.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 17)

ਮੈਕਸ ਆਰਥਰ ਮੈਕਾਲਿਫ ਦੀ ਉਪਰੋਕਤ ਲਿਖਤ ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਮਹਿਮਾ ਪ੍ਰਕਾਸ਼’ ਵਿੱਚ ਵਰਣਿਤ ਕਹਾਣੀ ਦੇ ਹੀ ਆਧਾਰਤ ਹੈ। ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਮਹਿਮਾ ਪ੍ਰਕਾਸ਼’ ਵਿਚਲੀ ਕਹਾਣੀ ਦਾ ਆਪਸ ਵਿੱਚ ਕੋਈ ਤਾਲ ਮੇਲ ਨਹੀਂ ਹੈ ਪਰ ਆਪ ਨੇ ਦੋਹਾਂ ਵਲੋਂ ਵਰਣਤ ਕਹਾਣੀ ਨੂੰ ਇੱਕਠਿਆਂ ਕਰਕੇ ਇਹਨਾਂ ਦਾ ਸੰਬੰਧ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨਾਲ ਜੋੜਿਆ ਹੈ।
‘ਮਹਿਮਾ ਪ੍ਰਕਾਸ਼’ ਵਿੱਚ ਕੇਵਲ ਭਾਈ ਬਲਵੰਡ ਰਾਇ ਜੀ ਵਲੋਂ ਹੀ ਗੁਰੂ ਅੰਗਦ ਸਾਹਿਬ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਹੈ, ਭਾਈ ਸੱਤਾ ਜੀ ਨਹੀਂ। ਪਰ ਮੈਕਾਲਿਫ ਹੁਰੀਂ ਭਾਈ ਬਲਵੰਡ ਜੀ ਦੇ ਨਾਲ ਭਾਈ ਸੱਤਾ ਜੀ ਵਲੋਂ ਵੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਕਰਦੇ ਹਨ।
ਨਿਮਨ ਲਿਖਤ ਸ਼ਬਦ ਲੇਖਕ ਦੀ ਆਪਣੀ ਕਲਪਣਾ ਦਾ ਹੀ ਨਤੀਜਾ ਹਨ:
“ਗੁਰੂ ਜੀ ਦੀ ਮਹਿਮਾ ਵਧਦੀ ਵੇਖ ਕੇ ਉਨ੍ਹਾਂ ਦਾ ਅਹੰਕਾਰ ਅਤੇ ਲਾਲਚ ਵੀ ਉਤਨਾ ਹੀ ਵੱਧ ਗਿਆ। ਉਹ ਅਭਿਮਾਨ ਨਾਲ ਕਹਿਣ ਲੱਗ ਪਏ ਕਿ ਸਾਡੇ ਹੀ ਸੰਗੀਤ ਕਰਕੇ ਗੁਰੂ ਜੀ ਪ੍ਰਸਿੱਧ ਹੋ ਗਏ ਹਨ।” ‘ਮਹਿਮਾ ਪ੍ਰਕਾਸ਼’ ਵਿੱਚ ਇਸ ਤਰ੍ਹਾਂ ਦਾ ਵਰਣਨ ਨਹੀਂ ਹੈ। ‘ਗੁਰ ਬਿਲਾਸ ਪਾਤਸ਼ਾਹੀ ੬’ ਜਾਂ ‘ਗੁਰ ਪ੍ਰਤਾਪ ਸੂਰਯ’ ਵਿੱਚ ਵੀ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਵਲੋਂ ਮਾਇਆ ਘੱਟ ਮਿਲਣ ਮਗਰੋਂ (ਗੁਰੂ ਅਰਜਨ ਸਾਹਿਬ ਦੇ ਸਮੇਂ) ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਹੈ, ਪਹਿਲਾਂ ਨਹੀਂ।
