.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 18)

ਭਾਈ ਬਲਵੰਡ ਰਾਇ ਤੇ ਭਾਈ ਸੱਤਾ ਡੂਮ ਅਤੇ ਇਨ੍ਹਾਂ ਵਲੋਂ ਰਚਿਤ ਵਾਰ ਸੰਬੰਧੀ ‘ਗੁਰ ਬਿਲਾਸ ਪਾਤਸ਼ਾਹੀ ੬’, ‘ਮਹਿਮਾ ਪ੍ਰਕਾਸ਼’ ਬੰਸਾਵਲੀਨਾਮਾ ਦਸਾਂ ਪਾਤਸ਼ਾਹੀ ਕਾ’, ‘ਸੂਰਜ ਪ੍ਰਕਾਸ਼’, ਤਵਾਰੀਖ਼ ਗੁਰੂ ਖ਼ਾਲਸਾ’ ਅਤੇ ‘ਸਿੱਖ ਇਤਿਹਾਸ’ (ਮੈਕਸ ਆਰਥਰ ਮੈਕਾਲਿਫ) ਵਿੱਚ ਵਰਣਿਤ ਲਿਖਤ ਦੀ ਚਰਚਾ ਕਰਨ ਉਪਰੰਤ ਜੱਥੇਦਾਰ ਹਰਿਭਜਨ ਸਿੰਘ ਜੀ ਦੀ ਲਿਖਤ ਸਾਂਝੀ ਕਰ ਰਹੇ ਹਾਂ।
ਗਯਾਨੀ ਹਰਿਭਜਨ ਸਿੰਘ ਜਥੇਦਾਰ ‘ਪੰਚ ਖਾਲਸਾ ਦੀਵਾਨ ਅਰਥਾਤ ਖਾਲਸਾ ਪਾਰਲੀਮੈਂਟ’ ਵਲੋਂ ‘ਗੁਰਬਾਣੀ ਬੇਉਰਾ ਦੀ ਭੂਮਿਕਾ’ ਵਿੱਚ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਦਾ ਵਰਣਨ ਕੀਤਾ ਹੈ। ਇਹ ਪੁਸਤਕ ਮਾਰਚ ੧੯੪੩ ਈ: ਵਿੱਚ ਛਪੀ ਸੀ।
ਪੁਸਤਕ ਕਰਤਾ ਭਾਈ ਬਲਵੰਡ ਰਾਇ ਤੇ ਭਾਈ ਸੱਤਾ ਜੀ ਅਤੇ ਇਹਨਾਂ ਵਲੋਂ ਉਚਾਰਣ ਕੀਤੀ ਹੋਈ ਵਾਰ ਬਾਰੇ ਇਉਂ ਲਿਖਦੇ ਹਨ, “ਗੁਰੂ ਸਾਹਿਬਾਨ ਦੀਆਂ ਰਚਿਤ ਇੱਕੀ ਵਾਰਾਂ ਹਨ, ਬਾਈਸਵੀਂ ਵਾਰ ਸਤੇ ਬਲਵੰਡ ਦੀ ਭੱਟਾਂ ਦੀ ਤਰ੍ਹਾਂ ਪੇਸ਼ ਕੀਤਾ ਪ੍ਰਸਤਾਵ ਸੀ। …ਰਾਇ ਸਤਾ ਤੇ ਬਲਵੰਡ ਦੀ ਵਾਰ ਬਾਈਸਵੀਂ ਹੈ; ਪਰ ਇਹ ਗੁਰੂ ਰਚਨਾ ਨਹੀਂ ਹੈ ਅਰ ਨਾ ਹੀ ਇਨ੍ਹਾਂ ਦਾ ਆਸ਼ਾ ਹੋਰ ਵਾਰਾਂ ਨਾਲ ਰਲਦਾ ਹੈ।”
ਲੇਖਕ ਜੀ ਨੇ “ਬਲਵੰਡ ਤੇ ਸੱਤਾ ਕੌਣ ਸਨ” ਦੇ ਸਿਰਲੇਖ ਹੇਠਾਂ ਇਨ੍ਹਾਂ ਬਾਰੇ ਇਉਂ ਲਿਖਿਆ ਹੈ, “ਇਨ੍ਹਾਂ ਦੀ ਵਾਰ ਵਿਖੇ ਤੁਕ ਆਈ ਹੈ “ਦਾਨ ਜਿ ਸਤਿਗੁਰ ਭਾਵਸੀ ਸੋ ਸਤੇ ਦਾਨੁ।” ਸਤੇ ਸ਼ਬਦ ਨੂੰ ਸਤੈ ਡੂਮ ਆਖੀ ਕਿਹਾ ਹੈ। ‘ਬਲਵੰਡ ਖੀਵੀ ਨੇਕ ਜਨ’ ਇਸ ਤੁਕ ਵਿੱਚ ਬਲਵੰਡ ਦਾ ਨਾਮ ਹੈ। ਕਈਆਂ ਨੇ ਇਨ੍ਹਾਂ ਰਬਾਬੀਆਂ ਦਾ ਆਪਸ ਵਿਚੀਂ ਭਾਈ ਹੋਣਾ ਦਸਿਆ ਹੈ, ਕਿਸੇ ਨੇ ਬਲਵੰਡ ਪਿਉ ਅਰ ਉਸ ਦਾ ਪੁਤ੍ਰ ਸੱਤਾ ਲਿਖਿਆ ਹੈ।
