‘ਪ੍ਰਚਾਰ ਦੀ ਲੋੜ, ਹੱਕ ਅਤੇ ਜਿੰਮੇਦਾਰੀ`
ਹਰਦੇਵ ਸਿੰਘ, ਜੰਮੂ
ਜਿਸ ਵੇਲੇ ਸਿੱਖੀ ਪ੍ਰਚਾਰ ਦੀ ਗਲ ਹੂੰਦੀ ਹੈ ਤਾਂ ਇਸ ਨੂੰ ਮੌਜੂਦਾ ਸਮੇਂ
ਦੀ ਇੱਕ ‘ਵੱਡੀ ਲੋੜ` ਵਜੋਂ ਬਿਆਨ ਕੀਤਾ ਜਾਂਦਾ ਹੈ। ਸਿੱਖੀ ਦੇ ਪ੍ਰਚਾਰ ਦਾ ਅਗ਼ਾਜ ਸਾਹਿਬ ਸ੍ਰੀ
ਗੁਰੂ ਨਾਨਕ ਜੀ ਤੋਂ ਹੈ। ਇੱਕ ਗਲ ਜੋ ਸਾਨੂੰ ਵਿਚਾਰਣੀ ਚਾਹੀਦੀ ਹੈ ਉਹ ਇਹ ਹੈ ਕਿ ਸਿੱਖੀ ਦਾ ਦਰਸ਼ਨ
ਨਾਲ ਜੂੜਿਆ ਹੋਇਆ ਸਾਡਾ ਸਵਰੂਪ (
ਕੇਸਾਧਾਰੀ
ਹੋਣਾ) ਪਰਮਾਤਮਾ ਦੀ ਦੋਂਣ ਹੈ ਜਿਸ ਦੇ
ਨਾਲ-ਨਾਲ ਕੁੱਝ ਹੋਰ ਅਹਿਮ ਚਿੰਨ੍ਹ ਗੁਰੂ ਨੇ ਸਾਨੂੰ ਧਾਰਣ ਕਰਣ ਦੀ ਤਾਕੀਦ ਕੀਤੀ ਹੈ। ਇਹ ਕੋਮੀ
ਪ੍ਰਬੰਧ ਨਾਲ ਜੂੜਿਆਂ ਗਲਾਂ ਹਨ। ਇਨ੍ਹਾਂ ਚਿੰਨਾਂ ਵਿਚਲਾ ਉਪਦੇਸ਼ ਜਿਨ੍ਹਾਂ ਨੇ ਸਮਝਿਆ ਹੈ ਉਨ੍ਹਾਂ
ਨੂੰ ਹੀ ਉਸਦੀ ਸਮਝ ਆਈ ਹੈ। ਇਹ ਤਾਂ ਕੋਈ ਬੰਦਾ ਬਹਾਦਰ ਨੂੰ ਪੁੱਛੇ ਕਿ ਖੰਡੇ ਦੇ ਅੰਮ੍ਰਿਤ ਵਿੱਚ
ਉਸ ਨੂੰ ਕੀ ਪ੍ਰਾਪਤ ਹੋਇਆ ਸੀ?
ਜਿਥੋਂ ਤਕ ਕੇਸਾਂ ਦਾ ਸਬੰਧ ਹੈ ਉਹ ਤਾਂ ਕੁਦਰਤ ਦੀ ਦੇਂਣ ਹਨ ਉਸ ਦੀ ਰਜ਼ਾ
ਦਾ ਹਿੱਸਾ ਹਨ ਗੁਰੂ ਨੇ ਇਸ ਰਜ਼ਾ ਨੂੰ ਕਕਾਰ ਰੂਪ ਧਾਰਨ ਕਰਨ ਦੀ ਤਾਕੀਦ ਸਿੱਖਾਂ ਨੂੰ ਕੀਤੀ ਹੈ। ਇਸ
ਦੇ ਨਾਲ ਸਿੱਖੀ ਦੇ ਦਰਸ਼ਨ ਦਾ ਪ੍ਰਚਾਰ ਇੱਕ ਵਿਸ਼ਾਲ ਵਿਸ਼ਾ ਹੈ ਜਿਸ ਦੇ ਪ੍ਰਚਾਰ ਦਾ ਜਿੰਮਾ ਗੁਰੂਆਂ
ਨੇ ਸਿੱਖਾ ਤੇ ਪਾਇਆ ਸੀ। ਇਸ ਜਿੰਮੇਦਾਰੀ ਦੇ ਪ੍ਰਤੀ ਸਭ ਤੋਂ ਪਹਿਲਾਂ ਸਾਨੂੰ ਸਮਝ ਲੇਣਾ ਚਾਹੀਦਾ
ਹੈ ਕਿ ਇਸ ਦਰਸ਼ਨ ਦੇ ਪ੍ਰਚਾਰ ਦਾ ਮਕਸਦ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਨਾ ਬਲਕਿ ਇਸ ਪ੍ਰਚਾਰ
