.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਸਤਵਾਂ)

ਇਸ ਲੜੀ ਦੇ ਪਿਛਲੇ ਲੇਖ ਵਿੱਚ ਅਸੀਂ

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਵਾਲੇ ਸ਼ਬਦ ਦੀ ਵਿਚਾਰ ਕੀਤੀ ਸੀ। (ਲੇਖ ਲੰਬਾ ਹੋਣ ਕਾਰਨ) ਮਾਸ ਸਬੰਧੀ ਇੱਕ ਹੋਰ ਸਬਦ. .

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ

. . ਅਤੇ ਮਾਸੁ ਮਾਸੁ. . ਵਾਲੇ ਸ਼ਬਦ ਦੀ ਪਉੜੀ ਦੀ ਪੂਰੀ ਵਿਚਾਰ ਪਹਿਲੇ ਲੇਖ ਵਿੱਚ ਨਹੀਂ ਹੋ ਸਕੀ ਸੀ। ਸੋ ਉਸ ਸ਼ਬਦ ਅਤੇ ਪਉੜੀ ਦੀ ਵਿਚਾਰ ਆਪਾਂ ਇਸ ਲੇਖ ਵਿੱਚ ਕਰਦੇ ਹਾਂ।

ਪਾਠਕ ਵੀਰੋ ਇੱਕ ਬੇਨਤੀ ਹੈ। ਆਪ ਸੱਭ ਦੇਖ ਰਹੇ ਹੋ ਜਾਂ ਜਾਂਣਦੇ ਹੋ, ਕਿ ਬਾਣੀਂ ਦੇ ਅਰਥਾਂ ਨੂੰ ਲੈ ਕੇ ਸਾਡੇ ਵਿੱਚ ਕਿੰਨਾਂ ਝਗੜਾ ਹੈ।

ਝਗੜਾ ਐਵੇਂ ਹੀ ਛੁਰੂ ਹੋ ਜਾਂਦਾ ਹੈ।

ਕਿਉਂ ਕਿ. . ਬਾਣੀਂ ਸਾਨੂੰ ਆਪਣੇਂ ਵਿਰੋਧ ਵਿੱਚ ਲੱਗਦੀ ਹੈ।

ਇਕ ਕੋਈ ਵੀ ਸੱਜਨ ਜੇ ਬਾਣੀਂ ਦੇ ਅਰਥ ਕਰੇ, ਤਾਂ ਅਸੀਂ ਉਸ ਵਰੁੱਧ ਮੋਰਚਾ ਖੋਲ ਦੇਂਦੇ ਹਾਂ,

ਬਾਣੀਂ ਤਾਂ ਵਿਰੋਧੀ ਨਹੀਂ ਹੈ, ਅਸੀਂ ਹੀ ਬਾਣੀਂ ਦੇ ਵਿਰੁੱਧ ਹਾਂ।

ਇਹ ਸਾਰੇ ਲੇਖ ਗੁਰਬਾਣੀਂ ਤੇ ਅਧਾਰਤ ਹਨ।

ਇਸ ਵਾਸਤੇ ਕਈਆਂ ਨੂੰ ਇਹ ਲੇਖ ਵੀ ਉਹਨਾਂ ਦੇ ਆਪਣੇਂ ਬਹੁਤ ਹੀ ਵਰੁੱਧ ਲੱਗਦੇ ਹੋਣ ਗੇ।

ਪਰ ਜੇ ਗੁਰਬਾਣੀਂ ਦੀ ਵਿਚਾਰ ਇਮਾਨਦਾਰੀ ਨਾਲ ਕਰੀਏ,

ਤਾਂ ਇਹ ਲੇਖ ਤਾਂ ਕੀ, ਸਾਰੀ ਦੀ ਸਾਰੀ ਹੀ ਬਾਣੀਂ, ਸਾਨੂੰ ਸਾਡੇ ਵਰੁੱਧ ਲੱਗੇ ਗੀ। ਅਤੇ ਇਹ ਬਾਣੀਂ ਸਾਨੂੰ ਬਹੁਤ ਤਕਲੀਫ ਦੇਵੇ ਗੀ।।

(ਕਿਉਂ ਕਿ ਅਸੀਂ ਬਾਣੀਂ ਤੋਂ ਉਲਟੇ ਹਾਂ)

ਜਿੰਨ੍ਹਾਂ ਨੂੰ ਬਾਣੀਂ ਸੱਚਮੁੱਚ ਤਕਲੀਫ ਪਹੁੰਚਾਏ,

ਅਤੇ ਉਹ ਸੱਜਣ ਵੱਡਾ ਵਿਦਵਾਨ ਜਾਂ ਆਗੂ ਵੀ ਹੋਵੇ,

ਤਾਂ ਉਹ ਬਾਣੀਂ ਨਾਲ ਕਿੰਨਾਂ ਕੂ ਨਿਆਂ ਕਰੇ ਗਾ,

ਇਸ ਦਾ ਸਹਿਜੇ ਹੀ ਅਨੂਮਾਨ ਲਗਾਇਆ ਜਾ ਸਕਦਾ ਹੈ।

ਕਿਉਂ ਕਿ ਬਾਣੀਂ ਕਿਸੇ ਦੀ ਕਲਮ ਨਹੀਂ ਪਕੜ ਸੱਕਦੀ।

(ਬਾਣੀਂ ਦੇ ਅਰਥ ਬਦਲਨੇਂ ਤਾਂ ਬਹੁਤ ਹੀ ਮਮੂਲੀ ਗੱਲ ਹੈ, …ਚੱਲ ਰਹੀਆਂ ਵਿਚਾਰਾਂ ਤੋਂ ਪਤਾ ਲੱਗਦਾ ਹੈ, ਕਿ ਵਿਦਵਾਨਾਂ ਦੀ ਕਲਮ ਨੇਂ ਤਾਂ ਬਾਣੀਂ ਨੂੰ ਹੀ ਬਦਲਣ ਦੀ ਕਿੰਨੀ ਕੋਸ਼ਿਸ਼ ਕੀਤੀ ਹੈ ਅੱਜ ਤੱਕ, . . ਅਤੇ (ਵਿਦਵਾਨਾਂ ਦੇ ਅਨੂੰਸਾਰ) ਕਿਨੀਂ ਬਾਣੀਂ ਬਦਲੀ ਵੀ ਜਾ ਚੁਕੀ ਹੈ)

ਜੇ ਬਾਣੀਂ ਨੇਂ, ਬਾਣੀਂ ਨੂੰ ਬਦਲਣ ਵੇਲੇ ਵਿਦਵਾਨਾਂ ਦੀ ਕਲਮ ਨਹੀਂ ਸੀ ਪਕੜੀ, ਅਰਥਾਂ ਨੂੰ ਬਦਲਣ ਵੇਲੇ ਬਾਣੀਂ ਕਿਸੇ ਦੀ ਕਲਮ ਕੀ ਪਕੜੇ ਗੀ।

ਅਸਲ ਝਗੜਾ ਵੀ ਇਸੇ ਹੀ ਗੱਲ ਦਾ ਹੈ ਕਿ ਬਾਣੀਂ ਸਾਨੂੰ ਤਕਲੀਫ ਪਹੁੰਚਾਉਂਦੀ ਹੈ। ਚੋਟਾਂ ਮਾਰਦੀ ਹੈ।

(ਪਰ ਬਾਣੀਂ ਸਾਰਿਆਂ ਨੂੰ ਤਕਲੀਫ ਨਹੀਂ ਪਹੁੰਚਾਉਂਦੀ, ਕਈਆਂ ਨੂੰ ਅਨੰਦ, ਅਤੇ ਸਰੂਰ ਵੀ ਚੜ੍ਹਾਉਂਦੀ ਹੈ)

ਬਾਣੀਂ ਸਾਨੂੰ ਤਕਲੀਫ ਕਿਉਂ ਪਹੁਚਾਉਂਦੀ ਹੈ,

ਕਿਉਂ ਕੇ ਅਸੀਂ ਆਤਮਿਕ ਤੌਰ ਤੇ ਬਿਮਾਰ ਹਾਂ, ਅਤੇ ਬਾਣੀਂ ਸਾਡੇ ਆਤਮਿਕ ਰੋਗਾਂ ਦਾ ਇਲਾਜ ਕਰਦੀ ਹੈ। ਤਕਲੀਫ ਤਾਂ ਸਾਨੂੰ ਸਾਡੇ ਰੋਗਾਂ ਕਰ ਕੇ ਹੈ। ਪਰ ਅਸੀਂ ਸਮਝਦੇ ਹਾਂ, ਕਿ ਸ਼ਾਇਦ ਇਹ ਤਕਲੀਫ ਸਾਨੂੰ ਬਾਣੀਂ ਦੇ ਰਹੀ ਹੈ।

ਕਿਸੇ ਵੀ ਬਿਮਾਰੀ ਦੇ ਇਲਾਜ ਕਰਨ ਵੇਲੇ, ਇਲਾਜ ਨਾਲ ਤਕਲੀਫ ਹੋਣਾਂ ਲਾਜ਼ਮੀ ਹੈ।

ਆਮ ਕਰਕੇ ਦੇਖਿਆ ਜਾ ਸਕਦਾ ਹੈ, ਕਿ ਕਿਸੇ ਵੇਲੇ ਜਾਂ ਕਈ ਵਾਰੀ, ਕਈ ਲੋਕ ਤਕਲੀਫ ਦੇ ਡਰ ਤੋਂ ਅਪਣਾਂ ਇਲਾਜ ਹੀ ਨਹੀਂ ਕਰਾਉਂਦੇ। ਅਤੇ ਬਿਮਾਰੀ ਨੂੰ ਉਵੇਂ ਹੀ ਲਈ ਫਿਰਦੇ ਹਨ।