‘ਗੁਰ ਬਿਲਾਸ’ ਵਿੱਚ ਇਤਨਾ ਹੀ ਲਿਖਿਆ ਹੈ ਕਿ, “ਦੋਊ ਭ੍ਰਾਤ ਮਿਲਿ ਰੁਚਿ ਸੋਂ ਗਾਵੈਂ। ਕਰਿ ਕੀਰਤਨ ਬਡ ਸੋਭਾ ਪਾਵੈਂ।” ਇਸੇ ਤਰ੍ਹਾਂ ‘ਸੂਰਜ ਪ੍ਰਕਾਸ਼’ ਵਿੱਚ ਰਬਾਬੀਆਂ ਬਾਰੇ ਇਹ ਤਾਂ ਲਿਖਿਆ ਹੈ ਕਿ: ਸਿੱਖ ਸਰਾਹਨ ਕਰਹਿਂ ਸੁਨੰਤੇ। ਤਯੋਂ ਤਯੋਂ ਸੋ ਅਹੰਕਾਰ ਕਰੰਤੇ।’ ਪਰੰਤੂ ਇਹਨਾਂ ਵਲੋਂ ਖੁੱਲ੍ਹਮ-ਖੁੱਲ੍ਹਾ ਅਜਿਹਾ ਕਹਿਣ ਦਾ ਵਰਣਨ ਨਹੀਂ ਹੈ।
ਲੇਖਕ ਇਹ ਸ਼ਬਦ ਵੀ ਆਪਣੇ ਵਲੋਂ ਹੀ ਲਿਖ ਰਿਹਾ ਹੈ ਕਿ: “ਉਹ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਗੁਰੂ ਜੀ ਨੂੰ ਬਖਸ਼ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਬੜੇ ਦਿਆਲੂ ਸਨ, ਉਨ੍ਹਾਂ ਨੂੰ ਬਖਸ਼ ਦਿੱਤਾ। ਪਰ ਉਨ੍ਹਾਂ ਦਾ ਅਹੰਕਾਰ ਚੰਗੀ ਤਰ੍ਹਾਂ ਨਾ ਭੱਜਿਆ (ਭਾਵ ਦੂਰ ਨਾ ਹੋਇਆ), ਉਨ੍ਹਾਂ ਮਨ ਵਿੱਚ ਪੱਕਾ ਧਾਰ ਲਿਆ ਕਿ ਅਸੀਂ ਅੱਗੇ ਲਈ ਤਦ ਹੀ ਚੌਕੀ ਕਰਾਂਗੇ ਜੇਕਰ ਸਾਨੂੰ ਜ਼ਿਆਦਾ ਅਰਦਾਸ ਕਰਾਈ ਜਾਏਗੀ।”
ਲੇਖਕ ਚੂੰਕਿ ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਗੁਰ ਪ੍ਰਤਾਪ ਸੂਰਯ’ ਵਿਚਲੀ ਕਹਾਣੀ ਨੂੰ ਵੀ ਸੱਚੀ ਮੰਨ ਕੇ, ਇਸ ਕਹਾਣੀ ਦਾ ਸੰਬੰਧ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨਾਲ ਸੰਬੰਧਤ ਦਰਸਾਉਣਾ ਚਾਹੁੰਦੇ ਹਨ, ਇਸ ਲਈ ਆਪ ਰਬਾਬੀਆਂ ਵਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਵੀ ਉਹਨਾਂ ਦਾ ਹੰਕਾਰ ਦੂਰ ਨਾ ਹੋਣ ਦੀ ਗੱਲ ਕਰਦੇ ਹਨ। ਰਬਾਬੀਆਂ ਬਾਰੇ ਇਸ ਤਰ੍ਹਾਂ ਦੀ ਧਾਰਨਾ ਰੱਖਿਆਂ ਹੀ ‘ਗੁਰ ਬਿਲਾਸ’ ਵਿਚਲੀ ਕਹਾਣੀ ਨਾਲ ਇਹਨਾਂ ਦਾ ਸੰਬੰਧ ਜੋੜਿਆ ਜਾ ਸਕਦਾ ਸੀ।
ਮੈਕਾਲਿਫ ਹੁਰੀਂ ਇਹ ਵੀ ਆਪਣੇ ਵਲੋਂ ਹੀ ਕਲਪਣਾ ਕਰ ਰਹੇ ਹਨ ਕਿ: “ਕੁਝ ਸਮੇਂ ਪਿੱਛੋਂ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ‘ਮਹਾਰਾਜ ਆਪਣੀਆਂ ਲੜਕੀਆਂ ਵਿਚੋਂ ਅਸੀਂ ਇੱਕ ਦਾ ਵਿਆਹ ਕਰਨਾ ਹੈ, ਇਸ ਲਈ ਕਿਰਪਾ ਕਰਕੇ ਪੰਜ ਸੌ ਰੁਪਏ ਦਿਓ’ ਗੁਰੂ ਜੀ ਨੇ ਇੱਛਿਆ ਪ੍ਰਗਟ ਕੀਤੀ ਕਿ ਦੋ ਮਹੀਨੇ ਉਡੀਕੋ ਅਤੇ ਅਸੀਂ ਵਿਸਾਖੀ ਦੇ ਸਾਲਾਨਾ ਮੇਲੇ ਉੱਤੇ ਤੁਹਾਡਾ ਸਭ ਲੇਖਾ ਮੁਕਾ ਦਿਆਂਗੇ।”
