.

ਵਡੇ ਭਰਾਤਾ ਜੀ ਦਾ ਵੈਰ ਨਿੱਖਰ ਕੇ ਸਾਹਮਣੇ ਆ ਗਿਆ-

ਮੁਖੋਂ ਗ਼ੁੱਸੇ ਦੀ ਝੱਗ ਸੁੱਟਦਾ ਹੋਇਆ ਪ੍ਰਿਥੀ ਚੰਦ ਘਰ ਪੁੱਜਾ। ਮੰਝਲੇ ਵੀਰ, ਬਾਬਾ ਮਹਾਂਦੇਵ ਜੀ ਨੇ ਪੁਰਾਤਨ ਗਾਥਾਵਾਂ ਦੀਆਂ ਕਈ ਉਦਾਹਰਣਾ ਨਾਲ ਬੜਾ ਸਮਝਾਇਆ ਕਿ, ਘਰ ਵਿੱਚ ਫੁੱਟ ਚੰਗੀ ਨਹੀਂ ਹੁੰਦੀ, ਪਰ ਜਦ ਉਹ ਆਪਣੇ ਪਰਵਾਰ ਸਮੇਤ ਘਰੋਂ ਚਲੇ ਜਾਣ ਦੀ ਮੂਰਖ-ਜ਼ਿੱਦ ਤੇ ਅੜਿਆ ਰਿਹਾ ਤਾਂ:-

ਪ੍ਰਿਥੀਏ ਸੋਂ ਤਬ ਨਹਿ ਬਨਿ ਆਯੋ। ਮਹਾਦੇਵ ਨਿਜ ਭਵਨ ਸਿਧਾਯੋ।

ਜੋ ਸਯਾਨੇ ਕੀ ਬਾਤ ਨ ਮਾਨੇ। ਸੇ ਦੁਖੁ ਪਾਵਤ ਬੀਚ ਜਹਾਨੇ॥ 30॥

ਮਹਾਦੇਵ ਕੀ ਜਰਾ ਨ ਮਾਨੀ। ਹੇਰੀਂ ਗ੍ਰਾਮ ਚਲਯੋ ਅਭਿਮਾਨੀ।

ਸੁਤ ਦਾਰਾ ਸਭ ਹੀ ਸੰਗਿ ਲੀਨੇ। ਅਤਿ ਰਿਸ ਸੋ ਤਬ ਪਯਾਨਾ ਕੀਨੇ॥ 31॥

ਇਸ ਤਰ੍ਹਾਂ ਗ਼ੁੱਸੇ ਵਿੱਚ ਸੜਦਾ ਭੁੱਜਦਾ ਆਪਣੇ ਪ੍ਰਵਾਰ ਸਮੇਤ ਘਰੋਂ ਨਿਕਲ ਤੁਰਿਆ। ਮਾਝੇ ਦਾ ਸਰਕਾਰੀ ਮਾਮਲਾ ਉਗ੍ਰਾਹੁਣ ਲਈ ਦਿਲੀ ਤੋਂ ਜਹਾਂਗੀਰ ਦਾ ਭੇਜਿਆ ਹਾਕਮ ‘ਸੁਲਹੀਖਾਂ’ ਪੰਜਾਬ ਆ ਕੇ ‘ਹੇਰ’ ਪਿੰਡ ਵਿੱਚ ਠਹਿਰਿਆ ਹੋਇਆ ਸੀ, (ਬਾਬਾ) ਪ੍ਰਿਥੀ ਚੰਦ ਉਸ ਕੋਲ ਜਾ ਫ਼ਰਿਆਦੀ ਹੋਇਆ। ਕਿ. ਉਸ ਦੇ ਪਿਤਾ ਨੇ ਛੋਟੇ ਬੇਟੇ (ਗੁਰੂ) ਅਰਜਨ ਦੇਵ ਨੂੰ ਗੁਰਿਆਈ ਦੇ ਕੇ ਉਸ ਨਾਲ ਪਹਿਲਾਂ ਹੀ ਬੜਾ ਧੱਕਾ ਕੀਤਾ ਸੀ ਪਰ ਹੁਣ, (ਗੁਰੂ) ਅਰਜਨ ਦੇਵ ਨੇ ਉਸ ਨੂੰ ਘਰੋਂ ਹੀ ਕੱਢ ਦਿੱਤਾ ਹੈ। ਸੁਲਹੀ ਖਾਂ ਨੇ ਪ੍ਰਿਥੀ ਚੰਦ ਨੂੰ ਹੇਰ ਪਿੰਡ ਵਿੱਚ ਮਕਾਨ ਬਣਾ ਕੇ ਵੱਸਣ ਲਈ ਲਈ ਭੁਇੰ ਦੇ ਦਿੱਤੀ। ਸਤਿਗੁਰੂ ਜੀ ਨੂੰ ਪਤਾ ਲੱਗਾ ਤਾ ਉਨ੍ਹਾਂ ਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਕਿ ਉਹ ਵਡੇ ਭਰਾਤਾ ਜੀ ਨੂੰ ਮੋੜ ਲਿਆਵੇ। ਭਾਈ ਜੀ ਨੇ ਬੜਾ ਸਮਝਾਇਆ ਪਰ ਕਈ ਤਰ੍ਹਾਂ ਦੇ ਮੰਦੇ ਬਚਨ ਕਹਿੰਦੇ ਹੋਏ ਪ੍ਰਿਥੀਏ ਨੇ ਜਦ ਇਉਂ ਅਖਿਆ:-

ਇਹ ਬਿਧਿ ਹਮ ਨਹਿ ਲੇਹਿ ਕਪਟ ਕਰਿ ਬਾਤ ਬਨਾਈ।

ਦਿੱਲੀ ਪਕਰ ਮੰਗਾਇ ਤਬੈ ਲੇਂਵੈਂ ਗੁਰਿਆਈ॥ 48॥

ਭਾਈ ਗੁਰਦਾਸ ਜੀ ਨੇ ਸਮਝ ਲਿਆ ਕਿ, ਇਸ ਦੇ ਮਨ ਤੇ ਮਾਇਆ ਸਵਾਰ ਹੋ ਚੁੱਕੀ ਹੈ ਅਤੇ ਉਸ ਦੇ ਬੜੇ ਸੁੰਦਰ ਵੇਸ ਨੂੰ ਵੇਖ ਕੇ ਭਾਈ ਜੀ ਨੇ:-ਤਿਸਹੀ ਕੇ ਪਰਥਾਇ ਛਤੀਵੀਂ ਵਾਰ ਉਚਾਰੀ. . 50. ਭਾਵ, ਭਾਈ ਗੁਰਦਾਸ ਜੀ ਨੇ 36ਵੀਂ ਵਾਰ ਏਸੇ ਪਰਥਾਇ ਉਚਾਰੀ ਸੀ। ਭਾਈ ਜੀ ਮਾਯੂਸ ਵਾਪਸ ਪਰਤ ਗਏ। ਪ੍ਰਿਥੀਏ ਨੇ ਜੋ ਧਮਕੀਆਂ ਦਿੱਤੀਆਂ ਸਾਰੀ ਵਾਰਤਾ ਸਤਿਗੁਰਾਂ ਨੂੰ ਕਹਿ ਸਾਣਾਈ। ਸ਼ਾਂਤ ਚਿੱਤ ਸਤਿਗੁਰੂ ਜੀ ਦੇ ਬਚਨ:-

ਗੁਰ ਅਰਜਨ ਤਬ ਕਹਾ ਸੁਨਾਈ। ਅਗ੍ਰ ਨੀਚ ਨਿਵ ਅਤਿ ਦੁਖਦਾਈ।

ਸ੍ਰੀ ਗੁਰੂ ਨਾਨਕ ਕਰੈ ਸੁ ਹੋਈ। ਔਰ ਬਾਤ ਨਹਿ ਹੋਵੈ ਕੋਈ॥ 52॥

ਅਰਥ:-ਗੁਰੂ ਅਰਜਨ (ਸਾਹਿਬ ਜੀ) ਕਹਿ ਸਾਨਾਇਆ ਕਿ, ਨੀਵੇ ਅੱਗੇ ਝੁਕਣਾ ਬਹੁਤ ਦੁਖਦਾਈ ਹੁੰਦਾ ਹੈ। ਉਹੀ ਗਲ ਹੋਣੀ ਹੈ ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਰਨੀ ਹੈ। 52.