ਰਾਹੀਂ ਧਰਮ ਬਾਰੇ ਲੋਕਾਈ ਦੀ ਮਤਿ ਵਿੱਚ ਪਰਿਵਰਤਨ ਕਰਨਾ ਹੈ। ਇਹ ਗੁਰੂ ਨਾਨਕ ਦੇ ਦਰਸ਼ਨ ਦਾ ਸਭ ਤੋਂ
ਵਿਲਖਣ ਮਾਨਵਤਾਵਾਦੀ ਪੱਖ ਹੈ। ਇਹ ਗੁਰੂ ਨਾਨਕ ਦੇ ਪ੍ਰਚਾਰ ਦਾ ਇੱਕ ਮੁੱਖ ਟੀਚਾ ਹੈ ਜਿਸ ਦੀ
ਪ੍ਰਾਪਤੀ ਲਈ ਸਾਨੂੰ ਅਪਣੇ ਪ੍ਰਚਾਰ ਦੇ ਤੋਰ ਤਰੀਕਿਆਂ ਤੇ ਨਜ਼ਰ ਸਾਨੀ ਕਰਨੀ ਪਵੇਗੀ। ਸਾਨੂੰ
ਆਤਮ-ਚਿੰਤਨ ਦੀ ਲੋੜ ਹੈ।
ਅਪਣੇ ਦਰਸ਼ਨ ਦਾ ਪ੍ਰਚਾਰ ਇੱਕ ਕੁਦਰਤੀ ਅਤੇ ਕਾਨੂਨੀ ਹੱਕ ਹੈ। ਅੱਜ ਪ੍ਰਚਾਰ
ਵਿੱਚ ਜੂੜਿਆਂ ਧਿਰਾਂ ਦੀ ਭਰਮਾਰ ਹੈ। ਇਹ ਗਲ ਵੱਖਰੀ ਹੈ ਕਿ ਇਨ੍ਹਾਂ ਧਿਰਾਂ ਦੇ ਅਸਰ ਦਾ ਖੇਤਰ
ਵੱਖਰਾ –ਵੱਖਰਾ ਹੈ। ਜੇਕਰ ਇਸ ਲੇਖ ਰਾਹੀਂ ਇਨ੍ਹਾਂ ਵਿਚੇਂ ਕੁੱਝ ਧਿਰਾਂ ਦੇ ਆਪਸੀ “ਪ੍ਰੇਮ-ਭਾਵ”
ਦੀ ਗਲ ਨਾ ਵੀਂ ਕੀਤੀ ਜਾਏ, ਇਨ੍ਹੀਂ ਗਲ ਤਾਂ ਨਜ਼ਰ ਆਉਦੀ ਹੈ ਕਿ ਉਨ੍ਹਾਂ ਦੇ ਪ੍ਰਚਾਰ ਦਾ ਦਾਇਰਾ
ਸਿੱਖਾਂ ਤਕ ਹੀ ਮਹਦੂਦ ਹੈ। ਇਹ ਜਰੂਰੀ ਤਾਂ ਹੈ ਪਰ ਇਹ ਇੱਕ ਆਤਮ-ਰੱਖਿਅਕ
(Defensive)
ਦਾਇਰਾ ਹੈ। ਸੂਭਾਵਿਕ ਜਿਹੀ ਗਲ ਹੈ ‘ਮਰਤਾ ਕਿਆ ਨਾ
ਕਰਤਾ`? ਇਸ ਦੀ ਅਪਣੀ ਜਰੂਰਤ ਹੈ। ਐਸੀਆਂ ਵਾਜਿਬ ਕੋਸ਼ਿਸ਼ਾਂ ਦਾ ਸੁਆਗਤ ਅਤੇ ਸਹਿਯੋਗ ਤਾਂ ਹੋਣਾ ਹੀ
ਚਾਹੀਦਾ ਹੈ। ਪਰ ਆਉ ਜ਼ਰਾ ਇਸ ਤੋਂ ਅਗੇ ਚਲੀਏ।
ਜੰਗ ਦੇ ਮੁਹਾਜ਼ ਵਿੱਚ ਫ਼ੋਜਾਂ ਕਈ ਵਾਰ ਆਤਮ ਰਖਿਆ ਲਈ ਬੰਕਰਾਂ ਜਾਂ ਮੋਰਚਿਆਂ
ਦਾ ਇਸਤੇਮਾਲ ਤਾਂ ਕਰਦੀਆਂ ਹੀ ਹਨ। ਇਹ ਅਪਣੀ ਸੁਰਖਿਆ ਲਈ ਵਰਤਿਆ ਜਾਣ ਵਾਲਾ ਇੱਕ ਅਹਿਮ ਢੰਗ ਹੁੰਦਾ
ਹੈ। ਪਰ ਨਾਲ ਹੀ ਫ਼ਤੇਹ ਹਾਸਲ ਕਰਨ ਲਈ ਇਹ ਜਰੂਰੀ ਬਣਦਾ ਹੈ ਕਿ ਵੇਲੇ ਸਿਰ ਮੋਰਚਿਆਂ ਤੋਂ ਬਾਹਰ
ਨਿਕਲ ਜੁਝਿਆ ਜਾਵੇ। ਕੇਵਲ ਅਤੇ ਕੇਵਲ ਆਤਮ-ਰਖਿਆ ਲਈ ਮੋਰਚਿਆਂ ਵਿੱਚ ਵੜੇ ਸਿਪਾਹੀ ਬਿਨਾ ਬਾਹਰ