‘ਗੁਰ ਬਿਲਾਸ ਪਾਤਸ਼ਾਹੀ ੬’ ਜਾਂ ‘ਗੁਰ ਪ੍ਰਤਾਪ ਸੂਰਯ’ ਵਿੱਚ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਵਲੋਂ ਆਪਣੀ ਭੈਣ ਦੇ ਵਿਆਹ ਲਈ ਮਾਇਕ ਸਹਾਇਤਾ ਦੀ ਮੰਗ ਦਾ ਵਰਣਨ ਹੈ। ਪਰੰਤੂ ਮੈਕਾਲਿਫ ਹੁਰਾਂ ਅਨੁਸਾਰ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਆਪਣੀ ਸਪੁੱਤਰੀ ਦੇ ਵਿਆਹ ਲਈ ਗੁਰਦੇਵ ਪਾਸੋਂ ਮਾਇਆ ਦੀ ਮੰਗ ਕਰਦੇ ਹਨ। ਆਪ ਇਸ ਗੱਲ ਦਾ ਖ਼ੁਲਾਸਾ ਨਹੀਂ ਕਰਦੇ ਕਿ ਇਹਨਾਂ ਦੋਹਾਂ ਵਿੱਚ ਸਪੁੱਤਰੀ ਕਿਸ ਦੀ ਸੀ; ਭਾਈ ਬਲਵੰਡ ਰਾਇ ਜੀ ਦੀ ਜਾਂ ਭਾਈ ਸੱਤਾ ਜੀ ਦੀ। ਇਸ ਤੋਂ ਇਲਾਵਾ ਪਹਿਲੇ ਲੇਖਕਾਂ ਨੇ ਕੇਵਲ ਲੜਕੀ ਜਾਂ ਭੈਣ ਸ਼ਬਦ ਹੀ ਵਰਤਿਆ ਹੈ ਪਰ ਮੈਕਾਲਿਫ਼ ਹੁਰੀਂ ‘ਆਪਣੀਆਂ ਲੜਕੀਆਂ ਵਿੱਚੋਂ ਅਸੀਂ ਇੱਕ ਦਾ ਵਿਆਹ ਕਰਨ’ ਦਾ ਵਰਣਨ ਕਰਦੇ ਹਨ।
‘ਗੁਰ ਬਿਲਾਸ’ ਦੇ ਕਰਤੇ ਨੇ ਰਬਾਬੀਆਂ ਵਲੋਂ ‘ਸਹੰਸ੍ਰ ਰੁਪਯਾ ਲਗੇ ਬਿਵਾਹਾ। ਤੁਮ ਦੀਯੋ ਸੌ ਏਕੁ ਉਮਾਹਾ।’ ਪਰੰਤੂ ਮੈਕਾਲਿਫ਼ ਹੁਰਾਂ ਨੇ ਰਬਾਬੀਆਂ ਵਲੋਂ ਪੰਜ ਸੌ ਰੁਪਏ ਮੰਗਣ ਦਾ ਵਰਣਨ ਕੀਤਾ ਹੈ।
ਰਬਾਬੀਆਂ ਵਲੋਂ ਆਪਣੀ ਸਪੁੱਤਰੀ ਦੇ ਵਿਆਹ ਲਈ ਮੰਗਣ `ਤੇ ਗੁਰੂ ਸਾਹਿਬ ਵਲੋਂ ਵਿਸਾਖੀ ਤੀਕ ਉਡੀਕ ਕਰਨ ਦੀ ਗੱਲ ਵੀ ਮੈਕਾਲਿਫ ਹੁਰੀਂ ਆਪਣੇ ਪਾਸੋਂ ਹੀ ਲਿਖ ਰਹੇ ਹਨ। ਚੂੰਕਿ ‘ਗੁਰ ਬਿਲਾਸ’ ਅਤੇ ‘ਸੂਰਜ ਪ੍ਰਕਾਸ਼’ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਦਰਸਾਇਆ ਗਿਆ ਹੈ। ‘ਗੁਰ ਬਿਲਾਸ’ ਵਿੱਚ ਇਸ ਸੰਬੰਧ ਲਿਖਿਆ ਹੈ ਕਿ, “ਪ੍ਰਾਤਕਾਲ ਪੂਜਾ ਚੜ੍ਹੈ ਸਭ ਹੀ ਦਰਬ ਤੁਮ੍ਹਾਰ। ਗੁਰ ਅਰਜਨ ਜੀ ਅਸ ਕਹਯੋ ਕਾਰਜ ਗੁਰੂ ਸਵਾਰ।” ਅਤੇ ‘ਸੂਰਜ ਪ੍ਰਕਾਸ਼’ ਵਿੱਚ ਇਉਂ ਲਿਖਿਆ ਹੈ, “ਗੁਰੂ ਕਹਯੋ ‘ਚਿੰਤਾ ਦਿਹੁ ਟਾਰਾ। ਸ਼੍ਰੀ ਨਾਨਕ ਕੋ ਅਤੁਟ ਭੰਡਾਰਾ। ਪ੍ਰਾਤਕਾਲ ਜੇਤਿਕ ਧਨ ਆਵਹਿ। ਸਿਖ ਸੰਗਤਿ ਹਮ ਆਨਿ ਚਢਾਵਹਿ। ੨੬। ਸੋ ਸਭਿ ਹੀ ਤੁਮ ਲੇਹੁ ਸੰਭਾਰੀ। ਸਤਿਗੁਰ ਕਾਰਜ ਸਰਬ ਸੁਧਾਰੀ।”