ਕੁਝ ਸਮੇ ਪਿੱਛੋਂ ਬਾਦਸ਼ਾਹ ਦਾ ਹੁਕਮ ਆਇਆ ਤਾਂ ਸੁਲਹੀ ਖਾਂ ਦੇ ਨਾਲ ਹੀ ਪ੍ਰਿਥੀ ਚੰਦ ਦਿੱਲੀ ਜਾ ਵੜਿਆ। ਸੁਲਹੀ ਖਾਂ ਨੇ, ਮਾਮਲੇ ਦੀ ਰਕਮ ਤੇ ਹੋਰ ਪਦਾਰਥ ਪੇਸ਼ ਕਰਨ ਦੇ ਨਾਲ ਪ੍ਰਿਥੀ ਚੰਦ ਦੀ ਮੁਲਾਕਾਤ ਵੀ ਜਹਾਂਗੀਰ ਨਾਲ ਕਰਾ ਦਿੱਤੀ ਸੁਲਹੀ ਖ਼ਾਂ ਦੀ ਸ਼ਹਿ ਤੇ (ਬਾਬਾ) ਪ੍ਰਿਥੀ ਚੰਦ ਦਿੱਲੀ ਦੇ ਤਾਜਦਾਰ ਜਹਾਂਗੀਰ ਕੋਲ ਵੀ ਆਪਣਾ ਝੂਠ-ਰੋਣਾ ਰੋ ਕੇ ਜਹਾਂਗੀਰ ਦੇ ਮਨ ਤੇ ਆਪਣੀ ਚੰਗਿਆਈ ਦਾ ਪ੍ਰਭਾਵ ਪਾਉਣ ਦਾ ਪੂਰਾ ਜ਼ੋਰ ਲਾਇਆ-ਤਾਂ ਪਰੁ ਪ੍ਰਿਥੀਏ ਅਰਜ ਸੁਨਾਈ। ਜਹਾਂਗੀਰ ਬੋਲਯੋ ਇਹ ਭਾਇ- (57) -ਕੁਟਲ ਲਿਖਾਰੀ ਪਤਾ ਨਹੀਂ ਕਿਸ ਯੋਜਨਾਂ ਅਧੀਨ ਜਹਾਂਗੀਰ ਨੂੰ ਸਗੋਂ ਗੁਰੂ ਘਰ ਦਾ ਸ਼ਰਧਾਲੂ ਦਰਸਾਉਂਦਾ ਹੋਇਆ ਇਉਂ ਲਿਖਦਾ ਹੈ:-

ਗੁਰ ਨਾਨਕ ਗ੍ਰਿਹ ਕੋ ਹਮ ਦਾਸ। ਤੁਮਰਾ ਨਿਆਉਂ ਸ੍ਰੀ ਗੁਰ ਪਾਸਿ।

ਗੁਰ ਰਾਮਦਾਸ ਤਿਹ ਦੀਨ ਗੁਰਿਆਈ। ਜੋ ਹਮ ਤੇ ਨਹਿ ਜਾਤ ਮਿਟਾਈ॥ 58॥

ਜੇ ਗੁਰਿਆਈ ਤੁਮ ਕੋ ਹੋਤੀ। ਜੀਵਤ ਦੇਵਤ ਸ੍ਰੀ ਗੁਰ ਜੋਤੀ।

ਅਬ ਤਿਨ ਕੋ ਤੁਮ ਲਾਗੈ ਪਾਈ। ਜਹਾਂਗੀਰ ਅਸ ਬਾਤ ਅਲਾਈ॥ 59॥

ਅਰਥ:-ਮੈਂ ਤਾਂ ਗੁਰੂ ਨਾਨਕ ਜੀ ਦੇ ਘਰ ਦਾ ਦਾਸ ਹਾਂ, ਤੇਰਾ ਨਿਆਂ ਸਤਿਗੁਰੂ ਜੀ ਕੋਲ ਹੀ ਹੈ। ਜਿਹੜੀ ਗੁਰਿਆਂਈ ਸਤਿਗੁਰੂ ਰਾਮ ਦਾਸ ਜੀ ਨੇ ਆਪ ਸੌਪੀ ਹੈ ਉਹ ਮੇਰੇ ਕੋਲੋਂ ਨਹੀਂ ਮਿਟਾਈ ਜਾ ਸਕਦੀ। 58. ਜੇ ਤੇਰਾ ਹਕ ਬਣਦਾ ਹੁੰਦਾ ਤਾ ਜੋਤਿ ਸਰੂਪ ਸਤਿਗੁਰੂ ਜੀ ਜੀਉਂਦਿਆ ਹੀ ਤੇਨੂੰ ਦੇ ਦਿੰਦੇ। ਜਹਾਂਗੀਰ ਨੇ ਸਗੋਂ ਇਹ ਬਚਨ ਆਖੇ ਕਿ, ਤੇਨੂੰ ਚਾਹੀਦਾ ਹੈ ਕਿ ਸਤਿਗੁਰੂ ਜੀ ਦੀ ਚਰਨੀ ਜਾ ਲੱਗੇਂ॥ 59॥