ਕਈਆਂ ਦਾ ਖਿਆਲ ਹੈ ਕਿ ਬਲਵੰਡਿ ਰਬਾਬੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਹੈ, ਸੱਤਾ ਉਸ ਦੀ ਵੰਸ ਵਿਚੋਂ ਸੀ। ਸੱਤਾ ਅਰ ਉਸ ਦੇ ਪੁਤ੍ਰ ਪੰਜਵੇਂ ਗੁਰੂ ਜੀ ਦੇ ਸਮੇਂ ਹੋਏ। ਬਲਵੰਡਿ ਨੂੰ ਰਾਇ ਨਾਮ ਨਾਲ ਲਿਖਿਆ ਹੈ ਅਰ ਸਤੇ ਨੂੰ ਡੂਮਿ ਨਾਲ। ਵਾਰ ਦੀ ਰਚਨਾ ਤੋਂ ਸਾਬਤ ਕੀਤਾ ਹੈ ਕਿ ਬਲਵੰਡਿ ਦੀ ਰਚਨਾ ਪਹਿਲਾਂ ਸੀ, ਅਰ ਉਸੀ ਦੇ ਨਾਮ ਪਰ ਚੌਂਕੀ ਦਾ ਨਾਮ ਪ੍ਰਚਲਤ ਸੀ। ਜਿਸ ਪ੍ਰਕਾਰ ਪਿਤਾ ਦੇ ਮਰਨ ਪਰ ਅਕਸਰ ਦੁਕਾਨਾਂ ਯਾਂ ਫਰਮਾਂ ਦੇ ਨਾਮ ਵਡੇ ਦੇ ਨਾਮ ਦੀ ਪ੍ਰਸਿੱਧੀ ਪਰ ਹੀ ਰਖਦੇ ਹਨ।
ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਪੰਚਮ ਗੁਰੂ ਜੀ ਤੱਕ ਦਾ ਸਮਾਂ ਪੰਜਾਹ ਕੁ ਸਾਲ ਦਾ ਹੈ। ਅਰ ਇਹ ਰਬਾਬੀ ਪਿਛੋਂ ਭੀ ਕਾਫੀ ਸਮਾਂ ਰਹੇ। ਭਾਈ ਮਰਦਾਨੇ ਨੇ ਸੰਮਤ ੧੫੯੧ ਬਿਕ੍ਰਮੀ ਵਿੱਚ ਚਾਲੇ ਪਾਏ। ਇਨ੍ਹਾਂ ਦੇ ਪਿਛਲੇ ਵੰਸ ਵਿੱਚ ਕਿਸੇ ਦਾ ਨਾਮ ਬਲਵੰਡ ਅਰ ਸੱਤਾ ਨਹੀਂ ਸੀ। ਯਾਂ ਤੇ ਇਹ ਭਾਈ ਮਰਦਾਨੇ ਦੀ ਵੰਸ ਵਿਚੋਂ ਨਹੀਂ ਸਨ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ‘ਮਾਤਾ ਖੀਵੀ ਜੀ’ ਜਿਨ੍ਹਾਂ ਦਾ ਜ਼ਿਕਰ ਬਲਵੰਡਿ ਨੇ ਕੀਤਾ ਹੈ, ਇਨ੍ਹਾਂ ਦਾ ਦੇਹਾਂਤ ਖਡੂਰ ਸਾਹਿਬ ਵਿਖੇ ਸੰਮਤ ੧੬੨੮ ਬਿਕ੍ਰਮੀ ਨੂੰ ਹੋਇਆ। ਅਰ ਗੁਰੂ ਅਰਜਨ ਦੇਵ ਜੀ ਸੰਮਤ ੧੮੨੮ ਬਿ: ਵਿਖੇ ਗੁਰੂ ਗੱਦੀ ਪਰ ਵਿਰਾਜੇ ਸਨ। ਇਸ ਸਮੇਂ ਵਿੱਚ ਬਲਵੰਡਿ ਰਬਾਬੀ ਦੀ ਕੋਈ ਭੀ ਪ੍ਰਸਿੱਧ ਚੌਂਕੀ ਨਹੀਂ ਸੀ। ਭਾਈ ਸਾਹਿਬ ਗੁਰਦਾਸ ਜੀ ਨੇ ਇਨ੍ਹਾਂ ਦਾ ਕੋਈ ਖਾਸ ਸਿੱਖਾਂ ਵਿੱਚ ਯਾਂ ਪ੍ਰਸਿੱਧ ਸੱਜਣਾਂ ਵਿੱਚ ਹੋਣਾ ਨਹੀਂ ਦਸਿਆ। ਹਾਂ, ਇਨ੍ਹਾਂ ਦਾ ਜ਼ਿਕਰ ਸੂਰਜ ਪ੍ਰਕਾਸ਼ ਵਿਖੇ ਆਇਆ ਹੈ। ਭਾਈ ਸੰਤੋਖ ਸਿੰਘ ਜੀ ਇਨ੍ਹਾਂ ਨੂੰ ਆਪਸ ਵਿਚੀ ਭਾਈ ਮੰਨਦੇ ਹਨ। ‘ਯਥਾ:- “ਹੁਤੈ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੇ ਅਨੁਜ ਸੁਜਾਨਾ। (ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ੩ ਅੰਸੂ ੪੩)