ਇਹ ਗੱਲ ਵੀ ਧਿਆਨ ਯੋਗ ਹੈ ਕਿ ਮੈਕਾਲਿਫ ਹੁਰੀਂ ਉਪਰੋਕਤ ਸ਼ਬਦ ਗੁਰੂ ਅੰਗਦ ਸਾਹਿਬ ਦੇ ਪਾਵਨ ਮੁਖ਼ਾਰਬਿੰਦ `ਚੋਂ ਕਢਵਾ ਰਹੇ ਹਨ ਜਦ ਕਿ ‘ਗੁਰ ਬਿਲਾਸ’ ਅਤੇ ‘ਸੂਰਜ ਪ੍ਰਕਾਸ਼’ ਦਾ ਕਰਤਾ ਗੁਰੂ ਅਰਜਨ ਸਾਹਿਬ ਦੇ ਮੁੱਖੋਂ ਇਹ ਸ਼ਬਦ ਕਢਵਾ ਰਹੇ ਹਨ।
ਮੈਕਾਲਿਫ਼ ਹੁਰਾਂ ਵਲੋਂ ਭਾਈ ਬਲਵੰਡ ਅਤੇ ਭਾਈ ਸੱਤੇ ਦੇ ਮੁਖੋਂ ਅਖਵਾਏ ਇਹ ਸ਼ਬਦ ਕਿ, “ਜੇਕਰ ਤੁਸੀਂ ਸਾਨੂੰ ਲੋੜਵੰਦੀ ਰਕਮ ਨਹੀਂ ਦਿਉਗੇ ਤਾਂ ਅਸੀਂ ਆਪਣੇ ਘਰ ਬੈਠ ਕੇ ਹੀ ਭਜਨ ਗਾਇਆ ਕਰਾਂਗੇ।” ਵੀ ਲੇਖਕ ਦੀ ਆਪਣੀ ਹੀ ਕਲਪਣਾ ਦਾ ਸਿੱਟਾ ਹੈ। ਚੂੰਕਿ ‘ਗੁਰ ਬਿਲਾਸ’ ਵਿੱਚ ਲੇਖਕ ਨੇ ਰਬਾਬੀਆਂ ਦੇ ਮੁੱਖੋਂ ਇਹ ਕਢਵਾਇਆ ਗਿਆ ਹੈ ਕਿ ‘ਤੁਮਰੇ ਪਾਸਿ ਨਹੀਂ ਹਮ ਜਾਵੈਂ। ਔਰ ਜਗਤ ਹਮ ਮਾਂਗ ਅਘਾਵੈਂ।’ ਅਤੇ ‘ਸੂਰਜ ਪ੍ਰਕਾਸ਼’ ਦਾ ਕਰਤੇ ਅਨੁਸਾਰ: ‘ਹਮ ਅਬਿ ਰਹਿ ਕੇ ਅਪਰ ਢਿਗ ਲੇਂ ਗੁਰੂ ਬਨਾਈ। ਪੂਜਾ ਹੋਵਹਿ ਤਿਸੀ ਕੀ ਮਾਨਹਿਂ ਸਮੁਦਾਈ। ਹਮ ਅਧੀਨ ਕਰਿਬੋ ਗੁਰੂ ਨਹਿਂ ਤੁਮਨੇ ਜਾਨਾ। ਅਬਿ ਪੀਛੇ ਪਛੁਤਾਇ ਹੋ ਮਨਤਾ ਹੁਇ ਹਾਨਾ। ੧੧। ਜਹਾਂ ਰਾਗ ਕਰਹਿਂਗੇ ਗੁਰੁ ਤਿਸੈ ਬਨਾਵਹਿਂ। ਤੁਮਰੇ ਨਿਕਟ ਨ ਜਾਹਿਂਗੇ ਏਕਲ ਰਹਿ ਜਾਵਹਿਂ’।’
ਨਿਮਨ ਲਿਖਤ ਸ਼ਬਦ ਵੀ ਮੈਕਾਲਿਫ਼ ਹੁਰਾਂ ਦੀ ਆਪਣੀ ਕਲਪਣਾ ਹਨ: “ਬਲਵੰਡ ਅਤੇ ਸੱਤਾ ਘਰ ਜਾ ਕੇ ਗੁਰਬਾਣੀ ਦਾ ਕੀਰਤਨ ਕਰਦੇ ਰਹੇ ਤਾਂ ਕਿ ਗੁਰੂ ਜੀ ਵਲੋਂ ਹਟ ਕੇ ਸਿੱਖ ਸਾਡੇ ਵੱਲ ਆ ਜਾਣ, ਪਰ {ਕੋਈ ਸਿੱਖ ਵੀ} ਉਨ੍ਹਾਂ ਪਾਸ ਨਾ ਜਾਵੇ।”
ਹੇਠ ਲਿਖੇ ਸ਼ਬਦ ਵੀ ਲੇਖਕ ਨੇ ਪਹਿਲੀ ਵਾਰ ਭਾਈ ਬਲਵੰਡ ਅਤੇ ਭਾਈ ਸੱਤੇ ਦੇ ਮੁਖੋਂ ਕਢਵਾਏ ਹਨ:
“ਆਪਣੇ ਕੰਮ ਤੇ ਮੁੜ ਆਉਂਦੇ ਹਾਂ ਜੇਕਰ ਸਾਨੂੰ ਰੋਟੀ ਕੱਪੜਾ ਹੀ ਮਜ਼ਦੂਰੀ ਮਿਲ ਜਾਵੇ”
‘ਗੁਰ ਬਿਲਾਸ’, ‘ਮਹਿਮਾ ਪ੍ਰਕਾਸ਼’ ਅਤੇ ‘ਸੂਰਜ ਪ੍ਰਕਾਸ਼’ ਆਦਿ ਵਿੱਚ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੂੰ ਇਸ ਤਰ੍ਹਾਂ ਕਿਸੇ ਨੂੰ ਕਹਿੰਦੇ ਹੋਏ ਨਹੀਂ ਦਰਸਾਇਆ ਹੈ।