2-ਗੁਰੂ ਇਤਹਾਸ ਨਾਲ ਘਿਣਾਵਣਾ ਠੱਠਾ

ਬਾਰ-ਬਾਰ ਉਹ ਝੂਠ ਪੜ੍ਹ ਕੇ ਉਸ ਬਾਰੇ ਗੁਰਮਤਿ ਵਿਚਾਰਾਂ ਲਿਖਣੀਆਂ ਸਮਾ ਫ਼ਜ਼ੂਲ ਗੁੲਆਉਣਾ ਕਠਨ ਬਣ ਖਲੋਤਾ ਹੈ। ਇਸ ਲਈ ਅੱਗੇ ਤੁਰਨ ਤੋਂ ਪਹਿਲਾਂ ਸਭ ਕੁੱਝ ਗੁਰਮੁਖ ਪਾਠਕਾਂ ਨਾਲ ਸਾਂਝਾ ਕਰ ਲੈਣਾ ਜ਼ਰੂਰੀ ਬਣ ਗਿਆ ਹੈ। ਅਸ਼ਾਂ ਪਹਿਲੇ ਅਧਿਆਇ ਦੀ 137ਵੀਂ ਚੌਪਈ ਵਿੱਚ ਮਾਤਾ ਗੰਗਾ ਜੀ 21 ਅੱਸੂ-ਸੰਮਤ 1651 ਨੂੰ ਗਰਭ ਵਤੀ ਹੋਏ ਪੜ੍ਹਿਆ, ਅਤੇ ਉਸੇ ਅਧਿਾਇ ਦੀ 151ਵੀਂ ਚੌਪਈ ਵਿਚ-“ਜਹਾਂਗੀਰ ਦਿੱਲੀ ਸੁ ਪਠਾਯੋ।” ਭਾਵ, ਜਹਾਂਗੀਰ ਦਿੱਲੀ ਤੋਂ ਆਇਆ ਸੀ, ਪੜ੍ਹ ਲਿਆ ਸੀ। ਸਾਹਿਬਜ਼ਾਦਾ ਹਰਿਗੋਬਿੰਦ ਜੀ ਦਾ ਜਨਮ 175ਵੀਂ ਚੌਪਈ ਅਨੁਸਾਰ 21 ਹਾੜ 1652 ਨੂੰ ਹੋਇਆਂ ਸੀ। ਵਡਾਲੀ ਤੋਂ ਅੰਮ੍ਰਿਤਸਰ ਆਏ ਤਾਂ ਲਗ-ਪਗ 3/4 ਸਾਲ ਦੇ ਸਮੇ ਵਿੱਚ (ਬਾਬਾ) ਪ੍ਰਿਥੀ ਚੰਦ ਫਿਰ ਜਹਾਂਗੀਰ ਕੋਲ ਜਾ ਕੇ ਸ਼ਕਾਇਤਾਂ ਕਰ ਰਹੇ ਹਨ। ਜਦ ਕਿ, ਇਤਿਹਾਸਕ ਸਚਾਈ ਇਹ ਹੈ ਕਿ, ਉਨ੍ਹਾਂ ਦਿਨਾਂ (ਸੰਮਤ 1651-52) ਵਿੱਚ ਦਿੱਲ਼ੀ ਦਾ ਤਾਜਦਾਰ ਅਕਬਰ ਜੀਊਦਾ ਹੋਣ ਦੇ ਕਾਰਨ ਮੁਗ਼ਲ-ਸ਼ਾਹੀ ਖ਼ਾਨਦਾਨ ਵਿੱਚ ‘ਜਹਾਂਗੀਰ’ ਨਾਮੀ ਕੋਈ ਮਨੁੱਖ ਹੈ ਹੀ ਨਹੀਂ ਸੀ। ਸੋ 10/11 ਸਾਲ ਪਹਿਲਾਂ ਹੀ ਲਿਖਾਰੀ ਬਾਬਾ ਪ੍ਰਿਥੀ ਚੰਦ ਕਿਹੜੇ ਜਹਾਂਗੀਰ ਨੂੰ ਮਿਲਦਾ ਦਰਸਾਇਆ ਹੈ?