ਨਿਕਲੇ ਕੋਈ ਮੈਦਾਨ ਨਹੀਂ ਜਿੱਤ ਸਕਦੇ। ਇਹ ਆਤਮ-ਰੱਖਿਆ ਦੇ ਨਾਲ-ਨਾਲ ਹਮਲੇ ਦੀ ਰਣਨੀਤੀ ਹੁੰਦੀ ਹੈ
ਜੋ ਕਿ ਸਫ਼ਲਤਾ ਜਾਂ ਟੀਚਾ ਪ੍ਰਾਪਤੀ ਲਈ ਜਰੂਰੀ ਹੁੰਦੀ ਹੈ।
ਵਿਚਾਰਕ ਖੇਤਰ ਵਿੱਚ ਵੀ ਸਾਨੂੰ ਇਹ ਸਬਕ ਗੁਰੂ ਨਾਨਕ ਤੋਂ ਲੇਣਾ ਚਾਹੀਦਾ
ਹੈ। ਸਿੱਖੀ ਦਰਸ਼ਨ ਦੇ ਪ੍ਰਚਾਰ ਵਿੱਚ ਗੁਰੂ ਨਾਨਕ ਬਾ-ਤੋਰ ਪਹਿਲੇ ਪ੍ਰਚਾਰਕ ਅਜ ਤਕ ਦੇ ਸਭ ਤੋਂ
ਕਾਮਯਾਬ ਅਤੇ ਅਸਰਦਾਰ ਪ੍ਰਚਾਰਕ ਸਨ। ਅਜ ਦੇ ਪ੍ਰਚਾਰਕਾਂ ਨੂੰ ਗੁਰੂ ਨਾਨਕ ਪਾਸਿਉ ਪ੍ਰਚਾਰ ਦਾ ਢੰਗ
ਵੀ ਸਿੱਖਣਾ ਚਾਹੀਦਾ ਹੈ। ਆਉ ਇਹ ਨੁਕਤੇ ਤੇ ਜ਼ਰਾ ਵਿਚਾਰ ਕਰ ਲਈਏ।
ਗੁਰੂ ਨਾਨਕ ਜੀ ਨੇ ਉਦਾਸੀਆਂ ਰੂਪੀ ਪ੍ਰਚਾਰ ਦੋਰੇ ਕੀਤੇ ਸੀ। ਇਹ ਸਾਨੂੰ
ਹੁਣ ਗੁਰੂ ਨਾਨਕ ਬਾਰੇ ਇੱਕ ਆਮ ਗਿਆਨ
(General Knowledge)
ਜਿਹੀ ਗਲ ਲਗਦੀ ਹੈ। ਹਰ ਪ੍ਰਚਾਰਕ ਜਾਂ ਲੇਖਕ
ਇਨਾਂ ਉਦਾਸੀਆਂ ਦੀ ਚਰਚਾ ਆਮ ਕਰਦਾ ਹੈ। ਅਸੀਂ ਇਹ ਸੁਣਦੇ-ਪੜਦੇ ਹੈਰਾਨ ਵੀ ਹੁੰਦੇ ਹਾਂ ਕਿ ਗੁਰੂ
ਨਾਨਕ ਜੀ ਨੇ ਇੰਨੀਆਂ ਲੰਭੀਆਂ ਅਤੇ ਕਠਿਨ ਯਾਤਰਾਵਾਂ ਕਿੰਨੇ ਸਬਰ ਅਤੇ ਸੰਤੋਖ ਨਾਲ ਕੀਤੀਆਂ ਸਨ। ਪਰ
ਅਸੀਂ ਕਦੇ ਅਪਣੇ ਆਪ ਤੋਂ ਇਹ ਸਵਾਲ ਨਹੀਂ ਕੀਤਾ ਕਿ ਕੀ ਇਨ੍ਹਾਂ ਪ੍ਰਚਾਰ ਦੌਰਿਆਂ ਦਾ ਮਕਸਦ ਸਿੱਖੀ
ਦਾ ਬਚਾਵ ਕਰਨਾ ਸੀ? ਗੁਰੂ ਨਾਨਕ ਜੀ ਦੇ ਸਦੂਰ ਖੇਤਰਾਂ
(long distanced places)
ਵਿੱਚ ਪ੍ਰਚਾਰ ਦਾ ਮਕਸਦ ਸਿੱਖੀ ਦੀ ਆਤਮ-ਰਖਿਆ
ਨਹੀਂ ਸੀ ਕਿਉਂਕਿ ਉਹ ਖੇਤਰ ਨਵੇਂ ਸਨ ਜਿੱਥੇ ਨਾਨਕ ਨਾਮ ਲੇਵਾ ਲੋਕ ਨਹੀਂ ਸਨ ਰਹਿੰਦੇ। ਉਹ ਇੱਕ
Proactive