ਗੁਰੂ ਸਾਹਿਬ ਦਾ ਸਿੱਖਾਂ ਪਾਸੋਂ ਇਹ ਸੁਣ ਕੇ ਇਹ ਕਹਿਣਾ ਵੀ ਲੇਖਕ ਦੀ ਆਪਣੀ ਹੀ ਕਲਪਣਾ ਦਾ ਨਤੀਜਾ ਹੈ ਕਿ: “ਗੁਰੂ ਜੀ ਨੇ ਹੁਕਮ ਕੀਤਾ ਕਿ ਜੇਕਰ ਕੋਈ ਬਲਵੰਡ ਤੇ ਸੱਤੇ ਦੀ ਸਾਡੇ ਅੱਗੇ ਆ ਕੇ ਸਿਫ਼ਾਰਸ਼ ਕਰੇਗਾ, ਅਸੀਂ ਉਸਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜ੍ਹਾ ਕੇ ਫੇਰਾਂਗੇ।” ਪਹਿਲੇ ਲੇਖਕਾਂ ਨੇ ਗੁਰੂ ਸਾਹਿਬ ਦੇ ਪਾਵਨ ਮੁੱਖ `ਚੋ ਇਸ ਤਰ੍ਹਾਂ ਦੇ ਸ਼ਬਦ ਕਢਵਾਏ ਜ਼ਰੂਰ ਹਨ ਪਰ ਸਿੱਖਾਂ ਵਲੋਂ ਸਿਫ਼ਾਰਸ਼ ਕਰਨ ਤੇ ਨਹੀਂ ਬਲਕਿ ਜਦੋਂ ‘ਪਟਣੇ ਤੇ ਸੰਗਤਿ ਤਬ ਆਈ। ਸ੍ਰੀ ਗੁਰ ਕੀ ਤੱਕ ਕੈ ਸਰਨਾਈ। ਆਇ ਪੂਜ ਗੁਰ ਅਗ੍ਰ ਚੜ੍ਹਾਨੀ। ਤਬ ਸੰਗਤ ਅਸ ਬੋਲੀ ਬਾਨੀ। ੪੮੫। ਬਲਵੰਡ ਸੱਤਾ ਪ੍ਰਭ ਕਹਾਂ ਸਿਧਾਏ। ਕੀਰਤਨ ਕਰਤ ਸਿੱਖ ਮਨੁ ਲਾਏ। ਕ੍ਰਿਪਾਸਿੰਧੁ ਅਸ ਬਾਤ ਉਚਾਰੀ। ਵਹਿ ਫਿਟ ਗਏ ਮਾਨਿ ਮਦ ਧਾਰੀ। ੪੮੬। ਅਬ ਤਿਨ ਕੇ ਜੋ ਮਸਤਕਿ ਲਾਗੇ। ਤਿਨ ਕੋ ਦੁਖ ਲਾਗੇ ਬਡ ਆਗੇ। ਤਿਨ ਕੀ ਅਰਜ ਜੋਇ ਸਿਖ ਕਰੈ। ਤਾਹਿ ਸਜਾਇ ਐਸ ਹਮ ਧਰੈ। ੪੮੭। ਮੁਹਿ ਕਾਲਾ ਕਰਿ ਸੀਸ ਮੁੰਡਾਈ। ਗਰਧਬ ਚਾੜ੍ਹਿ ਸੁ ਨਗਰ ਫਿਰਾਈ।’ (ਗੁਰ ਬਿਲਾਸ ਪਾਤਸ਼ਾਹੀ ੬) ਇਸ ਤੋਂ ਇਲਾਵਾ ਮੈਕਾਲਿਫ ਹੁਰੀਂ ਇਹ ਸ਼ਬਦ ਗੁਰੂ ਅੰਗਦ ਸਾਹਿਬ ਦੇ ਮੁਖੋਂ ਕਢਵਾ ਰਹੇ ਹਨ ਜਦ ਕਿ ‘ਗੁਰ ਬਿਲਾਸ’ ਦਾ ਕਰਤਾ ਇਹ ਸ਼ਬਦ ਗੁਰੂ ਅਰਜਨ ਸਾਹਿਬ ਦੇ ਮੁਖੋਂ ਕਢਵਾ ਰਿਹਾ ਹੈ।
ਸਤਿਗੁਰੂ ਜੀ ਵਲੋਂ ਸਿੱਖਾਂ ਨੂੰ ਤਾੜਨਾ ਕਰਦਿਆਂ ਹੋਇਆਂ ਇਹ ਕਹਿਣਾ ਕਿ, “ਅੱਗੇ ਤੋਂ ਜੇ ਕੋਈ ਬਲਵੰਡ ਅਤੇ ਸੱਤੇ ਦੀ ਸਿਫ਼ਾਰਸ਼ ਕਰੇਗਾ ਤਾਂ ਉਸ ਦੀ ਦਾੜ੍ਹੀ ਅਤੇ ਮੁੱਛਾਂ ਸਾਫ਼ ਕਰਵਾਕੇ ਅਤੇ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਨਗਰ ਵਿੱਚ ਜਲੂਸ ਕਢਿਆ ਜਾਵੇਗਾ।”, ਦਾ ਕਥਨ ਵੀ ਪਹਿਲੇ ਲੇਖਕਾਂ ਨਾਲੋਂ ਭਿੰਨ ਹੈ। ਪਹਿਲੇ ਲੇਖਕਾਂ ਨੇ ਰਬਾਬੀਆਂ ਦੀ ਸਿਫ਼ਾਰਸ਼ ਕਰਨ ਵਾਲੇ ਦੇ ਸਿਰ ਮੁੰਡਵਾਉਣ, ਖੋਤੇ ਉੱਤੇ ਚੜ੍ਹਾਉਣ ਆਦਿ ਦੀ ਗੱਲ ਤਾਂ ਲਿਖੀ ਹੈ ਪਰ ਦਾੜ੍ਹੀ ਅਤੇ ਮੁੱਛਾਂ ਕਟਵਾਉਣ ਦੀ ਗੱਲ ਨਹੀਂ ਲਿਖੀ ਹੈ।