ਗੁਰਬਾਣੀਂ ਸ਼ੁਰੂ ਤੋਂ (ਗੁਰੂ ਨਾਨਕ ਜੀ ਦੇ ਵੇਲੇ ਤੋਂ) ਲੈਕੇ ਹੀ ਲੋਕਾਂ ਨੂੰ (ਸਿਰਫ ਆਤਮਿਕ ਰੋਗੀਆਂ ਨੂੰ) ਤਕਲੀਫ ਤੇ ਤਕਲੀਫ ਪਹੁੰਚਾ ਰਹੀ ਹੈ।

ਬਾਣੀਂ ਦਾ ਕੋਈ ਵੀ ਸ਼ਬਦ ਲੈ ਲਵੋ ਸਾਨੂੰ ਚੋਟ ਜਰੂਰ ਮਾਰੇ ਗਾ। ਅਤੇ ਚੋਟ ਦੀ ਪੀੜ ਜਰੂਰ ਹੋਵੇ ਗੀ।

ਸਬੂਤ ਜਾਂ ਮਿਸਾਲ ਵੱਜੋਂ ਅਸੀਂ ਮਾਸ ਮਾਸ. . ਵਾਲੇ ਜਾਂ ਪਹਿਲਾਂ ਮਾਸਹੁ ਨਿੰਮਿਆ ਵਾਲੇ ਦੋਹਾਂ ਸ਼ਬਦਾਂ ਤੋਂ ਪਹਿਲੇ ਵਾਲਾ, . . ਨਾਲ ਲਗਵਾਂ ਹੀ ਗੁਰੂ ਨਾਨਕ ਜੀ ਦਾ ਉਚਾਰਿਆ ਹੋਇਆ. .

ਮਃ ੧॥ ਅਜਰੁ ਜਰੈ ਤ ਨਉ ਕੁਲ ਬੰਧੁ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ॥ (੧੨੮੯)

. . ਵਾਲਾ ਇੱਕ ਸ਼ਬਦ ਪੜ੍ਹਦੇ ਹਾਂ। ਜਾਂ ਇਸ ਸ਼ਬਦ ਦੀ ਬਿਨਾਂ ਕਿਸੇ ਲਿਹਾਜ ਦੇ, ਇਮਾਨਦਾਰੀ ਨਾਲ ਵਿਚਾਰ ਕਰਦੇ ਹਾਂ।

ਬਹੁਤਿਆਂ ਨੂੰ ਇਹ ਸ਼ਬਦ, ਇਸ ਤਰਾਂ ਆਪਣੇਂ ਵਰੁੱਧ ਲੱਗੇ ਗਾ। ਅਤੇ ਚੋਟ ਮਾਰੇ ਗਾ

ਜਿਵੇਂ ਕਿ ਕਦੇ ਦੂਜੇ ਧਰਮਾਂ ਵਾਲਿਆਂ ਨੂੰ, ਗੁਰੂ ਨਾਨਕ ਦੀ ਬਾਣੀਂ ਉਹਨਾਂ ਦੇ ਵਰੁੱਧ ਲੱਗਦੀ ਸੀ। ਅਤੇ ਬਾਣੀਂ ਉਹਨਾਂ ਨੂੰ ਬਹੁਤ ਹੀ ਤਕਲੀਫ ਦੇਂਦੀ ਸੀ।

ਮਃ ੧॥ ਅਜਰੁ ਜਰੈ ਤ ਨਉ ਕੁਲ ਬੰਧੁ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ॥ ਕਹਾਂ ਤੇ ਆਇਆ ਕਹਾਂ ਏਹੁ ਜਾਣੁ॥ ਜੀਵਤ ਮਰਤ ਰਹੈ ਪਰਵਾਣੁ॥ ਹੁਕਮੈ ਬੂਝੈ ਤਤੁ ਪਛਾਣੈ॥ ਇਹੁ ਪਰਸਾਦੁ ਗੁਰੂ ਤੇ ਜਾਣੈ॥ ਹੋਂਦਾ ਫੜੀਅਗੁ ਨਾਨਕ ਜਾਣੁ॥ ਨਾ ਹਉ ਨਾ ਮੈ ਜੂਨੀ ਪਾਣੁ॥ ੨॥ ਪਉੜੀ॥ ਪੜੀੑਐ ਨਾਮੁ ਸਾਲਾਹ ਹੋਰਿ ਬੁਧੀਂ ਮਿਥਿਆ॥ ਬਿਨੁ ਸਚੇ ਵਾਪਾਰ ਜਨਮੁ ਬਿਰਥਿਆ॥ ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ॥ ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ॥ ਚਲੇ ਨਾਮੁ ਵਿਸਾਰਿ ਤਾਵਣਿ ਤਤਿਆ॥ ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ॥ ਆਇਆ ਉਠੀ ਖੇਲੁ ਫਿਰੈ ਉਵਤਿਆ॥ ਨਾਨਕ ਸਚੈ ਮੇਲੁ ਸਚੈ ਰਤਿਆ॥ ੨੪॥

ਮਃ ੧॥ ਅਜਰੁ ਜਰੈ ਤ ਨਉ ਕੁਲ ਬੰਧੁ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ॥

ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ਜਿਹੜਾ “ਅਜਰੁ” (ਜੋ ਚੀਜ ਸਹਾਰਨੀਂ ਔਖੀ ਹੋਵੇ) ਨੂੰ ਜਰ (ਸਹਾਰ) ਜਾਵੇ ਗਾ। ਤਾਂ ਉਸ ਦੇ ਸਰੀਰ ਦੇ ਨਵੇਂ ਦੇ ਨਵੇਂ (ਨੌਂ) ਦਰਵਾਜੇ ਬੰਦ ਹੋ ਜਾਣ ਗੇ।

“ਅਜਰੁ” ਦਾ ਮਤਲਬ ਹੈ (ਜੋ ਸਹਾਰਨੀਂ ਔਖੀ ਹੋਵੇ) (ਜੋ ਬਰਦਾਸ਼ਤ ਕਰਨੀਂ ਮੁਸ਼ਕਿਲ ਹੋਵੇ)

ਪਰ ਉਹ ਕਿਹੜੀ ਚੀਜ ਹੈ, ਜੋ ਸਹਾਰਨੀਂ ਔਖੀ ਹੈ। ਜਾਂ ਗੁਰੂ ਨਾਨਕ ਜੀ ਦਾ ਇਸ਼ਾਰਾ ਇਥੇ ਕਿਸ ਚੀਜ ਵੱਲ ਹੈ।

ਦੁਨੀਆਂ ਵਿੱਚ ਹਜ਼ਾਰਾਂ ਹੀ ਅਜੇਹੀਆਂ ਚੀਜਾਂ, ਹੋ ਸਕਦੀਆਂ ਹਨ (ਜਾਂ ਗਿਣਾਈਆਂ ਜਾ ਸੱਕਦੀਆਂ ਹਨ) ਜੋ ਬਰਦਾਸ਼ਤ ਕਰਨੀਆਂ ਮੁਸ਼ਕਿਲ ਹੋ ਸਕਦੀਆਂ ਹਨ।

ਸਿਰਫ ਜੇ ਇਸੇ ਗੱਲ ਤੇ ਹੀ ਚਰਚਾ ਕਰਾਈ ਜਾਵੇ, (ਕਿ ਉਹ ਕਿਹੜੀ ਅਜਰ ਚੀਜ ਹੈ? ਜਿਸ ਦਾ ਕਿ ਗੁਰੂ ਨਾਨਕ ਜੀ ਇਥੇ ਜਿਕਰ ਕਰ ਰਹੇ ਹਨ) ਤਾਂ ਸਾਰੀ ਉਮਰ ਵੀ ਫੈਸਲਾ ਨਹੀਂ ਹੋ ਸਕੇ ਗਾ।

ਮਿਸਾਲ ਦੇ ਤੌਰ ਤੇ, ਉਹ ਚੀਜ, ਜਿਵੇਂ ਕੇ, ਕੁੱਝ ਵਿਦਵਾਨ ਕਹਿਣ ਗੇ। ਕਿ ਮਨ ਦਾ ਵੇਗ ਵੀ ਹੋ ਸਕਦਾ ਹੈ, . . ਮਾਇਆ ਦਾ ਦੁੱਖ ਵੀ ਹੋ ਸਕਦਾ ਹੈ, . . ਮੌਤ ਦਾ ਦੁੱਖ ਵੀ ਹੋ ਸੱਕਦਾ ਹੈ,. . ਨਰਕਾਂ ਜਾਂ ਜਮਾਂ ਦੀ ਮਾਰ ਦਾ ਦੁੱਖ ਵੀ ਹੋ ਸਕਦਾ ਹੈ, ਜਿਵੇਂ ਕਿ ਬਾਣੀਂ ਵਿੱਚ ਵੀ ਲਿਖਿਆ ਹੈ, “ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ॥” …ਆਦਿ ਸੈਂਕੜੇ ਹੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। (ਅਤੇ ਕੋਈ ਇਸ ਨੂੰ “ਆਤਮ ਰਸ” ਵੀ ਕਹਿ ਸਕਦਾ ਹੈ)

ਅਤੇ ਇਸ ਤਰਾਂ ਦੇ ਝਗੜਨ ਵਾਲੇ ਕੰਮ ਵਿੱਚ ਅਸੀਂ ਸਾਰੇ ਹੀ ਖੂਬ ਮਾਹਰ ਹਾਂ।

ਹਰ ਇੱਕ ਨਾਂ ਕਾਬਲੇ ਬਰਦਾਸ਼ਤ ਚੀਜ ਦੇ ਅਲੱਗ ਅਲੱਗ ਫਾਇਦੇ ਜਾਂ ਨੁਕਸਾਨ ਹਨ,

ਪਰ ਗੁਰੂ ਨਾਨਕ ਦੇਵ ਜੀ ਜਿਸ ਚੀਜ ਨੂੰ “ਅਜਰ” ਕਹਿ ਰਹੇ ਹਨ, ਉਸ ਤੋਂ ਹੋਣ ਵਾਲੇ ਫਾਇਦੇ (ਨਿਸ਼ਾਨੀਆਂ) ਵੀ ਗੁਰੂ ਜੀ ਸਾਨੂੰ ਇਸ ਸ਼ਬਦ ਵਿੱਚ ਹੀ ਦੱਸ ਰਹੇ ਹਨ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸੱਕਦਾ ਹੈ, ਕਿ ਉਹ ਕੀ ਚੀਜ ਹੋ ਸਕਦੀ ਹੈ।

