੋਂ ਤਰ ਕੇ ਹੀ ਲੰਘਿਆ ਜਾ ਸਕੇ ਉਂਝ ਨਹੀਂ। ਧਾਤੁ—ਅਸਲਾ, ਖਮੀਰ, ਮੂਲ। ਪੜਿਅਹਿ—ਪੜ੍ਹੇ ਜਾਣ। ਚਉਣਾ—ਗਾਈਆਂ ਦਾ ਵੱਗ ਜੋ ਪਿੰਡੋਂ ਬਾਹਰ ਸ਼ਾਮਲਾਟ ਆਦਿ `ਚ ਘਾਹ ਚੁਗਣ ਲਈ ਛੱਡਿਆ ਜਾਂਦਾ ਹੈ। ਮਾਰਣਿ—ਮਾਰਨ ਲਈ, ਕੁਸ਼ਤਾ ਕਰਨ ਲਈ। ਢਹੈ—ਢਹਿ, ਢਲ ਕੇ। ਮੂਰਖ. . ਮਨਮਤੀਆ, ਗੁਰਬਾਣੀ ਤਲ `ਤੇ ਮੂਰਖ ਉਹ ਹੁੰਦਾ ਹੈ ਜਿਹੜਾ ਜੀਵਨ ਦੀ ਸ਼ਫ਼ਲਤਾ ਪੱਖੋਂ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਿਹਾ ਤੇ ਮੋਹ ਮਾਇਆ `ਚ ਗ੍ਰਸਿਆ ਜੀਵਨ ਜਿਵੇਂ “ਦੂਜੈ ਲਗੇ ਪਚਿ ਮੁਏ, ਮੂਰਖ ਅੰਧ ਗਵਾਰ” (ਪ: ੮੫)। ਗੁਣ—ਖ਼ੋਆਂ, ਵਾਦੀਆਂ। ਵਿਣਾਸੁ—ਨੁਕਸਾਨ।

ਅਰਥ: “ਮਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸੁ” ਪਾਣੀ ਚਾਹੇ ਕਿੰਨਾ ਡੂੰਗਾ ਹੋਵੇ, ਮੱਛੀ ਨੂੰ ਉਸ ਨਾਲ ਕੀ? ਮਛੀ ਨੂੰ ਇਸ ਦੀ ਚਿੰਤਾ ਨਹੀਂ ਹੁੰਦੀ। ਆਕਾਸ਼ ਚਾਹੇ ਕਿੰਨਾ ਵਧ ਉਚਾ ਤੇ ਖੁੱਲਾ ਡੁੱਲਾ ਹੋਵੇ ਪਰ ਪੰਛੀ ਨੂੰ ਉਸ ਨਾਲ ਕੀ? ਪੰਛੀ ਨੂੰ ਉਸ ਦੀ ਕੀ ਪਰਵਾਹ? ਸਪਸ਼ਟ ਹੈ ਪਾਣੀ ਆਪਣੀ ਡੂੰਘਾਈ ਦਾ ਮਛੀ `ਤੇ ਅਤੇ ਆਕਾਸ਼ ਆਪਣੇ ਵਿਸਤਾਰ ਦਾ ਪੰਛੀ `ਤੇ ਅਸਰ ਨਹੀਂ ਪਾ ਸਕਦਾ।

“ਪਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸੁ” ਪਾਲਾ ਚਾਹੇ ਕਿੰਨਾ ਕੱਕਰ ਤੇ ਹੱਡ ਤੋੜਵਾਂ ਹੋਵੇ ਪਰ ਪੱਥਰ `ਤੇ ਉਸ ਦਾ ਕੁੱਝ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਘਰ ਦੇ ਵਸੇਵੇ ਦਾ ਅਸਰ ਖੁਸਰੇ ਅਥਵਾ ਹਿਜੜੇ `ਤੇ ਕਾਹਦਾ? ਖੁਸਰਾ ਭਾਵੇਂ ਜਿਂਨੀ ਵੀ ਲੰਮੀ ਉਮਰ ਜੀਅ ਲਵੇ ਪਰ ਚਾਹ ਕੇ ਅਤੇ ਇਸ ਲਈ ਵੱਡੀ ਉਤਸੁਕਤਾ ਰਖ ਕੇ ਵੀ, ਆਪਣਾ ਪ੍ਰਵਾਰ ਵਸਾਉਣ ਯੋਗ ਨਹੀਂ ਹੋ ਸਕਦਾ।

“ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ” ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਤੇ ਵਾਦੀ ਕੁੱਤਿਆਂ ਵਾਲੀ ਹੀ ਰਹਿੰਦੀ ਹੈ ਤੇ ਉਹ ਕਿਸੇ ਤਰ੍ਹਾਂ ਵੀ ਨਹੀਂ ਬਦਲਦੀ।

“ਬੋਲਾ ਜੇ ਸਮਝਾਈਐ, ਪੜੀਅਹਿ ਸਿੰਮ੍ਰਿਤਿ ਪਾਠ” ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਭਾਵੇਂ ਉਸ ਕੋਲ ਸਿੰਮ੍ਰਿਤੀਆਂ ਭਾਵ ਜਿੰਨੇ ਵੀ ਧਾਰਮਿਕ ਗ੍ਰੰਥਾਂ ਦੇ ਪਾਠ ਕਰਦੇ ਰਵੀਏ, ਚੂੰਕਿ ਉਹ ਉਨ੍ਹਾਂ ਨੂੰ ਸੁਣ ਹੀ ਨਹੀਂ ਸਕਦਾ ਇਸ ਲਈ ਚਾਹ ਕੇ ਵੀ ਉਹ ਉਨ੍ਹਾਂ ਦਾ ਲਾਭ ਨਹੀਂ ਲੈ ਸਕਦਾ।

“ਅੰਧਾ ਚਾਨਣਿ ਰਖੀਐ, ਦੀਵੇ ਬਲਹਿ ਪਚਾਸ” ਅੰਨ੍ਹੇ ਮਨੁੱਖ ਨੂੰ ਚਾਨਣ `ਚ ਰੱਖਿਆ ਜਾਏ ਤੇ ਉਸ ਕੋਲ ਭਾਵੇਂ ਪੰਜਾਹ ਦੀਵੇ ਬਲਣ ਭਾਵ ਉਸ ਦੇ ਆਸ ਪਾਸ ਚਾਹੇ ਕਿੰਨੀ ਵੀ ਰੋਸ਼ਨੀ ਕਰ ਦਿੱਤੀ ਜਾਵੇ ਤਾਂ ਵੀ ਉਸ ਨੂੰ ਕੁੱਝ ਨਹੀਂ ਦਿੱਸਣਾ।

“ਚਉਣੇ ਸੁਇਨਾ ਪਾਈਐ, ਚੁਣਿ ਚੁਣਿ ਖਾਵੈ ਘਾਸੁ” ਇਸੇ ਤਰ੍ਹਾਂ ਚੁਗਣ ਗਏ ਪਸ਼ੂਆਂ ਦੇ ਵੱਗ ਅੱਗੇ ਜੇ ਸੋਨਾ ਵੀ ਖਿਲਾਰ ਦਿੱਤਾ ਜਾਵੇ, ਤਾਂ ਵੀ ਉਹ ਘਾਹ ਹੀ ਚੁਗ ਚੁਗ ਕੇ ਖਾਣ ਗੇ ਕਿਉਂਕਿ ਉਹ ਸੋਨੇ ਦੀ ਕੱਦਰ ਹੀ ਨਹੀਂ ਪਾ ਸਕਦੇ।

“ਲੋਹਾ ਮਾਰਣਿ ਪਾਈਐ, ਢਹੈ ਨ ਹੋਇ ਕਪਾਸ” ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਵੀ ਉਹ ਢਲ ਕੇ ਕਪਾਹ ਵਰਗਾ ਨਰਮ ਨਹੀਂ ਬਣ ਸਕਦਾ।

“ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਗੁਰੂ ਨਾਨਕ ਪਾਤਸ਼ਾਹ ਸਲੋਕ ਵਿਚਲੀਆਂ ਉਪ੍ਰੋਕਤ ਮਿਸਾਲਾਂ ਦੇਣ ਤੋਂ ਬਾਅਦ ਨਿਰਣਾ ਦਿੰਦੇ ਹਨ ਕਿ ਇਹੀ ਖ਼ੋਆਂ ਤੇ ਵਾਦੀਆਂ, ਜੀਵਨ ਦੀ ਅਸਲੀਅਤ ਤੋਂ ਦੂਰ ਕੁਰਾਹੇ ਪਏ, ਜੀਵਨ ਨੂੰ ਮਨਮਤਾਂ `ਚ ਬਿਰਥਾ ਕਰ ਰਹੇ ਕਿਸੇ ਮੂਰਖ ਦੀਆਂ ਵੀ ਹੁੰਦੀਆਂ ਹਨ। ਇਸ ਲਈ ਉਸ ਨੂੰ ਜਿੰਨੀ ਵਧ ਮੱਤ ਦਿਓ, ਉਸ `ਤੇ ਉਸ ਦਾ ਸਾਰਥਕ ਨਹੀਂ ਬਲਕਿ ਉਲਟਾ ਅਸਰ ਹੀ ਹੁੰਦਾ ਹੈ। ਇਸ ਤਰ੍ਹਾਂ ਉਹ ਮੂਰਖ ਜਦੋਂ ਵੀ ਬੋਲਦਾ ਹੈ, ਸਦਾ ਉਹੀ ਗੱਲ ਕਰਦਾ ਹੈ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਤੇ ਦੂਜਿਆਂ ਦਾ ਜੀਵਨ ਵੀ ਅਜ਼ਾਈਂ ਖ਼ਤਮ ਹੋ ਜਾਵੇ। ੧।

ਗੁਰਮੱਤ ਵਿਚਾਰ ਦਰਸ਼ਨ- (੧) “…ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਸਹਿਜੇ ਹੀ ਰੋਜ਼ ਮੱਰਾ ਦੀ ਜ਼ਿੰਦਗੀ `ਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਲੋਕ ਸੁਭਾਅ ਕਰਕੇ ਹੀ ਗੁਰਮੱਤ ਪੱਖੋਂ ਮੂੜ ਤੇ ਅਗਿਆਨੀ ਹੁੰਦੇ ਹਨ। ਇਸ ਤਰ੍ਹਾਂ ਜੇਕਰ ਉਨ੍ਹਾਂ ਨੂੰ ਕੁਰਾਹੇ ਪਿਆ ਤੱਕ ਕੇ, ਕਿਸੇ ਗੁਰਮੁਖ ਨੂੰ ਉਨ੍ਹਾਂ ਦੇ ਜੀਵਨ `ਤੇ ਤਰਸ ਆ ਜਾਂਦਾ ਹੈ। ਇਸ ਤਰ੍ਹਾਂ ਅਜਿਹਾ ਗੁਰਮੁਖ ਯਤਣ ਕਰਦਾ ਹੈ ਕਿ ਉਹ ਮਨਮੁਖ ਭਾਵ ਮੂਰਖ ਵੀ ਆਪਣੇ ਜਨਮ ਨੂੰ ਸਫ਼ਲ ਕਰ ਲਵੇ ਤੇ ਇਸ ਨੂੰ ਬਿਰਥਾ ਨਾ ਕਰੇ। ਜਦਕਿ ਬਹੁਤਾ ਕਰਕੇ ਹੁੰਦਾ ਇਸ ਦੇ ਉਲਟ ਹੀ ਹੈ। ਅਜਿਹਾ ਗੁਰਮੁਖ ਜਦੋਂ ਉਸ ਮਨਮੁਖ ਦੇ ਜੀਵਨ `ਤੇ ਤਰਸ ਖਾ ਕੇ ਕੋਸ਼ਿਸ਼ ਕਰਦਾ ਹੈ ਕਿ ਉਹ ਮੂਰਖ ਵੀ ਜੀਵਨ ਦੇ ਸਿਧੇ ਰਾਹ ਟੁਰ ਪਵੇ। ਇਸ ਤਰ੍ਹਾਂ ਅਮੁੱਕਾ ਗੁਰਮੁਖ, ਉਸ ਮਨਮੁਖ `ਤੇ ਜਿੰਨੀ ਵਧ ਮਿਹਨਤ ਕਰਦਾ ਹੈ, ਕਈ ਵਾਰੀ ਉਨਾਂ ਹੀ ਮੂਰਖ `ਤੇ ਉਲਟਾ ਅਸਰ ਹੀ ਹੁੰਦਾ ਜਾਂਦਾ ਹੈ। ਬਹੁਤੀ ਵਾਰ ਤਾਂ ਅਜਿਹਾ ਮੂਰਖ, ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੇ ਹੋਏ ਉਲਟਾ ਉਸ ਗੁਰਮੁਖ ਨਾਲ ਵੀ ਹੁੱਜਤਾਂ ਕਰਣ ਤੇ ਉਸ ਦੀ ਖਿੱਲੀ ਤੱਕ ਉਡਾਉਣ ਲੱਗ ਜਾਂਦਾ ਹੈ।

ਉਪ੍ਰੰਤ ਅਜਿਹੇ ਮੂਰਖ ਦਾ ਹੱਲ ਕੀ ਹੈ? ਗੁਰਦੇਵ ਅਜਿਹੀ ਮਾਨਸਿਕ ਅਵਸਥਾ `ਚ ਪੁੱਜੇ ਹੋਏ ਮਨੁਖ ਲਈ ਦੋ ਭਿੰਨ ਭਿੰਨ ਕਦਮ ਦਰਸਾਉਂਦੇ ਹਨ। ਪਹਿਲਾ, ਵਾਰ ਆਸਾ `ਚ ਗੁਰਦੇਵ ਇਸ ਤਰ੍ਹਾਂ ਬਿਆਣ ਕਰਦੇ ਹਨ ਜਿਵੇਂ ਮੂਰਖੈ ਨਾਲਿ ਨ ਲੁਝੀਐ” (ਪੰ: ੪੭੩) ਭਾਵ ਅਜਿਹੀ ਬਿਰਤੀ ਦੇ ਮਨੁੱਖ ਨਾਲ ਜ਼ਿਆਦਾ ਸਿਰਖਪਾਈ ਦੀ ਲੋੜ ਨਹੀਂ ਹੁੰਦੀ ਦੂਜਾ, ਜੇਕਰ ਅਜਿਹੇ ਮੂਰਖ ਨਾਲ ਸਾਂਝ ਪਾਉਣੀ ਹੀ ਹੈ ਤਾਂ ਉਸ ਦਾ ਹੱਲ ਵੀ ਇਸੇ ਪਉੜੀ ਦੇ ਅਗਲੇ ਸਲੋਕ `ਚ ਗੁਰਦੇਵ ਦੇ ਰਹੇ ਹਨ ਜਿਵੇਂ “ਮੂਰਖ ਗੰਢੁ ਪਵੈ ਮੁਹਿ ਮਾਰ” ਭਾਵ ਅਜਿਹੇ ਮੂਰਖ ਦਾ ਇਲਾਜ ਹੈ ਕਿ ਕਿਸੇ ਵੀ ਢੰਗ ਤੇ ਭਾਵੇਂ “ਉਸ ਲਈ ਡੰਡੇ ਨੂੰ ਉਸ ਦਾ ਪੀਰ ਬਣਾ ਕੇ ਹੀ ਸਹੀ” ਪਰ ਉਸ ਨੂੰ ਆਪਣੇ ਦਬਾਅ ਹੇਠ ਰਖਿਆ ਜਾਵੇ। ਕਿਉਂਕਿ ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) ਅਜਿਹਾ ਮੂਰਖ ਆਪਣਾ ਜਨਮ ਹੀ ਬਿਰਥਾ ਕਰ ਰਿਹਾ ਹੁੰਦਾ ਹੈ। ਉਹ ਤਾਂ “ਦੂਜੈ ਲਗੇ ਪਚਿ ਮੁਏ, ਮੂਰਖ ਅੰਧ ਗਵਾਰ” (ਪ: ੮੫) ਅਨੁਸਾਰ ਉਹ ਮਾਇਕ ਪਦਾਰਥਾਂ ਦੀ ਪਕੜ `ਚ ਆਇਆ ਹੋਣ ਕਾਰਨ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਹੀ ਬਿਰਥਾ ਕਰ ਰਿਹਾ ਹੁੰਦਾ ਹੈ।

(੨) “…ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਸਲੋਕ ਦੀ ਅੰਤਮ ਤੇ ਫ਼ੈਸਲਾਕੁਣ ਪੰਕਤੀ “ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਨੂੰ ਪੂਰੇ ਸਲੋਕ `ਚ ਵਰਤੀਆਂ ਮਿਸਾਲਾਂ ਨਾਲ ਮਿਲਾ ਕੇ ਵਿਸ਼ੇ ਨੂੰ ਵਿਚਾਰਣ ਦੀ ਲੋੜ ਹੈ। ਦਰਅਸਲ ਸਲੋਕ ਦਾ ਮੂਲ ਵਿਸ਼ਾ ਇਹ ਨਹੀਂ ਕਿ ਕੁਰਾਹੇ ਪਏ ਮਨਮਤੀ ਮੂਰਖ ਦੇ ਜੀਵਨ `ਚ ਪਲਟਾ ਹੀ ਨਹੀਂ ਸਕਦਾ। ਬਲਕਿ ਸਲੋਕ `ਚ ਇਸ ਪੱਖੋਂ ਮੂਰਖਤਾ ਦੀ ਹੱਦ ਤੱਕ ਪਹੁੰਚੇ ਮਨੁੱਖ ਦੇ ਜੀਵਨ ਨੂੰ ਬਿਆਣਿਆ ਹੈ ਜਿਸ ਨੂੰ ਜ਼ਾਹਿਰਾ ਤੌਰ `ਤੇ ਬਦਲਣਾ, ਇਸ ਤਰ੍ਹਾਂ ਅਸੰਭਵ ਹੋ ਚੁੱਕਾ ਹੁੰਦਾ ਹੈ ਜਿਵੇਂ ਕਿ ਸਲੋਕ ਵਿਚਲੀਆਂ ਮਿਸਾਲਾਂ ਅਨੁਸਾਰ:

“ਪਾਣੀ ਦਾ ਜੀਵ ਇਕੱਲੀ ਮੱਛੀ ਨਹੀਂ ਹੋਰ ਵੀ ਲਖਾਂ ਹਨ। ਪਰ ਇਹ ਸਚਾਈ ਵੀ ਕੇਵਲ ਮੱਛੀ ਤੇ ਲਾਗੂ ਹੀ ਹੁੰਦੀ ਹੈ। ਮਛੀ ਨੂੰ ਜੇਕਰ ਨੂੰ ਪਾਣੀ ਤੋਂ ਬਾਹਿਰ ਕਢ ਦਿੱਤਾ ਜਾਵੇ ਤਾਂ ਉਹ ਜ਼ਿੰਦਾ ਨਹੀਂ ਰਹਿ ਸਕਦੀ। ਪਰ ਗਹਿਰੇ ਤੋਂ ਗਹਿਰਾ ਪਾਣੀ ਵੀ ਉਸ ਦੇ ਜੀਵਨ ਨੂੰ ਨੁਕਸਾਨ ਨਹੀਂ ਪਹੁਚਾਂਦਾ। ਜਦਕਿ ਫ਼ਿਰ ਵੀ ਮਛੀ ਵਿਚਾਰੀ ਇਨੀਂ ਮਜਬੂਰ ਹੁੰਦੀ ਹੈ ਕਿ ਚਾਹ ਕੇ ਵੀ ਪਾਣੀ ਤੋਂ ਬਾਹਿਰ ਦੋ ਘੜੀਆਂ ਖੁੱਲੀ ਹਵਾ ਦਾ ਅਨੰਦ ਨਹੀਂ ਮਾਨ ਸਕਦੀ। ਇਸੇ ਵਿਸ਼ੇ ਨੂੰ ਪੰਜਵੇਂ ਪਾਤਸ਼ਾਹ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ ਜਿਵੇਂ “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ” (ਪੰ: ੧੨੭੩)। ਇਸ ਤੋਂ ਬਾਅਦ ਪੰਛੀ ਦੀ ਮਿਸਾਲ ਹੈ। ਪੰਛੀ ਨੂੰ ਵੀ ਜ਼ਿੰਦਗੀ ਉੱਡ ਕੇ ਹੀ ਬਿਤਾਉਣੀ ਪੈਂਦੀ ਹੈ, ਅਸਮਾਨ ਚਾਹੇ ਕਿਤਨਾ ਖੁੱਲਾ ਡੁੱਲਾ ਹੋਵੇ ਉਸ ਦੀ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ ਪਰ ਧਰਤੀ `ਤੇ ਰਹਿ ਕੇ ਸੈਰ ਸਪਾਟੇ ਦਾ ਅਨੰਦ ਉਹ ਵੀ ਨਹੀਂ ਮਾਨ ਸਕਦਾ। ਉਪ੍ਰੰਤ ਇਸੇ ਤਰ੍ਹਾਂ ਪੱਥਰ, ਹਿਜੜੇ, ਕੁਤੇ, ਬੋਲੇ, ਅੰਧੇ, ਗਊਆਂ, ਲੋਹੇ ਆਦਿ ਦੇ ਵਿਰੋਧੀ ਪੱਖਾਂ ਨੂੰ ਲੈ ਕੇ, ਗੁਰਦੇਵ ਅਗਿਆਨਤਾ ਦੀ ਉਸ ਸੀਮਾ ਤੱਕ ਪੁੱਜ ਚੁੱਕੇ ਮੂਰਖ ਤੇ ਅਗਿਆਨੀ ਦੀ ਗੱਲ ਕਰ ਰਹੇ ਹਨ ਜਿਹੜਾ ਸਚਮੁਚ ਹੀ ਮੂਰਖੈ ਨਾਲਿ ਨ ਲੁਝੀਐ” (ਪੰ: ੪੭੩) ਤੇ ਮੂਰਖ ਗੰਢੁ ਪਵੈ ਮੁਹਿ ਮਾਰ” ਦੀ ਸੀਮਾ ਤੱਕ ਪੁੱਜ ਚੁੱਕਾ ਹੋਵੇ। ਉਸੇ ਦਾ ਨਤੀਜਾ ਹੁੰਦਾ ਹੈ ਕਿ ਜੀਵਨ ਦੀ ਅਜਿਹੀ ਹਨੇਰੀ ਖੱਡ `ਚ ਡਿੱਗੇ ਹੋਏ ਇਨਸਾਨ ਦੀ ਅਸਲ ਹਾਲਤ “… ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਵਾਲੀ ਹੀ ਬਣੀ ਹੁੰਦੀ ਹੈ।

ਮ: ੧॥ ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ ਕਾਲਾੑ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਏ॥ ਏਤੁ ਗੰਢੁ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥ ੨॥ {ਪੰਨਾ ੧੪੩}

ਪਦ ਅਰਥ: —ਕੈਹਾ… ਕਾਂਸੀ। ਕੰਚਨੁ—ਸੋਨਾ। ਸਾਰੁ—ਲੋਹਾ। ਗੰਢੁ—ਗਾਂਢਾ। ਗੋਰੀ—ਇਸਤ੍ਰੀ, ਵਹੁਟੀ। ਭਤਾਰੁ…. ਪਤੀ। ਪੁਤੀ…. ਪੁਤੀਂ, ਔਲਾਦ, ਸੰਤਾਨ, ਧੀਆਂ ਤੇ ਪੁੱਤਰ, (ਇਕੱਲੇ ਪੁੱਤਰ ਨਹੀਂ)। ਰਾਜਾ ਮੰਗੈ… ਸਰਕਾਰੀ ਤੇ ਰਾਜਸੀ ਤਲ `ਤੇ ਟੈਕਸ ਆਦਿ। ਕਾਲਾੑ ਗੰਢੁ—ਕਾਲ ਦਾ ਖ਼ਾਤਮਾ। ਝੋਲ—ਬਹੁਤਾ ਮੀਂਹ। ਗੰਢੁ ਪਰੀਤੀ…. ਦੇਸ਼ ਤੇ ਸਮਾਜ `ਚ ਆਪਣੇ ਨਾਲ ਪਿਆਰ ਦਾ ਵਾਤਾਵਰਣ ਤੇ ਲਗਾਵ। ਮਿਠੇ ਬੋਲ… ਕੇਵਲ ਮਿੱਠੀ ਤੇ ਨਮ੍ਰਤਾ ਭਰਪੂਰ ਬੋਲੀ ਨਾਲ (ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ)। ਬੇਦਾ ਗੰਢੁ…. ਧਾਰਮਿਕ ਪੁਸਤਕਾਂ ਦੇ ਅਧਿਯਣ ਦਾ ਲਾਭ।

ਕੋਇ … ਕਿਸੇ ਦੇ। ਬੋਲੇ ਸਚੁ ਕੋਇ…ਜੇਕਰ ਸਚਾਈ ਤੇ ਜੀਵਨ ਦੀ ਉਚਤਾ ਕਿਸੇ ਦੇ ਜੀਵਨ `ਚ ਵੀ ਆਵੇ। ਮੁਇਆ ਗੰਢੁ—ਮੋਏ ਮਨੁੱਖਾਂ ਦਾ, ਮਰ ਚੁੱਕੇ ਮਨੁੱਖ ਦਾ ਦੁਨੀਆ ਨਾਲ ਸਬੰਧ। ਨੇਕੀ… ਭਲਾਈਆਂ, ਪਰਉਪਕਾਰ। ਸਤੁ—ਦਾਨ। ਨੇਕੀ ਸਤੁ ਹੋਏਜਿਸ ਮਨੁੱਖ ਨੇ ਆਪਣੇ ਜੀਵਨ `ਚ ਦੂਜਿਆਂ ਦੀ ਭਲਾਈ ਤੇ ਪਰਉਪਕਾਰ ਦੇ ਕਾਰਜ ਕੀਤੇ ਹੋਣ। ਏਤੁ ਗੰਢਿ—ਅਜਿਹੇ ਗਾਂਢਿਆਂ ਨਾਲ, ਇਨ੍ਹਾਂ ਢੰਗਾ ਤ੍ਰੀਕਿਆਂ ਨਾਲ। ਵਰਤੈ ਸੰਸਾਰੁ …. ਸੰਸਾਰ ਦੀ ਕਾਰ ਚਲਦੀ ਹੈ। ਮੁਹਿ—ਮੂੰਹ `ਤੇ। ਸਿਫਤਿ… ਸਿਫ਼ਤ ਸਲਾਹ ਕੀਤਿਆਂ। ਸਿਫਤੀ ਗੰਢ …. ਅਕਾਲ ਪੁਰਖ ਦੀ ਸਿਫ਼ਤ ਸਲਾਹ ਕੀਤਿਆਂ, ਅਕਾਲ ਪੁਰਖ ਦੀ ਸਿਫ਼ਤ ਸਲਾਹ ਕਰਣ ਨਾਲ। ਗੰਢੁ ਪਵੈ ਦਰਬਾਰਿ… ਅਕਾਲ ਪੁਰਖ ਦੇ ਦਰ `ਤੇ ਕਬੂਲ ਹੋਣ ਲਈ।