ਪ੍ਰਚਾਰ ਪੱਧਤੀ ਸੀ। ਯਾਨੀ ਕੇ ਉਨ੍ਹਾਂ ਇਲਾਕਿਆਂ ਵਿੱਚ ਪ੍ਰਚਾਰ, ਜਿੱਥੇ ਸਿੱਖੀ ਦਾ ਗਿਆਨ ਨਹੀਂ ਸੀ
ਅਤੇ ਧਰਮ ਪ੍ਰਤੀ ਅਗਿਆਨਤਾ ਦਾ ਬੋਲਬਾਲਾ ਸੀ। ਇਹ ਪ੍ਰਚਾਰ ਪੱਧਤੀ ਸਿੱਖੀ ਦਾ ਬਚਾਉ ਨਹੀਂ ਸੀ। ਉਹ
ਅਗਿਆਨਤਾ ਭਰੇ ਮਾਹੋਲ ਵਿੱਚ ਅਧਿਆਤਮਕ ਗਿਆਨ ਅਤੇ ਮਾਨਵਤਾਵਾਦੀ ਦਰਸ਼ਨ ਦੀ ਪਹਿਲਕਦਮੀ ਸੀ। ਇਹ ਮਾਤਰ
ਮੋਰਚਿਆਂ ਵਿੱਚ ਵੜੇ ਰਹਿਣ ਵਰਗਾ ਬਚਾਉ ਦਾ ਇੱਕ ਉਪਾਅ ਨਹੀਂ ਸੀ ਜਿਵੇਂ ਕਿ ਅਜ ਹੋ ਰਿਹਾ ਹੈ। ਇਸ
ਪਾਸੇ ਅਸੀਂ ਅਪਣੇ ਕਦਮ ਰੋਕ ਚੁਕੇ ਹਾਂ।
ਇਹ ਗਲ ਠੀਕ ਹੈ ਕਿ ਹਰ ਵਿਚਾਰਧਾਰਕ ਅਪਣੀ ਵਿਚਾਰਧਾਰਾ ਨਾਲ ਪਿਆਰ ਕਰਦਾ ਹੈ।
ਹਰ ਧਾਰਮਕ ਅਪਣੇ ਧਰਮ ਨਾਲ ਪਿਆਰ ਕਰਦਾ ਹੈ। ਇਹ ਗਲ ਇੱਕ ਮਨੋਵਿਗਿਆਨਕ ਤੱਥ ਹੈ ਅਤੇ ਇਸ ਪਿਆਰ ਦੇ
ਚਲਦੇ ਦਰਸ਼ਨ ਦੇ ਨਾਲ-ਨਾਲ ਆਪੋ ਅਪਣੇ ਸਭਿਆਚਾਰ ਨੂੰ ਸੰਭ੍ਹਾਲਣ ਦੇ ਜ਼ਰੂਰੀ ਉਪਰਾਲੇ ਵੀ ਹੁੰਦੇ ਹਨ।
ਇਹ ਇੱਕ ਸੁਭਾਵਕ ਆਤਮ-ਰਖਿਅਕ ਤਰੀਕਾ ਹੁੰਦਾ ਹੈ। ਪਰ ਗੁਰੂ ਨਾਨਕ ਤਾਂ ਮਾਨਵਤਾ ਦੇ ਰਖਿਅਕ ਸਨ।
ਉਨ੍ਹਾਂ ਦੀ ਇਸੇ ਵਿਚਾਰਧਾਰਾ ਦਾ ਪਾਲਨ ਬਾਕੀ ਨੋਂ ਗੁਰੂਆਂ ਨੇ ਕੀਤਾ ਸੀ। ਇਥੋਂ ਤਕ ਕਿ ਉਹੀ ਦਰਸ਼ਨ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗਿਆਨ ਜੋਤ ਦੇ ਰੂਪ ਵਿੱਚ ਅਜ ਵੀ ਸਾਡਾ ਗੁਰੂ ਹੈ। ਆਤਮ-ਰਖਿਆ
ਸਾਡਾ ਹੱਕ ਹੈ। ਪਰ ਜੇਕਰ ਅਸੀਂ ਸਮਝ ਸਕੀਏ ਤਾਂ ਆਕ੍ਰਮਕ ਹੋਣਾ ਜ਼ਿੰਮੇਦਾਰੀ ਦਾ ਭਾਵ ਹੈ। ਅਸੀਂ
ਅਪਣੇ ਹੱਕ ਪ੍ਰਤੀ ਸੁਚੇਤ ਤਾਂ ਹਾਂ ਪਰ ਸਾਡੀ ਜਿੰਮੇਦਾਰੀ ਕਿਥੇ ਹੈ? ਕੀ ਸਰਬਤ ਦਾ ਭਲਾ ਕੇਵਲ
ਬੰਕਰਾਂ ਅਤੇ ਮੋਰਚਿਆਂ ਦੀ ਗਹਰਾਇਆਂ ਵਿੱਚ ਵੜੇ ਰਹਿ ਕੇ ਪ੍ਰਾਪਤ ਕੀਤਾ ਜਾਏਗਾ? ਕੇਵਲ ਆਤਮ-ਰਖਿਆ