ਪਹਿਲਾ ਫਾਇਦਾ

ਨਉ ਕੁਲ ਬੰਧੁ

ਨੌਂ ਦਰਵਾਜੇ ਬੰਦ ਹੋ ਜਾਣ ਗੇ।

(ਮੁਰਦਾ ਹੋ ਜਾਵੇ ਗਾ) (ਕਿਸੇ ਦੇ ਗਲ ਨਹੀਂ ਪਵੇਗਾ) (ਕਿਸੇ ਨਾਲ ਝਗੜਾ ਨਹੀਂ ਕਰੇ ਗਾ)

ਦੂਜਾ ਫਾਇਦਾ

ਪੂਜੈ ਪ੍ਰਾਣ ਹੋਵੈ ਥਿਰੁ ਕੰਧੁ॥

ਉਸ ਦੀ, ਜਿੰਦ ਜਾਨ, ਜੀਵਨ, ਬਲ ਸ਼ਕਤੀ, ਆਤਮਕ ਸ਼ਕਤੀ, ਆਦਿ ਇੱਕ ਕੰਧ ਵਾਂਗ ਥਿਰ (ਅਡੋਲ) (ਭਰਮਾਂ ਤੋਂ ਰਹਿਤ) (ਸਤਿਕਾਰ ਸਨਮਾਣ ਵਾਲੀ ਹੋ ਜਾਂਦੀ ਹੈ)

ਤੀਜਾ ਫਾਇਦਾ

ਕਹਾਂ ਤੇ ਆਇਆ ਕਹਾਂ ਏਹੁ ਜਾਣੁ॥

(ਉਸ ਅਜਰ ਨੂੰ ਜਰ ਕੇ)

ਉਸ ਨੂੰ ਇਸ ਗੱਲ ਸੋਝੀ ਹੋ ਜਾਂਦੀ ਹੈ, ਕਿ ਉਹ ਕਿਥੋਂ ਆਇਆ ਸੀ, ਅਤੇ ਕਿਥੇ ਜਾਣਾਂ ਹੈ

( “ਕਹਾਂ ਤੇ ਆਇਆ ਕਹਾਂ ਏਹੁ ਜਾਣੁ” ਵਰਗਾ ਅਜੇਹਾ ਕੋਈ ਵੀ ਭੁਲੇਖਾ ਜਾਂ ਝਗੜਾ ਉਸ ਦੇ ਅੰਦਰ ਨਹੀਂ ਰਹਿੰਦਾ)

ਚੌਥਾ ਫਾਇਦਾ

ਜੀਵਤ ਮਰਤ ਰਹੈ ਪਰਵਾਣੁ॥

ਉਹ ਭਾਵੇਂ ਇਸ ਵੇਲੇ ਜਿੰਦਾ ਹੈ, ਜਾਂ ਅਗਲੇ ਹੀ ਪਲ ਮਰ ਜਾਂਦਾ ਹੈ, ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂ ਕਿ ਉਹ ਜਿਉਂਦਾ ਵੀ ਤੇ ਮਰਿਆ ਵੀ (ਪ੍ਰਭੂ ਦੇ ਦਰ ਤੇ) ਪ੍ਰਵਾਣ ਹੋ ਚੁਕਾ ਹੈ।

(ਜਿਉਂਦਾ ਹਾਥੀ ਲੱਖ ਦਾ ਮਰਿਆ ਸਵਾ ਲੱਖ ਦਾ)

ਪਰ ਜੇ ਉਸ ਅਜੱਰ ਵਸਤੂ ਦਾ ਪਤਾ ਹੀ ਨਹੀਂ ਤੇ ਉਸ ਨੂੰ ਜਰਿਆ ਹੀ ਨਹੀਂ ਤਾਂ ਬਾਣੀਂ ਕਹਿੰਦੀ ਹੈ

ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ ੧॥ ੮੭੦

ਉਸ ਅਜਰ ਵਸਤੂ ਦੀ ਸੋਝੀ ਕਿੰਨ੍ਹਾਂ ਨੂੰ ਅਤੇ ਜਿਵੇਂ ਹੁੰਦੀ ਹੈ

ਗੁਰੁ ਸਮਝਾਵੈ ਸੋਝੀ ਹੋਈ॥ ਗੁਰਮੁਖਿ ਵਿਰਲਾ ਬੂਝੈ ਕੋਈ॥ ੫॥ ਕਰਿ ਕਿਰਪਾ ਰਾਖਹੁ ਰਖਵਾਲੇ॥ ਬਿਨੁ ਬੂਝੇ ਪਸੂ ਭਏ ਬੇਤਾਲੇ॥ ੬॥ ਮ: ੧

ਪੰਜਵਾਂ ਫਾਇਦਾ

ਹੁਕਮੈ ਬੂਝੈ ਤਤੁ ਪਛਾਣੈ॥

ਉਹ ਹੁਕਮ ਨੂੰ ਬੁੱਝ ਲੈਂਦਾ ਹੈ। ਅਤੇ ਤੱਤ ਨੂੰ ਪਹਿਚਾਣ ਲੈਂਦਾ ਹੈ।

(ਹੁਕਮ ਕੀ ਹੈ, ਅਤੇ ਤੱਤ ਕੀ ਹੈ, ਅਤੇ ਇਹਨਾਂ ਨੂੰ ਬੁੱਝਣ ਅਤੇ ਇਹਨਾਂ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ, …ਇਸ ਦਾ ਜਿਕਰ ਬਾਰ ਬਾਰ ਸਾਰੀ ਬਾਣੀਂ ਵਿੱਚ ਆਉਂਦਾ ਹੈ)

ਊਪਰ ਇਹ ਕੁੱਝ ਕੂ ਨਿਸ਼ਾਨੀਆਂ ਉਸ “ਅਜਰ ਵਸਤੂ” ਪ੍ਰਾਪਤੀ ਵਾਲੇ ਮਨੁਖ ਦੀਆਂ ਦੱਸ ਕੇ, ਅਗੇ ਗੁਰੂ ਨਾਨਕ ਦੱਸਦੇ ਹਨ,

ਇਹੁ ਪਰਸਾਦੁ ਗੁਰੂ ਤੇ ਜਾਣੈ॥

ਪਰਸਾਦ ਜਾਂ (ਪ੍ਰਸ਼ਾਦ) ਇਹ (ਅਜਰ ਵਸਤੂ ਦਾ ਪ੍ਰਸ਼ਾਦ) ਤਾਂ ਗੁਰੂ ਦਾ ਪ੍ਰਸ਼ਾਦ ਹੈ, ਇਹ ਗੁਰੂ ਪਾਸੋਂ ਮਿਲਦਾ ਹੈ। (ਗੁਰੂ ਦਾ ਪ੍ਰਸ਼ਾਦ ਕਿਸੇ ਬੰਦੇ ਪਾਸੋਂ ਨਹੀਂ ਮਿਲ ਸੱਕਦਾ)

(ਜੇ ਬੰਦੇ ਪਾਸੋਂ ਇਹ ਪ੍ਰਸ਼ਾਦ ਮਿਲ ਸਕਦਾ ਹੋਵੇ, ਤਾਂ ਫਿਰ ਇਹ “ਗੁਰੂ ਦਾ ਪ੍ਰਸ਼ਾਦ” ਤਾਂ ਨਹੀਂ ਨਾਂ ਹੋ ਸੱਕਦਾ)

ਹੋਂਦਾ ਫੜੀਅਗੁ ਨਾਨਕ ਜਾਣੁ॥

(ਹੋਂਦਾ- ਭਾਵ ਜੋ ਆਪਣੇਂ ਆਪ ਨੂੰ ਕੁਛ ਸਮਝੇ ਗਾ, ਉਸ ਨੂੰ ਇਹ ਸ਼ਬਦ ਵੀ ਬਹੁਤ ਤਕਲੀਫ ਪਹੁੰਚਾਏ ਗਾ)

(ਗੁਰੂ ਦੇ ਪ੍ਰਸਾਦ ਤੋਂ ਬਿਨਾਂ) (ਗੁਰੂ ਦੇ ਹੁਕਮ ਨੂੰ ਬੁੱਝੇ ਬਿਨਾਂ ਹੀ) ਐਵੇਂ ਹੀ ਜੋ ਮਨੁੱਖ ਆਪਣੇਂ ਆਪ ਨੂੰ ਕੁੱਝ (ਗਿਆਨੀ) ਸਮਝਦਾ ਹੈ, ਹੰਕਾਰ ਕਰਦਾ ਹੈ। ਉਹ ਫੜਿਆ ਜਾਵੇ ਗਾ।

(ਕੌਣ ਅਤੇ ਕਿਵੇਂ ਫੜੇ ਗਾ ਉਸ ਨੂੰ, . . ਉਸ ਨੂੰ ਫੜ ਕੇ ਜੂਨਾਂ ਵਿੱਚ ਪਾਇਆ ਜਾਵੇ ਗਾ)

