.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜਗੋਂ ਤੇਰ੍ਹਵੀਂ
ਦੂਜਾ ਭਾਗ


ਜਿਸ ਤਰ੍ਹਾਂ ਪਰਵਾਰਾਂ ਦੇ ਨਿੱਜੀ ਡਾਕਟਰ, ਟੇਲਰ ਮਾਸਟਰ ਜਾਂ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਆਪਣੇ ਆਪਣੇ ਹੁੰਦੇ ਹਨ ਕੁੱਝ ਏਸੇ ਤਰ੍ਹਾਂ ਹੀ ਧਰਮ ਦੀ ਦੁਨੀਆਂ ਵਿੱਚ ਵੀ ਪੁੱਤਰਾਂ ਦੀਆਂ ਦਾਤਾਂ ਦੇਣ ਵਾਲੇ ਜਾਂ ਕਾਰੋਬਾਰ ਦੇ ਵਾਧੇ ਲਈ ਅਰਦਾਸਾਂ ਕਰਨ ਵਾਲੇ ਮਰਦਾਂ ਦੀ ਗੈਰ ਹਾਜ਼ਰੀ ਵਿੱਚ ਪਰਵਾਰਾਂ ਦੇ ਘਰਾਂ ਵਿੱਚ ਰਹਿਣ ਵਾਲੇ ਚਰਬੀ ਨਾਲ ਭਰੇ ਹੋਏ ਲੋਥੜੇ ਸਾਧ ਵੀ ਪਰਵਾਰਾਂ ਦੇ ਆਪਣੇ ਆਪਣੇ ਹੁੰਦੇ ਹਨ। ਜਨੀ ਕਿ ਕਈ ਪਰਵਾਰਾਂ ਦੇ ਡੇਰਿਆਂ ਤੇ ਉਹਨਾਂ ਵਿੱਚ ਰਹਿਣ ਵਾਲੇ ਬਾਬਿਆਂ ਤੇ ਚੇਲਿਆਂ ਦੇ ਨਾਲ ਵੀ ਨਿਜੀ ਸਬੰਧ ਹੁੰਦੇ ਹਨ। ਐਸੀ ਬਿਮਾਰ ਮਾਨਸਕਤਾ ਵਾਲੇ ਲੋਕ ਕਦੇ ਵੀ ਇਤਿਹਾਸਕ ਗੁਰਦੁਆਰਿਆਂ ਤੇ ਸੰਗਤੀ ਗੁਰਦੁਆਰਿਆਂ ਵਿੱਚ ਨਹੀਂ ਜਾਣਗੇ। ਨਾ ਹੀ ਇਹਨਾਂ ਦਾ ਕੋਈ ਸਿਧਾਂਤ ਨਾਲ ਵਾਹ ਵਾਸਤਾ ਹੁੰਦਾ ਹੈ। ਅਜੇਹੇ ਲੋਕਾਂ ਦਾ ਮਾਨਸਕ ਵਿਕਾਸ ਕੇਵਲ ਬਾਬਿਆਂ ਦੀ ਜੂਠ ਖਾਣ, ਲੱਤਾਂ ਦੀ ਮਾਲਸ਼ ਕਰਨ ਜਾਂ ਉਹਨਾਂ ਦੇ ਕਛਹਿਰੇ ਧੋਣ ਤੀਕ ਹੀ ਸੀਮਤ ਹੁੰਦਾ ਹੈ। ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਬਾਬੇ ਦੇ ਖੁਰਕ ਖਾਧੇ ਪੈਰ ਘੁੱਟਣ ਨੂੰ ਸਿੱਖੀ ਦੀ ਮਹਾਨ ਸੇਵਾ ਦੱਸਣਗੇ। ਲੋਕਾਂ ਦੀ ਮੂਰਖਤਾ `ਤੇ ਹੱਸ ਰਹੇ ਬਾਬੇ ਅੰਦਰੋਂ ਬਹੁਤ ਖੁਸ਼ ਹੁੰਦੇ ਹਨ ਕਿ ਦੇਖੋ ਨਾ ਹਿੰਗ ਲੱਗੇ ਨਾ ਫਟਕੜੀ ਮੁਫਤ ਵਿੱਚ ਲੋਕ ਸਾਨੂੰ ਭਗਵਾਨ ਦਾ ਰੂਪ ਸਮਝੀ ਬੈਠੇ ਹਨ। ਅੰਨ੍ਹੀ ਸ਼ਰਧਾ ਵੱਸ ਹਰ ਪਰਕਾਰ ਦੀ ਸਾਡੀ ਆਓ ਭਗਤ ਕਰੀ ਜਾ ਰਹੇ ਹਨ।
ਭਾਈ ਪ੍ਰੇਮਪਾਲ ਸਿੰਘ ਜੀ ਖਾਲਸਾ ਪ੍ਰਧਾਨ ਸਿਰੀ ਗੁਰੂ ਸਿੰਘ ਸਭਾ ਮਸਕਟ ਤੇ ਐਨ ਆਰ ਆਈ ਪ੍ਰਧਾਨ ਵਲੋਂ ਸੰਗਤਾਂ ਦੇ ਉਦਮ ਸਦਕਾ ਮੈਨੂੰ ਕਈ ਵਾਰੀ ਮਸਕਟ ਜਾਣ ਦਾ ਮੌਕਾ ਮਿਲਿਆ ਹੈ। ਅਰਬ ਦੇਸਾਂ ਵਿੱਚ ਸਰਦੇ ਪੁਜਦੇ ਵੀਰਾਂ ਨੇ ਆਪਣੀਆਂ ਵਰਕਸ਼ਾਪਾਂ ਵਿੱਚ ਹੀ ਆਪਣੇ ਰਿਸਕ ਤੇ ਗੁਰਦੁਆਰੇ ਸਥਾਪਤ ਕੀਤੇ ਹਨ। ਇਸ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ੫ ਜਨਵਰੀ ੨੦੧੨ ਨੂੰ ਮਸਕਟ ਗਿਆ। ਮੇਰੇ ਮਸਕਟ ਜਾਣ ਤੋਂ ਪਹਿਲਾਂ ਕਿਸੇ ਪਰਵਾਰ ਨੇ ਪੰਜਾਬ ਦੀ ਧਰਤੀ ਤੋਂ ਕਿਸੇ ਬਾਬਾ ਜੀ ਨੂੰ ਬੁਲਾਇਆ ਹੋਇਆ ਸੀ ਜੋ ਪੂਰੀਆਂ ਜਭਲ਼ੀਆਂ ਮਾਰਦਾ, ਮਾਲਾਮਾਲ ਹੁੰਦਾ ਹੋਇਆ ਪੰਜਾਬ ਵਾਪਸ ਚਲਾ ਗਿਆ। ਬਾਬਿਆਂ ਤੇ ਧਤੂਆਂ ਨੇ ਹਰ ਪਰਵਾਰ ਵਿੱਚ ਚਰਣ ਪਵਾਉਣ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਜਿੰਨ੍ਹਾ ਬਾਬਾ ਜੀ ਚੁੱਪ ਰਹਿੰਦੇ ਸਨ ਉਹਨੀ ਵੱਧ ਪੂਜਾ ਹੁੰਦੀ ਸੀ।