ਵਿੱਚ ਹੀ ਲਗੇ ਕੀਤੇ ਦੇਰ ਨਾ ਹੋ ਜਾਏ। ਪ੍ਰਚਾਰ ਨਾਲ ਜੁੜੇ ਧਿਰਾਂ ਨੂੰ ਇਸ ਬਾਰੇ ਜਲਦੀ ਸੋਚਣਾ
ਪਵੇਗਾ।
ਇਥੇ ‘ਆਕ੍ਰਮਣ` ਦੇ ਭਾਵ ਨੂੰ ਸਪਸ਼ਟ ਕਰਨਾ ਜਰੂਰੀ ਹੈ ਤਾਕਿ ਇਸ ਸਬੰਧ ਵਿੱਚ
ਕੋਈ ਭੁਲੇਖਾ ਨਾ ਰਹੇ। ਆਕ੍ਰਮਣ ਦਾ ਅਰਥ ਕਿਸੇ ਤੇ ਹਮਲਾ ਕਰਨਾ ਨਹੀਂ। ਇਹ ਇੱਕ
Proactive
ਪਹੁੰਚ ਹੈ। ਇਸਦਾ ਮਕਸਦ ਧਰਮ ਪਰਿਵਰਤਨ
ਦੀ ਗਲ ਨਹੀਂ ਬਲਕਿ ਇਹ ਧਰਮ ਦੇ ਪ੍ਰਤੀ ਅਗਿਆਨਤਾ ਭਰੀ ਸਮਝ ਵਿੱਚ ਪਰਿਵਰਤਨ ਦੀ ਗਲ ਹੈ। ਇਹ ਅਪਣੀ
ਸੰਖਿਆ ਵਿੱਚ ਵਾਧੇ ਦੀ ਗਲ ਨਹੀਂ ਬਲਕਿ ਇਹ ਅਗਿਆਨਤਾ ਵਿੱਚ ਕਟੋਤੀ ਦਾ ਭਾਵ ਹੈ। ਇਹ ਰਾਜਨੀਤਕ
ਮੁਫ਼ਾਦ ਦੀ ਪ੍ਰਾਪਤੀ ਨਹੀਂ ਇਹ ਮਾਨਵਤਾ ਪ੍ਰਤੀ ਸਮਰਪਤ ਹੋ ਕੇ ਚਲਣ ਦੀ ਮੰਸ਼ਾ ਹੈ।
ਕੀ ਅੱਜ ਦੀ ਦੁਨਿਆ ਵਿੱਚ ਸਵਾਏ ਸਿੱਖਾਂ ਦੇ ਕਿਸੇ ਨੂੰ ਗੁਰੂ ਨਾਨਕ ਦੇ
ਦਰਸ਼ਨ ਦੀ ਲੋੜ ਨਹੀਂ? ਕੀ ਅੱਜ ਦੀ ਦੁਨਿਆਂ ਵਿੱਚ ਉਹ ਤਰਕਸ਼ੀਲ ਮਾਨਸਿਕਤਾ ਨਹੀਂ ਬਚੀ ਜਿਸ ਨੂੰ ਕਦੇ
ਗੁਰੂ ਨਾਨਕ ਨੇ ਹਲੂਣਾ ਦੇ ਜਗਾਇਆ ਸੀ? ਨਿਰਸੰਦੇਹ: ਉਹ ਹੈ ਅਤੇ ਰਹੇਗੀ। ਉਸ ਮਾਨਸਿਕਤਾ ਤਕ
ਪਹੁੰਚਣਾ ਗੁਰੂ ਨਾਨਕ ਦੇ ਪ੍ਰਚਾਰ ਦਾ ਤਰੀਕਾ ਸੀ। ਅਸੀਂ ਸਦਿਆਂ ਤੋਂ ਇਸ ਤਰੀਕੇ ਤੋਂ ਵਿਹੂਣੇਂ
ਹੋ ਵਿਚਾਰਕ ਅਤੇ ਪ੍ਰਚਾਰਕ ਬਣੇ ਭਟਕ ਰਹੇ ਹਾਂ। ਅਸੀਂ ਸਰਬਤ ਦਾ ਭਲਾ ਮੰਗਣ ਵਾਲੇ ਅਜ ਕੇਵਲ
ਅਪਣੇ ਬਚਾਉ ਦੇ ਹਕ ਦੀ ਗਲ ਕਰਦੇ ਹਾਂ। ਇਹ ਗਲਤ ਨਹੀਂ ਪਰ ਸਰਬਤ ਦੇ ਭਲੇ ਪ੍ਰਤੀ ਸਾਡੀ ਜਿੰਨੇਦਾਰੀ
ਕਿਥੇ ਹੈ? ਹੱਕ ਅਤੇ ਜਿੰਮੇਦਾਰੀ ਇੱਕਠਿਆ ਚਲਣ ਵਾਲੀਆਂ ਗਲਾਂ ਹਨ। ਪਰ ਇਹ ਇੱਕਠੇ ਚਲ ਨਹੀਂ ਰਹੀਆਂ।
ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ
(ਪੰਨਾ 62, ਆਦਿ ਗੁਰੂ ਗ੍ਰੰਥ
ਸਾਹਿਬ ਜੀ)
ਦਰਸ਼ਨ ਅਪਣੇ ਆਪ ਨਹੀਂ ਚਲਦਾ। ਦਰਸ਼ਨ ਸੱਚਾ ਹੋ ਸਕਦਾ ਹੈ ਪਰ ਅਚਾਰ ਦੇ ਬਿਨਾ
ਕਦੇ ਵਿਵਹਾਰਕ ਨਹੀਂ ਹੁੰਦਾ। ਜਿਸ ਵੇਲੇ ਸੱਚ ਵਿੱਚ ਵਿਵਹਾਰ ਜੁੜਦਾ ਹੈ ਤਾਂ ਹੀ ਸਚਿਆਰਾ ਹੋਂਣ ਦਾ
ਮਰਗ ਖੁੱਲਦਾ ਹੈ। ਅਤੇ ਜਦ ਐਸਾ ਹੁੰਦਾ ਹੈ ਤਾਂ ਅਚਾਰ ਸੱਚ ਤੋਂ ੳੱਪਰ ਹੋ ਨਿਤਰਦਾ ਹੈ। ਸਚਿਆਰਾ
ਹੋਂਣ ਲਈ ਸੱਚ ਜਾਣ ਲੇਣਾ ਹੀ ਕਾਫੀ ਨਹੀ। ਬੇਸ਼ਕ ਸੱਚ ਜਾਣ ਲੇਂਣ ਨਾਲ ਸਿਆਣਾ ਹੋਇਆ ਜਾ ਸਕਦਾ ਹੈ ਪਰ
ਜੇ ਸਿਆਣਪ ਕਿਸੇ ਦੇ ਕੰਮ ਦੀ ਨਾ ਹੋਵੇ ਤਾਂ ਕਿਸੇ ਕੰਮ ਦੀ ਨਹੀਂ।
ਜਪੁ ਦੀ ਬਾਣੀ ਦੀ ਪਹਿਲੀ ਹੀ ਪਉੜੀ ਵਿੱਚ ਗੁਰੂ ਨਾਨਕ ਸੁਚੇਤ ਕਰਦੇ ਹਨ:
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ਕਿਵ ਸਚਿਆਰਾ ਹੋਈਐ ਕਿਵ ਕੂੜੈ
ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
(ਪੰਨਾ 1, ਆਦਿ ਗੁਰੂ ਗ੍ਰੰਥ
ਸਾਹਿਬ ਜੀ)
ਗੁਰੂ ਨਾਨਕ ਨੇ ਬੜੇ ਸਪਸ਼ਟ ਅਤੇ ਗਹਿਰੇ ਅੰਦਾਜ਼ ਨਾਲ ਸੁਚੇਤ ਕੀਤਾ ਹੈ। ਉਹ
ਕਹਿੰਦੇ ਹਨ ‘
ਹੁਕਮਿ ਰਜਾਈ
ਚਲਣਾ`। ਇਹ ਚਲਣ ਦਾ ਨੁਕਤਾ ਹੈ। ਕਿਸ ਲਈ
ਚਲਣਾ ਹੈ? ਸਚਿਆਰਾ ਹੋਂਣ ਲਈ। ਸੱਚ ਤਾਂ ਖੜਾ ਰਹਿੰਦਾ ਹੈ। ਆਪ ਨਹੀਂ ਤੁਰਦਾ। ਜੋ ਸੱਚ ਤੇ ਤੁਰਦਾ
ਹੈ ਉਹ ਸਚਿਆਰਾ ਹੈ। ਸਚਿਆਰਾ ਕ੍ਰਿਆਸ਼ੀਲਤਾ ਹੈ। ਸਚ ਤੇ ਤੁਰਨਾ ਹੈ ਤਾਂ ਵੀ ਗੁਰੂ ਨਾਨਕ ਨੂੰ ਸਮਝਣਾ
ਪਵੇਗਾ ਕਿ ਤੁਰਨਾ ਕਿਵੇਂ ਹੈ? ਗੁਰੂ ਨਾਨਕ ਅਤੇ ਬਾਕੀ ਗੁਰੂ ਹੀ ਇੱਕ ਸਰਵੋਤਮ ਮਾਡਲ ਹੋ ਸਕਦੇ ਨੇ
ਐਸੀਆਂ ਜੁਗਤਾਂ ਨੂੰ ਸਮਝਣ ਲਈ।
ਜਪੁ ਦੀ ਬਾਣੀ ਦੇ ਹੀ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ:
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ
ਨਾਲਿ ॥੧॥
(ਪੰਨਾ 8,ਆਦਿ ਗੁਰੂ ਗ੍ਰੰਥ ਸਾਹਿਬ)
ਗੁਰੂਬਾਣੀ ਵਿੱਚ ਚੰਗੇ ਆਤਮਿਕ ਜੀਵਨ ਦੀ ਜੁਗਤ ਹੈ। ਪਰ ਇਹ ਉਸ ਤਰਜ਼ ਦੀ
ਜੁਗਤ ਨਹੀਂ ਜਿਸ ਵਿੱਚ ਕੇਵਲ ਨਿਜੀ ਉੱਨਤੀ ਦੇ ਗੀਤ ਗਏ ਜਾਂਦੇ ਰਹੇ ਹਨ। ਆਲੇ-ਦੁਆਲੇ ਹੋਠਾਂ ਡਿੱਗੇ
ਹੋਏ ਬੰਦਿਆਂ ਦੀ ਵਿਚੋਂ ਕੋਈ ਤੁਰਦਾ ਅਗੇ ਨਿਕਲਦਾ ਜਾਏ ਤਾਂ ਕੀ ਤੁਰਨਾ? ਗੁਰੂ ਨਾਨਕ ਨੇ ਡਿੱਗੇ
ਹੋਏ ਬੰਦਿਆਂ ਨੂੰ ਉਠਾਉਂਦੇ ਚਲਣ ਦੀ ਮਸ਼ਕਤ ਨੂੰ ਸਫ਼ਲ ਮੰਨਿਆਂ ਹੈ। ਇਹ ਪਰਮਾਤਮਾ ਨੂੰ ਧਿਆਉਣ ਦੀ
ਜੁਗਤ ਹੈ ਜਿਸ ਰਾਹੀਂ ਚਲਦਾ ਬੰਦਾ ਕਈਂ ਹੋਰ ਮਨੁੱਖਾ ਦੀ ਮਾਨਸਿਕਤਾ ਨੂੰ ਉਠਾਉਂਦਾ ਤੁਰਦਾ ਅਪਣੀ
ਜੀਵਨ ਦੀ ਘਾਲਣਾ ਸਫ਼ਲ ਕਰ ਜਾਂਦਾ ਹੈ।
‘ਕੇਤੀ`
ਦੇ ਭਾਵ ਵਿੱਚ ਕੇਵਲ ਸਾਡੀ ਅਪਣੀ ਹੀ ਗਲ ਨਹੀ। ਇਸੇ ਸਮਝ
ਰਾਹੀਂ ਮਨੁੱਖ ਦੀ ਸੁੰਦਰਤਾ
(ਸ਼ਖਸੀਅਤ) ਨਿੱਖਰਦੀ
(ਉਜਲ ਹੁੰਦੀ)
ਹੈ ਅਤੇ ਉਹ ਜੀਵਨ ਅਤੇ ਜੀਵਨ ਤੋਂ ਬਾਦ ਵੀ ਸੁੰਦਰ
(ਉਜਲੇ ਮੁੱਖ ਵਾਲਾ)
ਕਹਿ ਕੇ ਯਾਦ ਕੀਤਾ ਜਾਂਦਾ ਰਹਿੰਦਾ ਹੈ।
ਗਲ ਕੇਵਲ ‘ਸਿੱਖ` ਕਹੇ ਜਾਂਦੇ ਭਾਈਚਾਰੇ ਦੀ ਹੀ ਨਹੀਂ। ਗਲ ਸਾਡੀ ਸਮੁੱਚੀ
ਜਿੰਮੇਦਾਰੀ ਦੀ ਹੈ। ਗੁਰੂ ਨਾਨਕ ਦੀ ਗਲ ਤੋਰਣ ਦੀ ਜਿੰਮੇਦਾਰੀ ਦਾ ਮਤਲਬ ਕੇਵਲ ਕਹੇ ਜਾਂਦੇ ਸਿੱਖਾਂ
ਦੀ ਭਾਲ ਦੀ ਗਲ ਨਹੀਂ ਬਲਕਿ ਇਹ ਸਰਬਤ ਦੇ ਭਲੇ ਦੀ ਗਲ ਹੈ ਜਿਸ ਲਈ ਸਾਨੂੰ ਗੁਰੂ ਨਾਨਕ ਦੀ ਗਲ