ਅਖੀਰ ਤੇ ਗੁਰੂ ਨਾਨਕ ਜੀ ਕਹਿੰਦੇ ਹਨ।

ਛੇਵਾਂ ਫਾਇਦਾ

ਨਾ ਹਉ ਨਾ ਮੈ ਜੂਨੀ ਪਾਣੁ॥ ੨॥

ਉਸ ਵਿੱਚ ਮੈਂ ਨਹੀਂ ਰਹਿੰਦੀ, ਹਉਂ ਨਹੀਂ ਰਹਿੰਦੀ। ਜਿਸ ਵਿੱਚ ਮੈਂ ਨਹੀਂ, ਹੰਕਾਰ ਨਹੀਂ, ਉਹ ਜੂਨੀਆਂ ਵਿੱਚ ਨਹੀਂ ਪਾਇਆ ਜਾਏ ਗਾ।

ਵੇਖੋ ਪਾਠਕ ਵੀਰੋ, ਇਸ ਸਾਰੇ ਸ਼ਬਦ ਵਿੱਚ ਗੁਰੂ ਨਾਨਕ ਜੀ, ਸਾਨੂੰ ਕਿਨੀਂ ਸੁਹਣੀਂ ਸਿੱਖਿਆ ਦੇ ਕੇ ਗੁਰੂ ਜੀ ਅੱਗੇ ਇਸ ਸ਼ਬਦ ਦੀ “ਪਉੜੀ” ਬਿਆਨ ਕਰਦੇ ਹਨ।

ਨੋਟ:- ਪਾਠਕ ਵੀਰੋ, ਪਰ ਅਸਾਂ ਅਜੇ ਇਹ ਜਾਨਣਾਂ ਹੈ, ਕਿ ਉਹ “ਅਜਰ ਵਸਤੂ” ਕੀ ਹੈ। ਇਸ ਦੀ ਵਿਚਾਰ ਅਗੇ ਚੱਲ ਕੇ ਕਰਾਂ ਗੇ।

॥ ਪਉੜੀ॥

“ਪਉੜੀ” ਦਾ ਅਰਥ ਹੈ, ਇਸ ਸਾਰੇ ਸ਼ਬਦ ਦਾ “ਭਾਵ ਉਪਦੇਸ਼”

ਪਉੜੀ ਦੇ ਲਫਜ਼ੀ ਅਰਥ ਹਨ,

ਉਚੀ ਅਵਸਥਾ ਜਾਂ ਮੰਜ਼ਿਲ ਤੇ ਪਹੁੰਚਣ ਵਾਸਤੇ, (ਸੀੜੀ) ਜਾਂ ਪੈਰ ਰੱਖਣ ਦੀ ਥਾਂ

ਸੋ ਰਹਾਉ ਦੀ ਪੰਕਤੀ ਵਾਂਗ, ਸ਼ਬਦ ਦਾ ਪਉੜੀ ਵਾਲਾ ਹਿਸਾ ਬਹੁਤ ਮਹੱਤਵ ਪੂਰਨ ਹੁੰਦਾ ਹੈ।

ਪੜੀੑਐ ਨਾਮੁ ਸਾਲਾਹ ਹੋਰਿ ਬੁਧੀਂ ਮਿਥਿਆ॥

ਗੁਰੂ ਨਾਨਕ ਜੀ ਸਾਨੂੰ ਸਿਖਿਆ ਦੇਂਦੇ ਹਨ।

ਕਿ ਨਾਮ ਪੜ੍ਹੋ, ਬੋਲੋ, ਸਲਾਹੋ, ਹੋਰ ਬਾਕੀ ਸਭ ਅਕਲਾਂ, ਬੁੱਧੀਆਂ, ਸਿਆਣਫਾਂ, ਚਤੁਰਾਈਆਂ, ਮਿਥਿਆ (ਝੂਠ) ਹਨ।

ਬਿਨੁ ਸਚੇ ਵਾਪਾਰ ਜਨਮੁ ਬਿਰਥਿਆ॥

ਨਾਮ ਦੇ ਇਸ ਸੱਚੇ ਵਪਾਰ ਤੋਂ ਬਿਨਾਂ ਜਨਮ ਬਿਰਥਾ ਹੀ ਚਲਾ ਜਾਵੇ ਗਾ।

ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ॥

ਚਾਹੇ ਲੱਖ ਅਕਲਾਂ, ਬੁੱਧੀਆਂ, ਸਿਆਣਫਾਂ, ਅਤੇ ਚਤੁਰਾਈਆਂ ਵਰਤ ਲਈਏ,

ਸੱਚ ਦਾ (ਸੱਚ ਕੀ ਹੈ) ਕੋਈ ਅੰਤ (ਭੇਦ) ਪਾਰਾਵਾਰੁ ਜਾਂ (ਪਾਰਲੇ ਅਤੇ ਉਰਲੇ ਕਿਨਾਰੇ ਦਾ) ਭੇਦ ਨਹੀਂ ਪਾ ਸਕਦਾ।

ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ॥

ਸਾਰਾ ਹੀ ਸੰਸਾਰ ਇਸ ਹੰਕਾਰ ਵਿੱਚ ਹੈ, ਕਿ ਉਸ ਵਰਗਾ ਗਿਆਨੀਂ ਕੋਈ ਨਹੀਂ ਹੈ।

ਇਸ ਹੰਕਾਰ ਦੇ ਕਾਰਨ ਇਸ ਨੂੰ ਸੱਚ ਚੰਗਾ ਨਹੀਂ ਲੱਗਦਾ।

(ਕਹਿੰਦਾ ਹੈ ਕਿ ਨਾਮ ਦੀ ਕੀ ਲੋੜ ਹੈ)

ਚਲੇ ਨਾਮੁ ਵਿਸਾਰਿ ਤਾਵਣਿ ਤਤਿਆ॥

ਨਾਮ ਨੂੰ ਵਿਸਾਰ ਦਿੱਤਾ,

ਅਤੇ ਤੱਤਿਆਂ ਤਉਣਾਂ (ਕੜਾਹਿਆਂ) ਵਿੱਚ ਸੜਨ ਵਾਸਤੇ ਉਠ ਚੱਲੇ ਹਨ।

ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ॥

(ਚਲੇ ਨਾਮੁ ਵਿਸਾਰਿ ਤਾਵਣਿ ਤਤਿਆ, ਵਾਲੀ ਅੱਗ ਤਾਂ ਪਹਿਲੇ ਹੀ ਬਲ ਰਹੀ ਹੈ।)

ਪਹਿਲੇ ਤੋਂ ਹੀ ਬਲ ਰਹੀ ਇਸ ਅੱਗ ਵਿਚ,

ਵਿਦਿਆ, ਅਕਲਾਂ, ਬੁੱਧੀਆਂ ਅਤੇ ਚਤੁਰਾਈਆਂ ਦੀ, ਦੁਬਿਧਾ ਨੇਂ ਤੇਲ ਦਾ ਕੰਮ ਕੀਤਾ।

(ਦੁਬਿਧਾ ਦੇ ਭਾਂਬੜ ਮੱਚ ਪਏ)

ਆਪ ਵੀ ਦੁਬਿਧਾ ਵਿੱਚ ਫਸ ਗਿਆ, ਤੇ ਦੂਜਿਆ ਨੂੰ ਵੀ ਲੈ ਡੁੱਬਾ।

ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥

ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ ੫੩॥ ਮ: ੧ ੯੩੮

ਮਨਮੁਖ ਵਿਦਿਆ ਵੇਚਦਾ ਹੈ,

ਵੇਚ ਵੇਚ ਕੇ ਜ਼ਹਿਰ ਇਕੱਠੀ ਕਰ ਰਿਹਾ ਹੈ, ਫਿਰ ਉਹੀ ਜ਼ਹਿਰ ਖਾ ਖਾ ਕੇ ਬੁੱਧੀ ਭ੍ਰਿਸ਼ਟ ਹੋ ਗਈ

(ਜੋ ਚੀਜ ਕਿਸੇ ਦੇ ਕੋਲ ਹੋਵੇ ਉਹੀ ਚੀਜ ਵੇਚੀ ਜਾ ਸਕਦੀ ਹੈ।)

ਮੂਰਖ ਨੇਂ ਸ਼ਬਦ ਦੀ ਖੋਜ ਨਹੀਂ ਕੀਤੀ, ਇਸ ਵਾਸਤੇ ਇਸ ਨੂੰ ਕੋਈ ਅਕਲ ਜਾਂ ਸੂਝ ਬੂਝ ਨਹੀਂ ਹੈ

ਆਇਆ ਉਠੀ ਖੇਲੁ ਫਿਰੈ ਉਵਤਿਆ॥

ਅਜੇਹਾ ਬੁੱਧੀ ਦੀ ਦੁਬਿਧਾ ਵਿੱਚ ਫਸਿਆ, ਇਹ (ਉਵਤਿਆ) ਅਵੈੜਾ, ਅਮੋੜ, ਮਨੁਖ।

ਜੋ ਕਿਸੇ ਦੇ ਸਮਝਾਇਆਂ ਜਾਂ ਮੋੜਿਆ ਵੀ ਸਮਝਦਾ ਜਾਂ ਮੁੜਦਾ ਨਹੀਂ ਹੈ।

ਅਜੇਹਾ ਮਨੁੱਖ, ਸੰਸਾਰ ਵਿੱਚ ਜਨਮ ਲੈਂਦਾ ਹੈ,

ਪਰ ਸਾਰਾ ਹੀ ਜੀਵਨ, ਵਿਅਰਥ (ਭੰਗ ਦੇ ਭਾੜੇ) ਗਵਾ ਕੇ ਤੁਰ ਜਾਂਦਾ ਹੈ।

ਨਾਨਕ ਸਚੈ ਮੇਲੁ ਸਚੈ ਰਤਿਆ॥ ੨੪॥

ਅਖੀਰ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ।

ਇਸ ਕੂੜ ਦੁਬਿਧਾ ਨੂੰ ਛੱਡ ਕੇ ਜਿਨ੍ਹਾਂ ਨੇਂ ਆਪਣੇਂ ਆਪ ਨੂੰ ਸੱਚੇ ਦੇ ਰੰਗ ਵਿੱਚ ਰੰਗ ਲਿਆ,

ਉਹਨਾਂ ਦਾ ਹੀ ਮੇਲ ਉਸ ਸਚੇ ਪ੍ਰਮਾਤਮਾਂ (ਪ੍ਰਭੂ) ਨਾਲ ਹੁੰਦਾ ਹੈ।

(ਦੇਖੋ ਵੀਰੋ, ਬਾਣੀਂ ਕਿੰਨੀਆਂ ਚੋਟਾਂ ਮਾਰ ਰਹੀ ਹੈ)