ਰਬਾਬੀਆਂ ਵਲੋਂ ਗੁਰੂ ਜੀ ਨੂੰ ਮਾਇਆ ਕਿਧਰੋਂ ਉਧਾਰ ਫੜ ਲੈਣ ਵਾਲੀ ਗੱਲ ਵੀ ਮੈਕਾਲਿਫ ਹੁਰਾਂ ਨੇ ਪਹਿਲੀ ਵਾਰ ਲਿਖੀ ਹੈ। ਗੁਰੂ ਸਾਹਿਬ ਵਲੋਂ ਇਹਨਾਂ ਵਲੋਂ ਅਜਿਹੇ ਕਹਿਣ `ਤੇ ਇਹ ਆਖਣਾ ਕਿ, ‘ਉਧਾਰ ਲੈਣਾ ਚੰਗੀ ਗੱਲ ਨਹੀਂ, ਉਹ ਅਕਾਲ ਪੁਰਖ ਤੇ ਭਰੋਸਾ ਰੱਖਣ ਸੱਭ ਠੀਕ ਹੋਵੇਗਾ।’ ਵਰਗੇ ਸ਼ਬਦ ਵੀ ਲੇਖਕ ਨੇ ਪਹਿਲੀ ਵਾਰ ਇਸ ਕਹਾਣੀ ਵਿੱਚ ਜੋੜੇ ਹਨ।
ਰਬਾਬੀਆਂ ਦਾ ਗੁਰੂ ਸਾਹਿਬ ਨੂੰ ਇਹ ਕਹਿਣਾ ਕਿ ਜੇਕਰ ਹਜ਼ੂਰ ਉਹਨਾਂ ਦੀ ਅਰਜ਼ੋਈ ਨੂੰ ਠੁਕਰਾਂਦੇ ਹਨ ਤਾਂ, ‘ਉਹ ਆਪਣੇ ਘਰਾਂ ਵਿੱਚ ਬੈਠਕੇ ਸ਼ਬਦ ਗਾਇਨ ਕਰਨਗੇ।’ ਦਾ ਵੀ ਮੈਕਾਲਿਫ ਹੁਰੀਂ ਪਹਿਲੀ ਵਾਰ ਹੀ ਵਰਣਨ ਕਰ ਰਹੇ ਹਨ।
ਮੈਕਾਲਫ ਹੁਰਾਂ ਨੇ ਪ੍ਰਚਲਤ ਕਹਾਣੀ ਵਿੱਚ ਵਾਧਾ ਕਰਦਿਆਂ ਹੋਇਆਂ ਹੇਠ ਲਿਖੇ ਸ਼ਬਦ ਵੀ ਆਪਣੇ ਵਲੋਂ ਲਿਖੇ ਹਨ ਕਿ, “ਉਨ੍ਹਾਂ ਦੇ ਇਸ ਰਵੱਈਏ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਚੇਤਾਵਣੀ ਦਿੱਤੀ ਕਿ ਉਨ੍ਹਾਂ ਦੇ ਬੱਚੇ ਅਵਾਰਾ ਘੁੰਮਣਗੇ ਅਤੇ ਉਨ੍ਹਾਂ ਨੂੰ ਕੋਈ ਵੀ ਮੂੰਹ ਨਹੀਂ ਲਾਏਗਾ।”
ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੂੰ ਮੂੰਹ ਨਾ ਲਾਉਣ ਦੇ ਆਦੇਸ਼ ਦਾ ਤਾਂ ਪਹਿਲੇ ਲੇਖਕਾਂ ਨੇ ਵਰਣਨ ਕੀਤਾ ਹੈ ਪਰ ਇਹਨਾਂ ਦੀ ਸੰਤਾਨ ਬਾਰੇ ਗੁਰੂ ਸਾਹਿਬ ਨੇ ਅਜਿਹਾ ਕਿਹਾ ਹੋਵੇ, ਇਸ ਗੱਲ ਦਾ ਕਿਸੇ ਵੀ ਪਹਿਲੇ ਲੇਖਕ ਨੇ ਵਰਣਨ ਨਹੀਂ ਕੀਤਾ ਹੈ।
ਇਸ ਗੱਲ ਦਾ ਵੀ ਕਿਸੇ ਹੋਰ ਲੇਖਕ ਨੇ ਵਰਣਨ ਨਹੀਂ ਕੀਤਾ ਹੈ ਕਿ “ਫਿਰ ਗੁਰੂ ਜੀ ਨੇ ਸ਼ਬਦ ਗਾਇਨ ਦੀ ਜ਼ਿੰਮੇਵਾਰੀ ਆਪਣੇ ਸਿੱਖਾਂ ਨੂੰ ਦਿੱਤੀ। ਇਸ ਤਰ੍ਹਾਂ ਫਿਰ ਤੋਂ ਗੁਰੁ ਦਰਬਾਰ ਵਿੱਚ ਉਹੀ ਅਨੰਦ ਬੱਝ ਗਿਆ। ਕੁੱਝ ਸਮੇਂ ਬਾਅਦ ਡੱਲਾ ਵਾਸੀ ਭਾਈ ਰਾਮੂ, ਭਾਈ ਦੀਪਾ, ਭਾਈ ਉਗ੍ਰਸੈਨ ਅਤੇ ਭਾਈ ਨਗਾਉਰੀ, ਡੱਲਾ ਨਿਵਾਸੀ ਦੋ ਤਾਰਾ ਸਾਜ਼ ਅਤੇ ਛੈਣੇ ਲੈ ਕੇ ਆਏ ਅਤੇ ਸ਼ਰਧਾਹੀਣ ਬਲਵੰਡ ਅਤੇ ਸੱਤੇ ਦੀ ਥਾਂ ਇਹ ਕੀਰਤਨ ਕਰਨ ਲੱਗੇ।”
ਕੁਝ ਕੁ ਲੇਖਕਾਂ ਨੇ ਇਸ ਗੱਲ ਦਾ ਵਰਣਨ ਤਾਂ ਕੀਤਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਾਈ ਬਲਵੰਡ ਅਤੇ ਭਾਈ ਸੱਤੇ ਜੀ ਦੇ ਘਰ ਤੋਂ ਵਾਪਸ ਆ ਕੇ ਸੰਗਤਾਂ ਨੂੰ ਆਗਿਆ ਕੀਤੀ ਕਿ ਉਹ ਕੀਰਤਨ ਕਰਨ ਪਰ ਵਿਸ਼ੇਸ਼ ਤੌਰ `ਤੇ ਕਿਸੇ ਗੁਰਸਿੱਖ ਦੇ ਨਾਮ ਦਾ ਵਰਣਨ ਨਹੀਂ ਕੀਤਾ ਹੈ। ਹਾਂ, ਮਹਿਮਾ ਪ੍ਰਕਾਸ਼ ਵਿੱਚ ਭਾਈ ਮੀਰਜ਼ਾਦੇ ਦਾ ਜ਼ਰੂਰ ਵਰਣਨ ਆਉਂਦਾ ਹੈ।
ਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਪ੍ਰਸਿੱਧ ਗੁਰਸਿੱਖਾਂ ਦੀ ਸੂਚੀ ਵਿੱਚ ਇਹਨਾਂ ਗੁਰਸਿੱਖਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ: ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ। (ਵਾਰ ੧੧, ਪਉੜੀ ੧੬)
ਭਾਈ ਗੁਰਦਾਸ ਜੀ ਨੇ ਇਹਨਾਂ ਗੁਰਸਿੱਖਾਂ ਬਾਰੇ ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ ਲਿਖਿਆ ਹੈ ਨਾ ਕਿ ਕੀਰਤਨ ਕਰਨ ਵਾਲੇ। ਜਿੱਥੇ ਕੀਰਤਨ ਤੋਂ ਭਾਵ ਹੈ ਉੱਥੇ ਆਪ ਜੀ ਨੇ ਸਪਸ਼ਟ ਰੂਪ ਵਿੱਚ ਕੀਰਤਨ ਸ਼ਬਦ ਲਿਖਿਆ ਹੈ। ਜਿਵੇਂ: ਝਾਂਝੂ ਅਤੇ ਮੁਕੰਦੁ ਹੈ ਕੀਰਤਨ ਕਰੈ ਹਜੂਰ ਕਿਦਾਰਾ।’ ਸ਼ਬਦ ਦੀ ਵੀਚਾਰ ਕਰਨ ਵਾਲਿਆਂ ਬਾਰੇ ਭਾਈ ਸਾਹਿਬ ਜੀ ਨੇ ਇਸ ਤਰ੍ਹਾਂ ਲਿਖਿਆ ਹੈ: ਗੋਖੂ ਟੋਡਾ ਮਹਤਿਆ ਤੋਤਾ ਮਦੂ ਸਬਦ ਵੀਚਾਰਾ। (ਵਾਰ ੧੧, ਪਉੜੀ ੧੮)
ਭਾਈ ਲੱਧਾ ਜੀ ਬਾਰੇ ਜਿਸ ਤਰ੍ਹਾਂ ਪਹਿਲੇ ਲੇਖਕਾਂ ਨੇ ਲਿਖਿਆ ਹੈ ਕਿ ਆਪ ਜੀ ਨੇ ਰਬਾਬੀਆਂ ਦਾ ਆਉਣਾ ਸੁਣ ਕੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ, ਇਸ ਤਰ੍ਹਾਂ ਦਾ ਜ਼ਿਕਰ ਆਪ ਨਹੀਂ ਕੀਤਾ ਹੈ। ਆਪ ਜੀ ਦੀ ਲਿਖਤ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤਰ੍ਹਾਂ ਭਾਈ ਲੱਧਾ ਜੀ ਨੂੰ ਇਸ ਸਾਰੇ ਘਟਨਾਕ੍ਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਆਪ ਨੇ ਅੰਮ੍ਰਿਤਸਰ ਦੀ ਥਾਂ ਭਾਈ ਲੱਧਾ ਜੀ ਨੂੰ ਖਡੂਰ ਦਾ ਚੱਕਰ ਲਾਉਂਦੇ ਦਿਖਾਇਆ ਹੈ। ਚੂੰਕਿ ਆਪ ਇਸ ਘਟਨਾ ਦਾ ਸੰਬੰਧ ਗੁਰੂ ਅਰਜਨ ਸਾਹਿਬ ਨਾਲ ਨਹੀਂ ਸਗੋਂ ਗੁਰੂ ਅੰਗਦ ਸਾਹਿਬ ਨਾਲ ਜੋੜਦੇ ਹਨ।