ਗ੍ਰੰਥ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ:- “ਬਲਵੰਡਿ ਪੁਤ੍ਰ ਸੱਤਾ ਤਹਿ ਆਇ। ਆਨ ਹਜ਼ੂਰ ਰਬਾਬ ਵਜਾਇ। “
ਇਹ ਗ੍ਰੰਥ ਸੂਰਜ ਪ੍ਰਕਾਸ਼ ਤੋਂ ਪਹਿਲਾਂ ਸੰਮਤ ੧੮੫੭ ਬਿ: ਵਿਖੇ ਲਿਖਿਆ ਗਿਆ ਹੈ। ਅਰ ਸੂਰਜ ਪ੍ਰਕਾਸ਼ ਦਾ ਸੰਮਤ ੧੯੦੦ ਬਿ: ਦਾ ਹੈ। ਯਾਂਤੇ ਇਹ ਖੋਜ ਯੋਗ ਬਾਤਾਂ ਹਨ। ਜੇ ਕਦੀ ਇਹ ਰਬਾਬੀ ਖਾਸ ਪ੍ਰਸਿੱਧ ਹੁੰਦੇ, ਭਾਈ ਸਾਹਿਬ ਗੁਰਦਾਸ ਜੀ ਖਾਸ ਤੌਰ ਪਰ ਸਿੱਖ ਸੰਗਤ ਵਿੱਚ ਸ਼ੁਮਾਰ ਕਰਦੇ ਜੈਸਾ ਕਿ ਭਾਈ ਸਾਹਿਬ ਨੇ ਭਾਈ ਮਰਦਾਨੇ ਦਾ ਖਾਸ ਤੌਰ ਪਰ ਜ਼ਿਕਰ ਕੀਤਾ ਹੈ। ਯਥਾ:-ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮਿਰਾਸੀ। (ਵਾਰ ੧੧ ਪਉੜੀ ੧੩) ਬਾਦ ਵਿੱਚ ਜੋ ਪ੍ਰੇਮੀ ਖਾਸ ਤੌਰ ਪਰ ਕੀਰਤਨ ਕਰਦੇ ਸਨ। ਉਨ੍ਹਾਂ ਦੇ ਨਾਮ ਭੀ ਮਿਲਦੇ ਹਨ। ਜੈਸਾ ਕਿ “ਪਾਧਾ ਬੂਲਾ ਜਾਣੀਐ ਗੁਰਬਾਣੀ ਗਾਇਣ ਲਿਖਾਰੀ। (ਵਾਰ ੧੭ ਪਉੜੀ ੧੬)
ਇਹ ਡਲੇ ਵਾਸੀ ਰਾਗੀ ਤੇ ਲਿਖਾਰੀ ਸਨ। ਪੁਨਾ:- “ਝਾੜੂ ਅਤੇ ਮਕੰਦ ਹੈ ਕੀਰਤਨ ਕਰੇ ਹਜ਼ੂਰ ਕਿਦਾਰਾ।” (ਵਾਰ ੧੧ ਪਉੜੀ ੧੮) ਯਾਤੇ ਝਾੜੂ, ਮਕੰਦ ਤੇ ਕਿਦਾਰਾ ਤਿੰਨੇ ਗਿਣਤੀ ਦੇ ਹਜ਼ੂਰ ਰਾਗੀ ਸਨ। ਇਨ੍ਹਾਂ ਤੋਂ ਬਿਨਾਂ ਸੁਲਤਾਨ ਪੁਰੀਏ ਭਿੱਖਾ ਅਤੇ ਟੋਡਾ ਭੱਟ ਅਰ ਧਾਰੂ ਸੂਦ ਭੀ ਰਾਗੀ ਸਨ। “ਭਿਖਾ ਟੋਡਾ ਦੋਇ ਧਾਰੋ ਸੂਦ ਮਹਿਲ ਤਿਸ ਭਾਰਾ। ੧੧।
ਨੋਟ: ਇਹ ਭਿਖਾ ਹੋਰ ਸੀ ਕਿਧਰੇ ਇਸ ਨੂੰ ਭੱਟਾਂ ਵਾਲਾ ਬ੍ਰਹਮਾ ਭਿੱਖਾ ਨਾ ਸਮਝ ਲੈਣਾ।