ਅਗਲਾ ਸ਼ਬਦ ਮਾਸ ਬਾਰੇ ਹੈ,

ਸਲੋਕ ਮਃ ੧॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥

ਸਾਡਾ ਮੁੱਢ ਹੀ ਮਾਸ ਤੋਂ ਬੱਝਾ ਹੈ, (ਮਾਤਾ ਦੇ ਰਕਤ ਪਿਤਾ ਦੀ ਬਿੰਦ ਤੋਂ) ਅਤੇ ਮਾਸ ਦੇ ਅੰਦਰ (ਗਰਭ ਵਿਚ) ਸਾਡਾ ਵਾਸ ਹੁੰਦਾ ਹੈ।

ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥

ਜਦਿ ਮਾਂ ਦੇ ਪੇਟ ਵਿੱਚ ਪੁਤਲਾ ਤਿਆਰ ਹੋ ਜਾਂਦਾ ਹੈ। ਤਾਂ ਪੁਤਲੇ ਵਿੱਚ ਪ੍ਰਾਣ ਦਾਖਲ ਹੁੰਦੇ ਹਨ।

ਤਾਂ ਸੱਭ ਤੋਂ ਪਹਿਲੇ ਮੂੰਹ ਵਿੱਚ ਮਾਸ ਪੈਂਦਾ/ਮਿਲਦਾ ਹੈ।

ਗਰਭ ਤੋਂ ਲੈ ਕੇ ਹੱਡ ਚੰਮ ਅਤੇ ਸਾਰਾ ਸਰੀਰ ਮਾਸ ਹੈ।

(ਗਰਭ ਧਾਰਨ ਕਰਨਾਂ ਕੁੰਭੀ ਨਰਕ ਦੇ ਬਰਾਬਰ ਗਿਣਿਆਂ ਗਿਆ ਹੈ)

ਗੁਰੂ ਨਾਨਕ ਜੀ ਦੱਸਦੇ ਹਨ।

ਗਰਭ ਕੁੰਡਲ ਮਹਿ ਉਰਧ ਧਿਆਨੀ॥ ਆਪੇ ਜਾਣੈ ਅੰਤਰਜਾਮੀ॥ ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ॥ ੫॥ ਮ: ੧ ੧੦੨੬

ਜਦ ਗਰਭ ਦੇ ਕੁੰਡਲ (ਘੇਰੇ) ਵਿੱਚ ਪੁੱਠਾ ਲਟਕਿਆ ਹੋਇਆ ਸੀ। (ਮਲ ਮੂਤਰ ਮੂੰਹ ਨਾਲੋਂ ਖਹਿ ਕੇ ਲੰਘਦਾ ਸੀ) ਤਾਂ ਉਦੋਂ ਦੁਖ ਵਿੱਚ ਸਵਾਸ ਸਵਾਸ ਸਚੇ ਨਾਮ ਦਾ ਸਿਮਰਨ ਕਰਦਾ ਸੀ।

ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ।

(ਗਰਭ ਤੋਂ ਲੈ ਕੇ ਸਾਕਾਂ ਸਬੰਧੀਆਂ ਤੱਕ ਸੱਭ ਮਾਸ ਹੀ ਮਾਸ ਹੈ। ਇਹ ਮਾਸ ਕੋਈ ਭੋਜਨ ਜਾਂ ਚੰਗੀ ਗੱਲ ਨਹੀਂ ਹੈ। ਅਜੇਹੇ ਮਾਸ ਤੋਂ ਸਭ ਸੰਤਾਂ ਨੇਂ ਦੁਹਾਈਆਂ ਦਿੱਤੀਆਂ ਹਨ, . . . ਕੇ ਗਰਭ ਤੋਂ ਬਚੋ।) (ਗਰਭ ਮਾਨੋਂ ਦੁੱਖਾਂ ਦਾ ਸਾਗਰ ਹੈ)

(ਗਰਭ ਤੋਂ ਬਚਣ ਦਾ ਸਿੱਧਾ ਭਾਵ ਹੈ ਕਿ ਮਾਸ ਤੋਂ ਬਚੋ) (ਕਿਉਂ ਕਿ ਗਰਭ ਤੋਂ ਹੀ ਮਾਸ ਦੀ ਸ਼ੁਰੂਆਤ ਹੁੰਦੀ ਹੈ)

ਸ੍ਰੀ ਗੁਰੂ ਅਮਰ ਦਾਸ ਜੀ ਕਹਿੰਦੇ ਹਨ

ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ॥ ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ॥ ੩॥ ਮ: ੩ ੧੬੩

ਮਨਮੁਖ ਲੋਕ ਜੋ ਆਪਣੇਂ ਹੀ ਮਨ ਦੀ ਗੱਲ ਨੂੰ ਸਚ ਸਮਝਦੇ ਹਨ, ਜੋ ਸਿਰਫ ਆਪਣੇਂ ਹੀ ਮਨ ਦੀ ਗੱਲ ਨੂੰ ਮੰਨਦੇ ਹਨ।

ਗੁਰੂ ਦੀ ਗੱਲ (ਬਾਣੀਂ) ਨੂੰ ਨਹੀਂ ਮੰਨਦੇ, ਉਹ ਭਰਮਦੇ ਫਿਰਦੇ ਹਨ।

ਉਹ ਗਰਭ ਵਿੱਚ ਵਾਸ ਪਾਉਂਦੇ ਹਨ, ਹਮੇਸ਼ਾਂ ਗਰਭ ਵਿੱਚ ਗਲਦੇ ਰਹਿੰਦੇ ਹਨ।

(ੳਹ ਹਮੇਸ਼ਾਂ ਮਾਸ ਖਾਦੇ ਰਹਿੰਦੇ ਹਨ, ਤਿਆਗੀ ਹੋਕੇ ਵੀ ਮਾਸ ਖਾਦੇ ਹਨ, ਕਿਉਂ ਕੇ ਇਸ ਸੰਸਾਰ ਵਿੱਚ ਮਾਸ ਤੋਂ ਬਿਨਾਂ ਹੋਰ ਕੁੱਝ ਹੈ ਹੀ ਨਹੀਂ)

(ਅੰਨ, ਗੁੜ ਗੰਨਾਂ, ਵੀ ਮਾਸ ਹੀ ਹੈ, ਇਸੇ ਵਾਸਤੇ ਹੀ ਗੁਰੂ ਨਾਨਕ ਜੀ ਇਹਨਾਂ ਪਦਾਰਥਾਂ ਨੂੰ ਵੀ ਤਿਆਗਣ ਵਾਸਤੇ ਕਹਿੰਦੇ ਹਨ)

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ ੨॥

ਵਿਚਾਰ ਕਰੋ ਕਿ ਜੇ ਮਾਸ ਅੰਨ, ਗੁੜ ਗੰਨਾਂ ਆਦੀ ਇਕੋ ਹੀ ਚੀਜ ਹੈ, ਤਾਂ ਇਹਨਾਂ ਸਾਰੇ ਰਸਾਂ ਜਾਂ ਪਦਾਰਥਾਂ ਨੂੰ, ਜੇ ਗੁਰੂ ਨਾਨਕ ਜੀ ਤਿਆਗਣ ਵਾਸਤੇ ਕਹਿ ਰਹੇ ਹਨ, ਤਾਂ ਗੁਰੂ ਨਾਨਕ ਜੀ ਮਾਸ ਖਾਣ ਦੀ ਲੁਕਵੀਂ ਜਾਂ ਅੰਦਰ ਖਾਤੇ ਆਗਿਆ ਕਿਵੇਂ ਦੇ ਸਕਦੇ ਹਨ

ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ॥

ਜਦ ਕਰਤੇ (ਪ੍ਰਭੂ) ਨੂੰ. . ਇੰਜ ਹੀ ਚੰਗਾ ਲੱਗਦਾ ਹੈ, ਤਾਂ ਕਿਸੇ ਦੀ ਕੀ ਤਾਕਤ ਕਿ ਕਰਤੇ ਦੇ ਭਾਣੇਂ ਨੂੰ ਰੱਦ (ਬਦਲ) ਕਰ ਸਕੇ।

ਕਿਉਂ ਕਿ ਇਹ ਮਾਸ ਕਰਤਾ ਖੁਦ ਹੀ ਖੁਆ ਰਿਹਾ ਹੈ।

ਹਾਂ ਅਸੀਂ ਛੁੱਟਣ ਦੀ ਕੋਸ਼ਿਸ਼ ਜਰੂਰ ਕਰ ਸੱਕਦੇ ਹਾਂ।

ਪਰ ਅਸੀਂ ਤਾਂ ਕਦੇ ਮਾਸ ਤੋਂ ਛੁੱਟਣ ਦੀ ਜਰੂਰਤ ਹੀ ਨਹੀਂ ਸਮਝੀ।

(ਕਿਉਂ ਕੇ ਮਾਸ ਨਾਲ ਸਾਡਾ ਪਿਆਰ ਹੈ)

ਇਸ ਵਾਸਤੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।

ਹਾਂ ਜਿਸ ਚੀਜ ਦੀ ਅਸਾਂ ਜਰੂਰਤ ਸਮਝੀ ਹੈ, ਉਹ ਹੈ ਝਗੜਾ. .