ਅਕਬਰ ਦਾ ਬੇਟਾ “ਸਲੀਮ” ਅਕਤੂਬਰ ਸੰਨ 1605 (ਮੁਤਾਬਕ ਅੱਸੂ 1662) ਨੂੰ ਜਹਾਂਗੀਰ ਲਕਬ ਧਾਰਨ ਕਰਕੇ ਦਿੱਲੀ ਦੇ ਤਖ਼ਤ ਤੇ ਬੈਠਾ ਸੀ। ਝੱਟ ਹੀ ਉਸ ਦੇ ਪੁੱਤਰ ਖ਼ੁਸਰੋ ਨੇ ਬਗ਼ਾਵਤ ਕਰ ਦਿੱਤੀ ਤਾਂ ਉਸ ਵਿੱਚ ਅਜੇਹਾ ਉਲਝਿਆਂ ਕਿ ਰਾਜ ਦੇ ਕੰਮ ਕਾਜ ਭੁੱਲ ਕੇ ਉਸ ਦਾ ਪਿੱਛਾ ਕਰਦਾ ਮਗਰ ਪਿਆ ਜਹਾਂਗੀਰ ਲਾਹੌਰ ਆਇਆ। ਤਖ਼ਤ ਨਸ਼ੀਨੀ ਤੋਂ ਸਤਵੇ ਮਹੀਨੇ ਤੱਕ, ਜਹਾਂਗੀਰ ਨੇ, ਪੰਚਮ ਪਾਤਸ਼ਾਹ ਜੀ ਨੂੰ ਗ੍ਰਿਫ਼ਤਾਰ ਕਰਵਾ ਕੇ ਸ਼ਹੀਦ ਕਰਵਾ ਦਿੱਤਾ ਸੀ। ਸੁਲਹੀ ਖ਼ਾਨ ਤਾਂ ਪਹਿਲਾਂ ਹੀ ਭੱਠੇ ਦੀ ਅੱਗ ਦੀ ਭੱਠੇ ਦੀ ਅੱਗ ਦੀ ਭੇਟਾ ਹੋ ਚੁੱਕਾ ਸੀ। ਸੋ ਪ੍ਰਿਥੀ ਚੰਦ ਜੀ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਜੀ ਦੇ ਵਿਰੁੱਧ ਜਹਾਂਗੀਰ ਨੂੰ ਮਿਲਦਾ ਰਹਿਣ ਵਾਲੀਆਂ ਸਾਰੀਆਂ ਸ਼ਕਾਇਤਾ ਝੂਠੀਆਂ ਹਨ। ਉਸ ਸਮੇ ਦੀਆਂ ਜਹਾਂਗਗ਼ੀਰ ਨਾਲ ਹੋਈਆਂ ਪ੍ਰਿਥੀ ਚੰਦ ਜੀ ਦੀਆਂ ਮੁਲਾਕਾਤਾ ਝੂਠ-ਕਹਾਣੀਆਂ ਹਨ। ਇਸ ਕਾਰਨ ਉਸ ਬਾਰੇ ਗੁਰਮਤਿ ਵਿਚਾਰਾਂ ਲਿਖਣੀਆਂ ਸਮਾ ਨਸ਼ਟ ਕਰਨਾ ਹੋਵੇਗਾ।

ਸਾਡੇ ਸਨਮਾਨ ਜੋਗ ਸਿੰਘ ਸਾਹਿਬ ਜੀ ਹਰ ਥਾਂ ਟੂਕਾਂ ਵਿੱਚ ਅਰਥ ਲਿਖਣ-ਰੂਪ ਲਿਖਾਰੀ ਦੇ ਝੂਠ ਨੂੰ ਸਚੁ ਬਣਾਈ ਗਏ। ਇਸ ਬਾਰੇ ਪਾਠਕ ਸੱਜਣ ਨਿਰਣਾ ਕਰ ਲੈਣ। ਖ਼ਾਲਸਾ ਪੰਥ ਦੇ ਅਜੋਕੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਕੋਲੋਂ ਅਦਬ ਸਤਿਕਾਰ ਨਾਲ ਜਾ ਪੁਛਣ ਕਿ ਉਨ੍ਹਾਂ ਨੇ, ਏਡੇ ਵੱਡੇ ਝੂਠ ਵਾਲੀ ਪੁਸਤਕ ਪੰਥ ਲਈ ਸੁਗ਼ਾਤ ਕਿਸ ਦਲੀਲ ਨਾਲ ਬਣਾ ਦਿੱਤੀ ਸੀ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.