ਭਾਈ ਸਾਹਿਬ ਨੇ ਭਾਈ ਲੱਧਾ ਜੀ ਲਾਹੌਰ ਨਿਵਾਸੀ ਦਾ ਜ਼ਿਕਰ ਕੀਤਾ ਹੈ, ਪਰ ਬਲਵੰਡਿ ਸੱਤਾ ਦੀ ਕੋਈ ਪ੍ਰਸਿੱਧੀ ਨਹੀਂ ਦੱਸੀ। “ਲਖੂ ਵਿੱਚ ਪਤੌਲੀਆ ਭਾਈ ਲੱਧਾ ਪਰ ਉਪਕਕਾਰੀ।” ੧੧। ੨੫। ਸੱਤਾ ਬਲਵੰਡ ਗੁਰਸਿੱਖ ਨਹੀਂ ਸਨ, ਕੇਵਲ ਉਸਤਤ ਗਾ ਕੇ ਮੰਗਣ ਪਰ ਗੁਜ਼ਰਾਨ ਕਰਨੇ ਵਾਲੇ ਡੂਮਿ ਹੀ ਸਨ। ਯਾਂਤੇ ਇਹ ਗੁਰੂ ਹਜ਼ੂਰ ਵਿੱਚ ਰਹਿ ਕੇ ਯਾਂ ਕੀਰਤਨ ਕਰਕੇ ‘ਸੰਖ ਸਮੁਦਹੁ ਸਖਣਾ’ ਵਤ ਰਹੇ। (ਖਾਰੀ ਬੀੜਾਂ ਵਿੱਚ ਗੁਰਮਤ ਵਿਰੁੱਧ ਪ੍ਰਸਤਾਵ)
ਲੇਖਕ ਫਿਰ “ਰਾਇ ਬਲਵੰਡਿ ਤੇ ਸਤੇ ਡੂਮ ਦੇ ਮਾਫੀ ਨਾਮੇ ਦੀ ਖੋਜ ਸਬੰਧੀ” ਸਿਰਲੇਖ ਹੇਠਾਂ ਇਸ ਤਰ੍ਹਾਂ ਲਿਖਦੇ ਹਨ, “ਬਲਵੰਡਿ ਅਰ ਸੱਤੇ ਦੀ ਵਾਰ ਰਾਮਕਲੀ ਰਾਗ ਵਿਖੇ ਲਿਖੀ ਹੋਈ ਹੈ। ਡੂਮਿ ਆਖੀ ਤੋਂ ਭਾਵ ਹੈ ਕਿ ਇਹ ਦੋਵੇਂ ਸਜਣ ਡੂਮਿ (ਮਿਰਾਸੀ) ਸਨ। ਸਿੱਖ ਨਾ ਹੋਣ ਕਰ ਕੇ ਡੂਮਿ ਸ਼ਬਦ ਵਾਰ ਦੇ ਨਾਲ ਰਖਿਆ ਹੈ। ਡੂਮਿ ਸ਼ਬਦ ਨਿਰਾਦਰੀ ਦਾ ਵਾਚਯ ਭੀ ਹੈ। ਗੁਰੂ ਪ੍ਰਤਾਪ ਸੂਰਜ ਆਦਿ ਗ੍ਰੰਥਾਂ ਵਿੱਚ ਇੱਕ ਸਾਖੀ ਲਿਖੀ ਹੈ ਕਿ ਇਹ ਦੋਵੇਂ ਰਬਾਬੀ ਗੁਰੂ ਘਰ ਦੀ ਨਿਰਾਦਰੀ ਕਰਨ ਕਰ ਕੇ ਫਿਟਕਾਰੇ ਗਏ ਸਨ। ਪੰਚਮ ਗੁਰੂ ਜੀ ਨੇ ਇਹਨਾਂ ਨੂੰ ਸਰਾਪ ਦਿਤਾ ਸੀ। ਜਿਸ ਕਾਰਨ ਇਹਨਾਂ ਨੂੰ ਕੋਹੜ ਚਲ ਗਿਆ ਸੀ। ਇਹਨਾਂ ਦੇ ਮਥੇ ਲੱਗਣ ਦਾ ਕਿਸੇ ਭੀ ਸਿਖ ਨੂੰ ਹੁਕਮ ਨਹੀਂ ਸੀ।
ਦੱਸਿਆ ਹੈ ਕਿ ਜੋ ਇਨ੍ਹਾਂ ਲਈ ਖਿਮਾਂ ਚਾਹੇ, ਓਸ ਲਈ ਭੀ ਹੁਕਮ ਸੀ ਕਿ ਮੂੰਹ ਕਾਲਾ ਕਰਕੇ ਖੋਤੇ ਪਰ ਚੜ੍ਹਾਕੇ ਸ਼ਹਿਰ ਵਿਖੇ ਫਿਰਾਇਆ ਜਾਊਗਾ। ਲਾਹੌਰ ਵਾਸੀ ਭਾਈ ਲੱਧਾ ਜੀ ਨੇ, ਗੁਰੂ ਜੀ ਵਲੋਂ ਨੀਯਤ ਦੰਡ ਭੁਗਤ ਕੇ ਇਨ੍ਹਾਂ ਰਬਾਬੀਆਂ ਨੂੰ ਬਖਸ਼ਵਾਇਆ ਸੀ।”
ਲੇਖਕ ਹੁਰਾਂ ਨੇ ਭਾਵੇਂ ਸੂਰਜ ਪ੍ਰਕਾਸ਼ ਵਿਚਲੀ ਕਹਾਣੀ ਨੂੰ ਆਧਾਰ ਬਣਾ ਕੇ ਇਹ ਲਿਖਿਆ ਹੈ ਪਰ ਕੁੱਝ ਕੁ ਗੱਲਾਂ ਦੀ ਆਪਣੇ ਵਲੋਂ ਕਲਪਣਾ ਕੀਤੀ ਹੈ। ਲੇਖਕ ਜੀ ਫਿਰ ਲਿਖਦੇ ਹਨ, “ਇਹ ਠੀਕ ਹੋ ਸਕਦਾ ਹੈ ਕਿ ਲਾਲਚੀ ਡੂਮਿ ਰਬਾਬੀਆਂ ਨੇ ਗੁਰੂ ਘਰ ਦੀ ਨਿੰਦਾ ਦਾ ਫਲ ਸਰੀਰ ਫਿੱਟ ਜਾਣ ਦਾ ਲਿਆ ਹੋਊ (ਸੰਤ ਕਾ ਨਿੰਦਕ ਬਿਗੜ ਰੂਪ ਹੋਇ ਜਾਇ) ਗੁਰੂ ਉਸਤਤ ਕਰਕੇ ਖਿਮਾਂ ਲਈ ਯਾਚਨਾ ਭੀ ਕੀਤੀ ਹੋਊਗੀ। ਫਿਰ ਇਸ ਵਾਰ ਨੂੰ ਟਿਕੇ ਦੀ ਵਾਰ ਕਿਉਂ ਕਿਹਾ ਜਾਂਦਾ ਹੈ? ਕਈਆਂ ਦੇ ਖਿਆਲ ਹਨ ਕਿ ਗੁਰੂ ਗਦੀ ਨਸ਼ੀਨੀ ਵੇਲੇ ਇਹ ਪਉੜੀਆਂ ਪੜ੍ਹੀਆਂ ਜਾਂਦੀਆਂ ਸਨ ਪਰ ਦੂਜੇ ਤੀਜੇ ਗੁਰੂ ਜੀ ਦੇ ਇਤਿਹਾਸ ਯਾਂ ਸਿੱਖਾਂ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੈ। ਹਾਂ, ਇਹ ਹੋ ਸਕਦਾ ਹੈ ਕਿ ਪੰਚਮ ਗੁਰੂ ਜੀ ਦੀ ਗਦੀ ਨਸ਼ੀਨੀ ਦੇ ਮੌਕੇ ਪਰ, ਮੁਆਫੀਨਾਮਾ ਪੇਸ਼ ਕੀਤਾ ਗਿਆ ਹੋਵੇ। ਇਸ ਵਿੱਚ ਇਹਨਾਂ ਰਬਾਬੀਆਂ ਨੇ ਆਪਣੇ ਅਪਰਾਧਾਂ ਲਈ ਪਛੁਤਾਵਾ ਕੀਤਾ ਹੈ ਯਾਂਤੇ ਇਸ ਨੂੰ ਟਿਕੇ ਦੀ ਵਾਰ ਕਹਿਣਾ ਗਲਤ ਹੈ।”
ਲੇਖਕ ਹੁਰੀਂ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਅਤੇ ਇਹਨਾਂ ਵਲੋਂ ਉਚਾਰੀ ਹੋਈ ਵਾਰ ਸਬੰਧੀ ਕਲਪਣਾ ਕਰਦੇ ਹੋਏ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਉਹ ਇਸ ਤਰ੍ਹਾਂ ਹੈ, “ਇਸ ਵਿੱਚ ਅਕਾਲ ਮਹਿਮਾਂ ਉਕਾ ਹੀ ਨਹੀਂ ਹੈ। ਪਹਿਲੀ ਪਉੜੀ ‘ਸਹਿ ਟਿਕਾ ਦਿਤੋਸੁ ਜੀਵਦੈ’ ਵਿੱਚ ਟਿਕਾ ਸ਼ਬਦ ਔਣ ਕਰਕੇ ਟਿੱਕੇ ਦੀ ਵਾਰ ਕਿਹਾ ਗਿਆ ਹੈ, ਪ੍ਰੰਤੂ ਇਹਨਾਂ ਡੂਮਾਂ ਨੇ ਕਿਹਾ ਸੀ ਕਿ ਗੁਰੂ ਸਾਡੇ ਬਣਾਏ ਹੋਇ ਹਨ, ਜਿਸ ਸੋਢੀ ਅਗੇ ਅਸੀਂ ਕੀਰਤਨ ਕਰਾਂਗੇ ਉਸ ਨੂੰ ਗੁਰੂ ਬਣਾ ਦਿਆਂਗੇ। ਇਸ ਪ੍ਰਕਾਰ ਦੇ ਕੀਤੇ ਬਕਵਾਸ ਤੋਂ ਪਛਤਾਕੇ ਹੀ ਇਹਨਾਂ ਨੇ ਕਿਹਾ ਹੈ’ ‘ਗੁਰੂ ਸਾਹਿਬ ਜੀ ਆਪ ਸਮ੍ਰਥ ਹਨ ਅਸੀਂ ਡੂਮਿ ਕੀ ਚੀਜ਼ ਹਾਂ, ਵੈਸੇ ਡੂਮਪਣਾਂ (ਮੰਗ ਖਾਣਾ) ਇਹਨਾਂ ਅੰਦਰ ਭਰਪੂਰ ਸੀ, ਇਸੇ ਕਰਕੇ ਸਤੇ ਡੂਮਿ ਆਖੀ ਸ਼ਬਦ ਨਾਲੇ ਹੈਨ। ਪੇਟ ਪੂਜਾ ਲਈ ਹੀ ਇਹ ਰਾਗ ਕਰਦੇ ਸਨ, ਸਿਖੀ ਦੀ ਲਗਨ ਉਕੀ ਹੀ ਨਹੀਂ ਸੀ। ਦੂਜੀ ਪਉੜੀ ਵਿਖੇ ਗੁਰੂ ਗੱਦੀ ਦਾ ਜ਼ਿਕਰ ਤੇ ਖਿਮਾਂ ਲਈ ਯਾਚਨਾ ਹੈ ਤੀਜੀ ਅਰ ਚੌਥੀ ਪਉੜੀ ਵਿਚ, ਦੂਜੇ ਗੁਰੂ ਜੀ ਦੀ ਖਾਸ ਤੌਰ ਪਰ ਉਸਤਤ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਰਬਾਬੀਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਾਨ ਤੋਂ ਵਿਰੁਧ ਵਧ ਨਿੰਦਾ ਕੀਤੀ ਸੀ ਅਰ ਮਹਾਂ ਗੰਦੇ ਸ਼ਬਦ ਆਖੇ ਸੀ, ਪਰ “ਜਾਂ ਸੁਧੋਸੁ ਤਾਂ ਲਹਿਣਾ ਟਿਕਿਓਨ” ਵਿੱਚ ਟਿਕਿਓਨ ਸ਼ਬਦ ਦੇ ਮੁੜ ਮੁੜ ਔਣੇ ਕਰਕੇ ਹੀ ਟਿਕੇ ਦੀ ਵਾਰ ਦੀ ਪ੍ਰਸਿਧੀ ਹੋਈ ਹੈ। ਵੈਸੇ ਮੁਆਫੀ ਨਾਮੇ ਦਾ ਗਦੀ ਨਸ਼ੀਨੀ ਨਾਲ ਕੋਈ ਭੀ ਸਬੰਧ ਨਹੀਂ ਹੈ ਗੁਰੂ ਜੀ ਦੀ ਸ਼ਾਨ ਥੀਂ ਵਿਰੁਧ ਬਕਵਾਸ ਕੀਤਾ ਸੀ, ਸੋ ਗੁਰੂ ਨਿੰਦਕਾਂ ਦਾ ਏਹੋ ਹਾਲ ਹੋਣਾ ਸੀ। (ਸੰਤ ਕਾ ਨਿੰਦਕ ਮਹਾ ਹਤਿਆਰਾ॥ ਸੰਤ ਕਾ ਨਿੰਦਕ ਪਰਮੇਸਰ ਮਾਰਾ) ਅਗੇ ਚਉਥੀ ਪਉੜੀ ਵਿੱਚ ਸ੍ਰੀ ਗੁਰੂ ਨਾਨਕ ਜੀ ਨੂੰ ਵਿਸ਼ਨੂੰ ਭਗਵਾਨ ਕਹਿਕੇ ਮਹਿਮਾਂ ਗਾਈ ਹੈ। ਪੰਜਵੀਂ ਪਉੜੀ ਵਿੱਚ ਦੂਜੇ ਗੁਰੂ ਜੀ ਦੀ ਇਥੇ ਤਕ ਉਪਮਾ ਕਰ ਕੇ ਧਾਹਾਂ ਮਾਰੀਆਂ ਹਨ ‘ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰ’ ਪੰਚਮ ਗੁਰੂ ਜੀ ਨੇ ਅਪਣੀ ਨਿੰਦਾ ਤਾਂ ਸਹਾਰ ਲਈ ਸੀ ਪਰ ਸ੍ਰੀ ਅੰਗਦ ਦੇਵ ਜੀ ਦੇ ਵਿਰੁਧ ਕੀਤਾ ਇਹਨਾਂ ਦਾ ਗੰਦਾ ਬਕਵਾਸ ਨਾ ਸਹਾਰ ਸਕੇ (ਗੁਰੂ ਕੀ ਨਿੰਦਾ ਸੁਣੈ ਨ ਕਾਨ) ਛੀਵੀਂ ਪਉੜੀ ਵਿੱਚ ਫਿਰ ਟਿੱਕਾ ਸ਼ਬਦ ਹੈ ‘ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ” ਇਸ ਤੋਂ ਭੀ ਇਹੋ ਕਿਹਾ ਗਿਆ ਕਿ ਇਹ ਪਉੜੀਆਂ ਗੁਰੂ ਗੱਦੀ ਵੇਲੇ ਦਾ ਪੇਸ਼ ਕੀਤਾ ਪ੍ਰਸਤਾਵ ਸੀ ਪਰ ਜਿਸ ਵੇਲੇ ‘ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂੰ ਸੁਘੜ ਸੁਜਾਣ॥ ਦਾਨ ਜਿ ਸਤਿਗੁਰ ਭਾਵਸੀ ਸੋ ਸਤੇ ਦਾਣ॥’ ਉਕਤ ਤੁਕਾਂ ਪੜ੍ਹੀਏ ਤਾਂ ਸਾਫ ਹੋ ਜਾਂਦਾ ਹੈ ਕਿ ਇਹ ਗੁਰ ਨਿੰਦਕਾਂ ਵਲੋਂ ਪੇਸ਼ ਕੀਤਾ ਗਿਆ ਮੁਆਫੀ ਨਾਮਾ ਹੀ ਹੈ।