. . ਅਤੇ ਝਗੜਾ (ਝਗੜੇ ਦਾ ਤਰੀਕਾ) ਸਾਡੇ ਪਾਸ ਬਹੁਤ ਹੈ।

ਮਨਮੁਖ ਭਰਮਾਣੇ॥

ਮਨਮੁਖ ਭਰਮਾਂ ਵਿੱਚ ਪਏ ਹੋਇ ਹਨ। ਉਹਨਾਂ (ਮਨਮੁਖਾਂ) ਦੇ ਕਹਿਣ ਨਾਲ “ਸੱਚ” ਝੂਠ ਵਿੱਚ ਨਹੀਂ ਬਦਲ ਸੱਕਦਾ।

ਗਰਭ ਜੂਨ ਤੋਂ ਤਾਂ ਆਪਾਂ (ਮਾਸ ਖਾਣ ਵਾਲੇ ਵੀ) ਸਾਰੇ ਹੀ ਡਰਦੇ ਹਾਂ।

ਤਾਹੀਂਏ ਤਾਂ ਅਸੀਂ ਕਹਿੰਦੇ ਹਾਂ, ਕਿ ਬੰਦਾ ਮਰ ਗਿਆ ਤੇ ਕੰਮ ਖਤਮ, ਫਿਰ ਅਸੀਂ ਸਿੱਧੇ ਹੀ ਪ੍ਰਮਾਤਮਾਂ ਨਾਲ ਮਿਲ ਜਾਵਾਂ ਗੇ।

ਦੁਬਾਰਾ ਗਰਭ ਵਿੱਚ ਕੋਈ ਨਹੀਂ ਪੈਂਦਾ।

ਆਪਣੇਂ ਅੰਦਰ ਛਿਪੇ ਗਰਭ ਦੇ ਡਰ ਦੇ ਕਾਰਨ ਹੀ ਅਸੀਂ ਅਜੇਹਾ ਕਹਿੰਦੇ ਹਾਂ।

(ਕਿਉਂ ਕਿ ਅਸੀਂ ਜਾਣਦੇ ਹਾਂ, ਕਿ ਗਰਭ ਤੋਂ ਬਚਨ ਦਾ ਸਾਡੇ ਪਾਸ ਕੋਈ ਹੱਲ ਜਾਂ ਤਰੀਕਾ ਨਹੀਂ ਹੈ)

(ਇਹ ਕਹਿ ਕੇ ਘਟੋ ਘਟ ਜਾਂ ਕੁੱਝ ਦੇਰ ਵਾਸਤੇ ਅਸੀਂ ਆਪਣੇਂ ਮਨ ਨੂੰ ਧਰਵਾਸ ਤਾਂ ਦੇ ਹੀ ਲੈਂਦੇ ਹਾਂ)

ਇਕ ਪਾਸੇ ਤਾਂ ਅਸੀਂ ਗਰਭ ਦੇ ਮਾਸ ਤੋਂ ਇਤਨਾਂ ਡਰਦੇ ਹਾਂ। (ਕਿ ਦੁਬਾਰਾ ਕੋਈ ਵੀ ਗਰਭ ਵਿੱਚ ਨਹੀਂ ਪੈਣਾਂ ਚਾਹੁੰਦਾ) ਦੂਜੇ ਪਾਸੇ ਅਸੀਂ (ਬਾਹਰ ਦੇ) ਮਾਸ ਨੂੰ ਭੋਜਨ ਕਹਿੰਦੇ ਹਾਂ।

ਮਾਸ ਖਾਣ ਵਾਸਤੇ ਤਾਂ ਅਸੀਂ ਗੁਰੂ (ਸਾਡੇ ਅਰਥਾਂ ਅਨੂਸਾਰ) ਨਾਨਕ ਦਾ ਕਹਿਣਾਂ ਮੰਨ ਲਿਆ। ਪਰ ਗਰਭ ਵਿੱਚ ਪੈਣ ਵਾਲਾ ਗੁਰੂ ਨਾਨਕ ਦਾ ਕਹਿਣਾਂ ਅਸੀਂ ਕਿਉਂ ਨਹੀਂ ਮੰਨਦੇ?

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥

ਗਰਭ ਵਾਲੇ ਮਾਸ ਵਿਚੋਂ ਸਾਨੂੰ ਬਾਹਰ ਕੱਢਿਆ ਗਿਆ। ਤਾਂ ਨਿਕਦਿਆਂ ਹੀ ਮਾਸ ਦੇ ਰੂਪ ਵਿੱਚ ਮਾਂ ਦਾ ਮੰਮਾ ਸਾਡੇ ਮੂੰਹ ਵਿੱਚ ਗਿਰਾਸ ਮਿਲਿਆ।

ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ॥ ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ

ਗਰਭ ਵਿਚੋਂ ਬਾਹਰ ਨਿਕਲਿਆ, ਤਾਂ ਚਾਰੇ ਪਾਸੇ ਬਿਖ ਹੀ ਬਿਖ ਪਸਰੀ (ਫੈਲੀ) ਮਿਲੀ,

ਮੰਮੇਂ ਤੋਂ ਲੈਕੇ ਮਾਂ ਪਿਉ ਭੈਣਾਂ ਭਰਾ ਰਿਸਤੇ ਦਾਰਾਂ ਮਿੱਤਰ ਬੇਲੀਆਂ (ਮਾਸ) ਨਾਲ (ਮਾਇਆ) ਨਾਲ ਮੋਹ ਪੈ ਗਿਆ।

ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥

ਸਾਡਾ ਆਪਣਾਂ ਵੀ ਮੂੰਹ ਮਾਸ ਦਾ, ਜੀਭ ਮਾਸ ਦੀ, ਅਤੇ ਅਸੀਂ ਖੁਦ ਮਾਸ ਦੇ ਅੰਦਰ ਕੈਦ ਹੋ ਗਏ। ਸਾਡੇ ਸਵਾਸ ਵੀ ਮਾਸ ਦੀ ਵਜਹਾ ਕਰ ਕੇ ਹੀ ਚੱਲਣੇਂ ਸ਼ੁਰੂ ਹੋਏ ਹਨ।

(ਮਾਸ ਵਿੱਚ ਕੈਦ ਹੋਣ ਕਾਰਨ ਹੀ ਅਸੀਂ ਸਵਾਸਾਂ ਦੇ ਮੁਹਥਾਜ ਹੋ ਗਏ) (ਨਹੀਂ ਤਾਂ ਸਾਨੂੰ ਸਵਾਸਾਂ ਦੀ ਵੀ ਕੋਈ ਲੋੜ ਨਹੀਂ ਸੀ)

(ਵੈਸੇ ਜੇ ਕਿਸੇ ਅਸੂਲ ਦੀ ਗੱਲ ਕਰੀਏ, ਜੇ ਸਾਡਾ ਕੋਈ ਅਸੂਲ ਹੋਵੇ। ਤਾਂ ਜਿਸ ਚੀਜ ਤੋਂ ਸਾਡਾ ਮੁੱਢ ਬੱਝਾ, ਜਿਸ ਚੀਜ ਤੋਂ ਸਾਡਾ ਵਜ਼ੂਦ ਹੋਂਦ ਵਿੱਚ ਆਇਆ, ਜਿਸ ਚੀਜ਼ ਤੋਂ ਅਸੀਂ ਹੋਂਦ ਵਿੱਚ ਆਏ, ਜਿਸ ਚੀਜ਼ ਤੋਂ ਸਾਡੇ ਧੀਆਂ ਪੁੱਤ, ਅਤੇ ਸਾਕ ਸਬੰਧੀ ਪੈਦਾ ਹੋਏ। ਉਸ ਚੀਜ ਦੀ ਤਾਂ ਸਾਨੂੰ ਕਦਰ ਕਰਨੀਂ ਚਾਹੀਦੀ ਹੈ, ਉਸ ਦਾ ਤਾਂ ਸਾਨੂੰ ਸਤਿਕਾਰ ਕਰਨਾਂ ਚਾਹੀਦਾ ਹੈ। ਪਰ ਅਸੀਂ ਅਕ੍ਰਿਤਘਣਾਂ ਵਾਂਗੂ ਉਸੇ ਨੂੰ ਹੀ ਖਾਣਾਂ ਸ਼ੁਰੂ ਕਰ ਦਿੱਤਾ। ਕੀ ਇਹ ਇਨਸਾਨਾਂ ਦਾ ਅਸੂਲ ਹੈ!)