ਨੋਟ-ਦੋਨਾਂ ਸਲੋਕਾਂ ਦੇ ਸਮਾਪਤੀ ਸੂਚਕ ਗੁਰਦੇਵ ਰਾਹੀਂ ਦਿੱਤੇ ਨਿਰਣਿਆਂ `ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਪਹਿਲੇ ਸਲੋਕ `ਚ ਗੁਰਦੇਵ ਵੱਲੋਂ ਨਿਰਣਾ ਹੈ ਕਿ “ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸ” ਅਤੇ ਦੂਜੇ ਸਲੋਕ `ਚ ਨਿਰਣਾ ਹੈ “ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ”। ਇਸ ਤਰ੍ਹਾਂ ਦੋਨਾਂ ਸਲੋਕਾਂ `ਚ ਗੁਰਦੇਵ ਨੰਬਰਵਾਰ ਦ੍ਰਿੜ ਕਰਵਾ ਰਹੇ ਹਨ ਕਿ ਕਰਤੇ ਦੇ ਦਰ ਤੋਂ ਖੁੰਜਣ ਤੇ ਜੀਵਨ ਨੂੰ ਬਿਰਥਾ ਕਰ ਦੇਣ ਦਾ ਮੂਲ, ਮਨੁੱਖਾ ਜੂਨ ਤੇ ਮਕਸਦ ਬਾਰੇ ਅਗਿਆਨਤਾ ਤੇ ਜੀਵਨ ਭਰ ਸੰਸਾਰਕ ਰਸਾਂ ਕਸਾਂ, ਮੋਹ ਮਾਇਆ ਆਦਿ ਵਿਕਾਰਾਂ `ਚ ਫਸੇ ਹੋਣਾ ਹੀ ਹੁੰਦਾ। ਇਸ ਤਰ੍ਹਾਂ ਅਜਿਹੇ ਕੱਚੇ ਤੇ ਪ੍ਰਭੂ ਦਰ `ਤੇ ਮੂਰਖਤਾ ਪੂਰਣ ਜਨਮ ਬਤੀਤ ਕਰ ਰਿਹਾ ਮਨੁੱਖ ਆਪਣਾ ਜਨਮ ਤਾਂ ਬਿਰਥਾ ਤੇ ਅਜ਼ਾਈਂ ਕਰਦਾ ਹੀ ਹੈ, ਨਾਲ ਜਿਹੜੇ ਉਸ ਦੇ ਪ੍ਰਭਾਵ `ਚ ਆਉਂਦੇ ਹਨ ਉਨ੍ਹਾਂ ਦੇ ਜੀਵਨ ਤੇ ਜੀਵਨ ਰਹਿਣੀ ਦਾ ਵੀ “ਵਿਣਾਸ” ਕਰਦਾ ਹੈ ਉਨ੍ਹਾਂ ਦਾ ਜੀਵਨ ਵੀ ਬਿਰਥਾ ਕਰ ਦਿੰਦਾ ਹੈ।

ਦੂਜੇ ਪਾਸੇ ਜਿਹੜੇ ਮਨੁੱਖਾ ਜਨਮ ਪਾ ਕੇ ਇਸ ਜਨਮ ਦੀ ਪਹਿਚਾਣ ਕਰਦੇ ਤੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ ਉਹ ਪ੍ਰਭੂ ਕਰਤੇ ਦੇ ਦਰ `ਤੇ ਕਬੂਲ ਹੋ ਜਾਂਦੇ ਹਨ। ਜਿਸਦੇ ਅਰਥ ਹਨ ਉਨ੍ਹਾਂ ਦਾ ਇਹ ਲੋਕ ਵੀ ਅਨੰਦਮਈ, ਆਸ਼ਾ ਮਨਸ਼ਾ ਚਿੰਤਾਵਾਂ ਭਟਕਣਾ ਵਿਕਾਰ ਰਹਿਤ, ਸੰਤੋਖੀ ਤੇ ਟਿਕਾਅ ਵਾਲਾ ਹੁੰਦਾ ਹੈ। ਉਹ ਜੀਊਂਦੇ ਜੀਅ ਹੀ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਤੇ ਸਰੀਰਕ ਮੌਤ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਇਸ ਤਰ੍ਹਾਂ ਦੋਨਾਂ ਸਲੋਕਾਂ ਵਿਚਲੀ ਭਿੰਨ ਭਿੰਨ ਪੱਖਾਂ ਤੋਂ ਵਿਚਾਰਕ ਸਾਂਝ, ਉੱਚਤਾ ਤੇ ਇਨ੍ਹਾਂ ਚੋਂ ਗੁਰਮੱਤ ਨਿਰਣੇ ਨੂੰ ਪਹਿਚਾਨਣ ਦੀ ਵੱਡੀ ਲੋੜ ਹੈ।

ਸਪਸ਼ਟ ਹੈ, ਗੁਰਦੇਵ ਨੇ ਪਹਿਲੇ ਸਲੋਕ `ਚ ਸੰਸਾਰ ਤਲ `ਤੇ ਮਛੀ-ਪਾਣੀ, ਪਥਰ-ਪਾਲਾ ਆਦਿ ਦੀਆਂ ਬੇਜੋੜ ਸੰਸਾਰਕ ਮਿਸਾਲਾਂ ਨੂੰ ਵਰਤ ਕੇ ਹਰੇਕ ਦੇ ਕਿਸੇ ਦੂਜੇ ਪੱਖ ਤੋਂ ਫ਼ਾਸਲੇ ਨੂੰ ਬਿਆਣਿਆ ਹੈ? ਫ਼ਿਰ ਇਸੇ ਨੂੰ ਆਧਾਰ ਬਣਾ ਕੇ ਅਗਿਆਨੀ (ਮੂਰਖ) ਦੇ ਕਰਤੇ ਨਾਲੋਂ ਫ਼ਾਸਲੇ ਤੇ ਦੂਰੀ ਦੇ ਮੂਲ ਨੂੰ ਸਪਸ਼ਟ ਕੀਤਾ ਹੈ। ਜਦਕਿ ਨਾਲ ਹੀ ਦੂਜੇ ਸਲੋਕ `ਚ ਸੰਸਾਰ ਤਲ `ਤੇ ਸਾਂਝਾਂ ਤੇ ਨੇੜਤਾ ਦੀਆਂ ਮਿਸਾਲਾਂ ਨੂੰ ਵਰਤ ਕੇ, ਮਨੁੱਖ ਲਈ ਕਰਤੇ ਦੀ ਨੇੜਤਾ, ਸਾਂਝ ਤੇ ਮਿਲਾਪ ਦੇ ਇਕੋ ਇੱਕ ਸਿਫ਼ਤ ਸਲਾਹ ਵਾਲੇ ਢੰਗ ਨੂੰ ਉਜਾਗਰ ਕੀਤਾ ਤੇ ਦ੍ਰਿੜ ਕਰਵਾਇਆ ਹੈ।

ਅਰਥ: “ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ” ਜੇ ਕੈਹਾਂ, ਸੋਨਾ, ਲੋਹਾ ਆਦਿ ਟੁੱਟ ਜਾਏ ਤਾਂ ਅੱਗ ਦੀ ਮਦਦ ਨਾਲ ਲੋਹਾਰ (ਆਦਿ) ਉਨ੍ਹਾਂ ਨੂੰ ਗੰਢ ਭਾਵ ਜੋੜ ਦਿੰਦਾ ਹੈ।

“ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ” ਜੇ ਪਤਨੀ ਨਾਲ ਪਤੀ `ਚ ਫ਼ਾਸਲਾ ਬਣ ਜਾਏ ਤਾਂ ਸੰਸਾਰ `ਚ ਸੰਤਾਨ (ਔਲਾਦ) ਤੋਂ ਇਨ੍ਹਾਂ ਦੀ ਫ਼ਿਰ ਤੋਂ ਆਪਸੀ ਸਾਂਝ ਹੋ ਜਾਂਦੀ ਹੈ।

“ਰਾਜਾ ਮੰਗੈ ਦਿਤੈ ਗੰਢੁ ਪਾਇ” ਰਾਜਾ, ਪ੍ਰਜਾ ਪਾਸੋਂ ਮਾਮਲਾ ਇਕੱਠਾ ਕਰਦਾ ਹੈ ਤੇ ਇਸੇ ਤੋਂ ਉਸ ਦਾ ਰਾਜ ਪ੍ਰਬੰਧ ਚਲਦਾ ਹੈ। ਇਸ ਤਰ੍ਹਾਂ ਜੇਕਰ ਸਬੰਧਤ ਰਾਜਸ਼ਾਹੀ ਤੇ ਹਕੂਮਤ ਨੂੰ ਜੇਕਰ ਬਣਦਾ ਟੈਕਸ ਨਾ ਦਿੱਤਾ ਜਾਏ ਤਾਂ ਆਪਸੀ ਵਿਗਾੜ ਪੈਦਾ ਹੋ ਜਾਂਦਾ ਹੈ। ਕਿਉਂਕਿ ਉਸ ਰਾਜੇ, ਰਾਜਸ਼ਾਹੀ, ਹਕੂਮਤ ਜਿਸ ਦੇ ਤੁਸੀਂ ਵਾਸੀ ਹੋ, ਬਣਦਾ ਟੈਕਸ ਆਦਿ ਦਿੰਦੇ ਰਹਿ ਕੇ ਹੀ ਸਾਂਝ ਬਣੀ ਰਹਿੰਦੀ ਹੈ, ਵਰਣਾ ਨਹੀਂ।

“ਭੁਖਿਆ ਗੰਢੁ ਪਵੈ ਜਾ ਖਾਇ” ਭੁੱਖ ਨਾਲ ਆਤੁਰ ਬੰਦੇ ਦੀ ਆਪਣੇ ਸਰੀਰ ਨਾਲ ਵੀ ਤਾਂ ਹੀ ਸੰਬੰਧ ਤੇ ਸਾਂਝ ਬਣੀ ਰਹਿੰਦੀ ਹੈ ਜੇ ਉਹ ਰੋਟੀ ਆਦਿ ਖਾਏ (ਨਹੀਂ ਤਾਂ ਮੌਤ ਵੀ ਹੋ ਸਕਦੀ ਹੈ)।

“ਕਾਲਾੑ ਗੰਢੁ ਨਦੀਆ ਮੀਹ ਝੋਲ” ਕਾਲ ਨੂੰ ਗੰਢ ਪੈਂਦੀ ਹੈ ਭਾਵ, ਕਾਲ ਤਾਂ ਹੀ ਮੁੱਕਦੇ ਹਨ ਜੇ ਬਹੁਤੇ ਮੀਂਹ ਪੈਣ ਤੇ ਉਸ ਤੋਂ ਨਦੀਆਂ `ਚ ਪਾਣੀ ਆ ਜਾਏ।

“ਗੰਢੁ ਪਰੀਤੀ ਮਿਠੇ ਬੋਲ” ਸਮਾਜ `ਚ ਮਿੱਠੇ ਬਚਨਾਂ ਨਾਲ ਹੀ ਪਿਆਰ ਦੀ ਗੰਢ ਪੈਂਦੀ ਤੇ ਆਪਸੀ ਪਿਆਰ ਪੱਕਾ ਹੁੰਦਾ ਹੈ।

“ਬੇਦਾ ਗੰਢੁ ਬੋਲੇ ਸਚੁ ਕੋਇ” ਵੇਦ ਆਦਿਕ ਧਰਮ ਪੁਸਤਕਾਂ ਦੇ ਪੜ੍ਹਣ-ਪਾਠਣ ਦਾ ਲਾਭ ਤਾਂ ਹੀ ਹੈ ਜੇਕਰ ਉਨ੍ਹਾਂ ਤੋਂ ਪ੍ਰਗਟ ਸਚਾਈ ਤੇ ਉੱਚਾ ਆਚਰਣ ਕਿਸੇ ਦੇ ਜੀਵਨ ਚੋਂ ਵੀ ਪ੍ਰਗਟ ਹੁੰਦਾ ਹੋਵੇ।

“ਮੁਇਆ ਗੰਢੁ ਨੇਕੀ ਸਤੁ ਹੋਏ” ਮੌਤ ਤੋਂ ਬਾਅਦ ਸਮਾਜ ਨਾਲ ਕਿਸੇ ਮਨੁੱਖ ਦੀ ਸਾਂਝ ਵੀ ਤਾਂ ਹੀ ਬਣੀ ਰਹਿੰਦੀ ਹੈ ਜੇ ਉਸ ਨੇ ਆਪਣੇ ਜੀਵਨ ਕਾਲ `ਚ ਦੂਜਿਆਂ ਦੀ ਭਲਾਈ ਤੇ ਪਰਉਪਕਾਰ ਆਦਿ ਦੇ ਕੰਮ ਕੀਤੇ ਹੋਣ (ਨਹੀਂ ਤਾਂ ਲੋਕਾਈ ਉਸ ਦੀ ਹੋਂਦ ਨੂੰ ਵੀ ਭੁਲਾਅ ਦਿੰਦੀ ਹੈ)।

“ਮੂਰਖ ਗੰਢੁ ਪਵੈ ਮੁਹਿ ਮਾਰ” ਮੂੰਹ `ਤੇ ਮਾਰਿਆਂ ਹੀ ਕਿਸੇ ਮੂਰਖ ਦੇ ਮੂਰਖ-ਪੁਣੇ ਨੂੰ ਰੋਕ ਲਗਦੀ ਹੈ। ਕਿਹਣ ਤੋਂ ਭਾਵ ਨਹੀਂ ਤਾਂ ਉਹ ਹੋਰ ਤੇ ਹੋਰ ਮਚਦਾ ਤੇ ਭੜਕਦਾ ਹੀ ਜਾਂਦਾ ਹੈ।

“ਏਤੁ ਗੰਢੁ ਵਰਤੈ ਸੰਸਾਰੁ” ਇਸ ਤੇ ਗੁਰਦੇਵ ਫ਼ੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਹ ਤਾਂ ਅਜਿਹੇ ਸਬੰਧਾਂ ਦਾ ਵਰਨਣ ਹੈ ਜਿਨ੍ਹਾਂ ਤੋਂ ਸੰਸਾਰ ਦਾ ਕਾਰ ਵਿਹਾਰ ਤੇ ਚਲਣ ਚੱਲਦਾ ਹੈ।

“ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ” ਗੁਰੂ ਨਾਨਕ ਪਾਤਸ਼ਾਹ ਇਸ `ਤੇ ਸਪਸ਼ਟ ਕਰਦੇ ਹਨ ਕਿ ਇਸੇ ਤਰ੍ਹਾਂ ਜੇ ਕਰ ਕਰਤੇ ਦੇ ਦਰਬਾਰ `ਚ ਕਬੂਲ ਹੋਣਾ ਹੈ ਤਾਂ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਹੀ ਕਰਤੇ ਦੇ ਦਰ ਤੋਂ ਆਦਰ ਮਾਨ ਪਾਇਆ ਜਾ ਸਕਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ- ਸਲੋਕ `ਚ ਗੁਰਦੇਵ ਸਾਬਤ ਕਰਦੇ ਹਨ ਕਿ ਸੰਸਾਰ ਦੀ ਸਾਰੀ ਖੇਡ ਤੇ ਮਨੁੱਖ ਦਾ ਸਾਰਾ ਜੀਵਨ ਇੱਕ ਦੂਸਰੇ ਨਾਲ ਸਾਂਝ ਤੇ ਆਪਸੀ ਸਬੰਧਾਂ `ਤੇ ਹੀ ਖੜਾ ਹੁੰਦਾ ਹੈ। ਜਦਕਿ ਇਹ ਸੀਮਾ ਕੇਵਲ ਸੰਸਾਰ ਤਕ ਹੀ ਸੀਮਤ ਨਹੀਂ। ਜਦਕਿ ਮਨੁੱਖਾ ਜੀਵਨ ਦਾ ਮਕਸਦ ਵੀ, ਜੀਵਨ ਦਾਤੇ ਕਰਤੇ ਅਕਾਲ ਪੁਰਖ ਨਾਲ ਸਾਂਝ ਪਾ ਕੇ ਹੀ ਪ੍ਰਾਪਤ ਤੇ ਪੂਰਾ ਹੁੰਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਕਰਤੇ ਦੀ ਬਖ਼ਸ਼ਿਸ਼ ਨਾਲ ਮਨੁੱਖਾ ਜਨਮ ਪ੍ਰਾਪਤ ਹੋਣ `ਤੇ “ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ” ਅਨੁਸਾਰ, ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਇਸ ਜਨਮ ਨੂੰ ਸਫ਼ਲ ਕੀਤਾ ਜਾਵੇ ਅਤੇ ਇਸ ਨੂੰ ਅਸਫ਼ਲ ਹੋਣ ਤੋਂ ਬਚਾਇਆ ਜਾਵੇ।

ਪਉੜੀ॥ ਆਪੇ ਕੁਦਰਤਿ ਸਾਜਿ ਕੈ, ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ, ਆਪੇ ਪਰਖਣੁਹਾਰ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ॥ ਖੋਟੇ ਸਚੀ ਦਰਗਹ ਸੁਟੀਅਹਿ, ਕਿਸੁ ਆਗੈ ਕਰਹਿ ਪੁਕਾਰ॥ ਸਤਿਗੁਰ ਪਿਛੈ ਭਜਿ ਪਵਹਿ, ਏਹਾ ਕਰਣੀ ਸਾਰੁ॥ ਸਤਿਗੁਰੁ ਖੋਟਿਅਹੁ ਖਰੇ ਕਰੇ, ਸਬਦਿ ਸਵਾਰਣਹਾਰੁ॥ ਸਚੀ ਦਰਗਹ ਮੰਨੀਅਨਿ, ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾ ਦੀ ਕੋ ਕਿਆ ਕਰੈ, ਜੋ ਆਪਿ ਬਖਸੇ ਕਰਤਾਰਿ॥ ੧੨॥ {ਪੰਨਾ ੧੪੩}

ਪਦ ਅਰਥ: ਬਾਹਰਵਾਰਿ—ਬਾਹਰਲੇ ਪਾਸੇ, ਮੁੜ ਜਨਮ ਮਰਨ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਸਾਰੁ—ਸ੍ਰੇਸ਼ਟ। ਮੰਨੀਅਨਿ—ਮੰਨੇ ਜਾਂਦੇ ਹਨ, ਆਦਰ ਮਾਨ ਪਾਂਦੇ ਹਨ, ਕਰਤੇ ਦੀ ਦਰਗਾਹ `ਚ ਕਬੂਲ ਹੋ ਜਾਂਦੇ ਹਨ। ਸਤਿਗੁਰ ਪਿਛੈ ਭਜਿ ਪਵਹਿ… ਇਹ ਸਤਿਗੁਰੂ ਭਾਵ ‘ਸਦਾ ਥਿਰ ਸ਼ਬਦ ਗੁਰੂ’ ਦੀ ਸ਼ਰਨ `ਚ ਆ ਜਾਣ ਤੇ ਉਸ ਦੀ ਕਮਾਈ ਕਰਣ। ਸਬਦਿ ਸਵਾਰਣਹਾਰ…. ਸ਼ਬਦ ਗੁਰੂ ਆਪਣੀ ਬਰਕਤ ਨਾਲ ਖਰੇ ਬਣਾਣ ਦੇ ਸਮਰੱਥ ਹੈ। ਗਣਤ—ਲੇਖਾ ਜੋਖਾ। ਤਿਨਾ ਦੀ…. ਉਨ੍ਹਾਂ ਦੇ। ਗਣਤ ਤਿਨਾ ਦੀ ਕੋ ਕਿਆ ਕਰੈ… ਉਨ੍ਹਾਂ ਦੇ ਕਰਮਾ ਦਾ ਲੇਖਾ ਜੋਖਾ ਕੋਣ ਕਰ ਸਕਦਾ ਹੈ? ਜੋ ਆਪਿ ਬਖਸੇ ਕਰਤਾਰਿ. . ਕਰਤਾ ਪ੍ਰਭੂ ਜਿਨ੍ਹਾਂ ਨੂੰ ਆਪ ਬਖ਼ਸ ਲੈਂਦਾ ਤੇ ਆਪਣੇ ਦਰ `ਤੇ ਕਬੂਲ ਕਰ ਲੈਂਦਾ ਹੈ।

ਅਰਥ: “ਆਪੇ ਕੁਦਰਤਿ ਸਾਜਿ ਕੈ, “ਆਪੇ ਕਰੇ ਬੀਚਾਰੁ” ਅਕਾਲ ਪੁਰਖ ਆਪ ਆਪਣੀ ਰਚਨਾ ਨੂੰ ਰਚਦਾ ਹੈ। ਫ਼ਿਰ ਰਚਣ ਤੋਂ ਬਾਅਦ ਇਸ ਦੀ ਸੰਭਾਲ, ਇਸ ਦਾ ਵਾਧਾ ਘਾਟਾ ਤੇ ਜੀਵਾਂ ਦੇ ਕਰਮਾਂ ਦਾ ਲੇਖਾ ਜੋਖਾ ਭਾਵ ਸਭਕੁਝ ਆਪ ਹੀ ਕਰਦਾ ਹੈ।

“ਇਕਿ ਖੋਟੇ ਇਕਿ ਖਰੇ, ਆਪੇ ਪਰਖਣੁਹਾਰ” ਸੰਸਾਰ `ਚ ਆਉਣ ਬਾਅਦ ਕਈ ਜੀਵ ਖੋਟੇ ਸਾਬਤ ਹੁੰਦੇ ਹਨ। ਮਨੁੱਖਾ ਜਨਮ ਦੀ ਸੰਭਾਲ, ਇਸ ਦੇ ਆਸ਼ੇ ਅਨੁਸਾਰ ਨਹੀਂ ਕਰਦੇ ਤੇ ਮਨੁੱਖਤਾ ਦੇ ਮਾਪਦੰਡ ਤੋਂ ਹਲਕੇ ਸਾਬਤ ਹੁੰਦੇ ਹਨ। ਦੂਜੇ ਉਹ ਹੁੰਦੇ ਹੈ ਜੋ ਖਰੇ ਸਿੱਕੇ ਵਾਂਗ ਇਸ ਜੀਵਨ ਵੱਲੋਂ ਖਰੇ ਭਾਵ ਸਫ਼ਲ ਜੀਵਨ ਸਾਬਤ ਹੁੰਦੇ ਹਨ। ਜਦਕਿ ਇਨ੍ਹਾਂ ਸਾਰਿਆਂ ਦੀ ਪਰਖ ਵੀ ਕਰਤਾ ਆਪ ਹੀ ਕਰਦਾ ਹੈ।

ਇਸ ਦੇ ਨਾਲ ਹੀ ਗੁਰਦੇਵ ਵਜ਼ਨ ਦੇ ਕੇ ਇਸ ਸਚਾਈ ਪ੍ਰਗਟ ਕਰਦੇ ਹਨ ਕਿ ਮਨੁੱਖਾਂ ਦੇ ਜੀਵਨ ਦੇ ਖਰੇ ਜਾਂ ਖੋਟੇ ਹੋਣ ਬਾਰੇ “ਆਪੇ ਕਰੇ ਬੀਚਾਰੁ” ਤੇ “ਆਪੇ ਪਰਖਣੁਹਾਰ” ਅਨੁਸਾਰ ਨਿਆਂ ਕਰਣ ਵਾਲਾ ਵੀ ਪ੍ਰਭੂ ਆਪ ਹੈ ਤੇ ਉਨ੍ਹਾਂ ਦੇ ਕਰਮਾ ਦਾ ਲੇਖਾ ਜੋਖਾ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੈ। ਇਸ ਦੇ ਲਈ ਕਰਤੇ ਤੋਂ ਸਿਵਾ ਹੋਰ ਕੋਈ ਵੀ ਦੂਜਾ ਨਹੀਂ ਜਿਵੇਂ ਕਿ ਪੁਰਾਨੇ ਸਮੇਂ ਤੋਂ ਕੋਈ ਧਰਮ ਰਾਜ, ਚਿਤਰ ਗੁਪਤ ਆਦਿ ਪ੍ਰਚਾਰੇ ਜਾ ਰਹੇ ਹਨ; ਇਸ ਲਈ ਉਹ ਸਭ ਮਿਥਿਆ ਹਨ।

“ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” ਜਿਹੜੇ ਖਰੇ ਸਿੱਕੇ ਵਾਂਗ ਖਰੇ ਸਾਬਤ ਹੁੰਦੇ ਹਨ ਉਹ ਪ੍ਰਭੂ ਦੇ ਖ਼ਜ਼ਾਨੇ `ਚ ਪਾ ਦਿੱਤੇ ਜਾਂਦੇ ਹਨ। ਉਨ੍ਹਾਂ ਦੀ ਘਾਲਣਾ ਥਾਂਇ ਪੈਂਦੀ ਹੈ। ਉਹ ਕਰਤੇ ਦੀ ਦਰਗਾਹ `ਚ ਕਬੂਲ ਹੋ ਜਾਂਦੇ ਹਨ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਪਰ ਜਿਨ੍ਹਾਂ ਦੇ ਜੀਵਨ ਪ੍ਰਵਾਨ ਨਹੀਂ ਹੁੰਦੇ, ਅਜਿਹੇ ਖੋਟੇ ਜੀਵਨ ਵਾਲੇ ਬਾਹਰਲੇ ਪਾਸੇ ਸੁੱਟ ਦਿੱਤੇ ਜਾਂਦੇ ਹਨ। ਭਾਵ ਕਰਤੇ ਦੀ ਦਰਗਾਹ `ਚੋਂ ਉਨ੍ਹਾਂ ਨੂੰ ਧੱਕਾ ਮਿਲ ਜਾਂਦਾ ਹੈ ਤੇ ਉਨ੍ਹਾਂ ਨੂੰ ਵਾਪਿਸ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ-ਜਨਮਾਂ ਗਰਭਾਂ ਤੇ ਜਨਮ ਮਰਨ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ ਜਿਥੌਂ ਕੱਢ ਕੇ ਪ੍ਰਭੂ ਨੇ ਮਨੁੱਖਾ ਜਨਮ ਵਾਲ ਅਵਸਰ ਤੇ ਵਾਰੀ ਬਖ਼ਸੀ ਸੀ।