ਸਤਵੀਂ ਪਉੜੀ ਵਿੱਚ ਚੌਥੇ ਗੁਰੂ ਜੀ ਦੀ ਉਪਮਾ ਹੈ ਅਰ ਇਹ ਭੀ ਖਾਸ ਹੈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਸੰਨਤਾ ਹਾਸਲ ਕਰਨੇ ਦੀ ਸ਼ਕਲ ਵਿੱਚ ਹੈ। ਅੱਠਵੀਂ ਪਉੜੀ ਤੋਂ ਇਹ ਜਾਪਦਾ ਹੈ ਕਿ ਖਿਮਾ ਮੰਗਣੇ ਦਾ ਸਮਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਖਤ ਨਸ਼ੀਨੀ ਦਾ ਸੀ ਯਾਂ ਤੇ ਇਹ ਮਾਫੀ ਨਾਮਾ ਉਸੀ ਵੇਲੇ ਪੇਸ਼ ਕੀਤਾ ਗਿਆ। ਇਹਨਾਂ ਡੂੰਮਾਂ ਚਿ ਇਹ ਭਾਰੀ ਘੁਮੰਡ ਸੀ ਕਿ ਅਸੀਂ ਕਿਸੇ ਹੋਰਸ ਸੋਢੀ ਨੂੰ ਗੁਰੂ ਬਣਾ ਦਿਆਂਗੇ, ਅਰ ਓਹ ਇਸ ਕੰਮ ਲਈ ਮੀਣਿਆਂ ਪਾਸ ਘੁੰਮ ਭੀ ਆਏ ਸੀ। ਅਖੀਰ ਲਾਹੌਰ ਜਾ ਕੇ ਭਾਈ ਲੱਧਾ ਜੀ ਦੀ ਸ਼ਰਣ ਲੀਤੀ, ਹਾਰ ਹੁੱਟ ਕੇ ਕਿਹਾ ‘ਜਿਨੀ ਗੁਰੂ ਨਾ ਸੇਵਿਓ ਮਨਮੁਖਾ ਪਇਆ ਮੋਆ॥’ ਭਾਵ ਅਸੀਂ ਆਪ ਤੋਂ ਬੇਮੁਖ ਹੋ ਕੇ ਮੁਰਦੇ ਬਣ ਰਹੇ ਹਾਂ। ਹੇ ਗੁਰੂ ਜੀ! ਆਪ ਠੀਕ ਦੂਣੀ ਚਉਣੀ ਕਰਾਮਾਤ ਵਾਲੇ ਹੋ। ਠੀਕ ਆਪ ਹੀ ਗੁਰੂ ਗੱਦੀ ਦੇ ਮਾਲਕ ਹੋ। ਯਾਂਤੇ ਇਹਨਾਂ ਲੋਭੀਆਂ ਦਾ ਆਸ਼ਾ ‘ਗੁਰੂ ਨਿੰਦਾ ਕਰਨੀ ਇਸ ਲਈ ਸੀ ਕਿ ਗੁਰੂ ਜੀ ਸਾਡੀਆਂ ਮਿੰਨਤਾਂ ਕਰਨਗੇ ਅਰ ਬਹੁਤ ਮਾਇਆ ਦੇਣਗੇ” ਅਸਲੋਂ ਇਹ ਰਾਇ ਬਲਵੰਡ ਅਰ ਸਤੇ ਡੂਮਾਂ ਵਲੋਂ ਲਿਖਤੀ ਮੁਆਫੀ ਨਾਮਾ ਹੈ ਜੋ ਹਜੂਰੀ ਵਿੱਚ ਪੇਸ਼ ਹੋਣ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਜਮਾਂ ਕੀਤਾ ਗਿਆ ਸੀ।
ਕਈਆਂ ਦਾ ਖਿਆਲ ਹੈ ਕਿ ਗੁਰਸਿੱਖਾਂ ਦੀ ਬੇਨਤੀ ਮੰਨ ਕੇ ਪੰਚਮ ਗੁਰੂ ਜੀ ਨੇ ਇਸ ਪ੍ਰਸਤਾਵ ਨੂੰ ਬੀੜ ਵਿੱਚ ਸ਼ਾਮਲ ਕਰ ਦਿਤਾ ਸੀ। ਡੂਮਿ ਜੇ ਦਿਲੋਂ ਸਚੇ ਹੁੰਦੇ ਤਾਂ ਜ਼ਰੂਰ ਗੁਰਸਿਖ ਸਜ ਕੇ ਕੀਰਤਨ ਕਰਦੇ, ਪੇਟ ਪੂਜਾ ਖਾਤ੍ਰ ਮਾਫ਼ੀਨਾਮਾ ਲਿਖ ਕੇ ਦਿਤਾ ਨਾਲੇ ਇਹ ਭੀ ਦੇਖ ਚੁਕੇ ਸਨ ਕਿ ਗੁਰੂ ਸੰਗਤ ਬਿਨਾਂ ਹੋਰ ਕਿਧਰੇ ਭੀ ਟਿਕਾਣਾ ਨਹੀਂ ਹੈ। ਜਿਸ ਸਿਖ ਪਾਸ ਜਾਂਦੇ ਅਗੋਂ ਲਾਣਤਾਂ ਪਾ ਕੇ ਸ਼ਰਮਿੰਦਾ ਕਰਦਾ ਕਿ ਗੁਰੂ ਨਿੰਦਕਾਂ ਦਾ ਦਰਸ਼ਨ ਪੈਣਾ ਭੀ ਮਾੜਾ ਹੈ। ਵੈਸੇ ਡੂਮਾਂ ਦੇ ਮਾਫੀ ਨਾਮੇ ਦੀ ਗੁਰਬਾਣੀ ਅੱਗੇ ਕੋਈ ਹੈਸੀਅਤ ਨਹੀਂ ਸੀ। ਭਾਈ ਲੱਧਾ ਜੀ ਦਾ ਪਰਉਪਕਾਰ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਖਿਮਾ ਕਰ ਦਿਤੀ। ਜਿਸ ਕਾਰਨ ਇਹਨਾਂ ਦਾ ਕੋਹੜ ਹਟ ਗਿਆ।”
ਲੇਖਕ ਜੀ ਨੇ ਅਜਿਹੇ ਸਿੱਟੇ ਕੱਢਣ ਮਗਰੋਂ ਫਿਰ ਇੱਥੇ ਤੀਕ ਲਿਖਿਆ ਹੈ, “ਮੁਆਫੀ ਨਾਮੇ ਵਿੱਚ ਗੁਰੂ ਮਹਿਮਾ ਦਾ ਹੋਣਾ ਜ਼ਰੂਰੀ ਸੀ। ਵੈਸੇ ਗੁਰੂ ਸਾਹਿਬਾਂ ਨੂੰ ਡੂਮਾਂ ਪਾਸੋਂ ਮਹਿਮਾਂ ਕਰੌਣੇ ਦੀ ਲੋੜ ਹੀ ਕੋਈ ਨਹੀਂ ਸੀ। ਇਹਨਾਂ ਦਾ ਲਿਖਤੀ ਪ੍ਰਸਤਾਵ ਸਿੱਖ ਇਤਿਹਾਸ ਦਾ ਰੀਕਾਰਡ ਹੈ। ਭਾਵ ਜੋ ਗੁਰੂ ਕੀ ਨਿੰਦਾ ਕਰਦਾ ਹੈ ਉਸ ਦਾ ਐਸਾ ਮੰਦਾ ਹਾਲ ਹੁੰਦਾ ਹੈ। ਵੈਸੇ ਇਹ ਮੁਆਫੀ ਨਾਮਾ ਗੁਰਬਾਣੀ ਦੀ ਤੁਲਤਾ ਨਹੀਂ ਰਖਦਾ।” (ਖਾਰੀ ਬੀੜਾਂ ਦੇ ਪ੍ਰਸਤਾਵ)
ਪੁਸਤਕ ਕਰਤਾ ਨੇ ਇਹਨਾਂ ਮਹਾਨ ਗੁਰੂ ਪਿਆਰ ਵਿੱਚ ਭਿੱਜੀਆਂ ਸਤਿਕਾਰਤ ਹਸਤੀਆਂ ਬਾਰੇ ਇਹ ਫ਼ੈਸਲਾ ਵੀ ਸੁਣਾ ਦਿੱਤਾ ਹੈ ਕਿ, “ਸੱਤਾ ਬਲਵੰਡ ਗੁਰਸਿੱਖ ਨਹੀਂ ਸਨ, ਕੇਵਲ ਉਸਤਤ ਗਾ ਕੇ ਮੰਗਣ ਪਰ ਗੁਜ਼ਰਾਨ ਕਰਨੇ ਵਾਲੇ ਡੂਮਿ ਹੀ ਸਨ। ਯਾਂਤੇ ਇਹ ਗੁਰੂ ਹਜ਼ੂਰੀ ਵਿੱਚ ਰਹਿ ਕੇ ਯਾਂ ਕੀਰਤਨ ਕਰਕੇ ‘ਸੰਖ ਸਮੁੰਦਹੁ ਸਖਣਾ’ ਵਤ ਰਹੇ।” (ਗੁਰਬਾਣੀ ਬੇਉਰਾ ਦੀ ਭੁਮਿਕਾ)
ਇਸ ਤਰ੍ਹਾਂ ਗਯਾਨੀ ਹਰਿਭਜਨ ਸਿੰਘ ਜੀ ਜਥੇਦਾਰ ਪੰਚ ਖਾਲਸਾ ਦੀਵਾਨ ਨੇ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਬਾਰੇ ਪ੍ਰਚਲਤ ਕਹਾਣੀ ਨੂੰ ਅਧਾਰ ਬਣਾ ਕੇ ਫਿਰ ਇਸ ਤਰ੍ਹਾਂ ਦੇ ਸਿੱਟੇ ਕੱਢੇ ਹਨ। ਇਤਨਾ ਹੀ ਨਹੀਂ ਆਪ ਜੀ ਨੇ ਪ੍ਰਚਲਤ ਕਹਾਣੀ ਨੂੰ ਹੀ ਅਧਾਰ ਬਣਾ ਕੇ ਵਾਰ ਦਾ ਭਾਵਾਰਥ ਕਰਨ ਦੀ ਕੋਸ਼ਸ਼ ਕੀਤੀ ਹੈ।
.