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥

ਵਡਾ ਹੋਇਆ ਤਾਂ ਵਿਆਹ ਹੋਇਆ। ਉਹ ਵੀ ਮਾਸ ਹੈ।

ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥

ਅਤੇ ਮਾਸ ਤੋਂ ਫਿਰ ਮਾਸ ਪੈਦਾ ਹੋਇਆ। ਅਤੇ ਵਧਦਾ ਵਧਦਾ ਅਗੇ ਸਾਕਾਂ ਸਬੰਧੀਆਂ ਦੇ ਰੂਪ ਵਿੱਚ ਫੈਲਦਾ ਗਿਆ।

ਇਹ ਸਾਰੀ ਬਾਣੀਂ ਤਾਂ ਮਾਸ ਦੇ ਪਸਾਰੇ ਦੀ, ਜਾਂ ਸਾਡੇ ਚਾਰੋਂ ਤਰਫ ਫੈਲੇ, ਮਾਸ ਦੇ ਇਸ ਜਾਲ ਦੀ ਗੱਲ ਸਮਝਾ ਰਹੀ ਹੈ ਸਾਨੂੰ। ਇਸ ਵਿੱਚ ਮਾਸ ਖਾਣ ਦਾ ਹੁਕਮ ਕਿੱਥੇ ਹੈ। ਕੀ ਸਾਡੇ ਮਾਸ ਖਾਣ ਨਾਲ ਇਹ ਜਾਲ ਖਤਮ ਹੋ ਜਾਵੇ ਗਾ, ਜਾਂ ਸਾਡੇ ਮਾਸ ਖਾਣ ਨਾਲ ਇਹ ਜਾਲ ਟੁੱਟ ਜਾਵੇ ਗਾ। ਜਾਂ ਅਸੀਂ ਇਸ ਜਾਲ ਵਿਚੋਂ ਛੁੱਟ ਜਾਵਾਂ ਗੇ। ਜਿਵੇਂ ਕਿ ਬਾਣੀਂ ਵਿੱਚ ਲਿਖਿਆ ਹੈ, “ਆਪਿ ਛੁਟੇ ਨਹ ਛੂਟੀਐ”

ਬਚਪਨ ਦੀ ਇੱਕ ਗੱਲ ਯਾਦ ਆ ਗਈ, ਮੈਂ ਅਜੇ ਛੋਟਾ ਹੀ ਸੀ। ਪਿੰਡ ਵਿੱਚ ਮੇਰਾ ਇੱਕ ਮਾਮਾਂ ਵੀ ਰਹਿੰਦਾ ਸੀ। ਉਸ ਨੂੰ ਮੁਰਗੀਆਂ ਪਾਲਣ ਅਤੇ ਖਾਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਮੈਂ ਉਸ ਨੂੰ ਕਿਹਾ ਮਾਮਾਂ ਜੀ, ਤੁਸੀਂ ਇਹ ਮੁਰਗੀਆਂ ਖਾਣਾਂ ਛੱਡ ਦੇਵੋ ਇਹ ਪਾਪ ਹੈ। ਤਾਂ ਉਹ ਕਹਿਣ ਲੱਗਾ ਪੁੱਤਰ ਜੀ, ਤੂੰ ਅਜੇ ਬੱਚਾ ਹੈਂ, ਤੈਨੂੰ ਕੀ ਪਤਾ। ਮੁਰਗੀਆਂ ਖਾ ਕੇ ਤਾਂ ਅਸੀਂ ਸਗੋਂ ਪੁੰਨ ਦਾ ਕੰਮ ਕਰਦੇ ਹਾਂ। ਜੇ ਅਸੀਂ ਮੁਰਗੀਆਂ ਨਾਂ ਖਾਈਏ, ਦੁਨੀਆਂ ਵਿੱਚ ਤਾਂ ਮੁਰਗੀਆਂ ਹੀ ਮੁਰਗੀਆਂ ਹੋ ਜਾਣ, ਬੰਦਿਆਂ ਵਾਸਤੇ ਤਾਂ ਕੋਈ ਥਾਂ ਹੀ ਨਾਂ ਬਚੇ। ਅਸੀਂ ਤਾਂ ਸਗੋਂ ਸਫਾਈ ਦਾ ਕੰਮ ਕਰਦੇ ਹਾਂ। ਮਾਸ ਖਾਣ ਵਾਲੇ ਐਸੀਆਂ ਐਸੀਆਂ ਬੇ ਸਿਰ ਪੈਰ ਦੀਆਂ ਦਲੀਲਾਂ ਦੇਂਦੇ ਹਨ।

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥

ਜੰਮਣ ਤੋਂ ਲੈ ਕੇ ਮਰਨ ਤੱਕ ਅਸੀਂ ਮਾਸ ਦੇ ਘੇਰੇ ਵਿੱਚ ਘਿਰੇ ਹੋਇ ਹਾਂ।

ਮਾਸ ਦਾ ਇਹ ਗੋਰਖ ਧੰਦਾ ਕੀ ਹੈ, ਇਸ ਦੀ ਸਮਝ ਜਾਂ ਇਸ ਦਾ ਪਤਾ, ਸਤਿਗੁਰੂ ਨੂੰ ਮਿਲ ਕੇ ਲੱਗਦਾ ਹੈ।

ਜਿਸ ਨੇਂ ਸਤਿਗੁਰੂ ਦੇ ਹੁਕਮ ਨੂੰ ਬੁੱਝ ਲਿਆ। ਉਸ ਵਾਸਤੇ ਕੋਈ ਭਰਮ ਭੁਲੇਖਾ ਜਾਂ ਦੁਬਿਧਾ ਨਹੀਂ ਰਹਿੰਦੀ।

ਉਸ ਦਾ ਇਹ ਮਾਸ ਵਿੱਚ ਜਮਣਾਂ ਮਰਣਾਂ ਦੁਨੀਆਂ ਤੇ ਆਉਣਾਂ, ਸੌਰ ਜਾਂਦਾ ਹੈ।

ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥

ਗੁਰੂ ਜੀ ਇਸ ਮਾਸ ਤੋਂ ਛੁੱਟਣ ਦੀ ਗੱਲ ਕਿਉਂ ਕਰ ਰਹੇ ਹਨ? । (ਜੇ ਇੱਕ ਪਾਸੇ ਮਾਸ ਨੂੰ ਭੋਜਨ ਕਹਿੰਦੇ ਹਨ।) ਤਾਂ ਇਸ ਤੋਂ ਛੁੱਟਣ ਦਾ ਸਵਾਲ ਹੀ ਕਿੳਂ ਖੜਾ ਕੀਤਾ ਗੁਰੂ ਜੀ ਨੇਂ।

(ਸਾਡੇ ਅਨੂੰਸਾਰ) ਮਾਸ ਤਾਂ ਭੋਜਨ ਹੈ।

ਪਰ ਗੁਰੂ ਨਾਨਕ ਜੀ ਇਸ ਮਾਸ ਨੂੰ ਬਿਖੁ (ਜ਼ਹਿਰ) ਕਹਿ ਰਹੇ ਹਨ।

ਮਾਸ ਦੇ ਇਸ ਸਜੇ ਹੋਇ ਬਾਜ਼ਾਰ ਵਿੱਚ ਸਾਡੇ ਵਾਸਤੇ ਸੱਭ ਤੋਂ ਵੱਧ ਲੁਭਾਵਣੀਂ ਚੀਜ ਹੈ।

ਧੀਆਂ, ਪੁੱਤ, ਅਤੇ ਇਸਤਰੀ

ਪਰ ਗੁਰੂ ਰਾਮ ਦਾਸ ਜੀ ਮਹਾਂਰਾਜ ਜੀ ਸਾਨੂੰ ਸਮਝਾ ਰਹੇ ਹਨ।

ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ॥ ੧॥ ਰਹਾਉ॥

ਕਿ ਆਪਣੀਂ ਇਸਤਰੀ ਅਤੇ ਪੁੱਤਰ ਵੀ, ਮੋਹ ਦਾ ਭਰਿਆ ਇੱਕ ਜ਼ਹਿਰ ਹੈ।

ਕਿਉਂ ਕੇ ਅੰਤ ਸਮੇਂ ਇਹਨਾਂ ਵਿਚੋਂ ਕੋਈ ਵੀ ਬੇਲੀ ਨਹੀਂ ਕੋਈ ਵੀ ਸਾਥੀ ਨਹੀਂ ਬਣਦਾ।

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ॥ ੨॥

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ॥ ਮ: ੯ ੬੩੪

ਅਗੇ ਗੁਰੂ ਨਾਨਕ ਜੀ ਪ੍ਰਭੂ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ।

ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥ ਮ: ੧ ੫੮੦

ਹੇ ਪ੍ਰਭੂ ਤੂੰ ਹੀ ਇਹ ਧਰਤੀ ਬਨਾਈ ਹੈ। . . ਦੁਖ ਵੀ ਤੂੰ ਹੀ ਦੇਂਦਾ ਹੈ. . ਅਤੇ ਸੁਖ ਵੀ ਤੂੰ ਹੀ ਦੇਂਦਾ ਹੈ।

ਸੱਭ ਨਾਰੀ ਅਤੇ ਪੁਰਖ ਵੀ ਤੂੰ ਹੀ ਬਨਾਇ ਹਨ। ਅਤੇ ਇਹਨਾਂ ਦੇ ਅੰਦਰ, ਮਾਇਆ ਅਤੇ ਮੋਹ ਦੀ ਜਹਿਰ ਵੀ ਤੂ ਹੀ ਭਰੀ ਹੈ।

ਇਹ ਸ਼ਬਦ ਸਮਾਪਤ ਹੁੰਦਾ ਹੈ।

ਅੱਗੇ ਆਪਾਂ, ਮਾਸੁ ਮਾਸੁ ਕਰਿ. . ਵਾਲੇ ਸ਼ਬਦ ਦੀ “ਪਉੜੀ” ਦੀ ਵਿਚਾਰ ਕਰਦੇ ਹਾਂ। ਸ਼ਬਦ ਦੀ ਵਿਚਾਰ ਤਾਂ ਆਪਾਂ ਪਹਿਲੇ ਲੇਖ ਵਿੱਚ ਕਰ ਚੁਕੇ ਹਾਂ

ਪਉੜੀ॥

ਹਉ ਕਿਆ ਆਖਾ ਇੱਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ॥

ਚਾਰੋਂ ਪਾਸੇ ਪ੍ਰਮਾਤਮਾਂ ਦਾ ਇਹ ਮਾਸ ਵਾਲਾ ਖੇਲ ਵੇਖ ਕੇ,

ਅਸਚਰਜਤਾ ਜਿਹੀ ਦੀ ਸਥਿਤੀ ਵਿੱਚ ਗੁਰੂ ਨਾਨਕ ਜੀ ਪ੍ਰਮਾਤਮਾਂ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ।

ਹੇ ਪ੍ਰਭੂ ਮੇਰੀ ਜੀਭਾ ਇੱਕ ਹੈ ਮੈਂ ਕੀ ਆਖਾਂ,

ਕਿ ਤੂੰ ਸੰਸਾਰ ਦੇ ਜੀਵਾਂ ਨੂੰ ਕਿਹੜੇ ਕਿਹੜੇ ਧੰਦਿਆਂ (ਕਿਹੜੇ ਪਾਸੇ) (ਕਿਹੜੇ ਕੰਮਾਂ) ਵਿੱਚ ਲਾਇਆ ਹੋਇਆ ਹੈ।

