.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 19)

‘ਗੁਰ ਬਿਲਾਸ ਪਾਤਸ਼ਾਹੀ ੬’, ਮਹਿਮਾ ਪ੍ਰਕਾਸ਼ ਵਾਰਤਕ ਅਤੇ ਕਵਿਤਾ’, ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ‘ਗੁਰ ਪ੍ਰਤਾਪ ਸੂਰਯ’, ਤਵਾਰੀਖ਼ ਗੁਰੂ ਖ਼ਾਲਸਾ, ਸਿੱਖ ਰਿਲੀਜਨ ਤੋਂ ਇਲਾਵਾ ਇਹਨਾਂ ਪੁਸਤਕਾਂ ਵਿੱਚ ਵੀ ਭਾਈ ਬਲਵੰਡ ਰਾਇ ਤੇ ਭਾਈ ਸੱਤੇ ਡੂਮ ਅਤੇ ਇਹਨਾਂ ਦੀ ਵਾਰ ਬਾਰੇ ਲਿਖਿਆ ਮਿਲਦਾ ਹੈ:
‘ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ’ ; ‘ਫ਼ਰੀਦਕੋਟ ਟੀਕਾ’ ; ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ’ ; ‘ਮਹਾਨ ਕੋਸ਼’ ; ‘ਸ਼ਬਦਾਰਥ’ ; ‘ਗੁਰੁਮਤ ਨਿਰਣਯ ਭੰਡਾਰ’ ; ‘ਭਾਵ ਪ੍ਰਕਾਸ਼ ਬਾਲ ਬੋਧਨੀ ਟੀਕਾ’ ; ਸ੍ਰੀ ਅਸਟ ਗੁਰ ਚਮਤਕਾਰ; “ਸ੍ਰੀ ਗੁਰੂ ਗ੍ਰੰਥ ਦਰਪਣ’ ; ‘ਪੰਜਾਬੀ ਵਿਸ਼ਵ ਕੋਸ਼’, ਆਦਿ। ਪਰੰਤੂ ਇਹਨਾਂ ਸਮੂਹ ਪੁਸਤਕਾਂ ਦੇ ਲੇਖਕਾਂ ਨੇ ਪ੍ਰਚਲਤ ਕਹਾਣੀ ਨੂੰ ਹੀ ਆਧਾਰ ਬਣਾ ਕੇ ਆਪੋ ਆਪਣੇ ਢੰਗ ਨਾਲ ਇਸ ਨੂੰ ਬਿਆਨ ਕੀਤਾ ਹੈ। ਇਤਨਾ ਹੀ ਨਹੀਂ ਲਗਭਗ ਹਰੇਕ ਲੇਖਕ ਨੇ ਕੁੱਝ ਨਾ ਕੁੱਝ ਆਪਣੇ ਵਲੋਂ ਇਸ ਵਿੱਚ ਜੋੜਨ ਦੀ ਕੌਸ਼ਸ਼ ਕੀਤੀ ਹੈ।
ਇਹਨਾਂ ਉਪਰੋਕਤ ਵਿਦਵਵਾਨਾਂ ਦੀਆਂ ਲਿਖਤਾਂ ਵਿਚੋਂ ਅਸੀਂ ਕੇਵਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲਿਖਤ ਨੂੰ ਸਾਂਝਿਆਂ ਕਰ ਰਹੇ ਹਾਂ। ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਪ੍ਰਚਲਤ ਕਹਾਣੀ ਨੂੰ ਹੀ ਆਧਾਰ ਬਣਾਇਆ ਹੈ ਪਰ ਆਪ ਜੀ ਨੇ ਕੁੱਝ ਪ੍ਰਚਲਤ ਧਾਰਨਾ ਨੂੰ ਰੱਦ ਕਰ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ, ਜਿਸ ਨੂੰ ਬਾਅਦ ਦੇ ਕਈ ਲੇਖਕਾਂ ਨੇ ਆਧਾਰ ਬਣਾਇਆ ਹੈ, ਇਸ ਲਈ ਅਸੀਂ ਸੰਖੇਪ ਵਿੱਚ ਪ੍ਰਫੈਸਰ ਸਾਹਿਬ ਸਿੰਘ ਜੀ ਦੀ ਇਸ ਲਿਖਤ ਨੂੰ ਹੀ ਪਾਠਕਾਂ ਨਾਲ ਸਾਂਝਿਆਂ ਕਰ ਰਹੇ ਹਾਂ।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਸਤਵੀਂ ਪੋਥੀ ਵਿੱਚ ਭਾਈ ਬਲਵੰਡ ਰਾਇ ਤੇ ਭਾਈ ਸੱਤੇ ਡੂਮ ਬਾਰੇ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਹੋਈ ਵਾਰ ਬਾਰੇ ਬੜੇ ਹੀ ਵਿਸਤਾਰ ਸਹਿਤ ਚਰਚਾ ਕੀਤੀ ਹੈ। ਆਪ ਲਿਖਦੇ ਹਨ, “ਸੱਤੇ ਬਲਵੰਡ ਨੇ ਇਹ ‘ਵਾਰ’ ਕਦੋਂ ਤੇ ਕਿਉਂ ਉਚਾਰੀ?