“ਖੋਟੇ ਸਚੀ ਦਰਗਹ ਸੁਟੀਅਹਿ, ਕਿਸੁ ਆਗੈ ਕਰਹਿ ਪੁਕਾਰ” ਕਰਤੇ ਦੀ ਸਚੀ ਦਰਗਾਹ ਤੋਂ ਧੱਕੇ ਜਾਣ ਬਾਅਦ ਹੋਰ ਕੋਈ ਵੀ ਐਸਾ ਥਾਂ ਨਹੀਂ ਜਿੱਥੇ ਇਹ ਸਹੈਤਾ ਲਈ ਫ਼ਰਿਆਦ ਕਰ ਸਕਣ।

“ਸਤਿਗੁਰ ਪਿਛੈ ਭਜਿ ਪਵਹਿ, ਏਹਾ ਕਰਣੀ ਸਾਰੁ” ਇਨ੍ਹਾਂ ਹੌਲੇ ਜੀਵਨ ਵਾਲੇ ਜੀਵਾਂ ਲਈ ਕਰਣ ਵਾਲੀ ਸਭ ਤੋਂ ਚੰਗੀ ਤੇ ਉੱਤਮ ਇਕੋ ਇੱਕ ਗੱਲ ਇਹ ਹੈ ਕਿ ਇਹ ਸਤਿਗੁਰੂ ਭਾਵ ‘ਸਦਾ ਥਿਰ ਸ਼ਬਦ ਗੁਰੂ’ ਦੀ ਸ਼ਰਨ `ਚ ਆ ਜਾਣ ਤੇ ਉਸ ਦੀ ਕਮਾਈ ਕਰਣ।

“ਸਤਿਗੁਰੁ ਖੋਟਿਅਹੁ ਖਰੇ ਕਰੇ, ਸਬਦਿ ਸਵਾਰਣਹਾਰੁ” ਕੇਵਲ ਸਤਿਗੁਰੂ ਹੀ ਖੋਟਿਆਂ ਤੋਂ ਖਰੇ ਬਣਾਉਣ ਦੀ ਤਾਕਤ ਰਖਦਾ ਹੈ। ਇਸ ਲਈ ਕੇਵਲ ਸ਼ਬਦ ਗੁਰੂ ਦੀ ਕਮਾਈ ਨਾਲ ਹੀ ਖਰੇ ਬਣਿਆ ਜਾ ਸਕਦਾ ਹੈ ਅਤੇ ਉਸ ਤੋਂ ਬਿਨਾ ਅਜਿਹਾ ਹੋਣਾ ਸੰਭਵ ਹੀ ਨਹੀਂ।

“ਸਚੀ ਦਰਗਹ ਮੰਨੀਅਨਿ, ਗੁਰ ਕੈ ਪ੍ਰੇਮ ਪਿਆਰਿ” … ਫਿਰ ਉਹ ਸਤਿਗੁਰੂ ਰਾਹੀਂ ਬਖ਼ਸ਼ੇ ਹੋਏ ਪ੍ਰੇਮ ਪਿਆਰ ਕਾਰਨ, ਪ੍ਰਭੂ ਦੀ ਦਰਗਾਹ `ਚ ਆਦਰ ਮਾਨ ਪਾਂਦੇ ਤੇ ਕਬੂਲ ਹੋ ਜਾਂਦੇ ਹਨ।

“ਗਣਤ ਤਿਨਾ ਦੀ ਕੋ ਕਿਆ ਕਰੈ, ਜੋ ਆਪਿ ਬਖਸੇ ਕਰਤਾਰਿ” ਇਸ ਤਰ੍ਹਾਂ ਕਰਤਾ ਪ੍ਰਭੂ ਜਿਨ੍ਹਾਂ ਨੂੰ ਆਪ ਬਖ਼ਸ ਦਿੰਦਾ ਤੇ ਆਪਣੇ ਦਰ `ਤੇ ਕਬੂਲ ਕਰ ਲੈਂਦਾ ਹੈ ਤਾਂ ਉਨ੍ਹਾਂ ਦੇ ਕਰਮਾ ਦਾ ਲੇਖਾ ਜੋਖਾ ਕੋਣ ਕਰ ਸਕਦਾ ਹੈ? ਭਾਵ ਹੋਰ ਕੋਈ ਵੀ ਨਹੀਂ ਕਰ ਸਕਦਾ। ੧੨।

ਗੁਰਮੱਤ ਵਿਚਾਰ ਦਰਸ਼ਨ- ਇਹ ਸਾਰੀ ਰਚਨਾ ਕਰਤੇ ਦੀ ਆਪਣੀ ਘੜੀ ਹੋਈ ਹੈ ਤੇ ਇਸ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ। ਇਸ ਸੰਸਾਰ ਦੋ ਤਰ੍ਹਾਂ ਦੇ ਜੀਵਨ ਪਲਦੇ ਹਨ। ਇੱਕ ਤਾਂ ਉਹ ਹੁੰਦੇ ਹਨ ਜਿਹੜੇ ਸਫ਼ਲ਼ ਜੀਵਨ ਨੂੰ ਪ੍ਰਾਪਤ ਹੋ ਜਾਂਦੇ ਤੇ ਕਰਤੇ ਦੇ ਦਰ `ਤੇ ਕਬੂਲ ਹੋ ਜਾਂਦੇ ਹਨ। ਉਹ ਸੰਸਾਰਕ ਯਾਤ੍ਰਾ ਤੋਂ ਬਾਅਦ ਮੁੜ ਜਨਮਾਂ ਦੇ ਗੇੜ `ਚ ਨਹੀਂ ਆਉਂਦੇ ਬਲਕਿ ਜੀਊਂਦੇ ਜੀਅ ਹੀ ਕਰਤੇ `ਚ ਸਮਾ ਜਾਂਦੇ ਹਨ। ਦੂਜੇ ਉਹ ਹੁੰਦੇ ਹਨ ਜੋ ਮਨੁੱਖਾ ਜਨਮ ਦੇ ਮਕਸਦ `ਚ ਸਫ਼ਲ ਨਹੀਂ ਹੁੰਦੇ। ਉਨ੍ਹਾਂ ਦੇ ਜਨਮ ਕੱਚੇ ਰਹਿ ਜਾਂਦੇ ਹਨ, ਕਰਤੇ ਦੀ ਦਰਗਾਹ `ਚੋਂ ਵੀ ਧੱਕ ਦਿੱਤੇ ਜਾਂਦੇ ਹਨ ਭਾਵ ਉਨ੍ਹਾਂ ਨੂੰ ਮੁੜ ਮਨਮਾਂ ਜੂਨਾਂ ਦੇ ਗੇੜ `ਚ ਪਾ ਦਿੱਤਾ ਹੈ। ਇਸ ਸਾਰੇ ਲਈ ਨਿਆਂਕਾਰੀ ਕੇਵਲ ਤੇ ਕੇਵਲ ਕਰਤਾ ਆਪ ਹੀ ਹੈ ਤੇ ਹਰੇਕ ਦੇ ਕਰਮਾਂ ਦਾ ਲੇਖਾ ਜੋਖਾ ਵੀ ਪ੍ਰਭੂ ਆਪ ਕਰਦਾ ਹੈ, ਕੋਈ ਦੂਜਾ ਨਹੀਂ।

ਇਹ ਵੀ ਕਿ ਅਸਫ਼ਲ ਜੀਵਨ ਵੀ ਸੰਭਾਲੇ ਤਾਂ ਜਾਂਦੇ ਹੀ ਹਨ ਪਰ ਉਨ੍ਹਾਂ ਨੂੰ ਪਹਿਲਾਂ ਸਤਿਗੁਰੂ ਭਾਵ ਸਦਾ ਥਿਰ ਸ਼ਬਦ ਗੁਰੂ ਦੀ ਕਮਾਈ ਕਰਕੇ ਜੀਵਨ ਨੂੰ ਸਫ਼ਲ ਕਰਣ ਦੀ ਲੋੜ ਹੁੰਦੀ ਹੈ ਅਤੇ ਉਸ ਤੋਂ ਬਿਨਾ ਉਹ ਜਨਮਾਂ ਦੀਆਂ ਚੋਟਾਂ ਹੀ ਖਾਂਦੇ ਰਹਿੰਦੇ ਹਨ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਪਉੜੀ `ਚ ਗੁਰਦੇਵ ਨੇ ਜੋ ਮੁੱਖ ਵਿਸ਼ਾ ਨਿਭਾਇਆ ਹੈ ਉਹ ਇਹ ਕਿ ਸੰਪੂਰਨ ਰਚਨਾ ਦਾ ਰਚਨਹਾਰਾ ਤੇ ਇਸ ਦੀ ਸੰਭਾਲ ਕਰਣ ਵਾਲਾ ਕੇਵਲ ਤੇ ਕੇਵਲ ਪ੍ਰਭੂ ਆਪ ਹੀ ਹੈ। ਦੂਜਾ ਇਹ ਕਿ ਹਰੇਕ ਮਨੁੱਖ ਮਾਤ੍ਰ ਦੇ ਕਰਮਾਂ ਦਾ ਲੇਖਾ ਜੋਖਾ ਵੀ ਕੋਈ ਹੋਰ ਨਹੀਂ ਬਲਕਿ ਅਕਾਲ ਪੁਰਖ ਆਪ ਕਰਦਾ ਹੈ ਅਤੇ ਉਸ ਦੇ ਸੱਚ ਨਿਆਂ `ਚ ਹੀ “ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ” ਵਾਲੀ ਖੇਡ ਚਲਦੀ ਹੈ।