ਤੇਰਾ ਅੰਤ ਕਿਸੇ ਨਹੀਂ ਪਾਇਆ (ਤੇਰੇ ਖੇਲ ਨੂੰ ਕੋਈ ਨਹੀਂ ਸਮਝ ਸੱਕਦਾ)

ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ॥

ਕੁੱਝ ਜੀਵਾਂ ਨੂੰ ਤਾਂ ਤੂੰ ਸੋਝੀ ਦੇ ਦਿੱਤੀ, ਅਤੇ ਉਹ ਸਚੇ ਸ਼ਬਦ ਦੀ ਵਿਚਾਰ ਕਰਕੇ ਤੇਰਾ ਹੀ ਰੂਪ ਹੋ ਗਏ

ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ॥

ਅਤੇ ਕੁੱਝ ਤੈਨੂੰ ਭਾਲਣ ਵਾਸਤੇ ਭਗਵੇ ਵੇਸ ਕਰ ਕੇ ਭਰਮਦੇ ਰਹੇ, ਪਰ ਸਤਿਗੁਰੂ ਤੋਂ ਬਿਨਾਂ ਤੈਨੂੰ ਕੋਈ ਨਹੀਂ ਮਿਲ ਸੱਕਦਾ।

ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ॥

ਕੁੱਝ ਲੋਕ ਤੈਨੂੰ ਭਾਲਣ ਵਾਸਤੇ ਦੇਸਾਂ ਦੇਸਾਂਤਰਾਂ ਵਿਚ, ਦੂਰ ਦੂਰ ਤੱਕ ਬਨੇਂ ਤੀਰਥਾਂ ਤੇ ਹਜ਼ਾਰਾਂ ਕੋਹਾਂ ਦਾ ਪੈਂਡਾ ਝਾਕ ਕੇ ਗਏ ਤੇ ਥੱਕ ਗਏ।

ਪਰ ਤੂੰ ਤਾਂ ਉਹਨਾਂ ਵਿਚਾਰਿਆਂ ਦੇ ਅੰਦਰ ਹੀ ਲੁਕ ਕੇ ਬੈਠਾ ਹੋਇਆ ਸੀ। ਉਹਨਾਂ ਦੇ ਨਾਲ ਹੀ ਸੀ

(ਤੂੰ ਉਹਨਾਂ ਨੂੰ ਵੀ ਆਪਣਾਂ ਆਪ ਨਾਂ ਦਿਖਾਇਆ)

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ॥

ਗੁਰੂ ਦਾ ਸ਼ਬਦ (ਚਮਕਦਾ) ਰਤਨ ਹੈ, (ਚਾਨਣ ਹੈ)

ਪਰ ਜਿਸ ਨੂੰ ਤੂੰ ਚਾਹਵੇਂ ਆਪ ਹੀ ਦਿਖਾਉਂਦਾ ਹੈ।

ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ॥

ਜਿਸ ਨੂੰ ਤੂੰ ਇਹ ਚਾਨਣ ਦਿਖਾ ਦਿੱਤਾ।

ਉਸ ਨੂੰ ਸੱਭ ਤੋਂ ਪਹਿਲੇ ਆਪਣੇਂ ਆਪ ਦੀ ਸੋਝੀ ਹੋ ਗਈ।

ਗੁਰੂ ਦੀ ਮੱਤ ਨਾਲ, ਇਸ ਚਾਨਣ ਵਿਚ, ਪਹਿਲੇ ਉਸ ਨੇਂ ਆਪਣੇਂ ਆਪ ਨੂੰ ਪਛਾਣਿਆਂ/ਵੇਖਿਆ,

ਫਿਰ ਉਹ ਤੇਰੇ ਵਿੱਚ ਲੀਨ ਹੋ ਗਿਆ। ਤੇਰੇ ਵਿੱਚ ਸਮਾ ਗਿਆ, ਤੇਰਾ ਹੀ ਰੂਪ ਹੋ ਗਿਆ।

ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥ ਮ: ੧

ਪਹਿਲੇ ਆਪਣੇਂ ਆਪ ਨੂੰ ਪਛਾਨਣਾਂ ਹੈ ਫਿਰ ਹਰੀ ਦੀ ਪਹਿਚਾਣ ਆਵੇ ਗੀ।

ਮੂਰਖ ਨੂੰ ਆਪਣੇਂ ਆਪ ਦੀ ਸੋਝੀ ਨਹੀਂ, ਅਤੇ ਦੂਜਿਆਂ ਨੂੰ ਪ੍ਰਭੂ ਦਾ ਗਿਆਨ ਵੰਡਦਾ ਫਿਰਦਾ ਹੈ।

ਉਹ ਵੀ ਝਗੜਾ ਕਰ ਕਰ ਕੇ

ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ॥ ੧੩॥

ਜਿਸ ਨੂੰ ਆਪਣੇਂ ਆਪ ਦੀ ਹੀ ਸੋਝੀ ਨਹੀਂ, ਉਹ ਪ੍ਰਮਾਤਮਾਂ ਨੂੰ ਕਿਵੇਂ ਜਾਣ ਸੱਕਦਾ ਹੈ

ਜਿਸ ਨੂੰ ਆਪਣੇਂ ਆਪ ਦੀ ਸੋਝੀ ਨਹੀਂ, ਪਰ ਜੇ ਉਹ ਗਿਆਨ ਦੀ ਕੋਈ ਗੱਲ ਕਰਦਾ ਹੈ,

ਭਾਵੇਂ ਕਿ ਉਹ ਆਪਣੇਂ ਵਲੋਂ ਹਰੀ ਦੀ ਵਡਿਆਈ (ਜਾਂ ਹਰੀ ਦੀ ਕੋਈ ਗੱਲ) ਹੀ ਕਿਉਂ ਨਾਂ ਕਰ ਰਿਹਾ ਹੋਵੇ

ਤਾਂ ਸਮਝੋ ਕਿ ਉਹ ਕੋਰਾ ਹੀ ਝੂਠ ਬੋਲ ਰਿਹਾ ਹੈ।

(ਝਗੜਾ ਵੀ ਇਸੇ ਹੀ ਗੱਲ ਦਾ ਹੈ)

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥

ਆਵਾ ਗਉਣ ਤਾਂ ਇੱਕ ਬਾਜ਼ਾਰ ਹੈ, ਬਜ਼ਾਰੀ ਚੀਜ ਹੈ।

(ਅਸੀਂ ਵੀ ਬਾਜ਼ਾਰ ਵਿੱਚ ਆਏ ਸੀ)

ਪਰ ਜਿਸ (ਪ੍ਰਭੂ) ਨੇਂ ਆਵਾਗਉਣ ਦਾ ਬਾਜ਼ਾਰ ਰਚਾਇਆ ਹੈ. .

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥ ੨੫॥

(ਇਕੁ ਥਿਰੁ. . ਭਾਵ ਇੱਕ ਉਹ ਲੋਕ ਹਨ)

ਜਿਨਾਂ ਦੇ ਮਨ ਵਿੱਚ ਉਹ ਸਚਾ (ਪ੍ਰਭੂ) ਭਾ ਗਿਆ। (ਜਿਸ ਪ੍ਰਭੂ ਨੇਂ ਕਿ ਆਵਾਗਉਣ ਰਚਾਇਆ ਸੀ)

ਉਹ ਅਡੋਲ ਹੋ ਗਏ, ਸਦਾ ਵਾਸਤੇ ਥਿਰ ਹੋ ਗਏ,

ਫਿਰ ਉਹ ਮਾਸ ਦੇ ਬਜ਼ਾਰ ਵਿੱਚ ਨਹੀਂ ਆਉਂਦੇ।

-੦-

ਆਪੁ ਪਛਾਣੈ ਸੋ ਸਭਿ ਗੁਣ ਜਾਣੈ॥ ੧੦੫੬

ਜਿਹੜਾ ਆਪਣੇਂ ਆਪ ਨੂੰ ਪਹਿਚਾਣ ਲੈਂਦਾ ਹੈ। ਉਹ (ਹਰੀ ਦੇ) ਸਾਰੇ ਗੁਣਾਂ (ਭੇਦਾਂ) ਨੂੰ ਜਾਣ ਲੈਂਦਾ ਹੈ।

ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ॥

ਜਿਸ ਨੂੰ ਆਪਣੇਂ ਆਪ ਦੀ ਸੋਝੀ (ਪਹਿਚਾਣ) ਨਹੀਂ, ਉਹ ਹਮੇਸ਼ਾਂ ਝਗੜਾ ਕਰ ਕਰ ਕੇ ਦੂਸਰਿਆਂ ਦਾ ਮਨ ਦੁਖਾਇ ਗਾ।

ਉਹ ਗੱਲ ਹੀ ਐਸੀ ਕਰੇ ਗਾ, ਜਿਸ ਨਾਲ ਕਿ ਦੂਸਰਿਆਂ ਦਾ ਹਿਰਦਾ ਦੁਖੀ ਹੋਵੇ।

ਉਹ ਹਮੇਸ਼ਾਂ ਝਗੜਾ ਕਰਨ ਦਾ ਹੀ ਬਹਾਨਾਂ ਢੂੰਡੇ ਗਾ।

ਆਪ ਨੂੰ ਵੱਡਾ ਤੇ ਸਿਆਣਾਂ ਬਣ ਕੇ ਦਿਖਾਵੇ ਗਾ।

(ਚਲਦਾ)

ਬਲਦੇਵ ਸਿੰਘ “ਚਾਕਰ”

ਜੁਲਾਈ ੨੨/੨੦੧੨
.