ਕਵੀ ਸੰਤੋਖ ਸਿੰਘ ਜੀ ਨੇ ‘ਗੁਰ ਪ੍ਰਤਾਪ ਸੂਰਜ ਪ੍ਰਕਾਸ਼’ ਵਿੱਚ ਇਹਨਾਂ ਦੀ ਜੋ ਸਾਖੀ ਲਿਖੀ ਹੈ ਉਹ ਬੜੀ ਸੁੰਦਰ ਤੇ ਦਿਲ-ਖਿਚਵੀਂ ਹੈ। ਕਵੀ ਜੀ ਨੇ ਇਹ ਘਟਨਾ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਦੱਸੀ ਹੈ। ਸਾਖੀ ਇਉਂ ਹੈ ਕਿ ਬਲਵੰਡ ਤੇ ਸੱਤਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ। ਲੜਕੀ ਦੀ ਸ਼ਾਦੀ ਤੇ ਮਾਇਆ ਮੰਗਿਓ ਨੇ। ਉਹਨਾਂ ਦੀ ਆਪਣੀ ਮਰਜ਼ੀ ਅਨੁਸਾਰ ਤਸੱਲੀ ਨਾਹ ਹੋਈ, ਤਾਂ ਕੀਰਤਨ ਕਰਨੋਂ ਵਿੱਟਰ ਬੈਠੇ, ਗੁਰੂ ਅਰਜਨ ਸਾਹਿਬ ਆਪ ਸੱਦਣ ਗਏ ਤਾਂ ਭੀ ਉਹ ਨਾਹ ਮੰਨੇ; ਸਗੋਂ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿੱਚ ਕੁਬੋਲ ਵਰਤਿਓ ਨੇ। ਸਤਿਗੁਰੂ ਜੀ ਨੇ ਸੰਗਤਿ ਨੂੰ ਖ਼ੁਦ ਕੀਰਤਨ ਕਰਨ ਲਈ ਹੁਕਮ ਕੀਤਾ ਤੇ ਕਿਹਾ ਕਿ ਬਲਵੰਡ ਸੱਤੇ ਪਾਸੋਂ ਕੋਈ ਸਿੱਖ ਕੀਰਤਨ ਨਾਹ ਸੁਣੋ। ਇਹ ਜਦੋਂ ਭੁੱਖੇ ਮਰਨ ਲੱਗੇ, ਮਾਣ ਟੁੱਟੋ ਨੇ, ਤਾਂ ਲਾਹੌਰ-ਨਿਵਾਸੀ ਭਾਈ ਲੱਧਾ ਜੀ ਨੂੰ ਸਿਫ਼ਾਰਸ਼ ਲਈ ਨਾਲ ਲਿਆਏ। ਮਾਫ਼ੀ ਮਿਲੀ ਤੇ ਗੁਰ-ਉਸਤਿਤ ਵਿੱਚ ਇਹ ‘ਵਾਰ’ ਉਚਾਰੀਓ ਨੇ।
ਕੁਝ ਲਿਖਾਰੀ ਇਸ ‘ਵਾਰ’ ਦਾ ਸਬੰਧ ਗੁਰੂ ਅੰਗਦ ਦੇਵ ਜੀ ਨਾਲ ਜੋੜਦੇ ਹਨ:
ਮਿਸਟਰ ਮੈਕਾਲਿਫ਼ ਨੇ ਆਪਣੇ ਸਿੱਖ-ਸਲਾਹਕਾਰਾਂ ਦੀ ਦੱਸੀ ਵਿਚਾਰ-ਅਨੁਸਾਰ ਇਹ ਸਾਖੀ ਗੁਰੂ ਅੰਗਦ ਸਾਹਿਬ ਦੇ ਸਮੇਂ ਦੀ ਲਿਖੀ ਹੈ। ਇਸ ਦੀ ਪ੍ਰੌੜਤਾ ਵਿੱਚ ਉਹ ਲਿਖਦੇ ਹਨ ਕਿ ਅਸਾਂ ਗਿਆਨੀ ਸਰਦੂਲ ਸਿੰਘ ਤੇ ਗਿਆਨੀ ਧਿਆਨ ਸਿੰਘ ਤੋ ਇਹ ਖ਼ਿਆਲ ਲਿਆ ਹੈ। ਗਿਆਨੀ ਬਿਸ਼ਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵਿੱਚ ਦੋਹਾਂ ਖ਼ਿਆਲਾਂ ਦਾ ਮਿਲਗੋਭਾ ਕਰ ਦਿੱਤਾ ਹੈ। ਸ਼ੁਰੂ ਵਿੱਚ ਲਿਖਦੇ ਹਨ ਕਿ ਇਹ ਘਟਨਾ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਈ, ਪਰ ਅਖ਼ੀਰ ਵਿੱਚ ਲਿਖਦੇ ਹਨ ਕਿ ਇਹ ‘ਵਾਰ’ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਵੇਲੇ ਪੜ੍ਹੀ ਗਈ। ‘ਸ਼ਬਦਾਰਥ’ ਦੇ ਲਿਖਾਰੀ ਲਿਖਦੇ ਹਨ ਕਿ ਮਰਦਾਨੇ ਦੀ ਔਲਾਦ ਵਿੱਚ ਸੱਤਾ ਤੇ ਬਲਵੰਡ ਦੋ ਭਰਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ; ਲੜਕੀ ਦੀ ਸ਼ਾਦੀ ਤੇ ਵੈਸਾਖੀ ਦੀ ਚੜ੍ਹਤ ਮਿਲੀਓ ਨੇ: ਥੋੜੀ ਸੀ, ਰੁੱਸ ਗਏ। ਭਾਈ ਲੱਧਾ ਜੀ ਦੀ ਸਿਫਾਰਸ਼ ਤੇ ਫੇਟਾ ਦੂਰ ਹੋਇਆ ਤੇ ਉਹਨਾਂ ਤੇ ਗੁਰੂ ਸਾਹਿਬਾਨ ਦੀ ਉਸਤਿਤ ਵਿੱਚ ਇਹ ‘ਵਾਰ’ ਉਚਾਰੀ। ‘ਸ਼ਬਦਾਰਥ’ ਦੇ ਅਨੁਸਾਰ ਇਹ ਡੂਮ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਜੀਊਂਦੇ ਰਹੇ, ਹਰੇਕ ਗੁਰੂ ਦੀ ‘ਗੱਦੀ-ਨਸ਼ੀਨੀ’ ਵੇਲੇ ਉਸਤਿਤ ਦੀ ਪਉੜੀ ਰਚਦੇ ਰਹੇ; ਜੋ ਪਉੜੀ ਉਹਨਾਂ ਗੁਰੂ ਹਰਿ ਗੋਬਿੰਦ ਜੀ ਦੀ ਗੱਦੀ-ਨਸ਼ੀਨੀ’ ਵੇਲੇ ਉਚਾਰੀ, ਉਹ ਸ਼ਹਰ ਰਾਵਲ ਪਿੰਡੀ ਧਰਮਸ਼ਾਲਾ ਭਾਈ ਬੂਟਾ ਸਿੰਘ ਦੀ ਵਿੱਚ ਇੱਕ ਪੁਰਾਤਨ ਬੀੜ ਵਿੱਚ ਦਰਜ ਹੈ। ਮਿਸਟਰ ਮੈਕਾਲਿਫ਼ ਲਿਖਦਾ ਹੈ ਕਿ ਇਹ ‘ਵਾਰ’ ਬਲਵੰਡ ਨੇ ਗੁਰੂ ਅੰਗਦ ਸਾਹਿਬ ਤੋਂ ਮਾਫ਼ੀ ਮਿਲਣ ਤੇ ਲਿਖੀ ਸੀ, ਝਗੜਾ ਹੈ ਹੀ ਬਲਵੰਡ ਦਾ ਸੀ। ਸੱਤੇ ਨੇ ਅਖ਼ੀਰਲੀਆਂ ੩ ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਮੇਂ ਲਿਖੀਆਂ, ਕੇਵਲ ਇਸ ਵਾਸਤੇ ਕਿ ਪੰਜਾਂ ਗੁਰੂਆਂ ਦੀ ਉਸਤਿਤ ਮੁਕੰਮਲ ਹੋ ਜਾਏ ਤੇ ‘ਵਾਰ’ ‘ਬੀੜ’ ਵਿੱਚ ਚੜ੍ਹਾਈ ਜਾ ਸਕੇ। ਇਸ ‘ਵਾਰ’ ਦੀ ਪੰਜਵੀਂ ਪਉੜੀ ਦਾ ਅਰਥ ਕਰਨ ਲੱਗਿਆਂ ਤੁਕ ‘ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰ’ ਤੇ ਮੈਕਾਲਿਫ਼ ਨੋਟ ਲਿਖਦਾ ਹੈ ਕਿ ਇਥੇ ‘ਬਲਵੰਡ’ ਆਪਣੇ ਆਪ ਨੂੰ ਫਿਟਕਾਰ ਪਾਂਦਾ ਹੈ। ਸੋ, ਮੈਕਾਲਿਫ਼ ਦੇ ਖ਼ਿਆਲ-ਅਨੁਸਾਰ ਪਹਿਲੀਆਂ ੫ ਪਉੜੀਆਂ ਬਲਵੰਡ ਨੇ ਉਚਾਰੀਆਂ, ਤੇ ਝਗੜਾ ਭੀ ਇਸੇ ਨਾਲ ਹੋਇਆ ਸੀ। ‘ਸ਼ਬਦਾਰਥ’ ਵਾਲਿਆਂ ਨੇ ਇਹ ਨਿਰਨਾ ਨਹੀਂ ਕੀਤਾ ਕਿ ਕਿਸ ਕਿਸ ਨੇ ਕੇਹੜੀ ਕੇਹੜੀ ਪਉੜੀ ਉਚਾਰੀ। ਆਖ਼ਰ ਦੋਵੇਂ ਇਕੱਠੇ ਤਾਂ ਇਕੋ ਚੀਜ਼ ਦੇ ਕਰਤਾ ਨਹੀਂ ਸਨ ਹੋ ਸਕਦੇ।
ਇਹਨਾਂ ਉੱਪਰ-ਦੱਸੇ ਸੱਜਣਾਂ ਦੀ ਸਾਰੀ ਵਿਚਾਰ ਦਾ ਸਿੱਟਾ:-
(੧) ਬਲਵੰਡ ਤੇ ਸੱਤਾ ਮਰਦਾਨੇ ਦੀ ਔਲਾਦ ਵਿਚੋਂ ਸਨ। “ਸ਼ਬਦਾਰਥ”
(੨) ਗੁਰੂ ਅੰਗਦ ਸਾਹਿਬ ਨਾਲ ਇਹ ਨਾਰਾਜ਼ ਹੋਏ ਸਨ। “ਮੈਕਾਲਿਫ਼ ਤੇ ਸ਼ਬਦਾਰਥ “
(੩) ਭਾਈ ਲੱਧਾ ਜੀ ਦੀ ਰਾਹੀਂ ਗੁਰੂ ਅੰਗਦ ਸਾਹਿਬ ਤੋਂ ਮਾਫ਼ੀ ਮਿਲੀ ਸੀ।
(੪) ਪਹਿਲੀਆਂ ਪੰਜ ਪਉੜੀਆਂ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਦੋਹਾਂ ਨੇ ਉਚਾਰੀਆਂ।
(੫) ਪਿਛਲੀਆਂ ੩ ਪਉੜੀਆਂ ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੀ ਗੁਰਿਆਈ ਵੇਲੇ ਇਹਨਾਂ ਦੋਹਾਂ ਨੇ ਉਚਾਰੀਆਂ।
(੬) ਗੁਰੂ ਹਰਿ ਗੋਬਿੰਦ ਸਾਹਿਬ ਦੀ ਉਸਤਿਤ ਵਾਲੀ ਪਉੜੀ ਦਰਜ ਹੋਣੋਂ ਰਹਿ ਗਈ ਹੈ।
(੭) ਪਹਿਲੀਆਂ ੫ ਪਉੜੀਆਂ ਬਲਵੰਡ ਨੇ ਉਚਾਰੀਆਂ, ਝਗੜਾ ਇਸੇ ਨਾਲ ਸੀ; ਸੱਤੇ ਨੇ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਇਸ ‘ਵਾਰ’ ਨੂੰ ਮੁਕੰਮਲ ਕਰਨ ਲਈ ੩ ਪਉੜੀਆਂ ਉਚਾਰੀਆਂ।
(੮) ਇਹ ‘ਵਾਰ’ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਵੇਲੇ ਪੜ੍ਹੀ ਗਈ।
(੯) ਬਲਵੰਡ ਤੇ ਸੱਤੇ ਦੀ ਲੜਕੀ ਦੀ ਸ਼ਾਦੀ ਤੇ ਇਹ ਨਾਰਾਜ਼ਗੀ ਹੋਈ। ਪਰ ਦੋਹਾਂ ਵਿਚੋਂ ਲੜਕੀ ਕਿਸ ਦੀ ਸੀ? ਇਹ ਕਿਸੇ ਨੇ ਭੀ ਨਹੀਂ ਲਿਖਿਆ। ਹਾਂ, ਮੈਕਾਲਿਫ਼ ਦੇ ਇਹ ਲਿਖਣ ਤੋਂ ਕਿ ਝਗੜਾ ਬਲਵੰਡ ਨਾਲ ਸੀ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਮੈਕਾਲਿਫ਼-ਅਨੁਸਾਰ ਲੜਕੀ ‘ਬਲਵੰਡ’ ਦੀ ਸੀ।
ਇਹਨਾਂ ਖ਼ਿਆਲਾਂ ਨੂੰ ਇੱਕ ਇੱਕ ਕਰ ਕੇ ਵਿਚਾਰੀਏ-
ਕੀ ਬਲਵੰਡ ਤੇ ਸੱਤਾ ਗੁਰੂ ਅੰਗਦ ਸਾਹਿਬ ਨਾਲ ਨਾਰਾਜ਼ ਹੋਏ ਸਨ?
ਸਾਖੀ ਅਨੁਸਾਰ, ਬਲਵੰਡ ਜਾਂ ਸੱਤੇ ਦੀ ਲੜਕੀ ਦੀ ਸ਼ਾਦੀ ਦੇ ਮੌਕੇ ਤੇ ਨਾਰਾਜ਼ਗੀ ਹੋਈ ਸੀ। ਇਹਨਾਂ ਵਿਚੋਂ ਜਿਸ ਧਿਰ ਦੀ ਭੀ ਲੜਕੀ ਸੀ, ਵਿਆਹੁਣ-ਜੋਗ ਲੜਕੀ ਦੀ ਉਮਰ ਜੇ ੧੬ ਸਾਲ ਮਿਥੀ ਜਾਏ ਤੇ ਜੇ ਇਹ ਜੇਠੀ ਲੜਕੀ ਭੀ ਸੀ ਤਾਂ ਜੇ ਲੜਕੀ ਦੇ ਪਿਤਾ ਦੀ ਉਮਰ ਲੜਕੀ ਦੇ ਜੰਮਣ ਵੇਲੇ ਘਟ ਤੋਂ ਘਟ ੨੦ ਸਾਲ ਮਿਥ ਲਈ ਜਾਵੇ ਤਾ ਲੜਕੀ ਦੀ ਸ਼ਾਦੀ ਵੇਲੇ ਉਸ ਦੀ ਉਮਰ ੩੬ ਸਾਲ ਹੋਣੀ ਚਾਹੀਦੀ ਹੈ।
ਰੁੱਸਣ ਦਾ ਕਾਰਨ ਇਹ ਸੀ ਕਿ ਵਿਆਹ ਵਾਸਤੇ ਜਿਤਨੀ ਕੁ ਮਾਇਆ ਇਹਨਾਂ ਨੂੰ ਚਾਹੀਦੀ ਸੀ, ਉਤਨੀ ਇਹਨਾਂ ਨੂੰ ਗੁਰੂ-ਦਰ ਤੋਂ ਮਿਲ ਨਾਹ ਸਕੀ। ਸਾਖੀ-ਅਨੁਸਾਰ, ਵੈਸਾਖੀ ਦੇ ਪੁਰਬ ਸਮੇਂ ਦੀ ਸਾਰੀ ਚੜ੍ਹਤ ਭੀ ਇਹਨਾਂ ਲਈ ਕਾਫ਼ੀ ਨਾਹ ਹੋ ਸਕੀ। ਇਹ ਰੁੱਸ ਕੇ ਚਲੇ ਗਏ: ਸਤਿਗੁਰੂ ਜੀ ਮਨਾਣ ਗਏ ਪਰ ਉਹ ਨਾਹ ਆਏ। ਇਹਨਾਂ ਨੂੰ ਮਾਣ ਸੀ ਕਿ ਜਿਥੇ ਭੀ ਜਾ ਕੇ ਕੀਰਤਨ ਕਰਾਂਗੇ, ਰੋਜ਼ੀ ਕਮਾ ਲਵਾਂਗੇ। ਰੁਸੇਵੇਂ ਦਾ ਕਾਰਨ ਵਿਆਹ ਲਈ ਲੋੜੀਂਦੀ ਮਾਇਆ ਦਾ ਨਾਹ ਮਿਲਣਾ ਹੀ ਸੀ, ਜੇ ਉਹਨਾਂ ਨੂੰ ਮਾਇਆ ਮਿਲ ਜਾਂਦੀ ਤਾਂ ਰੁੱਸਣ ਦੀ ਲੋੜ ਨਾਹ ਪੈਂਦੀ। ਸੋ, ਜੇ ਇਸ ਸਾਖੀ ਦੇ ਡੂੰਘ ਵਿੱਚ ਗਹੁ ਨਾਲ ਜਾਈਏ ਤਾਂ ਹੇਠ-ਲਿਖੇ ਸੰਸੇ ਉਠਦੇ ਹਨ-
(ੳ) ਕੀ ਸਚ ਮੁਚ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਇਤਨੀ ਭੇਟਾ ਭੀ ਨਹੀਂ ਸੀ ਆਉਂਦੀ ਕਿ ਉਹ ਗੁਰੂ-ਦਰ ਦੇ ਕੀਰਤਨੀਆਂ ਦੀ ਇੱਕ ਮਾਮੂਲੀ ਜਿਹੀ ਲੋੜ ਭੀ ਪੂਰੀ ਨਾਹ ਕਰ ਸਕੇ?