ਮਸਕਟ ਵਿੱਚ ਦੂਜੀ ਧਿਰ ਵਲੋਂ ਵੀ ਇੱਕ ਗੁਰਦੁਆਰਾ ਕਿਸੇ ਵਰਕਸ਼ਾਪ ਵਿੱਚ ਬਣਾਇਆ ਹੋਇਆ ਹੈ। ਇਸ ਗੁਰਦੁਆਰੇ ਵਿੱਚ ਅਜੇਹੇ ਬਾਬਿਆ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਵੱਧ ਸਤਕਾਰ ਹੁੰਦਾ ਹੈ। ਇੰਜ ਲੱਗਦਾ ਹੈ ਕਿ ਅਜੇਹੇ ਬਾਬਿਆਂ ਨੇ ਪੁਸਤਕ ਤਾਂ ਦੂਰ ਦੀ ਗੱਲ ਹੈ ਇਹਨਾਂ ਨੇ ਕਦੇ ਅਖ਼ਬਾਰ ਵੀ ਨਹੀਂ ਪੜ੍ਹੀ ਹੋਣੀ। ਕਾਲ਼ਾ ਅੱਖਰ ਬੈਂਸ ਬਰਾਬਰ ਸ਼ਾਇਦ ਇਹਨਾਂ ਲੋਕਾਂ ਲਈ ਹੀ ਵਰਤਿਆ ਹੈ। ਲਓ ਸੁਣੋਂ ਬਾਬਾ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਦੀ ਵਿਆਖਿਆ, ਜੋ ਭਾਈ ਹਰਵੰਤ ਸਿੰਘ ਜੀ ਹੁਰਾਂ ਸੁਣਾਈ। ਵਾਕ ਆਇਆ—“ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ।। ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ”।। ੧।। ਬਾਬਾ ਜੀ ਆਪਣੇ ਮੁਖਾਰ ਬਿੰਦ ਤੋਂ ਅਮੋਲਕ ਬਚਨਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆ ਕਹਿ ਰਹੇ ਹਨ ਕਿ ਸਾਧ ਸੰਗਤ ਜੀ ਜਦੋਂ ਵੀ ਇਹ ਵਾਕ ਆਵੇ ਤਾਂ ਕਦੇ ਵੀ ਆਪਣੇ ਘਰ ਤੋਂ ਦੂਰ ਨਹੀਂ ਜਾਣਾ ਕਿਉਂਕਿ ਵੱਡੇ ਬਾਬਾ ਜੀ ਵੀ ਇੰਜ ਹੀ ਕਿਹਾ ਕਰਦੇ ਸਨ। ਦੂਰਿ ਕਤਹੁ ਨਾ ਜਾਈ ਦਾ ਭਾਵ ਅਰਥ ਹੈ ਕਿ ਆਪਣੇ ਘਰੋਂ ਦੂਰ ਨਹੀਂ ਜਾਣਾ ਤੇ ਘਰ ਵਿੱਚ ਬੈਠ ਕੇ ਕੋਤਰੀ ਮਾਲਾ ਦੀ ਫੇਰਨੀ ਹੈ। ਹੈ ਨਾ ਜਗੋਂ ਤੇਰ੍ਹਵੀਂ।
ਕਈ ਪ੍ਰਬੰਧਕ ਦਿਮਾਗੋਂ ਪੈਦਲ ਹੀ ਹੰਦੇ ਹਨ। ਗੁਰਦੁਆਰੇ ਦੀ ਸੇਵਾ ਸੰਭਾਲ ਤਾਂ ਧੱਕੇ ਨਾਲ ਲਈ ਹੁੰਦੀ ਹੈ ਪਰ ਸਿਧਾਂਤੋਂ ਕੋਹਾਂ ਦੂਰ ਹੀ ਹੁੰਦੇ ਹਨ। ਮਸਕਟ ਦੇ ਦੂਸਰੇ ਗੁਰਦੁਆਰਾ ਵਿਖੇ, ਜਗੋਂ ਤੇਰ੍ਹਵੀਂ ਕਰਦਿਆਂ ਕਰਦਿਆ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਉਂਜ ਸਾਰੇ ਪੰਜਾਬ ਵਿੱਚ ਜਿਨ੍ਹਾਂ ਘਰਾਂ ਵਿੱਚ ਮੁੰਡੇ ਜੰਮੇ ਹੁੰਦੇ ਹਨ ਉਹਨਾਂ ਘਰਾਂ ਵਿੱਚ ਅਗਨ ਦੇਵਤੇ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ।
ਮੰਨ ਲਓ ਪੰਜਾਬ ਵਿੱਚ ਪੋਹ ਮਾਘ ਦੇ ਮਹੀਨੇ ਵਿੱਚ ਠੰਡ ਦਾ ਪਰਪੋਕ ਜ਼ਿਆਦਾ ਹੁੰਦਾ ਹੈ। ਸਿਆਲੀ ਰੱਤ ਹੋਣ ਕਰਕੇ ਪਿੰਡਾਂ ਵਿੱਚ ਆਮ ਧੂੰਏਂ ਲਗਾਏ ਜਾਂਦੇ ਹੁੰਦੇ ਹਨ। ਅਸੀਂ ਵੀ ਇਹਨਾਂ ਧੂੰਵ੍ਹਿਆਂ ਦਾ ਬਹੁਤ ਅਨੰਦ ਮਾਣਿਆ ਹੈ। ਇਹ ਧੂੰਵੇਂ ਕੇਵਲ ਠੰਡ ਨੂੰ ਦੂਰ ਕਰਨ ਲਈ ਜਾਂ ਘੜੀ ਆਪਸ ਵਿੱਚ ਮਿਲ ਬੈਠਣ ਲਈ ਹੁੰਦੇ ਸਨ। ਸਾਡੇ ਪਿੰਡਾਂ ਦਾ ਓਦੋਂ ਇੰਟਰਟੇਨਮੈਂਟ ਦਾ ਸਾਧਨ ਏਹੀ ਕੁੱਝ ਹੁੰਦਾ ਸੀ। ਇਹ ਧੂਵ੍ਹੇਂ ਕਿਸੇ ਅਗਨੀ ਦੀ ਪੂਜਾ ਲਈ ਨਹੀਂ ਲਗਾਏ ਜਾਂਦੇ ਸਨ। ਮੁਕਦੀ ਗੱਲ ਧੂੰਵ੍ਹੇਂ ਸਿਆਲ ਦੀ ਠੰਡ ਦੂਰ ਕਰਨ ਲਈ ਸਨ ਨਾ ਕਿ ਅਗਨੀ ਪੂਜਾ ਲਈ ਹੁੰਦੇ ਸਨ। ਪਰ ਜੇ ਉਚੇਚੇ ਤੌਰ `ਤੇ ਮੁੱਲ ਲਕੜੀਆਂ ਲਿਆ ਕਿ ਮੁੰਡਾ ਜੰਮਣ ਦੀ ਖੁਸ਼ੀ ਵਿਚ, ਅਗਨੀ ਦੀ ਪੂਜਾ ਕਰਦਿਆਂ ਉਸ ਵਿੱਚ ਕਈ ਕੁੱਝ ਸੁਟਿਆ ਜਾਏ ਤਾਂ ਇਹ ਘੋਰ ਮਨਮਤ ਤੇ ਅਗਨੀ ਦੀ ਪੂਜਾ ਹੈ। ਕਈ ਪਰਵਾਰ ਮੁੰਡੇ ਦੀ ਲੋਹੜੀ ਮਨਾਉਣ ਲਈ ਕਰਜ਼ਾ ਚੁੱਕਣ ਤੀਕ ਵੀ ਜਾਂਦੇ ਹਨ। ਕੇਵਲ ਮੁੰਡਿਆਂ ਦੀ ਲੋਹੜੀ ਮਨਾੳਣੀ ਲੜਕੀਆਂ ਨਾਲ ਧਰੋਆ ਕਮਾਉਣਾ ਹੈ। ਮਸਕਟ ਦੇ ਦੂਸਰੇ ਗੁਰਦੁਆਰੇ ਵਾਲੇ ਪ੍ਰਬੰਧਕੀ ਲੋਕਾਂ ਦੀ ਸੁਣੋ, ਅਰਬ ਦੇਸਾਂ ਵਿੱਚ ਗਰਮੀ ਨਾਲ ਲੋਕ ਝੁਲਸ ਰਹੇ ਹੁੰਦੇ ਹਨ। ਸਿਆਲੀ ਰੱਤ ਹੋਣ ਦੇ ਬਾਵਜੂਦ ਵੀ ਤੀਹ ਪੈਂਤੀ ਦੇ ਵਿਚਕਾਰ ਤਾਪਮਾਨ ਰਹਿੰਦਾ ਹੈ। ਏਨੀ ਗਰਮੀ ਹੋਣ ਦੇ ਬਾਵਜੂਦ ਵੀ ਗੁਰਦੁਆਰੇ ਦੇ ਅੰਦਰ ਲਕੜੀਆਂ ਦਾ ਢੇਰ ਇਕੱਠਾ ਕਰਕੇ ਅੱਗ ਬਾਲ਼ੀ ਗਈ ਤੇ ਸੇਕ ਤੋਂ ਬਚਣ ਲਈ ਦੂਰ ਦੂਰ ਬੈਠ ਕੇ ਹੱਥ ਅਗਾਂਹ ਵਧਾ ਵਧਾ ਕੇ ਅੱਗ ਸੇਕੀ ਗਈ। ਮਨਮਤ ਦੀਆਂ ਰੀਤੀਆਂ ਗੁਰਦੁਆਰੇ ਮਨਾਉਂਦਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕੀਤੀ ਗਈ। ਹੋਈ ਨਾ ਜਗੋਂ ਤੇਰ੍ਹਵੀਂ। ਕੀ ਏਦਾਂ ਦੇ ਗੁਰਦੁਆਰੇ ਸਿੱਖੀ ਦਾ ਪਰਚਾਰ ਕਰ ਰਹੇ ਹਨ ਜਾਂ ਸਿੱਖੀ ਦੀ ਜੜ੍ਹੀਂ ਤੇਲ ਦੇ ਰਹੇ ਹਨ?
ਮੰਨ ਲਓ ਪੋਹ ਮਾਘ ਦਿਆਂ ਦਿਨਾਂ ਵਿੱਚ ਪੰਜਾਬ ਵਿੱਚ ਕੁੱਝ ਠੰਡ ਜ਼ਿਆਦਾ ਪੈਂਦੀ ਹੈ ਤੇ ਸਰਦੇ ਪੁਜਦੇ ਘਰਾਂ ਵਲੋਂ ਦੂਰ ਦਰਾਡ ਤੋਂ ਆਈਆਂ ਸੰਗਤਾਂ ਲਈ ਗਰਮ ਪਾਣੀ ਜਾਂ ਲਕੜੀਆਂ ਬਾਲ਼ ਕੇ ਸੇਵਾ ਕਰਨੀ ਚੰਗੇ ਗੁਰਸਿੱਖਾਂ ਦੀ ਨਿਸ਼ਾਨੀ ਹੈ। ਪਰ ਇਹ ਤੇ ਸਿੱਧੀ ਮਨਮਤ ਹੈ ਕਿ ਅਰਬ ਦਿਆਂ ਗਰਮ ਮੁਲਕਾਂ ਵਿੱਚ ਲੋਹੜੀ ਵਾਲੇ ਦਿਨ ਅੱਗ ਬਾਲ ਕੇ ਸੰਗਤ ਨੂੰ ਸਕਾਈ ਜਾਏ। ਜਦੋਂ ਬੰਦਾ ਅਕਲ ਨੂੰ ਤਾਲਾ ਮਾਰ ਲਏ ਓਦੋਂ ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਹੀ ਖੌਅ ਹੋਏਗਾ। ਰੱਬਾ ਖ਼ੈਰ ਕਰੀਂ।
.