ਮੈਕਾਲਫ ਹੁਰਾਂ ਨੇ ਪਹਿਲੇ ਲੇਖਕਾਂ ਵਾਂਗ ਇਹ ਨਹੀਂ ਲਿਖਿਆ ਕਿ ਭਾਈ ਲੱਧਾ ਜੀ ਨੇ ਰਬਾਬੀਆਂ ਦੇ ਕੁਸ਼ਟ ਰੋਗ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ। ਜਿਸ ਦੇ ਉੱਤਰ ਵਿੱਚ ਗੁਰੂ ਸਾਹਿਬ ਨੇ ਰਬਾਬੀਆਂ ਨੂੰ ਕਿਹਾ ਹੋਵੇ ਕਿ ਰਬਾਬੀਆਂ ਨੇ ਜਿਸ ਮੂੰਹ ਨਾਲ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਹੈ ਉਸੇ ਮੂੰਹ ਨਾਲ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਨ ਤਾਂ ਇਹਨਾਂ ਦਾ ਇਹ ਰੋਗ ਦੂਰ ਹੋ ਜਾਵੇਗਾ।
ਆਪ ਜੀ ਅਨੁਸਾਰ ਗੁਰੂ ਅੰਗਦ ਸਾਹਿਬ ਆਪ ਹੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਦੀ ਆਗਿਆ ਕਰਦੇ ਹਨ। ਮੈਕਾਲਫ ਅਨੁਸਾਰ ਇਸ ਵਾਰ ਦੀਆਂ ਪਹਿਲੀਆ ਪੰਜ ਪਉੜੀਆਂ ਰਬਾਬੀਆਂ ਨੇ ਗੁਰੂ ਅੰਗਦ ਸਾਹਿਬ ਦੇ ਸਮੇਂ ਉਚਾਰਨ ਕੀਤੀਆਂ ਅਤੇ ਪਿਛਲੀਆਂ ਤਿੰਨ ਪਉੜੀਆਂ ਇਹਨਾਂ ਨੇ ਬਾਅਦ ਵਿੱਚ ਉਚਾਰਨ ਕੀਤੀਆਂ ਹਨ।
ਮੈਕਾਲਫ ਹੁਰਾਂ ਨੇ ਇਸ ਤਰ੍ਹਾਂ ਕੁੱਝ ਪਹਿਲਾਂ ਤੋਂ ਪ੍ਰਚਲਤ ਅਤੇ ਕੁੱਝ ਆਪਣੇ ਵਲੋਂ ਇਸ ਪ੍ਰਚਲਤ ਕਹਾਣੀ ਵਿੱਚ ਅੰਸ਼ ਜੋੜ ਕੇ ਇਸ ਨੂੰ ਇਸ ਰੂਪ ਵਿੱਚ ਬਿਆਨ ਕੀਤਾ ਹੈ। ਆਪ ਜੀ ਵਲੋਂ ਫੁਟ ਨੋਟ ਵਿੱਚ ਇਸ ਘਟਨਾ ਨੂੰ ਗੁਰੂ ਅੰਗਦ ਸਾਹਿਬ ਦੇ ਸਮੇਂ ਹੀ ਵਾਪਰਨ ਦੀ ਵਕਾਲਤ ਕੀਤੀ ਹੈ। ਭਾਈ ਲੱਧਾ ਜੀ ਦੇ ਗੁਰੂ ਅੰਗਦ ਸਾਹਿਬ ਦੇ ਸਮੇਂ ਵੀ ਹੋਣ ਦੀ ਗੱਲ ਕਰ ਕੇ ਆਪ ਜੀ ਨੇ ਇਸ ਘਟਨਾ ਨੂੰ ਗੁਰੂ ਅੰਗਦ ਸਾਹਿਬ ਦੇ ਸਮੇਂ ਵਾਪਰਨ ਦੀ ਪ੍ਰੌੜਤਾ ਕੀਤੀ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੈਕਸ ਆਰਥਰ ਮੈਕਾਲਿਫ ਹੁਰਾਂ ਨੇ ਵੀ ਪਹਿਲਾਂ ਤੋਂ ਪ੍ਰਚਲਤ ਇਸ ਕਹਾਣੀ ਨੂੰ ਆਧਾਰ ਬਣਾ ਕੇ ਕੁੱਝ ਅੰਸ਼ ਇਸ ਦੇ ਛੱਡ ਦਿੱਤੇ ਹਨ ਅਤੇ ਕੁੱਝ ਕੁ ਦੀ ਆਪਣੇ ਵਲੋਂ ਕਲਪਣਾ ਕਰ ਲਈ ਹੈ।
.