(ਅ) ਬਲਵੰਡ ਤੇ ਸੱਤੇ ਦਾ ਰੁਜ਼ਗਾਰ ਸਤਿਗੁਰੂ ਜੀ ਦੇ ਦਰ ਤੇ ਕੀਰਤਨ ਕਰਨਾ ਸੀ; ਉਹਨਾਂ ਦੀਆਂ ਮਾਇਕ ਲੋੜਾਂ ਉਸੇ ਦਰ ਤੋਂ ਹੀ ਪੂਰੀਆਂ ਹੋਣੀਆਂ ਸਨ। ਇਹ ਗੱਲ ਅਣ-ਹੋਣੀ ਜਾਪਦੀ ਹੈ ਕਿ ਸਤਿਗੁਰੂ ਜੀ ਨੇ ਕਿਸੇ ਖ਼ਾਸ ਇੱਕ ਦਿਨ ਦੀ ਹੀ ਭੇਟਾ ਦੇਣ ਦਾ ਇਕਰਾਰ ਕੀਤਾ ਹੋਵੇ, ਭਾਵੇਂ ਉਸ ਵਿੱਚ ਉਹਨਾਂ ਦੀ ਲੋੜ ਪੂਰੀ ਹੋਵੇ ਭਾਵੇਂ ਨਾਹ ਹੋਵੇ। ਉਹਨਾਂ ਦੀ ਥੁੜ ਪੂਰੀ ਨਾਹ ਕਰ ਕੇ ਕਿਸੇ ਜ਼ਬਾਨੀ ਢਾਰਸ ਦੇ ਆਸਰੇ ਉਹਨਾਂ ਨੂੰ ਮਨਾਣ ਜਾਣਾ ਵਿਅਰਥ ਜਾਪਦਾ ਹੈ।
(ੲ) ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬਲਵੰਡ ਤੇ ਸੱਤੇ ਨੇ ਲੜਕੀ ਦੇ ਵਿਆਹ ਲਈ ਮਾਇਆ ਮੰਗੀ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਦੋ ਮਹੀਨਿਆ ਨੂੰ ਵੈਸਾਖੀ ਦੇ ਮੇਲੇ ਤੇ ਪ੍ਰਬੰਧ ਕਰ ਦਿਆਂਗੇ, ਪਰ ਰਬਾਬੀ ਇਸ ਗੱਲੋਂ ਰੁੱਸ ਗਏ ਕਿ ਹੁਣੇ ਹੀ ਕਿਉਂ ਨਹੀਂ ਪ੍ਰਬੰਧ ਕੀਤਾ ਜਾਂਦਾ। ਇਹ ਖ਼ਿਆਲ ਬਹੁਤ ਹੀ ਕੱਚਾ ਜਿਹਾ ਹੈ। ਹਰੇਕ ਮਨੁੱਖ ਜਿਸ ਨੂੰ ਆਪਣੀ ਹੱਥੀਂ ਨੌਕਰੀ ਜਾਂ ਮਜ਼ਦੂਰੀ ਆਦਿਕ ਨਾਲ ਰੋਜ਼ੀ ਕਮਾਣੀ ਪੈਂਦੀ ਹੈ ਆਪਣੇ ਅੰਦਰ ਧਿਆਨ ਮਾਰ ਕੇ ਦੇਖ ਲਏ ਕਿ ਕੀ ਇਸ ਸਾਧਾਰਨ ਜਿਹੀ ਗੱਲ ਪਿੱਛੇ ਉਹ ਆਪਣੇ ਰੁਜ਼ਗਾਰ ਦੇ ਵਸੀਲੇ ਨਾਲ ਇਸ ਤਰ੍ਹਾਂ ਤੋੜ-ਵਿਛੋੜੇ ਕਰ ਸਕਦਾ ਹੈ। ਹਾਂ, ਸੱਤਾ ਤੇ ਬਲਵੰਡ ਇਹ ਤਦੋਂ ਹੀ ਕਰ ਸਕਦੇ ਸਨ, ਜੇ
(੧) ਉਹਨਾਂ ਨੂੰ ਦੋ ਮਹੀਨੇ ਵਿੱਚ ਭੀ ਲੋੜੀਂਦੀ ਮਾਇਆ ਮਿਲਣ ਦੀ ਆਸ ਨਹੀਂ ਸੀ, ਤੇ
(੨) ਕਿਸੇ ਹੋਰ ਪਾਸੇ ਵਲੋਂ ਉਹਨਾਂ ਨੂੰ ਚੁੱਕ ਸੀ ਜਾਂ ਆਸ ਸੀ ਕਿ ਇਸ ਗੁਰੂ ਨੂੰ ਛੱਡ ਕੇ ਇਹਨਾਂ ਵਰਗੇ ਕਿਸੇ ਹੋਰ ਪਾਸ ਚੱਲ ਕੇ ਕੀਰਤਨ ਕਰਨਗੇ।
(੩) ਇਹ `ਚੁੱਕ’ ਜਾਂ ‘ਆਸ’ ਭੀ ਤਾਂ ਹੀ ਸੰਭਵ ਹੋ ਸਕਦੀ ਸੀ ਜੇ ਸਤਿਗੁਰੂ ਜੀ ਦਾ ਕੋਈ ਵਿਰੋਧੀ ਹੋਵੇ ਜੋ ਗੁਰਿਆਈ ਦੀ ਗੱਦੀ ਦਾ ਸ਼ਰੀਕ ਹੋਵੇ, ਤੇ
(੪) ਜਿਸ ਗੁਰੂ ਨਾਲ ਇਹ ਰੁੱਸੇ ਸਨ ਉਹ ਅਜੇ ਨਵੇਂ ਨਵੇਂ ਹੀ ਗੱਦੀ ਤੇ ਬੈਠੇ ਹੋਣ, ਤੇ
(੫) ਉਹਨਾਂ ਦਾ ਆਪਣਾ ਜੀਵਨ ਅਜੇ ਇਤਨਾ ਉੱਘਾ ਨਾਹ ਹੋਇਆ ਹੋਵੇ ਜਿਸ ਦਾ ਡੂੰਘਾ ਪ੍ਰਭਾਵ ਸੱਤੇ ਬਲਵੰਡ ਦੇ ਮਨ ਉਤੇ ਇਤਨਾ ਪੈ ਸਕਦਾ ਕਿ ਉਹ ਮਾਇਆ ਦੀ ਥੁੜ ਵਿੱਚ ਭੀ ਤੋੜ-ਵਿਛੋੜ ਨਾਹ ਕਰਦੇ।
(੬) ਉਮਰ ਦਾ ਭੀ ਬੜਾ ਅਸਰ ਪੈਂਦਾ ਹੈ। ਵਡੇਰੀ ਉਮਰ ਦੇ ਅੱਗੇ ਸਹਜ ਸੁਭਾਇ ਸਿਰ ਨਿਉਂ ਜਾਂਦਾ ਹੈ; ਤੇ ਜਿਨ੍ਹਾਂ ਦਾ ਰੋਜ਼ੀ ਦਾ ਸੁਆਲ ਭੀ ਹੋਵੇ ਉਹ ਤਾਂ ਮਾਮੂਲੀ ਜਿਹੀ ਗੱਲ ਤੋਂ ਆਕੀ ਹੋ ਹੀ ਨਹੀਂ ਸਕਦੇ। ਕੀ ਗੁਰੂ ਅੰਗਦ ਸਾਹਿਬ ਦੀ ਉਮਰ ਇਸ ਘਟਨਾ ਵੇਲੇ ਲੜਕੀ ਦੇ ਪਿਉ-ਰਬਾਬੀ ਦੀ ਉਮਰ ਨਾਲੋਂ ਕਾਫ਼ੀ ਘੱਟ ਸੀ ਕਿ ਉਹ ਇਸ ਬਿਲਕੁਲ ਸਾਦਾ ਜਿਹੀ ਗੱਲ ਤੋਂ ਭੀ ਅੱਗੇ ਬੋਲ ਪਿਆ?