ਦੂਨਿਆਂ ਦੇ ਹਰ ਭਾਈਚਾਰੇ ਤਕ ਪਹੂੰਚਾਣੀ ਚਾਹੀਦੀ ਹੈ। ਇਹ ਸੰਖਿਆ ਵਾਧੇ ਦਾ ਭਾਵ ਨਹੀ ਇਹ ਉਸ ਦਰਸ਼ਨ
ਪ੍ਰਤੀ ਸਹਮਤਿ ਪ੍ਰਾਪਤੀ ਦੀ ਗਲ ਹੈ ਜਿਸ ਵਿੱਚ ਹਰ ਧਰਮੀ ਨੂੰ ਅਪਣੇ ਧਰਮ ਦੇ ਅਸਲ ਮਤਲਬ ਨੂੰ ਸਮਝਣ
ਦੀ ਜੁਗਤ ਪ੍ਰਾਪਤ ਹੈ ਸਕਦੀ ਹੈ। ਇਹੀ ਸਰਬਤ ਦਾ ਭਲਾ ਮੰਗਣ ਦਾ ਅਸਲ ਤਰੀਕਾ ਹੈ। ਸਿੱਖੀ ਦੀ ਮਜ਼ਬੂਤੀ
ਦਾ ਅੰਦਾਜ਼ਾ ਇਸ ਸਵਾਲ ਦੇ ਜਵਾਬ ਵਿੱਚ ਨਹੀਂ ਕਿ ਉਨ੍ਹਾਂ ਦੀ ਗਿਣਤੀ ਕਿਤਨੀ ਹੈ?
ਸਿੱਖੀ ਦੀ ਮਜ਼ਬੂਤੀ ਦਾ ਅੰਦਾਜ਼ ਇਸ
ਸਵਾਲ ਦੇ ਜਵਾਬ ਵਿੱਚ ਹੋਵੇਗਾ ਕਿ ਅਰਬਾਂ ਦੀ ਦਨਿਆਂ ਵਿੱਚ ਕਿਤਨੇ ਲੋਗ ਗੁਰੂ ਨਾਨਕ ਦੇ ਦਰਸ਼ਨ ਤੇ
ਤੁਰਦੇ ਸਿੱਖਾਂ ਨਾਲ ਸਹਿਮਤ ਹਨ ਭਾਵੇਂ ਉਹ ਸਹਿਮਤ ਲੋਗ ਕਿਸੇ ਵੀ ਧਰਮ ਦੇ ਕਿਉਂ ਨਾ ਹੋਂਣ! ! ਸਾਡਾ
ਸਮਾਜਕ ਵਿਵਹਾਰ ਪ੍ਰਚਾਰ ਦਾ ਪਹਿਲਾ ਕਦਮ ਹੈ ਜਿਸ ਰਾਹੀਂ ਲੋਕਾਈ ਪੁੱਛ ਅਤੇ ਸਮਝ ਸਕਦੀ ਹੈ ਕਿ ਅਸੀਂ
ਕੇਂਣ ਹਾਂ ਅਤੇ ਕਿਸ ਦੇ ਚੇਲੇ ਹਾਂ?
ਪ੍ਰਚਾਰ ਦੀ ਐਸੀ ਪਹਿਲ ਸੰਸਥਾਗਤ ਉਪਰਾਲੇ ਮੰਗਦੀ ਹੈ। ਇਸ ਪਹਿਲ ਦੇ ਕਈ ਢੰਗ
ਹਨ ਜਿਨ੍ਹਾਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਕੀ ਇਸ ਲਈ ਕੋਈ ਜਿੰਮੇਵਾਰ ਸੰਸਥਾ ਤਿਆਰ ਹੈ? ਯਕੀਨ
ਜਾਣੀਏ ਕਿ ਅਰਬਾਂ ਦੀ ਦੁਨਿਆਂ ਵਿੱਚ ਅੱਜ ਵੀ ਉਹ ਮਾਨਸਿਕਤਾ ਹੈ ਜਿਸ ਨੂੰ ਮੁਤਾਸਰ ਕਰਨ ਦੀ ਜਬਰਦਸਤ
ਸਮਰਥਾ ਗੁਰੂ ਨਾਨਕ ਦੇ ਦਰਸ਼ਨ ਵਿੱਚ ਹੈ। ਅਸੀਂ ਨਵੇਂ ਲੋਕਾਂ ਤਕ ਪਹੁੰਚੀਏ ਤਾਂ ਸਹੀ। ਇਸ ਵਿਸ਼ੇ ਤੇ
ਗੁਰੂ ਨਾਨਕ ਜੀ ਦੀ ਨਕਲ ਕਰਨ ਵਿੱਚ ਹੀ ਅਕਲ ਹੈ! ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਹਰਦੇਵ ਸਿੰਘ, ਜੰਮੂ