ਫ਼ਿਰ ਇੰਨਾ ਹੀ ਨਹੀਂ, ਇਸ ਦਾ ਤੀਜਾ ਪੱਖ ਵੀ ਹੈ। ਉਹ ਪੱਖ ਹੈ ਕਿ “ਖੋਟੇ ਸਟੀਅਹਿ ਬਾਹਰ ਵਾਰਿ” ਇਸ ਤਰ੍ਹਾਂ ਜਿਹੜੇ ਕਰਤੇ ਦੇ ਦਰ `ਤੇ ਪ੍ਰਵਾਨ ਨਹੀਂ ਹੁੰਦੇ, ਉਥੋਂ ਧੱਕ ਦਿੱਤੇ ਜਾਂਦੇ ਹਨ ਭਾਵ ਉਨ੍ਹਾਂ ਨੂੰ ਮੁੜ ਜਨਮ ਮਰਨ ਤੇ ਭਿੰਨ ਭਿੰਨ ਜੂਨਾਂ ਵਾਲੇ ਗੇੜ `ਚ ਪਾ ਦਿੱਤਾ ਜਾਂਦਾ ਹੈ।

ਜਦਕਿ ਉਨ੍ਹਾਂ ਧੱਕਿਆਂ ਹੋਇਆਂ ਲਈ ਵੀ ਬਾਣੀ ਦਾ ਹੀ ਨਿਰਣਾ ਹੈ ਕਿ ਉਹ ਵੀ ਜਦੋਂ ਕਿਸੇ ਮਨੁੱਖਾ ਜਨਮ ਸਮੇਂ ਸ਼ਬਦ ਗੁਰੂ ਦੀ ਕਮਾਈ ਕਰ ਲੈਂਦੇ ਹਨ, ਸਫ਼ਲ ਜੀਵਨ ਨੂੰ ਹਾਸਲ ਕਰ ਲੈਂਦੇ ਹਨ ਤਾਂ ਆਖ਼ਿਰ `ਚ ਉਹ ਵੀ ਅਭੇਦ ਹੋ ਜਾਂਦੇ ਹਨ। ਉਨ੍ਹਾਂ ਲਈ ਵੀ ਪਉੜੀ `ਚ ਸਪਸ਼ਟ ਫ਼ੁਰਮਾਇਆ ਹੈ ਕਿ ਉਹ ਵੀ ਸਦਾ ਲਈ ਧੱਕੇ ਨਹੀਂ ਰਹਿੰਦੇ ਬਲਕਿ “ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥ ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ॥ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ” ਇਹ ਵਖਰੀ ਗੱਲ ਹੈ ਚੂੰਕਿ ਇਸ ਪਉੜੀ `ਚ ਵਿਸ਼ਾ ਹੀ ਕੇਵਲ ਮਨੁੱਖਾ ਜੂਨ ਦਾ ਹੈ ਇਸ ਲਈ ਗੁਰੂ ਸਾਹਿਬ ਨੂੰ ਇਥੇ ਉਚੇਚੇ ਫ਼ਿਰ ਤੋਂ “ਕਿਸੇ ਮਨੁੱਖਾ ਜਨਮ ਸਮੇਂ” ਵਾਲੇ ਵੇਰਵੇ ਦੀ ਲੋੜ ਨਹੀਂ ਪਈ ਜਿਵੇਂ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਪੰ: ੯੨੦) ਅਤੇ ਇਸ ਦੀ ਪ੍ਰੌੜਤਾ `ਚ ਹੋਰ ਵੀ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਇਸ ਤੋਂ ਬਾਅਦ ਸਲੋਕਾਂ `ਚ ਵੀ ਇਸੇ ਵਿਸ਼ੇ ਦੀ ਵਿਆਖਿਆ ਹੈ। ਪਹਿਲੇ ਸਲੋਕ `ਚ ਪਾਤਸ਼ਾਹ ਨੇ ਕਈ ਮਿਸਾਲਾਂ ਦੇ ਕੇ ਸਪਸ਼ਟ ਕੀਤਾ ਹੈ ਕਿ “ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ” ਭਾਵ ਗੁਰਮੱਤ ਜੀਵਨ ਵੱਲੋਂ ਅਗਿਆਨਤਾ ਦੇ ਸਾਗਰ `ਚ ਗੋਤੇ ਖਾ ਰਿਹਾ ਮਨੁੱਖ, ਜਿਸ ਨੂੰ ਇਥੇ ਮੂਰਖ ਕਿਹਾ ਹੈ ਉਹ ਆਪਣਾ ਲੋਕ ਤੇ ਪ੍ਰਲੋਕ ਦੋਨੋਂ ਤਾਂ ਵਿਗਾੜਦਾ ਹੀ ਹੈ ਬਲਕਿ ਜਿਹੜੇ ਉਸ ਦੀ ਸੰਗਤ `ਚ ਆਉਂਦੇ ਹਨ ਉਨ੍ਹਾਂ ਦੇ ਜੀਵਨ ਦਾ ਵੀ ਨਾਸ ਕਰਦਾ ਹੈ। ਜਦਕਿ ਇਥੇ ਮੂਰਖ ਦੇ ਅਰਥ ਹੀ ਇਹ ਹਨ ਕਿ ਜਿਸ ਦੀ ਦੁਰਲਭ ਮਨੁੱਖਾ ਜਨਮ ਦੇ ਅਮੁੱਲੇ ਮਕਸਦ ਤੋਂ ਅਨਜਾਣ ਹੋਣ ਕਾਰਨ ਹਰੇਕ ਕਰਣੀ ਸੋਚਣੀ ਵਿਹਾਰ ਉਸ ਨੂੰ ਜੀਵਨ ਦੇ ਉਲਟੇ ਪਾਸੇ ਲਿਜਾਉਂਦੀ ਹੈਾ ਸਪਸ਼ਟ ਹੈ ਖੋਟੇ ਜੀਵਨ ਵਾਲੇ ਉਹ ਹਨ ਜਿਨ੍ਹਾਂ ਦੀ ਪਹਿਚਾਣ ਵੀ ਪਉੜੀ `ਚ ਹੀ ਹੈ ਅਤੇ ਉਨ੍ਹਾਂ ਬਾਰੇ ਹੀ ਫ਼ੈਸਲਾ ਹੈ “ਖੋਟੇ ਸਟੀਅਹਿ ਬਾਹਰ ਵਾਰਿ”

ਇਸੇ ਤਰ੍ਹਾਂ ਦੂਜੇ ਸਲੋਕ `ਚ ਦੂਜੇ ਰੁਖ ਦੀਆਂ ਪਰ ਸਬੰਧਤ ਮਿਸਾਲਾਂ ਵਰਤ ਕੇ ਗੁਰਦੇਵ ਨੇ ਜੀਵਨ ਦੇ ਸਫ਼ਲ ਪੱਖ ਨੂੰ ਉਘਾੜਿਆ ਹੈ ਜਿਵੇਂ “ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ” ਅਤੇ ਜਿਨ੍ਹਾਂ ਵਾਸਤੇ ਫ਼ੁਰਮਾਇਆ ਹੈ “ਖਰੇ ਖਜਾਨੈ ਪਾਈਅਹਿ” ਸਪਸ਼ਟ ਹੈ ਕਿ ਪਉੜੀ ਤੇ ਭਾਵੇਂ ਸਲੋਕ ਪਰ ਦੋਵੇਂ ਪਾਸੇ ਮੂਲ ਵਿਸ਼ਾ ਇਕੋ ਹੀ ਹੈ। ਗੁਰਦੇਵ ਨੇ ਜੋ ਵਿਸ਼ਾ ਪਉੜੀ `ਚ ਨਿਭਾਇਆ ਹੈ ਉਸੇ ਦੀ ਹੀ ਵਿਆਖਿਆ ਸਲੋਕਾਂ `ਚ ਵੀ ਕੀਤੀ ਹੋਈ ਹੈ। (ਚਲਦਾ) #18 MkV.GVDs18.12.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.