(੭) ਇੱਕ ਗੱਲ ਹੈਰਾਨੀ ਵਾਲੀ ਹੋਰ ਹੈ। ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਔਲਾਦ ਵਿਚੋਂ ਸਨ, ਤਾਂ ਇਤਨੇ ਖਰ੍ਹਵੇ ਹੋ ਕੇ ਸਤਿਗੁਰੂ ਜੀ ਨਾਲੋਂ ਤੋੜਨ ਵੇਲੇ ਉਹਨਾਂ ਨੂੰ ਇਹ ਭੀ ਖ਼ਿਆਲ ਨਾਹ ਆਇਆ ਕਿ ਉਹਨਾਂ ਦੇ ਬਜ਼ੁਰਗ ਨੇ ਆਪਣੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਨਾਲ ਗੁਜ਼ਾਰੀ ਸੀ। ਅਜੇ ਕੋਈ ਲੰਮੀ ਵਿੱਥ ਨਹੀਂ ਸੀ ਪਈ, ਗੁਰੂ ਦੀ ਅਜੇ ਇਹ ਦੂਜੀ ਹੀ ਪੀੜ੍ਹੀ ਸੀ। ਤੋੜੀ ਭੀ ਕਿਸ ਗੱਲੋਂ? ਭਲਾ ਘਰਾਂ ਵਿੱਚ ਕਈ ਕਾਰਨਾਂ ਕਰਕੇ ਮਿਥੇ ਹੋਏ ਵਿਆਹ ਭੀ ਕਈ ਵਾਰ ਸਾਲ ਸਾਲ ਛੇ ਛੇ ਮਹੀਨੇ ਪਿਛੇਤਰੇ ਨਹੀਂ ਕਰਨੇ ਪੈਂਦੇ?
(੮) ਫਿਰ, ਜਿਸ ਦਰ ਉਤੇ ਹਿੰਦੁਸਤਾਨ ਦਾ ਮੁਗ਼ਲ ਪਾਤਸ਼ਾਹ ਭੀ ਆ ਕੇ ਨਿਵੇਂ, ਉਸ ਅੱਗੇ ਗ਼ਰੀਬ ਮਿਰਾਸੀਆਂ ਦਾ ਕੁਬੋਲ ਬੋਲਣ ਦੀ ਹਿੰਮਤ ਕਰ ਲੈਣਾ ਇੱਕ ਬੜੀ ਅਚਰਜ ਗੱਲ ਹੈ। ਸੋ, ਜੇ ਇਹ ਘਟਨਾ ਸਚ-ਮੁੱਚ ਗੁਰੂ ਅੰਗਦ ਸਾਹਿਬ ਦੇ ਹੀ ਵੇਲੇ ਹੋਈ ਸੀ, ਤਾਂ ਹਮਾਯੂੰ ਬਾਦਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਹੋ ਗਈ ਹੋਵੇਗੀ। ਹਮਾਯੂੰ ਨੂੰ ਸ਼ੇਰਸ਼ਾਹ ਤੋਂ ਸੰਨ ੧੫੪੦ ਵਿੱਚ ਹਾਰ ਹੋਈ ਸੀ ਤੇ ਗੁਰੂ ਅੰਗਦ ਸਾਹਿਬ ਪਾਸ ਖਡੂਰ ਸਾਹਿਬ ਆਇਆ ਸੀ।
ਆਓ, ਹੁਣ ਸਾਰੇ ਸੰਸੇ ਨਿਵਿਰਤ ਕਰਨ ਲਈ ਗੁਰੂ ਅੰਗਦ ਸਾਿਹਬ ਦੇ ਜੀਵਨ ਨੂੰ ਗਹੁ ਨਾਲ ਚੇਤੇ ਕਰੀਏ।
ਗੁਰਿਆਈ ਬਾਰੇ ਗੁਰੂ ਅੰਗਦ ਸਾਹਿਬ ਦਾ ਕੋਈ ਸ਼ਰੀਕ ਨਹੀਂ ਸੀ, ਜਿਸ ਤੋਂ ਬਲਵੰਡ ਨੂੰ ਸ਼ਹਿ ਮਿਲਦੀ:-
ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਣਾ ਜੀ ਨੂੰ ਘਟ ਤੋਂ ਘਟ ੭ ਸਾਲ ਚੰਗੀ ਤਰ੍ਹਾਂ ਇਸ ਨਵੇਂ ਜੀਵਨ ਤੇ ਜ਼ਿੰਮੇਵਾਰੀ ਲਈ ਤਿਆਰ ਕੀਤਾ, ਕਈ ਵਾਰੀ ਪਰਖਿਆ; ਜਦੋਂ ਕਸਵੱਟੀ ਤੇ ਹਰ ਵਾਰੀ ਖਰੇ ਸਾਬਤ ਹੁੰਦੇ ਰਹੇ, ਤਾਂ ਸਿਤੰਬਰ ਸੰਨ ੧੫੩੯ ਵਿੱਚ ਗੁਰਿਆਈ ਦਿੱਤੀ। ਬਾਬਾ ਲਹਣਾ ਜੀ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਗੁਰੂ ਨਾਨਕ ਦੇਵ ਜੀ ਆਪ ਇਹਨਾਂ ਅੱਗੇ ਨਿਵੇਂ। ਉਸ ਵੇਲੇ ਬਾਬਾ ਲਹਣਾ ਜੀ ਦੀ ਉਮਰ ੩੫ ਸਾਲ ਤੋਂ ਵਧੀਕ ਸੀ, ਕਿਉਂਕਿ ਇਹਨਾਂ ਦਾ ਜਨਮ ਅਪ੍ਰੈਲ ਸੰਨ ੧੫੦੪ ਵਿੱਚ ਹੋਇਆ ਸੀ। ਇਹ ਠੀਕ ਹੈ ਕਿ ਗੁਰੂ ਨਾਨਕ ਜੀ ਦੀ ਪਰਖ-ਕਸਵੱਟੀ ਤੇ ਉਹਨਾਂ ਦੇ ਸਾਹਿਬਜ਼ਾਦੇ ਪੂਰੇ ਨਾਹ ਉਤਰ ਸਕੇ, ਪਰ ਇਸ ਦਾ ਇਹ ਭਾਵ ਨਹੀਂ ਕਿ ਬਾਬਾ ਸਿਰੀ ਚੰਦ ਜੀ ਕੋਈ ਸਾਧਾਰਨ ਜਿਹੇ ਬੰਦੇ ਸਨ। ਬਾਬਾ ਜੀ ਨੇ ਆਪਣੀ ਸਾਰੀ ਉਮਰ ਬੰਦਗੀ ਵਿੱਚ ਗੁਜ਼ਾਰੀ ਤੇ ਗੁਰੂ ਅੰਗਦ ਸਾਹਿਬ ਦੀ ਕਦੇ ਭੀ ਵਿਰੋਧਤਾ ਨਾਹ ਕੀਤੀ। ਇਤਿਹਾਸ ਵਿੱਚ ਕਿਤੇ ਇਹ ਜ਼ਿਕਰ ਨਹੀਂ ਆਉਂਦਾ ਕਿ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਕਦੇ ਥੁੜ ਆਈ ਹੋਵੇ; ਸਗੋਂ ਗੁਰਿਆਈ ਤੋਂ ਅਗਲੇ ਹੀ ਸਾਲ ਹਿੰਦੁਸਤਾਨ ਦੇ ਬਾਦਸ਼ਾਹ ਹਮਾਯੂੰ ਦਾ ਉਹਨਾਂ ਪਾਸ ਸੁਆਲੀ ਹੋ ਕੇ ਆਉਣਾ ਦੱਸਦਾ ਹੈ ਕਿ ਗੁਰੂ ਅੰਗਦ ਸਾਹਿਬ ਦਾ ਤੇਜ-ਪ੍ਰਤਾਪ ਭੀ ਗੁਰੂ ਨਾਨਕ ਸਾਹਿਬ ਜੈਸਾ ਹੀ ਸੀ।
ਸੋ, ਇਸ ਵਿਚਾਰ ਵਿੱਚ ਅਸੀਂ ਇਹ ਗੱਲਾਂ ਵੇਖ ਚੁਕੇ ਹਾਂ-
ਗੁਰਿਆਈ ਦੇ ਮਾਮਲੇ ਵਿੱਚ ਗੁਰੂ ਅੰਗਦ ਸਾਹਿਬ ਦਾ ਕੋਈ ਸ਼ਰੀਕ ਨਹੀਂ ਸੀ, ਜਿੱਥੇ ਸੱਤਾ ਤੇ ਬਲਵੰਡ ਇਹਨਾਂ ਤੋਂ ਮੂੰਹ ਫੇਰ ਕੇ ਜਾ ਸਕਦੇ ਸਨ। ਗੁਰਿਆਈ ਬਾਰੇ ਕੋਈ ਸ਼ਰੀਕ ਨਾਹ ਹੋਣ ਕਰਕੇ ਸੱਤੇ ਬਲਵੰਡ ਨੂੰ ਕਿਤੋਂ ਚੁੱਕ ਭੀ ਨਹੀਂ ਸੀ। ਗੁਰੂ ਅੰਗਦ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ੭ ਸਾਲ ਦੀ ਘਾਲੀ ਹੋਈ ਘਾਲ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਇਤਨਾ ਉੱਚਾ ਕਰ ਗਈ ਸੀ ਕਿ ਕਿਸੇ ਨੂੰ ਭੀ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਪੈ ਸਕਦਾ। ਸੋ, ਸੱਤੇ ਤੇ ਬਲਵੰਡ ਨੂੰ ਇਹ ਆਸ ਕਦੇ ਭੀ ਨਹੀਂ ਹੋ ਸਕਦੀ ਸੀ ਕਿ ਇਹਨਾਂ ਤੋਂ ਮੂੰਹ ਮੋੜ ਕੇ ਸਿੱਖ ਸੰਗਤਾਂ ਵਿੱਚ ਕਿਤੇ ਭੀ ਆਦਰ-ਮਾਣ ਪਾ ਸਕਦੇ ਜਾਂ ਰੋਜ਼ੀ ਕਮਾ ਸਕਦੇ।
ਵੱਡੀ ਛੋਟੀ ਉਮਰ ਦਾ ਸਵਾਲ
ਇਤਨੇ ਉੱਚੇ ਆਤਮਕ ਜੀਵਨ ਦੇ ਹੁੰਦਿਆਂ, ਛੋਟੀ ਵੱਡੀ ਉਮਰ ਦਾ ਸਵਾਲ ਉੱਠਦਾ ਹੀ ਨਹੀਂ, ਪਰ ਉਮਰੋਂ ਭੀ ਗੁਰੂ ਅੰਗਦ ਸਾਹਿਬ ਛੋਟੇ ਨਹੀਂ ਸਨ, ਹਮਾਯੂੰ ਦੇ ਆਉਣ ਵੇਲੇ ਸਤਿਗੁਰੂ ਜੀ ਦੀ ਉਮਰ ੩੬ ਸਾਲਾਂ ਤੋਂ ਵਧੀਕ ਸੀ।
ਸੋ, ਕਿਤੇ ਭੀ ਕੋਈ ਐਸੀ ਗੁੰਜਾਇਸ਼ ਨਹੀਂ ਦਿੱਸਦੀ ਜਿਸ ਦਾ ਆਸਰਾ ਲੈ ਕੇ ਇਹ ਮੰਨਿਆ ਜਾ ਸਕੇ ਕਿ ਬਲਵੰਡ ਤੇ ਸੱਤਾ ਗੁਰੂ ਅੰਗਦ ਸਾਹਿਬ ਦੇ ਵੇਲੇ ਰੁੱਸੇ ਸਨ।
ਪਰ, ਜਦੋਂ ਅਸੀਂ ਇਹ ਸੁਣਦੇ-ਪੜ੍ਹਦੇ ਹਾਂ ਕਿ ਭਾਈ ਮਰਦਾਨੇ ਜੀ ਦੀ ਔਲਾਦ ਵਿਚੋਂ ਹੋਏ ਸੱਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਤੋਂ ਇੱਕ ਨਿੱਕੀ ਜਿਹੀ ਗੱਲ ਪਿੱਛੇ ਮੂੰਹ ਮੋੜਿਆ, ਤਾਂ ਇਹ ਗੱਲ ਉੱਕਾ ਹੀ ਨਿਰਮੂਲ ਜਾਪਦੀ ਹੈ। ਇਤਿਹਾਸਕ ਤੌਰ ਤੇ ਇਸ ਨੂੰ ਪਰਖ ਕੇ ਵੇਖ ਲਵੋ। ਅਸੀਂ ਇਹ ਦੱਸ ਆਏ ਹਾਂ ਕਿ ਇਹ ਆਕੀ-ਪੁਣਾ ਗੁਰਿਆਈ ਦੇ ਪਹਿਲੇ ਹੀ ਸਮੇਂ ਵਿੱਚ ਹੋ ਸਕਦਾ ਸੀ, ਜਦੋਂ ਸਤਿਗੁਰੂ ਜੀ ਦਾ ਤੇਜ-ਪ੍ਰਤਾਪ ਅਜੇ ਚਮਕਿਆ ਨਾਹ ਹੋਵੇ। ਭਾਈ ਮਰਦਾਨਾ ਸੰਨ ੧੫੨੧ ਵਿੱਚ ਅਜੇ ਜੀਊਂਦਾ ਸੀ ਜਦੋਂ ਬਾਬਰ ਨੇ ਹਮਲਾ ਕੀਤਾ। ਇਸ ਤੋਂ ਕੁੱਝ ਸਾਲ ਪਿਛੋਂ ਇਸ ਨੇ ਚੜ੍ਹਾਈ ਕੀਤੀ। ਗੁਰੂ ਨਾਨਕ ਦੇਵ ਜੀ ੧੪੩੯ ਵਿੱਚ ਜੋਤੀ ਜੋਤਿ ਸਮਾਏ। ਸੋ, ਉਮਰੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਤਕਰੀਬਨ ਹਾਣੀ ਸਨ। ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਨ ਵੇਲੇ ਵਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੀ ਉਮਰ ੪੨ ਸਾਲ ਦੇ ਕਰੀਬ ਸੀ। ਸੋ, ਗੁਰੂ ਅੰਗਦ ਸਾਹਿਬ ਦੇ ਗੱਦੀ ਤੇ ਬੈਠਣ ਤੋਂ ਥੋੜ੍ਹਾ ਹੀ ਸਮਾਂ ਪਿਛੋਂ ਇਹ ਘਟਨਾ ਹੋਣ ਦੀ ਹਾਲਤ ਵਿੱਚ ਭਾਈ ਮਰਦਾਨੇ ਦੇ ਪੁਤ੍ਰਾਂ ਦੀ ਉਮਰ ਭੀ ਬਾਬਾ ਸਿਰੀ ਚੰਦ ਜੀ ਦੇ ਬਰਾਬਰ ਹੀ ਕਹੀ ਜਾ ਸਕਦੀ ਹੈ। ਜੇ ਬੜੀ ਖਿੱਚ-ਘਸੀਟ ਭੀ ਕਰੀਏ, ਤਾਂ ਭੀ ਮਸਾਂ ਇਹ ਮੰਨ ਸਕਾਂਗੇ ਕਿ ਸੱਤਾ ਤੇ ਬਲਵੰਡ ਭਾਈ ਮਰਦਾਨੇ ਦੇ (ਜੇ ਉਹ ਇਸੇ ਖ਼ਾਨਦਾਨ ਵਿਚੋਂ ਸਨ ਤਾਂ) ਪੋਤਰੇ ਹੋਏ ਹਨ। ਪਰ ਜੇ ਇਹ ਗੱਲ ਠੀਕ ਹੁੰਦੀ ਤਾਂ ਹਰੇਕ ਇਤਿਹਾਸਕਾਰ ਆਸਾਨੀ ਨਾਲ ਲਿਖ ਜਾਂਦਾ ਕਿ ਸੱਤਾ ਤੇ ਬਲਵੰਡ ਭਾਈ ਮਰਦਾਨੇ ਦੇ ਪੋਤਰੇ ਸਨ। ੧੫੩੯ ਤਕ ਗੁਰੂ ਨਾਨਕ ਦੇਵ ਜੀ ਪਾਸ ਭਾਈ ਮਰਦਾਨੇ ਦੇ ਪਿਛੋਂ ਉਸ ਦਾ ਪੁਤ੍ਰ ਕੀਰਤਨ ਕਰਦਾ ਰਿਹਾ; ਜੇ ਪੋਤਰੇ ਅਗਲੇ ਸਾਲ ਜਾਂ ਅਗਲੇ ੧੨ ਸਾਲਾਂ ਦੇ ਅੰਦਰ (ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤਿ ਸਮਾਨ ਤਕ) ਵਰ-ਜੋਗ ਕੰਨਿਆ ਦੇ ਪਿਉ ਹੋ ਸਕਦੇ ਹਨ ਤਾ ਇਹ ਭੀ ਮੰਨਣਾ ਪਏਗਾ ਕਿ ਇਹ ਪੋਤਰੇ ਭੀ ਗੁਰੂ ਨਾਨਕ ਸਾਹਿਬ ਪਾਸ ਕੀਰਤਨ ਕਰਦੇ ਰਹੇ। ਸੋ, ਇਤਨੀ ਛੇਤੀ ਇਹ ਪੋਤਰੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮੂੰਹ ਨਹੀਂ ਸਨ ਮੋੜ ਸਕਦੇ।
ਅਸਲ ਗੱਲ ਇਹ ਹੈ ਕਿ ਭਾਈ ਬਲਵੰਡ ਤੇ ਸੱਤਾ ਭਾਈ ਮਰਦਾਨੇ ਦੀ ਔਲਾਦ ਵਿਚੋਂ ਨਹੀਂ ਸਨ। ਭਾਈ ਮਰਦਾਨਾ ਚੋਂਹਬੜ ਜ਼ਾਤਿ ਦਾ ਮਿਰਾਸੀ ਸੀ, ਤੇ ਸੱਤਾ ਤੇ ਬਲਵੰਡ ਮੋਖੜ ਜ਼ਾਤਿ ਦੇ ਮਿਰਾਸੀ।
(ਚਲਦਾ)
.